ਪੱਤਰਕਾਰ ਚੋਣਵਾਂ ਨਿਸ਼ਾਨਾ ਹਨ
ਇਜ਼ਰਾਇਲ ਦੇ ਇਸ ਹਮਲੇ ’ਚ ਪੱਤਰਕਾਰਾਂ ਦੇ ਮਰਨ ਦੀਆਂ ਖਬਰਾਂ ਵਿਸ਼ੇਸ਼ ਕਰਕੇ ਆਈਆਂ ਹਨ। ਇਹਨਾਂ ਬਾਰੇ ਵੀਡੀਓ ਤੇ ਫੋਟੋ ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਕਰਕੇ ਚੱਲੀਆਂ ਹਨ। ਰਾਮੱਲਾ ਅਧਾਰਿਤ ਪੱਤਰਕਾਰ ਮੁਹੰਮਦ ਫਾਰਾ ਦੀ ਪਤਨੀ ਤੇ ਬੱਚਿਆਂ ਦੇ ਇਜ਼ਰਾਇਲੀ ਹਮਲੇ ’ਚ ਮਾਰੇ ਜਾਣ ਦੀ ਖਬਰ ਆਈ ਤੇ ਫਿਰ ਇਉ ਹੀ ਅਲ ਜਜ਼ੀਰਾ ਦੇ ਗਾਜ਼ਾ ਬਿਊਰੋ ਚੀਫ ਦਹਿਦਾਊ ਦੀ ਪਤਨੀ ਤੇ ਬੱਚਿਆਂ ਦੇ ਮਰਨ ਦੀ ਖਬਰ ਆਈ ਹੈ। ਪ੍ਰੈਸ ਹਲਕਿਆਂ ’ਚ ਇਸਨੂੰ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੇ ਉਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਉਸਨੇ ਅਮਰੀਕਾ ਦੇ ਯਹੂਦੀ ਭਾਈਚਾਰੇ ਦੇ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਸੀ ਕਿ ਉਸਨੇ ਕਤਰ ਦੀ ਹਕੂਮਤ ਨੂੰ ਗਾਜ਼ਾ ਜੰਗ ਬਾਰੇ ਅਲਜਜ਼ੀਰਾ ਦਾ ਸੁਰ ਮੱਧਮ ਕਰਨ ਦੀ ਬੇਨਤੀ ਕੀਤੀ ਹੈ। ਪੱਤਰਕਾਰ ਭਾਈਚਾਰੇ ’ਚ ਇਹ ਸ਼ੰਕਾ ਪਾਈ ਜਾ ਰਹੀ ਹੈ ਕਿ ਇਹ ਕਤਲ ਮਿਥ ਕੇ ਕੀਤੇ ਜਾ ਰਹੇ ਹਨ।
ਇਸ ਗਿਣੀ-ਮਿਥੀ ਸਾਜਿਸ਼ ਨੂੰ ਨਿਊਜ਼-13 ’ਤੇ ਇੱਕ ਪੱਤਰਕਾਰ ਦੇ ਚੈਨਲ ’ਤੇ ਦਿੱਤੇ ਬਿਆਨ ਰਾਹੀਂ ਦੇਖਿਆ ਜਾ ਸਕਦਾ ਹੈ ਜਿਵੇਂ ਉਹ ਕਹਿੰਦਾ ਹੈ,‘‘ਆਮ ਕਰਕੇ ਅਸੀਂ ਨਿਸ਼ਾਨੇ ਬਾਰੇ ਜਾਣਦੇ ਹੁੰਦੇ ਹਾਂ,’’ ਜਿਵੇਂ ਕਿ ਅੱਜ ਇੱਕ ਅਲਜਜ਼ੀਰਾ ਦੇ ਪੱਤਰਕਾਰ ਦਾ ਪਰਿਵਾਰ ਨਿਸ਼ਾਨਾ ਸੀ।
