ਨੱਕੋਂ ਬੁੱਲ੍ਹੋਂ ਲਹਿ ਰਹੀ ਭਾਜਪਾ ਹਕੂਮਤ:
ਇਨਕਲਾਬੀ ਬਦਲ ਉਭਾਰਨ ਲਈ ਤਾਣ ਜੁਟਾਓ
ਭਾਜਪਾ ਦੀ ਕੇਂਦਰੀ ਹਕੂਮਤ ਖਿਲਾਫ਼ ਮੁਲਕ ਭਰ ’ਚ ਲੋਕਾਂ ਦੇ ਰੋਹ ਦੇ ਝਲਕਾਰੇ ਆਮ ਦੇਖੇ ਜਾ ਸਕਦੇ ਹਨ। ਆਪਣੇ
ਸਾਢੇ ਚਾਰ ਸਾਲਾਂ ਦੇ ਰਾਜ ’ਚ ਭਾਜਪਾ ਹੁਣ ਲੋਕਾਂ ਦੇ ਨੱਕੋਂ ਬੁੱਲ੍ਹੋਂ ਬੁਰੀ ਤਰ੍ਹਾਂ
ਲਹਿ ਚੁੱਕੀ ਹੈ। ਮੋਦੀ ਦੀ ਹਰਮਨ ਪਿਆਰਤਾ ਦਾ ਮੀਡੀਆ ਦੁਆਰਾ ਸਿਰਜਿਆ ਗਿਆ ਦੰਭ ਉਜਾਗਰ ਹੋ ਚੁੱਕਾ ਹੈ ਤੇ ਲੋਕਾਂ
ਦਾ ਅਕੇਵਾਂ ਵੱਖ-ਵੱਖ ਸ਼ਕਲਾਂ ਰਾਹੀਂ
ਜ਼ਾਹਰ ਹੋ ਰਿਹਾ ਹੈ। ਇਹ ਸਭ ਕੁੱਝ ਇਸਦੇ ਬਾਵਜੂਦ ਹੋ ਰਿਹਾ ਹੈ ਕਿ ਭਾਜਪਾ
ਨੇ ਫਿਰਕੂ ਫਾਸ਼ੀ ਲਾਮਬੰਦੀਆਂ ਨੂੰ ਬਹੁਤ ਹੀ ਅਹਿਮ ਹਥਿਆਰ ਵਜੋਂ ਵਰਤਿਆ ਹੈ। ਲੋਕਾਂ ਦਾ ਧਿਆਨ ਹਕੀਕੀ ਜਮਾਤੀ ਮੁੱਦਿਆਂ ਤੋਂ ਲਾਂਭੇ ਰੱਖਣ, ਜਮਾਤੀ ਏਕਤਾ ’ਚ ਪਾਟਕ ਪਾ ਕੇ ਲੋਕਾਂ ਦੀ ਟਾਕਰਾ ਸ਼ਕਤੀ ਨੂੰ ਨਿੱਸਲ ਕਰਨ ਤੇ ਵੋਟ ਬੈਂਕ ਨੂੰ ਪੱਕੇ ਪੈਰੀਂ
ਕਰਨ ਦੇ ਮਨਸੂਬਿਆਂ ਦੀ ਪੂਰਤੀ ਲਈ ਭਾਜਪਾ ਨੇ ਮੁਲਕ ਭਰ ’ਚ ਫਿਰਕੂ ਲਾਮਬੰਦੀਆਂ ਕੀਤੀਆਂ
ਹਨ। ਰਾਸ਼ਟਰਵਾਦ ਦੇ ਨਾਅਰਿਆਂ ਦੀ ਰੱਜ ਕੇ ਵਰਤੋਂ ਕੀਤੀ ਹੈ ਪਰ ਲੋਕਾਂ ਦੇ ਜਮਾਤੀ ਹਿਤਾਂ ਦਾ ਜ਼ੋਰ
ਹੈ ਕਿ ਇਹਨਾਂ ਨਾਅਰਿਆਂ ਦੀ ਭਟਕਾਊ ਅਸਰਕਾਰੀ ਸੀਮਤ ਹੋ ਗਈ ਹੈ ਤੇ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਹਕੀਕੀ
ਦੁਸ਼ਵਾਰੀਆਂ ਦਾ ਸੱਚ ਆਪਣੇ ਜ਼ੋਰ ’ਤੇ ਮੂਹਰੇ ਆ ਰਿਹਾ ਹੈ।
ਮੁਲਕ ਦੀ ਆਰਥਿਕਤਾ ਦਾ ਬੈਠ ਰਿਹਾ ਬੇੜਾ ਤੇ ਇਸਦਾ ਲੋਕਾਂ ਸਿਰ ਪਾਇਆ
ਜਾ ਰਿਹਾ ਭਾਰ ਅਜਿਹੀ ਹਕੀਕਤ ਹੈ ਜੋ ਭਾਜਪਾ ਦੇ ਭਰਮਾਊ ਭਟਕਾਊ ਨਾਅਰਿਆਂ ਤੇ ਲਾਮਬੰਦੀਆਂ ਦੇ ਬਾਵਜੂਦ
ਲੋਕਾਂ ਦੇ ਮੱਥੇ ’ਚ ਵੱਜ ਰਹੀ ਹੈ ਤੇ ਹੁਣ ਮੁਲਕ ਦੀ ਸਿਆਸੀ ਹਾਲਤ ’ਚ ਆਪਣਾ ਅਸਰ ਦਿਖਾ ਰਹੀ ਹੈ।
ਮੁਲਕ ਦੀ ਆਰਥਿਕਤਾ ਲਗਾਤਾਰ ਮੰਦਵਾੜੇ ਦੀ ਮਾਰ ’ਚ ਹੈ। ਤੇ ਇਹ ਸੰਕਟ ਆਏ ਦਿਨ ਹੋਰ ਗਹਿਰਾ ਹੋ ਰਿਹਾ ਹੈ। ਏਸ
ਹਾਲਤ ’ਚ ਸਾਮਰਾਜੀਆਂ ਤੇ ਦੇਸੀ ਲੁਟੇਰੀਆਂ ਗਿਰਝਾਂ ਦੇ ਮੁਨਾਫਿਆਂ ਦੀ ਦਰ
ਬਰਕਰਾਰ ਰੱਖਣ ਲਈ ਸਾਰਾ ਭਾਰ ਕਿਰਤੀ ਲੋਕਾਂ ’ਤੇ ਸੁੱਟਿਆ ਜਾ ਰਿਹਾ ਹੈ। ਮੋਦੀ ਹਕੂਮਤ ਨੇ ਪੂਰੇ ਧੜੱਲੇ ਨਾਲ ਆਰਥਿਕ ਸੁਧਾਰਾਂ ਦੇ ਕਦਮ ਅੱਗੇ ਵਧਾਏ ਹਨ। ਲੁਟੇਰੀਆਂ ਜਮਾਤਾਂ ਦੀ ਸੇਵਾ ’ਚ ਖਾਸ ਕਰਕੇ ਕਾਰਪੋਰੇਟ ਜਗਤ ਦੇ ਹਿਤਾਂ ਲਈ ਜੀ. ਐਸ. ਟੀ. ਤੇ ਨੋਟਬੰਦੀ ਵਰਗੇ ਵੱਡੇ ਕਦਮ ਚੁੱਕੇ ਹਨ। ਇਹਨਾਂ
ਦੀ ਛੋਟੇ ਕਾਰੋਬਾਰਾਂ ਤੇ ਕਿਰਤੀ ਜਨਤਾ ਉੱਤੇ ਵੱਡੀ ਮਾਰ ਪਈ ਹੈ। ਹਰ
ਤਰ੍ਹਾਂ ਦੇ ਛੋਟੇ ਕਾਰੋਬਾਰ ਬੁਰੀ ਤਰ੍ਹਾਂ ਮੰਦਵਾੜੇ ਦਾ ਸ਼ਿਕਾਰ ਹਨ। ਕਿਰਤੀ
ਲੋਕਾਂ ਦੀ ਖਰੀਦ ਸ਼ਕਤੀ ਬੁਰੀ ਤਰ੍ਹਾਂ ਸੁੰਗੜੀ ਹੋਈ ਹੈ ਤੇ ਉਹਨਾਂ ਆਸਰੇ ਚਲਦੀ ਮੰਡੀ ਦਾ ਇੱਕ ਖੇਤਰ
ਲਗਭਗ ਤਬਾਹੀ ਦੇ ਕੰਢੇ ਹੈ। ਆਰਥਿਕਤਾ ਦੀ ਹਾਲਤ ਦੇ ਇੱਕ ਸੂਚਕ ਵਜੋਂ ਰੁਪਏ ਦੀ ਕੀਮਤ ਦਾ ਲਗਾਤਾਰ ਘਟਣਾ ਭਾਰਤੀ ਆਰਥਿਕਤਾ
ਦੀ ਤਸਵੀਰ ਦੱਸਦਾ ਹੈ। ਬਜਟ ਵਿੱਤੀ ਘਾਟਾ ਲਗਾਤਾਰ ਵਧ ਰਿਹਾ ਹੈ। ਭਾਰਤੀ ਹਾਕਮਾਂ ਦੀਆਂ ਵਿਦੇਸ਼ੀ ਪੂੰਜੀ ਰਾਹੀਂ ਵਿਕਾਸ
ਕਰਨ ਦੀਆਂ ਡੀਂਗਾਂ ਦੀ ਫੂਕ ਫਿਰ ਨਿਕਲ ਰਹੀ ਹੈ ਜਦੋਂ ਵਿਦੇਸ਼ੀ ਪੂੰਜੀ ਦੇਸ਼ ’ਚੋਂ ਫੁਰਰ ਉਡਾਰੀ ਮਾਰ ਰਹੀ ਹੈ। ਭਾਰਤੀ ਹਾਕਮਾਂ ਦੀ ਹਾਲਤ ਅਜਿਹੀ ਹੈ ਜਦੋਂ ਸੰਸਾਰ ਭਰ
’ਚ ‘ਸਰੁੱਖਿਆਵਾਦ’ ਦੀਆਂ ਗੱਲਾਂ ਹੋ ਰਹੀਆਂ
ਹਨ, ਸੰਸਾਰ ਵਪਾਰ ਸੰਸਥਾ ਦੀਆਂ ਨੀਤੀਆਂ ’ਤੇ ਸਾਮਰਾਜੀ ਤੇ ਵਿਕਸਿਤ ਪੂੰਜੀਵਾਦੀ ਮੁਲਕਾਂ ’ਚੋਂ ਹੀ ਸਵਾਲ ਉੱਠ ਰਹੇ ਹਨ ਤਾਂ
ਭਾਰਤੀ ਹਾਕਮ ਅਜੇ ਵੀ ਸਾਮਰਾਜੀ ਸੰਸਾਰੀਕਰਨ ਨੂੰ ਮੁਲਕ ਦੀ ਆਰਥਿਕ ਹਾਲਤ ’ਚ ਸੁਧਾਰ ਦੇ ਨੁਸਖਿਆਂ ਵਜੋਂ ਪ੍ਰਚਾਰ ਰਹੇ ਹਨ, ਜਦਕਿ ਆਰਥਿਕਤਾ ਦਾ ਬੇੜਾ ਬਿਠਾਉਣ ’ਚ ਇੱਕ ਅਹਿਮ ਕਾਰਨ ਸਾਮਰਾਜੀ ਕੰਪਨੀਆਂ ਦੇ ਹਿਤਾਂ ਦੀ ਪੂਰਤੀ ਲਈ ਲਾਗੂ ਕੀਤੀਆਂ ਮੁਕਤ ਵਪਾਰ
ਨੀਤੀਆਂ ਹੀ ਹਨ।
ਪੈਟਰੋਲ ਕੀਮਤਾਂ ਦੇ ਬੇਥਾਹ ਵਾਧੇ ਨੇ ਲੋਕਾਈ ਨੂੰ ਝੰਬ ਸੁੱਟਿਆ ਹੈ, ਪਰ ਹਕੂਮਤ ਟੈਕਸਾਂ ’ਚ ਕਟੌਤੀ ਕਰਕੇ ਰਾਹਤ ਦੇਣ ਨੂੰ ਤਿਆਰ ਨਹੀਂ ਹੈ। ਬੇ-ਰੁਜ਼ਗਾਰੀ ਦੀ ਦਰ ਲਗਾਤਾਰ ਵਧ ਰਹੀ ਹੈ ਪਰ ਹਕੂਮਤ
