ਇੱਕ ਚੰਗਿਆੜੀ, ਜੋ ਭਾਂਬੜ ਬਣ ਗਈ
ਨਕਸਲਬਾੜੀ ਬਗ਼ਾਵਤ - 49 ਵੀਂ ਵਰ੍ਹੇਗੰਢ
ਅੱਜ ਤੋਂ ਠੀਕ 25 ਸਾਲ ਪਹਿਲਾਂ, ਭੁੱਖਮਰੀ, ਗੁਰਬਤ, ਲੁੱਟ-ਖਸੁੱਟ ਅਤੇ
ਜਬਰ ਨਾਲ ਗ੍ਰਹਿਣੇ ਭਾਰਤ ਦੇ ਕਾਲ਼ੇ ਬੋਲ਼ੇ ਅੰਬਰਾਂ ’ਤੇ ਭਾਰਤ ਦੇ ਲੁੱਟੇ-ਨਪੀੜੇ ਤੇ ਦਬੇ ਕੁਚਲੇ ਲੋਕਾਂ ਦੀ
ਮੁਕਤੀ ਦੀ ਆਸ ਬਣਕੇ ਲਿਸ਼ਕੀ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਦੀ ਹਥਿਆਰਬੰਦ ਬਗਾਵਤ ਦੀ ਸੂਹੀ ਕਿਰਨ, ਭਾਰਤੀ ਲੋਕਾਂ ਦੀ
ਮੁਕਤੀ ਜਦੋਜਹਿਦ ਵਿੱਚ ਇੱਕ ਸ਼ਾਨਾਮੱਤਾ, ਫਖ਼ਰਯੋਗ ਤੇ ਯਾਦਗਾਰੀ ਪੰਨਾ ਹੋ ਨਿੱਬੜੀ ਹੈ। ਨਕਸਲਬਾੜੀ
ਦੀ ਇਸ ਇਨਕਲਾਬੀ ਹਥਿਆਰਬੰਦ ਕਿਸਾਨ ਬਗਾਵਤ ਨੇ ਜਰਜਰੇ ਹੋਏ ਭਾਰਤੀ ਲੁਟੇਰੇ ਰਾਜ ਨੂੰ ਧੁਰ ਨੀਂਹਾਂ
ਤੱਕ ਹਿਲਾ ਦਿੱਤਾ ਸੀ। ਇਸ ਲੁਟੇਰੇ ਰਾਜ ਦੇ ਸਰਪ੍ਰਸਤ ਸੰਸਾਰ ਸਾਮਰਾਜੀਆਂ ਨੂੰ ਕੰਬਣੀਆਂ ਛੇੜ
ਦਿੱਤੀਆਂ ਸਨ ਤੇ ਭਾਰਤ ‘ਚ ਇਨਕਲਾਬ ਦਾ ਹਊਆ
ਉਹਨਾਂ ਦੀ ਨੀਂਦ ਹਰਾਮ ਕਰਨ ਲੱਗਾ ਸੀ। ਇਸ ਘਟਨਾ ਨੇ ਭਾਰਤ ਦੀਆਂ ਰਵਾਇਤੀ ਕਮਿਊਨਿਸਟ ਪਾਰਟੀਆਂ ਦਾ
ਮਜ਼ਦੂਰ-ਕਿਸਾਨ ਤੇ ਇਨਕਲਾਬੀ ਪੱਖੀ ਹੋਣ ਦਾ ਦੰਭ ਸਰੇ-ਬਾਜ਼ਾਰ ਬੇਪਰਦ ਕਰ ਦਿੱਤਾ ਸੀ। ਨਾਲ ਹੀ, ਇਸ ਮਹਾਨ ਘਟਨਾ ਨੇ, ‘‘ਦੁਨੀਆਂ ਦੀ ਸਭ ਤੋਂ
ਵੱਡੀ ਜਮਹੂਰੀਅਤ’’ ਹੋਣ ਦਾ ਪਾਖੰਡੀ
ਬੁਰਕਾ ਪਾਈ ਫਿਰਦੇ ਭਾਰਤੀ ਰਾਜ ਦੇ ਖੂਨੀ ਚਿਹਰੇ ਤੋਂ ਬੁਰਕਾ ਲੀਰੋ ਲੀਰ ਕਰ ਦਿੱਤਾ ਸੀ। ਦੂਜੇ
ਪਾਸੇ, ਸਾਮਰਾਜੀ-ਜਗੀਰੂ
ਜਬਰ ਦੀ ਰੱਤ ਨਿਚੋੜ ਦਾ ਸ਼ਿਕਾਰ ਬਣੇ ਭਾਰਤ ਦੇ ਕਰੋੜਾਂ ਮਿਹਨਤਕਸ਼ ਲੋਕਾਂ ਲਈ ਇਸ ਨੇ ਉਹਨਾਂ ਦੀ
ਮੁਕਤੀ ਦਾ ਰਾਹ ਲਿਸ਼ਕਾਅ ਦਿੱਤਾ ਸੀ ਅਤੇ ਉਹਨਾਂ ਦੀਆਂ ਬੇਆਸੀਆਂ ਅੱਖਾਂ ‘ਚ ਆਸ ਚਮਕ ਉੱਠੀ ਸੀ।
ਘਟਨਾ ਦਾ ਪਿਛੋਕੜ
ਨਕਸਲਬਾੜੀ ਦੀ ਕਿਸਾਨ ਬਗਾਵਤ
ਕੋਈ ਅਚਨਚੇਤ ਤੇ ਆਪ ਮੁਹਾਰੇ ਫੁੱਟੀ ਬਗਾਵਤ ਨਹੀਂ ਸੀ, ਸਗੋਂ ਇਹ ਇਸ ਇਲਾਕੇ ‘ਚ ਕੰਮ ਕਰਦੇ ਇਨਕਲਾਬੀ ਕਿਸਾਨ ਕਾਰਕੁੰਨਾਂ ਅਤੇ ਕਮਿਊਨਿਸਟ ਘੁਲਾਟੀਆਂ
ਦੀ ਵਰ੍ਹਿਆਂ-ਬੱਧੀ ਸਖ਼ਤ ਘਾਲਣਾ ਦਾ ਸਿੱਟਾ ਸੀ। ਇਹ ਪਿਛਲੇ ਦੋ ਦਹਾਕਿਆਂ ਤੋਂ ਇਸ ਇਲਾਕੇ ਵਿੱਚ
ਕਿਸਾਨਾਂ ਤੇ ਚਾਹ-ਬਾਗਾਂ ਦੇ ਕਾਮਿਆਂ ਵੱਲੋਂ ਆਰਥਕ ਤੇ ਸਿਆਸੀ ਜਦੋਜਹਿਦਾਂ ਦਾ ਵੇਗ-ਭਰਪੂਰ ਸਿਖਰ
ਸੀ।
ਦਾਰਜੀਲਿੰਗ ਜ਼ਿਲ੍ਹੇ ਦੇ
ਬੇਜ਼ਮੀਨੇ ਤੇ ਗਰੀਬ ਕਿਸਾਨਾਂ ਤੇ ਚਾਹ ਬਾਗਾਂ ਵਿੱਚ ਕੰਮ ਕਰਦੇ ਖੇਤ-ਮਜ਼ਦੂਰਾਂ ਦੀ ਇਹ ਜਦੋਜਹਿਦ 1951 ਤੋਂ ਜਾਰੀ ਸੀ।
ਉਹਨਾਂ ਨੂੰ ਜੋਤੇਦਾਰਾਂ ਅਤੇ ਬਾਗ ਮਾਲਕਾਂ ਦੀ ਲੁੱਟ-ਖਸੁੱਟ ਵਿਰੁੱਧ ਆਪਣੀ ਮਜ਼ਬੂਤ ਜਥੇਬੰਦੀ
ਉਸਾਰਨ, ਜੋਤੇਦਾਰਾਂ ਵੱਲੋਂ
ਗੁੰਡਿਆਂ ਦੇ ਜ਼ੋਰ ਉਨ੍ਹਾਂ ਦੀ ਕਮਾਈ ਹੜੱਪਣ ਵਿਰੁੱਧ ਅਤੇ ਆਪਣੀ ਫਸਲ ਦੀ ਮਾਲਕੀ ਦੀ ਰਾਖੀ ਲਈ
ਤਿੱਖੇ, ਸਿਰੜੀ ਤੇ ਘਮਸਾਨੀ
ਸੰਘਰਸ਼ਾਂ ਵਿੱਚੋਂ ਗੁਜਰਨਾ ਪਿਆ। ਇਸ ਲੜਾਈ ਵਿੱਚ ਚਾਹ ਕਿਰਤੀਆਂ ਤੇ ਕਿਸਾਨਾਂ ਦੀ ਆਪਸੀ ਸਾਂਝ ਤੇ
ਇਕਜੁਟਤਾ ਪਕੇਰੀ ਹੁੰਦੀ ਗਈ। 1955 ਵਿਚ ਚਾਹ-ਕਾਮਿਆਂ ਦੇ ਬੋਨਸ ਲਈ ਚੱਲੇ ਸੰਘਰਸ਼ ‘ਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਮਬੰਦ ਹੋਏ ਚਾਹ-ਕਾਮਿਆਂ ਤੇ ਕਿਸਾਨਾਂ
ਨੇ ਨਾ ਸਿਰਫ਼ ਚਾਹ-ਬਾਗਾਂ ਦੇ ਮਾਲਕਾਂ ਦੀਆਂ ਗੋਡਣੀਆਂ ਲੁਆ ਦਿੱਤੀਆਂ ਸਗੋਂ ਪੁਲਸ ਨੂੰ ਵੀ ਪੈਰ
ਪਿੱਛੇ ਖਿੱਚਣ ਲਈ ਮਜਬੂਰ ਕਰ ਦਿੱਤਾ। ਇਸ ਜਦੋਜਹਿਦ ਦੌਰਾਨ ਇੱਕ ਮੌਕੇ ਦਸ ਹਜ਼ਾਰ ਤੋਂ ਵੱਧ ਰਵਾਇਤੀ
ਹਥਿਆਰਾਂ ਨਾਲ ਲੈਸ ਚਾਹ-ਕਾਮਿਆਂ ਤੇ ਕਿਸਾਨਾਂ ਨੇ ਉਹਨਾਂ ਨੂੰ ਖਿੰਡਾਉਣ ਆਈ ਪੁਲਸ ਨੂੰ ਬੇਹਥਿਆਰ
ਕਰ ਦਿੱਤਾ।
1958 ਤੋਂ 62 ਦੇ ਅਰਸੇ ਦੌਰਾਨ, ਜਦ ਪੱਛਮੀ ਬੰਗਾਲ
ਦੀ ਕਿਸਾਨ ਸਭਾ ਨੇ ਬੇਨਾਮੀ ਜ਼ਮੀਨਾਂ ਦਾ ਕਬਜ਼ਾ ਹਾਸਲ ਕਰਨ ਦਾ ਸੱਦਾ ਦਿੱਤਾ ਤਾਂ ਨਕਸਬਾੜੀ ਦੀ
ਤਹਿਸੀਲ ਕਿਸਾਨ ਕਮੇਟੀ ਨੇ ਇਸ ਤੋਂ ਵੀ ਅੱਗੇ ਵਧਕੇ ਜੋਤੇਦਾਰਾਂ ਦੀ ਸਾਰੀ ਫਸਲ ਜਬਤ ਕਰ ਲੈਣ, ਫਸਲ ਵੱਢਕੇ ਆਪਣੀਆਂ
ਥਾਵਾਂ ‘ਚ ਜਮ੍ਹਾਂ ਕਰਨ, ਜੋਤੇਦਾਰਾਂ ਨੂੰ
ਕਿਸਾਨ-ਕਮੇਟੀ ਅੱਗੇ ਆਪਣੀ ਜ਼ਮੀਨ ਮਾਲਕੀ ਸਾਬਤ ਕਰਨ, ਅਤੇ ਫ਼ਸਲ ਦੀ ਰਾਖੀ ਲਈ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ
ਤੇ ਇਸ ਨੂੰ ਅਮਲ ‘ਚ ਲਿਆਉਣ ਲਈ
ਲਾਮਬੰਦੀ ਕੀਤੀ। ਕਿਸਾਨੀ ਦੇ ਲਾ-ਮਿਸਾਲ ਉਭਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ
ਪੁਲਸ ਨੇ 2000 ਤੋਂ ਵੱਧ ਕਿਸਾਨਾਂ
ਨੂੰ ਗ੍ਰਿਫਤਾਰ ਕੀਤਾ,
700 ਤੋਂ ਵੱਧ ਫੌਜਦਾਰੀ ਮੁਕੱਦਮੇ ਦਰਜ ਕੀਤੇ ਗਏ ਪਰ ਇਸਦੇ ਬਾਵਜੂਦ ਕਿਸਾਨ
80 ਫੀਸਦੀ ਫ਼ਸਲ ਵੱਢਣ ‘ਚ ਕਾਮਯਾਬ ਰਹੇ। ਏਡੇ ਸ਼ਾਨਦਾਰ ਉਭਾਰ ਦੇ ਬਾਵਜੂਦ, ਸੂਬਾ ਕਿਸਾਨ ਸਭਾ
ਦੀ ਲੀਡਰਸ਼ਿਪ ਘੋਲ ਤੋਂ ਭਗੌੜੀ ਹੋ ਗਈ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਰਾਇ-ਮਸ਼ਵਰਾ ਕੀਤੇ ਤੋਂ
ਬਿਨਾਂ ਹੀ ਘੋਲ ਵਾਪਸ ਲੈ ਲਿਆ। ਬਾਅਦ ‘ਚ ਸੋਧਵਾਦੀ ਪਾਰਟੀ
ਲੀਡਰਸ਼ਿਪ ਨੇ ਇਸ ਘੋਲ ਨੂੰ ‘‘ਖੱਬੀ ਮਾਅਰਕੇਬਾਜ਼ੀ’’ ਕਹਿਕੇ ਭੰਡਣ ਦਾ ਰਾਹ ਫੜ ਲਿਆ।
ਕਮਿਊਨਿਸਟ ਪਾਰਟੀ ਵਿੱਚ ਫੁੱਟ
ਪੈਣ ਤੋਂ ਬਾਅਦ ਡਾਂਗੇਵਾਦੀ ਜੁੰਡਲੀ ਦੀ ਇਸ ਇਲਾਕੇ ਵਿੱਚੋਂ ਸਫ਼ ਵਲ੍ਹੇਟੀ ਗਈ। ਸਤੰਬਰ 1966 ‘ਚ ਚਾਹ ਕਾਮਿਆਂ ਨੇ 9 ਦਿਨ ਲੰਮੀ ਖਾੜਕੂ
ਹੜਤਾਲ ਕੀਤੀ ਜਿਸ ‘ਚ ਨਕਸਲਬਾੜੀ ਇਲਾਕੇ
ਦੇ ਕਿਸਾਨਾਂ ਨੇ ਵੱਡੀ ਗਿਣਤੀ ‘ਚ ਚਾਹ-ਕਾਮਿਆਂ ਦਾ
ਸਾਥ ਦਿੱਤਾ। ਪੁਲਸ ਨਾਲ ਝੜੱਪ ‘ਚ ਇੱਕ ਚਾਹ-ਕਾਮੇ
ਦੇ ਮਾਰੇ ਜਾਣ ਨਾਲ ਹੜਤਾਲੀ ਕਾਮਿਆਂ ‘ਚ ਰੋਹ ਫੈਲ ਗਿਆ। ਇਸ ਤੋਂ ਦਹਿਲਕੇ
ਚਾਹ-ਕਾਮਿਆਂ ਦੀ ਸੋਧਵਾਦੀ ਲੀਡਰਸ਼ਿਪ ਨੇ ਬਿਨਾਂ ਕੋਈ ਅਹਿਮ ਮੰਗ ਮਨਾਏ ਹੜਤਾਲ ਖ਼ਤਮ ਕਰ ਦਿੱਤੀ।
