ਕੁੱਸੇ ਦੀਆਂ ਔਰਤਾਂ ਦਾ ਨਿਵੇਕਲਾ ਉੱਦਮ
ਧੀਆਂ ਦੇ ਮੇਲੇ ‘ਚ ਗੂੰਜਿਆਂ ਔਰਤ ਮੁਕਤੀ ਤੇ ਬਰਾਬਰੀ ਦਾ ਸੰਦੇਸ਼
- ਕ੍ਰਿਸ਼ਨ ਦਿਆਲ
ਪਿੰਡ ਕੁੱਸਾ ‘ਚ ਕਿਸਾਨ ਜਥੇਬੰਦੀ ‘ਚ ਕੰਮ ਕਰਦੀ ਔਰਤਾਂ ਦੀ ਆਗੂ ਟੁਕੜੀ ਨੇ ਕੌਮਾਂਤਰੀ ਔਰਤ ਦਿਵਸ ਨੂੰ
ਨਿਵੇਕਲੇ ਢੰਗ ਨਾਲ ਮਨਾਉਣ ਦਾ ਉਪਰਾਲਾ ਕੀਤਾ। ਪਹਿਲਾਂ ਔਰਤਾਂ ਦੀਆਂ ਭਰਵੀਆਂ ਜਨਤਕ ਮੀਟਿੰਗਾਂ ‘ਚ ਉਹਨਾਂ ਨੂੰ ਔਰਤ ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ
ਗਈ ਕਿ ਕਿਵੇਂ ਪੱਛਮੀ ਦੇਸ਼ਾਂ ‘ਚ ਹੋਈ ਸਨਅਤੀ
ਤਬਦੀਲੀ ਤੋਂ ਪਿੱਛੋਂ ਔਰਤਾਂ ਨੂੰ ਫੈਕਟਰੀਆਂ ‘ਚ ਕੰਮ ਕਰਦੇ ਸਮੇਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਤਨਖਾਹ ‘ਚ ਬਰਾਬਰੀ , ਕੰਮ ਵਾਲੀਆਂ ਥਾਵਾਂ
’ਤੇ ਔਰਤਾਂ ਲਈ
ਵਿਸ਼ੇਸ਼ ਸਹੂਲਤਾਂ, ਬੱਚੇ ਦੇ ਜਨਮ ਸਮੇ
ਤਨਖਾਹ ਸਮੇਤ ਲੰਬੀ ਛੁੱਟੀ ਅਤੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਕੇਂਦਰ ਸਥਾਪਤ ਕਰਨ ਆਦਿ
ਮੰਗਾਂ ’ਤੇ ਉਥੋਂ ਦੀਆਂ
ਔਰਤਾਂ ਨੇ ਸੰਘਰਸ਼ ਲੜੇ । ਅੱਜ ਜਦੋਂ ਅਸੀਂ ਉਹਨਾਂ ਦੇਸ਼ਾਂ ਦੀਆਂ ਔਰਤਾਂ ਦੀ ਹਾਲਤ ਬਾਰੇ ਗੱਲ ਕਰਦੇ
ਹਾਂ ਅਤੇ ਸਾਡੇ ਨਾਲ ਤੁਲਨਾ ਕਰਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਹੱਕ ਉਥੋਂ
ਦੀਆਂ ਔਰਤਾਂ ਨੇ ਲੜ ਕੇ ਪ੍ਰਾਪਤ ਕੀਤੇ ਹਨ। ਇਹ ਵਿਚਾਰ ਚਰਚਾ ਹੋਈ ਕਿ 8 ਮਾਰਚ ਦਾ ਦਿਨ
