Friday, November 10, 2023

ਇਜ਼ਰਾਇਲੀ ਜਾਲਮਾਂ ਨੂੰ ਕੰਬਣੀਆਂ ਛੇੜਦੀ ਫਲਸਤੀਨੀ ਨਾਬਰੀ

  ਇਜ਼ਰਾਇਲੀ ਜਾਲਮਾਂ ਨੂੰ ਕੰਬਣੀਆਂ ਛੇੜਦੀ ਫਲਸਤੀਨੀ ਨਾਬਰੀ

ਹਮਾਸ ਦੇ ਹਮਲੇ ਦੇ ਮਗਰੋਂ ਇਜ਼ਰਾਈਲ ਦੀ ਬੁਖਲਾਹਟ ਸਮਝੀ ਜਾ ਸਕਦੀ ਹੈ। ਇਹ ਆਪਣੀ ਫੌਜ ਉਪਰ ਸਭ ਤੋਂ ਵੱਧ ਖਰਚ ਕਰਨ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਅਮਰੀਕਾ ਵੱਲੋਂ ਦਿੱਤੀ ਭਾਰੀ ਸਹਾਇਤਾ (ਲਗਭਗ 270 ਖਰਬ ਡਾਲਰ) ਸਦਕਾ ਇਹਨੇ ਹਥਿਆਰਾਂ ਦੇ ਵੱਡੇ ਜ਼ਖੀਰੇ ਉਸਾਰੇ ਹਨ। ਜਸੂਸੀ ਤਕਨਾਲੋਜੀ, ਸੂਹੀਆ ਯੰਤਰ, ਡਰੋਨ ਤੇ ਹੋਰ ਅਨੇਕਾਂ ਕਿਸਮ ਦੇ ਮਾਰੂ ਹਥਿਆਰ ਵਿਕਸਤ ਕੀਤੇ ਹਨ ਅਤੇ ਅਜਿਹੀ ਤਕਨਾਲੋਜੀ ਦੇ ਵੱਡੇ ਨਿਰਯਾਤਕ ਵਜੋਂ ਅਨੇਕਾਂ ਦੇਸ਼ਾਂ ਨਾਲ ਸੌਦੇ ਕੀਤੇ ਹਨ। ਪਰ ਇਹ ਤਮਾਮ ਤਕਨਾਲੋਜੀ, ਸੂਹੀਆ ਯੰਤਰ ਅਤੇ ਮਾਰੂ ਹਥਿਆਰ ਫਲਸਤੀਨੀ ਲੜਾਕਿਆਂ ਦੇ ਗੁਰੀਲਾ ਐਕਸ਼ਨ ਅੱਗੇ ਨਿੱਸਲ ਸਾਬਤ ਹੋਏ ਹਨ। ਇਜ਼ਰਾਈਲੀ ਸਰਕਾਰ ਜਿਸ ਸੁਰੱਖਿਆ ਤਾਣੇ-ਬਾਣੇ ਦੀ ਸ਼ੇਖੀ ਮਾਰਦੀ ਰਹੀ ਹੈ, ਉਹ ਤਾਣਾ-ਬਾਣਾ ਇਸ ਅਚਿੰਤੇ ਹਮਲੇ ਅੱਗੇ ਤਾਸ਼ ਦੇ ਮਹਿਲ ਵਾਂਗ ਖਿੰਡਿਆ ਹੈ। ਇਹ ਘਟਨਾ ਜ਼ਿਓਨਵਾਦੀ ਫਾਸ਼ੀ ਇਜ਼ਰਾਈਲੀ ਹਕੂਮਤ ਲਈ ਬੇਹੱਦ ਨਮੋਸ਼ੀ ਦਾ ਸਬੱਬ ਬਣੀ ਹੈ। ਇਸੇ ਨਮੋਸ਼ੀ ਅੰਦਰ ਇੱਕ ਵਾਰ ਇਜ਼ਰਾਈਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਸੁਰੱਖਿਆ ਵਿੱਚ ਨਾਕਾਮਯਾਬੀ ਦਾ ਭਾਂਡਾ ਸੁਰੱਖਿਆ ਬਲਾਂ ਦੀ ਕੋਤਾਹੀ ਸਿਰ ਭੰਨਿਆ ਗਿਆ ਸੀ, ਜਿਸਤੋਂ ਬਾਅਦ ਵਿੱਚ ਉਸਨੂੰ ਪਿੱਛੇ ਹਟਣਾ ਪਿਆ ਹੈ। 

