ਸੰਪਾਦਕ ਦੀ ਡਾਇਰੀ 'ਚ, ਸ਼ਹੀਦ ਬਲਦੇਵ ਮਾਨ
''ਸਾਡੇ ਦਿਲਾਂ ਵਿੱਚ ਹੋਰ ਵੀ ਬਾਰੂਦ ਭਰਦਾ ਜਾ ਰਿਹਾ'
'
8 ਅਕਤੂਬਰ ਦੀ ਸਵੇਰ! ਪੰਜਾਬ ਦੇ ਕੋਨੇ ਕੋਨੇ 'ਚੋਂ ਇਨਕਲਾਬੀ ਲਹਿਰ ਨਾਲ ਸਬੰਧਤ ਹਜਾਰਾਂ ਲੋਕ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਬੱਗਾ ਕਲਾਂ ਲਈ ਤੁਰਦੇ ਹਨ। ਖਾਲਸਤਾਨੀ ਬੁਰਸ਼ਾਗਰਦਾਂ ਦੇ ਖੂਨੀ ਵਾਰ ਦਾ ਨਿਸ਼ਾਨਾ ਬਣੇ ਆਪਣੇ ਇਨਕਲਾਬੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਉਹਦੇ ਰਾਹ ਤੇ ਬੇਖੌਫ ਅੱਗੇ ਵਧਣ ਦਾ ਪ੍ਰਣ ਦੁਹਰਾਉਣ ਲਈ। ਅੰਮ੍ਰਿਤਸਰ ਅਜਨਾਲਾ ਰੋਡ ਤੇ ਕੁੱਕੜਾਂ ਵਾਲੇ ਦੇ ਅੱਡੇ 'ਤੇ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬੱਗਾ ਕਲਾਂ ਪਹੁੰਚਾਉਣ ਲਈ ਟਰਾਲੀਆਂ ਲਗਾਤਰ ਚੱਕਰ ਲਾ ਰਹੀਆਂ ਹਨ। ਕੁਕੜਾਂ ਵਾਲਾ ਤੋਂ ਬੱਗਾ ਕਲਾਂ ਤੱਕ ਥਾਂ ਥਾਂ ਦਾਤੀ ਹਥੌੜੇ ਵਾਲੇ ਲਾਲ ਝੰਡੇ ਝੁੱਲ ਰਹੇ ਹਨ। ਖਾਲਸਤਾਨੀ ਦਰਿੰਦਿਆਂ ਨੇ ਕਾਮਰੇਡ ਮਾਨ ਨੂੰ ਸ਼ਹੀਦ ਕਰਕੇ ਇਸ ਝੰਡੇ ਨੂੰ ਮਸਲ ਦੇਣਾ ਚਾਹਿਆ ਸੀ। ਪਰ ਉਹ ਤਾਂ ਪੂਰੀ ਸ਼ਾਨ ਝੁੱਲ ਰਹੇ ਹਨ! ਝੋਨੇ ਦੇ ਉਸ ਖੇਤ 'ਚ, ਜਿੱਥੇ ਕਾਮਰੇਡ ਮਾਨ ਖਾਲਸਤਾਨੀ ਦਹਿਸ਼ਤਗਰਦਾਂ ਦਾ ਨਿਹੱਥਿਆਂ ਸੂਰਮਗਤੀ ਨਾਲ ਟਾਕਰਾ ਕਰਦਾ ਸ਼ਹੀਦ ਹੋਇਆ, ਦੋ ਸੁਰਖ ਪਰਚਮ ਲਹਿਰਾ ਰਹੇ ਹਨ!! ਸ਼ਾਂਤ ਅਡੋਲ ਬੇਖੌਫ। ਜਿਵੇਂ ਮੁਸਕਰਾ ਕੇ ਕਹਿ ਰਹੇ ਹੋਣ ''ਸਾਡੀ ਹੋਂਦ ਇੰਜ ਨਹੀਂ ਮਿਟਦੀ''!
''ਸ਼ਹੀਦ ਸਾਥੀਆਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ।''
''ਲੋਕ ਘੋਲ ਨਾ ਥੰਮਣ੍ਹਗੇ -ਘਰ ਘਰ ਮਾਨ ਜੰਮਣਗੇ।''
ਟਰਾਲੀ 'ਤੇ ਜਾ ਰਿਹਾ ਨੌਜਵਾਨਾਂ ਦਾ ਕਾਫਲਾ ਆਪ ਮੁਹਾਰੇ ਹੀ ਰੋਹ ਭਰੀ ਆਵਾਜ 'ਚ ਹੁੰਗ੍ਹਾਰਾ ਭਰਦਾ ਹੈ। ਦੀਵਾਰਾਂ 'ਤੇ ਲਿਖੇ ਨਾਅਰੇ ਵੀ ਇਹੋ ਕਹਿ ਰਹੇ ਹਨ।
