Friday, November 10, 2023

ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਮੁਜ਼ਾਹਰੇ

 ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ 

ਲੋਕ ਮੋਰਚਾ ਪੰਜਾਬ ਵੱਲੋਂ ਮੁਜ਼ਾਹਰੇ

 ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਇਕੱਤਰਤਾ ਅਤੇ  ਮਾਰਚ ਕਰਕੇ ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲ ਵੱਲੋਂ ਵਿੱਢੀ ਜੰਗ ਦਾ ਵਿਰੋਧ ਕੀਤਾ ਗਿਆ। ਇਸ ਇਕੱਤਰਤਾ ਵਿੱਚ ਪੰਜਾਬ ਭਰ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਠੇਕਾ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਤਬਕਿਆਂ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

      ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਫਲਸਤੀਨ ਮਸਲੇ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਰਬੀ ਧਰਤੀ ਉੱਪਰ ਇਜ਼ਰਾਇਲ ਰਾਜ ਦੀ ਸਥਾਪਨਾ ਅਮਰੀਕੀ ਅਤੇ ਬਰਤਾਨਵੀ ਸਾਮਰਾਜੀਆਂ ਦੇ ਲੁਟੇਰੇ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਸੀ। ਮੱਧ ਪੂਰਬ ਦੇ ਤੇਲ ਭੰਡਾਰਾਂ ਉੱਤੇ ਕੰਟਰੋਲ ਕਰਨ ਲਈ ਇਜ਼ਰਾਇਲ ਰਾਜ ਨੂੰ ਅਮਰੀਕੀ ਸਾਮਰਾਜ ਵੱਲੋਂ ਆਪਣੀ ਫੌਜੀ ਚੌਂਕੀ ਵਜੋਂ ਪਾਲਿਆ ਪੋਸਿਆ ਗਿਆ। ਇਜ਼ਰਾਈਲੀ ਹਕੂਮਤ ਅਮਰੀਕੀ ਸਾਮਰਾਜ ਦੀ ਸ਼ਹਿ ਨਾਲ ਹੀ ਫਲਸਤੀਨੀ ਲੋਕਾਂ ਨੂੰ ਨੰਗੇ ਚਿੱਟੇ ਧੱਕੇ ਦੇ ਸਿਰ ਉਹਨਾਂ ਦੀ ਸਰਜ਼ਮੀਨ ਤੋਂ ਉਜਾੜਦੀ ਆਈ ਹੈ। ਫਲਸਤੀਨੀ ਕੌਮ ਨੂੰ ਸਿਰੇ ਦੇ ਅਣਮਨੁੱਖੀ ਜਬਰ ਦਾ ਸਾਹਮਣਾ ਕਰਨਾ ਪਿਆ ਹੈ । ਇਸ ਵੇਲੇ 60 ਲੱਖ ਤੋਂ ਉੱਪਰ ਫਲਸਤੀਨੀ ਸ਼ਰਨਾਰਥੀਆਂ ਵਜੋਂ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਹਨ। ਆਪਣੀ ਜ਼ਮੀਨ ਦੇ ਬਹੁਤ ਹੀ ਸੀਮਤ ਟੋਟੇ ਉੱਪਰ ਸੁੰਗੇੜ ਦਿੱਤੀ ਗਈ ਬਾਕੀ ਫਲਸਤੀਨੀ ਵਸੋਂ ਇਜ਼ਰਾਇਲੀ ਰਾਜ ਦੀਆਂ ਸਿਰੇ ਦੀਆਂ ਜਬਰ ਤਸ਼ੱਦਦ ਅਤੇ ਨਾਕਾਬੰਦੀ ਦੀਆਂ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਇਸ ਨੰਗੇ ਚਿੱਟੇ ਧੱਕੇ ਖ਼ਿਲਾਫ਼ ਫਲਸਤੀਨੀ ਕੌਮ ਨੰਗੇ ਧੜ ਜੂਝਦੀ ਆਈ ਹੈ। ਫਲਸਤੀਨੀ ਲੋਕਾਂ ਦੇ ਇਸ ਟਾਕਰੇ ਨੂੰ ਦਬਾਉਣ ਲਈ ਇਜ਼ਰਾਇਲ ਨੇ ਵਾਰ ਵਾਰ ਉਸ ਉੱਤੇ ਫੌਜੀ ਹਮਲੇ ਕੀਤੇ ਹਨ ਅਤੇ ਮੌਜੂਦਾ ਹਮਲਾ ਵੀ ਲੋਕਾਂ ਨੂੰ ਸਮੂਹਿਕ ਸਬਕ ਸਿਖਾਉਣ ਲਈ ਕੀਤਾ ਗਿਆ ਹੈ । ਮੋਰਚੇ ਦੇ ਸੂਬਾ ਸਕੱਤਰ ਸ਼੍ਰੀ ਜਗਮੇਲ ਸਿੰਘ ਨੇ ਦੱਸਿਆ ਕਿ ਫਲਸਤੀਨੀ ਅਵਾਮ ਖ਼ਿਲਾਫ਼ ਇਸ ਸਾਮਰਾਜੀ ਹੱਲੇ ਦਾ ਵਿਰੋਧ ਸੰਸਾਰ ਭਰ ਦੇ ਸਾਮਰਾਜ ਤੋਂ ਪੀੜਤ ਲੋਕਾਂ ਲਈ ਸਾਂਝਾ ਕਾਰਜ ਬਣਦਾ ਹੈ। ਭਾਰਤ ਦੇ ਲੋਕ ਸਾਮਰਾਜੀ ਨੀਤੀਆਂ ਕਰਕੇ ਤਿੱਖੇ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਹਨ ਉਹਨਾਂ ਵੱਲੋਂ ਇਸ ਬੇਮੇਚੀ ਅਤੇ ਨਿਹੱਕੀ ਜੰਗ ਦਾ ਵਿਰੋਧ ਸਾਮਰਾਜ ਦੇ ਸਿੱਧੇ ਹਮਲੇ ਦਾ ਸ਼ਿਕਾਰ ਅਤੇ ਕੌਮੀ ਮੁਕਤੀ ਦਾ ਸੰਘਰਸ਼ ਲੜ ਰਹੇ ਫ਼ਲਸਤੀਨੀਆਂ ਲਈ ਸਿਰਫ ਹਿਮਾਇਤ ਦਾ ਮਾਮਲਾ ਨਹੀਂ, ਸਗੋਂ ਸਾਮਰਾਜ ਖ਼ਿਲਾਫ਼ ਸਾਂਝੀ ਆਵਾਜ਼ ਉਠਾਉਣ ਦੇ ਸਾਂਝੇ ਕਾਰਜ ਨੂੰ ਹੁੰਗਾਰਾ ਹੈ। ਉਹਨਾਂ ਨੇ ਮੋਦੀ ਹਕੂਮਤ ਵੱਲੋਂ ਭਾਰਤ ਦੇ ਪਹਿਲੇ ਸਟੈਂਡ ਤੋਂ ਪਿੱਛੇ ਹਟਦਿਆਂ ਇਜ਼ਰਾਇਲ ਨੂੰ ਦਿੱਤੀ ਨੰਗੀ ਚਿੱਟੀ ਹਮਾਇਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਭਾਰਤੀ ਲੋਕਾਂ ਦੇ ਹਿੱਤਾਂ ਤੋਂ ਉਲਟ ਭਾਰਤ ਨੂੰ ਸਾਮਰਾਜੀ ਜੰਗੀ ਮਨਸੂਬਿਆਂ ਨਾਲ ਟੋਚਨ ਕੀਤੇ ਜਾਣ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਫਲਸਤੀਨ ਉੱਪਰ ਕੀਤਾ ਹਮਲਾ ਫੌਰੀ ਖਤਮ ਕੀਤਾ ਜਾਵੇ, ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਇਜ਼ਰਾਇਲ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਸਾਮਰਾਜੀ ਮਨਸੂਬਿਆਂ ਵਾਸਤੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਬੰਦ ਕੀਤਾ ਜਾਵੇ, ਮੋਦੀ ਹਕੂਮਤ ਇਜ਼ਰਾਇਲ ਦੀ ਹਮਾਇਤ ਕਰਨਾ ਬੰਦ ਕਰੇ, ਅਮਰੀਕੀ ਸਾਮਰਾਜੀਆਂ ਵੱਲੋਂ ਜੰਗੀ ਰਾਜਾਂ ਦੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ, ਫਲਸਤੀਨ ਫਲਸਤੀਨੀਆਂ ਨੂੰ ਸੌਂਪਿਆ ਜਾਵੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਸਿੰਘ ਖੁੱਡੀਆਂ ਵੱਲੋਂ ਨਿਭਾਈ ਗਈ। ਇਕੱਤਰਤਾ ਤੋਂ ਉਪਰੰਤ ਸ਼ਹਿਰ ਵਿੱਚ ਮਾਰਚ ਕਰਦਿਆਂ ਇਜ਼ਰਾਇਲੀ ਜੰਗਬਾਜ਼ਾਂ ਨੂੰ ਫਲਸਤੀਨ ਉੱਤੇ ਜਬਰ ਬੰਦ ਕਰਨ ਦੀ ਸੁਣਾਉਣੀ ਕੀਤੀ ਗਈ। ਇਸ ਸੂਬਾਈ ਮਾਰਚ ਤੋਂ ਇਲਾਵਾ ਮੋਰਚੇ ਵੱਲੋਂ ਬਠਿੰਡਾ, ਸੁਨਾਮ. ਭਵਾਨੀਗੜ੍ਹ (ਸੰਗਰੂਰ),  ਮੂਣਕ (ਸੰਗਰੂਰ), ਤੇ ਘੁੱਦਾ (ਬਠਿੰਡਾ) ਆਦਿ ਥਾਵਾਂ ’ਤੇ ਜਨਤਕ ਮੁਜ਼ਹਾਰੇ ਕਰਕੇ ਇਜ਼ਰਾਇਲੀ ਹਮਲੇ ਦਾ ਵਿਰੋਧ ਕੀਤਾ ਗਿਆ।  

No comments:

Post a Comment