ਪੂੰਜੀਵਾਦੀ ਪ੍ਰਬੰਧ ਦਾ ਅਣਮਨੁੱਖੀ ਚਿਹਰਾ
ਫੈਕਟਰੀ ਹਾਲਤਾਂ ਅਤੇ ਸਨਅੱਤੀ ਹਾਦਸੇ
12 ਸਤੰਬਰ ਖੰਨਾ ਵਿੱਚ ਸੰਜੀਵ ਐਗਰੋ ਸੌਲਵੈਂਟ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਨਾਲ ਹੋਈ 10 ਮਜ਼ਦੂਰਾਂ ਦੀ ਮੌਤ ਅਤੇ 11 ਹੋਰ ਮਜ਼ਦੂਰਾਂ ਦੇ ਝੁਲਸੇ ਜਾਣ ਦੀ ਘਟਨਾ ਨੇ ਇੱਕ ਵਾਰੀ ਫੇਰ ਫੈਕਟਰੀਆਂ ਅੰਦਰ ਸੁਰੱਖਿਆ ਪੱਖੋਂ ਮਜ਼ਦੂਰਾਂ ਦੀ ਨਿੱਘਰੀ ਹਾਲਤ ਨੂੰ ਸਾਹਮਣੇ ਲਿਆਂਦਾ ਹੈ। ਪਿਛਲੇ ਦੋ ਅੰਕਾਂ ਵਿੱਚ ਸੁਰਖ਼ ਰੇਖਾ ਦੇ ਪਾਠਕ ਜਲੰਧਰ ਦੀ ਸ਼ੀਤਲ ਫੈਕਟਰੀ ਅਤੇ ਰਾਮਪੁਰਾ ਫੂਲ ਦੀ ਮਲਟੀਮੈਲਟ ਫੈਕਟਰੀ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਦੀਆਂ ਦਿਲ ਹਿਲਾਊ ਘਟਨਾਵਾਂ ਬਾਰੇ ਪੜ੍ਹ ਚੁੱਕੇ ਹਨ ਕਿ ਕਿਵੇਂ ਪੂੰਜੀਪਤੀ ਮੁਨਾਫੇ ਦੀ ਹਵਸ, ਮਨੁੱਖੀ ਜਿੰਦਾਂ ਨੂੰ ਨਿਗਲਦੀ ਹੈ, ਕਿਵੇਂ ਹਾਦਸੇ ਸੁਰੱਖਿਆ ਪ੍ਰਬੰਧਾਂ ਬਾਰੇ ਸਰਮਾਏਦਾਰਾਂ, ਸਰਕਾਰਾਂ ਅਤੇ ਕਿਰਤ ਮਹਿਕਮੇਂ ਦੀ ਸੋਚੀ ਸਮਝੀ ਅਣਗਹਿਲੀ ਕਰਕੇ ਵਾਪਰਦੇ ਹਨ। ਖੰਨਾ ਵਿੱਚ ਵੀ ਇਹੀ ਕੁਝ ਹੋਇਆ ਹੈ। ਇਹ ਪਲਾਂਟ ਹੈਕਸੇਨ ਗੈਸ ਦੀ ਵਰਤੋਂ ਨਾਲ, ਚੌਲਾਂ ਤੋਂ ਬਨਸਪਤੀ ਤੇਲ ਤਿਆਰ ਕਰਦਾ ਹੈ। ਇਹ ਗੈਸ ਭਾਰੀ ਮਾਤਰਾ ਵਿੱਚ ਕੰਟੇਨਰਾਂ ਵਿੱਚ ਭਰੀ ਹੋਈ ਸੀ। ਇਸਦੇ ਲੀਕ ਹੋਣ ਬਾਰੇ ਮਜ਼ਦੂਰਾਂ ਨੇ ਰਾਤ ਨੂੰ 11 ਵਜੇ ਸੂਚਨਾ ਦੇ ਦਿੱਤੀ ਸੀ। ਗੈਸ ਢੱਕਣਾਂ ਦੇ ਨਟ ਢਿੱਲੇ ਹੋਣ ਕਰਕੇ ਲੀਕ ਹੋਈ ਸੀ। ਮਜ਼ਦੂਰਾਂ ਦੀ ਗੱਲ 'ਤੇ ਕਿਸੇ ਨੇ ਗੌਰ ਨਾ ਕੀਤੀ ਅਤੇ ਪੌਣੇ ਘੰਟੇ ਬਾਅਦ ਭਿਆਨਕ ਅੱਗ ਲੱਗ ਗਈ, ਜਿਸਦੀਆਂ ਲਾਟਾਂ 30 ਮੀਟਰ ਉੱਚੀਆਂ ਸਨ। ਇਹ ਅੱਗ ਅਗਲੇ ਦਿਨ ਸਾਢੇ ਬਾਰਾਂ ਵਜੇ ਤੱਕ ਬੁਝਾਈ ਜਾ ਸਕੀ। ਫੈਕਟਰੀ ਵਿੱਚ ਸੁਰੱਖਿਆ ਦੇ ਪ੍ਰਬੰਧ ਨਹੀਂ ਸਨ। ਗੇਟ ਨੂੰ ਅੰਦਰੋਂ ਜੰਦਰਾ ਲਾਇਆ ਹੋਇਆ ਸੀ। ਮਜ਼ਦੂਰ ਬਾਹਰ ਨਿਕਲਣ ਜੋਗੇ ਵੀ ਨਹੀਂ ਸਨ। ਫਾਇਰ ਬਰਗੇਡ ਨੂੰ ਜੰਦਰਾ ਲੱਗਿਆ ਹੋਣ ਕਰਕੇ ਦਾਖਲ ਹੋਣ ਵਿੱਚ ਦਿੱਕਤ ਆਈ, ਸੁਰੱਖਿਆ ਅਮਲੇ ਨੂੰ ਗੇਟ ਦੇ ਉਪਰ ਦੀ ਟੱਪਣਾ ਪਿਆ। ਨੇੜੇ ਹੀ ਰਹਿੰਦੇ ਮਜ਼ਦੂਰਾਂ ਵੱਲੋਂ ਜਿਹੜੇ ਫੈਕਟਰੀ ਗੇਟ 'ਤੇ ਨਹੀਂ ਸਨ, ਭਿਆਨਕ ਅੱਗ ਵੇਖ ਕੇ ਫੈਕਟਰੀ ਅਧਿਕਾਰੀਆਂ ਨੂੰ ਫੋਨ ਕੀਤੇ ਗਏ- ਪਰ ਕਿਸੇ ਨੇ ਫੋਨ ਨਾ ਚੁੱਕਿਆ। ਫੈਕਟਰੀ ਵਿੱਚ ਚੌਲਾਂ ਅਤੇ ਕੋਲੇ ਦੇ ਡੇਰ ਲੱਗੇ ਹੋਏ ਹਨ। ਹੈਕਸੇਨ ਗੈਸ ਸਮੇਤ ਇਹ ਸਭ ਚੀਜ਼ਾਂ ਤੇਜ਼ੀ ਨਾਲ ਅੱਗ ਫੜਨ ਵਾਲੀਆਂ ਹਨ।
ਇੱਕ ਦੌਰਾਨ ਸਮੁੱਚੇ ਪੰਜਾਬ ਅੰਦਰ ਸਨਅੱਤੀ ਹਾਦਸਿਆਂ ਬਾਰੇ ਛਿੜੀ ਚਰਚਾ ਨੇ ਹਾਲਤ ਦੀ ਗੰਭੀਰਤਾ ਸਾਹਮਣੇ ਲਿਆਂਦੀ ਹੈ। ਪਿਛਲੇ ਸਾਢੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ 211 ਫੈਕਟਰੀ ਹਾਦਸੇ ਵਾਪਰੇ ਹਨ ਅਤੇ 262 ਮਜ਼ਦੂਰਾਂ ਦੀਆਂ ਜਾਨਾਂ ਗਈਆਂ ਹਨ ਅਤੇ 164 ਮਜ਼ਦੂਰ ਜ਼ਖਮੀ ਹੋਏ। ਸਾਲ 2012 ਦੇ ਪਹਿਲੇ ਸਾਢੇ ਅੱਠ ਮਹੀਨਿਆਂ ਵਿੱਚ 54 ਮਜ਼ਦੂਰਾਂ ਦੀਆਂ ਜਾਨਾਂ ਗਈਆਂ। ਇਸਦਾ ਮਤਲਬ ਹੈ, ਔਸਤਨ ਹਰ ਪੰਜ ਦਿਨਾਂ ਬਾਅਦ ਇੱਕ ਮਜ਼ਦੂਰ ਦੀ ਮੌਤ।
