Friday, November 10, 2023

ਨਿਊਜ਼ ਕਲਿੱਕ ਕੇਸ: ਮੋਦੀ ਸਰਕਾਰ ਦੇ ਫੈਲਦੇ ਜਾਬਰ ਪੰਜੇ

 ਨਿਊਜ਼ ਕਲਿੱਕ ਕੇਸ:

ਮੋਦੀ ਸਰਕਾਰ ਦੇ ਫੈਲਦੇ ਜਾਬਰ ਪੰਜੇ 

ਅਕਤੂਬਰ ਮਹੀਨੇ ਦੇ ਸ਼ੁਰੂ ’ਚ ਨਿਊਜ਼ ਪੋਰਟਲ ‘ਨਿਊਜ਼ ਕਲਿੱਕ’ ਦੇ ਸੰਸਥਾਪਕ ਤੇ ਉਸ ਨਾਲ ਜੁੜੇ ਕਰਮਚਾਰੀਆਂ ਤੇ ਪੱਤਰਕਾਰਾਂ ਖ਼ਿਲਾਫ਼ ਮੋਦੀ ਸਰਕਾਰ ਵੱਲੋਂ ਯੂ.ਏ.ਪੀ.ਏ. ਵਰਗੇ ਜਾਬਰ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਤੇ ਕਰਮਚਾਰੀਆਂ ਕੋਲੋਂ ਲੰਮੀ ਪੁੱਛ-ਗਿੱਛ ਕੀਤੀ ਗਈ ਹੈ ਤੇ ਉਹਨਾਂ ਦੇ ਫੋਨ-ਲੈਪਟੌਪ ਤੇ ਹੋਰ ਇਲੈਕਟ੍ਰੌਨਿਕ ਯੰਤਰ ਕਬਜ਼ੇ ’ਚ ਲਏ ਗਏ ਹਨ ਜਦਕਿ ਨਿਊਜ਼ ਕਲਿੱਕ ਦੇ ਸੰਪਾਦਕ ਤੇ ਸੰਸਥਾਪਕ ਪ੍ਰਬੀਰ ਪੁਰਕਾਆਸਥਾ ਅਤੇ ਮੁੱਖ ਮੈਨੇਜਰ ਅਮਿਤ ਚੱਕਰਵਰਤੀ ਗਿ੍ਰਫ਼ਤਾਰ ਕੀਤਾ ਹੋਇਆ ਹੈ ਅਤੇ ਉਹਨਾਂ ਦੀਆਂ ਹੇਠਲੀਆਂ ਅਦਾਲਤਾਂ ਵੱਲੋਂ ਜ਼ਮਾਨਤ ਅਰਜ਼ੀਆਂ ਵੀ ਰੱਦ ਕੀਤੀਆਂ ਜਾ ਚੁੱਕੀਆਂ ਹਨ। 

ਇਹ ਕੇਸ ਦਰਜ ਕਰਨ ਦਾ ਅਧਾਰ ਚੀਨ ਰਹਿੰਦੇ ਇੱਕ ਭਾਰਤੀ ਕਾਰੋਬਾਰੀ ਵੱਲੋਂ ਨਿਊਜ਼ ਕਲਿੱਕ ਨੂੰ ਫੰਡ ਦੇਣ ਦੇ ‘ਜੁਰਮ’ ਨੂੰ ਬਣਾਇਆ ਗਿਆ ਹੈ। ਅਗਸਤ ਮਹੀਨੇ ਨਿਊਯਾਰਕ ਟਾਈਮਜ਼ ’ਚ ਛਪੇ ਇੱਕ ਲੇਖ ਵਿੱਚ ਚੀਨ ਵੱਲੋਂ ਦੁਨੀਆਂ ’ਚ ਆਪਣੀਆਂ ਨੀਤੀਆਂ ਦੇ ਪ੍ਰਚਾਰ ਲਈ ਵਰਤੇ ਜਾ ਰਹੇ ਢੰਗਾਂ ਬਾਰੇ ਚਰਚਾ ਕੀਤੀ ਗਈ ਸੀ। ਉਸ ਲੇਖ ਵਿੱਚ ਚੀਨ ਰਹਿੰਦੇ ਕਾਰੋਬਾਰੀ ਵੱਲੋਂ ਨਿਊਜ਼ ਕਲਿੱਕ ਨੂੰ ਫੰਡ ਦੇਣ ਦਾ ਜ਼ਿਕਰ ਕੀਤਾ ਗਿਆ ਸੀ। ਇਸ ਲੇਖ ਨੂੰ ਅਧਾਰ ਬਣਾ ਕੇ ਭਾਜਪਾਈ ਆਗੂਆਂ ਨੇ ਉਦੋਂ ਅਜਿਹੇ ਅਦਾਰੇ ਖ਼ਿਲਾਫ਼ ਕਾਰਵਾਈ ਲਈ ਬਿਆਨਬਾਜ਼ੀ ਕਰਦਿਆਂ ਸਰਕਾਰ ਤੋਂ ਸਖ਼ਤੀ ਨਾਲ ਪੇਸ਼ ਆਉਣ ਦੀ ਮੰਗ ਕੀਤੀ ਸੀ। ਆਖਰ ਨਿਊਜ਼ ਕਲਿੱਕ ਖ਼ਿਲਾਫ਼ ਐਫ.ਆਈ.ਆਰ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਗਈ ਹੈ। 

ਪ੍ਰੈਸ ਦੀ ਆਜ਼ਾਦੀ ਦੇ ਹੱਕ ’ਤੇ ਇਹ ਹਮਲਾ ਮੋਦੀ ਸਰਕਾਰ ਦੀ ਉਸੇ ਨੀਤੀ ਦਾ ਹਿੱਸਾ ਹੈ ਜਿਸ ਤਹਿਤ ਇਸ ਸਰਕਾਰ ਵੱਲੋਂ ਪ੍ਰੈਸ ਨੂੰ ਕਾਬੂ ਕਰਨ ਲਈ ਪਹਿਲਾਂ ਹੀ ਜਾਬਰ ਹੱਥਕੰਡੇ ਅਪਣਾਏ ਜਾ ਰਹੇ ਹਨ। ਇਹਨਾਂ ਪਹਿਲਾਂ ਵਰਤੇ ਜਾ ਰਹੇ ਜਾਬਰ ਹੱਥਕੰਡਿਆਂ ਦਾ ਹੋਰ ਅਗਲਾ ਵਧਾਰਾ ਹੈ ਤੇ ਹੋਰ ਵਧੇਰੇ ਐਲਾਨੀਆ ਤੇ ਧੱਕੜ ਵਿਹਾਰ ਦਾ ਇਜ਼ਹਾਰ ਹੈ। ਪਹਿਲਾਂ ਵੀ ਮੀਡੀਆ ਕਰਮੀ ਤੇ ਪੱਤਰਕਾਰ ਭਾਰੀ ਹਕੂਮਤੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਪੱਤਰਕਾਰਾਂ ’ਤੇ ਕੇਸ ਦਰਜ ਹੋਣ ਦੀਆਂ ਬਹੁਤ ਘਟਨਾਵਾਂ ਹਨ ਤੇ ਲਗਾਤਾਰ ਅਜਿਹੇ ਕੇਸਾਂ ’ਚ ਵਾਧਾ ਹੋਇਆ ਹੈ। ‘ਦੀ ਵਾਇਰ’ ਦਾ ਸੰਪਾਦਕ ਵੀ ਕੇਸ ਦਾ ਸਾਹਮਣਾ ਕਰ ਰਿਹਾ ਹੈ ਤੇ ਇਹ ਸੂਚੀ ਬਹੁਤ ਲੰਮੀ ਹੈ। ਗੌਰੀ ਲੰਕੇਸ਼ ਦਾ ਹਿੰਦੂਤਵੀ ਤਾਕਤਾਂ ਵੱਲੋਂ ਕਤਲ ਕੀਤੇ ਜਾਣ ਤੋਂ ਲੈ ਕੇ ਪੱਤਰਕਾਰਾਂ ਖ਼ਿਲਾਫ਼ ਸਰਕਾਰੀ ਤੇ ਗੈਰ ਸਰਕਾਰੀ ਹਮਲਿਆਂ ’ਚ ਤਿੱਖਾ ਵਾਧਾ ਹੋਇਆ ਹੈ। ਫਰੀ ਸਪੀਚ ਕੁਲੈਕਟਿਵ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ 2010 ਤੋਂ ਲੈ ਕੇ ਹੁਣ ਤੱਕ 16 ਪੱਤਰਕਾਰ ਯੂ.ਏ.ਪੀ.ਏ. ਤਹਿਤ ਗਿ੍ਰਫਤਾਰ ਕੀਤੇ ਗਏ ਹਨ ਜਿਨ੍ਹਾਂ ’ਚੋਂ 7 ਅਜੇ ਵੀ ਅੰਦਰ ਹਨ। ਯੂ.ਏ.ਪੀ.ਏ. ’ਚ ਕੀਤੀ ਸੋਧ ਨਾਲ ਇਸਦਾ ਘੇਰਾ ਹੋਰ ਮੋਕਲਾ ਹੋ ਗਿਆ ਹੈ ਤੇ ਇਹ ਹੁਣ ਪੱਤਰਕਾਰਾਂ ਨੂੰ ਦਹਿਸ਼ਤਗਰਦਾਂ ਦੇ ਘੇਰੇ ’ਚ ਲੈ ਸਕਦਾ ਹੈ ਤੇ ਬਿਨਾਂ ਕਾਨੂੰਨੀ ਪ੍ਰਕਿਰਿਆ ਤੋਂ ਹੀ ਉਹਨਾਂ ਨੂੰ ਜੇਲ੍ਹ ’ਚ ਡੱਕ ਸਕਦਾ ਹੈ। ਏਸੇ ਪ੍ਰਸੰਗ ’ਚ ਉੱਘੀ ਲੇਖਕ ਅਰੰਧੁਤੀ ਰਾਏ ਕਹਿੰਦੀ ਹੈ ਕਿ ਪੱਤਰਕਾਰਾਂ ਤੇ ਦਹਿਸ਼ਤਗਰਦਾਂ ’ਚ ਫ਼ਰਕ ਖਤਮ ਕਰ ਦਿੱਤਾ ਗਿਆ ਹੈ। ਨਿਊਜ਼ ਕਲਿੱਕ ਖ਼ਿਲਾਫ਼ ਇਸ ਕਾਰਵਾਈ ਤੋਂ ਮਗਰੋਂ ਅਰੁੰਧਤੀ ਰਾਏ ਖ਼ਿਲਾਫ਼ ਵੀ 2010 ਵੇਲੇ ਦੀ ਇੱਕ ਪੁਰਾਣੀ ਸ਼ਿਕਾਇਤ ’ਤੇ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਲੀ ਦੇ ਉੱਪ-ਰਾਜਪਾਲ ਵੱਲੋਂ ਦਿੱਤੀ ਗਈ ਹੈ। ਇੱਕ ਡਿਜ਼ੀਟਲ ਪਲੇਟਫਾਰਮ ਵਜੋਂ ਨਿਊਜ਼ ਕਲਿੱਕ ਉਹਨਾਂ ਚੋਣਵੇਂ ਪਲੇਟਫਾਰਮਾਂ ’ਚੋਂ ਇੱਕ ਹੈ ਜਿਹੜੇ ਮੋਦੀ ਸਰਕਾਰ ਦੇ ਫ਼ਿਰਕੂ-ਫਾਸ਼ੀ ਹਮਲੇ ਦੀ ਪਾਜ ਉਘੜਾਈ ਕਰਨ ’ਚ ਅਤੇ ਇਸ ਖ਼ਿਲਾਫ਼ ਲੋਕਾਂ ਦੇ ਜਮਹੂਰੀ ਵਿਰੋਧ ਨੂੰ ਉਭਾਰਨ ’ਚ ਮੋਹਰੀ ਹਨ। ਇਹਦੀ ਸਮੱਗਰੀ ਆਮ ਕਰਕੇ ਮੁਫ਼ਤ ਹਾਸਲ ਹੁੰਦੀ ਹੈ ਤੇ ਇਸਦੀ ਪਹੁੰਚ ਮਨੁਾਫ਼ਾਮੁਖੀ ਨਹੀਂ ਹੈ। ਇਸ ਵੱਲੋਂ ਪਿਛਲੇ ਕੁੱਝ ਸਾਲਾਂ ’ਚ ਲੋਕਾਂ ਦੇ ਜਮਹੂਰੀ/ਜਮਾਤੀ ਸੰਘਰਸ਼ਾਂ ਦੀ ਬਹੁਤ ਭਰਵੀਂ ਕਵਰੇਜ਼ ਕੀਤੀ ਗਈ ਹੈ। 

ਇਹ ਕੇਸ ਪਹਿਲੇ ਕੇਸਾਂ ਦੀ ਲੜੀ ’ਚ ਸਧਾਰਨ ਵਾਧਾ ਨਹੀਂ ਹੈ। ਇਹ ਸਿੱਧੇ ਤੌਰ ’ਤੇ ਹੀ ਅਜਿਹੇ ਮੀਡੀਆ ਪੋਰਟਲ ਨੂੰ ਸਜ਼ਾ ਦੇਣ ਦਾ ਮਨਸ਼ਾ ਹੈ ਜਿਸਨੇ ਲੋਕ ਅੰਦੋਲਨਾਂ ਨੂੰ ਬੇਬਾਕੀ ਨਾਲ ਕਵਰ ਕੀਤਾ ਹੈ ਤੇ ਸਰਕਾਰ ਲਈ ਇਹ ਸਿੱਧੇ ਤੌਰ ’ਤੇ ਹੀ ਦੋਸ਼ ਹੈ। ਇਹਦੇ ਲਈ ਉਸਨੂੰ ਕੋਈ ਹੋਰ ਬਹਾਨਾ ਬਣਾਉਣ ਦੀ ਜ਼ਰੂਰਤ ਨਹੀਂ ਪਈ। ਸਰਕਾਰ ਦੀ ਨਜ਼ਰ ’ਚ ਇਹ ਕਾਰਵਾਈ ਦੇਸ਼-ਧ੍ਰੋਹ ਹੈ ਤੇ ਗੈਰ-ਕਾਨੂੰਨੀ ਹੈ। ਦਰਜ ਕੀਤੀ ਗਈ ਐਫ.ਆਈ.ਆਰ. ’ਚ ਚੀਨ ਰਹਿੰਦੇ ਵਿਅਕਤੀ ਵੱਲੋਂ ਦਿੱਤੇ ਗਏ ਫੰਡ ਨੂੰ ਸਰਕਾਰ ਵਿਰੋਧੀ ਕਾਰਵਾਈਆਂ ਕਰਨ ਲਈ ਦਿੱਤੀ ਸਹਾਇਤਾ ਵਜੋਂ ਪੇਸ਼ ਕੀਤਾ ਗਿਆ ਹੈ। ਜਿਵੇਂ ਕਿ ਕਿਸਾਨ ਸੰਘਰਸ਼ ਪਿੱਛੇ ਚੀਨ ਦਾ ਹੱਥ ਹੋਵੇ ਤੇ ਇਹਦੇ ਲਈ ਨਿਊਜ਼ ਕਲਿੱਕ ਨੂੰ ਫੰਡ ਦੇਣ ਰਾਹੀਂ ਕਿਸਾਨਾਂ ਨੂੰ ਉਕਸਾਉਣ ਦਾ ਸਾਧਨ ਬਣਾਇਆ ਗਿਆ ਹੋਵੇ। ਇਹ ਸਿੱਧਮ ਸਿੱਧਾ ਹੀ ਕਿਸਾਨ ਸੰਘਰਸ਼ ਨੂੰ ਚੀਨ ਵੱਲੋਂ ਉਕਸਾ ਕੇ ਕਰਵਾਇਆ ਗਿਆ ਅੰਦੋਲਨ ਦਰਸਾਉਣ ਦੀ ਕੋਸ਼ਿਸ਼ ਹੈ। ਇਉਂ ਇਹ ਐਫ.ਆਈ.ਆਰ. ਸਿਰਫ ਨਿਊਜ਼ ਕਲਿੱਕ ਤੱਕ ਹੀ ਸੀਮਤ ਨਹੀਂ, ਸਗੋਂ ਕਿਸਾਨ ਸੰਘਰਸ਼ ਨੂੰ ਮਾਰ ਹੇਠ ਲੈਂਦੀ ਹੈ ਤੇ ਉਸਨੂੰ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਵੀ ਕਰਾਰ ਦਿੰਦੀ ਹੈ। ਇਹ ਕਿਸਾਨ ਸੰਘਰਸ਼ ਦੀ ਬੁਨਿਆਦ’ਤੇ ਹੀ ਹਮਲਾ ਕਰਦੀ ਹੈ ਤੇ ਉਸਨੂੰ ਰਾਸ਼ਟਰ ਵਿਰੋਧੀ ਕਾਰਵਾਈ ਵਜੋਂ ਪੇਸ਼ ਕਰਨ ਦਾ ਯਤਨ ਕਰਦੀ ਹੈ। 

ਇਸ ਕੇਸ ਦਾ ਅਧਾਰ ਵੀ ਭਾਜਪਾਈ ਰਾਸ਼ਟਰਵਾਦੀ ਪੈਂਤੜੇ ਨੂੰ ਬਣਾਇਆ ਗਿਆ ਹੈ ਜਿਸ ਤਹਿਤ ਲੋਕ ਅੰਦੋਲਨ ਤੇ ਉਹਨਾਂ ਦੀ ਮੀਡੀਆ ਕਵਰੇਜ਼ ਨੂੰ ਦੇਸ਼ ਵਿਰੋਧੀ ਕਾਰਵਾਈ ਵਜੋਂ ਪੇਸ਼ ਕੀਤਾ ਗਿਆ ਹੈ। ਚੀਨ ਤੋਂ ਹੋਈ ਫੰਡਿੰਗ ਨੂੰ ਬਹਾਨਾ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਅੰਨ੍ਹਾ ਰਾਸ਼ਟਰਵਾਦੀ ਬਿਰਤਾਂਤ ਉਸਾਰਿਆ ਜਾ ਸਕੇ। ਹਾਲਾਂਕਿ ਫੰਡਿੰਗ ਦੇ ਦੋਸ਼ਾਂ ’ਚ ਚੀਨੀ ਸਰਕਾਰ ਵੱਲੋਂ ਭੇਜਿਆ ਗਿਆ ਪੈਸਾ ਹੋਣ ਦਾ ਦੋਸ਼ ਨਹੀਂ ਹੈ। ਨਿਊਜ਼ ਕਲਿੱਕ ਨੇ ਅਜਿਹੀ ਕਿਸੇ ਫੰਡਿੰਗ ਤੋਂ ਇਨਕਾਰ ਕੀਤਾ ਹੈ। ਉਂਝ ਜੇਕਰ ਚੀਨੀ ਕਾਰੋਬਾਰੀ ਨੇਵਲ ਰਾਏ ਸਿੰਘਮ ਵੱਲੋਂ ਆਈ ਫੰਡਿੰਗ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਇਹ ਜੁਰਮ ਕਿਵੇਂ ਬਣਦਾ ਹੈ, ਕਿਉਂਕਿ ਰਿਜ਼ਰਵ ਬੈਂਕ ਵੱਲੋਂ ਡਿਜ਼ੀਟਲ ਪਲੇਟਫਾਰਮਾਂ ਲਈ ਵਿਦੇਸ਼ੀ ਫੰਡਿੰਗ ਲੈਣ ਸੰਬੰਧੀ ਨਿਯਮ ਤੈਅ ਕੀਤੇ ਹੋਏ ਹਨ। ਜੋ ਕੁੱਝ ਵੀ ਨਿਊਜ਼ ਕਲਿੱਕ ਵਾਲਿਆਂ ਨੂੰ ਮਿਲਿਆ ਹੈ, ਉਹ ਸਭ ਸਰਕਾਰ ਦੇ ਸਾਹਮਣੇ ਹੀ ਹੈ ਤੇ ਕਾਗਜ਼ੀ ਕਾਰਵਾਈਆਂ ਰਾਹੀਂ ਜਾਹਰ ਵੀ ਹੈ। ਮਸਲੇ ਦੇ ਪਿਛੋਕੜ ’ਚ ਜਾ ਕੇ ਪੜਤਾਲਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਪੈਸਾ ਚੀਨੀ ਸਰਕਾਰ ਦਾ ਨਹੀਂ ਹੈ, ਸਗੋਂ ਨਿੱਜੀ ਕਾਰੋਬਾਰੀਆਂ ਦਾ ਹੈ। ਇਹ ਵੀ ਦਿਲਚਸਪ ਪਹਿਲੂ ਹੈ ਕਿ ਕੋਵਿਡ ਵੇਲੇ ਚੀਨੀ ਕੰਪਨੀਆਂ ਵੱਲੋਂ ਪੀ.ਐਮ.ਕੇਅਰ ਫੰਡ ’ਚ ਹਿੱਸਾ ਪਾਇਆ ਗਿਆ ਹੈ। ਚੀਨੀ ਕੰਪਨੀ ਜਿਉਮੀ ਨੇ 2020 ’ਚ ਪ੍ਰਧਾਨ ਮੰਤਰੀ ਕੇਅਰ ਫੰਡ ’ਚ 10 ਕਰੋੜ ਦਿੱਤੇ ਹਨ ਜਦਕਿ ਵੀਵੋ ਨੇ 2021 ਤੱਕ ਤਿੰਨ ਸਾਲਾਂ ਲਈ ਆਈ.ਪੀ.ਐਲ. ਨੂੰ ਸਪੌਂਸਰ ਕੀਤਾ ਹੈ ਅਤੇ 980 ਕਰੋੜ ਖਰਚੇ ਹਨ। ਪਰ ਭਾਜਪਾ ਸਰਕਾਰ ਨੂੰ ਕੌਮੀ ਸ਼ਾਵਨਵਾਦੀ ਪੈਂਤੜਾ ਲੈਣ ਵਾਲੇ ਅਜਿਹੇ ਤੱਥਾਂ ਜਾਂ ਤਕਨੀਕੀ ਨੁਕਤਿਆਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਰਾਸ਼ਟਰੀ ਸੁਰੱਖਿਆ ਦਾ ਬਿਰਤਾਂਤ ਸਿਰਜਣ ਵੇਲੇ ਸਭ ਤੱਥ ਤੇ ਹਕੀਕਤਾਂ ਸਿਰ ਪਰਨੇ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਤੇ ਜਮਹੂਰੀ ਆਵਾਜ਼ਾਂ ਦਾ ਗਲਾ-ਘੁੱਟਣ ਲਈ ਰਾਸ਼ਟਰ ਦੀ ਸੁਰੱਖਿਆ ਦਾ ਭਾਵਨਾਤਮਕ ਬਿਰਤਾਂਤ ਸਭਨਾਂ ਤਰਕਪੂਰਨ ਤੱਥਾਂ ਦੇ ਉੱਪਰ ਦੀ ਪੈ ਜਾਂਦਾ ਹੈ। ਭੀਮਾ ਕੋਰੇਗਾਉਂ ਕੇਸ ਨੂੰ ਵੀ ਅਜਿਹੇ ਅਧਾਰ ’ਤੇ ਉਸਾਰਿਆ ਗਿਆ ਜਿਸ ਵਿੱਚ ਹਜ਼ਾਰਾਂ ਮੀਲ ਦੂਰ ਬੈਠੇ ਦਰਜਨਾਂ ਲੋਕਾਂ ਨੂੰ ਸਾਜਿਸ਼-ਕਰਤਾ ਵਜੋਂ ਜੋੜ ਕੇ ਪੇਸ਼ ਕਰ ਦਿੱਤਾ ਗਿਆ ਤੇ ਜੇਲ੍ਹੀਂ ਸੁੱਟ ਦਿੱਤਾ ਗਿਆ। ਫਿਰ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਕਤਲ ਦੀ ਸਾਜਿਸ਼ ਰਚਣ ਦੀ ਝੂਠੀ ਕਹਾਣੀ ਘੜ ਕੇ ਉਸ ’ਚ ਨਾਮਜ਼ਦ ਕਰ ਦਿੱਤਾ ਗਿਆ। ਹੁਣ ਵੀ ਇਸ ਕੇਸ ਮਗਰੋਂ ਵਿਕਾਊ ਟੀ.ਵੀ. ਚੈਨਲਾਂ ਨੇ ‘ਦੇਸ਼ ਧ੍ਰੋਹੀ’ ਸਾਜਿਸ਼ ਦਾ ਪਰਦਾਫਾਸ਼ ਹੋਣ ਦੀ ਡੌਂਡੀ ਪਿੱਟੀ ਹੈ ਤੇ ਅੰਨ੍ਹਾ ਰਾਸ਼ਟਰਵਾਦੀ ਬਿਰਤਾਂਤ ਉਸਾਰਨ ਦਾ ਮੁੱਖ ਜ਼ਰੀਆ ਬਣੇ ਹਨ। 

ਨਿਊਯਾਰਕ ਟਾਈਮਜ਼ ਵੱਲੋਂ ਛਾਪੀ ਇਹ ਰਿਪੋਰਟ, ਜਿਸ ਵਿੱਚ ਨਿਊਜ਼ ਕਲਿੱਕ ਦਾ ਵੀ ਸੰਖੇਪ ਜ਼ਿਕਰ ਆਉਂਦਾ ਹੈ, ਅਮਰੀਕਾ ਦੇ ਚੀਨ ਵਿਰੋਧੀ ਪ੍ਰਾਪੇਗੰਡੇ ਦਾ ਹੀ ਹਿੱਸਾ ਹੈ। ਇਹ ਪ੍ਰਾਪੇਗੰਡਾ ਕਿ ਚੀਨ ਨੇ ਦੁਨੀਆਂ ਭਰ ’ਚ ਆਪਣੀਆਂ ਨੀਤੀਆਂ ਦੇ ਪ੍ਰਚਾਰ ਪਸਾਰ ਲਈ ਹਰ ਤਰ੍ਹਾਂ ਦੇ ਹੱਥਕੰਡੇ ਦੀ ਵਰਤੋਂ ਆਪਣੇ ਮਕਸਦਾਂ ਲਈ ਕੀਤੀ ਹੈ। ਮੋਦੀ ਹਕੂਮਤ 2021 ਤੋਂ ਹੀ ਨਿਊਜ਼ ਕਲਿੱਕ ਨੂੰ ਘੇਰਨ ਲਈ ਕੋਸ਼ਿਸ਼ਾਂ ’ਚ ਜੁਟੀ ਹੋਈ ਸੀ। ਪਰ ਇਸ ਫੰਡਿੰਗ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰਕੈਟੋਰੇਟ ਵੱਲੋਂ ਤੇ ਫਿਰ ਇਨਕਮ ਟੈਕਸ ਵਿਭਾਗ ਵੱਲੋਂ ਕੋਈ ਸਬੂਤ ਨਹੀਂ ਜੁਟਾਇਆ ਜਾ ਸਕਿਆ ਸੀ। ਇਸ ਮਾਮਲੇ ਨੂੰ ਮਨੀ ਲਾਂਡਰਿੰਗ ਦਾ ਮਾਮਲਾ ਸਾਬਤ ਨਹੀਂ ਸੀ ਕਰਿਆ ਜਾ ਸਕਿਆ ਤਾਂ ਆਖਰ ਨੂੰ ਆਪਣੇ ਬ੍ਰਹਮ-ਅਸਤਰ ਯੂ.ਏ.ਪੀ.ਏ. ਦੀ ਵਰਤੋਂ ਕਰ ਲਈ ਗਈ ਹੈ। 

ਦੇਸ਼ ਅੰਦਰਲੀਆਂ ਜਮਹੂਰੀ ਆਵਾਜ਼ਾਂ ਨੂੰ ਕੌਮੀ ਸੁਰੱਖਿਆ ਜਾਂ ਕੌਮੀ ਸ਼ਾਵਨਵਾਦੀ ਪੈਂਤੜੇ ਤੋਂ ਕੁਚਲਣ ਦੀ ਨੀਤੀ ਭਾਜਪਾਈ ਹਕੂਮਤ ਦਾ ਬਹੁਤ ਹੀ ਸਥਾਪਤ ਤੇ ਥੋਕ ’ਚ ਵਰਤਿਆ ਜਾਣ ਵਾਲਾ ਹਥਿਆਰ ਹੈ। ਕਿਸਾਨ ਸੰਘਰਸ਼ ਵੇਲੇ ਹੀ ਸੰਘਰਸ਼ ਅੰਦਰ ਦੇਸ਼ ਵਿਰੋਧੀ ਤੱਤਾਂ ਦੀ ਘੁਸਪੈਠ ਦਾ ਪ੍ਰਚਾਰ ਚਲਾਇਆ ਗਿਆ ਸੀ ਤੇ ਫਿਰ ਮਗਰੋਂ ਤਾਂ ਲਾਲ ਕਿਲ੍ਹਾ ਸਾਜਿਸ਼ ਤਹਿਤ ਰਾਸ਼ਟਰੀ ਸੁਰੱਖਿਆ ਤੇ ਸਨਮਾਨ ਨੂੰ ਮੁੱਦਾ ਬਣਾ ਕੇ ਸੰਘਰਸ਼ ਨੂੰ ਹਮਲੇ ਹੇਠ ਲਿਆਉਣ ਦਾ ਯਤਨ ਕੀਤਾ ਗਿਆ ਸੀ। ਹੁਣ ਪ੍ਰੈਸ ਦੀ ਆਜ਼ਾਦੀ ਦੇ ਹੱਕ ’ਤੇ ਹਮਲੇ ਲਈ ਫਿਰ ਕੌਮੀ ਸ਼ਾਵਨਵਾਦ ਦੀ ਆੜ ਲਈ ਜਾ ਰਹੀ ਹੈ। ਇਸ ਮਾਮਲੇ ’ਚ ਇਹ ਕਿਸੇ ਵੀ ਤਰ੍ਹਾਂ ਚੀਨੀ ਪ੍ਰਾਪਗੰਡੇ ਦਾ ਕੇਸ ਸਾਬਤ ਨਹੀਂ ਹੁੰਦਾ। ਉਂਝ ਤਾਂ ਮੁਲਕ ਦੇ ਕਿਸੇ ਵੀ ਪੱਤਰਕਾਰ/ਵਿਅਕਤੀ ਨੂੰ ਕਿਸੇ ਹੋਰ ਦੇਸ਼ ਦੀ ਹਕੂਮਤ ਦੀਆਂ ਨੀਤੀਆਂ ਦੀ ਚਰਚਾ ਕਰਨ ਜਾਂ ਪ੍ਰਸ਼ੰਸ਼ਾ ਕਰਨ ਦਾ ਅਧਿਕਾਰ ਹੈ ਪਰ ਇਸ ਕੇਸ ਵਿੱਚ ਤਾਂ ਚੀਨ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਵੀ ਸ਼ਾਮਲ ਹੈ। ਨਿਊਯਾਰਕ ਟਾਈਮਜ਼ ਵੀ ਸਿਰਫ਼ ਇੱਕ ਵੀਡੀਓ ਦਾ ਹੀ ਹਵਾਲਾ ਦੇ ਸਕਿਆ ਹੈ ਜਿਹੜੀ 1949 ਦੇ ਇਨਕਲਾਬ ਦੇ ਮਗਰੋਂ ਦੇ ਸਾਲਾਂ ਦੀ ਤਬਦੀਲੀ ਦੀ ਚਰਚਾ ਕਰਦੀ ਹੈ। 

ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਭਾਜਪਾਈ ਹਕੂਮਤੀ ਫਾਸ਼ੀ ਹੱਲੇ ਦਾ ਪ੍ਰਮੁੱਖ ਅੰਗ ਹੈ। ਅੱਜ ਕੱਲ੍ਹ ਮੋਦੀ ਦੇ ਗੁਜਰਾਤ ਫਿਰਕੂ ਕਤਲੇਆਮ ਵੇਲੇ ਦੀ ਇੱਕ ਇੰਟਰਵਿਊ ਨੂੰ ਮੁੜ ਯਾਦ ਕਰਾਇਆ ਗਿਆ ਹੈ ਜਿਸ ਵਿੱਚ ਉਹ ਗੋਧਰਾ ਕਾਂਡ ਵੇਲੇ ਪ੍ਰੈਸ ਦੀ ਮੈਨੇਜਮੈਂਟ ’ਚ ਰਹੀ ਘਾਟ ਦਾ ਜ਼ਿਕਰ ਕਰਦਾ ਹੈ ਤੇ ਅੱਗੇ ਵਾਸਤੇ ਇਸ ਮੈਨੇਜਮੈਂਟ ਨੂੰ ਇੱਕ ਅਹਿਮ ਸਬਕ ਵਜੋਂ ਲੈਂਦਾ ਹੈ ਜਿਸ ਤਹਿਤ ਮੀਡੀਆ ਨੂੰ ਕੰਟਰੋਲ ਕਰਨ ਦੀ ਨੀਤੀ ਨੂੰ ਹੋਰ ਵਧੇਰੇ ਤਿੱਖੀ ਕੀਤਾ ਜਾਣਾ ਸੀ। ਹੁਣ ਮੋਦੀ ਸਰਕਾਰ ਏਸੇ ਵਿਹਾਰ ਦਾ ਪ੍ਰਗਟਾਵਾ ਕਰ ਰਹੀ ਹੈ। ਵੱਡੇ ਮੀਡੀਆ ਘਰਾਣੇ ਆਪਣੇ ਵਪਾਰਕ ਤਰਕ ਦੇ ਚੱਲਦਿਆਂ ਮੋਦੀ ਹਕੂਮਤ ਦੀ ਸੇਵਾ ’ਚ ਵਿਛਾ ਲਏ ਗਏ ਹਨ ਤੇ ਛੋਟੇ ਪੱਧਰ ਦੇ ਨਿਊਜ਼ ਪੋਰਟਲ ਹੀ ਬਚੇ ਹਨ ਜਿਹੜੇ ਮੋਦੀ ਹਕੂਮਤ ਦੀ ਲਾਈਨ ’ਚ ਪੈਰ ਧਰਨੋ ਇਨਕਾਰੀ ਹਨ ਜਾਂ ਕੁੱਝ ਚੋਣਵੇਂ ਪੱਤਰਕਾਰ ਹਨ ਜਿਹੜੇ ਵਿਅਕਤੀਗਤ ਪੱਧਰ ’ਤੇ ਸਰਕਾਰੀ ਦਬਾਅ ਦਾ ਡਟ ਕੇ ਸਾਹਮਣਾ ਕਰ ਰਹੇ ਹਨ। ਜਿਹੜੇ ਕਿਸੇ ਵੀ ਕਾਰਨ ਕਰਕੇ ਆਕੀ ਹਨ, ਉਹ ਮੋਦੀ ਹਕੂਮਤ ਦੇ ਚੋਣਵੇਂ ਨਿਸ਼ਾਨੇ ’ਤੇ ਹਨ। 

ਨਿਊਜ਼ ਕਲਿੱਕ ’ਤੇ ਕੀਤੀ ਗਈ ਇਹ ਕਾਰਵਾਈ ਮੋਦੀ ਰਾਜ ਦੇ ਫੈਲਦੇ ਜਾਬਰ-ਫਾਸ਼ੀ ਪੰਜਿਆਂ ਦਾ ਹੀ ਇੱਕ ਇਜ਼ਹਾਰ ਹੈ। ਇਹ ਅਖੌਤੀ ਭਾਰਤੀ ਜਮਹੂਰੀਅਤ ਅਧੀਨ ਪ੍ਰੈਸ ਦੀ ਆਜ਼ਾਦੀ ਦੀ ਹਾਲਤ ਨੂੰ ਵੀ ਦਰਸਾਉਂਦੀ ਹੈ। ਪਹਿਲਾਂ ਵੀ ਆਮ ਕਰਕੇ ਹੀ ਨਿਰਪੱਖ ਪੱਤਰਕਾਰੀ ਕਰਨਾ ਜ਼ੋਖਮ ਭਰਿਆ ਕੰਮ ਬਣਿਆ ਹੋਇਆ ਸੀ ਪਰ ਆਮ ਕਰਕੇ ‘ਮੁੱਖ ਧਾਰਾ’ ਦੇ ਪੱਤਰਕਾਰਾਂ ਤੇ ਮੀਡੀਆ ਚੈਨਲਾਂ/ਅਖਬਾਰਾਂ ਨੂੰ ਸਿੱਧੇ ਤੌਰ ’ਤੇ ਹੀ ਹਕੂਮਤੀ ਕ੍ਰੋਪੀ ਦਾ ਸਾਹਮਣਾ ਘੱਟ ਕਰਨਾ ਪੈਂਦਾ ਸੀ। ਜਦਕਿ ਐਮਰਜੈਂਸੀ ਮੌਕੇ ਤਾਂ ਐਲਾਨੀਆ ਪ੍ਰੈਸ ’ਤੇ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ ਸਨ। ਹੁਣ ਇਸ ਰੈਲ ਦਾ ਘੇਰਾ ਹੋਰ ਵੀ ਜ਼ਿਆਦਾ ਸੁੰਗੜ ਗਿਆ ਹੈ। ਸਾਡੇ ਮੁਲਕ ’ਚ ਪ੍ਰੈਸ ਦੀ ਆਜ਼ਾਦੀ ਨੂੰ ਪਹਿਲਾਂ ਵੀ ਬਹੁਤ ਸੀਮਤ ਅਰਥਾਂ ’ਚ ਹੀ ਲਿਆ ਜਾਂਦਾ ਹੈ ਜੋ ਰਾਜ ਤੇ ਸਮਾਜ ਅੰਦਰ ਹਕੀਕੀ ਜਮਹੂਰੀਅਤ ਦੀ ਗੈਰ-ਮੌਜੂਦਗੀ ਦਾ ਹੀ ਇੱਕ ਸੂਚਕ ਬਣਿਆ ਹੋਇਆ ਹੈ। ਪਰ ਪਹਿਲਾਂ ਇਸ ਹੱਕ ਦਾ ਗਲ ਘੁੱਟਣ ਲਈ ਆਮ ਕਰਕੇ ਰਾਜਕੀ ਤਾਕਤ ਦੀਆਂ ਹੋਰਨਾਂ ਕਲਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਗੁੰਡਾ ਗ੍ਰੋਹਾਂ ਤੇ ਜਗੀਰੂ ਧੌਂਸ ਦਾ ਵਿਅਕਤੀਗਤ ਪੱਤਰਕਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਜਾਂ ਦਬਾਅ ਪਾਉਣ ਲਈ ਹੋਰ ਟੇਢੇ ਹੱਥਕੰਡੇ ਅਪਣਾਏ ਜਾਂਦੇ ਸਨ। ਪਰ ਉੱਪਰੋਂ ਪ੍ਰੈਸ ਦੀ ਆਜ਼ਾਦੀ ਦਾ ਦਾਅਵਾ ਬਣਾਈ ਰੱਖਣ ਲਈ ਅਜਿਹੇ ਸਿੱਧੇ ਪੁਲਿਸ ਕੇਸਾਂ ਦੀਆਂ ਕਾਰਵਾਈਆਂ ਤੋਂ ਪ੍ਰਹੇਜ ਕੀਤਾ ਜਾਂਦਾ ਸੀ, ਪਰ ਹੁਣ ਸਰਕਾਰ ਸਿੱਧੇ ਤੌਰ ’ਤੇ ਆਪ ਹੀ ਨਿੱਤਰ ਆਈ ਹੈ। ਹੁਣ ਹਕੂਮਤੀ ਨੀਤੀ ਖ਼ਿਲਾਫ਼ ਲਿਖਣ ਦਾ ਅਰਥ ਸਿੱਧੇ ਤੌਰ ’ਤੇ ਹੀ ਹਕੂਮਤੀ ਕ੍ਰੋਪੀ ਨੂੰ ਸੱਦਾ ਦੇਣਾ ਬਣਾ ਦਿੱਤਾ ਗਿਆ ਹੈ। ਇਹ ਸਮੁੱਚੇ ਤੌਰ ’ਤੇ ਜਮਹੂਰੀ ਹੱਕਾਂ ਦੇ ਨਾਮ ਨਿਹਾਦ ਦਾਅਵਿਆਂ ਤੋਂ ਵੀ ਤੋੜ ਵਿਛੋੜਾ ਕਰ ਲੈਣ ਦੇ ਫੜੇ ਹੋਏ ਰਾਹ ਦਾ ਦੀ ਤਰਕ ਹੈ। ਪ੍ਰੈਸ ਦੀ ਆਜ਼ਾਦੀ ਤਾਂ ਪਹਿਲਾਂ ਹੀ ਭਾਰਤੀ ਰਾਜ ਦੇ ਆਪਾਸ਼ਾਹ ਪਾਵਿਆਂ ਨਾਲ ਬੱਝੀ ਹੋਈ ਹੈ ਤੇ ਮੌਕੇ ਦੀ ਹਕੂਮਤ ਆਪਣੀ ਮਰਜ਼ੀ ਅਨੁਸਾਰ ਢਿੱਲ ਦੇ ਲੈਂਦੀ ਰਹੀ ਹੈ ਜਾਂ ਕਸ ਲੈਂਦੀ ਰਹੀ ਹੈ। ਅਖੌਤੀ ਆਰਥਿਕ ਸੁਧਾਰਾਂ ਦੇ ਧਾਵੇ ਦੇ ਇਸ ਦੌਰ ’ਚ ਇਹ ਮਾਮੂਲੀ ਢਿੱਲ ਵੀ ਮੋਦੀ ਸਰਕਾਰ ਦੇ ਕਦਮਾਂ ’ਚ ਵਿਘਨ ਪਾਉਂਦੀ ਜਾਪਦੀ ਹੈ ਜਿਹੜੀ ਸਰਕਾਰ ਦੇ ਬਰਦਾਸ਼ਤ ਤੋਂ ਬਾਹਰ ਹੈ। 

ਮੋਦੀ ਸਰਕਾਰ ਦਾ ਅਜਿਹੇ ਮਾਮਲਿਆਂ ’ਚ ਢੰਗ ਇਹ ਹੈ ਕਿ ਝੂਠੀ ਕਹਾਣੀ ਘੜ ਕੇ ਇੱਕ ਵਾਰ ਕੇਸ ਦਰਜ ਕਰ ਦਿੱਤਾ ਜਾਵੇ ਤੇ ਮਗਰੋਂ ਪੀੜਤ ਵਿਅਕਤੀ ਲੰਮੀ ਅਦਾਲਤੀ ਪ੍ਰਕਿਰਿਆ ’ਚ ਖੁਦ ਨੂੰ ਨਿਰਦੋਸ਼ ਸਾਬਤ ਕਰਨ ਲਈ ਜੂਝਦੇ ਰਹਿਣ। ਇਸ ਕੇਸ ’ਚ ਵੀ ਭਾਵੇਂ ਮਗਰੋਂ ਦੋਸ਼ ਸਾਬਤ ਨਾ ਹੋਣ ਪਰ ਯੂ.ਏ.ਪੀ.ਏ. ਵਰਗੇ ਕਾਨੂੰਨ ਤਹਿਤ ਅਦਾਲਤੀ ਅਮਲ ਹੀ ਲੰਮੀ ਕੈਦ ਕਟਾ ਦਿੰਦਾ ਹੈ ਤੇ ਦੋਸ਼ ਸਾਬਤ ਹੋਣ ਤੋਂ ਬਿਨਾਂ ਹੀ ਸਜ਼ਾ ਭੁਗਤੀ ਜਾਂਦੀ ਹੈ। 

ਨਿਊਜ਼ ਕਲਿੱਕ ਖ਼ਿਲਾਫ਼ ਇਹ ਕਾਰਵਾਈ ਦਰਸਾਉਂਦੀ ਹੈ ਕਿ ਮੋਦੀ ਸਰਕਾਰ ਨਾਮ ਨਿਹਾਦ ਆਜ਼ਾਦੀਆਂ ਦਾ ਵੀ ਮੁਕੰਮਲ ਗਲਾ ਘੁੱਟਣ ਦੇ ਰਾਹ ’ਤੇ ਹੈ। ਹਰ ਵੰਨਗੀ ਦੀ ਵਿਰੋਧ ਆਵਾਜ਼ ਨੂੰ ਕੁਚਲਣ ਦੇ ਰਾਹ ’ਤੇ ਹੈ। ਇਹਨਾਂ ਕਦਮਾਂ ਖ਼ਿਲਾਫ਼ ਮੁਲਕ ਭਰ ’ਚ ਵਿਰੋਧ ਦੀ ਆਵਾਜ਼ ਉੱਠੀ ਹੈ, ਜਮਹੂਰੀ ਹਿੱਸਿਆਂ ਤੇ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤੇ, ਪਰ ਇਹ ਉੱਠ ਰਹੀਆਂ ਲੋਕ ਵਿਰੋਧ ਦੀਆਂ ਆਵਾਜ਼ਾਂ ਅਜੇ ਲੋੜੀਂਦੇ ਪੱਧਰ ਤੋਂ ਨੀਵੀਆਂ ਹਨ ਤੇ ਖਿੰਡੀਆਂ ਹੋਈਆਂ ਹਨ। ਇਹਨਾਂ ਵਿਰੋਧ ਆਵਾਜ਼ਾਂ ਨੂੰ ਇੱਕਜੁੱਟ ਕਰਨ ਤੇ ਅਸਰਦਾਰ ਲੋਕ ਟਾਕਰੇ ’ਚ ਪਲਟਣ ਦੀ ਚੁਣੌਤੀ ਇਨਕਲਾਬੀ ਤਾਕਤਾਂ ਸਾਹਮਣੇ ਖੜ੍ਹੀ ਹੈ ਜਿਸਨੂੰ ਹਾਲਤ ਜ਼ੋਰਦਾਰ ਹੁੰਗਾਰਾ ਦੇਣ ਦੀ ਮੰਗ ਕਰਦੀ ਹੈ। 

--0--   

ਨਿਊਜ਼ ਕਲਿੱਕ ਮੀਡੀਆ ਚੈਨਲ ’ਤੇ ਛਾਪਿਆਂ ਤੇ ਗਿ੍ਫਤਾਰੀਆਂ ਵਿਰੁੱਧ ਪੰਜਾਬ ’ਚੋਂ ਉੱਠੀ ਆਵਾਜ਼

 



ਨਿਊਜ਼ ਕਲਿੱਕ ਮੀਡੀਆ ਚੈਨਲ ’ਤੇ ਛਾਪਿਆਂ ਤੇ ਗਿ੍ਫਤਾਰੀਆਂ ਵਿਰੁੱਧ ਪੰਜਾਬ ’ਚੋਂ ਉੱਠੀ ਆਵਾਜ਼     

3 ਅਕਤੂਬਰ ਦੀ ਸਵੇਰ ਦਿੱਲੀ ਪੁਲਿਸ ਨੇ ਨਿਊਜ਼ ਕਲਿੱਕ ਮੀਡੀਆ ਚੈਨਲ ਦੇ 40 ਤੋਂ ਵੱਧ ਪੱਤਰਕਾਰਾਂ ਦੇ ਘਰਾਂ ਤੇ ਦਫਤਰਾਂ ਵਿੱਚ ਛਾਪੇਮਾਰੀ ਕੀਤੀ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।  ਉਸੇ ਦਿਨ ਚੈਨਲ ਦੇ ਮਨੁੱਖੀ ਵਸੀਲਾ ਅਧਿਕਾਰੀ ਅਮਿੱਤ ਚੱਕਰਵਰਤੀ ਤੇ ਚੈਨਲ ਮੁਖੀ ਪਰਬੀਰ ਪੁਰਕਾਸਾਇਥ ਨੂੰ ਬਦਨਾਮ ਕਾਨੂੰਨ ਯੂ. ਏ. ਪੀ. ਏ. ਤਹਿਤ ਗਿ੍ਰਫ਼ਤਾਰ ਕਰ ਲਿਆ ਗਿਆ।  ਦਿੱਲੀ ਪੁਲਿਸ ਵੱਲੋਂ ਇਹ ਗਿ੍ਰਫ਼ਤਾਰੀਆਂ 17 ਅਗਸਤ 2023 ਨੂੰ ਦਰਜ ਕੀਤੀ ਇੱਕ ਐੱਫ. ਆਈ. ਆਰ. ਦੇ ਅਧਾਰ ’ਤੇ ਕੀਤੀਆਂ ਗਈਆਂ ਜਿਸ ਵਿੱਚ ਉਪਰੋਕਤ ਤੋਂ ਇਲਾਵਾ ਮਨੁੱਖੀ ਅਧਿਕਾਰ ਕਾਰਕੁੰਨ ਗੌਤਮ ਨਵਲੱਖਾ, ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਪੈਰਵਾਈ ਕਰਨ ਵਾਲੀ ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ, ਉਸਦੇ ਪਤੀ ਜਾਵੇਦ ਆਨੰਦ, ਬੇਟੇ ਜ਼ਿਬਰਾਨ, ਬੇਟੀ ਤਮਾਰਾ, ਪੱਤਰਕਾਰਾਂ ਉਰਮਿਲੇਸ਼, ਅਰਾਤਰਿਕਾ ਹਲਦਰ, ਪਰਾਂਜੋਏ ਗੁਹਾ ਠੁਕਰਾਤਾ, ਤਰਿਨਾ ਸ਼ੰਕਰ, ਤੇ ਅਭਿਸਾਰ ਸ਼ਰਮਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਇਸ ਐੱਫ. ਆਈ. ਆਰ. ਰਾਹੀਂ ਦੋਸ਼ ਲਾਇਆ ਕਿ ਇਸ ਮੀਡੀਆ ਚੈਨਲ ਨੇ ਮੋਦੀ ਸਰਕਾਰ ਵਿਰੋਧੀ ਤੇ ਚੀਨ ਪੱਖੀ ਪ੍ਰਚਾਰ ਕਰਨ ਲਈ ਅਮਰੀਕੀ ਨਾਗਰਿਕ ਨੇਵਲ ਰੋਇ ਸਿੰਘਮ ਰਾਹੀਂ ਚੀਨ ਤੋਂ ਭਾਰੀ ਫੰਡ ਪ੍ਰਾਪਤ ਕੀਤੇ ਤੇ ਇਹ ਫੰਡ ਵੱਖ ਵੱਖ ਪੱਤਰਕਾਰਾਂ ਤੇ ਕਾਰਕੰੁਨਾਂ ਵਿੱਚ ਵੰਡੇ ਗਏ। ਦਿੱਲੀ ਪੁਲਿਸ ਨੇ ਆਪਣੀ ਕਰਵਾਈ ਦਾ ਫੌਰੀ ਅਧਾਰ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਨੂੰ ਬਣਾਇਆ ਜਿਸ ਵਿੱਚ ਕਿ ਅਜਿਹਾ ਦਾਅਵਾ ਕੀਤਾ ਗਿਆ ਸੀ।