ਕਿਰਤ ਕਨੂੰਨਾਂ ’ਚ ਸਰਮਾਏਦਾਰਾਂ ਪੱਖੀ ‘ਸੁਧਾਰ’ ਕਰ ਰਹੀ ਹੈ। ਆਮ ਵਸਤਾਂ ਦੀ ਮਹਿੰਗਾਈ ਹੱਦਾਂ ਟੱਪ ਰਹੀ ਹੈ। ਮੋਦੀ ਹਕੂਮਤ ਨੇ ਸਾਮਰਾਜੀਆਂ ਤੇ ਉਹਨਾਂ ਦੇ ਭਾਰਤੀ ਜੋਟੀਦਾਰਾਂ ਦੀ ਸੇਵਾ ’ਚ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਹਥਿਆ ਕੇ ਵੱਡੇ ਸਨਅਤੀ ਗਲਿਆਰੇ ਉਸਾਰਨ ਦੀਆਂ ਵਿਉਂਤਾਂ
ਗੁੰਦੀਆਂ ਹਨ। ਪਹਿਲਾਂ ਹੀ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਵੱਖ-ਵੱਖ ਸਰਕਾਰਾਂ ਵੱਲੋਂ ਕੀਤੇ ਸਮਝੌਤਿਆਂ ਤਹਿਤ ਉਹਨਾਂ ਨੂੰ ਜੰਗਲਾਂ ਦੇ ਖਣਿਜ
ਲੁਟਾਉਣ ਲਈ ਉਥੋਂ ਦੇ ਬਾਸ਼ਿੰਦਿਆਂ ’ਤੇ ਫੌਜਾਂ ਚਾੜ੍ਹੀਆਂ ਹਨ ਬੈਂਕਾਂ
ਦੇ ਐਨ. ਪੀ. ਏ. ਦਾ ਆਕਾਰ ਲਗਾਤਾਰ ਵਧ ਰਿਹਾ ਹੈ ਤੇ ਵੱਡੇ ਵਪਾਰੀ ਕਰਜੇ ਮੋੜਨ
ਤੋਂ ਇਨਕਾਰੀ ਹਨ। ਬੈਂਕਾਂ ਡੁੱਬਣ ਕਿਨਾਰੇ ਪਹੁੰਚ ਰਹੀਆਂ ਹਨ। ਕੁੱਲ ਮਿਲਾ ਕੇ ਮੋਦੀ ਹਕੂਮਤ ਨੇ ਪੂਰੇ ਧੜੱਲੇ ਨਾਲ
ਲੋਕਾਂ ਦੇ ਆਰਥਿਕ ਹਿਤਾਂ ’ਤੇ ਵੱਡਾ ਧਾਵਾ ਬੋਲਿਆ ਹੈ। ਇਸ ਬੇ-ਕਿਰਕ ਹੱਲੇ ਨੇ ਮੁਲਕ
ਦੇ ਕੋਨੇ ਕੋਨੇ ’ਚ ਵਿਆਪਕ ਜਨਤਕ ਅੰਦੋਲਨਾਂ ਨੂੰ ਹੋਰ ਜਰਬਾਂ ਦਿੱਤੀਆਂ ਹਨ ਤੇ ਲੋਕ