ਨੌਜਵਾਨਾਂ ਦੇ ਕਾਫਲੇ ਜਾ ਰਹੇ ਹਨ। ਆਪਣੇ ਸੂਰਬੀਰ ਸ਼ਹੀਦ ਦੀ ਯਾਦ 'ਚ ਜੁੜ ਬੈਠਣ ਲਈ। ਉਹਨਾਂ ਦੇ ਚਿਹਰੇ ਤਣੇ ਹੋਏ ਹਨ। ਇੱਕ ਭਾਵ ਭਰੀ ਅਜੀਬ ਚੁੱਪ ਸਾਰਿਆਂ ਦੇ ਬੁਲ੍ਹਾਂ 'ਤੇ ਛਾਈ ਹੋਈ ਹੈ। ਛੇਤੀ ਕੀਤੇ ਆਪਸ ਵਿੱਚ ਵੀ ਕੋਈ ਗੱਲਬਾਤ ਨਹੀਂ ਕਰ ਰਿਹਾ। ਇਸ ਚੁੱਪ ਪਿੱਛੇ ਕੀ ਕੁੱਝ ਖੌਲ ਰਿਹਾ ਹੈ। ਸਮੇਂ ਸਮੇਂ ਇਸ ਚੁੱਪ ਨੂੰ ਤੋੜਦੇ ਰੋਹ ਭਰੇ ਨਾਅਰੇ ਇਹਦੇ ਬਾਰੇ ਦਸਦੇ ਹਨ। ਪੂਰੇ ਵੇਗ ਨਾਲ ਧੁਰ ਅੰਦਰੋਂ ਫੁਟਦੇ ਨਾਅਰਿਆਂ ਦੀ ਗੂੰਜ ਤੇ ਫੇਰ ਗਹਿਰੀ ਖਾਮੋਸ਼ੀ! ਕਾ. ਮਾਨ ਇਸ ਗੂੰਜ ਤੇ ਖਾਮੋਸ਼ੀ ਦੋਹਾਂ 'ਚ ਸਮੋਇਆ ਹੋਇਆ ਹੈ, ਦੋਹਾਂ 'ਤੇ ਛਾਇਆ ਹੋਇਆ ਹੈ।
ਕਦੇ ਚਿੰਤਨ ਬਣਕੇ ਸਭਨਾਂ ਦੇ ਜਿਹਨ 'ਚ ਉਤਰਦੇ ਤੇ ਕਦੇ ਬੁੱਲ੍ਹਾਂ 'ਚੋਂ ਫੁਟਦੇ ਨਾਅਰਿਆਂ ਦੀ ਗੂੰਜ ਬਣ ਕੇ ਫਿਜਾ 'ਚ ਘੁਲ ਰਹੇ ਮਾਨ ਸੰਗ ਸਫਰ ਕਰਦਿਆਂ ਮੈਂ ਸ਼ਰਧਾਂਜਲੀ ਸਮਾਗਮ ਲਈ ਬਣਾਏ ਪੰਡਾਲ ਵਿਚ ਦਾਖਲ ਹੁੰਦਾ ਹਾਂ। ਝੰਡਿਆਂ ਨਾਲ ਲਾਲੋ ਲਾਲ ਪੰਡਾਲ ਦੁਆਲੇ ਕਾਮਰੇਡ ਮਾਨ ਦੀ ਫੋਟੋ ਵਾਲੇ ਕਲੰਡਰਾਂ ਅਤੇ ਇਸ਼ਤਿਹਾਰਾਂ ਦੀਆਂ ਫੋਟੋਆਂ ਹਨ। ਸਮੁੱਚੇ ਮਹੌਲ 'ਚ ਦੁੱਖ ਹੈ ਸੋਗ ਹੈ, ਰੋਹ ਅਤੇ ਨਫਰਤ ਹੈ। ਪਰ ਦਹਿਸ਼ਤ ਦਾ ਕਿਤੇ ਨਾ ਨਿਸ਼ਾਨ ਨਹੀਂ। ਕਾ. ਮਾਨ ਦੇ ਇਨਕਲਾਬੀ ਸਾਥੀਆਂ ਦੇ ਹੌਸਲੇ ਬੁਲੰਦ ਹਨ। ਸਮਾਗਮ ਦੇ ਪ੍ਰਬੰਧਕਾਂ ਨੂੰ ਪਤਾ ਲਗਦਾ ਹੈ ਕਿ ਗੁਰਸ਼ਰਨ ਸਿੰਘ ਨੂੰ ਕੁੱਝ ਸਨੇਹੀਆਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰਖਦਿਆਂ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਸੁਝਾਅ ਦਿੱਤਾ ਹੈ। ਨੌਜਵਾਨਾਂ ਦੀ ਇੱਕ ਟੁਕੜੀ ਉਸ ਨੂੰ ਹਿਫਾਜਤ ਨਾਲ ਲਿਆਉਣ ਲਈ ਜੌਂਗੇ 'ਚ ਅੰਮ੍ਰਿਤਸਰ ਵੱਲ ਚਲਦੀ ਹੈ। ਪਰ ਰਸਤੇ 'ਚ ਗੁਰਸ਼ਰਨ ਸਿੰਘ ਸਕੂਟਰ 'ਤੇ ਆਪਣੀ ਜੀਵਨ ਸਾਥਣ ਨਾਲ ਆ ਰਿਹਾ ਹੈ। ਨੰਗੇ ਧੜ ਉਹਨਾਂ ਹੀ ਰਾਹਾਂ ਉਤੋਂ ਦੀ ਜਿੱਥੇ ਅਜੇ ਕੱਲ੍ਹ ਸਾਥੀ ਮਾਨ ਸ਼ਹੀਦ ਕੀਤਾ ਗਿਆ ਹੈ। ਵਿਚਾਰੇ ਖਾਲਿਸਤਾਨੀ! ਆਟੋਮੈਟਿਕ ਨਵੀਨਤਮ ਹਥਿਆਰਾਂ ਨਾਲ ਲੈਸ ਇਹ ਬੁਰਛਾਗਰਦ, ਇਨਕਲਾਬੀ ਲਹਿਰ ਦੀ ਮਿੱਟੀ ਨੂੰ ਨਹੀਂ ਜਾਣਦੇ!
