ਮੋਗਾ ਸੰਗਰਾਮ ਰੈਲੀ -ਇੱਕ ਇਤਿਹਾਸਕ ਘਟਨਾ
ਕਾ. ਹਰਭਜਨ ਸੋਹੀ
ਲੰਘੀ 22 ਅਕਤੂਬਰ ਨੂੰ ਮੋਗਾ ਸੰਗਰਾਮ ਰੈਲੀ ਦੀ 49 ਵੀਂ ਵਰ੍ਹੇਗੰਢ ਸੀ। ਉਸ ਵੇਲੇ ਦੇ ਸਿਆਸੀ ਪ੍ਰਸੰਗ ਅੰਦਰ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਜਥੇਬੰਦ ਕੀਤੀ ਗਈ ਇਹ ਰੈਲੀ ਵੇਲੇ ਦੀ ਹਾਲਤ ਨੂੰ ਬਹੁਤ ਢੁੱਕਵਾਂ ਸਿਆਸੀ ਹੁੰਗਾਰਾ ਸੀ । ਇਹ ਹਾਕਮ ਜਮਾਤੀ ਸਿਆਸੀ ਭੇੜ ਦਰਮਿਆਨ ਲੋਕਾਂ ਦੀ ਸਿਆਸਤ ਦੇ ਪੋਲ ਨੂੰ ਆਜ਼ਾਦਾਨਾ ਢੰਗ ਨਾਲ ਉਭਾਰਨ ਦੀ ਮੌਲਿਕ ਸਿਆਸੀ ਪਹਿਲਕਦਮੀ ਸੀ ਜਿਸਦੀ ਪ੍ਰਸੰਗਿਕਤਾ ਹੁਣ ਦੇ ਸਮੇਂ ਵੀ ਬਣੀ ਹੋਈ ਹੈ। ਇਸ ਰੈਲੀ ਬਾਰੇ ਮਰਹੂਮ ਕਾ. ਹਰਭਜਨ ਸੋਹੀ ਦੀ ਇਹ ਟਿੱਪਣੀ ਉਹਨਾਂ ਦੀ ਇੱਕ ਹੋਰ ਵਿਸ਼ੇ ’ਤੇ ਲਿਖੀ ਲਿਖਤ ’ਚੋਂ ਲਈ ਗਈ ਹੈ। - ਸੰਪਾਦਕ
ਇਸ ਵਰ੍ਹੇ ਦੌਰਾਨ ਪੰਜਾਬ ’ਚ ਤਿੱਖੀ ਹੋ ਰਹੀ ਲੋਕ ਬੇਚੈਨੀ ਦੋ ਵਰਤਾਰਿਆਂ ਨੂੰ ਤਿੱਖਾ ਕਰ ਰਹੀ ਸੀ। ਇਹ ਹਾਕਮ ਜਮਾਤਾਂ ਦੇ ਦੋ ਧੜਿਆਂ ਵਿਚਕਾਰ ਚਲ ਰਹੇ ਭੇੜ ਨੂੰ ਤਿੱਖਾ ਕਰ ਰਹੀ ਸੀ ਅਤੇ ਆਰਥਿਕ ਸੰਕਟ ਦੀ ਮਾਰ ਵਿਰੁੱਧ ਤੇ ਵਧਦੇ ਹਕੂਮਤੀ ਜਬਰ ਦੇ ਵਿਰੁੱਧ ਇਨਕਲਾਬੀ ਲੋਕ ਘੋਲਾਂ ਵਿੱਚ ਭਖਾਅ ਲਿਆ ਰਹੀ ਸੀ। ਇੱਕ ਬੰਨੇ , ਜੇ.ਪੀ. ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਦਾ ਗੱਠਜੋੜ ਅਤੇ ਦੂਜੇ ਬੰਨੇ , ਕਾਂਗਰਸ -ਸੀ.ਪੀ.