ਇਸ ਹਮਲੇ ਨੇ ਜਾਬਰ ਫੌਜੀ ਤਾਕਤ ਦੀ ਅਤਿ ਸੂਖਮ ਤਕਨੀਕ ਦੀ ਲੋਕਾਂ ਦੀ ਹੱਕੀ ਜੰਗ ਅੱਗੇ ਨਿਰਬਲਤਾ ਪੂਰੀ ਤਰ੍ਹਾਂ ਨਸ਼ਰ ਕੀਤੀ ਹੈ। ਨਾ ਸਿਰਫ ਇਜ਼ਰਾਈਲ ਨੇ ਪਿਛਲੇ ਦਹਾਕਿਆਂ ਦੌਰਾਨ  ਆਮ ਰੂਪ ਵਿੱਚ ਅਤਿ ਸੂਖਮ ਹਥਿਆਰ ਅਤੇ ਸੂਖਮ ਤਕਨੀਕਾਂ ਵਿਕਸਤ ਕੀਤੀਆਂ ਸਨ, ਸਗੋਂ ਇਹਨੇ ਫਲਸਤੀਨ ਦੇ ਮਾਮਲੇ ਵਿੱਚ ਹੋਰ ਵੀ ਵਿਸ਼ੇਸ਼ ਸੁਰੱਖਿਆ ਕਦਮ ਚੁੱਕੇ ਸਨ। ਇਹਨਾਂ ਕਦਮਾਂ ਵਿੱਚ ਸਮੁੱਚੀ ਗਾਜ਼ਾ ਪੱਟੀ ਦੇ ਆਲੇ ਦੁਆਲੇ ‘ਸਮਾਰਟ ਵਾੜ’ ਕਰਨਾ ਵੀ ਸ਼ਾਮਲ ਹੈ। ਇਹ ਅਤਿ ਅਧੁਨਿਕ ਵਾੜ ਜਾਂ ਕੰਧ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਕਿਸੇ ਵੀ ਕਿਸਮ ਦੀ ਸੁਰੱਖਿਆ ਉਲੰਘਣਾ ਨੂੰ ਭਾਂਪਣ ਦੀ ਸਮਰੱਥਾ ਰੱਖਦੀ ਹੈ। ਇਹ 20 ਫੁੱਟ ਉਚੀ ਧਾਤ ਦੀ ਬਣੀ ਕੰਧ ਹੈ ਜਿਸ ਉਤੇ ਕੈਮਰੇ, ਰਾਡਾਰ ਅਤੇ ਸੈਂਸਰ ਲੱਗੇ ਹੋਏ ਹਨ। ਇਸਦੇ ਉੱਤੇ ਕੰਡਿਆਲੀ ਤਾਰ ਵੀ ਲੱਗੀ ਹੋਈ ਹੈ। ਗਾਜ਼ਾ ਇਜ਼ਰਾਇਲ ਵਿਚਲੀ ਪੂਰੀ ਸਰਹੱਦ ਦੁਆਲੇ ਕੀਤੀ ਗਈ ਇਹ ਕੰਧ 40 ਮੀਲ ਲੰਬੀ ਹੈ। ਇਹਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਜ਼ਮੀਨ ਦੇ ਉੱਪਰ ਹੈ, ਬਲਕਿ ਜ਼ਮੀਨ ਦੇ ਕਾਫੀ ਹੇਠਾਂ ਤੱਕ ਹੈ ਅਤੇ ਜ਼ਮੀਨ ਦੇ ਹੇਠਾਂ ਇਹ ਕੰਕਰੀਟ ਦੀ ਬਣੀ ਹੋਈ ਹੈ। ਇਹਦੀ ਡੂੰਘਾਈ ਇਜ਼ਰਾਈਲ ਵੱਲੋਂ ਨਸ਼ਰ ਨਹੀਂ ਕੀਤੀ ਗਈ। ਬੀਤੇ ਸਾਲਾਂ ਦੌਰਾਨ ਗਾਜ਼ਾ ਪੱਟੀ ਦੀ ਇਜ਼ਰਾਈਲ ਦੀ ਮੁਕੰਮਲ ਨਾਕਾਬੰਦੀ ਹੋਣ ਕਰਕੇ ਫਲਸਤੀਨੀਆਂ ਨੇ ਸੁਰੰਗਾਂ ਰਾਹੀਂ ਅਨੇਕਾਂ ਰਾਹ ਬਣਾਏ ਹਨ। ਇਹ ਸੁਰੰਗਾਂ ਮਿਸਰ ਤੋਂ ਸਮਾਨ ਲਿਆਉਣ ਅਤੇ ਵਪਾਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਗਾਜ਼ਾ ਲਈ ਲੋੜੀਂਦੇ ਸਮਾਨ ਦਾ ਲਗਭਗ 80 ਫੀਸਦੀ ਹਿੱਸਾ ਇਉ ਲੁਕਵੇਂ ਰੂਪ ਵਿੱਚ ਹੀ ਆਉਦਾ ਹੈ। ਇਹ ਸੁਰੰਗਾਂ ਇਜ਼ਰਾਈਲ ਅੰਦਰ ਜਾਣ ਲਈ ਵੀ ਵਰਤੀਆਂ ਜਾਂਦੀਆਂ ਹਨ। ਇਹਨਾਂ ਸੁਰੰਗਾਂ ਨੂੰ ਨਾਕਾਮ ਕਰਨ ਲਈ ਇਜ਼ਰਾਈਲ ਵੱਲੋਂ ‘ਸਮਾਰਟ ਵਾੜ’ ਨੂੰ ਜ਼ਮੀਨ ਦੇ ਕਾਫੀ ਹੇਠਾਂ ਤੱਕ ਬਣਾਇਆ ਗਿਆ ਹੈ ਅਤੇ ਇਸ ’ਤੇ ਅਨੇਕਾਂ ਸੂਹੀਆ ਸੈਂਸਰ ਲਾਏ ਗਏ ਹਨ। ਜਦੋਂ 2021 ਵਿੱਚ ਇਹ ‘ਸਮਾਰਟ ਕੰਧ’ ਬਣਕੇ ਤਿਆਰ ਹੋਈ ਸੀ ਤਾਂ ਇਜ਼ਰਾਈਲੀ ਹਕੂਮਤ ਨੇ ਐਲਾਨ ਕੀਤਾ ਸੀ ਕਿ ਹੁਣ ਇਜ਼ਰਾਈਲ ਫਲਸਤੀਨ ਹਮਲੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। 

ਸਿਰਫ ਏਹੀ ਨਹੀਂ ਇਸ ਕੰਧ ਦੇ ਅੱਗੇ ਅਤੇ ਪਿੱਛੇ ਵੀ ਸੁਰੱਖਿਆ ਦੇ ਕਾਫੀ ਪਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਕੰਧ ਤੋਂ ਗਾਜ਼ਾ ਵਾਲੇ ਪਾਸੇ ਇੱਕ ਕਿਲੋਮੀਟਰ ਤੱਕ ਦਾ ਘੇਰਾ ਰਿਸਕ ਖੇਤਰ ਐਲਾਨਿਆ ਗਿਆ ਹੈ। 100 ਤੋਂ 300 ਮੀਟਰ ਤੱਕ ਦਾ ਘੇਰਾ ਰਾਖਵਾਂ ਖੇਤਰ ਹੈ ਜਿੱਥੇ ਸਿਰਫ ਕਿਸਾਨ ਪੈਦਲ ਤੁਰ ਕੇ ਆ ਸਕਦੇ ਹਨ। 100 ਮੀਟਰ ਤੱਕ ਦਾ ਘੇਰਾ ਪੂਰੀ ਤਰ੍ਹਾਂ ਦਾਖਲੇ ਲਈ ਬੰਦ ਹੈ। ਇਸ ਕੰਧ ਤੋਂ ਪਹਿਲਾਂ ਇੱਕ ਹੋਰ ਵਾੜ ਹੈ। ਇਜ਼ਰਾਈਲ ਵਾਲੇ ਪਾਸੇ ਇਸ ਕੰਧ ਤੋਂ ਪਿੱਛੇ ਨਿਗਰਾਨੀ ਟਾਵਰ ਹਨ ਜੋ ਹਰੇਕ 500 ਫੁਟ ਤੋਂ ਬਾਅਦ ਬਣਾਏ ਗਏ ਹਨ। ਉਸਤੋਂ ਅੱਗੇ ਰੇਤੇ ਦੀਆਂ ਰੋੋਕਾਂ ਹਨ। 

