7 ਨਵੰਬਰ : ਇੱਕ ਨਵਾਂ ਇਤਿਹਾਸਕ ਦਿਹਾੜਾ
¸ਅਲਬਰਟ ਵਿਲੀਅਮ ਰੀਸ
ਜਦੋਂ ਪੀਟਰੋਗਰਾਦ ਦੇ ਗਸ਼ਤੀ ਦਸਤਿਆਂ ਵਿਚ ਝੜੱਪਾਂ ਹੋ ਰਹੀਆਂ ਸਨ ਅਤੇ ਗਰਮਾ-ਗਰਮ ਬਹਿਸਾਂ ਚੱਲ ਰਹੀਆਂ ਸਨ ਤਾਂ ਸਾਰੇ ਰੂਸ 'ਚੋਂ ਲੋਕ ਇਸ ਸ਼ਹਿਰ ਨੂੰ ਆ ਰਹੇ ਸਨ। ਉਹ ਸਮੋਲਨੀ(*) 'ਚ ਹੋ ਰਹੀ ਸੋਵੀਅਤਾਂ ਦੀ ਦੂਸਰੀ ਸਰਬ ਰੂਸੀ ਕਾਂਗਰਸ ਦੇ ਪ੍ਰਤੀਨਿਧ ਸਨ। ਸਮੋਲਨੀ, ਜਿਥੇ ਪਹਿਲਾਂ ਉੱਚ ਸ਼੍ਰੇਣੀ ਘਰਾਣਿਆਂ ਦੀਆਂ ਕੁੜੀਆਂ ਲਈ ਸਕੂਲ ਹੁੰਦਾ ਸੀ, ਹੁਣ ਸੋਵੀਅਤਾਂ ਦਾ ਕੇਂਦਰ ਸੀ। ਨੇਵਾ ਦੇ ਤਟ 'ਤੇ ਸਥਿਤ ਇਹ ਵਿਸ਼ਾਲ ਰਾਜਸੀ ਭਵਨ ਦਿਨ ਦੇ ਸਮੇਂ ਉਦਾਸ ਉਦਾਸ ਅਤੇ ਫਿੱਕਾ ਫਿੱਕਾ ਲੱਗਦਾ ਸੀ। ਪਰ ਰਾਤ ਨੂੰ ਸੈਂਕੜੇ ਲੈਂਪਾਂ ਨਾਲ ਪ੍ਰਕਾਸ਼ਮਾਨ ਖਿੜਕੀਆਂ ਦੇ ਜਲੌਅ ਨਾਲ, ਇਹ ਇੱਕ ਵੱਡੇ ਮੰਦਰ, ਇਨਕਲਾਬ ਦੇ ਮੰਦਰ ਵਾਂਗ ਦਿਖਾਈ ਦਿੰਦਾ ਸੀ। ਦੁਆਰ ਮੰਡਪਾਂ ਦੇ ਸਾਹਮਣੇ ਦੋ ਥਾਵਾਂ 'ਤੇ ਧੂਣੀਆਂ ਜਗਦੀਆਂ ਰਹਿੰਦੀਆਂ ਸਨ, ਜਿਹਨਾਂ ਦਾ ਚਾਨਣ ਖਾਨਗਾਹਾਂ 'ਤੇ ਜਗਦੀਆਂ ਜੋਤਾਂ ਵਾਂਗ ਲੱਗਦਾ ਸੀ। ਅੱਗ ਦੇ ਦੁਆਲੇ ਲੰਬੇ ਕੋਟ ਪਹਿਨੀ ਸੈਨਿਕ ਪਹਿਰਾ ਦਿੰਦੇ ਰਹਿੰਦੇ ਸਨ। ਇਹ ਉਹ ਥਾਂ ਸੀ, ਜਿਥੇ ਅਣਗਿਣਤ ਥੁੜ੍ਹਾਂ ਮਾਰੇ ਲੋਕਾਂ ਦੀਆਂ ਆਸਾਂ, ਉਮੰਗਾਂ ਕੇਂਦਰਤ ਹੋ ਗਈਆਂ ਸਨ। ਇਥੋਂ ਹੀ ਉਹਨਾਂ ਨੇ ਲੰਮੇ ਦਮਨ ਅਤੇ ਅੱਤਿਆਚਾਰਾਂ ਤੋਂ ਮੁਕਤੀ ਦੀ ਆਸ ਲਾਈ ਹੋਈ ਸੀ। ਇਥੇ ਹੀ ਉਹਨਾਂ ਦੇ ਜ਼ਿੰਦਗੀ ਮੌਤ ਦੇ ਸਵਾਲਾਂ ਦੇ ਹੱਲ ਦਾ ਯਤਨ ਹੋ ਰਿਹਾ ਸੀ।
ਉਸ ਰਾਤ ਮੈਂ ਫਟੇ ਪੁਰਾਣੇ ਕੱਪੜੇ ਪਹਿਨੀਂ ਇੱਕ ਦੁਬਲੇ ਪਤਲੇ ਮਜ਼ਦੂਰ ਨੂੰ ਹਨੇਰੇ ਰਸਤੇ 'ਤੇ ਹੌਲੀ ਹੌਲੀ ਅੱਗੇ ਵਧਦਿਆਂ ਵੇਖਿਆ। ਉਸਨੇ ਅਚਾਨਕ ਆਪਣਾ ਸਿਰ ਉੱਚ ਕਰਕੇ ਸਮੋਲਨੀ ਦੇ ਵਿਸ਼ਾਲ ਅਗਲੇ ਹਿੱਸੇ ਨੂੰ ਦੇਖਿਆ, ਜੋ ਡਿਗਦੀ ਬਰਫ ਦਰਮਿਆਨ ਜਗਮਗਾ ਰਿਹਾ ਸੀ। ਉਸਨੇ ਆਪਣੇ ਸਿਰ ਤੋਂ ਟੋਪੀ ਲਾਹੀ ਅਤੇ ਆਪਣਾ ਹੱਥਾਂ ਨੂੰ ਫੈਲਾਈਂ ਕੁਝ ਪਲ ਉਥੇ ਖੜ੍ਹਾ ਰਿਹਾ। ਫੇਰ ਉਹ ਜ਼ੋਰ ਨਾਲ ਚਿਲਾਇਆ, ''ਕਮਿਊਨ! ਜਨਤਾ!! ਕ੍ਰਾਂਤੀ!!'', ਅੱਗੇ ਵਧਿਆ ਅਤੇ ਦਰਵਾਜ਼ਿਆਂ ਥਾਣੀਂ ਭੀੜ ਦੇ ਪ੍ਰਵਾਹ ਵਿਚ ਜਾ ਸ਼ਾਮਲ ਹੋਇਆ।
ਇਹ ਨੁਮਾਇੰਦੇ ਜੰਗ ਦੇ ਮੋਰਚੇ, ਜਲਾਵਤਨੀ, ਜੇਲ੍ਹਾਂ ਅਤੇ ਸਾਈਬੇਰੀਆ ਤੋਂ ਸਮੋਲਨੀ ਪੁੱਜੇ ਸਨ। ਵਰ੍ਹਿਆਂ ਤੱਕ ਉਹਨਾਂ ਨੂੰ ਪੁਰਾਣੇ ਸਾਥੀਆਂ ਬਾਰੇ ਕੋਈ ਖਬਰ ਤੱਕ ਨਹੀਂ ਸੀ ਮਿਲੀ। ਹੁਣ ਅਚਾਨਕ ਇੱਕ ਦੂਸਰੇ ਨੂੰ ਪਛਾਣ ਕੇ ਉਹ ਖੁਸ਼ੀ ਨਾਲ ਚਿੱਲਾ ਉੱਠਦੇ, ਇੱਕ-ਦੂਸਰੇ ਨੂੰ ਗਲੇ ਮਿਲਦੇ, ਕੁਝ ਕਹਿੰਦੇ ਸੁਣਦੇ ਅਤੇ ਪਲ ਭਰ ਦੀ ਮਿਲਣੀ ਪਿੱਛੋਂ ਤੇਜ਼ੀ ਨਾਲ ਸੰਮੇਲਨਾਂ, ਦਲਾਂ ਦੀਆਂ ਬੈਠਕਾਂ ਅਤੇ ਅਮੁੱਕ ਸਭਾਵਾਂ ਦੇ ਸਿਲਸਿਲੇ ਵਿਚ ਰੁੱਝ ਜਾਂਦੇ।
ਸਮੋਲਨੀ ਹੁਣ ਸਰਬਜਨਕ ਸਭਾ ਦੇ ਵੱਡੇ ਮੰਚ ਦੇ ਰੂਪ ਵਿਚ ਸਾਕਾਰ ਹੋ ਉੱਠਿਆ ਸੀ, ਜਿਥੇ ਵਿਸ਼ਾਲ ਕਾਰਖਾਨੇ 'ਚ ਸੰਦਾਂ ਦੇ ਭਾਰੀ ਸ਼ੋਰ-ਸ਼ਰਾਬੇ ਵਾਂਗ ਘੜਮੱਸ ਪਈ ਹੋਈ ਸੀ। ਜਿਥੇ ਹਥਿਆਰਬੰਦ ਇਨਕਲਾਬ ਦਾ ਹੋਕਾ ਦੇਣ ਵਾਲਿਆਂ ਦੇ ਗੂੰਜਦੇ ਬੋਲ, ਸਰੋਤਿਆਂ ਦੀਆਂ ਸੀਟੀਆਂ, ਫਰਸ਼ 'ਤੇ ਪੈਰ ਪਟਕਣ ਦੀਆਂ ਆਵਾਜ਼ਾਂ, ਚੁੱਪ ਕਰਾਉਣ ਲਈ ਵੱਜਦੀ ਘੰਟੀ ਦੀਆਂ ਆਵਾਜ਼ਾਂ, ਸੰਤਰੀਆਂ ਦੇ ਹਥਿਆਰਾਂ ਦੀ ਖਨਖਨਾਹਟ, ਸੀਮਿੰਟ ਦੇ ਫਰਸ਼ 'ਤੇ, ਮਸ਼ੀਨਗੰਨਾਂ ਦੀ ਰਗੜ ਅਤੇ ਇਨਕਲਾਬੀ ਗੀਤਾਂ ਦੀ ਲੈਅ ਸੁਣਾਈ ਦੇ ਰਹੀ ਸੀ, ਜੋ ਲੈਨਿਨ ਤੇ ਜੀਨੋਵੀਵ ਦੇ ਆਪਣੇ ਗੁਪਤ ਟਿਕਾਣੇ ਤੋਂ ਇਥੇ ਆ ਪ੍ਰਗਟ ਹੋਣ ਨਾਲ ਖੁਸ਼ੀ ਭਰੀਆਂ ਆਵਾਜ਼ਾਂ ਅਤੇ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸੀ।
