Friday, October 5, 2012

ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗ-ਮੰਚ ਦਿਵਸ ਪੰਜਾਬੀ ਰੰਗ-ਮੰਚ ਇਤਿਹਾਸ ਦੀ ਨਿਵੇਕਲੀ ਘਟਨਾ Surkh Rekha Sep-Oct 2012


ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗ-ਮੰਚ ਦਿਵਸ

ਪੰਜਾਬੀ ਰੰਗ-ਮੰਚ ਇਤਿਹਾਸ ਦੀ ਨਿਵੇਕਲੀ ਘਟਨਾ
—ਜਸਪਾਲ ਜੱਸੀ
ਜਿਵੇਂ ਆਸ ਸੀ, ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਤ 27 ਸਤੰਬਰ 2012 ਦਾ ਪਹਿਲਾ 'ਇਨਕਲਾਬੀ ਰੰਗ-ਮੰਚ ਦਿਹਾੜਾ' ਪੰਜਾਬੀ ਰੰਗ-ਮੰਚ ਦੇ ਇਤਿਹਾਸ ਦੀ ਨਿਵੇਕਲੀ ਅਤੇ ਯਾਦਗਾਰੀ ਘਟਨਾ ਹੋ ਨਿੱਬੜਿਆ ਹੈ। ਲੋਕ-ਪੱਖੀ ਰੰਗ-ਮੰਚ ਕਲਾਕਾਰਾਂ ਅਤੇ ਸੰਗਰਾਮੀ ਲੋਕਾਂ ਦੀ ਸਾਂਝ ਦੇ ਇਸ ਨਿਰਾਲੇ ਮੇਲੇ ਨੇ ਹਜ਼ਾਰਾਂ ਮਨਾਂ 'ਤੇ ਨਾ ਮਿਟਣ ਵਾਲੀ ਛਾਪ ਛੱਡ ਦਿੱਤੀ ਹੈ। ਚੰਡੀਗੜ੍ਹ ਦੇ 23 ਸੈਕਟਰ ਵਿੱਚ ਬਾਲ-ਭਵਨ ਦਾ ਪੰਡਾਲ, ਗੁਰਸ਼ਰਨ ਸਿੰਘ ਨੂੰ ਇਨਕਲਾਬੀ ਸਲਾਮ ਭੇਟ ਕਰਨ ਲਈ, ਉਮਡ ਕੇ ਆਏ ਲੋਕਾਂ ਦੇ ਦਰਿਆ ਨੂੰ ਸਮੋਣ ਵਿੱਚ ਅਸਮਰੱਥ ਨਿੱਬੜਿਆ। 
ਪਿਛਲੇ ਵਰ੍ਹੇ 28 ਸਤੰਬਰ ਨੂੰ ਗੁਰਸ਼ਰਨ ਸਿੰਘ ਨੂੰ ਛਲਕਦੇ ਜਜ਼ਬਾਤਾਂ ਨਾਲ ਅੰਤਿਮ ਵਿਦਾਇਗੀ ਦੇਣ ਸਮੇਂ ਰੰਗ-ਮੰਚ ਕਲਾਕਾਰਾਂ ਵੱਲੋਂ ਗੁਰਸ਼ਰਨ ਸਿੰਘ ਦੀ ਬਰਸੀ ਨੂੰ, ਆਏ ਵਰ੍ਹੇ ਇਨਕਲਾਬੀ ਰੰਗ-ਮੰਚ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਫੇਰ ਇਹ ਐਲਾਨ 9 ਅਕਤੂਬਰ ਨੂੰ ਕੁੱਸਾ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਸਮੇਂ ਦੁਹਰਾਇਆ ਗਿਆ ਸੀ। ਲੋਕ ਆਗੂਆਂ ਨੇ ਇਸ ਐਲਾਨ ਦਾ ਜ਼ੋਰਦਾਰ ਸੁਆਗਤ ਕਰਦਿਆਂ, ਭਰਵੇਂ ਜਨਤਕ ਸਹਿਯੋਗ ਦਾ ਠੋਕਵਾਂ ਇਕਰਾਰ ਕੀਤਾ ਸੀ। ਨਾ ਸਿਰਫ ਲੋਕ-ਪੱਖੀ ਰੰਗਕਰਮੀ ਸਗੋਂ ਜਨਤਕ ਸੰਘਰਸ਼ਾਂ ਦੇ ਘੁਲਾਟੀਆਂ ਦੇ ਪੂਰਾਂ ਦੇ ਪੂਰ, ਇਸ ਦਿਹਾੜੇ ਦੀ ਇੰਤਜ਼ਾਰ ਕਰ ਰਹੇ ਸਨ। ਫੇਰ ਜਦੋਂ ਪੰਜਾਬ ਲੋਕ ਸਭਿਆਚਾਰਕ ਮੰਚ ਨੇ ਹੋਰ ਕੱਦਾਵਰ ਰੰਗ-ਮੰਚ ਸਖਸ਼ੀਅਤਾਂ ਅਤੇ ਪਲੇਟਫਾਰਮਾਂ ਦੇ ਸਹਿਯੋਗ ਨਾਲ 16 ਸਤੰਬਰ ਤੋਂ ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਸ਼ੁਰੂ ਕਰਨ ਅਤੇ 27 ਸਤੰਬਰ ਨੂੰ ਮੁਹਿੰਮ ਦੇ ਸਿਖਰ 'ਤੇ ਚੰਡੀਗੜ੍ਹ 'ਚ ਇਨਕਲਾਬੀ ਰੰਗ-ਮੰਚ ਦਿਵਸ ਮਨਾਉਣ ਦਾ ਐਲਾਨ ਕੀਤਾ ਤਾਂ ਰੰਗ-ਮੰਚ ਕਲਾਕਾਰਾਂ ਅਤੇ ਜਨਤਕ ਸੰਘਰਸ਼ਾਂ ਦੇ ਘੁਲਾਟੀਏ ਉਤਸਾਹ ਦੀਆਂ ਬਿਜਲਈ ਤਰੰਗਾਂ ਨਾਲ ਝੰਜੋੜੇ ਗਏ। ਬੋਲ ਪੁਗਾਉਣ ਦਾ ਵੇਲਾ ਆ ਗਿਆ ਸੀ। ਵੰਨ-ਸੁਵੰਨੀਆਂ ਜਨਤਕ ਜਥੇਬੰਦੀਆਂ ਅਤੇ ਪਲੇਟਫਾਰਮ ਹਮਾਇਤ ਵਿੱਚ ਕੁੱਦ ਪਏ। ਇਨਕਲਾਬੀ ਰੰਗ-ਮੰਚ ਦਿਵਸ ਨੂੰ ਸਮਰਪਤ ਸਰਗਰਮੀਆਂ ਮਿਥੇ ਸਮੇਂ (16 ਸਤੰਬਰ) ਤੋਂ ਪਹਿਲਾਂ ਸ਼ੁਰੂ ਹੋਈਆਂ ਅਤੇ 27 ਸਤੰਬਰ ਤੋਂ ਬਾਦ ਅਜੇ ਤੱਕ ਜਾਰੀ ਹਨ। 
ਪੰਜਾਬ ਦੀ ਰੰਗਮੰਚ ਲਹਿਰ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹੀ ਇਨਕਲਾਬੀ ਜਨਤਕ ਰੰਗ-ਮੰਚ ਮੁਹਿੰਮ ਅਤੇ ਇਨਕਲਾਬੀ ਰੰਗ-ਮੰਚ ਜਸ਼ਨ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਛੋਟੇ ਅਰਸੇ ਵਿੱਚ ਹੀ ਲੱਗਭੱਗ ਸਵਾ ਤਿੰਨ ਸੌ ਪਿੰਡਾਂ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੋਈਆਂ, ਜਿਹਨਾਂ ਵਿੱਚ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਰਹੇ। ਇਹਨਾਂ 'ਚੋਂ ਕਈ ਸਮਾਗਮ ਇਲਾਕਾ ਪੱਧਰੇ ਜਾਂ ਜ਼ਿਲ੍ਹਾ ਪੱਧਰੇ ਸਮਾਗਮ ਸਨ। ਹਜ਼ਾਰਾਂ ਰੰਗਕਰਮੀ ਅਤੇ ਜਨਤਕ ਕਾਰਕੁਨ ਦਿਨ ਰਾਤ ਅਣਥੱਕ ਸਰਗਰਮੀ ਵਿੱਚ ਜੁਟੇ ਹੋਏ ਸਨ। ਨਾ ਸਿਰਫ ਜਨਤਕ ਸੰਘਰਸ਼ਾਂ ਦਾ ਅਖਾੜਾ ਬਣੇ ਪੇਂਡੂ ਖੇਤਰਾਂ ਵਿੱਚ ਗੁਰਸ਼ਰਨ ਸਿੰਘ ਦੀ ਅਗਵਾਈ ਹੇਠਲੀ ਰੰਗਮੰਚ ਲਹਿਰ ਦਾ ਇਨਕਲਾਬੀ ਸੰਦੇਸ਼ ਗੂੰਜ ਰਿਹਾ ਸੀ, ਸਗੋਂ ਜਲ੍ਹਿਆਂਵਾਲੇ ਬਾਗ ਦੀ ਧਰਤੀ ਅੰਮ੍ਰਿਤਸਰ, ਮੁਹਾਲੀ, ਚੰਡੀਗੜ੍ਹ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿੱਚ ਵੀ ਇਹ ਗੂੰਜ ਉੱਚੀ ਹੋ ਰਹੀ ਸੀ। ਇਸ ਮੁਹਿੰਮ ਦੇ ਝੰਜੋੜੇ ਨੇ ਇਨਕਲਾਬੀ ਰੰਗਮੰਚ ਦੀ ਕੰਨੀ 'ਤੇ ਅਤੇ ਇਸ ਤੋਂ ਫਾਸਲੇ 'ਤੇ ਵਿਚਰਦੇ ਆ ਰਹੇ ਸੁਹਿਰਦ ਰੰਗ ਕਰਮੀਆਂ ਵਿੱਚ ਵੀ ਹਲਚਲ ਪੈਦਾ ਕਰ ਦਿੱਤੀ ਸੀ ਅਤੇ ਉਹ ਗੁਰਸ਼ਰਨ ਸਿੰਘ ਦੇ ਰੰਗਮੰਚ ਦੇ ਝੰਡੇ ਹੇਠ ਸਰਗਰਮੀ ਵਿੱਚ ਕੁੱਦ ਪਏ ਸਨ। ਅਜਿਹੇ ਕਲਾਕਾਰਾਂ ਦੀ ਇੱਕ ਪੂਰੀ ਸੂਰੀ ਵੰਨਗੀ ਹੈ, ਜਿਨ੍ਹਾਂ ਨੇ ਉਂਝ ਤਾਂ ਰੰਗਮੰਚ ਨੂੰ ਰੁਜ਼ਗਾਰ ਵਜੋਂ ਅਪਣਾਇਆ ਹੋਇਆ ਹੈ। ਪਰ ਇਹਨਾਂ ਦਿਨਾਂ ਵਿੱਚ ਉਹਨਾਂ ਨੇ ਆਪਣੀ ਸਰਗਰਮੀ ਇਨਕਲਾਬੀ ਰੰਗਮੰਚ ਮੁਹਿੰਮ ਨੂੰ ਸਮਰਪਤ ਕਰ ਦਿੱਤੀ। ਨਵੀਆਂ ਰੰਗਮੰਚ ਅਤੇ ਗੀਤ-ਸੰਗੀਤ  ਟੋਲੀਆਂ ਹੋਂਦ ਵਿੱਚ ਆ ਰਹੀਆਂ ਸਨ ਅਤੇ ਤੁਰਤ ਪੈਰ ਰਿਹਰਸਲਾਂ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਬਸਤੀਆਂ ਵੱਲ ਕੂਚ ਕਰ ਰਹੀਆਂ ਸਨ। ਇਨਕਲਾਬੀ ਅਤੇ ਲੋਕ-ਪੱਖੀ ਜਨਤਕ ਜਥੇਬੰਦੀਆਂ ਦੇ ਹੋ ਕੇ ਦੀ ਪ੍ਰੇਰਨਾ ਅਤੇ ਗੁਰਸ਼ਰਨ ਸਿੰਘ ਦੇ ਇਨਕਲਾਬੀ ਰੰਗਮੰਚ ਦਾ ਹਲੂਣਾ ਇੱਕ ਦੂਜੇ ਵਿੱਚ ਘੁਲ ਮਿਲ ਕੇ ਦਿਲਾਂ ਵਿੱਚ ਉੱਤਰ ਗਏ ਸਨ ਅਤੇ ਨਿਆਰੇ ਰੰਗ ਵਿਖਾ ਰਹੇ ਸਨ। ਇੱਕ ਨੌਜੁਆਨ ਜਥੇਬੰਦੀ ਨਾਲ ਜੁੜੇ, ਰੰਗਮੰਚ ਦੇ ਤਜਰਬੇ ਪੱਖੋਂ ਸਿਖਾਂਦਰੂ ਨੌਜੁਆਨਾਂ ਨੇ ਗੁਰਸ਼ਰਨ ਸਿੰਘ ਦੇ ਥੜ੍ਹਾ ਥੀਏਟਰ ਦੀ ਲੀਹ 'ਤੇ ਤੁਰਨ ਦੀ ਛੋਟੀ ਪਰ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਸੋਚ ਸਮਝ ਕੇ ਸਿਰਫ ਤਿੰਨ ਮੈਂਬਰੀ ਨਾਟਕ ਟੋਲੀ ਬਣਾਈ ਅਤੇ ਪੰਜ ਪਾਤਰਾਂ ਵਾਲਾ ਗੁਰਸ਼ਰਨ ਸਿੰਘ ਦਾ ਇੱਕ ਨਾਟਕ ਪੇਸ਼ਕਾਰੀ ਲਈ ਚੁਣ ਲਿਆ। ਜੋਸ਼ ਅਤੇ ਉਤਸ਼ਾਹ ਨਾਲ ਭਰੀ ਇਹ ਨਿੱਕੀ ਨੌਜੁਆਨ ਨਾਟਕ ਟੋਲੀ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਿੰਡਾਂ, ਬਸਤੀਆਂ ਅਤੇ ਕਾਲਜਾਂ ਵਿੱਚ ਜਾਂਦੀ ਅਤੇ ਲੋਕਾਂ ਨੂੰ ਇਕੱਠੇ ਕਰਕੇ ਨਾਟਕ ਪੇਸ਼ ਕਰਦੀ ਰਹੀ। ਹਫਤੇ, ਡੇਢ ਹਫਤੇ ਵਿੱਚ ਇਸ ਟੋਲੀ ਨੇ 25 ਥਾਵਾਂ 'ਤੇ ਨਾਟਕ ਪੇਸ਼ ਕੀਤੇ, ਜਿਹਨਾਂ ਵਿੱਚੋਂ 9 ਪੇਸ਼ਕਾਰੀਆਂ ਕਾਲਜਾਂ ਵਿੱਚ ਹੋਈਆਂ। ਪਹਿਲਕਦਮੀ ਦਾ ਇਹ ਸਫਲ ਤਜਰਬਾ ਅਤੇ ਜਨਤਾ ਦਾ ਹੁੰਗਾਰਾ ਇਹਨਾਂ ਪੁੰਗਰਦੇ ਕਲਾਕਾਰਾਂ ਲਈ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪੈਰ ਗੱਡ ਕੇ ਖੜ੍ਹਨ ਦੀ ਪ੍ਰੇਰਨਾ ਬਣ ਗਿਆ। 
ਨਾਟਕਾਂ ਅਤੇ ਸੰਗੀਤ ਪੇਸ਼ਕਾਰੀਆਂ ਤੋਂ ਇਲਾਵਾ ਵੱਖ ਵੱਖ ਵੰਨਗੀਆਂ ਦੇ ਗੰਭੀਰ ਸੈਮੀਨਾਰ ਵੀ ਇਸ ਮੁਹਿੰਮ ਦਾ ਹਿੱਸਾ ਸਨ। ਗੁਰਸ਼ਰਨ ਸਿੰਘ ਦੇ ਰੰਗਮੰਚ ਸਬੰਧੀ ਗੰਭੀਰ ਚਰਚਾ ਨਾਲ ਭਰਪੂਰ ਮੁੱਖ ਤੌਰ 'ਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਵਾਲੇ ਸੈਮੀਨਾਰਾਂ ਤੋਂ ਇਲਾਵਾ ਔਰਤਾਂ ਦੀ ਮੁਕਤੀ ਲਹਿਰ ਨੂੰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਦੇਣ ਬਾਰੇ ਹੋਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਸੈਂਕੜੇ ਪੇਂਡੂ ਮਿਹਨਤਕਸ਼ ਮਜ਼ਦੂਰ ਕਿਸਾਨ ਔਰਤਾਂ ਨੇ ਹਾਜ਼ਰੀ ਭਰੀ। 
ਅਜਿਹੀ ਸ਼ਾਨਦਾਰ ਜਨਤਕ ਮੁਹਿੰਮ ਦੇ ਸਿਖਰ 'ਤੇ ਹੋਏ ਚੰਡੀਗੜ੍ਹ ਦੇ ਇਨਕਲਾਬੀ ਰੰਗ-ਮੰਚ ਸਮਾਗਮ ਵਿੱਚ ਜਨਤਾ ਸਿਰਫ ਦਰਸ਼ਕਾਂ ਵਜੋਂ ਹੀ ਸ਼ਾਮਲ ਨਹੀਂ ਸੀ। ਇਹ ਉਹਨਾਂ ਦਾ ਆਪਣਾ ਸਮਾਗਮ, ਆਪਣਾ ਮੇਲਾ, ਆਪਣਾ ਤਿਓਹਾਰ ਸੀ। ਬਕਾਇਦਾ ਸਮਾਗਮ ਸ਼ਾਮ ਨੂੰ 5 ਵਜੇ ਸ਼ੁਰੂ ਹੋਣਾ ਸੀ, ਪਰ ਸਵੇਰੇ ਹੀ ਦੂਰ ਦੁਰਾਡੇ ਦੇ ਪਿੰਡਾਂ ਤੋਂ ਨੌਜੁਆਨ ਭਾਰਤ ਸਭਾ ਦੇ 250 ਵਾਲੰਟੀਅਰ ਸਮਾਗਮ ਦੇ ਇੰੰਤਜ਼ਾਮਾਂ ਲਈ ਬਾਲ-ਭਵਨ ਪੁੱਜ ਗਏ ਸਨ। ਬਸੰਤੀ ਪੱਗਾਂ ਬੰਨ੍ਹ ਕੇ ਆਏ ਸ਼ਹੀਦ ਭਗਤ ਸਿੰਘ ਅਤੇ ਗੁਰਸ਼ਰਨ ਸਿੰਘ ਦੇ ਇਹ ਨੌਜੁਆਨ ਵਾਰਸ ਹਰ ਕਿਸਮ ਦੀਆਂ ਜੁੰਮੇਵਾਰੀਆਂ ਨਿਭਾਉਣ ਵਿੱਚ ਜੀਅ ਜਾਨ ਨਾਲ ਜੁਟੇ ਹੋਏ ਸਨ ਅਤੇ ਜਬਤ ਤੇ ਸਲੀਕੇ ਦੀ ਮਿਸਾਲ ਪੇਸ਼ ਕਰ ਰਹੇ ਸਨ। ਲੰਗਰ ਦੇ ਇੰਤਜ਼ਾਮਾਂ ਦੀ ਜੁੰਮੇਵਾਰੀ ਬੀ.ਕੇ.