ਔਰਤਾਂ ਦਾ ਕੌਮਾਂਤਰੀ ਦਿਹਾੜਾ ਹੈ। ਇਸ ਦਿਨ ਦੁਨੀਆਂ ਭਰ ‘ਚ ਔਰਤਾਂ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਦਾ ਝੰਡਾ ਉੱਚਾ ਕੀਤਾ ਜਾਂਦਾ
ਹੈ ਅਤੇ ਅਜਿਹੇ ਸਮਾਜਕ ਪ੍ਰਬੰਧ ਲਈ ਜੂਝਣ ਦਾ ਸੱਦਾ ਦਿੱਤਾ ਜਾਂਦਾ ਹੈ ਜਿਸ ਵਿਚ ਔਰਤ ਮਰਦਾਂ ਦੇ
ਬਰਾਬਰ ਹੱਕ ਮਾਣ ਸਕੇਗੀ।
ਪਿੰਡ ਵਿਚ ਚਾਰ
ਪੰਜ ਥਾਵਾਂ ’ਤੇ ਔਰਤਾਂ ਦੀਆਂ
ਵੱਡੀਆਂ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ 30 ਤੋਂ 70 ਤੱਕ ਦੀ ਗਿਣਤੀ ਸ਼ਾਮਲ ਹੋਈ। 7 ਮਾਰਚ ਨੂੰ ਔਰਤ
ਦਿਵਸ ਮਨਾਉਣ ਦੇ ਫੈਸਲੇ ਦੇ ਨਾਲ ਹੀ ਪਿੰਡ ਦੀਆਂ ਸਾਰੀਆਂ ਵਿਆਹੀਆਂ ਧੀਆਂ ਨੂੰ ਸੱਦਾ ਦੇ ਕੇ ਇਸ
ਨੂੰ ‘ਧੀਆਂ ਦੇ ਮੇਲੇ’ ਦਾ ਨਾਂਅ ਦਿੱਤਾ
ਗਿਆ। ਮੇਲਾ ਨੇਪਰੇ ਚਾੜ੍ਹਨ ਲਈ ਔਰਤ ਕਾਰਕੁੰਨਾਂ ’ਚੋਂ ਹੀ ਮੇਲਾ ਕਮੇਟੀ ਦਾ ਗਠਨ ਕੀਤਾ ਗਿਆ। ਵਿਲੱਖਣ ਗੱਲ
ਇਹ ਵੀ ਸੀ ਕਿ ਇਸ ਦਾ ਸਾਰਾ ਪ੍ਰਬੰਧ ਔਰਤਾਂ ਨੇ ਆਪ ਹੀ ਕਰਨਾ ਸੀ। ਮੀਟਿੰਗਾਂ ‘ਚ ਹੋਈ ਚਰਚਾ ਨੇ ਔਰਤਾਂ ‘ਚ ਅਜਿਹਾ ਜੋਸ਼ ਭਰਿਆ
15-20 ਔਰਤਾਂ (ਜਿੰਨ੍ਹਾ
ਵਿਚ ਵਧੇਰੇ ਕਰਕੇ ਮੁਟਿਆਰਾਂ ਸ਼ਾਮਲ ਸਨ) ਲਗਾਤਾਰ ਪਿੰਡ ਵਿਚੋਂ ਫੰਡ ਇਕੱਠਾ ਕਰਦੀਆਂ ਰਹੀਆਂ। ਪਿੰਡ
’ਚੋਂ ਮਿਲ ਰਹੇ ਚੰਗੇ
ਹੁੰਗਾਰੇ ਨੇ ਮੇਲੇ ‘ਚ ਸ਼ਾਮਲ ਹੋਣ ਆ
ਰਹੀਆਂ ਪਿੰਡ ਦੀਆਂ ਧੀਆਂ ਲਈ ਚੰਗੇ ਖਾਣ ਪੀਣ ਦੇ ਪ੍ਰਬੰਧ ਦੀਆਂ ਵਿਉਂਤਾਂ ਵੀ ਬਣਵਾ ਦਿੱਤੀਆਂ।