ਅਜਿਹੇ ਪੁਖ਼ਤਾ ਇੰਤਜ਼ਾਮਾਂ ਦੀਆਂ ਧੱਜੀਆਂ ਉਡਾਉਦੇ ਹੋਏ  ਫਲਸਤੀਨੀ ਲੜਾਕੇ ਇਜ਼ਰਾਈਲ ਅੰਦਰ ਦਾਖਲ ਹੋਏ। ਇਹ ਕੰਧ ਘੱਟੋ ਘੱਟ 29 ਥਾਵਾਂ ਤੋਂ ਭੰਨੀ ਗਈ। ਫਲਸਤੀਨੀ ਲੜਾਕਿਆਂ ਨੇ ਪਹਿਲਾਂ ਮਿਜ਼ਾਈਲਾਂ ਦਾਗ ਕੇ ਝਕਾਨੀ ਦਿੱਤੀ। ਅਜਿਹੀਆਂ ਮਿਜ਼ਾਇਲਾਂ ਤੇ ਇਹਨਾਂ ਤੋ ਚੌਕਸ ਕਰਨ ਲਈ ਇਜ਼ਰਾਇਲ ਅੰਦਰ ਵੱਜਣ ਵਾਲੇ ਸਾਇਰਨ ਆਮ ਗੱਲ ਹਨ। ਜਦੋਂ ਇਹ ਸਾਇਰਨ ਵੱਜ ਰਹੇ ਸਨ ਤਾਂ ਫਲਸਤੀਨੀ ਡਰੋਨਾਂ ਨੇ ਇਜ਼ਰਾਇਲੀ ਨਿਗਰਾਨੀ ਟਾਵਰਾਂ ’ਤੇ ਜਾ ਕੇ ਬੰਬ ਸੁੱਟੇ ਅਤੇ ਸੰਚਾਰ ਦਾ ਸਾਰਾ ਪ੍ਰਬੰਧ ਉਡਾ ਦਿੱਤਾ। ਇੱਕ ਵਾਰ ਸੰਚਾਰ ਟੁੱਟਣ ਤੋਂ ਬਾਅਦ ਲੋਹੇ ਦੀ ਕੰਧ ਅੰਦਰ ਗਾਜ਼ਾ ਪੱਟੀ ਦੀਆਂ ਅੱਡ ਅੱਡ ਥਾਵਾਂ ਤੋਂ ਸੰਨ੍ਹ ਲਾਈ ਗਈ। ਬੁਲਡੋਜ਼ਰਾਂ ਰਾਹੀਂ ਪਾੜ ਚੌੜੇ ਕੀਤੇ ਗਏ। ਇਹਨਾਂ ਪਾੜਾਂ ਰਾਹੀਂ ਮੋਟਰਸਾਈਕਲਾਂ, ਜੀਪਾਂ ਅਤੇ ਹੋਰ ਸਾਧਨਾਂ ’ਤੇ ਸਵਾਰ ਹਮਸ ਦੇ ਲੜਾਕੇ ਇਜ਼ਰਾਇਲ ਵਿੱਚ ਦਾਖਲ ਹੋਏ। ਅਨੇਕਾਂ ਹੋਰ ਪੈਰਾ-ਗਲਾਈਡਰਾਂ/ਪੈਰਾਸ਼ੂਟਰਾਂ ਰਾਹੀਂ ਦੂਸਰੇ ਪਾਸੇ ਉੱਤਰੇ। ਮੋਟਰਬੋਟਾਂ ਅਤੇ ਕਿਸ਼ਤੀਆਂ ਰਾਹੀਂ ਵੀ ਅਨੇਕਾਂ ਲੜਾਕੇ ਇਜ਼ਰਾਇਲ ਵਿੱਚ ਦਾਖਲ ਹੋਏ। ਇੱਕ ਅੰਦਾਜ਼ੇ ਮੁਤਾਬਕ 2500 ਤੋਂ 3000 ਦੇ ਕਰੀਬ ਹਮਾਸ ਲੜਾਕੇ ਇਜ਼ਰਾਇਲ ਅੰਦਰ ਜਾਣ ਵਿੱਚ ਕਾਮਯਾਬ ਰਹੇ। ਇਹਨਾਂ ਲੜਾਕਿਆਂ ਦਾ ਮੁੱਖ ਨਿਸ਼ਾਨਾ ਫੌਜੀ ਬਲ ਸਨ। ਲਗਭਗ ਸੱਤ ਮਿਲਟਰੀ ਪੋਸਟਾਂ ’ਤੇ ਹਮਲਾ ਕੀਤਾ ਗਿਆ ਸੰਚਾਰ ਟਾਵਰ ਉਡਾਏ ਗਏ ਅਤੇ ਚੇਤਾਵਨੀ ਪ੍ਰਬੰਧਾਂ ਨੂੰ ਜਾਮ ਕੀਤਾ ਗਿਆ। ਪਿਛਲੇ ਵਰ੍ਹਿਆਂ ਦੌਰਾਨ ਨੇਤਨਯਾਹੂ ਵੱਲੋਂ ਹੁੱਬ ਹੁੱਬ ਕੇ ਕੀਤੇ ਗਏ ਐਲਾਨਾਂ ਕਿ ਹੁਣ ਹਮਸ ਨੂੰ ਗਾਜ਼ਾ ਪੱਟੀ ਵਿੱਚ ਬੰਦ ਕਰਕੇ ਰੱਖ ਦਿੱਤਾ ਗਿਆ ਹੈ, ਦੀ ਇਸ ਹਮਲੇ ਨੇ ਫੂਕ ਕੱਢ ਦਿੱਤੀ। 

ਹਮਸ ਵੱਲੋਂ ਇਸ ਕਾਰਵਾਈ ਦਾ ਮਕਸਦ ਇਜ਼ਰਾਇਲੀ  ਧਾੜਵੀਆਂ ਨੂੰ ਫਲਸਤੀਨ ’ਚੋਂ ਕੱਢਣਾ, ਇਜ਼ਰਾਇਲੀ ਬਸਤੀਵਾਦੀਆਂ ਵੱਲੋਂ ਪੱਛਮੀ ਕੰਢੇ ਅੰਦਰ ਫਲਸਤੀਨੀਆਂ ਖਿਲਾਫ ਕੀਤੀਆਂ ਧੱਕੇਸ਼ਾਹੀਆਂ ਅਤੇ ਖਾਸ ਤੌਰ ’ਤੇ ਅਲ ਅਕਸਾ ਮਸਜਿਦ ’ਚ ਵਾਪਰੀ ਘਟਨਾ ਦਾ ਬਦਲਾ ਲੈਣਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਪੱਟੀ ਪੂਰਬੀ ਯੇਰੂਸਲਮ ਪੱਛਮੀ ਕੰਢਾ ਸਾਮਰਾਜੀ ਇਛਾਵਾਂ ਅਨੁਸਾਰ ਅਤੇ ਫਲਸਤੀਨੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਫਲਸਤੀਨ ਦੀ ਸਰਜ਼ਮੀਨ ਦਾ ਵੱਡਾ ਹਿੱਸਾ ਇਜ਼ਰਾਇਲ ਨੂੰ ਸੌਂਪ ਕੇ ਬਾਕੀ ਬਚੀਆਂ ਉਹ ਥਾਵਾਂ ਹਨ ਜੋ ਸਾਮਰਾਜੀ ਧੱਕੜ ਵੰਡ ਅਨੁਸਾਰ ਵੀ ਫਲਸਤੀਨੀਆਂ ਦੇ ਹਿੱਸੇ ਆਉਦੀਆਂ ਹਨ। ਪਰ 1967 ਤੋਂ ਬਾਅਦ ਇਜ਼ਰਾਇਲ ਨੇ ਪੱਛਮੀ ਕੰਢੇ ਵਿੱਚ ਵੀ ਆਪਣੀਆਂ ਵੱਡੀਆਂ ਬਸਤੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਪੂਰਬੀ ਯੇਰੂਸਲਮ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ। ਕੌਮਾਂਤਰੀ ਅਤੇ ਤੈਅ-ਸ਼ੁਦਾ ਨਿਯਮਾਂ ਮੁਤਾਬਕ ਇਹ ਇਲਾਕੇ ਨਿਰੋਲ ਫਲਸਤੀਨ ਦੀ ਮਾਲਕੀ ਹੋਣੇ ਚਾਹੀਦੇ ਹਨ।  ਪਰ ਸਾਰੀਆਂ ਕੌਮਾਂਤਰੀ ਸੰਧੀਆਂ ਨੂੰ ਸਾਮਰਾਜੀ ਅਤੇ ਖਾਸ ਤੌਰ ’ਤੇ ਅਮਰੀਕੀ ਸਾਮਰਾਜੀ ਸ਼ਹਿ ’ਤੇ ਛਿੱਕੇ ਟੰਗ ਕੇ ਇਜ਼ਰਾਇਲ ਨੇ ਪੂਰਬੀ ਯੇਰੂਸਲਮ ’ਤੇ ਕਬਜ਼ਾ ਕੀਤਾ ਹੈ ਅਤੇ ਪੱਛਮੀ ਕੰਢੇ ਵਿੱਚ ਲਗਾਤਾਰ ਆਪਣੀਆਂ ਬਸਤੀਆਂ ਦੀ ਗਿਣਤੀ ਵਧਾ ਕੇ ਵਸੋਂ ਅਨੁਪਾਤ ਬਦਲ ਰਿਹਾ ਹੈ। ਇਸ ਵਕਤ ਲਗਭਗ 27 ਲੱਖ ਦੀ ਫਲਸਤੀਨੀ ਅਬਾਦੀ ਵਾਲੇ ਪੱਛਮੀ ਕੰਢੇ ਵਿੱਚ ਸਾਢੇ 5 ਲੱਖ ਤੋਂ ਵਧੇਰੇ ਇਜ਼ਰਾਇਲੀ ਵਸਾਏ ਜਾ ਚੁੱਕੇ ਹਨ ( 2022 ਦਾ ਅੰਕੜਾ)। ਇਸ ਤੋਂ ਇਲਾਵਾ ਸਵਾ ਦੋ ਲੱਖ ਇਜ਼ਰਾਇਲੀ ਪੂਰਬੀ ਯੇਰੂਸਲਮ ਵਿੱਚ ਹਨ। ਇਹ ਇਜ਼ਰਾਇਲੀ ਬਸਤੀਆਂ ਫਲਸਤੀਨੀਆਂ ਨੂੰ ਲਗਾਤਾਰ ਉਹਨਾਂ ਦੀ ਜ਼ਮੀਨ ਵਿੱਚੋਂ ਖਦੇੜਨ ਅਤੇ ਦਾਬਾ ਪਾਉਣ ਦੇ ਮਕਸਦ ਲਈ ਹਨ। ਇਜ਼ਰਾਇਲੀ ਜ਼ਿਓਨਵਾਦੀਆਂ  ਵੱਲੋਂ  ਅਕਸਰ ਫਲਸਤੀਨੀ ਵਸੋਂ ਖਿਲਾਫ਼ ਨਫ਼ਰਤੀ ਘਟਨਾਵਾਂ  ਨੂੰ ਅੰਜਾਮ  ਦਿੱਤਾ ਜਾਂਦਾ ਹੈ ਅਤੇ ਇਜ਼ਰਾਇਲੀ ਪੁਲਸ ਅਤੇ ਇਜ਼ਰਾਇਲੀ ਹਕੂਮਤ  ਦੀ ਕਠਪੁਤਲੀ  .    ਫਲਸਤੀਨੀ  . ਅਥਾਰਟੀ ( ਜਿਸਦੇ ਹੱਥ ਵਿੱਚ ਪੱਛਮੀ ਕੰਢੇ ਦਾ ਕੰਟਰੋਲ ਹੈ) ਇਸ ਨਸਲੀ ਹਿੰਸਾ ਦੀ ਰਾਖੀ ਕਰਦੀਆਂ ਹਨ। ਪਿਛਲੇ ਸਮੇਂ ਦੌਰਾਨ ਇਹ ਹਿੰਸਾ ਲਗਾਤਾਰ ਵਧਦੀ ਗਈ ਹੈ। ਲੰਘੀ ਅਪ੍ਰੈਲ ਵਿੱਚ ਪੂਰਬੀ ਯੇਰੂਸਲਮ ਅੰਦਰ ਯਹੂਦੀ ਬਸਤੀਵਾਦੀਆਂ ਵੱਲੋਂ ਅਲ ਅਕਸਾ ਮਸਜਿਦ ਵਿੱਚ ਦਾਖਲ ਹੋ ਕੇ ਮੁਸਲਿਮ ਰਹੁ ਰੀਤੀਆਂ ਦੀ ਉਲੰਘਣਾ ਦੀ ਕੋਸ਼ਿਸ਼ ਕੀਤੀ ਗਈ। ਇਸਨੂੰ ਰੋਕਣ ਲਈ ਮਸਜਿਦ ਨੂੰ ਅੰਦਰੋਂ ਬੰਦ ਕਰਕੇ ਬੈਠੇ ਫਲਸਤੀਨੀਆਂ ’ਤੇ ਪੁਲਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਇਸ ਘਟਨਾ ਨੇ ਫਲਸਤੀਨੀ ਗੁੱਸੇ ਨੂੰ ਲਾਂਬੂ ਲਾਇਆ। ਹਮਾਸ ਦੇ ਲੜਾਕਿਆਂ ਵੱਲੋਂ ਉਸ ਵੇਲੇ ਵੀ ਮਿਜ਼ਾਇਲਾਂ ਦਾਗ ਕੇ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਵਾਲੀ ਕਾਰਵਾਈ ਪਿੱਛੇ ਵੀ ਇੱਕ ਫੌਰੀ ਕਾਰਨ ਬਸਤੀਵਾਦੀ ਧੱਕੇਸ਼ਾਹੀ ਵਿੱਚ ਵਾਧਾ ਅਤੇ ਇਸ ਘਟਨਾ ਦਾ ਵਾਪਰਨਾ ਦੱਸਿਆ ਗਿਆ ਹੈ। ਇਜ਼ਰਾਇਲ ਅਤੇ ਇਸਦੀਆਂ ਸੰਗੀ ਸਾਮਰਾਜੀ ਤਾਕਤਾਂ ਨੇ ਇਸ ਘਟਨਾ ਤੋਂ ਬਾਅਦ ਬੇਹੱਦ ਦੁਹਾਈ ਪਾਈ ਹੈ ਅਤੇ ਹਮਾਸ ਦੀ ਇਸ ਕਾਰਵਾਈ ਨੂੰ ਬੇਹੱਦ ਜਾਲਮ ਦੱਸਿਆ ਹੈ। ਇਸ ਘਟਨਾ ਅੰਦਰ ਮਾਰੇ ਗਏ 1400 ਇਜ਼ਰਾਇਲੀ ਅਤੇ ਬੰਧਕ ਬਣਾਏ ਗਏ 243 ਫੌਜੀਆਂ ਅਤੇ ਨਾਗਰਿਕਾਂ ਨੂੰ ਨਿਆਂ ਦੇ ਨਾਮ ’ਤੇ ਹਜ਼ਾਰਾਂ ਫਲਸਤੀਨੀਆਂ ਨੂੰ ਕਤਲ ਕਰਨ ਦਾ ਰਾਹ ਫੜਿਆ ਗਿਆ ਹੈ। ਲੋਕਾਂ ਦੀ ਵਿਆਪਕ ਹਿਮਾਇਤ ਮਾਣ ਰਹੇ ਹਮਸ ਦੇ ਲੜਾਕੇ ਗਾਜ਼ਾ ਦੀ ਵਸੋਂ ਨਾਲੋਂ ਅਭੇਦ ਹਨ। ਇਸ ਕਰਕੇ ਸਮੁੱਚੀ ਵਸੋਂ ਦਾ ਹੀ ਕਤਲੇਆਮ ਕੀਤਾ ਜਾ ਰਿਹਾ ਹੈ। ਅਮਰੀਕਾ, ਫਰਾਂਸ, ਇੰਗਲੈਂਡ ਵਰਗੇ ਨਾਟੋ ਦੇਸ਼ ਇਜ਼ਰਾਇਲ ਦੀ ਕਾਰਵਾਈ ਦੀ ਹਿਮਾਇਤ ਕਰ ਚੁੱਕੇ ਹਨ। ਅਮਰੀਕੀ ਥਾਪੜੇ ਅਤੇ ਇਜ਼ਰਾਇਲੀ ਹਥਿਆਰਾਂ ਦੇ ਸਿਰ ’ਤੇ ਇਲਾਕਾਈ ਤਾਕਤ ਬਣਨ ਦੀਆਂ ਖਾਹਸ਼ਾਂ ਪਾਲ ਰਹੇ ਭਾਰਤੀ ਹਾਕਮ ਵੀ ਪੂਰੀ ਬੇਸ਼ਰਮੀ ਨਾਲ ਇਜ਼ਰਾਇਲ ਦੀ ਹਿਮਾਇਤ ਉੱਤੇ ਜਾ ਖੜ੍ਹੇ ਹਨ, ਜਦੋਂ ਕਿ ਸੰਸਾਰ ਭਰ ਦੇ ਇਨਸਾਫ ਪਸੰਦ ਲੋਕ ਇਜ਼ਰਾਇਲੀ ਅਨਿਆਂ ਖਿਲਾਫ ਡਟੇ ਹਨ। 

