Friday, October 5, 2012

ਸਰਗਰਮੀਆਂSurkh Rekha Sep-Oct 2012


ਸਰਗਰਮੀਆਂ
'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ
ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ

ਬਠਿੰਡਾ; ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਦੀ ਤਿਆਰੀ 'ਚ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਅੱਜ ਟੀਚਰਜ਼ ਹੋਮ ਬਠਿੰਡਾ 'ਚ ਸੈਂਕੜੇ ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ ਹੋਈ। ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਵੱਲੋਂ 'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ ਸੱਦੀ ਇਸ ਇਕੱਤਰਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ ਅਤੇ ਐਡਵੋਕੇਟ ਐਨ. ਕੇ. ਜੀਤ ਨੇ ਵਿਸਥਾਰੀ ਭਾਸ਼ਣ ਦਿੱਤੇ। ਮਾਲਵਾ ਖੇਤਰ ਤੋਂ ਜੁੜੀਆਂ ਮਜ਼ਦੂਰ ਕਿਸਾਨ ਔਰਤ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ ਜੀਵਨ ਭਰ ਦੀ ਸਰਗਰਮੀ ਦੌਰਾਨ ਔਰਤਾਂ ਦੀ ਸਮਾਜਕ ਆਰਥਕ ਬਰਾਬਰੀ ਦੇ ਮਸਲੇ ਨੂੰ ਬਹੁਤ ਜ਼ੋਰ ਨਾਲ ਉਭਾਰਿਆ। ਸਾਡੇ ਸਮਾਜ 'ਚ ਔਰਤਾਂ ਨੂੰ ਪਈਆਂ ਬੇੜੀਆਂ, ਮਰਦਾਵਾਂ ਦਾਬਾ, ਔਰਤਾਂ 'ਤੇ ਹੁੰਦੇ ਜ਼ਬਰ ਅਤੇ ਵਿਤਕਰੇ ਗੁਰਸ਼ਰਨ ਸਿੰਘ ਦੇ ਨਾਟਕਾਂ 'ਚ ਬਹੁਤ ਉੱਭਰਵੇਂ ਢੰਗ ਨਾਲ ਪੇਸ਼ ਹੋਏ। ਔਰਤ ਵਿਰੋਧੀ ਸਮਾਜਕ ਧਾਰਨਾਵਾਂ ਉਹਨਾਂ ਦੀ ਕਲਾ ਦਾ ਚੁਣਵਾਂ ਨਿਸ਼ਾਨਾ ਬਣਦੀਆਂ ਰਹੀਆਂ। ਉਹਨਾਂ ਦੇ ਬਰਾਬਰੀ ਭਰੇ ਸਮਾਜ ਦੀ ਉਸਾਰੀ ਦੇ ਸੰਕਲਪ ਵਿੱਚ ਔਰਤ ਦੀ ਆਰਥਕ ਸਮਾਜਕ ਪੁੱਗਤ ਸਥਾਪਤ ਕਰਨਾ ਵੀ ਸ਼ਾਮਲ ਸੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਮਿਹਨਤਕਸ਼ ਲੋਕਾਂ 'ਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਵੱਡੇ ਆਰਥਕ ਬੋਝ ਲੱਦੇ ਜਾ ਰਹੇ ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਔਰਤਾਂ 'ਤੇ ਪੈ ਰਹੀ ਹੈ। ਔਰਤਾਂ ਦੀ ਜ਼ਿੰਦਗੀ ਬਦਲਣ ਲਈ ਲਾਜ਼ਮੀ ਹੈ ਕਿ ਉਹ ਲੋਕ ਹੱਕਾਂ ਲਈ ਚਲਦੇ ਸੰਗਰਾਮਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ, ਜੱਥੇਬੰਦ ਹੋਣ ਤੇ ਸੰਘਰਸ਼ਾਂ 'ਚ ਮੋਹਰੀ ਭੂਮਿਕਾ ਨਿਭਾਉਣ।
ਐਡਵੋਕੇਟ ਐਨ. ਕੇ. ਜੀਤ ਨੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਔਰਤ ਲਹਿਰਾਂ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਚੀਨ 'ਚ ਲੋਕ ਮੁਕਤੀ ਲਈ ਚੱਲਦੇ ਸੰਘਰਸ਼ਾਂ 'ਚ ਔਰਤਾਂ ਨੇ ਬਹੁਤ ਅਹਿਮ ਹਿੱਸਾ ਪਾਇਆ ਸੀ। ਉੱਥੇ ਸਥਾਪਤ ਹੋਏ ਲੋਕ ਪੱਖੀ ਨਿਜ਼ਾਮ 'ਚ ਔਰਤਾਂ ਹਕੀਕੀ ਤੌਰ 'ਤੇ ਅੱਧ ਦੀਆਂ ਮਾਲਕ ਬਣੀਆਂ ਤੇ ਆਪਣੀ ਤਕਦੀਰ ਦੀ ਉਸਾਰੀ ਆਪਣੇ ਹੱਥ ਲਈ। ਉਹਨਾਂ ਸਾਡੇ ਦੇਸ਼ ਤੇ ਪੰਜਾਬ 'ਚ ਲੜੇ ਜਾ ਰਹੇ ਸੰਘਰਸ਼ਾਂ ਦੌਰਾਨ ਔਰਤਾਂ ਵੱਲੋਂ ਨਿਭਾਈ ਭੂਮਿਕਾ ਦਾ ਮਹੱਤਵ ਉਘਾੜਿਆ ਤੇ ਕਈ ਵੱਡੇ ਜਨਤਕ ਘੋਲਾਂ ਦੀ ਜਿੱਤ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਾਰੇ ਵਿਸਥਾਰ 'ਚ ਦੱਸਿਆ। ਉਹਨਾਂ ਔਰਤ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸੰਘਰਸ਼ਾਂ 'ਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਹੀ ਔਰਤ ਮੁਕਤੀ ਦਾ ਰਾਹ ਖੁੱਲ੍ਹਣਾ ਹੈ। ਔਰਤ ਕਾਰਕੁੰਨਾਂ ਤਰਫੋਂ ਹਰਿੰਦਰ ਬਿੰਦੂ ਨੇ ਜਿੱਥੇ ਬੁਲਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਤਾਜ਼ਾ ਕਿਸਾਨ ਸੰਘਰਸ਼ਾਂ 'ਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਵੀ ਕੀਤੀ। ਪਾਵੇਲ ਕੁੱਸਾ ਦੀ ਮੰਚ ਸੰਚਾਲਣਾ 'ਚ ਹੋਏ ਸਮਾਗਮ ਦੌਰਾਨ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਅਤੇ ਜ਼ੋਰਾ ਸਿੰਘ ਨਸਰਾਲੀ ਵੀ ਹਾਜ਼ਰ ਸਨ। ਅੰਤ ਵਿੱਚ ਕਮੇਟੀ ਨੇ ਸਭਨਾਂ ਨੂੰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ 23 ਨੂੰ ਜਗਰਾਉਂ ਅਤੇ 27 ਸਤੰਬਰ ਨੂੰ ਚੰਡੀਗੜ੍ਹ 'ਚ ਹੋ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।  
ਪਾਸ਼ ਯਾਦਗਾਰੀ ਸਾਹਿਤਕ ਚਰਚਾ ਅਤੇ 
ਕਵੀ ਦਰਬਾਰ 

ਪੰਜਾਬੀ ਸਾਹਿਤ ਦੇ ਸਾਗਰ, ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਯਾਦਗਾਰੀ ਸਾਹਿਤਕ ਸਮਾਗਮ 'ਚ 'ਪਾਸ਼-ਕਾਵਿ ਦੀ ਵਿਲੱਖਣ ਦੇਣ' ਵਿਸ਼ੇ ਉਪਰ ਬੋਲਦਿਆਂ ਮੁੱਖ ਬੁਲਾਰੇ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਪਾਸ਼ ਤੋਂ ਪਹਿਲਾਂ ਵੀ ਲੋਕ-ਸਰੋਕਾਰਾਂ ਅਤੇ ਲੋਕਾਂ ਅੰਦਰ ਪ੍ਰਵਾਨ ਚੜ੍ਹੇ ਚਿੰਨ੍ਹਾਂ ਵਿੱਚ ਕਵਿਤਾ ਲਿਖੀ ਤਾਂ ਗਈ ਪਰ ਪਾਸ਼ ਇਨ੍ਹਾਂ ਦਿਸਹੱਦਿਆਂ ਤੋਂ ਪਾਰ ਜਾਂਦਾ ਹੋਇਆਂ ਸਮਾਜ ਦੇ ਸਭ ਤੋਂ ਦਰੜੇ ਲੋਕਾਂ ਅਤੇ ਬੁੱਧੀਜੀਵੀਆਂ ਦੇ ਸਾਂਝੇ ਸਰੋਕਾਰ ਜਗਾਉਂਦਾ ਹੋਇਆਂ ਇਸ ਲੋਕ ਵਿਰੋਧੀ, ਸਮਾਜ ਦੇ ਅਨੇਕਾਂ ਵਿਗਾੜਾਂ ਤੋਂ ਂਮੁਕੰਮਲ ਛੁਟਕਾਰਾ ਪਾਉਂਣ ਲਈ ਲੋਕਾਂ ਨੂੰ ਨਵੀਂ ਜ਼ਿੰਦਗੀ ਦੀ ਸਿਰਜਣਾ ਲਈ ਸੰਗਰਾਮ ਦੀਆਂ ਤਰੰਗਾਂ ਵੀ ਛੇੜਦਾ ਹੈ।
ਡਾ. ਸੁਰਜੀਤ ਭੱਟੀ ਨੇ ਲੱਗ ਭੱਗ ਪੌਣੇ ਘੰਟੇ ਤੋਂ ਵੀ ਵੱਧ ਸਮਾਂ ਸਰੋਤਿਆਂ ਦੇ ਮਨਾਂ ਨੂੰ ਟੁੰਬਵਾ ਭਾਸ਼ਣ ਦਿੰਦਿਆਂ ਕਿਹਾ ਕਿ ਪਾਸ਼ ਨੇ ਬਹੁਤ ਹੀ ਰੜਕਵੇਂ ਲੋਕ ਸਰੋਕਾਰਾਂ ਨੂੰ ਆਪਣੀ ਕਾਵਿ ਸਿਰਜਣਾ ਦਾ ਵਿਸ਼ਾ ਬਣਾਇਆਂ ਅਤੇ ਕਾਵਿ ਸਿਰਜਣਾ ਦੇ ਅੰਬਰ 'ਤੇ ਉÎੱਚੀ ਪਰਵਾਜ਼ ਭਰਦਿਆਂ ਆਪਣੇ ਪੈਰ ਆਪਣੀ ਮਿੱਟੀ ਨਾਲ ਵੀ ਜੋੜਕੇ ਰੱਖੇ ਹਨ।
ਮਿੱਤਰ ਸੈਨ ਮੀਤ, ਬਲਦੇਵ ਸੜਕਨਾਮਾ, ਅਤਰਜੀਤ, ਕੰਵਰਜੀਤ ਭੱਠਲ, ਕੰਵਲਜੀਤ ਖੰਨਾ ਦੇ ਪ੍ਰਧਾਨਗੀ ਮੰਡਲ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਭਾਰਤ ਦੇ ਮੈਂਬਰ ਡਾ.ਪਰਮਿੰਦਰ ਸਿੰਘ ਦੀ ਮੰਚ ਸੰਚਾਲਨਾ ਹੇਠ ਹੋਏ ਇਸ ਸੈਸ਼ਨ ਦੇ ਅਰੰਭਕ ਸ਼ਬਦ ਡਾ.ਹਰਿਭਗਵਾਨ ਅਤੇ ਡਾ. ਕੰਵਰਜੀਤ ਭੱਠਲ, ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਦੇ ਕਰਮਵਾਰ ਪ੍ਰਧਾਨ ਅਤੇ ਜਰਨਲ ਸਕੱਤਰ ਨੇ ਕਹੇ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ, ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਅਤੇ ਬਰਨਾਲਾ ਦੀਆਂ ਸਮੂਹ ਸਾਹਿਤਕ ਅਤੇ ਲੋਕ ਪੱਖੀ ਸੰਸਥਾਵਾਂ ਦੇ ਸਹਿਯੋਗ ਨਾਲ ਹੋਏ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਵਿੱਚ ਨਾਮਵਰ ਨਾਵਲਕਾਰ ਮਿੱਤਰ ਸੈਨ ਮੀਤ ਨੇ ਕਿਹਾ ਕਿ ਪਾਸ਼ ਨੂੰ ਯਾਦ ਕਰਨ ਦਾ ਮਤਲਬ ਪਾਸ਼ ਦੀ ਸ਼ਾਇਰੀ ਵਾਂਗ ਸਾਨੂੰ ਆਪਣੀਆਂ ਕਲਮਾਂ ਅਤੇ ਅਮਲ ਨੂੰ ਸੰਘਰਸ਼ਸ਼ੀਲ ਲੋਕਾਂ ਨਾਲ ਸੁਰਤਾਲ ਬਿਠਾਉਣ ਵੱਲ ਉਚੇਚੀ ਤਵੱਜੋ ਦੇਣੀ ਚਾਹੀਦੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸੜਕਨਾਮਾ ਨੇ ਕਿਹਾ ਕਿ ਪਾਸ਼ ਦੀ ਕਵਿਤਾ ਜ਼ਮੀਨ ਨਾਲ ਜੁੜੀ ਕਵਿਤਾ ਹੈ ਜਿਹੜੇ ਮੇਰੇ ਵਰਗੇ ਵਾਰਤਕ ਦੇ ਰਚਨਾਕਾਰ ਨੂੰ ਵੀ ਮੂੰਹ ਜੁਬਾਨੀ ਯਾਦ ਰਹਿੰਦੀ ਹੈ। ਪਾਸ਼ ਨੂੰ ਭਾਵੇਂ ਕਾਲੀਆਂ ਤਾਕਤਾਂ ਮਿਟਾਉਣਾ ਚਾਹਿਆਂ ਪਰ ਉਸ ਦੀ ਕਵਿਤਾ ਦੀ ਲੋਅ ਰੋਸ਼ਨ ਰਹੇਗੀ।
ਪਾਸ਼, ਉਦਾਸੀ, ਲਾਲ ਸਿੰਘ ਦਿਲ ਅਤੇ ਪੱਡਾ ਦੀਆਂ ਕਵਿਤਾਵਾਂ ਦੀਆਂ ਟੂਕਾਂ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਾਮਿਆਂ ਵੱਲੋਂ ਲਿਖੇ ਲੇਖਾਂ ਦੇ ਚੌਖਟੇ ਨੇ, ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਦੀ ਸੋਚ ਦਾ ਦਾਇਰਾ ਹੋਰ ਵੀ ਵਸੀਹ ਕਰਕੇ ਉਭਾਰਿਆ। 
ਦੂਜੇ ਸੈਸ਼ਨ 'ਚ ਹੋਏ ਕਵੀ ਦਰਬਾਰ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ 22 ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ, ਪ੍ਰੋ. ਰਵਿੰਦਰ ਭੱਠਲ, ਰਾਮ ਸਰੂਪ ਸ਼ਰਮਾ ਅਤੇ ਸਰਦਾਰ ਪੰਛੀ 'ਤੇ ਆਧਾਰਤ ਪ੍ਰਧਾਨਗੀ ਮੰਡਲ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਸੂਬਾ ਕਮੇਟੀ ਮੈਂਬਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ ਹੇਠ ਹੋਏ ਕਵੀ ਦਰਬਾਰ 'ਚ ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ, ਗੁਰਪਾਲ ਨੂਰ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਜਾਗੀਰ ਜੋਸਣ, ਬੂਟਾ ਸਿੰਘ ਚੌਹਾਨ, ਪ੍ਰੋ. ਸੁਰਿੰਦਰ ਭੱਟਲ, ਮਹਿੰਦਰਪਾਲ ਭੱਠਲ, ਦਵੀ ਦਵਿੰਦਰ, ਗਜ਼ਲਗੋ ਜਸਵਿੰਦਰ, ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ, ਹਰਮੀਤ ਵਿਦਿਆਰਥੀ, ਮਨਿੰਦਰ ਧਨੋਆ, ਜਗਸੀਰ ਜੀਦਾ, ਰਾਮ ਸਰੂਪ ਸ਼ਰਮਾ, ਪ੍ਰੋ. ਰਵਿੰਦਰ ਭੱਟਲ ਅਤੇ ਬਜ਼ੁਹਗ ਕਵੀ ਸਰਦਾਰ ਪੰਛੀ ਨੇ ਕਵਿਤਾਵਾਂ ਪੇਸ਼ ਕੀਤੀਆਂ। 