ਸਭ ਕੁੱਝ ਤੇਜ਼ ਰਫ਼ਤਾਰ ਨਾਲ ਹੋ ਰਿਹਾ ਸੀ। ਮਾਹੌਲ ਵਿਚ ਤਣਾਅ ਸੀ, ਜੋ ਹਰ ਪਲ ਵਧਦਾ ਜਾ ਰਿਹਾ ਸੀ। ਪਰਮੁੱਖ ਕਾਰਕੁੰਨ ਤਾਂ ਜਿਵੇਂ ਅਮੁੱਕ ਸ਼ਕਤੀ ਨਾਲ ਛਲਕ ਰਹੇ ਸਨ। ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਚਮਤਕਾਰੀ ਸੀ। ਬਿਨਾ ਥਕੇਵੇਂ ਦੇ, ਬਿਨਾ ਅੱਖ ਲਾਏ, ਉਹ ਕੰਮ ਵਿਚ ਰੁਝੇ ਹੋਏ ਸਨ ਅਤੇ ਇਨਕਲਾਬ ਦੀਆਂ ਮਹੱਤਵਪੂਰਨ ਸਮੱਸਿਆਵਾਂ ਦਾ ਹੌਸਲੇ ਨਾਲ ਸਾਹਮਣਾ ਕਰ ਰਹੇ ਹਨ।
25 ਅਕਤੂਬਰ (7 ਨਵੰਬਰ) ਦੀ ਇਸ ਰਾਤ ਨੂੰ ਦਸ ਵਜ ਕੇ ਚਾਲੀ ਮਿੰਟ 'ਤੇ ਉਹ ਇਤਿਹਾਸਕ ਬੈਠਕ ਸ਼ੁਰੂ ਹੋਈ, ਜੀਹਦੇ ਨਤੀਜੇ ਰੂਸ ਅਤੇ ਸਮੁੱਚੇ ਸੰਸਾਰ ਦੇ ਭਵਿੱਖ ਲਈ ਬਹੁਤ ਹੀ ਅਹਿਮ ਅਤੇ ਪ੍ਰਭਾਵਕਾਰੀ ਸਨ। ਆਪਣੇ ਆਪਣੇ ਧੜਿਆਂ ਦੀਆਂ ਮੀਟਿੰਗਾਂ ਤੋਂ ਬਾਅਦ ਨੁਮਾਇੰਦੇ ਵਿਸ਼ਾਲ ਅਸੈਂਬਲੀ ਹਾਲ ਵਿਚ ਆਏ। ਬਾਲਸ਼ਵਿਕ ਵਿਰੋਧੀ ਦਾਨ, ਇਕੱਤਰਤਾ ਦਾ ਸਭਾਪਤੀ ਸੀ। ਚੁੱਪ ਰਹਿਣ ਲਈ ਘੰਟੀ ਵਜਾਉਂਦੇ ਹੋਏ, ਉਸਨੇ ਐਲਾਨ ਕੀਤਾ, ''ਸੋਵੀਅਤਾਂ ਦੀ ਦੂਸਰੀ ਕਾਂਗਰਸ ਦੇ ਪਹਿਲੇ ਸੰਮੇਲਨ ਦੀ ਕਾਰਵਾਈ ਆਰੰਭ ਹੁੰਦੀ ਹੈ।''
ਪਹਿਲਾਂ ਕਾਂਗਰਸ ਦੀ ਸੰਚਾਲਨ ਕਮੇਟੀ ਦੀ ਚੋਣ ਹੋਈ। ਬਾਲਸ਼ਵਿਕਾਂ ਦੇ 14 ਮੈਂਬਰ ਚੁਣੇ ਗਏ। ਹੋਰ ਸਭ ਧੜਿਆਂ ਨੂੰ 11 ਸਥਾਨ ਮਿਲੇ। ਪੁਰਾਣੀ ਸੰਚਾਲਨ ਕਮੇਟੀ ਮੰਚ ਤੋਂ ਲਾਂਭੇ ਹੋ ਗਈ ਅਤੇ ਬਾਲਸ਼ਵਿਕ ਆਗੂਆਂ ਨੇ ਆਪਣਾ ਸਥਾਨ ਗ੍ਰਹਿਣ ਕਰ ਲਿਆ, ਜੋ ਅਜੇ ਝੱਟ ਪਹਿਲਾਂ ਤੱਕ ਰੂਸ ਦੇ ਛੇਕੇ ਹੋਏ ਅਤੇ ਗੈਰ ਕਾਨੂੰਨੀ ਵਿਅਕਤੀ ਸਨ। ਸੱਜੇ ਪੱਖੀ ਦਲਾਂ ਨੇ, ਜਿਹਨਾਂ ਵਿਚ ਮੁੱਖ ਤੌਰ 'ਤੇ ਬੁੱਧੀਜੀਵੀ ਸਨ, ਆਪਣਾ ਹਮਲਾ ਪ੍ਰਮਾਣ ਪੱਤਰਾਂ ਅਤੇ ਪ੍ਰੋਗਰਾਮ ਸੰਬੰਧੀ ਇਤਰਾਜ਼ਾਂ ਨਾਲ ਸ਼ੁਰੂ ਕੀਤਾ। ਉਹ ਬਹਿਸਬਾਜ਼ੀ ਦੇ ਮਾਹਰ ਸਨ ਅਤੇ ਨਿਰੀਆਂ ਗੱਲਾਂ ਨਾਲ ਆਪਣਾ ਕਮਾਲ ਵਿਖਾਉਣ ਵਾਲੇ ਸਨ। ਉਹ ਸਿਧਾਂਤ ਅਤੇ ਕਾਰਜ਼ ਸ਼ੈਲੀ ਬਾਰੇ ਸੂਖਮ ਸਵਾਲ ਖੜ੍ਹੇ ਕਰਦੇ ਸਨ।
ਉਦੋਂ ਹੀ ਅਚਾਨਕ ਰਾਤ ਦੇ ਅੰਧਕਾਰ ਨੂੰ ਚੀਰਦੀ ਪ੍ਰਚੰਡ ਗੜਗੜਾਹਟ ਨਾਲ ਨੁਮਾਇੰਦਿਆਂ ਵਿਚ ਸਨਾਟਾ ਛਾ ਗਿਆ ਅਤੇ ਉਹ ਆਪੋ ਆਪਣੀਆਂ ਥਾਵਾਂ ਤੋਂ ਉੱਛਲ ਪਏ। ਇਹ ਦਨਦਨਾਉਂਦੀਆਂ ਤੋਪਾਂ ਦੀ ਆਵਾਜ਼ ਸੀ। ਹੁਣੇ ਕਰੂਜ਼ਰ-ਅਵਰੋਰਾ ਦਾ ਗੋਲਾ ਵਰ੍ਹਿਆ ਸੀ। ਦੂਰੀ ਕਰਕੇ ਗੜਗੜਾਹਟ ਹੌਲੀ ਅਤੇ ਦਬੀ ਦਬੀ ਸੁਣਾਈ ਦਿੰਦੀ ਸੀ, ਪਰ ਸਪਸ਼ਟ ਅਤੇ ਲੜੀਵਾਰ ਸੁਣਾਈ ਦੇ ਰਹੀ ਸੀ। ਇਹ ਗੜਗੜਾਹਟ ਪੁਰਾਣੇ ਪ੍ਰਬੰਧ ਦੇ ਅੰਤ ਦੀ ਸੂਚਿਕ ਸੀ। ਨਵੇਂ ਪ੍ਰਬੰਧ ਦੇ ਆਗਮਨ ਦਾ ਸੁਆਗਤੀ ਗੀਤ ਸੀ। ਇਹ ਜਨਸਮੂਹ ਦੀ ਆਵਾਜ਼ ਸੀ, ਜੋ ਅਵਰੋਰਾ ਦੀ ਗੜਗੜਾਹਟ ਦੇ ਰੂਪ ਵਿਚ ਪ੍ਰਤੀਨਿਧਾਂ ਸਾਹਮਣੇ ਇਹ ਮੰਗ ਪੇਸ਼ ਕਰ ਰਹੀ ਸੀ, ''ਸਾਰੀ ਸੱਤਾ ਸੋਵੀਅਤਾਂ ਦੇ ਹਵਾਲੇ ਕਰੋ।'' ਇਸ ਮਾਹੌਲ ਵਿਚ, ਕਾਂਗਰਸ ਦੇ ਸਾਹਮਣੇ ਇਹ ਠੋਸ ਸਵਾਲ ਪੇਸ਼ ਕੀਤਾ ਗਿਆ, ''ਕੀ ਪ੍ਰਤੀਨਿਧ ਸੋਵੀਅਤਾਂ ਨੂੰ ਰੂਸ ਦੀ ਸਰਕਾਰ ਐਲਾਨਣਗੇ ਅਤੇ ਇਸ ਨਵੀਂ ਸਰਕਾਰ ਨੂੰ ਵਿਧਾਨਕ ਆਧਾਰ ਮੁਹੱਈਆ ਕਰਨਗੇ?''