ਹੌਲੀ ਹੌਲੀ ਕਈ ਕੁੱਝ ਹੋਰ ਜੁੜਦਾ ਗਿਆ ਤੇ ਇਉਂ ਆਗੂ ਟੀਮ ਦਾ ਵਿਉਂਤਿਆ ਸਮਾਗਮ ਨਾ ਰਹਿ ਕੇ
ਸਮੁੱਚੇ ਪਿੰਡ ਦੀਆਂ ਔਰਤਾਂ ਦਾ ਤਿਉਹਾਰ ਬਣ ਗਿਆ। ਜਦੋਂ ਤਿਆਰੀ ਲਈ 100 ਤੋਂ ਵੱਧ ਔਰਤਾਂ
ਦੀ ਮੀਟਿੰਗ ਹੋਈ ਤੇ ਖੇਤ ਮਜਦੂਰ ਔਰਤਾਂ ਤੱਕ ਪਹੁੰਚ ਕਰਨ ਲਈ ਇਕ ਗਰੁੱਪ ਮਜਦੂਰ ਵਿਹੜੇ ‘ਚ ਘਰ ਘਰ ਜਾ ਸੱਦਾ ਦੇਣ ਲੱਗਾ। ਸੋਸ਼ਲ ਮੀਡੀਏ ਰਾਹੀਂ ਪਹੁੰਚੀ ਖਬਰ ਨੇ
ਨਾ ਸਿਰਫ ਇੱਥੇ ਹੀ ਉਤਸ਼ਾਹ ਵਾਲਾ ਮਹੌਲ ਪੈਦਾ ਕੀਤਾ ਸਗੋਂ ਵਿਦੇਸ਼ਾਂ’ਚ ਬੈਠੇ ਪਿੰਡ ਦੇ
ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵੱਲੋਂ ਫੰਡ ਦਾ ਭਰਵਾਂ ਹੁੰਗਾਰਾ ਆਉਣ ਲੱਗਾ। ਕੁੱਲ ਮਿਲਾ ਕੇ ਸਵਾ
ਲੱਖ ਤੋਂ ਵੱਧ ਫੰਡ ਇਕੱਠਾ ਹੋਇਆ ਜੋ ਪਹਿਲਾਂ ਮਿਥੇ ਅੰਦਾਜੇ ਦੇ ਦੁੱਗਣੇ ਤੋਂ ਵੀ ਵੱਧ ਸੀ। ਮਿਥੇ
ਦਿਨ, 7 ਮਾਰਚ ਨੂੰ ਪਿੰਡ
ਵਿਚ ਵਿਆਹ ਨਾਲੋਂ ਵੀ ਵੱਧ ਚਾਅ ਅਤੇ ਉਤਸ਼ਾਹ ਵਾਲਾ ਮਹੌਲ ਸੀ। ਪਿੰਡ ਚੋਂ ਕਿਸੇ ਔਰਤ ਦਾ ਘਰੇ ਰਹਿਣ
ਦਾ ਤਾਂ ਸੁਆਲ ਹੀ ਨਹੀਂ ਸੀ ਸਗੋਂ ਵੱਡੀ ਗਿਣਤੀ ਪਿੰਡ ਦੀਆਂ ਵਿਆਹੀਆਂ ਕੁੜੀਆਂ ਵੀ ਇਕੱਠੀਆਂ ਹੋ
ਕੇ ਆਈਆਂ। ਇਹਨਾਂ ‘ਚ 85-90 ਨੂੰ ਪਹੁੰਚੀਆਂ
ਬਿਰਧ ਮਾਈਆਂ ਵੀ ਸਨ। ਲਾਗਲੇ ਪਿੰਡਾਂ ਤੋਂ ਕਿਸਾਨ ਜਥੇਬੰਦੀ ਦੀਆਂ ਵਰਕਰ ਔਰਤਾਂ ਵੀ ਪਹੁੰਚੀਆਂ।