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਪਾਸ਼ ਨਾਲ ਯਾਦਾਂ ਸਾਂਝੀਆਂ ਕੀਤੀਆਂ, ਦੇਸ਼ ਵਿਦੇਸ਼ ਟ੍ਰਸਟ ਦੀਆਂ ਸਰਗਰਮੀਆਂ ਦਾ ਬਿਊਰਾ ਪੇਸ਼ ਕੀਤਾ। ਧੰਨਵਾਦ ਦੇ ਸ਼ਬਦ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵਲੋਂ ਗੁਰਮੀਤ ਅਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਹੇ। ਬਰਨਾਲਾ ਦੇ ਸਾਹਿਤਕਾਰਾਂ ਦੀ ਤਰਫ਼ੋਂ ਬਜ਼ੁਰਗ ਲੇਖਕ ਓਮ ਪ੍ਰਕਾਸ਼ ਗਾਸੋ ਨੇ ਵੀ ਪਾਸ਼ ਅਤੇ ਸਮਕਾਲੀ ਵਿਛੜੇ ਕਵੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਟ੍ਰਸਟ ਨੇ ਅਗਲੇ ਸਾਲ ਪਟਿਆਲਾ ਵਿਖੇ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਕਰਨ ਲਈ ਟ੍ਰਸਟ ਦੇ ਮੈਂਬਰ ਡਾ. ਭੀਮਇੰਦਰ ਨੂੰ ਵਿਚਾਰਾਂ ਦੀ ਮਸ਼ਾਲ 'ਸਾਹਿਤ ਦਾ ਸਾਗਰ—ਪਾਸ਼' ਭੇਟ ਕੀਤੀ।    —ਅਮੋਲਕ ਸਿੰਘ
ਸੁਰੇਂਦਰ ਹੇਮ ਜਯੋਤੀ ਅਤੇ ਪ੍ਰਿਥੀਪਾਲ ਰੰਧਾਵਾ ਦੀ ਯਾਦ 'ਚ ਸੂਬਾਈ ਸਮਾਗਮ
ਲੋਕ-ਪੱਖੀ ਸਾਹਿਤ ਦੇ ਅੰਬਰ ਉਪਰ ਸਦਾ ਟਹਿਕਦੇ ਧਰੂ ਤਾਰੇ ਸਰੇਂਦਰ ਹੇਮ ਜਯੋਤੀ ਅਤੇ ਪੰਜਾਬ ਦੀ ਵਿਦਿਆਰਥੀ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਨਾਮਵਰ ਆਗੂ, ਸ਼ਹੀਦ ਪ੍ਰਿਥੀਪਾਲ ਰੰਧਾਵਾ ਦੀ ਯਾਦ 'ਚ ਪੰਜਾਬੀ ਭਵਨ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਰੇਂਦਰ ਹੇਮ ਜਯੋਤੀ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਮਨਾਏ ਯਾਦਗਾਰੀ ਸਮਾਗਮ ਨੇ ਸਮਾਜ ਅੰਦਰ ਮੂੰਹ ਅੱਡੀ ਖੜ੍ਹੀਆਂ ਬਹੁ-ਰੂਪੀ ਵੰਗਾਰਾਂ ਦਾ ਸਾਹਮਣਾ ਕਰਨ ਲਈ ਨਵੇਂ ਨਰੋਏ, ਅਮੀਰ, ਸਿਹਤਮੰਦ, ਵਿਗਿਆਨਕ ਅਤੇ ਇਨਕਲਾਬੀ ਸਾਹਿਤ ਸਭਿਆਚਾਰ ਦੀ ਸਿਰਜਣਾ, ਖੋਜ ਅਤੇ ਜ਼ਿੰਦਗੀ ਦੇ ਹਰ ਖੇਤਰ ਅੰਦਰ ਹਾਸ਼ੀਏ 'ਤੇ ਧੱਕੇ ਲੋਕਾਂ ਤੱਕ ਲਿਜਾਣ ਲਈ ਬੁੱਧੀਜੀਵੀ ਵਰਗ ਨੂੰ ਸਮੂਹਿਕ ਉਦਮ ਜੁਟਾਉਣ ਦਾ ਸੱਦਾ ਦਿੱਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸੜਕਨਾਮਾ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ, ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਹੋਏ ਇਸ ਸਮਾਗਮ 'ਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 'ਚ ਪੰਜਾਬੀ ਵਿਭਾਗ ਦੇ ਪ੍ਰੋ. ਜਾਣੇ-ਪਛਾਣੇ ਵਿਦਵਾਨ ਡਾ. ਨਾਹਰ ਸਿੰਘ ਨੇ 'ਵਿਸ਼ਵੀਕਰਣ ਦੀ ਛਤਰੀ ਹੇਠ ਪਲ ਰਹੀ ਅਜੋਕੀ ਗਾਇਕੀ ਅਤੇ ਇਸ ਦਾ ਬਦਲ' ਵਿਸ਼ੇ ਉਪਰ ਵਿਸਥਾਰੀ ਵਿਚਾਰ ਰੱਖੇ।
ਸਾਹਿਤਕ ਸਮਾਗਮ ਦੇ ਮੁੱਖ ਬੁਲਾਰੇ ਡਾ. ਨਾਹਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ, 'ਪੰਜਾਬ ਦੀ ਅਜੋਕੀ ਗਾਇਕੀ ਵਿਸ਼ਵ ਮੰਡੀ ਦਾ ਅੰਗ ਬਣ ਕੇ ਕਰੋੜਾਂ ਰੁਪਏ ਦਾ ਵਣਜ ਵਪਾਰ ਬਣ ਚੁੱਕੀ ਹੈ। ਇਸ ਗਾਇਕੀ ਨੂੰ ਕਿਸੇ ਇਕ ਧਾਰਾ ਵਿਚ ਬੰਨ੍ਹਕੇ ਇਕਹਿਰੇ ਰੂਪ ਵਿਚ ਨਹੀਂ ਸਮਝਿਆ ਜਾ ਸਕਦਾ। ਪੰਜਾਬੀ ਸਭਿਆਚਾਰ ਦੀ ਪਰੰਪਰਾ ਵਿਚੋਂ ਰੱਦ ਕੀਤੀਆਂ ਜਾ ਚੁੱਕੀਆਂ ਹਿੰਸਕ, ਫ਼ਿਰਕੂ, ਜਗੀਰੂ ਅਤੇ ਜੱਟਵਾਦ ਮਾਨਸਿਕਤਾ ਨਾਲ ਭਰਪੂਰ ਮਸਾਲਾ ਇਸ ਗਾਇਕੀ 'ਚ ਭਰਿਆ ਜਾ ਰਿਹਾ ਹੈ।