    ਨਿਊਜ਼ ਕਲਿੱਕ ਚੈਨਲ ਨੇ ਇਹਨਾਂ ਦੋਸ਼ਾਂ ਦਾ ਪੂਰੀ ਤਰ੍ਹਾਂ ਖੰਡਨ ਕਰਦਿਆਂ ਕਾਰਵਾਈ ਨੂੰ ਆਜ਼ਾਦ ਪੱਤਰਕਾਰਿਤਾ ਤੇ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦੇ ਮੋਦੀ ਹਕੂਮਤ ਦੇ ਕਦਮਾਂ ਦੀ ਲੰਮੀ ਲੜੀ ਦਾ ਅਗਲਾ ਕਦਮ ਦੱਸਿਆ। ਜ਼ਿਕਰਯੋਗ ਹੈ ਕਿ ਇਹ ਮੀਡੀਆ ਚੈਨਲ ਨੇ ਮੋਦੀ ਹਕੂਮਤ ਦੇ ਸੱਤਾ ’ਚ ਆਉਣ ਦੇ ਸਮੇਂ ਤੋਂ ਹੀ ਲੋਕ ਪੱਖੀ ਘੋਲਾਂ, ਘੱਟ ਗਿਣਤੀ ਭਾਈਚਾਰਿਆਂ ਤੇ ਹਮਲੇ, ਸੀ. ਏ. ਏ. ਤੇ ਐਨ. ਆਰ. ਸੀ. ਕਾਨੂੰਨਾਂ ਖਿਲਾਫ਼ ਸ਼ਾਹੀਨ ਬਾਗ਼ ਮੋਰਚੇ, ਦਿੱਲੀ ਦੰਗਿਆਂ ਤੇ ਜੇ. ਐਨ. ਯੂ. ਵਿੱਚ ਹਿੰਦੂਤਵਾ ਗੁੰਡਿਆਂ ਦੇ ਮਸਲਿਆਂ ਬਾਰੇ ਨਿਰਪੱਖ ਤੇ ਧੜੱਲੇ ਭਰੀ ਰਿਪੋਰਟਿੰਗ ਕੀਤੀ। ਦਿੱਲੀ ਦੇ ਬਾਰਡਰ ਤੇ ਚੱਲੇ ਕਿਸਾਨ ਸੰਘਰਸ਼ ਦੀ ਭਰਵੀਂ ਰਿਪੋਰਟਿੰਗ ਕਾਰਨ ਵੀ ਇਹ ਚੈਨਲ ਮੋਦੀ ਹਕੂਮਤ ਦੀਆਂ ਅੱਖਾਂ ਵਿਚ ਰੜਕਦਾ ਆ ਰਿਹਾ ਸੀ। ਇਸ ਕਰਕੇ ਮੀਡੀਆ ਚੈਨਲ ’ਤੇ ਹੋਏ ਇਸ ਹਮਲੇ ਦੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਭਾਰੀ ਆਲੋਚਨਾ ਹੋਈ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਇਸਨੂੰ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਮੁਲਕ ਭਰ ਅੰਦਰ ਜਮਹੂਰੀ ਜਥੇਬੰਦੀਆਂ ਤੇ ਸੰਸਥਾਵਾਂ ਨੇ ਇਹਨਾਂ ਛਾਪਿਆਂ ਤੇ ਗਿ੍ਰਫ਼ਤਾਰੀਆਂ ਤੇ ਯੂ.ਏ.ਪੀ.ਏ. ਵਰਗਾ ਬਦਨਾਮ ਕਾਨੂੰਨ ਮੜ੍ਹਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਇਸ ਚੈਨਲ ’ਤੇ ਹੋਏ ਹਮਲੇ ਪਿੱਛੇ ਮੋਦੀ ਹਕੂਮਤ ਵੱਲੋਂ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੀ ਅਸਲ ਮਨਸ਼ਾ ਨੂੰ ਬੁੱਝਦਿਆਂ ਇਸ ਕਾਰਵਾਈ ਦਾ ਡਟਵਾਂ  ਵਿਰੋਧ ਕੀਤਾ ਤੇ ਸੂਬੇ ਭਰ ਅੰਦਰ ਵੱਖ ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ।

    ਇਸ ਲੜੀ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ  ਚੰਡੀਗੜ੍ਹ ਇਕਾਈ ਵੱਲੋਂ ਫੌਰੀ ਪ੍ਰਤੀਕਰਮ ਦਿੰਦਿਆਂ ਪੀ. ਐੱਸ. ਯੂ. (ਲਲਕਾਰ), ਐੱਸ. ਐੱਫ. ਐੱਸ. ਤੇ ਨੌਜਵਾਨ ਭਾਰਤ ਸਭਾ ਦੇ ਨਾਲ ਮਿਲਕੇ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਗਿਆ। ਸਭਾ ਦੀ ਬਠਿੰਡਾ ਇਕਾਈ ਨੇ ਵੀ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਏ. ਆਈ.ਐੱਸ. ਐੱਫ., ਪੀ. ਐੱਸ.ਯੂ. (ਲਲਕਾਰ), ਤੇ ਐੱਸ. ਐੱਫ. ਆਈ. ਨੇ ਰੋਸ ਪ੍ਰਦਰਸ਼ਨ ਕੀਤਾ। ਪੀ. ਐੱਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਤੇ ਯੂਨੀਵਰਸਿਟੀ ਕਾਲਜ ਮੂਨਕ ਵਿਚ ਵਿਦਿਆਰਥੀ ਪ੍ਰਦਰਸ਼ਨ ਕੀਤੇ ਗਏ। ਇਸਤੋਂ ਬਿਨਾਂ ਅੰਮਿ੍ਰਤਸਰ ਵਿਚ ਸਾਂਝੇ ਸਿਟੀਜਨ ਫੋਰਮ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਹੋਇਆ ਜਿਸ ਵਿਚ ਵਿਦਿਆਰਥੀ, ਕਿਸਾਨ ਤੇ ਜਮਹੂਰੀ ਜੱਥੇਬੰਦੀਆਂ ਸ਼ਾਮਲ ਹੋਈਆਂ। ਕਿਰਤੀ ਕਿਸਾਨ ਯੂਨੀਅਨ ਤੇ ਪੀ. ਐੱਸ. ਯੂ. ਵੱਲੋਂ ਸਾਂਝੇ ਤੌਰ ’ਤੇ ਪੰਜਾਬ ਦੇ ਪਾਣੀ ਦੇ ਮਸਲੇ ਨਾਲ ਜੋੜਕੇ ਇਸ ਮਸਲੇ ’ਤੇ ਬਠਿੰਡਾ, ਪਟਿਆਲਾ, ਪਾਤੜਾਂ, ਮੁਕਤਸਰ, ਮੋਗਾ, ਸਮਾਣਾ, ਨਾਭਾ, ਫਾਜ਼ਿਲਕਾ, ਫਰੀਦਕੋਟ ਤੇ ਐੱਸ. ਬੀ. ਐੱਸ. ਨਗਰ ਸਮੇਤ 16 ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਵੱਲੋਂ ਨਸ਼ਿਆਂ ਦੇ ਮਸਲੇ ’ਤੇ ਚੱਲ ਰਹੀ ਮੁਹਿੰਮ ਦੌਰਾਨ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਨਿਊਜ਼ ਕਲਿੱਕ ਚੈਨਲ ’ਤੇ ਹੋਏ ਹਮਲੇ ਖਿਲਾਫ਼ ਅਵਾਜ਼ ਬੁਲੰਦ ਕੀਤੀ ਗਈ। ਇਸਦੇ ਨਾਲ ਹੀ ਇਸ ਮਸਲੇ ਦੀ ਗੰਭੀਰਤਾ ਤੇ ਨਿਊਜ਼ ਚੈਨਲ ’ਤੇ ਹਮਲੇ ਰਾਹੀਂ ਦਿੱਲੀ ਕਿਸਾਨ ਸੰਘਰਸ਼ ’ਤੇ ਨਿਸ਼ਾਨਾ ਸੇਧਣ ਦੀ ਮੋਦੀ ਹਕੂਮਤ ਦੀ ਚਾਲ ਨੂੰ ਪਛਾਣਦਿਆਂ  ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਸੱਦੀ ਗਈ ਜਿਸ ਵਿੱਚ ਆਉਣ ਵਾਲੀ 6 ਨਵੰਬਰ ਨੂੰ ਮੁਲਕ ਭਰ ਅੰਦਰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਧਰਨੇ ਦੇਣ, ਪੱਤਰਕਾਰਾਂ ਤੇ ਕਾਰਕੁਨਾਂ ’ਤੇ ਦਰਜ ਐੱਫ.ਆਈ. ਆਰ. ਦੀਆਂ ਕਾਪੀਆਂ ਸਾੜਨ ਤੇ ਗਿ੍ਰਫਤਾਰ ਕੀਤੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਦਾ ਐਲਾਨ ਕੀਤਾ ਗਿਆ ਹੈ।

---0---

ਨਿਊਜ ਕਲਿੱਕ ਦਾ ਪੱਤਰਕਾਰਤਾ ’ਚ ਵੱਡਾ ਮਾਅਰਕਾ ਖੇਤੀ ਕਾਨੂੰਨਾਂ ਖ਼ਿਲਾਫ਼ 2020-21 ਦੇ  ਕਿਸਾਨ ਅੰਦੋਲਨ ਦੌਰਾਨ ਸਾਹਮਣੇ ਆਇਆ ਇਸ ਵੱਲੋਂ ਪੇਸ਼ ਕੀਤੀਆਂ ਜ਼ਮੀਨੀ ਹਾਲਤ ਦੀਆਂ ਰਿਪੋਰਟਾਂ, ਸੰਘਰਸ਼  ਦੀ ਭਰਵੀਂ ਤੇ ਹਮਾਇਤੀ ਕਵਰੇਜ ਅਤੇ ਉੱਭਰਵੇਂ ਮੁੱਦਿਆ ’ਤੇ ਹਿੰਦੀ ਤੇ ਅੰਗਰੇਜ਼ੀ ਦੀਆਂ ਵੀਡੀਉਜ਼ ਵਿਆਪਕ ਪੜ੍ਹੀਆਂ- ਦੇਖੀਆਂ ਗਈਆਂ। ਇਸ ਕਵਰੇਜ ਨੇ ਵੱਡੇ ਮੀਡੀਆ ਖਿਡਾਰੀਆਂ  ਜਿਵੇਂ ਅਖਬਾਰਾਂ ਤੇ ਚੈਨਲਾਂ ਨੂੰ ਪਿੱਛੇ ਛੱਡ ਦਿੱਤਾ ਅਤੇ ਕਿਸੇ ਹੱਦ ਤੱਕ ਸੰਘਰਸ਼ ਦੀ ਸਫ਼ਲਤਾ ’ਚ ਤੇ ਖੇਤੀ ਕਾਨੂੰਨ ਰੱਦ ਕਰਵਾਉਣ ’ਚ ਹਿੱਸਾ ਪਾਇਆ।

      (ਐਨ.ਰਾਮ, ਦਾ ਹਿੰਦੂ ਗਰੁੱਪ ਦਾ ਸਾਬਕਾ ਮੁੱਖ ਸੰਪਾਦਕ)  

ਫਲਸਤੀਨੀ ਲੋਕਾਂ ਦੀ ਵਧਦੀ ਹਮਾਇਤ- ਇਜ਼ਰਾਇਲ ਤੇ ਅਮਰੀਕੀ ਸਾਮਰਾਜੀਏ ਨਿਖੇੜੇ ’ਚ

 ਫਲਸਤੀਨੀ ਲੋਕਾਂ ਦੀ ਵਧਦੀ ਹਮਾਇਤ

ਇਜ਼ਰਾਇਲ ਤੇ ਅਮਰੀਕੀ ਸਾਮਰਾਜੀਏ ਨਿਖੇੜੇ ’ਚ 

ਫਲਸਤੀਨੀ ਕੌਮੀ ਟਾਕਰੇ ਨੂੰ ਪ੍ਰਣਾਈ ਹਮਾਸ ਵੱਲੋਂ ਇਜ਼ਰਾਈਲ ਅੰਦਰ ਜਾ ਕੇ ਕੀਤਾ ਗਿਆ ਇਹ ਹਮਲਾ ਕਿਸੇ ਅਮਨ ਨੂੰ ਭੰਗ ਕਰਨ ਦੀ ਕਾਰਵਾਈ ਨਹੀਂ ਹੈ, ਜਿਵੇਂ ਕਿ ਅਮਰੀਕੀ ਸਾਮਰਾਜੀਆਂ ਦੇ ਪ੍ਰਚਾਰ ਸਾਧਨ ਇਸਨੂੰ ਦੁਨੀਆ ਭਰ ’ਚ ਪ੍ਰਚਾਰ ਰਹੇ ਹਨ  ਇਹ ਹਮਲਾ ਦਹਾਕਿਆਂ ਤੋਂ ਇਜ਼ਰਾਈਲੀ ਜ਼ਿਓਨਵਾਦੀ ਰਾਜ ਵੱਲੋਂ ਫਲਸਤੀਨੀ ਲੋਕਾਂ ’ਤੇ ਢਾਹੇ ਜਾ ਰਹੇ ਜਬਰ ਤੇ ਉਜਾੜੇ ਦੀ ਪੀੜ ਦਾ ਹੀ ਮੋੜਵਾਂ ਪ੍ਰਤੀਕਰਮ ਹੈ। ਇਹ ਹਮਲਾ ਫਲਸਤੀਨੀ ਲੋਕਾਂ ਵੱਲੋਂ ਆਪਣੀ ਮਾਤ ਭੂਮੀ ’ਤੇ ਹੱਕ ਜਤਾਉਣ ਲਈ ਲੜੀ ਜਾ ਰਹੀ ਕੌਮੀ ਜਦੋਜਹਿਦ ਦੇ ਬਹੁਤ ਸਾਰੇ ਕਦਮਾਂ ਦਾ ਹੀ ਅੰਗ ਹੈ। ਇਹ ਨਾ ਸਿਰਫ਼ ਆਮ ਰੂਪ ’ਚ ਇਜ਼ਰਾਈਲੀ ਜਬਰ ਦੇ ਟਾਕਰੇ ਦੇ ਜਵਾਬ ਵਜੋਂ ਆਇਆ ਹੈ, ਸਗੋਂ ਪਿਛਲੇ ਕੁਝ ਸਮੇਂ ਤੋਂ ਵਿਸ਼ੇਸ਼ ਕਰਕੇ ਤੇਜ਼ ਹੋਏ ਇਜ਼ਰਾਈਲੀ ਜਾਬਰ ਕਦਮਾਂ ਦੇ ਜਵਾਬ ਵਜੋਂ ਆਇਆ ਹੈ। ਨੇਤਨਯਾਹੂ ਵੱਲੋਂ ਪਿਛਲੇ ਸਾਲ ਤੋਂ ਮੁੜ ਸੱਤਾ ਸੰਭਾਲਣ ਵੇਲੇ ਤੋਂ ਹੀ ਗਾਜ਼ਾ ਪੱਟੀ ਦੀ ਘੇਰਾਬੰਦੀ ਹੋਰ ਸਖਤ ਕਰਨ ਤੇ ਫਲਸਤੀਨੀ ਲੋਕਾਂ ਦਾ ਦਮ ਹੋਰ ਜ਼ਿਆਦਾ ਘੁੱਟਣ ਦੇ ਕਦਮ ਆ ਰਹੇ ਸਨ। ਇਹ ਸਮੇਂ ਦਾ ਹੀ ਮਸਲਾ ਸੀ ਕਿ ਮੋੜਵਾਂ ਫਲਸਤੀਨੀ ਰੋਹ ਫੁਟਾਰਾ ਕਦੋਂ ਹੋਵੇਗਾ, ਪਰ ਇਹ ਤੈਅ ਸੀ ਕਿ ਦਰੜੇ-ਕੁਚਲੇ ਜਾ ਰਹੇ ਫਲਸਤੀਨੀ ਲੋਕ ਮੁੜ ਆਪਣਾ ਰੋਹ ਪ੍ਰਗਟਾਉਣਗੇ। ਪਿਛਲੇ ਸਾਲ ਇਜ਼ਰਾਇਲ ’ਚ ਨੇਤਨਯਾਹੂ ਵੱਲੋਂ ਅਤਿ ਪਿਛਾਖੜੀ ਪਾਰਟੀਆਂ ਦੀ ਹਮਾਇਤ ਨਾਲ ਮੁੜ ਸੱਤਾ ਸੰਭਾਲੀ ਗਈ ਹੈ ਤੇ ਘੋਰ ਸੱਜੇ ਪੱਖੀ ਤੱਤਾਂ ’ਚੋਂ ਨਵੇਂ ਮੰਤਰੀ ਸਜਾਏ ਗਏ ਹਨ ਜਿੰਨ੍ਹਾਂ ਨੇ ਆਉਂਦਿਆਂ ਹੀ ਇਜ਼ਰਾਈਲੀ ਰਾਜ ਦੀ ਤੁਰੀ ਆਉਂਦੀ ਜਾਬਰ ਨੀਤੀ ਨੂੰ ਹੋਰ ਵਧੇਰੇ ਚੱਕਵੇਂ ਢੰਗ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ’ਚੋਂ ਇੱਕ ਚੱਕਵੇਂ ਜ਼ਿਓਨਵਾਦੀ ਮੰਤਰੀ ਸਮਾਟਰਿਚ ਨੇ ਐਲਾਨ ਕੀਤਾ ਕਿ ਏਥੇ ਫਲਸਤੀਨੀਆਂ ਵਰਗਾ ਕੁਝ ਨਹੀਂ ਹੈ। ਇਹਨਾਂ ਨੇ ਅਲ-ਅਕਸਾ ਮਸਜਿਦ ’ਚ ਮੁਸਲਿਮ ਨਮਾਜੀਆਂ ਲਈ ਰਾਖਵੀਂ ਜਗ੍ਹਾ ਤਬਦੀਲ ਕਰਨ ਦੇ ਮਨਸੂਬੇ ਵੀ ਜਾਹਰ ਕੀਤੇ ਤੇ ਅਪ੍ਰੈਲ ’ਚ ਇਜ਼ਰਾਈਲੀ ਪੁਲਿਸ ਨੇ ਮਸਜਿਦ ’ਚ ਵੜ ਕੇ ਰਬੜ ਦੀਆਂ ਗੋਲੀਆਂ ਦਾਗੀਆਂ ਤੇ ਗਰਨੇਡ ਸੁੱਟੇ। ਮਸਜਿਦ ’ਚੋਂ 350 ਨਮਾਜੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਲਈ ਹਮਾਸ ਵਾਲਿਆਂ ਨੇ ਇਸ ਹਮਲੇ ਨੂੰ ਵੀ ਅਲ-ਅਕਸਾ ਨਾਂ ਹੀ ਦਿੱਤਾ ਸੀ ਇਸਤੋਂ ਬਿਨਾਂ ਪੱਛਮੀ ਕਿਨਾਰੇ ’ਤੇ ਯਹੂਦੀ ਬਸਤੀਆਂ ਵਸਾਉਣ ਦਾ ਅਮਲ ਤੇਜ਼ ਕੀਤਾ ਗਿਆ। ਇਹ ਤੇਜ਼ ਕੀਤਾ ਅਮਲ ਕਬਜ਼ੇ ਅਧੀਨ ਇਲਾਕੇ ’ਤੇ ਪਕੜ ਹੋਰ ਮਜ਼ਬੂਤ ਕਰਨਾ ਤੇ ਵਸਾਈ ਗਈ ਗਿਣਤੀ ਨੂੰ ਦੁੱਗਣਾ ਕਰਨ ਦੇ ਮਨਸ਼ਿਆਂ ਦਾ ਪ੍ਰਗਟਾਵਾ ਸੀ। ਇਸ ਸਾਰੇ ਅਰਸੇ ’ਚ  ਵਸਾਈਆਂ ਇਜ਼ਰਾਇਲੀ ਬਸਤੀਆਂ ਵੱਲੋਂ ਫਲਸਤੀਨੀਆਂ ਖਿਲਾਫ਼ ਹਿੰਸਕ ਜਬਰ ਤੇਜ਼ ਹੋਇਆ ਤੇ ਵੱਡੀ ਗਿਣਤੀ ’ਚ ਹਮਲੇ ਹੋਏ। ਲੰਘੀ ਜੂਨ ਦੇ ਮਹੀਨੇ ’ਚ ਵੀ ਜ਼ਿਓਨਵਾਦੀ ਤਾਕਤਾਂ ਵੱਲੋਂ ਫਲਸਤੀਨੀਆਂ ’ਤੇ 310 ਹਮਲੇ ਕੀਤੇ ਗਏ ਜਿੰਨ੍ਹਾਂ ’ਚ ਕਈ ਘਰ ਫੂਕ ਦਿੱਤੇ ਗਏ ਸਨ ਅਤੇ ਇੱਕ ਮਸਜਿਦ ਤੇ ਸਕੂਲ ਵੀ ਤਬਾਹ ਕਰ ਦਿੱਤੇ ਗਏ ਸਨ। ਫਲਸਤੀਨੀਆਂ ਦੇ ਰਫਿਊਜੀ ਕੈਂਪਾਂ ’ਤੇ ਵੀ ਡਰੋਨ ਹਮਲੇ ਕੀਤੇ ਗਏ ਸਨ। ਜੁਲਾਈ ਮਹੀਨੇ ’ਚ ਵੀ 10 ਫਲਸਤੀਨੀ ਕਤਲ ਕੀਤੇ ਗਏ ਸਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਪੱਛਮੀ ਕਿਨਾਰੇ ’ਤੇ ਬਸਤੀਆਂ ਵਸਾਉਣ ਨਾਲ ਸੰਬੰਧਿਤ ਹਮਲਿਆਂ ’ਚ ਪਹਿਲੇ 6 ਮਹੀਨਿਆਂ ਦੌਰਾਨ ਹੀ 200 ਫਲਸਤੀਨੀ ਕਤਲ ਕੀਤੇ ਗਏ ਸਨ। ਇਹ ਉਹ ਤਾਜ਼ਾ ਪਿਛੋਕੜ ਸੀ ਜਿਸ ਦਰਮਿਆਨ ਹਮਾਸ ਵੱਲੋਂ ਇਹ ਹਮਲਾ ਕੀਤਾ ਗਿਆ ਸੀ। 

ਹਮਾਸ ਵੱਲੋਂ ਕੀਤੇ ਗਏ ਇਸ ਹਮਲੇ ਦੇ ਪੈਣ ਵਾਲੇ ਅਸਰਾਂ ਦੇ ਦੋਨੋਂ ਪੱਖ ਹਨ। ਇਸ ਦਾ ਮੁੱਖ ਪੱਖ ਤਾਂ ਇਹ ਹੈ ਕਿ ਇਸ ਹਮਲੇ ਨੇ ਫਲਸਤੀਨੀ ਟਾਕਰਾ ਸ਼ਕਤੀ ਦੀ ਵਧੀ ਹੋਈ ਸਮਰੱਥਾ ਦਾ ਮੁਜ਼ਾਹਰਾ ਕੀਤਾ ਹੈ। ਇਸਨੇ ਇਜ਼ਰਾਈਲ ਦੇ ਅਜੇਤੂ ਹੋਣ ਦੇ ਬਣਾਏ ਜਾਂਦੇ ਪ੍ਰਭਾਵ ਨੂੰ ਵੱਡੀ ਸੱਟ ਮਾਰੀ ਹੈ। ਸਿਰੇ ਦੇ ਅਧੁਨਿਕ ਜਸੂਸੀ ਯੰਤਰਾਂ ਨਾਲ ਲੈਸ ਇਜ਼ਰਾਈਲੀ ਰਾਜ ਨੂੰ ਬਹੁਤ ਜਬਰਦਸਤ ਝਟਕਾ ਦਿੱਤਾ ਹੈ ਤੇ ਉਸਦੀ ਤਕਨੀਕੀ ਸਮਰੱਥਾ ਦੀ ਉਤਮਤਾ ਦੇ ਹੰਕਾਰ ਨੂੰ ਇੱਕ ਵਾਰ ਰੋਲਣ ਵਰਗੀ ਹਾਲਤ ਬਣਾ ਦਿੱਤੀ ਹੈ। ਇਸ ਹਮਲੇ ਰਾਹੀਂ ਫਲਸਤੀਨੀ ਟਾਕਰਾ ਸ਼ਕਤੀਆਂ ਨੇ ਆਪਣੇ ਕਾਇਮ ਰਹਿ ਰਹੇ ਦਮ-ਖਮ ਨੂੰ ਦਰਸਾਇਆ ਹੈ ਕਿ ਲਗਾਤਾਰ ਇਜ਼ਰਾਈਲੀ ਘੇਰਾਬੰਦੀ ਤੇ ਜਬਰ ਉਹਨਾਂ ਦਾ ਲੱਕ ਨਹੀਂ ਤੋੜ ਸਕਿਆ ਹੈ ਤੇ ਨਾ ਹੀ ਮਾਤ ਭੂਮੀ ਦੀ ਰੱਖਿਆ ਲਈ ਟਾਕਰੇ ਦੀ ਭਾਵਨਾ ਕਿਸੇ ਪੱਖੋਂ ਮੱਧਮ ਪਈ ਹੈ, ਸਗੋਂ ਇਹ ਹੋਰ ਪ੍ਰਚੰਡ ਹੋ ਰਹੀ ਹੈ। ਹੈ।  ਇਸ ਹਮਲੇ ਨੇ ਇਜ਼ਰਾਇਲ ਤੇ ਅਮਰੀਕੀ ਸਾਮਰਾਜ ਖ਼ਿਲਾਫ਼ ਟਾਕਰੇ ਦੇ ਰਾਹ ਪਈਆਂ ਹੋਈਆਂ ਤੇ ਕੌਮੀ ਮੁਕਤੀ ਲਈ ਜੂਝ ਰਹੀਆਂ ਸ਼ਕਤੀਆਂ ਨੂੰ ਹੌਂਸਲਾ ਦਿੱਤਾ ਹੈ ਤੇ ਜੂਝਣ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਇਉ ਇਸਦਾ ਅਸਰ ਫਲਸਤੀਨੀ ਟਾਕਰੇ ਤੋਂ ਵੀ ਅੱਗੇ ਤੱਕ ਦਾ ਹੈ। ਪਰ ਇਸ ਹਮਲੇ ’ਚ ਆਮ ਇਜ਼ਰਾਈਲੀ ਨਾਗਰਿਕਾਂ ਦੀਆਂ ਜਾਨਾਂ ਦਾ ਜਾਣਾ ਅਫਸੋਸਨਾਕ ਤਾਂ ਹੈ ਈ, ਸਗੋਂ ਅਜਿਹਾ ਵਾਪਰਨਾ ਫਲਸਤੀਨੀ ਲੋਕਾਂ ਦੇ ਸੰਘਰਸ਼ ਦੀ ਵਾਜਬੀਅਤ ਤੇ ਹਮਾਇਤ ਨੂੰ ਨਾਂਹ-ਪੱਖੀ ਰੁਖ਼ ਤੋਂ ਅਸਰਦਾਇਕ ਕਰਨ ਵਾਲਾ ਪਹਿਲੂ ਵੀ ਬਣਦਾ ਹੈ ਜਿਸਦੀ ਵਰਤੋਂ ਇਜ਼ਰਾਈਲੀ ਹਕੂਮਤ ਵੱਲੋਂ ਵੀ ਕੀਤੀ ਜਾ ਰਹੀ ਹੈ। ਇਜ਼ਰਾਇਲ ਦੀ ਨੇਤਨਯਾਹੂ ਹਕੂਮਤ ਮੁਲਕ ਅੰਦਰ ਪਿਛਲੇ ਅਰਸੇ ਤੋਂ ਤਿੱਖੇ ਨਿਖੇੜੇ ਦਾ ਸਾਹਮਣਾ ਕਰ ਰਹੀ ਸੀ ਤੇ ਪਿਛਲੇ ਸਾਰੇ ਸਮੇਂ ’ਚ ਇਜ਼ਰਾਇਲ ਅੰਦਰ ਆਮ ਕਰਕੇ ਹੀ ਹਾਕਮ ਜਮਾਤਾਂ ਤੇ ਲੋਕਾਂ ਦਾ ਟਕਰਾਅ ਕਾਫੀ ਤਿੱਖਾ ਹੋਇਆ ਹੈ। ਆਰਥਿਕ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਜ਼ੋਰਦਾਰ ਪ੍ਰਦਰਸ਼ਨ ਹੋਏ ਹਨ ਤੇ ਮੁਲਕ ਦੀ ਸੁਪਰੀਮ ਕੋਰਟ ਦੀਆਂ ਤਾਕਤਾਂ ਹਕੂਮਤੀ ਹੱਥਾਂ ’ਚ ਕੇਂਦਰਤ ਕਰਨ ਵਾਲੀਆਂ ਸੰਵਿਧਾਨਕ ਤਬਦੀਲੀਆਂ ਖਿਲਾਫ਼ ਵੱਡੇ ਜਨਤਕ ਮੁਜ਼ਾਹਰੇ ਹੋਏ ਹਨ ਤੇ ਹਾਕਮ ਜਮਾਤਾਂ ਲੋਕਾਂ ਅੰਦਰੋਂ ਸਿਆਸੀ ਅਧਾਰ ਨੂੰ ਖੋਰੇ ਦਾ ਸਾਹਮਣਾ ਕਰ ਰਹੀਆਂ ਸਨ। । ਚਾਹੇ ਲੋਕਾਂ ਦੇ ਹਾਕਮ ਜਮਾਤਾਂ ਨਾਲ ਟਕਰਾਅ ’ਚ ਅਜੇ ਫਲਸਤੀਨੀ ਲੋਕਾਂ ਦੇ ਹੱਕੀ ਮੰਗ ਦਾ ਕੋਈ ਸਥਾਨ ਨਹੀਂ ਬਣਿਆ ਹੋਇਆ ਹੈ। ਉਹ ਮੁੱਖ ਤੌਰ ’ਤੇ ਆਰਥਿਕ ਸੰਕਟਾਂ ’ਚੋਂ ਉਪਜੀ ਬੇਚੈਨੀ ਦੁਆਲੇ ਪ੍ਰਗਟ ਹੋ ਰਿਹਾ ਹੈ। ਅਜਿਹੀ ਹਾਲਤ ’ਚ ਇਹ ਹਮਲਾ ਇੱਕ ਵਾਰ ਸਰਕਾਰ ਹੱਥ ਆਇਆ ਅਜਿਹਾ ਮੌਕਾ ਹੈ ਜਿਸ ਰਾਹੀਂ ਉਹ ਲੋਕਾਂ ਦਾ ਧਿਆਨ ਅੰਦਰੂਨੀ ਸੰਕਟ ਤੋਂ ਹਟਾ ਕੇ, ਫਲਸਤੀਨੀ ਮਸਲੇ ’ਤੇ ਕੇਂਦਰਿਤ ਕਰਨ ਦਾ ਯਤਨ ਕਰਨਗੇ ਤੇ ਲੋਕਾਂ ਨੂੰ ਹਕਮੂਤ ਪਿੱਛੇ ਲਾਮਬੰਦ ਕਰਨ ਲਈ ਵਰਤਣਗੇ। ਇਉਂ ਫਲਸਤੀਨੀ ਟਾਕਰਾ ਸ਼ਕਤੀਆਂ ਲਈ ਆਪਣੇ ਚੋਟ ਨਿਸ਼ਾਨੇ ਤੈਅ ਕਰਨ ਪੱਖੋਂ ਬਹੁਤ ਹੀ ਸੰਭਲ ਕੇ ਚੱਲਣ ਦੀ ਲੋੜ ਉਭਰਦੀ ਹੈ ਤਾਂ ਕਿ ਆਮ ਇਜ਼ਰਾਇਲੀ ਨਾਗਰਿਕ ਨਿਸ਼ਾਨਾ ਨਾ ਬਣਨ. ਸਗੋਂ ਇਜ਼ਰਾਇਲ ਦੇ ਲੋਕਾਂ ’ਚੋਂ ਵੀ ਫਲਸਤੀਨੀ ਕਾਜ ਦੀ ਹਮਾਇਤ ਹਾਸਲ ਕੀਤੀ ਜਾ ਸਕੇ। ਸਾਮਰਾਜੀ ਤਾਕਤਾਂ ਨੂੰ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ’ਚ ਵੀ ਫਲਸਤੀਨੀ ਟਾਕਰੇ ਬਾਰੇ ਭਰਮ ਪੈਦਾ ਕਰਨ ਦਾ ਮੌਕਾ ਨਾ ਬਣੇ। ਫਲਸਤੀਨ ਅੰਦਰ ਲੋਕਾਂ ਦੀਆਂ ਕਈ  ਤਰ੍ਹਾਂ ਦੀਆਂ ਟਾਕਰਾ ਸ਼ਕਤੀਆਂ ਸਰਗਰਮ ਹਨ ਜਿੰਨ੍ਹਾਂ ’ਚੋਂ ਹਮਾਸ ਇਸ ਵੇਲੇ ਸਭ ਤੋਂ ਉੱਭਰਵੀਂ ਹੈ। ਧਾਰਮਿਕ ਪੈਂਤੜੇ ਤੋਂ ਸਰਗਰਮ  ਇਹ ਜਥੇਬੰਦੀ ਸਾਮਰਾਜ ਖ਼ਿਲਾਫ਼ ਜੂਝ ਰਹੇ ਦੁਨੀਆਂ ਭਰ ਦੇ ਲੋਕਾਂ ਦੇ ਕੈਂਪ ਦੀਆਂ ਸ਼ਕਤੀਆਂ ’ਚ ਹੀ ਸ਼ੁਮਾਰ ਹੁੰਦੀ ਹੈ। ਆਪਣੇ ਪੈਂਤੜੇ ਦੀਆਂ ਸੀਮਤਾਈਆਂ ਤੇ ਨੁਕਸਾਂ ਦੇ ਬਾਵਜੂਦ ਉਹ ਫਲਸਤੀਨੀ ਲੋਕਾਂ ਦੀ ਟਾਕਰਾ ਸ਼ਕਤੀ ਦੀ ਨੋਕ ਬਣੀ ਹੋਈ ਹੈ। ਤੇ ਏਸੇ ਕਰਕੇ ਉਹ ਅਮਰੀਕੀ  ਸਾਮਰਾਜੀਆਂ ਤੇ ਉਸਦੇ ਜੋਟੀਦਾਰਾਂ ਦੇ ਤਿੱਖੇ ਕਹਿਰ ਦਾ ਨਿਸ਼ਾਨਾ ਬਣੀ ਹੋਈ ਹੈ। ਹਮਾਸ ਸਮੇਤ ਫਲਸਤੀਨੀ ਲੋਕਾਂ ਦੀਆਂ ਟਾਕਰਾ ਸ਼ਕਤੀਆਂ ਦੇ ਪੈਤੜਿਆਂ ਦੀ ਅਲੋਚਨਾ ਜਾਂ ਪੜਚੋਲ ਦਾ ਅਧਿਕਾਰ ਸਾਮਰਾਜ ਵਿਰੋਧੀ ਲੋਕਾਂ ਦੇ ਕੈਂਪ  ਦੀਆਂ ਸ਼ਕਤੀਆਂ ਨੂੰ ਹੈ ਨਾ ਕਿ ਦੁਸ਼ਮਣ ਸਾਮਰਾਜ ਤਾਕਤਾਂ ਨੂੰ। ਇਹ ਸਾਮਰਾਜੀ ਤਾਕਤਾਂ  ਲੋਕਾਂ ਦੇ ਦੁਸ਼ਮਣ ਵਜੋਂ ਕਿਸੇ ਲੋਕ ਸ਼ਕਤੀ ਦੀ ਅਲੋਚਨਾ ਦੀਆਂ ਹੱਕਦਾਰ ਨਹੀਂ ਹਨ। ਉਹ ਖੁਦ ਦੁਨੀਆਂ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਹਨ ਤੇ ਧਰਤੀ ’ਤੇ ਫੈਲੇ ਹਰ ਤਰ੍ਹਾਂ ਦੇ ਜਬਰ ਦਾ ਸੋਮਾ ਹਨ। ਉਹਨਾਂ ਵੱਲੋਂ ਤਾਂ ਹਮਾਸ ਵਰਗੀਆਂ ਜਥੇਬੰਦੀਆਂ ਬਾਰੇ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਜਾਂਦਾ ਹੈ।

ਦਬਾਈਆਂ ਕੌਮਾਂ ਤੇ ਮੁਲਕਾਂ ਅੰਦਰਲੀਆਂ ਟਾਕਰਾ ਲਹਿਰਾਂ ਅੰਦਰ ਦਹਿਸ਼ਤੀ ਢੰਗ ਵਰਤਣ ਦਾ ਰੁਝਾਨ ਚਿਰਾਂ ਤੋਂ  ਤੁਰਿਆ ਆ ਰਿਹਾ ਹੈ। ਇਸਦੀ ਵਰਤੋਂ ਨੂੰ ਲੈਕੇ ਲੋਕਾਂ ਦੀਆਂ ਸ਼ਕਤੀਆਂ ਦਰਮਿਆਨ ਬਹਿਸ ਵੀ ਹੁੰਦੀ ਆ ਰਹੀ ਹੈ। ਇਜ਼ਰਾਇਲ ਵਰਗੇ ਭਿਆਨਕ ਜਬਰ ਦਾ ਸਾਹਮਣਾ ਕਰਦੇ  ਤੇ ਜੇਲ੍ਹ ਵਰਗੀ ਹਾਲਤ ’ਚ ਜਿਉਦੇ ਲੋਕਾਂ ਦੀਆਂ ਟਾਕਰਾ ਲਹਿਰਾਂ ’ਚ  ਇਹਦੇ ਵਾਜਬ ਜਾਪਣ ਲਈ ਜ਼ਿਆਦਾ ਅਧਾਰ ਮੌਜੂਦ ਹੁੰਦਾ ਹੈ। ਇਸ ਟਾਕਰਾ ਹਮਲਿਆਂ ਸਮੇਂ ਬੇਕਸੂਰ ਮਨੁੱਖੀ ਜਾਨਾਂ ਜਾਣ ਤੋਂ ਬਚਣ ਦੀ ਪਹੁੰਚ ਲੈਕੇ ਚੱਲਣ ਜਾਂ ਅਣ-ਮਨੁੱਖੀ ਢੰਗਾਂ ਤੋਂ ਕਿਨਾਰਾ ਕਰਨ ਦੇ ਮਸਲਿਆਂ ’ਤੇ ਸੰਸਾਰ  ਦੇ ਲੋਕਾਂ ਨੂੰ ਆਪਣੀ ਰਜ਼ਾ ਤਾਂ ਪ੍ਰਗਟਾਉਣੀ ਚਾਹੀਦੀ ਹੈ ਪਰ ਇਸ ਲਈ  ਇਸ ਬੇ-ਮੇਚੇ ਟਾਕਰੇ ਦੀਆਂ ਗੁੰਝਲਦਾਰ ਹਾਲਤਾਂ ਨੂੰ ਗਿਣਤੀ ’ਚ ਰੱਖਦਿਆਂ ਲੋਕਾਂ ਦੇ ਕੈਂਪ ਦੀ ਸ਼ਕਤੀ ਪ੍ਰਤੀ  ਅਪਣਾਈ ਜਾਣ ਵਾਲੀ ਪਹੁੰਚ ਨੂੰ  ਅਧਾਰ ਬਣਾਇਆ ਜਾਣਾ ਚਾਹੀਦਾ ਹੈ ਨਾ ਕਿ ਸਾਮਰਾਜੀ ਪ੍ਰਚਾਰ ਦੇ ਹੱਲੇ ਦਾ ਅੰਗ ਬਣਕੇ ਅਜਿਹੀਆਂ ਟਾਕਰਾ ਸ਼ਕਤੀਆਂ ਖ਼ਿਲਾਫ਼ ਉਹੋ ਜਿਹਾ ਵਿਰੋਧ ਦਿਖਾਉਣਾ ਚਾਹੀਦਾ ਹੈ ਜਿਵੇਂ ਲੋਕ ਦੁਸ਼ਮਣ ਕੈਂਪ ਦੀਆਂ ਸ਼ਕਤੀਆਂ ਕਰਦੀਆਂ ਹਨ। ਇਹਨਾਂ ਲਹਿਰਾਂ ’ਚ ਇਹੋ  ਜਿਹੀਆਂ ਪਹੁੰਚਾਂ ਨੂੰ ਤਿਆਗਣ ਤੇ ਸਹੀ ਚੌਖਟਾ ਅਖਤਿਆਰ ਕਰਨ ਦਾ ਮਸਲਾ ਏਥੇ ਕਮਿ: ਇਨ:  ਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਦੇ ਪੈਰ ਜੰਮਣ ਨਾਲ ਵੀ ਜੁੜਿਆ ਹੋਇਆ ਹੈ। ਅਜਿਹੀਆਂ ਲਹਿਰਾਂ ’ਚ ਧਰਮ ਨਿਰਲੇਪ ਤੇ ਜਮਹੂਰੀ ਤਾਕਤਾਂ ਦੀ ਮੌਜੂਦਗੀ ਅਜਿਹੀਆਂ ਤਾਕਤਾਂ ਦੀ ਧਾਰਮਿਕ ਕੱਟੜਤਾ ਨੂੰ ਮੱਧਮ ਪਾਉਣ ਦਾ ਕਾਰਨ ਵੀ ਬਣਦੀ ਹੈ। ਜਿਵੇਂ ਕਈ ਵਾਰ ਹਮਾਸ’ਚ ਧਾਰਮਿਕ ਕੱਟੜਤਾ ਦੇ ਮੱਧਮ ਹੋਣ ਦੇ ਝਲਕਾਰੇ ਦਿਖਦੇ ਰਹੇ ਹਨ। ਕੁੱਲ ਮਿਲਾ ਕੇ, ਇਹ ਲੋਕਾਂ ਦੀ ਟਾਕਰਾ ਲਹਿਰ ਦੀਆਂ ਸੀਮਤਾਈਆਂ ਹਨ ਜਿਹੜੀਆਂ ਪੂਰੇ ਸੰਸਾਰ ਅੰਦਰ ਵਿਸ਼ੇਸ਼ ਕਰਕੇ  ਸਾਮਰਾਜੀ  ਲੁੱਟ ਤੇ ਜਬਰ ਝੱਲ ਰਹੇ ਮੁਲਕਾਂ ਅੰਦਰ ਇਨਕਲਾਬੀ ਸ਼ਕਤੀਆਂ ਦੇ ਪੈਰ ਜੰਮਣ ਨਾਲ ਹੀ ਨਜਿੱਠੀਆਂ ਜਾਣੀਆਂ ਹਨ। 

ਇਜ਼ਰਾਇਲ ਤੇ ਅਮਰੀਕਾ ਦਾ ਮੋੜਵਾਂ  ਵਹਿਸ਼ੀ ਹਮਲਾਵਰ ਹੁੰਗਾਰਾ ਇਜ਼ਰਾਇਲੀ ਨਾਗਰਿਕਾਂ ਦੀ ਜਾਨ ਜਾਣ ਦੇ ਰੋਸ ’ਚੋਂ ਨਹੀਂ ਉਪਜਿਆ ਹੋਇਆ, ਸਗੋਂ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ ਜੰਗੀ ਜਨੂੰਨ ਤੇ ਹਮਾਸ ਨੂੰ ਕੁਚਲ ਦੇਣ ਦੇ ਐਲਾਨ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਨੂੰ ਅਜਿਹਾ ਝਟਕਾ ਦੇਣ ਦੀ ਹਿਮਾਕਤ ਕਰਨ ਦੀ ਔਖ ’ਚੋਂ ਨਿੱਕਲ ਰਹੇ ਹਨ। ਮੱਧ ਪੂਰਬ ਅੰਦਰ ਇਜ਼ਰਾਈਲ ਦੀ ਮੌਜੂਦਗੀ ਅਮਰੀਕੀ ਸਾਮਰਾਜੀ ਮਹਾਂ ਸ਼ਕਤੀ ਲਈ ਬਹੁਤ ਮਹੱਤਵਪੂਰਨ ਹੈ ਤੇ ਇਸਦੀ ਇੱਕ ਖੂੰਖਾਰ ਧੱਕੜ ਰਾਜ ਵਜੋਂ ਨੁਮਾਇਸ਼ ਇਸ ਖਿੱਤੇ ਅੰਦਰ ਅਮਰੀਕੀ ਗਿਣਤੀਆਂ/ ਸਕੀਮਾਂ ਨੂੰ ਅੱਗੇ ਵਧਾਉਣ ਲਈ ਬਹੁਤ ਲੋੜ ਹੈ। ਇਸ ਲਈ ਅਮਰੀਕਾ ਨੇ ਇਸਨੂੰ ਆਪਣੇ ’ਤੇ ਹੋਏ ਹਮਲੇ ਵਜੋਂ ਹੀ ਲਿਆ ਹੈ ਤੇ ਏਸੇ ਲਈ ਅਜਿਹਾ ਬੁਖਲਾਹਟ ਭਰਿਆ ਪ੍ਰਤੀਕਰਮ ਦਿੱਤਾ ਹੈ। ਇਜ਼ਰਾਈਲ ਤੋਂ ਵੀ ਮੂਹਰੇ ਹੋ ਕੇ ਮੋੜਵਾਂ ਹਮਲਾ ਕਰਨ ਦੀ ਕਾਹਲ ਦਿਖਾਈ ਹੈ, ਹਰ ਤਰ੍ਹਾਂੰ ਦੀ ਸਹਾਇਤਾ ਤਹਿਤ ਦੋ ਬਿਲੀਅਨ ਡਾਲਰ ਦੇ ਰੱਖਿਆ ਪੈਕੇਜ ਦਾ ਭਰੋਸਾ ਦਿੱਤਾ ਹੈ ਤੇ ਫੌਜੀ ਮਸ਼ੀਨਰੀ ਦੀ ਵੱਡੀ ਖੇਪ ਦੇਣ ਦਾ ਐਲਾਨ ਕੀਤਾ ਹੈ। ਬਾਇਡਨ ਸਮੇਤ ਰੱਖਿਆ ਮੰਤਰੀ ਨੇ ਵਿਦੇਸ਼ ਮੰਤਰੀ ਨੇ ਇਜ਼ਰਾਇਲ ਦੇ ਗੇੜੇ ਕੱਢੇ ਹਨ ਤੇ ਬਾਇਡਨ ਨੇ ਕਿਹਾ ਹੈ ਕਿ ਮੋੜਵਾਂ ਹਮਲਾ ਕਰਨਾ ਇਜ਼ਰਾਇਲ ਦਾ ਹੱਕ ਨਹੀਂ, ਸਗੋਂ ਡਿਊਟੀ ਹੈ। ਅਜਿਹਾ ਬਿਆਨ ਆਪਣੇ ਆਪ ’ਚ ਹੀ ਅਮਰੀਕੀ ਮਨਸ਼ਿਆਂ ਨੂੰ ਦਰਸਾਉਂਦਾ ਹੈ। ਫਲਸਤੀਨੀ ਲੋਕਾਂ ’ਤੇ ਬੋਲਿਆ ਹੋਇਆ ਸੱਜਰਾ ਖੂੰਖਾਰ ਧਾਵਾ ਇੱਕ ਤਰ੍ਹਾਂ ਅਮਰੀਕੀ ਸੰਚਾਲਨ ਤਹਿਤ ਹੈ। ਇਹ ਅਮਰੀਕੀ ਹਥਿਆਰ ਹੀ ਹਨ ਜਿਹੜੇ ਬੇਗੁਨਾਹ ਫਲਸਤੀਨੀ ਲੋਕਾਂ ਦੇ ਲਹੂ ਦੀ ਹੋਲੀ ਖੇਡਣ ਲਈ ਵਰਤੇ ਜਾ ਰਹੇ ਹਨ।

