Friday, October 5, 2012

ਸ਼ਹੀਦ ਭਗਤ ਸਿੰਘ ਦੇ ਨਾਂ —ਸਰੂਪ ਸਿੰਘ ਸਾਬਕਾ ਸਰਪੰਚ ਸਹਾਰਨਮਾਜਰਾ Surkh Rekha Sep-Oct 2012


ਸ਼ਹੀਦ ਭਗਤ ਸਿੰਘ ਦੇ ਨਾਂ

—ਸਰੂਪ ਸਿੰਘ ਸਾਬਕਾ ਸਰਪੰਚ ਸਹਾਰਨਮਾਜਰਾ
ਸਤਿਕਾਰਯੋਗ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ-
ਜੈ ਮਨੁੱਖਤਾ!
ਅਸੀਂ ਸਭ ਠੀਕ ਠਾਕ ਨਹੀਂ ਹਾਂ। ਉਮੀਦ ਹੈ ਕਿ ਤੁਸੀਂ ਵੀ ਸਾਡੀ ਹਾਲਤ ਜਾਣ ਕੇ ਸਾਡੇ ਨਾਲੋਂ ਵੀ ਵੱਧ ਦੁੱਖ ਤੇ ਤਕਲੀਫ ਮਹਿਸੂਸ ਕਰ ਰਹੇ ਹੋਵੋਗੇ। ਅਗੇ ਹਾਲ, ਗੁਲਾਮ ਜਮਾਤਾਂ ਦਾ ਤੁਸੀਂ ਭਲੀ ਭਾਂਤ ਜਾਣਦੇ ਹੀ ਹੋ ਕਿ ਕੀ ਹੁੰਦਾ ਹੈ? ਸਾਡੇ ਹਾਲ ਪਹਿਲੰ ਵਾਲੇ ਹੀ ਹਨ ਕੋਈ ਫਰਕ ਨਹੀਂ ਪਿਆ। ਕਈ ਹਾਲਤਾਂ ਵਿਚ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਹਨ। ਤੰਗੀਆਂ ਤਰੁਸ਼ੀਆਂ ਦੇ ਮਾਰੇ ਸਾਡੇ ਭਰਾ ਕਿਰਤੀ ਤੇ ਕਿਸਾਨ ਪਰਿਵਾਰਾਂ ਸਮੇਤ ਖੁਦਕਸ਼ੀਆਂ ਕਰ ਗਏ ਹਨ, ਕੁੱਝ ਨਿਕਟ ਭਵਿਖ ਵਿਚ ਕਰ ਜਾਣਗੇ। ਆਜ਼ਾਦੀ ਖਾਤਰ ਤੁਸੀਂ ਫਾਂਸੀ ਦਾ ਰੱਸਾ ਹਸਦੇ ਹਸਦੇ ਚੁੰਮਿਆ। ਜੋ ਆਜਾਦੀ ਤੁਸੀਂ ਲਿਆਉਣਾ ਚਾਹੁੰਦੇ ਸੀ ਉਹ ਨਹੀਂ ਆਈ। ਤੁਸੀਂ ਚਾਹੁੰਦੇ ਸੀ ਕਿ ਅੰਗਰੇਜਾਂ ਤੋਂ ਪਿੱਛੋਂ ਕਿਰਤੀਆਂ ਤੇ ਕਿਸਾਨਾਂ ਦਾ ਰਾਜ ਆਵੇ। ਭਾਈ ਲਾਲੋਆਂ ਦਾ ਬੋਲਬਾਲਾ ਹੋਵੇਗਾ। ਪਰ ਅੱਜ ਗੱਦੀਆਂ ਉਪਰ ਮਲਕ ਭਾਗੋਆਂ ਨੇ ਕਬਜਾ ਕੀਤਾ ਹੋਇਆ ਹੈ। ਅੱਜ ਲੱਖਾਂ ਨੌਜਵਾਨ ਹੱਥਾਂ ਵਿਚ ਡਿਗਰੀਆਂ ਚੁੱਕੀ ਰੁਜ਼ਗਾਰ ਦੀ ਭਾਲ ਵਿਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਵਿਦਿਆ ਮੰਡੀ ਦੀ ਜਿਨਸ ਬਣ ਕੇ ਰਹਿ ਗਈ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਹੈ। ਸਿਹਤ ਸਹੂਲਤਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਅਸੀਂ ਬਿਨਾਂ ਇਲਾਜ ਤੋਂ ਹਰ ਰੋਜ ਮਰ ਰਹੇ ਹਾਂ। ਸਮਾਜਕ ਸੁਰੱਖਿਆ ਸਾਡੇ ਲਈ ਓਪਰੀ ਹੋ ਗਈ ਹੈ। ਇਨਸਾਫ ਮਲਕ ਭਾਗੋਆਂ ਦਾ ਚਹੇਤਾ ਬਣ ਗਿਆ ਹੈ। ਹੁਣ ਤਾਂ ਸਾਡਾ ਜੀਣਾ ਦੁਭਰ ਹੋ ਗਿਆ ਹੈ। 
ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਗੋਰੇ ਅੰਗਰੇਜ਼ ਚਲੇ ਗਏ ਉਹਨਾਂ ਦੀ ਥਾਂ ਕਾਲੇ ਅੰਗਰੇਜ ਆ ਗਏ । ਫਰਕ ਕੋਈ ਵੀ ਨਹੀਂ ਪਿਆ। ਪੰਦਰਾਂ ਅਗਸਤ 1947 ਨੂੰ ਜਦੋ 'ਆਜ਼ਾਦੀ' ਵੇਲੇ ਸੱਤਾ ਬਦਲੀ ਹੋਈ ਅੰਗਰੇਜ਼ਾਂ ਨਾਲ ਕਥਿਤ ਗੁਪਤ ਸਮਝੌਤੇ ਉਪਰ ਕਾਂਗਰਸੀ ਨੇਤਾਵਾਂ ਨੇ ਦਸਤਖਤ ਕੀਤੇ , ਜਿਸ ਤਹਿਤ ਸ਼ਰਤਾਂ ਰੱਖੀਆਂ ਗਈਆਂ ਕਿ ਸੰਵਿਧਾਨ ਦੀਆਂ 250 ਧਾਰਾਵਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਅਤੇ ਆਈ.ਪੀ.ਸੀ. (ਇੰਡੀਅਨ ਪੀਨਲ ਕੋਡ) ਨੂੰ ਵੀ ਬਦਲਿਆ ਨਹੀਂ ਜਾਵੇਗਾ। ਅੰਗਰੇਜਾਂ ਦੇ ਹਿਤ ਸੁਰੱਖਿਅਤ ਰਹਿਣਗੇ । ਉਹਨਾਂ ਦੀ ਰਾਇਲਟੀ ਹਰ ਸਾਲ ਬਰਤਾਨੀਆ ਪੁੱਜਦੀ ਹੋਵੇਗੀ । ਇੱਕ ਖਾਸ ਸਮੇਂ ਤੱਕ ਬਰਤਾਨੀਆ ਦਾ ਵਾਇਸਰਾਏ ਦਿੱਲੀ ਰਹੇਗਾ ਜਦੋਂ ਅੰਗਰੇਜ ਹਕੂਮਤ ਇਹ ਮਹਿਸੂਸ ਕਰੇਗੀ ਕਿ ਉਹਨਾਂ ਨਾਲ ਕੀਤਾ ਸਮਝੌਤਾ ਲਾਗੂ ਹੋ ਗਿਆ ਹੈ ਤੇ ਉਹਨਾਂ ਦੇ ਹਿਤ ਸੁਰੱਖਿਅਤ ਹਨ ਤਾਂ ਉਸ ਨੂੰ ਵਾਪਸ ਬੁਲਾ ਲਿਆ ਜਾਵੇਗਾ। ਨਾਲ ਦੀ ਨਾਲ ਅੰਗਰੇਜ ਹਾਕਮਾਂ ਨੇ ਇਹ ਵੀ ਕਿਹਾ ਕਿ, ''ਇਸ ਤਰ੍ਹਾਂ ਦਾ ਸੰਵਿਧਾਨ ਤੁਹਾਡੇ ਦੇਸੀ ਹਾਕਮਾਂ ਦੇ ਨਿਕਟ ਭਵਿੱਖ ਵਿੱਚ ਬਹੁਤ ਕੰਮ ਆਵੇਗਾ''। ਸੋ ਅੱਜ ਉਸ ਦੀ ਇਹੋ ਮਲਕ ਭਾਗੋ ਰੂਪੀ ਦੇਸੀ ਹਾਕਮ ਸਾਡਾ ਖੂਨ ਚੂਸਣ ਲਈ, ਸਾਡੀ ਜੁਬਾਨ ਬੰਦ ਕਰਨ, ਜੇਲ੍ਹਾਂ ਵਿੱਚ ਸੁੱਟਣ, ਸਜ਼ਾਵਾਂ ਦੇਣ ਲਈ ਪੂਰੀ ਵਰਤੋਂ ਕਰ ਰਹੇ ਹਨ। ਦੂਜੇ ਪਾਸੇ ਕਥਿਤ ਤੌਰ 'ਤੇ ਚੋਰ ਉਚੱਕੇ , ਭ੍ਰਿਸ਼ਟਾਚਾਰੀ, ਕਾਤਿਲ, ਬਲਾਤਕਾਰੀ, ਜੋ ਸੰਸਦ ਮੈਂਬਰ, ਅਸੰਬਲੀ ਮੈਂਬਰ, ਮੰਤਰੀ ਤੇ ਮੁੱਖ-ਮੰਤਰੀ ਦੇ ਅਹੁਦਿਆਂ 'ਤੇ ਬੈਠੇ ਹਨ, ਸਾਡੀ ਹਿੱਕ 'ਤੇ ਮੂੰਗ ਦਲ ਰਹੇ ਹਨ। ਇਹਨਾਂ ਦੇ ਖਿਲਾਫ ਇਹੋ ਕਾਨੂੰਨ ਤੇ ਕਾਨੂੰਨ ਲਾਗੂ ਕਰਨ ਵਾਲੇ ਬੇਵੱਸ ਨਜ਼ਰ ਆ ਰਹੇ ਹਨ। 
