ਸੰਘਰਸ਼ ਦੇ ਜ਼ੋਰ ਰੁਕਵਾਈਆਂ ਛਾਂਟੀਆਂ
- ਹਰਜਿੰਦਰ ਸਿੰਘ
ਸੁਰਖ ਲੀਹ ਦੇ ਪਿਛਲੇ ਮਾਰਚ-ਅਪ੍ਰੈਲ 2016 ਅੰਕ ‘ਚ ਲੁਧਿਆਣੇ ਦੀ ਇੱਕ ਸਾਈਕਲ ਇੰਡਸਟਰੀ ਦੇ ਕਾਮਿਆਂ ਦੇ ਸੰਘਰਸ਼ ਅਤੇ
ਪ੍ਰਾਪਤੀਆਂ ਦੀ ਲੰਮੀ ਰਿਪੋਰਟ ਛਪੀ ਸੀ। ਇਸ ਤੋਂ ਬਾਅਦ ਇੱਕ ਸਾਲ ਦੇ ਰਹਿੰਦੇ ਛੁੱਟੀਆਂ, ਬੋਨਸ ਆਦਿ ਦੇ ਬਕਾਏ
ਅਤੇ ਟੀ.ਏ., ਡੀ.ਏ., ਮਕਾਨ ਭੱਤਾ, ਤੇ ਲੇਬਰ ਕਾਨੂੰਨਾਂ
ਮੁਤਾਬਕ ਬਣਦੀਆਂ ਹੋਰ ਸਹੂਲਤਾਂ ਲਾਗੂ ਕਰਾਉਣ ਲਈ ਆਪਣੀ ਮੁੱਢਲੀ ਏਕਤਾ ਨੂੰ ਪੱਕੇ ਪੈਰੀੰ ਕਰਨ ਤੇ
ਫੈਕਟਰੀ ਮਜ਼ਦੂਰ ਕਮੇਟੀ ਦੀ ਆਗੂ ਗੁਲੀ ਨੂੰ ਮਜਬੂਤ ਕਰਨ ਅਤੇ ਜਥੇਬੰਦ ਚੇਤਨਾ ‘ਚ ਢਾਲਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ,
ਜਦ ਮਾਲਕ/ਮੈਨੇਜਮੈਂਟ ਨੇ ਅੰਦਰੋ ਅੰਦਰੀ ਉੱਸਰ ਰਹੀ ਮਜਦੂਰ ਤਾਕਤ ਨੂੰ
ਖਿੰਡਾਉਣ ਲਈ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਹਿਤ ਨਵੀਂ ਭਰਤੀ ਸ਼ੁਰੂ ਕਰ ਦਿੱਤੀ।
ਮੈਨੇਜਮੈਂਟ ‘ਚ ਵੀ ਦੋ ਹੋਰ
ਮੈਨੇਜਰ ਭਰਤੀ ਕਰ ਲਏ। ਵਰਕਰਾਂ ਦਾ ਓਵਰ ਟਾਈਮ ਤੇ ਐਤਵਾਰ ਬੰਦ ਕਰਕੇ ਸਿਰਫ ਅੱਠ ਘੰਟੇ ਡਿਊਟੀ ਕਰਨ
ਲਈ ਆਰਡਰ ਕਰ ਦਿੱਤੇ। ਕਿਰਤੀਆਂ ਨੇ ਇਸ ਨੂੰ ਮਾਲਕਾਂ ਵੱਲੋਂ ਪੁਰਾਣੇ ਕਿਰਤੀਆਂ ਨੂੰ ਕੱਢਣ ਦੀ ਚਾਲ
ਵਜੋਂ ਲਿਆ ਅਤੇ ਫੈਸਲਾ ਕੀਤਾ ਕਿ ਜੇ ਮਾਲਕ ਛਾਂਟੀਆਂ ਕਰਨ ਤਾਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ।