-----0-----
ਸਾਧਾਰਨ ਲੋਕਾਂ ਦੇ ਬੁੱਲ੍ਹਾਂ 'ਤੇ ਕਾ. ਮਾਨ ਦੀ ਚਰਚਾ ਹੈ। ਲੋਕਾਂ ਦੀ ਬੇਗਰਜ ਸੇਵਾ ਕਰਨ ਦੀ ਉਹਦੀ ਭਾਵਨਾ ਦੀਆਂ ਗੱਲਾਂ ਹੋ ਰਹੀਆਂ ਹਨ। ਉਹਦੇ ਜਾਤੀ ਗੁਣਾਂ ਦੀ- ਉਹਦੇ ਇਨਕਲਾਬੀ ਕੰਮਾਂ ਦੀ ਪ੍ਰਸ਼ੰਸ਼ਾ ਹੋ ਰਹੀ ਹੈ। ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ 'ਚ ਚੰਗਿਆਈ ਦਾ ਪ੍ਰਤੀਕ ਬਣ ਕੇ ਉਭਰਿਆ ਕਾ. ਮਾਨ ਪੰਡਾਲ 'ਚ ਵਿਚਰ ਰਿਹਾ ਹੈ। ਖਾਲਸਤਾਨੀ ਦਰਿੰਦਿਆਂ ਨੇ ਇਸ ਪ੍ਰਤੀਕ 'ਤੇ ਝਪਟ ਮਾਰਕੇ ਲੋਕ-ਆਤਮਾ ਜ਼ਖਮੀ ਕਰ ਦਿੱਤੀ ਹੈ। ਆਲੇ ਦੁਆਲੇ ਲੋਕਾਂ ਦੀ ਗੱਲਬਾਤ 'ਚੋਂ ਇਸ ਜਖਮੀ ਆਤਮਾ ਦੀ ਤੜਪਣ ਅਤੇ ਇਸ ਉਤੇ ਝਪਟਣ ਵਾਲੇ ਦਰਿੰਦਿਆਂ ਲਈ ਫਿਟਕਾਰਾਂ ਸੁਣੀਆਂ ਜਾ ਸਕਦੀਆਂ ਹਨ।
ਹਜ਼ਾਰਾਂ ਲੋਕਾਂ ਦਾ ਵਿਸ਼ਾਲ ਇਕੱਠ ਸਿਰ ਜੋੜ ਬਹਿੰਦਾ ਹੈ। ਕਾ. ਦਰਸ਼ਨ ਖਟਕੜ ਸਟੇਜ ਤੋਂ ਦੋ ਮਿੰਟ ਲਈ ਮੋਨ ਰੱਖਣ ਦਾ ਐਲਾਨ ਕਰਦਾ ਹੈ। ਹਜਾਰਾਂ ਜਿਸਮ ਅਹਿੱਲ ਹੋ ਜਾਂਦੇ ਹਨ, ਸਾਰਾ ਪੰਡਾਲ ਚੁੱਪ ਹੈ। ਆਲੇ ਦੁਆਲੇ ਲਹਿਰਦੀਆਂ ਫਸਲਾਂ, ਧਰਤੀ ਅਤੇ ਆਸਮਾਨ ਵੀ ਇਸ ਚੁੱਪ ਵਿੱਚ ਸ਼ਰੀਕ ਹੋਏ ਜਾਪਦੇ ਹਨ। ਖਾਲਸਤਾਨੀ ਦਹਿਸ਼ਤਗਰਦਾਂ ਨੇ ਵੀ ਚੁੱਪ ਹੀ ਚਾਹੀ ਸੀ। ਪਰ ਇਹ ਵੱਖਰੀ ਤਰਾਂ ਦੀ ਚੁੱਪ ਹੈ। ਇੱਕ ਸਾਂਝੀ ਧੜਕਣ ਹਜਾਰਾਂ ਅਹਿੱਲ ਖਾਮੋਸ਼ ਜਿਸਮਾਂ ਨੂੰ ਇੱਕ ਵਜੂਦ ਵਿੱਚ ਜੋੜੀ ਖੜ੍ਹੀ ਹੈ। ਇਹ ਧੜਕਣ ਹੈ ਜੀਹਦਾ ਖਾਲਸਤਾਨੀ ਕਸਾਈਆਂ ਨੇ ਅੰਤ ਕਰਨਾ ਚਾਹਿਆ ਸੀ। ਹੁਣ ਇਹ ਧੜਕਣ ਇਕ ਸਾਂਝਾ ਖਾਮੋਸ਼ ਇਕਰਾਰ ਬਣਕੇ ਹਵਾ 'ਚ ਘੁਲਦੀ ਜਾ ਰਹੀ ਹੈ। ਨਹੀਂ ਖਾਲਸਤਾਨੀ ਦੁਸ਼ਮਣਾਂ ਨੇ ਅਜਿਹੀ ਵੰਗਾਰ ਭਰੀ ਭਿਆਨਕ ਚੁੱਪ ਨਹੀਂ ਸੀ ਚਾਹੀ।
ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾ ਰਿਹਾ ਕਾਮਰੇਡ ਨਾਅਰਾ ਉਚਾ ਕਰਦਾ ਹੈ। ਹਜ਼ਾਰਾਂ ਬਾਹਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਠਦੀਆਂ ਤੇ ਇਕ ਇਕਰਾਰ ਬਣਕੇ ਤਣ ਜਾਂਦੀਆਂ ਹਨ। ਪੰਡਾਲ 'ਚੋਂ ਕਿਸੇ ਦੀ ਬਾਂਹ ਥੱਲੇ ਨਹੀਂ ਹੈ। ਕਵੀ ਖਟਕੜ ਦੇ ਗੀਤ ਦੀਆਂ ਇਹ ਸਤਰਾਂ ਮੇਰੇ ਜਿਹਨ 'ਚੋਂ ਗੁਜਰਦੀਆਂ ਹਨ-
''ਪਿੰਡ ਦੇ ਸਾਰੇ ਸੂਹੇ ਚਿਹਰੇ ਬਾਹਾਂ ਬਣਨਾ ਲੋਚਣ''
''ਇਹ ਟੁੰਡਾ ਕਦ ਬਹੁਭੁਜ ਹੋਇਆ-ਜ਼ਹਿਰੀ ਤੀਰ ਇਹ ਸੋਚਣ''
ਇਨਕਲਾਬੀ ਸੰਗਰਾਮੀਆਂ ਕੋਲੋਂ ਉਨ੍ਹਾਂ ਦੀਆਂ ''ਬਾਹਾਂ'' ਇੰਝ ਨਹੀਂ ਖੋਹੀਆਂ ਜਾ ਸਕਦੀਆਂ ।
ਸਟੇਜ ਤੋਂ ਵੱਖ ਵੱਖ ਜਥੇਬੰਦੀਆਂ ਤੇ ਪਰਚਿਆਂ ਦੇ ਪ੍ਰਤੀਨਿਧ ਕਾ. ਮਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਤਕਰੀਰਾਂ 'ਚ ਕਾ. ਮਾਨ ਦੇ ਤੇ ਹੋਰਨਾਂ ਲੋਕ ਪੱਖੀ ਘੁਲਾਟੀਆਂ ਦੇ ਕਤਲਾਂ ਲਈ ਜੁੰਮੇਵਾਰ ਕਾਲੀਆਂ ਤਾਕਤਾਂ ਦੀ ਚਰਚਾ ਹੈ। ਖਾਲਸਤਾਨੀ ਕਾਤਲੀ ਗ੍ਰੋਹ, ਇਨ੍ਹਾਂ ਦੇ ਪਾਲਣਹਾਰ ਕਾਂਗਰਸੀ-ਆਕਾਲੀ ਹਾਕਮ, ਮੌਕਾਪ੍ਰਸਤ ਬਾਦਲ ਧੜਾ, ਹਿੰਦੂ ਜਾਨੂੰਨੀ ਜਥੇਬੰਦੀਆਂ ਇਨ੍ਹਾਂ ਨਾਲ ਬਗਲਗੀਰ ਹੋਈਆਂ ਸਭ ਸਿਆਸੀ ਸ਼ਕਤੀਆਂ ਤੇ ਇਨ੍ਹਾਂ ਦੇ ਸਰਪ੍ਰਸਤ ਸਾਮਰਾਜੀਏ.. .. ਲੋਕਤਾ ਦੇ ਇਹਨਾਂ ਸਭਨਾਂ ਵੈਰੀਆਂ ਦੇ ਬਘਿਆੜ ਚਿਹਰਿਆਂ ਦੀ ਕਤਾਰ ਰਾਵਣ ਦੇ ਸਿਰਾਂ ਵਾਂਗ ਉੁੱਭਰਦੀ ਹੈ। ਸ਼ਰਧਾਂਜਲੀ ਸਮਾਗਮ -ਲੋਕਤਾ ਵੱਲੋਂ ਆਪਣਾ ਦੁਸਹਿਰਾ ਮਨਾਉਣ ਲਈ ਤਿਆਰ ਕੀਤੀ ਜਾ ਰਹੀ ਸਮੱਗਰੀ ਦਾ ਇਕ ਹਿੱਸਾ ਬਣ ਜਾਂਦਾ ਹੈ। ਜੁਝ ਰਹੇ ਕਾਫਲੇ ਨੂੰ ਦਰਿੜ੍ਹਤਾ ਨਾਲ ਅੱਗੇ ਲੈ ਕੇ ਜਾਣ ਦੇ ਪ੍ਰਣ ਦੁਹਰਾਏ ਜਾ ਰਹੇ ਹਨ। ਲੋਕ-ਦੂਸ਼ਮਣ ਖਾਲਸਤਾਲੀ ਅਨਸਰਾਂ ਨੂੰ ਲੋਕਾਂ 'ਚੋਂ ਨਿਖੇੜਨ, ਲੋਕ ਲਹਿਰ ਅਤੇ ਆਗੂਆਂ ਦੀ ਸਰੱਖਿਆ ਲਈ ਲਾਮਬੰਦ ਤੇ ਹਥਿਆਰਬੰਦ ਹੋਣ, ਸਭਨਾਂ ਧਰਮ-ਨਿਰਪੱਖ, ਜਮਹੂਰੀ ਅਤੇ ਇਨਕਲਾਬੀ ਸ਼ਕਤੀਆਂ ਦੀ ਵਿਸ਼ਾਲ ਲਹਿਰ ਖੜ੍ਹੀ ਕਰਨ ਦੀ ਲੋੜ ਉਭਾਰੀ ਜੀ ਰਹੀ ਹੈ, ਇਸ ਦਿਸ਼ਾ 'ਚ ਅੱਗੇ ਤੁਰਨ ਦੇ ਅਤੇ ਇਸ ਉੱਤਮ ਕਾਜ਼ ਲਈ ਜ਼ਿੰਦਗੀਆਂ ਲਾ ਦੇਣ ਦੇ ਦ੍ਰਿੜ੍ਹ ਇਰਾਦੇ ਪ੍ਰਗਟਾਏ ਜਾ ਰਹੇ ਹਨ। ''ਅਸੀਂ ਜਿੰਦਗੀ ਨੂੰ ਪਿਆਰ ਕਰਦੇ ਹਾਂ-ਪਰ ਇਸ ਨੂੰ ਸੋਹਣੀ ਬਣਾਉਣ ਲਈ ਜਿੰਦਗੀਆਂ ਵਾਰਨਾ ਜਾਣਦੇ ਹਾਂ,'' ਗੁਰਸ਼ਰਨ ਸਿੰਘ ਪੀੜ ਗੜੁੱਚੀ ਨਿਧੜਕ ਆਵਾਜ਼ ਵਿਚ ਕਹਿੰਦਾ ਹੈ । ਮੈਨੂੰ ਚੇਅਰਮੈਨ ਮਾਓ ਦੇ ਬੋਲ ਯਾਦ ਆਉਂਦੇ ਹਨ,''ਜਿਥੇ ਘੋਲ ਹੈ ਉਥੇ ਕੁਰਬਾਨੀ ਹੈ, ਮੌਤ ਇਕ ਆਮ ਘਟਨਾ ਬਣ ਜਾਂਦੀ ਹੈ।''