ਬੁੱਧੀਜੀਵੀਆਂ ਨੇ ਜਨ-ਸਮੂਹ ਦਾ ਸਾਥ ਛੱਡ ਕੇ ਇਤਿਹਾਸ ਦੇ ਆਸਾਧਾਰਨ ਦਵ੍ਹੰਦ ਨੂੰ ਸਾਹਮਣੇ ਲੈਆਂਦਾ ਅਤੇ ਇਸਦਾ ਅਤਿਅੰਤ ਦੁਖਦਾਈ ਪੰਨਾ ਲਹਿਰਾਇਆ। ਨੁਮਾਇੰਦਿਆਂ ਵਿਚ ਇਸ ਤਰ੍ਹਾਂ ਦੇ ਬੀਸੀਆਂ ਬੁੱਧੀਜੀਵੀ ਸਨ। ਕਦੇ ਉਹਨਾਂ ਨੇ ''ਹਨੇਰੇ 'ਚ ਭਟਕਣ ਵਾਲੇ ਲੋਕਾਂ'' ਨੂੰ ਆਪਣੀ ਨਿਹਚਾ ਦਾ ਨਿਸ਼ਾਨਾ ਮਿਥਿਆ ਸੀ। ਕੋਈ ਵੇਲਾ ਸੀ, ਜਦੋਂ ਉਹਨਾਂ ਨੇ ਜਨਤਾ ਲਈ ਗਰੀਬੀ, ਜਲਾਵਤਨੀ ਅਤੇ ਦੇਸ਼ ਨਿਕਾਲੇ ਵਰਗੀਆਂ ਸਜ਼ਾਵਾਂ ਝੱਲੀਆਂ ਸਨ। ਉਹਨਾਂ ਨੇ ਨਿਸ਼ਕਾਮ ਢੰਗ ਨਾਲ ਲੋਕਾਂ ਵਿਚ ਇਨਕਲਾਬੀ ਵਿਚਾਰਾਂ ਰਾਹੀਂ, ਜਾਗਰਤੀ ਦੀ ਭਾਵਨਾ ਪੈਦਾ ਕੀਤੀ ਸੀ ਅਤੇ ਉਹਨਾਂ ਨੂੰ ਇਨਕਲਾਬ ਲਈ ਉਭਾਰਿਆ ਸੀ। ਉਹਨਾਂ ਨੇ ਅਟੁੱਟ ਰੂਪ ਵਿਚ ਜਨਤਾ ਦੇ ਚਰਿੱਤਰ ਦੀ ਸ਼ਲਾਘਾ ਕੀਤੀ ਸੀ। ਇਉਂ ਕਹੋ ਕਿ ਬੁੱਧੀਜੀਵੀਆਂ ਨੇ ਜਨਸਮੂਹ ਨੂੰ ਦੇਵਤੇ ਬਣਾ ਦਿੱਤਾ ਸੀ। ਹੁਣ ਇਹ ਜਨ ਸਮੂਹ ਸ਼ਿਵ ਜੀ ਵਰਗੇ ਰੋਹ ਅਤੇ ਤਾਂਡਵ ਧੁਨੀ ਨਾਲ ਬਗਾਵਤ ਲਈ ਤਿਆਰ ਹੋ ਗਿਆ ਸੀ ਅਤੇ ਦ੍ਰਿੜ੍ਹਤਾ ਨਾਲ ਆਪਣੀ ਸੋਝੀ ਅਨੁਸਾਰ ਅਮਲ ਕਰਨ 'ਤੇ ਤੁਲਿਆ ਹੋਇਆ ਸੀ। ਜਨਤਾ ਦੇਵਤਾ ਰੂਪ ਹੋ ਉੱਠੀ ਸੀ। ਪਰ ਬੁੱਧੀਜੀਵੀ ਹੁਣ ਅਜਿਹੇ ਦੇਵਤੇ ਨੂੰ ਮੰਨਣ ਲਈ ਤਿਆਰ ਨਹੀਂ ਸਨ, ਜੋ ਉਹਨਾਂ ਦੀਆਂ ਗੱਲਾਂ 'ਤੇ ਕੰਨ ਨਹੀਂ ਸੀ ਧਰਦਾ, ਜੋ ਉਹਨਾਂ ਦੇ ਵਸ ਤੋਂ ਬਾਹਰ ਹੋ ਚੁੱਕਿਆ ਸੀ। ਬੁੱਧੀਜੀਵੀ ਹੁਣ 'ਨਾਸਤਕ' ਹੋ ਗਏ ਸਨ। ਭੂਤਪੂਰਬ ਦੇਵਤਾ, ਜਨਸਮੂਹ 'ਚ ਹੁਣ ਉਹਨਾਂ ਦੀ ਭੋਰਾ ਭਰ ਸ਼ਰਧਾ ਵੀ ਬਾਕੀ ਨਹੀਂ ਸੀ ਰਹੀ। ਉਹ ਇਨਕਲਾਬ ਕਰਨ ਦੇ ਜਨਸਮੂਹ ਦੇ ਅਧਿਕਾਰ ਨੂੰ ਸਵੀਕਾਰ ਨਹੀਂ ਸਨ ਕਰਦੇ।
ਜਿਸ ਜਨਸਮੂਹ ਨੂੰ ਬੁੱਧੀਜੀਵੀਆਂ ਨੇ ਇਨਕਲਾਬ ਲਈ ਜਗਾਇਆ ਸੀ, ਉਸ ਨੂੰ ਹੁਣ ਖੁਦ ਲਈ ਹੀ ਖਤਰਨਾਕ ਮੰਨ ਕੇ ਉਹ ਦਹਿਲ ਗਏ ਸਨ, ਡਰ ਨਾਲ ਕੰਬ ਰਹੇ ਸਨ ਅਤੇ ਲਾਲ-ਪੀਲੇ ਹੋ ਰਹੇ ਸਨ। ਉਹ ਇਸ ਨੂੰ ਅਣ-ਅਧਿਕਾਰਤ ਕਾਰਵਾਈ, ਅਣ-ਮਨੁੱਖੀ ਕਾਰਜ ਅਤੇ ਭਿਆਨਕ ਸੰਕਟ ਕਹਿੰਦੇ ਸਨ। ਉਹਨਾਂ ਮੁਤਾਬਕ ਇਹ ਰੂਸ ਨੂੰ ਅਰਾਜਕਤਾ ਦੀ ਖੱਡ ਵਿਚ ਸੁੱਟਣ ਦੇ ਤੁਲ ਸੀ ਅਤੇ ਇਹ ਸਰਕਾਰ ਖਿਲਾਫ ''ਮੁਜਰਮਾਨਾ ਵਿਦਰੋਹ'' ਸੀ। ਉਹ ਜਨਤਾ ਦੇ ਖਿਲਾਫ ਹੋ ਗਏ ਸਨ। ਉਸਦੇ ਖਿਲਾਫ ਬਕੜਵਾਹ ਅਤੇ ਗਾਲੀ ਗਲੋਚ ਕਰਦੇ ਸਨ, ਤਰਲੇ ਮਿੰਨਤਾਂ ਕਰਦੇ ਸਨ ਅਤੇ ਅੱਗ ਭਬੂਕਾ ਹੋ ਕੇ ਊਲ-ਜਲੂਲ ਬਕਦੇ ਸਨ। ਉਹਨਾਂ ਨੇ ਪ੍ਰਤੀਨਿਧਾਂ ਦੀ ਹੈਸੀਅਤ ਵਿਚ ਇਸ ਇਨਕਲਾਬ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਾਂਗਰਸ ਵੱਲੋਂ ਇਸ ਮਤੇ 'ਤੇ ਸਹੀ ਪਾਉਣੋਂ ਇਨਕਾਰ ਕਰ ਦਿੱਤਾ ਕਿ ਸੋਵੀਅਤਾਂ ਨੂੰ ਰੂਸ ਦੀ ਨਵੀਂ ਸਰਕਾਰ ਘੋਸ਼ਤ ਕੀਤਾ ਜਾਵੇ।
ਇਹ ਗੱਲ ਕਿੰਨੀ ਬੇਮਾਅਨਾ ਅਤੇ ਕਿੰਨੀ ਬੇਤੁਕੀ ਸੀ! ਇਸ ਇਨਕਲਾਬ ਨੂੰ ਨਾ ਮੰਨਣਾ ਜਵਾਰਭਾਟੇ ਦੀਆਂ ਲਹਿਰਾਂ ਨੂੰ ਅਤੇ ਜਵਾਲਾਮੁਖੀ ਦੇ ਵਿਸਫੋਟ ਨੂੰ ਨਾ ਮੰਨਣ ਸਮਾਨ ਸੀ। ਇਹ ਇਨਕਲਾਬ ਹਰ ਪੱਖੋਂ ਬੇਰੋਕ ਅਤੇ ਅਟੱਲ ਸੀ। ਇਸਨੂੰ ਬੈਰਕਾਂ, ਖਾਈਆਂ, ਕਾਰਖਾਨਿਆਂ, ਸੜਕਾਂ 'ਤੇ ਹਰ ਜਗਾਹ ਦੇਖਿਆ ਜਾ ਸਕਦਾ ਸੀ। ਇਥੇ ਕਾਂਗਰਸ ਵਿਚ ਵੀ ਸੈਂਕੜ²ੇ ਮਜ਼ਦੂਰ, ਸੈਨਿਕ ਅਤੇ ਕਿਸਾਨ ਪ੍ਰਤੀਨਿਧਾਂ ਦੇ ਮਾਧਿਅਮ ਰਾਹੀਂ, ਇਨਕਲਾਬ ਦੀ ਇਹ ਸੁਰ ਰਸਮੀ ਤੌਰ 'ਤੇ ਗੂੰਜ ਰਹੀ ਸੀ। ਅਤੇ ਇਨਕਲਾਬ ਦਾ ਗੈਰ ਰਸਮੀਂ ਰੂਪ ਉਹਨਾਂ ਲੋਕਾਂ ਦੇ ਮਾਧਿਅਮ ਰਾਹੀਂ ਦਿਖਾਈ ਦੇ ਰਿਹਾ ਸੀ, ਜਿਹਨਾਂ ਨੇ ਹਾਲ ਦਾ ਇੰਚ ਇੰਚ ਘੇਰਿਆ ਹੋਇਆ ਸੀ। ਜੋ ਖੰਭਿਆਂ ਅਤੇ ਖਿੜਕੀਆਂ 'ਤੇ ਚੜ੍ਹੇ ਹੋਏ ਸਨ, ਇੱਕ ਦੂਸਰੇ ਨਾਲ ਚਿਮਟੇ ਹੋਏ ਅਤੇ ਭਾਵਨਾਵਾਂ ਦੀ ਗਰਮੀ ਨਾਲ ਮਾਹੌਲ ਨੂੰ ਗਰਮਾ ਰਹੇ ਸਨ।
ਲੋਕ ਇਥੇ ਇਸ ਕਰਕੇ ਜਮ੍ਹਾਂ ਹੋ ਰਹੇ ਸਨ ਕਿ ਉਹਨਾਂ ਦਾ ਇਨਕਲਾਬੀ ਸੰਕਲਪ ਪੂਰਾ ਹੋ ਸਕੇ, ਕਿ ਕਾਂਗਰਸ, ਸੋਵੀਅਤਾਂ ਨੂੰ ਰੂਸ ਦੀ ਸਰਕਾਰ ਘੋਸ਼ਿਤ ਕਰੇ। ਉਹ ਇਸ ਸਵਾਲ 'ਤੇ ਅਮੋੜ ਸਨ। ਇਸ ਸਵਾਲ 'ਤੇ ਪਰਦਾ ਪਾਉਣ ਦੀ ਹਰ ਕੋਸ਼ਿਸ਼, ਇਸ ਨਿਸਚੇ ਨੂੰ ਅਸਫਲ ਬਣਾਉਣ ਜਾਂ ਟਾਲਣ ਦੇ ਹਰ ਯਤਨ ਦਾ ਗੁੱਸੇ ਭਰਿਆ ਵਿਰੋਧ ਹੋ ਰਿਹਾ ਸੀ।
ਸੱਜੇ ਪੱਖੀ ਪਾਰਟੀਆਂ ਇਸ ਸਵਾਲ 'ਤੇ ਲੰਬੇ ਲੰਬੇ ਮਤੇ ਪੇਸ਼ ਕਰਨਾ ਚਾਹੁੰਦੀਆਂ ਸਨ। ਪਰ ਭੀੜ ਵਿਆਕੁਲ ਸੀ। ਲੋਕਾਂ ਦਾ ਕਹਿਣਾ ਸੀ ''ਹੁਣ ਹੋਰ ਮਤਿਆਂ ਦੀ ਲੋੜ ਨਹੀਂ। ਹੁਣ ਹੋਰ ਭਾਸ਼ਣਾਂ ਦੀ ਜ਼ਰੂਰਤ ਨਹੀਂ। ਅਸੀਂ ਕਾਰਵਾਈ ਚਾਹੁੰਦੇ ਹਾਂ। ਅਸੀਂ ਸੋਵੀਅਤਾਂ ਦੀ ਸਰਕਾਰ ਚਾਹੁੰਦੇ ਹਾਂ।''
ਬੁੱਧੀਜੀਵੀ ਆਪਣੀ ਰਵਾਇਤ ਅਨੁਸਾਰ, ਸਭਨਾਂ ਦਲਾਂ ਦੀ ਸਾਂਝੀ ਸਰਕਾਰ ਦੇ ਮਤੇ ਨਾਲ, ਇਸ ਸਵਾਲ ਨੂੰ ਸਮਝੌਤੇ ਰਾਹੀਂ ਹੱਲ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ, ''ਸਿਰਫ ਇੱਕੋ ਗੱਲ 'ਤੇ ਸਾਂਝ ਹੋ ਸਕਦੀ ਹੈ। ਮਜ਼ਦੂਰਾਂ, ਸੈਨਿਕਾਂ ਅਤੇ ਕਿਸਾਨਾਂ ਦੀ ਸਾਂਝੀ ਸਰਕਾਰ।''
ਮਾਰਤੋਵ ਨੇ ''......ਘਰੇਲੂ ਜੰਗ ਨੂੰ ਟਾਲਣ ਖਾਤਰ ਸਮੱਸਿਆ ਦੇ ਪੁਰਅਮਨ ਹੱਲ'' ਦੀ ਅਪੀਲ ਕੀਤੀ। ਇਸ ਸੁਝਾਅ ਦੇ ਜਵਾਬ ਵਿਚ ਇਹ ਨਾਅਰਾ ਗੂੰਜ ਉੱਠਿਆ, ''ਜਿੱਤ! ਜਿੱਤ!! ਇੱਕੋ ਇੱਕ ਸੰਭਵ ਹੱਲ ਇਨਕਲਾਬ ਦੀ ਜਿੱਤ ਹੈ!!!''
ਅਫਸਰ ਕੂਚਿਨ ਨੇ ਇਹ ਕਹਿ ਕੇ ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸੋਵੀਅਤਾਂ ਅਲੱਗ ਥਲੱਗ ਹੋ ਗਈਆਂ ਹਨ ਅਤੇ ਪੂਰੀ ਫੌਜ ਇਹਨਾਂ ਦੇ ਖਿਲਾਫ ਹੈ। ਸੈਨਿਕ ਗੁੱਸੇ ਨਾਲ ਚਿੱਲਾ ਉੱਠੇ, ''ਤੂੰ ਝੂਠਾ ਹੈਂ। ਤੂੰ ਫੌਜੀ ਹਾਈ ਕਮਾਨ ਵੱਲੋਂ ਬੋਲ ਰਿਹੈਂ। ਖਾਈਆਂ 'ਚ ਪਏ ਸੈਨਿਕਾਂ ਵੱਲੋਂ ਨਹੀਂ। ਸਾਡੀ ਸੈਨਿਕਾਂ ਦੀ ਮੰਗ ਹੈ, ''ਸਾਰੀ ਸੱਤਾ ਸੋਵੀਅਤਾਂ ਦੇ ਹਵਾਲੇ ਕਰੋ।''
ਉਹਨਾਂ ਦਾ ਸੰਕਲਪ ਇਸਪਾਤ ਵਰਗਾ ਪੱਕਾ ਸੀ। ਇਹ ਨਾ ਮਿੰਨਤਾਂ ਨਾਲ ਬੁਝਣ ਵਾਲਾ ਸੀ, ਨਾ ਧਮਕੀਆਂ ਨਾਲ ਟੁੱਟਣ ਵਾਲਾ ਸੀ।
ਅਖੀਰ ਅਵਰਾਮੋਵਿਚ ਨੇ ਚੀਕ ਕੇ ਕਿਹਾ, ''ਅਸੀਂ ਇਥੇ ਰਹਿ ਕੇ ਇਹਨਾਂ ਅਪਰਾਧਾਂ ਲਈ ਜੁੰਮੇਵਾਰ ਨਹੀਂ ਬਣਨਾ ਚਾਹੁੰਦੇ। ਅਸੀਂ ਸਭ ਪ੍ਰਤੀਨਿਧਾਂ ਨੂੰ ਇਸ ਕਾਂਗਰਸ ਤੋਂ ਅਲੱਗ ਹੋ ਜਾਣ ਦੀ ਗੁਜਾਰਿਸ਼ ਕਰਦੇ ਹਾਂ।'' ਬੜੇ ਹੀ ਨਾਟਕੀ ਅੰਦਾਜ਼ ਵਿਚ ਉਹ ਮੰਚ ਤੋਂ ਥੱਲੇ ਆਇਆ ਅਤੇ ਦਰਵਾਜ਼ੇ ਵੱਲ ਲਪਕਿਆ। ਕਰੀਬ ਅੱਸੀ ਪ੍ਰਤੀਨਿਧ ਆਪਣੇ ਥਾਵਾਂ ਤੋਂ ਉੱਠ ਕੇ ਉਸਦੇ ਪਿੱਛੇ ਪਿੱਛੇ ਚੱਲ ਪਏ।
ਟ੍ਰਾਟਸਕੀ ਨੇ ਉੱਚੀ ਆਵਾਜ਼ ਵਿਚ ਕਿਹਾ, ''ਉਹਨਾਂ ਨੂੰ ਜਾਣ ਦਿਓ। ਜਾਣ ਦਿਓ ਉਹਨਾਂ ਨੂੰ! ਉਹ ਪੂਰੀ ਤਰ੍ਹਾਂ ਕੂੜੇ ਕਰਕਟ ਵਰਗੇ ਹਨ ਅਤੇ ਇਤਿਹਾਸ ਦੇ ਕੂੜੇ ਦੇ ਢੇਰ 'ਚ ਸਮਾ ਜਾਣਗੇ।''
ਤਾਅਨੇ, ਬੋਲੀਆਂ, ਤ੍ਰਿਸਕਾਰ ਅਤੇ ਵਿਅੰਗ ਦੀਆਂ ਚੋਭਾਂ ਅਤੇ ''ਭਗੌੜੇ! ਗ਼ਦਾਰ!'' ਦੀਆਂ ਆਵਾਜ਼ਾਂ ਦਰਮਿਆਨ ਬੁੱਧੀਜੀਵੀ ਅਸੈਂਬਲੀ ਹਾਲ ਵਿਚੋਂ ਬਾਹਰ ਚਲੇ ਗਏ ਅਤੇ ਇਨਕਲਾਬ ਤੋਂ ਵੱਖ ਹੋ ਗਏ। ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਸੀ। ਬੁੱਧੀਜੀਵੀਆਂ ਨੇ, ਜਿਸ ਇਨਕਲਾਬ ਨੂੰ ਜਨਮ ਦੇਣ ਵਿਚ ਸਹਾਇਤਾ ਕੀਤੀ ਸੀ, ਹੁਣ ਉਹਨਾਂ ਨੇ ਉਸੇ ਤੋਂ ਮੂੰਹ ਮੋੜ ਲਿਆ ਸੀ, ਸੰਘਰਸ਼ ਦੀ ਸਭ ਤੋਂ ਮੁਸ਼ਕਲ ਘੜੀ ਜਨਤਾ ਨਾਲੋਂ ਨਾਤਾ ਤੋੜ ਲਿਆ ਸੀ। ਇਸ ਸਭ ਤੋਂ ਵੱਡੀ ਮੂਰਖਤਾ ਵੀ ਸੀ। ਉਹ ਸੋਵੀਅਤਾਂ ਨੂੰ ਨਿਖੇੜ ਨਹੀਂ ਸਨ ਸਕੇ ਅਤੇ ਆਪਣੇ ਆਪ ਨੂੰ ਨਿਖੇੜ ਲਿਆ ਸੀ। ਸੋਵੀਅਤਾਂ ਨੂੰ ਜਨਸਮੂਹ ਦੀ ਠੋਸ ਆਧਾਰ ਹਮਾਇਤ ਪ੍ਰਾਪਤ ਹੁੰਦੀ ਜਾ ਰਹੀ ਸੀ।
ਸੋਵੀਅਤਾਂ ਦੀ ਸਰਕਾਰ ਦਾ ਐਲਾਨ ਕਰ ਦਿੱਤਾ ਗਿਆ ਸੀ।
ਹਰ ਪਲ ਇਨਕਲਾਬ ਦੀ ਜਿੱਤ ਦੀਆਂ ਨਵੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਸਨ। ਮੰਤਰੀਆਂ ਦੀ ਗ੍ਰਿਫਤਾਰੀ, ਰਾਜਕੀ ਬੈਂਕ, ਤਾਰ-ਘਰ, ਟੈਲੀਫੋਨ ਕੇਂਦਰ ਅਤੇ ਫੌਜੀ ਹਾਈ ਕਮਾਨ ਦੇ ਹੈੱਡਕੁਆਟਰ 'ਤੇ ਕਬਜ਼ੇ ਦੀਆਂ ਖਬਰਾਂ ਮਿਲ ਰਹੀਆਂ ਸਨ। ਇੱਕ ਤੋਂ ਬਾਅਦ ਇੱਕ ਸੱਤਾ ਦਾ ਕੇਂਦਰ ਲੋਕਾਂ ਦੇ ਕਬਜ਼ੇ ਵਿਚ ਆਉਂਦਾ ਜਾ ਰਿਹਾ ਸੀ। ਪੁਰਾਣੀ ਸਰਕਾਰ ਦੀ ਨਾਮ ਨਿਹਾਦ ਸੱਤਾ ਵਿਦਰੋਹੀਆਂ ਦੇ ਹਥੌੜਿਆਂ ਦੀਆਂ ਸੱਟਾਂ ਨਾਲs sਕੀਚਰਾਂ ਕੀਚਰਾਂ ਹੋ ਕੇ ਡਿਗ ਰਹੀ ਸੀ।
ਇੱਕ ਕੌਮੀਸਾਰ ਨੇ, ਜੋ ਘੋੜੇ ਦੀ ਤੇਜ਼ ਸਵਾਰੀ ਕਰਕੇ ਹਫਿਆ ਹੋਇਆ ਸੀ ਅਤੇ ਜਿਸ ਦੇ ਕੱਪੜਿਆਂ 'ਤੇ ਚਿੱਕੜ ਦੇ ਛਿੱਟੇ ਪਏ ਹੋਏ ਸਨ, ਮੰਚ 'ਤੇ ਚੜ੍ਹ ਕੇ ਸੂਚਨਾ ਦਿੱਤੀ, ''ਕਿਲੇ ਦੀ ਸੈਨਾ ਸੋਵੀਅਤਾਂ ਦੇ ਪੱਖ 'ਚ ਹੈ। ਉਹ ਪੀਤਰੋਗਰਾਦ ਦੇ ਮੁੱਖ ਦੁਆਰਾਂ ਦੀ ਰਾਖੀ ਲਈ ਤਿਆਰ ਖੜ੍ਹੀ ਹੈ।'' ਦੂਸਰੇ ਕੌਮੀਸਾਰ ਨੇ ਸੂਚਨਾ ਦਿੱਤੀ, ''ਸਾਈਕਲ ਸਵਾਰ ਸੈਨਿਕਾਂ ਦੀ ਬਟਾਲੀਅਨ ਸੋਵੀਅਤਾਂ ਦੇ ਨਾਲ ਹੈ। ਇੱਕ ਵੀ ਸੈਨਿਕ ਆਪਣੇ ਭਾਈਆਂ ਦਾ ਖੂਨ ਵਹਾਉਣ ਦਾ ਇੱਛੁਕ ਨਹੀਂ ਹੈ।'' ਇਸ ਤੋਂ ਬਾਅਦ ਕਿਰਲੈਕੋ ਹੱਥ ਵਿਚ ਤਾਰ-ਸੰਦੇਸ਼ ਫੜੀਂ ਲੜਖੜਾਉਂਦਾ ਹੋਇਆ ਮੰਚ 'ਤੇ ਚੜ੍ਹਿਆ ਅਤੇ ਬੋਲਿਆ, ''ਬਾਹਰਲੀ ਸੈਨਾ ਵੱਲੋਂ ਸੋਵੀਅਤਾਂ ਦਾ ਸੁਆਗਤ ਹੈ। ਸੈਨਿਕ ਸੰਮਤੀ ਉੱਤਰੀ ਮੋਰਚੇ ਦੀ ਕਮਾਂਡ ਆਪਣੇ ਹੱਥ ਲੈ ਰਹੀ ਹੈ।''
ਅਖੀਰ, ਇਸ ਘਸਮਾਨੀ ਰਾਤ ਦੀ ਸਮਾਪਤੀ 'ਤੇ, ਬਹਿਸ ਅਤੇ ਸੰਕਲਪਾਂ ਦੇ ਟਕਰਾਅ ਤੋਂ ਬਾਅਦ ਇਹ ਸਪਸ਼ਟ ਅਤੇ ਹਰਮਨਪਿਆਰਾ ਘੋਸ਼ਣਾ-ਪੱਤਰ ਪ੍ਰਵਾਨ ਕੀਤਾ ਗਿਆ :
''ਅਸਥਾਈ ਸਰਕਾਰ ਬਰਖਾਸਤ ਕਰ ਦਿੱਤੀ ਗਈ ਹੈ। ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਦੀ ਭਾਰੀ ਬਹੁਗਿਣਤੀ ਦੀਆਂ ਇਛਾਵਾਂ ਅਨੁਸਾਰ ਸੋਵੀਅਤਾਂ ਦੀ ਇਹ ਕਾਂਗਰਸ ਸੱਤਾ ਹੱਥ ਲੈ ਰਹੀ ਹੈ। ਸੋਵੀਅਤ ਸਰਕਾਰ ਸਭਨਾਂ ਮੁਲਕਾਂ ਸਾਹਮਣੇ ਜਮਹੂਰੀ ਸ਼ਾਂਤੀ ਅਤੇ ਸਭ ਮੋਰਚਿਆਂ 'ਤੇ ਤੁਰੰਤ ਸ਼ਾਂਤੀ ਸੰਧੀ ਦੀ ਤਜਵੀਜ਼ ਰੱਖੇਗੀ। ਇਹ ਬਿਨਾ ਕਿਸੇ ਮੁਆਵਜੇ ਦੇ ਜ਼ਮੀਨਾਂ ਦੀ ਮਲਕੀਅਤ ਬਦਲੀ ਯਕੀਨੀ ਬਣਾਵੇਗੀ........।'' ਵਗੈਰਾ।
ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ। ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਲੋਕਾਂ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਛਲਕ ਰਹੇ ਸਨ। ਸੰਦੇਸ਼ ਵਾਹਕ ਤੇਜ਼ੀ ਨਾਲ ਸੂਚਨਾਵਾਂ ਪਹੁੰਚਾਉਣ ਲਈ ਰਵਾਨਾ ਹੋ ਗਏ ਸਨ। ਤਾਰ-ਟੈਲੀਫੋਨ ਲਗਾਤਾਰ ਕੰਮ ਕਰ ਰਹੇ ਸਨ। ਮੋਟਰ ਗੱਡੀਆਂ ਤੇਜ਼ੀ ਨਾਲ ਲੜਾਈ ਦੇ ਮੋਰਚਿਆਂ ਵੱਲ ਭੱਜੀਆਂ ਜਾ ਰਹੀਆਂ ਸਨ। ਨਦੀਆਂ ਅਤੇ ਮੈਦਾਨਾਂ ਨੂੰ ਪਾਰ ਕਰਦੇ ਜਹਾਜ਼ ਤੇਜ਼ ਗਤੀ ਨਾਲ ਉਡਦੇ ਜਾ ਰਹੇ ਸਨ। ਰੇਡੀਓ ਰਾਹੀਂ ਸਮੁੰਦਰੋਂ ਪਾਰ ਸੂਚਨਾਵਾਂ ਪਹੁੰਚ ਰਹੀਆਂ ਸਨ। ਸਭਨਾਂ ਸਾਧਨਾਂ ਰਾਹੀਂ ਇਹ ਸਭ ਤੋਂ ਮਹੱਤਵਪੂਰਨ ਸੰਦੇਸ਼ ਪ੍ਰਸਾਰਤ ਕੀਤਾ ਜਾ ਰਿਹਾ ਸੀ। ਇਨਕਲਾਬੀ ਜਨ ਸਮੂਹ ਦੇ ਨਿਸਚੇ ਦੀ ਜਿੱਤ ਹੋਈ ਸੀ। ਸੋਵੀਅਤਾਂ ਨੇ ਸਰਕਾਰ ਦਾ ਰੂਪ ਧਾਰਨ ਕਰ ਲਿਆ ਸੀ।
ਸਵੇਰੇ 6 ਵਜੇ ਇਤਿਹਾਸਕ ਸੰਮੇਲਨ ਸਮਾਪਤ ਹੋਇਆ। ਪ੍ਰਤੀਨਿਧ ਥਕਾਵਟ ਨਾਲ ਚੂਰ ਹੋ ਚੁੱਕੇ ਸਨ। ਰਾਤ ਭਰ ਜਾਗਦੇ ਰਹਿਣ ਕਰਕੇ ਉਹਨਾਂ ਦੀਆਂ ਅੱਖਾਂ ਥੱਕੀਆਂ ਹੋਈਆਂ ਸਨ। ਫਿਰ ਵੀ, ਉਹ ਬਾਗੋ ਬਾਗ ਸਨ ਅਤੇ ਪੱਥਰ ਦੀਆਂ ਪੌੜੀਆਂ ਅਤੇ ਦਰਵਾਜ਼ੇ ਲੰਘਦੇ ਹੋਏ ਸਮੋਲਨੀ ਤੋਂ ਬਾਹਰ ਨਿਕਲ ਰਹੇ ਸਨ। ਬਾਹਰ ਅਜੇ ਹਨੇਰਾ ਅਤੇ ਕਰੜੀ ਠੰਡ ਸੀ, ਪਰ ਪੂਰਬ ਵਿਚ ਲਾਲ ਪਹੁ-ਫੁਟਾਲਾ ਹੋ ਰਿਹਾ ਸੀ। ੦ ੦ ੦ ੦
ਵਿਰਸੇ ਦੀ ਲੋਅ....
ਮਹਾਨ ਅਕਤੂਬਰ ਬਗਾਵਤ ਅਤੇ ਇਨਕਲਾਬ ਦਾ ਜੇਤੂ ਮਾਰਚ
........ਬਾਲਸ਼ਵਿਕਾਂ ਨੇ ਬਗਾਵਤ ਦੀਆਂ ਸਰਗਰਮ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਲੈਨਿਨ ਨੇ ਐਲਾਨ ਕੀਤਾ ਕਿ ਦੋਹਾਂ ਰਾਜਧਾਨੀਆਂ¸ ਮਾਸਕੋ ਅਤੇ ਪੈਟਰੋਗਰਾਡ- ਵਿਚ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੀਆਂ ਸੋਵੀਅਤਾਂ ਵਿਚ ਬਹੁਗਿਣਤੀ ਹਾਸਲ ਕਰ ਲੈਣ ਪਿੱਛੋਂ ਹੁਣ ਬਾਲਸ਼ਵਿਕ ਹਕੂਮਤ ਦੀ ਵਾਗਡੋਰ ਆਪਣੇ ਹੱਥ ਲੈ ਸਕਦੇ ਹਨ ਅਤੇ ਉਹਨਾਂ ਨੂੰ ਏਹੋ ਕਰਨਾ ਚਾਹੀਦਾ ਹੈ। ਤਹਿ ਕੀਤੇ ਪੰਧ 'ਤੇ ਨਜ਼ਰ ਮਾਰਦਿਆਂ ਹੋਇਆਂ ਲੈਨਿਨ ਨੇ ਇਸ ਹਕੀਕਤ 'ਤੇ ਜ਼ੋਰ ਦਿੱਤਾ ਕਿ ''ਲੋਕਾਂ ਦੀ ਬਹੁਗਿਣਤੀ ਸਾਡੇ ਹੱਕ ਵਿਚ ਹੈ।'' ਕੇਂਦਰੀ ਕਮੇਟੀ ਤੇ ਬਾਲਸ਼ਵਿਕ ਜਥੇਬੰਦੀਆਂ ਨੂੰ ਆਪਣੀਆਂ ਚਿੱਠੀਆਂ ਅਤੇ ਆਪਣੇ ਲੇਖਾਂ ਵਿਚ ਲੈਨਿਨ ਨੇ ਬਗਾਵਤ ਦੀ ਇੱਕ ਵਿਸਥਾਰ-ਭਰੀ ਸਕੀਮ ਦਾ ਨਕਸ਼ਾ ਘੱਲਿਆ, ਜਿਸ ਵਿਚ ਦੱਸਿਆ ਗਿਆ ਸੀ ਕਿ ਫੌਜੀ ਦਸਤਿਆਂ, ਸਮੁੰਦਰੀ ਬੇੜੇ ਅਤੇ ਲਾਲ ਰਾਖਿਆਂ ਨੂੰ ਕਿਵੇਂ ਵਰਤਿਆ ਜਾਵੇ, ਬਗਾਵਤ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੈਟਰੋਗਰਾਡ ਵਿਚ ਕਿਹੜੀਆਂ ਕਿਹੜੀਆਂ ਜ਼ਰੂਰੀ ਥਾਵਾਂ 'ਤੇ ਕਬਜ਼ਾ ਕੀਤਾ ਜਾਵੇ ਆਦਿ। 7 ਅਕਤੂਬਰ ਨੂੰ ਲੈਨਿਨ ਗੁਪਤ ਰੂਪ ਵਿਚ ਫਿਨਲੈਂਡ ਤੋਂ ਪੈਟਰੋਗਰਾਡ ਪਹੁੰਚ ਗਿਆ। ਅਕਤੂਬਰ 1917 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਉਹ ਇਤਿਹਾਸਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕੁੱਝ ਦਿਨਾਂ ਵਿਚ ਹਥਿਆਰਬੰਦ ਬਗਾਵਤ ਸ਼ੁਰੂ ਕਰ ਦਿੱਤੀ ਜਾਵੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇਸ ਇਤਿਹਾਸਕ ਮਤੇ ਨੂੰ ਲੈਨਿਨ ਨੇ ਤਿਆਰ ਕੀਤਾ ਸੀ।
ਪਾਰਟੀ ਦੀ ਕੇਂਦਰੀ ਕਮੇਟੀ ਦੀਆਂ ਹਦਾਇਤਾਂ 'ਤੇ ਪੈਟਰੋਗਰਾਡ ਸੋਵੀਅਤ ਦੀ ''ਇਨਕਲਾਬੀ ਫੌਜੀ ਕਮੇਟੀ'' ਬਣਾਈ ਗਈ। ਇਹ ਕਮੇਟੀ ਬਗਾਵਤ ਦਾ ਕਾਨੂੰਨੀ ਤੌਰ 'ਤੇ ਚੱਲ ਰਿਹਾ ਹੈਡਕੁਆਟਰ ਬਣ ਗਈ।
ਏਸੇ ਸਮੇਂ ਵਿਚ ਉਲਟ-ਇਨਕਲਾਬੀ ਵੀ ਬੜੀ ਤੇਜ਼ੀ ਨਾਲ ਆਪਣੀਆਂ ਤਾਕਤਾਂ ਇਕੱਠੀਆਂ ਕਰ ਰਹੇ ਸਨ। ਫੌਜ ਦੇ ਅਫਸਰਾਂ ਨੇ ''ਅਫਸਰਾਂ ਦੀ ਲੀਗ'' ਨਾਮੀ ਇੱਕ ਉਲਟ-ਇਨਕਲਾਬੀ ਜਥੇਬੰਦੀ ਬਣਾ ਲਈ। ਉਲਟ-ਇਨਕਲਾਬੀਆਂ ਨੇ ਝੰਜੋੜੂ ਫੌਜੀ ਦਸਤੇ ਤਿਆਰ ਕਰਨ ਲਈ ਥਾਂ ਥਾਂ ਆਪਣੇ ਹੈਡਕੁਆਟਰ ਕਾਇਮ ਕਰ ਲਏ।........