ਜਿਵੇਂ ਸ਼ਾਤਰ ਅੰਗਰੇਜਾਂ ਨੇ 1861 ਦਾ ਕਾਨੂੰਨ ਬਣਾ ਕੇ ਭਾਰਤੀਆਂ ਨੂੰ ਡਰਾ ਕੇ ਆਪਣੀ ਲੁੱਟ ਜਾਰੀ ਰੱਖਣ ਅਤੇ ਵਧਾਉਣ ਦੇ ਯਤਨ ਕੀਤੇ ਸਨ ਤੇ ਬਰਤਾਨਵੀ ਕੰਪਨੀਆਂ ਦੀ ਸਾਂਝੀ ਸਾਂਝੀ ਲੁੱਟ ਲਈ ਹਾਹ ਪੱਧਰਾ ਕੀਤਾ ਸੀ ਤੇ ਉਹਨਾਂ ਨੇ ਬੇਸ਼ੱਕ ਇਸ ਕਾਲੀ ਕਰਤੂਤ ਲਈ ਸਾਡੇ ਹਜਾਰਾਂ ਦੇਸ਼ ਭਗਤਾਂ, ਗਦਰੀ ਯੋਧਿਆਂ, ਬੱਬਰ ਅਕਾਲੀਆਂ, ਸਮੇਤ ਤੁਹਾਡੇ, ਹਜਾਰਾਂ ਦੀ ਗਿਣਤੀ ਵਿੱਚ ਕਾਨੂੰਨ ਦੇ ਨਾਂ ਹੇਠ ਮਾਰ ਮੁਕਾਇਆ, ਲੱਖਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ, ਉਸ ਤਰ੍ਹਾਂ ਦੀ ਆਦਮਖੋਰੀ ਇਹ ਕਾਲੇ ਅੰਗਰੇਜ ਅੱਜ ਵੀ ਕਰ ਰਹੇ ਹਨ। ਪੁਲਸ ਤੇ ਫੌਜ ਵੱਲੋਂ ਕਿਰਤੀ ਲੋਕਾਂ ਨੂੰ ਮਾਰਨ ਦਾ ਲਾਇਸੰਸ (ਕਾਨੂੰਨ) ਬਣਾਇਆ ਹੋਇਆ ਹੈ। ਜਿਹੜਾ ਇਹਨਾਂ ਦੀ ਈਨ ਮੰਨ ਲੈਂਦਾ ਹੈ, ਉਸ ਨੂੰ ਇਹ ਸਾਊ ਸ਼ਹਿਰੀਕਹਿੰਦੇ ਹਨ ਤੇ ਇਸੇ ਨੂੰ ਲੋਕ ਦੁਸ਼ਮਣ ਸਿਆਸੀ ਪਾਰਟੀਆਂ ਮੁੱਖ-ਧਾਰਾ (ਮੇਨ ਸਟਰੀਮ) ਕਹਿੰਦੀਆਂ ਹਨ। ਬਾਕੀ ਸਾਰੇ ਭਾਰਤਵਾਸੀਆਂ ਤੋਂ ਇਹਨਾਂ ਨੂੰ ਖਤਰਾ ਹੈ। ਜੋ ਆਪਣੇ ਹੱਕਾਂ ਦੀ ਲੜਾਈ ਲੜਦੇ ਹਨ ਉਹਨਾਂ ਨੂੰ ਮਾਓਵਾਦੀ, ਨਕਸਲਵਾਦੀ  ਅਤੇ ਦਹਿਸ਼ਤਗਰਦ ਕਹਿ ਕੇ ਦਬਾਇਆ ਅਤੇ ਕੁਚਲਿਆ ਜਾ ਰਿਹਾ ਹੈ।
ਹੁਣ ਤਾਂ ਇੱਥੇ ਦੋ ਭਾਰਤ ਬਣ ਗਏ ਹਨ। ਇਕ ਗੁਲਾਮਾਂ ਦਾ ਭਾਰਤ ਤੇ ਦੂਜਾ ਮਾਲਕਾਂ ਦਾ। ਇੱਕ ਅੱਤ ਗਰੀਬਾਂ ਦਾ ਭਾਰਤ ਤੇ ਦੂਸਰਾ ਸਰਮਾਏਦਾਰਾਂ, ਜਾਗੀਰਦਾਰਾਂ, ਕਾਰਪੋਰੇਟਰਾਂ ਤੇ ਸਾਮਰਾਜ ਦੇ ਦਲਾਲਾਂ ਦਾ ਭਾਰਤ। ਸਾਮਰਾਜੀ ਕਾਰਪੋਰੇਟਰ ਭਾਰਤ ਦੇ ਮਾਲਕਾਂ ਦੀ ਬਾਂਹ ਮਰੋੜ ਕੇ ਆਪਣੇ ਹਿਤ ਵਿੱਚ ਕੋਈ ਵੀ ਕਾਨੂੰਨ ਬਣਾ ਕੇ ਸੰਸਦ ਤੋਂ ਪਾਸ ਤੇ ਲਾਗੂ ਕਰਵਾ ਲੈਂਦੇ ਹਨ। ਉਹ ਕਾਨੂੰਨ ਭਾਵੇਂ ਭਾਰਤੀ ਲੋਕਾਂ ਦੇ ਵਿਰੁੱਧ ਵੀ ਕਿਉਂ ਨਾ ਹੋਣ। ਇਹਨਾਂ ਭਾਰਤ ਦੇ ਮਾਲਕਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਲੋਕ ਕਹਿੰਦੇ ਸੁਣੇ ਹਨ ਕਿ ਭਾਰਤੀ ਹਾਕਮ ਸਾਮਰਾਜੀ ਸ਼ਤਰੰਜ ਦੇ ਮੋਹਰੇ ਹਨ, ਜਿਸ ਪਾਸੇ (ਜਿਸ ਘਰ 'ਚ) ਵੀ ਉਹ ਚਾਹੁਣ ਉਹਨਾਂ ਨੇ ਉਥੇ ਹੀ ਜਾਣਾ ਹੁੰਦਾ ਹੈ। ਦੇਸ਼ ਦੇ ਹਿਤ ਦੇਸ਼ ਭਗਤੀ ਤੇ ਸਮਾਜ ਸੇਵਾ ਦੀ ਭਾਵਨਾ ਕਿਤੇ ਨਜਰ ਨਹੀਂ ਆਉਂਦੀ। 
ਅੱਜ ਤੁਹਾਡੀ ਤੇ ਤੁਹਾਡੇ ਸਾਥੀਆਂ ਦੀ ਬਹੁਤ ਯਾਦ ਆਉਂਦੀ ਹੈ। ਕਾਸ਼! ਤੁਸੀਂ ਸਾਰੇ ਅੱਜ ਸਾਡੇ ਅੰਗ ਸੰਗ ਹੁੰਦੇ ਤੇ ਹਿੰਦੋਸਤਾਨ, ਸਮਾਜਵਾਦੀ ਪਰਜਾਤੰਤਰ ਸੈਨਾ ਬਣਾ ਕੇ ਤੇ ਸਾਰੇ ਮਿਲ ਕੇ ਕਿਰਤੀਆਂ ਦੀ ਅਸਲ ਆਜਾਦੀ ਦੀ ਲੜਾਈ ਲੜਦੇ । ਅਸੀਂ ਵੀ ਕਸੂਰਵਾਰ ਹਾਂ, ਕਿਉਂਕਿ ਅਸੀਂ ਤੁਹਾਡੇ ਪਾਏ ਪੂਰਨਿਆਂ ਤੇ ਅੱਗੇ ਨਹੀਂ ਵਧ ਸਕੇ । ਅਸੀਂ ਇੱਕ ਨਹੀਂ ਹਾਂ। ਰੰਗ ਬਰੰਗੀਆਂ ਪਾਰਟੀਆਂ, ਰੰਗ ਬਰੰਗੀਆਂ ਜਥੇਬੰਦੀਆਂ ਵਿੱਚ ਵੰਡੇ ਹੋਏ ਹਾਂ। ਉਹਨਾਂ ਦੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਸਹਾਇਕ ਹਾਂ। ਜਿਵੇਂ ਗੁਰਗੱਦੀ ਹਾਸਲ ਕਰਨ ਲਈ ਗੁਰੂ ਦੇ ਬਰਾਬਰ 21 ਮੰਜੀਆਂ ਮਸੰਦਾਂ ਨੇ ਡਾਹ ਲਈਆਂ ਸਨ, ਇਸ ਤਰਾਂ ਅੱਜ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਅੱਜ ਦੇ ਮਸੰਦਾਂ ਨੇ ਕਿਤਨੀਆਂ ਮੰਜੀਆਂ ਡਾਹੀਆਂ ਹੋਈਆਂ ਹਨ। ਸਾਨੂੰ ਯਕੀਨ ਹੈ ਕਿ ਜਿਵੇਂ ਗੁਰਗੱਦੀ ਵੇਲੇ ਅਮਲਾਂ ਨਾਲ ਨਿਬੇੜਾ ਹੋਇਆ ਸੀ ਤੇ ਮਸੰਦ ਆਪਣੀਆਂ ਮੰਜੀਆਂ ਲੈ ਕੇ ਭੱਜ ਗਏ ਸਨ, ਹੁਣ ਵੀ ਅਮਲਾਂ ਨਾਲ ਹੀ ਨਿਬੇੜਾ ਹੋਵੇਗਾ ਤੇ ਅਸਲੀ ਗੁਰੂ ਰੂਪੀ ਜਥੇਬੰਦੀਆਂ ਹੀ ਰਹਿ ਜਾਣਗੀਆਂ ਤੇ ਬਾਕੀਆਂ ਦੇ ਮਸੰਦਾਂ ਨੂੰ ਭੱਜਿਆਂ ਰਾਹ ਨਹੀਂ ਲੱਭਣਾ। ਉਹ ਦਿਨ ਦੂਰ ਨਹੀਂ  ਜਦੋਂ ਅਸੀਂ ਸਭ ਇੱਕ ਮੰਜੀ ਰੂਪੀ ਪਲੇਟਫਾਰਮ 'ਤੇ ਇਕੱਠੇ ਹੋ ਜਾਵਾਂਗੇ, ਅਸਲ ਆਜਾਦੀ ਦੀ ਲੜਾਈ ਲੜ ਕੇ ਜਿਤਾਂਗੇ ਤੇ ਤੁਹਾਡੇ ਸਪਨੇ ਪੂਰੇ ਹੋਣਗੇ।