ਆਈ. ਦਾ ਗੱਠਜੋੜ । ਹਾਕਮ ਜਮਾਤਾਂ ਦੀਆਂ ਭਿੜ ਰਹੀਆਂ ਦੋਵੇਂ ਧਿਰਾਂ -- ਉਭਰਵੀਂ ਲੋਕ ਲਹਿਰ ਨੂੰ ਲੀਹੋਂ ਲਾਹੁਣ ਅਤੇ ਆਪਣੇ ਸ਼ਰੀਕਾ ਭੇੜ ਦਾ ਅੰਗ ਬਣਾਉਣ ਖਾਤਰ ਪੂਰਾ ਟਿੱਲ ਲਾ ਰਹੀਆਂ ਸਨ ਅਤੇ ਇਸ ਵਿੱਚ ਇੱਕ ਦੂਜੀ ਤੋਂ ਬਾਜੀ ਲਿਜਾਣਾ ਚਾਹੁੰਦੀਆਂ ਸਨ। ਪੰਜਾਬ ਵਿੱਚ ਇਨਕਲਾਬੀ ਜਮਹੂਰੀ ਲਹਿਰ ਦੀ ਹਾਲਤ ਕੰਮਜੋਰੀ ਵਾਲੀ ਸੀ। ਮਜ਼ਦੂਰ ਜਮਾਤ ਦਾ ਵੱਡਾ ਭਾਗ ਗੈਰ ਜਥੇਬੰਦ ਸੀ ਅਤੇ ਜਥੇਬੰਦ ਹਿੱਸਾ ਸੋਧਵਾਦੀ-ਸੁਧਾਰਵਾਦੀ ਲੀਡਰਸ਼ਿੱਪ ਦੇ ਪ੍ਰਭਾਵ ਹੇਠ ਇਨਕਲਾਬੀ ਚੇਤਨਾ ਅਤੇ ਵੇਗ ਤੋਂ ਹੀਣਾ ਹੋਇਆ ਬੈਠਾ ਸੀ। ਵਿਸ਼ਾਲ ਕਿਸਾਨ ਜਨਤਾ ਗੈਰ ਜੱਥੇਬੰਦ ਸੀ ਅਤੇ ਆਮ ਤੌਰ ’ਤੇ ਜਾਗੀਰੂ ਤੇ ਧਨਾਢ ਕਿਸਾਨ ਪ੍ਰਭਾਵ ਹੇਠ ਸੀ।...... ਸਿਰਫ਼ ਵਿਦਿਆਰਥੀ ਲਹਿਰ ਤੇ ਨੌਜਵਾਨ ਲਹਿਰ ਇਨਕਲਾਬੀ ਸਿਆਸਤ ਦੇ ਪ੍ਰਭਾਵ ਤੇ ਅਗਵਾਈ ਹੇਠ ਸਨ ਅਤੇ ਜਾਨਦਾਰ ਸਨ। ਵਿਸ਼ੇਸ਼ ਰੂਪ ਵਿੱਚ ਵਿਦਿਆਰਥੀ ਲਹਿਰ ਨੂੰ ਆਪਣੀ ਜੁਝਾਰੂ ਤੇ ਲੋਕ-ਪੱਖੀ ਰਵਾਇਤ ਸਦਕਾ ਤਕੜੀ ਜਨਤਕ ਹੈਸੀਅਤ ਹਾਸਲ ਸੀ ਤੇ ਇਸ ਦੇ ਬੋਲਾਂ ਦੀ ਸੁਣਵਾਈ ਦਾ ਘੇਰਾ ਚੌੜਾ ਸੀ। ਜੇ.ਪੀ. ਲਹਿਰ ਵੀ ਮੁੱਖ ਤੌਰ ’ਤੇ ਇਸੇ ਸਮਾਜਿਕ ਗਰੁੱਪ ਨੂੰ ਮੁਖਾਤਿਬ ਸੀ। ਕਾਂਗਰਸ ਸਰਕਾਰ ਅਤੇ ਇਸ ਦੀ ਰਖੇਲ , ਸੀ.ਪੀ.ਆਈ ਨਾਲ ਤਾਂ ਪਹਿਲਾਂ ਹੀ ਲੋਕਾਂ ਦੇ ਜੁਝਾਰੂ ਹਿੱਸਿਆਂ, ਖਾਸ ਕਰਕੇ ਵਿਦਿਆਰਥੀ ਤੇ ਨੌਜਵਾਨਾਂ ਦੀ ਦੁਸ਼ਮਣੀ ਵਾਲਾ ਰਿਸ਼ਤਾ ਬਣਿਆ ਹੋਇਆ ਸੀ। ਜੇ.ਪੀ. ਲਹਿਰ ਉਨ੍ਹਾਂ ਲਈ ਇੱਕ ਨਵੀਂ ਚੁਣੌਤੀ ਸੀ। ਇਹ ਲਹਿਰ ਸਾਰੇ ਲੋਕਾਂ ਅਤੇ ਪਾਰਟੀਆਂ ਨੂੰ ਜਮਾਤੀ ਤੇ ਵਿਚਾਰਧਾਰਕ ਗਿਣਤੀਆਂ ਛੱਡ ਕੇ ‘ਲੋਕ ਨਾਇਕ’ ਜੇ.