ਇਜ਼ਰਾਇਲ ’ਤੇ ਹਮਾਸ ਵੱਲੋਂ ਕੀਤੀ ਸਟਰਾਈਕ  ਮਗਰੋਂ ਦੇ ਖੂੰਖਾਰ ਇਜ਼ਰਾਇਲੀ ਹਮਲੇ ਦਾ ਸਮੁੱਚਾ ਘਟਨਾਕ੍ਰਮ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਸੰਸਾਰ ਘਟਨਾਵਾਂ ’ਤੇ ਢਿੱਲੀ ਪੈਂਦੀ ਪਕੜ ਦਾ ਸਬੂਤ ਬਣ ਰਿਹਾ ਹੈ। ਸੰਸਾਰ ਘਟਨਾਵਾਂ ਦਾ ਵਹਿਣ ਅਮਰੀਕੀ ਵਿਉਂਤਾਂ ਤੋਂ ਬਾਹਰ ਹੋ ਰਿਹਾ ਹੈ। ਹਮਾਸ ਵਰਗੀਆਂ ਟਾਕਰਾ ਸ਼ਕਤੀਆਂ ਦਾ ਕਾਇਮ ਰਹਿ ਰਿਹਾ ਦਮ-ਖਮ ਤੇ ਅਜਿਹੀ ਹਮਲਾਵਰ ਸਮਰੱਥਾ ਅਮਰੀਕੀ ਸਾਮਰਾਜੀਆਂ ਦੀਆਂ ਲੋੜਾਂ ਅਨੁਸਾਰ ਮੱਧ ਪੂਰਬ ’ਚ ਚਾਹੀਦੀ ‘ਸਥਿਰਤਾ’ ਨਹੀਂ ਰਹਿਣ ਦੇ ਰਹੀ। ਪਹਿਲਾਂ ਵੀ ਲਿਬਨਾਨ ਅਧਾਰਿਤ ਜਥੇਬੰਦੀ ਹਿਜਬੁੱਲਾ ਨੂੰ ਨਹੀਂ ਕੁਚਲਿਆ ਜਾ ਸਕਿਆ। ਹਾਲਤ ਦਾ ਉੱਘੜਦਾ ਪਹਿਲੂ ਇਹ ਵੀ ਹੈ ਕਿ ਹਮਾਸ ਦੇ ਹਮਲੇ ’ਚ ਆਮ ਇਜ਼ਰਾਇਲੀ ਨਾਗਰਿਕਾਂ ਦੀਆਂ ਜਾਨਾਂ ਜਾਣ ਦੇ ਬਾਵਜੂਦ ਵੀ ਸੰਸਾਰ ਭਰ ’ਚ ਫਲਸਤੀਨੀ ਲੋਕਾਂ ਦੀ ਹਮਾਇਤ ’ਚ ਕਮੀ ਨਹੀਂ ਦਿਖੀ, ਸਗੋਂ ਵਿਆਪਕ ਪੱਧਰ ’ਤੇ ਇਹ ਹਮਾਇਤ ਹਾਸਲ ਹੋ ਰਹੀ ਹੈ। ਇੱਥੋਂ ਤੱਕ ਕਿ ਨਿਊਯਾਰਕ ਅੰਦਰ ਸੈਂਕੜੇ ਯਹੂਦੀ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਇਲੀ ਹਮਲੇ ਦੇ ਵਿਰੋਧ ’ਚ ਇੱਕ ਰੇਲਵੇ ਟਰਮੀਨਲ ਜਾਮ ਕਰ ਦਿੱਤਾ ਤੇ ਉਹਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਪਿਛਲੇ ਤਿੰਨ ਹਫਤਿਆਂ ’ਚ ਅਮਰੀਕਾ ਦੇ ਕਿੰਨੇ ਹੀ ਸ਼ਹਿਰਾਂ ’ਚ ਯਹੂਦੀਆਂ ਵੱਲੋਂ ਵੱਡੇ ਪ੍ਰਦਰਸ਼ਨ ਜਥੇਬੰਦ ਕੀਤੇ ਗਏ ਹਨ, ਜਿੰਨ੍ਹਾਂ ’ਚੋਂ ਸ਼ਿਕਾਗੋ ’ਚ ਹੋਇਆ ਮੁਜ਼ਾਹਰਾ 25000 ਦੇ ਲਗਭਗ ਸ਼ਮੂਲੀਅਤ ਵਾਲਾ ਸੀ। ਇਸ ਤੋਂ ਬਿਨਾਂ ਦੁਨੀਆਂ ਭਰ ’ਚ ਹੋਏ ਪ੍ਰਦਰਸ਼ਨ ਦਰਸਾ ਰਹੇ ਹਨ ਕਿ ਇਜ਼ਰਾਇਲ ਤੇ ਅਮਰੀਕਾ ਖਿਲਾਫ਼ ਵਿਆਪਕ ਲੋਕ ਰੋਹ ਦੀ ਲਹਿਰ ਹੈ। ਅਰਬ ਜਗਤ ਅੰਦਰ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜ ਵਿਰੋਧੀ ਭਾਵਨਾਵਾਂ ਦਾ ਉਭਾਰ ਹੈ ਜਿਸਦਾ ਪ੍ਰਗਟਾਵਾ ਇੱਕ ਪਾਸੇ ਅਰਬ ਜਗਤ ਅੰਦਰ ਵੱਡੇ ਜਨਤਕ ਮੁਜ਼ਾਹਰਿਆਂ ’ਚ ਲੋਕਾਂ ਦੇ ਡੁੱਲ ਡੁੱਲ ਪੈਂਦੇ ਰੋਹ ਦੇ ਰਾਹੀਂ ਹੋ ਰਿਹਾ ਹੈ ਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਅੰਸੈਬਲੀ ’ਚ ਪੇਸ਼ ਮਤੇ ਮੌਕੇ ਵੋਟਿੰੰਗ ਦੌਰਾਨ ਹੋਇਆ ਹੈ। ਜੰਗਬੰਦੀ ਤੇ ਸ਼ਾਂਤੀ ਬਹਾਲੀ ਦੀ ਗੱਲ ਕਰਦੇ ਮਤੇ ਦੇ ਹੱਕ ’ਚ ਇਜ਼ਰਾਇਲ ਅਮਰੀਕਾ ਦੀ ਹਮਾਇਤ ’ਚ ਗਿਣਤੀ ਦੇ ਦੇਸ਼ ਖੜ੍ਹੇ ਹਨ ਜਦ ਕਿ ਮਤੇ ਹੱਕ ’ਚ ਬਹੁਤ ਵੱਡੀ ਗਿਣਤੀ ਭੁਗਤੀ ਹੈ। ਅਰਬ ਮੁਲਕਾਂ ਦੀਆਂ ਅਮਰੀਕਾ ਪਿੱਠੂ ਹਕੂਮਤਾਂ ਨੂੰ ਵੀ ਉਸ ਨਾਲ ਖੜ੍ਹਨ ’ਚ ਦਿੱਕਤ ਮਹਿਸੂਸ ਹੋਈ ਹੈ ਕਿਉਕਿ ਉਹਨਾਂ ਦੇ ਆਪਣੇ ਦੇਸ਼ਾਂ ਅੰਦਰੋਂ ਲੋਕਾਂ ਦੇ ਰੋਹ ਦਾ ਤਿੱਖਾ ਦਬਾਅ ਜ਼ਾਹਰ ਹੋ ਰਿਹਾ ਹੈ। ਇਜ਼ਰਾਇਲ ਅਮਰੀਕਾ ਹਮਲੇ ਨਾਲ ਜੁੜ ਕੇ ਵਾਪਰ ਰਹੇ ਘਟਨਾਕ੍ਰਮ ਦੀ ਇਹ ਸਥਿਤੀ ਸੰਸਾਰ ਅੰਦਰ ਸਾਮਰਾਜ ਤੇ ਲੋਕਾਂ ਦਰਮਿਆਨ ਤਿੱਖੀ ਹੋਈ ਵਿਰੋਧਤਾਈ ਦਾ ਇੱਕ ਉਘੜਵਾਂ ਝਲਕਾਰਾ ਹੈ। ਲੋਕਾਂ ਵਾਲੇ ਪੱਖ ਦਾ ਦਬਾਅ ਇਉਂ ਹਰਕਤਸ਼ੀਲ ਹੈ ਕਿ ਅਮਰੀਕਾ ਇਜ਼ਰਾਇਲ ਤੇ ਉਸਦੇ ਸੰਗੀਆਂ ਨੂੰ ਦੁਨੀਆਂ ਭਰ ’ਚ ਤਿੱਖੇ ਨਿਖੇੜੇ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸੀਰੀਆ ’ਚ ਮਨਚਾਹਿਆ ਦਖ਼ਲ ਨਾ ਦੇ ਸਕਣ ਤੇ ਆਖਰ ਨੂੰ ਸਭ ਵਿਉਂਤਾਂ ਧਰੀਆਂ ਧਰਾਈਆਂ ਰਹਿ ਜਾਣ ਦਾ ਝਟਕਾ, ਫਿਰ ਅਫਗਾਨਿਸਤਾਨ ’ਚੋਂ ਹਾਰ ਕੇ ਭੱਜਣ ਦਾ ਝਟਕਾ , ਹੁਣ ਇਜ਼ਰਾਇਲ ਨਾਲ ਜੁੜ ਕੇ ਸੰਸਾਰ ਦੇ ਲੋਕਾਂ ਦੇ ਰੋਹ ਦਾ ਨਿਸ਼ਾਨਾ ਬਣਨ ਦੀਆਂ ਘਟਨਾਵਾਂ ਤੇ ਅਰਬ ਜਗਤ ਅੰਦਰ ਵੀ ਅਧੀਨ ਹਕੂਮਤਾਂ ’ਤੇ ਵੀ ਆਪਣੀ ਮਰਜ਼ੀ ਨਾ ਪੁਗਾ ਸਕਣ ਦੀ ਬੇਵਸੀ, ਇਹ ਸਭ ਕੁੱਝ ਅਮਰੀਕੀ ਸਾਮਰਾਜ ਦੀ ਮਹਾਂਸ਼ਕਤੀ ਵਜੋਂ ਖੁਰ ਰਹੀ ਸਮਰੱਥਾ ਦੇ ਸੂਚਕ ਹਨ। ਸਾਮਰਾਜੀ ਲੁੱਟ-ਖਸੁੱਟ ਦੇ ਪਿੜ ’ਚ ਮੁਕਾਬਲੇ ਦਾ ਪੋਲ ਉੱਭਰ ਆਉਣ ਮਗਰੋਂ ਤਾਂ ਅਮਰੀਕੀ ਮਹਾਂਸ਼ਕਤੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ।  ਰੂਸ ਯੁਕਰੇਨ ਜੰਗ ’ਚ ਵੀ ਰੂੂਸ ’ਤੇ ਮੜ੍ਹੀਆਂ ਆਰਥਿਕ ਪਾਬੰਦੀਆਂ ਅਮਰੀਕੀ ਖਾਹਿਸ਼ਾਂ ਅਨੁਸਾਰ  ਸਿੱਟੇ ਨਹੀਂ ਕੱਢ ਸਕੀਆਂ। ਸਾਮਰਾਜੀਆਂ ਦੇ ਸੰਸਾਰ ਮੰਚਾਂ ’ਚ ਮਨਚਾਹੇ ਫੈਸਲੇ ਕਰਵਾਉਣ ’ਚ ਵੀ ਦਿੱਕਤਾਂ ਖੜ੍ਹੀਆਂ ਹੋ ਰਹੀਆਂ ਹਨ। ਭਾਰਤ ਅੰਦਰ ਹੋਏ ਜੀ-20 ਸੰਮੇਲਨ ਮੌਕੇ ਵੀ ਅਮਰੀਕੀ ਸਾਮਰਾਜੀਏ ਅਜਿਹੀ ਹਾਲਤ ਹੰਢਾ ਕੇ ਹਟੇ ਹਨ। ਚੀਨੀ ਦਖ਼ਲ ਨਾਲ ਇਰਾਨ ਤੇ ਸਾੳੂਦੀ ਅਰਬ ਦਰਮਿਆਨ ਪਾਟਕਾਂ ਦਾ ਘਟਨਾ ਵੀ ਅਮਰੀਕਾ ਲਈ ਖੁਸ਼ਗਵਾਰ ਨਹੀਂ ਤੇ ਹੁਣ ਵੀ ਇਰਾਨ ਅਮਰੀਕੀ ਧੌਂਸ ਨੂੰ ਮੰਨਣ ਤੋਂ ਇਨਕਾਰੀ ਹੋਇਆ ਹੈ। ਅਰਬ ਜਗਤ ’ਚ ਵਿਸ਼ੇਸ਼ ਕਰਕੇ ਅਮਰੀਕੀ ਪਕੜ ਢਿੱਲੀ ਪੈ ਚੁੱਕੀ ਹੈ।

ਫਲਸਤੀਨੀ ਲੋਕਾਂ ਦੀ ਕੌਮੀ ਜਦੋਜਹਿਦ ਦੀ ਹਮਾਇਤ ’ਚ ਤੇ ਇਜ਼ਰਾਇਲੀ ਰਾਜ ਦੇ ਜਬਰ ਦਾ ਵਿਰੋਧ ਕਰਦੇ ਲੋਕਾਂ ’ਚ ਮਸਲੇ ਦੇ ਨਿਪਟਾਰੇ ਬਾਰੇ ਕਈ ਤਰ੍ਹਾਂ ਦੀਆਂ ਪਹੁੰਚਾਂ ਦੇ ਪ੍ਰਗਟਾਵੇ ਹੁੰਦੇ ਰਹੇ ਹਨ। ਤੇ ਆਮ ਕਰਕੇ ਦੋ ਸਟੇਟ ਹੱਲ ਦੀ ਗੱਲ ਵੀ ਚੱਲਦੀ ਹੈ । ਇਹ ਤਾਂ ਠੀਕ ਹੈ ਕਿ ਏਨੇ ਲੰਮੇ ਅਰਸੇ ’ਚ ਇਸ ਮਸਲੇ ’ਚ ਹੁਣ ਕਈ ਗੱਲਾਂ ਗੁੰਝਲਦਾਰ ਹੋ ਚੁੱਕੀਆਂ ਹਨ। ਹੁਣ ਯਹੂਦੀ ਵਸੋਂ ਦਹਾਕਿਆਂ ਤੋਂ ਏਥੇ ਵਸ ਰਹੀ ਹੈ ਜਿਸਦੇ ਵਸੇਬੇ ਦੀਆਂ ਲੋੜਾਂ ਦੀਆਂ ਆਪਣੀਆਂ ਉਲਝਣਾਂ ਹਨ। ਪਰ ਇਸਦਾ ਅੰਤਿਮ ਵਾਜਬ ਨਿਪਟਾਰਾ ਇਸ ਅਧਾਰ ’ਤੇ ਹੋਣਾ ਬਣਦਾ ਹੈ ਕਿ ਫਲਸਤੀਨੀ ਲੋਕਾਂ ਦਾ ਆਪਣੀ ਮਾਤ ਭੂਮੀ ’ਤੇ ਰਹਿਣ ਵਸਣ ਤੇ ਆਪਣਾ ਰਾਜ ਉਸਾਰਣ ਦਾ ਹੱਕ ਸਾਲਮ ਹੈ। ਇਸ ਹੱਕ ਨੂੰ ਖੋਹਣਾ ਹੀ ਇਸ ਸਮੁੱਚੇ ਮਸਲੇ ਦੀ ਜੜ੍ਹ ਹੈ ਤੇ ਇਸਦਾ ਹੱਲ ਵੀ ਇਸ ਹੱਕ ਦੀ ਪੂਰਨ ਪੁੱਗਤ ’ਚ ਪਿਆ ਹੈ। ਇਸਦਾ ਭਾਵ ਇਹ ਹੈ ਕਿ ਫਲਸਤੀਨੀ ਲੋਕਾਂ ਨੂੰ ਉਹਨਾਂ ਦੀ ਮਾਤ ਭੂਮੀ ’ਤੇ ਮੁੜ ਵਸੇਬੇ ਦਾ ਬਿਨਾਂ ਕਿਸੇ ਸ਼ਰਤ ਪੂਰਾ ਅਧਿਕਾਰ ਮਿਲਣਾ ਹੈ, ਜਿਹੜਾ ਹੋਰ ਕਿਸੇ ਦਾ ਨਹੀਂ ਹੈ। ਇਸ ਮਸਲੇ ਦਾ ਹੱਕੀ ਤੇ ਵਾਜਬ ਨਿਆਂਈਂ ਹੱਲ ਏਸੇ ਪਹੁੰਚ ’ਚ ਮੌਜੂਦ  ਹੈ. ਇਸ ਮੂਲ ਨੁਕਤੇ ਤੋਂ ਭਟਕ ਕੇ, ਕੋਈ ਵੀ ਏਧਰ ਓਧਰ ਦੇ ਹੱਲ ਦੀ ਪਹੁੰਚ ਆਖਰ ਨੂੰ ਫਲਸਤੀਨੀ ਲੋਕਾਂ ਨਾਲ ਅਨਿਆਂ ਦਾ ਹੀ ਜਾਰੀ ਰੂਪ ਬਣ ਜਾਂਦੀ ਹੈ। ਫਲਸਤੀਨੀ ਲੋਕਾਂ ਦੀ ਮਾਤ ਭੂਮੀ ਦੀ ਬਿਨਾਂ ਸ਼ਰਤ ਵਾਪਸੀ  ਹੀ ਸਾਰੇ ਮਸਲੇ ਦੇ ਹੱਲ ਦੀ ਬੁਨਿਆਦ ਬਣਦੀ ਹੈ । ਉਸ ਤੋਂ ਅਗਲੇ ਕਦਮ ਇਸ ਆਧਾਰ ’ਤੇ ਹੀ ਤੈਅ ਹੋਣੇ ਚਾਹੀਦੇ ਹਨ ਜਿੰਨ੍ਹਾਂ ’ਚ ਇਜ਼ਰਾਇਲੀ ਲੋਕਾਂ ਦੇ ਵਸੇਬੇ ਦਾ ਮਸਲਾ ਵੀ ਸ਼ਾਮਲ ਹੋਵੇਗਾ।

ਫਲਸਤੀਨੀ ਲੋਕ ਟਾਕਰੇ ਨੂੰ ਕਮਿ: ਇਨ: ਸ਼ਕਤੀਆਂ ਦੀ ਅਗਵਾਈ ਦੀ ਘਾਟ ਦਾ ਸਾਹਮਣਾ ਹੈ। ਇਹ ਅਗਵਾਈ ਹੀ  ਫਲਸਤੀਨੀ ਲੋਕਾਂ ਦੇ ਸੰਘਰਸ਼ ਦੀਆਂ ਸੀਮਤਾਈਆਂ ਨੂੰ ਸਰ ਕਰ ਸਕਦੀ ਹੈ ਤੇ ਇਸ ਕੁਰਬਾਨੀਆਂ ਭਰੇੇ ਬੇਮਿਸਾਲ ਇਤਿਹਾਸਕ ਟਾਕਰੇ ਨੂੰ ਅੰਜਾਮ ਤੱਕ ਪਹੁੰਚਾ ਸਕਦੀ ਹੈ। ਸੰਸਾਰ ਅੰਦਰ ਅੰਤਰ ਸਾਮਰਾਜੀ ਵਿਰੋਧਤਾਈ ਦੇ ਤਿੱਖੇ ਹੋਣ ਦੀ ਹਾਲਤ, ਸਭਨਾਂ ਕੌਮੀ ਮੁਕਤੀ ਲਹਿਰਾਂ ਲਈ ਨਵੀਆਂ ਸੰਭਾਵਨਾਵਾਂ ਪੇਸ਼ ਕਰ ਰਹੀ ਹੈ ਤੇ ਨਾਲ ਹੀ ਉਲਝਣਾਂ ਵੀ ਲੈ ਕੇ ਆ ਰਹੀ ਹੈ। ਵੱਖ- ਵੱਖ ਸਾਮਰਾਜੀ ਧੜਿਆਂ ਨਾਲ ਜੁੜ ਕੇ ਬਣਨ ਵਾਲੇ ਤਾਕਤਾਂ ਦੇ ਤੋਲ ’ਚ,  ਅੱਗੇ ਵਧ ਸਕਣ ਦੀ ਹਾਲਤ ਟਾਕਰਾ ਲਹਿਰਾਂ ਦੀਆਂ ਲੀਡਰਸ਼ਿਪਾਂ ਦੀ ਸੂਝ-ਬੂਝ ’ਤੇ ਨਿਰਭਰ ਕਰੇਗੀ ਕਿ ਉਹ ਇਹਨਾਂ ਸੰਭਾਵਨਾਵਾਂ ਦਾ ਲਾਹਾ ਕਿਵੇਂ ਲੈਂਦੇ ਹਨ ਤੇ ਉਲਝਣਾਂ ਨਾਲ ਕਿਵੇਂ ਨਜਿੱਠਦੇ ਹਨ। ਫਲਸਤੀਨੀ ਟਾਕਰਾ ਲਹਿਰ ਨੇ ਵੀ ਏਸੇ ਅਗਲੇ ਦੌਰ ’ਚੋਂ ਗੁਜ਼ਰਨਾ ਹੈ।  

               ---0---

                                                                                                                                                                                                   

   

ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲੀ ਜੰਗ ਦਾ ਇੱਕ ਹੋਰ ਦੌਰ

 ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲੀ ਜੰਗ ਦਾ ਇੱਕ ਹੋਰ ਦੌਰ


ਆਪਣੀ ਮਾਤ ਭੂਮੀ ਨੂੰ ਹਾਸਲ ਕਰਨ ਲਈ ਜੂਝ ਰਹੇ ਫਲਸਤੀਨੀ ਲੋਕ ਇੱਕ ਵਾਰ ਫਿਰ ਭਿਆਨਕ ਤੇ ਵੱਡੇ ਪੈਮਾਨੇ ਦੇ ਹਮਲੇ ਹੇਠ ਹਨ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਬੋਲੇ ਖੂੰਖਾਰ ਹਮਲੇ ਨੂੰ ਲਗਭਗ ਤਿੰਨ ਹਫਤੇ ਬੀਤ ਚੁੱਕੇ ਹਨ। 7 ਅਕਤੂਬਰ ਨੂੰ ਹਮਾਸ ਲੜਾਕੂਆਂ ਵੱਲੋਂ ਇਜ਼ਰਾਈਲ ਦੇ ਸਮੁੱਚੇ ਜਸੂਸੀ ਤੇ ਉੱਚ ਤਕਨੀਕ ਅਧਾਰਿਤ ਰੱਖਿਆ ਤਾਣੇ-ਬਾਣੇ ਨੂੰ ਜਬਰਦਸਤ ਚਕਮਾ ਦੇ ਕੇ ਕੀਤੇ ਹਮਲੇ ਨੇ, ਇਜ਼ਰਾਈਲੀ ਫਾਸ਼ੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਇਜ਼ਰਾਈਲ ਦੀ ਸਖਤ ਸੁਰੱਖਿਆ ਘੇਰਾਬੰਦੀ ਤੋੜ ਕੇ, ਹਮਾਸ ਲੜਾਕੇ ਅੰਦਰ ਤੱਕ ਘੁਸੇ ਤੇ ਇਜ਼ਰਾਈਲੀ ਕਮਾਂਡਰਾਂ ਸਮੇਤ ਕਿੰਨੇ ਹੀ ਲੋਕਾਂ ਨੂੰ ਬੰਧਕ ਬਣਾ ਲਿਆ। ਹਮਾਸ ਲੜਾਕਿਆਂ ਦੀ ਇਸ ਕਾਰਵਾਈ ਨੇ ਇਜ਼ਰਾਈਲ ਦੀ ਖੂੰਖਾਰ ਫੌਜੀ ਤਾਕਤ ਨੂੰ ਇੱਕ ਵਾਰ ਬੇਵਸੀ ਦਾ ਅਹਿਸਾਸ ਕਰਵਾ ਦਿੱਤਾ ਤੇ ਫਲਸਤੀਨੀ ਲੋਕ ਟਾਕਰੇ ਦੇ ਜਿਉਂਦੇ ਹੋਣ ਦਾ ਮੁੜ ਤੋਂ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਖੂੰਖਾਰ ਇਜ਼ਰਾਈਲੀ ਰਾਜ ਨੇ ਹਮੇਸ਼ਾਂ ਵਾਂਗ ਗਾਜ਼ਾ ਪੱਟੀ ਦਾ ਮਲੀਆਮੇਟ ਕਰ ਦੇਣ ਦਾ ਐਲਾਨ ਕਰਦਿਆਂ ਅਜਿਹਾ ਹਮਲਾ ਵਿੱਢ ਦਿੱਤਾ ਹੈ ਜਿਹੜਾ ਹੁਣ ਤੱਕ ਦੇ ਸਭਨਾਂ ਹਮਲਿਆਂ ਤੋਂ ਭਿਆਨਕ ਕਿਹਾ ਜਾ ਰਿਹਾ ਹੈ। ਇਸ ਹਮਲੇ ਲਈ 3 ਲੱਖ 60 ਹਜ਼ਾਰ ਦੇ ਲਗਭਗ ਫੌਜ ਨੂੰ ਤਿਆਰ ਕੀਤਾ ਗਿਆ ਹੈ।। ਇਜ਼ਰਾਇਲੀ ਰਾਜ ਦੀ ਦਰਿੰਦਗੀ ਨੂੰ ਇੱਕ ਵਾਰ ਫਿਰ ਦੁਨੀਆਂ ਦੇਖ ਰਹੀ ਹੈ। ਰੋਜ਼-ਰੋਜ਼ ਇਜ਼ਰਾਈਲੀ ਬੰਬਾਂ ਨਾਲ ਮਰਦੇ ਫਲਸਤੀਨੀ ਬੱਚਿਆਂ, ਬਜ਼ਰੁਗਾਂ ਦੀਆਂ ਲਾਸ਼ਾਂ ਤੇ ਜਖ਼ਮੀਆਂ ਦੀਆਂ ਚੀਕਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਦੁਨੀਆਂ ਭਰ ’ਚ ਘੁੰਮ ਰਹੀਆਂ ਹਨ ਤੇ ਇਸ ਕਹਿਰ ਨਾਲ ਦੁਨੀਆਂ ਦੇ ਹਰ ਕੋਨੇ ’ਚ ਵਸਦੇ ਮਨੁੱਖੀ ਹਿਰਦੇ ਵਲੂੰਧਰੇ ਜਾ ਰਹੇ ਹਨ। ਇਜ਼ਰਾਈਲੀ ਰਾਜ ਵੱਲੋਂ ਗਾਜ਼ਾ ਪੱਟੀ ’ਚ ਦਾਖਲ ਹੋ ਕੇ ਹਮਲੇ ਕਰਨ ਦੇ ਕਦਮ ਲੈਣ ਤੋਂ ਪਹਿਲਾਂ ਬਹੁਤ ਹੀ ਭਿਆਨਕ ਬੰਬਾਰੀ ਕੀਤੀ ਗਈ ਹੈ। ਜਿਸ ਰਾਹੀਂ ਸੰਘਣੀ ਆਬਾਦੀ ਦੀਆਂ ਥਾਵਾਂ ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ 10 ਹਜ਼ਾਰ ਦੇ ਕਰੀਬ ਲੋਕ ਮਾਰੇ ਜਾਣ ਦੀਆਂ ਰਿਪੋਰਟਾਂ ਹਨ ਜਿੰਨਾਂ ’ਚ 9 ਹਜ਼ਾਰ ਤੋਂ ਜ਼ਿਆਦਾ ਗਾਜ਼ਾ ਪੱਟੀ ਦੇ ਵਾਸੀ ਹਨ। ਹਮਾਸ ਅਨੁਸਾਰ ਮਰਨ ਵਾਲਿਆਂ ’ਚ 40 ਫੀਸਦੀ ਬੱਚੇ ਹਨ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਚ ਪਾਣੀ, ਬਿਜਲੀ ਤੇ ਹੋਰ ਬੁਨਿਆਦੀ ਲੋੜਾਂ ਦੇ ਸਮਾਨ ਨੂੰ ਰੋਕ ਕੇ, ਲੱਖਾਂ ਲੋਕਾਂ ਨੂੰ ਘੋਰ ਸੰਕਟ ’ਚ ਧੱਕ ਦਿੱਤਾ ਹੈ। ਕੌਮਾਂਤਰੀ ਸਹਾਇਤਾ ਨੂੰ ਵੀ ਸੀਮਤ ਰੂਪ ’ਚ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੌਮਾਂਤਰੀ ਦਬਾਅ ਮਗਰੋਂ ਹੀ ਕੁੱਝ ਟਰੱਕ ਲੰਘਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਜ਼ਰਾਈਲ ਦੀ ਫੌਜ ਵੱਲੋਂ ਚਿੱਟਾ ਫਾਸਫੋਰਸ ਨਾਂ ਦਾ ਜ਼ਹਿਰੀਲਾ ਪਦਾਰਥ ਹਮਲੇ ਲਈ ਵਰਤਣ ਦੀਆਂ ਖਬਰਾਂ ਵੀ ਹਨ। ਇਹ ਰਸਾਇਣ ਚਮੜੀ ਨੂੰ ਸਾੜ ਦੇਣ ਨਾਲ ਲੋਕਾਂ ਨੂੰ ਤਿੱਖੀ ਤਕਲੀਫ ਦਿੰਦਾ ਹੈ। ਇਜ਼ਰਾਈਲ ਵੱਲੋਂ ਇੱਕ ਵਾਰ ਫਿਰ ਗਾਜ਼ਾ ਪੱਟੀ ’ਤੇ ਮਣਾਂ-ਮੂੰਹੀ ਬਾਰੂਦ ਸੁੱਟਿਆ ਜਾ ਰਿਹਾ ਹੈ। ਜ਼ਮੀਨੀ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਗਾਜਾ ਪੱਟੀ ਦਾ ਦੱਖਣੀ ਪਾਸਾ ਖਾਲੀ ਕਰਕੇ ਲੋਕਾਂ ਨੂੰ ਉੱਤਰੀ ਪਾਸੇ ਜਾਣ ਲਈ ਕਿਹਾ ਜਾ ਰਿਹਾ ਸੀ ਜਦਕਿ ਮਗਰੋਂ ਉੱਤਰੀ ਪਾਸੇ ਵੀ ਉਵੇਂ ਹੀ ਬੰਬਾਰੀ ਕੀਤੀ ਗਈ ਹੈ। ਦੱਖਣੀ ਪਾਸਾ ਖਾਲੀ ਕਰਨ ਦੇ ਐਲਾਨਾ ਨੂੰ ਕੌਮਾਂਤਰੀ ਪ੍ਰੈਸ ਹਲਕਿਆਂ ’ਚ ਇਸ ਖੇਤਰ ’ਚ ਵੀ ਇਜਰਾਇਲੀ ਕਬਜ਼ੇ ਦੀਆਂ ਵਿਉਂਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 14 ਲੱਖ ਤੋਂ ਉੱਪਰ ਲੋਕਾਂ ਨੂੰ ਆਪਣੇ ਘਰਾਂ  ਤੋਂ ਉਜੜਨਾ ਪਿਆ ਹੈ। 124 ਦੇਸ਼ਾਂ ਵੱਲੋਂ ਜੰਗਬੰਦੀ ਦੇ ਮਤੇ ਅਤੇ ਸ਼ਾਂਤੀ ਬਹਾਲੀ ਦੀ ਪੇਸ਼ਕਸ਼ ਦੇ ਬਾਵਜੂਦ ਇਜ਼ਰਾਇਲ ਨੇ ਇਸ ਖੂਨੀ ਹਮਲੇ ਨੂੰ ਰੋਕਣ ਤੋਂ ਨਾਂਹ ਕਰ ਦਿੱਤੀ ਹੈ। 10000 ਤੋਂ ਉੱਪਰ ਮੌਤਾਂ, 20000 ਤੋਂ ਵਧੇਰੇ ਜਖ਼ਮੀ, ਮਲਬੇ ਹੇਠ ਦੱਬੀਆਂ ਅਣਗਿਣਤ ਲਾਸ਼ਾਂ, ਬਿਜਲੀ, ਪਾਣੀ, ਦਵਾਈਆਂ ਤੇ ਭੋਜਨ ਤੋਂ ਬਗੈਰ ਤੜਪਦੀ ਲੋਕਾਈ, ਸੰਚਾਰ ਠੱਪ ਹੋਣ ਸਦਕਾ ਸਹਾਇਤਾ ਖੁਣੋਂ ਮਰਦੇ ਲੋਕ, ਤਹਿਸ-ਨਹਿਸ ਹੋਏ ਸ਼ਹਿਰ, ਇਸ ਤ੍ਰਾਸਦੀ ਦਾ ਸਮੁੱਚਾ ਬਿਆਨ ਨਹੀਂ  ਹੈ।

ਇਸ ਭਿਆਨਕ ਹਮਲੇ ਸਮੇਂ ਅਮਰੀਕੀ ਸਾਮਰਾਜੀਏ ਪੂਰੀ ਤਰ੍ਹਾਂ ਇਜ਼ਰਾਇਲੀ ਹਾਕਮਾਂ ਦੀ ਪਿੱਠ ’ਤੇ ਹਨ। ਬਾਇਡਨ ਸਮੇਤ ਅਮਰੀਕੀ ਮੰਤਰੀਆਂ ਨੇ ਇਜ਼ਰਾਈਲ ਪੁੱਜ ਕੇ, ਇਜ਼ਰਾਈਲੀ ਹਾਕਮਾਂ ਨੂੰ ਫਲਸਤੀਨੀ ਲੋਕਾਂ ਦੇ ਕਤਲੇਆਮ ਲਈ ਸਿੱਧੀ ਹੱਲਾਸ਼ੇਰੀ ਦਿੱਤੀ ਹੈ। ਹਰ ਤਰ੍ਹਾਂ ਦੀ ਫੌਜੀ ਤੇ ਆਰਥਿਕ ਸਹਾਇਤਾ ਦੇ ਐਲਾਨ ਕੀਤੇ ਹਨ। ਅਮਰੀਕਾ ਨੇ ਆਪਣੇ ਦੋ ਸਮੁੰਦਰੀ ਜੰਗੀ ਜਹਾਜ਼ ਇਜ਼ਰਾਈਲੀ ਸਮੁੰਦਰੀ ਖੇਤਰਾਂ ’ਚ ਭੇਜ ਦਿੱਤੇ ਹਨ। ਅਮਰੀਕੀ ਫੌਜੀ ਤੇ ਤਕਨੀਕੀ ਮਾਹਰ ਗਾਜ਼ਾ ਪੱਟੀ ’ਤੇ ਸਿੱਧੇ ਫੌਜੀ ਹਮਲੇ ਦੀ ਨਿਗਰਾਨੀ ਤੇ ਸਹਾਇਤਾ ਲਈ ਤਾਇਨਾਤ ਕੀਤੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਅਸਟਿਨ ਰੋਜ਼ ਵਾਂਗ ਹਾਲਤ ਦਾ ਜਾਇਜ਼ਾ ਲੈ ਰਿਹਾ ਹੈ। ਬਾਇਡਨ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਰਬ ਖੇਤਰ ’ਚੋਂ ਇਜ਼ਰਾਈਲ ਲਈ ਹਮਾਇਤ ਜੁਟਾਉਣ ਖਾਤਰ ਭੱਜ ਦੌੜ ਕਰ ਰਹੇ ਹਨ। ਹਰ ਤਰ੍ਹਾਂ ਦੇ ਸਾਜੋ ਸਮਾਨ ਦੀ ਸਹਾਇਤਾ ਦੇ ਨਾਲ-ਨਾਲ ਅਮਰੀਕੀ ਫੌਜੀਆਂ ਨੂੰ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਇਉਂ ਹੀ ਅਮਰੀਕੀ ਸਾਮਰਾਜੀ ਧੜੇ ਨਾਲ ਜੁੜੇ ਬਾਕੀ ਸਾਮਰਾਜੀ ਮੁਲਕਾਂ ਦੇ ਨੁਮਾਇੰਦੇ ਵੀ ਇਜ਼ਰਾਈਲ ਪੁੱਜ ਕੇ ਇਜ਼ਰਾਈਲੀ ਲੋਕਾਂ ਦੀ ਮੌਤ ’ਤੇ ਅੱਥਰੂ ਵਹਾ ਰਹੇ ਹਨ ਤੇ ‘ਸੰਕਟ ਦੀ ਘੜੀ’ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਰਹੇ ਹਨ। ਇੰਗਲੈਂਡ ਤੇ ਫਰਾਂਸ ਦੇ ਲੀਡਰਾਂ ਨੇ ਇਜ਼ਰਾਈਲ ਦੇ ਦੌਰੇ ਕੀਤੇ ਹਨ ਤੇ ਹਰ ਤਰ੍ਹਾਂ ਦੀ ਸਹਾਇਤਾ ਦੇ ਭਰੋਸੇ ਦਿੱਤੇ ਹਨ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਜੰਗ-ਬੰਦੀ ਤੇ ਸ਼ਾਂਤੀ ਕਾਇਮ ਕਰਨ ਦੇ ਮਤਿਆਂ ਨੂੰ ਵੀਟੋ ਕਰਕੇ ਇਜ਼ਰਾਇਲ ਨੂੰ ਹਮਲੇ ਜਾਰੀ ਰੱਖਣ ਦੀ ਢੋਈ ਦੇਣ ਦਾ ਯਤਨ ਕੀਤਾ ਹੈ ਤੇ ਦੁਨੀਆਂ ’ਚੋਂ ਦਹਿਸ਼ਤਗਰਦੀ ਦੇ ਖਾਤਮੇ ਦਾ ਪੁਰਾਣਾ ਰਾਗ ਅਲਾਪਿਆ ਹੈ। ਰੂਸ ਤੇ ਚੀਨ ਦੇ ਹਾਕਮਾਂ ਨੇ ਚਾਹੇ ਫਲਸਤੀਨ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ, ਪਰ ਉਹ ਵੀ ਚੋਣਵੀਂ ਬਿਆਨਬਾਜ਼ੀ ਕਰ ਰਹੇ ਹਨ। ਹਮਾਸ ਦੀ ਨਿੰਦਾ ਕਰਦਿਆਂ ਫਲਸਤੀਨੀ ਲੋਕਾਂ ਦੀਆਂ ਮੌਤਾਂ ਦੀ ਨਿੰਦਾ ਕਰ ਰਹੇ ਹਨ। ਉਹਨਾਂ ਦੀਆਂ ਆਪਣੀਆਂ ਸਾਮਰਾਜੀ/ਪਸਾਰਵਾਦੀ ਜ਼ਰੂਰਤਾਂ ਦੀਆਂ ਗਿਣਤੀਆਂ ਹਰਕਤਸ਼ੀਲ ਹਨ। ਹਮੇਸ਼ਾ ਵਾਂਗ ਹੀ ਸਾਮਰਾਜੀ ਤਾਕਤਾਂ ਇਸ ਮਸਲੇ ਨੂੰ ਆਪੋ ਆਪਣੇ ਹਿੱਤਾਂ ਅਨੁਸਾਰ ਸੰਬੋਧਿਤ ਹੋ ਰਹੀਆਂ ਹਨ। ਤਿੱਖੇ ਹੋ ਚੁੱਕੇ ਅੰਤਰ ਸਾਮਰਾਜੀ ਵਿਰੋਧਾਂ ਦਰਮਿਆਨ ਅਰਬ ਜਗਤ ’ਚ ਨਵੇਂ ਸਮੀਕਰਨ ਬਣ ਰਹੇ ਹਨ ਤੇ ਕੁੱਝ ਪੱਖਾਂ ਤੋਂ ਹੁਣ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਟਾਕਰੇ ਦੇ ਰਾਹ ਪਈਆਂ ਸ਼ਕਤੀਆਂ ਲਈ ਹਾਲਤ ’ਚ ਗੁੰਜਾਇਸ਼ਾਂ ਵਧੀਆਂ ਹਨ।

ਇਜ਼ਰਾਈਲ ਦੀ ਨੰਗੀ ਚਿੱਟੀ ਦਹਿਸ਼ਤਗਰਦੀ ਦੇ ਚੱਲਦਿਆਂ ਸਾਮਰਾਜੀਆਂ ਦੀ ਆਪਣੀ ਸੰਸਥਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਕਹਿਣਾ  ਪਿਆ ਹੈ ਕਿ ਹਮਾਸ ਦਾ ਹਮਲਾ ਕਿਸੇ ਖਲਾਅ ’ਚ ਨਹੀਂ ਹੋਇਆ, ਸਗੋਂ ਇਹ ਦਹਾਕਿਆਂ ਦੇ ਇਜ਼ਰਾਈਲੀ ਜ਼ੁਲਮਾਂ ਦਾ ਸਿੱਟਾ ਹੈ। ਉਸਨੇ ਹਮਾਸ ਦੇ ਹਮਲਿਆਂ ਦੀ ਨਿਖੇਧੀ ਕੀਤੀ ਤੇ ਨਾਲ ਹੀ ਕਿਹਾ ਕਿ ਇਸਦੀ ਸਜ਼ਾ ਫਲਸਤੀਨੀ ਲੋਕਾਂ ਨੂੰ ਨਹੀਂ ਦਿੱਤੀ ਜਾ ਸਕਦੀ। ਸੰਯੁਕਤ ਰਾਸ਼ਟਰ ਆਗੂ ਦੇ ਅਜਿਹੇ ਬਿਆਨ ’ਤੇ ਇਜ਼ਰਾਇਲੀ ਹਾਕਮ ਤੜਫ ਉੱਠੇ ਹਨ ਤੇ ਇਸਨੂੰ ਦਹਿਸ਼ਤਗਰਦੀ ਦੀ ਹਮਾਇਤ ਕਰਾਰ ਦੇ ਰਹੇ ਹਨ।  ਚਾਹੇ ਇਜ਼ਰਾਇਲੀ ਹਾਕਮਾ ਵੱਲੋਂ ਫਲਸਤੀਨੀ ਟਾਕਰੇ ਨੂੰ ਕੁਚਲ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਨਾਲ ਹੀ ਇਹ ਹਕੀਕਤ ਵੀ ਜ਼ਾਹਰ ਹੋ ਰਹੀ ਹੈ ਕਿ ਇਜ਼ਰਾਇਲੀ ਹਾਕਮ ਗਾਜ਼ਾ ਪੱਟੀ ਦੇ ਧੁਰ ਅੰਦਰ ਤੱਕ ਜਾ ਕੇ ਮਾਰ ਕਰਨ ਪੱਖੋਂ ਹਿਚਕਚਾਹਟ ਦਿਖਾ ਰਹੇ ਹਨ। ਇਸ ਹਿਚਕਾਹਟ ’ਚ ਜਿੱਥੇ ਇੱਕ ਪਾਸੇ ਫਲਸਤੀਨੀ ਟਾਕਰਾ ਸ਼ਕਤੀਆਂ ਦੀ ਸਮਰੱਥਾ ਤੇ ਲੋਕਾਂ ਦੇ ਰੋਹ ਦਾ ਦਖਲ ਹੈ ਉੱਥੇ ਸੰਸਾਰ ਭਰ’ਚ ਇਜ਼ਰਾਇਲ ਤੇ ਅਮਰੀਕੀ ਸਾਮਰਾਜੀਆਂ ਦੇ ਤਿੱਖੇ ਹੋਏ ਨਿਖੇੜੇ ਦਾ ਅੰਸ਼ ਵੀ ਸ਼ਾਮਲ ਹੈ।

ਇਜ਼ਰਾਇਲ ਤੇ ਅਮਰੀਕੀ ਹਾਕਮਾਂ ਦਾ ਇਹ ਜਾਬਰ ਵਿਹਾਰ ਦੁਨੀਆਂ ਭਰ ਦੇ ਮਿਹਨਤਕਸ਼ ਤੇ ਇਨਸਾਫਪਸੰਦ ਲੋਕਾਂ ’ਚ ਰੋਹ ਦੀਆਂ ਤਰੰਗਾਂ ਛੇੜ ਰਿਹਾ ਹੈ। ਇਜ਼ਰਾਇਲੀ ਹਮਲੇ ਖ਼ਿਲਾਫ਼ ਦੁਨੀਆਂ ਭਰ ’ਚ ਪ੍ਰਦਰਸ਼ਨ ਹੋ ਰਹੇ ਹਨ ਤੇ ਫਲਸਤੀਨੀ ਕਾਜ਼ ਦੀ ਹਮਾਇਤ ਹੋ ਰਹੀ ਹੈ। ਅਮਰੀਕਾ ਦੇ ਅੰਦਰੋਂ ਯਹੂਦੀ ਲੋਕਾਂ ਵੱਲੋਂ ਜੰਗ ਖ਼ਿਲਾਫ਼ ਪ੍ਰਦਰਸ਼ਨ ਹੋਇਆ ਤੇ ਇਜ਼ਰਾਈਲ ਨੂੰ ਹਮਲਾ ਬੰਦ ਕਰਨ ਲਈ ਕਿਹਾ ਹੈ। ਯੂਰਪ ਦੇ ਦੇਸ਼ਾਂ ’ਚ ਤੇ ਅਰਬ ਦੇਸ਼ਾਂ ’ਚ ਵੀ ਇਜ਼ਰਾਈਲ ਖ਼ਿਲਾਫ਼ ਤੇ ਫਲਸਤੀਨੀ ਲੋਕਾਂ ਦੇ ਹੱਕ ’ਚ ਵੱਡੇ ਮੁਜ਼ਾਹਰੇ ਹੋਏ ਹਨ। ਅਮਰੀਕੀ ਸਾਮਰਾਜੀਆਂ ਦੀਆਂ ਜੰਗਬਾਜ਼ ਨੀਤੀਆਂ ਦੀ ਘੋਰ ਨਿੰਦਾ ਹੋ ਰਹੀ ਹੈ। ਦੁਨੀਆਂ ਭਰ ’ਚ ਫਲਸਤੀਨੀ ਕੌਮੀ ਟਾਕਰਾ ਜਿੰਦਾਬਾਦ ਕਿਹਾ ਜਾ ਰਿਹਾ ਹੈ। ਅਮਰੀਕੀ ਸਾਮਰਾਜ ਖਿਲਾਫ ਦੁਨੀਆਂ ਭਰ ’ਚ  ਰੋਹ ਦੇ ਝਲਕਾਰੇ ਦਿਖ ਰਹੇ ਹਨ। 

ਇਜ਼ਰਾਈਲ ਵੱਲੋਂ ਧੱਕੇ ਨਾਲ ਫਲਸਤੀਨੀ ਕੌਮ ਨੂੰ ਉਜਾੜ ਕੇ ਕੀਤੀ ਸਥਾਪਨਾ ਦੇ 75-80 ਸਾਲਾਂ ਦੇ ਅਰਸੇ ’ਚ ਫਲਸਤੀਨੀ ਲੋਕਾਂ ਦੇ ਦੁੱਖਾਂ ਦੀ ਕਹਾਣੀ ਬਹੁਤ ਲੰਮੀ ਹੈ। ਫਲਸਤੀਨੀ ਲੋਕਾਂ ਦਾ ਸਿਦਕੀ ਟਾਕਰਾ ਮਿਸਾਲੀ ਹੈ, ਇਸ ਟਾਕਰੇ ਦੇ ਜਜ਼ਬੇ ਦੀਆਂ ਬੇਅੰਤ ਕਹਾਣੀਆਂ ਹਨ। ਪਿਛਲੇ 15 ਸਾਲਾਂ ’ਚ ਹੀ ਫਲਸਤੀਨੀ ਲੋਕਾਂ ਤੇ ਇਜ਼ਰਾਈਲ ਦਰਮਿਆਨ 5 ਜੰਗਾਂ ਲੜੀਆਂ ਗਈਆਂ ਹਨ। ਇਹ ਟੱਕਰ ਬਹੁਤ ਬੇਮੇਚੀ ਹੈ, ਇੱਕ ਪਾਸੇ ਦੁਨੀਆਂ ਭਰ ਦੀਆਂ ਉੱਚਤਮ ਫੌਜੀ ਤੇ ਜੰਗੀ ਸਮਾਨ/ਤਕਨੀਕ ਨਾਲ ਲੈਸ ਇਜ਼ਰਾਈਲੀ ਰਾਜ ਹੈ ਤੇ ਜਿਸਦੀ ਪਿੱਠ ’ਤੇ ਸੰਸਾਰ ਸਾਮਰਾਜੀ ਤਾਕਤਾਂ ਹਨ। ਦੂਜੇ ਪਾਸੇ ਗੁਰਬਤ ਦੇ ਝੰਬੇ ਤੇ ਵੱਡੀ ਜੇਲ੍ਹ ਵਰਗੀ ਕੈਦ ’ਚ ਰਹਿ ਰਹੇ ਲੋਕ ਹਨ ਜਿੰਨ੍ਹਾਂ ਕੋਲ ਆਪਣੀ ਧਰਤੀ ਦੀ ਰਾਖੀ ਲਈ ਜੂਝਣ ਦਾ ਜਜ਼ਬਾ ਹੈ। ਜਿੰਨ੍ਹਾਂ ਦੀ ਆਰਥਿਕਤਾ ਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਦਾ ਢਾਂਚਾ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਫਲਸਤੀਨੀ ਲੋਕਾਂ ਦੀ ਨਾਬਰੀ ਦੀ ਭਾਵਨਾ ਤੇ ਟਾਕਰੇ ਦੀ ਸ਼ਕਤੀ ਨੂੰ ਮੱਧਮ ਨਹੀਂ ਪਾਇਆ ਜਾ ਸਕਿਆ। ਫਲਸਤੀਨੀ ਲੋਕਾਂ ਦੀਆਂ ਟਾਕਰਾ ਸ਼ਕਤੀਆਂ ਕੁਚਲੀਆਂ ਨਹੀਂ ਜਾ ਸਕੀਆਂ। ਹਰ ਵਾਰ ਇਜ਼ਰਾਈਲ ਵੱਲੋਂ ਹਮਾਸ ਨੂੰ ਕੁਚਲ ਦੇਣ ਤੇ ਉਸਦੀ ਫੌਜੀ ਸਮਰੱਥਾ ਤਬਾਹ ਕਰ ਦੇਣ ਦੇ ਐਲਾਨ ਕਰਕੇ ਹਮਲਾ ਵਿੱਢਿਆ ਜਾਂਦਾ ਹੈ ਪਰ ਆਖਰ ਨੂੰ ਹਮਾਸ ਦੇ ਲੜਾਕੇ ਉਵੇਂ ਜਿਵੇਂ ਧੌਣ ਅਕੜਾਈ ਖੜ੍ਹੇ ਦਿਖਦੇ ਹਨ। ਇਸ ਵਾਰ ਵੀ ਇਜ਼ਰਾਈਲ ਅਜਿਹੇ ਹੀ ਐਲਾਨ ਕਰ ਰਿਹਾ ਹੈ ਪਰ ਫਲਸਤੀਨੀ ਲੋਕਾਂ ਦੀ ਨਾਬਰੀ ਨੂੰ ਦੁਨੀਆਂ ਫਿਰ ਦੇਖ ਰਹੀ ਹੈ ਜੋ ਜ਼ਾਲਮ ਵਿਹਾਰ ਇਜ਼ਰਾਈਲ ਤੇ ਅਮਰੀਕੀ ਸਾਮਰਾਜੀਏ ਜ਼ਾਹਰ ਕਰ ਰਹੇ ਹਨ, ਇਸਨੇ ਅਜੇ ਹੋਰ ਫਲਸਤੀਨੀ ਲੋਕਾਂ ਦੀਆਂ ਜ਼ਿੰਦਗੀਆਂ ਲੈਣੀਆਂ ਹਨ ਪਰ ਇਹ ਵੀ ਤੈਅ ਹੈ ਕਿ ਇਹ ਜਾਲਮ ਵਿਹਾਰ ਫਲਸਤੀਨੀ ਲੋਕਾਂ ਨੂੰ ਬੇਦਿਲੀ ’ਚ ਨਹੀਂ ਸੁੱਟ ਸਕਦਾ। ਆਪਣੀ ਮਾਤ ਭੂਮੀ ਲਈ ਜੂਝ ਰਹੇ ਫਲਸਤੀਨੀ ਲੋਕਾਂ ਦੀ ਸ਼ਾਨਾਮੱਤੀ ਕੌਮੀ ਜਦੋਜਹਿਦ ਨੂੰ ਕੁਚਲ ਨਹੀਂ ਸਕਦਾ।

ਇਹ ਦਿਨ ਦੁਨੀਆਂ ਭਰ ਦੇ ਜਮਹੂਰੀ ਲੋਕਾਂ ਵੱਲੋਂ ਪੂਰੀ ਦਿ੍ਰੜਤਾ ਨਾਲ ਅਮਰੀਕੀ ਸਾਮਰਾਜੀਆਂ ਤੇ ਇਜ਼ਰਾਈਲੀ ਰਾਜ ਖ਼ਿਲਾਫ਼ ਡਟਣ ਤੇ ਫਲਸਤੀਨੀ ਲੋਕਾਂ ਦੇ ਕੌਮੀ ਟਾਕਰੇ ਦੀ ਹਮਾਇਤ ਕਰਨ ਵਾਲੀ ਜ਼ੋਰਦਾਰ ਸਰਗਰਮੀ ਦੇ ਦਿਨ ਹਨ। ਇਸਨੂੰ ਕਿਸੇ ਧਾਰਮਿਕ ਟਕਰਾਅ ਵਜੋਂ ਪੇਸ਼ ਕਰਨ ਦੀਆਂ ਸਾਮਰਾਜੀ ਚਾਲਾਂ ਦਾ ਪਰਦਾਫਾਸ਼ ਕਰਦਿਆਂ ਫਲਸਤੀਨੀ ਕੌਮੀ ਟਾਕਰੇ ਦੀ ਸ਼ਾਨਾਮੱਤੀ ਭਾਵਨਾ ਨੂੰ ਬੁਲੰਦ ਕਰਨ ਦੇ ਦਿਨ ਹਨ। ਸੰਸਾਰ ਸਾਮਰਾਜਵਾਦ ਖ਼ਿਲਾਫ਼ ਦੁਨੀਆਂ ਭਰ ਦੇ ਲੋਕਾਂ ਦੀ ਜੱਦੋਜਹਿਦ ਦੀ ਸਾਂਝ ਨੂੰ ਉਭਾਰਨ ਦੀ ਸਰਗਰਮੀ ਦੇ ਦਿਨ ਹਨ। ਦੁਨੀਆਂ ਭਰ ’ਚੋਂ ਇਸ ਸਰਗਰਮੀ ਦੀ ਗੂੰਜ ਸੁਣਾਈ ਦੇ ਰਹੀ ਹੈ। ਦੁਨੀਆਂ ਭਰ ’ਚੋਂ ਫਲਸਤੀਨੀ ਕੌਮ ਦੀ ਮਾਤ ਭੂਮੀ ਦੇ ਹੱਕ ਦੀ ਹਮਾਇਤ ਵਿੱਚ, ਇਸ ਲਈ ਹੋ ਰਹੀ ਜਦੋਜਹਿਦ ਦੀ ਹਮਾਇਤ ਦੇ ਹੱਕ ਵਿੱਚ , ਇਜ਼ਰਾਈਲੀ ਰਾਜ ਦੇ ਮੌਜੂਦਾ ਹਮਲੇ ਦੇ ਖਿਲਾਫ ਤੇ ਜਾਬਰ ਇਜ਼ਰਾਈਲੀ ਰਾਜ ਦੀ ਫਾਸ਼ੀ ਜਾਬਰ ਨੀਤੀ ਖਿਲਾਫ ਅਤੇ ਅਮਰੀਕੀ ਸਾਮਰਾਜ ਦੀਆਂ ਲੋਕਾਂ ਖਿਲਾਫ ਜੰਗੀ ਨੀਤੀਆਂ ਖਿਲਾਫ ਆਵਾਜ਼ ਉੱਠ ਰਹੀ ਹੈ।

                     ---0---

   

ਇਜ਼ਰਾਇਲੀ ਰਾਜ ਦੀ ਹਮਾਇਤ ਦਾ ਘੋਰ ਪਿਛਾਖੜੀ ਸਟੈਂਡ

 ਮੋਦੀ ਰਾਜ:


ਇਜ਼ਰਾਇਲੀ ਰਾਜ ਦੀ ਹਮਾਇਤ ਦਾ ਘੋਰ ਪਿਛਾਖੜੀ ਸਟੈਂਡ

ਮੋਦੀ ਸਰਕਾਰ ਨੇ ਇਜ਼ਰਾਇਲ ਅੰਦਰ ਹਮਾਸ ਦੇ ਹਮਲੇ ਮਗਰੋਂ ਇਜ਼ਰਾਈਲ ਨਾਲ ਖੂਬ ਹਮਦਰਦੀ ਜਾਹਰ ਕੀਤੀ। ਮੋਦੀ ਨੇ ਨੇਤਨਯਾਹੂ ਨਾਲ ਫੋਨ ’ਤੇ ਗੱਲ ਕੀਤੀ ਅਤੇ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਮੋਦੀ ਸਰਕਾਰ ਦੀ ਇਜ਼ਰਾਈਲੀ ਰਾਜ ਨੂੰ ਹਮਾਇਤ ਦਾ ਮੁਲਕ ਦੇ ਜਮਹੂਰੀ ਹਲਕਿਆਂ ਵੱਲੋਂ ਵਿਰੋਧ ਹੋਇਆ ਤਾਂ ਯੂ ਪੀ ਦੇ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ-ਫਲਸਤੀਨ ਮਸਲੇ ’ਤੇ ਸਰਕਾਰ ਤੋਂ ਵੱਖਰੀ ਪੁਜ਼ੀਸ਼ਨ ਲੈਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਯੂ. ਪੀ. ’ਚ ਤੇ ਦਿੱਲੀ ’ਚ ਗਿ੍ਰਫਤਾਰੀਆਂ ਵੀ ਕੀਤੀਆਂ ਗਈਆਂ ਪਰ ਜਲਦੀ ਇਹ ਇਸ ਪੈਂਤੜੇ ਤੋਂ ਪਿੱਛੇ ਹਟਣਾ ਪਿਆ। ਇਹ ਵਿਹਾਰ ਭਜਪਾ ਦੀ ਇਜ਼ਰਾਈਲ ਨਾਲ ਨੇੜਤਾ ਦੀ ਨੀਤੀ ਦੇ ਚੜ੍ਹੇ ਹੋਏ ਜੋਰ ਦਾ ਨਮੂਨਾ ਸੀ। ਭਾਰਤ ਸੰਯੁਕਤ ਰਾਸ਼ਟਰ ’ਚ ਅਰਬ ਮੁਲਕਾਂ ਵੱਲੋਂ ਲਿਆਂਦੇ ਗਏ ਮਤੇ ਮੌਕੇ ਵੀ ਗੈਰ-ਹਾਜ਼ਰ ਰਿਹਾ। ਜਾਰਡਨ ਵੱਲੋਂ ਲਿਆਂਦੇ ਮਤੇ ’ਚ ਜੰਗਬੰਦੀ ਕਰਨ ਤੇ ਸ਼ਾਂਤੀ ਕਾਇਮ ਕਰਨ ਦੀ ਗੱਲ ਕੀਤੀ ਗਈ ਸੀ ਜਿਸ ਦੇ ਹੱਕ ’ਚ 121 ਤੇ ਵਿਰੋਧ ’ਚ 19 ਮੁਲਕ ਆਏ ਜਦ ਕਿ 44 ਮੁਲਕ ਗੈਰ-ਹਾਜ਼ਰ ਹੋਏ। ਇਸ ਮੌਕੇ ਭਾਰਤ ਦੇ ਗੈਰ-ਹਾਜ਼ਰ ਹੋਣ ਦੇ ਦੱਸੇ ਕਾਰਨਾਂ ’ਚ ਉਸਦੇ ਸਰੋਕਾਰਾਂ ਨੂੰ ਸੰਬੋਧਿਤ ਨਾ ਹੋਣਾ ਕਿਹਾ ਗਿਆ ਹੈ। ਇਹ ਸਰੋਕਾਰ ਹਮਾਸ ਦੇ ਹਮਲੇ ਦੀ ਨਿੰਦਾ ਕਰਨ ਜਾਂ ਬੰਦੀ ਬਣਾਏ ਗਏ ਵਿਅਕਤੀਆਂ ਦੇ ਸਨ। ਇਹ ਬਹਾਨਾ ਬਣਾ ਕੇ ਭਾਰਤ ਵੋਟਿੰਗ ਤੋਂ ਪਾਸੇ ਰਿਹਾ। ਹਾਲਾਂਕਿ ਫਰਾਂਸ ਵਰਗੇ ਮੁਲਕ ਨੇ ਵੀ ਮਤੇ ਦੇ ਹੱਕ ’ਚ ਵੋਟ ਪਾਈ ਕਿਉੁਕਿ ਇਉੁ ਨਾ ਕਰਨ ਦਾ ਅਰਥ ਸਿੱਧੇ ਤੌਰ ’ਤੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ’ਤੇ ਕੀਤੇ ਜਾ ਰਹੇ ਕਤਲੇਆਮ ਦੀ ਹਮਾਇਤ ਕਰਨਾ ਹੀ ਬਣਦਾ ਸੀ ਹਾਲਾਂਕਿ ਫਰਾਂਸ ਦਾ ਰਾਸ਼ਟਰਪਤੀ ਪਹਿਲਿਆਂ ’ਚ ਹੀ ਇਜ਼ਰਾਈਲ ਜਾ ਕੇ ਹਮਾਇਤ ਕਰ ਆਇਆ ਸੀ, ਪਰ ਹੁਣ ਆਪਣੇ ਆਪ ਨੂੰ ਮਨੁੱਖਤਾਵਾਦੀ ਤਾਕਤ ਵਜੋਂ ਪੇਸ਼ ਕਰਨ ਲਈ ਉਸਨੇ ਮਤੇ ਦੇ ਹੱਕ ’ਚ ਵੋਟ ਪਾਈ ਪਰ ਆਪਣੇ ਆਪ ਨੂੰ ਫਲਸਤੀਨੀ ਕਾਜ਼ ਦਾ ਹਮਾਇਤੀ ਦੱਸਦਾ ਰਿਹਾ ਭਾਰਤ ਪਾਸੇ ਰਿਹਾ। ਇਹ ਪੈਂਤੜਾ ਇਜ਼ਰਾਈਲ ਦੀ ਹਮਾਇਤ ’ਚੋਂ ਹੀ ਨਿੱਕਲਿਆ ਹੈ ਕਿਉਕਿ ਮਤੇ ਦੇ ਵਿਰੋਧ ’ਚ ਵੋਟ ਪਾਉਣੀ ਤਾਂ ਮੌਜੂਦਾ ਹਾਲਤਾਂ ’ਚ ਬਹੁਤ ਮੁਸ਼ਕਿਲ ਸੀ ਇਸ ਲਈ ਭਾਰਤੀ ਹਕੂਮਤ ਨੇ ਪਾਸੇ ਰਹਿਣ ਰਾਹੀਂ ਇਜ਼ਰਾਈਲ ਦੀ ਹਮਾਇਤ ਕੀਤੀ। 

ਮੋਦੀ ਸਰਕਾਰ ਵੱਲੋਂ ਇਜ਼ਰਾਈਲ ਦੇ ਹੱਕ ’ਚ ਲਿਆ ਜਾ ਰਿਹਾ ਸਟੈਂਡ ਜਿੱਥੇ ਇਸ ਵੱਲੋਂ ਅਮਰੀਕੀ ਸੰਸਾਰ ਯੁੱਧਨੀਤੀ ਦੀਆਂ ਲੋੜਾਂ ਅਨੁਸਾਰ ਨਿਭਣ ਨੂੰ ਹੁੰਗਾਰਾ ਹੈ ਉਥੇ ਖੁਦ ਸਿੱਧੇ ਤੌਰ ’ਤੇ ਵੀ ਇਜ਼ਰਾਈਲੀ ਰਾਜ ਨਾਲ ਵਿਕਸਿਤ ਕੀਤੇ ਨੇੜਲੇ ਸੰਬੰਧਾਂ ਦਾ ਵੀ ਸਿੱਟਾ ਹੈ। ਭਾਰਤੀ ਹਾਕਮ ਉਞ ਤਾਂ ਚਿਰਾਂ ਤੋਂ ਹੀ ਫਲਸਤੀਨੀ ਕਾਜ਼ ਦੇ ਆਪਣੇ ਪੈਂਤੜੇ ਤੋਂ ਪਿੱਛੇ ਹਟ ਚੁੱਕੇ ਹਨ ਚਾਹੇ ਉਦੋਂ ਵੀ ਇਹ ਪੈਂਤੜਾ ਇਨਸਾਫ਼-ਪਸੰਦੀ ਦੀ ਜਮਹੂਰੀ ਪਹੁੰਚ ’ਚੋਂ ਨਹੀਂ ਸੀ ਨਿੱਕਲਦਾ, ਸਗੋਂ ਆਪਣੀਆਂ ਵਿਸ਼ੇਸ਼ ਲੋੜਾਂ ’ਚੋਂ ਨਿੱਕਲਦਾ ਸੀ। 90ਵਿਆਂ ਦੇ ਸ਼ੁਰੂ ਤੋਂ ਹੀ ਭਾਰਤੀ ਹਾਕਮਾਂ ਨੇ ਇਜ਼ਰਾਈਲੀ ਰਾਜ ਨੂੰ ਮਾਨਤਾ ਦਿੰਦਿਆਂ ਉਸ ਨਾਲ ਵੱਖ ਵੱਖ ਖੇਤਰਾਂ ’ਚ ਸਬੰਧ ਵਿਕਸਿਤ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਹੜੇ ਹੁਣ ਤੱਕ ਬਹੁਤ ਅੱਗੇ ਵਧ ਚੁੱਕੇ ਹਨ। 2014 ’ਚ ਮੋਦੀ ਸਰਕਾਰ ਵੱਲੋਂ ਸੱਤਾ ’ਚ ਆਉਣ ਮਗਰੋਂ ਇਹਨਾਂ ਸਬੰਧਾਂ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਅੱਗੇ ਵਧਾਇਆ ਗਿਆ ਹੈ ਤੇ ਇਜ਼ਰਾਈਲੀ ਹਾਕਮਾਂ ਨਾਲ ਕਈ ਤਰ੍ਹਾਂ ਦੇ ਸਮਝੌਤੇ ਕੀਤੇ ਹਨ। ਭਾਰਤੀ ਰਾਜ ਨੇ ਆਪਣੇ ਜਾਬਰ ਪੰਜੇ ਹੋਰ ਤਿੱਖੇ ਕਰਨ ਦੇ ਗੁਰ ਇਜ਼ਰਾਇਲੀ ਰਾਜ ਤੋਂ ਸਿੱਖੇ ਹਨ ਤੇ ਇਜ਼ਰਾਈਲੀ ਏਜੰਸੀ ਮੱਸਾਦ ਤੋਂ ਭਾਰਤੀ ਅਧਿਕਾਰੀਆਂ ਨੂੰ ਟ੍ਰੇਨਿੰਗ ਦੁਆਈ ਜਾਂਦੀ ਹੈ ਜਿਹੜੇ ਲੋਕਾਂ ਦੀਆਂ ਲਹਿਰਾਂ ਨੂੰ ਕੁਚਲਣ ਲਈ ਹੋਰ ਨਿਪੁੰਨਤਾ ਹਾਸਲ ਕਰਨ ਦੇ ਪ੍ਰੋਜੈਕਟ ਹਨ। ਭਾਰਤੀ ਹਕੂਮਤ ਇਜ਼ਰਾਈਲ ਤੋਂ ਜਾਸੂਸੀ ਦੇ ਬਦਨਾਮ ਅਭਿਆਸ ’ਚ ਨਿਪੁੰਨਤਾ ਹਾਸਲ ਕਰ ਰਹੀ ਹੈ ਤੇ ਇਸ ਖੇਤਰ ਨਾਲ ਸਬੰਧਤ ਸਾਜ਼ੋਸਮਾਨ ਵੀ ਇਜ਼ਰਾਈਲ ਤੋਂ ਖਰੀਦਿਆ ਜਾ ਰਿਹਾ ਹੈ। ਇਜ਼ਰਾਈਲ ਦੀ ਤਰਜ਼ ’ਤੇ ਵਿਸ਼ੇਸ਼ ਹਥਿਆਰਬੰਦ ਦਸਤੇ ਤਿਆਰ ਕਰਨ ਦੀ ਚਰਚਾ ਚਲਦੀ ਰਹੀ ਹੈ ਜਿਹੜੇ ਸਰਕਾਰ ਵਿਰੋਧੀ ਕਾਰਕੁਨਾਂ ਨੂੰ ਖਤਮ ਕਰ ਸਕਦੇ ਹਨ। ਭਾਰਤੀ ਹਾਕਮ ਇਜ਼ਰਾਈਲੀ ਤਰਜ਼ ’ਤੇ ਦੱਖਣੀ ਏਸ਼ੀਆ ਦੇ ਇਸ ਖਿੱਤੇ ’ਚ ਅਮਰੀਕੀ ਸਾਮਰਾਜੀ ਸੇਵਾ ਦੀਆਂ ਜਿੰਮੇਵਾਰੀਆਂ ਚੱਕਣ ਦੇ ਇਰਾਦੇ ਜਾਹਰ ਕਰ ਰਹੇ ਹਨ ਤੇ ਇਜ਼ਰਾਈਲ ਇਹਨਾਂ ਲਈ ਇੱਕ ਨਮੂਨਾ ਬਣਿਆ ਹੋਇਆ ਹੈ। ਮੁਲਕ ਅੰਦਰ ਵੀ ਧਰਮ ਨਿਰਪੱਖਤਾ, ਸਮਾਜਵਾਦ ਤੇ ਉਦਾਰਵਾਦੀ ਹੋਣ ਦੇ ਰਸਮੀ ਦਾਅਵਿਆਂ ਤੋਂ ਵੀ ਮੋੜਾ ਕੱਟ ਕੇ ਹੁਣ ਤੱਕ, ਭਾਰਤੀ ਰਾਜ ਇਜ਼ਰਾਈਲ ਦੀ ਤਰਜ਼ ’ਤੇ ਕੌਮੀ ਸ਼ਾਵਨਵਾਦੀ ਜਾਬਰ ਰਾਜ ਵਜੋਂ ਉੱਭਰ ਰਿਹਾ ਹੈ ਤੇ ਏਸੇ ਨੀਤੀ ਅਨੁਸਾਰ ਹੀ ਇਜ਼ਰਾਈਲ ਦੀ ਹਮਾਇਤ ਦਾ ਪੈਂਤੜਾ ਲਿਆ ਜਾ ਰਿਹਾ ਹੈ।

ਭਾਰਤੀ ਹਾਕਮਾਂ ਦੀ ਇਹ ਨੀਤੀ ਇਹਨਾਂ ਨੂੰ ਅਰਬ ਮੁਲਕਾਂ ਸਮੇਤ ਦੁਨੀਆ ਭਰ ਦੇ ਲੋਕਾਂ ’ਚੋਂ ਹੋਰ ਨਿਖੇੜੇ ’ਚ ਸੁੱਟੇਗੀ। ਭਾਰਤ ਦੇ ਇਨਕਲਾਬੀ ਤੇ ਜਮਹੂਰੀ ਲੋਕਾਂ ਨੂੰ ਫਲਸਤੀਨੀ ਕੌਮੀ ਟਾਕਰੇ ਦੀ ਹਮਾਇਤ ਕਰਦਿਆਂ ਭਾਰਤੀ ਹਾਕਮਾਂ ਦੇ ਇਜ਼ਰਾਈਲੀ ਹਮਾਇਤ ਦੇ ਪੈਂਤੜੇ ਦਾ ਵਿਰੋਧ ਕਰਨਾ ਚਾਹੀਦਾ ਹੈ। ਇਜ਼ਰਾਈਲ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੋੜਨ ਲਈ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ। ਭਾਰਤੀ ਰਾਜ ਨੂੰ ਇਜ਼ਰਾਈਲ ਵਾਂਗ ਜਾਸੂਸੀ ਰਾਜ ਬਣਾਉਣ ਦੇ ਸਾਰੇ ਕਦਮ ਵਾਪਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਭਾਰਤੀ ਹਾਕਮ ਕੌਮਾਂਤਰੀ ਮੰਚਾਂ ’ਤੇ ਫਲਸਤੀਨੀ ਲੋਕਾਂ ਦੀਆਂ ਹੱਕੀ ਮੰਗਾਂ ਦੀ ਹਮਾਇਤ ਕਰਨ ਅਤੇ ਫਲਸਤੀਨੀ ਲੋਕਾਂ ਦੇ ਮਾਤ-ਭੂਮੀ ’ਤੇ ਹੱਕ ਵਜਾਹਤ ਕਰਨ। ਇਜ਼ਰਾਈਲੀ ਜੰਗਬਾਜਾਂ ਦੇ ਜਬਰ ਦਾ ਵਿਰੋਧ ਕਰਨ ਅਤੇ ਅਮਰੀਕੀ ਸਾਮਰਾਜੀ ਹਿੱਤਾਂ ਨਾਲ ਦੇਸ਼ ਨੂੰ ਟੋਚਣ ਕਰਨ ਦੇ ਰਾਹ ਤੋਂ ਪਿੱਛੇ ਮੁੜਨ। ਮੁਲਕ ਦੇ ਸਵੈ-ਨਿਰਭਰ ਵਿਕਾਸ ਦੀਆਂ ਲੋੜਾਂ ਅਨੁਸਾਰ ਅਤੇ ਅਮਨ ਭਾਈਚਾਰੇ ਤੇ ਇਨਸਾਫ਼ ਪਸੰਦੀ ਦੇ ਅਸੂਲਾਂ ’ਤੇ ਅਧਾਰਿਤ ਵਿਦੇਸ਼ ਨੀਤੀ ਅਖ਼ਤਿਆਰ ਕਰਨ। 

---0---  

ਇਜ਼ਰਾਇਲੀ ਜਾਲਮਾਂ ਨੂੰ ਕੰਬਣੀਆਂ ਛੇੜਦੀ ਫਲਸਤੀਨੀ ਨਾਬਰੀ

  ਇਜ਼ਰਾਇਲੀ ਜਾਲਮਾਂ ਨੂੰ ਕੰਬਣੀਆਂ ਛੇੜਦੀ ਫਲਸਤੀਨੀ ਨਾਬਰੀ

ਹਮਾਸ ਦੇ ਹਮਲੇ ਦੇ ਮਗਰੋਂ ਇਜ਼ਰਾਈਲ ਦੀ ਬੁਖਲਾਹਟ ਸਮਝੀ ਜਾ ਸਕਦੀ ਹੈ। ਇਹ ਆਪਣੀ ਫੌਜ ਉਪਰ ਸਭ ਤੋਂ ਵੱਧ ਖਰਚ ਕਰਨ ਵਾਲੇ ਮੁਲਕਾਂ ਵਿੱਚੋਂ ਇੱਕ ਹੈ। ਅਮਰੀਕਾ ਵੱਲੋਂ ਦਿੱਤੀ ਭਾਰੀ ਸਹਾਇਤਾ (ਲਗਭਗ 270 ਖਰਬ ਡਾਲਰ) ਸਦਕਾ ਇਹਨੇ ਹਥਿਆਰਾਂ ਦੇ ਵੱਡੇ ਜ਼ਖੀਰੇ ਉਸਾਰੇ ਹਨ। ਜਸੂਸੀ ਤਕਨਾਲੋਜੀ, ਸੂਹੀਆ ਯੰਤਰ, ਡਰੋਨ ਤੇ ਹੋਰ ਅਨੇਕਾਂ ਕਿਸਮ ਦੇ ਮਾਰੂ ਹਥਿਆਰ ਵਿਕਸਤ ਕੀਤੇ ਹਨ ਅਤੇ ਅਜਿਹੀ ਤਕਨਾਲੋਜੀ ਦੇ ਵੱਡੇ ਨਿਰਯਾਤਕ ਵਜੋਂ ਅਨੇਕਾਂ ਦੇਸ਼ਾਂ ਨਾਲ ਸੌਦੇ ਕੀਤੇ ਹਨ। ਪਰ ਇਹ ਤਮਾਮ ਤਕਨਾਲੋਜੀ, ਸੂਹੀਆ ਯੰਤਰ ਅਤੇ ਮਾਰੂ ਹਥਿਆਰ ਫਲਸਤੀਨੀ ਲੜਾਕਿਆਂ ਦੇ ਗੁਰੀਲਾ ਐਕਸ਼ਨ ਅੱਗੇ ਨਿੱਸਲ ਸਾਬਤ ਹੋਏ ਹਨ। ਇਜ਼ਰਾਈਲੀ ਸਰਕਾਰ ਜਿਸ ਸੁਰੱਖਿਆ ਤਾਣੇ-ਬਾਣੇ ਦੀ ਸ਼ੇਖੀ ਮਾਰਦੀ ਰਹੀ ਹੈ, ਉਹ ਤਾਣਾ-ਬਾਣਾ ਇਸ ਅਚਿੰਤੇ ਹਮਲੇ ਅੱਗੇ ਤਾਸ਼ ਦੇ ਮਹਿਲ ਵਾਂਗ ਖਿੰਡਿਆ ਹੈ। ਇਹ ਘਟਨਾ ਜ਼ਿਓਨਵਾਦੀ ਫਾਸ਼ੀ ਇਜ਼ਰਾਈਲੀ ਹਕੂਮਤ ਲਈ ਬੇਹੱਦ ਨਮੋਸ਼ੀ ਦਾ ਸਬੱਬ ਬਣੀ ਹੈ। ਇਸੇ ਨਮੋਸ਼ੀ ਅੰਦਰ ਇੱਕ ਵਾਰ ਇਜ਼ਰਾਈਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਸੁਰੱਖਿਆ ਵਿੱਚ ਨਾਕਾਮਯਾਬੀ ਦਾ ਭਾਂਡਾ ਸੁਰੱਖਿਆ ਬਲਾਂ ਦੀ ਕੋਤਾਹੀ ਸਿਰ ਭੰਨਿਆ ਗਿਆ ਸੀ, ਜਿਸਤੋਂ ਬਾਅਦ ਵਿੱਚ ਉਸਨੂੰ ਪਿੱਛੇ ਹਟਣਾ ਪਿਆ ਹੈ। 

ਇਸ ਹਮਲੇ ਨੇ ਜਾਬਰ ਫੌਜੀ ਤਾਕਤ ਦੀ ਅਤਿ ਸੂਖਮ ਤਕਨੀਕ ਦੀ ਲੋਕਾਂ ਦੀ ਹੱਕੀ ਜੰਗ ਅੱਗੇ ਨਿਰਬਲਤਾ ਪੂਰੀ ਤਰ੍ਹਾਂ ਨਸ਼ਰ ਕੀਤੀ ਹੈ। ਨਾ ਸਿਰਫ ਇਜ਼ਰਾਈਲ ਨੇ ਪਿਛਲੇ ਦਹਾਕਿਆਂ ਦੌਰਾਨ  ਆਮ ਰੂਪ ਵਿੱਚ ਅਤਿ ਸੂਖਮ ਹਥਿਆਰ ਅਤੇ ਸੂਖਮ ਤਕਨੀਕਾਂ ਵਿਕਸਤ ਕੀਤੀਆਂ ਸਨ, ਸਗੋਂ ਇਹਨੇ ਫਲਸਤੀਨ ਦੇ ਮਾਮਲੇ ਵਿੱਚ ਹੋਰ ਵੀ ਵਿਸ਼ੇਸ਼ ਸੁਰੱਖਿਆ ਕਦਮ ਚੁੱਕੇ ਸਨ। ਇਹਨਾਂ ਕਦਮਾਂ ਵਿੱਚ ਸਮੁੱਚੀ ਗਾਜ਼ਾ ਪੱਟੀ ਦੇ ਆਲੇ ਦੁਆਲੇ ‘ਸਮਾਰਟ ਵਾੜ’ ਕਰਨਾ ਵੀ ਸ਼ਾਮਲ ਹੈ। ਇਹ ਅਤਿ ਅਧੁਨਿਕ ਵਾੜ ਜਾਂ ਕੰਧ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਕਿਸੇ ਵੀ ਕਿਸਮ ਦੀ ਸੁਰੱਖਿਆ ਉਲੰਘਣਾ ਨੂੰ ਭਾਂਪਣ ਦੀ ਸਮਰੱਥਾ ਰੱਖਦੀ ਹੈ। ਇਹ 20 ਫੁੱਟ ਉਚੀ ਧਾਤ ਦੀ ਬਣੀ ਕੰਧ ਹੈ ਜਿਸ ਉਤੇ ਕੈਮਰੇ, ਰਾਡਾਰ ਅਤੇ ਸੈਂਸਰ ਲੱਗੇ ਹੋਏ ਹਨ। ਇਸਦੇ ਉੱਤੇ ਕੰਡਿਆਲੀ ਤਾਰ ਵੀ ਲੱਗੀ ਹੋਈ ਹੈ। ਗਾਜ਼ਾ ਇਜ਼ਰਾਇਲ ਵਿਚਲੀ ਪੂਰੀ ਸਰਹੱਦ ਦੁਆਲੇ ਕੀਤੀ ਗਈ ਇਹ ਕੰਧ 40 ਮੀਲ ਲੰਬੀ ਹੈ। ਇਹਦੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਜ਼ਮੀਨ ਦੇ ਉੱਪਰ ਹੈ, ਬਲਕਿ ਜ਼ਮੀਨ ਦੇ ਕਾਫੀ ਹੇਠਾਂ ਤੱਕ ਹੈ ਅਤੇ ਜ਼ਮੀਨ ਦੇ ਹੇਠਾਂ ਇਹ ਕੰਕਰੀਟ ਦੀ ਬਣੀ ਹੋਈ ਹੈ। ਇਹਦੀ ਡੂੰਘਾਈ ਇਜ਼ਰਾਈਲ ਵੱਲੋਂ ਨਸ਼ਰ ਨਹੀਂ ਕੀਤੀ ਗਈ। ਬੀਤੇ ਸਾਲਾਂ ਦੌਰਾਨ ਗਾਜ਼ਾ ਪੱਟੀ ਦੀ ਇਜ਼ਰਾਈਲ ਦੀ ਮੁਕੰਮਲ ਨਾਕਾਬੰਦੀ ਹੋਣ ਕਰਕੇ ਫਲਸਤੀਨੀਆਂ ਨੇ ਸੁਰੰਗਾਂ ਰਾਹੀਂ ਅਨੇਕਾਂ ਰਾਹ ਬਣਾਏ ਹਨ। ਇਹ ਸੁਰੰਗਾਂ ਮਿਸਰ ਤੋਂ ਸਮਾਨ ਲਿਆਉਣ ਅਤੇ ਵਪਾਰ ਕਰਨ ਲਈ ਵਰਤੀਆਂ ਜਾਂਦੀਆਂ ਹਨ। ਗਾਜ਼ਾ ਲਈ ਲੋੜੀਂਦੇ ਸਮਾਨ ਦਾ ਲਗਭਗ 80 ਫੀਸਦੀ ਹਿੱਸਾ ਇਉ ਲੁਕਵੇਂ ਰੂਪ ਵਿੱਚ ਹੀ ਆਉਦਾ ਹੈ। ਇਹ ਸੁਰੰਗਾਂ ਇਜ਼ਰਾਈਲ ਅੰਦਰ ਜਾਣ ਲਈ ਵੀ ਵਰਤੀਆਂ ਜਾਂਦੀਆਂ ਹਨ। ਇਹਨਾਂ ਸੁਰੰਗਾਂ ਨੂੰ ਨਾਕਾਮ ਕਰਨ ਲਈ ਇਜ਼ਰਾਈਲ ਵੱਲੋਂ ‘ਸਮਾਰਟ ਵਾੜ’ ਨੂੰ ਜ਼ਮੀਨ ਦੇ ਕਾਫੀ ਹੇਠਾਂ ਤੱਕ ਬਣਾਇਆ ਗਿਆ ਹੈ ਅਤੇ ਇਸ ’ਤੇ ਅਨੇਕਾਂ ਸੂਹੀਆ ਸੈਂਸਰ ਲਾਏ ਗਏ ਹਨ। ਜਦੋਂ 2021 ਵਿੱਚ ਇਹ ‘ਸਮਾਰਟ ਕੰਧ’ ਬਣਕੇ ਤਿਆਰ ਹੋਈ ਸੀ ਤਾਂ ਇਜ਼ਰਾਈਲੀ ਹਕੂਮਤ ਨੇ ਐਲਾਨ ਕੀਤਾ ਸੀ ਕਿ ਹੁਣ ਇਜ਼ਰਾਈਲ ਫਲਸਤੀਨ ਹਮਲੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। 

ਸਿਰਫ ਏਹੀ ਨਹੀਂ ਇਸ ਕੰਧ ਦੇ ਅੱਗੇ ਅਤੇ ਪਿੱਛੇ ਵੀ ਸੁਰੱਖਿਆ ਦੇ ਕਾਫੀ ਪਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਕੰਧ ਤੋਂ ਗਾਜ਼ਾ ਵਾਲੇ ਪਾਸੇ ਇੱਕ ਕਿਲੋਮੀਟਰ ਤੱਕ ਦਾ ਘੇਰਾ ਰਿਸਕ ਖੇਤਰ ਐਲਾਨਿਆ ਗਿਆ ਹੈ। 100 ਤੋਂ 300 ਮੀਟਰ ਤੱਕ ਦਾ ਘੇਰਾ ਰਾਖਵਾਂ ਖੇਤਰ ਹੈ ਜਿੱਥੇ ਸਿਰਫ ਕਿਸਾਨ ਪੈਦਲ ਤੁਰ ਕੇ ਆ ਸਕਦੇ ਹਨ। 100 ਮੀਟਰ ਤੱਕ ਦਾ ਘੇਰਾ ਪੂਰੀ ਤਰ੍ਹਾਂ ਦਾਖਲੇ ਲਈ ਬੰਦ ਹੈ। ਇਸ ਕੰਧ ਤੋਂ ਪਹਿਲਾਂ ਇੱਕ ਹੋਰ ਵਾੜ ਹੈ। ਇਜ਼ਰਾਈਲ ਵਾਲੇ ਪਾਸੇ ਇਸ ਕੰਧ ਤੋਂ ਪਿੱਛੇ ਨਿਗਰਾਨੀ ਟਾਵਰ ਹਨ ਜੋ ਹਰੇਕ 500 ਫੁਟ ਤੋਂ ਬਾਅਦ ਬਣਾਏ ਗਏ ਹਨ। ਉਸਤੋਂ ਅੱਗੇ ਰੇਤੇ ਦੀਆਂ ਰੋੋਕਾਂ ਹਨ। 

ਅਜਿਹੇ ਪੁਖ਼ਤਾ ਇੰਤਜ਼ਾਮਾਂ ਦੀਆਂ ਧੱਜੀਆਂ ਉਡਾਉਦੇ ਹੋਏ  ਫਲਸਤੀਨੀ ਲੜਾਕੇ ਇਜ਼ਰਾਈਲ ਅੰਦਰ ਦਾਖਲ ਹੋਏ। ਇਹ ਕੰਧ ਘੱਟੋ ਘੱਟ 29 ਥਾਵਾਂ ਤੋਂ ਭੰਨੀ ਗਈ। ਫਲਸਤੀਨੀ ਲੜਾਕਿਆਂ ਨੇ ਪਹਿਲਾਂ ਮਿਜ਼ਾਈਲਾਂ ਦਾਗ ਕੇ ਝਕਾਨੀ ਦਿੱਤੀ। ਅਜਿਹੀਆਂ ਮਿਜ਼ਾਇਲਾਂ ਤੇ ਇਹਨਾਂ ਤੋ ਚੌਕਸ ਕਰਨ ਲਈ ਇਜ਼ਰਾਇਲ ਅੰਦਰ ਵੱਜਣ ਵਾਲੇ ਸਾਇਰਨ ਆਮ ਗੱਲ ਹਨ। ਜਦੋਂ ਇਹ ਸਾਇਰਨ ਵੱਜ ਰਹੇ ਸਨ ਤਾਂ ਫਲਸਤੀਨੀ ਡਰੋਨਾਂ ਨੇ ਇਜ਼ਰਾਇਲੀ ਨਿਗਰਾਨੀ ਟਾਵਰਾਂ ’ਤੇ ਜਾ ਕੇ ਬੰਬ ਸੁੱਟੇ ਅਤੇ ਸੰਚਾਰ ਦਾ ਸਾਰਾ ਪ੍ਰਬੰਧ ਉਡਾ ਦਿੱਤਾ। ਇੱਕ ਵਾਰ ਸੰਚਾਰ ਟੁੱਟਣ ਤੋਂ ਬਾਅਦ ਲੋਹੇ ਦੀ ਕੰਧ ਅੰਦਰ ਗਾਜ਼ਾ ਪੱਟੀ ਦੀਆਂ ਅੱਡ ਅੱਡ ਥਾਵਾਂ ਤੋਂ ਸੰਨ੍ਹ ਲਾਈ ਗਈ। ਬੁਲਡੋਜ਼ਰਾਂ ਰਾਹੀਂ ਪਾੜ ਚੌੜੇ ਕੀਤੇ ਗਏ। ਇਹਨਾਂ ਪਾੜਾਂ ਰਾਹੀਂ ਮੋਟਰਸਾਈਕਲਾਂ, ਜੀਪਾਂ ਅਤੇ ਹੋਰ ਸਾਧਨਾਂ ’ਤੇ ਸਵਾਰ ਹਮਸ ਦੇ ਲੜਾਕੇ ਇਜ਼ਰਾਇਲ ਵਿੱਚ ਦਾਖਲ ਹੋਏ। ਅਨੇਕਾਂ ਹੋਰ ਪੈਰਾ-ਗਲਾਈਡਰਾਂ/ਪੈਰਾਸ਼ੂਟਰਾਂ ਰਾਹੀਂ ਦੂਸਰੇ ਪਾਸੇ ਉੱਤਰੇ। ਮੋਟਰਬੋਟਾਂ ਅਤੇ ਕਿਸ਼ਤੀਆਂ ਰਾਹੀਂ ਵੀ ਅਨੇਕਾਂ ਲੜਾਕੇ ਇਜ਼ਰਾਇਲ ਵਿੱਚ ਦਾਖਲ ਹੋਏ। ਇੱਕ ਅੰਦਾਜ਼ੇ ਮੁਤਾਬਕ 2500 ਤੋਂ 3000 ਦੇ ਕਰੀਬ ਹਮਾਸ ਲੜਾਕੇ ਇਜ਼ਰਾਇਲ ਅੰਦਰ ਜਾਣ ਵਿੱਚ ਕਾਮਯਾਬ ਰਹੇ। ਇਹਨਾਂ ਲੜਾਕਿਆਂ ਦਾ ਮੁੱਖ ਨਿਸ਼ਾਨਾ ਫੌਜੀ ਬਲ ਸਨ। ਲਗਭਗ ਸੱਤ ਮਿਲਟਰੀ ਪੋਸਟਾਂ ’ਤੇ ਹਮਲਾ ਕੀਤਾ ਗਿਆ ਸੰਚਾਰ ਟਾਵਰ ਉਡਾਏ ਗਏ ਅਤੇ ਚੇਤਾਵਨੀ ਪ੍ਰਬੰਧਾਂ ਨੂੰ ਜਾਮ ਕੀਤਾ ਗਿਆ। ਪਿਛਲੇ ਵਰ੍ਹਿਆਂ ਦੌਰਾਨ ਨੇਤਨਯਾਹੂ ਵੱਲੋਂ ਹੁੱਬ ਹੁੱਬ ਕੇ ਕੀਤੇ ਗਏ ਐਲਾਨਾਂ ਕਿ ਹੁਣ ਹਮਸ ਨੂੰ ਗਾਜ਼ਾ ਪੱਟੀ ਵਿੱਚ ਬੰਦ ਕਰਕੇ ਰੱਖ ਦਿੱਤਾ ਗਿਆ ਹੈ, ਦੀ ਇਸ ਹਮਲੇ ਨੇ ਫੂਕ ਕੱਢ ਦਿੱਤੀ। 

ਹਮਸ ਵੱਲੋਂ ਇਸ ਕਾਰਵਾਈ ਦਾ ਮਕਸਦ ਇਜ਼ਰਾਇਲੀ  ਧਾੜਵੀਆਂ ਨੂੰ ਫਲਸਤੀਨ ’ਚੋਂ ਕੱਢਣਾ, ਇਜ਼ਰਾਇਲੀ ਬਸਤੀਵਾਦੀਆਂ ਵੱਲੋਂ ਪੱਛਮੀ ਕੰਢੇ ਅੰਦਰ ਫਲਸਤੀਨੀਆਂ ਖਿਲਾਫ ਕੀਤੀਆਂ ਧੱਕੇਸ਼ਾਹੀਆਂ ਅਤੇ ਖਾਸ ਤੌਰ ’ਤੇ ਅਲ ਅਕਸਾ ਮਸਜਿਦ ’ਚ ਵਾਪਰੀ ਘਟਨਾ ਦਾ ਬਦਲਾ ਲੈਣਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਪੱਟੀ ਪੂਰਬੀ ਯੇਰੂਸਲਮ ਪੱਛਮੀ ਕੰਢਾ ਸਾਮਰਾਜੀ ਇਛਾਵਾਂ ਅਨੁਸਾਰ ਅਤੇ ਫਲਸਤੀਨੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਫਲਸਤੀਨ ਦੀ ਸਰਜ਼ਮੀਨ ਦਾ ਵੱਡਾ ਹਿੱਸਾ ਇਜ਼ਰਾਇਲ ਨੂੰ ਸੌਂਪ ਕੇ ਬਾਕੀ ਬਚੀਆਂ ਉਹ ਥਾਵਾਂ ਹਨ ਜੋ ਸਾਮਰਾਜੀ ਧੱਕੜ ਵੰਡ ਅਨੁਸਾਰ ਵੀ ਫਲਸਤੀਨੀਆਂ ਦੇ ਹਿੱਸੇ ਆਉਦੀਆਂ ਹਨ। ਪਰ 1967 ਤੋਂ ਬਾਅਦ ਇਜ਼ਰਾਇਲ ਨੇ ਪੱਛਮੀ ਕੰਢੇ ਵਿੱਚ ਵੀ ਆਪਣੀਆਂ ਵੱਡੀਆਂ ਬਸਤੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਪੂਰਬੀ ਯੇਰੂਸਲਮ ’ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ। ਕੌਮਾਂਤਰੀ ਅਤੇ ਤੈਅ-ਸ਼ੁਦਾ ਨਿਯਮਾਂ ਮੁਤਾਬਕ ਇਹ ਇਲਾਕੇ ਨਿਰੋਲ ਫਲਸਤੀਨ ਦੀ ਮਾਲਕੀ ਹੋਣੇ ਚਾਹੀਦੇ ਹਨ।  ਪਰ ਸਾਰੀਆਂ ਕੌਮਾਂਤਰੀ ਸੰਧੀਆਂ ਨੂੰ ਸਾਮਰਾਜੀ ਅਤੇ ਖਾਸ ਤੌਰ ’ਤੇ ਅਮਰੀਕੀ ਸਾਮਰਾਜੀ ਸ਼ਹਿ ’ਤੇ ਛਿੱਕੇ ਟੰਗ ਕੇ ਇਜ਼ਰਾਇਲ ਨੇ ਪੂਰਬੀ ਯੇਰੂਸਲਮ ’ਤੇ ਕਬਜ਼ਾ ਕੀਤਾ ਹੈ ਅਤੇ ਪੱਛਮੀ ਕੰਢੇ ਵਿੱਚ ਲਗਾਤਾਰ ਆਪਣੀਆਂ ਬਸਤੀਆਂ ਦੀ ਗਿਣਤੀ ਵਧਾ ਕੇ ਵਸੋਂ ਅਨੁਪਾਤ ਬਦਲ ਰਿਹਾ ਹੈ। ਇਸ ਵਕਤ ਲਗਭਗ 27 ਲੱਖ ਦੀ ਫਲਸਤੀਨੀ ਅਬਾਦੀ ਵਾਲੇ ਪੱਛਮੀ ਕੰਢੇ ਵਿੱਚ ਸਾਢੇ 5 ਲੱਖ ਤੋਂ ਵਧੇਰੇ ਇਜ਼ਰਾਇਲੀ ਵਸਾਏ ਜਾ ਚੁੱਕੇ ਹਨ ( 2022 ਦਾ ਅੰਕੜਾ)। ਇਸ ਤੋਂ ਇਲਾਵਾ ਸਵਾ ਦੋ ਲੱਖ ਇਜ਼ਰਾਇਲੀ ਪੂਰਬੀ ਯੇਰੂਸਲਮ ਵਿੱਚ ਹਨ। ਇਹ ਇਜ਼ਰਾਇਲੀ ਬਸਤੀਆਂ ਫਲਸਤੀਨੀਆਂ ਨੂੰ ਲਗਾਤਾਰ ਉਹਨਾਂ ਦੀ ਜ਼ਮੀਨ ਵਿੱਚੋਂ ਖਦੇੜਨ ਅਤੇ ਦਾਬਾ ਪਾਉਣ ਦੇ ਮਕਸਦ ਲਈ ਹਨ। ਇਜ਼ਰਾਇਲੀ ਜ਼ਿਓਨਵਾਦੀਆਂ  ਵੱਲੋਂ  ਅਕਸਰ ਫਲਸਤੀਨੀ ਵਸੋਂ ਖਿਲਾਫ਼ ਨਫ਼ਰਤੀ ਘਟਨਾਵਾਂ  ਨੂੰ ਅੰਜਾਮ  ਦਿੱਤਾ ਜਾਂਦਾ ਹੈ ਅਤੇ ਇਜ਼ਰਾਇਲੀ ਪੁਲਸ ਅਤੇ ਇਜ਼ਰਾਇਲੀ ਹਕੂਮਤ  ਦੀ ਕਠਪੁਤਲੀ  .    ਫਲਸਤੀਨੀ  . ਅਥਾਰਟੀ ( ਜਿਸਦੇ ਹੱਥ ਵਿੱਚ ਪੱਛਮੀ ਕੰਢੇ ਦਾ ਕੰਟਰੋਲ ਹੈ) ਇਸ ਨਸਲੀ ਹਿੰਸਾ ਦੀ ਰਾਖੀ ਕਰਦੀਆਂ ਹਨ। ਪਿਛਲੇ ਸਮੇਂ ਦੌਰਾਨ ਇਹ ਹਿੰਸਾ ਲਗਾਤਾਰ ਵਧਦੀ ਗਈ ਹੈ। ਲੰਘੀ ਅਪ੍ਰੈਲ ਵਿੱਚ ਪੂਰਬੀ ਯੇਰੂਸਲਮ ਅੰਦਰ ਯਹੂਦੀ ਬਸਤੀਵਾਦੀਆਂ ਵੱਲੋਂ ਅਲ ਅਕਸਾ ਮਸਜਿਦ ਵਿੱਚ ਦਾਖਲ ਹੋ ਕੇ ਮੁਸਲਿਮ ਰਹੁ ਰੀਤੀਆਂ ਦੀ ਉਲੰਘਣਾ ਦੀ ਕੋਸ਼ਿਸ਼ ਕੀਤੀ ਗਈ। ਇਸਨੂੰ ਰੋਕਣ ਲਈ ਮਸਜਿਦ ਨੂੰ ਅੰਦਰੋਂ ਬੰਦ ਕਰਕੇ ਬੈਠੇ ਫਲਸਤੀਨੀਆਂ ’ਤੇ ਪੁਲਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਇਸ ਘਟਨਾ ਨੇ ਫਲਸਤੀਨੀ ਗੁੱਸੇ ਨੂੰ ਲਾਂਬੂ ਲਾਇਆ। ਹਮਾਸ ਦੇ ਲੜਾਕਿਆਂ ਵੱਲੋਂ ਉਸ ਵੇਲੇ ਵੀ ਮਿਜ਼ਾਇਲਾਂ ਦਾਗ ਕੇ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਵਾਲੀ ਕਾਰਵਾਈ ਪਿੱਛੇ ਵੀ ਇੱਕ ਫੌਰੀ ਕਾਰਨ ਬਸਤੀਵਾਦੀ ਧੱਕੇਸ਼ਾਹੀ ਵਿੱਚ ਵਾਧਾ ਅਤੇ ਇਸ ਘਟਨਾ ਦਾ ਵਾਪਰਨਾ ਦੱਸਿਆ ਗਿਆ ਹੈ। ਇਜ਼ਰਾਇਲ ਅਤੇ ਇਸਦੀਆਂ ਸੰਗੀ ਸਾਮਰਾਜੀ ਤਾਕਤਾਂ ਨੇ ਇਸ ਘਟਨਾ ਤੋਂ ਬਾਅਦ ਬੇਹੱਦ ਦੁਹਾਈ ਪਾਈ ਹੈ ਅਤੇ ਹਮਾਸ ਦੀ ਇਸ ਕਾਰਵਾਈ ਨੂੰ ਬੇਹੱਦ ਜਾਲਮ ਦੱਸਿਆ ਹੈ। ਇਸ ਘਟਨਾ ਅੰਦਰ ਮਾਰੇ ਗਏ 1400 ਇਜ਼ਰਾਇਲੀ ਅਤੇ ਬੰਧਕ ਬਣਾਏ ਗਏ 243 ਫੌਜੀਆਂ ਅਤੇ ਨਾਗਰਿਕਾਂ ਨੂੰ ਨਿਆਂ ਦੇ ਨਾਮ ’ਤੇ ਹਜ਼ਾਰਾਂ ਫਲਸਤੀਨੀਆਂ ਨੂੰ ਕਤਲ ਕਰਨ ਦਾ ਰਾਹ ਫੜਿਆ ਗਿਆ ਹੈ। ਲੋਕਾਂ ਦੀ ਵਿਆਪਕ ਹਿਮਾਇਤ ਮਾਣ ਰਹੇ ਹਮਸ ਦੇ ਲੜਾਕੇ ਗਾਜ਼ਾ ਦੀ ਵਸੋਂ ਨਾਲੋਂ ਅਭੇਦ ਹਨ। ਇਸ ਕਰਕੇ ਸਮੁੱਚੀ ਵਸੋਂ ਦਾ ਹੀ ਕਤਲੇਆਮ ਕੀਤਾ ਜਾ ਰਿਹਾ ਹੈ। ਅਮਰੀਕਾ, ਫਰਾਂਸ, ਇੰਗਲੈਂਡ ਵਰਗੇ ਨਾਟੋ ਦੇਸ਼ ਇਜ਼ਰਾਇਲ ਦੀ ਕਾਰਵਾਈ ਦੀ ਹਿਮਾਇਤ ਕਰ ਚੁੱਕੇ ਹਨ। ਅਮਰੀਕੀ ਥਾਪੜੇ ਅਤੇ ਇਜ਼ਰਾਇਲੀ ਹਥਿਆਰਾਂ ਦੇ ਸਿਰ ’ਤੇ ਇਲਾਕਾਈ ਤਾਕਤ ਬਣਨ ਦੀਆਂ ਖਾਹਸ਼ਾਂ ਪਾਲ ਰਹੇ ਭਾਰਤੀ ਹਾਕਮ ਵੀ ਪੂਰੀ ਬੇਸ਼ਰਮੀ ਨਾਲ ਇਜ਼ਰਾਇਲ ਦੀ ਹਿਮਾਇਤ ਉੱਤੇ ਜਾ ਖੜ੍ਹੇ ਹਨ, ਜਦੋਂ ਕਿ ਸੰਸਾਰ ਭਰ ਦੇ ਇਨਸਾਫ ਪਸੰਦ ਲੋਕ ਇਜ਼ਰਾਇਲੀ ਅਨਿਆਂ ਖਿਲਾਫ ਡਟੇ ਹਨ। 

ਹਮਾਸ ਲੜਾਕਿਆਂ ਵੱਲੋਂ ਮਾਰੇ ਇਜ਼ਰਾਇਲੀ ਲੋਕਾਂ ਦੇ ਨਾਂ ਹੇਠ ਸਾਮਰਾਜੀਏ ਅਤੇ ਉਹਨਾਂ ਦਾ ਜ਼ਰਖਰੀਦ ਮੀਡੀਆ ਇਜ਼ਰਾਇਲੀ ਫੌਜਾਂ ਵੱਲੋਂ ਅੱਜ ਤੱਕ ਲਈਆਂ ਹਜ਼ਾਰਾਂ ਫਲਸਤੀਨੀ ਜਾਨਾਂ ਅਤੇ ਮੌਜੂਦਾ ਜੰਗ ਵਿੱਚ ਕੀਤੇ ਜਾ ਰਹੇ ਕਤਲਾਂ ਨੂੰ ਢਕਣ ਲਈ ਟਿੱਲ ਲਾ ਰਹੇ ਹਨ। ਹਮਸ ਦੇ ਲੜਾਕਿਆਂ ਨੂੰ ਵਹਿਸ਼ੀ ਕਾਤਲਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਦੋਂ ਕਿ ਬੁੱਚੜ ਜ਼ਿਓਨਵਾਦੀਆਂ ਨੂੰ ਤਰਸ ਦੇ ਪਾਤਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਹਕੀਕਤ ਇਹਨਾਂ ਕਹਾਣੀਆਂ ਨੂੰ ਲੀਰੋ ਲੀਰ ਕਰ ਰਹੀ ਹੈ। ਬੰਧਕ ਬਣਾਏ ਗਏ ਇਜ਼ਰਾਇਲੀਆਂ ਵਿੱਚੋਂ ਚਾਰ ਵਿਅਕਤੀ ਹਮਸ ਵੱਲੋਂ ਰਿਹਾਅ ਕੀਤੇ ਗਏ ਹਨ। ਇਹਨਾਂ ਵਿੱਚ ਇੱਕ ਬਜ਼ੁਰਗ ਔਰਤ ਯੋਕੋਵੇਦ ਲਿਫਸਿਜ਼ ਵੀ ਸ਼ਾਮਲ ਹੈ। ਇਹ ਔਰਤ ਹਮਸ ਦੇ ਕਾਰਕੁਨ ਤੋਂ ਵਿਦਾ ਹੋਣ ਲੱਗੀ ਉਸਦਾ ਹੱਥ ਘੁੱਟਦੀ ਹੈ ਅਤੇ ‘ਅਮਨ!’ ਕਹਿੰਦੀ ਹੈ। ਬਾਅਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵੀ ਉਹ ਦੱਸਦੀ ਹੈ ਕਿ ਮੁਢਲੇ ਤੌਰ ’ਤੇ ਧੱਕੇ ਨਾਲ ਅਗਵਾ ਕਰਨ ਅਤੇ ਲਿਜਾਣ ਤੋਂ ਬਾਅਦ ਕਿੰਜ ਬੰਧਕਾਂ ਨਾਲ ਬੇਹੱਦ ਨਰਮ ਸਲੂਕ ਕੀਤਾ ਗਿਆ। ਖਾਣੇ ਦੀ ਕਮੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੂੰ ਆਪਣੇ ਨਾਲ ਦਾ ਖਾਣਾ ਖਾਣ ਲਈ ਦਿੱਤਾ ਗਿਆ। ਉਹਨਾਂ ਦੀ ਸਾਫ ਸਫਾਈ, ਦੇਖਭਾਲ ਅਤੇ ਮੈਡੀਕਲ ਜ਼ਰੂਰਤਾਂ ਦਾ ਖਿਆਲ ਰੱਖਿਆ ਗਿਆ। ਇਸ ਔਰਤ ਨੇ ਇਜ਼ਰਾਇਲੀ ਹਕੂਮਤ ਉੱਤੇ ਸੁਰੱਖਿਆ ਬਦਇੰਤਜ਼ਾਮੀ ਦਾ ਦੋਸ਼ ਲਾਇਆ। ਕਈ ਇਜ਼ਰਾਇਲੀ ਵਾਰਤਾਕਾਰਾਂ ਵੱਲੋਂ ਬਾਅਦ ਵਿੱਚ ਇਸ ਔਰਤ ਦੀਆਂ ਟਿੱਪਣੀਆਂ ਨੂੰ ਤਬਾਹਕੁੰਨ ਕਿਹਾ ਗਿਆ ਅਤੇ ਇਜ਼ਰਾਇਲੀ ਅਧਿਕਾਰੀਆਂ ਤੇ ਪ੍ਰੈਸ ਕਾਨਫਰੰਸ ਦੀ ਬਦਇੰਤਜ਼ਾਮੀ ਦਾ ਦੋਸ਼ ਲਾਇਆ ਗਿਆ। ਹਮਸ ਵੱਲੋਂ ਜਾਰੀ ਇੱਕ ਹੋਰ ਵੀਡੀਓ ਅੰਦਰ ਇੱਕ ਹੋਰ ਬੰਧਕ ਔਰਤ ਇਜ਼ਰਾਇਲੀ ਹਾਕਮਾਂ ਉੱਤੇ ਆਪਣੀ ਸੁਰੱਖਿਆ ਨਾਕਾਮੀ ਦੀ ਸਜ਼ਾ ਆਮ ਲੋਕਾਂ ਗਲ ਪਾਉਣ ਦੀ ਗੱਲ ਕਰ ਰਹੀ ਹੈ ਅਤੇ ਹਾਕਮਾਂ ਨੂੰ ਫਲਸਤੀਨੀ ਕੈਦੀਆਂ ਨੂੰ ਰਿਹਾ ਕਰਕੇ ਬੰਧਕਾਂ ਨੂੰ ਛਡਾਉਣ ਲਈ ਕਹਿ ਰਹੀ ਹੈ। 

ਪਰ ਨਾ ਸਿਰਫ ਫਲਸਤੀਨੀ ਵਸੋਂ, ਸਗੋਂ ਇਜ਼ਰਾਇਲੀ ਲੋਕਾਂ ਦੀ ਸੁਰੱਖਿਆ ਨੂੰ ਵੀ ਦਰਕਿਨਾਰ ਕਰਦਿਆਂ ਨੇਤਨਯਾਹੂ ਹਕੂਮਤ ਨੇ ਹਮਲਾ ਤੇਜ਼ ਕਰਨ ਦਾ ਰਾਹ ਫੜਿਆ ਹੈ। ਇਸ ਤੇਜ਼ੀ ਅੰਦਰ ਬਹੁਗਿਣਤੀ ਔਰਤਾਂ ਅਤੇ ਬੱਚਿਆਂ ਦੀ ਰਿਹਾਇਸ਼ਗਾਹ ਬਣੇ ਸ਼ਰਨਾਰਥੀ ਕੈਂਪਾਂ ਨੂੰ ਮਲੀਆਮੇਟ ਕਰਨਾ ਵੀ ਸ਼ਾਮਲ ਹੈ। ਇਜ਼ਰਾਇਲ ਵੱਲੋਂ ਜ਼ਮੀਨੀ ਹਮਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਮਲੇ ਰਾਹੀਂ ਉਸਦੀਆਂ ਗਾਜ਼ਾ ਪੱਟੀ ਹੇਠ ਬਣੇ ਸੁਰੰਗਾਂ ਦੇ ਵਿਸ਼ਾਲ ਤਾਣੇ-ਬਾਣੇ ਨੂੰ ਤਬਾਹ ਕਰਨ ਦੀਆਂ ਵਿਉਤਾਂ ਹਨ। ਪਰ ਇਹ ਖਤਰਨਾਕ ਹਮਲਾ ਕਰਦੇ ਹੋਏ ਵੀ ਇਜ਼ਰਾਇਲ ਇਹ ਜਾਣਦਾ ਹੈ ਕਿ ਹਮਲੇ ਦਾ ਕੋਈ ਵੀ ਸਿੱਟਾ ਨਿੱਕਲੇ, ਉਸਦੀ ਹਾਰ ਨਿਸ਼ਚਤ ਹੈ। ਜੇਕਰ ਉਹ ਗਾਜ਼ਾ ਉੱਤੇ ਮੁਕੰਮਲ ਕਬਜ਼ਾ ਵੀ ਕਰ ਲੈਂਦਾ ਹੈ, ਜਿਵੇਂ ਕਿ ਉਸਨੇ 1967 ਦੀ ਜੰਗ ਵੇਲੇ ਕੀਤਾ ਸੀ, ਤਾਂ ਵੀ ਉਸ ਲਈ ਹਾਲਤ ਬੇਹੱਦ ਕਸੂਤੀ ਹੈ। ਫਲਸਤੀਨੀ ਲੋਕਾਂ ਨੂੰ ਕੰਟਰੋਲ ਕਰਨ ਲਈ ਬਾਗੀ ਗਾਜ਼ਾ ਪੱਟੀ ਅੰਦਰ ਫੌਜੀ ਬਲਾਂ ਦੀ ਨਿਰੰਤਰ ਵੱਡੀ ਤਾਇਨਾਤੀ ਕਰੀ ਰੱਖਣੀ ਖਾਲਾ ਜੀ ਦਾ ਵਾੜਾ ਨਹੀਂ। ਅਜਿਹੇ ਕਬਜ਼ੇ ਤੋਂ ਉਸ ਨੂੰ ਪਹਿਲਾਂ ਵੀ ਆਪ ਹੀ ਪਿੱਛੇ ਹਟਣਾ ਪਿਆ ਹੈ। ਦੂਜੇ ਪਾਸੇ ਫਲਸਤੀਨੀ ਲੋਕ ਇਸ ਬੇਕਿਰਕ ਹਮਲੇ ਵਿੱਚ ਆਪਣੀਆਂ ਸਭ ਤੋਂ ਪਿਆਰੀਆਂ ਸ਼ੈਆਂ ਗਵਾਉਦੇ ਹੋਏ, ਹੋਰ ਨਫ਼ਰਤ ਨਾਲ ਭਰ ਰਹੇ ਹਨ। ਇਜ਼ਰਾਇਲੀ ਨੂੰ ਭਾਜੀ ਮੋੜਨ ਗਏ ਹਮਸ ਦੇ ਲੜਾਕੇ ਇਹਨਾਂ ਲੋਕਾਂ ਦੇ ਯੋਧੇ ਹਨ। ਖਿੰਡੇ ਮਲਬੇ ਹੇਠਾਂ ਫਲਸਤੀਨੀ ਕੌਮ ਦੀ ਨਾਬਰੀ ਸਲਾਮਤ ਹੈ। ਇਹ ਨਾਬਰੀ ਇਜ਼ਰਾਇਲੀ ਜੰਗਬਾਜਾਂ ਤੇ ਉਹਨਾਂ ਦੇ ਕਪਟੀ ਸੰਗੀਆਂ ਨੂੰ ਕੰਬਣੀਆਂ ਛੇੜ ਰਹੀ ਹੈ ਅਤੇ ਛੇੜਦੀ ਰਹੇਗੀ।      

   ਇਜ਼ਰਾਇਲੀ ਜੁਲਮ ਦਾ ਚਿੰਨ੍ਹ ਬਣੀ ਹੋਈ ਕੰਧ

ਜਿਵੇਂ ਇਜ਼ਰਾਇਲ ਨੇ ਗਾਜ਼ਾ ਪੱਟੀ ਦੁਆਲੇ ਮੁਕੰਮਲ ਵਾੜ ਕੀਤੀ ਹੋਈ ਹੈ, ਉਵੇਂ ਪੱਛਮੀ ਕੰਢੇ ਦੇ ਦੁਆਲੇ ਅਤੇ ਇਸਦੇ ਅੰਦਰ ਵੀ ਕਈ ਥਾਂੲੀਂ 10 ਤੋਂ 12 ਫੁੱਟ ਉੱਚੀ ਕੰਧ ਉਸਾਰੀ ਗਈ ਹੈ। ਇਸ ਕੰਧ ਦਾ ਮਕਸਦ ਇਜ਼ਰਾਇਲੀ ਵਸੋਂ ਦਾ ਫਲਸਤੀਨੀ ਵਸੋਂ ਦੇ ਰੋਹ ਤੋਂ ਬਚਾਅ ਕਰਨਾ ਦੱਸਿਆ ਗਿਆ ਹੈ। ਫਲਸਤੀਨੀਆਂ ਲਈ ਇਹ ਕੰਧ ਨਸਲੀ ਭੇਦਭਾਵ, ਉਹਨਾਂ ਦੀ ਆਪਣੀ ਜ਼ਮੀਨ ਤੋਂ ਬੇਦਖਲੀ ਅਤੇ ਇਜ਼ਰਾਇਲੀ ਫਾਸ਼ੀਵਾਦੀਆਂ ਦੇ ਧੱਕੜਪੁਣੇ ਦਾ ਚਿੰਨ੍ਹ ਹੈ। ਫਲਸਤੀਨੀਆਂ ਦਾ ਨਫ਼ਰਤ ਦਾ ਪਾਤਰ ਇਹ ਕੰਧ ਫਲਸਤੀਨੀਆਂ ਵਾਲੇ ਪਾਸੇ ਤੋਂ ਬਗਾਵਤੀ ਸੁਰਾਂ, ਨਾਅਰਿਆਂ ਤੇ ਤਸਵੀਰਾਂ ਨਾਲ ਭਰੀ ਹੋਈ ਹੈ। ਇਹਨਾਂ ਵਿੱਚੋਂ ਇੱਕ ਤਸਵੀਰ ਅੰਦਰ ਇੱਕ ਇਜ਼ਰਾਇਲੀ ਫੌਜੀ ਬਾਹਾਂ ਉਤਾਂਹ ਕਰੀ ਖੜ੍ਹਾ ਹੈ ਅਤੇ ਇੱਕ ਨਿੱਕਾ ਫਲਸਤੀਨੀ ਬੱਚਾ ਉਸਦੀ ਤਲਾਸ਼ੀ ਲੈ ਰਿਹਾ ਹੈ। 


ਨਾਜੀਆ ਦੇ ਵਾਰਿਸ ਇਜ਼ਰਾਇਲੀ ਹਾਕਮ

ਇਜ਼ਰਾਇਲ ਨੇ ਇਹ ਹਮਲਾ ਸਿਰਫ ਬੰਬ ਵਰ੍ਹਾ ਕੇ ਹੀ ਨਹੀਂ ਕੀਤਾ, ਸਗੋਂ ਫਲਸਤੀਨੀਆਂ ਨੂੰ ਪਾਣੀ, ਭੋਜਨ, ਦਵਾਈਆਂ ਅਤੇ ਹੋਰ ਸਾਜ਼ੋ ਸਮਾਨ ਦਾ ਸਪਲਾਈ ਰੋਕ ਕੇ ਵੀ ਕੀਤਾ ਹੈ। ਗਾਜ਼ਾ ਪੱਟੀ ਸਾਰੇ ਪਾਸਿਉ ਦੀਵਾਰ ਨਾਲ ਘਿਰੀ ਹੋਣ ਕਰਕੇ ਇਹ ਪੂਰੀ ਦੁਨੀਆ ਤੋਂ ਕੱਟੀ ਹੋਈ ਹੈ। ਸਾਰੇ ਤਾਜ਼ੇ ਪਾਣੀ ਦੇ ਸਰੋਤਾਂ, ਵੱਡੀਆਂ ਸੜਕਾਂ ਅਤੇ ਮਹੱਤਵਪੂਰਨ ਥਾਂਵਾਂ ਵੱਲ ਜਾਂਦੇ ਲਾਂਘਿਆਂ ਉੱਤੇ ਇਜ਼ਰਾਇਲ ਦਾ ਕਬਜ਼ਾ ਹੈ। ਇਸ ਕਰਕੇ ਏਥੋਂ ਦੇ ਵਸਨੀਕ ਪਾਣੀ, ਭੋਜਨ, ਇਮਾਰਤੀ ਸਾਜ਼ੋ ਸਮਾਨ ਤੇ ਹੋਰ ਹਰ ਪ੍ਰਕਾਰ ਦੀਆਂ ਚੀਜ਼ਾਂ ਲਈ ਇਜ਼ਰਾਇਲ ਵੱਲ ਖੁੱਲ੍ਹਦੇ ਇੱਕੋ ਇੱਕ ਲਾਂਘੇ ’ਤੇ ਨਿਰਭਰ ਹਨ। ਇਹ ਹੋਰ ਲਾਂਘਾ ਜੋ ਮਿਸਰ ਨਾਲ ਵਪਾਰ ਲਈ ਵਰਤਿਆ ਜਾਂਦਾ ਹੈ, ਮੁਕੰਮਲ ਤੌਰ ’ਤੇ ਇਜ਼ਰਾਇਲ ਦੇ ਕੰਟਰੋਲ ਹੇਠ ਹੈ ਅਤੇ ਅਕਸਰ ਬੰਦ ਰਹਿੰਦਾ ਹੈ। ਹੁਣ ਇਸ ਜੰਗ ਦੌਰਾਨ ਇਜ਼ਰਾਇਲ ਨੇ ਗਾਜ਼ਾ ਪੱਟੀ ਲਈ ਭੋਜਨ, ਬਿਜਲੀ, ਪਾਣੀ, ਬਾਲਣ ਅਤੇ ਹੋਰ ਸਮਾਨ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਬਿਜਲੀ ਦੀ ਘਾਟ ਕਾਰਨ ਹਸਪਤਾਲਾਂ ਅੰਦਰ ਮਰੀਜ਼ ਮਰ ਰਹੇ ਹਨ। ਭੋਜਨ ਅਤੇ ਪਾਣੀ ਦਾ ਸੰਕਟ ਵੱਡੀ ਤ੍ਰਾਸਦੀ ਬਣ ਚੁੱਕਿਆ ਹੈ। ਗਾਜ਼ਾ ਪੱਟੀ ਜਿੱਥੇ ਭੋਂ ਦੇ ਛੋਟੇ ਜਿਹੇ ਟੋਟੇ ਵਿੱਚ ਫਲਸਤੀਨੀਆਂ ਦੀ ਬਹੁਤ ਸੰਘਣੀ ਵਸੋਂ ਧੱਕੀ ਹੋਈ ਹੈ, ਪਾਣੀ ਦੀ ਘਾਟ ਕਾਰਨ ਮਹਾਂਮਾਰੀਆਂ ਤੇ ਬਿਮਾਰੀਆਂ ਕਾਰਨ ਭਿਅੰਕਰ ਤਬਾਹੀ ਦੇ ਕੰਢੇ ’ਤੇ ਹੈ, ਕਿਉਕਿ ਪਾਣੀ ਦੀ ਘਾਟ ਸਫਾਈ ਪੱਖੋਂ ਬੇਹੱਦ ਮਾੜੀ ਹਾਲਤ ਪੈਦਾ ਕਰ ਰਹੀ ਹੈ। ਦੂਜੇ ਪਾਸੇ ਮਿਸਰ ਵਾਲੇ ਪਾਸੇ ਰਸਦ ਅਤੇ ਹੋਰ ਜ਼ਰੂਰੀ ਸਹਾਇਤਾ ਸਮੱਗਰੀ ਨਾਲ ਭਰੇ ਟਰੱਕਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜਿਸਨੂੰ ਇਜ਼ਰਾਇਲ ਗਾਜ਼ਾ ਪੱਟੀ ਵਿੱਚ ਦਾਖਲ ਨਹੀਂ ਹੋਣ ਦੇ ਰਿਹਾ। ਆਮ ਹਾਲਤਾਂ ਵਿੱਚ ਰੋਜ਼ਾਨਾ ਰਸਦ ਅਤੇ ਹੋਰ ਵਸਤਾਂ ਦੇ 500 ਤੋਂ ਵਧੇਰੇ ਟਰੱਕ ਗਾਜ਼ਾ ਵਾਸੀਆਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਸਨ। ਪਰ ਹੁਣ ਜੰਗ ਦੌਰਾਨ ਦੇ ਸਾਰੇ ਦਿਨਾਂ ਵਿੱਚ ਕੁੱਲ ਮਿਲਾ ਕੇ 100 ਟਰੱਕ ਗਾਜ਼ਾ ਪੱਟੀ ਅੰਦਰ ਪਹੁੰਚਣ ਨਹੀਂ ਦਿੱਤੇ ਗਏ। ਇਜ਼ਰਾਇਲ ਦੇ ਇਸ ਵੱਡੇ ਗੁਨਾਹ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਅਤੇ ਹੋਰ ਅਨੇਕਾਂ ਦੇਸ਼ਾਂ ਵੱਲੋਂ ਜੰਗਬੰਦੀ ਅਤੇ ਗਾਜ਼ਾ ਅੰਦਰ ਫੌਰੀ ਰਸਦ ਪਹੁੰਚਾਏ ਜਾਣ ਉੱਤੇ ਜੋਰ ਪਾਇਆ ਹੈ। ਪਰ ਇਜ਼ਰਾਇਲ ਇਹਨਾਂ ਸੱਦਿਆਂ ਨੂੰ ਟਿੱਚ ਜਾਣ ਰਿਹਾ ਹੈ। ਹਮਸ ਨੂੰ ਇਜ਼ਰਾਇਲ ਅੰਦਰ ਜੰਗੀ ਅਪਰਾਧਾਂ ਦਾ ਦੋਸ਼ੀ ਠਹਿਰਾਉਣ ਵਾਲੀ ਇਜ਼ਰਾਇਲੀ ਹਕੂਮਤ ਸਿਰੇ ਦੇ ਵਹਿਸ਼ੀ ਜੰਗੀ ਅਪਰਾਧਾਂ ਦਾ ਕਲੰਕ ਖੱਟ ਰਹੀ ਹੈ। ਬੱਚਿਆਂ, ਮਰੀਜ਼ਾਂ ਅਤੇ ਆਮ ਲੋਕਾਂ ਨੂੰ ਭੁੱਖੇ ਪਿਆਸੇ ਅਤੇ ਇਲਾਜ ਖੁਣੋਂ ਮਾਰ ਕੇ ਆਪਣੇ ਆਪ ਨੂੰ ਨਾਜ਼ੀਆਂ ਦੀ  ਵਾਰਸ ਸਿੱਧ ਕਰ ਰਹੀ ਹੈ।      

ਇਜ਼ਰਾਇਲੀ ਫੌਜੀ ਬੂਟਾਂ ਹੇਠ ਦਰੜੀ ਫਲਸਤੀਨੀ ਆਰਥਿਕਤਾ

 


ਇਜ਼ਰਾਇਲੀ ਫੌਜੀ ਬੂਟਾਂ ਹੇਠ ਦਰੜੀ ਫਲਸਤੀਨੀ ਆਰਥਿਕਤਾ

ਇਹਨੀ ਦਿਨੀਂ ਫਲਸਤੀਨ ਤੇ ਖਾਸ ਕਰਕੇ ਇਸਦਾ ਗਾਜ਼ਾ ਪੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਖੇਤਰ ਇਜ਼ਰਾਈਲੀ ਫੌਜ ਦੀ ਤਾਬੜਤੋੜ ਤੇ ਵਹਿਸ਼ੀਆਨਾ ਬੰਬਾਰੀ ਤੇ ਫੌਜੀ ਹਮਲੇ ਦੀ ਮਾਰ ਹੇਠ ਆਇਆ ਹੋਣ ਕਰਕੇ ਦੁਨੀਆਂ ਭਰ ’ਚ ਚਰਚਾ ’ਚ ਹੈ। ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬਾਰੂਦੀ ਵਾਛੜ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚਿੜੀ ਦੇ ਪੌਂਚੇ ਜਿੱਡੇ ਗਾਜ਼ਾ ਪੱਟੀ ਖੇਤਰ ’ਚ, ਹਮਲੇ ਦੇ ਪਹਿਲੇ ਹੀ ਸੱਤ ਦਿਨਾਂ ’ਚ ਹਵਾਈ ਜਹਾਜ਼ਾਂ, ਮਿਜ਼ਾਈਲਾਂ ਅਤੇ ਤੋਪਾਂ ਨਾਲ ਇੰਨੇ ਬੰਬ ਵਰ੍ਹਾਏ ਗਏ ਜਿੰਨੇ ਇਸਦੇ ਸਰਗਣੇ ਅਮਰੀਕਨ ਸਾਮਰਾਜ ਵੱਲੋਂ ਗਾਜ਼ਾ ਤੋਂ ਦੋ ਹਜ਼ਾਰ ਗੁਣਾ ਵੱਡੇ ਅਫਗਾਨਿਸਤਾਨ ’ਚ ਹਮਲੇ ਵੇਲੇ ਵੀ ਨਹੀਂ ਵਰ੍ਹਾਏ ਗਏ ਸਨ। ਇਸ ਨਾਲ ਹਜ਼ਾਰਾਂ ਆਮ ਨਾਗਰਿਕ ਤੇ ਬੱਚੇ ਮਾਰੇ ਗਏ ਹਨ ਤੇ ਰਿਹਾਇਸ਼ੀ ਖੇਤਰ ਤਬਾਹ ਹੋ ਗਏ ਹਨ। ਗਿਣੀ-ਮਿਥੀ ਵਿਉਤ ਤੇ ਬੁਖਲਾਹਟ ’ਚ ਕੀਤੀ ਜਾ ਰਹੀ ਮੌਤ ਦੀ ਇਸ ਵਰਖਾ ਦਾ ਮਕਸਦ ਫਲਸਤੀਨੀ ਵਸੋਂ ਨੂੰ ਸਮੂਹਕ ਸਜ਼ਾ ਦੇਣਾ, ਫਲਸਤੀਨੀ ਕੌਮ ਦੀ ਨਸਲਕੁਸ਼ੀ ਕਰਨਾ, ਉਸਨੂੰ ਉਥੋਂ ਖਦੇੜਨਾ ਅਤੇ ਫਲਸਤੀਨੀ ਤਾਣੇ-ਬਾਣੇ ਤੇ ਆਰਥਿਕਤਾ ਨੂੰ ਮਲੀਆਮੇਟ ਕਰਨਾ ਹੈ। ਇਸ ਵਹਿਸ਼ੀਆਨਾ ਤੇ ਨਾਪਾਕ ਮੁਹਿੰਮ ਨੂੰ ਅਮਰੀਕਨ ਸਾਮਰਾਜ ਤੇ ਹੋਰ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਦਾ ਥਾਪੜਾ ਹੈ। 

ਫਲਸਤੀਨ ਦੇ ਅਰਥਚਾਰੇ ਨੂੰ ਸਮਝਣ ਲਈ ਫਲਸਤੀਨ ਉੱਪਰ ਇਜ਼ਰਾਈਲੀ ਯਹੂਦੀ ਰਾਜ ਦੇ ਜਕੜ-ਜੱਫੇ ਨੂੰ ਸਮਝਣਾ ਬੇਹੱਦ ਜਰੂਰੀ ਹੈ। ਫਲਸਤੀਨ ਦੇ ਗਾਜ਼ਾ ਪੱਟੀ ਖੇਤਰ ’ਚ 2006 ਤੋਂ ਹਮਾਸ ਦੀ ਸਰਕਾਰ ਚਲੀ ਆ ਰਹੀ ਹੈ ਜਦ ਕਿ ਪੱਛਮੀ ਕਿਨਾਰੇ ’ਚ ਫਤਿਹ ਗਰੁੱਪ ਦੀ ਸਰਕਾਰ ਹੈ। ਇਜ਼ਰਾਈਲ ਨੇ ਅਮਰੀਕੀ ਸਾਮਰਾਜ ਦੀ ਸ਼ਹਿ ਅਤੇ ਸਰਗਰਮ ਸਹਿਯੋਗ ਨਾਲ ਹੁਣ ਤੱਕ ਫਲਸਤੀਨ ਦਾ 80 ਫੀਸਦੀ ਇਲਾਕਾ ਹਥਿਆ ਲਿਆ ਹੈ। ਲੱਖਾਂ ਫਲਸਤੀਨੀਆਂ ਨੂੰ ਇਹਨਾਂ ਖੇਤਰਾਂ ’ਚੋਂ ਖਦੇੜ ਕੇ ਸ਼ਰਨਾਰਥੀ ਬਣਾ ਬਾਹਰਲੇ ਦੇਸ਼ਾਂ ’ਚ ਰੁਲਣ ਲਈ ਧੱਕ ਦਿੱਤਾ ਹੈ। ਇਜ਼ਰਾਇਲੀ ਫੌਜਾਂ ਵੱਲੋਂ ਹੁਣ ਵੀ ਭੜਕਾੳੂ ਤੇ ਹਿੰਸਕ ਕਾਰਵਾਈਆਂ ਜਾਰੀ ਰੱਖੀਆਂ ਜਾ ਰਹੀਆਂ ਹਨ। ਸਿਰਫ ਪਿਛਲੇ 15 ਸਾਲਾਂ ’ਚ ਹੀ ਇਜ਼ਰਾਈਲ ਫਲਸਤੀਨ ਉੱਪਰ ਸਾਲ 2008, 2012, 2014, 2021 ਤੇੇ ਹੁਣ 2023 ’ਚ ਪੰਜ ਧਾੜਵੀ ਜੰਗਾਂ ਮੜ੍ਹ ਚੁੱਕਾ ਹੈ। ਹਰ ਅਜਿਹੀ ਜੰਗ ਫਲਸਤੀਨੀ ਲੋਕਾਂ ਅਤੇ ਅਰਥਚਾਰੇ, ਜਨਜੀਵਨ, ਸਮਾਜਕ ਤਾਣੇ-ਬਾਣੇ ਅਤੇ ਜਾਨ-ਮਾਲ ਦੀ ਬਰਬਾਦੀ ਦੇ ਰੂਪ ’ਚ ਕਹਿਰ ਬਣ ਕੇ ਵਰ੍ਹਦੀ ਹੈ। ਲਗਾਤਾਰ ਜੰਗੀ ਤਬਾਹੀ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਫਲਸਤੀਨ ਦੇ ਜਨ-ਜੀਵਨ ਦਾ ਸਥਾਈ ਤੇ ਅਮੁੱਕ ਸੰਤਾਪ ਬਣ ਚੁੱਕੀਆਂ ਹਨ। 

ਸਾਲ 2007 ਤੋਂ ਇਜ਼ਰਾਇਲੀ ਫਾਸ਼ੀ ਰਾਜ ਨੇ ਫਲਸਤੀਨੀ ਖੇਤਰ ਦੀ ਬਹੁਤ ਹੀ ਦਮਘੋਟੂ ਨਾਕੇਬੰਦੀ ਕਰ ਰੱਖੀ ਹੈ। ਗਾਜ਼ਾ ਪੱਟੀ ਦਾ ਉੱਤਰ ਅਤੇ ਪੂਰਬੀ ਹਿੱਸਾ ਇਜ਼ਰਾਈਲ ਨਾਲ ਲੱਗਦਾ ਹੈ ਜਿੱਥੇ ਉਸ ਨੇ ਆਪਣੀ ਰੱਖਿਆ ਦੇ ਨਾਂ ਹੇਠ ਡੂੰਘੀ ਤੇ ਉੱਚੀ ਮਜ਼ਬੂਤ ਲੋਹੇ ਤੇ ਕੰਕਰੀਟ ਦੀ ਦੀਵਾਰ ਅਤੇ ਇਸਦੇ ਪਾਸੀਂ ਡੂੰਘੀਆਂ ਖਾਈਆਂ ਦੀ ਵਾੜ ਕਰ ਰੱਖੀ ਹੈ ਜੋ ਅਨੇਕਾਂ ਕਿਸਮ ਦੇ ਨਿਗਰਾਨੀ ਤੇ ਹੋਰ ਟੋਹ-ਲਾੳੂ ਯੰਤਰਾਂ ਨਾਲ ਲੈਸ ਹੈ। ਦੱਖਣ ’ਚ ਮਿਸਰ ਹੈ ਜਿੱਥੇ ਅਮਰੀਕਨ ਪਿੱਠੂ ਅਲ-ਸੀਸੀ ਦੀ ਸਰਕਾਰ ਹੈ ਜੋ ਇਜ਼ਰਾਈਲ ਨਾਲ ਸਹਿਯੋਗ ਕਰਕੇ ਚੱਲਦੀ ਹੈ। ਪੱਛਮ ’ਚ ਭੂ-ਮੱਧ ਸਾਗਰ ਹੈ ਜਿਸ ’ਤੇ ਇਜ਼ਰਾਇਲੀ ਫੌਜ ਦਾ ਕਬਜ਼ਾ ਹੈ। ਇਜ਼ਰਾਈਲ ਨੇ ਗਾਜ਼ਾ ਖੇਤਰ ਲਈ ਸਾਰੇ ਸਮੁੰਦਰੀ ਅਤੇ ਹਵਾਈ ਖੇਤਰ ਬੰਦ ਕੀਤੇ ਹੋਏ ਹਨ। ਗਾਜ਼ਾ ਪੱਟੀ ’ਚ ਦਾਖਲ ਹੋਣ ਜਾਂ ਬਾਹਰ ਨਿੱਕਲਣ ਲਈ ਸਿਰਫ ਤਿੰਨ ਦੁਆਰ ਹਨ ਜਿਨ੍ਹਾਂ ’ਚੋਂ ਦੋ ਇਜ਼ਰਾਇਲੀ ਫੌਜ ਦੇ ਅਤੇ ਇੱਕ ਮਿਸਰ ਦੀ ਫੌਜ ਦੇ ਕਬਜ਼ੇ ਹੇਠ ਹੈ। ਇਜ਼ਰਾਈਲ ਨੇ ਫਲਸਤੀਨੀਆਂ ਨੂੰ ਡੱਕ ਕੇ ਰੱਖਣ ਲਈ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਵਿਚ ਬਦਲ ਦਿੱਤਾ ਹੈ। 

ਉਪਰੋਕਤ ਹਾਲਤ ਤੋਂ ਸਪਸ਼ਟ ਹੈ ਕਿ ਜੇ ਕਿਸੇ ਗਾਜ਼ਾ ਪੱਟੀ ਦੇ ਵਾਸੀ ਨੇ ਗਾਜ਼ਾ ਪੱਟੀ ਤੋਂ ਬਾਹਰ ਪੱਛਮੀ ਕਿਨਾਰੇ ਦੇ ਫਲਸਤੀਨੀ ਖੇਤਰ ਜਾਂ ਨੌਕਰੀ ਤੇ ਕਾਰੋਬਾਰ, ਇਲਾਜ਼ ਆਦਿ ਲਈ ਬਾਹਰ ਜਾਣਾ ਹੋਵੇ ਤਾਂ ਉਸ ਲਈ ਇਜ਼ਰਾਇਲੀ ਫੌਜ ਤੋਂ ਪਰਮਿਟ ਲੈਣਾ ਜ਼ਰੂਰੀ ਹੈ। ਇਉ ਹੀ ਗਾਜ਼ਾ ਪੱਟੀ ’ਚ ਦਾਖਲੇ ਲਈ ਹੈ। ਗਾਜ਼ਾ ਪੱਟੀ ’ਚ ਕਿਸ ਨੂੰ ਕਦ ਬਾਹਰ ਜਾਣ ਦੇਣਾ ਹੈ ਜਾਂ ਆਉਣ ਦੇਣਾ ਹੈ, ਕੀ ਸਾਮਾਨ ਤੇ ਕਿੰਨੀ ਮਾਤਰਾ ’ਚ ਤੇ ਕਦੋਂ ਅੰਦਰ ਆਉਣ ਦੇਣਾ ਜਾਂ ਬਾਹਰ ਜਾਣ ਦੇਣਾ ਹੈ, ਇਹ ਪੂਰੀ ਤਰ੍ਹਾਂ ਇਜ਼ਰਾਈਲ ਦੇ ਅਖਤਿਆਰ ਵਿਚ ਹੈ। ਇਸ ਤਰ੍ਹਾਂ ਫਲਸਤੀਨੀ ਖੇਤਰਾਂ ਦੇ ਅਰਥਚਾਰੇ ਉਪਰ ਇਜ਼ਰਾਈਲ ਦੀ ਮਜ਼ਬੂਤ  ਜਕੜ ਹੈ। 

ਪਿਛਲੇ ਸਾਰੇ ਅਰਸੇ ਦੌਰਾਨ ਇਜ਼ਰਾਇਲ ਨੇ ਪੂਰੇ ਸਿਲਸਿਲੇਬੱਧ ਢੰਗ ਨਾਲ ਫਲਸਤੀਨ ਵਿਚ ਨਾ ਸਿਰਫ ਸਨਅਤੀ ਵਿਕਾਸ ਦੀ ਇਜਾਜ਼ਤ ਨਹੀਂ ਦਿੱਤੀ, ਸਗੋਂ ਸਨਅਤ ਤੇ ਸਨਅਤੀ ਤਾਣੇ-ਬਾਣੇ ਨੂੰ ਨਸ਼ਟ ਕੀਤਾ ਹੈ। ਥੋੜ੍ਹੀ  ਬਹੁਤੀ ਖੇਤੀ ਪੈਦਾਵਾਰ ਤੋਂ ਇਲਾਵਾ ਫਲਸਤੀਨੀ ਖੇਤਰਾਂ ’ਚ ਰੁਜ਼ਗਾਰ ਦਾ ਹੋਰ ਕੋਈ ਸੋਮਾ ਨਹੀਂ । ਰੁਜ਼ਗਾਰ ਲਈ ਮਜ਼ਦੂਰੀ ਆਦਿ ਕਰਨ ਲਈ ਗਾਜ਼ਾ ਵਾਸੀਆਂ ਨੂੰ ਇਜ਼ਰਾਈਲ ’ਚ ਪਰਮਿਟ ਆਦਿ ਲੈ ਕੇ ਜਾਣਾ ਪੈਂਦਾ ਹੈ ਤੇ ਇਹ ਇਜ਼ਰਾਇਲੀ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਕਦ ਤੇ ਕਿੰਨਿਆਂ ਨੂੰ ਪਰਮਿਟ ਦਿੰਦੀ ਹੈ ਜਾਂ ਨਹੀਂ ਦਿੰਦੀ। ਗਾਜ਼ਾ ਪੱਟੀ ’ਚ 80 ਫੀਸਦੀ ਲੋਕ ਆਪਣੇ ਗੁਜ਼ਾਰੇ ਲਈ ਕੌਮਾਂਤਰੀ ਸਹਾਇਤਾ ’ਤੇ ਨਿਰਭਰ ਹਨ। ਗਾਜ਼ਾ ’ਚ 53 ਫੀਸਦੀ ਆਬਾਦੀ ਗਰੀਬੀ ਰੇਖਾ ਤੋ ਹੇਠਾਂ ਅਤੇ 35 ਫੀਸਦੀ ਘੋਰ ਗਰੀਬੀ ਦੀਆਂ ਹਾਲਤਾਂ ’ਚ ਰਹਿ ਰਹੀ ਹੈ। ਸਮੁੱਚੇ ਫਲਸਤੀਨ ’ਚ 30 ਫੀਸਦੀ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਹੈ। 

ਫਲਸਤੀਨ ਇਲਾਕਿਆਂ ਦੀ ਆਰਥਕ ਹਾਲਤ ਬਹੁਤ ਹੀ ਮਾੜੀ ਹੈ। ਗਾਜ਼ਾ ਪੱਟੀ ’ਚ ਦਸ ਹਜ਼ਾਰ ਮਰੀਜ਼ਾਂ ਪਿੱਛੇ ਹਸਪਤਾਲਾਂ ’ਚ ਸਿਰਫ 13 ਬੱੈਡ ਹਨ। ਇੱਥੇ ਪਾਣੀ ਖਾਰਾ ਹੋਣ ਕਰਕੇ ਇਸ ਨੂੰ ਮਸ਼ੀਨਾਂ ਰਾਹੀਂ ਸਾਫ ਕਰਨਾ ਜ਼ਰੂਰੀ ਹੈ। ਸਾਰੀ ਗਾਜ਼ਾ ਪੱਟੀ ’ਚ ਪਾਣੀ  ਸਾਫ ਕਰਨ ਦਾ ਇੱਕ ਪਲਾਂਟ ਹੈ, ਉਸ ਲਈ ਵੀ ਤੇਲ ਜਾਂ ਬਿਜਲੀ ਪੱਖੋਂ ਇਜ਼ਰਾਈਲ ’ਤੇ ਨਿਰਭਰਤਾ ਹੈ। ਇਸ ਲਈ ਪੀਣ ਵਾਲਾ ਪਾਣੀ ਵੀ ਦਰਾਮਦ ਕਰਨਾ ਪੈਂਦਾ ਹੈ। ਸਕੂਲਾਂ, ਸੰਚਾਰ-ਸਾਧਨਾਂ, ਆਵਾਜਾਈ ਦੀ ਵਿਵਸਥਾ ਪੱਖੋਂ ਮਾੜਾ ਹਾਲ ਹੈ। ਬਿਜਲੀ ਦੀ ਲੋੜ-ਪੂਰਤੀ, ਤੇਲ ਤੇ ਗੈਸ ਲਈ ਫਲਸਤੀਨੀ ਖੇਤਰ ਮੁੱਖ ਤੌਰ ’ਤੇ ਇਜ਼ਰਾਈਲ ’ਤੇ ਨਿਰਭਰ ਹਨ। ਬਿਜਲੀ, ਤੇਲ ਤੇ ਰਸੋਈ ਗੈਸ ਅਤੇ ਪੀਣ ਦਾ ਪਾਣੀ ਬੁਨਿਆਦੀ ਲੋੜਾਂ ਹਨ ਤੇ ਇਹ ਤਿੰਨੇ ਪੰਜ ਪ੍ਰਮੁੱਖ ਦਰਾਮਦਾਂ ’ਚ ਆਉਦੀਆਂ ਹਨ। ਇਹਨਾਂ ਬੁਨਿਆਦੀ ਲੋੜਾਂ ਦੀ ਪੂਰਤੀ ਇਜ਼ਰਾਈਲ ਦੀ ਇੱਛਾ ’ਤੇ ਨਿਰਭਰ ਹੋਣ ਦੀਆਂ ਫਲਸਤੀਨੀ ਆਰਥਿਕਤਾ ਲਈ ਬਹੁਤ ਹੀ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ। ਲੋੜ ਪੈਣ ’ਤੇ ਇਜ਼ਰਾਈਲ ਕਦੇ ਵੀ ਇਹ ਸਪਲਾਈ ਰੋਕ ਕੇ ਫਲਸਤੀਨ ਦਾ ਦਮ ਘੁੱਟ ਸਕਦਾ ਹੈ। ਮੌਜੂਦਾ ਜੰਗ ’ਚ ਵੀ ਉਸ ਨੇ ਬਿਜਲੀ, ਪਾਣੀ, ਤੇਲ ਤੇ ਗੈਸ, ਖੁਰਾਕੀ ਵਸਤਾਂ ਆਦਿਕ ਦੀ ਸਪਲਾਈ ਰੋਕਣ ਦਾ ਹਥਿਆਰ ਸ਼ਰੇਆਮ ਵਰਤਿਆ ਹੈ ਜੋ ਜੰਗੀ ਨਿਯਮਾਂ ਅਨੁਸਾਰ ਮਾਨਵਤਾ ਵਿਰੁੱਧ ਜੰਗੀ ਅਪਰਾਧ ਬਣਦਾ ਹੈ। 

ਇਜ਼ਰਾਈਲ ਸਰਕਾਰ ਦਾ ਸਪਲਾਈ ਲਾਈਨਾਂ ’ਤੇ ਕਬਜੇ ਰਾਹੀਂ ਫਲਸਤੀਨੀ ਅਰਥਚਾਰੇ ੳੱੁਪਰ ਕਿੰਨਾ ਕਸਵਾਂ ਕੰਟਰੋਲ ਹੈ ਤੇ ਇਸ ਕੰਟਰੋਲ ਨੂੰ ਕਿਵੇਂ ਇਕ ਜੰਗੀ ਹਥਿਆਰ ਦੇ ਰੂਪ ’ਚ ਵਰਤ ਰਿਹਾ ਹੈ, ਇਸ ਨੂੰ ਕੁੱਝ ਉਦਾਹਰਣਾਂ ਰਾਹੀਂ ਸਮਝਿਆ ਜਾ ਸਕਦਾ ਹੈ। ਉਦਾਹਰਣ ਲਈ ਸਾਲ 2004 ’ਚ ਇਸ ਨੇ ਗਾਜ਼ਾ ’ਚੋਂ ਬਾਹਰ ਜਾਣ ਲਈ 60 ਲੱਖ ਪਰਮਿਟ ਦਿੱਤੇ ਪਰ ਸਾਲ 2008 ’ਚ ਸਿਰਫ 11 ਹਜ਼ਾਰ ਹੀ ਅਜਿਹੇ ਪਰਮਿਟ ਜਾਰੀ ਕੀਤੇ ਗਏ। ਇਉ ਹੀ ਸਾਲ 2016 ’ਚ ਇਜ਼ਰਾਈਲ ਗਾਜ਼ਾ ਨੂੰ 200 ਮਿਲੀਅਨ ਲਿਟਰ ਤੋਂ ਉਪਰ ਪੈਟਰੋਲ ਤੇ ਡੀਜ਼ਲ ਦਰਾਮਦ ਕਰਨ ਦੀ ਇਜਾਜ਼ਤ ਦੇ ਰਿਹਾ ਸੀ ਪਰ ਸਾਲ 2017 ਤੋਂ ਬਾਅਦ ਇਹ ਕੋਟਾ ਲਗਾਤਾਰ ਛਾਂਗ ਕੇ 2022 ’ਚ 16 ਮਿਲੀਅਨ ਲਿਟਰ ਕਰ ਦਿੱਤਾ ਗਿਆ। ਇਉ ਹੀ ਸਾਲ 2005 ’ਚ 112 ਹਜ਼ਾਰ ਟਰੱਕ ਮਾਲ ਗਾਜ਼ਾ ’ਚ ਜਾਣ ਦੀ ਇਜਾਜ਼ਤ ਦਿੱਤੀ ਜਦ ਕਿ 2008 ’ਚ ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਦੇ ਪ੍ਰਸੰਗ ’ਚ ਸਿਰਫ 26 ਹਜ਼ਾਰ ਟਰੱਕ ਮਾਲ ਆਉਣ ਦਿੱਤਾ ਗਿਆ ਤੇ ਉਹ ਵੀ ਇਜ਼ਰਾਈਲ ਨੂੰ ਮਨਜੂਰ ਸਮਾਨ ਹੀ। ਅਜੋਕੀ ਜੰਗ ਵਿਚ ਵੀ ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ਨੂੰ ਬਿਜਲੀ, ਪੀਣ ਵਾਲੇ ਪਾਣੀ, ਖੁਰਾਕੀ ਵਸਤਾਂ, ਪੈਟਰੋਲੀਅਮ, ਡੀਜ਼ਲ ਤੇ ਰਸੋਈ ਗੈਸ, ਜ਼ਰੂਰੀ ਦਵਾਈਆਂ ਆਦਿਕ ਦੀ ਸਪਲਾਈ ਮੁਕੰਮਲ ਤੌਰ ’ਤੇ ਰੋਕ ਦਿੱਤੀ ਹੈ ਤਾਂ ਕਿ ਫਲਸਤੀਨੀ ਲੋਕਾਂ ਨੂੰ ਗਾਜ਼ਾ ਪੱਟੀ ’ਚੋਂ ਹਿਜ਼ਰਤ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ। ਇਹ ਉਦਾਹਰਣਾਂ ਫਲਸਤੀਨੀ ਆਰਥਿਕਤਾ ਦੀ ਬੁਨਿਆਦੀ ਕਮਜ਼ੋਰੀ ਦਾ ਉੱਘੜਵਾਂ ਇਜ਼ਹਾਰ ਹਨ। 

ਗਾਜ਼ਾ ਪੱਟੀ ਦੀ ਆਰਥਕਤਾ ਦੀ ਇਕ ਹੋਰ ਦੁਖਦੀ ਰਗ ਇੱਥੇ ਵਸੋਂ ਦੀ ਵੱਡੀ ਘਣਤਾ ਹੈ। ਗਾਜ਼ਾ ਪੱਟੀ ਦਾ ਕੁੱਲ ਰਕਬਾ 365 ਵਰਗ ਕਿਲੋਮੀਟਰ ਹੈ ਜੋ  ਪੰਜਾਬ ਦੇ ਬਠਿੰਡੇ ਜਿਲ੍ਹੇ ਦੇ ਖੇਤਰਫਲ ਦਾ ਦਸਵਾਂ-ਗਿਆਰਵਾਂ ਹਿੱਸਾ  ਬਣਦਾ ਹ। ਪਰ ਇੱਥੇ 23 ਲੱਖ ਲੋਕ ਤੂੜੇ ਹੋਏ ਹਨ ਜਿਨ੍ਹਾਂ ਨੂੰ ਇਜ਼ਰਾਈਲ ਦੀਆਂ ਧੌਂਸ ਤੇ ਜਬਰ ਦੀਆਂ ਪਸਾਰਵਾਦੀ ਚਾਲਾਂ ਨੇ ਇੱਥੇ ਸ਼ਰਨ ਲੈਣ ਲਈ ਮਜ਼ਬੂਰ ਕੀਤਾ ਹੈ। ਇੱਥੇ ਪ੍ਰਤੀ ਵਰਗ ਕਿਲੋਮੀਟਰ ਵਸੋਂ ਦੀ ਘਣਤਾ 6019 ਹੈ ਜੋ ਪੰਜਾਬ ਦੀ 550 ਦੀ ਘਣਤਾ ਦੇ ਮੁਕਾਬਲੇ ਗਿਆਰਾਂ ਗੁਣਾ ਹੈ। ਜੇ ਰੁਜ਼ਗਾਰ ਦੇ ਲੋੜੀਂਦੇ ਮੌਕੇ ਹੁੰਦੇ ਤਾਂ ਵਸੋਂ ਬੇਹੱੱਦ ਕੀਮਤੀ ਮਾਨਵੀ ਸਾਧਨ ਤੇ ਨਿਆਮਤ ਸਾਬਤ ਹੋਣਾ ਸੀ। ਪਰ ਰੁਜ਼ਗਾਰ ਦੇ ਅਤੀ ੳੂਣੇ ਮੌਕੇ ਹੋਣ ਕਰਕੇ ਇਹ ਅਰਥਚਾਰੇ ਉੱਪਰ ਗੈਰ-ਉਪਜਾੳੂ ਬੋਝ ਹੈ। ਇਜ਼ਰਾਇਲੀ ਫੌਜ ਵੱਲੋਂ ਹਮਾਸ ਦਹਿਸ਼ਤਗਰਦਾਂ ਦੀਆਂ ਲੁਕਣ ਦੀਆਂ ਥਾਵਾਂ ਤਬਾਹ ਕਰਨ ਦੇ ਬਹਾਨੇ ਰਿਹਾਇਸ਼ੀ ਬਸਤੀਆਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਅਤੇ ਹੋਰ ਅਜਿਹੀਆਂ ਥਾਵਾਂ ਉੱਤੇ ਸੋਚੇ-ਸਮਝੇ ਢੰਗ ਨਾਲ ਜੋ ਬੰਬਾਰੀ ਕੀਤੀ ਜਾ ਰਹੀ ਹੈ, ਉਸ ਦਾ ਮਕਸਦ ਇਹਨਾਂ ਫਲਸਤੀਨੀ ਖੇਤਰਾਂ ਦੀ ਆਰਥਕਤਾ ਨੂੰ ਤਬਾਹ ਕਰਨਾ ਹੈ।