ਮਾਲਕਾਂ ਤੇ ਕਿਰਤੀਆਂ ਦਰਮਿਆਨ ਲਗਾਤਾਰ ਕਸ਼-ਮ-ਕਸ਼ ਚਲਦੀ ਰਹੀ। ਮਜਦੂਰ ਤੇ ਲੀਡਰ ਡਟੇ ਰਹੇ। ਆਖਰ
ਮਾਰਚ ਮਹੀਨੇ ਕਿਰਤੀ ਇੱਕ ਸਾਲ ਦੇ ਰਹਿੰਦੇ ਛੁੱਟੀਆਂ ਦੇ ਪੈਸੇ ਲੈਣ ‘ਚ ਸਫਲ ਹੋ ਗਏ। 11 ਮਾਰਚ ਨੂੰ ਪ੍ਰਬੰਧਕਾਂ ਨੇ ਛੁੱਟੀ ਮਗਰੋਂ ਨਵੇਂ ਭਰਤੀ
ਕੀਤੇ ਵਰਕਰ ਕੱਢ ਦਿੱਤੇ। 1 ਅਪ੍ਰੈਲ ਨੂੰ ਚੁੱਪ-ਚੁਪੀਤੇ ਟੂਲ ਰੂਮ ਦੇ ਪੰਜ ਬੰਦਿਆਂ ਨੂੰ ਹਿਸਾਬ
ਦੇ ਕੇ ਘਰੇ ਤੋਰ ਦਿੱਤਾ। ਅਗਲੇ ਦਿਨ ਛੁੱਟੀ ਮਗਰੋਂ 5-6 ਬੰਦਿਆਂ, ਜੋ ਪ੍ਰੋਡੱਕਸ਼ਨ ਵਾਲੇ ਸਨ, ਨੂੰ ਹਿਸਾਬ ਲਈ
ਦਫਤਰ ਬੁਲਾ ਲਿਆ। ਅਜਿਹੀ ਹਾਲਤ ‘ਚ ਛਾਂਟੀਆਂ ਨੂੰ
ਰੋਕਣ ਦਾ ਮੁੱਦਾ ਮੁੱਖ ਬਣ ਗਿਆ। ਲੜਾਈ ਦੀ ਵਿਉਂਬੰਦੀ ਤੇ ਤਿਆਰੀ ਕੀਤੀ ਗਈ। 4 ਅਪ੍ਰੈਲ ਨੂੰ
ਮਾਲਕਾਂ ਨੇ ਉਨ੍ਹਾਂ 5 ਕਿਰਤੀਆਂ ਨੂੰ ਗੇਟ
’ਤੇ ਰੋਕ ਦਿੱਤਾ।
ਲੇਬਰ ਇਨਸਪੈਕਟਰ ਕੋਲ ਲਿਖਤੀ ਸ਼ਕਾਇਤ ਕਰਕੇ ਛਾਂਟੀਆਂ ਨੂੰ ਰੋਕਣ ਤੇ ਕੱਢੇ ਵਰਕਰਾਂ ਦੀ ਬਹਾਲੀ ਦੀ
ਮੰਗ ਲਈ ਦਬਾਅ ਪਾਇਆ ਗਿਆ। ਲੇਬਰ ਇਨਸਪੈਕਟਰ ਤੇ ਮੋਲਡਰ ਯੂਨੀਅਨ ਆਗੂ, ਕੱਢੇ ਵਰਕਰਾਂ ਦੀ
ਹਾਜਰੀ ’ਚ, ਮੈਨੇਜਮੈਂਟ ਨੂੰ
ਮਿਲੇ। ਮੈਨੇਜਮੈਂਟ ਨੂੰ ਕੱਢੇ ਵਰਕਰਾਂ ਦੀ ਬਿਨਾ ਸ਼ਰਤ ਬਹਾਲੀ ਤੇ ਛਾਂਟੀਆਂ ਨਾ ਕਰਨ ਦਾ ਫੈਸਲਾ
ਕਰਨਾ ਪਿਆ। ਇਸ ਤੋਂ ਬਿਨਾਂ ਮੈਨੇਜਮੈਂਟ ਨੂੰ ਕਾਨੂੰਨੀ ਬਣਦੀਆਂ ਛੁੱਟੀਆਂ ਦੇਣ ਦੀ ਸਹਿਮਤੀ ਵੀ
ਦੇਣੀ ਪਈ। ਜਦ ਪਿਛਲੇ ਸਾਲ ਤੋਂ ਲਏ ਜਬਰੀ ਅਸਤੀਫੇ ਲੈ ਕੇ ਵੀ ਪਿਛਲਾ ਹਿਸਾਬ ਵਗੈਰਾ ਨਾ ਦਿੱਤੇ
ਜਾਣ ਦਾ ਮੁੱਦਾ ਉਠਾਇਆ ਤਾਂ ਮੈਨੇਜਮੈਂਟ ਪਾਣੀ-ਪਾਣੀ ਹੋ ਗਈ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ
ਯਕੀਨ ਦੁਆਇਆ। ਗੱਲਬਾਤ ਦੌਰਾਨ ਪਹਿਲਾਂ ਤਾਂ ਮੈਨੇਜਮੈਂਟ ਨੇ ‘‘ਕੰਮ ਦਾ ਆਰਡਰ ਨਾ
ਆਉਣ’’ ਦਾ ਰੋਣਾ ਰੋਇਆ।
ਜਦੋਂ ਮਜਦੂਰ ਆਗੂ ਨੇ ਕਿਹਾ ਕਿ ਇਹ ਗੱਲ ਠੀਕ ਹੈ, ਛੋਟੀ ਤੇ ਦਰਮਿਆਨੀ ਫੈਕਟਰੀ ਨੂੰ ਕੰਮ ਦੀ ਕਦੇ ਤੇਜੀ ਤੇ
ਕਦੇ ਮੰਦੀ ਆਉਂਦੀ ਹੈ। ਜਦੋਂ ਤੇਜੀ ਹੁੰਦੀ ਹੈ, ਉਦੋਂ ਕਿਹੜਾ ਵੱਧ ਤਨਖਾਹਾਂ ਦਿੰਦੇ ਹੋ। ਉਦੋਂ ਕੰਪਨੀ
ਵਰਕਰਾਂ ਦੇ ਸਿਰ ’ਤੇ ਸੁਪਰ ਮੁਨਾਫਾ
ਕਮਾਉਂਦੀ ਹੈ। ਜਦੋਂ ਕੰਮ ਘੱਟ ਹੋਵੇ ਉਦੋਂ ਮਜਦੂਰਾਂ ਦੀ ਨਜਾਇਜ਼ ਰੋਟੀ-ਰੋਜ਼ੀ ਖੋਹ ਲੈਂਦੇ ਹੋ। ਕੀ
ਇਸ ਦੇ ਜੁੰਮੇਵਾਰ ਮਜ਼ਦੂਰ ਹਨ ਜਾਂ ਸਰਕਾਰ ਦੀਆਂ ਨੀਤੀਆਂ? ਤੁਸੀਂ ਸਰਕਾਰ ਦੀਆਂ
ਨੀਤੀਆਂ ਖਿਲਾਫ ਲੜਨ ਦੀ ਬਜਾਏ ਮਜ਼ਦੂਰਾਂ ਦਾ ਗਲਾ ਘੁੱਟਦੇ ਹੋ, ਛਾਂਟੀਆਂ ਕਰਦੇ ਹੋ, ਇਹ ਸਿਲਸਿਲਾ ਨਹੀਂ
ਚੱਲੇਗਾ। ਇਸ ਗੱਲ ਦੀ ਹਾਮੀ ਲੇਬਰ ਇਨਸਪੈਕਟਰ ਨੇ ਵੀ ਭਰ ਦਿੱਤੀ।
ਕੱਢੇ ਵਰਕਰਾਂ ਦੀ ਤੁਰੰਤ ਬਹਾਲੀ ਤੇ ਨਜਾਇਜ਼ ਛਾਂਟੀਆਂ, ਮਾਲਕਾਂ ਦੀਆਂ ਧੱਕੜ
ਤੇ ਆਪਹੁਦਰੀਆਂ ਕਾਰਵਾਈਆਂ ਨੂੰ ਇੱਕ ਵਾਰ ਰੋਕ ਲੱਗਣ ’ਤੇ ਪੂਰੀ ਫੈਕਟਰੀ
ਦੇ ਕਿਰਤੀ ਹੌਸਲੇ ਤੇ ਉਤਸ਼ਾਹ ‘ਚ ਆਏ ਹਨ। ਯੂਨੀਅਨ
ਦੀ ਜਥੇਬੰਦਕ ਤਾਕਤ ‘ਚ ਵਾਧਾ ਹੋਇਆ ਹੈ।
ਔਰਤ ਵਰਕਰ ਵੀ ਜਨਤਕ ਮੀਟਿੰਗਾਂ ‘ਚ ਆਉਣ ਲੱਗੀਆਂ ਹਨ।
No comments:
Post a Comment