ਮਾਓ-ਜ਼ੇ-ਤੁੰਗ ਤੋਂ ਸਿੱਖੋ
-ਚਾਓ-ਇਨ-ਲਾਈ
(9 ਸਤੰਬਰ 2012 ਨੂੰ ਪ੍ਰੋਲੇਤਾਰੀਏ ਦੇ ਮਹਾਨ ਰਹਿਬਰ ਅਤੇ ਉਸਤਾਦ ਕਾਮਰੇਡ ਮਾਓ-ਜ਼ੇ-ਤੁੰਗ ਦੀ ਛੱਤੀਵੀਂ ਬਰਸੀ ਹੈ। ਇਸ ਦਿਨ ਅਸੀਂ ਉਹਨਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਚੀਨੀ ਇਨਕਲਾਬ ਦੇ ਉਤਰਾਵਾਂ-ਚੜ੍ਹਾਵਾਂ ਦੌਰਾਨ ਉਹਨਾਂ ਦੇ ਯੁੱਧ ਸਾਥੀ ਕਾਮਰੇਡ ਚਾਓ-ਇਨ-ਲਾਈ ਦੇ ਭਾਸ਼ਣ 'ਚੋਂ ਇੱਕ ਛੋਟਾ ਹਿੱਸਾ ਦੇ ਰਹੇ ਹਾਂ, ਜਿਹੜਾ ਉਹਨਾਂ ਵੱਲੋਂ ਚੀਨੀ ਇਨਕਲਾਬ ਦੀ ਫਤਿਹ (ਅਕਤੂਬਰ 1949) ਤੋਂ ਕੁੱਝ ਅਰਸਾ ਪਹਿਲਾਂ ਹੋਈ ਚੀਨੀ ਨੌਜਵਾਨਾਂ ਦੀ ਕੌਮੀ ਕਾਂਗਰਸ ਵਿਚ ਦਿੱਤਾ ਗਿਆ ਸੀ। ¸ਸੰਪਾਦਕ)''ਮਾਓ-ਜ਼ੇ-ਤੁੰਗ ਤੋਂ ਸਿੱਖੋ'' ਮਹਿਜ਼ ਇੱਕ ਨਾਹਰਾ ਨਹੀਂ ਹੈ। ਇਹਨਾਂ ਲਫਜ਼ਾਂ ਵਿਚ ਡੂੰਘਾ ਅਰਥ ਸਮੋਇਆ ਹੋਇਆ ਹੈ। ਜਦੋਂ ਤੁਸੀਂ ਸੱਭੇ ਪ੍ਰਤੀਨਿਧੀ ਆਪੋ-ਆਪਣੇ ਪਿੰਡਾਂ, ਕਾਰਖਾਨਿਆਂ ਅਤੇ ਸ਼ਹਿਰਾਂ, ਮੁਕਤ ਇਲਾਕਿਆਂ ਅਤੇ ਕੌਮਿਨਤਾਂਗ ਰਾਜ ਹੇਠਲੇ ਇਲਾਕਿਆਂ ਵਿਚ ਵਾਪਸ ਜਾਓਗੇ ਤਾਂ ਸਾਡੇ ਤਮਾਮ ਨੌਜਵਾਨਾਂ ਨੂੰ ਦੱਸਣਾ ਕਿ ਇਹ ਕਾਂਗਰਸ ਕਿਸ ਗੱਲ ਦੀ ਹਮਾਇਤ ਕਰਦੀ ਹੈ, ਤਾਂ ਕਿ ਅਸੀਂ ਉਹਨਾਂ ਵਿਚੋਂ ਲੱਖਾਂ ਨੌਜਵਾਨਾਂ ਨੂੰ ਇੱਕਮੁੱਠ ਕਰਦਿਆਂ ਆਪਣੇ ਨਾਲ ਮਿਲਾ ਸਕੀਏ ਅਤੇ ਉਹ ਸਾਡੇ ਨਾਲ ਕਦਮ ਮਿਲਾ ਕੇ ਅੱਗੇ ਵਧਣ। ਸਾਡੇ ਲਈ ਅਜਿਹਾ ਕਰਨ ਦਾ ਸਭ ਤੋਂ ਉੱਤਮ ਢੰਗ ਇਹ ਹੈ ਕਿ ਉਹਨਾਂ ਨੂੰ ਮਾਓ-ਜ਼ੇ-ਤੁੰਗ ਦੇ ਝੰਡੇ ਨੂੰ ਬੁਲੰਦ ਕਰਨ ਦਾ ਸੱਦਾ ਦੇਈਏ। ਤਮਾਮ ਨੌਜਵਾਨਾਂ ਨੂੰ ਇਸ ਝੰਡੇ ਨੂੰ ਬੁਲੰਦ ਰੱਖਦਿਆਂ ਅੱਗੇ ਵਧਣ ਦਾ ਸੱਦਾ ਦੇਣ ਵੇਲੇ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਝੰਡੇ ਨੇ ਆਪਣਾ ਮੌਜੂਦਾ ਸਰੂਪ ਕਿਵੇਂ ਹਾਸਲ ਕੀਤਾ। ਮਾਓ-ਜ਼ੇ-ਤੁੰਗ ਇੱਕ ਮਹਾਨ ਵਿਅਕਤੀ ਹਨ, ਜੋ ਚੀਨ ਦੀ ਧਰਤੀ ਦੀ ਪੈਦਾਇਸ਼ ਹਨ। ਮੁਲਕ ਦੇ ਨੌਜਵਾਨਾਂ ਵਿਚ ਪ੍ਰਚਾਰ ਕਰਨ ਵੇਲੇ ਜਾਂ ਖੁਦ ਉਹਨਾਂ ਤੋਂ ਸਿੱਖਣ ਵੇਲੇ ਥੋਨੂੰ ਇਹ ਹਰਗਿਜ਼ ਨਹੀਂ ਸਮਝਣਾ ਚਾਹੀਦਾ ਹੈ ਕਿ ਮਾਓ-ਜ਼ੇ-ਤੁੰਗ ਕੋਈ ਸਬੱਬੀ ਪੈਦਾ ਹੋਏ ਆਗੂ ਹਨ, ਜਨਮਜਾਤ ਆਗੂ ਹਨ ਜਾਂ ਕੋਈ ਅਜਿਹੇ ਆਗੂ ਹਨ, ਜਿਹਨਾਂ ਦੇ ਕਦਮ ਚਿੰਨ੍ਹਾਂ 'ਤੇ ਚੱਲਣਾ ਨਾਮੁਮਕਿਨ ਹੈ। ਜੇ ਤੁਸੀਂ ਇਸ ਮਸਲੇ ਨੂੰ ਇਉਂ ਦੇਖੋਗੇ ਤਾਂ ਉਹਨਾਂ ਨੂੰ ਸਾਡੇ ਮੁਲਕ ਦੇ ਆਗੂ ਵਜੋਂ ਪ੍ਰਵਾਨ ਕਰਨਾ ਮਹਿਜ ਇੱਕ ਥੋਥੀ ਗੱਲ ਬਣਕੇ ਰਹਿ ਜਾਵੇਗੀ। ਜੇਕਰ ਕੋਈ ਵੀ ਉਹਨਾਂ ਤੋਂ ਸਿੱਖ ਨਹੀਂ ਸਕਦਾ ਤਾਂ ਕੀ ਉਹ ਸਾਡੇ ਨਾਲੋਂ ਨਿਖੜਕੇ ਨਹੀਂ ਰਹਿ ਜਾਣਗੇ? ਕੀ ਇਸ ਤਰ੍ਹਾਂ ਅਸੀਂ ਮਾਓ-ਜ਼ੇ-ਤੁੰਗ ਨੂੰ ਸਭ ਤੋਂ ਨਿਵੇਕਲਾ ਦੇਵਤਾ ਸਰੂਪ ਨਹੀਂ ਮੰਨ ਬੈਠਾਂਗੇ? ਇਹੋ ਜਿਹੇ ਆਗੂ ਦੀ ਜਾਗੀਰੁ ਸਮਾਜ ਅੰਦਰ ਪੂਜਾ ਕੀਤੀ ਜਾਂਦੀ ਹੈ। ਸਾਡਾ ਆਗੂ ਚੀਨੀ ਜਨਤਾ ਵਿਚੋਂ ਪੈਦਾ ਹੋਇਆ ਹੈ। ਜਨਤਾ ਨਾਲ ਉਸਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਉਸਦੀਆਂ ਜੜ੍ਹਾਂ ਚੀਨੀ ਧਰਤੀ ਅਤੇ ਸਮਾਜ ਵਿਚ ਡੂੰਘੀ ਤਰ੍ਹਾਂ ਲੱਗੀਆਂ ਹੋਈਆਂ ਹਨ। ਉਹ ਜਨਤਾ ਦਾ ਆਗੂ ਹੈ, ਜੋ ਚੀਨ ਦੇ ਪਿਛਲੇ ਸੌ ਵਰ੍ਹਿਆਂ ਖਾਸ ਕਰਕੇ ''4 ਮਈ ਦੀ ਲਹਿਰ'' ਤੋਂ ਬਾਅਦ ਦੇ ਇਨਕਲਾਬੀ ਸੰਘਰਸ਼ਾਂ ਦੇ ਅਨੁਭਵਾਂ ਅਤੇ ਸਬਕਾਂ ਦੀ ਪੈਦਾਇਸ਼ ਹੈ। ਇਸ ਲਈ, ਮਾਓ-ਜ਼ੇ-ਤੁੰਗ ਤੋਂ ਸਿੱਖਣ ਲਈ ਇਹ ਨਿਹਾਇਤ ਜ਼ਰੂਰੀ ਹੈ ਕਿ ਅਸੀਂ ਮਹਿਜ਼ ਉਹਨਾਂ ਦੀਆਂ ਮੌਜੂਦਾ ਪ੍ਰਾਪਤੀਆਂ ਨੂੰ ਹੀ ਧਿਆਨ ਵਿਚ ਨਾ ਰੱਖੀਏ ਅਤੇ ਉਹਨਾਂ ਦੇ ਵਿਕਾਸ-ਅਮਲ ਨੂੰ ਨਜ਼ਰਅੰਦਾਜ਼ ਨਾ ਕਰੀਏ ਸਗੋਂ ਉਹਨਾਂ ਦੇ ਇਤਿਹਾਸਕ ਵਿਕਾਸ ਦੀ ਰੌਸ਼ਨੀ ਵਿਚ ਉਹਨਾਂ ਤੋਂ ਸਰਬ-ਪੱਖੀ ਰੂਪ ਵਿਚ ਸਿੱਖੀਏ।
ਪ੍ਰਧਾਨ ਮਾਓ ਅਕਸਰ ਕਹਿੰਦੇ ਹਨ ਕਿ ਉਹਨਾਂ ਦਾ ਜਨਮ ਅਤੇ ਪਾਲਣ-ਪੋਸ਼ਣ ਪਿੰਡ ਵਿਚ ਹੋਇਆ ਸੀ ਅਤੇ ਉਹ ਆਪਣੀ ਅੱਲੜ੍ਹ ਉਮਰ ਵਿਚ ਅੰਧਵਿਸ਼ਵਾਸ਼ੀ ਅਤੇ ਆਪਣੇ ਵਿਚਾਰਾਂ ਤੋਂ ਕੁੱਝ ਪੱਖਾਂ ਤੋਂ ਪਛੜੇ ਹੋਏ ਸਨ। ਉਹ ਸ਼ਾਂਸ਼ੀ-ਛਾਂਗ-ਹੂਪੇਈ ਖੇਤਰ ਵਿਚ ਪ੍ਰਕਾਸ਼ਿਤ ਕਿਤਾਬ ਤੋਂ ਬਹੁਤ ਨਾਖੁਸ਼ ਹੋਏ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਦਸ ਵਰ੍ਹਿਆਂ ਦੀ ਉਮਰ ਵਿਚ ਹੀ ਅੰਧਵਿਸ਼ਵਾਸ਼ਾਂ ਦਾ ਵਿਰੋਧ ਕਰਨ ਲੱਗ ਪਏ ਸਨ ਅਤੇ ਉਹ ਬਾਲ ਉਮਰ ਵਿਚ ਦੇਵਤਿਆਂ 'ਤੇ ਵਿਸ਼ਵਾਸ਼ ਨਹੀਂ ਕਰਦੇ ਸਨ। ਉਹ ਕਹਿੰਦੇ ਹਨ ਕਿ ਇਸ ਤੋਂ ਉਲਟ ਜਦੋਂ ਉਹ ਨਿਆਣੇ ਸਨ ਤਾਂ ਦੇਵਤਿਆਂ 'ਤੇ ਵਿਸ਼ਵਾਸ਼ ਕਰਦੇ ਸਨ। ਇੰਨਾ ਹੀ ਨਹੀਂ ਉਹ ਧਰਮ ਨੂੰ ਮੰਨਦੇ ਸਨ। ਜਦੋਂ ਉਹਨਾਂ ਦੀ ਮਾਂ ਬਿਮਾਰ ਹੋਈ ਸੀ ਤਾਂ ਉਹਨਾਂ ਨੂੰ ਨੌ-ਬਰ-ਨੌ ਕਰਨ ਲਈ ਉਹਨਾਂ ਨੇ ਬੁੱਧ ਅੱਗੇ ਪ੍ਰਾਰਥਨਾ ਕੀਤੀ ਸੀ। ਕੀ ਉਹਨਾਂ ਦਾ ਇਹ ਆਚਰਨ ਅੰਧਵਿਸ਼ਵਾਸ਼ਪੂਰਨ ਨਹੀਂ ਸੀ? ਪ੍ਰੰਤੂ ਉਪਰੋਕਤ ਕਿਤਾਬ ਵਿਚ ਪ੍ਰਧਾਨ ਮਾਓ ਬਾਰੇ ਇਹ ਕਹਿੰਦਿਆਂ ਕਿ ਉਹ ਆਪਣੀ ਬਾਲ ਉਮਰ ਵਿਚ ਹੀ ਅੰਧਵਿਸ਼ਵਾਸ਼ੀ ਨਹੀਂ ਸਨ ਕਿ ਉਹ ਜਨਮਸਿੱਧ ਤਰਕਬੁੱਧੀ ਦੇ ਮਾਲਕ ਸਨ ਅਤੇ ਅੰਧਵਿਸ਼ਵਾਸ਼ਾਂ ਤੋਂ ਮੁਕਤ ਹੋ ਚੱਕੇ ਸਨ¸ ਅਸਲੀਅਤ ਨੂੰ ਸਿਰ ਪਰਨੇ ਕੀਤਾ ਗਿਆ ਹੈ। ਪ੍ਰਧਾਨ ਮਾਓ ਦਾ ਕਹਿਣਾ ਹੈ ਕਿ ਇਹ ਗੱਲ ਤੱਥਾਂ ਨਾਲ ਮੇਲ ਨਹੀਂ ਖਾਂਦੀ। ਇਸ ਦੇ ਉਲਟ, ਉਹਨਾਂ ਸਮਿਆਂ ਦੇ ਜਾਗੀਰੂ ਸਮਾਜ ਅੰਦਰ ਕਿਸੇ ਵੀ ਵਿਅਕਤੀ ਲਈ ਚਾਹੇ ਉਹ ਕਿਸਾਨ ਪਰਿਵਾਰ ਵਿਚੋਂ ਆਇਆ ਹੋਵੇ ਜਾਂ ਮਜ਼ਦੂਰ ਪਰਿਵਾਰ ਵਿਚੋਂ ਅੰਧਵਿਸ਼ਵਾਸਾਂ ਤੋਂ ਅਚਾਨਕ ਖਹਿੜਾ ਛੁਡਾਉਣਾ ਨਾਮੁਮਕਿਨ ਸੀ। ਪ੍ਰਧਾਨ ਮਾਓ ਉੱਨੀਵੀਂ ਸਦੀ ਦੇ ਅਖੀਰੀ ਵਰ੍ਹਿਆਂ ਵਿਚ ਇੱਕ ਪਿੰਡ ਵਿਚ ਪੈਦਾ ਹੋਏ ਸਨ। ਇਸ ਲਈ ਇਹ ਨਾਮੁਮਕਿਨ ਸੀ ਕਿ ਉਹ ਥੋੜ੍ਹਾ ਬਹੁਤਾ ਅੰਧਵਿਸ਼ਵਾਸ਼ੀ ਨਾ ਰਹੇ ਹੋਣ। ਇਸ ਗੱਲ ਨੂੰ ਸਪਸ਼ਟ ਕਰਨਾ ਕਿਉਂ ਜ਼ਰੂਰੀ ਹੈ? ਇਸ ਲਈ ਕਿ ਸਾਨੂੰ ਇਹ ਹਰਗਿਜ਼ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਕੁੱਝ ਨੌਜਵਾਨ ਕਿਉਂਕਿ ਹੁਣ ਵੀ ਅੰਧਵਿਸ਼ਵਾਸ਼ੀ ਹਨ, ਇਸ ਲਈ ਉਹਨਾਂ ਨੂੰ ਸਿੱਖਿਅਤ ਨਹੀਂ ਕੀਤਾ ਜ ਸਕਦਾ ਅਤੇ ਉਹਨਾਂ ਨੂੰ ਆਪਣੇ ਵਿਚੋਂ ਛੇਕ ਦੇਣਾ ਚਾਹੀਦਾ ਹੈ। ਕੱਲ੍ਹ ਦਾ ਅੰਧਵਿਸ਼ਵਾਸ਼ੀ ਮੁੰਡਾ ਅੱਜ ਦਾ ਪ੍ਰਧਾਨ ਮਾਓ ਬਣਨ ਦੇ ਸਮਰੱਥ ਹੋ ਨਿਬੜਿਆ। ਬਿਨਾ ਸ਼ੱਕ ਮੈਂ ਇਹ ਨਹੀਂ ਕਹਿ ਰਿਹਾ ਕਿ ਹਰੇਕ ਮੁੰਡਾ ਪ੍ਰਧਾਨ ਮਾਓ ਬਣ ਸਕਦਾ ਹੈ, ਪਰ ਅੰਧਵਿਸ਼ਵਾਸ਼ਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਕੀ ਕੁੱਝ ਵਰ੍ਹੇ ਪਹਿਲਾਂ ਤੁਸੀਂ ਅੰਧਵਿਸ਼ਵਾਸ਼ੀ ਨਹੀਂ ਸੀ? ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਦੋਂ ਤੁਸੀਂ ਬੱਚੇ ਸੀ ਤਾਂ ਥੋਡੀ ਨੱਕ ਵਹਿੰਦੀ ਰਹਿੰਦੀ ਸੀ। ਸਿਰਫ ਇਸ ਲਈ ਕਿ ਤੁਸੀਂ ਵਿਕਾਸ ਕਰ ਗਏ ਹੋ¸ ਆਪਣੇ ਬਚਪਨ ਦੀਆਂ ਕਮਜ਼ੋਰੀਆਂ ਨੂੰ ਮੰਨਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।
ਪ੍ਰਧਾਨ ਮਾਓ ਅਕਸਰ ਕਹਿੰਦੇ ਹਨ ਕਿ ਉਹ ਪ੍ਰਾਚੀਨ ਸ਼ਾਸ਼ਤਰੀ ਗਰੰਥਾਂ ਦੇ ਵੀ ਅਧਿਅਨਕਰਤਾ ਹਨ। ਹਰ ਚੀਜ਼ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਕਿ ਇਹਨਾਂ ਗਰੰਥਾਂ ਨੂੰ ਕਿਵੇਂ ਪੜ੍ਹਿਆ ਜਾਵੇ। ਪ੍ਰਧਾਨ ਮਾਓ ਆਪਣੀ ਜੋਬਨ ਉਮਰੇ ਇਹਨਾਂ ਪੁਸਤਕਾਂ ਨੂੰ ਪੜ੍ਹਨ ਦੇ ਬੜੇ ਸ਼ੌਕੀਨ ਸਨ। ਅੱਜ ਲਿਖਦੇ ਜਾਂ ਬੋਲਦੇ ਸਮੇਂ ਉਹ ਇਤਿਹਾਸਕ ਅਨੁਭਵਾਂ ਅਤੇ ਸਬਕਾਂ ਦੀ ਅਕਸਰ ਵਰਤੋਂ ਕਰਦੇ ਹਨ ਅਤੇ ਅਜਿਹਾ ਕਮਾਲ ਦੀ ਮੁਹਾਰਤ ਨਾਲ ਕਰਦੇ ਹਨ। ਸ਼ਾਸ਼ਤਰੀ ਗਰੰਥਾਂ ਦੇ ਅਧਿਐਨ ਨੇ ਉਹਨਾਂ ਦੇ ਗਿਆਨ ਨੂੰ ਵਿਸ਼ਾਲ ਅਤੇ ਡੂੰਘਾ ਕੀਤਾ ਅਤੇ ਹੋਰ ਵੀ ਮਹਾਨ ਬਣਾਇਆ। .......ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਉਹ ਨੌਜਵਾਨ ਜੋ ਪ੍ਰਾਚੀਨ ਗਰੰਥਾਂ ਨੂੰ ਪੜ੍ਹਨਾ ਪਸੰਦ ਕਰਦੇ ਹਨ ਅਤੇ ਬੀਤੇ ਦੀਆਂ ਗੱਲਾਂ ਦਾ ਅਧਿਐਨ ਕਰਦੇ ਹਨ, ਅਗਾਂਹਵਧੂ ਨਹੀਂ ਹੋ ਸਕਦੇ। ਸਾਨੂੰ ਲੋਕਾਂ ਨਾਲ ਇੱਕਜੁੱਟ ਹੋਣ ਅਤੇ ਉਹਨਾਂ ਨੂੰ ਸਿੱਖਿਅਤ ਕਰਨ ਤੋਂ ਸਿਰਫ ਇਸ ਲਈ ਇਨਕਾਰ ਨਹੀਂ ਕਰ ਦੇਣਾ ਚਾਹੀਦਾ ਕਿ ਉਹ ਪੁਰਾਣੇ ਵਿਚਾਰਾਂ ਦੇ ਧਾਰਨੀ ਹਨ। ਸਾਨੂੰ ਉਹਨਾਂ ਤੋਂ ਇਸ ਲਈ ਬੇਮੁਖ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਕੁੱਝ ਪਿਛੜੇ ਹੋਏ ਹਨ। ਜਦੋਂ ਤੱਕ ਉਹ ਵਿਕਾਸ ਕਰਨ ਲਈ ਤਤਪਰ ਹਨ, ਉਦੋਂ ਤੀਕ ਉਹ ਆਪਣੀ ਕਾਇਆਕਲਪ ਕਰ ਸਕਦੇ ਹਨ। ਜਿਵੇਂ ਕਿ ਪ੍ਰਧਾਨ ਮਾਓ ਨੇ ਕਿਹਾ ਹੈ ਕਿ ਖੁਦ ਉਹਨਾਂ ਦੀ ਕਾਇਆਕਲਪ ਵੀ ਇਉਂ ਹੀ ਹੋਈ ਹੈ।
