ਨਿਊਜ਼ ਕਲਿੱਕ ਮੀਡੀਆ ਚੈਨਲ ’ਤੇ ਛਾਪਿਆਂ ਤੇ ਗਿ੍ਫਤਾਰੀਆਂ ਵਿਰੁੱਧ ਪੰਜਾਬ ’ਚੋਂ ਉੱਠੀ ਆਵਾਜ਼
3 ਅਕਤੂਬਰ ਦੀ ਸਵੇਰ ਦਿੱਲੀ ਪੁਲਿਸ ਨੇ ਨਿਊਜ਼ ਕਲਿੱਕ ਮੀਡੀਆ ਚੈਨਲ ਦੇ 40 ਤੋਂ ਵੱਧ ਪੱਤਰਕਾਰਾਂ ਦੇ ਘਰਾਂ ਤੇ ਦਫਤਰਾਂ ਵਿੱਚ ਛਾਪੇਮਾਰੀ ਕੀਤੀ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਸੇ ਦਿਨ ਚੈਨਲ ਦੇ ਮਨੁੱਖੀ ਵਸੀਲਾ ਅਧਿਕਾਰੀ ਅਮਿੱਤ ਚੱਕਰਵਰਤੀ ਤੇ ਚੈਨਲ ਮੁਖੀ ਪਰਬੀਰ ਪੁਰਕਾਸਾਇਥ ਨੂੰ ਬਦਨਾਮ ਕਾਨੂੰਨ ਯੂ. ਏ. ਪੀ. ਏ. ਤਹਿਤ ਗਿ੍ਰਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਵੱਲੋਂ ਇਹ ਗਿ੍ਰਫ਼ਤਾਰੀਆਂ 17 ਅਗਸਤ 2023 ਨੂੰ ਦਰਜ ਕੀਤੀ ਇੱਕ ਐੱਫ. ਆਈ. ਆਰ. ਦੇ ਅਧਾਰ ’ਤੇ ਕੀਤੀਆਂ ਗਈਆਂ ਜਿਸ ਵਿੱਚ ਉਪਰੋਕਤ ਤੋਂ ਇਲਾਵਾ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲੱਖਾ, ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਪੈਰਵਾਈ ਕਰਨ ਵਾਲੀ ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ, ਉਸਦੇ ਪਤੀ ਜਾਵੇਦ ਆਨੰਦ, ਬੇਟੇ ਜ਼ਿਬਰਾਨ, ਬੇਟੀ ਤਮਾਰਾ, ਪੱਤਰਕਾਰਾਂ ਉਰਮਿਲੇਸ਼, ਅਰਾਤਰਿਕਾ ਹਲਦਰ, ਪਰਾਂਜੋਏ ਗੁਹਾ ਠੁਕਰਾਤਾ, ਤਰਿਨਾ ਸ਼ੰਕਰ, ਤੇ ਅਭਿਸਾਰ ਸ਼ਰਮਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਇਸ ਐੱਫ. ਆਈ. ਆਰ. ਰਾਹੀਂ ਦੋਸ਼ ਲਾਇਆ ਕਿ ਇਸ ਮੀਡੀਆ ਚੈਨਲ ਨੇ ਮੋਦੀ ਸਰਕਾਰ ਵਿਰੋਧੀ ਤੇ ਚੀਨ ਪੱਖੀ ਪ੍ਰਚਾਰ ਕਰਨ ਲਈ ਅਮਰੀਕੀ ਨਾਗਰਿਕ ਨੇਵਲ ਰੋਇ ਸਿੰਘਮ ਰਾਹੀਂ ਚੀਨ ਤੋਂ ਭਾਰੀ ਫੰਡ ਪ੍ਰਾਪਤ ਕੀਤੇ ਤੇ ਇਹ ਫੰਡ ਵੱਖ ਵੱਖ ਪੱਤਰਕਾਰਾਂ ਤੇ ਕਾਰਕੰੁਨਾਂ ਵਿੱਚ ਵੰਡੇ ਗਏ। ਦਿੱਲੀ ਪੁਲਿਸ ਨੇ ਆਪਣੀ ਕਰਵਾਈ ਦਾ ਫੌਰੀ ਅਧਾਰ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਨੂੰ ਬਣਾਇਆ ਜਿਸ ਵਿੱਚ ਕਿ ਅਜਿਹਾ ਦਾਅਵਾ ਕੀਤਾ ਗਿਆ ਸੀ।
ਨਿਊਜ਼ ਕਲਿੱਕ ਚੈਨਲ ਨੇ ਇਹਨਾਂ ਦੋਸ਼ਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਿਆਂ ਕਾਰਵਾਈ ਨੂੰ ਆਜ਼ਾਦ ਪੱਤਰਕਾਰਿਤਾ ਤੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦੇ ਮੋਦੀ ਹਕੂਮਤ ਦੇ ਕਦਮਾਂ ਦੀ ਲੰਮੀ ਲੜੀ ਦਾ ਅਗਲਾ ਕਦਮ ਦੱਸਿਆ। ਜ਼ਿਕਰਯੋਗ ਹੈ ਕਿ ਇਹ ਮੀਡੀਆ ਚੈਨਲ ਨੇ ਮੋਦੀ ਹਕੂਮਤ ਦੇ ਸੱਤਾ ’ਚ ਆਉਣ ਦੇ ਸਮੇਂ ਤੋਂ ਹੀ ਲੋਕ ਪੱਖੀ ਘੋਲਾਂ, ਘੱਟ ਗਿਣਤੀ ਭਾਈਚਾਰਿਆਂ ਤੇ ਹਮਲੇ, ਸੀ. ਏ. ਏ. ਤੇ ਐਨ. ਆਰ. ਸੀ. ਕਾਨੂੰਨਾਂ ਖਿਲਾਫ਼ ਸ਼ਾਹੀਨ ਬਾਗ਼ ਮੋਰਚੇ, ਦਿੱਲੀ ਦੰਗਿਆਂ ਤੇ ਜੇ. ਐਨ. ਯੂ. ਵਿੱਚ ਹਿੰਦੂਤਵਾ ਗੁੰਡਿਆਂ ਦੇ ਮਸਲਿਆਂ ਬਾਰੇ ਨਿਰਪੱਖ ਤੇ ਧੜੱਲੇ ਭਰੀ ਰਿਪੋਰਟਿੰਗ ਕੀਤੀ। ਦਿੱਲੀ ਦੇ ਬਾਰਡਰ ਤੇ ਚੱਲੇ ਕਿਸਾਨ ਸੰਘਰਸ਼ ਦੀ ਭਰਵੀਂ ਰਿਪੋਰਟਿੰਗ ਕਾਰਨ ਵੀ ਇਹ ਚੈਨਲ ਮੋਦੀ ਹਕੂਮਤ ਦੀਆਂ ਅੱਖਾਂ ਵਿਚ ਰੜਕਦਾ ਆ ਰਿਹਾ ਸੀ। ਇਸ ਕਰਕੇ ਮੀਡੀਆ ਚੈਨਲ ’ਤੇ ਹੋਏ ਇਸ ਹਮਲੇ ਦੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਭਾਰੀ ਆਲੋਚਨਾ ਹੋਈ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਇਸਨੂੰ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਮੁਲਕ ਭਰ ਅੰਦਰ ਜਮਹੂਰੀ ਜਥੇਬੰਦੀਆਂ ਤੇ ਸੰਸਥਾਵਾਂ ਨੇ ਇਹਨਾਂ ਛਾਪਿਆਂ ਤੇ ਗਿ੍ਰਫ਼ਤਾਰੀਆਂ ਤੇ ਯੂ.ਏ.ਪੀ.ਏ. ਵਰਗਾ ਬਦਨਾਮ ਕਾਨੂੰਨ ਮੜ੍ਹਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਇਸ ਚੈਨਲ ’ਤੇ ਹੋਏ ਹਮਲੇ ਪਿੱਛੇ ਮੋਦੀ ਹਕੂਮਤ ਵੱਲੋਂ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੀ ਅਸਲ ਮਨਸ਼ਾ ਨੂੰ ਬੁੱਝਦਿਆਂ ਇਸ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਤੇ ਸੂਬੇ ਭਰ ਅੰਦਰ ਵੱਖ ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਲੜੀ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਚੰਡੀਗੜ੍ਹ ਇਕਾਈ ਵੱਲੋਂ ਫੌਰੀ ਪ੍ਰਤੀਕਰਮ ਦਿੰਦਿਆਂ ਪੀ. ਐੱਸ. ਯੂ. (ਲਲਕਾਰ), ਐੱਸ. ਐੱਫ. ਐੱਸ. ਤੇ ਨੌਜਵਾਨ ਭਾਰਤ ਸਭਾ ਦੇ ਨਾਲ ਮਿਲਕੇ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਗਿਆ। ਸਭਾ ਦੀ ਬਠਿੰਡਾ ਇਕਾਈ ਨੇ ਵੀ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਏ. ਆਈ.ਐੱਸ. ਐੱਫ., ਪੀ. ਐੱਸ.