ਮਨੁੱਖੀ ਸਿਹਤ ਅਤੇ ਸਮਾਜਵਾਦ :
ਮਾਓ ਦੇ ਚੀਨ ਦੀ ਇੱਕ ਹੋਰ ਝਲਕ
ਡਾਕਟਰ ਦੇ ਮਰੀਜਾਂ ਪ੍ਰਤੀ ਰਵੱਈਏ ਵਿੱਚ ਪੂਰਨ ਜਿੰਮੇਵਾਰ ਹੋਣ ਦਾ ਪ੍ਰਮਾਣ ਉਹ ਹੁੰਦਾ ਹੈ ਜਿਸ ਨੂੰ ਹਰੇਕ ਰਾਜਨੀਤਿਕ ਮੱਤ ਦੇ ਡਾਕਟਰ ਸਹਿਜੇ ਹੀ ਪ੍ਰਵਾਨ ਕਰਦੇ ਹੋਣ। ਤਾਂ ਵੀ ਇਸ ਦੇ ਲਾਗੂ ਰੂਪ ਦਾ ਮਾਪਦੰਡ ਵੱਖ ਵੱਖ ਸਮਾਜਕ ਪ੍ਰਬੰਧਾਂ ਵਿੱਚ ਵੱਖ ਵੱਖ ਹੁੰਦਾ ਹੈ। ਜਦੋਂ ਤੋਂ ਮੈਂ ਚੀਨ ਆਇਆ ਹਾਂ ਪੂਰਨ ਜਿੰਮੇਵਾਰੀ ਦਾ ਸੰਕਲਪ ਮੇਰੇ ਲਈ ਹੋਰ ਡੂੰਘੇ ਅਰਥ ਧਾਰਨ ਕਰ ਗਿਆ ਹੈ। ਭਾਵੇਂ ਪਹਿਲਾਂ ਮੈਂ ਹਮੇਸ਼ਾਂ ਆਪਣੇ ਆਪ ਨੂੰ ਜਿੰਮੇਵਾਰ ਸਮਝਦਾ ਸਾਂ ਪਰ ਹੁਣ ਇਹ ਸਾਫ ਹੋ ਰਿਹਾ ਹੈ ਕਿ ਪੂਰਨ ਜਿੰਮੇਵਾਰ ਬਣਨ ਲਈ ਚੰਗੇ ਇਰਾਦਿਆਂ ਤੋਂ ਵਧੇਰੇ ਕੁੱਝ ਲੋੜੀਂਦਾ ਹੁੰਦਾ ਹੈ। ਜਿੰਮੇਵਾਰੀ ਦੇ ਅਸੂਲ 'ਤੇ ਮਾਨਸਿਕ ਕਸ਼ਮਕਸ਼ ਤੋਂ ਬਾਅਦ ਹੁਣੇ ਜਿਹੇ ਹੀ ਜਿਸ ਮਰੀਜ ਦਾ ਮੈਂ ਅਪ੍ਰੇਸ਼ਨ ਕੀਤਾ ਹੈ, ਦੇ ਹਵਾਲੇ ਰਾਹੀਂ ਮੈਂ ਇਸ ਦੀ ਵਿਆਖਿਆ ਕਰ ਸਕਦਾ ਹਾਂ।
ਉਹ ਇੱਕ ਅੱਧਖੜ ਉਮਰ ਦਾ ਕਿਸਾਨ ਸੀ, ਜੋ ਆਪਣਾ ਰਾਤ ਦਾ ਭੋਜਨ ਪਕਾਉਂਦਿਆਂ ਕੋਲੇ ਦੀ ਭੱਠੀ ਵਿੱਚੋਂ ਉੱਠੀਆਂ ਗੈਸਾਂ ਦੀ ਲਪੇਟ ਵਿੱਚ ਆ ਗਿਆ ਸੀ। ਉਹ ਬੇਹੋਸ਼ ਹੋ ਕੇ ਭੱਠੀ 'ਤੇ ਡਿੱਗ ਪਿਆ ਅਤੇ ਕਿਉਂਕਿ ਉਹ ਦੂਰ ਦੁਰਾਡੇ ਇੱਕ ਝੁੱਗੀ ਵਿੱਚ ਇਕੱਲਾ ਹੀ ਰਹਿੰਦਾ ਸੀ, ਸਾਰੀ ਰਾਤ ਉਹ ਇਸੇ ਹਾਲਤ ਵਿੱਚ ਪਿਆ ਰਿਹਾ। ਉਸ ਦੇ ਗੱਦੇਦਾਰ ਪਜਾਮੇ ਨੂੰ ਅੱਗ ਲੱਗ ਗਈ ਅਤੇ ਉਸ ਦੇ ਪੱਟਾਂ ਤੋਂ ਲੈ ਕੇ ਪੈਰਾਂ ਦੀਆਂ ਉਂਗਲਾਂ ਤੱਕ ਦੋਵੇਂ ਲੱਤਾਂ ਝੁਲਸ ਕੇ ਖੰਘਰ ਬਣ ਗਈਆਂ। ਛੋਟੀ ਜਿਹੀ ਝੁੱਗੀ ਗਰਮ ਧੂੰਏਂ ਨਾਲ ਭਰ ਗਈ ਜਿਸ ਕਰਕੇ ਉਸਦੇ ਫੇਫੜੇ ਅਤੇ ਸਾਹ ਨਾਲੀ ਵੀ ਝੁਲਸ ਗਏ । ਅਗਲੀ ਸਵੇਰ ਜਦ ਉਸ ਦਾ ਪਤਾ ਲੱਗਾ, ਉਹ ਉਦੋਂ ਵੀ ਬੇਹੋਸ਼ ਸੀ। ਉਸ ਨਾਜ਼ਕ ਹਾਲਤ ਵਿੱਚ ਉਸ ਨੂੰ ਫਟਾਫਟ ਹਸਪਤਾਲ ਲਿਜਾਇਆ ਗਿਆ। ਸਾਹ ਘੁੱਟਣ ਕਰਕੇ ਉਸ ਦਾ ਮੂੰਹ ਕਾਲਾ ਹੋਇਆ ਪਿਆ ਸੀ। ਉਸ ਦੇ ਸਵਰ-ਤੰਤੂ (ਵੋਕਲ ਕਾਰਡਜ਼) ਉੱਪਰ ਸੋਜਸ਼ ਆ ਗਈ ਸੀ ਤੇ ਸਾਹ ਨਾਲੀ ਬਿਲਕੁਲ ਬੰਦ ਪਈ ਸੀ।