ਕਾਮਰੇਡ ਮਾਨ ਇਸ ਸਾਰੇ ਕੁੱਝ ਅੰਦਰ ਧੜਕ ਰਿਹਾ ਹੈ। ਇਨਕਲਾਬੀ ਲਹਿਰ ਦੀ ਤਾਕਤ ਦੇ ਆਹਿਸਾਸ ਨੂੰ, ਇਹਦੀ ਸੁਰਤ ਨੂੰ ਛੇੜ ਰਿਹਾ ਹੈ। ਇਕ ਹੋਰ ਜ਼ਖਮ ਹੁਣ ਉਸ ਸ਼ਕਤੀ ਨੂੰ ਝੂਣ ਕੇ ਜਗਾ ਰਿਹਾ ਹੈ ਜਿਹੜੀ ਇਨਕਲਾਬੀ ਲਹਿਰ ਦੇ ਵਜੂਦ ਨੇ ਅਣਗਿਣਤ ਜ਼ਖਮ ਹੰਢਾ ਕੇ ਹਾਸਲ ਕੀਤੀ ਹੈ। ਕਾ. ਮਾਨ ਕੌਮੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਵੱਲ, ਸੰਸਾਰ ਕਮਿਊਨਿਸਟ ਲਹਿਰ ਦੀ ਫਖਰਯੋਗ ਕੁਰਬਾਨੀਆਂ ਭਰੀ ਵਿਰਾਸਤ ਵੱਲ ਇੱਕ ਡੂੰਘੀ ਮਾਣ ਭਰੀ ਤੱਕਣੀ ਬਣ ਜਾਂਦਾ ਹੈ। 'ਤੇ ਨਾਅਰਿਆਂ ਦੀ ਗੂੰਜ ਨਾਲ ਸਟੇਜ ਤੋਂ ਇਹ ਬੋਲ ਉੱਚੇ ਹੁੰਦੇ ਹਨ, ''ਅਸੀਂ ਉਹ ਤਾਕਤ ਹਾਂ-ਫਾਸ਼ੀ ਹਿਟਲਰ ਦੇ ਜੁਲਮ ਜੀਹਨੂੰ ਤਬਾਹ ਨਹੀਂ ਕਰ ਸਕੇ''। ਆਪਣੀ ਵਿਰਾਸਤ, ਆਪਣੇ ਸੁੱਚੇ ਕਾਜ਼ ਤੇ ਸੂਹੇ ਭਵਿਖੱ ਉਤੇ ਭਰੋਸੇ ਦਾ ਇਕ ਅਹਿਸਾਸ ਉਭਰਦਾ ਹੈ। ਸਮਾਗਮ ਦੇ ਆਖਰ 'ਚ ਕਾ. ਦਰਸ਼ਨ ਖਟਕੜ ਦੀ ਤਕਰੀਰ ਦੇ ਇਹਨਾਂ ਬੋਲਾਂ 'ਚੋਂ ਇਸ ਵਿਸ਼ਵਾਸ਼ ਦੀ ਗੂੰਜ ਸੁਣਦੀ ਹੈ, ''ਇਹ ਕਮਿਊਨਿਸਟ ਹੀ ਹਨ ਜਿਨ੍ਹਾਂ ਨੇ ਖਾਲਸਤਾਨੀ ਦਹਿਸ਼ਤਗਰਦਾਂ ਦਾ ਖਾਤਮਾ ਕਰਨਾ ਹੈ''
---0---
ਸ਼ਰਧਾਂਜਲੀ ਵਜੋਂ ਕਾ. ਮਾਨ ਦੀ ਫੋਟੋ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾ ਰਹੇ ਹਨ। ਲੋਕਾਂ ਦੀ ਭੀੜ ਧਾ ਕੇ ਸਟੇਜ ਦੇ ਐਨ ਨੇੜੇ ਆ ਕੇ ਖੜ੍ਹ ਜਾਂਦੀ ਹੈ। ਲੋਕ ਸ਼ਹੀਦ ਦੀ ਕੁਝ ਦਿਨਾਂ ਦੀ ਬੱਚੀ ਨੂੰ ਵੇਖਣ ਦੀ ਇੱਛਾ ਪ੍ਰਗਟ ਕਰਦੇ ਹਨ। ਹਜ਼ਾਰਾਂ ਨਜ਼ਰਾਂ ਸਟੇਜ 'ਤੇ ਇੱਕ ਮਾਸੂਮ ਮੁਸਕਰਾਹਟ ਭਰੇ ਚਿਹਰੇ 'ਤੇ ਟਿਕੀਆਂ ਹੋਈਆਂ ਹਨ। ਜਿੰਦਗੀ ਦੀ ਉਸ ਰੌਣਕ ਦਾ ਚਿੰਨ੍ਹ ਬਣੇ ਚਿਹਰੇ 'ਤੇ ਜਿਸ ਰੌਣਕ ਨੂੰ ਖਾਲਸਤਾਨੀ ਬੁਰਸ਼ਾਗਰਦ ਬਾਰੂਦ ਦੀ ਵਾਛੜ 'ਚ ਡੋਬ ਦੇਣਾ ਚਾਹੁੰਦੇ ਹਨ।