ਕਿਸੇ ਵੀ ਤਰ੍ਹਾਂ ਦਾ ਉਦਯੋਗ, ਕਾਰੋਬਾਰ ਜਾਂ ਵਪਾਰਕ ਸਰਗਰਮੀ ਪ੍ਰਫੁੱਲਤ ਨਾ ਹੋਣ ਕਰਕੇ ਫਲਸਤੀਨੀ ਆਰਥਿਕਤਾ ਬਹੁਤ ਹੀਣੀ ਬਣ ਕੇ ਰਹਿ ਗਈ ਹੈ। ਪੱਛਮੀ ਕਿਨਾਰੇ ’ਚ ਕੁੱਝ ਹੱਦ ਤੱਕ ਹੋਣ ਵਾਲੀ ਜੈਤੂਨ ਦੀ ਖੇਤੀ ਬਰਾਮਦੀ ਆਮਦਨ ਦਾ ਇਕ ਸਾਧਨ ਹੈ ਇਉ ਹੀ ਪੱਥਰ ਦੀ ਮਾਈਨਿੰਗ ਦੀ ਛੋਟੀ ਬਰਾਮਦੀ ਸਨਅਤ ਹੈ। ਪਰ ਇਹ ਇਜ਼ਰਾਈਲ ਦੇ ਹੱਥ ਵੱਸ ਹੈ ਕਿ ਉਹ ਅਜਿਹੀ ਬੇਰੋਕ-ਟੋਕ ਬਰਾਮਦ ਕਰਨ ਦਿੰਦਾ ਹੈ ਜਾਂ ਨਹੀਂ। ਇਹ ਆਰਥਿਕਤਾ ’ਚ ਅਨਿਸ਼ਚਤਤਾ ਦਾ ਕਮਜ਼ੋਰੀ ਵਾਲਾ ਅੰਸ਼ ਹੈ। ਪੱਛਮੀ ਕਿਨਾਰੇ ਦੇ ਫਲਸਤੀਨੀ ਖੇਤਰ ’ਚ ਤਾਂ ਇਜ਼ਰਇਲੀ ਸਰਕਾਰ ਜਬਰਨ ਯਹੂਦੀ ਬਸਤੀਆਂ ਵਸਾ ਕੇ ਫਲਸਤੀਨੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਸਿੰਜਾਈ ਸਾਧਨ ਖੋਹਣ ਦੇ ਇਲਜ਼ਾਮਾਂ ਦੀ ਵੀ ਭਾਗੀ ਬਣ ਰਹੀ ਹੈ। ਉੱਪਰ ਜ਼ਿਕਰ ’ਚ ਆਏ ਸਾਰੇ ਕਾਰਨਾਂ ਦੇ ਰਲੇ ਮਿਲੇ ਪ੍ਰਭਾਵ ਕਰਕੇ ਫਲਸਤੀਨੀ ਖੇਤਰ ’ਚ ਪ੍ਰਤੀ ਜੀਅ ਘਰੇਲੂ ਪੈਦਾਵਾਰ (7096 ਡਾਲਰ) ਤੋਂ ਘੱਟ ਹੈ। ਨੋਟ ਕਰਨ ਯੋਗ ਅਹਿਮ ਗੱਲ ਇਹ ਹੈ ਕਿ ਇਹ ਪਿਛਲੇ 35-40 ਸਾਲਾਂ ਤੋਂ ਲੱਗਭੱਗ ਖੜੋਤ ਵਾਲੀ ਹਾਲਤ ’ਚ ਹੀ ਚੱਲੀ ਆ ਰਹੀ ਹੈ। ਫਲਸਤੀਨ ਦੇ ਮੁਕਾਬਲੇ ਇਸਦੇ ਡਾਢੇ ਦੁਸ਼ਮਣ ਇਜ਼ਰਾਈਲ ਦੀ ਪ੍ਰਤੀ ਜੀਅ ਘਰੇਲੂ ਪੈਦਾਵਾਰ ਸੱਤ ਗੁਣਾ ਜ਼ਿਆਦਾ ਹੈ। 

ਅਜੋਕੇ ਸਮਿਆ ’ਚ ਸੰਸਾਰ ਸਾਮਰਾਜੀ ਪ੍ਰਬੰਧ ਹੇਠ ਇਹ ਇਕ ਵੱਡੀ ਤ੍ਰਾਸਦੀ ਹੈ ਕਿ ਫਲਸਤੀਨ, ਵੀਅਤਨਾਮ, ਅਫਗਾਨਿਸਤਾਨ ਜਾਂ ਇਰਾਕ ਦੇ ਲੋਕ ਜੋ ਆਪਣੀ ਮਾਤ ਭੂਮੀ ਦੀ ਰਾਖੀ ਲਈ ਤੇ ਸਾਮਰਾਜੀ ਧੌਂਸ, ਲੁੱਟ ਤੇ ਦਮਨ ਵਿਰੁੱਧ ਲੜਦੇ ਹਨ, ਉਨ੍ਹਾਂ ਨੂੰ ਸਾਮਰਾਜੀ ਸਰਕਾਰਾਂ ਅਤੇ ਮੀਡੀਆ ਦਹਿਸ਼ਤਗਰਦ ਆਖ ਰਿਹਾ ਹੈ ਅਤੇ ਅਮਰੀਕੀ ਸਾਮਰਾਜ ਅਤੇ ਇਜ਼ਰਾਈਲ ਵਰਗੀਆਂ ਜੰਗਬਾਜ ਤੇ ਧੌਂਸਬਾਜ ਤਾਕਤਾਂ ਜੋ ਆਪਣੇ ਸਿਰਾਂ ’ਤੇ ਜਮਹੂਰੀਅਤ, ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਨਕਲੀ ਕਲਗੀ ਸਜਾ ਕੇ ਆਪਣੇ ਲੁਟੇਰੇ ਮਨੋਰਥਾਂ ਲਈ ਹੋਰਨਾਂ ਮੁਲਕਾਂ ਨੂੰ ਆਪਣੀ ਨਵ-ਬਸਤੀਆਨਾ ਲੁੱਟ ਦਾ ਸ਼ਿਕਾਰ ਬਣਾਉਣ ਲਈ ਬੇਗੁਨਾਹ ਲੋਕਾਂ ਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ’ਚ ਬੇਕਸੀਸ ਹੋ ਕੇ ਲਾਸ਼ਾਂ ਦੇ ਢੇਰ ’ਚ ਬਦਲਦੀਆਂ ਹਨ। ਲੱਖਾਂ ਲੋਕਾਂ ਨੂੰ ਉਜਾੜ ਕੇ ਸ਼ਰਨਾਰਥੀ ਬਣਾਕੇ ਉਮਰ ਭਰ ਰੁਲਣ ਲਈ ਮਜ਼ਬੂਰ ਕਰਦੀਆਂ ਹਨ, ਉਹਨਾਂ ਨੂੰ ਦਹਿਸ਼ਤਗਰਦੀ ਵਿਰੋਧੀ ਲੜਾਈ ਦੇ ਜਰਨੈਲਾਂ ਵਜੋਂ ਉਭਾਰਿਆ ਜਾ ਰਿਹਾ ਹੈ। ਫਲਸਤੀਨੀ ਕੌਮ ਦਾ ਅਮਰੀਕਨ ਤੇ ਹੋਰ ਸਾਮਰਾਜੀ ਤਾਕਤਾਂ ਦੇ ਥਾਪੜੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੋ ਨਰਸਿੰਹਾਰ ਚੱਲ ਰਿਹਾ ਹੈ, ਉਹ ਬੇਹੱਦ ਰੂਹ-ਕੰਬਾੳੂ, ਸ਼ਰਮਨਾਕ ਤੇ ਅਣਮਨੁੱਖੀ ਕਾਰਾ ਹੈ। ਜਾਹਰ ਹੈ ਕਿ ਅਜਿਹੇ ਹੌਲਨਾਕ ਤੇ ਸ਼ਰਮਨਾਕ ਕਾਰਿਆਂ ਨੂੰ ਉਦੋਂ ਹੀ ਠੱਲ੍ਹ ਪਾਈ ਜਾ ਸਕੇਗੀ ਜਦ ਅਜਿਹੇ ਕਾਰਿਆਂ ਦੇ ਸਰਪ੍ਰਸਤ ਸਾਮਰਾਜੀ ਲੁਟੇਰੇ ਪ੍ਰਬੰਧ ਦਾ ਬਿਸਤਰਾ ਗੋਲ ਹੋ ਜਾਵੇਗਾ। ਸਾਮਰਾਜੀ ਧੱਕੇ-ਜ਼ਿਆਦਤੀਆਂ ਤੋਂ ਹਤਾਸ਼ ਹੋ ਕੇ ਢਿੱਗੀ ਢਾਹ ਕੇ ਬੈਠ ਜਾਣ ਦੀ ਥਾਂ ਸਾਮਰਾਜੀ ਪ੍ਰਬੰਧ ਤੇ ਸਾਮਰਾਜੀ ਸ਼ਕਤੀਆਂ ਵਿਰੁੱਧ ਜਮਾਤੀ ਜੰਗ ਤਿੱਖੀ ਕਰਨਾ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ।   

ਸ਼ਾਂਤੀ ਲਈ ਯਹੂਦੀ ਆਵਾਜ਼

 ਸ਼ਾਂਤੀ ਲਈ ਯਹੂਦੀ ਆਵਾਜ਼

ਸ਼ਾਂਤੀ ਲਈ ਯਹੂਦੀ ਆਵਾਜ਼ (Jewish Voice for Peace) ਦੇ ਬੈਨਰ ਹੇਠ ਬੀਤੀ ਰਾਤ ਨਿਊਯਾਰਕ ਦੇ ਗਰੈਂਡ ਸੈਂਟਰਲ ਸਟੇਸ਼ਨ ਹੋਇਆ ਭਾਰੀ ਰੋਸ ਪ੍ਰਦਰਸ਼ਨ,  ਉਸ ਪ੍ਰਕਾਰ ਦਾ ਪ੍ਰਦਰਸ਼ਨ ਹੈ ਜਿਸ ਨੂੰ ਮੁੱਖ ਧਾਰਾਈ ਅਮਰੀਕੀ ਮੀਡੀਆ ਕਵਰ ਕਰਨਾ ਪਸੰਦ ਨਹੀਂ ਕਰਦਾ। ਗਾਜ਼ਾ ਅੰਦਰ ਜੰਗਬੰਦੀ ਦੀ ਮੰਗ ਕਰਦਿਆਂ ਲਗਭਗ 1000ਤੋਂ ਉੱਪਰ ਪ੍ਰਦਰਸ਼ਨਕਾਰੀਆਂ ਨੇ ਇਸ ਟਰਮੀਨਲ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਵਿੱਚੋਂ 300 ਨੇ ਸ਼ਾਂਤੀ ਪੂਰਵਕ ਗਿ੍ਰਫ਼ਤਾਰੀ ਦਿੱਤੀ, ਤੇ ਇਹ ਪਿਛਲੇ ਲੰਬੇ ਸਮੇਂ ਤੋਂ ਨਿਊਯਾਰਕ ਵਿੱਚ ਅਹਿੰਸਕ ਸਿਵਲ ਨਾ ਫਰਮਾਨੀ ਭਰੇ ਰੋਸ ਪ੍ਰਦਰਸ਼ਨ ਦੀ ਵੱਡੀ ਘਟਨਾ ਹੈ। ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤਿਆਂ ਨੇ ਤਸਵੀਰਾਂ ਵਾਲੀਆਂ ਕਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ ਜਿਨ੍ਹਾਂ ਉੱਤੇ ਸਫੈਦ ਅੱਖਰਾਂ ਵਿੱਚ “ਯਹੂਦੀਓ ਹੁਣੇ ਜੰਗਬੰਦੀ ਕਰੋ’’ ਅਤੇ “ਸਾਡੇ ਨਾਮ ’ਤੇ ਨਹੀਂ’’ ਲਿਖਿਆ ਹੋਇਆ ਸੀ। 

         ਇਸ ਪ੍ਰਦਰਸ਼ਨ ਦੀਆਂ ਹੈਰਾਨ ਕਰਨ ਵਾਲੀਆਂ ਫੋਟੋਆਂ ਤੇ ਵੀਡੀਓ ਫੁਟੇਜ ਸਾਹਮਣੇ ਆਈਆਂ;  ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਟਰਮੀਨਲ ਦੀ ਰੇਲ ਲਾਈਨ ਦੇ ਮੁੱਖ ਲਾਂਘੇ ਨੂੰ ਬੰਦ ਕਰ ਦਿੱਤਾ, ਬਾਲਕੌਨੀ ਵਿੱਚੋਂ ਬੈਨਰ ਉੱਚੇ ਲਹਿਰਾਏ ਜਾ ਰਹੇ ਸਨ ਤੇ ਗਿ੍ਰਫ਼ਤਾਰ ਹੋਣ ਲਈ ਤਿਆਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਇੰਤਜ਼ਾਰ ਕਰਦੀਆਂ ਦਿਸ ਰਹੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਵਿੱਚੋਂ ਬਹੁਤੇ ਯਹੂਦੀ ਭਾਈਚਾਰੇ ਨਾਲ ਸੰਬੰਧਿਤ ਸਨ ਤੇ ਉਹ ਤੇ ਉਹ ਇਸ ਮੁੱਖ ਧਾਰਾਈ ਬਿਰਤਾਂਤ ਨੂੰ ਚੈਲੇਂਜ ਕਰ ਰਹੇ ਸਨ ਜਿਸ ਅਨੁਸਾਰ  ਗਾਜ਼ਾ ਵਿੱਚ ਹੋ ਰਹੇ ਕਤਲੇਆਮ ਦਾ ਵਿਰੋਧ ਕਰਨ ਨੂੰ ਯਹੂਦੀਆਂ ਦਾ  ਵਿਰੋਧ ਕਰਾਰ ਦਿੱਤਾ ਜਾਂਦਾ ਹੈ।                  

     ਤੁਸੀਂ ਵੱਡੀ ਮੀਡੀਆ ਕਵਰੇਜ ਦੀ ਆਸ ਕਰੋਗੇ। ਪਰ ਤੁਸੀਂ ਗਲਤ ਹੋ, ਕਿਉਂਕਿ ਮੁੱਖ ਧਾਰਾਈ ਮੀਡੀਆ ਨੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰਨ ਦੀ ਆਪਣੀ ਨੀਤੀ ਜਾਰੀ ਰੱਖੀ ਜਦੋਂ ਕਿ ਇਹ 2003 ਵਿੱਚ ਇਰਾਕ ਉੱਪਰ ਅਮਰੀਕਾ ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਜੰਗ ਵਿਰੋਧੀ ਪ੍ਰਦਰਸ਼ਨ ਸੀ। ਜੰਗਬੰਦੀ ਦੀ ਮੰਗ ਕਰਦੇ 300 ਤੋਂ ਵੱਧ ਯਹੂਦੀ ਨਿਊਯਾਰਕ ਵਾਸੀ ਗਰੈਂਡ ਸੈਂਟਰਲ ਨਿਊਯਾਰਕ ਤੋਂ ਗਿ੍ਰਫ਼ਤਾਰ। ਪਿਛਲੇ 20ਸਾਲਾਂ ਵਿੱਚ ਨਿਊਯਾਰਕ ਸਿਟੀ ਵਿੱਚ ਸ਼ਹਿਰੀ ਨਾ ਫਰਮਾਨੀ ਦਾ ਸਭ ਤੋਂ ਵੱਡਾ ਪ੍ਰਦਰਸ਼ਨ।  

   ਆਓ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਖਬਾਰ ਨਿਊਯਾਰਕ ਟਾਈਮਜ਼ ਦੇ ਬਾਰੇ ਗੱਲ ਕਰੀਏ। ਪ੍ਰਦਰਸ਼ਨ ਇਸਦੇ ਘਰੇਲੂ ਸ਼ਹਿਰ ਵਿੱਚ ਹੀ ਵਾਪਰਿਆ।  ਪਰ ਇਸ ਦੇ ਸਵੇਰ ਦੇ ਪਿ੍ਰੰਟ ਐਡੀਸ਼ਨ ਵਿੱਚ ਪ੍ਰਦਰਸ਼ਨ ਬਾਰੇ ਇੱਕ ਵੀ ਸ਼ਬਦ ਨਹੀਂ ਸੀ। ਆਨਲਾਈਨ ਐਡੀਸ਼ਨ ਵਿੱਚ ਇੱਕ ਛੋਟੀ 14 ਪਹਿਰਿਆਂ ਦੀ ਰਿਪੋਰਟ ਜਿਸ ਨੂੰ ਕਿ ਟਾਈਮ ਦੇ ਮੁੱਖ ਪੰਨੇ ਤੇ ਭਾਲਣਾ ਹੀ ਮੁਸ਼ਕਿਲ ਸੀ। ( ਸਵੇਰੇ 10.20 ਮਿੰਟ ਤੇ ਅਖਬਾਰ ਨੇ  ਆਨਲਾਈਨ ਮੁੱਖ ਪੰਨੇ ਤੋਂ ਇਸ ਰਿਪੋਰਟ ਦਾ ਲਿੰਕ ਹਟਾ ਦਿੱਤਾ।) ਇਸ ਦੀ ਬਜਾਏ ਇਸ ਦੇ ਪਿ੍ਰੰਟ ਐਡੀਸ਼ਨ ਦੇ ਮੁੱਖ ਪੰਨੇ ’ਤੇ ਇੱਕ ਫਾਲਤੂ ਲੇਖ ਨੂੰ ਥਾਂ ਦਿੱਤੀ ਗਈ ਜਿਸ ਵਿੱਚ ਕਮੇਡੀਅਨ ਡੇਬ ਚੈਪਲ ਯਹੂਦੀ ਵਿਰੋਧੀਆਂ ਦਾ ਮਜ਼ਾਕ ਉਡਾ ਰਿਹਾ ਹੈ ਕਿਉਂਕਿ ਉਸਨੇ ਆਪਣੀਆਂ ਸਿੱਧੀਆਂ  ਪੇਸ਼ਕਾਰੀਆਂ ਵਿੱਚ ਗਾਜ਼ਾ ਨੂੰ ਸ਼ਾਮਲ ਕੀਤਾ। ਗਰੈਂਡ ਸੈਂਟਰਲ ਬਾਰੇ ਆਪਣੀ ਰਿਪੋਰਟ ਵਿੱਚ ਟਾਈਮਜ਼ ਨੇ ਸਿਰਫ ਤਿੰਨ ਪ੍ਰਦਰਸ਼ਨਕਾਰੀਆਂ ਦੀਆਂ ਟੂਕਾਂ ਨੂੰ ਕੱਟ ਵੱਢ ਕੇ ਪੇਸ਼ ਕੀਤਾ। ਇਸ ਵਿੱਚ  81 ਸਾਲਾ ਸ਼੍ਰੀਮਤੀ ਰੋਜ਼ਾਲਿੰਡ ਪੈਸ਼ਚਕੀ ਦੀ ਟੂਕ ਵੀ ਸ਼ਾਮਲ ਸੀ ਜਿਹੜੀ ਕਿ ‘ਸ਼ਾਂਤੀ ਲਈ ਯਹੂਦੀ ਆਵਾਜ਼’ ਦੀ ਇੱਕ ਮੈਂਬਰ ਹੈ ਤੇ ਜਿਸ ਨੂੰ ਮਗਰੋਂ ਗਿ੍ਰਫਤਾਰ ਕਰ ਲਿਆ ਗਿਆ । “ਮੈਂ ਇਸ ਜੰਗ ਵਿੱਚ ਯਕੀਨ ਨਹੀਂ ਰੱਖਦੀ’’  ਟਾਈਮਜ਼ ਨੇ ਉਸ ਨੂੰ ਸਿਰਫ ਇਹੀ ਲਾਈਨ ਬੋਲਣ ਦੀ ਇਜਾਜ਼ਤ ਦਿੱਤੀ। ਤੁਸੀਂ ਸ਼ਰਤ ਲਾ ਸਕਦੇ ਹੋ ਕਿ ਸ਼੍ਰੀਮਤੀ ਪੈਸ਼ਚਕੀ ਇਸ ਤੋਂ ਵੱਧ ਕੁੱਝ ਕਹਿਣਾ ਚਾਹੁੰਦੀ ਹੋਵੇਗੀ। ਚਲੋ ਘੱਟੋ ਘੱਟ ਟਾਈਮਜ਼ ਨੂੰ ਇੱਕ ਰਿਪੋਰਟ ਚਲਾਉਣੀ ਤਾਂ ਪਈ। ਵਾਸ਼ਗਿੰਟਨ ਪੋਸਟ ਨੇ ਸਿਰਫ ਇੱਕ ਫੋਟੋ ਦੇ ਆਕਾਰ ਜਿੱਡੀ ਖ਼ਬਰ ਤੇ ਇੱਕ ਫੋਟੋ ਛਾਪੀ। ਨੈਸ਼ਨਲ ਪਬਲਿਕ ਰੇਡੀਓ ਨੇ ਕੁਝ ਵੀ ਨਹੀਂ ਪ੍ਰਸਾਰਿਤ ਕੀਤਾ। ਸੀ.ਐਨ.ਐਨ. ਅਤੇ ਐਮ.ਐਸ.ਐਸ.ਬੀ.ਸੀ. ਨਿਊਜ਼ ਚੈਨਲਾਂ ’ਤੇ ਭਾਲ ਕਰਨ ਤੋਂ ਸਾਹਮਣੇ ਆਇਆ ਕਿ ਇਹਨਾਂ ’ਤੇ ਪ੍ਰਦਰਸ਼ਨ ਦੀ ਕੋਈ ਕਵਰੇਜ ਮੌਜੂਦ ਨਹੀਂ ਹੈ। ਗਰੈਂਡ ਸੈਂਟਰਲ ਸਟੇਸ਼ਨ ਪ੍ਰਦਰਸ਼ਨ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਵਿੱਚ ਨਾਕਾਮੀ ਮੁੱਖ ਧਰਾਈ ਮੀਡੀਏ ਵੱਲੋਂ ਜੰਗ ਵਿਰੋਧੀ ਖਬਰਾਂ ਦਾ ਬਾਈਕਾਟ ਕਰਨ ਦੀ ਤਾਜ਼ੀ ਉਦਾਹਰਨ ਹੈ।  ਇਸ ਵੈਬਸਾਈਟ ਤੇ ਮਿਸ਼ੇਲ ਅਰੀਆ ਨੇ ਪਿਛਲੇ ਤਿੰਨ ਹਫਤਿਆਂ ਦੀਆਂ ਖਬਰਾਂ ਨੂੰ ਲੜੀਬੱਧ  ਕੀਤਾ ਹੈ।  ਨਿਊਯਾਰਕ ਸਿਟੀ, ਲਾਸ ਏਂਜਲਜ਼,  ਵਾਸ਼ਿੰਗਟਨ ਡੀਸੀ  ਤੇ ਦਰਜਨਾਂ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਸੜਕਾਂ ’ਤੇ ੳੱੁਤਰੇ। ਵਾਸ਼ਿੰਗਟਨ ਡੀਸੀ ਵਿੱਚ ਯਹੂਦੀ  ਗਰੁੱਪਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਜਿੰਨ੍ਹਾਂ ਵਿੱਚੋਂ ਸੈਂਕੜਿਆਂ ਨੂੰ ਮਗਰੋਂ ਗਿ੍ਰਫ਼ਤਾਰ ਕੀਤਾ ਗਿਆ। ਗਿ੍ਰਫ਼ਤਾਰ ਹੋਣ ਵਾਲਿਆਂ ਵਿੱਚ ਦੋ ਦਰਜਨ ਰਾਬੀ ( ਯਹੂਦੀ ਪਾਦਰੀ) ਵੀ ਸ਼ਾਮਲ ਸਨ। ਸ਼ਿਕਾਗੋ ਵਿੱਚ ਹੋਈ ਇੱਕ ਰੈਲੀ ਵਿੱਚ ਅੰਦਾਜ਼ਨ 25 ਹਜ਼ਾਰ ਲੋਕ ਸ਼ਾਮਿਲ ਹੋਏ। ਇੱਕ ਹੋਰ ਉਦਾਹਰਨ ਫਿਲਾਡੈਲਫੀਆ ਵਿੱਚ ਹੋਏ ਇੱਕ ਵੱਡੇ ਪ੍ਰਦਰਸ਼ਨ ਦੀ ਹੈ ਜਿਸ ਨੂੰ ਲਗਭਗ ਨਜ਼ਰ ਅੰਦਾਜ਼ ਕੀਤਾ ਗਿਆ। ਪਿਛਲੀ ਰਾਤ ਦੇ ਗ੍ਰੈਂਡ ਸੈਂਟਰਲ ਪ੍ਰਦਰਸ਼ਨ ਦੀ ਕਵਰੇਜ ਨੂੰ ਨਜ਼ਰਅੰਦਾਜ਼ ਕਰਨਾ ਅਸਲ ਵਿੱਚ ਹੈਰਾਨੀਜਨਕ ਹੈ। ਸੀ.ਐਨ. ਐਨ. ਤੇ ਐਮ.ਐਸ.ਐਨ.ਬੀ.ਸੀ. ਨੇ ਬਹੁਤ ਥੋੜ੍ਹੇ ਪੱਤਰਕਾਰਾਂ ਨੂੰ ਇਜ਼ਰਾਇਲ ( ਗਾਜ਼ਾ ਵਿੱਚ ਕੋਈ ਵੀ ਨਹੀਂ)  ਭੇਜਿਆ ਹੈ।  ਪਰ ਕੀ ਕਾਰਨ ਹੈ ਕਿ ਉਹ ਨਿਊਯਾਰਕ ਸਿਟੀ ਦੇ ਦਿਲ ਵਿੱਚ ਹੋਏ ਪ੍ਰਦਰਸ਼ਨ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਕੋਈ ਪੱਤਰਕਾਰ ਨਹੀਂ ਲੱਭ ਸਕੇ?      

                                                                             (mlonline.org ਤੋਂ ਅਨੁਵਾਦ) 

                                                                                 ---੦---  

 


ਫਲਸਤੀਨ ਉੱਪਰ ਇਜ਼ਰਾਇਲੀ ਹਮਲੇ ਖ਼ਿਲਾਫ਼ ਦੁਨੀਆਂ ਭਰ ’ਚ ਹੋਏ ਰੋਸ ਪ੍ਰਦਰਸ਼ਨਾਂ ਦੀਆਂ ਕੁਝ ਝਲਕਾਂ

  ਬੀਤੇ 7 ਅਕਤੂਬਰ ਤੋਂ ਇਜ਼ਰਾਇਲ ਵੱਲੋਂ ਫਲਸਤੀਨ ਉੱਪਰ ਲਗਾਤਾਰ ਗੋਲੀਬਾਰੀ ਤੇ ਬੰਬਾਰੀ ਕਰਕੇ ਆਮ ਲੋਕਾਂ, ਹਸਪਤਾਲਾਂ, ਰਿਹਾਇਸ਼ੀ ਇਲਾਕਿਆਂ ਤੇ ਰਿਫਿਊਜੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਜਾਰੀ ਹਨ। ਇਜ਼ਰਾਇਲ ਵੱਲੋਂ ਕੀਤੇ ਇਹਨਾਂ ਹਮਲਿਆਂ ਵਿੱਚ ਹੁਣ ਤੱਕ 8 ਹਜ਼ਾਰ ਤੋਂ ਉਪਰ ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ। ਜਦੋਂ ਦੁਨੀਆ ਭਰ ਦੀਆਂ ਸਾਮਰਾਜੀ ਤਾਕਤਾਂ ਤੇ ਤਾਕਤਵਰ ਮੁਲਕਾਂ ਦੀ ਵੱਡੀ ਗਿਣਤੀ ਇਸ ਕਤਲੇਆਮ ਵਿੱਚ ਇਜ਼ਰਾਇਲ ਦੇ ਨਾਲ ਖੜ੍ਹੀ ਹੈ ਤਾਂ ਉੱਥੇ ਹੀ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਇਸ ਨਸਲਕੁਸ਼ੀ ਦਾ ਡਟਵਾਂ ਵਿਰੋਧ  ਕੀਤਾ ਗਿਆ ਹੈ। ਆਪਣੇ ਸਾਮਰਾਜੀ ਮਾਲਕਾਂ ਦੇ ਨਿਰਦੇਸ਼ਾਂ ਅਨੁਸਾਰ ਚਲਦਿਆਂ ਮੁੱਖ ਧਾਰਾਈ ਮੀਡੀਆ ਵੱਲੋਂ ਇਜ਼ਰਾਇਲ ਖ਼ਿਲਾਫ਼  ਹੋਏ ਇਹਨਾਂ ਪ੍ਰਦਰਸ਼ਨਾਂ ਦੀ ਬਹੁਤ ਘੱਟ ਰਿਪੋਰਟ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਦੁਨੀਆਂ ਭਰ ਵਿੱਚ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋਈ ਹੈ। ਨਾ ਸਿਰਫ ਮੁਸਲਿਮ ਤੇ ਅਰਬ ਜਗਤ ਅੰਦਰ ਹੀ, ਸਗੋਂ ਵੱਡੇ ਸਾਮਰਾਜੀ ਦੇਸ਼ਾਂ ਖਾਸ ਕਰ ਅਮਰੀਕਾ, ਜਰਮਨੀ, ਕੈਨੇਡਾ ਤੇ ਇੰਗਲੈਂਡ ਅੰਦਰ ਵੀ ਇਜ਼ਰਾਇਲ ਦੀ ਧਾੜਵੀ ਜੰਗ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਹਨ। ਚਾਹੇ ਇਹ ਪ੍ਰਦਰਸ਼ਨ ਇਜ਼ਰਾਇਲੀ ਹਮਲੇ ਤੋਂ ਬਾਅਦ ਲਗਾਤਾਰ ਚਲਦੇ ਰਹੇ ਹਨ ਪਰ ਇਹਨਾਂ ਵਿੱਚ 13 ਅਤੇ 28 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਹੋਏ ਰੋਸ ਪ੍ਰਦਰਸ਼ਨ ਅਹਿਮ ਥਾਂ ਰੱਖਦੇ ਹਨ।

13 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਵੱਖ-ਵੱਖ ਪ੍ਰਮੁੱਖ ਸ਼ਹਿਰਾਂ ਵਿੱਚ ਵੱਡੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਸ ਦਿਨ ਯਮਨ ਦੇ ਸ਼ਹਿਰ ਸਨਾ ਵਿਖੇ 50000 ਤੋਂ ਉਪਰ ਲੋਕਾਂ ਨੇ ਇਕੱਠੇ ਹੋਕੇ ਇਜ਼ਰਾਈਲੀ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਸ੍ਰੀਲੰਕਾ ਵਿੱਚ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ, ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ, ਵੈਨਜ਼ੂਏਲਾ ਵਿੱਚ ਕਾਰਾਕਾਸ, ਤੇ ਜਾਰਡਨ ਦੇ ਅਮਾਨ ਸ਼ਾਹਿਰ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕ ਸ਼ਾਮਲ ਹੋਏ। ਬਾਰਸੀਲੋਨਾ ਦੇ ਕਿ੍ਰਸਟੋਫਰ ਕੋਲੰਬਸ ਯਾਦਗਾਰ ਕੋਲ ਲੱਖਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ। ਨੀਦਰਲੈਂਡ ਦੀ ਹੇਗ ਯੂਨੀਵਰਸਿਟੀ ਵਿੱਚ ਵੱਖ ਵੱਖ ਮੁਲਕਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਮੈਕਸੀਕੋ ਸਿਟੀ ਵਿੱਚ ਇਜਰਾਈਲੀ ਐਂਬੈਸੀ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕਰਕੇ ਫਲਸਤੀਨ ਤੇ ਹਮਲੇ ਬੰਦ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦਿਨ ਬਹੁਤ ਹੀ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ ਵਿਖੇ ਯੂਨਾਈਟਿਡ ਨੇਸ਼ਨਜ਼ ਦੇ ਯੂਰਪੀਅਨ ਦਫਤਰ ਦੇ ਬਾਹਰ ਹੋਇਆ ਜਿੱਥੇ ਦੋ ਲੱਖ ਦੇ ਕਰੀਬ ਲੋਕਾਂ ਨੇ ਪ੍ਰਦਰਸ਼ਨ ਕਰਕੇ, ਯੂਰਪੀ ਮੁਲਕਾਂ ਨੂੰ ਇਜ਼ਰਾਈਲ ਦੀ ਹਿਮਾਇਤ ਕਰਨ ਤੋਂ ਬਾਜ ਆਉਣ ਦੀ ਮੰਗ ਕੀਤੀ।

    19 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀਸੀ ਵਿਖੇ ਅਮਰੀਕੀ ਕਾਂਗਰਸ ਦੇ ਦਫਤਰ ਦੇ ਬਾਹਰ ਕਰੀਬ 10000 ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਯਹੂਦੀ ਲੋਕ ਵੀ ਸ਼ਾਮਲ ਸਨ। ਇਸ ਮੌਕੇ ’ਤੇ 500 ਦੇ ਕਰੀਬ ਯਹੂਦੀ ਕਾਰਕੁਨਾਂ  ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਸੱਦਾ ‘ਸ਼ਾਂਤੀ ਲਈ ਯਹੂਦੀ ਆਵਾਜ਼’ (    ) ਨਾਂ ਦੀ ਸੰਸਥਾ ਵੱਲੋਂ ਦਿੱਤਾ ਗਿਆ ਸੀ।  ਇਹਨਾਂ ਕਾਰਕੁਨਾਂ ਨੇ ‘ਗਾਜ਼ਾ ਵਿੱਚ ਨਸਲਕੁਸ਼ੀ ਬੰਦ ਕਰੋ’ ਤੇ ‘ਸਾਡੇ ਨਾਮ ’ਤੇ ਨਹੀਂ’ ਦੇ ਨਾਅਰੇ ਲਾਏ ਤੇ ਇਹਨਾਂ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ। 28 ਅਕਤੂਬਰ ਨੂੰ ਇੱਕ ਬਹੁਤ ਹੀ ਜ਼ਬਰਦਸਤ ਰੋਸ ਪ੍ਰਦਰਸ਼ਨ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਹੋਇਆ ਜਿਸ ਨੂੰ ਤੁਰਕੀ ਦੇ ਰਾਸ਼ਟਰਪਤੀ ਰੈਸਿਪ ਤਾਈਪ ਐਰਡੋਗਨ ਨੇ ਸੰਬੋਧਨ ਕੀਤਾ। ਲੱਖਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਰਡੋਗੈਨ ਨੇ ਕਿਹਾ ਕਿ “ਗਾਜ਼ਾ ਵਿੱਚ ਹੋ ਰਹੀ ਨਸਲ ਕੁਸ਼ੀ ਲਈ ਮੁੱਖ ਜਿੰਮੇਵਾਰ ਪੱਛਮੀ ਦੇਸ਼ ਹਨ’’ ਉਸਨੇ ਨਾਲ ਹੀ ਕਿਹਾ ਕਿ “ਇਜ਼ਰਾਇਲ ਇੱਕ ਧਾੜਵੀ ਦੇਸ਼ ਹੈ’’। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਆਪਣੇ ਬੈਨਰਾਂ ਉੱਪਰ ਲਿਖਿਆ ਹੋਇਆ ਸੀ ਕਿ “ਅਸੀਂ ਸਾਰੇ ਫਲਸਤੀਨੀ ਹਾਂ’’, ‘‘ਨਸਲਕੁਸ਼ੀ ਬੰਦ ਕਰੋ’’ ਅਤੇ “ਫਲਸਤੀਨੀ ਲੋਕਾਂ ਦੀ ਆਵਾਜ਼ ਬਣੋ’’। ਇਸੇ ਦਿਨ ਇੱਕ ਪ੍ਰਭਾਵਸ਼ਾਲੀ ਰੋਸ ਮੁਜਾਹਰਾ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਗਰੈਂਡ ਸੈਂਟਰਲ ਸਟੇਸ਼ਨ ’ਤੇ ਹੋਇਆ ਜਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਾਮਲ ਹੁੰਦਿਆਂ ਇਸ ਮੈਟਰੋ ਸਟੇਸ਼ਨ ਦਾ ਮੁੱਖ ਲਾਂਘਾ ਜਾਮ ਕਰ ਦਿੱਤਾ ਤੇ ਬਾਅਦ ਵਿੱਚ 300 ਲੋਕਾਂ ਨੇ ਸ਼ਾਂਤੀ ਪੂਰਵਕ ਗਿ੍ਰਫ਼ਤਾਰੀਆਂ ਦਿੱਤੀਆਂ। ਇਸ ਪ੍ਰਦਰਸ਼ਨ ਵਿੱਚ ਵੀ ਵੱਡੀ ਗਿਣਤੀ ਵਿੱਚ ਯਹੂਦੀ ਭਾਈਚਾਰੇ ਨਾਲ ਸੰਬੰਧਿਤ ਲੋਕ ਸ਼ਾਮਲ ਸਨ ਤੇ ਇਸ ਦਾ ਸੱਦਾ ਵੀ ‘ਸ਼ਾਂਤੀ ਲਈ ਯਹੂਦੀ  ਆਵਾਜ਼’ ਜੱਥੇਬੰਦੀ ਵੱਲੋਂ ਦਿੱਤਾ ਗਿਆ ਸੀ।

    ਇਸਤੋਂ ਬਿਨਾਂ 28 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਇਜ਼ਰਾਇਲ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ ਡੋਰਟਮੁੰਡ (ਪੱਛਮੀ ਜਰਮਨੀ), ਰੋਮ ਦੇ ਸ਼ਹਿਰ ਇਟਲੀ, ਨਿਊਯਾਰਕ ਸਿਟੀ ਦੇ ਵਿੱਚ ਬਰੁਕਲਿਨ ਬਰਿਜ, ਸਵਿਟਜ਼ਰਲੈਂਡ ਦੀ ਰਾਜਧਾਨੀ ਜਨੇਵਾ, ਮਿਸ਼ੀਗਨ ਦੇ ਡਾਊਨ ਟਾਊਨ ਹਾਰਟ ਪਲਾਜ਼ਾ, ਇੰਗਲੈਂਡ ਵਿੱਚ ਲੰਡਨ, ਸਵੀਡਨ ਵਿੱਚ ਸਟਾਕਹੋਮ, ਬਰਲਿਨ ਦੇ ਕਰੇਜਬਰਗ ਜਿਲ੍ਹੇ, ਕੈਨੇਡਾ ਦੇ ਸ਼ਹਿਰ ਟੋਰਾਂਟੋ, ਸਨਫਰਾਂਸਿਸਕੋ ਤੇ ਕੈਲੇਫੋਰਨੀਆ ਸ਼ਹਿਰਾਂ ਵਿੱਚ ਵੀ ਲੱਖਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਨਾਰਵੇ ਪਾਰਲੀਮੈਂਟ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦਾ ਸੱਦਾ ਚਰਚਾ ਆਫ਼ ਨਾਰਵੇ ਵੱਲੋਂ ਦਿੱਤਾ ਗਿਆ ਸੀ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿੱਚ ਅਮਰੀਕਨ ਐਂਬੇਸੀ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।

    31 ਅਕਤੂਬਰ ਨੂੰ ਫਿਲੀਪੀਨਜ ਦੀ ਰਾਜਧਾਨੀ ਮਨੀਲਾ ਵਿਖੇ ਲੱਖਾਂ ਲੋਕਾਂ ਨੇ ਇਜ਼ਰਾਇਲ ਅਤੇ ਆਪਣੇ ਮੁਲਕ ਦੀ ਆਪਣੇ ਮੁਲਕ ਦੀ ਮਾਰਕੋ ਹਕੂਮਤ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਲੋਕ ਆਪਣੀ ਸਰਕਾਰ ਵੱਲੋਂ ਯੂਨਾਈਟਡ ਨੇਸ਼ਨਜ਼ ਵਿੱਚ ਗਾਜ਼ਾ ਵਿੱਚ ਜੰਗਬੰਦੀ ਕਰਨ ਦੇ ਮਤੇ ਦੀ ਵੋਟਿੰਗ ਮੌਕੇ ਗੈਰ ਹਾਜ਼ਰ ਰਹਿਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ।  ਇਸ ਰੋਸ ਪ੍ਰਦਰਸ਼ਨ ਦਾ ਸੱਦਾ ‘ਲੋਕ ਸੰਘਰਸ਼ਾਂ ਦੀ ਅੰਤਰਰਾਸ਼ਟਰੀ ਲੀਗ’ ( International League of People 's Struggle) ਨਾਮ ਦੀ ਜੱਥੇਬੰਦੀ ਵੱਲੋਂ ਦਿੱਤਾ ਗਿਆ ਸੀ। ਇਸ ਜਥੇਬੰਦੀ ਦੀ ਜਨਰਲ ਸਕੱਤਰ ਲੀਜਾ ਮਾਜਾ ਨੇ ਕਿਹਾ ਕਿ “ਮਾਰਕੋ ਹਕੂਮਤ ਦੇ ਹੱਥ ਫਲਸਤੀਨੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਇਸ ਨੇ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਤੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਦੋਂ ਕਿ ਇਜ਼ਰਾਇਲ ਤੋਂ ਹਥਿਆਰ ਮੰਗਵਾਉਣੇ ਜਾਰੀ ਰੱਖੇ ਹੋਏ ਹਨ।’’ ਭਾਰਤ ਅੰਦਰ ਵੀ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਅੰਦਰ ਫਲਸਤੀਨੀ ਲੋਕਾਂ ਦੀ ਹਿਮਾਇਤ ਤੇ ਇਜ਼ਰਾਈਲ ਖ਼ਿਲਾਫ਼ ਵੱਡੇ ਰੋਸ ਪ੍ਰਦਰਸ਼ਨ ਹੋਏ। ਇਹਨਾਂ ਵਿੱਚ ਕੇਰਲਾ ਦੇ ਸ਼ਹਿਰ ਕੋਜੀਖੋੜੇ ਵਿੱਚ ਲੱਖ ਦੇ ਕਰੀਬ ਲੋਕਾਂ ਵੱਲੋਂ ਸੀ.ਪੀ. ਆਈ. ਤੇ ਸੀ. ਪੀ. ਐਮ. ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੁਨੀਆ ਭਰ ਵਿੱਚ ਹੋਏ ਇਹਨਾਂ ਰੋਸ ਪ੍ਰਦਰਸ਼ਨਾਂ ਦਾ ਫਲਸਤੀਨੀ ਲੋਕਾਂ ਦੀ ਆਜ਼ਾਦੀ ਦੀ ਲਹਿਰ ਲਈ ਇਸ ਸਮੇਂ ਠੋਸ ਮਹੱਤਵ ਬਣਦਾ ਹੈ ਜਿਸ ਸਮੇਂ ਕਿ ਅੰਤਰਰਾਸ਼ਟਰੀ ਤੌਰ ’ਤੇ ਦੁਨੀਆਂ ਦੇ ਬਹੁਤੇ ਮੁਲਕ ਆਪਣੇ ਸਾਮਰਾਜੀ ਪ੍ਰਭੂਆਂ ਦੀ ਇੱਛਾ ਮੁਤਾਬਕ ਚੱਲਦੇ ਹੋਏ ਇਜ਼ਰਾਇਲ ਦੇ ਪੱਖ ਵਿੱਚ ਖੜੋਤੇ ਹੋਏ ਹਨ।  

ਫਲਸਤੀਨੀ ਲੋਕਾਂ ਦੇ ਰੋਟੀ-ਰੋਜ਼ੀ ਦੇ ਵਸੀਲਿਆਂ ਨੂੰ ਕਿਸ ਢੰਗ ਨਾਲ ਤਬਾਹ ਕੀਤਾ ਜਾ ਰਿਹਾ ਹੈ

 ਫਲਸਤੀਨੀ ਲੋਕਾਂ ਦੇ ਰੋਟੀ-ਰੋਜ਼ੀ ਦੇ ਵਸੀਲਿਆਂ ਨੂੰ ਕਿਸ ਢੰਗ ਨਾਲ ਤਬਾਹ ਕੀਤਾ ਜਾ ਰਿਹਾ ਹੈ

- ਭਰਤ ਡੋਗਰਾ


ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਭਾਈਚਾਰੇ ਦਾ ਧਿਆਨ ਗਾਜ਼ਾ ਅੰਦਰਲੇ ਛਿੜੇ ਘਮਸਾਨ ਦੇ ਨਤੀਜੇ ਵਜੋਂ ਵੱਡੀ ਪੱਧਰ ’ਤੇ ਵਾਪਰ ਰਹੀ ਮਨੁੱਖਾ ਤ੍ਰਾਸਦੀ ਉੱਤੇ ਕੇਂਦਰਿਤ ਹੈ। ਉੱਥੇ ਇਹ ਗੱਲ ਵੀ ਕੋਈ ਘੱਟ ਅਹਿਮੀਅਤ ਵਾਲੀ ਨਹੀਂ ਹੈ ਕਿ ਇਜ਼ਰਾਈਲੀ ਹੁਕਮਰਾਨ ਕਿਹੋ ਜਿਹੇ ਢੰਗ-ਤਰੀਕਿਆਂ ਨਾਲ ਛੋਟੀ ਕਿਸਾਨੀ ’ਤੇ ਅਧਾਰਤ ਫਲਸਤੀਨੀ ਖੇਤੀਬਾੜੀ ਢਾਂਚੇ ਦਾ ਤੁਖ਼ਮ ਮਿਟਾਉਣ ’ਤੇ ਉਤਾਰੂ ਹਨ। ਫਲਸਤੀਨੀ ਪੇਂਡੂ ਅਰਥਚਾਰੇ ਦੇ ਹਮਾਇਤੀ ਇੱਕ ਗਰੁੱਪ 719(ਗਰੇਨ) ਨੇ ਹਾਲੀਆ ’ਚ ਪ੍ਰਕਾਸ਼ਤ ਆਪਣੀ ਇੱਕ ਰਿਪੋਰਟ ’ਚ ਇਹ ਖੁਲਾਸੇ ਕੀਤੇ ਹਨ। 

ਇਸ ਰਿਪੋਰਟ ਦੀ ਸਮੀਖਿਆ ਦੱਸਦੀ ਹੈ- “ਅਕਤੂਬਰ 2023 ਤੋਂ ਪਹਿਲਾਂ, ਇਜ਼ਰਾਈਲ ਦੀ ਸਰਹੱਦ ’ਤੇ ਸਥਿਤ ਗਾਜ਼ਾ ਦੇ 35% ਖੇਤਾਂ ’ਤੇ ਕੰਮ ਕਰਨ ਵਾਲੇ ਖੇਤ ਮਜ਼ਦੂਰਾਂ ਨੂੰ “ਇਜ਼ਰਾਈਲੀ ਸਰਕਾਰ ਦੀ ਮਨਜੂਰੀ ਤਹਿਤ ਪਹੁੰਚ ਕਰਨ ਦੀ ਇਜਾਜ਼ਤ ਸੀ। ਪਰ ਹੁਣ ਮੌਜੂਦਾ ਬਲਾਕੇਡ ( ਨਾਕਾਬੰਦੀ-ਅਨੁ.) ਦੇ ਮੱਦੇਨਜ਼ਰ 1,13,000 ਕਿਸਾਨਾਂ ਦਾ ਇਸ ਖੇਤਰ ਵਿੱਚ ਸਥਿਤ ਆਪਣੀਆਂ ਜ਼ਮੀਨਾਂ ਤੱਕ ਪਹੁੰਚ ਕਰਨਾ ਲੱਗਭੱਗ ਖਤਮ ਹੀ ਹੋ ਗਿਆ ਭਾਵ ਕਿਸਾਨ ਜ਼ਮੀਨ ’ਤੇ ਕੰਮ ਕਰਨ ਤੋਂ ਵਾਂਝੇ ਰਹਿ ਗਏ ਹਨ।’’

ਫਲਸਤੀਨੀ ਲੋਕਾਂ ਨੂੰ ਆਪਣੀ ਜ਼ਿੰਦਗੀ, ਜ਼ਮੀਨ ਅਤੇ ਆਪਣੀ ਪ੍ਰਭੂਸੱਤਾ ਰੱਖਣ ਦਾ ਅਧਿਕਾਰ ਹੈ ਦੇ ਸਿਰਲੇਖ ਹੇਠ ਜਾਰੀ ਇਹ ਸਮੀਖਿਆ ਦੱਸਦੀ ਹੈ ਕਿ 2014 ਤੋਂ ਫਸਲਾਂ ’ਤੇ ਦਵਾਈ ਸਪਰੇਅ ਕਰਨ ਵਾਲੇ ਇਜ਼ਰਾਈਲੀ ਜਹਾਜ਼ ਫਸਲ ਦੀ ਵਾਢੀ ਦੇ ਦੌਰਾਨ, ਅਕਸਰ ਹੀ ਜਦੋਂ ਵੀ ਹਵਾ ਦਾ ਰੁਖ ਗਾਜ਼ਾ ਵੱਲ ਹੁੰਦਾ, ਤਾਂ ਅਕਸਰ ਹੀ ਗਲਾਈਫੋਸੇਟ ਵਰਗੀਆਂ ਖਤਰਨਾਕ ਕੀੜੇ ਮਾਰ ਦਵਾਈਆਂ ਸਮੇਤ, ਜੜੀ-ਬੂਟੀਆਂ ਦਾ ਨਾਸ਼ ਕਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਯੋਜਨਾਬੱਧ ਢੰਗ ਨਾਲ ਕਰਦੇ ਆ ਰਹੇ ਹਨ(ਭਾਵ ਫਸਲਾਂ ਨੂੰ ਤਬਾਹ ਕਰਦੇ ਆ ਰਹੇ ਹਨ)। ਜਨਵਰੀ 2020 ਵਿੱਚ ਹੀ, ਅਜਿਹੇ ਛਿੜਕਾਅ ਨੇ 281 ਹੈਕਟੇਅਰ ਦੇ ਰਕਬੇ ’ਚ ਰਹਿੰਦੇ 350 ਫਲਸਤੀਨੀ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਇਸ ਤੋਂ ਇਲਾਵਾ ਇਸ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਮੱਛੀ ਫੜਨ ਜੋ ਇੱਕ ਰੋਜ਼ੀ-ਰੋਟੀ ਦੇ ਸਾਧਨ ਵਜੋਂ ਸਥਾਨਕ ਸੱਭਿਆਚਾਰ ਅਤੇ ਆਰਥਿਕਤਾ ਨਾਲ ਡੂੰਘੇ ਰੂਪ ਵਿੱਚ ਵਿੱਚ ਜੁੜੇ ਹੋਏ ਮੱਛੀ ਫੜਨ ਦੇ ਕਾਰੋਬਾਰ ਨੂੰ ਵੀ ਇੱਕ ਬਹੁਤ ਹੀ ਖਤਰਨਾਕ ਢੰਗ ਨਾਲ ਬਦਲ ਕੇ ਰੱਖ ਦਿੱਤਾ ਹੈ। ਬਾਲਣ ਦੀ ਕਮੀ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਕਾਰਨ, ਗਾਜ਼ਾ ਪੱਟੀ ਦੇ ਖੇਤਰ ਅੰਦਰ  ਹਰ ਕਿਸਮ ਦੀਆਂ ਵਸਤਾਂ ਦੇ ਦਾਖਲੇ ’ਤੇ ਪਾਬੰਦੀਆਂ ਮੜ੍ਹੀਆਂ ਹੋਣ ਕਾਰਨ ਮੱਛੀਆਂ ਫੜਨ ਲਈ ਗਾਜ਼ਾ ਪੱਟੀ ਦੇ ਸਮੁੰਦਰ ਅੰਦਰ ਜਾਣਾ ਵਧੇਰੇ ਔਖਾ ਹੋ ਗਿਆ ਹੈ। ਇਸ ਸਮੀਖਿਆ ਦੇ ਅਨੁਸਾਰ ਕੌਮਾਂਤਰੀ ਨਿਯਮਾਂ ਅਨੁਸਾਰ ਨਿਰਧਾਰਤ 6 ਸਮੁੰਦਰੀ ਮੀਲ ਤੋਂ ਅਗਾਂਹ ਮਛੇਰਿਆਂ  ਨੂੰ ਅਕਸਰ ਇਜ਼ਰਾਈਲੀਆਂ ਵੱਲੋਂ ਕੈਦ ਕਰ ਲਏ ਜਾਣ ਜਾਂ ਸਿੱਧੀ ਗੋਲੀਬਾਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਜਿਹੜਾ ਫਲਸਤੀਨੀ ਲੋਕਾਂ ਦੀ 60 ਸਮੁੰਦਰੀ ਮੀਲ ਦੇ ਅੰਦਰ ਸਥਾਈ ਪ੍ਰਭੂਸੱਤਾ ਹੋਣ ਦਾ ਦਾਅਵਾ ਹੋਣ ਦੀ ਇਜਾਜ਼ਤ ਦਿੰਦਾ ਹੈ। ਸਿੱਟੇ ਵਜੋਂ ਗਾਜ਼ਾ ਦੇ 3800ਰਜਿਸਟਰਡ ਮਛੇਰਿਆਂ ਵਿੱਚੋਂ ਸਿਰਫ ਅੱਧਿਆਂ ਕੋਲ ਹੀ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਅਤੇ ਹੋਰ ਅੱਗੇ ਵਧਾਉਣ ਦੀ ਸੰਭਾਵਨਾ ਹੈ। ਇਸ ਨਾਲ  ਆਪਣੀ ਰੋਜ਼ੀ-ਰੋਟੀ ਲਈ ਮੱਛੀਆਂ ਫੜਨ ਦੇ ਕਾਰੋਬਾਰ ਉੱਤੇ ਨਿਰਭਰ 35000 ਲੋਕ ਅਸਰਅੰਦਾਜ਼ ਹੋਏ ਹਨ।