ਥਾਂ ਪੁਰ ਥਾਂ ਟਾਕਰੇ ’ਚ ਪਏ ਹਨ। ਇਸ ਵਿਆਪਕ ਲੋਕ ਟਾਕਰੇ ਦਾ ਰੁਝਾਨ ਭਾਜਪਾਈ ਹਾਕਮਾਂ
ਵੱਲੋਂ ਫਿਰਕੂ ਲਹਿਰ ਤੇ ਕੌਮੀ ਸ਼ਾਵਨਵਾਦੀ ਜਨੂੰਨ ਦੇ ਛਿੱਟੇ ਦੇ ਦਰਮਿਆਨ ਹੀ ਉਭਰਦਾ ਰਿਹਾ ਹੈ ਤੇ ਇਹਨਾਂ
ਫਿਰਕੂ ਲਾਮਬੰਦੀਆਂ ਦੇ ਰੁਝਾਨ ਨਾਲ ਭਿੜਦਾ ਆ ਰਿਹਾ ਹੈ। ਮੁਲਕ
ਭਰ ’ਚ ਹੀ ਲੋਕਾਂ ਦੇ ਜਮਾਤੀ ਹਿੱਤਾਂ ਦੀਆਂ ਜ਼ਰੂਰਤਾਂ ਭਟਕਾਊ ਭਰਮਾੳੂ
ਧਾਰਮਿਕ ਸਰੋਕਾਰਾਂ ਨਾਲ ਟਕਰਾਅ ’ਚ ਆ ਖੜ੍ਹਦੀਆਂ ਹਨ। ਇਹ
ਇਸ ਬੇਕਿਰਕ ਆਰਥਿਕ ਹੱਲੇ ਦਾ ਸਿੱਟਾ ਹੈ ਕਿ ਭਾਜਪਾ ਹਕੂਮਤ ਵੱਲੋਂ ਲੋਕਾਂ ਨੂੰ ਭੁਲੇਖਾ ਸਿਰਜਣ ਦੀਆਂ
ਗੁੰਜਾਇਸਾਂ ਲਗਾਤਾਰ ਸੁੰਗੜ ਰਹੀਆਂ ਹਨ। ਹਾਲਤ ਇਹ ਹੈ ਕਿ ਰਾਮ ਮੰਦਰ ਉਸਾਰੀ ਦਾ ਮੁੱਦਾ ਮੁੜ-ਉਭਾਰ ਕੇ ਫਿਰਕੂ ਲਾਮਬੰਦੀਆਂ ਦੇ ਨਾਅਰੇ
2019 ਦੀਆਂ ਚੋਣਾਂ ’ਚ ਉੱਤਰਨਾ ਚਾਹੁੰਦੀ ਭਾਜਪਾ ਨੂੰ
ਇਸ ਮਸਲੇ ’ਤੇ ਹੁੰਗਾਰੇ ਦੀ ਸੀਮਤਾਈ ਦਿਖ ਰਹੀ ਹੈ, ਉਹ ਬਦਲਵੇਂ ਨਾਅਰੇ ਦੀ ਤਲਾਸ਼ ’ਚ ਹੈ ਤੇ ਅਜੇ ਉਸਨੂੰ ਚੋਣਾਂ ’ਚ ਉੱਤਰਨ ਲਈ ਪੂਰਾ ਭਰੋਸੇਯੋਗ ਤੇ ਵਿਸ਼ਵਾਸ਼ ਭਰਿਆ ਨਾਅਰਾ
ਨਹੀਂ ਟੱਕਰਿਆ। ਭਾਜਪਾ ਦੀ ਇਸ ਬਣ ਰਹੀ ਹਾਲਤ ਦਾ ਇਕ ਪੱਖ ਉਸਦੇ ਸਹਿਯੋਗੀਆਂ ਵੱਲੋਂ ਹੁਣ ਉਸ ਤੋਂ ਦੂਰੀ ਦਰਸਾਉਣਾ
ਹੈ। ਐਨ. ਡੀ. ਏ. ਦੇ ਭਾਈਵਾਲ ਹੁਣ ਭਾਜਪਾ ਦੀ ਕੀਤੀ ‘ਕਮਾਈ’ ’ਚੋਂ ਹਿੱਸਾ ਵੰਡਾਉਣ ਤੋਂ ਟਾਲਾ ਵੱਟ ਰਹੇ ਹਨ ਤੇ ਡੁੱਬਦੇ