ਕਾ. ਮਾਨ ਇਸ ਮਾਸੂਮ ਜਿੰਦਗੀ ਲਈ ਇਕ ਖਤ ਛੱਡ ਕੇ ਗਿਆ ਹੈ। ਉਨ੍ਹਾਂ ਭਾਵਨਾਵਾਂ, ਜਜਬਾਤਾਂ ਅਤੇ ਆਸਾਂ ਭਰਿਆ ਖਤ ਜੋ ਕਿਸੇ ਕਮਿਊਨਿਸਟ ਪਿਓ ਦੀ ਹਸਰਤ ਹੋ ਸਕਦੀਆਂ ਹਨ। ਕਿਸੇ ਕਮਿਊਨਿਸਟ ਪਿਓ ਲਈ ਆਪਣੇ ਬੱਚਿਆਂ ਦੇ ਸਮੂਹਕ ਹਿਤਾਂ ਨੂੰ ਪ੍ਰਣਾਏ ਸੰਗਰਾਮੀਏ ਬਣਨ ਤੋਂ ਵੱਡੀ ਹੋਰ ਕਿਹੜੀ ਰੀਝ ਹੋ ਸਕਦੀ ਹੈ? ਇਸ ਮਾਸੂਮ ਚਿਹਰੇ ਲਈ (ਜਿਹੜਾ ਸਾਥੀ ਮਾਨ ਨੇ ਨਹੀਂ ਵੇਖਿਆ) ਕਾ. ਮਾਨ ਦਾ ਵਲਵਲਿਆਂ ਭਰਿਆ ਖਤ ਇਸੇ ਧੜਕਦੀ ਰੀਝ 'ਚ ਗੁੰਨ੍ਹਿਆ ਹੋਇਆ ਹੈ। ਦੂਜੀ ਸੰਸਾਰ ਜੰਗ ਸਮੇਂ ਜਰਮਨ ਫਾਸਿਸਟਾਂ ਖਿਲਾਫ ਜੂਝਦਿਆਂ ਸ਼ਹੀਦ ਹੋਏ ਅਨੇਕਾਂ ਰੂਸੀ ਸੰਗਰਾਮੀਆਂ ਦੇ ਮੌਤ ਦੀ ਗੋਦੀ 'ਚੋਂ ਲਿਖੇ ਖਤ ਫਿਲਮ ਵਾਂਗ ਮੇਰੇ ਜ਼ਿਹਨ 'ਚੋਂ ਗੁਜਰਦੇ ਹਨ। ਆਪਣੇ ਬੱਚਿਆਂ, ਮਾਪਿਆਂ, ਭੈਣ ਭਰਾਵਾਂ ਤੇ ਸਾਥਣਾਂ ਤੋਂ ਲੋਕ ਜੰਗ ਦੇ ਸਿਪਾਹੀ ਬਣ ਕੇ ਜਿਉਣ ਦੀ ਇੱਛਾ ਨਾਲ ਭਰਭੂਰ ਖਤ। ਸਾਹਮਣੇ ਖੜ੍ਹੀ ਮੌਤ ਦੀਆਂ ਅੱਖਾਂ 'ਚ ਅਡੋਲ ਕਮਿਊਨਿਸਟ ਇਰਾਦੇ ਨਾਲ ਝਾਕ ਰਹੇ ਖਤ! ਕਾ. ਮਾਨ ਦਾ ਖਤ ਵੀ ਅਭੁੱਲ ਦਸਤਾਵੇਜ ਬਣ ਕੇ ਇਨ੍ਹਾਂ ਖਤਾਂ ਦੀ ਕਤਾਰ 'ਚ ਜਾ ਸਜਿਆ ਹੈ।
ਰੰਜ ਅਤੇ ਰੋਹ ਨਾਲ ਭਰੇ ਸਮੂਹ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇ ਕੇ ਪਰਤ ਰਹੇ ਹਨ। ਇਸ ਤੋਂ ਵੀ ਵੱਡੀ ਗੱਲ ਉਹ ਸਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਰਤ ਰਹੇ ਹਨ। ਆਪਣੇ ਰੋਹ ਦੇ ਮਘਦੇ ਚੰਗਿਆੜਿਆਂ ਨੂੰ ਸੰਘਰਸ਼ ਦੇ ਅਖਾੜਿਆਂ 'ਚ ਬਖੇਰ ਕੇ ਅਮਲੀ ਸ਼ਰਧਾਂਜਲੀ ਭੇਂਟ ਕਰਨ ਲਈ ਪੰਡਾਲ ਖਾਲੀ ਹੋ ਰਿਹਾ ਹੈ। ਸੂਰਜ ਪੱਛਮ ਦੀ ਗੋਦੀ 'ਚ ਛੁਪਣ ਜਾ ਰਿਹਾ ਹੈ। ਪਰ ਲਟਕ ਰਹੇ ਇਸ਼ਤਿਹਾਰਾਂ ਦੇ ਸੀਨਿਆਂ 'ਤੇ ਇਹ ਸ਼ਬਦ ਜਿਉਂ ਦੇ ਤਿਉਂ ਮੁਸਕਰਾ ਰਹੇ ਹਨ,
''ਐ ਕਿਰਨਾਂ ਦੇ ਕਾਤਲੋ ਚਾਨਣ ਕਦੇ ਮਰਿਆ ਨਹੀਂ, ਕਾਲਖ ਦੇ ਵਣਜਾਰਿਓ ਸੂਰਜ ਕਦੇ ਹਰਿਆ ਨਹੀਂ''
ਪਰਤ ਰਹੇ ਕਾਫਲਿਆਂ ਦੀ ਥਾਂ ਥਾਂ ਇਨ੍ਹਾਂ ਸ਼ਬਦਾਂ ਨਾਲ ਮੁਲਾਕਾਤ ਹੋਵੇਗੀ-ਕੁੱਕੜਾਂੰ ਵਾਲਾ ਦੀ ਸੜਕ 'ਤੇ , ਅੰਮ੍ਰਿਤਸਰ ਤੇ ਫੇਰ ਜਲੰਧਰ ਦੇ ਬੱਸ ਅੱਡੇ ਤੇ .. ..ਇਕ ਵੰਗਾਰ ਕਾਫਲਿਆਂ ਦੇ ਸੀਨੇ 'ਚ ਲਹਿ ਰਹੀ ਤੇ ਫੇਰ ਪੰਜਾਬ ਦੇ ਕੋਨੇ ਕੋਨੇ 'ਚ ਫੈਲ ਰਹੀ ਹੈ।
-----0-----