ਉਸ ਦੇ ਪਹੁੰਚਣ ਦੇ ਮਿੰਟਾਂ ਸਕਿੰਟਾਂ ਵਿੱਚ ਹੀ ਅਸੀਂ ਉਸ ਦੀ ਸਾਹ ਨਾਲੀ ਵਿਚ ਬਣੀ ਰੁਕਾਵਟ ਤੋਂ ਖਲਾਸੀ ਲਈ ਐਮਰਜੈਂਸੀ (ਅਪ੍ਰੇਸ਼ਨ ਰਾਹੀਂ) ਮੋਰੀ ਕਰ ਦਿੱਤੀ ਅਤੇ ਫੇਫੜਿਆਂ 'ਚੋਂ ਭਾਰੀ ਮਾਤਰਾ ਵਿਚ ਝੱਗਦਾਰ ਪਾਣੀ ਸੜ੍ਹਾਕ ਕੇ ਬਾਹਰ ਕੱਢਿਆ। ਆਕਸੀਜਨ ਦੇਣ ਨਾਲ ਉਸ ਦੇ ਰੰਗ 'ਚ ਸੁਧਾਰ ਹੋਣ ਲੱਗਾ ਅਤੇ ਨਾੜੀ ਰਾਹੀਂ ਦਿੱਤੇ ਖੂਨ ਦੇ ਪਾਣੀ (ਪਲਾਜ਼ਮਾ) ਨਾਲ ਉਸ ਨੂੰ ਹੋਸ਼ ਆ ਗਈ।
ਇੱਥੇ ਆ ਕੇ ਅਸੀਂ ਰੁਕੇ। ਸਮੱਸਿਆ ਨੂੰ ਸਮੁੱਚੇ ਰੂਪ 'ਚ ਸਮਝਣ ਲਈ ਦ੍ਰਿਸ਼ ਸਿਰੇ ਦਾ ਮਾੜਾ ਸੀ। ਦੋਵੇਂ ਲੱਤਾਂ ਪੁੜਿਆਂ ਤੋਂ ਲੈ ਕੇ ਹੇਠਾਂ ਤੱਕ ਨਸ਼ਟ ਹੋ ਚੁੱਕੀਆਂ ਸਨ ਅਤੇ ਉਸ ਦੇ ਫੇਫੜੇ ਬੁਰੀ ਤਰ੍ਹਾਂ ਝੁਲਸ ਗਏ ਸਨ। ਜੇ ਅਗਲੇ ਚੌਵੀ ਘੰਟੇ ਉਹ ਜਿਉਂਦਾ ਰਹਿ ਗਿਆ ਤਾਂ ਪੀਕ ਵਾਲਾ ਨਿਮੋਨੀਆ ਹੋ ਜਾਣਾ ਲੱਗਭੱਗ ਯਕੀਨੀ ਸੀ ਅਤੇ ਜੇ ਇਸ ਨੇ ਉਸ ਦੀ ਜਾਨ ਨਾ ਵੀ ਲਈ ਤਾਂ ਜਲੇ ਹੋਏ ਪੁੜਿਆਂ ਨੇ ਛੇਤੀ ਹੀ ਮਲੀਨ ਹੋ ਜਾਣਾ ਸੀ ਅਤੇ ਬਿਮਾਰੀਆਂ ਨਾਲ ਭਿੜਨ ਦੀ ਉਸ ਦੀ ਨੀਵੀਂ ਡਿੱਗੀ ਹੋਈ ਸ਼ਕਤੀ ਕਰਕੇ ਮੁਮਕਿਨ ਹੈ ਕਿ ਖੂਨ 'ਚ ਰਲੀ ਪੀਕ (ਜ਼ਹਿਰਵਾ) ਕਰਕੇ ਉਹ ਮਰ ਜਾਵੇ। ਕੁੱਝ ਡਾਕਟਰ ਸੋਚਦੇ ਸਨ ਕਿਉਂਕਿ ਉਸ ਦੀ ਜ਼ਿੰਦਗੀ ਨੂੰ ਬਚਾਉਣਾ ਅਸੰਭਵ ਹੈ। ਅਤੇ ਫਜੂਲ ਵਿੱਚ ਹੀ ਉਸ ਦੇ ਸਰੀਰਕ ਕਸ਼ਟ ਨੂੰ ਲਮਕਾਉਣ ਪੱਖੋਂ ਉਹ ਦੁਬਿਧਾ ਵਿੱਚ ਸਨ। ਜੇ ਕਿਸੇ ਚਮਤਕਾਰ ਨੇ ਉਸ ਨੂੰ ਬਚਾ ਵੀ ਲਿਆ ਤਾਂ ਉਹ ਲੱਤਾਂ ਤੋਂ ਵਾਂਝਾ ਰਹੇਗਾ, ਕਿਉਂਕਿ ਟੁੰਡ ਬਚੇ ਨਾ ਹੋਣ ਕਰਕੇ ਬਣਾਉਟੀ ਲੱਤਾਂ ਦੇ ਫਿੱਟ ਹੋਣ ਦੀ ਹਾਲਤ ਵੀ ਨਹੀਂ ਹੋਵੇਗੀ।