16 ਅਕਤੂਬਰ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਇੱਕ ਵਧਾਈ ਹੋਈ ਮੀਟਿੰਗ ਹੋਈ। ਇਸ ਮੀਟਿੰਗ ਨੇ ਬਗਾਵਤ ਦੀ ਅਗਵਾਈ ਲਈ ਇੱਕ ਪਾਰਟੀ ਕੇਂਦਰ ਚੁਣਿਆ। ਪਾਰਟੀ ਕੇਂਦਰ ਦਾ ਮੁਖੀ ਕਾਮਰੇਡ ਸਟਾਲਿਨ ਨੂੰ ਚੁਣਿਆ ਗਿਆ। ਪਾਰਟੀ ਕੇਂਦਰ ਪੈਟਰੋਗਰਾਡ ਸੋਵੀਅਤ ਦੀ ਇਨਕਲਾਬੀ ਫੌਜੀ ਕਮੇਟੀ ਦਾ ਅਗਵਾਈ ਦੇਣ ਵਾਲਾ ਕੇਂਦਰ ਸੀ। ਸਾਰੀ ਬਗਾਵਤ ਦੀ ਅਮਲੀ ਅਗਵਾਈ ਏਸੇ ਦੇ ਹੱਥ ਸੀ।
ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਗੋਡੇਟੇਕੂ ਜ਼ਿਨੋਵੀਵ ਅਤੇ ਕਾਮਾਨੇਵ ਨੇ ਫੇਰ ਬਗਾਵਤ ਦੀ ਵਿਰੋਧਤਾ ਕੀਤੀ। ਜਦੋਂ ਆਰਜ਼ੀ ਕਮੇਟੀ ਵਿਚ ਉਹਨਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਖੁੱਲ੍ਹੇ ਤੌਰ 'ਤੇ ਅਖਬਾਰਾਂ ਰਾਹੀਂ ਬਗਾਵਤ ਦੀ ਅਤੇ ਪਾਰਟੀ ਦੀ ਵਿਰੋਧਤਾ 'ਤੇ ਉੱਤਰ ਆਏ।.......... ਲੈਨਿਨ ਨੇ ਇਸ ਸੰਬੰਧ ਵਿਚ ਲਿਖਿਆ, ''ਕਾਮਨੇਵ ਅਤੇ ਜ਼ਿਨੋਵੀਵ ਨੇ ਆਪਣੀ ਪਾਰਟੀ ਦੀ ਕੇਂਦਰੀ ਕਮੇਟੀ ਦਾ ਹਥਿਆਰਬੰਦ ਬਗਾਵਤ ਬਾਰੇ ਫੈਸਲਾ ਰੋਦਜ਼ਯਾਨਕੋ ਤੇ ਕਰੰਸਕੀ ਨੂੰ ਦੱਸ ਦੇਣ ਦੀ ਗ਼ਦਾਰੀ ਕੀਤੀ ਹੈ।'' ਲੈਨਿਨ ਨੇ ਕਾਮਨੇਵ ਤੇ ਜ਼ਿਨੋਵੀਵ ਨੂੰ ਪਾਰਟੀ ਵਿਚੋਂ ਕੱਢ ਦੇਣ ਦਾ ਸਵਾਲ ਕੇਂਦਰੀ ਕਮੇਟੀ ਸਾਹਮਣੇ ਪੇਸ਼ ਕੀਤਾ।
ਗ਼ਦਾਰਾਂ ਵੱਲੋਂ ਇਸ ਚੇਤਾਵਨੀ ਦਾ ਨਤੀਜਾ ਇਹ ਹੋਇਆ ਕਿ ਇਨਕਲਾਬ ਦੇ ਦੁਸ਼ਮਣਾਂ ਨੇ ਫੌਰਨ ਬਗਾਵਤ ਨੂੰ ਰੋਕਣ ਅਤੇ ਬਗਾਵਤ ਦੀ ਅਗਵਾਈ ਕਰਨ ਵਾਲੇ ਦਲ- ਬਾਲਸ਼ਵਿਕ ਪਾਰਟੀ- ਨੂੰ ਕੁਚਲਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ।........ ਆਰਜ਼ੀ ਹਕੂਮਤ ਨੇ ਇੱਕ ਯੋਜਨਾ ਤਿਆਰ ਕੀਤੀ। ਯੋਜਨਾ ਇਹ ਸੀ ਕਿ ਸੋਵੀਅਤਾਂ ਦੀ ਦੂਜੀ ਕਾਂਗਰਸ ਸ਼ੁਰੂ ਹੋਣ ਤੋਂ ਝੱਟ ਪਹਿਲਾਂ ਬਾਲਸ਼ਵਿਕ ਕੇਂਦਰੀ ਕਮੇਟੀ ਦੇ ਹੈਡਕੁਆਟਰ¸ ਜੋ ਸਮੋਲਨੀ ਵਿਚ ਸੀ- 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਜਾਵੇ ਅਤੇ ਬਾਲਸ਼ਵਿਕਾਂ ਦਾ ਅਗਵਾਈ ਦੇਣ ਵਾਲਾ ਕੇਂਦਰ ਤਬਾਹ ਕਰ ਦਿੱਤਾ ਜਾਵੇ। ਇਸ ਕਾਰਜ ਲਈ ਹਕੂਮਤ ਨੇ ਪੈਟਰੋਗਰਾਡ ਵਿਚ ਉਹ ਫੌਜਾਂ ਬੁਲਾ ਲਈਆਂ, ਜਿਹਨਾਂ ਦੀ ਵਫਾਦਾਰੀ ਵਿਚ ਉਸ ਨੂੰ ਭਰੋਸਾ ਸੀ।
ਪਰ ਆਰਜ਼ੀ ਹਕੂਮਤ ਦੀ ਜ਼ਿੰਦਗੀ ਦੇ ਦਿਨ ਹੀ ਨਹੀਂ ਸਗੋਂ ਘੰਟੇ ਵੀ ਪਹਿਲਾਂ ਹੀ ਮਿਥੇ ਜਾ ਚੁੱਕੇ ਸਨ। ਹੁਣ ਸਮਾਜਵਾਦੀ ਇਨਕਲਾਬ ਦੀ ਜੇਤੂ ਚੜ੍ਹਾਈ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਸੀ।
21 ਅਕਤੂਬਰ ਨੂੰ ਬਾਲਸ਼ਵਿਕਾਂ ਨੇ ਇਨਕਲਾਬੀ ਫੌਜੀ ਕਮੇਟੀ ਦੇ ਨੁਮਾਇੰਦੇ ਸਾਰੇ ਇਨਕਲਾਬੀ ਫੌਜੀ ਦਸਤਿਆਂ ਵੱਲ ਭੇਜ ਦਿੱਤੇ। ਬਗਾਵਤ ਤੋਂ ਪਹਿਲਾਂ ਦੇ ਬਾਕੀ ਦਿਨਾਂ ਵਿਚ ਸਾਰਾ ਸਮਾਂ ਫੌਜੀ ਦਸਤਿਆਂ ਵਿਚ ਤੇ ਮਿੱਲਾਂ ਅਤੇ ਫੈਕਟਰੀਆਂ ਅੰਦਰ ਸਰਗਰਮ ਤਿਆਰੀਆਂ ਲਈ ਲਾਇਆ ਗਿਆ। 'ਆਰੋਰਾ' ਤੇ 'ਜ਼ਾਰਯਾਸਵੋਬੋਦੀ' ਨਾਮੀ ਜੰਗੀ ਜਹਾਜ਼ਾਂ ਨੂੰ ਵੀ ਠੋਸ ਹਦਾਇਤਾਂ ਦਿੱਤੀਆਂ ਗਈਆਂ।.........
ਬਗਾਵਤ ਸ਼ੁਰੂ ਹੋ ਗਈ ਸੀ।
24 ਅਕਤੂਬਰ ਦੀ ਰਾਤ ਨੂੰ ਲੈਨਿਨ ਸਮੋਲਨੀ ਪਹੁੰਚ ਗਿਆ ਤੇ ਉਸਨੇ ਬਗਾਵਤ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ। ਉਸ ਦਿਨ ਰਾਤ ਭਰ ਫੌਜ ਦੇ ਇਨਕਲਾਬੀ ਦਸਤੇ ਤੇ ਲਾਲ ਰਾਖਿਆਂ ਦੇ ਜੱਥੇ ਸਮੋਲਨੀ ਨੂੰ ਆਉਂਦੇ ਰਹੇ। ਬਾਲਸ਼ਵਿਕਾਂ ਨੇ ਉਹਨਾਂ ਨੂੰ ਸ਼ਹਿਰ ਦੇ ਕੇਂਦਰ ਵੱਲ ਵਧਣ ਤੇ ਸਰਦ ਮਹਿਲ ਨੂੰ ਘੇਰਾ ਪਾ ਲੈਣ ਦੀ ਹਦਾਇਤ ਕੀਤੀ। ਸਰਦ ਮਹਿਲ ਨੂੰ ਆਰਜ਼ੀ ਹਕੂਮਤ ਨੇ ਆਪਣਾ ਗੜ੍ਹ ਬਣਾ ਰੱਖਿਆ ਸੀ।
25 ਅਕਤੂਬਰ (7 ਨਵੰਬਰ) ਨੂੰ ਲਾਲ ਰਾਖਿਆਂ ਤੇ ਇਨਕਲਾਬੀ ਫੌਜਾਂ ਨੇ ਰੇਲਵੇ ਸਟੇਸ਼ਨਾਂ, ਡਾਕਖਾਨੇ, ਤਾਰਘਰ, ਵਜ਼ੀਰਾਂ ਦੇ ਦਫਤਰਾਂ ਤੇ ਸਰਕਾਰੀ ਬੈਂਕ ਉੱਤੇ ਕਬਜ਼ਾ ਕਰ ਲਿਆ।
ਪੂਰਵ-ਪਾਰਲੀਮੈਂਟ ਤੋੜ ਦਿੱਤੀ ਗਈ।
ਪੈਟਰੋਗਰਾਡ ਸੋਵੀਅਤ ਦਾ ਹੈਡਕੁਆਟਰ ਸਮੋਲਨੀ ਇਨਕਲਾਬ ਦਾ ਹੈਡਕੁਆਟਰ ਬਣ ਗਿਆ। ਲੜਾਈ ਦੇ ਸਾਰੇ ਹੁਕਮ ਉਥੋਂ ਹੀ ਜਾਰੀ ਕੀਤੇ ਜਾਣ ਲੱਗੇ।