ਹਮਾਸ ਲੜਾਕਿਆਂ ਵੱਲੋਂ ਮਾਰੇ ਇਜ਼ਰਾਇਲੀ ਲੋਕਾਂ ਦੇ ਨਾਂ ਹੇਠ ਸਾਮਰਾਜੀਏ ਅਤੇ ਉਹਨਾਂ ਦਾ ਜ਼ਰਖਰੀਦ ਮੀਡੀਆ ਇਜ਼ਰਾਇਲੀ ਫੌਜਾਂ ਵੱਲੋਂ ਅੱਜ ਤੱਕ ਲਈਆਂ ਹਜ਼ਾਰਾਂ ਫਲਸਤੀਨੀ ਜਾਨਾਂ ਅਤੇ ਮੌਜੂਦਾ ਜੰਗ ਵਿੱਚ ਕੀਤੇ ਜਾ ਰਹੇ ਕਤਲਾਂ ਨੂੰ ਢਕਣ ਲਈ ਟਿੱਲ ਲਾ ਰਹੇ ਹਨ। ਹਮਸ ਦੇ ਲੜਾਕਿਆਂ ਨੂੰ ਵਹਿਸ਼ੀ ਕਾਤਲਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦੋਂ ਕਿ ਬੁੱਚੜ ਜ਼ਿਓਨਵਾਦੀਆਂ ਨੂੰ ਤਰਸ ਦੇ ਪਾਤਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਹਕੀਕਤ ਇਹਨਾਂ ਕਹਾਣੀਆਂ ਨੂੰ ਲੀਰੋ ਲੀਰ ਕਰ ਰਹੀ ਹੈ। ਬੰਧਕ ਬਣਾਏ ਗਏ ਇਜ਼ਰਾਇਲੀਆਂ ਵਿੱਚੋਂ ਚਾਰ ਵਿਅਕਤੀ ਹਮਸ ਵੱਲੋਂ ਰਿਹਾਅ ਕੀਤੇ ਗਏ ਹਨ। ਇਹਨਾਂ ਵਿੱਚ ਇੱਕ ਬਜ਼ੁਰਗ ਔਰਤ ਯੋਕੋਵੇਦ ਲਿਫਸਿਜ਼ ਵੀ ਸ਼ਾਮਲ ਹੈ। ਇਹ ਔਰਤ ਹਮਸ ਦੇ ਕਾਰਕੁਨ ਤੋਂ ਵਿਦਾ ਹੋਣ ਲੱਗੀ ਉਸਦਾ ਹੱਥ ਘੁੱਟਦੀ ਹੈ ਅਤੇ ‘ਅਮਨ!’ ਕਹਿੰਦੀ ਹੈ। ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵੀ ਉਹ ਦੱਸਦੀ ਹੈ ਕਿ ਮੁਢਲੇ ਤੌਰ ’ਤੇ ਧੱਕੇ ਨਾਲ ਅਗਵਾ ਕਰਨ ਅਤੇ ਲਿਜਾਣ ਤੋਂ ਬਾਅਦ ਕਿੰਜ ਬੰਧਕਾਂ ਨਾਲ ਬੇਹੱਦ ਨਰਮ ਸਲੂਕ ਕੀਤਾ ਗਿਆ। ਖਾਣੇ ਦੀ ਕਮੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੂੰ ਆਪਣੇ ਨਾਲ ਦਾ ਖਾਣਾ ਖਾਣ ਲਈ ਦਿੱਤਾ ਗਿਆ। ਉਹਨਾਂ ਦੀ ਸਾਫ ਸਫਾਈ, ਦੇਖਭਾਲ ਅਤੇ ਮੈਡੀਕਲ ਜ਼ਰੂਰਤਾਂ ਦਾ ਖਿਆਲ ਰੱਖਿਆ ਗਿਆ। ਇਸ ਔਰਤ ਨੇ ਇਜ਼ਰਾਇਲੀ ਹਕੂਮਤ ਉੱਤੇ ਸੁਰੱਖਿਆ ਬਦਇੰਤਜ਼ਾਮੀ ਦਾ ਦੋਸ਼ ਲਾਇਆ। ਕਈ ਇਜ਼ਰਾਇਲੀ ਵਾਰਤਾਕਾਰਾਂ ਵੱਲੋਂ ਬਾਅਦ ਵਿੱਚ ਇਸ ਔਰਤ ਦੀਆਂ ਟਿੱਪਣੀਆਂ ਨੂੰ ਤਬਾਹਕੁੰਨ ਕਿਹਾ ਗਿਆ ਅਤੇ ਇਜ਼ਰਾਇਲੀ ਅਧਿਕਾਰੀਆਂ ਤੇ ਪ੍ਰੈਸ ਕਾਨਫਰੰਸ ਦੀ ਬਦਇੰਤਜ਼ਾਮੀ ਦਾ ਦੋਸ਼ ਲਾਇਆ ਗਿਆ। ਹਮਸ ਵੱਲੋਂ ਜਾਰੀ ਇੱਕ ਹੋਰ ਵੀਡੀਓ ਅੰਦਰ ਇੱਕ ਹੋਰ ਬੰਧਕ ਔਰਤ ਇਜ਼ਰਾਇਲੀ ਹਾਕਮਾਂ ਉੱਤੇ ਆਪਣੀ ਸੁਰੱਖਿਆ ਨਾਕਾਮੀ ਦੀ ਸਜ਼ਾ ਆਮ ਲੋਕਾਂ ਗਲ ਪਾਉਣ ਦੀ ਗੱਲ ਕਰ ਰਹੀ ਹੈ ਅਤੇ ਹਾਕਮਾਂ ਨੂੰ ਫਲਸਤੀਨੀ ਕੈਦੀਆਂ ਨੂੰ ਰਿਹਾ ਕਰਕੇ ਬੰਧਕਾਂ ਨੂੰ ਛਡਾਉਣ ਲਈ ਕਹਿ ਰਹੀ ਹੈ। 