ਆਮ ਕਾਰਨ ਫੈਕਟਰੀਆਂ ਵਿੱਚ ਅੱਤ ਮਾੜੇ ਸੁਰੱਖਿਆ ਪ੍ਰਬੰਧ ਹਨ। ਸਰਮਾਏਦਾਰ ਇਸ ਖਾਤਰ ਪੈਸਾ ਖਰਚ ਕੇ ਰਾਜ਼ੀ ਨਹੀਂ। ਫੈਕਟਰੀ ਕਾਨੂੰਨਾਂ ਵਿੱਚ ਚੋਰ ਮੋਰੀਆਂ ਹਨ। ਅੱਗ ਬੁਝਾਊ ਮਹਿਕਮੇ ਕੋਲ ਵੀ ਸਟਾਫ ਦੀ ਕਮੀ ਹੈ। ਨਿਗਰਾਨੀ ਅਤੇ ਜਾਂਚ ਨਾਲ ਸਬੰਧਤ ਵਿਭਾਗਾਂ ਕੋਲ ਵੀ ਸਟਾਫ ਬਹੁਤ ਨਿਗੂਣੀ ਗਿਣਤੀ ਵਿੱਚ ਹੈ। ਇਸ ਤੋਂ ਸਰਕਾਰਾਂ ਦੇ ਸਰੋਕਾਰ ਦਾ ਪਤਾ ਲੱਗਦਾ ਹੈ। ਮਾਲਕ ਆਮ ਕਰਕੇ ਹਾਦਸਿਆਂ 'ਤੇ ਪਰਦਾ ਪਾਉਂਦੇ ਹਨ। ਮੁਆਵਜਾ ਨਹੀਂ ਦਿੰਦੇ। ਬਹੁਤੇ ਥਾਈਂ ਮਜ਼ਦੂਰ ਰਜਿਸਟਰਡ ਨਹੀਂ ਹਨ। ਉਹਨਾਂ ਦੇ ਵਾਰਸਾਂ ਨੂੰ ਕਿਤੋਂ ਵੀ ਮੁਆਵਜਾ ਨਹੀਂ ਮਿਲਦਾ। ਮਜ਼ਦੂਰ ਭਲਾਈ ਫੰਡਾਂ 'ਚੋਂ ਵੀ ਨਹੀਂ।
ਗੱਲ ਸਿਰਫ ਪੰਜਾਬ ਦੀ ਨਹੀਂ ਹੈ। ਤਾਮਿਲਨਾਡੂ ਵਿੱਚ ਸ਼ਿਵਾਕਾਸ਼ੀ ਵਿਚੋ ਹੋਏ ਪਟਾਕਿਆਂ ਦੀ ਸਨਅੱਤ ਵਿੱਚ ਹੋਏ ਭਿਆਨਕ ਹਾਦਸੇ ਦਾ ਕਾਰਨ ਵੀ ਮੁਨਾਫੇ ਦੀ ਹਵਸ ਕਰਕੇ ਮਜ਼ਦੂਰਾਂ ਦੀ ਸੁਰੱਖਿਆ ਪ੍ਰਤੀ ਅਣਗਹਿਲੀ ਬਣੀ ਹੈ। ਇਥੇ 2000 ਕਰੋੜ ਰੁਪਏ ਦੀ ਪਟਾਕਿਆਂ ਦੀ ਸਨਅੱਤ ਵਿੱਚ ਫੈਕਟਰੀਆਂ ਵਿੱਚ ਗੁੰਜਾਇਸ਼ ਤੋਂ ਵੱਧ ਗਿਣਤੀ ਵਿੱਚ ਮਜ਼ਦੂਰ ਤੂੜੇ ਜਾਂਦੇ ਹਨ। ਭਾਰੀ ਮਾਤਰਾ ਵਿੱਚ ਕੈਮੀਕਲ ਜਮ੍ਹਾਂ ਕੀਤੇ ਜਾਂਦੇ ਹਨ। ਤੰਗ ਕਮਰਿਆਂ ਵਿੱਚ ਪਟਾਕੇ ਬਣਦੇ ਹਨ, ਜਿਥੇ ਮਜ਼ਦੂਰ ਥਾਂ ਦੀ ਘਾਟ ਕਰਕੇ ਇੱਕ ਦੂਜੇ ਨਾਲ ਖਹਿੰਦੇ ਹਨ। ਸ਼ੈੱਡਾਂ ਦਰਮਿਆਨ ਲੋੜੀਂਦੀ ਜਗਾਹ ਨਹੀਂ ਛੱਡੀ ਜਾਂਦੀ। ਸੁਰੱਖਿਆ ਇੰਤਜ਼ਾਮ ਨਹੀਂ ਹਨ। ਅੱਗ ਬੁਝਾਊ ਇੰਜਣਾਂ ਦਾ ਦੇਰ ਨਾਲ ਪੁੱਜਣਾ ਮੌਤਾਂ ਵਿੱਚ ਵਾਧੇ ਦਾ ਇੱਕ ਅਹਿਮ ਕਾਰਨ ਬਣਿਆ।
ਗੱਲ ਸਿਰਫ ਭਾਰਤ ਤੱਕ ਵੀ ਸੀਮਤ ਨਹੀਂ ਹੈ। ਜਿਸ ਦਿਨ ਖੰਨੇ ਵਿੱਚ ਹਾਦਸਾ ਵਾਪਰਿਆ, ਉਸੇ ਦਿਨ ਪਾਕਿਸਤਾਨ ਵਿੱਚ ਦੋ ਭਿਆਨਕ ਸਨਅੱਤੀ ਹਾਦਸਿਆਂ ਵਿੱਚ ਸੈਂਕੜੇ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਹਨ।
ਸਭਨੀਂ ਥਾਈਂ ਮਜ਼ਦੂਰਾਂ ਦੀ ਹਾਲਤ ਇੱਕੋ ਜਿਹੀ ਹੈ। ਪੂੰਜੀਵਾਦੀ ਮੁਨਾਫਿਆਂ ਦੀ ਹਵਸ ਅਣਮਨੁੱਖੀ ਹੋ ਕੇ ਮਜ਼ਦੂਰਾਂ ਦੀਆਂ ਜਾਨਾਂ ਦੀ ਬਲੀ ਲੈਂਦੀ ਹੈ।
ਤਸੱਲੀਬਖਸ਼ ਸੁਰੱਖਿਆ ਇੰਤਜ਼ਾਮਾਂ ਲਈ ਸੰਘਰਸ਼ ਬੇਹਤਰ ਕੰਮ ਹਾਲਤਾਂ ਲਈ ਮਜ਼ਦੂਰ ਸੰਘਰਸ਼ਾਂ ਦਾ ਅਹਿਮ ਮੰਗ ਬਣਨਾ ਚਾਹੀਦਾ ਹੈ। ਆਮ ਕਰਕੇ ਹਾਦਸਿਆਂ ਤੋਂ ਮਗਰੋਂ ਸੰਘਰਸ਼ ਮੁਆਵਜੇ ਆਦਿਕ ਲਈ ਹੀ ਹੁੰਦੇ ਹਨ। ਲੋੜ ਸੁਰੱਖਿਅਤ ਕੰਮ ਹਾਲਤਾਂ ਨੂੰ ਅਹਿਮ ਮੁੱਦਾ ਬਣਾ ਕੇ ਜੂਝਣ ਦੀ ਹੈ। ਇਸ ਖਾਤਰ ਵੱਡੇ ਪੱਧਰ 'ਤੇ ਚੇਤਨਾ ਪੈਦਾ ਕਰਨ ਅਤੇ ਸਰੋਕਾਰ ਜਗਾਉਣ ਦੀ ਲੋੜ ਹੈ।
ਪਰ ਮਸਲੇ ਦਾ ਅੰਤਿਮ ਹੱਲ ਇਨਕਲਾਬ ਰਾਹੀਂ ਸਮਾਜ ਦੀ ਸਿਰਜਣਾ ਕਰਨਾ ਹੈ। ਜਿਥੇ ਸਮਾਜ ਅੰਦਰ ਮਜ਼ਦੂਰਾਂ ਦੀ ਪੁੱਗਤ ਹੋਵੇ। ਅਜਿਹਾ ਸਮਾਜ ਜਿੱਥੇ ਸਨਅੱਤ ਜੀਵਨ ਦੀਆਂ ਲੋੜਾਂ ਲਈ ਹੋਵੇ। ਜਿੱਥੇ ਮਜ਼ਦੂਰ ਦੀ ਜ਼ਿੰਦਗੀ ਮੁਨਾਫੇ ਦੀਆਂ ਜੰਜ਼ੀਰਾਂ ਵਿੱਚ ਨਾ ਜਕੜੀ ਹੋਵੇ ਅਤੇ ਮਨੁੱਖੀ ਜ਼ਿੰਦਗੀ ਨੂੰ ਸਭ ਤੋਂ ਉੱਚਾ ਦਰਜਾ ਹਾਸਲ ਹੋਵੇ। -੦-
No comments:
Post a Comment