ਜ਼ਹਾਜ਼ ’ਚੋਂ ਛਾਲਾਂ ਮਾਰਨ ਲਈ ਕਾਹਲੇ ਹੋ ਰਹੇ ਹਨ।
ਦੂਸਰੇ ਪਾਸੇ ਪਹਿਲਾਂ ਹੀ ਲੰਬਾ ਅਰਸਾ ਮੁਲਕ ’ਤੇ ਰਾਜ ਕਰਕੇ ਹਾਕਮ ਜਮਾਤਾਂ ਦੀ ਸੇਵਾਦਾਰ ਵਜੋਂ ਬੁਰੀ ਤਰ੍ਹਾਂ ਨਸ਼ਰ ਹੋ ਚੁੱਕੀ ਕਾਂਗਰਸ ਲੋਕਾਂ
ਨੂੰ ਕੋਈ ਬਦਲ ਨਹੀਂ ਜਾਪਦੀ ਤੇ ਸਥਾਨਕ ਖੇਤਰੀ ਪਾਰਟੀਆਂ ਦਾ ਕੋਈ ਵੀ ਜਮਘਟਾ ਇਹਨਾਂ ਦੋਹਾਂ ਮੁਕਾਬਲੇ
ਕੋਈ ਖਿੱਚਪਾਉ ਬਦਲ ਕਰਨ ਯੋਗ ਨਹੀਂ ਹੈ। ਅਜਿਹੀ ਹਾਲਤ ’ਚ ਮੁਲਕ ਦੇ ਸਿਆਸੀ ਦ੍ਰਿਸ਼ ’ਤੇ ਲੋਕਾਂ ਸਾਹਮਣੇ ਉਹਨਾਂ ਦੇ ਹਿਤਾਂ ਦੀ ਰਖਵਾਲੀ ਲਈ ਖਰੇ ਸਿਆਸੀ ਨੁਮਾਇੰਦੇ ਚੁਣਨ ਦਾ ਸਵਾਲ
ਵਧੇਰੇ ਜ਼ੋਰ ਨਾਲ ਕੇਂਦਰਤ ਹੋ ਕੇ ਪੇਸ਼ ਹੋ ਰਿਹਾ ਹੈ। ਇਸ ਹਾਲਤ ਦਰਮਿਆਨ ਇਨਕਲਾਬੀ ਸ਼ਕਤੀਆਂ ਨੂੰ ਨਾ ਸਿਰਫ
ਇਸ ਸਵਾਲ ਦੇ ਜਵਾਬ ਨੂੰ ਪੂਰੇ ਧੜੱਲੇ ਨਾਲ ਤੇ ਸਪੱਸ਼ਟਤਾ ਨਾਲ ਲੋਕਾਂ ਤੱਕ ਲਿਜਾਣਾ ਚਾਹੀਦਾ ਹੈ ਕਿ
ਉਹਨਾਂ ਦੇ ਹਿਤਾਂ ਦੀ ਰਖਵਾਲੀ ਉਹਨਾਂ ਦਾ ਆਪਣਾ ਰਾਜ ਹੀ ਕਰ ਸਕਦਾ ਹੈ ਤੇ ਅਜਿਹਾ ਰਾਜ ਤੇ ਸਮਾਜ ਉਸਾਰਨਾ
ਆ ਰਹੀਆਂ ਚੋਣਾਂ ’ਚ ਨੁਮਾਇੰਦੇ ਚੁਣਨ ਨਾਲੋਂ ਬੁਨਿਆਦੀ ਤੌਰ ’ਤੇ ਹੀ ਵੱਖਰਾ ਕਾਰਜ ਹੈ। ਇਸਦਾ ਰਸਤਾ ਲੋਕਾਂ ਦੇ ਅੱਜ ਦੇ ਸੰਘਰਸ਼ਾਂ ਵਿੱਚੋਂ ਦੀ