ਪਿੰਡ ਦੇ ਦੋ ਸਾਥੀ ਜੋ ਉਸ ਨੂੰ ਹਸਪਤਾਲ ਲਿਆਏ ਸਨ, ਜਿਵੇਂ ਉਹ ਸਾਡੀਆਂ ਸੋਚਾਂ ਵਿਚਾਰਾਂ ਨੂੰ ਵਾਚ ਰਹੇ ਹੋਣ , ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਜੁਟਾਉਣ ਦੀ ਸਾਨੂੰ ਤਾਕੀਦ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸਾਬਕਾ ਗਰੀਬ ਕਿਸਾਨਾਂ ਦੇ ਆਪਣੇ ਕਮਿਊਨ ਦਾ ਪ੍ਰਧਾਨ ਹੁੰਦਾ ਸੀ ਅਤੇ ਉਸਦੀ ਬੇਗਰਜ ਸੇਵਾ ਕਰਕੇ ਸਾਰੇ ਉਸ ਦੀ ਇੱਜ਼ਤ ਕਰਦੇ ਹਨ। ਸਾਰੇ ਉਸ ਦੀ ਚੰਗੀ ਦੇਖ ਭਾਲ ਕਰਨਗੇ।
ਅਸੀਂ ਉਸ ਨੂੰ ਬਚਾਉਣ ਲਈ ਜੋ ਵੀ ਕਰ ਸਕਦੇ ਸੀ, ਕਰਨ ਦਾ ਨਿਸ਼ਚਾ ਕਰ ਲਿਆ । ਇਲਾਜ ਦੀ ਵਿਉਂਤ ਸਕੀਮ 'ਤੇ ਚਰਚਾ ਕੀਤੀ। ਇਹ ਸਾਫ ਸੀ ਕਿ ਉਸ ਦੀਆਂ ਦੋਵੇਂ ਲੱਤਾਂ ਚੂਲਿਆਂ ਦੇ ਜੋੜਾਂ ਤੋਂ ਹੀ ਕੱਢਣੀਆਂ ਪੈਣਗੀਆਂ, ਪਰ ਬਹਿਸ ਵਿਚਾਰ ਦੌਰਾਨ ਦੋ ਵਿਰੋਧੀ ਵਿਚਾਰ ਉਭਰ ਕੇ ਆਏ। ਇੱਕ ਇਹ ਸੀ , ਕਿ ਉਸ ਦੇ ਫੇਫੜੇ ਸਹੀ ਸਲਾਮਤ ਹੋਣ ਤੱਕ ਅਤੇ ਬਹੁਤ ਕਠਿਨ ਅਪ੍ਰੇਸ਼ਨ ਨੂੰ ਕਾਫੀ ਹੱਦ ਤੱਕ ਝੱਲਣ ਦੇ ਕਾਬਲ ਹੋੰਣ ਲਈ ਉਸਦੀ ਆਮ ਸਰੀਰਕ ਹਾਲਤ ਸੁਧਰਨ ਤੱਕ ਅੰਗ ਕਟਾਈ (ਐਂਪੂਟੇਸ਼ਨ) ਮੁਲਤਵੀ ਕੀਤੀ ਜਾਵੇ । ਦੂਜਾ ਸੀ, ਕਿ ਸਮਾਂ ਸਾਡੇ ਪੱਖ ਵਿੱਚ ਨਹੀਂ ਹੈ ਅਤੇ ਕਿ ਭਾਵੇਂ ਅਗੇਤੇ ਕੀਤਾ ਅਪ੍ਰੇਸ਼ਨ ਖਤਰਨਾਕ ਹੋ ਸਕਦਾ ਸੀ, ਪਰ ਦੇਰੀ ਕਰਨੀ ਹੋਰ ਵੀ ਜ਼ਿਆਦਾ ਖਤਰਨਾਕ ਸੀ । ਜੇ ਅਸੀਂ ਦੇਰੀ ਕੀਤੀ ਤਾਂ ਜਲਣ ਨਾਲ ਹੋਇਆ ਵੱਡਾ ਜ਼ਖਮ ਲਾਜ਼ਮੀ ਹੀ ਇਨਫੈਕਸ਼ਨ ਫੜ ਲਵੇਗਾ ਤੇ ਉਸ ਦੀ ਕੁੱਲ ਤਕਲੀਫ ਬਹੁਤ ਜਿਆਦਾ ਵਧ ਜਾਵੇਗੀ।
ਹੌਲੀ ਹੌਲੀ ਦਲੀਲਾਂ ਰਾਹੀਂ ਇਹ ਸਾਫ ਹੋ ਗਿਆ ਕਿ ਵਿਰੋਧੀ ਵਿਚਾਰ ਮੈਡੀਕਲ ਨਜ਼ਰੀਏ ਤੋਂ ਕੇਸ ਦੇ ਵੱਖ ਵੱਖ ਮੁਲੰਕਣ ਕਰਕੇ ਪੈਦਾ ਨਹੀਂ ਹੋਏ, ਦਰਅਸਲ ਜਿੰਮੇਵਾਰੀ ਅਤੇ ਖਤਰੇ 'ਚ ਪੈਣ ਸਬੰਧੀ ਦੋ ਵੱਖ ਵੱਖ ਰੁਝਾਨਾਂੰ ਨੂੰ ਪ੍ਰਤੀਬਿੰਬਤ ਕਰਦੇ ਸਨ। ਕੋਈ ਵੀ ਸਰਜਨ ਖਤਰਾ ਸਹੇੜਨ ਲਈ ਰਾਜ਼ੀ ਨਹੀਂ ਹੁੰਦਾ, ਖਾਸ ਕਰ ਅਪ੍ਰੇਸ਼ਨ ਵਾਲੀ ਮੇਜ 'ਤੇ ਹੀ ਮੌਤ ਹੋ ਜਾਣ ਦਾ ਖਤਰਾ, ਜੋ ਸਰਜਨ ਨੂੰ ਬਿਪਤਾ 'ਚ ਪਾਉਣ ਵਾਲਾ ਹੁੰਦਾ ਹੈ। ਪਰ ਕਦੇ ਕਤਾਈਂ ਖਤਰੇ ਤੋਂ ਭੱਜਣ ਨਾਲੋਂ ਖਤਰਾ ਸਹੇੜਨ 'ਚ ਬੱਚਤ ਹੁੰਦੀ ਹੈ। ਅਜਿਹੇ ਕੇਸਾਂ ਵਿੱਚ ਆਪਣੀ ਸ਼ੋਭਾ ੱਤੇ ਮਨ ਦੀ ਸ਼ਾਂਤੀ ਦਾ ਫਿਕਰ ਭਾਵੇਂ ਹਿ ਅਚੇਤਨ ਹੀ ਹੋਵੇ, ਸਰਜਨ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਦਿੰਦਾ ਹੈ।