ਰਿਪੋਰਟ ਮੁਤਾਬਕ ਵੈੱਸਟ ਬੈਂਕ ਅੰਦਰ ਆਪਣੇ ਪੱਕੇ ਟਿਕਾਣੇ ਬਣਾ ਕੇ ਰਹਿ ਰਹੇ ਕੁੱਝ ਇਜ਼ਰਾਈਲੀਆਂ ਨੇ ਗਾਜ਼ਾ ਪੱਟੀ ਅੰਦਰਲੇ ਮੌਜੂਦਾ ਹਾਲਾਤ ਦਾ ਲਾਹਾ ਲੈਂਦਿਆਂ ਹੋਰ ਵਧੇਰੇ ਜ਼ਮੀਨ ਹੜੱਪਣ ਲਈ ਆਪਣੇ ਹਿੰਸਕ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਸੈਂਕੜੇ ਫਲਸਤੀਨੀ ਕਿਸਾਨਾਂ ਨੂੰ ਉਸ ਜ਼ਮੀਨ ਤੋਂ ਉਜਾੜ ਦਿੱਤਾ ਹੈ।

ਵੈੱਸਟ ਬੈਂਕ ਦੀ ਸਥਿਤੀ ਦੇ ਹੋਰ ਵੇਰਵੇ ਦਿੰਦੇ ਹੋਏ, ਗ੍ਰੇਨ ਦੁਆਰਾ ਜਾਰੀ ਇਸ ਸਮੀਖਿਆ ਵਿੱਚ ਕਿਹਾ ਗਿਆ ਹੈ, ਵੈੱਸਟ ਬੈਂਕ ਖੇਤਰ ਦਾ 90% ਹਿੱਸਾ ਖੇਤ ਹਨ, ਜਿਹਨਾਂ ਦੇ ਕਾਫੀ ਵੱਡੇ ਹਿੱਸੇ ’ਤੇ 1993 ਦੇ ਓਸਲੋ ਸਮਝੌਤੇ ਤੋਂ ਬਾਅਦ ਇਜ਼ਰਾਈਲ ਦੇ ਕੰਟਰੋਲ ਹੇਠ ਹੈ। ਵੈੱਸਟ ਬੈਂਕ ਦੇ ਇਲਾਕੇ ਅੰਦਰ, ਹਜ਼ਾਰਾਂ ਫਲਸਤੀਨੀ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਤੋਂ ਖੇਤ ਅਤੇ ਚਰਾਗਾਹਾਂ ਨੂੰ ਵੰਡ ਕੇ ਜ਼ਮੀਨ ਤੱਕ ਪਹੁੰਚ ਕਰਨ ਦੇ ਦਰਮਿਆਨ ਵਿੱਚ ਵੱਡੇ ਬੈਰੀਅਰ ਸਥਾਪਤ ਕੀਤੇ ਹੋਏ ਹਨ। 2019 ਵਿੱਚ ਕਿਸਾਨਾਂ ਦੀ ਖੇਤਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਣ ਲਈ ਨਿਰਧਾਰਤ ਕੀਤੇ ਗਏ 76 ਗੇਟਾਂ ਵਿੱਚੋਂ ਸਿਰਫ਼ 12ਗੇਟ ਹੀ ਰੋਜ਼ਾਨਾ ਖੋਲ੍ਹੇ ਜਾਂਦੇ ਸਨ, ਜਦੋਂ ਕਿ ਉਹਨਾਂ ’ਚੋਂ 56 ਗੇਟਾਂ ਥਾਣੀਂ ਲੰਘਣ ਲਈ ਪਰਮਿਟ ਦੀ ਲੋੜ ਪੈਂਦੀ ਹੈ। 

ਇਸ ਸਮੀਖਿਆ ’ਚ ਦੋਸ਼ ਲਾਇਆ ਗਿਆ ਹੈ ਕਿ ਫਲਸਤੀਨੀ ਕਿਸਾਨਾਂ ਨੂੰ ਇਜ਼ਰਾਈਲੀ ਕੰਪਨੀਆਂ ਦੁਆਰਾ ਹੀ ਵਿੱਕਰੀ ਕੀਤੇ ਜਾਂਦੇ ਬੀਜਾਂ ਅਤੇ ਖੇਤੀ ਰਸਾਇਣਾਂ ਨੂੰ ਹੀ ਵਰਤਣ ਲਈ ਇਜ਼ਰਾਇਲ ਸਰਕਾਰ ਮਜ਼ਬੂਰ ਕਰਦੀ ਹੈ, ਜਿਸ ਨਾਲ ਉਹਨਾਂ ਦੀ ਜ਼ਮੀਨ ਅਤੇ ਖੇਤਰ ਦੀ ਜੈਵ-ਵਿਭਿੰਨਤਾ ਦਾ ਸੱਤਿਆਨਾਸ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਕਰਜ਼ੇ ਅਤੇ ਗਰੀਬੀ ਵਿੱਚ ਗ਼ਰਕ ਕਰ ਦਿੱਤਾ ਜਾਂਦਾ ਹੈ। “ਇਤਿਹਾਸਕ ਤੌਰ ’ਤੇ ਫਲਸਤੀਨੀ ਸਮਾਜ ਅਤੇ ਉਸ ਸਮਾਜ ਦੀ ਪਹਿਚਾਣ ਲਈ ਅਹਿਮ ਖੇਤੀ ਖੇਤਰ ਅੰਦਰ ਮਹੱਤਵਪੂਰਨ ਗਿਰਾਵਟ ਆਈ ਹੈ।

ਖੇਤੀ ਲਈ ਪਾਣੀ ਦੀ ਅਤਿ ਅਹਿਮੀਅਤ ਹੈ। ਫਲਸਤੀਨੀਆਂ ਨੂੰ ਸੀਮਤ ਪਾਣੀ ਦੀ ਸਪਲਾਈ ਦੀ ਵੰਡ-ਵੰਡਾਈ ’ਚ ਵੀ ਗੰਭੀਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਗ੍ਰੇਨ ਦੁਆਰਾ ਜਾਰੀ ਕੀਤੀ ਇਸ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ “ਪਾਣੀ ਤੱਕ ਪਹੁੰਚ ਦੇ ਮਾਮਲੇ ਵਿੱਚ, ਇਜ਼ਰਾਈਲੀ ਸਰਕਾਰ ਨੇ ਗੰਭੀਰ ਪਾਬੰਦੀਆਂ ਲਾਈਆਂ ਹੋਈਆਂ ਹਨ, ਜਿਸਨੂੰ ਮਨੁੱਖੀ ਅਧਿਕਾਰ ਸੰਗਠਨ ਅਲ-ਹੱਕ “ਪਾਣੀ ਵਿਤਕਰਾ’’ ਕਹਿੰਦਾ ਹੈ। ਪਾਣੀ ਦੀ ਆਪਣੀ ਲੋੜ ਦੀ ਪੂਰਤੀ ਕਰਨ ਲਈ ਫਲਸਤੀਨੀ ਲੋਕ 1982 ਤੋਂ ਹੀ ਇਜ਼ਰਾਈਲ ’ਤੇ ਨਿਰਭਰ ਹਨ, ਕਿਉਂਕਿ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਪਾਣੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਉੱਤੇ ਕਾਬਜ਼ ਹੈ। ਵੈੱਸਟ ਬੈਂਕ ਦੇ ਜਲਘਰਾਂ ਤੋਂ ਪਾਣੀ ਦੀ ਸਪਲਾਈ ਦਾ 65% ਇਜ਼ਰਾਈਲ ’ਤੇ ਨਿਰਭਰ ਹੈ। ਮੇਕੋਰੋਟ ਪਾਣੀ ਦੇ ਨੈਟਵਰਕ ਨਾਲ ਇਜ਼ਰਾਈਲ ਵੱਲੋਂ ਇਸ ਇਲਾਕੇ ਅੰਦਰ ਸਥਾਪਤ ਕੀਤੀਆਂ ਗੈਰ-ਕਾਨੂੰਨੀ ਬਸਤੀਆਂ ਦੇ ਕੁਨੈਕਸ਼ਨਾਂ ਨੂੰ ਯਕੀਨੀ ਬਣਾਉਂਦਾ ਹੈ, ਫਲਸਤੀਨੀਆਂ ਨੂੰ ਪਾਣੀ ਦੇ ਨਵੇਂ ਖੂਹ ਬਣਾਉਣ ਲਈ ਪਰਮਿਟ ਦੇਣ ਤੋਂ ਲਗਾਤਾਰ ਇਨਕਾਰ ਕੀਤਾ ਜਾਂਦਾ ਹੈ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਉਹਨਾਂ ਵੱਲੋਂ ਸਥਾਪਤ ਕੀਤੇ ਗਏ ਟੋਏ ਅਕਸਰ ਹੀ ਇਜ਼ਰਾਈਲੀ ਫੌਜ ਵੱਲੋਂ ਤਬਾਹ ਕਰ ਦਿੱਤੇ ਜਾਂਦੇ ਹਨ। ਵੈੱਸਟ ਬੈਂਕ ਅੰਦਰ ਵਸਦੇ ਇਜ਼ਰਾਈਲੀ ਵਸਨੀਕ ਫਲਸਤੀਨੀ ਵਾਸੀਆਂ ਨਾਲੋਂ ਔਸਤਨ ਛੇ ਗੁਣਾ ਵੱਧ ਪਾਣੀ ਦੀ ਖਪਤ ਕਰਦੇ ਹਨ। 

ਗਾਜ਼ਾ ਪੱਟੀ ਅੰਦਰਲੇ ਕਸਬਿਆਂ ਅਤੇ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਦੀ ਕਮੀ ਹੋਣ ਦੇ ਨਾਲ-ਨਾਲ ਪੇਂਡੂ ਭਾਈਚਾਰਿਆਂ ਅੰਦਰ ਉਹਨਾਂ ਤੱਕ ਪਹੁੰਚ ਰਹੇ ਪਾਣੀ ਲਈ ਪਹੁੰਚ ਦੀ ਘਾਟ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਮੌਤ ਦਾ ਇੱਕ ਪ੍ਰਮੁੱਖ ਕਾਰਨ ਬਣ ਗਈਆਂ ਹਨ। ਇਸ ਸਮੀਖਿਆ ਵਿੱਚ ਦੋਸ਼ ਲਾਇਆ ਗਿਆ ਹੈ ਕਿ ਡੈਮ ਪ੍ਰਬੰਧਨ ਵਿੱਚ ਕਈ ਵਾਰ ਫਲਸਤੀਨੀਆਂ ਦੇ ਹਿੱਤਾਂ ਦੇ ਵਿਰੁੱਧ ਹੇਰਾਫੇਰੀ ਕੀਤੀ ਗਈ ਹੈ, ਜਿਸ ਨਾਲ ਗਾਜ਼ਾ ਪੱਟੀ ਵਿੱਚ ਕਾਸ਼ਤ ਵਾਲੀਆਂ ਜ਼ਮੀਨਾਂ ਉੱਤੇ ਅਚਾਨਕ ਹੜ੍ਹਾਂ ਦੇ ਆ ਜਾਣ ਸਮੇਤ ਕਿਸਾਨਾਂ ਲਈ ਹੋਰ ਵੀ ਅਨੇਕਾਂ  ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਔਖੇ ਹਾਲਾਤਾਂ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਢੰਗ-ਤਰੀਕੇ ਤਿਆਰ ਕੀਤੇ ਹਨ। ਇਹਨਾਂ ਵਿੱਚ ਗਾਜ਼ਾਨ ਔਰਤਾਂ ਦੀ ਏਕੀਕਿ੍ਰਤ ਬਾਜਾਰੀਕਰਨ ਕਰਨਾ ਤੇ ਸਮਾਨ ਵਾਲੀ ਟੋਕਰੀਆਂ ਤੋਂ ਲੈ ਕੇ ਸਥਾਨਕ ਬੀਜ ਪੈਦਾ ਕਰਨ ਤੇ ਵਾਤਾਵਰਣ ਅਨੁਸਾਰ ਢੁੱਕਵੀਂ ਖੇਤੀ ਕਰਨਾ ਸ਼ਾਮਲ ਹੈ।  

ਇਸ ਸਮੀਖਿਆ ਦੇ ਅੰਤ ਵਿੱਚ ਲੰਬੀ ਮਿਆਦ ਤੱਕ ਰੋਜ਼ੀ-ਰੋਟੀ ਦੀ ਸੁਰੱਖਿਆ ਦੀ ਗਾਰੰਟੀ ਲਈ ਵੀ ਇੱਕ ਮਜ਼ਬੂਤ ਦਾਅਵਾ ਜਤਾਉਂਦੇ ਹੋਏ ਤੁਰੰਤ ਜੰਗਬੰਦੀ ਅਤੇ ਸ਼ਾਂਤੀ ਦੀ ਸਥਾਪਤੀ ਦੀ ਫੌਰੀ ਲੋੜ ਵੱਲ ਧਿਆਨ ਖਿੱਚਿਆ ਗਿਆ ਹੈ,   ਜ਼ੋਰ ਨਾਲ ਇਹ ਕਿਹਾ ਗਿਆ ਹੈ ਕਿ ਹਿੰਸਾ ਦੀ ਵਰਤੋਂ ਕਰਕੇ ਫਲਸਤੀਨੀ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਚੱਲ ਰਹੇ ਯਤਨਾਂ ਨੂੰ ਸਫਲ ਨਹੀਂ ਹੋਣ ਦੇਣਾ ਚਾਹੀਦਾ। 

ਇਸ ਸਮੀਖਿਆ ਨੇ ਆਮ ਲੋਕਾਂ ਲਈ ਰੋਜ਼ੀ-ਰੋਟੀ ਦੇ ਅਹਿਮ ਪਹਿਲੂਆਂ ਵੱਲ ਧਿਆਨ ਖਿੱਚਿਆ ਹੈ ਜੋ ਕਈ ਵਾਰ ਵਧੇਰੇ ਕਰਕੇ ਸਿਆਸੀ ਚਰਚਾਵਾਂ ਵਿੱਚੋਂ ਗਾਇਬ ਹੋ ਜਾਂਦੇ ਹਨ।     ((03/11/2023) 

(Bharat Dogra is Honorary Convener, Campaign to Save Earth Now. His recent books include Planet in Peril, Protecting Earth for Children and A Day in 2071).    


                                                    (ਡਾ. ਬਲਜਿੰਦਰ ਦੇ ਫੇਸਬੁੱਕ ਖਾਤੇ ਤੋਂ ਧੰਨਵਾਦ ਸਹਿਤ)

ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਮੁਜ਼ਾਹਰੇ

 ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ 

ਲੋਕ ਮੋਰਚਾ ਪੰਜਾਬ ਵੱਲੋਂ ਮੁਜ਼ਾਹਰੇ

 ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਇਕੱਤਰਤਾ ਅਤੇ  ਮਾਰਚ ਕਰਕੇ ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲ ਵੱਲੋਂ ਵਿੱਢੀ ਜੰਗ ਦਾ ਵਿਰੋਧ ਕੀਤਾ ਗਿਆ। ਇਸ ਇਕੱਤਰਤਾ ਵਿੱਚ ਪੰਜਾਬ ਭਰ ਵਿੱਚੋਂ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ, ਠੇਕਾ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਤਬਕਿਆਂ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

      ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਫਲਸਤੀਨ ਮਸਲੇ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅਰਬੀ ਧਰਤੀ ਉੱਪਰ ਇਜ਼ਰਾਇਲ ਰਾਜ ਦੀ ਸਥਾਪਨਾ ਅਮਰੀਕੀ ਅਤੇ ਬਰਤਾਨਵੀ ਸਾਮਰਾਜੀਆਂ ਦੇ ਲੁਟੇਰੇ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਸੀ। ਮੱਧ ਪੂਰਬ ਦੇ ਤੇਲ ਭੰਡਾਰਾਂ ਉੱਤੇ ਕੰਟਰੋਲ ਕਰਨ ਲਈ ਇਜ਼ਰਾਇਲ ਰਾਜ ਨੂੰ ਅਮਰੀਕੀ ਸਾਮਰਾਜ ਵੱਲੋਂ ਆਪਣੀ ਫੌਜੀ ਚੌਂਕੀ ਵਜੋਂ ਪਾਲਿਆ ਪੋਸਿਆ ਗਿਆ। ਇਜ਼ਰਾਈਲੀ ਹਕੂਮਤ ਅਮਰੀਕੀ ਸਾਮਰਾਜ ਦੀ ਸ਼ਹਿ ਨਾਲ ਹੀ ਫਲਸਤੀਨੀ ਲੋਕਾਂ ਨੂੰ ਨੰਗੇ ਚਿੱਟੇ ਧੱਕੇ ਦੇ ਸਿਰ ਉਹਨਾਂ ਦੀ ਸਰਜ਼ਮੀਨ ਤੋਂ ਉਜਾੜਦੀ ਆਈ ਹੈ। ਫਲਸਤੀਨੀ ਕੌਮ ਨੂੰ ਸਿਰੇ ਦੇ ਅਣਮਨੁੱਖੀ ਜਬਰ ਦਾ ਸਾਹਮਣਾ ਕਰਨਾ ਪਿਆ ਹੈ । ਇਸ ਵੇਲੇ 60 ਲੱਖ ਤੋਂ ਉੱਪਰ ਫਲਸਤੀਨੀ ਸ਼ਰਨਾਰਥੀਆਂ ਵਜੋਂ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਹਨ। ਆਪਣੀ ਜ਼ਮੀਨ ਦੇ ਬਹੁਤ ਹੀ ਸੀਮਤ ਟੋਟੇ ਉੱਪਰ ਸੁੰਗੇੜ ਦਿੱਤੀ ਗਈ ਬਾਕੀ ਫਲਸਤੀਨੀ ਵਸੋਂ ਇਜ਼ਰਾਇਲੀ ਰਾਜ ਦੀਆਂ ਸਿਰੇ ਦੀਆਂ ਜਬਰ ਤਸ਼ੱਦਦ ਅਤੇ ਨਾਕਾਬੰਦੀ ਦੀਆਂ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਇਸ ਨੰਗੇ ਚਿੱਟੇ ਧੱਕੇ ਖ਼ਿਲਾਫ਼ ਫਲਸਤੀਨੀ ਕੌਮ ਨੰਗੇ ਧੜ ਜੂਝਦੀ ਆਈ ਹੈ। ਫਲਸਤੀਨੀ ਲੋਕਾਂ ਦੇ ਇਸ ਟਾਕਰੇ ਨੂੰ ਦਬਾਉਣ ਲਈ ਇਜ਼ਰਾਇਲ ਨੇ ਵਾਰ ਵਾਰ ਉਸ ਉੱਤੇ ਫੌਜੀ ਹਮਲੇ ਕੀਤੇ ਹਨ ਅਤੇ ਮੌਜੂਦਾ ਹਮਲਾ ਵੀ ਲੋਕਾਂ ਨੂੰ ਸਮੂਹਿਕ ਸਬਕ ਸਿਖਾਉਣ ਲਈ ਕੀਤਾ ਗਿਆ ਹੈ । ਮੋਰਚੇ ਦੇ ਸੂਬਾ ਸਕੱਤਰ ਸ਼੍ਰੀ ਜਗਮੇਲ ਸਿੰਘ ਨੇ ਦੱਸਿਆ ਕਿ ਫਲਸਤੀਨੀ ਅਵਾਮ ਖ਼ਿਲਾਫ਼ ਇਸ ਸਾਮਰਾਜੀ ਹੱਲੇ ਦਾ ਵਿਰੋਧ ਸੰਸਾਰ ਭਰ ਦੇ ਸਾਮਰਾਜ ਤੋਂ ਪੀੜਤ ਲੋਕਾਂ ਲਈ ਸਾਂਝਾ ਕਾਰਜ ਬਣਦਾ ਹੈ। ਭਾਰਤ ਦੇ ਲੋਕ ਸਾਮਰਾਜੀ ਨੀਤੀਆਂ ਕਰਕੇ ਤਿੱਖੇ ਆਰਥਿਕ ਸੰਕਟ ’ਚੋਂ ਗੁਜ਼ਰ ਰਹੇ ਹਨ ਉਹਨਾਂ ਵੱਲੋਂ ਇਸ ਬੇਮੇਚੀ ਅਤੇ ਨਿਹੱਕੀ ਜੰਗ ਦਾ ਵਿਰੋਧ ਸਾਮਰਾਜ ਦੇ ਸਿੱਧੇ ਹਮਲੇ ਦਾ ਸ਼ਿਕਾਰ ਅਤੇ ਕੌਮੀ ਮੁਕਤੀ ਦਾ ਸੰਘਰਸ਼ ਲੜ ਰਹੇ ਫ਼ਲਸਤੀਨੀਆਂ ਲਈ ਸਿਰਫ ਹਿਮਾਇਤ ਦਾ ਮਾਮਲਾ ਨਹੀਂ, ਸਗੋਂ ਸਾਮਰਾਜ ਖ਼ਿਲਾਫ਼ ਸਾਂਝੀ ਆਵਾਜ਼ ਉਠਾਉਣ ਦੇ ਸਾਂਝੇ ਕਾਰਜ ਨੂੰ ਹੁੰਗਾਰਾ ਹੈ। ਉਹਨਾਂ ਨੇ ਮੋਦੀ ਹਕੂਮਤ ਵੱਲੋਂ ਭਾਰਤ ਦੇ ਪਹਿਲੇ ਸਟੈਂਡ ਤੋਂ ਪਿੱਛੇ ਹਟਦਿਆਂ ਇਜ਼ਰਾਇਲ ਨੂੰ ਦਿੱਤੀ ਨੰਗੀ ਚਿੱਟੀ ਹਮਾਇਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਭਾਰਤੀ ਲੋਕਾਂ ਦੇ ਹਿੱਤਾਂ ਤੋਂ ਉਲਟ ਭਾਰਤ ਨੂੰ ਸਾਮਰਾਜੀ ਜੰਗੀ ਮਨਸੂਬਿਆਂ ਨਾਲ ਟੋਚਨ ਕੀਤੇ ਜਾਣ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਫਲਸਤੀਨ ਉੱਪਰ ਕੀਤਾ ਹਮਲਾ ਫੌਰੀ ਖਤਮ ਕੀਤਾ ਜਾਵੇ, ਨਿਰਦੋਸ਼ ਲੋਕਾਂ ਨੂੰ ਮਾਰਨ ਲਈ ਇਜ਼ਰਾਇਲ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਸਾਮਰਾਜੀ ਮਨਸੂਬਿਆਂ ਵਾਸਤੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਬੰਦ ਕੀਤਾ ਜਾਵੇ, ਮੋਦੀ ਹਕੂਮਤ ਇਜ਼ਰਾਇਲ ਦੀ ਹਮਾਇਤ ਕਰਨਾ ਬੰਦ ਕਰੇ, ਅਮਰੀਕੀ ਸਾਮਰਾਜੀਆਂ ਵੱਲੋਂ ਜੰਗੀ ਰਾਜਾਂ ਦੀ ਪੁਸ਼ਤਪਨਾਹੀ ਬੰਦ ਕੀਤੀ ਜਾਵੇ, ਫਲਸਤੀਨ ਫਲਸਤੀਨੀਆਂ ਨੂੰ ਸੌਂਪਿਆ ਜਾਵੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਸਿੰਘ ਖੁੱਡੀਆਂ ਵੱਲੋਂ ਨਿਭਾਈ ਗਈ। ਇਕੱਤਰਤਾ ਤੋਂ ਉਪਰੰਤ ਸ਼ਹਿਰ ਵਿੱਚ ਮਾਰਚ ਕਰਦਿਆਂ ਇਜ਼ਰਾਇਲੀ ਜੰਗਬਾਜ਼ਾਂ ਨੂੰ ਫਲਸਤੀਨ ਉੱਤੇ ਜਬਰ ਬੰਦ ਕਰਨ ਦੀ ਸੁਣਾਉਣੀ ਕੀਤੀ ਗਈ। ਇਸ ਸੂਬਾਈ ਮਾਰਚ ਤੋਂ ਇਲਾਵਾ ਮੋਰਚੇ ਵੱਲੋਂ ਬਠਿੰਡਾ, ਸੁਨਾਮ. ਭਵਾਨੀਗੜ੍ਹ (ਸੰਗਰੂਰ),  ਮੂਣਕ (ਸੰਗਰੂਰ), ਤੇ ਘੁੱਦਾ (ਬਠਿੰਡਾ) ਆਦਿ ਥਾਵਾਂ ’ਤੇ ਜਨਤਕ ਮੁਜ਼ਹਾਰੇ ਕਰਕੇ ਇਜ਼ਰਾਇਲੀ ਹਮਲੇ ਦਾ ਵਿਰੋਧ ਕੀਤਾ ਗਿਆ।  

 ਇਨਕਲਾਬੀ ਜਥੇਬੰਦੀਆਂ ਵੱਲੋਂ ਫ਼ਲਸਤੀਨੀ ਲੋਕਾਂ ਦੇ ਹੱਕ ’ਚ ਵਿਸ਼ਾਲ ਕਨਵੈਨਸ਼ਨ ਅਤੇ ਮੁਜ਼ਾਹਰਾ


ਦੋ ਇਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ, ਪੰਜਾਬ ਵਲੋਂ ਸਾਂਝੇ ਤੌਰ ’ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਵਹਿਸ਼ੀਆਨਾ ਬੰਬਾਰੀ ਦੇ ਖਿਲਾਫ਼ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਮੋਗਾ ਵਿਖੇ 26 ਅਕਤੂਬਰ ਨੂੰ ਵਿਸ਼ਾਲ ਕਨਵੈਨਸ਼ਨ ਕੀਤੀ ਗਈ। 

ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਇਨਕਲਾਬੀ ਕੇਂਦਰ, ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਖਚਾਖਚ ਭਰੇ ਸ਼ਹੀਦ ਨਛੱਤਰ ਸਿੰਘ ਯਾਦਗਾਰ ਹਾਲ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਦੇਸ਼ ਫ਼ਲਸਤੀਨ ਦੀ ਪ੍ਰਭੂਸੱਤਾ ਲਈ ਲੜ ਰਹੇ ਲੋਕਾਂ ਨਾਲ ਖੜ੍ਹਨ, ਉਹਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਣ ਅਤੇ ਇਜ਼ਰਾਈਲੀ ਬੰਬਾਰੀ ਦੇ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਨ ਦੀ ਅੱਜ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਬਿਜਲੀ, ਪਾਣੀ, ਦਵਾਈਆਂ ਸਮੇਤ ਮਨੁੱਖੀ ਇਮਦਾਦ ਬੰਦ ਕਰਕੇ ਲੋਕਾਂ ਨੂੰ ਮਾਨਵੀ ਸਹੂਲਤਾਂ ਤੋਂ ਵਾਂਝੇ ਕਰਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ। ਅਮਰੀਕਾ ਦੀ ਅਗਵਾਈ ’ਚ ਦੂਨੀਆਂ ਭਰ ’ਚ ਤੇਲ, ਹਥਿਆਰਾਂ ਰਾਹੀਂ ਮੁਨਾਫ਼ਾ ਕਮਾਉਣ ਲਈ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣ ਨਾਲ ਉਹ ਮੁਰਦਾ-ਘਰ ਬਣੇ ਹੋਏ ਹਨ। ਇਜ਼ਰਾਈਲ ਨੇ ਯੁੱਧ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਹੈ ਅਤੇ ਗਾਜ਼ਾ ਪੱਟੀ ਨੂੰ ਖੁੱਲ੍ਹੀ ਜੇਲ੍ਹ ਬਣਾਇਆ ਹੋਇਆ ਹੈ। ਉਹ ਫ਼ਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ। ਇਜ਼ਰਾਈਲ ਸਰਕਾਰ ਦੇ ਇਹਨਾਂ ਹਮਲਿਆਂ ਦਾ ਇਜ਼ਰਾਈਲ ਦੇ ਅੰਦਰ ਵੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਲੋਕ ਸਰਕਾਰ ਨੂੰ ਗੈਰ-ਜਮਹੂਰੀ, ਭਿ੍ਰਸ਼ਟ ਤੇ ਜ਼ਾਲਮ ਕਹਿ ਰਹੇ ਹਨ। ਦੁਨੀਆਂ ਭਰ ਵਿੱਚ ਲੋਕਾਂ ਦੀਆਂ ਭੀੜਾਂ ਫ਼ਲਸਤੀਨੀਆਂ ਦੇ ਹੱਕ ਵਿੱਚ ਸੜਕਾਂ ਉੱਪਰ ਉੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਯੂ.ਐਨ.ਓ.ਦੇ ਜਨਰਲ ਸਕੱਤਰ ਨੇ ਵੀ ਫ਼ਲਸਤੀਨ ਵਿੱਚ ਆਮ ਲੋਕਾਂ ਨੂੰ ਦੱਖਣੀ ਗਾਜ਼ਾ ਵਿੱਚ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਦਿੱਤੇ ਅਲਟੀਮੇਟਮ ਨਾਲ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਬੇਘਰ ਕੀਤੇ ਜਾਣ ਨਾਲ ਹੋਣ ਵਾਲੀਆਂ ਮੁਸ਼ਕਿਲਾਂ ’ਤੇ ਯੂ.ਐੱਨ.ਓ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਯੂ.ਐਨ.ਓ. ’ਚ ਪਾਸ ਮਤਾ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਅਲੰਬਰਦਾਰੀ ਦਾ ਦਾਅਵਾ ਕਰਨ ਵਾਲੀਆਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਫ਼ਲਸਤੀਨੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਪਾਬੰਦੀਆਂ ਲਾਉਣ ਦੇ ਐਲਾਨ ਕੀਤੇ ਹਨ ਪਰ ਇਹਨਾਂ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਫ਼ਲਸਤੀਨੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਹੋ ਰਹੇ ਹਨ। 

ਆਗੂਆਂ ਨੇ ਦੋਸ਼ ਲਗਾਇਆ ਕਿ ਫ਼ਲਸਤੀਨ ਵਿੱਚ ਹੋ ਰਹੇ ਮਨੁੱਖੀ ਘਾਣ ਸਮੇਂ ਮੋਦੀ ਦੇ ਦੋਗਲੇਪਨ ਦਾ ਨੋਟਿਸ ਲਿਆ ਤੇ ਕਿਹਾ ਕਿ ਭਾਰਤ ਸਰਕਾਰ ਫ਼ਲਸਤੀਨ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਹੱਕ ’ਚ ਤਾਂ ਬੋਲੀ ਹੈ ਪ੍ਰੰਤੂ ਹਕੀਕੀ ਰੂਪ ’ਚ ਦਿੱਲੋਂ ਦਿਮਾਗ ਨਾਲ ਅਮਰੀਕਾ ਅਤੇ ਇਜ਼ਰਾਇਲ ਨਾਲ ਖੜ੍ਹੀ ਹੈ। ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਜ਼ਰਾਇਲ ਵੱਲੋਂ ਕੀਤੀ ਜਾ ਰਹੀ ਬੰਬਾਰੀ ’ਤੇ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ। ਬੁਲਾਰਿਆਂ ਨੇ ਫ਼ਲਸਤੀਨ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਦੇ ਹੱਕ ’ਚ ,ਨਿਹੱਕੀ ਜੰਗ ਬੰਦ ਕਰਨ ਦੀ ਮੰਗ ਦੇ ਮਤੇ ਦੋਹੇਂ ਹੱਥ ਖੜ੍ਹੇ ਕਰ ਕੇ ਮਨਜੂਰੀ ਦਿੱਤੀ। ਕਨਵੈਨਸ਼ਨ ਦੇ ਫਰਜ਼ ਸੰਚਾਲਨ ਸਾਥੀ ਨਰੈਣ ਦੱਤ ਨੇ ਬਾਖ਼ੂਬੀ ਨਿਭਾਏ।   

ਕਨਵੈਨਸ਼ਨ ਉਪਰੰਤ ਝੰਡੇ, ਬੈਨਰ, ਹਮਲੇ ਦੇ ਵਿਨਾਸ਼ ਦੀਆਂ ਤਸਵੀਰਾਂ ਲੈ ਕੇ ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਹ ਭਰਪੂਰ ਮੁਜ਼ਾਹਰਾ ਕੀਤਾ।

(ਪ੍ਰੈਸ ਲਈ ਜਾਰੀ ਬਿਆਨ)  

ਪੱਤਰਕਾਰ ਚੋਣਵਾਂ ਨਿਸ਼ਾਨਾ ਹਨ

 ਪੱਤਰਕਾਰ ਚੋਣਵਾਂ ਨਿਸ਼ਾਨਾ ਹਨ

ਇਜ਼ਰਾਇਲ ਦੇ ਇਸ ਹਮਲੇ ’ਚ ਪੱਤਰਕਾਰਾਂ ਦੇ ਮਰਨ ਦੀਆਂ ਖਬਰਾਂ ਵਿਸ਼ੇਸ਼ ਕਰਕੇ ਆਈਆਂ ਹਨ। ਇਹਨਾਂ ਬਾਰੇ ਵੀਡੀਓ ਤੇ ਫੋਟੋ ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਕਰਕੇ ਚੱਲੀਆਂ ਹਨ। ਰਾਮੱਲਾ ਅਧਾਰਿਤ ਪੱਤਰਕਾਰ ਮੁਹੰਮਦ ਫਾਰਾ ਦੀ ਪਤਨੀ ਤੇ ਬੱਚਿਆਂ ਦੇ ਇਜ਼ਰਾਇਲੀ ਹਮਲੇ ’ਚ ਮਾਰੇ ਜਾਣ ਦੀ ਖਬਰ ਆਈ ਤੇ ਫਿਰ ਇਉ ਹੀ ਅਲ ਜਜ਼ੀਰਾ ਦੇ ਗਾਜ਼ਾ ਬਿਊਰੋ ਚੀਫ ਦਹਿਦਾਊ ਦੀ ਪਤਨੀ ਤੇ ਬੱਚਿਆਂ ਦੇ ਮਰਨ ਦੀ ਖਬਰ ਆਈ ਹੈ। ਪ੍ਰੈਸ ਹਲਕਿਆਂ ’ਚ ਇਸਨੂੰ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦੇ ਉਸ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਉਸਨੇ ਅਮਰੀਕਾ ਦੇ ਯਹੂਦੀ ਭਾਈਚਾਰੇ ਦੇ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਸੀ ਕਿ ਉਸਨੇ ਕਤਰ ਦੀ ਹਕੂਮਤ ਨੂੰ ਗਾਜ਼ਾ ਜੰਗ ਬਾਰੇ ਅਲਜਜ਼ੀਰਾ ਦਾ ਸੁਰ ਮੱਧਮ ਕਰਨ ਦੀ ਬੇਨਤੀ ਕੀਤੀ ਹੈ। ਪੱਤਰਕਾਰ ਭਾਈਚਾਰੇ ’ਚ ਇਹ ਸ਼ੰਕਾ ਪਾਈ ਜਾ ਰਹੀ ਹੈ ਕਿ ਇਹ ਕਤਲ ਮਿਥ ਕੇ ਕੀਤੇ ਜਾ ਰਹੇ ਹਨ। 

ਇਸ ਗਿਣੀ-ਮਿਥੀ ਸਾਜਿਸ਼ ਨੂੰ ਨਿਊਜ਼-13 ’ਤੇ ਇੱਕ ਪੱਤਰਕਾਰ ਦੇ ਚੈਨਲ ’ਤੇ ਦਿੱਤੇ ਬਿਆਨ ਰਾਹੀਂ ਦੇਖਿਆ ਜਾ ਸਕਦਾ ਹੈ ਜਿਵੇਂ ਉਹ ਕਹਿੰਦਾ ਹੈ,‘‘ਆਮ ਕਰਕੇ ਅਸੀਂ ਨਿਸ਼ਾਨੇ ਬਾਰੇ ਜਾਣਦੇ ਹੁੰਦੇ ਹਾਂ,’’ ਜਿਵੇਂ ਕਿ ਅੱਜ ਇੱਕ ਅਲਜਜ਼ੀਰਾ ਦੇ ਪੱਤਰਕਾਰ ਦਾ ਪਰਿਵਾਰ ਨਿਸ਼ਾਨਾ ਸੀ।

ਪਿਛਲੇ ਸਾਲਾਂ ’ਚ ਵੀ ਐਸੋਸੀਏਟਿਡ ਪ੍ਰੈਸ ਤੇ ਅਲਜਜ਼ੀਰਾ ਦੇ ਪੱਤਰਕਾਰ ਮਾਰੇ ਗਏ ਹਨ। ਇਜ਼ਰਾਇਲੀ ਫੌਜਾਂ ਨੇ ਦੋ ਸਾਲ ਪਹਿਲਾਂ ਅਲਜਜ਼ੀਰਾ ਪੱਤਰਕਾਰ ਸੀਰੀਂ ਅਬ-ਅਕਲੇਹ ਨੂੰ ਕਤਲ ਕੀਤਾ ਸੀ। ਪੱਤਰਕਾਰਾਂ ਦੀ ਆਵਾਜ਼ ਨੂੰ ਰੋਕਣ ਦਾ ਦੂਜਾ ਢੰਗ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਾਮ ਕਰਨਾ ਹੈ। 7 ਅਕਤੂਬਰ ਦੇ ਘਟਨਾਕ੍ਰਮ ਮਗਰੋਂ ਕਿੰਨੇਂ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਫਲਸਤੀਨੀ ਕਾਰਕੁਨਾਂ ਦੇ ਅਕਾਊਂਟ ਮੁਅੱਤਲ ਕਰ ਦਿੱਤੇ ਸਨ। ਫੇਸਬੁੱਕ ਕੰਪਨੀ ਮੇਟਾ ਵੱੱਲੋਂ ਇਜ਼ਰਾਇਲੀ ਹਕੂਮਤ ਦੇ ਕਹਿਣ ’ਤੇ ਬਹੁਤ ਸਾਰੇ ਅਕਾਊਂਟ ਬੰਦ ਕੀਤੇ ਗਏ ਹਨ। ਗਾਜ਼ਾ ਦੇ ਉੱਘੇ ਪੱਤਰਕਾਰ ਨੇ ਇੱਕ ਰਿਪੋਰਟ ਰਾਹੀਂ ਦੱਸਿਆ ਸੀ ਕਿ ਕਿਵੇਂ ਮੇਟਾ ਕੰਪਨੀ ਇਜ਼ਰਾਇਲੀ ਸੂਹੀਆ ਏਜੰਸੀਆਂ ਨਾਲ ਰਲ ਕੇ, ਫਲਸਤੀਨ ਪੱਖੀ ਸਮੱਗਰੀ ਨੂੰ ਹਟਾਉਦੀ ਹੈ। ਉਸਤੋਂ ਬਾਅਦ ਉਸਦਾ ਪੇਜ ਵੀ ਜਾਮ ਕਰ ਦਿੱਤਾ ਗਿਆ। ਗਾਜ਼ਾ ’ਚ ਪੱਤਰਕਾਰ ਇਜ਼ਰਾਇਲੀ ਜਬਰ ਦਾ ਚੋਣਵਾਂ ਨਿਸ਼ਾਨਾ ਹਨ। ਥਾਂ ਥਾਂ ’ਤੇ ਕੀਤੀਆਂ ਨਾਕਾਬੰਦੀਆਂ ’ਤੇ ਉਹਨਾਂ ਨੂੰ ਜਬਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਚੁਣ ਕੇ ਗੋਲੀਆਂ ਮਾਰੀਆਂ ਜਾਂਦੀਆਂ ਹਨ। ਦੁਨੀਆਂ ਨੂੰ ਫਲਸਤੀਨੀ ਲੋਕਾਂ ’ਤੇ ਇਜ਼ਰਾਇਲੀ ਜਬਰ ਬਾਰੇ ਜਾਣੂੰ ਕਰਵਾਉਣ ਵਾਲੇ ਪੱਤਰਕਾਰ ਇਜ਼ਰਾਇਲ ਲਈ ਵੱਡੇ ਦੁਸ਼ਮਣ ਹਨ। ਗਾਜ਼ਾ ਪੱਟੀ ’ਚ ਪੱਤਰਕਾਰਤਾ ਇੱਕ ਜਾਂਬਾਜ਼ ਕਿੱਤਾ ਹੈ।   

ਭਾਰਤ-ਕੈਨੇਡਾ ਟਕਰਾਅ: ਮੋਦੀ ਦੇ ਸੰਸਾਰ ਤਾਕਤੀ ਦਾਅਵਿਆਂ ਦੀ ਹਵਾ ਕੱਢਦੇ ਸਾਮਰਾਜੀਏ ਹੁਕਮਰਾਨ

 ਭਾਰਤ-ਕੈਨੇਡਾ ਟਕਰਾਅ:

ਮੋਦੀ ਦੇ ਸੰਸਾਰ ਤਾਕਤੀ ਦਾਅਵਿਆਂ ਦੀ ਹਵਾ ਕੱਢਦੇ ਸਾਮਰਾਜੀਏ ਹੁਕਮਰਾਨ

ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ’ਚ ਬਣਿਆ ਤਣਾਅ ਪਿਛਲੇ ਮਹੀਨਿਆਂ ਦੌਰਾਨ ਕੌਮਾਂਤਰੀ ਪੱਧਰ ’ਤੇ ਚਰਚਾ ’ਚ ਰਿਹਾ ਹੈ। ਇਸ ਰੱਟੇ ਦੀ ਸ਼ੁਰੂਆਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਪਾਰਲੀਮੈਂਟ ’ਚ ਭਾਰਤੀ ਹਕੂਮਤ’ਤੇ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ’ਚ ਹੋਈ ਹੱਤਿਆ ਦੇ ਦੋਸ਼ ਧਰਨ ਨਾਲ ਹੋਈ ਸੀ ਤੇ ਫਿਰ ਦੋਹਾਂ ਪਾਸਿਆਂ ਤੋਂ ਬਿਆਨਬਾਜ਼ੀ ਦਾ ਸਿਲਸਿਲਾ ਚੱਲਿਆ। ਇਹ ਸਿਲਸਿਲਾ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਮੁਲਕ ’ਚੋਂ ਇੱਕ ਵਾਰ ਚੱਲਦਾ ਕਰਨ ਤੇ ਸਟਾਫ਼ ’ਚ ਕਟੌਤੀ ਕਰਨ ਤੱਕ ਪੁੱਜਿਆ। ਭਾਰਤ ਨੇ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਬੰਦ ਕਰਨ ਦਾ ਕਦਮ ਵੀ ਚੱਕ ਲਿਆ। ਸਾਡੇ ਦੇਸ਼ ਭਰ ’ਚੋਂ ਲੱਖਾਂ ਲੋਕ ਕੈਨੇਡਾ ’ਚ ਵਸਦੇ ਹਨ ਤੇ ਪੰਜਾਬ ’ਚੋਂ ਵੀ ਵੱਡੀ ਗਿਣਤੀ ’ਚ ਲੋਕ ਕੈਨੇਡਾ ਪ੍ਰਵਾਸ ਕਰ ਰਹੇ ਹਨ। ਲੋਕਾਂ ਦਾ ਦੋਹਾਂ ਪਾਸਿਆਂ ਦਾ ਆਉਣ ਜਾਣ ਹੁਣ ਇੱਕ ਆਮ ਤੇ ਵਿਆਪਕ ਵਰਤਾਰਾ ਹੈ। ਇਸ ਲਈ ਇਹਨਾਂ ਤਣਾਅ ਭਰੇ ਸੰਬੰਧਾਂ ਬਾਰੇ ਆਮ ਲੋਕਾਂ ਤੱਕ ਫਿਕਰਮੰਦੀ ਜਾਗੀ ਹੈ। ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਸਰੀ ’ਚ ਗੁਰਦੁਆਰੇ ਦਾ ਪ੍ਰਧਾਨ ਤੇ ਖਾਲਿਸਤਾਨੀ ਵਿਚਾਰਾਂ ਵਾਲਾ ਵਿਅਕਤੀ ਸੀ। ਭਾਰਤ ਸਰਕਾਰ ਅਨੁਸਾਰ ਉਸਦੀ ਖਾਲਿਸਤਾਨ ਟਾਈਗਰ ਫੋਰਸ ਨਾਂ ਦੀ ਜਥੇਬੰਦੀ ਭਾਰਤ ਅੰਦਰ ਦਹਿਸ਼ਤਗਰਦ ਕਾਰਵਾਈ ਨੂੰ ਅੰਜਾਮ ਦਿੰਦੀ ਹੈ। ਨਿੱਝਰ ਨੂੰ ਜੂਨ ਮਹੀਨੇ ’ਚ ਅਣਪਛਾਤੇ ਵਿਅਕਤੀਆਂ ਨੇ ਸਰੀ (ਕੈਨੇਡਾ) ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਟਰੂਡੋ ਨੇ ਪਾਰਲੀਮੈਂਟ ’ਚ ਨਿੱਝਰ ਦੀ ਹੱਤਿਆ ਦੀਆਂ ਤੰਦਾਂ ਭਾਰਤ ਸਰਕਾਰ ਨਾਲ ਜੁੜਦੀਆਂ ਹੋਣ ਬਾਰੇ ਸਬੂਤ ਹੋਣ ਦਾ ਦਾਅਵਾ ਕਰਦਾ ਬਿਆਨ ਦਿੱਤਾ। ਸਰਕਾਰ ਨੇ ਪੈਂਦੀ ਸੱਟੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਤੇ ਖਾਲਿਸਤਾਨੀ “ਵੱਖਵਾਦੀਆਂ” ਨੂੰ ਸ਼ਹਿ ਦੇਣ ਦੀ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਅਤੇ ਇਹਨਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। 

ਇਸ ਘਟਨਾਕ੍ਰਮ ਨੂੰ ਸਮਝਣ ਦਾ ਇੱਕ ਬੁਨਿਆਦੀ ਨੁਕਤਾ ਇਹ ਹੈ ਕਿ ਇਹ ਕਿਸੇ ਵਿਕਸਿਤ ਪੂੰਜੀਵਾਦੀ ਮੁਲਕ (ਜਿਹੜਾ ਸਾਮਰਾਜੀ ਮਹਾਂਸ਼ਕਤੀ ਦਾ ਪੱਕਾ ਸੰਗੀ ਹੈ) ਅਤੇ ਪੱਛੜੇ ਮੁਲਕ ਦੇ ਹਾਕਮਾਂ ਦਰਮਿਆਨ ਕਿਸੇ ਆਰਥਿਕ ਮੁੱਦਿਆਂ ਨੂੰ ਲੈ ਕੇ ਪਿਆ ਰੱਟਾ ਨਹੀਂ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਇਸ ਟਕਰਾਅ ਦਾ ਤੱਤ ਭਾਰਤ ਦੇ ਅਧੀਨਗੀ ਵਾਲੇ ਰਿਸ਼ਤੇ ਤਹਿਤ ਸਾਮਰਾਜੀ ਲੁੱਟ-ਖਸੁੱਟ ਦੇ ਕਿਸੇ ਖੇਤਰ ਜਾਂ ਕਦਮਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਆਨਾਕਾਨੀ ਦਾ ਨਹੀਂ ਹੈ। ਉਸ ਪੱਖੋਂ ਤਾਂ ਸਭ “ਸੁੱਖ-ਸਾਂਦ” ਹੈ ਤੇ ਭਾਰਤ ਉਵੇਂ ਜਿਵੇਂ ਇਹਨਾਂ ਮੁਲਕਾਂ ਲੜ ਲੱਗ ਕੇ ‘ਵਿਕਾਸ’ ਦੇ ਰਾਹ ਤੁਰਦਿਆਂ ‘ਸੰਸਾਰ ਸ਼ਕਤੀ’ ਬਣ ਜਾਣ ਲਈ ਉਤਾਵਲਾ ਹੈ। ਇਹ ਟਕਰਾਅ ਮੁੱਖ ਤੌਰ ’ਤੇ ਆਪੋ ਆਪਣੇ ਮੁਲਕਾਂ ਅੰਦਰਲੀ ਵੋਟ ਸਿਆਸਤ ਦੀਆਂ ਗਿਣਤੀਆਂ ਤੋਂ ਪ੍ਰੇਰਿਤ ਹੈ ਜਿਸ ਵਿੱਚ ਕੌਮਾਂਤਰੀ ਪੱਧਰ ’ਤੇ ਤਿੱਖੇ ਹੋ ਰਹੇ ਸਾਮਰਾਜੀ ਸੰਕਟਾਂ ਦਰਮਿਆਨ ਦੇਸ਼ਾਂ ਦੇ ਆਪਸੀ ਸੰਬੰਧਾਂ ’ਚ ਹੋ ਰਹੀ ਉਥਲ ਪੁਥਲ ਦੇ ਅੰਸ਼ਾਂ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ। ਇਸ ਸੰਸਾਰ ਦੇ ਪਿਛਾਖੜੀ ਨਿਜ਼ਾਮਾਂ ਦੀ ਹਕੀਕਤ ਹੈ ਕਿ ਸਭਨਾਂ ਪਿਛਾਖੜੀ ਹਕੂਮਤਾਂ ਵੱਲੋਂ ਦੂਸਰੇ ਮੁਲਕਾਂ ’ਚ ਆਪਣੇ ਵਿਰੋਧੀਆਂ ਨੂੰ ਵੱਖ-ਵੱਖ ਢੰਗਾਂ ਨਾਲ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ’ਚ ਸਭ ਤੋਂ ਮੋਹਰੀ ਸੰਸਾਰ ਸਾਮਰਾਜ ਦਾ ਸਰਗਨਾ ਅਮਰੀਕਾ ਹੈ। ਇਸ ਵੱਲੋਂ ਦੁਨੀਆਂ ਭਰ ’ਚ ਰਾਜ ਪਲਟੇ ਕਰਵਾਉਣ, ਆਪਣੀਆਂ ਵਿਰੋਧੀ ਹਕੂਮਤਾਂ ਦੇ ਆਗੂਆਂ ਨੂੰ ਕਤਲ ਕਰਵਾਉਣ ਤੇ ਅਜਿਹੀਆਂ ਅਨੇਕਾਂ ਸਾਜਿਸ਼ਾਂ ਰਚਣ ਦਾ ਲੰਮਾ ਇਤਿਹਾਸ ਹੈ। ਇਸਦੀ ਏਜੰਸੀ ਸੀ.ਆਈ.ਏ. ਦੁਨੀਆਂ ਭਰ ’ਚ ਬਦਨਾਮ ਹੈ ਤੇ ਜਿਸਦੀ ਚਰਚਾ ਆਮ ਕਰਕੇ ਇਸਦੇ ਵਿਰੋਧੀ ਆਗੂਆਂ ਵੱਲੋਂ ਹੁੰਦੀ ਰਹਿੰਦੀ ਹੈ। ਇਉਂ ਸਭਨਾਂ ਨਿਯਮਾਂ, ਕਾਨੂੰਨਾਂ ਤੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਥੱਲੇ ਰੋਲਣ ਵਾਲੀਆਂ ਅਤੇ ਆਪਣੇ ਆਰਥਿਕ ਸਿਆਸੀ ਹਿੱਤਾਂ ਨੂੰ ਪੁਗਾਉਣ ਲਈ ਹਰ ਜਾਇਜ਼ ਨਜਾਇਜ਼ ਢੰਗ ਅਪਣਾਉਣ ਵਾਲੀਆਂ ਹਕੂਮਤਾਂ ਲਈ ਇਹ ਕੋਈ ਨਵਾਂ ਜਾਂ ਓਪਰਾ ਵਰਤਾਰਾ ਨਹੀਂ ਹੈ। ਇਹ ਨਵਾਂ ਜਾਂ ਓਪਰਾ ਏਸ ਕਰਕੇ ਬਣ ਗਿਆ ਹੈ, ਕਿਉਂਕਿ ਇਹ ਕਦਮ ਇੱਕ ਅਧੀਨ ਮੁਲਕ ਦੀ ਚੱਕਵੀਂ ਹਕੂਮਤ ਨੇ ਲਿਆ ਹੈ। ਜਿਸਨੂੰ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਹਾਕਮ ਅਜਿਹੀ ਔਕਾਤ ਦੇ ਘੇਰੇ ਤੋਂ ਬਾਹਰ ਰੱਖਦੇ ਹਨ। ਅਗਾਂਹ ਇਹ ਕਦਮ ਕੈਨੇਡਾ ਵਰਗੇ ਜੀ-7 ਦੇ ਮੁਲਕ ਅੰਦਰ ਲਿਆ ਗਿਆ ਹੈ ਜਿਹੜਾ ਉਹਨਾਂ ਨੂੰ ਨਾ-ਮਨਜ਼ੂਰ ਹੈ। 