ਪਿਛਲੇ ਸਾਲਾਂ ’ਚ ਵੀ ਐਸੋਸੀਏਟਿਡ ਪ੍ਰੈਸ ਤੇ ਅਲਜਜ਼ੀਰਾ ਦੇ ਪੱਤਰਕਾਰ ਮਾਰੇ ਗਏ ਹਨ। ਇਜ਼ਰਾਇਲੀ ਫੌਜਾਂ ਨੇ ਦੋ ਸਾਲ ਪਹਿਲਾਂ ਅਲਜਜ਼ੀਰਾ ਪੱਤਰਕਾਰ ਸੀਰੀਂ ਅਬ-ਅਕਲੇਹ ਨੂੰ ਕਤਲ ਕੀਤਾ ਸੀ। ਪੱਤਰਕਾਰਾਂ ਦੀ ਆਵਾਜ਼ ਨੂੰ ਰੋਕਣ ਦਾ ਦੂਜਾ ਢੰਗ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਾਮ ਕਰਨਾ ਹੈ। 7 ਅਕਤੂਬਰ ਦੇ ਘਟਨਾਕ੍ਰਮ ਮਗਰੋਂ ਕਿੰਨੇਂ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਫਲਸਤੀਨੀ ਕਾਰਕੁਨਾਂ ਦੇ ਅਕਾਊਂਟ ਮੁਅੱਤਲ ਕਰ ਦਿੱਤੇ ਸਨ। ਫੇਸਬੁੱਕ ਕੰਪਨੀ ਮੇਟਾ ਵੱੱਲੋਂ ਇਜ਼ਰਾਇਲੀ ਹਕੂਮਤ ਦੇ ਕਹਿਣ ’ਤੇ ਬਹੁਤ ਸਾਰੇ ਅਕਾਊਂਟ ਬੰਦ ਕੀਤੇ ਗਏ ਹਨ। ਗਾਜ਼ਾ ਦੇ ਉੱਘੇ ਪੱਤਰਕਾਰ ਨੇ ਇੱਕ ਰਿਪੋਰਟ ਰਾਹੀਂ ਦੱਸਿਆ ਸੀ ਕਿ ਕਿਵੇਂ ਮੇਟਾ ਕੰਪਨੀ ਇਜ਼ਰਾਇਲੀ ਸੂਹੀਆ ਏਜੰਸੀਆਂ ਨਾਲ ਰਲ ਕੇ, ਫਲਸਤੀਨ ਪੱਖੀ ਸਮੱਗਰੀ ਨੂੰ ਹਟਾਉਦੀ ਹੈ। ਉਸਤੋਂ ਬਾਅਦ ਉਸਦਾ ਪੇਜ ਵੀ ਜਾਮ ਕਰ ਦਿੱਤਾ ਗਿਆ। ਗਾਜ਼ਾ ’ਚ ਪੱਤਰਕਾਰ ਇਜ਼ਰਾਇਲੀ ਜਬਰ ਦਾ ਚੋਣਵਾਂ ਨਿਸ਼ਾਨਾ ਹਨ। ਥਾਂ ਥਾਂ ’ਤੇ ਕੀਤੀਆਂ ਨਾਕਾਬੰਦੀਆਂ ’ਤੇ ਉਹਨਾਂ ਨੂੰ ਜਬਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਚੁਣ ਕੇ ਗੋਲੀਆਂ ਮਾਰੀਆਂ ਜਾਂਦੀਆਂ ਹਨ। ਦੁਨੀਆਂ ਨੂੰ ਫਲਸਤੀਨੀ ਲੋਕਾਂ ’ਤੇ ਇਜ਼ਰਾਇਲੀ ਜਬਰ ਬਾਰੇ ਜਾਣੂੰ ਕਰਵਾਉਣ ਵਾਲੇ ਪੱਤਰਕਾਰ ਇਜ਼ਰਾਇਲ ਲਈ ਵੱਡੇ ਦੁਸ਼ਮਣ ਹਨ। ਗਾਜ਼ਾ ਪੱਟੀ ’ਚ ਪੱਤਰਕਾਰਤਾ ਇੱਕ ਜਾਂਬਾਜ਼ ਕਿੱਤਾ ਹੈ।
No comments:
Post a Comment