''ਨੰਗੇ ਪੈਰਾਂ ਵਾਲੇ'' ਰੰਗਮੰਚ ਕਲਾਕਾਰਾਂ ਦੇ ਦਿਹਾੜੇ
ਇਨਕਲਾਬੀ ਪੰਜਾਬੀ ਰੰਗ-ਮੰਚ ਦਿਵਸ ਦਾ ਮਹੱਤਵ
-ਜਸਪਾਲ ਜੱਸੀ
27 ਸਤੰਬਰ ਦਾ ਦਿਹਾੜਾ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਅੰਦਰ ਇੱਕ ਵਿਸ਼ੇਸ਼ ਮਹੱਤਵ ਅਖਤਿਆਰ ਕਰ ਗਿਆ ਹੈ। ਇਨਕਲਾਬੀ ਰੰਗ ਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਵਕਾਰੀ ਕਲਗੀ ਗੁਰਸ਼ਰਨ ਸਿੰਘ ਦੀ ਬਰਸੀ ਦਾ ਇਹ ਦਿਨ ਇਨਕਲਾਬੀ ਰੰਗ-ਮੰਚ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਸੰਗੀ ਰੰਗ-ਮੰਚ ਸੰਸਥਾਵਾਂ ਵੱਲੋਂ ਐਲਾਨੀ ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਨੇ ਵੱਡੀ ਜਨਤਕ ਸਰਗਰਮੀ ਦਾ ਰੂਪ ਧਾਰ ਲਿਆ ਹੈ। ਨਾ ਸਿਰਫ ਸੈਂਕੜੇ ਕਲਾਕਾਰ ਇਸ ਮੁਹਿੰਮ ਦੇ ਹੋਕੇ ਨਾਲ ਝੰਜੋੜੇ ਗਏ ਹਨ, ਸਗੋਂ ਲੋਕਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਇਸ ਮੁਹਿੰਮ ਨਾਲ ਮੋਢਾ ਲਾਉਣ ਲਈ ਤਨਦੇਹੀ ਨਾਲ ਮੈਦਾਨ ਵਿੱਚ ਕੁੱਦ ਪਈਆਂ ਹਨ। ਮੁਹਿੰਮ ਦੇ ਸਿਖ਼ਰ 'ਤੇ 27 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋ ਰਹੀਆਂ ਇਨਕਲਾਬੀ ਰੰਗ-ਮੰਚ ਪੇਸ਼ਕਾਰੀਆਂ ਨੂੰ ਮਾਨਣ ਅਤੇ ਪ੍ਰੇਰਨਾ ਲੈਣ ਲਈ ਸ਼ਾਮਲ ਹੋਣ ਵਾਲਿਆਂ ਵਿੱਚ ਭਾਰੀ ਗਿਣਤੀ ਪੇਂਡੂ ਮਿਹਨਤਕਸ਼ ਜਨਤਾ ਦੀ ਹੋਵੇਗੀ। ਪਿੰਡਾਂ ਤੋਂ ਜੋਸ਼ ਅਤੇ ਉਤਸ਼ਾਹ ਨਾਲ ਚੰਡੀਗੜ੍ਹ ਲਈ ਰਵਾਨਾ ਹੋਣ ਵਾਲੇ ਇਹ ਕਾਫ਼ਲੇ ਇਨਕਲਾਬੀ ਰੰਗ-ਮੰਚ ਅਤੇ ਸੰਗਰਾਮੀ ਜਨਤਾ ਦੀ ਹੋਰ ਗੂੜ੍ਹੀ ਹੋ ਰਹੀ ਜੋਟੀ ਦੀ ਵਿਲੱਖਣ ਝਲਕ ਪੇਸ਼ ਕਰਨਗੇ। ਇਹ ਨਿਵੇਕਲਾ ਸਮਾਗਮ ਗੁਰਸ਼ਰਨ ਸਿੰਘ ਦੀਆਂ ਆਸਾਂ, ਉਮੰਗਾਂ ਅਤੇ ਘਾਲਣਾ ਨੂੰ ਪਏ ਬੂਰ ਦੀ ਪ੍ਰਤੱਖ ਗਵਾਹੀ ਦੇਣ ਜਾ ਰਿਹਾ ਹੈ। ਗੁਰਸ਼ਰਨ ਸਿੰਘ ਨੇ ਪੰਜਾਬੀ ਰੰਗ-ਮੰਚ ਦੀ ਇਨਕਲਾਬੀ ਧਾਰਾ ਦੇ ਪ੍ਰਮੁੱਖ ਜਰਨੈਲ ਦਾ ਰੋਲ ਅਦਾ ਕੀਤਾ। ਉਹਨਾਂ ਦੀ ਅਗਵਾਈ ਵਿੱਚ ਪ੍ਰਫੁੱਲਤ ਹੋਈ, ਇਹ ਧਾਰਾ ਇਨਕਲਾਬੀਆਂ ਦਾ ਕੀਮਤੀ ਸਰਮਾਇਆ ਹੈ। ਸੜਕਾਂ 'ਤੇ ਡਾਂਗਾਂ ਦੀ ਅੱਗ ਸੇਕਦੇ ਅਤੇ ਗੋਲੀਆਂ ਦੀ ਵਾਛੜ ਝੱਲਦੇ ਲੋਕਾਂ ਨਾਲ ਰੰਗ-ਮੰਚ ਦੀ ਵੇਲ-ਵਲਾਂਗੜੀ ਦੇ ਨਿਵੇਕਲੇ ਤਰਜਮਾਨ ਵਜੋਂ ਗੁਰਸ਼ਰਨ ਸਿੰਘ ਦਾ ਰੋਲ ਇੱਕ ਮਿਸਾਲੀ ਵਰਤਾਰਾ ਹੈ। ਇਸ ਮਿਸਾਲੀ ਵਰਤਾਰੇ ਦੀ ਪ੍ਰੇਰਨਾ ਨੂੰ ਜਿਉਂਦੀ ਜਾਗਦੀ ਰੱਖਣਾ ਅਤੇ ਪ੍ਰਫੁੱਲਤ ਕਰਨਾ ਸਿਰਫ ਇਨਕਲਾਬੀ ਰੰਗ-ਕਰਮੀਆਂ ਦੀ ਜੁੰਮੇਵਾਰੀ ਨਹੀਂ ਹੈ। ਉਹਨਾਂ ਸਭਨਾਂ ਇਨਕਲਾਬੀਆਂ ਦੀ ਜੁੰਮੇਵਾਰੀ ਹੈ, ਜਿਹੜੇ ਕ੍ਰਾਂਤੀ ਦੇ ਹਥਿਆਰ ਵਜੋਂ ਕਲਾ ਦੀ ਅਹਿਮੀਅਤ ਪਛਾਣਦੇ ਹਨ।
ਲੋਕਾਂ ਦੇ ਜਜ਼ਬਿਆਂ ਨੂੰ ਟੁੰਬਣ ਅਤੇ ਇਨਕਲਾਬੀ ਝੰਜੋੜਾ ਦੇਣ ਵਿੱਚ ਹੋਰਨਾਂ ਕਲਾ ਰੂਪਾਂ ਦੇ ਮੁਕਾਬਲੇ ਨਾਟਕ ਅਤੇ ਸੰਗੀਤ ਵਰਗੇ ਰੂਪਾਂ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਮੁਲਕ ਦੀਆਂ ਹਾਲਤਾਂ ਵਿੱਚ ਇਹ ਰੂਪ ਹੋਰ ਵੀ ਮਹੱਤਵਪੂਰਨ ਹਨ। ਲਿਖਤੀ ਕਲਾ-ਰੂਪਾਂ ਦੀ ਰਸਾਈ ਪੜ੍ਹੇ-ਲਿਖੇ ਲੋਕਾਂ ਦੀ ਛੋਟੀ ਗਿਣਤੀ ਤੱਕ ਹੈ। ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਆਪਣੇ ਸੁਹਜ-ਸੁਆਦਾਂ ਦੀ ਤ੍ਰਿਪਤੀ ਲਈ ਉਂਝ ਹੀ ਮੌਖਿਕ, ਸਟੇਜੀ ਅਤੇ ਆਡੀਓ/ਵੀ.ਡੀ.ਓ. ਕਲਾ ਰੂਪਾਂ 'ਤੇ ਨਿਰਭਰ ਹੈ। ਇਹ ਕਲਾ ਰੂਪ ਅੱਜ ਕੱਲ੍ਹ ਲੋਕਾਂ ਦੇ ਜਜ਼ਬਾਤਾਂ, ਸੰਸਕਾਰਾਂ ਅਤੇ ਸੁਹਜ-ਸੁਆਦਾਂ ਨੂੰ ਪਲੀਤ ਕਰਨ ਲਈ, ਲੋਕ ਦੁਸ਼ਮਣ ਅਤੇ ਪਿਛਾਂਹਖਿੱਚੂ ਤਾਕਤਾਂ ਦਾ ਵੱਡਾ ਹਥਿਆਰ ਬਣੇ ਹੋਏ ਹਨ। ਸੰਸਾਰੀਕਰਨ ਦੇ ਅਸਰਾਂ ਹੇਠ ਪਿਛਾਂਹਖਿੱਚੂ ਵਪਾਰਕ ਅਤੇ ਸਭਿਆਚਾਰਕ ਮੰਤਵ ਇੱਕ-ਦੂਜੇ ਨਾਲ ਹੋਰ ਗੂੜ੍ਹੀ ਤਰ੍ਹਾਂ ਘੁਲ ਮਿਲ ਗਏ ਹਨ ਅਤੇ ਇਸ ਹਮਲੇ ਵਿੱਚ ਆਸਾਧਾਰਨ ਤੇਜੀ ਆ ਗਈ ਹੈ। ਸਿੱਧੀਆਂ ਪਿਛਾਂਹਖਿੱਚੂ ਸਭਿਆਚਾਰਕ ਕਲਾ ਪੇਸ਼ਕਾਰੀਆਂ, ਜਗੀਰੂ ਅਤੇ ਵੇਲਾ ਵਿਹਾ ਚੁੱਕੇ ਪੁਰਾਤਨਪੰਥੀ ਸੰਸਕਾਰਾਂ ਨੂੰ ਉਗਾਸਾ ਦੇਣ ਦਾ ਵੱਡਾ ਸਹਾਈ ਹਥਿਆਰ ਬਣੀਆਂ ਹੋਈਆਂ ਹਨ। ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਕੱਟੜਤਾ ਦੇ ਸੰਚਾਰ ਲਈ ਰਵਾਇਤੀ ਜਗਰਾਤੇ, ਦੀਵਾਨ, ਅਖਾੜੇ, ਆਸ਼ਰਮ, ਕੈਂਪ, ਯੱਗ ਅਤੇ ਹਵਨ ਤਾਂ ਪਹਿਲਾਂ ਹੀ ਪ੍ਰਚਲਤ ਹਨ, ਹੁਣ ਟੀ.ਵੀ. ਅਤੇ ਵੀ.ਡੀ.ਓ. ਕੈਸਟਾਂ ਵੀ ਵੱਡਾ ਸਾਧਨ ਬਣ ਗਈਆਂ ਹਨ। ਇਸ ਸਾਰੇ ਕੁਝ ਦੇ ਟਾਕਰੇ ਲਈ ਪਿਛਾਂਹਖਿੱਚੂ ਤੱਤ ਵਾਲੇ ਲਿਖਤੀ ਕਲਾ-ਰੂਪਾਂ ਦੇ ਮੁਕਾਬਲੇ ਸਿੱਧੀ ਪਹੁੰਚ ਵਾਲੇ ਸਟੇਜੀ, ਰੰਗ-ਮੰਚੀ, ਮੌਖਿਕ ਅਤੇ ਸੰਗੀਤਕ ਰੂਪਾਂ ਦਾ ਉੱਘੜਵਾਂ ਰੋਲ ਸਵੈ-ਪ੍ਰਤੱਖ ਹੈ।