ਅਸੀਂ ਸਮੱਸਿਆ ਨੂੰ ਫਿਰ ਹੱਥ ਪਾਇਆ। ਮਾਓ ਦੇ ਪੂਰਨ ਜਿੰਮੇਵਾਰੀ ਕਬੂਲ ਕਰਨ ਦੇ ਜੋਰਦਾਰ ਕਥਨ ਤੋਂ ਸੇਧ ਲੈਣ ਲਈ ਡਟ ਗਏ ਅਤੇ ਫੈਸਲਾ ਲੈਣ ਦੇ ਕਾਬਲ ਹੋਏ ਕਿ ਜਲਦੀ ਤੋਂ ਜਲਦੀ ਅਪ੍ਰੇਸ਼ਨ ਕਰਨ ਨਾਲ ਜਿੰਦਗੀ ਬਚਾਉਣ ਦੀ ਸਭ ਤੋਂ ਵਧੀਆ ਸੰਭਾਵਨਾ ਬਣ ਸਕਦੀ ਹੈ। ਸਿੱਟੇ ਵਜੋਂ ਦੂਸਰੇ ਦਿਨ ਅਪ੍ਰੇਸ਼ਨ ਦੀਆਂ ਪੂਰੀਆਂ ਤਿਆਰੀਆਂ ਕਰਨ ਉਪਰੰਤ ਅਸੀਂ ਚੂਲੇ ਦੇ ਦੋਵੇਂ ਜੋੜ ਕੱਢ ਦਿੱਤੇ । ਪੁੜਿਆਂ ਅਤੇ ਮਲ-ਤਿਆਗ ਦੇ ਦੁਆਲੇ ਦੇ ਹਿੱਸੇ ਦੀ ਚਮੜੀ ਕੱਟ ਦਿੱਤੀ ਗਈ ਅਤੇ ਅੱਲੇ ਹਿੱਸਿਆਂ 'ਤੇ ਚਮੜੀ ਦੀ ਪਿਉਂਦ (ਗਰਾਫਟਿੰਗ) ਕਰ ਦਿੱਤੀ।
ਮਰੀਜ ਨੇ ਅਪ੍ਰੇਸਨ ਨੂੰ ਬਹੁਤ ਹੀ ਅਨੋਖੀ ਸਫਲਤਾ ਨਾਲ ਝੱਲਿਆ ਅਤੇ ਹੁਣ ਉਹ ਵਿਸ਼ੇਸ ਤੌਰ 'ਤੇ ਤਿਆਰ ਕੀਤੀ ਪਹੀਆਂ ਵਾਲੀ ਕੁਰਸੀ 'ਤੇ ਚੱਲਣ-ਫਿਰਨ ਜੋਗਾ ਹੋ ਗਿਆ ਹੈ। ਉਹ ਚੰਗੇ ਉਤਸ਼ਾਹ 'ਚ ਹੈ ਅਤੇ ਆਪਣੇ ਸਾਥੀ ਕਿਸਾਨਾਂ 'ਚ ਮੁੜ ਸ਼ਾਮਲ ਹੋਣ ਬਾਰੇ ਤੇ ਆਉਂਦੇ ਕੀਈ ਸਾਲਾਂ ਤੱਕ ਆਪਣੀ ਵੱਧ ਤੋਂ ਵੱਧ ਯੋਗਤਾ ਨਾਲ ਉਨ੍ਹਾਂ ਦੀ ਸੇਵਾ ਕਰਨ ਬਾਰੇ ਸੋਚ ਰਿਹਾ ਹੈ।
ਸ਼ਾਨ-ਤੁੰਗ ਸੂਬੇ ਦੀ ਅੱਖਾਂ ਦੀ ਮਾਹਰ ਇੱਕ ਡਾਕਟਰ ਸ਼੍ਰੀਮਤੀ ਚੈੱਨ ਨੇ ਕੰਧ ਬਣ ਕੇ ਖੜ੍ਹੀਆਂ ਪੁਰਾਣੀਆਂ ਕੱਟੜ ਧਾਰਨਾਵਾਂ ਨੂੰ ਤੋੜਨ ਅਤੇ ਪੂਰਨ ਜਿੰਮੇਵਾਰ ਰਵੱਈਆ ਵਿਕਸਤ ਕਰਨ ਦੇ ਆਪਣੇ ਨਿੱਜੀ ਤਜਰਬੇ ਨੂੰ ਬਿਆਨ ਕੀਤਾ ਹੈ। ਅੱਖ ਦੇ ਡੇਲੇ ਦਾ ਗੰਭੀਰ ਖੋਭਵੇਂ ਜਖਮਾਂ ਦਾ ਪੁਰਾਣਾ ਇਲਾਜ ਇਹ ਹੈ ਕਿ ਦੂਸਰੀ ਅੱਖ ਵਿਚ ਲਾਗ ਲੱਗ ਜਾਣ ਦੇ ਖਤਰੇ ਦੀ ਸੰਭਾਵਨਾ ਕਰਕੇ ਨਸ਼ਟ ਹੋਈ ਅੱਖ ਨੂੰ ਕੱਢ ਦਿੱਤਾ ਜਾਵੇ। ਜਦ ਮਰੀਜਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਅੱਖ ਕਢਾਉਣੀ ਪਵੇਗੀ, ਉਹਨਾਂ ਲਈ ਬਿਪਤਾ ਬਣਦੀ। ਇਸ 'ਤੇ ਚਿੰਤਾਤੁਰ ਡਾਕਟਰ ਚੈੱਨ ਨੇ ਸਲਾਮਤ ਅੱਖ ਨੂੰ ਖਤਰਾ ਆਂਕਣ ਲਈ ਪਿਛਲੇ ਕਈ ਸਾਲਾਂ ਦੇ ਮੈਡੀਕਲ ਰਿਕਾਰਡਾਂ ਨੂੰ ਘੋਖਿਆ-ਪੜਤਾਲਿਆ ਅਤੇ ਪਾਇਆ ਕਿ ਦੂਸਰੀ ਅੱਖ ਵਿੱਚ ਲਾਗ ਸਿਰਫ 0.46 ਪ੍ਰਤੀਸ਼ਤ ਕੇਸਾਂ 'ਚ ਹੀ ਹੋਈ। ਕਿਉਂਕਿ ਇਲਾਜ ਦੇ ਅਧੁਨਿਕ ਤਰੀਕਿਆਂ ਨਾਲ ਇਨਫੈਕਸ਼ਨ ਵਾਲੇ ਕੇਸਾਂ 'ਚ ਅਕਸਰ ਚੰਗੇ ਨਤੀਜੇ ਹਾਸਲ ਕਰਨੇ ਸੰਭਵ ਹਨ, ਇਸ ਲਈ ਉਸ ਨੇ ਜਖਮੀ ਅੱਖ ਨੂੰ ਬਚਾਉਣ ਦੀ ਨੀਤੀ ਅਪਣਾਈ ਜੇ ਇਸ ਵਿੱਚ ਕੁੱਝ ਨਾ ਕੁੱਝ ਨਜ਼ਰ ਬਚੀ ਹੋਈ ਹੋਵੇ। ਸਿੱਟੇ ਵਜੋਂ ਬਹੁਤ ਸਾਰੀਆਂ ਅੱਖਾਂ ਵਿੱਚ ਅੱਧ ਪਚੱਧੀ ਨਜ਼ਰ ਬਹਾਲ ਹੋ ਗਈ ਜਿਹੜੀਆਂ ਕਿ ਪੁਰਾਣੀ ਪੜ੍ਹਾਈ ਅਨੁਸਾਰ ਕੱਢ ਦੇਣੀਆਂ ਚਾਹੀਦੀਆਂ ਸਨ।
ਉਹ ਦੱਸਦੀ ਹੈ ਕਿ ਕਿਵੇਂ ਪ੍ਰੋਲੇਤਾਰੀ ਸਿਆਸਤ ਦੁਆਰਾ ਸੇਧਿਤ ਪੱਕੀ ਹੋ ਰਹੀ ਨਿਸ਼ਚਾ ਨਾਲ ਉਸ ਦੇ ਰਿਹਾਇਸ਼ੀ ਇਲਾਕੇ 'ਚ ਰਹਿੰਦੇ ਨੇਤਰਹੀਣ ਲੋਕਾਂ ਪ੍ਰਤੀ ਉਸ ਦਾ ਰਵੱਈਆ ਹਮਦਰਦੀ ਤੋਂ ਇਸ ਦ੍ਰਿੜ੍ਹ ਇਰਾਦੇ ਵਿੱਚ ਬਦਲ ਗਿਆ ਹੈ ਕਿ ਜਦ ਵੀ ਸੰਭਵ ਹੋਵੇ ਅੱਖਾਂ ਦੀ ਨਜ਼ਰ ਬਚਾਈ ਜਾਵੇ। ਇਸ ਲਈ ਉਸ ਨੇ ਆਪਣੇ ਕਸਬੇ ਅਤੇ ਨੇੜਲੇ ਪਿੰਡਾਂ ਦੇ ਸਭ ਨੇਤਰਹੀਣ ਲੋਕਾਂ ਦੀ ਤਲਾਸ਼ ਕਰਨ ਲਈ ਘੰਟਿਆਂ ਬੱਧੀ ਸਮਾਂ ਲਗਾਇਆ। ਕੁੱਲ 219 ਵਿਅਕਤੀਆਂ ਵਿੱਚੋਂ ਇਸ ਨੇ 53 ਨੂੰ ਅਪ੍ਰੇਸ਼ਨਾਂ ਲਈ ਚੁਣਿਆ। ਸਭਨਾਂ ਦੀ ਕੁੱਝ ਨਾ ਕੁੱਝ ਨਜ਼ਰ ਵਾਪਸ ਆ ਗਈ। ਇੱਕ, ਜੋ ਬਚਪਨ ਤੋਂ ਹੀ ਅੰਨ੍ਹਾਂ ਸੀ, ਨੇ ਪ੍ਰਭਾਵਸ਼ਾਲੀ ਢੰਗ ਨਾਲ ਪੁਰਾਣੇ ਅਤੇ ਨਵੇਂ ਸਮਾਜ ਵਿਚਕਾਰ ਵਖਰੇਵੇਂ ਦੀ ਇਉਂ ਵਿਆਖਿਆ ਕੀਤੀ, ਕਿ ਬੀਤੇ ਸਮੇਂ 'ਚ ਉਹ ਇਸੇ ਹਸਪਤਾਲ ਦੇ ਬਾਹਰ ਭੀਖ ਮੰਗਿਆ ਕਰਦਾ ਸੀ ਤੇ ਇੱਥੋਂ ਮੈਨੂੰ ਫਿਟਕਾਰਾਂ ਦੇ ਕੇ ਭਜਾ ਦਿੱਤਾ ਜਾਂਦਾ ਸੀ ਪਰ ਹੁਣ ਭਜਾ ਦੇਣ ਦੀ ਥਾਂ ਉਸ ਨੂੰ ਲੱਭ ਕੇ ਲਿਆਂਦਾ ਗਿਆ ਹੈ ਤੇ ਇਲਾਜ ਲਈ ਹਸਪਤਾਲ 'ਚ ਦਾਖਲ ਹੋਣ ਦਾ ਸੱਦਾ ਭੇਜਿਆ ਗਿਆ ਹੈ।