ਕਾਮਿਆਂ ਦੀਆਂ ਕਾਨਫਰੰਸਾਂ ਵਿੱਚ ਜ਼ਿਲ੍ਹੇ ਅਤੇ ਸਥਾਨਕ ਪੱਧਰ ’ਤੇ ਭਗੌੜੀ ਲੀਡਰਸ਼ਿਪ
ਨੂੰ ਲਾਹ ਦਿੱਤਾ ਗਿਆ ਅਤੇ ਜ਼ਰੱਈ ਇਨਕਲਾਬ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ। ਚੋਣਾਂ ਦੌਰਾਨ
ਇਨਕਲਾਬੀ ਕਿਸਾਨਾਂ ਅਤੇ ਕਾਮਿਆਂ ਨੇ ਇਸ ਮੌਕੇ ਨੂੰ ਜ਼ਰੱਈ ਇਨਕਲਾਬ ਦੇ ਪ੍ਰੋਗਰਾਮ ਨੂੰ ਪ੍ਰਚਾਰਨ
ਲਈ ਵਰਤਿਆ।
ਚੰਗਿਆੜੀ ਭੜਕ ਉੱਠੀ
ਆਮ ਚੋਣਾਂ ਵਿੱਚ ਕਾਂਗਰਸ
ਪਾਰਟੀ ਦੇ ਅੱਠ ਸੂਬਿਆਂ ‘ਚ ਹਾਰ ਜਾਣ ਤੇ
ਪੱਛਮੀ ਬੰਗਾਲ ‘ਚ ਮਾਰਕਸੀ ਪਾਰਟੀ
ਦੀ ਬੁਹ-ਗਿਣਤੀ ਵਾਲੀ ਸਾਂਝਾ ਮੋਰਚਾ ਸਰਕਾਰ ਬਣ ਜਾਣ ਨਾਲ ਕਿਸਾਨ ਘੋਲ ਨੇ ਹੋਰ ਵੀ ਵੇਗ ਫੜਨਾ
ਸ਼ੁਰੂ ਕਰ ਦਿੱਤਾ। 7 ਮਈ 1967 ਨੂੰ ਨਕਸਲਬਾੜੀ ਦੇ
ਕਿਸਾਨਾਂ ਅਤੇ ਚਾਹ-ਕਾਮਿਆਂ ਦੀ ਤਹਿਸੀਲ ਪੱਧਰੀ ਸਾਂਝੀ ਕਾਨਫਰੰਸ ਹੋਈ ਜਿਸ ਵਿੱਚ ਜ਼ਮੀਨਾਂ ’ਤੇ ਕਬਜ਼ੇ ਕਰਨ ਦੀ
ਮੁਹਿੰਮ ਚਲਾਉਣ ਦਾ ਇਤਿਹਾਸਕ ਫੈਸਲਾ ਲਿਆ ਗਿਆ। ਇਸ ਫੈਸਲੇ ਨੂੰ ਲਾਗੂ ਕਰਨ ਦਾ ਨਤੀਜਾ ਨਕਸਲਬਾੜੀ
ਦੀ ਇਸ ਇਤਿਹਾਸਕ ਕਿਸਾਨ ਬਗਾਵਤ ਦੇ ਭੜਕ ਉੱਠਣ ‘ਚ ਨਿਕਲਿਆ।
12 ਜੂਨ, 1967 ਦੇ ‘‘ਹਿੰਦੂ’’ ਅਖਬਾਰ ਮੁਤਾਬਕ
ਮਾਰਚ ਤੋਂ ਮਈ 67 ਦੇ ਦਰਮਿਆਨ, ਤੀਰ-ਕਮਾਨਾਂ ਨਾਲ
ਲੈਸ ਸੰਥਾਲ ਕਿਸਾਨਾਂ ਵੱਲੋਂ ਜ਼ਮੀਨ ਤੇ ਕਬਜ਼ੇ ਕਰਨ ਅਤੇ ਜ਼ਮੀਨ ਦੇ ਛੋਟੇ ਛੋਟੇ ਟੁਕੜਿਆਂ ਨੂੰ