ਇਸ ਪ੍ਰਸੰਗ ਵਿੱਚ ਲੋਕਾਂ ਦੇ ਜਜ਼ਬਿਆਂ ਤੱਕ ਸਿੱਧੀ ਰਸਾਈ ਅਤੇ ਲੋਕ ਮਨਾਂ ਦੀਆਂ ਮਹੀਨ ਤਾਰਾਂ ਨੂੰ ਟੁੰਬ ਕੇ, ਲੋਕ ਮਾਨਸਿਕਤਾ ਨੂੰ ਇਨਕਲਾਬੀ ਉਗਾਸਾ ਦੇਣ ਵਿੱਚ, ਇਨਕਲਾਬੀ ਰੰਗ-ਮੰਚ ਦੇ ਰੋਲ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਨਕਲਾਬੀ ਰੰਗ ਮੰਚ ਲਹਿਰ ਨੂੰ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ ਦੀ ਤਾਕਤਵਰ ਜੋਟੀਦਾਰ ਵਜੋਂ ਵਿਕਸਤ ਕਰਨਾ, ਇਨਕਲਾਬੀ ਰੰਗ-ਮੰਚ ਕਲਾਕਾਰਾਂ ਅਤੇ ਜਮਾਤੀ ਸੰਘਰਸ਼ਾਂ ਦੇ ਘੁਲਾਟੀਆਂ ਦੇ ਸਾਂਝੇ ਸਰੋਕਾਰਾਂ ਦਾ ਮੁੱਦਾ ਹੈ। ਇਨਕਲਾਬੀ ਰੰਗ-ਮੰਚ ਦਿਵਸ ਇਸ ਸਾਂਝੇ ਸਰੋਕਾਰ ਨੂੰ ਮਨੀਂ ਵਸਾਉਣ, ਡੂੰਘਾ ਕਰਨ ਅਤੇ ਗੂੜ੍ਹਾ ਕਰਨ ਦਾ ਦਿਹਾੜਾ ਹੈ। ਇਸ ਪੱਖੋਂ ਇਹ ਮਹਿਜ਼ ਇਨਕਲਾਬੀ ਨਾਟਕੀ ਪੇਸ਼ਕਾਰੀਆਂ ਦਾ ਦਿਹਾੜਾ ਹੀ ਨਹੀਂ ਹੈ। ਇਨਕਲਾਬੀ ਰੰਗ-ਮੰਚ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਦਿਹਾੜਾ ਹੈ। ਇਹ ਇਨਕਲਾਬੀ ਲੋਕ ਹਿੱਤਾਂ ਨੂੰ ਸਮਰਪਣ ਦੀ ਉਸ ਲਟ-ਲਟ ਬਦਲੀ ਭਾਵਨਾ ਨੂੰ ਜਗਦੀ ਰੱਖਣ ਅਤੇ ਪ੍ਰਚੰਡ ਕਰਨ ਦਾ ਦਿਹਾੜਾ ਹੈ, ਜਿਸਦੀਆਂ ਚਿਣਗਾਂ ਨੂੰ ਮਘਾਉਂਦਿਆਂ, ਭਖਾਉਂਦਿਆਂ ਗੁਰਸ਼ਰਨ ਸਿੰਘ ਦੀ ਜ਼ਿੰਦਗੀ, ਦੁਨੀਆਂ ਦੇ ਸਭ ਤੋਂ ਮਹਾਨ ਆਦਰਸ਼, ਮਨੁੱਖਤਾ ਦੀ ਆਜ਼ਾਦੀ ਲਈ ਘੋਲ ਦੇ ਆਦਰਸ਼ ਦੇ ਲੇਖੇ ਲੱਗੀ ਹੈ।