ਇੱਕ ਸਾਬਕਾ ਫੌਜੀ ਜੋ ਕਿ ਬਹੁਤ ਸਾਲ ਪਹਿਲਾਂ ਇਨਕਲਾਬੀ ਜੰਗਾਂ ਵਿੱਚ ਆਪਣੀ ਨਜਰ ਗੁਆ ਚੁੱਕਾ ਸੀ, ਮੱਧਮ ਜਿਹੀ ਆਸ ਨਾਲ ਡਾਕਟਰ ਚੈੱਨ ਕੋਲ ਆਇਆ ਕਿ ਸ਼ਾਇਦ ਉਹਦੀ ਥੋੜ੍ਹੀ ਬਹੁਤ ਨਜ਼ਰ ਵਾਪਸ ਪਰਤ ਆਵੇ। ਉਸ ਦੀ ਹਾਲਤ ਬੇਹੱਦ ਗੁੰਝਲਦਾਰ ਸੀ। ਡਾਕਟਰ ਚੈੱਨ ਨੇ ਆਪਣੇ ਮੁਖੀ ਡਾਕਟਰ ਨਾਲ ਸਲਾਹ -ਮਸ਼ਵਰਾ ਕੀਤਾ, ਜੋ ਸੂਬੇ ਅੰਦਰ ਅੱਖਾਂ ਦਾ ਬਹਤ ਤਜ਼ਰਬੇਕਾਰ ਸਰਜਨ ਸੀ। ਉਸ ਨੇ ਮਰੀਜ਼ ਦੀ ਜਾਂਚ ਪੜਤਾਲ ਕੀਤੀ, ਦੁਨੀਆਂ ਭਰ ਦੀਆਂ ਕਿਤਾਬਾਂ 'ਚੋਂ ਘੋਖ ਕੀਤੀ ਅਤੇ ਇਸ ਨਤੀਜੇ 'ਤੇ ਪਹੁੰਚਿਆ ਕਿ (ਉਸਦੀ) ਨਜ਼ਰ ਪਰਤਣੀ ਸੰਭਵ ਨਹੀਂ ਹੈ। ਪਰ ਡਾਕਟਰ ਚੈੱਨ ਨੂੰ ਜਚਾਉਣਾ ਸੌਖਾ ਨਹੀਂ ਸੀ। ਉਸ ਨੇ ਕਿਤਾਬਾਂ ਪੜ੍ਹ ਕੇ ਸਿੱਖਣ ਅਤੇ ਅਮਲ ਰਾਹੀਂ ਸਿੱਖਣ ਵਿਚਕਾਰ ਸਬੰਧਾਂ ਬਾਰੇ ਮਾਓ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ.-''ਪੜ੍ਹਾਈ ਕਰਨ ਨਾਲ ਸਿੱਖੀਦਾ ਹੈ, ਪਰ ਅਮਲ ਕਰਨ ਨਾਲ ਵੀ ਸਿੱਖੀਦਾ ਹੈ, ਸਗੋਂ ਸਿੱਖਣ ਦੀ ਵਧੇਰੇ ਮਹੱਤਵਪੂਰਨ ਵੰਨਗੀ ਹੈ।'' (ਚੀਨ ਦੀ ਇਨਕਲਾਬੀ ਜੰਗ ਵਿੱਚ ਯੁੱਧ ਨੀਤੀ ਦੀਆਂ ਸਮੱਸਿਆਵਾਂ, ਦਸੰਬਰ 1936 ਮਾਓ ਜੇ ਤੁੰਗ ਚੋਣਵੀਆਂ ਰਚਨਾਵਾਂ ਸੈਂਚੀ ਪੰਨਾਂ,189-90 )
ਇਸ ਅਹਿਸਾਸ ਵਿੱਚ ਵਾਧਾ ਹੋਇਆ ਕਿ ਕਿਤਾਬਾਂ ਵਿਚਲੇ ਅੰਕੜੇ ਕਿਸੇ ਵਿਸ਼ੇਸ਼ ਸਮੇਂ , ਕਿਸੇ ਖਾਸ ਹਾਲਤਾਂ 'ਚ, ਕਿਸੇ ਖਾਸ ਦ੍ਰਿਸ਼ਟੀਕੋਣ ਤੋਂ, ਕੁੱਝ ਵਿਅਕਤੀਆਂ ਦੇ ਗਿਆਨ ਤੋਂ ਵੱਧ ਕੁੱਝ ਨਹੀਂ ਦਰਸਾ ਸਕਦੇ ਅਤੇ ਬਹੁਤੀਆਂ ਨਵੀਆਂ ਕਾਢਾਂ ਵਿੱਚ ਉਹ ਕੁੱਝ ਹੁੰਦਾ ਹੈ, ਜੋ ਕਿਸੇ ਕਿਤਾਬੀ ਸਿੱਖਿਆ 'ਚ ਨਹੀਂ ਹੁੰਦਾ। ਉਹ ਅਜਿਹੇ ਗਿਆਨ ਦੀਆਂ ਸੀਮਾਵਾਂ 'ਚ ਰਹਿਣ ਤੋਂ ਇਨਕਾਰੀ ਸੀ। ਇਕ ਲੰਮੇ ਅਧਿਐਨ, ਬਹਿਸ-ਵਿਚਾਰਾਂ ਅਤੇ ਤਜਰਬਿਆਂ ਤੋਂ ਬਾਅਦ ਉਸ ਨੇ ਇਸ ਨੇਤਰਹੀਣ ਸਾਬਕਾ ਫੌਜੀ ਦਾ ਅਪ੍ਰੇਸ਼ਨ ਕਰ ਦਿੱਤਾ। ਮਗਰੋਂ ਇਸ ਘਟਨਾ 'ਤੇ ਇੱਕ ਨਾਟਕ ਵੀ ਖੇਡਿਆ ਗਿਆ ਜਿਸ ਦੇ ਆਖਰੀ ਦ੍ਰਿਸ਼ ਨੂੰ ਮੈਂ ਲੰਮੇਂ ਸਮੇਂ ਤੱਕ ਯਾਦ ਰੱਖਾਂਗਾ।