ਪਰ ਨਾ ਸਿਰਫ ਫਲਸਤੀਨੀ ਵਸੋਂ, ਸਗੋਂ ਇਜ਼ਰਾਇਲੀ ਲੋਕਾਂ ਦੀ ਸੁਰੱਖਿਆ ਨੂੰ ਵੀ ਦਰਕਿਨਾਰ ਕਰਦਿਆਂ ਨੇਤਨਯਾਹੂ ਹਕੂਮਤ ਨੇ ਹਮਲਾ ਤੇਜ਼ ਕਰਨ ਦਾ ਰਾਹ ਫੜਿਆ ਹੈ। ਇਸ ਤੇਜ਼ੀ ਅੰਦਰ ਬਹੁਗਿਣਤੀ ਔਰਤਾਂ ਅਤੇ ਬੱਚਿਆਂ ਦੀ ਰਿਹਾਇਸ਼ਗਾਹ ਬਣੇ ਸ਼ਰਨਾਰਥੀ ਕੈਂਪਾਂ ਨੂੰ ਮਲੀਆਮੇਟ ਕਰਨਾ ਵੀ ਸ਼ਾਮਲ ਹੈ। ਇਜ਼ਰਾਇਲ ਵੱਲੋਂ ਜ਼ਮੀਨੀ ਹਮਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਮਲੇ ਰਾਹੀਂ ਉਸਦੀਆਂ ਗਾਜ਼ਾ ਪੱਟੀ ਹੇਠ ਬਣੇ ਸੁਰੰਗਾਂ ਦੇ ਵਿਸ਼ਾਲ ਤਾਣੇ-ਬਾਣੇ ਨੂੰ ਤਬਾਹ ਕਰਨ ਦੀਆਂ ਵਿਉਤਾਂ ਹਨ। ਪਰ ਇਹ ਖਤਰਨਾਕ ਹਮਲਾ ਕਰਦੇ ਹੋਏ ਵੀ ਇਜ਼ਰਾਇਲ ਇਹ ਜਾਣਦਾ ਹੈ ਕਿ ਹਮਲੇ ਦਾ ਕੋਈ ਵੀ ਸਿੱਟਾ ਨਿੱਕਲੇ, ਉਸਦੀ ਹਾਰ ਨਿਸ਼ਚਤ ਹੈ। ਜੇਕਰ ਉਹ ਗਾਜ਼ਾ ਉੱਤੇ ਮੁਕੰਮਲ ਕਬਜ਼ਾ ਵੀ ਕਰ ਲੈਂਦਾ ਹੈ, ਜਿਵੇਂ ਕਿ ਉਸਨੇ 1967 ਦੀ ਜੰਗ ਵੇਲੇ ਕੀਤਾ ਸੀ, ਤਾਂ ਵੀ ਉਸ ਲਈ ਹਾਲਤ ਬੇਹੱਦ ਕਸੂਤੀ ਹੈ। ਫਲਸਤੀਨੀ ਲੋਕਾਂ ਨੂੰ ਕੰਟਰੋਲ ਕਰਨ ਲਈ ਬਾਗੀ ਗਾਜ਼ਾ ਪੱਟੀ ਅੰਦਰ ਫੌਜੀ ਬਲਾਂ ਦੀ ਨਿਰੰਤਰ ਵੱਡੀ ਤਾਇਨਾਤੀ ਕਰੀ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ। ਅਜਿਹੇ ਕਬਜ਼ੇ ਤੋਂ ਉਸ ਨੂੰ ਪਹਿਲਾਂ ਵੀ ਆਪ ਹੀ ਪਿੱਛੇ ਹਟਣਾ ਪਿਆ ਹੈ। ਦੂਜੇ ਪਾਸੇ ਫਲਸਤੀਨੀ ਲੋਕ ਇਸ ਬੇਕਿਰਕ ਹਮਲੇ ਵਿੱਚ ਆਪਣੀਆਂ ਸਭ ਤੋਂ ਪਿਆਰੀਆਂ ਸ਼ੈਆਂ ਗਵਾਉਦੇ ਹੋਏ, ਹੋਰ ਨਫ਼ਰਤ ਨਾਲ ਭਰ ਰਹੇ ਹਨ। ਇਜ਼ਰਾਇਲੀ ਨੂੰ ਭਾਜੀ ਮੋੜਨ ਗਏ ਹਮਸ ਦੇ ਲੜਾਕੇ ਇਹਨਾਂ ਲੋਕਾਂ ਦੇ ਯੋਧੇ ਹਨ। ਖਿੰਡੇ ਮਲਬੇ ਹੇਠਾਂ ਫਲਸਤੀਨੀ ਕੌਮ ਦੀ ਨਾਬਰੀ ਸਲਾਮਤ ਹੈ। ਇਹ ਨਾਬਰੀ ਇਜ਼ਰਾਇਲੀ ਜੰਗਬਾਜਾਂ ਤੇ ਉਹਨਾਂ ਦੇ ਕਪਟੀ ਸੰਗੀਆਂ ਨੂੰ ਕੰਬਣੀਆਂ ਛੇੜ ਰਹੀ ਹੈ ਅਤੇ ਛੇੜਦੀ ਰਹੇਗੀ।      