ਇਸ ਕਤਲ ਦੇ ਮਾਮਲੇ ’ਚ ਇਸ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੋਦੀ ਸਰਕਾਰ ਇਹਦੇ ’ਚ ਸ਼ਾਮਲ ਨਹੀਂ ਹੈ। ਇਹਦੇ ਵੱਲੋਂ ਖਾਲਿਸਤਾਨੀ ਅਨਸਰਾਂ ਖ਼ਿਲਾਫ਼ ਕਾਰਵਾਈ ਰਾਹੀਂ ਰਾਸ਼ਟਰੀ ਸੁਰੱਖਿਆ ਦੀ ਜ਼ਾਮਨੀ ਦਾ ਸ਼ਾਵਨਵਾਦੀ ਬਿਰਤਾਂਤ ਤਕੜਾ ਕਰਨ ਦਾ ਲਿਆ ਜਾ ਰਿਹਾ ਪੈਂਤੜਾ ਅਜਿਹੇ ਹੀ ਸੰਕੇਤ ਦਿੰਦਾ ਹੈ। ਪਹਿਲਾਂ ਅੰਮਿ੍ਰਤਪਾਲ ਦੀ ਗਿ੍ਰਫਤਾਰੀ ਦੇ ਡਰਾਮੇ ਨੂੰ ਇੱਕ ਵੱਡੀ ਰਾਸ਼ਟਰਵਾਦੀ ਦਰਸ਼ਨੀ ਕਾਰਵਾਈ ’ਚ ਤਬਦੀਲ ਕਰਕੇ ਅਜਿਹਾ ਹੀ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਦੇਸ਼ ਵਾਸੀਆਂ ਨੂੰ ਇੱਕ ‘ਵੱਖਵਾਦੀ’ ਤਾਕਤ ਦੇ ਸੰਭਾਵੀ ਹਮਲੇ ਤੋਂ ਬਚਾ ਲਿਆ ਗਿਆ ਹੈ ਤੇ ਮੋਦੀ ਸਰਕਾਰ ਰਾਸ਼ਟਰ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੰਨ੍ਹੇ ਰਾਸ਼ਟਰਵਾਦੀ ਬਿਰਤਾਂਤ ਨੂੰ ਤਕੜਾ ਕਰਨ ਲਈ ਇਸ ਵੱਲੋਂ ਬਾਲਾਕੋਟ ਸਟਰਾਈਕ ਵਰਗੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ ਤੇ ਇਹਦੇ ਜ਼ੋਰ ’ਤੇ ਫ਼ਿਰਕੂ ਰਾਸ਼ਟਰਵਾਦੀ ਹੰਕਾਰ ਦੇ ਰੱਥ ’ਤੇ ਸਵਾਰ ਹੋ ਕੇ ਗੱਦੀ ਦੁਬਾਰਾ ਹਾਸਲ ਕੀਤੀ ਗਈ ਸੀ। ਇਹਨਾਂ ਕਾਰਵਾਈਆਂ ਰਾਹੀਂ ਮੋਦੀ ਸਰਕਾਰ ਦਾ ‘ਦੁਸ਼ਮਣ ਦੇ ਘਰ ’ਚ ਘੁਸ ਕੇ ਮਾਰਨ’ ਵਾਲਾ ਨਕਸ਼ਾ ਉਭਾਰਿਆ ਗਿਆ ਹੈ ਜਿਹੜਾ ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਸ ਪੈਂਤੜੇ ਦੀ ਵਰਤੋਂ ਪਾਕਿਸਤਾਨ ਖ਼ਿਲਾਫ਼ ਤਾਂ ਪੁੱਗ ਗਈ ਸੀ ਪਰ ਹੁਣ ‘ਘੁਸ ਕੇ ਮਾਰਨ’ ਦਾ ਪੰਗਾ ਗਲਤ ਮੁਲਕ ’ਚ ਲੈ ਲਿਆ ਗਿਆ ਹੈ ਜਿਸਦਾ ਮੋੜਵਾਂ ਪ੍ਰਤੀਕਰਮ ਮੋਦੀ ਸਰਕਾਰ ਨੂੰ ਕੌਮਾਂਤਰੀ ਸੰਬੰਧਾਂ ’ਚ ਉਸਦੀ ਹੈਸੀਅਤ ਦੀ ਹਕੀਕਤ ਦਿਖਾ ਰਿਹਾ ਹੈ। ਇਹ ਹੈਸੀਅਤ ਐਨ ਉਦੋਂ ਦਿਖਾਈ ਗਈ ਹੈ ਜਦੋਂ ਮੋਦੀ ਸਰਕਾਰ ਜੀ-20 ਦੀ ਮੀਟਿੰਗ ਦੀ ਸਫ਼ਲਤਾ ਦਾ ਸਿਹਰਾ ਸਜਾ ਕੇ, ਦੁਨੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਵਾਲਾ ਰੁਤਬਾ ਦਿਖਾਉਣ ਦੀ ਕਸਰਤ ਕਰਨ ਹੀ ਲੱਗੀ ਸੀ। ਮੋਦੀ ਸਰਕਾਰ ਵੱਲੋਂ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਨੂੰ ਜਿਵੇਂ ‘ਵਿਸ਼ਵ ਗੁਰੂ’ ਹੋਣ ਦੀ ਨੁਮਾਇਸ਼ ਵਜੋਂ ਵਰਤਿਆ ਗਿਆ ਸੀ, ਇਹ ਆਉਂਦੀਆਂ ਚੋਣਾਂ ’ਚ ਲਾਹਾ ਲੈਣ ਦੀ ਜਾਣੀ ਪਛਾਣੀ ਕਵਾਇਦ ਸੀ। ਇਸ ਖਾਤਰ ਜੀ-20 ਦੀ ਪ੍ਰਧਾਨਗੀ ਬਾਰੇ ਬਹੁਤ ਵਧਵੀਂ ਪੇਸ਼ਕਾਰੀ ਕੀਤੀ ਗਈ ਤੇ ਮੋਦੀ ਦਾ ਸੰਸਾਰ ਲੀਡਰ ਵਾਲਾ ਨਕਸ਼ ਉਭਾਰਨ ਲਈ ਸਾਰਾ ਗੋਦੀ-ਮੀਡੀਆ ਪੱਬਾਂ ਭਾਰ ਹੋਇਆ। ਜੀ-20 ਮੁਲਕਾਂ ਦਾ ਅੰਤ ’ਤੇ ਸਾਂਝਾ ਬਿਆਨ ਜਾਰੀ ਹੋਣ ਨੂੰ ਵੀ ਮੋਦੀ ਦੀ ਕੂਟਨੀਤਿਕ ਸਫ਼ਲਤਾ ਵਜੋਂ ਧੁਮਾਇਆ ਗਿਆ ਕਿਉਂਕਿ ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਸਾਂਝੀ ਸਹਿਮਤੀ ਬਣ ਪਾਉਣ ਦੀਆਂ ਸੰਭਾਵਨਾਵਾਂ ਸ਼ੱਕੀ ਬਣੀਆਂ ਹੋਈਆਂ ਸਨ ਤੇ ਪਹਿਲੀਆਂ ਜੀ-20 ਮੀਟਿੰਗਾਂ ’ਚ ਘੱਟੋ-ਘੱਟ ਸਹਿਮਤੀ ਵਾਲੇ ਸਾਂਝੇ ਬਿਆਨ ਜਾਰੀ ਨਹੀਂ ਹੋ ਸਕੇ ਸਨ। ਇਸ ਕੂਟਨੀਤਿਕ ਸਫ਼ਲਤਾ ਦਾ ਤੱਤ ਅਸਲ ਵਿੱਚ ਤਾਂ ਅਮਰੀਕੀ ਸਾਮਰਾਜੀ ਧੜੇ ਦੀ ਪਹਿਲਾਂ ਦੇ ਮੁਕਾਬਲੇ ਕਮਜ਼ੋਰੀ ਵਾਲੀ ਹੈਸੀਅਤ ’ਚੋਂ ਉਪਜੀ ਬੇਵਸੀ ਸੀ ਜਿਹੜੀ ਇਸ ਬਿਆਨ ’ਚ ਰੂਸ ਦੀ ਨਿੰਦਾ ਨਾ ਕਰ ਸਕਣ ਨੂੰ ਪ੍ਰਵਾਨ ਕਰਨ ਰਾਹੀਂ ਜਾਹਰ ਹੋਈ ਸੀ। ਕਿਸੇ ਹੱਦ ਤੱਕ ਇਸ ਘਟਨਾਕ੍ਰਮ ’ਚ ਭਾਰਤ ਦੀ ਭੂਮਿਕਾ ਤੋਂ ਅਮਰੀਕੀ ਖੇਮੇ ’ਚ ਨਰਾਜ਼ਗੀ ਦਾ ਅੰਸ਼ ਮੌਜੂਦ ਸੀ ਜਿਹੜਾ ਬਾਇਡਨ ਦੇ ਸੰਕੇਤਾਂ ਰਾਹੀਂ ਜਾਹਰ ਹੋਇਆ ਸੀ। ਪ੍ਰੈਸ ਹਲਕਿਆਂ ’ਚ ਇਹ ਚਰਚਾ ਵੀ ਹੋਈ ਹੈ ਕਿ ਟਰੂਡੋ ਨੇ ਮੋਦੀ ਕੋਲ ਜੀ-20 ਦੀ ਮੀਟਿੰਗ ਮੌਕੇ ਨਿੱਝਰ ਦੀ ਹੱਤਿਆ ਦਾ ਮਾਮਲਾ ਰੱਖਿਆ ਸੀ ਤੇ ਉਦੋਂ ਮੋਦੀ ਨੇ ਕੈਨੇਡਾ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਤੋਂ ਬਾਜ਼ ਆਉਣ ਲਈ ਕਿਹਾ ਸੀ। ਇਉਂ ਮੋਦੀ ਤੇ ਟਰੂਡੋ ਦੀ ਇਹ ਮਿਲਣੀ ਤਣਾਅ ਭਰਪੂਰ ਮਹੌਲ ’ਚ ਹੀ ਹੋਈ ਸੀ ਤੇ ਮਗਰੋਂ ਟਰੂਡੋ ਦਾ ਜਹਾਜ਼ ਖਰਾਬ ਹੋਣ ਵੇਲੇ ਉਸ ਵੱਲੋਂ ਦਿਖਾਏ ਤੇਵਰ ਏਸੇ ਨਰਾਜ਼ਗੀ ਦਾ ਪ੍ਰਗਟਾਵਾ ਬਣੇ ਸਨ। ਇਸ ਚਰਚਾ ਦਾ ਅਰਥ ਇਹੀ ਬਣਦਾ ਹੈ ਕਿ ਮੋਦੀ ਵੱਲੋਂ ਚੱਕਵੀਂ ਰਾਸ਼ਟਰਵਾਦੀ ਸੁਰ ਦੀ ਤਿੱਖ ਟਰੂਡੋ ਤੇ ਬਾਇਡਨ ਨੂੰ ਨਾ-ਮਨਜ਼ੂਰ ਸੀ ਤੇ ਉਹਨਾਂ ਨੇ ਮੋਦੀ ਨੂੰ ਝਟਕਾ ਦੇਣ ਦਾ ਫੈਸਲਾ ਕਰ ਲਿਆ ਸੀ। ਇਸ ਝਟਕੇ ਦਾ ਤੱਤ ਇੱਕ ਵਾਰ ਝਟਕ ਕੇ ਥਾਂ ਸਿਰ ਰੱਖਣ ਦਾ ਹੀ ਹੈ।

ਇਉਂ, ਨਿੱਝਰ ਦੇ ਕਤਲ ਦੇ ਮਾਮਲੇ ’ਚ ਭਾਰਤੀ ਹਕੂਮਤ ’ਤੇ ਉਂਗਲ ਧਰਨ ’ਚ ਕੌਮਾਂਤਰੀ ਸਿਆਸਤ ਦਾ ਇਹ ਪ੍ਰਸੰਗ ਵੀ ਸ਼ਾਮਲ ਹੋ ਗਿਆ ਸੀ ਜਿਹੜਾ ਮੋਦੀ ਹਕੂਮਤ ਨੂੰ ‘ਸਿੱਧੇ ਹੋ ਕੇ ਚੱਲਣ’ ਲਈ ਕੀਤੀ ਗਈ ਸੁਣਾਉਣੀ ਬਣਦੀ ਸੀ ਤੇ ਆਪਣੇ ਵੱਡੇ ਦਾਅਵਿਆਂ ਨੂੰ ਕਾਬੂ ’ਚ ਰੱਖਣ ਦੀ ਚਿਤਾਵਨੀ ਵੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਮਰੀਕੀ ਰਜ਼ਾ ਤੋਂ ਬਾਹਰ ਜਾ ਕੇ ਦਿੱਤਾ ਗਿਆ ਨਹੀਂ ਸੀ ਸਗੋਂ ਇਸ ਵਿੱਚ ਅਮਰੀਕਾ ਸਮੇਤ ‘ਆਈ-5’ ਵਾਲੇ ਸਾਰੇ ਮੁਲਕਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦਾ ਰੋਲ ਸੀ। ਆਈ-5 ਗੱਠਜੋੜ ਪੰਜ ਮੁਲਕਾਂ ’ਚ ਇੰਟੈਲੀਜੈਂਸੀ ਵਾਲੀਆਂ ਜਾਣਕਾਰੀਆਂ ਸਾਂਝੀਆਂ ਕਰਨ ਦਾ ਗੱਠਜੋੜ ਹੈ ਜਿਸ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ। ਖਬਰਾਂ ਤੋਂ ਇਹ ਜ਼ਾਹਰ ਹੈ ਕਿ ਇਹਨਾਂ ਸਭਨਾਂ ਦੀ ਰਜ਼ਾ ਇਹ ਮੁੱਦਾ ਉਠਾਉਣ ’ਚ ਸ਼ਾਮਲ ਸੀ ਭਾਵ ਅਮਰੀਕਾ ਇਸ ਮਾਮਲੇ ’ਚ ਕੇਨੈਡਾ ਨਾਲ ਪੂਰੀ ਤਰ੍ਹਾਂ ਖੜ੍ਹਾ ਸੀ ਤੇ ਇਹ ਅਮਰੀਕਾ ਵੱਲੋਂ ਇਸ ਮਸਲੇ ’ਤੇ ਕੀਤੀ ਬਿਆਨਬਾਜ਼ੀ ’ਚੋਂ ਰੜਕਦੀਆਂ ਪੁਜੀਸ਼ਨਾਂ ’ਚੋਂ ਵੀ ਸਮਝਿਆ ਜਾ ਸਕਦਾ ਹੈ। ਇਉਂ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਤੇ ਕੈਨੇਡਾ ਨੇ ਇਸ ਮੌਕੇ ਨੂੰ ਭਾਰਤੀ ਹਾਕਮਾਂ ਦੀ ਹੈਸੀਅਤ ਯਾਦ ਕਰਵਾਉਣ ਲਈ ਵੀ ਵਰਤਿਆ ਹੈ ਤੇ ਇੱਕ ਤਰ੍ਹਾਂ ਨਾਲ ਦਬਾਅ ਪਾਉਣ ਰਾਹੀਂ ਉਹਨਾਂ ਨੇ ਲਾਈਨ ’ਚੋਂ ਪੈਰ ਜ਼ਰਾ ਵੀ ਬਾਹਰ ਨਾ ਧਰਨ ਦੀ ਸੁਣਾਉਣੀ ਕੀਤੀ ਹੈ। ਇਸ ਵਿੱਚ ਸਾਮਰਾਜੀ ਮੁਲਕਾਂ ਵੱਲੋਂ ਅਧੀਨ ਮੁਲਕਾਂ ਦੇ ਟੋਡੀ ਹਾਕਮਾਂ ਨੂੰ ਇਹ ਸੁਣਾਉਣੀ ਸ਼ਾਮਲ ਹੈ ਕਿ ਉਹ ਮੁਲਕ ਅੰਦਰਲੀ ਵੋਟ ਸਿਆਸਤ ਖਾਤਰ ਆਲੇ-ਦੁਆਲੇ ’ਚ ਥਾਪੀਆਂ ਮਾਰਨ ਦੇ ਦਿਖਾਵੇ ਆਵਦੇ ਵਰਗੇ ਮੁਲਕਾਂ ਨਾਲ ਹੀ ਕਰਨ, ਸਾਡੇ ਮੁਲਕਾਂ ’ਚ ਆ ਕੇ ਅਜਿਹੀਆਂ ਥਾਪੀਆਂ ਮਾਰਨ ਦੀ ਜੁਅਰਤ ਨਾ ਕਰਨ। ਪਹਿਲਾਂ ਤਿੱਖੀ ਬਿਆਨਬਾਜ਼ੀ ਕਰ ਰਹੀ ਮੋਦੀ ਸਰਕਾਰ ਨੇ ਜਾਹਰਾ ਤੌਰ ’ਤੇ ਇਹ ਦਬਾਅ ਮੰਨਿਆ ਵੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਬੂਤ ਮੁਹੱਈਆ ਕਰਵਾਉਣ ਦੀ ਸੂਰਤ ’ਚ ਸਹਿਯੋਗ ਕਰਨ ਦਾ ਭਰੋਸਾ ਦੇ ਕੇ ਪਹਿਲਾਂ ਵਾਲੀ ਪੁਜੀਸ਼ਨ ਤੋਂ ਪੈਰ ਪਿੱਛੇ ਖਿੱਚੇ ਹਨ ਤੇ ਮਗਰੋਂ ਭਾਰਤ ਸਰਕਾਰ ਨੇ ਚਾਰ ਵੰਨਗੀਆਂ ਨੂੰ ਵੀਜ਼ੇ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਤੇ ਇਉਂ ਭਾਰਤ ਸਰਕਾਰ ਪਹਿਲਾਂ ਬੜ੍ਹਕ ਮਾਰਨ ਵਾਲੀਆਂ ਆਪਣੀਆਂ ਪੁਜੀਸ਼ਨਾਂ ਤੋਂ ਪਿੱਛੇ ਹਟੀ ਹੈ। 

ਦੇਸ਼ਾਂ ਦੀ ਵੋਟ ਸਿਆਸਤ ਅੰਦਰ ਇਸਦਾ ਲਾਹਾ ਟਰੂਡੋ ਨਾਲੋਂ ਜ਼ਿਆਦਾ ਮੋਦੀ ਹਕੂਮਤ ਨੂੰ ਹੋਣਾ ਹੈ। ਉਸ ਵੱਲੋਂ ਖਾਲਿਸਤਾਨੀ ਤੇ ਸਿੱਖ ਬੁਨਿਆਦਪ੍ਰਸਤ ਹਿੱਸਿਆਂ ਨੂੰ ਵੱਡੇ ਖਤਰੇ ਵਜੋਂ ਪੇਸ਼ ਕਰਕੇ ਰਾਸ਼ਟਰੀ ਸੁਰੱਖਿਆ ਦਾ ਸਿਰਜਿਆ ਗਿਆ ਬਿਰਤਾਂਤ ਹੋਰ ਤਕੜਾ ਹੋਇਆ ਹੈ। ਪਾਕਿਸਤਾਨ ਅੰਦਰ ਪਰਮਜੀਤ ਪੰਜਵੜ ਦੀ ਹੱਤਿਆ ਤੇ ਇੰਗਲੈਂਡ ’ਚ ਹੀ ਅਜਿਹੇ ਕਤਲ ਨੂੰ ਭਾਰਤੀ ਏਜੰਸੀਆਂ ਦੇ ਕਾਰੇ ਵਜੋਂ ਦੇਖਿਆ ਜਾ ਰਿਹਾ ਹੈ। ਇਹਨਾਂ ’ਚ ਅਸਲ ਸੱਚਾਈ ਦਾ ਪਤਾ ਲਗਾਉਣਾ ਤਾਂ ਮੁਸ਼ਕਿਲ ਕਾਰਜ ਹੈ ਪਰ ਇਹ ਸਪੱਸ਼ਟ ਹੈ ਕਿ ਇਹਨਾਂ ਦਾ ਲਾਹਾ ਮੁਲਕ ਅੰਦਰ ਮੋਦੀ ਹਕੂਮਤ ਨੂੰ ਰਾਸ਼ਟਰਵਾਦੀ ਪੈਂਤੜੇ ਤੋਂ ਵੋਟਾਂ ਭੁਗਤਾਉਣ ਦੀ ਸ਼ਕਲ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਹੈ। 

ਅਮਰੀਕੀ ਸਾਮਰਾਜੀਆਂ ਨੇ ਆਪਣੀ ਪੁਜੀਸ਼ਨ ਰਾਹੀਂ ਇਹ ਵੀ ਦਿਖਾਇਆ ਹੈ ਕਿ ਚਾਹੇ ਉਸਨੂੰ ਦੱਖਣੀ ਏਸ਼ੀਆ ਅੰਦਰ ਯੁੱਧਨੀਤੀ ਤਹਿਤ ਚੀਨ ਦੀ ਘੇਰਾਬੰਦੀ ਲਈ ਭਾਰਤੀ ਰਾਜ ਦੀ ਜ਼ਰੂਰਤ ਹੈ ਤੇ ਇਹਦੇ ਲਈ ਉਹ ਮੋਦੀ ਸਰਕਾਰ ਨੂੰ ਆਪਣੀਆਂ ਲੋੜਾਂ ਪੁਗਾਉਣ ਦੀਆਂ ਕੁੱਝ ਨਾ ਕੁੱਝ ਗੁੰਜਾਇਸ਼ਾਂ ਵੀ ਦੇ ਸਕਦਾ ਹੈ ਤੇ ਕੁੱਝ ਮਾਮਲਿਆਂ ’ਚ ਉਸਨੇ ਇਹ ਗੁੰਜਾਇਸ਼ਾਂ ਦਿੱਤੀਆਂ ਵੀ ਹਨ ਪਰ ਇਹਨਾਂ ਦੀ ਹੱਦਬੰਦੀ ਵੀ ਅਮਰੀਕੀ ਹੱਥਾਂ ’ਚ ਹੈ ਤੇ ਜਦੋਂ ਜੀ-7 ਵਰਗੀਆਂ ਅਮਰੀਕੀ ਸਹਿਯੋਗੀ ਤਾਕਤਾਂ ਦਾ ਪ੍ਰਸੰਗ ਹੈ ਤਾਂ ਭਾਰਤ ਵਰਗੇ ਅਧੀਨ ਮੁਲਕਾਂ ਦੀਆਂ ਹਕੂਮਤਾਂ ਦੀ ਬਜਾਏ ਅਮਰੀਕੀ ਸਾਮਰਾਜੀਏ ਕੈਨੇਡਾ ਨਾਲ ਹਨ। ਇਸ ਖਿੱਤੇ ਅੰਦਰ ਆਪਣੀ ਲੋੜਾਂ ਅਨੁਸਾਰ ਸਾਮਰਾਜੀਏ ਭਾਰਤੀ ਹਾਕਮ ਜਮਾਤਾਂ ਦੇ ਪਸਾਰਵਾਦੀ ਮਨਸੂਬਿਆਂ ਨੂੰ ਫੂਕ ਛਕਾਉਂਦੇ ਹਨ ਤੇ ਸੰਸਾਰ ਦੀ ਉੱਭਰ ਰਹੀ ਤਾਕਤ ਦੇ ਰੁਤਬੇ ਨਾਲ ਨਿਵਾਜਦੇ ਹਨ ਪਰ ਜਦੋਂ ਮਾਮਲਾ ਅਮੀਰ ਮੁਲਕਾਂ ਨਾਲ ਟਕਰਾਅ ਦਾ ਹੈ ਤਾਂ ਇਹਨਾਂ ਦੇ ਸੰਸਾਰ ਤਾਕਤੀ ਦਾਅਵਿਆਂ ਦੀ ਫੂਕ ਕੱਢਣ ’ਚ ਦੇਰ ਨਹੀਂ ਲਾਉਂਦੇ।

ਅਮਰੀਕਨ ਸਾਮਰਾਜੀਆਂ ਦਾ ਖਾਲਸਤਾਨੀ ਲਹਿਰ ਪ੍ਰਤੀ ਨਰਮ ਗੋਸ਼ਾ ਲੁਕਿਆ ਹੋਇਆ ਨਹੀਂ ਹੈ। 80 ਵਿਆਂ ਦੀ ਖਾਲਸਤਾਨੀ ਲਹਿਰ ਦੇ ਦੌਰ ’ਚ ਤਾਂ ਅਮਰੀਕਨ ਸਾਮਰਾਜੀਏ  ਇਸਦੀ ਲੁਕਵੀਂ ਹਮਾਇਤ ਰਾਹੀਂ ਭਾਰਤੀ ਹਾਕਮਾਂ ਨਾਲ ਸੌਦੇਬਾਜ਼ੀਆਂ ’ਚ ਆਪਣੀ ਸ਼ਰਤਾਂ ਪੁਗਾਉਣ ’ਚ ਵਰਤਣ ਵਾਲੇ ਕਾਰਕ ਵਜੋਂ ਇਸਦਾ ਲਾਹਾ ਲੈਣ ਦੀਆਂ ਗੁੰਜਾਇਸ਼ਾਂ ਦੇਖਦੇ ਰਹੇ ਹਨ ਤੇ ਹੁਣ ਵੀ ਇਸ ਕਾਰਕ ਦੀ ਵਰਤੋਂ ਨੂੰ ਉਹ ਮੂਲੋਂ ਹੀ ਰੱਦ ਕਰਕੇ ਨਹੀਂ ਚੱਲਦੇ। ਇੱਕ ਹੱਦ ਤੱਕ ਹੁਣ ਵੀ ਇਹਦੀ ਲੋੜ ਅਨੁਸਾਰ ਵਰਤੋਂ ਦੀਆਂ ਗੁੰਜਾਇਸ਼ਾਂ ਰੱਖ ਕੇ ਚੱਲਦੇ ਹਨ।-0-      

ਪੰਜਾਬ ’ਚ ਕੰਮ ਦਿਹਾੜੀ ਦੇ ਘੰਟਿਆਂ ’ਚ ਵਾਧਾ:

 ਪੰਜਾਬ ’ਚ ਕੰਮ ਦਿਹਾੜੀ ਦੇ ਘੰਟਿਆਂ ’ਚ ਵਾਧਾ:

ਕਿਰਤੀਆਂ ਖ਼ਿਲਾਫ਼ ਸੇਧਤ ਕਦਮਾਂ ’ਤੇ ਸੂਬਾਈ-ਕੇਂਦਰੀ ਟਕਰਾਅ ਗਾਇਬ

ਪੰਜਾਬ ਸਰਕਾਰ ਨੇ ਕੇਂਦਰੀ ਹਕੂਮਤ ਵੱਲੋਂ ਲਿਆਂਦੇ ਕਿਰਤ ਕੋਡ ਲਾਗੂ ਕਰਨ ਦੇ ਕਦਮਾਂ ਵਜੋਂ ਕੰਮ ਦਿਹਾੜੀ ਦੇ ਘੰਟੇ 8 ਤੋਂ ਵਧਾ ਕੇ 12 ਕਰ ਦਿੱਤੇ ਹਨ। ਇਸਦਾ ਨੋਟੀਫਕੇਸ਼ਨ ਬਕਾਇਦਾ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਹਕੂਮਤ ਵੱਲੋਂ ਕਰੋਨਾ ਸੰਕਟ ਦੀ ਆੜ ’ਚ ਖੇਤੀ ਕਾਨੂੰਨਾਂ ਦੇ ਨਾਲ ਹੀ ਕਿਰਤੀਆਂ ਦੀ ਲੁੱਟ ਤਿੱਖੀ ਕਰਨ ਲਈ ਪਹਿਲੇ ਕਿਰਤ ਕਾਨੂੰਨਾਂ ਨੂੰ ਬਦਲ ਕੇ ਨਵੇਂ ਕਿਰਤ ਕੋਡ ਲਿਆਂਦੇ ਗਏ ਸਨ ਜਿੰਨ੍ਹਾਂ ਨੂੰ ਕੇਂਦਰੀ ਪੱਧਰ ਤੋਂ ਅੱਗੇ ਹੁਣ ਸੂਬਾਈ ਪੱਧਰ ’ਤੇ ਵੀ ਲਾਗੂ ਕਰਨ ਦਾ ਅਮਲ ਚੱਲਿਆ ਹੋਇਆ ਹੈ। ਇਹ ਲੇਬਰ ਕੋਡ ਪਹਿਲੇ ਕਿਰਤ ਕਾਨੂੰਨਾਂ ’ਚ ਮਜ਼ਦੂਰ ਜਮਾਤ ਵੱਲੋਂ ਜਿੱਤੇ ਹੋਏ ਕਈ ਤਰ੍ਹਾਂ ਦੇ ਹੱਕਾਂ ਨੂੰ ਛਾਂਗ ਕੇ, ਮਜ਼ਦੂਰਾਂ ਦੀ ਕਿਰਤ ਸ਼ਕਤੀ ਨੂੰ ਕਾਰਪੋਰੇਟ ਜਗਤ ਦੀ ਲੁੱਟ ਵਾਸਤੇ ਵਧੇਰੇ ਚੰਗੀ ਤਰ੍ਹਾਂ ਪਰੋਸਣ ਲਈ ਲਿਆਂਦੇ ਗਏ ਸਨ। ਇਹ ਸਾਮਰਾਜੀ ਪੂੰਜੀ ਵੱਲੋਂ ਵਿੱਢੇ ਸੰਸਾਰ ਮਜ਼ਦੂਰ ਜਮਾਤ ’ਤੇ ਬੇਕਿਰਕ ਧਾਵੇ ਦਾ ਹੀ ਅੰਗ ਹਨ ਜਿਹੜੇ ਸਾਡੇ ਮੁਲਕ ਨੂੰ ਦੇਸ਼ੀ-ਵਿਦੇਸ਼ੀ ਬਹੁ-ਕੌਮੀ ਕੰਪਨੀਆਂ ਲਈ ਕਾਰੋਬਾਰਾਂ ਖਾਤਰ ਲੁਭਾਉਣੀ ਥਾਂ ਵਜੋਂ ਪੇਸ਼ ਕਰਨ ਦਾ ਇੱਕ ਅਹਿਮ ਕਦਮ ਸਨ। ਇਹਨਾਂ ਲੇਬਰ ਕੋਡਾਂ ’ਚ ਇੱਕ ਅਹਿਮ ਹਮਲਾ ਕਿਰਤੀਆਂ ਦੀ ਕੰਮ ਦਿਹਾੜੀ ਦੇ ਘੰਟੇ ਵਧਾਉਣ ਦਾ ਸੀ। 

ਪੰਜਾਬ ਦੀ ਆਪ ਸਰਕਾਰ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਕੇਂਦਰੀ ਹਕੂਮਤ ਦੇ ਇਹਨਾਂ ਕਦਮਾਂ ਨੂੰ ਲਾਗੂ ਕਰਨ ਦਾ ਅਮਲ ਦਰਸਾਉਂਦਾ ਹੈ ਕਿ ਇਹ ਸਰਕਾਰ ਪੂਰੀ ਤਰ੍ਹਾਂ ਨਵੀਆਂ ਆਰਥਿਕ ਨੀਤੀਆਂ ਦੇ ਚੌਖਟੇ ਨਾਲ ਨਾ ਸਿਰਫ ਇੱਕਮੱਤ ਹੈ ਸਗੋਂ ਕਾਰਪੋਰੇਟ ਜਗਤ ਪ੍ਰਤੀ ਵਫ਼ਾਦਾਰੀ ਸਾਬਤ ਕਰਨ ਲਈ ਮੋਦੀ ਸਰਕਾਰ ਤੋਂ ਅੱਗੇ ਜਾਣਾ ਚਾਹੁੰਦੀ ਹੈ। ਇਹ ਕਿਰਤ ਕੋਡ ਕੇਂਦਰੀ ਕਾਨੂੰਨਾਂ ਦੀ ਮਜ਼ਬੂਰੀ ਵਜੋਂ ਲਾਗੂ ਨਹੀਂ ਕੀਤੇ ਜਾ ਰਹੇ ਸਗੋਂ ਖੁਦ ਆਪ ਸਰਕਾਰ ਦੀ ਆਪਣੀ ਨੀਤੀ ਪੰਜਾਬ ਨੂੰ ਦੇਸ਼ ਅੰਦਰ ਕਾਰਪੋਰੇਟ ਪੂੰਜੀ ਦੇ ਕਾਰੋਬਾਰਾਂ ਲਈ ਸਭ ਤੋਂ ਮੋਹਰੀ ਸੂਬੇ ਵਜੋਂ ਪੇਸ਼ ਕਰਨ ਦੀ ਹੈ ਜਿਸ ਖਾਤਰ ਬੇਹੱਦ ਸਸਤੀ ਕਿਰਤ ਸ਼ਕਤੀ ਇੱਕ ਅਹਿਮ ਸ਼ਰਤ ਹੈ। ਮਾਨ ਸਰਕਾਰ ਨੇ ਕੰਮ ਦੇ ਘੰਟੇ ਵਧਾ ਕੇ ਇੱਕ ਅਹਿਮ ਸ਼ਰਤ ਪੂਰੀ ਕੀਤੀ ਹੈ। ਸਰਕਾਰ ਬਣਨ ਤੋਂ ਇੱਕਦਮ ਬਾਅਦ ਭਗਵੰਤ ਮਾਨ ਨੇ ਵਿਦੇਸ਼ਾਂ ਦਾ ਦੌਰਾ ਕਰਕੇ ਸਾਮਰਾਜੀ ਪੂੰਜੀ ਨੂੰ ਪੰਜਾਬ ’ਚ ਆਉਣ ਦੇ ਨਿਉਂਤੇ ਦਿੱਤੇ ਸਨ ਤੇ ਇਹਦੇ ਲਈ ਹਰ ਤਰ੍ਹਾਂ ਦੀਆਂ ਰੋਕਾਂ-ਟੋਕਾਂ ਖਤਮ ਕਰਨ ਦੇ ਭਰੋਸੇ ਦਿੱਤੇ ਸਨ। ਸਾਮਰਾਜੀ ਪੂੰਜੀ ਲਈ ਕਾਰੋਬਾਰੀ ਮਾਹੌਲ ਸਿਰਜਣ ਦਾ ਅਰਥ ਇਹੋ ਸੀ ਕਿ ਸੂਬੇ ਦੀਆਂ ਜ਼ਮੀਨਾਂ, ਪਾਣੀ ਤੇ ਹਰ ਤਰ੍ਹਾਂ ਦੇ ਕੁਦਰਤੀ ਸਰੋਤ ਮੁਹੱਈਆ ਕਰਵਾਉਣ ਤੋਂ ਲੈ ਕੇ ਸਸਤੀ ਕਿਰਤ ਸ਼ਕਤੀ ਤੱਕ ਪੇਸ਼ ਕਰਨ ਦੇ ਵਾਅਦੇ ਸ਼ਾਮਲ ਸਨ। ਇਹਦਾ ਭਾਵ ਕੌਮੀ ਪੱਧਰ ਤੋਂ ਲਾਗੂ ਹੋ ਰਹੇ ਅਖੌਤੀ ਆਰਥਿਕ ਸੁਧਾਰਾਂ ਨੂੰ ਸੂਬੇ ’ਚ ਹੋਰ ਵਧੇਰੇ ਪਹਿਲਕਦਮੀ ਲੈ ਕੇ ਲਾਗੂ ਕਰਨਾ ਸੀ। ਕਿਰਤੀਆਂ ਦੇ ਕੰਮ ਘੰਟੇ ਵਧਾਉਣ ਦਾ ਇਹ ਕਦਮ ਕੇਂਦਰੀ ਲੇਬਰ ਕੋਡ ਲਾਗੂ ਕਰਨ ਦੀ ਮਜ਼ਬੂਰੀ ’ਚੋਂ ਨਹੀਂ ਉਪਜਿਆ ਸਗੋਂ ਕਾਰਪੋਰੇਟ ਪੂੰਜੀ ਦੇ ਸਵਾਗਤ ਲਈ ਪਹਿਲਕਦਮੀ ’ਚੋਂ ਨਿੱਕਲਿਆ ਹੈ। ਇਸ ਲਈ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਮਾਨ ਸਰਕਾਰ ਦੇ ਰਾਜਪਾਲ ਨਾਲ ਪੈ ਰਹੇ ਰੱਟਿਆਂ ’ਚੋਂ ਲੋਕ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਕਦਮ ਰੱਟਿਆਂ ਦਾ ਨੁਕਤਾ ਨਹੀਂ ਬਣ ਰਹੇ ਸਗੋਂ ਉਹਨਾਂ ਸਾਰੇ ਕਦਮਾਂ ’ ਤੇ ਸਹਿਮਤੀ ਪ੍ਰਗਟ ਹੁੰਦੀ ਹੈ। ਸੂਬੇ ਅੰਦਰ ਐਨ.ਆਈ.ਏ. ਦੀਆਂ ਕਾਰਵਾਈਆਂ ਤੋਂ ਲੈ ਕੇ ਕਿਰਤ ਕੋਡ ਲਾਗੂ ਕਰਨ ਦੇ ਕਦਮਾਂ ਦੀ ਪੂਰੀ ਲੰਮੀ ਲੜੀ ਬਣਦੀ ਹੈ ਜਿਨ੍ਹਾਂ ’ਤੇ ਕੇਂਦਰ ਸਰਕਾਰ ਨਾਲ ਕੋਈ ਵਖਰੇਵਾਂ ਨਹੀਂ ਹੈ, ਕੋਈ ਰੱਟੇ ਦਾ ਮਸਲਾ ਨਹੀਂ ਹੈ, ਸਗੋਂ ਸਭ ਕੁੱਝ ਇੱਕੋ ਲਾਈਨ ’ਚ ਹੈ। ਇਹ ਹਾਲਤ ਇਹ ਵੀ ਦਰਸਾਉਂਦੀ ਹੈ ਕਿ ਮੁਲਕ ਅੰਦਰ ਸੂਬਿਆਂ ਤੇ ਕੇਂਦਰ ਦੇ ਟਕਰਾਵਾਂ ਦਾ ਨੁਕਤਾ ਆਮ ਕਰਕੇ ਦੋਮ ਦਰਜੇ ਦੀ ਮਹੱਤਤਾ ਵਾਲੇ ਮੁੱਦੇ ਬਣਦੇ ਹਨ ਜਾਂ ਫਿਰ ਸ਼ਕਤੀਆਂ ਦੀ ਵੰਡ ਦੇ ਰੱਟੇ ਹੁੰਦੇ ਹਨ। ਸ਼ਕਤੀਆਂ ਦੀ ਵਰਤੋਂ ਆਮ ਕਰਕੇ ਲੋਕਾਂ ਖ਼ਿਲਾਫ਼ ਸੇਧੀ ਹੋਣ ਕਰਕੇ ਇਹਨਾਂ ਰੱਟਿਆਂ ’ਚ ਲੋਕ ਸਰੋਕਾਰ ਮਨਫ਼ੀ ਰਹਿੰਦਾ ਹੈ। ਤਾਜ਼ਾ ਪ੍ਰਸੰਗ ’ਚ ਕਿਰਤ ਕੋਡ ਲਾਗੂ ਕਰਨ ਵੇਲੇ ਕੇਂਦਰ ਨਾਲ ਕੋਈ ਵਖਰੇਵਾਂ ਜ਼ਾਹਰ ਨਹੀਂ ਹੋਇਆ। ਕਈ ਸੂਬੇ ਕੰਮ ਦੇ ਘੰਟੇ ਵਧਾਉਣ ਦੀਆਂ ਤਬਦੀਲੀਆਂ ਕਰ ਚੁੱਕੇ ਹਨ ਜਿਨ੍ਹਾਂ ’ਚ ਭਾਜਪਾ, ਕਾਂਗਰਸ ਤੇ ਹੋਰਨਾਂ ਪਾਰਟੀਆਂ ਦੇ ਰਾਜ ਵਾਲੇ ਸੂਬੇ ਸ਼ਾਮਲ ਹਨ। 

ਪੰਜਾਬ ਅੰਦਰ ਕਿਰਤ ਕੋਡ ਲਾਗੂ ਕਰਨ ਵੇਲੇ ਰਸਮੀ ਵਿਰੋਧ ਦੀ ਹਾਜ਼ਰੀ ਲਗਾਉਣ ਦੀ ਸਰਗਰਮੀ ਤੋਂ ਜ਼ਿਆਦਾ ਕੁੱਝ ਉੱਭਰ ਕੇ ਸਾਹਮਣੇ ਨਹੀਂ ਆਇਆ। ਇਹ ਸੂਬੇ ਦੀ ਮਜ਼ਦੂਰ ਜਮਾਤ ਲਹਿਰ ਦੀ ਬਹੁਤ ਹੀ ਕਮਜ਼ੋਰੀ ਭਰੀ ਹਾਲਤ ਦਾ ਪ੍ਰਗਟਾਵਾ ਹੈ। ਕੰਮ ਦਿਹਾੜੀ ਦੇ ਘੰਟਿਆਂ ਦਾ ਮਸਲਾ ਕਿਸੇ ਉਜ਼ਰਤ ਦੇ ਵਾਧੇ ਘਾਟੇ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਰਿਆਇਤਾਂ/ਸਹੂਲਤਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੈ। ਅੱਠ ਘੰਟੇ ਦੀ ਕੰਮ ਦਿਹਾੜੀ ਦਾ ਹੱਕ ਸੰਸਾਰ ਮਜ਼ਦੂਰ ਜਮਾਤ ਲਹਿਰ ਦੀਆਂ ਵੱਡੀਆਂ ਜੱਦੋਜਹਿਦਾਂ ਰਾਹੀਂ ਹਾਸਲ ਕੀਤਾ ਗਿਆ ਸੀ ਤੇ ਮੁਲਕ ਦੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਮਗਰੋਂ ਏਥੇ ਅਪਣਾਇਆ ਗਿਆ ਸੀ। ਇਸ ਹੱਕ ਦਾ ਖੁਰਨਾ ਮਜ਼ਦੂਰ ਜਮਾਤ ’ਤੇ ਹੋਰ ਹੋ ਰਹੇ ਹੱਲਿਆਂ ਵਰਗਾ ਮੁੱਦਾ ਨਹੀਂ ਹੈ, ਸਗੋਂ ਬੁਨਿਆਦੀ ਹੱਕ ’ਤੇ ਹਮਲਾ ਹੈ। ਪਰ ਮਜ਼ਦੂਰ ਹੱਕਾਂ ਦੀ ਸੋਝੀ ਪੱਖੋਂ ਤੇ ਮਜ਼ਦੂਰ ਲਹਿਰ ਦੇ ਪੱਧਰ ਪੱਖੋਂ ਹਾਲਤ ਬਹੁਤ ਪਛੜੀ ਖੜ੍ਹੀ ਹੈ। ਵਿਆਪਕ ਬੇ-ਰੁਜ਼ਗਾਰੀ, ਕੰਮ ਦੇ ਘਟ ਰਹੇ ਮੌਕਿਆਂ ਨੇ ਮਜ਼ਦੂਰਾਂ ਨੂੰ ਔਖੀਆਂ ਕੰਮ ਹਾਲਤਾਂ ਬਰਦਾਸ਼ਤ ਕਰਨ ਲਈ ਮਜ਼ਬੂਰ ਕੀਤਾ ਹੋਇਆ ਹੈ। ਜਿਹੋ ਜਿਹਾ ਵੀ ਕੰਮ ਮਿਲਦਾ ਹੈ, ਉਹੋ ਮਨਜ਼ੂਰ ਕਰਨ ਦੀ ਮਜ਼ਬੂਰੀ ਜ਼ਾਹਰ ਹੋ ਰਹੀ ਹੈ। ਮੁਲਕ ਪੱਧਰ ’ਤੇ ਹੀ ਮਜ਼ਦੂਰ ਲਹਿਰ ਦੀ ਕਮਜ਼ੋਰੀ ਤਿੱਖੀ ਤਰ੍ਹਾਂ ਜ਼ਾਹਰ ਹੋ ਰਹੀ ਹੈ। ਨਵੇਂ ਕਿਰਤ ਕੋਡਾਂ ਖ਼ਿਲਾਫ਼ ਮੁਲਕ ਭਰ ’ਚ ਮਜ਼ਦੂਰ ਜਮਾਤ ਕੋਈ ਅਸਰਦਾਰ ਵਿਰੋਧ ਲਹਿਰ ਨਹੀਂ ਉਸਾਰ ਸਕੀ ਤੇ ਹੁਣ ਇਹਨਾਂ ਦੇ ਲਾਗੂ ਹੋਣ ਦੇ ਅਮਲ ਦੌਰਾਨ ਵੀ ਜ਼ੋਰਦਾਰ ਵਿਰੋਧ ਸਰਗਰਮੀ ਦਿਖਾਈ ਨਹੀਂ ਦੇ ਰਹੀ। ਇਸ ਹਾਲਤ ਦਾ ਇੱਕ ਸੰਬੰਧ ਤਾਂ ਮਜ਼ਦੂਰ ਲਹਿਰ ’ਤੇ ਕਾਬਜ਼ ਸੋਧਵਾਦੀ, ਸੁਧਾਰਵਾਦੀ ਤੇ ਹਾਕਮ ਜਮਾਤੀ ਸਿਆਸਤ ਵਾਲੀਆਂ ਲੀਡਰਸ਼ਿਪਾਂ ਦਾ ਗਲਬਾ ਹੈ ਜਿਹੜਾ ਮਜ਼ਦੂਰ ਜਮਾਤ ਦੇ ਸੰਘਰਸ਼ ਫੁਟਾਰਿਆਂ ਨੂੰ ਮੂੰਹਾਂ ਦੇਣ ’ਚ ਰੁਕਾਵਟ ਬਣਿਆ ਹੋਇਆ ਹੈ। 

ਇਸ ਦੌਰ ’ਚ ਜ਼ਰੂਰਤ ਹੈ ਕਿ ਇਨਕਲਾਬੀ ਸ਼ਕਤੀਆਂ ਮਜ਼ਦੂਰਾਂ ਨੂੰ ਇਹਨਾਂ ਹੱਲਿਆਂ ਖ਼ਿਲਾਫ਼ ਜਾਗਿ੍ਰਤ ਕਰਨ ਤੇ ਜਥੇਬੰਦ ਕਰਨ ਲਈ ਕੋਸ਼ਿਸ਼ਾਂ ਨੂੰ ਇਕਾਗਰ ਕਰਨ। ਫੌਰੀ ਹੱਲੇ ਦੇ ਪ੍ਰਸੰਗ ’ਚ ਮਜ਼ਦੂਰਾਂ ਅੰਦਰ ਕੰਮ ਦਿਹਾੜੀ ਦੇ ਘੰਟੇ ਵਧਾਉਣ ਦੇ ਕਦਮਾਂ ਨੂੰ ਰੱਦ ਕਰਨ ਦੀ ਮੰਗ ਦੁਆਲੇ ਲਾਮਬੰਦੀ ਕਰਨ ਦੀ ਲੋੜ ਹੈ ਜਿਸ ਨਾਲ ਜੁੜਦੀਆਂ ਹੋਰਨਾਂ ਮੰਗਾਂ ਜਿਵੇਂ ਸਭਨਾਂ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ, ਠੇਕੇਦਾਰੀ ਸਿਸਟਮ ਰੱਦ ਕਰਨ, ਘੱਟੋ-ਘੱਟ ਉਜਰਤਾਂ ’ਚ ਚੰਗੇ ਜੀਵਨ ਮਿਆਰਾਂ ਅਨੁਸਾਰ ਵਾਧਾ ਕਰਨ, ਸਿੱਖਿਆ ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਉਣ, ਟਰੇਡ ਯੂਨੀਅਨ ਹੱਕ ਲੈਣ, ਲੋਕ ਪੱਖੀ ਸਨਅਤੀ ਨੀਤੀ ਬਣਾਉਣ, ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਰੱਦ ਕਰਨ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਕਦਮ ਵਾਪਸ ਲੈਣ ਵਰਗੇ ਮੁੱਦਿਆਂ ਦੇ ਪ੍ਰਚਾਰ-ਪਸਾਰ ਲਈ ਜ਼ੋਰਦਾਰ ਯਤਨ ਕਰਨੇ ਚਾਹੀਦੇ ਹਨ।