ਫਲਸਤੀਨੀ ਲੋਕਾਂ ਦੀ ਵਧਦੀ ਹਮਾਇਤ
ਇਜ਼ਰਾਇਲ ਤੇ ਅਮਰੀਕੀ ਸਾਮਰਾਜੀਏ ਨਿਖੇੜੇ ’ਚ
ਫਲਸਤੀਨੀ ਕੌਮੀ ਟਾਕਰੇ ਨੂੰ ਪ੍ਰਣਾਈ ਹਮਾਸ ਵੱਲੋਂ ਇਜ਼ਰਾਈਲ ਅੰਦਰ ਜਾ ਕੇ ਕੀਤਾ ਗਿਆ ਇਹ ਹਮਲਾ ਕਿਸੇ ਅਮਨ ਨੂੰ ਭੰਗ ਕਰਨ ਦੀ ਕਾਰਵਾਈ ਨਹੀਂ ਹੈ, ਜਿਵੇਂ ਕਿ ਅਮਰੀਕੀ ਸਾਮਰਾਜੀਆਂ ਦੇ ਪ੍ਰਚਾਰ ਸਾਧਨ ਇਸਨੂੰ ਦੁਨੀਆ ਭਰ ’ਚ ਪ੍ਰਚਾਰ ਰਹੇ ਹਨ ਇਹ ਹਮਲਾ ਦਹਾਕਿਆਂ ਤੋਂ ਇਜ਼ਰਾਈਲੀ ਜ਼ਿਓਨਵਾਦੀ ਰਾਜ ਵੱਲੋਂ ਫਲਸਤੀਨੀ ਲੋਕਾਂ ’ਤੇ ਢਾਹੇ ਜਾ ਰਹੇ ਜਬਰ ਤੇ ਉਜਾੜੇ ਦੀ ਪੀੜ ਦਾ ਹੀ ਮੋੜਵਾਂ ਪ੍ਰਤੀਕਰਮ ਹੈ। ਇਹ ਹਮਲਾ ਫਲਸਤੀਨੀ ਲੋਕਾਂ ਵੱਲੋਂ ਆਪਣੀ ਮਾਤ ਭੂਮੀ ’ਤੇ ਹੱਕ ਜਤਾਉਣ ਲਈ ਲੜੀ ਜਾ ਰਹੀ ਕੌਮੀ ਜਦੋਜਹਿਦ ਦੇ ਬਹੁਤ ਸਾਰੇ ਕਦਮਾਂ ਦਾ ਹੀ ਅੰਗ ਹੈ। ਇਹ ਨਾ ਸਿਰਫ਼ ਆਮ ਰੂਪ ’ਚ ਇਜ਼ਰਾਈਲੀ ਜਬਰ ਦੇ ਟਾਕਰੇ ਦੇ ਜਵਾਬ ਵਜੋਂ ਆਇਆ ਹੈ, ਸਗੋਂ ਪਿਛਲੇ ਕੁਝ ਸਮੇਂ ਤੋਂ ਵਿਸ਼ੇਸ਼ ਕਰਕੇ ਤੇਜ਼ ਹੋਏ ਇਜ਼ਰਾਈਲੀ ਜਾਬਰ ਕਦਮਾਂ ਦੇ ਜਵਾਬ ਵਜੋਂ ਆਇਆ ਹੈ। ਨੇਤਨਯਾਹੂ ਵੱਲੋਂ ਪਿਛਲੇ ਸਾਲ ਤੋਂ ਮੁੜ ਸੱਤਾ ਸੰਭਾਲਣ ਵੇਲੇ ਤੋਂ ਹੀ ਗਾਜ਼ਾ ਪੱਟੀ ਦੀ ਘੇਰਾਬੰਦੀ ਹੋਰ ਸਖਤ ਕਰਨ ਤੇ ਫਲਸਤੀਨੀ ਲੋਕਾਂ ਦਾ ਦਮ ਹੋਰ ਜ਼ਿਆਦਾ ਘੁੱਟਣ ਦੇ ਕਦਮ ਆ ਰਹੇ ਸਨ। ਇਹ ਸਮੇਂ ਦਾ ਹੀ ਮਸਲਾ ਸੀ ਕਿ ਮੋੜਵਾਂ ਫਲਸਤੀਨੀ ਰੋਹ ਫੁਟਾਰਾ ਕਦੋਂ ਹੋਵੇਗਾ, ਪਰ ਇਹ ਤੈਅ ਸੀ ਕਿ ਦਰੜੇ-ਕੁਚਲੇ ਜਾ ਰਹੇ ਫਲਸਤੀਨੀ ਲੋਕ ਮੁੜ ਆਪਣਾ ਰੋਹ ਪ੍ਰਗਟਾਉਣਗੇ। ਪਿਛਲੇ ਸਾਲ ਇਜ਼ਰਾਇਲ ’ਚ ਨੇਤਨਯਾਹੂ ਵੱਲੋਂ ਅਤਿ ਪਿਛਾਖੜੀ ਪਾਰਟੀਆਂ ਦੀ ਹਮਾਇਤ ਨਾਲ ਮੁੜ ਸੱਤਾ ਸੰਭਾਲੀ ਗਈ ਹੈ ਤੇ ਘੋਰ ਸੱਜੇ ਪੱਖੀ ਤੱਤਾਂ ’ਚੋਂ ਨਵੇਂ ਮੰਤਰੀ ਸਜਾਏ ਗਏ ਹਨ ਜਿੰਨ੍ਹਾਂ ਨੇ ਆਉਂਦਿਆਂ ਹੀ ਇਜ਼ਰਾਈਲੀ ਰਾਜ ਦੀ ਤੁਰੀ ਆਉਂਦੀ ਜਾਬਰ ਨੀਤੀ ਨੂੰ ਹੋਰ ਵਧੇਰੇ ਚੱਕਵੇਂ ਢੰਗ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ’ਚੋਂ ਇੱਕ ਚੱਕਵੇਂ ਜ਼ਿਓਨਵਾਦੀ ਮੰਤਰੀ ਸਮਾਟਰਿਚ ਨੇ ਐਲਾਨ ਕੀਤਾ ਕਿ ਏਥੇ ਫਲਸਤੀਨੀਆਂ ਵਰਗਾ ਕੁਝ ਨਹੀਂ ਹੈ। ਇਹਨਾਂ ਨੇ ਅਲ-ਅਕਸਾ ਮਸਜਿਦ ’ਚ ਮੁਸਲਿਮ ਨਮਾਜੀਆਂ ਲਈ ਰਾਖਵੀਂ ਜਗ੍ਹਾ ਤਬਦੀਲ ਕਰਨ ਦੇ ਮਨਸੂਬੇ ਵੀ ਜਾਹਰ ਕੀਤੇ ਤੇ ਅਪ੍ਰੈਲ ’ਚ ਇਜ਼ਰਾਈਲੀ ਪੁਲਿਸ ਨੇ ਮਸਜਿਦ ’ਚ ਵੜ ਕੇ ਰਬੜ ਦੀਆਂ ਗੋਲੀਆਂ ਦਾਗੀਆਂ ਤੇ ਗਰਨੇਡ ਸੁੱਟੇ। ਮਸਜਿਦ ’ਚੋਂ 350 ਨਮਾਜੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਲਈ ਹਮਾਸ ਵਾਲਿਆਂ ਨੇ ਇਸ ਹਮਲੇ ਨੂੰ ਵੀ ਅਲ-ਅਕਸਾ ਨਾਂ ਹੀ ਦਿੱਤਾ ਸੀ ਇਸਤੋਂ ਬਿਨਾਂ ਪੱਛਮੀ ਕਿਨਾਰੇ ’ਤੇ ਯਹੂਦੀ ਬਸਤੀਆਂ ਵਸਾਉਣ ਦਾ ਅਮਲ ਤੇਜ਼ ਕੀਤਾ ਗਿਆ। ਇਹ ਤੇਜ਼ ਕੀਤਾ ਅਮਲ ਕਬਜ਼ੇ ਅਧੀਨ ਇਲਾਕੇ ’ਤੇ ਪਕੜ ਹੋਰ ਮਜ਼ਬੂਤ ਕਰਨਾ ਤੇ ਵਸਾਈ ਗਈ ਗਿਣਤੀ ਨੂੰ ਦੁੱਗਣਾ ਕਰਨ ਦੇ ਮਨਸ਼ਿਆਂ ਦਾ ਪ੍ਰਗਟਾਵਾ ਸੀ। ਇਸ ਸਾਰੇ ਅਰਸੇ ’ਚ ਵਸਾਈਆਂ ਇਜ਼ਰਾਇਲੀ ਬਸਤੀਆਂ ਵੱਲੋਂ ਫਲਸਤੀਨੀਆਂ ਖਿਲਾਫ਼ ਹਿੰਸਕ ਜਬਰ ਤੇਜ਼ ਹੋਇਆ ਤੇ ਵੱਡੀ ਗਿਣਤੀ ’ਚ ਹਮਲੇ ਹੋਏ। ਲੰਘੀ ਜੂਨ ਦੇ ਮਹੀਨੇ ’ਚ ਵੀ ਜ਼ਿਓਨਵਾਦੀ ਤਾਕਤਾਂ ਵੱਲੋਂ ਫਲਸਤੀਨੀਆਂ ’ਤੇ 310 ਹਮਲੇ ਕੀਤੇ ਗਏ ਜਿੰਨ੍ਹਾਂ ’ਚ ਕਈ ਘਰ ਫੂਕ ਦਿੱਤੇ ਗਏ ਸਨ ਅਤੇ ਇੱਕ ਮਸਜਿਦ ਤੇ ਸਕੂਲ ਵੀ ਤਬਾਹ ਕਰ ਦਿੱਤੇ ਗਏ ਸਨ। ਫਲਸਤੀਨੀਆਂ ਦੇ ਰਫਿਊਜੀ ਕੈਂਪਾਂ ’ਤੇ ਵੀ ਡਰੋਨ ਹਮਲੇ ਕੀਤੇ ਗਏ ਸਨ। ਜੁਲਾਈ ਮਹੀਨੇ ’ਚ ਵੀ 10 ਫਲਸਤੀਨੀ ਕਤਲ ਕੀਤੇ ਗਏ ਸਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਪੱਛਮੀ ਕਿਨਾਰੇ ’ਤੇ ਬਸਤੀਆਂ ਵਸਾਉਣ ਨਾਲ ਸੰਬੰਧਿਤ ਹਮਲਿਆਂ ’ਚ ਪਹਿਲੇ 6 ਮਹੀਨਿਆਂ ਦੌਰਾਨ ਹੀ 200 ਫਲਸਤੀਨੀ ਕਤਲ ਕੀਤੇ ਗਏ ਸਨ। ਇਹ ਉਹ ਤਾਜ਼ਾ ਪਿਛੋਕੜ ਸੀ ਜਿਸ ਦਰਮਿਆਨ ਹਮਾਸ ਵੱਲੋਂ ਇਹ ਹਮਲਾ ਕੀਤਾ ਗਿਆ ਸੀ।
ਹਮਾਸ ਵੱਲੋਂ ਕੀਤੇ ਗਏ ਇਸ ਹਮਲੇ ਦੇ ਪੈਣ ਵਾਲੇ ਅਸਰਾਂ ਦੇ ਦੋਨੋਂ ਪੱਖ ਹਨ। ਇਸ ਦਾ ਮੁੱਖ ਪੱਖ ਤਾਂ ਇਹ ਹੈ ਕਿ ਇਸ ਹਮਲੇ ਨੇ ਫਲਸਤੀਨੀ ਟਾਕਰਾ ਸ਼ਕਤੀ ਦੀ ਵਧੀ ਹੋਈ ਸਮਰੱਥਾ ਦਾ ਮੁਜ਼ਾਹਰਾ ਕੀਤਾ ਹੈ। ਇਸਨੇ ਇਜ਼ਰਾਈਲ ਦੇ ਅਜੇਤੂ ਹੋਣ ਦੇ ਬਣਾਏ ਜਾਂਦੇ ਪ੍ਰਭਾਵ ਨੂੰ ਵੱਡੀ ਸੱਟ ਮਾਰੀ ਹੈ। ਸਿਰੇ ਦੇ ਅਧੁਨਿਕ ਜਸੂਸੀ ਯੰਤਰਾਂ ਨਾਲ ਲੈਸ ਇਜ਼ਰਾਈਲੀ ਰਾਜ ਨੂੰ ਬਹੁਤ ਜਬਰਦਸਤ ਝਟਕਾ ਦਿੱਤਾ ਹੈ ਤੇ ਉਸਦੀ ਤਕਨੀਕੀ ਸਮਰੱਥਾ ਦੀ ਉਤਮਤਾ ਦੇ ਹੰਕਾਰ ਨੂੰ ਇੱਕ ਵਾਰ ਰੋਲਣ ਵਰਗੀ ਹਾਲਤ ਬਣਾ ਦਿੱਤੀ ਹੈ। ਇਸ ਹਮਲੇ ਰਾਹੀਂ ਫਲਸਤੀਨੀ ਟਾਕਰਾ ਸ਼ਕਤੀਆਂ ਨੇ ਆਪਣੇ ਕਾਇਮ ਰਹਿ ਰਹੇ ਦਮ-ਖਮ ਨੂੰ ਦਰਸਾਇਆ ਹੈ ਕਿ ਲਗਾਤਾਰ ਇਜ਼ਰਾਈਲੀ ਘੇਰਾਬੰਦੀ ਤੇ ਜਬਰ ਉਹਨਾਂ ਦਾ ਲੱਕ ਨਹੀਂ ਤੋੜ ਸਕਿਆ ਹੈ ਤੇ ਨਾ ਹੀ ਮਾਤ ਭੂਮੀ ਦੀ ਰੱਖਿਆ ਲਈ ਟਾਕਰੇ ਦੀ ਭਾਵਨਾ ਕਿਸੇ ਪੱਖੋਂ ਮੱਧਮ ਪਈ ਹੈ, ਸਗੋਂ ਇਹ ਹੋਰ ਪ੍ਰਚੰਡ ਹੋ ਰਹੀ ਹੈ। ਹੈ। ਇਸ ਹਮਲੇ ਨੇ ਇਜ਼ਰਾਇਲ ਤੇ ਅਮਰੀਕੀ ਸਾਮਰਾਜ ਖ਼ਿਲਾਫ਼ ਟਾਕਰੇ ਦੇ ਰਾਹ ਪਈਆਂ ਹੋਈਆਂ ਤੇ ਕੌਮੀ ਮੁਕਤੀ ਲਈ ਜੂਝ ਰਹੀਆਂ ਸ਼ਕਤੀਆਂ ਨੂੰ ਹੌਂਸਲਾ ਦਿੱਤਾ ਹੈ ਤੇ ਜੂਝਣ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਇਉ ਇਸਦਾ ਅਸਰ ਫਲਸਤੀਨੀ ਟਾਕਰੇ ਤੋਂ ਵੀ ਅੱਗੇ ਤੱਕ ਦਾ ਹੈ। ਪਰ ਇਸ ਹਮਲੇ ’ਚ ਆਮ ਇਜ਼ਰਾਈਲੀ ਨਾਗਰਿਕਾਂ ਦੀਆਂ ਜਾਨਾਂ ਦਾ ਜਾਣਾ ਅਫਸੋਸਨਾਕ ਤਾਂ ਹੈ ਈ, ਸਗੋਂ ਅਜਿਹਾ ਵਾਪਰਨਾ ਫਲਸਤੀਨੀ ਲੋਕਾਂ ਦੇ ਸੰਘਰਸ਼ ਦੀ ਵਾਜਬੀਅਤ ਤੇ ਹਮਾਇਤ ਨੂੰ ਨਾਂਹ-ਪੱਖੀ ਰੁਖ਼ ਤੋਂ ਅਸਰਦਾਇਕ ਕਰਨ ਵਾਲਾ ਪਹਿਲੂ ਵੀ ਬਣਦਾ ਹੈ ਜਿਸਦੀ ਵਰਤੋਂ ਇਜ਼ਰਾਈਲੀ ਹਕੂਮਤ ਵੱਲੋਂ ਵੀ ਕੀਤੀ ਜਾ ਰਹੀ ਹੈ। ਇਜ਼ਰਾਇਲ ਦੀ ਨੇਤਨਯਾਹੂ ਹਕੂਮਤ ਮੁਲਕ ਅੰਦਰ ਪਿਛਲੇ ਅਰਸੇ ਤੋਂ ਤਿੱਖੇ ਨਿਖੇੜੇ ਦਾ ਸਾਹਮਣਾ ਕਰ ਰਹੀ ਸੀ ਤੇ ਪਿਛਲੇ ਸਾਰੇ ਸਮੇਂ ’ਚ ਇਜ਼ਰਾਇਲ ਅੰਦਰ ਆਮ ਕਰਕੇ ਹੀ ਹਾਕਮ ਜਮਾਤਾਂ ਤੇ ਲੋਕਾਂ ਦਾ ਟਕਰਾਅ ਕਾਫੀ ਤਿੱਖਾ ਹੋਇਆ ਹੈ। ਆਰਥਿਕ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਹੋਏ ਹਨ ਤੇ ਮੁਲਕ ਦੀ ਸੁਪਰੀਮ ਕੋਰਟ ਦੀਆਂ ਤਾਕਤਾਂ ਹਕੂਮਤੀ ਹੱਥਾਂ ’ਚ ਕੇਂਦਰਤ ਕਰਨ ਵਾਲੀਆਂ ਸੰਵਿਧਾਨਕ ਤਬਦੀਲੀਆਂ ਖਿਲਾਫ਼ ਵੱਡੇ ਜਨਤਕ ਮੁਜ਼ਾਹਰੇ ਹੋਏ ਹਨ ਤੇ ਹਾਕਮ ਜਮਾਤਾਂ ਲੋਕਾਂ ਅੰਦਰੋਂ ਸਿਆਸੀ ਅਧਾਰ ਨੂੰ ਖੋਰੇ ਦਾ ਸਾਹਮਣਾ ਕਰ ਰਹੀਆਂ ਸਨ। । ਚਾਹੇ ਲੋਕਾਂ ਦੇ ਹਾਕਮ ਜਮਾਤਾਂ ਨਾਲ ਟਕਰਾਅ ’ਚ ਅਜੇ ਫਲਸਤੀਨੀ ਲੋਕਾਂ ਦੇ ਹੱਕੀ ਮੰਗ ਦਾ ਕੋਈ ਸਥਾਨ ਨਹੀਂ ਬਣਿਆ ਹੋਇਆ ਹੈ। ਉਹ ਮੁੱਖ ਤੌਰ ’ਤੇ ਆਰਥਿਕ ਸੰਕਟਾਂ ’ਚੋਂ ਉਪਜੀ ਬੇਚੈਨੀ ਦੁਆਲੇ ਪ੍ਰਗਟ ਹੋ ਰਿਹਾ ਹੈ। ਅਜਿਹੀ ਹਾਲਤ ’ਚ ਇਹ ਹਮਲਾ ਇੱਕ ਵਾਰ ਸਰਕਾਰ ਹੱਥ ਆਇਆ ਅਜਿਹਾ ਮੌਕਾ ਹੈ ਜਿਸ ਰਾਹੀਂ ਉਹ ਲੋਕਾਂ ਦਾ ਧਿਆਨ ਅੰਦਰੂਨੀ ਸੰਕਟ ਤੋਂ ਹਟਾ ਕੇ, ਫਲਸਤੀਨੀ ਮਸਲੇ ’ਤੇ ਕੇਂਦਰਿਤ ਕਰਨ ਦਾ ਯਤਨ ਕਰਨਗੇ ਤੇ ਲੋਕਾਂ ਨੂੰ ਹਕਮੂਤ ਪਿੱਛੇ ਲਾਮਬੰਦ ਕਰਨ ਲਈ ਵਰਤਣਗੇ। ਇਉਂ ਫਲਸਤੀਨੀ ਟਾਕਰਾ ਸ਼ਕਤੀਆਂ ਲਈ ਆਪਣੇ ਚੋਟ ਨਿਸ਼ਾਨੇ ਤੈਅ ਕਰਨ ਪੱਖੋਂ ਬਹੁਤ ਹੀ ਸੰਭਲ ਕੇ ਚੱਲਣ ਦੀ ਲੋੜ ਉਭਰਦੀ ਹੈ ਤਾਂ ਕਿ ਆਮ ਇਜ਼ਰਾਇਲੀ ਨਾਗਰਿਕ ਨਿਸ਼ਾਨਾ ਨਾ ਬਣਨ. ਸਗੋਂ ਇਜ਼ਰਾਇਲ ਦੇ ਲੋਕਾਂ ’ਚੋਂ ਵੀ ਫਲਸਤੀਨੀ ਕਾਜ ਦੀ ਹਮਾਇਤ ਹਾਸਲ ਕੀਤੀ ਜਾ ਸਕੇ। ਸਾਮਰਾਜੀ ਤਾਕਤਾਂ ਨੂੰ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ’ਚ ਵੀ ਫਲਸਤੀਨੀ ਟਾਕਰੇ ਬਾਰੇ ਭਰਮ ਪੈਦਾ ਕਰਨ ਦਾ ਮੌਕਾ ਨਾ ਬਣੇ। ਫਲਸਤੀਨ ਅੰਦਰ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਟਾਕਰਾ ਸ਼ਕਤੀਆਂ ਸਰਗਰਮ ਹਨ ਜਿੰਨ੍ਹਾਂ ’ਚੋਂ ਹਮਾਸ ਇਸ ਵੇਲੇ ਸਭ ਤੋਂ ਉੱਭਰਵੀਂ ਹੈ। ਧਾਰਮਿਕ ਪੈਂਤੜੇ ਤੋਂ ਸਰਗਰਮ ਇਹ ਜਥੇਬੰਦੀ ਸਾਮਰਾਜ ਖ਼ਿਲਾਫ਼ ਜੂਝ ਰਹੇ ਦੁਨੀਆਂ ਭਰ ਦੇ ਲੋਕਾਂ ਦੇ ਕੈਂਪ ਦੀਆਂ ਸ਼ਕਤੀਆਂ ’ਚ ਹੀ ਸ਼ੁਮਾਰ ਹੁੰਦੀ ਹੈ। ਆਪਣੇ ਪੈਂਤੜੇ ਦੀਆਂ ਸੀਮਤਾਈਆਂ ਤੇ ਨੁਕਸਾਂ ਦੇ ਬਾਵਜੂਦ ਉਹ ਫਲਸਤੀਨੀ ਲੋਕਾਂ ਦੀ ਟਾਕਰਾ ਸ਼ਕਤੀ ਦੀ ਨੋਕ ਬਣੀ ਹੋਈ ਹੈ। ਤੇ ਏਸੇ ਕਰਕੇ ਉਹ ਅਮਰੀਕੀ ਸਾਮਰਾਜੀਆਂ ਤੇ ਉਸਦੇ ਜੋਟੀਦਾਰਾਂ ਦੇ ਤਿੱਖੇ ਕਹਿਰ ਦਾ ਨਿਸ਼ਾਨਾ ਬਣੀ ਹੋਈ ਹੈ। ਹਮਾਸ ਸਮੇਤ ਫਲਸਤੀਨੀ ਲੋਕਾਂ ਦੀਆਂ ਟਾਕਰਾ ਸ਼ਕਤੀਆਂ ਦੇ ਪੈਤੜਿਆਂ ਦੀ ਅਲੋਚਨਾ ਜਾਂ ਪੜਚੋਲ ਦਾ ਅਧਿਕਾਰ ਸਾਮਰਾਜ ਵਿਰੋਧੀ ਲੋਕਾਂ ਦੇ ਕੈਂਪ ਦੀਆਂ ਸ਼ਕਤੀਆਂ ਨੂੰ ਹੈ ਨਾ ਕਿ ਦੁਸ਼ਮਣ ਸਾਮਰਾਜ ਤਾਕਤਾਂ ਨੂੰ। ਇਹ ਸਾਮਰਾਜੀ ਤਾਕਤਾਂ ਲੋਕਾਂ ਦੇ ਦੁਸ਼ਮਣ ਵਜੋਂ ਕਿਸੇ ਲੋਕ ਸ਼ਕਤੀ ਦੀ ਅਲੋਚਨਾ ਦੀਆਂ ਹੱਕਦਾਰ ਨਹੀਂ ਹਨ। ਉਹ ਖੁਦ ਦੁਨੀਆਂ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਹਨ ਤੇ ਧਰਤੀ ’ਤੇ ਫੈਲੇ ਹਰ ਤਰ੍ਹਾਂ ਦੇ ਜਬਰ ਦਾ ਸੋਮਾ ਹਨ। ਉਹਨਾਂ ਵੱਲੋਂ ਤਾਂ ਹਮਾਸ ਵਰਗੀਆਂ ਜਥੇਬੰਦੀਆਂ ਬਾਰੇ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਜਾਂਦਾ ਹੈ।
ਦਬਾਈਆਂ ਕੌਮਾਂ ਤੇ ਮੁਲਕਾਂ ਅੰਦਰਲੀਆਂ ਟਾਕਰਾ ਲਹਿਰਾਂ ਅੰਦਰ ਦਹਿਸ਼ਤੀ ਢੰਗ ਵਰਤਣ ਦਾ ਰੁਝਾਨ ਚਿਰਾਂ ਤੋਂ ਤੁਰਿਆ ਆ ਰਿਹਾ ਹੈ। ਇਸਦੀ ਵਰਤੋਂ ਨੂੰ ਲੈਕੇ ਲੋਕਾਂ ਦੀਆਂ ਸ਼ਕਤੀਆਂ ਦਰਮਿਆਨ ਬਹਿਸ ਵੀ ਹੁੰਦੀ ਆ ਰਹੀ ਹੈ। ਇਜ਼ਰਾਇਲ ਵਰਗੇ ਭਿਆਨਕ ਜਬਰ ਦਾ ਸਾਹਮਣਾ ਕਰਦੇ ਤੇ ਜੇਲ੍ਹ ਵਰਗੀ ਹਾਲਤ ’ਚ ਜਿਉਦੇ ਲੋਕਾਂ ਦੀਆਂ ਟਾਕਰਾ ਲਹਿਰਾਂ ’ਚ ਇਹਦੇ ਵਾਜਬ ਜਾਪਣ ਲਈ ਜ਼ਿਆਦਾ ਅਧਾਰ ਮੌਜੂਦ ਹੁੰਦਾ ਹੈ। ਇਸ ਟਾਕਰਾ ਹਮਲਿਆਂ ਸਮੇਂ ਬੇਕਸੂਰ ਮਨੁੱਖੀ ਜਾਨਾਂ ਜਾਣ ਤੋਂ ਬਚਣ ਦੀ ਪਹੁੰਚ ਲੈਕੇ ਚੱਲਣ ਜਾਂ ਅਣ-ਮਨੁੱਖੀ ਢੰਗਾਂ ਤੋਂ ਕਿਨਾਰਾ ਕਰਨ ਦੇ ਮਸਲਿਆਂ ’ਤੇ ਸੰਸਾਰ ਦੇ ਲੋਕਾਂ ਨੂੰ ਆਪਣੀ ਰਜ਼ਾ ਤਾਂ ਪ੍ਰਗਟਾਉਣੀ ਚਾਹੀਦੀ ਹੈ ਪਰ ਇਸ ਲਈ ਇਸ ਬੇ-ਮੇਚੇ ਟਾਕਰੇ ਦੀਆਂ ਗੁੰਝਲਦਾਰ ਹਾਲਤਾਂ ਨੂੰ ਗਿਣਤੀ ’ਚ ਰੱਖਦਿਆਂ ਲੋਕਾਂ ਦੇ ਕੈਂਪ ਦੀ ਸ਼ਕਤੀ ਪ੍ਰਤੀ ਅਪਣਾਈ ਜਾਣ ਵਾਲੀ ਪਹੁੰਚ ਨੂੰ ਅਧਾਰ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਸਾਮਰਾਜੀ ਪ੍ਰਚਾਰ ਦੇ ਹੱਲੇ ਦਾ ਅੰਗ ਬਣਕੇ ਅਜਿਹੀਆਂ ਟਾਕਰਾ ਸ਼ਕਤੀਆਂ ਖ਼ਿਲਾਫ਼ ਉਹੋ ਜਿਹਾ ਵਿਰੋਧ ਦਿਖਾਉਣਾ ਚਾਹੀਦਾ ਹੈ ਜਿਵੇਂ ਲੋਕ ਦੁਸ਼ਮਣ ਕੈਂਪ ਦੀਆਂ ਸ਼ਕਤੀਆਂ ਕਰਦੀਆਂ ਹਨ। ਇਹਨਾਂ ਲਹਿਰਾਂ ’ਚ ਇਹੋ ਜਿਹੀਆਂ ਪਹੁੰਚਾਂ ਨੂੰ ਤਿਆਗਣ ਤੇ ਸਹੀ ਚੌਖਟਾ ਅਖਤਿਆਰ ਕਰਨ ਦਾ ਮਸਲਾ ਏਥੇ ਕਮਿ: ਇਨ: ਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਦੇ ਪੈਰ ਜੰਮਣ ਨਾਲ ਵੀ ਜੁੜਿਆ ਹੋਇਆ ਹੈ। ਅਜਿਹੀਆਂ ਲਹਿਰਾਂ ’ਚ ਧਰਮ ਨਿਰਲੇਪ ਤੇ ਜਮਹੂਰੀ ਤਾਕਤਾਂ ਦੀ ਮੌਜੂਦਗੀ ਅਜਿਹੀਆਂ ਤਾਕਤਾਂ ਦੀ ਧਾਰਮਿਕ ਕੱਟੜਤਾ ਨੂੰ ਮੱਧਮ ਪਾਉਣ ਦਾ ਕਾਰਨ ਵੀ ਬਣਦੀ ਹੈ। ਜਿਵੇਂ ਕਈ ਵਾਰ ਹਮਾਸ’ਚ ਧਾਰਮਿਕ ਕੱਟੜਤਾ ਦੇ ਮੱਧਮ ਹੋਣ ਦੇ ਝਲਕਾਰੇ ਦਿਖਦੇ ਰਹੇ ਹਨ। ਕੁੱਲ ਮਿਲਾ ਕੇ, ਇਹ ਲੋਕਾਂ ਦੀ ਟਾਕਰਾ ਲਹਿਰ ਦੀਆਂ ਸੀਮਤਾਈਆਂ ਹਨ ਜਿਹੜੀਆਂ ਪੂਰੇ ਸੰਸਾਰ ਅੰਦਰ ਵਿਸ਼ੇਸ਼ ਕਰਕੇ ਸਾਮਰਾਜੀ ਲੁੱਟ ਤੇ ਜਬਰ ਝੱਲ ਰਹੇ ਮੁਲਕਾਂ ਅੰਦਰ ਇਨਕਲਾਬੀ ਸ਼ਕਤੀਆਂ ਦੇ ਪੈਰ ਜੰਮਣ ਨਾਲ ਹੀ ਨਜਿੱਠੀਆਂ ਜਾਣੀਆਂ ਹਨ।
ਇਜ਼ਰਾਇਲ ਤੇ ਅਮਰੀਕਾ ਦਾ ਮੋੜਵਾਂ ਵਹਿਸ਼ੀ ਹਮਲਾਵਰ ਹੁੰਗਾਰਾ ਇਜ਼ਰਾਇਲੀ ਨਾਗਰਿਕਾਂ ਦੀ ਜਾਨ ਜਾਣ ਦੇ ਰੋਸ ’ਚੋਂ ਨਹੀਂ ਉਪਜਿਆ ਹੋਇਆ, ਸਗੋਂ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ ਜੰਗੀ ਜਨੂੰਨ ਤੇ ਹਮਾਸ ਨੂੰ ਕੁਚਲ ਦੇਣ ਦੇ ਐਲਾਨ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਨੂੰ ਅਜਿਹਾ ਝਟਕਾ ਦੇਣ ਦੀ ਹਿਮਾਕਤ ਕਰਨ ਦੀ ਔਖ ’ਚੋਂ ਨਿੱਕਲ ਰਹੇ ਹਨ। ਮੱਧ ਪੂਰਬ ਅੰਦਰ ਇਜ਼ਰਾਈਲ ਦੀ ਮੌਜੂਦਗੀ ਅਮਰੀਕੀ ਸਾਮਰਾਜੀ ਮਹਾਂ ਸ਼ਕਤੀ ਲਈ ਬਹੁਤ ਮਹੱਤਵਪੂਰਨ ਹੈ ਤੇ ਇਸਦੀ ਇੱਕ ਖੂੰਖਾਰ ਧੱਕੜ ਰਾਜ ਵਜੋਂ ਨੁਮਾਇਸ਼ ਇਸ ਖਿੱਤੇ ਅੰਦਰ ਅਮਰੀਕੀ ਗਿਣਤੀਆਂ/ ਸਕੀਮਾਂ ਨੂੰ ਅੱਗੇ ਵਧਾਉਣ ਲਈ ਬਹੁਤ ਲੋੜ ਹੈ। ਇਸ ਲਈ ਅਮਰੀਕਾ ਨੇ ਇਸਨੂੰ ਆਪਣੇ ’ਤੇ ਹੋਏ ਹਮਲੇ ਵਜੋਂ ਹੀ ਲਿਆ ਹੈ ਤੇ ਏਸੇ ਲਈ ਅਜਿਹਾ ਬੁਖਲਾਹਟ ਭਰਿਆ ਪ੍ਰਤੀਕਰਮ ਦਿੱਤਾ ਹੈ। ਇਜ਼ਰਾਈਲ ਤੋਂ ਵੀ ਮੂਹਰੇ ਹੋ ਕੇ ਮੋੜਵਾਂ ਹਮਲਾ ਕਰਨ ਦੀ ਕਾਹਲ ਦਿਖਾਈ ਹੈ, ਹਰ ਤਰ੍ਹਾਂੰ ਦੀ ਸਹਾਇਤਾ ਤਹਿਤ ਦੋ ਬਿਲੀਅਨ ਡਾਲਰ ਦੇ ਰੱਖਿਆ ਪੈਕੇਜ ਦਾ ਭਰੋਸਾ ਦਿੱਤਾ ਹੈ ਤੇ ਫੌਜੀ ਮਸ਼ੀਨਰੀ ਦੀ ਵੱਡੀ ਖੇਪ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਸਮੇਤ ਰੱਖਿਆ ਮੰਤਰੀ ਨੇ ਵਿਦੇਸ਼ ਮੰਤਰੀ ਨੇ ਇਜ਼ਰਾਇਲ ਦੇ ਗੇੜੇ ਕੱਢੇ ਹਨ ਤੇ ਬਾਇਡਨ ਨੇ ਕਿਹਾ ਹੈ ਕਿ ਮੋੜਵਾਂ ਹਮਲਾ ਕਰਨਾ ਇਜ਼ਰਾਇਲ ਦਾ ਹੱਕ ਨਹੀਂ, ਸਗੋਂ ਡਿਊਟੀ ਹੈ। ਅਜਿਹਾ ਬਿਆਨ ਆਪਣੇ ਆਪ ’ਚ ਹੀ ਅਮਰੀਕੀ ਮਨਸ਼ਿਆਂ ਨੂੰ ਦਰਸਾਉਂਦਾ ਹੈ। ਫਲਸਤੀਨੀ ਲੋਕਾਂ ’ਤੇ ਬੋਲਿਆ ਹੋਇਆ ਸੱਜਰਾ ਖੂੰਖਾਰ ਧਾਵਾ ਇੱਕ ਤਰ੍ਹਾਂ ਅਮਰੀਕੀ ਸੰਚਾਲਨ ਤਹਿਤ ਹੈ। ਇਹ ਅਮਰੀਕੀ ਹਥਿਆਰ ਹੀ ਹਨ ਜਿਹੜੇ ਬੇਗੁਨਾਹ ਫਲਸਤੀਨੀ ਲੋਕਾਂ ਦੇ ਲਹੂ ਦੀ ਹੋਲੀ ਖੇਡਣ ਲਈ ਵਰਤੇ ਜਾ ਰਹੇ ਹਨ।
ਇਜ਼ਰਾਇਲ ’ਤੇ ਹਮਾਸ ਵੱਲੋਂ ਕੀਤੀ ਸਟਰਾਈਕ ਮਗਰੋਂ ਦੇ ਖੂੰਖਾਰ ਇਜ਼ਰਾਇਲੀ ਹਮਲੇ ਦਾ ਸਮੁੱਚਾ ਘਟਨਾਕ੍ਰਮ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਸੰਸਾਰ ਘਟਨਾਵਾਂ ’ਤੇ ਢਿੱਲੀ ਪੈਂਦੀ ਪਕੜ ਦਾ ਸਬੂਤ ਬਣ ਰਿਹਾ ਹੈ। ਸੰਸਾਰ ਘਟਨਾਵਾਂ ਦਾ ਵਹਿਣ ਅਮਰੀਕੀ ਵਿਉਂਤਾਂ ਤੋਂ ਬਾਹਰ ਹੋ ਰਿਹਾ ਹੈ। ਹਮਾਸ ਵਰਗੀਆਂ ਟਾਕਰਾ ਸ਼ਕਤੀਆਂ ਦਾ ਕਾਇਮ ਰਹਿ ਰਿਹਾ ਦਮ-ਖਮ ਤੇ ਅਜਿਹੀ ਹਮਲਾਵਰ ਸਮਰੱਥਾ ਅਮਰੀਕੀ ਸਾਮਰਾਜੀਆਂ ਦੀਆਂ ਲੋੜਾਂ ਅਨੁਸਾਰ ਮੱਧ ਪੂਰਬ ’ਚ ਚਾਹੀਦੀ ‘ਸਥਿਰਤਾ’ ਨਹੀਂ ਰਹਿਣ ਦੇ ਰਹੀ। ਪਹਿਲਾਂ ਵੀ ਲਿਬਨਾਨ ਅਧਾਰਿਤ ਜਥੇਬੰਦੀ ਹਿਜਬੁੱਲਾ ਨੂੰ ਨਹੀਂ ਕੁਚਲਿਆ ਜਾ ਸਕਿਆ। ਹਾਲਤ ਦਾ ਉੱਘੜਦਾ ਪਹਿਲੂ ਇਹ ਵੀ ਹੈ ਕਿ ਹਮਾਸ ਦੇ ਹਮਲੇ ’ਚ ਆਮ ਇਜ਼ਰਾਇਲੀ ਨਾਗਰਿਕਾਂ ਦੀਆਂ ਜਾਨਾਂ ਜਾਣ ਦੇ ਬਾਵਜੂਦ ਵੀ ਸੰਸਾਰ ਭਰ ’ਚ ਫਲਸਤੀਨੀ ਲੋਕਾਂ ਦੀ ਹਮਾਇਤ ’ਚ ਕਮੀ ਨਹੀਂ ਦਿਖੀ, ਸਗੋਂ ਵਿਆਪਕ ਪੱਧਰ ’ਤੇ ਇਹ ਹਮਾਇਤ ਹਾਸਲ ਹੋ ਰਹੀ ਹੈ। ਇੱਥੋਂ ਤੱਕ ਕਿ ਨਿਊਯਾਰਕ ਅੰਦਰ ਸੈਂਕੜੇ ਯਹੂਦੀ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਹਮਲੇ ਦੇ ਵਿਰੋਧ ’ਚ ਇੱਕ ਰੇਲਵੇ ਟਰਮੀਨਲ ਜਾਮ ਕਰ ਦਿੱਤਾ ਤੇ ਉਹਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਪਿਛਲੇ ਤਿੰਨ ਹਫਤਿਆਂ ’ਚ ਅਮਰੀਕਾ ਦੇ ਕਿੰਨੇ ਹੀ ਸ਼ਹਿਰਾਂ ’ਚ ਯਹੂਦੀਆਂ ਵੱਲੋਂ ਵੱਡੇ ਪ੍ਰਦਰਸ਼ਨ ਜਥੇਬੰਦ ਕੀਤੇ ਗਏ ਹਨ, ਜਿੰਨ੍ਹਾਂ ’ਚੋਂ ਸ਼ਿਕਾਗੋ ’ਚ ਹੋਇਆ ਮੁਜ਼ਾਹਰਾ 25000 ਦੇ ਲਗਭਗ ਸ਼ਮੂਲੀਅਤ ਵਾਲਾ ਸੀ। ਇਸ ਤੋਂ ਬਿਨਾਂ ਦੁਨੀਆਂ ਭਰ ’ਚ ਹੋਏ ਪ੍ਰਦਰਸ਼ਨ ਦਰਸਾ ਰਹੇ ਹਨ ਕਿ ਇਜ਼ਰਾਇਲ ਤੇ ਅਮਰੀਕਾ ਖਿਲਾਫ਼ ਵਿਆਪਕ ਲੋਕ ਰੋਹ ਦੀ ਲਹਿਰ ਹੈ। ਅਰਬ ਜਗਤ ਅੰਦਰ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਵਿਰੋਧੀ ਭਾਵਨਾਵਾਂ ਦਾ ਉਭਾਰ ਹੈ ਜਿਸਦਾ ਪ੍ਰਗਟਾਵਾ ਇੱਕ ਪਾਸੇ ਅਰਬ ਜਗਤ ਅੰਦਰ ਵੱਡੇ ਜਨਤਕ ਮੁਜ਼ਾਹਰਿਆਂ ’ਚ ਲੋਕਾਂ ਦੇ ਡੁੱਲ ਡੁੱਲ ਪੈਂਦੇ ਰੋਹ ਦੇ ਰਾਹੀਂ ਹੋ ਰਿਹਾ ਹੈ ਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਅੰਸੈਬਲੀ ’ਚ ਪੇਸ਼ ਮਤੇ ਮੌਕੇ ਵੋਟਿੰੰਗ ਦੌਰਾਨ ਹੋਇਆ ਹੈ। ਜੰਗਬੰਦੀ ਤੇ ਸ਼ਾਂਤੀ ਬਹਾਲੀ ਦੀ ਗੱਲ ਕਰਦੇ ਮਤੇ ਦੇ ਹੱਕ ’ਚ ਇਜ਼ਰਾਇਲ ਅਮਰੀਕਾ ਦੀ ਹਮਾਇਤ ’ਚ ਗਿਣਤੀ ਦੇ ਦੇਸ਼ ਖੜ੍ਹੇ ਹਨ ਜਦ ਕਿ ਮਤੇ ਹੱਕ ’ਚ ਬਹੁਤ ਵੱਡੀ ਗਿਣਤੀ ਭੁਗਤੀ ਹੈ। ਅਰਬ ਮੁਲਕਾਂ ਦੀਆਂ ਅਮਰੀਕਾ ਪਿੱਠੂ ਹਕੂਮਤਾਂ ਨੂੰ ਵੀ ਉਸ ਨਾਲ ਖੜ੍ਹਨ ’ਚ ਦਿੱਕਤ ਮਹਿਸੂਸ ਹੋਈ ਹੈ ਕਿਉਕਿ ਉਹਨਾਂ ਦੇ ਆਪਣੇ ਦੇਸ਼ਾਂ ਅੰਦਰੋਂ ਲੋਕਾਂ ਦੇ ਰੋਹ ਦਾ ਤਿੱਖਾ ਦਬਾਅ ਜ਼ਾਹਰ ਹੋ ਰਿਹਾ ਹੈ। ਇਜ਼ਰਾਇਲ ਅਮਰੀਕਾ ਹਮਲੇ ਨਾਲ ਜੁੜ ਕੇ ਵਾਪਰ ਰਹੇ ਘਟਨਾਕ੍ਰਮ ਦੀ ਇਹ ਸਥਿਤੀ ਸੰਸਾਰ ਅੰਦਰ ਸਾਮਰਾਜ ਤੇ ਲੋਕਾਂ ਦਰਮਿਆਨ ਤਿੱਖੀ ਹੋਈ ਵਿਰੋਧਤਾਈ ਦਾ ਇੱਕ ਉਘੜਵਾਂ ਝਲਕਾਰਾ ਹੈ। ਲੋਕਾਂ ਵਾਲੇ ਪੱਖ ਦਾ ਦਬਾਅ ਇਉਂ ਹਰਕਤਸ਼ੀਲ ਹੈ ਕਿ ਅਮਰੀਕਾ ਇਜ਼ਰਾਇਲ ਤੇ ਉਸਦੇ ਸੰਗੀਆਂ ਨੂੰ ਦੁਨੀਆਂ ਭਰ ’ਚ ਤਿੱਖੇ ਨਿਖੇੜੇ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸੀਰੀਆ ’ਚ ਮਨਚਾਹਿਆ ਦਖ਼ਲ ਨਾ ਦੇ ਸਕਣ ਤੇ ਆਖਰ ਨੂੰ ਸਭ ਵਿਉਂਤਾਂ ਧਰੀਆਂ ਧਰਾਈਆਂ ਰਹਿ ਜਾਣ ਦਾ ਝਟਕਾ, ਫਿਰ ਅਫਗਾਨਿਸਤਾਨ ’ਚੋਂ ਹਾਰ ਕੇ ਭੱਜਣ ਦਾ ਝਟਕਾ , ਹੁਣ ਇਜ਼ਰਾਇਲ ਨਾਲ ਜੁੜ ਕੇ ਸੰਸਾਰ ਦੇ ਲੋਕਾਂ ਦੇ ਰੋਹ ਦਾ ਨਿਸ਼ਾਨਾ ਬਣਨ ਦੀਆਂ ਘਟਨਾਵਾਂ ਤੇ ਅਰਬ ਜਗਤ ਅੰਦਰ ਵੀ ਅਧੀਨ ਹਕੂਮਤਾਂ ’ਤੇ ਵੀ ਆਪਣੀ ਮਰਜ਼ੀ ਨਾ ਪੁਗਾ ਸਕਣ ਦੀ ਬੇਵਸੀ, ਇਹ ਸਭ ਕੁੱਝ ਅਮਰੀਕੀ ਸਾਮਰਾਜ ਦੀ ਮਹਾਂਸ਼ਕਤੀ ਵਜੋਂ ਖੁਰ ਰਹੀ ਸਮਰੱਥਾ ਦੇ ਸੂਚਕ ਹਨ। ਸਾਮਰਾਜੀ ਲੁੱਟ-ਖਸੁੱਟ ਦੇ ਪਿੜ ’ਚ ਮੁਕਾਬਲੇ ਦਾ ਪੋਲ ਉੱਭਰ ਆਉਣ ਮਗਰੋਂ ਤਾਂ ਅਮਰੀਕੀ ਮਹਾਂਸ਼ਕਤੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਰੂਸ ਯੁਕਰੇਨ ਜੰਗ ’ਚ ਵੀ ਰੂੂਸ ’ਤੇ ਮੜ੍ਹੀਆਂ ਆਰਥਿਕ ਪਾਬੰਦੀਆਂ ਅਮਰੀਕੀ ਖਾਹਿਸ਼ਾਂ ਅਨੁਸਾਰ ਸਿੱਟੇ ਨਹੀਂ ਕੱਢ ਸਕੀਆਂ। ਸਾਮਰਾਜੀਆਂ ਦੇ ਸੰਸਾਰ ਮੰਚਾਂ ’ਚ ਮਨਚਾਹੇ ਫੈਸਲੇ ਕਰਵਾਉਣ ’ਚ ਵੀ ਦਿੱਕਤਾਂ ਖੜ੍ਹੀਆਂ ਹੋ ਰਹੀਆਂ ਹਨ। ਭਾਰਤ ਅੰਦਰ ਹੋਏ ਜੀ-20 ਸੰਮੇਲਨ ਮੌਕੇ ਵੀ ਅਮਰੀਕੀ ਸਾਮਰਾਜੀਏ ਅਜਿਹੀ ਹਾਲਤ ਹੰਢਾ ਕੇ ਹਟੇ ਹਨ। ਚੀਨੀ ਦਖ਼ਲ ਨਾਲ ਇਰਾਨ ਤੇ ਸਾੳੂਦੀ ਅਰਬ ਦਰਮਿਆਨ ਪਾਟਕਾਂ ਦਾ ਘਟਨਾ ਵੀ ਅਮਰੀਕਾ ਲਈ ਖੁਸ਼ਗਵਾਰ ਨਹੀਂ ਤੇ ਹੁਣ ਵੀ ਇਰਾਨ ਅਮਰੀਕੀ ਧੌਂਸ ਨੂੰ ਮੰਨਣ ਤੋਂ ਇਨਕਾਰੀ ਹੋਇਆ ਹੈ। ਅਰਬ ਜਗਤ ’ਚ ਵਿਸ਼ੇਸ਼ ਕਰਕੇ ਅਮਰੀਕੀ ਪਕੜ ਢਿੱਲੀ ਪੈ ਚੁੱਕੀ ਹੈ।