ਉਹਨਾਂ ਦਿਨਾਂ ਵਿਚ ਪੈਟਰੋਗਰਾਡ ਦੇ ਮਜ਼ਦੂਰਾਂ ਨੇ ਦਰਸਾਇਆ ਕਿ ਉਹਨਾਂ ਨੇ ਬਾਲਸ਼ਵਿਕ ਪਾਰਟੀ ਦੀ ਰਾਹਨੁਮਾਈ ਹੇਠ ਕਿੰਨੀ ਸ਼ਾਨਦਾਰ ਸਿੱਖਿਆ ਪਾਈ ਸੀ। ਫੌਜ ਦੇ ਇਨਕਲਾਬੀ ਦਸਤਿਆਂ ਨੇ, ਜਿਹਨਾਂ ਨੂੰ ਬਾਲਸ਼ਵਿਕਾਂ ਦੇ ਕੰਮ ਨੇ ਬਗਾਵਤ ਲਈ ਤਿਆਰ ਕੀਤਾ ਸੀ, ਲੜਾਈ ਦੇ ਹੁਕਮਾਂ ਨੂੰ ਇੰਨ ਬਿੰਨ ਸਿਰੇ ਚੜ੍ਹਾਇਆ। ਉਹ ਲਾਲ ਰਾਖਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ। ਸਮੁੰਦਰੀ ਬੇੜਾ ਵੀ ਫੌਜ ਨਾਲੋਂ ਪਿੱਛੇ ਨਾ ਰਿਹਾ। ਕਰੋਨਸਤਦਾਤ ਦਾ ਸਮੁੰਦਰੀ ਅੱਡਾ ਬਾਲਸ਼ਵਿਕ ਪਾਰਟੀ ਦਾ ਇੱਕ ਮਜਬੂਤ ਗੜ੍ਹ ਸੀ। ਉਸਨੇ ਢੇਰ ਚਿਰ ਪਹਿਲਾਂ ਆਰਜ਼ੀ ਹਕੂਮਤ ਦੀ ਸ਼ਕਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਆਰੋਰਾ ਨਾਮੀ ਜੰਗੀ ਜਹਾਜ਼ ਨੇ ਆਪਣੀਆਂ ਤੋਪਾਂ ਸਰਦ ਮਹਿਲ ਦੀ ਸੇਧ ਵਿਚ ਬੀੜ ਦਿੱਤੀਆਂ। 25 ਅਕਤੁਬਰ ਨੂੰ ਉਹਨਾਂ ਦੀ ਗਰਜ਼ ਨੇ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਇਹ ਮਹਾਨ ਸਮਾਜਵਾਦੀ ਇਨਕਲਾਬ ਦਾ ਯੁੱਗ ਸੀ।
25 ਅਕਤੂਬਰ (7 ਨਵੰਬਰ) ਨੂੰ ਬਾਲਸ਼ਵਿਕਾਂ ਨੇ ''ਰੂਸ ਦੇ ਸ਼ਹਿਰੀਆਂ ਦੇ ਨਾਂ'' ਇੱਕ ਐਲਾਨ ਜਾਰੀ ਕੀਤਾ। ਇਸ ਵਿਚ ਦੱਸਿਆ ਗਿਆ ਕਿ ਸਰਮਾਏਦਾਰ ਆਰਜ਼ੀ ਹਕੂਮਤ ਨੂੰ ਗੱਦੀਉਂ ਲਾਹ ਦਿੱਤਾ ਗਿਆ ਹੈ ਅਤੇ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ।
ਆਰਜ਼ੀ ਹਕੂਮਤ ਕੇਡਟਾਂ ਤੇ ਉਲਟ-ਇਨਕਲਾਬੀ ਝੰਜੋੜੂ ਦਸਤਿਆਂ ਦੀ ਰਾਖੀ ਵਿਚ ਸਰਦ ਮਹਿਲ ਅੰਦਰ ਲੁਕੀ ਬੈਠੀ ਸੀ। 25 ਅਕਤੂਬਰ ਦੀ ਰਾਤ ਨੂੰ ਇਨਕਲਾਬੀ ਮਜ਼ਦੂਰਾਂ, ਫੌਜੀਆਂ ਅਤੇ ਮਲਾਹਾਂ ਨੇ ਇੱਕੋ ਹੱਲੇ ਨਾਲ ਸਰਦ ਮਹਿਲ 'ਤੇ ਕਬਜ਼ਾ ਕਰ ਲਿਆ ਤੇ ਆਰਜ਼ੀ ਹਕੂਮਤ ਨੂੰ ਗ੍ਰਿਫਤਾਰ ਕਰ ਲਿਆ।
ਪੈਟਰੋਗਰਾਡ ਵਿਚ ਹਥਿਆਰਬੰਦ ਬਗਾਵਤ ਦੀ ਜਿੱਤ ਹੋ ਚੁੱਕੀ ਸੀ।
ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਸਮੋਲਨੀ ਵਿਚ 25 ਅਕਤੂਬਰ (7 ਨਵੰਬਰ) 1917 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਸ਼ੁਰੂ ਹੋਈ। ਉਸ ਵੇਲੇ ਤੱਕ ਪੈਟਰੋਗਰਾਡ ਵਿਚ ਬਗਾਵਤ ਦੀ ਜਿੱਤ ਪੂਰੇ ਜੋਬਨ ਵਿਚ ਸੀ ਅਤੇ ਰਾਜਧਾਨੀ ਵਿਚ ਸਿਆਸੀ ਸੱਤਾ ਪੈਟਰੋਗਰਾਡ ਸੋਵੀਅਤ ਦੇ ਕਬਜ਼ੇ ਵਿਚ ਆ ਚੁੱਕੀ ਸੀ।
ਬਾਲਸ਼ਵਿਕਾਂ ਨੂੰ ਕਾਂਗਰਸ ਵਿਚ ਭਾਰੀ ਬਹੁਗਿਣਤੀ ਹਾਸਲ ਹੋਈ। ਮੈਨਸ਼ਵਿਕ, ਬੰਡ-ਵਾਦੀ ਤੇ ਸੱਜੇ ਸਮਾਜਵਾਦੀ-ਇਨਕਲਾਬੀ ਆਪਣੇ ਦਿਨ ਪੁੱਗ ਚੁੱਕੇ ਸਮਝ ਕੇ ਕਾਂਗਰਸ ਨੂੰ ਛੱਡ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸਦੀ ਕਾਰਵਾਈ ਵਿਚ ਹਿੱਸਾ ਲੈਣ ਨੂੰ ਤਿਆਰ ਨਹੀਂ। ਆਪਣੇ ਇੱਕ ਬਿਆਨ ਵਿਚ, ਜਿਹੜਾ ਉਹਨਾਂ ਸੋਵੀਅਤਾਂ ਦੀ ਕਾਂਗਰਸ 'ਚ ਪੜ੍ਹ ਕੇ ਸੁਣਾਇਆ, ਉਹਨਾਂ ਨੇ ਅਕਤੂਬਰ ਇਨਕਲਾਬ ਨੂੰ ਇੱਕ ''ਫੌਜੀ ਸਾਜਸ਼'' ਆਖਿਆ। ਕਾਂਗਰਸ ਨੇ ਮੈਨਸ਼ਵਿਕਾਂ ਅਤੇ ਸਮਾਜਵਾਦੀ ਇਨਕਲਾਬੀਆਂ ਦੀ ਨਿਖੇਧੀ ਕੀਤੀ। ਉਹਨਾਂ ਦੇ ਛੱਡ ਕੇ ਚਲੇ ਜਾਣ 'ਤੇ ਅਫਸੋਸ ਕਰਨ ਦੀ ਥਾਂ ਕਾਂਗਰਸ ਨੇ ਇਸ ਦਾ ਸੁਆਗਤ ਕੀਤਾ। ਉਸ ਨੇ ਐਲਾਨ ਕੀਤਾ ਕਿ ਗ਼ਦਾਰਾਂ ਦੇ ਛੱਡ ਜਾਣ ਨਾਲ ਹੁਣ ਉਹ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਨੁਮਾਇੰਦਿਆਂ ਦੀ ਸਹੀ ਇਨਕਲਾਬੀ ਕਾਂਗਰਸ ਬਣ ਗਈ ਹੈ।
ਕਾਂਗਰਸ ਨੇ ਐਲਾਨ ਜਾਰੀ ਕਰ ਦਿੱਤਾ ਕਿ ਕੁੱਲ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ। ਸੋਵੀਅਤਾਂ ਦੀ ਦੂਜੀ ਕਾਂਗਰਸ ਦੇ ਐਲਾਨ ਵਿਚ ਲਿਖਿਆ ਸੀ :
''ਮਜ਼ਦੂਰਾਂ, ਫੌਜੀ ਸਿਪਾਹੀਆਂ ਤੇ ਕਿਸਾਨਾਂ ਦੀ ਇੱਕ ਭਾਰੀ ਬਹੁਗਿਣਤੀ ਦੀ ਮਰਜ਼ੀ ਦੀ ਹਮਾਇਤ ਨਾਲ, ਪੈਟਰੋਗਰਾਡ ਵਿਚ ਹੋਈ ਮਜ਼ਦੂਰਾਂ ਤੇ ਫੌਜਾਂ ਦੀ ਜੇਤੂ ਬਗਾਵਤ ਦੀ ਮੱਦਦ ਨਾਲ, ਕਾਂਗਰਸ ਸਿਆਸੀ ਸੱਤਾ ਆਪਣੇ ਹੱਥਾਂ ਵਿਚ ਲੈਂਦੀ ਹੈ।''
26 ਅਕਤੂਬਰ (8 ਨਵੰਬਰ) 1917 ਦੀ ਰਾਤ ਨੂੰ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਅਮਨ ਬਾਰੇ ਫੁਰਮਾਨ ਜਾਰੀ ਕੀਤਾ। ਕਾਂਗਰਸ ਨੇ ਜੰਗ ਵਿਚ ਸ਼ਾਮਲ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਲਈ ਫੌਰੀ ਆਰਜ਼ੀ ਸੁਲਹ ਕਰ ਲੈਣ ਤਾਂ ਕਿ ਅਮਨ ਲਈ ਗੱਲਬਾਤ ਕੀਤੀ ਜਾ ਸਕੇ। ਕਾਂਗਰਸ ਨੇ ਇਹ ਅਪੀਲ ਜੰਗ ਵਿਚ ਸ਼ਾਮਲ ਸਭ ਮੁਲਕਾਂ ਦੀਆਂ ਹਕੂਮਤਾਂ ਤੇ ਲੋਕਾਂ ਨੂੰ ਕੀਤੀ, ਪਰ ਉਸ ਨੇ ''ਇਨਸਾਨੀਅਤ ਦੀਆਂ ਤਿੰਨ ਸਭ ਤੋਂ ਤਰੱਕੀ ਕਰ ਚੁੱਕੀਆਂ ਕੌਮਾਂ, ਤੇ ਮੌਜੂਦਾ ਲੜਾਈ ਵਿਚ ਹਿੱਸਾ ਲੈ ਰਹੀਆਂ ਤਿੰਨ ਸਭ ਤੋਂ ਵੱਡੀਆਂ ਹਕੂਮਤਾਂ ਅਥਵਾ ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਜਮਾਤੀ ਸੂਝ ਰੱਖਣ ਵਾਲੇ ਮਜ਼ਦੂਰਾਂ'' ਦਾ ਇਸ ਵੱਲ ਉਚੇਚਾ ਧਿਆਨ ਦਿਵਾਇਆ। ਉਸ ਨੇ ਇਹਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਦੇ ਕਾਜ਼ ਨੂੰ ਕਾਮਯਾਬ ਕਰਨ ਤੇ ਨਾਲ ਹੀ ਮਿਹਤਕਸ਼ ਤੇ ਲੁੱਟੀ ਪੁੱਟੀ ਜਾ ਰਹੀ ਜਨਤਾ ਨੂੰ ਹਰ ਕਿਸਮ ਦੀ ਗੁਲਾਮੀ ਤੇ ਹਰ ਕਿਸਮ ਦੀ ਲੁੱਟ ਖਸੁੱਟ ਤੋਂ ਛੁਟਕਾਰਾ ਦਿਵਾਉਣ ਦੇ ਕਾਜ਼ ਨੂੰ ਪੂਰਾ ਕਰਨ ਲਈ ਮੱਦਦ ਦੇਣ।