ਪੀ. (ਜੈ ਪ੍ਰਕਾਸ਼ ਨਰਾਇਣ) ਦੁਆਲੇ ਇੱਕ ਜੁੱਟ ਹੋਣ ਦਾ ਸੱਦਾ ਦਿੰਦੀ ਸੀ ਅਤੇ ਇਸ ਤਰ੍ਹਾਂ ਲੋਕਾਂ ਅੰਦਰ ਵਿਸ਼ਾਲ ਏਕਤਾ ਦੀ ਸੰਭਾਵਨਾ ਦਾ ਭਰਮ-ਜਾਲ ਜਗਾਉਣ ਕਰਕੇ, ਠੋਸ ਜਮਾਤੀ ਮੰਗਾਂ ਉੱਪਰ ਲੜੇ ਜਾਂਦੇ ਉਹਨਾਂ ਦੇ ਘੋਲਾਂ ਨੂੰ ਅਤੇ ਉਹਨਾਂ ਅੰਦਰ ਪੈਦਾ ਹੋ ਰਹੀ ਜੁਝਾਰੂ ਲੋਕਾਂ ਦੀ ਆਪਸੀ ਏਕਤਾ ਨੂੰ ਸੰਨ੍ਹ ਲਾਉਦੀ ਸੀ ਅਤੇ ਬੇ-ਨਕਸ਼ ਨਾਅਰਿਆਂ ਰਾਹੀਂ ਉਹਨਾਂ ਦੇ ਸਰਕਾਰ ਵਿਰੋਧੀ ਜ਼ਜ਼ਬੇ ਨੂੰ ਹਾਕਮ ਜਮਾਤਾਂ ਦੇ ਇੱਕ ਧੜੇ ਦੇ ਸੁਆਰਥ ਖਾਤਰ ਵਰਤਣਾ ਚਾਹੁੰਦੀ ਸੀ। ਪੰਜਾਬ ਦੀ ਨਿੱਕੀ ਪਰ ਹੋਣਹਾਰ ਇਨਕਲਾਬੀ ਜਮਹੂਰੀ ਲਹਿਰ ਨੂੰ ਇੱਕ ਗੱਠਜੋੜ ਦੇ ਦਬਾੳੂ ਹੱਥਕੰਡਿਆਂ ਅਤੇ ਦੂਜੇ ਗੱਠਜੋੜ ਦੀ ਭਟਕਾੳੂ ਮੁਹਿੰਮ ਦਾ ਸਾਹਮਣਾ ਸੀ। ਜੇ. ਪੀ. ਦੇ ਝੰਡੇ ਦੁਆਲੇ ਜੁੜੀਆਂ ਪੰਜਾਬ ਦੀਆਂ ਪਿਛਾਹ-ਖਿੱਚੂ ਪਾਰਟੀਆਂ ਦੀ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਅੰਦਰ ਕੋਈ ਸੱਦ-ਪੁੱਛ ਨਹੀਂ ਸੀ। ਇਸ ਲਈ ਸਿੱਧੇ ਰੂਪ ’ਚ ਇਹ ਜੁਝਾਰੂ ਹਿੱਸਿਆਂ ਅੰਦਰ ਤਿੱਖੀ ਕਾਟ ਨਹੀਂ ਸੀ ਕਰਦੀ। ਪਰ ਸ.ਨ. ਸਿੰਘ ਦੇ ਗਰੁੱਪ ਦੇ ਰੂਪ ਵਿੱਚ ਇਨਕਲਾਬੀ ਚੋਗੇ ਦੇ ਰੂਪ ਵਾਲੀ ਪ੍ਰਚਾਰ ਟੁਕੜੀ ਮਿਲ ਜਾਣ ਨਾਲ, ਇਸ ਗੱਠਜੋੜ ਨੂੰ ਇਨ੍ਹਾਂ ਹਿੱਸਿਆਂ ਤੱਕ ਪਹੁੰਚ ਕਰਨ ਤੇ ਘਚੋਲਾ ਪਾਉਣ ਦਾ ਹੱਥਾ ਲੱਭ ਗਿਆ ਸੀ ਅਤੇ ਇਸ ਦੀ ਚੁਣੋਤੀ ਗੰਭੀਰ ਬਣ ਗਈ ਸੀ। 