ਡਾ. ਨਾਹਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਸਮਾਜ ਅੰਦਰ ਮੜ੍ਹੀ ਗ਼ੁਲਾਮ ਜ਼ਹਿਨੀਅਤ, ਬੌਧਿਕ ਕੰਗਾਲੀ ਵਾਲੀ ਹਾਲਤ ਕਾਰਨ ਬਿਮਾਰ ਰੁਚੀਆਂ ਵਾਲਾ ਸਮਾਜ ਹੀ ਬਿਮਾਰ ਸਾਹਿਤ ਨੂੰ ਗਲੇ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੀ ਮੰਡੀ ਦੇ ਵਿਰਾਟ ਸੰਦਰਭਾਂ ਨਾਲ ਜੋੜਕੇ ਦੇਖਦਿਆਂ ਅਜੋਕੀ ਗਾਇਕੀ ਨੂੰ ਬੁੱਝਿਆ ਜਾ ਸਕਦਾ ਹੈ ਕਿਉਂਕਿ ਜਿਵੇਂ ਸਾਡੀ ਜ਼ਿੰਦਗੀ ਨੂੰ ਗ੍ਰਹਿਣ ਲਾਉਣ ਲਈ ਸਭਿਆਚਾਰਕ ਪ੍ਰਦੂਸ਼ਣ ਫੈਲਾਇਆ ਜਾ ਰਿਹੈ, ਇਸਨੂੰ ਲੱਕ ਤੋੜਵੀਂ ਹਾਰ ਦੇਣ ਲਈ ਅਸਲ 'ਚ ਬਦਲਵੇਂ ਲੋਕ-ਮੁਖੀ, ਅਗਾਂਹਵਧੂ ਅਤੇ ਬਰਾਬਰੀ ਦੇ ਸੁਹੱਪਣ ਭਰੇ ਨਿਜ਼ਾਮ ਦੀ ਸਿਰਜਣਾ ਵੱਲ ਸੇਧਤ ਗਾਇਕੀ ਨੂੰ ਹਰ ਪੱਖੋਂ ਪ੍ਰਫੁੱਲਤ ਕਰਨ ਲਈ ਸੁਹਿਰਦ ਯਤਨ ਜੁਟਾਉਣੇ ਚਾਹੀਦੇ ਹਨ।
ਸਮਾਗਮ 'ਚ ਜੁੜੇ ਬੁੱਧੀਜੀਵੀਆਂ ਵਿਚੋਂ ਵਿਚਾਰ ਚਰਚਾ ਦਾ ਆਗਾਜ਼ ਅਜੋਕੀ ਗਾਇਕੀ ਉਪਰ ਗਹਿਰੀ ਖੋਜ ਕਰਨ ਵਾਲੇ ਤਸਕੀਨ ਨੇ ਕੀਤਾ। ਤਸਕੀਨ ਨੇ ਨਵੇਂ ਪੱਖ ਉਭਾਰਦਿਆਂ ਕਿਹਾ ਕਿ ਗਾਇਕੀ ਹੋਵੇ ਜਾਂ ਕੋਈ ਵੀ ਹੋਰ ਵਿਧਾ ਉਹ ਇਤਿਹਾਸਕ ਪਰਿਪੇਖ ਵਿਚ ਹੀ ਰੱਖਕੇ ਦੇਖਣੀ ਚਾਹੀਦੀ ਹੈ। ਸਾਨੂੰ ਗਾਇਕੀ, ਸਾਹਿਤ ਅੰਦਰ ਵਿਚਾਰ ਉਭਾਰਨ ਦੀ ਲੋੜ ਹੈ ਨਾ ਕਿ ਨਾਇਕ। ਅੱਜ ਭਗਤ ਸਿੰਘ ਨੂੰ ਵਿਅਕਤੀ ਵਜੋਂ ਉਭਾਰਨ ਦਾ ਮੰਤਵ ਉਸਦੇ ਵਿਚਾਰਾਂ ਨੂੰ ਪਿੱਛੇ ਧੱਕਣਾ ਹੈ।
ਉਘੇ ਕਵੀ ਜਸਵੰਤ ਜ਼ਫ਼ਰ ਨੇ ਨੁਕਤਾ ਉਠਾਇਆ ਕਿ ਗਾਇਕੀ ਵਿਸ਼ੇ ਨੂੰ ਸਿਰਫ਼ ਮਰਜ਼ ਵਜੋਂ ਹੀ ਚਰਚਾ ਕਰਨ ਦੀ ਬਜਾਏ ਸਾਡਾ ਨੁਕਤਾ ਇਸਦੇ ਬਦਲ ਉਪਰ ਅਤੇ ਹਨੇਰੀ ਅੰਦਰ ਦੀਵੇ ਜਗਾਉਣ ਉਪਰ ਕੇਂਦਰਤ ਹੋਣਾ ਚਾਹੀਦਾ ਹੈ। ਸੰਗੀਤ ਨਿਰਦੇਸ਼ਕ ਮਾਸਟਰ ਰਾਮ ਕੁਮਾਰ ਨੇ ਲੋਕ-ਪੱਖੀ ਸਭਿਆਚਾਰਕ ਬਦਲ ਉਭਾਰਨ 'ਤੇ ਜ਼ੋਰ ਦਿੱਤਾ। ਸੁਖਵਿੰਦਰ ਨੇ ਕਿਹਾ ਪੇਪਰ ਮਾਰਕਸੀ ਦ੍ਰਿਸ਼ਟੀਕੋਣ ਅਨੁਸਾਰ ਨਹੀਂ ਹੈ। ਡਾ. ਅੰਮ੍ਰਿਤਪਾਲ, ਡਾ. ਸੁਰਜੀਤ ਬਰਾੜ, ਸ਼ਬਦੀਸ਼, ਜਸਵੀਰ ਝੱਜ, ਨੇ ਵੀ ਕਈ ਅਹਿਮ ਨੁਕਤੇ ਉਠਾਏ।
ਮਗਰੋਂ ਡਾ. ਨਾਹਰ ਸਿੰਘ ਨੇ ਅਹਿਮ ਨੁਕਤਿਆਂ ਬਾਰੇ ਚਰਚਾ ਕੀਤੀ ਅਤੇ ਉੱਠੇ ਸਵਾਲਾਂ ਦੇ ਜਵਾਬ ਦਿੱਦੇ। 
ਪ੍ਰਧਾਨਗੀ ਮੰਚ ਵੱਲੋਂ ਨਾਮਵਾਰ ਕਵੀ ਗੁਰਭਜਨ ਗਿੱਲ ਨੇ ਮੁੱਲਵਾਨ ਲੋਕ-ਮੁਖੀ ਗਾਇਕੀ ਲਈ ਅਥਾਹ ਸੰਭਾਵਨਾਵਾਂ ਉਭਾਰੀਆਂ। ਗੁਰਭਜਨ ਗਿੱਲ ਨੇ ਲੋਕ-ਪੱਖੀ ਗਾਇਕੀ ਲਈ ਬਹੁ-ਪੱਖੀ ਵਿਸ਼ਿਆਂ ਅਤੇ ਵਿਧਾਵਾਂ ਉਪਰ ਜ਼ੋਰ ਦਿੱਤਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਗਾਇਕੀ ਦੀ ਆਧਾਰ-ਸ਼ਿਲਾ, ਬਹੁ-ਪਾਸਾਰਾਂ ਨੂੰ ਸਮਝਣਾ ਵੀ ਜ਼ਰੂਰੀ ਹੈ ਅਤੇ ਲੋਕ-ਪੱਖੀ ਬਦਲ ਵੀ। ਉਨ੍ਹਾਂ ਕਿਹਾ ਕਿ ਭਵਿੱਖ ਲੋਕ-ਪੱਖੀ ਗਾਇਕੀਦਾ ਹੈ ਨਾ ਕਿ ਚੰਦ ਦਿਨਾਂ ਦੀ ਚਕਾਚੌਂਧ ਭਰੀ ਗਲੈਮਰ ਗਾਇਕੀ ਦਾ।
ਸਮਾਗਮ 'ਚ ਪਾਸ ਕੀਤੇ ਮਤਿਆਂ 'ਚ ਮੰਗ ਕੀਤੀ ਗਈ ਕਿ ਲੋਕ-ਵਿਰੋਧੀ, ਅਸ਼ਲੀਲ ਗਾਇਕੀ ਜਿਹੜੀ ਸਾਡੇ ਸਮਾਜ ਅੰਦਰ ਅਵੈੜੀਆਂ ਪ੍ਰਵਿਰਤੀਆਂ ਅਤੇ ਹਿੰਸਾ ਭੜਕਾਈ ਜਾ ਰਹੀ ਹੈ ਉਸਨੂੰ ਨੱਥ ਪਾਈ ਜਾਵੇ। ਨਾਟ-ਨਿਰਦੇਸ਼ਕ ਕੀਰਤੀ ਕਿਰਪਾਲ ਉਸਦੀ ਰੰਗ ਮੰਡਲੀ ਦੇ ਕਲਾਕਾਰਾਂ ਉਪਰ ਮੜ੍ਹੇ ਕੇਸ ਵਾਪਸ ਲਏ ਜਾਣ। ਛਤੀਸਗੜ੍ਹ ਦੀ ਨਾਟ-ਮੰਡਲੀ 'ਚੇਤਨਾ ਕਲਾ ਕੇਂਦਰ' ਦੇ 15 ਕਲਾਕਾਰਾਂ ਜਿਨ੍ਹਾਂ 'ਚ 11 ਬਾਲ ਕਲਾਕਾਰ ਸ਼ਾਮਲ ਹਨ, ਉਨ੍ਹਾਂ ਉਪਰ ਝੂਠੇ ਕੇਸ ਮੜ੍ਹਕੇ ਹੈਦਰਾਬਾਦ ਜੇਲ੍ਹ 'ਚ ਡੱਕਣ ਦੀ ਨਿੰਦਾ ਕਰਦਿਆਂ ਸਾਹਿਤਕ ਇਕੱਤਰਤਾ ਨੇ ਜਮਹੂਰੀ ਕਾਰਕੁੰਨਾ ਅਤੇ ਨਾਟ ਕਲਾਕਾਰਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ। ਕਬੀਰ ਕਲਾ ਮੰਚ ਮਹਾਂਰਾਸ਼ਟਰ ਉਪਰ ਮੜ੍ਹੀ ਪਾਬੰਦੀ ਖ਼ਤਮ ਕਰਨ ਅਤੇ ਕਲਾਕਾਰਾਂ 'ਤੇ ਪਾਏ ਕੇਸ ਰੱਦ ਕਰਨ ਦੀ ਮੰਗ ਕੀਤੀ। ਬੱਦੋਵਾਲ ਤੋਂ ਝਾਂਡੇ ਚੌਂਕ ਦਾ ਨਾਂਅ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਚੌਂਕ ਰੱਖਣ ਦੀ ਵੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਸਮਾਗਮ 'ਚ ਇੱਕ ਵਿਸ਼ੇਸ਼ ਕਾਫ਼ਲਾ ਪਿੰਡ ਝਾਂਡੇ ਉਸ ਜਗ੍ਹਾ 'ਤੇ ਜੁੜਿਆ ਜਿੱਥੇ ਪ੍ਰਿਥੀਪਾਲ ਰੰਧਾਵਾ ਨੂੰ ਕਤਲ ਕਰਨ ਮਗਰੋਂ ਸੁੱਟਿਆ ਗਿਆ ਸੀ। ਝਾਂਡੇ, ਥਰੀਕੇ, ਰਾਜਗੁਰੂ ਨਗਰ, ਭਾਈ ਰਣਧੀਰ ਸਿੰਘ ਨਗਰ ਤੋਂ ਹੁੰਦਾ ਇਹ ਕਾਫ਼ਲਾ ਪੰਜਾਬੀ ਭਵਨ ਲੁਧਿਆਣਾ ਸਮਾਗਮ 'ਚ ਪੁੱਜਾ। ਇਸਦੀ ਅਗਵਾਈ ਕਵੀ ਤਰਲੋਚਨ ਝਾਂਡੇ ਅਤੇ ਪਲਸ ਮੰਚ ਦੇ ਆਗੂ ਕੰਵਲਜੀਤ ਖੰਨਾ, ਕਸਤੂਰੀ ਲਾਲ ਨੇ ਕੀਤੀ।
ਪੰਜਾਬੀ ਭਵਨ 'ਚ ਜੁੜੇ ਸੈਂਕੜੇ ਬੁੱਧੀਜੀਵੀਆਂ ਨੇ ਖੜ੍ਹੇ ਹੋ ਕੇ ਸੁਰੇਂਦਰ ਹੇਮ ਜਯੋਤੀ, ਪ੍ਰਿਥੀਪਾਲ ਰੰਧਾਵਾ ਅਤੇ ਅਜਾਇਬ ਚਿਤਰਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪ੍ਰਧਾਨਗੀ ਮੰਡਲ ਨੇ ਵਿਛੜੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਨੂੰ ਫੁੱਲ ਮਾਲਾ ਅਰਪਤ ਕੀਤੀਆਂ।  -ਕਸਤੂਰੀ ਲਾਲ
ਗਦਰੀਆਂ ਦੀ ਯਾਦ: ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਖੇਡ ਮੇਲਾ 
ਸਰੀ, ਕੈਨੇਡਾ: ਐਤਵਾਰ 26 ਅਗਸਤ, 2012, ਅੱਜ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਤੀਸਰਾ ਸਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ। ਇਹ ਖੇਡ ਮੇਲਾ ਗਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਉਹਨਾਂ ਦੀ ਪਾਈ ਪਿਰਤ ਕਮਿਊਨਿਟੀ ਦੀ ਇੱਕਮੁੱਠਤਾ, ਸਿਹਤਮੰਦ ਤੇ ਨਰੋਏ ਸਮਾਜ ਦੀ ਕਾਮਨਾ ਨੂੰ ਜ਼ਾਹਰ ਕਰਨਾ ਹੀ ਹੈ। ਇਹ ਮੇਲਾ ਸ਼ਹੀਦ ਮਦਨ ਲਾਲ ਢੀਂਗਰਾ ਜੋ ਕਿ ਆਪਣੇ ਦੇਸ਼ ਦੀ ਅਜ਼ਾਦੀ ਲਈ ਲੜਦੇ ਹੋਏ ਵਿਦੇਸ਼ਾਂ ਵਿੱਚ ਪਹਿਲੇ ਅਮਰ ਸ਼ਹੀਦ ਹੋਏ ਜ੍ਹਿਨਾਂ ਨੂੰ ਬ੍ਰਿਟਿਸ਼ ਹਕੂਮਤ ਨੇ ਇੰਗਲੈਂਡ ਵਿੱਚ 16 ਅਗਸਤ, 1909 ਨੂੰ ਫਾਂਸੀ ਦੇ ਦਿੱਤੀ ਸੀ ਨੂੰ ਸਮਰਪਤ ਸੀ।ਇਸ ਸਮੇਂ ਉਨ੍ਹਾਂ ਦੀ ਜ਼ਿੰਦਗੀ ਤੇ ਚਾਨਣਾ ਪਾਉਂਦਾ ਤੇ ਹੋਰ ਗਦਰੀ ਬਾਬਿਆਂ ਵਾਰੇ, ਖੇਡਾਂ ਵਿੱਚ ਤਰਕ, ਅਜੋਕੇ ਜੀਵਨ ਵਿੱਚ ਖੇਡਾਂ ਦਾ ਮਹੱਤਵ, ਚੱਲ ਰਿਹਾ ਵਰਤਾਰਾ, ਗੁੰਮਰਾਹਕੁੰਨ ਨੌਜਵਾਨ ਪੀੜ੍ਹੀ ਗਾਇਕੀ ਦੇ ਸੰਦਰਭ ਵਿੱਚ ਵਰਗੇ ਬਹੁਤ ਹੀ ਪ੍ਰਭਾਵਸ਼ਾਲੀ ਗਿਆਨ ਭਰਭੂਰ ਲੇਖਾਂ ਦੀ ਹਾਜ਼ਰੀ ਨਾਲ ਇੱਕ ਸਲਾਨਾ ਮੈਗਜ਼ੀਨ ਵੀ ਲੋਕ ਅਰਪਣ ਕੀਤਾ ਗਿਆ।
ਇਸ ਖੇਡ ਮੇਲੇ ਵਿੱਚ ਸੌਕਰ ਦੀਆਂ 29 ਟੀਮਾਂ ਨੇ, ਵਾਲੀਵਾਲ ਦੀਆਂ 6 ਟੀਮਾਂ ਨੇ, 150 ਕੁਸ਼ਤੀ ਖਿਡਾਰੀਆਂ ਨੇ, 25 ਭਾਰ ਚੁੱਕਣ ਵਾਲੇ ਖਿਡਾਰੀਆਂ (ਮੁੰਡੇ ਤੇ ਕੁੜੀਆਂ ਸਮੇਤ) ਨੇ ਅਤੇ ਇਸ ਤੋਂ ਇਲਾਵਾ ਦੌੜਾਂ ਵਿੱਚ ਔਰਤਾਂ ਤੇ ਛੋਟੇ ਛੋਟੇ ਬੱਚਿਆਂ ਨੇ ਭਾਗ ਲਿਆ। ਇਸ ਖੇਡ ਮੇਲੇ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਛੋਟੇ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਮਰਦਾਂ ਦੀ ਸਮੁੱਚੀ ਸਾਂਝੀ ਸ਼ਮੂਲੀਅਤ ਸੀ।ਵੰਨ ਸੁਵੰਨੇ ਖਾਣਿਆਂ ਨਾਲ ਲੋਕਾਂ ਨੇ ਇਸ ਖੇਡ ਮੇਲੇ ਅਰਥਾਤ ਪਿਕਨਿਕ ਦੇ ਵਿੱਚ ਹਾਜ਼ਰੀ ਦੇ ਕੇ ਇੱਕ ਪਰਿਵਾਰਕ ਮਾਹੌਲ ਪੈਦਾ ਕੀਤਾ। ਤਕਰੀਬਨ 2000 ਲੋਕ ਇਸ ਗ਼ਦਰੀ ਬਾਬਿਆਂ ਦੇ ਖੇਡ ਮੇਲੇ ਵਿੱਚੋਂ ਆਪਦੀਆਂ ਅਗਾਂਹਵਧੂ ਰੁਚੀਆਂ ਵਾਪਸ ਲੈ ਕੇ ਅਗਲੇ ਸਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵਾਇਦਾ ਕਰਕੇ ਆਏ।।ਸਾਰੀ ਐਗਜੈਕਟਿਵ ਕਮੇਟੀ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਵਲੰਟੀਅਰਾਂ, ਮੀਡੀਆ ਸ਼ਖਸ਼ੀਅਤਾਂ, ਸੰਪੌਂਸਰਾਂ ਅਤੇ ਰੌਣਕ ਵਧਾਉਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਡਮੁੱਲਾ ਹਿੱਸਾ ਹੈ।     -ਪਰਮਿੰਦਰ ਸਵੈਚ
ਨਿਵੇਕਲੀ ਨੌਜਵਾਨ ਸਰਗਰਮੀ:
ਪਾਣੀ ਦੀਆਂ ਛਬੀਲਾਂ ਚੇਤਨਾ ਦਾ ਹੋਕਾ
ਪੰਜਾਬ 'ਚ ਅਤਿ ਦੀ ਗਰਮੀ ਦੇ ਮਹੀਨਿਆਂ ਮਈ-ਜੂਨ ਦੌਰਾਨ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਅਕਸਰ ਨਜ਼ਰੀਂ ਪੈਂਦੀਆਂ ਹਨ। ਪਰ ਬੀਤੀ 26 ਜੂਨ ਨੂੰ ਮਾਲਵਾ ਖੇਤਰ ਦੇ ਕੁੱਝ ਪਿੰਡਾਂ 'ਚ ਨਿਵੇਕਲੀ ਕਿਸਮ ਦੀਆਂ ਛਬੀਲਾਂ ਨੇ ਲੋਕਾਂ ਦਾ ਧਿਆਨ ਖਿੱਚਿਆ। ਇਹਨਾਂ ਛਬੀਲਾਂ ਤੋਂ ਲੋਕਾਂ ਨੇ ਪਾਣੀ ਪੀਣ ਦੇ ਨਾਲ ਨਾਲ ਨਵੀਂ ਬਣਨ ਜਾ ਰਹੀ ਪਾਣੀ ਨੀਤੀ ਦੇ ਮਾਰੂ ਅਸਰਾਂ ਬਾਰੇ ਵੀ ਜਾਣਿਆ। ਇਹ ਛਬੀਲਾਂ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਪਾਣੀ ਨੀਤੀ ਖਿਲਾਫ਼ ਵਿੱਢੀ ਮੁਹਿੰਮ ਤਹਿਤ ਲਗਾਈਆਂ ਸਨ।
ਇਸ ਮੁਹਿੰਮ ਤਹਿਤ ਪਹਿਲਾਂ ਪਿੰਡਾਂ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਨਵੀਂ ਬਣਨ ਜਾ ਰਹੀ ਪਾਣੀ ਨੀਤੀ ਤਹਿਤ ਹਾਕਮਾਂ ਦੇ ਲੋਟੂ ਮਨਸੂਬਿਆਂ ਤੋਂ ਜਾਣੂ ਕਰਵਾਇਆ ਗਿਆ। ਇਹਦੇ ਲਈ ਵਿਸਥਾਰੀ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਜਿੰਨ੍ਹਾਂ 'ਚ ਪਾਣੀ ਨੀਤੀ ਬਣਾਉਣ ਦੇ ਖਰੜੇ 'ਚ ਬਿਆਨੇ ਵੱਖ-ਵੱਖ ਪੱਖਾਂ 'ਤੇ ਚਰਚਾ ਕੀਤੀ ਗਈ। ਮੀਟਿੰਗਾਂ ਦੌਰਾਨ ਬੁਲਾਰਿਆਂ ਨੇ ਨਵੀਂ ਪਾਣੀ ਨੀਤੀ ਤਹਿਤ ਮੁਲਕ ਦੇ ਜਲ ਸੋਮਿਆਂ ਨੂੰ ਦੇਸੀ ਵਿਦੇਸ਼ੀ ਸਰਮਾਏਦਾਰਾਂ ਹੱਥ ਵੇਚਣ, ਲੋਕਾਂ ਨੂੰ ਪਾਣੀ ਦੀ ਵਰਤੋਂ ਕਰਨ ਬਦਲੇ ਭਾਰੀ ਟੈਕਸ ਤਾਰਨ ਲਈ ਮਜ਼ਬੂਰ ਕਰਨ, ਲੋਕਾਂ ਦਾ ਜਲ ਸੋਮਿਆਂ ਤੋਂ ਅਧਿਕਾਰ ਸਮਾਪਤ ਕਰਕੇ ਲੁਟੇਰਿਆਂ ਵੱਸ ਪਾਉਣ ਵਰਗੇ ਕਦਮਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ। ਇਸ ਨਵੇਂ ਹੱਲੇ ਨੂੰ ਲੋਕਾਂ ਉੱਤੇ ਵਿੱਢੇ ਹੋਏ ਨਿੱਜੀਕਰਨ ਸੰਸਾਰੀਕਰਨ ਦੇ ਹੱਲੇ ਦੇ ਅੰਗ ਵਜੋਂ ਦਰਸਾਇਆ ਗਿਆ ਤੇ ਇਹਦੇ ਖਿਲਾਫ਼ ਸੰਘਰਸ਼ ਕਰਨ ਦੀ ਮਹੱਤਤਾ ਉਭਾਰੀ ਗਈ। ਹੋਰਨਾਂ ਮੁਲਕਾਂ ਦੇ ਪਾਣੀ ਦੇ ਨਿੱਜੀਕਰਨ ਖਿਲਾਫ਼ ਸੰਘਰਸ਼ਾਂ ਦੇ ਹਾਂ-ਪੱਖੀ ਤਜ਼ਰਬਿਆਂ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ।