ਹੋ ਕੇ ਜਾਂਦਾ ਹੈ। ਇਸ ਲਈ ਮੌਜੂਦਾ ਘੋਲਾਂ ਨੂੰ ਹੋਰ ਵਿਕਸਿਤ ਤੇ ਵਿਸ਼ਾਲ ਕਰਨ ਤੇ ਇਹਨਾਂ ਰਾਹੀਂ ਲੋਕ ਤਾਕਤ ਦੀ
ਉਸਾਰੀ ਕਰਕੇ ਆਪਣੀ ਪੁੱਗਤ ਵਾਲਾ ਰਾਜ ਉਸਾਰਨ ਦੇ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ।
ਅੱਜ ਦੀ ਹਾਸਲ ਹਾਲਤ ’ਚ ਲੋਕਾਂ ਮੂਹਰੇ ਇਸ ਲੁਟੇਰੇ
ਰਾਜ ਦਾ ਬਦਲ ਉਭਾਰਨਾ ਇਨਕਲਾਬੀ ਲਹਿਰ ਦੇ ਪ੍ਰਮੁੱਖ ਕਾਰਜਾਂ ’ਚੋਂ ਇਕ ਕਾਰਜ ਬਣਦਾ ਹੈ। ਅਮਲੀ ਤੌਰ ’ਤੇ ਬਦਲ ਉਸਾਰਨ ਦੀ ਦਿਸ਼ਾ ’ਚ ਅੱਗੇ ਵਧਣ ਲਈ, ਇਨਕਲਾਬੀ ਲਹਿਰ ਨਾਲ ਇਨਕਲਾਬੀ ਬਦਲ ਦੇ ਪ੍ਰਚਾਰ
ਨੂੰ ਗੁੰਦਿਆ ਜਾਣਾ ਚਾਹੀਦਾ ਹੈ ਤੇ ਇਉਂ ਮੁਲਕ ਭਰ ਦੇ ਵੱਖ-ਵੱਖ ਸੰਘਰਸ਼ਾਂ
ਨੂੰ ਇੱਕ ਕੜੀ ’ਚ ਪਰੋ ਕੇ ਤੇ ਜ਼ਮੀਨ ਦੀ ਮੁੜ ਵੰਡ ਦੀ ਲਹਿਰ ਦੀ ਉਸਾਰੀ ਕਰਕੇ ਤੇ
ਇਹਨਾਂ ਨੂੰ ਜ਼ਰੱਈ ਲਹਿਰ ਦੇ ਧੁਰੇ ਦੁਆਲੇ ਗੁੰਦ ਕੇ ਹੀ ਅਮਲੀ ਬਦਲ ਉਸਾਰਨ ਦੀ ਦਿਸ਼ਾ ’ਚ ਅੱਗੇ ਵਧਿਆ ਜਾ ਸਕਦਾ ਹੈ। ਅਜਿਹੀ ਹਾਲਤ ਦਾ ਖੱਪਾ ਪੂਰਨ ਲਈ, ਭਾਵ ਮੁਲਕ ਭਰ ਦੇ ਸਭਨਾਂ ਲੋਕ ਘੋਲਾਂ ਨੂੰ ਇੱਕਜੁੱਟ
ਕਰਕੇ, ਇੱਕ ਤਾਰ ’ਚ ਪਰੋਣ ਲਈ ਮੁਲਕ ਪੱਧਰ ’ਤੇ ਇੱਕਜੁੱਟ ਕਮਿਉਨਿਸਟ ਇਨਕਲਾਬੀ ਪਾਰਟੀ ਲੋੜੀਂਦੀ ਹੈ। ਉਸ
ਇੱਕਜੁੱਟ ਪਾਰਟੀ ਦੀ ਅਗਵਾਈ ਵਿਚ ਹੀ ਮੁਲਕ ਭਰ ’ਚ ਲੋਕਾਂ ਦੇ ਹੋ ਰਹੇ ਟਾਕਰੇ
ਨੂੰ ਇੱਕ ਤੰਦ ’ਚ ਪਰੋਇਆ ਜਾ ਸਕਦਾ ਹੈ, ਅਗਲੇਰੇ ਪੜਾਵਾਂ ’ਤੇ ਵਿਕਸਿਤ ਕੀਤਾ ਜਾ ਸਕਦਾ ਹੈ