ਅੰਦਾਜੇ ਤੋਂ ਵੱਧ ਹੋਏ ਇਕੱਠ ਲਈ ਸਮਾਗਮ ਵਾਲਾ ਹਾਲ ਵੀ ਛੋਟਾ ਰਹਿ ਗਿਆ। ਲਗਭਗ 1300-1400 ਔਰਤਾਂ ਉਸ ਪੰਡਾਲ ‘ਚ ਸ਼ਾਮਲ ਸਨ। ਸਥਾਨਕ ਔਰਤ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ ਨੇ ਸਮਾਜ ‘ਚ ਔਰਤਾਂ ਨੂੰ ਬਰਾਬਰ ਦਾ ਹੱਕ ਹਾਸਲ ਕਰਨ ਲਈ ਚੇਤਨ ਹੋਣ ਦੀ ਲੋੜ ਤੇ
ਜੋਰ ਦਿੱਤਾ। ਉਸ ਨੇ ਸਮਾਜ ਵਿਚ ਪੈਰ ਪੈਰ ’ਤੇ ਔਰਤਾਂ ਨਾਲ ਹੁੰਦੇ ਧੱਕੇ ਵਿਤਕਰੇ ਦਾ ਜ਼ਿਕਰ ਕਰਦਿਆਂ
ਉਹਨਾਂ ਨੂੰ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕ ਹੱਕਾਂ ਦੀ ਲਹਿਰ ‘ਚ ਨਿੱਤਰਨ ਦਾ ਸੱਦਾ ਦਿੱਤਾ। ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀਆਂ
ਦੋਨੋ ਬੇਟੀਆਂ ਡਾ.ਨਵਸ਼ਰਨ ਤੇ ਡਾ. ਅਰੀਤ ਵੀ ਵਿਸ਼ੇਸ਼ ਸੱਦੇ ’ਤੇ ਪੁੱਜੀਆਂ । ਡਾ.
ਅਰੀਤ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਪਣੀ ਸੁਤੰਤਰ ਹੋਂਦ ਦਾ ਪ੍ਰਗਟਾਵਾ
ਕਰਨਾ ਚਾਹੀਦਾ ਹੈ। ਉਸ ਨੂੰ ਪਿਤਾ, ਪਤੀ ਜਾਂ ਪੁੱਤਰ ਦੀ ਪਹਿਚਾਣ ਨਾਲ ਨਹੀਂ ਆਪਣੀ ਪਹਿਚਾਣ
ਬਣਾਉਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਔਰਤਾਂ ਦੀ ਮੌਜੂਦਾ ਹਾਲਤ ਲਈ ਕੋਈ ਮਰਦ ਨਹੀਂ ਸਗੋਂ ਇਹ
ਸਮਾਜ ਜੁੰਮੇਵਾਰ ਹੈ। ਉਹਨਾਂ ਯਾਦ ਕੀਤਾ ਕਿ ਇਸ ਪਿੰਡ ਵਿਚ ਅੱਜ ਤੋਂ 10 ਸਾਲ ਪਹਿਲਾਂ
ਉਹਨਾਂ ਦੇ ਪਿਤਾ ਗੁਰਸ਼ਰਨ ਸਿੰਘ ਨੂੰ ਇਕ ਵਿਸ਼ਾਲ ਇਕੱਠ ਵਿਚ ‘ਇਨਕਲਾਬੀ ਨੇਹਚਾ
ਸਨਮਾਨ’ ਨਾਲ ਸਨਮਾਨਤ ਕੀਤਾ
ਗਿਆ ਸੀ। ਉੱਘੇ ਨਾਟਕਕਾਰ ਅਜਮੇਰ ਔਲਖ ਤੇ ਉਹਨਾਂ ਦੀ ਪਤਨੀ ਮਨਜੀਤ ਕੌਰ ਆਪਣੀ ਟੀਮ ਨਾਲ ਪੁੱਜੇ ਤੇ