ਯੂ. ਏਕਤਾ (ਉਗਰਾਹਾਂ) ਅਤੇ ਸਹਿਯੋਗੀ ਜਥੇਬੰਦੀਆਂ ਨੇ ਓਟੀ ਹੋਈ ਸੀ। ਰੋਟੀ, ਦਾਲ, ਸਬਜ਼ੀ, ਚੌਲਾਂ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤ ਰਿਹਾ ਸੀ। ਇਸ ਖਾਤਰ ਪਿੰਡਾਂ ਵਿੱਚ ਵੱਡੀ ਜਨਤਕ ਮੁਹਿੰਮ ਚੱਲੀ ਸੀ ਅਤੇ ਘਰਾਂ 'ਚੋਂ ਕੌਲੀ-ਕੌਲੀ ਆਟਾ, ਖੰਡ ਵਗੈਰਾ ਇਕੱਠੇ ਕੀਤੇ ਗਏ ਸਨ। ਪਲਸ ਮੰਚ ਦੇ ਨੁਮਾਇੰਦਿਆਂ ਵੱਲੋਂ, ਲੋਕਾਂ, ਵਿਸ਼ੇਸ਼ ਕਰਕੇ ਬੀ.ਕੇ.ਯੂ. ਏਕਤਾ (ਉਗਰਾਹਾਂ) ਦਾ ਧੰਨਵਾਦ ਕਰਦਿਆਂ, ਇਸ ਲੰਗਰ ਨੂੰ ''ਭਾਈ ਲਾਲੋਆਂ ਦਾ ਯੱਗ'' ਆਖਿਆ ਗਿਆ। 
ਇਸ ਸਿਖਰ ਸਮਾਗਮ ਤੋਂ ਪਹਿਲਾਂ ਲੋਕ ਸਥਾਨਕ ਪੱਧਰੇ ਮਿੰਨੀ ਸਮਾਗਮਾਂ ਰਾਹੀਂ ਤਿਆਰ ਹੋ ਕੇ ਆਏ ਸਨ। ਥਾਂ ਥਾਂ ਜਨਤਕ ਮੀਟਿੰਗਾਂ ਦਾ ਜ਼ੋਰਦਾਰ ਸਿਲਸਿਲਾ ਚੱਲਿਆ ਸੀ, ਜਿਥੇ ਗੁਰਸ਼ਰਨ ਸਿੰਘ ਦੀ ਘਾਲਣਾ ਅਤੇ ਇਨਕਲਾਬੀ ਰੰਗਮੰਚ ਤੇ ਲੋਕ ਲਹਿਰ ਦੇ ਰਿਸ਼ਤੇ ਬਾਰੇ ਭਰਪੂਰ ਚਰਚਾ ਹੋਈ ਸੀ। ਸੋ ਇਨਕਲਾਬੀ ਪ੍ਰੇਰਨਾ ਅਤੇ ਸੋਝੀ ਦੇ ਰੰਗ ਵਿੱਚ ਰੰਗੇ ਵਿਸ਼ਾਲ, ਇਕੱਠ ਨੇ ਜਬਤ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਸਾਊਂਡ ਸਿਸਟਮ ਵਿੱਚ ਕੁਝ ਕਾਰਨਾਂ ਕਰਕੇ ਵਾਰ ਵਾਰ ਵਿਘਨ ਪੈਣ ਅਤੇ ਆਵਾਜ਼ ਸੁਣਾਈ ਨਾ ਦੇਣ ਦੇ ਬਾਵਜੂਦ ਲੋਕ ਜੰਮ ਕੇ ਪੰਡਾਲ ਵਿੱਚ ਬੈਠੇ ਰਹੇ। 
ਕਿਸਾਨ ਜਥੇਬੰਦੀਆਂ ਨੂੰ ਵਿਸ਼ਾਲ ਲਾਮਬੰਦੀ ਵਾਲੇ ਭਾਰੀ ਇਕੱਠਾਂ ਸਮੇਂ ਅਕਸਰ ਹੀ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋੜੀਂਦੀ ਚੇਤਨਾ ਅਤੇ ਸੂਝ ਦੀ ਘਾਟ ਕਰਕੇ ਇੱਕ ਛੋਟਾ ਹਿੱਸਾ, ਖਾਸ ਕਰਕੇ ਚੰਡੀਗੜ੍ਹ ਵਿੱਚ ਇਕੱਠਾਂ ਸਮੇਂ, ਸ਼ਰਾਬ ਪੀਂਦਾ ਹੈ ਜਾਂ ਵਾਪਸੀ 'ਤੇ ਸਸਤੀ ਸ਼ਰਾਬ ਖਰੀਦ ਕੇ ਲਿਆਉਂਦਾ ਹੈ। ਇਸ ਸਮੱਸਿਆ ਦੇ ਸਨਮੁਖ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਪਿੰਡਾਂ ਵਿੱਚ ਸਮਝਾਊ ਮੁਹਿੰਮ ਚਲਾਈ ਗਈ ਅਤੇ ਚੰਡੀਗੜ੍ਹ ਸਮਾਗਮ ਦੌਰਾਨ ਸ਼ਰਾਬ ਰੋਕੂ ਚੌਕਸੀ ਅਤੇ ਕਾਰਵਾਈ ਦਸਤੇ ਤਾਇਨਾਤ ਕੀਤੇ ਗਏ। ਇਹ ਦਸਤੇ ਖਰੀਦੀ ਹੋਈ ਸ਼ਰਾਬ ਕਬਜ਼ੇ ਵਿੱਚ ਲੈ ਕੇ ਡੋਲ੍ਹਦੇ ਸਨ ਅਤੇ ਸ਼ਰਾਬ ਲੈ ਕੇ ਜਾਂ ਪੀ ਕੇ ਪੰਡਾਲ ਵਿੱਚ ਦਾਖਲ ਹੋਣ ਵਾਲਿਆਂ ਨੂੰ ਰੋਕਦੇ ਸਨ। ਸਿੱਟੇ ਵਜੋਂ ਪੰਡਾਲ ਆਮ ਕਰਕੇ ਸ਼ਰਾਬੀਆਂ ਤੋਂ ਮੁਕਤ ਰਿਹਾ ਅਤੇ ਜਿਹੜੇ ਵੀ ਟਾਵੇਂ-ਟੱਲੇ ਉਲੰਘਣਾ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਹੋ ਗਈ, ਉਸਦੀ ਸ਼ਰਾਬ ਕਬਜ਼ੇ ਵਿੱਚ ਕਰਕੇ ਡੋਲ੍ਹ ਦਿੱਤੀ ਗਈ ਤੇ ਉਸਨੂੰ ਪੰਡਾਲ ਤੋਂ ਬਾਹਰ ਕਰ ਦਿੱਤਾ ਗਿਆ। ਜਬਤ ਲਈ ਲਏ ਇਹਨਾਂ ਜਥੇਬੰਦ ਕਦਮਾਂ ਦੀ ਸਭਨਾਂ ਵੱਲੋਂ, ਵਿਸ਼ੇਸ਼ ਕਰਕੇ ਔਰਤਾਂ ਅਤੇ ਚੰਡੀਗੜ੍ਹ ਦੇ ਸ਼ਹਿਰੀਆਂ ਵੱਲੋਂ ਭਰਪੂਰ ਪ੍ਰਸੰਸਾ ਹੋਈ। ਇੱਥੋਂ ਤੱਕ ਕਿ ਚੰਡੀਗੜ੍ਹ ਪੁਲਸ ਦੇ ਸਿਪਾਹੀ ਵੀ ਪ੍ਰਭਾਵਿਤ ਹੋਏ। 
ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਤ ਇਸ ਵਿਸ਼ਾਲ ਇਨਕਲਾਬੀ ਜਸ਼ਨ ਵਿੱਚ ਉੱਚ ਮੱਧਵਰਗੀ ਬੁੱਧੀਜੀਵੀਆਂ ਤੋਂ ਲੈ ਕੇ, ਪੇਂਡੂ-ਸ਼ਹਿਰੀ ਗਰੀਬਾਂ ਤੱਕ ਅਤੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਵੰਨਗੀ ਸ਼ਾਮਲ ਸੀ। ਪਿੰਡਾਂ ਵਿੱਚ ਹੋਏ ਸਮਾਗਮਾਂ ਵਾਂਗ ਹੀ, ਪੰਡਾਲ ਵਿੱਚ ਔਰਤਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਸੀ ਅਤੇ ਦਲਿਤ ਹਿੱਸਿਆਂ ਦੀ ਚੰਗੀ ਸ਼ਮੂਲੀਅਤ ਸੀ। 
ਗੁਰਸ਼ਰਨ ਸਿੰਘ ਦੇ ਲਿਖੇ ਨਾਟਕਾਂ ਦੀਆਂ ਸਫਲ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਤੋਂ ਇਲਾਵਾ, ਇਨਕਲਾਬੀ ਐਕਸ਼ਨ ਗੀਤ, ਗੁਰਸ਼ਰਨ ਸਿੰਘ ਦੇ ਜੀਵਨ ਬਾਰੇ ਦਸਤਾਵੇਜ਼ੀ ਫਿਲਮ ''ਸਦਾ ਸਫ਼ਰ 'ਤੇ'', ਸੰਗੀਤ ਮੰਡਲੀਆਂ ਅਤੇ ਵਿਅਕਤੀਗਤ ਕਲਾਕਾਰਾਂ ਵੱਲੋਂ ਗੀਤ-ਕਵਿਤਾਵਾਂ ਅਤੇ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਪ੍ਰਕਾਸ਼ਨਾਵਾਂ ਦੀ ਘੁੰਡ-ਚੁਕਾਈ, ਸਭ ਕੁਝ ਇਨਕਲਾਬੀ ਜੋਸ਼-ਖਰੋਸ਼ ਅਤੇ ਥਰਕਦੇ ਜਜ਼ਬਾਤਾਂ ਦੇ ਮਾਹੌਲ 'ਚ ਹੋ ਰਿਹਾ ਸੀ। ਸਟੇਜ ਤੋਂ ਰੰਗ ਕਰਮੀਆਂ ਦਾ ਸਾਂਝਾ ਅਹਿਦ ਆਪਣੇ ਆਪ ਵਿੱਚ ਇੱਕ ਅਹਿਮ ਵੰਨਗੀ ਸੀ, ਜਿਸ ਰਾਹੀਂ ਗੁਰਸ਼ਰਨ ਸਿੰਘ ਦੀਆਂ ਰਵਾਇਤਾਂ ਨੂੰ ਅੱਗੇ ਲੈ ਕੇ ਜਾਣ ਅਤੇ ਲੋਕਾਂ ਦੇ ਭਰਪੂਰ ਹੁੰਗਾਰੇ ਦਾ ਸਿਲਾ ਮੋੜਨ ਦਾ ਸਮੂਹਿਕ ਇਕਰਾਰ ਕੀਤਾ ਗਿਆ ਸੀ। 
ਇਉਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਪ੍ਰੇਰਨਾ ਦੇ ਵੰਨ-ਸੁਵੰਨੇ ਰੰਗ ਚੰਡੀਗੜ੍ਹ ਦੇ ਬਾਲ-ਭਵਨ ਵਿੱਚ ਆਪਣੀ ਭਰਪੂਰਤਾ ਵਿੱਚ ਟਹਿਕ ਉੱਠ ਸਨ। ਗੁਰਸ਼ਰਨ ਸਿੰਘ ਦੀ ਪ੍ਰੇਰਨਾ ਦਾ ਇਹ ਖੇੜਾ ਸਭਨਾਂ ਦੇ ਜਜ਼ਬਾਤਾਂ ਵਿੱਚ ਉੱਤਰਦਾ ਜਾ ਰਿਹਾ ਸੀ। ਇਹਨਾਂ ਝੰਜੋੜੇ ਹੋਏ ਸਮੂਹਿਕ ਜਜ਼ਬਿਆਂ ਦੀ ਪ੍ਰਭਾਵਸ਼ਾਲੀ ਤਰਜਮਾਨੀ ਗੁਰਸ਼ਰਨ ਸਿੰਘ ਦੀ ਧੀ ਅਤੇ ਪਲਸ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ ਨੇ ਤਾੜੀਆਂ ਦੀ ਗੂੰਜ ਦਰਮਿਆਨ ਆਪਣੇ ਭਾਸ਼ਣ ਰਾਹੀਂ ਕੀਤੀ। 
ਧੁਰ ਅੰਦਰੋਂ ਲੋਕਾਂ ਲਈ ਜਾਣ ਵਾਲਾ ਗੁਰਸ਼ਰਨ ਸਿੰਘ ਵਿਦਾ ਹੋ ਕੇ ਵੀ ਦਿਲਾਂ ਵਿੱਚ ਸਦਾ ਲਦਾ ਲਈ ਜੀਅ ਉੱਠਿਆ ਸੀ। ਨਿੱਜੀ ਰਿਸ਼ਤੇ ਨਾਤਿਆਂ ਦੀਆਂ ਹੱਦਾਂ ਗੁਰਸ਼ਰਨ ਸਿੰਘ ਦੀਆਂ ਹੱਦਾਂ ਨਹੀਂ ਸਨ। ਇਸੇ ਕਰਕੇ ਲੋਕਾਂ ਨੇ ਜਿਉਂਦੇ ਜੀਅ ਕੁੱਸਾ ਵਿੱਚ ਨਿਵੇਕਲਾ ਸਨਮਾਨ ਕਰਕੇ ਗੁਰਸ਼ਰਨ ਸਿੰਘ ਨੂੰ ਪਲਕਾਂ 'ਤੇ ਬਿਠਾਇਆ ਸੀ। ਹੁਣ ਗੁਰਸ਼ਰਨ ਸਿੰਘ ਨੂੰ ਸਮਰਪਤ ਪਹਿਲੇ ਇਨਕਲਾਬੀ ਰੰਗਮੰਚ ਦਿਹਾੜੇ 'ਤੇ ਇਹ ਅਪਣਾਪਣ ਅਣਕਿਆਸੇ ਭਰਪੂਰ ਹੁੰਗਾਰੇ ਦੇ ਰੂਪ ਵਿੱਚ ਛਲਕ ਉੱਠਿਆ ਸੀ। ਗੁਰਸ਼ਰਨ ਸਿੰਘ ਦੇ ਵਾਰਸਾਂ ਨੇ ਕਿਸੇ ਇਨਕਲਾਬੀ ਫੌਜ ਦੇ ਜਬਤਬੱਧ ਸਿਪਾਹੀਆਂ ਵਾਂਗ ਦਿਨ-ਰਾਤ ਸਰਗਰਮੀ ਕੀਤੀ ਸੀ। ਰਾਤਾਂ ਦੀ ਨੀਂਦ ਅਤੇ ਆਰਾਮ ਤਿਆਗ ਦਿੱਤਾ ਸੀ, ਜਿਵੇਂ ਗੁਰਸ਼ਰਨ ਸਿੰਘ ਨੇ ਸਾਰੀ ਜ਼ਿੰਦਗੀ ਤਿਆਗੀ ਰੱਖਿਆ ਸੀ। ਗੁਰਸ਼ਰਨ ਸਿੰਘ ਲੋਕਾਂ ਦਾ ਅਤੇ ਲੋਕ ਗੁਰਸ਼ਰਨ ਸਿੰਘ ਦੇ ਹੋ ਗਏ ਸਨ। 