ਵਾਹਕੇ ਇਹਨਾਂ ਤੇ ਆਪਣੀ ਮਾਲਕੀ ਸਥਾਪਤ ਕਰਨ ਦੇ 100 ਦੇ ਲਗਭਗ ਮੁਕੱਦਮੇ ਜ਼ਿਲ੍ਹਾ ਪੁਲਸ ਕੋਲ ਦਰਜ ਹੋਏ।
ਨਕਸਬਾੜੀ, ਖਾਰੀਬਾੜੀ ਅਤੇ
ਫਾਂਸੀ ਦੇਵਾ ਪੁਲਸ ਠਾਣਿਆਂ ਅਧੀਨ ਪੈਂਦੇ ਇਲਾਕੇ ‘ਚ ਕਿਸਾਨ ਉਭਾਰ
ਪੂਰੇ ਸਿਖ਼ਰਾਂ ’ਤੇ ਸੀ।
ਇਸ ਕਿਸਾਨ ਉਭਾਰ ਨੂੰ ਕੁਚਲਣ
ਲਈ ਪੁਲਸ ਨੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੁਟਾਪਿਆਂ ਦੇ ਰੂਪ ‘ਚ ਜਬਰ ਦਾ ਦੌਰ ਸ਼ੁਰੂ ਕਰ ਦਿੱਤਾ। 20 ਮਈ ਤੱਕ ਸੈਂਕੜੇ
ਕਿਸਾਨ ਗ੍ਰਿਫਤਾਰ ਕਰਕੇ ਜੇਲ੍ਹਾਂ ‘ਚ ਡੱਕ ਦਿੱਤੇ।
ਸੋਨਮ ਵੰਮਦੀ ਅਤੇ ਤਿੰਨ ਹੋਰ ਪੁਲਸ ਇੰਸਪੈਕਟਰ ਇਸ ਦਹਿਸ਼ਤੀ ਮੁਹਿੰਮ ਵਿੱਚ ਵਿਸ਼ੇਸ਼ ਰੁਚੀ ਲੈ ਰਹੇ
ਹਨ। 24 ਮਈ ਦੀ ਸਵੇਰ ਨੂੰ
ਜੀਪ ‘ਚ ਜਾ ਰਹੇ ਪੁਲਸ ਇੰਮਪੈਕਟਰ
ਸੋਨਮ ਵੰਦੀ ’ਤੇ ਤੀਰ ਕਮਾਨਾਂ
ਨਾਲ ਲੈਸ ਸੰਥਾਲਾਂ ਦੇ ਇੱਕ ਗਰੁੱਪ ਨੇ ਘਾਤ ਲਾ ਕੇ ਹਮਲਾ ਕੀਤਾ ਤੇ ਉਸ ਨੂੰ ਪਾਰ ਬੁਲਾ ਦਿੱਤਾ।
ਇਸ ਘਟਨਾ ਨਾਲ ਨਕਸਬਾੜੀ ਦਾ
ਬਿਗਲ ਵੱਜ ਗਿਆ। 25 ਮਈ ਨੂੰ ਵੰਮਦੀ ਦੇ
ਕਤਲ ਦੇ ਦੋਸ਼ ਅਧੀਨ ਪੁਲਸ ਪ੍ਰਸਾਦ ਜੋਤ ਪਿੰਡ ’ਤੇ ਟੁੱਟ ਪਈ। ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ
ਕਰਨ ਲਈ ਇਕੱਠੇ ਹੋਏ ਹਜ਼ਾਰਾਂ ਸੰਥਾਲ ਮਰਦ ਔਰਤਾਂ ਉੱਤੇ ਪੁਲਸ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ
ਜਿਸ ਨਾਲ 6 ਸੰਥਾਲ ਔਰਤਾਂ, ਇੱਕ 8 ਮਹੀਨਿਆਂ ਦੇ
ਕੁੱਛੜ ਚੁੱਕੇ ਬੱਚੇ ਸਮੇਤ ਦੋ ਬੱਚੇ ਤੇ ਹੋਰਨਾਂ ਸਮੇਤ ਗਿਆਰਾਂ ਵਿਅਕਤੀ ਮਾਰੇ ਗਏ। ਬੱਸ, ਕਿਸਾਨਾਂ ਦੇ ਰੋਹ
ਦੀ ਚੰਗਿਆੜੀ ਭੜਕ ਪਈ ਤੇ ਪੁਲਸ ਤੇ ਤੀਰ-ਕਮਾਨਾਂ ਨਾਲ ਲੈਸ ਕਿਸਾਨਾਂ ਵਿਚਕਾਰ ਝੜੱਪਾਂ ਦਾ
ਸਿਲਸਿਲਾ ਸ਼ੁਰੂ ਹੋ ਗਿਆ।
ਪੱਛਮੀ ਬੰਗਾਲ ਸਰਕਾਰ ਨੇ
ਆਪਣਾ ਕਿਸਾਨ-ਪੱਖੀ ਮੁਖੌਟਾ ਵਗਾਹ ਮਾਰਿਆ ਅਤੇ ਉਹ ਜਗੀਰਦਾਰਾਂ ਦੀ ਰਾਖੀ ਲਈ ਤੇ ਕਿਸਾਨ ਬਗਾਵਤ
ਨੂੰ ਕੁਚਲਣ ਲਈ ਮੈਦਾਨ ‘ਚ ਨਿੱਤਰ ਪਈ। 60 ਹਜ਼ਾਰ ਦੀ ਰਾਜ
ਪੁਲਸ ਤੋਂ ਇਲਾਵਾ ਈਸਟਰਨ ਫਰੰਟੀਅਰ ਰਾਈਫਲਜ਼ ਨਾਂ ਦੇ ਨੀਮ-ਫੌਜੀ ਦਲਾਂ ਨੂੰ ਕਿਸਾਨ ਲਹਿਰ ਵਿਰੁੱਧ
ਝੋਕ ਦਿੱਤਾ ਗਿਆ। ਹਜ਼ਾਰਾਂ ਕਿਸਾਨ ਗ੍ਰਿਫਤਾਰ ਕਰ ਲਏ, ਉਹਨਾਂ ਦੇ ਘਰ-ਘਾਟ ਤਬਾਹ ਕਰ ਦਿੱਤੇ। ਹਜ਼ਾਰਾਂ ਦੀ
ਗਿਣਤੀ ਕਿਸਾਨ ਭੂਮੀਗਤ ਹੋ ਗਏ ਤੇ ਉਨ੍ਹਾਂ ਨੇ ਕਾਨੂੰ ਸਨਿਆਲ, ਜੰਗਲ ਸੰਥਾਲ ਤੇ
ਮੁਜੀਬਰ ਰਹਿਮਾਨ ਦੀ ਅਗਵਾਈ ਹੇਠ ਹਥਿਆਰਬੰਦ ਟਾਕਰਾ ਗਰੁੱਪ ਬਣਾ ਲਏ। ਜ਼ਮੀਨਾਂ ਤੇ ਫਸਲਾਂ ’ਤੇ ਕਬਜ਼ੇ ਕਰਨ, ਜਾਗੀਰਦਾਰਾਂ ਤੋਂ
ਹਥਿਆਰ ਖੋਹਣ ਅਤੇ ਪੁਲਸ ਨਾਲ ਟੱਕਰਾਂ ਤੇਜ਼ ਹੋ ਗਈਆਂ। ਜੂਨ ਦੇ ਅੰਤ ਤੱਕ, ਪੁਲਸ ਨੇ ਕਤਲ ਕਰਨ
ਦੀਆਂ 150 ਤੋਂ ਵੱਧ ਘਟਨਾਵਾਂ
ਦਰਜ ਕੀਤੀਆਂ, 450 ਤੋਂ ਉੱਪਰ ਕੇਸ