''ਉਹਦੇ ਵਰਗਾ ਕੀਹਨੇ ਹੋ ਜਾਣੈਂ ਵੇ ਪੁੱਤਾ!'' ਨੇੜਲੇ ਪਿੰਡ ਨੂੰ ਵਾਪਸ ਪਰਤ ਰਹੀ ਇਕ ਬਜ਼ੁਰਗ ਔਰਤ ਡੂੰਘਾ ਹੌਕਾ ਭਰਕੇ ਮੇਰੇ ਨਾਲ ਮਨ ਸਾਂਝਾ ਕਰਦੀ ਹੈ। ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ । ਪਰ ਇਕ ਸਾਂਝੀ ਪੀੜ ਸਦਕਾ ਅਸੀਂ ਬੇਹੱਦ ਕਰੀਬ ਮਹਿਸੂਸ ਕਰਦੇ ਹਾਂ। ਬਜੁਰਗ ਔਰਤ ਦਾ ਇਹ ਹੌਕਾ ਪਿੰਡ ਅਤੇ ਇਲਾਕੇ ਦੇ ਹੀ ਸੀਨੇ 'ਚ ਉਤਰ ਗਿਆ ਹੈ। ਅੱਜ ਦੇ ਸ਼ਰਧਾਂਜਲੀ ਸਮਾਗਮ 'ਚ ਸੰਵੇਦਨਸ਼ੀਲ ਹੋ ਕੇ ਵਿਚਰਨ ਵਾਲਾ ਕੋਈ ਜਣਾ ਇਸ ਹੌਕੇ 'ਚੋਂ ਉੱਗ ਰਹੇ ਬਰੂਦ ਦੀ ਮਹਿਕ ਮਹਿਸੂਸ ਕਰ ਸਕਦਾ ਹੈ। ਪਾਠਕ ਸਾਥੀਓ! ਮੈਂ ਇਸ ਸਮਾਗਮ 'ਚੋਂ ਤੁਹਾਡੇ ਲਈ ਧੁਰ ਅੰਦਰੋਂ ਉਪਜਿਆ ਇਹ ਅਹਿਸਾਸ ਤੇ ਵਿਸ਼ਵਾਸ਼ ਲੈ ਕੇ ਆਇਆ ਹਾਂ ਕਿ ਕਾ. ਮਾਨ ਦੀ ਕੁਰਬਾਨੀ ਅਜਾਈਂ ਨਹੀਂ ਗਈ। ਆਉਂਦੇ ਦਿਨਾਂ 'ਚ ਸਾਨੂੰ ਹੋਰ ਵੀ ਕੁਰਬਾਨੀਆਂ ਦੇਣੀਆਂ ਪੈਣਗੀਆਂ-ਪਰ ਕੋਈ ਤਾਕਤ ਇਨ੍ਹਾਂ ਕੁਰਬਾਨੀਆਂ ਨੂੰ ਲੋਕ ਦੁਸ਼ਮਣਾਂ ਦੀ ਕਬਰ 'ਚ ਇੱਟਾਂ ਬਣਕੇ ਲੱਗਣੋਂ ਨਹੀਂ ਰੋਕ ਸਕੇਗੀ।
''ਤੁਸੀਂ ਦਬਾਉਣਾ ਲੋਚਦੇ ਸਾਡੇ ਦਿਲੀਂ ਬਾਰੂਦ ਖੋਭ, ਸਾਡੇ ਦਿਲਾਂ ਵਿੱਚ ਹੋਰ ਵੀ ਬਾਰੂਦ ਭਰਦਾ ਜਾ ਰਿਹਾ।''
-----0----
ਪੋਸਟ ਸਕਰਿਪਟ: ''ਸਾਡੇ ਦਿਲਾਂ 'ਚ ਭਰਦੇ ਜਾ ਰਹੇ ਬਾਰੂਦ'' ਤੋਂ ਸਾਡੇ ਦੁਸ਼ਮਣ ਜਾਣੂ ਹਨ, ਭੈਭੀਤ ਹਨ। ਉਹ ਜਿਹੜੇ ਸਾਡੇ ਦਿਲਾਂ 'ਚ ਬਰੂਦ ਖੋਭਣ ਦੇ ਮੁਜ਼ਰਮ ਹਨ, ਸਾਡੇ ਦਿਲਾਂ 'ਚ ਮਲ੍ਹਮ ਲਾਉਣ ਦੇ ਪ੍ਰਪੰਚ ਰਾਹੀਂ ਸਾਡੇ ਸੀਨਿਆਂ 'ਚ ਬਲਦੀ ਜਮਾਤੀ ਨਫਰਤ ਨੂੰ ਸ਼ਾਂਤ ਕਰਨਾ ਲੋਚਦੇ ਹਨ। ਸਾਥੀ ਮਾਨ ਦੀ ਸ਼ਹੀਦੀ 'ਤੇ ਕਾਂਗਰਸੀ ਲੀਡਰਾਂ ਵੱਲੋਂ ਦਾਗੇ ਪਖੰਡੀ ਬਿਆਨ, ਕਾ. ਲੈਨਿਨ ਦੀ ਕਹੀ ਗੱਲ ਯਾਦ ਕਰਾਉਂਦੇ ਹਨ ਕਿ ਲੁਟੇਰੀਆਂ ਜਮਾਤਾਂ ਇਨਕਲਾਬੀਆਂ ਦੇ ਜਿਉਂਦੇ ਜੀਅ ਉਨ੍ਹਾਂ 'ਤੇ ਕਹਿਰ ਢਾਉਂਦੀਆਂ ਹਨ, ਉਨ੍ਹਾਂ ਨੂੰ ਰੱਜਕੇ ਭੰਡਦੀਆਂ ਹਨ। ਪਰ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹ ਕੋਸ਼ਿਸ ਕਰਦੀਆਂ ਹਨ ਕਿ ਇਨਕਲਾਬੀਆਂ ਨੂੰ ਖਤਰਾ ਰਹਿਤ ਬੇਜਾਨ ਮੂਰਤੀਆਂ 'ਚ ਢਾਲ ਦਿੱਤਾ ਜਾਵੇ ਤਾਂ ਕਿ ਮਿਹਨਤਕਸ਼ ਜਮਾਤਾਂ ਨੂੰ ਦਿਲਾਸਾ ਰਹੇ।