ਜਨਤਕ ਮੀਟਿੰਗਾਂ ਤੋਂ ਬਾਅਦ ਵੱਡੀ ਗਿਣਤੀ ਜਨਤਾs sਤੱਕ ਇਹ ਸੁਨੇਹਾ ਪਹੁੰਚਾਉਣ ਲਈ ਪਾਣੀ ਦੀਆਂ ਛਬੀਲਾਂ ਵਰਗੀ ਨਿਵੇਕਲੀ ਸ਼ਕਲ ਦੀ ਚੋਣ ਇੱਕ ਸੰਕੇਤ ਦੇ ਤੌਰ 'ਤੇ ਵੀ ਕੀਤੀ ਗਈ। ਪਾਣੀ ਦੀਆਂ ਛਬੀਲਾਂ ਰਾਹੀਂ ਹਰ ਲੋੜਵੰਦ ਤੱਕ ਪਾਣੀ ਪਹੁੰਚਦਾ ਕਰਨਾ ਸਾਡੀਆਂ ਉਸਾਰੂ ਕਦਰਾਂ-ਕੀਮਤਾਂ ਦਾ ਹਿੱਸਾ ਰਹਿੰਦਾ ਆ ਰਿਹਾ ਹੈ। ਪਰ ਸਾਡੇ ਹਾਕਮਾਂ ਨੇ ਵੱਡੇ ਲੁਟੇਰਿਆਂ ਦੇ ਮੁਨਾਫ਼ੇ ਦੀ ਹਵਸ ਪੂਰਨ ਲਈ ਇਹਨੂੰ ਲੋੜਵੰਦਾਂ ਦੇ ਮੂੰਹਾਂ 'ਚੋਂ ਖੋਹਣ ਦਾ ਰਾਹ ਫੜਿਆ ਹੋਇਆ ਹੈ ਤੇ ਪਾਣੀ ਨੂੰ ਬਾਜ਼ਾਰ 'ਚ ਵਿਕਦੀ ਵਸਤੂ 'ਚ ਬਦਲਿਆ ਜਾ ਰਿਹਾ ਹੈ। ਹਾਕਮਾਂ ਦੀ ਇਸ ਰਾਖਸ਼ਸ ਬਿਰਤੀ ਦੇ ਵਿਰੋਧ ਦਾ ਸੱਦਾ ਦੇਣ ਲਈ ਸੰਕੇਤ ਵਜੋਂ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ। ਬਠਿੰਡਾ, ਮੁਕਤਸਰ ਤੇ ਮੋਗਾ ਜ਼ਿਲ੍ਹਿਆਂ ਦੇ ਪਿੰਡਾਂ ਘੁੱਦਾ, ਕੋਟਗੁਰੂ, ਚੁੱਘੇ ਕਲਾਂ, ਦਿਉਣ, ਮਹਿਮਾ ਭਗਵਾਨਾ, ਕਿੱਲਿਆਂ ਵਾਲੀ, ਸਿੰਘੇਵਾਲਾ, ਖੁੱਡੀਆਂ, ਕੋਠਾਗੁਰੂ, ਰਾਮਾਂ, ਹਿੰਮਤਪੁਰਾ, ਮਾਛੀਕੇ, ਸੈਦੋਕੇ ਆਦਿ ਪਿੰਡਾਂ 'ਚ ਲੱਗੀਆਂ ਇਹਨਾਂ ਛਬੀਲਾਂ ਦੌਰਾਨ ਦਸ ਹਜ਼ਾਰ ਦੀ ਗਿਣਤੀ 'ਚ ਇੱਕ ਹੱਥ ਪਰਚਾ ਵੰਡਿਆ ਗਿਆ। ਛਬੀਲਾਂ ਦੀ ਤਿਆਰੀ ਕਰਨ ਤੇ ਹੋਰ ਹਰ ਤਰ੍ਹਾਂ ਦੇ ਕੰਮਾਂ ਲਈ ਪਿੰਡਾਂ 'ਚੋਂ ਭਾਰੀ ਗਿਣਤੀ 'ਚ ਨੌਜਵਾਨ ਲਾਮਬੰਦ ਹੋਏ। ਛਬੀਲਾਂ 'ਤੇ ਆਮ ਲੋਕਾਂ ਦੀ ਚੰਗੀ ਹਾਜ਼ਰੀ ਰਹੀ ਤੇ ਇੱਥੇ ਲੱਗੀਆਂ ਕਾਰਟੂਨ-ਫਲੈਕਸਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਲੋਕ ਆ ਕੇ ਇਸ ਨੀਤੀ ਬਾਰੇ ਹੋਰ ਜਾਨਣ ਲਈ ਉਤਸੁਕਤਾ ਜ਼ਾਹਰ ਕਰਦੇ ਵੇਖੇ ਗਏ ਤੇ ਹੋਰ ਪਤਾ ਲੱਗਣ ਤੇ ਸਰਕਾਰ ਦੀ ਤੋਏ-ਤੋਏ ਕਰਕੇ ਗਏ। ਛਬੀਲਾਂ 'ਤੇ ਲੱਗੇ ਸਪੀਕਰਾਂ 'ਚੋਂ ਧਾਰਮਿਕ ਗੀਤਾਂ ਦੀ ਥਾਂ ਅਗਾਂਹਵਧੂ, ਉਸਾਰੂ ਤੇ ਇਨਕਲਾਬੀ ਗੀਤਾਂ ਦੀ ਗੂੰਜ ਸੁਣਾਈ ਦਿੱਤੀ। ਕਈ ਪਿੰਡਾਂ 'ਚ ਛਬੀਲਾਂ ਤੇ ਪਾਣੀ ਪਿਆ ਰਹੇ ਨੌਜਵਾਨਾਂ ਦੇ ਬੰਨ•ੇ ਹੋਏ ਬਸੰਤੀ ਪਰਨੇ ਵੀ ਛਬੀਲਾਂ ਨੂੰ ਨਿਵੇਕਲੀ ਰੰਗਤ ਮੁਹੱਈਆ ਕਰਵਾ ਰਹੇ ਸਨ। ਲੋਕਾਂ ਨੂੰ ਸੁਚੇਤ ਕਰਨ ਦੇ ਇਸ ਉੱਦਮ ਲਈ ਨੌਜਵਾਨਾਂ ਨੂੰ ਲਗਭਗ ਸਭਨਾਂ ਲੋਕਾਂ ਤੋਂ ਚੰਗੀ ਹੱਲਾਸ਼ੇਰੀ ਮਿਲੀ। ਨੌਜਵਾਨਾਂ ਨੂੰ ਰਵਾਇਤੀ ਛਬੀਲਾਂ ਦੀ ਥਾਂ ਇਸ ਉੱਦਮ 'ਚ ਆਪਣੀ ਹਿੱਸਾ ਪਾਈ ਵਧੇਰੇ ਸਾਰਥਿਕ ਜਾਪੀ। ਨੌਜਵਾਨ ਭਾਰਤ ਸਭਾ ਦੇ ਮਕਸਦਾਂ, ਵਿਚਾਰਾਂ ਬਾਰੇ ਹੋਰ ਜਾਨਣ ਸਮਝਣ ਦੀ ਜਗਿਆਸਾ ਵੀ ਪ੍ਰਗਟ ਹੋਈ। ਕੁੱਝ ਕੁ ਥਾਵਾਂ 'ਤੇ ਛਬੀਲਾਂ ਤੋਂ ਲੀਫਲੈੱਟ ਹਾਸਲ ਕਰਨ ਵਾਲੇ ਅਣਜਾਣ ਨੌਜਵਾਨਾਂ ਨੇ ਫੋਨਾਂ ਰਾਹੀਂ ਅਜਿਹੇ ਉੱਦਮ ਦੀ ਸ਼ਲਾਘਾ ਵੀ ਕੀਤੀ ਤੇ ਸਭਾ ਨਾਲ ਰਾਬਤਾ ਬਣਾਉਣ ਦੀ ਇੱਛਾ ਵੀ ਜਤਾਈ।
ਇਉਂ ਇਹਨਾਂ ਨਿਵੇਕਲੀਆਂ ਛਬੀਲਾਂ ਰਾਹੀਂ ਲੋਕ ਮਾਰੂ ਪਾਣੀ ਨੀਤੀ ਦਾ ਸਫ਼ਲਤਾ ਨਾਲ ਪਰਦਾਚਾਕ ਕੀਤਾ ਗਿਆ।
-੦-

No comments:

Post a Comment