ਸਿਰ ਤੋਂ ਪੈਰਾਂ ਤੱਕ ਝੰਜੋੜੀ ਹੋਈ ਅਤੇ ਜਜ਼ਬਾਤਾਂ ਨਾਲ ਭਰੀ ਹੋਈ ਗੁਰਸ਼ਰਨ ਸਿੰਘ ਦੀ ਧੀ ਦਾ ਸਿਰ ਮਾਣ ਨਾਲ ਉੱਚਾ ਸੀ ਅਤੇ ਦਿਲ ਲੋਕਾਂ ਲਈ, ਗੁਰਸ਼ਰਨ ਸਿੰਘ ਦੇ ਵੱਡੇ ਪਰਿਵਾਰ ਲਈ, ਨਿਰਛਲ ਅਪਣੱਤ ਅਤੇ ਸਤਿਕਾਰ ਨਾਲ ਭਰਿਆ ਹੋਇਆ ਸੀ। ਕੀ ਉਹ ਲੋਕਾਂ ਦਾ ਧੰਨਵਾਦ ਕਰੇ? ਨਹੀਂ! ਉਸਦੇ ਦਿਲ ਦੀ ਆਵਾਜ਼ ਪੰਡਾਲ ਵਿੱਚ ਥਰਕ ਰਹੀ ਸੀ। ਆਪਣੇਪਣ ਦੇ ਇਸ ਮਿਸਾਲੀ ਨਜ਼ਾਰੇ ਨੇ  ਧੰਨਵਾਦ ਦੀ ਗੁੰਜਾਇਸ਼ ਨਹੀਂ ਸੀ ਛੱਡੀ। 
ਕਿਸੇ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਗੁਰ ਨਾਨਕ ਦੀ ਮਾਤਾ ਤ੍ਰਿਪਤਾ ਦੇ ਜਜ਼ਬਾਤਾਂ ਨੂੰ ਪੇਸ਼ ਕਰਦੀ ਕਵਿਤਾ ਲਿਖੀ ਸੀ, ''ਨੀਂ ਜਿੰਦੇ ਮੇਰੀਏ/ਤੂੰ ਕੀਹਦੇ ਲਈ ਕੱਤਦੀ ਏਂ ਮੋਹ ਦੀ ਪੂਣੀ/ਮੋਹ ਦੀਆਂ ਤੰਦਾਂ 'ਚ/ਚਾਨਣ ਨਾ ਵਲੀਂਦਾ/ਸੁਰਜ ਨਾ ਬੱਝੀਂਦਾ।''
ਅੱਜ ਜਿਵੇਂ ਗੁਰਸ਼ਰਨ ਸਿੰਘ ਦੀ ਧੀ ਆਪਣੇ ਅੱਤ ਪਿਆਰ ਅਤੇ ਸਤਿਕਾਰਤ ਪਿਓ ਲਈ ਆਪਣੇ ਨਿੱਜੀ ਮੋਹ ਦੀ ਤੰਦ ਲੋਕਾਂ ਨੂੰ ਭੇਟ ਕਰ ਰਹੀ ਸੀ। ਇਸਨੂੰ ਗੁਰਸ਼ਰਨ ਸਿੰਘ ਲਈ ਧੜਕਦੇ ਲੋਕਾਂ ਦੇ ਪਿਆਰ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਰਹੀ ਸੀ। 
ਇਨਕਲਾਬੀ ਰੰਗਮੰਚ ਦਿਵਸ ਦੀ ਮੁਹਿੰਮ ਨਿੱਜ ਅਤੇ ਸਮੂਹ ਦੀਆਂ ਵਿੱਥਾਂ ਮਿਟਾ ਦੇਣ ਦਾ ਹੋਕਾ ਸੀ। ਗੁਰਸ਼ਰਨ ਸਿੰਘ ਦੀ ਧੀ ਦੇ ਬੋਲਾਂ ਰਾਹੀਂ ਇਸਦੀ ਸਫਲਤਾ ਦੀ ਸਿਖਰ ਝਲਕੀ ਪੇਸ਼ ਹੋ ਰਹੀ ਸੀ।    -0-
—————————————————————————————————————————————
ਗੁਰਸ਼ਰਨ ਸਿੰਘ ਦੀ ਬਰਸੀ ਨੂੰ ਸਮਰਪਤ 

''ਸਲਾਮ'' ਦਾ ਅਗਲਾ ਵਿਸ਼ੇਸ਼ ਅੰਕ
—ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਅਤੇ ਜਗਰਾਵਾਂ ਸਮਾਗਮ ਦੀਆਂ ਝਲਕਾਂ/ਰਿਪੋਰਟਾਂ
—ਸਮਾਗਮ ਅਤੇ ਸੈਮੀਨਾਰਾਂ ਦੀਆਂ ਤਕਰੀਰਾਂ ਦੇ ਅਹਿਮ ਅੰਸ਼
—ਗੁਰਸ਼ਰਨ ਸਿੰਘ ਦੀ ਸਖਸ਼ੀਅਤ ਅਤੇ ਰੋਲ ਬਾਰੇ ਅਹਿਮ ਲਿਖਤਾਂ/ਟਿੱਪਣੀਆਂ 
ਅਕਤੂਬਰ ਦੇ ਦੂਸਰੇ ਪੰਦਰਵਾੜੇ 'ਚ ਜਾਰੀ ਹੋ ਰਿਹਾ ਹੈ। 
ਮੁੱਖ ਸੰਪਾਦਕ: ਜਸਪਾਲ ਜੱਸੀ, ਸੰਪਾਦਕ: ਪਵੇਲ ਕੁੱਸਾ

No comments:

Post a Comment