ਸ਼ਰਧਾਂਜਲੀ ਸਮਾਗਮ 'ਚ ਇਕ ਕਾਂਗਰਸੀ ਲੀਡਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਵੱਲੋਂ ਇੱਕ ''ਬੀਬੇ'' ਨੌਜੁਆਨ ਵਜੋਂ ਸਾਥੀ ਮਾਨ ਦੀ ਕੀਤੀ ਵਡਿਆਈ ਹਾਕਮ ਜਮਾਤਾਂ ਦੀ ਇਸ ਮੱਕਾਰ ਖੇਡ• ਦੀ ਝਲਕ ਪੇਸ਼ ਕਰਦੀ ਸੀ। ਜਿਉਂਦੇ ਮਾਨ ਦਾ ਕਤਲ ਇਹਨਾਂ ਸ਼ਕਤੀਆਂ ਨੂੰ ਮਹਿੰਗਾ ਪਿਆ ਤੇ ਹੁਣ ਉਹ ਸ਼ਹੀਦ ਮਾਨ ਨੂੰ ਕਤਲ ਕਰਨ ਆਏ ਸਨ। ਜਮਾਤੀ ਸੰਘਰਸ਼ ਦੇ ਸੂਰਬੀਰ ਘੁਲਾਟੀਏ ਦੀ ਰੂਹ ਨੂੰ ਮਾਰਕੇ ਉਹਨੂੰ ਇੱਕ 'ਮਿਲਣਸਾਰ' ਨੌਜੁਆਨ ਦੇ ਕਲਬੂਤ ਤੱਕ ਸੁੰਗੇੜਨ ਆਏ ਸਨ। ਕਾ. ਮਾਨ ਦੀਆਂ ਅੱਖਾਂ 'ਚ ਜਮਾਤੀ ਦੁਸ਼ਮਣਾਂ ਪ੍ਰਤੀ ਲਟ ਲਟ ਬਲਦੀ ਨਫਰਤ ਤੋਂ ਉਹਦ ੇਵਾਰਸਾਂ ਦੀ ਸੁਰਤ ਲਾਂਭੇ ਕਰਨ ਆਏ ਸਨ। ਇਸੇ ਲਈ ਉਹ ਕਾ. ਮਾਨ ਦੇ ਮੂੰਹੋਂ ''ਸਭਨਾ ਲਈ ਨਿਕਲਦੇ ਮਿੱਠੇ ਬੋਲਾਂ'' ਦੀ, ਹਰ ਇੱਕ ਲਈ ਨਿੱਘੀਆਂ ਭਾਵਨਾਵਾਂ ਦੀ ਗੁਮਰਾਹ ਕਰੂ ਚਰਚਾ ਕਰ ਰਹੇ ਸਨ।
ਪਰ ਇਨਕਲਾਬੀ ਸ਼ਹੀਦ ਦੇ ਵਾਰਸਾਂ ਵੱਲੋਂ ਇਸ ਕਤਲ ਦੀਆਂ ਜੁੰਮੇਵਾਰ ਸਭਨਾਂ ਸ਼ਕਤੀਆਂ ਨੂੰ ਪਾਈਆਂ ਫਿਟਕਾਰਾਂ ਨੇ ਇਹ ਕਰਤੂਤ ਸਫਲ ਨਹੀਂ ਹੋਣ ਦਿੱਤੀ। ਨਿੰਮੋਝੂਣ ਹੋਇਆ ਕਾਂਗਰਸੀ ਲੀਡਰ ਸਟੇਜ ਤੋਂ ਕਹਿ ਰਿਹਾ ਸੀ ਕਿ ਚੰਗਾ ਹੁੰਦਾ ਜੇ ਅੱਜ ਸਿਆਸੀ ਮੱਤਭੇਦਾਂ ਦੀ ਗੱਲ ਛੇੜਨ ਦੀ ਬਜਾਏ-ਇਸ ਸਮਾਗਮ ਨੂੰ ਸ਼ਰਧਾਂਜਲੀ ਦੇਣ ਤੱਕ ਸੀਮਤ ਰੱਖ ਲਿਆ ਜਾਂਦਾ। ਪਰ ਖਰੀ ਇਨਕਲਾਬੀ ਚੇਤਨਾ ਕਹਿੰਦੀ ਹੈ ਕਿ ਚੰਗਾ ਹੁੰਦਾ ਜੇ ਮਾਨ ਦੇ ਕਤਲ ਦੇ ਜਿੰਮੇਵਾਰ ਇਨ੍ਹਾਂ ਮੁਜ਼ਰਮਾਂ ਨੂੰ ਇਸ ਸ਼ਰਧਾਂਜਲੀ ਸਮਾਗਮ ਦੇ ਨੇੜੇ ਨਾਂ ਫਟਕਣ ਦਿੱਤਾ ਜਾਂਦਾ।
ਕਾ. ਮਾਨ ਦੇ ਵਾਰਸਾਂ ਨੂੰ ਇਹ ਸਾਬਤ ਕਰਨਾ ਪੈਣਾ ਹੈ ਕਿ ਦੁਸ਼ਮਣ ਖਸਲਤ ਤੋਂ ਜਾਣੂੰ ਲੋਕਾਈ ਦੀ ਹਿੱਕ ਨਾ ਖੰਜਰ ਨਾਲ ਠਰਦੀ ਹੈ, ਨਾ ''ਕੋਸਿਆਂ ਦੁੱਧਾਂ ਦੇ ਨਗਮੇਂ ਨਾਲ ਠਰਦੀ ਹੈ''
ਹਮਾਰੇ ਦੋਨੋ ਪਹਿਲੂ ਹੈਂ, ਕਭੀ ਸ਼ੋਲਾ ਕਭੀ ਸ਼ਬਨਮ
ਬਰਾਏ ਦੁਸ਼ਮਨਾ ਖੰਜ਼ਰ, ਬਰਾਏ ਦੋਸਤਾ ਮਰਹਮ।
—ਜਸਪਾਲ ਜੱਸੀ
9 ਅਕਤੂਬਰ, 1986
No comments:
Post a Comment