ਮਰੀਜ਼ ਦੀਆਂ ਅੱਖਾਂ 'ਤੇ ਬੰਨ੍ਹੀਆਂ ਪੱਟੀਆਂ ਨੂੰ ਖੋਲ੍ਹਣ ਦਾ ਸਮਾਂ ਆ ਗਿਆ ਸੀ। ਉਸ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਵਿੱਚ ਸ਼ਾਮਲ ਡਾਕਟਰ ਤੇ ਨਰਸਾਂ ਇਕੱਠੇ ਕੀਤੇ ਹੋਏ ਸਨ। ਮਹੌਲ ਉਤੇਜਨਾ ਨਾਲ ਲੱਥਪੱਥ ਸੀ। ਜਿਉਂ ਹੀ ਪੱਟੀ ਦੀ ਆਖਰੀ ਪਰਤ ਉਧੇੜੀ ਗਈ, ਮਰੀਜ ਨੇ ਸਿੱਧਾ ਸਾਹਮਣੇ ਤੱਕਿਆ। ਉਹ ਦੇਖ ਸਕਦਾ ਸੀ। ਅਤੇ ਜਿਸ ਪਹਿਲੇ ਵਿਅਕਤੀ ਨੂੰ ਉਸ ਨੇ ਦੇਖਿਆ, ਉਹ ਸਲਾਹਕਾਰ ਡਾਕਟਰ ਸੀ ਜਿਸ ਨੇ ਐਲਾਨ ਕੀਤਾ ਸੀ ਕਿ ਨਜ਼ਰ ਪਰਤਣੀ ਅਸੰਭਵ ਹੈ ਅਤੇ ਉਹ ਅਪ੍ਰੇਸ਼ਨ ਦੇ ਖਿਲਾਫ ਸੀ। ਮਰੀਜ਼ ਨੇ ਸਮਝਦਿਆਂ ਕਿ ਇਹ ਉਹੀ ਡਾਕਟਰ ਹੈ ਜਿਸ ਨੇ ਉਸ ਦਾ ਅਪ੍ਰੇਸ਼ਨ ਕੀਤਾ ਹੈ, ਲੜਖੜਾਉਂਦੇ ਕਦਮਾਂ ਨਾਲ ਉਸ ਵੱਲ ਵਧਿਆ, ਮੋਢਿਆਂ ਨੂੰ ਹੱਥਾਂ 'ਚ ਲੈਂਦਿਆਂ ਛਲਕਦੇ ਜ਼ਜਬਾਤਾਂ ਨਾਲ ਉਹ ਬੋਲਿਆ,'' ਦੁਸ਼ਮਣ ਨੇ ਮੈਨੂੰ ਅੰਨ੍ਹਾਂ ਕੀਤਾ ਸੀ, ਤੁਸੀਂ ਮੈਂਨੂੰ ਮੇਰੀ ਨਜ਼ਰ ਵਾਪਸ ਲਿਆ ਦਿੱਤੀ ਹੈ, ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ।''
ਆਪਣੀ ਸਵੈ-ਸੰਤੁਸ਼ਟੀ ਦਾ ਝੰਜੋੜਿਆ ਅਤੇ ਇਸ ਜਾਣਕਾਰੀ ਦਾ ਮੁਝੱਟਿਆ ਕਿ ਇਹ ਜਿੱਤ ਉਸ ਨੇ ਨਹੀਂ ਜਿੱਤੀ, ਬਲਕਿ ਉਸਦੇ ਬਾਵਜੂਦ ਜਿੱਤੀ ਗਈ ਹੈ, ਸਲਾਹਕਾਰ ਡਾਕਟਰ ਨੇ ਜੁਆਬ ਦਿੱਤਾ,'' ਮੇਰਾ ਧੰਨਵਾਦ ਨਾ ਕਰੋ, ਸਗੋਂ ਮੈਨੂੰ ਤੁਹਾਡਾ ਧੰਨਵਾਦੀ ਹੋਣਾ ਚਾਹੀਦਾ ਹੈ। ਕਈ ਵਰ੍ਹਿਆਂ ਤੋਂ ਮੈਂ ਖੁਦ ਵੀ ਅੰਨ੍ਹਾਂ ਹੀ ਚੱਲਿਆ ਆ ਰਿਹਾ ਸੀ, ਪਰ ਹੁਣ ਤੁਸੀਂ ਅਤੇ ਡਾਕਟਰ ਚੈੱਨ ਨੇ ਮੇਰੀਆਂ ਅੱਖਾਂ ਤੋਂ ਪੱਟੀ ਉਤਾਰ ਦਿੱਤੀ ਹੈ।''
ਡਾਕਟਰ-ਮਰੀਜ਼ ਦਾ ਰਿਸ਼ਤਾ ਨਿਰਸੰਦੇਹ ਦੁਵੱਲਾ ਰਿਸ਼ਤਾ ਹੁੰਦਾ ਹੈ, ਜਿਸ ਵਿੱਚ ਡਾਕਟਰ ਅਤੇ ਉਸ ਦੇ ਇਲਾਜ ਪ੍ਰਤੀ ਮਰੀਜ ਦਾ ਰਵੱਈਆ ਵੀ ਸ਼ਾਮਲ ਹੁੰਦਾ ਹੈ। ਇਹ ਵੀ ਚੀਨੀ ਸਮਾਜ ਵਿੱਚ ਤਬਦੀਲੀਆਂ ਦੇ ਨਾਲ ਨਾਲ, ਅਤੇ ਵਿਸ਼ੇਸ਼ ਕਰਕੇ ਸਭਿਆਚਾਰਕ ਇਨਕਲਾਬ ਦੇ ਪ੍ਰਭਾਵ ਹੇਠ ਬਦਲ ਰਿਹਾ ਹੈ।