   ਇਜ਼ਰਾਇਲੀ ਜੁਲਮ ਦਾ ਚਿੰਨ੍ਹ ਬਣੀ ਹੋਈ ਕੰਧ

ਜਿਵੇਂ ਇਜ਼ਰਾਇਲ ਨੇ ਗਾਜ਼ਾ ਪੱਟੀ ਦੁਆਲੇ ਮੁਕੰਮਲ ਵਾੜ ਕੀਤੀ ਹੋਈ ਹੈ, ਉਵੇਂ ਪੱਛਮੀ ਕੰਢੇ ਦੇ ਦੁਆਲੇ ਅਤੇ ਇਸਦੇ ਅੰਦਰ ਵੀ ਕਈ ਥਾਂੲੀਂ 10 ਤੋਂ 12 ਫੁੱਟ ਉੱਚੀ ਕੰਧ ਉਸਾਰੀ ਗਈ ਹੈ। ਇਸ ਕੰਧ ਦਾ ਮਕਸਦ ਇਜ਼ਰਾਇਲੀ ਵਸੋਂ ਦਾ ਫਲਸਤੀਨੀ ਵਸੋਂ ਦੇ ਰੋਹ ਤੋਂ ਬਚਾਅ ਕਰਨਾ ਦੱਸਿਆ ਗਿਆ ਹੈ। ਫਲਸਤੀਨੀਆਂ ਲਈ ਇਹ ਕੰਧ ਨਸਲੀ ਭੇਦਭਾਵ, ਉਹਨਾਂ ਦੀ ਆਪਣੀ ਜ਼ਮੀਨ ਤੋਂ ਬੇਦਖਲੀ ਅਤੇ ਇਜ਼ਰਾਇਲੀ ਫਾਸ਼ੀਵਾਦੀਆਂ ਦੇ ਧੱਕੜਪੁਣੇ ਦਾ ਚਿੰਨ੍ਹ ਹੈ। ਫਲਸਤੀਨੀਆਂ ਦਾ ਨਫ਼ਰਤ ਦਾ ਪਾਤਰ ਇਹ ਕੰਧ ਫਲਸਤੀਨੀਆਂ ਵਾਲੇ ਪਾਸੇ ਤੋਂ ਬਗਾਵਤੀ ਸੁਰਾਂ, ਨਾਅਰਿਆਂ ਤੇ ਤਸਵੀਰਾਂ ਨਾਲ ਭਰੀ ਹੋਈ ਹੈ। ਇਹਨਾਂ ਵਿੱਚੋਂ ਇੱਕ ਤਸਵੀਰ ਅੰਦਰ ਇੱਕ ਇਜ਼ਰਾਇਲੀ ਫੌਜੀ ਬਾਹਾਂ ਉਤਾਂਹ ਕਰੀ ਖੜ੍ਹਾ ਹੈ ਅਤੇ ਇੱਕ ਨਿੱਕਾ ਫਲਸਤੀਨੀ ਬੱਚਾ ਉਸਦੀ ਤਲਾਸ਼ੀ ਲੈ ਰਿਹਾ ਹੈ। 