ਦਰਜ ਕੀਤੇ ਗਏ ਅਤੇ 700 ਕਿਸਾਨਾਂ ਦੇ
ਵਾਰੰਟ ਜਾਰੀ ਕੀਤੇ ਗਏ।
ਨਵ-ਸੋਧਵਾਦੀ ਮਾਰਕਸੀ ਪਾਰਟੀ
ਅੰਦਰ ਇਸ ਕਿਸਾਨ ਬਗਾਵਤ ਦੇ ਹਮਾਇਤੀਆਂ ਤੇ ਵਿਰੋਧੀਆਂ ‘ਚ ਸਫਬੰਦੀ ਦਾ ਅਮਲ ਸ਼ੁਰੂ ਹੋ ਗਿਆ। ਮਾਰਕਸੀ ਪਾਰਟੀ ’ਚੋਂ ਕੱਢਣ ਦਾ
ਸਿਲਸਿਲਾ ਸ਼ੁਰੂ ਕਰ ਦਿੱਤਾ। ਨਕਸਲਬਾੜੀ ਲਹਿਰ ਦੇ ਮੋਢੀਆਂ ਨੂੰ ਪਾਰਟੀ ’ਚੋਂ ਖਾਰਜ ਕਰਨ ਤੋਂ
ਇਲਾਵਾ 19 ਜੂਨ ਨੂੰ ਸੂਬਾ
ਲੀਡਰਸ਼ਿਪ ਨੇ ਆਪਣੇ ਅਖਬਾਰ ‘‘ਦੇਸ਼ ਹਿਤੈਸ਼ੀ’’ ਦੇ ਸੰਪਾਦਕੀ ਬੋਰਡ ਦੇ ਮੈਂਬਰ ਸੁਸ਼ੀਤਲ ਰਾਏ ਚੌਧਰੀ
ਸਮੇਤ 19 ਨਕਸਲਬਾੜੀਆਂ ਨੂੰ
ਪਾਰਟੀ ’ਚੋਂ ਕੱਢ ਦਿੱਤਾ।
ਨਵੰਬਰ ‘ਚ ਕੁੱਲ ਹਿੰਦ ਕਮਿਊਨਿਸਟ
ਇਨਕਲਾਬੀ ਤਾਲਮੇਲ ਕਮੇਟੀ ਦੇ ਬਣ ਜਾਣ ਤੇ ਇਸ ਵੱਲੋਂ ਮਾਰਕਸੀ ਪਾਰਟੀ ਅੰਦਰਲੇ ਸੁਹਿਰਦ ਤੇ
ਕਿਸਾਨ-ਪੱਖੀ ਹਿੱਸਿਆਂ ਨੂੰ ਸੋਧਵਾਦੀ ਲੀਡਰਸ਼ਿਪ ਵਿਰੁੱਧ ਬਗਾਵਤ ਕਰਕੇ ਬਾਹਰ ਆ ਜਾਣ ਦੇ ਸੱਦੇ ਨਾਲ
ਨਕਸਬਾੜੀ ਕਿਸਾਨ ਅੰਦੋਲਨ ਇੱਕ ਨਵੇਂ ਦੌਰ ‘ਚ ਜਾ ਦਾਖਲ ਹੋਇਆ।
ਨਕਸਲਬਾੜੀ ‘ਚ ਭੜਕੀ ਕਿਸਾਨ ਅੰਦੋਲਨ ਦੀ ਇਹ ਚੰਗਿਆੜੀ ਤੇਜ਼ੀ ਨਾਲ ਜੰਗਲ ਦੀ ਅੱਗ
ਵਾਂਗ ਮੁਲਕ ਭਰ ‘ਚ ਫੈਲ ਗਈ। ਇਉਂ
ਭਾਰਤੀ ਦੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਇੱਕ ਨਵੇਂ ਦੌਰ ਦਾ ਮੁੱਢ ਬੱਝ ਗਿਆ।
No comments:
Post a Comment