ਆਪਣਾ ਮਕਬੂਲ ਨਾਟਕ ‘ਅਵੇਸਲੇ ਯੁੱਧਾਂ ਦੀ
ਨਾਇਕਾ’ ਪੇਸ਼ ਕੀਤਾ। ਰਸੂਲਪਰ
ਵਾਲੇ ਕਵੀਸ਼ਰੀ ਜਥੇ ਤੇ ਹੋਰਨਾਂ ਗਇਕਾਂ ਨੇ ਔਰਤ ਦੇ ਦੁੱਖਾਂ ਦੀ ਬਾਤ ਪਾਉਂਦੇ ਅਤੇ ਔਰਤਾਂ ਦੇ
ਹੱਕਾਂ ਦੀ ਸੋਝੀ ਦਿੰਦੇ ਗੀਤ ਤੇ ਕਵੀਸ਼ਰੀਆਂ ਪੇਸ਼ ਕੀਤੀਆਂ। ਇਸ ਮੌਕੇ ਪਿੰਡ ਦੀਆਂ ਸਭ ਤੋਂ ਬਜੁਰਗ
ਧੀਆਂ ਨੂੰ ਯਾਦ-ਚਿੰਨ੍ਹ ਭੇਂਟ ਕੀਤੇ ਗਏ। ਇਉਂ ਇਸ ਨਿਵੇਕਲੀ ਵੰਨਗੀ ਰਾਹੀਂ ਔਰਤ
ਮੁਕਤੀ ਦਾ ਇਨਕਲਾਬੀ ਸੁਨੇਹਾ ਪੂਰੀ ਭਰਪੂਰਤਾ ‘ਚ ਸਮਾਗਮ ਦੇ
ਧੁਰੋ-ਧੁਰ ਗੂੰਜਦਾ ਰਿਹਾ। ਪੰਡਾਲ ‘ਚ ਦੁਰਗਾ ਭਾਬੀ, ਮਾਈ ਭਾਗੋ ਅਤੇ
ਗੁਲਬ ਕੌਰ ਵਰਗੀਆਂ ਵੀਰਾਂਗਣਾਂ ਦੀਆਂ ਤਸਵੀਰਾਂ ਤੇ ਔਰਤ ਮੁਕਤੀ ਦਾ ਸਹੀ ਸੰਕਲਪ ਪੇਸ਼ ਕਰਦੇ ਨਾਅਰੇ
ਸਮਾਗਮ ਦੇ ਅਗਾਂਹਵਧੂ ਹੋਣ ਦਾ ਸੁਨੇਹਾ ਪਹਿਲੀ ਨਜ਼ਰੇ ਹੀ ਦੇ ਰਹੇ ਸਨ।
ਇਸ ਸਮਾਗਮ ਨੇ ਇੱਕ
ਤਬਕੇ ਦੇ ਤੌਰ ’ਤੇ ਔਰਤ ਚੇਤਨਾ ਦੀ
ਜਰੂਰਤ ਨੂੰ ਸਫਲਤਾਪੂਰਵਕ ਉਭਾਰਿਆ। ਇਸ ਤੋਂ ਇਲਾਵਾ ਇਹ ਸਮਾਗਮ ਤੇ ਮੁਹਿੰਮ ਪਿੰਡ ਦੀਆਂ ਸਰਗਰਮ
ਕਿਸਾਨ ਔਰਤ ਕਾਰਕੁੰਨਾਂ ਦੀ ਟੀਮ ‘ਚ ਸਵੈ ਵਿਸ਼ਵਾਸ਼ ਨੂੰ
ਤਕੜਾ ਕਰਨ ਪੱਖੋ ਵੀ ਸਫਲ ਰਿਹਾ। ਇਸ ਟੀਮ ਦੇ ਪ੍ਰਭਾਵ ਘੇਰੇ ਦਾ ਹੋਰ ਪਸਾਰਾ ਹੋਇਆ ਹੈ। ਇਹ
ਪ੍ਰਭਾਵ ਤੇ ਸਵੈਵਿਸ਼ਵਾਸ ਕਿਸਾਨ ਘੋਲਾਂ ‘ਚ ਔਰਤਾਂ ਦੀ
ਸ਼ਮੂਲੀਅਤ ਨੂੰ ਹੋਰ ਉਗਾਸਾ ਦੇਣ ਦਾ ਸਾਧਨ ਬਣੇਗਾ।
No comments:
Post a Comment