ਯੂ. (ਲਲਕਾਰ), ਤੇ ਐੱਸ. ਐੱਫ. ਆਈ. ਨੇ ਰੋਸ ਪ੍ਰਦਰਸ਼ਨ ਕੀਤਾ। ਪੀ. ਐੱਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਤੇ ਯੂਨੀਵਰਸਿਟੀ ਕਾਲਜ ਮੂਨਕ ਵਿਚ ਵਿਦਿਆਰਥੀ ਪ੍ਰਦਰਸ਼ਨ ਕੀਤੇ ਗਏ। ਇਸਤੋਂ ਬਿਨਾਂ ਅੰਮਿ੍ਰਤਸਰ ਵਿਚ ਸਾਂਝੇ ਸਿਟੀਜਨ ਫੋਰਮ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਹੋਇਆ ਜਿਸ ਵਿਚ ਵਿਦਿਆਰਥੀ, ਕਿਸਾਨ ਤੇ ਜਮਹੂਰੀ ਜੱਥੇਬੰਦੀਆਂ ਸ਼ਾਮਲ ਹੋਈਆਂ। ਕਿਰਤੀ ਕਿਸਾਨ ਯੂਨੀਅਨ ਤੇ ਪੀ. ਐੱਸ. ਯੂ. ਵੱਲੋਂ ਸਾਂਝੇ ਤੌਰ ’ਤੇ ਪੰਜਾਬ ਦੇ ਪਾਣੀ ਦੇ ਮਸਲੇ ਨਾਲ ਜੋੜਕੇ ਇਸ ਮਸਲੇ ’ਤੇ ਬਠਿੰਡਾ, ਪਟਿਆਲਾ, ਪਾਤੜਾਂ, ਮੁਕਤਸਰ, ਮੋਗਾ, ਸਮਾਣਾ, ਨਾਭਾ, ਫਾਜ਼ਿਲਕਾ, ਫਰੀਦਕੋਟ ਤੇ ਐੱਸ. ਬੀ. ਐੱਸ. ਨਗਰ ਸਮੇਤ 16 ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਵੱਲੋਂ ਨਸ਼ਿਆਂ ਦੇ ਮਸਲੇ ’ਤੇ ਚੱਲ ਰਹੀ ਮੁਹਿੰਮ ਦੌਰਾਨ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਨਿਊਜ਼ ਕਲਿੱਕ ਚੈਨਲ ’ਤੇ ਹੋਏ ਹਮਲੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਗਈ। ਇਸਦੇ ਨਾਲ ਹੀ ਇਸ ਮਸਲੇ ਦੀ ਗੰਭੀਰਤਾ ਤੇ ਨਿਊਜ਼ ਚੈਨਲ ’ਤੇ ਹਮਲੇ ਰਾਹੀਂ ਦਿੱਲੀ ਕਿਸਾਨ ਸੰਘਰਸ਼ ’ਤੇ ਨਿਸ਼ਾਨਾ ਸੇਧਣ ਦੀ ਮੋਦੀ ਹਕੂਮਤ ਦੀ ਚਾਲ ਨੂੰ ਪਛਾਣਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਸੱਦੀ ਗਈ ਜਿਸ ਵਿੱਚ ਆਉਣ ਵਾਲੀ 6 ਨਵੰਬਰ ਨੂੰ ਮੁਲਕ ਭਰ ਅੰਦਰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਧਰਨੇ ਦੇਣ, ਪੱਤਰਕਾਰਾਂ ਤੇ ਕਾਰਕੁਨਾਂ ’ਤੇ ਦਰਜ ਐੱਫ.ਆਈ. ਆਰ. ਦੀਆਂ ਕਾਪੀਆਂ ਸਾੜਨ ਤੇ ਗਿ੍ਰਫਤਾਰ ਕੀਤੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਦਾ ਐਲਾਨ ਕੀਤਾ ਗਿਆ ਹੈ।
---0---
ਨਿਊਜ ਕਲਿੱਕ ਦਾ ਪੱਤਰਕਾਰਤਾ ’ਚ ਵੱਡਾ ਮਾਅਰਕਾ ਖੇਤੀ ਕਾਨੂੰਨਾਂ ਖ਼ਿਲਾਫ਼ 2020-21 ਦੇ ਕਿਸਾਨ ਅੰਦੋਲਨ ਦੌਰਾਨ ਸਾਹਮਣੇ ਆਇਆ ਇਸ ਵੱਲੋਂ ਪੇਸ਼ ਕੀਤੀਆਂ ਜ਼ਮੀਨੀ ਹਾਲਤ ਦੀਆਂ ਰਿਪੋਰਟਾਂ, ਸੰਘਰਸ਼ ਦੀ ਭਰਵੀਂ ਤੇ ਹਮਾਇਤੀ ਕਵਰੇਜ ਅਤੇ ਉੱਭਰਵੇਂ ਮੁੱਦਿਆ ’ਤੇ ਹਿੰਦੀ ਤੇ ਅੰਗਰੇਜ਼ੀ ਦੀਆਂ ਵੀਡੀਉਜ਼ ਵਿਆਪਕ ਪੜ੍ਹੀਆਂ- ਦੇਖੀਆਂ ਗਈਆਂ। ਇਸ ਕਵਰੇਜ ਨੇ ਵੱਡੇ ਮੀਡੀਆ ਖਿਡਾਰੀਆਂ ਜਿਵੇਂ ਅਖਬਾਰਾਂ ਤੇ ਚੈਨਲਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਕਿਸੇ ਹੱਦ ਤੱਕ ਸੰਘਰਸ਼ ਦੀ ਸਫ਼ਲਤਾ ’ਚ ਤੇ ਖੇਤੀ ਕਾਨੂੰਨ ਰੱਦ ਕਰਵਾਉਣ ’ਚ ਹਿੱਸਾ ਪਾਇਆ।
(ਐਨ.ਰਾਮ, ਦਾ ਹਿੰਦੂ ਗਰੁੱਪ ਦਾ ਸਾਬਕਾ ਮੁੱਖ ਸੰਪਾਦਕ)
No comments:
Post a Comment