ਫਲਸਤੀਨੀ ਲੋਕਾਂ ਦੀ ਕੌਮੀ ਜਦੋਜਹਿਦ ਦੀ ਹਮਾਇਤ ’ਚ ਤੇ ਇਜ਼ਰਾਇਲੀ ਰਾਜ ਦੇ ਜਬਰ ਦਾ ਵਿਰੋਧ ਕਰਦੇ ਲੋਕਾਂ ’ਚ ਮਸਲੇ ਦੇ ਨਿਪਟਾਰੇ ਬਾਰੇ ਕਈ ਤਰ੍ਹਾਂ ਦੀਆਂ ਪਹੁੰਚਾਂ ਦੇ ਪ੍ਰਗਟਾਵੇ ਹੁੰਦੇ ਰਹੇ ਹਨ। ਤੇ ਆਮ ਕਰਕੇ ਦੋ ਸਟੇਟ ਹੱਲ ਦੀ ਗੱਲ ਵੀ ਚੱਲਦੀ ਹੈ । ਇਹ ਤਾਂ ਠੀਕ ਹੈ ਕਿ ਏਨੇ ਲੰਮੇ ਅਰਸੇ ’ਚ ਇਸ ਮਸਲੇ ’ਚ ਹੁਣ ਕਈ ਗੱਲਾਂ ਗੁੰਝਲਦਾਰ ਹੋ ਚੁੱਕੀਆਂ ਹਨ। ਹੁਣ ਯਹੂਦੀ ਵਸੋਂ ਦਹਾਕਿਆਂ ਤੋਂ ਏਥੇ ਵਸ ਰਹੀ ਹੈ ਜਿਸਦੇ ਵਸੇਬੇ ਦੀਆਂ ਲੋੜਾਂ ਦੀਆਂ ਆਪਣੀਆਂ ਉਲਝਣਾਂ ਹਨ। ਪਰ ਇਸਦਾ ਅੰਤਿਮ ਵਾਜਬ ਨਿਪਟਾਰਾ ਇਸ ਅਧਾਰ ’ਤੇ ਹੋਣਾ ਬਣਦਾ ਹੈ ਕਿ ਫਲਸਤੀਨੀ ਲੋਕਾਂ ਦਾ ਆਪਣੀ ਮਾਤ ਭੂਮੀ ’ਤੇ ਰਹਿਣ ਵਸਣ ਤੇ ਆਪਣਾ ਰਾਜ ਉਸਾਰਣ ਦਾ ਹੱਕ ਸਾਲਮ ਹੈ। ਇਸ ਹੱਕ ਨੂੰ ਖੋਹਣਾ ਹੀ ਇਸ ਸਮੁੱਚੇ ਮਸਲੇ ਦੀ ਜੜ੍ਹ ਹੈ ਤੇ ਇਸਦਾ ਹੱਲ ਵੀ ਇਸ ਹੱਕ ਦੀ ਪੂਰਨ ਪੁੱਗਤ ’ਚ ਪਿਆ ਹੈ। ਇਸਦਾ ਭਾਵ ਇਹ ਹੈ ਕਿ ਫਲਸਤੀਨੀ ਲੋਕਾਂ ਨੂੰ ਉਹਨਾਂ ਦੀ ਮਾਤ ਭੂਮੀ ’ਤੇ ਮੁੜ ਵਸੇਬੇ ਦਾ ਬਿਨਾਂ ਕਿਸੇ ਸ਼ਰਤ ਪੂਰਾ ਅਧਿਕਾਰ ਮਿਲਣਾ ਹੈ, ਜਿਹੜਾ ਹੋਰ ਕਿਸੇ ਦਾ ਨਹੀਂ ਹੈ। ਇਸ ਮਸਲੇ ਦਾ ਹੱਕੀ ਤੇ ਵਾਜਬ ਨਿਆਂਈਂ ਹੱਲ ਏਸੇ ਪਹੁੰਚ ’ਚ ਮੌਜੂਦ ਹੈ. ਇਸ ਮੂਲ ਨੁਕਤੇ ਤੋਂ ਭਟਕ ਕੇ, ਕੋਈ ਵੀ ਏਧਰ ਓਧਰ ਦੇ ਹੱਲ ਦੀ ਪਹੁੰਚ ਆਖਰ ਨੂੰ ਫਲਸਤੀਨੀ ਲੋਕਾਂ ਨਾਲ ਅਨਿਆਂ ਦਾ ਹੀ ਜਾਰੀ ਰੂਪ ਬਣ ਜਾਂਦੀ ਹੈ। ਫਲਸਤੀਨੀ ਲੋਕਾਂ ਦੀ ਮਾਤ ਭੂਮੀ ਦੀ ਬਿਨਾਂ ਸ਼ਰਤ ਵਾਪਸੀ ਹੀ ਸਾਰੇ ਮਸਲੇ ਦੇ ਹੱਲ ਦੀ ਬੁਨਿਆਦ ਬਣਦੀ ਹੈ । ਉਸ ਤੋਂ ਅਗਲੇ ਕਦਮ ਇਸ ਆਧਾਰ ’ਤੇ ਹੀ ਤੈਅ ਹੋਣੇ ਚਾਹੀਦੇ ਹਨ ਜਿੰਨ੍ਹਾਂ ’ਚ ਇਜ਼ਰਾਇਲੀ ਲੋਕਾਂ ਦੇ ਵਸੇਬੇ ਦਾ ਮਸਲਾ ਵੀ ਸ਼ਾਮਲ ਹੋਵੇਗਾ।
ਫਲਸਤੀਨੀ ਲੋਕ ਟਾਕਰੇ ਨੂੰ ਕਮਿ: ਇਨ: ਸ਼ਕਤੀਆਂ ਦੀ ਅਗਵਾਈ ਦੀ ਘਾਟ ਦਾ ਸਾਹਮਣਾ ਹੈ। ਇਹ ਅਗਵਾਈ ਹੀ ਫਲਸਤੀਨੀ ਲੋਕਾਂ ਦੇ ਸੰਘਰਸ਼ ਦੀਆਂ ਸੀਮਤਾਈਆਂ ਨੂੰ ਸਰ ਕਰ ਸਕਦੀ ਹੈ ਤੇ ਇਸ ਕੁਰਬਾਨੀਆਂ ਭਰੇੇ ਬੇਮਿਸਾਲ ਇਤਿਹਾਸਕ ਟਾਕਰੇ ਨੂੰ ਅੰਜਾਮ ਤੱਕ ਪਹੁੰਚਾ ਸਕਦੀ ਹੈ। ਸੰਸਾਰ ਅੰਦਰ ਅੰਤਰ ਸਾਮਰਾਜੀ ਵਿਰੋਧਤਾਈ ਦੇ ਤਿੱਖੇ ਹੋਣ ਦੀ ਹਾਲਤ, ਸਭਨਾਂ ਕੌਮੀ ਮੁਕਤੀ ਲਹਿਰਾਂ ਲਈ ਨਵੀਆਂ ਸੰਭਾਵਨਾਵਾਂ ਪੇਸ਼ ਕਰ ਰਹੀ ਹੈ ਤੇ ਨਾਲ ਹੀ ਉਲਝਣਾਂ ਵੀ ਲੈ ਕੇ ਆ ਰਹੀ ਹੈ। ਵੱਖ- ਵੱਖ ਸਾਮਰਾਜੀ ਧੜਿਆਂ ਨਾਲ ਜੁੜ ਕੇ ਬਣਨ ਵਾਲੇ ਤਾਕਤਾਂ ਦੇ ਤੋਲ ’ਚ, ਅੱਗੇ ਵਧ ਸਕਣ ਦੀ ਹਾਲਤ ਟਾਕਰਾ ਲਹਿਰਾਂ ਦੀਆਂ ਲੀਡਰਸ਼ਿਪਾਂ ਦੀ ਸੂਝ-ਬੂਝ ’ਤੇ ਨਿਰਭਰ ਕਰੇਗੀ ਕਿ ਉਹ ਇਹਨਾਂ ਸੰਭਾਵਨਾਵਾਂ ਦਾ ਲਾਹਾ ਕਿਵੇਂ ਲੈਂਦੇ ਹਨ ਤੇ ਉਲਝਣਾਂ ਨਾਲ ਕਿਵੇਂ ਨਜਿੱਠਦੇ ਹਨ। ਫਲਸਤੀਨੀ ਟਾਕਰਾ ਲਹਿਰ ਨੇ ਵੀ ਏਸੇ ਅਗਲੇ ਦੌਰ ’ਚੋਂ ਗੁਜ਼ਰਨਾ ਹੈ।
---0---
No comments:
Post a Comment