ਤੁਹਾਡੇ ਰਾਹ 'ਤੇ ਚਲਣ ਵਾਲਿਆਂ ਭਗਤ ਦੇ ਭਗਤਾਂ ਦਾ ਵਾ ਕੋਈ ਘਾਟਾ ਨਹੀਂ ਹੈ। ਅੱਜ ਵੀ ਤੁਹਾਡੇ ਵਾਂਗ ਹਜ਼ਾਰਾਂ ਹਜ਼ਾਰ ਨੇ ਆਪਣੀਆਂ ਜਿੰਦਗੀਆਂ ਵਾਰ ਦਿਤੀਆਂ ਹਨ। ਲੱਖਾਂ ਜੇਲ੍ਹਾਂ ਭੁਗਤ ਰਹੇ  ਹਨ. ਦਹਿ ਲੱਖਾਂ ਰਣ ਭੂੰਮੀ ਵਿਚ ਜੂਝ ਰਹੇ ਹਨ। ਬਹੁਤ ਨਿਰਾਸ਼ ਹੋਣ ਰਵਾਲੀ ਗੱਲ ਨਹੀਂ ਸਾਨੂੰ ਤੁਹਾਡਾ ਸੁਨੇਹਾ ਮਿਲਣ 'ਚ ਕੁੱਝ ਦੇਰੀ ਹੋ ਗਈ ਸੀ। ਹੁਣ ਅਸੀਂ ਤੁਹਾਡਾ ਸੁਨੇਹਾ ਸਮਝਣ ਤੇ ਉਸ ਉਤੇ ਅਮਲ ਕਰਨ ਦੇ ਯਤਨ ਕਰ ਰਹੇ ਹਾਂ । 
ਰੰਗ ਬਰੰਗੇ ਨੇਤਾ ਤਹਾਡੇ ਸ਼ਹੀਦੀ ਦਿਨ ਅਤੇ ਜਨਮ ਦਿਨ ਮਨਾ ਕੇ ਤੁਹਾਡਾ ਅਪਮਾਨ ਹੀ ਕਰਦੇ ਹਨ, ਕਿਉਂਕਿ ਉਹਨਾਂ ਤੇ ਉਹਨਾਂ  ਦੀਆਂ ਪਾਰਟੀਆਂ ਦਾ ਅਮਲ ਤੁਹਾਡੇ ਸੁਪਨਿਆਂ ਤੋਂ ਬਿਲਕੁਲ ਉਲਟ ਹੈ । ਜਦੋਂ ਉਹ ਤੁਹਾਡੇ ਵਿਚਾਰਾਂ, ਤੁਹਾਡੇ ਸੁਪਨਿਆਂ ਦੀਆਂ ਗੱਲਾਂ ਸਟੇਜਾਂ ਤੋਂ ਕਰਦੇ ਹਨ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਸ਼ੈਤਾਨ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਹੇ ਹੋਣ। ਅਸੀਂ ਵੀਂ ਤੁਹਾਡੇ ਜਨਮ ਦਿਨ 'ਤੇ ਸ਼ਹੀਦੀ ਦਿਨ ਮਨਾਉਣ ਦੇ ਹੱਕਦਾਰ ਨਹੀਂ। ਅਸੀਂ ਉਸ ਸਮੇਂ ਹੱਕਦਾਰ ਹੋਵਾਂਗੇ ਜਦੋਂ ਅਸੀਂ ਅਸਲ ਆਜਾਦੀ ਲਿਆ ਕੇ ਤੁਹਾਡੇ ਸੁਪਨਿਆਂ ਦਾ ਭਾਰਤ ਸਿਰਜਾਂਗੇ। ਅਸੀਂ ਤੁਹਾਨੂੰ ਯਕੀਨ ਦੁਆਉਂਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਛੇਤੀ ਹੀ ਇਸ ਨੂੰ ਯਥਾਰਥ ਵਿੱਚ ਬਦਲ ਦੇਵਾਂਗੇ। ਅਖੀਰ ਤੁਹਾਡੇ ਵੱਲੋਂ ਦਿੱਤੇ ਨਾਹਰਿਆਂ ਨਾਲ ਖਤ ਬੰਦ ਕਰਦੇ ਹਾਂ। ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸਮਾਜਵਾਦ ਜਿੰਦਾਬਾਦ। ਧੰਨਵਾਦ
    ਅਸੀਂ ਹਾਂ ਤੁਹਾਡੀ ਰਾਹ 'ਤੇ ਚਲਦੇ ਹੋਏ ਮਰ ਮਿਟਣ ਵਾਲੇ ਭਾਰਤੀ ਕਿਰਤੀ ਤੇ ਕਿਸਾਨ।
-ਫੋਨ ਨੰ.98558-63288 
ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਬੀਜਾਪੁਰ ਕਾਂਡ ਖਿਲਾਫ ਕਨਵੈਨਸ਼ਨ 
ਜਲੰਧਰ; 4 ਅਗਸਤ- ਅਪਰੇਸ਼ਨ ਗਰੀਨ ਹੰਟ ਵਿਰੋਧੀ  ਜਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਸੂਬਾਈ ਕਨਵੈਨਸ਼ਨ 'ਚ ਪੰਜਾਬ ਭਰ ਤੋਂ ਜੁੜੇ ਬੁੱਧੀਜੀਵੀਆਂ ਅਤੇ ਵੱਖ ਵੱਖ ਮਿਹਨਤਕਸ਼ ਤਬਕਿਆਂ ਅੰਦਰ ਸੰਘਰਸ਼ਸ਼ੀਲ, ਜਮਹੂਰੀ ਇਨਕਲਾਬੀ ਸ਼ਕਤੀਆਂ  ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਜ਼ੋਰਦਾਰ ਮੰਗ ਕੀਤੀ ਕਿ ਲੋਕਾਂ ਕੋਲੋਂ ਜ਼ਮੀਨ, ਜਲ, ਕੁਦਰਤੀ ਸਰੋਤ ਅਤੇ ਜੰਗਲ ਆਦਿ ਖੋਹਣ ਲਈ ਅਪਰੇਸ਼ਨ ਗਰੀਨ ਹੰਟ ਦੇ ਨਾਂਅ ਹੇਠ ਲੋਕਾਂ ਦੀ ਕਿਰਤ ਕਮਾਈ, ਸਵੈਮਾਨ, ਜ਼ਿੰਦਗੀ ਅਤੇ ਜਮਹੂਰੀ ਹੱਕਾਂ ਉਪਰ ਬੋਲਿਆ ਜਾ ਰਿਹਾ ਧਾਵਾ ਫੌਰੀ ਬੰਦ ਕੀਤਾ ਜਾਏ।
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕੋ-ਕਨਵੀਨਰ ਯਸ਼ਪਾਲ, ਸੂਬਾ ਕਮੇਟੀ ਮੈਂਬਰ ਪ੍ਰੋ. ਬਲਦੀਪ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਦੀ ਪ੍ਰਧਾਨਗੀ ਅਤੇ ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਦੀ ਮੰਚ ਸੰਚਾਲਨਾ ਹੇਠ ਹੋਈ ਸੂਬਾਈ ਕਨਵੈਨਸ਼ਨ ਨੂੰ ਦਿੱਲੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਹਿਮਾਂਸ਼ੂ ਕੁਮਾਰ ਅਤੇ ਡਾ. ਬੀ.ਡੀ.ਸ਼ਰਮਾ ਨੇ ਸੰਬੋਧਨ ਕੀਤਾ।
ਉੱਘੇ ਚਿੰਤਕ ਹਿਮਾਂਸੂ ਕੁਮਾਰ ਨੇ ਬੀਜਾਪੁਰ (ਛਤੀਸਗੜ•) ਦੇ ਹਿਰਦੇਵੇਦਕ ਕਾਂਡ 'ਚ ਮਾਰੇ ਗਏ ਬੱਚਿਆਂ, ਬੱਚੀਆਂ, ਔਰਤਾਂ ਅਤੇ ਬੇਗੁਨਾਹ ਨਿੱਹਥੇ ਆਦਿਵਾਸੀਆਂ ਨੂੰ ਦਿੱਤੀ ਅਜੇਹੀ ਗਿਣੀ ਮਿਥੀ ਸਜ਼ਾ ਪਿੱਛੇ ਛੁਪੀ ਕਹਾਣੀ ਨੂੰ ਬੇਪਰਦ ਕਰਦਿਆਂ ਦੱਸਿਆਂ ਕਿ ਘਟਨਾ ਸਥਾਨ ਵਾਲੇ ਪਿੰਡਾਂ ਵਿੱਚੀਂ ਲੰਘ ਕੇ ਹੀ ਬੇਲਾਡੇਲਾ ਦੇ ਪਹਾੜਾਂ ਅੰਦਰ ਛੁਪੇ ਖਣਿਜ ਪਦਾਰਥਾਂ ਤੱਕ ਪਹੁੰਚਿਆ ਜਾ ਸਕਦਾ ਹੈ। ਜਿਨ੍ਹਾਂ 'ਤੇ ਜੱਫਾ ਮਾਰਨ ਲਈ ਟਾਟਾ, ਮਿੱਤਲ, ਅੰਬਾਨੀ ਅਤੇ ਐੱਸਾਰ ਆਦਿ ਅਜ਼ਾਰੇਦਾਰ ਘਰਾਣਿਆਂ ਨਾਲ ਸੌਦਾ ਹੋ ਚੁੱਕਾ ਹੈ। ਇਸ ਲਈ ਪੂਰੇ ਖੇਤਰ ਨੂੰ ਦਹਿਸ਼ਤਜ਼ਦਾ ਕਰਕੇ ਇਥੋਂ ਉਜਾੜਨ ਦੀ ਗੁੱਝੀ ਸਕੀਮ ਤਹਿਤ ਹੀ ਇਹ ਵਹਿਸ਼ਤ ਦਾ ਖ਼ੂਨੀ ਨਾਚ ਨੱਚਿਆ ਗਿਆ ਹੈ।
ਹਿਮਾਂਸ਼ੂ ਕੁਮਾਰ ਨੇ ਮੰਚ ਤੋਂ ਠੋਸ ਤੱਥ ਪੇਸ਼ ਕਰਦਿਆਂ ਦੱਸਿਆ ਕਿ ਆਦਿਵਾਸੀ ਜਵਾਨ ਲੜਕੀਆਂ ਨੂੰ ਜਬਰੀ ਉਠਾ ਕੇ, ਥਾਣੇ ਡੱਕ ਕੇ ਉਨ੍ਹਾਂ ਦੀ ਪੱਤ ਲੁੱਟੀ ਜਾ ਰਹੀ ਹੈ, ਉਹਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਜਿੱਥੇ ਉਹ ਕੁਆਰੀਆਂ ਮਾਵਾਂ ਬਣ ਰਹੀਆਂ ਹਨ ਜੁਲਮੋ ਸਿਤਮ ਸਭ ਹੱਦਾ ਪਾਰ ਕਰ ਚੁੱਕਾ ਹੈ। ਅਜਿਹਾ ਕਹਿਰ ਢਾਹੁਣ ਵਾਲੇ ਅਤੇ ਕੌਮੀ ਸੰਪਤੀ ਲੁੱਟਣ ਵਾਲੇ ਦੇਸ਼ ਭਗਤ ਅਖਵਾ ਰਹੇ ਹਨ ਅਤੇ ਇਨ੍ਹਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੈ।
ਸ਼ਿਲਾਂਗ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਲੰਮਾ ਅਰਸਾ ਬਸਤਰ ਖੇਤਰ 'ਚ  ਉੱਚ ਅਧਿਕਾਰੀ ਰਹੇ ਅਤੇ ਲੋਕ ਮਸਲਿਆਂ ਉਪਰ 100 ਦੇ ਕਰੀਬ ਪੁਸਤਕਾਂ ਦੇ ਲੇਖਕ ਡਾ. ਬੀ.ਡੀ. ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੇ ਮੁਲਕ ਦੇ ਆਦਿਵਾਸੀ, ਕਿਰਤੀ ਕਿਸਾਨਾਂ ਉਪਰ ਅਜੇ ਵੀ ਬਰਤਾਨਵੀ ਸਾਮਰਾਜੀ ਪ੍ਰਬੰਧ ਵਾਲੇ ਕਾਇਦੇ ਕਾਨੂੰਨ ਮੜ੍ਹੇ ਜਾ ਰਹੇ ਹਨ, ਮੁਢਲੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਨਤੀਜੇ ਵਜੋਂ ਕਿਰਤੀ ਕਿਸਾਨਾਂ ਪੱਲੇ ਕਰਜੇ, ਮੰਦਹਾਲੀ ਅਤੇ ਖੁਦਕੁਸ਼ੀਆਂ ਪੈ ਰਹੀਆਂ ਹਨ।
ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ 'ਚ ਮੰਗ ਕੀਤੀ ਗਈ ਕਿ ਅਪਰੇਸ਼ਨ ਗਰੀਨ ਹੰਟ ਫੌਰੀ ਬੰਦ ਕੀਤਾ ਜਾਏ, ਝੂਠੇ ਪੁਲਸ ਮੁਕਾਬਲੇ ਅਤੇ ਬੀਜਾਪੁਰ ਵਰਗੇ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸੀਮਾ ਆਜ਼ਾਦ, ਵਿਸ਼ਵ ਵਿਜੈ, ਜਤਿਨ ਮਰਾਂਡੀ, ਸੋਨੀ ਸੋਰੀ, ਚੇਤਨਾ ਨਾਟਕ ਕੇਂਦਰ ਛਤੀਸਗੜ੍ਹ, ਕਬੀਰ ਕਲਾ ਮੰਚ ਮਹਾਂਰਾਸ਼ਟਰ ਅਤੇ ਨਾਟਿਅਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ ਦੇ ਕਲਾਕਾਰਾਂ ਤੇ ਮੜ੍ਹੇ ਕੇਸ ਰੱਦ ਕੀਤੇ ਜਾਣ। ਚਰਾਂਸੋ, ਬਲਬੇੜਾ (ਪਟਿਆਲਾ), ਕਿਸਾਨਾਂ ਦਾ ਉਜਾੜਾ ਬੰਦ ਕੀਤਾ ਜਾਏ, ਮਾਲਕੀ ਹੱਕ ਦਿੱਤੇ ਜਾਣ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਆਗੂ ਬਾਲ ਕ੍ਰਿਸ਼ਨ ਫੌਜੀ ਨੂੰ ਤੁਰੰਤ ਅਦਾਲਤ 'ਚ ਪੇਸ਼ ਕੀਤਾ ਜਾਏ। ਮਾਨਸਾ ਜਿਲੇ ਦੇ ਪਿੰਡ ਅਕਲੀਆ ਦੇ ਲੋਕਾਂ ਉਪਰ ਜੁਲਮ ਢਾਹੁਣ ਅਤੇ ਦੋ ਮਨੁੱਖੀ ਜਾਨਾਂ ਲੈਣ ਦੇ ਮੁਜ਼ਰਮਾ ਨੂੰ ਸਜ਼ਾਵਾਂ ਦਿੱਤੀਆਂ ਜਾਣ।
ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅਪਰੇਸ਼ਨ ਗਰੀਨ ਹੰਟ ਮਹਿਜ ਹਥਿਆਰਾਂ, ਪੁਲਸ, ਨੀਮ ਫੌਜੀ ਬਲਾਂ, ਨਿੱਜੀ ਸੈਨਾਵਾਂ ਦੇ ਜ਼ੁਲਮ ਦਾ ਹੀ ਨਾਂਅ ਨਹੀਂ ਅਸਲ 'ਚ ਇਸ ਦਾ ਆਧਾਰ ਆਰਥਕ ਏਜੰਡਾ ਹੈ ਜਿਹੜਾ ਹਰੇ ਇਨਕਲਾਬ ਦੇ ਨਾਂਅ ਹੇਠ ਪੰਜਾਬ ਅੰਦਰ ਕਦੋਂ ਦਾ ਲਾਗੂ ਕੀਤਾ ਗਿਆ ਹੈ। ਹੁਣ ਜਦੋਂ ਪੰਜਾਬ ਬੋਲਦਾ ਹੈ ਤਾਂ ਜ਼ੁਲਮੀ ਝੱਖੜ ਝੁਲਾਏ ਜਾ ਰਹੇ ਹਨ।
ਇਸ ਮੌਕੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਇਤਿਹਾਸ, ਸਰਗਰਮੀਆਂ ਆਦਿ ਦਾ ਸੰਗ੍ਰਹਿ ਪੁਸਤਕ 'ਜਮਹੂਰੀ ਸੰਗਰਾਮ ਦੀ ਦਸਤਾਵੇਜ' ਵੀ ਫਰੰਟ ਦੀ ਸੂਬਾ ਕਮੇਟੀ ਅਤੇ ਮਹਿਮਾਨ ਬੁਲਾਰਿਆਂ ਨੇ ਜਾਰੀ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਨੇ ਪ੍ਰਧਾਨਗੀ ਮੰਡਲ ਵੱਲੋਂ ਧੰਨਵਾਦ ਦੇ ਸ਼ਬਦ ਬੋਲੇ। 
ਡਾ. ਪਰਮਿੰਦਰ ਸਿੰਘ ਕੋ ਕਨਵੀਨਰ 
ਸੂਬਾ ਕਮੇਟੀ ਮੈਂਬਰ ਅਮੋਲਕ ਸਿੰਘ

No comments:

Post a Comment