ਸਾਬਕਾ ਸਮਾਜਵਾਦੀ ਚੀਨ ਅੰਦਰ ਲੋਕ ਸੇਵਾ ਦੇ ਜਜ਼ਬੇ ਅਤੇ ਇਨਕਲਾਬੀ ਭਾਵਨਾ ਨਾਲ ਭਰਪੂਰ ਡਾਕਟਰਾਂ ਦੀ ਸਰਗਰਮੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਲੋਕਾਂ ਤੱਕ ਸਿਹਤ ਸੇਵਾਵਾਂ ਅਤੇ ਸਿਹਤ ਚੇਤਨਾ ਲੈ ਕੇ ਜਾਣ ਲਈ ਪਿੰਡ ਪਿੰਡ ਦੀ ਖਾਕ ਛਾਣਦੇ, ਇਹਨਾਂ ਡਾਕਟਰਾਂ ਨੂੰ ''ਨੰਗੇ ਪੈਰਾਂ ਵਾਲੇ ਡਾਕਟਰ'' ਕਿਹਾ ਜਾਂਦਾ ਸੀ ਯਾਨੀ ਅਜਿਹੇ ਸਮਰਪਤ ਡਾਕਟਰ ਜਿਹੜੇ ਹਰ ਪਲ ਬਿਨਾ ਪੈਰੀਂ ਜੁੱਤੀ ਪਾਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ।
ਇਨਕਲਾਬੀ ਰੰਗ-ਮੰਚ ਲਹਿਰ ਅੰਦਰ ਗੁਰਸ਼ਰਨ ਸਿੰਘ ਦੀ ਘਾਲਣਾ, ਆਪਣੇ ਹੋਰਨਾਂ ਪੱਖਾਂ ਤੋਂ ਇਲਾਵਾ, ''ਨੰਗੇ ਪੈਰਾਂ ਵਾਲੇ'' ਸਮਰਪਤ ਰੰਗ-ਮੰਚ ਕਲਾਕਾਰਾਂ ਦੀ ਸਿਰਜਣਾ ਦੇ ਲੇਖੇ ਲੱਗੀ ਹੈ। ਇਨਕਲਾਬੀ ਰੰਗ ਮੰਚ ਦਿਵਸ ਅਜਿਹੇ ''ਨੰਗੇ ਪੈਰਾਂ ਵਾਲੇ'' ਰੰਗ ਮੰਚ ਕਲਾਕਾਰਾਂ ਦੀਆਂ ਫਸਲਾਂ ਤਿਆਰ ਕਰਨ ਦਾ ਹੋਕਾ ਹੈ। ਇਸ ਪਹਿਲੇ ਦਿਹਾੜੇ ਦੀ ਸਜ-ਧਜ ਅਤੇ ਛਬ ਦੇ ਕੁਝ ਨਿਰਾਲੇ ਚਿੰਨ੍ਹ ਅਗਾਊਂ ਸੈਨਤਾਂ ਦੇ ਰਹੇ ਹਨ। ਗੁਰਸ਼ਰਨ ਸਿੰਘ ਦੀ ਅਗਵਾਈ ਹੇਠਲੀ ਇਨਕਲਾਬੀ ਰੰਗ-ਮੰਚ ਲਹਿਰ ਵਾਂਗ, ਇਨਕਲਾਬੀ ਰੰਗ-ਮੰਚ ਦਿਵਸ ਲਈ ਚੱਲ ਰਹੀ ਮੁਹਿੰਮ ਵੀ ਮੁਲਕ ਅੰਦਰ ਇੱਕ ਨਿਵੇਕਲੇ ਵਰਤਾਰੇ ਦੇ ਲੱਛਣ ਦਰਸਾ ਰਹੀ ਹੈ। ਕਲਾਕਾਰਾਂ ਅਤੇ ਜਥੇਬੰਦ ਜਨਤਾ ਦਾ ਉੱਦਮ ਇਨਕਲਾਬੀ ਰੰਗਮੰਚ ਦਿਵਸ ਦੀ ਸਾਂਝੀ ਅਤੇ ਵਿਸ਼ਾਲ ਮੁਹਿੰਮ ਦੇ ਕਲਾਵੇ ਵਿੱਚ ਇੱਕਮਿੱਕ ਹੋ ਗਿਆ ਹੈ। ਇਨਕਲਾਬੀ ਰੰਗ ਮੰਚ ਦੀ ਕੰਨੀ 'ਤੇ ਵਿਚਰਦੇ ਲੋਕ ਪੱਖੀ ਅਤੇ ਸੁਹਿਰਦ ਕਲਾਕਾਰਾਂ ਵਿੱਚ ਵੀ ਹਲਚਲ ਪੈਦਾ ਹੋ ਗਈ ਹੈ ਅਤੇ ਉਹਨਾਂ ਨੇ ਇਸ ਮੁਹਿੰਮ ਦਾ ਅੰਗ ਬਣ ਕੇ ਗੁਰਸ਼ਰਨ ਸਿੰਘ ਦੀਆਂ ਪੇਸ਼ਕਾਰੀਆਂ ਦਾ ਝੰਡਾ ਆਪਣੇ ਹੱਥਾਂ ਵਿੱਚ ਫੜ ਲਿਆ ਹੈ। ਪੰਜਾਬ ਦੇ ਪਿੰਡਾਂ 'ਚੋਂ ਔਰਤਾਂ ਸਮੇਤ ਹਜ਼ਾਰਾਂ ਕਿਰਤੀ ਕਿਸਾਨ ਨਾ ਸਿਰਫ ਸਮਰਪਤ ਲੋਕ ਰੰਗਮੰਚ ਦੇ ਸਿਰਤਾਜ ਦੀ ਕਰਨੀ ਨੂੰ ਸਿਜਦਾ ਕਰਨ ਲਈ 27 ਸਤੰਬਰ ਦੀ ਰਾਤ ਚੰਡੀਗੜ੍ਹ ਦੇ ਬਾਲ ਭਵਨ ਵਿੱਚ ਗੁਜਾਰਨਗੇ, ਸਗੋਂ ਸਮੁੱਚੇ ਸਮਾਗਮ ਲਈ ਲੰਗਰ ਦਾ ਜੁੰਮਾ ਵੀ ਨਿਭਾਉਣਗੇ, ਜਿਸਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੀਤਾ ਗਿਆ ਹੈ। ਪਹਿਲੇ ਇਨਕਲਾਬੀ ਰੰਗ ਮੰਚ ਦਿਵਸ ਨੂੰ ਇਹ ਹੁੰਗਾਰਾ ਆਉਂਦੇ ਵਰ੍ਹਿਆਂ ਵਿੱਚ ਹੋਰ ਅੱਗੇ ਜਾਵੇਗਾ।
ਪੰਜਾਬ ਦੇ ਰੰਗ ਮੰਚ ਕਲਾਕਾਰ ਅਤੇ ਜਨਤਾ, ਗੁਰਸ਼ਰਨ ਸਿੰਘ ਦੀ ਝੋਲੀ ਉਸਦੀਆਂ ਉਮੰਗਾਂ ਦੇ ਅਕਸ ਨਾਲ ਭਰਨ ਜਾ ਰਹੇ ਹਨ। ਇਨਕਲਾਬੀ ਰੰਗ ਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਮਾਣਮੱਤੀ ਕਲਗੀ ਨੂੰ ਇਸ ਤੋਂ ਖੂਬਸੂਰਤ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ?! (19 ਸਤੰਬਰ, 2012)
No comments:
Post a Comment