ਓਸੇ ਰਾਤ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਜ਼ਮੀਨ ਬਾਰੇ ਫੁਰਮਾਨ ਜਾਰੀ ਕੀਤਾ। ਇਸ ਵਿਚ ਐਲਾਨ ਕੀਤਾ ਗਿਆ ਕਿ ''ਅੱਜ ਤੋਂ ਜਾਗੀਰਦਾਰਾਂ ਦੀ ਜ਼ਮੀਨ 'ਤੇ ਮਾਲਕੀ ਬਿਨਾ ਕਿਸੇ ਮੁਆਵਜ਼ੇ ਦੇ ਖਤਮ ਕੀਤੀ ਜਾਂਦੀ ਹੈ।'' ਕਿਸਾਨਾਂ ਦੇ ਇੱਕ ਹਦਾਇਤਨਾਮੇ ਦੇ ਆਧਾਰ 'ਤੇ, ਜਿਹੜਾ 242 ਅੱਡੋ ਅੱਡ ਥਾਵਾਂ ਦੇ ਕਿਸਾਨਾਂ ਦੇ ਹਦਾਇਤਨਾਮਿਆਂ ਤੋਂ ਤਿਆਰ ਕੀਤਾ ਗਿਆ ਸੀ, ਇਹ ਜ਼ਰਾਇਤੀ ਕਾਨੂੰਨ ਜਾਰੀ ਕੀਤਾ ਗਿਆ। ਇਸ ਹਿਦਾਇਤਨਾਮੇ ਵਿਚ ਮੰਗ ਸੀ ਕਿ ਜ਼ਮੀਨ ਦੀ ਨਿੱਜੀ ਮਾਲਕੀ ਨੂੰ ਹਮੇਸ਼ਾਂ ਲਈ ਖਤਮ ਕਰਕੇ ਉਸਦੀ ਥਾਂ ਪਬਲਿਕ ਜਾਂ ਹਕੂਮਤ ਦੀ ਮਾਲਕੀ ਕਾਇਮ ਕੀਤੀ ਜਾਵੇ। ਜਾਗੀਰਦਾਰਾਂ, ਜ਼ਾਰ ਦੇ ਘਰਾਣੇ ਦੇ ਲੋਕਾਂ ਅਤੇ ਗਿਰਜਿਆਂ ਆਦਿ ਦੀਆਂ ਜ਼ਮੀਨਾਂ ਸਭ ਮਿਹਨਤਕਸ਼ਾਂ ਦੀ ਮੁਫਤ ਵਰਤੋਂ ਲਈ ਉਹਨਾਂ ਦੇ ਹਵਾਲੇ ਕੀਤੀਆਂ ਜਾਣ।
ਇਸ ਫੁਰਮਾਨ ਰਾਹੀਂ ਅਕਤੂਬਰ ਦੇ ਸਮਾਜਵਾਦੀ ਇਨਕਲਾਬ ਨੇ ਕਿਸਾਨਾਂ ਨੂੰ 15 ਕਰੋੜ ਡੈਸੀਆਟਿਨ (ਚਾਲੀ ਕਰੋੜ ਏਕੜ) ਤੋਂ ਵੱਧ ਜ਼ਮੀਨ ਦਿੱਤੀ, ਜਿਹੜੀ ਪਹਿਲਾਂ ਜਾਗੀਰਦਾਰਾਂ, ਸਰਮਾਏਦਾਰਾਂ, ਜ਼ਾਰ ਦੇ ਘਰਾਣੇ, ਮੱਠਾਂ ਅਤੇ ਗਿਰਜਿਆਂ ਦੀ ਮਲਕੀਅਤ ਸੀ।
ਇਸ ਤੋਂ ਇਲਾਵਾ, ਕਿਸਾਨਾਂ ਦਾ ਪੰਜਾਹ ਕਰੋੜ ਸੋਨੇ ਦੇ ਰੂਬਲ ਲਗਾਨ ਤੋਂ ਵੀ ਛੁਟਕਾਰਾ ਹੋ ਗਿਆ ਜਿਹੜਾ ਉਹਨਾਂ ਨੂੰ ਸਾਲ ਦੇ ਸਾਲ ਜਾਗੀਰਦਾਰਾਂ ਨੂੰ ਦੇਣਾ ਪੈਂਦਾ ਸੀ। ਸਾਰੇ ਧਰਤੀ ਵਿਚਲੇ ਜ਼ਖੀਰੇ (ਤੇਲ, ਕੋਲਾ, ਧਾਤਾਂ ਆਦਿ), ਜੰਗਲ ਤੇ ਨਦੀ ਨਾਲੇ ਲੋਕਾਂ ਦੀ ਮਲਕੀਅਤ ਬਣ ਗਏ।
ਇਸ ਨਾਲ ਸੋਵੀਅਤਾਂ ਦੀ ਦੂਜੀ ਕਾਂਗਰਸ ਦਾ ਸਮਾਗਮ ਖਤਮ ਹੋ ਗਿਆ।
ਆਖਰੀ ਗੱਲ, ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਨੇ ਪਹਿਲੀ ਸੋਵੀਅਤ ਹਕੂਮਤ¸ ਲੋਕ ਵਜ਼ੀਰਾਂ ਦੀ ਕੌਂਸਲ- ਬਣਾਈ ਜਿਸ ਦੇ ਸਾਰੇ ਦੇ ਸਾਰੇ ਮੈਂਬਰ ਬਾਲਸ਼ਵਿਕ ਸਨ। ਲੈਨਿਨ ਪਹਿਲੀ ਲੋਕ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਪੈਟਰੋਗਰਾਡ ਵਿਚ ਸੋਵੀਅਤ ਦੀ ਜਿੱਤ ਦੀ ਖਬਰ ਨੂੰ ਧੁਮਾਉਣ ਲਈ ਤੇ ਸਾਰੇ ਮੁਲਕ ਵਿਚ ਸੋਵੀਅਤ ਰਾਜ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੇ ਡੈਲੀਗੇਟ ਥਾਉਂ ਥਾਈਂ ਚਲੇ ਗਏ।
ਸੋਵੀਅਤਾਂ ਹਰ ਥਾਂ ਫੌਰਨ ਆਪਣਾ ਰਾਜ ਕਾਇਮ ਨਾ ਕਰ ਸਕੀਆਂ। ਪੈਟਰੋਗਰਾਡ ਵਿਚ ਸੋਵੀਅਤ ਹਕੂਮਤ ਕਾਇਮ ਹੋ ਚੁੱਕਣ ਦੇ ਬਾਅਦ ਮਾਸਕੋ ਦੇ ਬਾਜ਼ਾਰਾਂ ਵਿਚ ਕਈ ਦਿਨ ਤੱਕ ਜ਼ੋਰਦਾਰ ਤੇ ਜਾਨਤੋੜ ਲੜਾਈ ਹੁੰਦੀ ਰਹੀ। ਸਿਆਸੀ ਸੱਤਾ ਮਾਸਕੋ ਸੋਵੀਅਤ ਦੇ ਹੱਥਾਂ ਵਿਚ ਨਾ ਜਾਣ ਦੇਣ ਲਈ, ਉਲਟ-ਇਨਕਲਾਬੀ ਮੈਨਸ਼ਵਿਕ ਤੇ ਸਮਾਜਵਾਦੀ ਇਨਕਲਾਬੀ ਪਾਰਟੀਆਂ ਨੇ ਇਨਕਲਾਬ ਦੁਸ਼ਮਣਾਂ ਤੇ ਕੇਡਟਾਂ ਨਾਲ ਮਿਲ ਕੇ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਖਿਲਾਫ ਇੱਕ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ। ਬਾਗੀਆਂ ਨੂੰ ਭਾਂਜ ਦੇਣ ਅਤੇ ਮਾਸਕੋ ਵਿਚ ਸੋਵੀਅਤ ਰਾਜ ਕਾਇਮ ਕਰਨ ਵਿਚ ਕਈ ਦਿਨ ਲੱਗ ਗਏ।
ਪੈਟਰੋਗਰਾਡ ਸ਼ਹਿਰ ਵਿਚ, ਤੇ ਇਸ ਦੇ ਕਈ ਜ਼ਿਲ੍ਹਿਆਂ ਵਿਚ, ਇਨਕਲਾਬ ਦੀ ਜਿੱਤ ਦੇ ਪਹਿਲੇ ਦਿਨਾਂ ਵਿਚ ਹੀ ਸੋਵੀਅਤ ਰਾਜ ਨੂੰ ਉਲਟਾਉਣ ਦੀਆਂ ਉਲਟ-ਇਨਕਲਾਬੀ ਕੋਸ਼ਿਸ਼ਾਂ ਕੀਤੀਆਂ ਗਈਆਂ।..........
ਲੈਨਿਨ ਨੇ ਜਿਵੇਂ ਅਕਤੂਬਰ ਬਗਾਵਤ ਦੀ ਅਗਵਾਈ ਕੀਤੀ ਸੀ, ਉਸੇ ਤਰ੍ਹਾਂ ਇਸ ਸੋਵੀਅਤ ਵਿਰੋਧੀ ਗ਼ਦਰ ਨੂੰ ਦਬਾਉਣ ਸਮੇਂ ਵੀ ਅਗਵਾਈ ਕੀਤੀ। ਉਸਦੀ ਅਟੱਲ ਦ੍ਰਿੜ੍ਹਤਾ ਅਤੇ ਜਿੱਤ ਵਿਚ ਅਡੋਲ ਵਿਸ਼ਵਾਸ਼ ਨੇ ਜਨਤਾ ਨੂੰ ਉਤਸ਼ਾਹ ਦਿੱਤਾ ਅਤੇ ਇੱਕਮੁੱਠ ਕੀਤਾ। ਦੁਸ਼ਮਣਾਂ ਨੂੰ ਕੁਚਲ ਦਿੱਤਾ ਗਿਆ।.....
ਅਕਤੂਬਰ 1917 ਤੋਂ ਫਰਵਰੀ 1918 ਦੇ ਵਿਚਕਾਰਲੇ ਸਮੇਂ ਵਿਚ ਸੋਵੀਅਤ ਇਨਕਲਾਬ ਮੁਲਕ ਦੀ ਸਾਰੀ ਵਸੀਹ ਧਰਤੀ 'ਤੇ ਏਨੀ ਤੇਜ਼ੀ ਨਾਲ ਫੈਲਿਆ ਕਿ ਲੈਨਿਨ ਨੇ ਇਹ ਨੂੰ ਸੋਵੀਅਤ ਰਾਜ ਦੇ ''ਜੇਤੂ ਮਾਰਚ'' ਦਾ ਨਾਮ ਦਿੱਤਾ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਜਿੱਤ ਚੁੱਕਾ ਸੀ।
(ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ ਪੁਸਤਕ ਦੇ ਸੱਤਵੇਂ ਪਾਠ 'ਚੋਂ ਕੁਝ ਅੰਸ਼)
-੦-
No comments:
Post a Comment