ਨਾਜੀਆ ਦੇ ਵਾਰਿਸ ਇਜ਼ਰਾਇਲੀ ਹਾਕਮ

ਇਜ਼ਰਾਇਲ ਨੇ ਇਹ ਹਮਲਾ ਸਿਰਫ ਬੰਬ ਵਰ੍ਹਾ ਕੇ ਹੀ ਨਹੀਂ ਕੀਤਾ, ਸਗੋਂ ਫਲਸਤੀਨੀਆਂ ਨੂੰ ਪਾਣੀ, ਭੋਜਨ, ਦਵਾਈਆਂ ਅਤੇ ਹੋਰ ਸਾਜ਼ੋ ਸਮਾਨ ਦਾ ਸਪਲਾਈ ਰੋਕ ਕੇ ਵੀ ਕੀਤਾ ਹੈ। ਗਾਜ਼ਾ ਪੱਟੀ ਸਾਰੇ ਪਾਸਿਉ ਦੀਵਾਰ ਨਾਲ ਘਿਰੀ ਹੋਣ ਕਰਕੇ ਇਹ ਪੂਰੀ ਦੁਨੀਆ ਤੋਂ ਕੱਟੀ ਹੋਈ ਹੈ। ਸਾਰੇ ਤਾਜ਼ੇ ਪਾਣੀ ਦੇ ਸਰੋਤਾਂ, ਵੱਡੀਆਂ ਸੜਕਾਂ ਅਤੇ ਮਹੱਤਵਪੂਰਨ ਥਾਂਵਾਂ ਵੱਲ ਜਾਂਦੇ ਲਾਂਘਿਆਂ ਉੱਤੇ ਇਜ਼ਰਾਇਲ ਦਾ ਕਬਜ਼ਾ ਹੈ। ਇਸ ਕਰਕੇ ਏਥੋਂ ਦੇ ਵਸਨੀਕ ਪਾਣੀ, ਭੋਜਨ, ਇਮਾਰਤੀ ਸਾਜ਼ੋ ਸਮਾਨ ਤੇ ਹੋਰ ਹਰ ਪ੍ਰਕਾਰ ਦੀਆਂ ਚੀਜ਼ਾਂ ਲਈ ਇਜ਼ਰਾਇਲ ਵੱਲ ਖੁੱਲ੍ਹਦੇ ਇੱਕੋ ਇੱਕ ਲਾਂਘੇ ’ਤੇ ਨਿਰਭਰ ਹਨ। ਇਹ ਹੋਰ ਲਾਂਘਾ ਜੋ ਮਿਸਰ ਨਾਲ ਵਪਾਰ ਲਈ ਵਰਤਿਆ ਜਾਂਦਾ ਹੈ, ਮੁਕੰਮਲ ਤੌਰ ’ਤੇ ਇਜ਼ਰਾਇਲ ਦੇ ਕੰਟਰੋਲ ਹੇਠ ਹੈ ਅਤੇ ਅਕਸਰ ਬੰਦ ਰਹਿੰਦਾ ਹੈ। ਹੁਣ ਇਸ ਜੰਗ ਦੌਰਾਨ ਇਜ਼ਰਾਇਲ ਨੇ ਗਾਜ਼ਾ ਪੱਟੀ ਲਈ ਭੋਜਨ, ਬਿਜਲੀ, ਪਾਣੀ, ਬਾਲਣ ਅਤੇ ਹੋਰ ਸਮਾਨ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਬਿਜਲੀ ਦੀ ਘਾਟ ਕਾਰਨ ਹਸਪਤਾਲਾਂ ਅੰਦਰ ਮਰੀਜ਼ ਮਰ ਰਹੇ ਹਨ। ਭੋਜਨ ਅਤੇ ਪਾਣੀ ਦਾ ਸੰਕਟ ਵੱਡੀ ਤ੍ਰਾਸਦੀ ਬਣ ਚੁੱਕਿਆ ਹੈ। ਗਾਜ਼ਾ ਪੱਟੀ ਜਿੱਥੇ ਭੋਂ ਦੇ ਛੋਟੇ ਜਿਹੇ ਟੋਟੇ ਵਿੱਚ ਫਲਸਤੀਨੀਆਂ ਦੀ ਬਹੁਤ ਸੰਘਣੀ ਵਸੋਂ ਧੱਕੀ ਹੋਈ ਹੈ, ਪਾਣੀ ਦੀ ਘਾਟ ਕਾਰਨ ਮਹਾਂਮਾਰੀਆਂ ਤੇ ਬਿਮਾਰੀਆਂ ਕਾਰਨ ਭਿਅੰਕਰ ਤਬਾਹੀ ਦੇ ਕੰਢੇ ’ਤੇ ਹੈ, ਕਿਉਕਿ ਪਾਣੀ ਦੀ ਘਾਟ ਸਫਾਈ ਪੱਖੋਂ ਬੇਹੱਦ ਮਾੜੀ ਹਾਲਤ ਪੈਦਾ ਕਰ ਰਹੀ ਹੈ। ਦੂਜੇ ਪਾਸੇ ਮਿਸਰ ਵਾਲੇ ਪਾਸੇ ਰਸਦ ਅਤੇ ਹੋਰ ਜ਼ਰੂਰੀ ਸਹਾਇਤਾ ਸਮੱਗਰੀ ਨਾਲ ਭਰੇ ਟਰੱਕਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜਿਸਨੂੰ ਇਜ਼ਰਾਇਲ ਗਾਜ਼ਾ ਪੱਟੀ ਵਿੱਚ ਦਾਖਲ ਨਹੀਂ ਹੋਣ ਦੇ ਰਿਹਾ। ਆਮ ਹਾਲਤਾਂ ਵਿੱਚ ਰੋਜ਼ਾਨਾ ਰਸਦ ਅਤੇ ਹੋਰ ਵਸਤਾਂ ਦੇ 500 ਤੋਂ ਵਧੇਰੇ ਟਰੱਕ ਗਾਜ਼ਾ ਵਾਸੀਆਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਸਨ। ਪਰ ਹੁਣ ਜੰਗ ਦੌਰਾਨ ਦੇ ਸਾਰੇ ਦਿਨਾਂ ਵਿੱਚ ਕੁੱਲ ਮਿਲਾ ਕੇ 100 ਟਰੱਕ ਗਾਜ਼ਾ ਪੱਟੀ ਅੰਦਰ ਪਹੁੰਚਣ ਨਹੀਂ ਦਿੱਤੇ ਗਏ। ਇਜ਼ਰਾਇਲ ਦੇ ਇਸ ਵੱਡੇ ਗੁਨਾਹ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਅਤੇ ਹੋਰ ਅਨੇਕਾਂ ਦੇਸ਼ਾਂ ਵੱਲੋਂ ਜੰਗਬੰਦੀ ਅਤੇ ਗਾਜ਼ਾ ਅੰਦਰ ਫੌਰੀ ਰਸਦ ਪਹੁੰਚਾਏ ਜਾਣ ਉੱਤੇ ਜੋਰ ਪਾਇਆ ਹੈ। ਪਰ ਇਜ਼ਰਾਇਲ ਇਹਨਾਂ ਸੱਦਿਆਂ ਨੂੰ ਟਿੱਚ ਜਾਣ ਰਿਹਾ ਹੈ। ਹਮਸ ਨੂੰ ਇਜ਼ਰਾਇਲ ਅੰਦਰ ਜੰਗੀ ਅਪਰਾਧਾਂ ਦਾ ਦੋਸ਼ੀ ਠਹਿਰਾਉਣ ਵਾਲੀ ਇਜ਼ਰਾਇਲੀ ਹਕੂਮਤ ਸਿਰੇ ਦੇ ਵਹਿਸ਼ੀ ਜੰਗੀ ਅਪਰਾਧਾਂ ਦਾ ਕਲੰਕ ਖੱਟ ਰਹੀ ਹੈ। ਬੱਚਿਆਂ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਭੁੱਖੇ ਪਿਆਸੇ ਅਤੇ ਇਲਾਜ ਖੁਣੋਂ ਮਾਰ ਕੇ ਆਪਣੇ ਆਪ ਨੂੰ ਨਾਜ਼ੀਆਂ ਦੀ  ਵਾਰਸ ਸਿੱਧ ਕਰ ਰਹੀ ਹੈ।      

No comments:

Post a Comment