ਹੁਣੇ ਹੁਣੇ ਮੈਂ ਸ਼ਾਂਸੀ ਸੂਬੇ ਦੀ ਇੱਕ ਕੋਲਾ ਖਾਣ ਦਾ ਦੌਰਾ ਕੀਤਾ ਸੀ। ਉੱਥੇ ਮੈਂਨੂੰ ਦੱਸਿਆ ਗਿਆ ਕਿ ਬਿਮਾਰੀ ਦੀ ਛੁੱਟੀ ਖਾਤਰ ਡਾਕਟਰ ਦੇ ਸਰਟੀਫੀਕੇਟ ਦੀ ਜ਼ਰੂਰਤ 'ਤੇ ਖਾਣ-ਕਾਮਿਆਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਇਹ ਘਸਿਆ ਪਿਟਿਆ ਕਾਨੂੰਨ ਕਾਮਿਆਂ 'ਤੇ ਬੇਵਿਸ਼ਵਾਸੀ ਨੂੰ ਦਰਸਾਉਂਦਾ ਹੈ। ਸੋ, ਇਸਨੂੰ ਖਤਮ ਕਰ ਦਿੱਤਾ ਗਿਆ , ਤੇ ਦਿਲਚਸਪ ਗੱਲ ਇਹ ਹੈ ਕਿ ਉਦੋਂ ਤੋਂ ਬਿਮਾਰੀ -ਠਿਮਾਰੀ ਕਰਕੇ ਗੈਰਹਾਜਰ ਕਾਮਿਆਂ ਦੀ ਗਿਣਤੀ ਬਹੁਤ ਘਟ ਗਈ ਹੈ।
ਸੂਆਨ-ਜਾਓ-ਜਿਆਂਗ ਨਾਮੀ ਇੱਕ ਜਹਾਜ਼ ਚਾਲਕ ਦਾ ਜਹਾਜ ਜਦ ਪਹਾੜੀ ਇਲਾਕੇ ਵਿੱਚ ਕੰਟਰੋਲ ਖੋ ਕੇ ਹੇਠਾਂ ਡਿੱਗ ਪਿਆ ਤਾਂ ਉਸ ਨੂੰ ਰੀੜ੍ਹ ਦੀ ਹੱਡੀ ਟੁੱਟਣ ਸਮੇਤ ਬਹੁਤ ਸਾਰੀਆਂ ਸੱਟਾਂ ਲੱਗੀਆਂ। ਦੁਬਾਰਾ ਜਹਾਜ ਉਡਾ ਲੈਣ ਦੀ ਉਸ ਤੋਂ ਆਸ ਨਹੀਂ ਸੀ ਬਣਦੀ। ਪਰ ਉਸ ਨੇ ਇਸ ਦਾ ਦ੍ਰਿੜ ਇਰਾਦਾ ਧਾਰ ਲਿਆ ਅਤੇ ਇਲਾਜ 'ਚ ਹਰ ਪੱਖੋਂ ਜੋਸ਼ੋ-ਖਰੋਸ਼ ਨਾਲ ਸਹਿਯੋਗ ਦਿੱਤਾ। ਜਦ ਉਸ ਨੂੰ ਪਿੱਠ ਦੀ ਕਸਰਤ ਕਰਨ ਨੂੰ ਕਿਹਾ ਜਾਂਦਾ, ਉਹ ਇੰਨੇ ਜੋਰ ਨਾਲ ਕਰਦਾ ਕਿ ਉਸ ਦਾ ਬਿਸਤਰਾ ਪਸੀਨੇ ਨਾਲ ਗੜੁੱਚ ਹੋ ਜਾਂਦਾ। ਕਸਰਤ ਨੂੰ ਹੋਰ ਅਸਰਦਾਰ ਬਨਾਉਣ ਲਈ ਉਹ ਮੋਢਿਆਂ 'ਤੇ ਵਜਨ ਰੱਖ ਲੈਂਦਾ ਅਤੇ ਥੋੜ੍ਹੇ ਹਫਤਿਆਂ ਵਿੱਚ ਹੀ ਉਹ ਮੂਧੇ ਮੂੰਹ ਪੈ ਕੇ 60 ਪੌਂਡ ਭਾਰ ਚੁੱਕਣ ਲੱਗ ਪਿਆ। ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਹਾਜੀ ਉਡਾਣ ਦੀਆਂ ਡਿਊਟੀਆਂ ਉਸ ਨੇ ਮੁੜ ਸੰਭਾਲ ਲਈਆਂ। ਉਸਦੇ ਇਲਾਜ ਵਿੱਚ ਸ਼ਾਮਲ ਡਾਕਟਰਾਂ ਤੇ ਨਰਸਾਂ ਉਤੇ ਉਸ ਨੇ ਡੂੰਘਾ ਪ੍ਰਭਾਵ ਪਾਇਆ। -੦-
(ਅੰਗਰੇਜ਼ ਸਰਜਨ ਜੋਸੂਆ ਐਸ ਹੌਰਨ ਦੀ ਪੁਸਤਕ ''ਅਵੇ ਵਿਦ ਆਲ ਪੈਸਟਸ'' 'ਚੋਂ ਅਨੁਵਾਦ)
No comments:
Post a Comment