ਤੇ ਜ਼ਰਈ ਇਨਕਲਾਬੀ ਲਹਿਰ ਦੀ ਉਸਾਰੀ ਕੀਤੀ ਜਾ ਸਕਦੀ ਹੈ। ਪਰ
ਅੱਜ ਜਦੋਂ ਕਮਿਊਨਿਸਟ ਇਨਕਲਾਬੀ ਪਾਰਟੀ ਖਿੰਡੀ ਹੋਈ ਹੈ ਤੇ ਵੱਖ-ਵੱਖ ਗਰੁੱਪਾਂ/ਫਾਂਕਾਂ
’ਚ ਵਿਚਰ ਰਹੀ ਹੈ ਤੇ ਜ਼ਰਈ ਇਨਕਲਾਬੀ ਲਹਿਰ ਅਜੇ ਹੇਠਲੇ ਅਤੇ ਮੁੱਢਲੇ
ਪੱਧਰਾਂ ’ਤੇ ਰਹਿ ਰਹੀ ਹੈ ਤਾਂ ਇਸ ਹਾਲਤ ’ਚ ਲੋਕਾਂ ਨੂੰ ਖਿੱਚਪਾਊ ਬਦਲ ਦਿਖਾਈ ਨਹੀਂ ਦਿੰਦਾ। ਅਜਿਹੀ
ਹਾਲਤ ’ਚ ਲੋਕਾਂ ’ਚ ਉਹਨਾਂ ਦੀ ਛੋਟੇ ਵੱਡੇ ਸਥਾਨਕ
ਸੰਘਰਸ਼ਾਂ ਰਾਹੀਂ ਆਪਣੀ ਪੁੱਗਤ ਦਰਸਾ ਸਕਣ ਦੇ ਤਜਰਬੇ ਨੂੰ ਉਭਾਰਨਾ ਚਾਹੀਦਾ ਹੈ। ਉਹਨਾਂ ਵੱਲੋਂ ਆਪਣੀ ਤਾਕਤ ਦੇ ਜ਼ੋਰ ਪੁਗਾਏ ਜਾਂਦੇ ਆਪਣੇ ਹੱਕਾਂ ਦੀ ਪੁੱਗਤ ਨੂੰ ਜਮਹੂਰੀਅਤ
ਸਿਰਜਣਾ ਦੇ ਮੁੱਢਲੇ ਅੰਸ਼ਾਂ ਵਜੋਂ ਉਭਾਰਨਾ ਚਾਹੀਦਾ ਹੈ ਤੇ ਇਹਨਾਂ ਅੰਸ਼ਾਂ ਨੂੰ ਵਡੇਰੀ ਤੇ ਉਚੇਰੀ ਲਹਿਰ
ਲਈ ਜਮ੍ਹਾਂ ਹੋ ਰਹੀ ਸਮੱਗਰੀ ਵਜੋਂ ਜੁਟਾਉਣ ਦੀ ਲੋੜ ਉਭਾਰਨੀ ਚਾਹੀਦੀ ਹੈ।
ਮੁਲਕ ਦੀ ਮੌਜੂਦਾ ਸਿਆਸੀ ਹਾਲਤ ’ਚ ਲੋਕਾਂ ਨੂੰ ਭਾਜਪਾ ਹਕੂਮਤ ਦੇ ਮੁਕਾਬਲੇ ਖਰੇ ਤੇ ਸਹੀ ਬਦਲ ਦੀ ਤਸਵੀਰ ਤੇ ਲੋੜ ਦਰਸਾਈ ਜਾਣ
ਦੀਆਂ ਵਧੀਆਂ ਹੋਈਆਂ ਗੁੰਜਾਇਸ਼ਾਂ ਦੀ ਵਰਤੋਂ ਲਈ ਇਨਕਲਾਬੀਆਂ ਨੂੰ ਧੜੱਲੇ ਦੇ ਪੈਂਤੜੇ ਤੋਂ ਮੈਦਾਨ ’ਚ ਨਿੱਤਰਨਾ ਚਾਹੀਦਾ ਹੈ।