22 ਅਕਤੂਬਰ, 1974 ਦੀ ਮੋਗਾ ਸੰਗਰਾਮ ਰੈਲੀ ਇਨਕਲਾਬੀ ਜਮਹੂਰੀ ਲਹਿਰ ਉੱਤੇ ਇਸ ਦੋ ਪਾਸੜ ਹੱਲੇ ਦਾ ਢੁੱਕਵਾਂ ਜਵਾਬ ਸੀ। ਇਹ ਰੈਲੀ ਵਿਦਿਆਰਥੀ ਲਹਿਰ ਅਤੇ ਨੌਜਵਾਨ ਲਹਿਰ ਦੀ ਸਾਂਝੀ ਪਹਿਲ-ਕਦਮੀ ਨਾਲ ਸਾਰੇ ਜੁਝਾਰ ਤਬਕਿਆਂ ਨੂੰ ਇੱਕ ਸਾਂਝੇ ਸੰਗਰਾਮੀ ਥੜ੍ਹੇ ਉੱਤੇ ਇੱਕ-ਮੁੱਠ ਕਰਨ ਦਾ ਸ਼ਾਨਦਾਰ ਉੱਦਮ ਸੀ। ਇਸ ਰੈਲੀ ਨੇ ਨਾ ਸਿਰਫ ਅੱਡ-ਅੱਡ ਤਬਕਿਆਂ ਦੀਆਂ ਭਖਵੀਆਂ ਤੇ ਬੁਨਿਆਦੀ ਮੰਗਾਂ ਨੂੰ ਸਰਬ-ਸਾਂਝੀਆਂ ਮੰਗਾਂ ਵਜੋਂ ਅਪਣਾਇਆ, ਸਗੋਂ ਡੂੰਘੇ ਸੰਕਟ ’ਚ ਫਸੇ ਭਾਰਤੀ ਅਰਥਚਾਰੇ ਤੇ ਸਮਾਜ ਦੇ ਕਲਿਆਣ ਲਈ, ਠੋਸ ਹੱਲ ਵਜੋਂ, ਜਮਹੂਰੀ ਇਨਕਲਾਬੀ ਪ੍ਰੋਗਰਾਮ ਦਾ ਖਾਕਾ ਉਭਾਰਿਆ। ਇਸ ਗੱਲ ਤੋਂ ਇਲਾਵਾ ਕਿ ਇਸ ਰੈਲੀ ਲਈ ਹੋਈ ਜਨਤਕ ਲਾਮਬੰਦੀ ਬੇਮਿਸਾਲ ਤੇ ਪੁਰਜੋਸ਼ ਸੀ, ਇਸ ਗੱਲ ਤੋਂ ਇਲਾਵਾ ਕਿ ਇਹ ਪਹਿਲੀ ਵਾਰ ਸੀ ਜਦੋਂ ਹਜ਼ਾਰਾਂ ਦੇ ਇਕੱਠ ਦੇ ਸਾਹਮਣੇ ਵਿਦਿਆਰਥੀ ਜੁਝਾਰਾਂ ਨੇ ਮਜ਼ਦੂਰ ਘੁਲਾਟੀਆਂ ਨੂੰ ਅਗਵਾਈ ਸੰਭਾਲਣ ਲਈ ਪ੍ਰੇਰਿਆ ਹੋਵੇ। ਅਤੇ ਮਜ਼ਦੂਰ ਆਗੂ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਇਨਕਲਾਬੀ ਘੋਲਾਂ ਤੋਂ ਮਿਲਦੇ ਉਤਸ਼ਾਹ ਤੇ ਸਹਾਰੇ ਲਈ, ਉੱਭਰ ਰਹੀ ਮਜ਼ਦੂਰ ਲਹਿਰ ਵਜੋਂ, ਸ਼ੁਕਰਾਨੇ ਦੇ ਬੋਲ ਅਦਾ ਕੀਤੇ ਹੋਣ, ਇਸ ਲਈ ਵੀ ਕਿ ਦਰੁਸਤ ਸੇਧ ਬਾਰੇ ਪੈ ਰਹੇ, ਰੋਲ-ਘਚੋਲੇ ਦੇ ਮਾਹੌਲ ਅੰਦਰ, ਇਹ ਆਪਣੀ ਕਿਸਮ ਦਾ ਪਹਿਲਾ ਕਾਰਨਾਮਾ ਸੀ ਜਿਸ ਰਾਹੀਂ ਗੁੰਮਰਾਹਕੁਨ ਮੁਹਿੰਮ ਦਾ, ਸਾਕਾਰ ਰੂਪ ’ਚ, ਸਾਹਮਣਾ ਕੀਤਾ ਗਿਆ ਅਤੇ ਇਨਕਲਾਬੀ ਬਦਲ ਪੇਸ਼ ਕੀਤਾ ਗਿਆ। ਸੰਗਰਾਮ ਰੈਲੀ ਇੱਕ ਇਤਿਹਾਸਕ ਘਟਨਾ ਸੀ।
---0---
No comments:
Post a Comment