ਪ੍ਰਧਾਨ ਮਾਓ ਅਕਸਰ ਇਹ ਵੀ ਕਹਿੰਦੇ ਹਨ ਕਿ ਜਦੋਂ ਉਹ ਅਧਿਐਨ ਸ਼ੁਰੂ ਕਰਦੇ ਹਨ ਤਾਂ ਪਹਿਲਾਂ ਕਿਸੇ ਇੱਕ ਪਹਿਲੂ 'ਤੇ ਆਪਣਾ ਧਿਆਨ ਕੇਂਦਰਤ ਕਰਦੇ ਹਨ ਅਤੇ ਜੇਕਰ ਇਹ ਉਹਨਾਂ ਦੀ ਸਮਝ ਵਿਚ ਨਹੀਂ ਪੈਂਦਾ ਤਾਂ ਉਹ ਉਦੋਂ ਤੱਕ ਜੁਟੇ ਰਹਿੰਦੇ ਹਨ ਜਦੋਂ ਤੱਕ ਉਹ ਇਸ ਨੂੰ ਸਪੱਸ਼ਟ ਰੂਪ ਵਿਚ ਸਮਝ ਨਹੀਂ ਲੈਂਦੇ। ਜਦੋਂ ਪ੍ਰਧਾਨ ਮਾਓ ''4 ਮਈ ਦੀ ਲਹਿਰ'' ਤੋਂ ਬਾਅਦ ਇਨਕਲਾਬ ਵਿਚ ਸ਼ਾਮਲ ਹੋਏ ਤਾਂ ਉਸ ਵੇਲੇ ਉਹ ਸ਼ਹਿਰ ਵਿਚ ਰਿਹਾ ਕਰਦੇ ਸਨ ਅਤੇ ਮਜ਼ਦੂਰ ਸੰਘਰਸ਼ ਵਿਚ ਹਿੱਸਾ ਲੈਂਦੇ ਸਨ। ਉਨ੍ਹੀਂ ਦਿਨੀਂ ਪ੍ਰਧਾਨ ਮਾਓ ਚਿਆਂਗਸੀ ਪੇਂਡੂ ਵਿਕਾਸ ਲਈ ਇੱਕ ਸੰਘਰਸ਼ ਚਲਾਉਣ ਦੀ ਹਮਾਇਤ ਕਰ ਰਹੇ ਸਨ। ਕਾਮਰੇਡ ਯੂਨ-ਤਿੰਗ ਨੇ ਪ੍ਰਧਾਨ ਮਾਓ ਨੂੰ ਇੱਕ ਚਿੱਠੀ ਲਿਖ ਕੇ ਸੁਝਾਅ ਦਿੱਤਾ ਕਿ ਸਾਨੂੰ ਥਾਓ ਚਿਆਂਗਸੀ ਦੀ ਮਿਸਾਲ ਨੂੰ ਸਨਮੁੱਖ ਰੱਖਦਿਆਂ ਪਿੰਡਾਂ ਵਿਚ ਕੰਮ ਕਰਨ ਲਈ ਜਾਣਾ ਚਾਹੀਦਾ ਹੈ। ਪ੍ਰਧਾਨ ਮਾਓ ਨੇ ਉਸ ਚਿੱਠੀ ਦੇ ਜਵਾਬ ਵਿਚ ਲਿਖਿਆ ਕਿ ''ਸ਼ਹਿਰਾਂ ਵਿਚ ਅਸੀਂ ਜਿੰਨਾ ਕੰਮ ਕਰ ਸਕਦੇ ਹਾਂ, ਉਸ ਤੋਂ ਕਿਤੇ ਵੱਧ ਕੰਮ ਕਰਨ ਗੋਚਰਾ ਪਿਆ ਹੈ। ਅਜਿਹੀ ਹਾਲਤ ਵਿਚ ਅਸੀਂ ਪਿੰਡਾਂ ਵਿਚ ਕੰਮ ਕਰਨ ਭਲਾ ਕਿਵੇਂ ਜਾ ਸਕਦੇ ਹਾਂ?' ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੇ ਉਸ ਵੇਲੇ ਸਮੱਸਿਆ ਦੇ ਉਸ ਪਹਿਲੂ 'ਤੇ ਧਿਆਨ ਕੇਂਦਰਤ ਨਹੀਂ ਕੀਤਾ ਸੀ। ਥੋੜ੍ਹੇ ਹੀ ਅਰਸੇ ਤੋਂ ਬਾਅਦ ਉਹਨਾਂ ਨੇ ਪਿੰਡਾਂ ਵਿਚ ਕੰਮ ਕਰਨ ਦੇ ਮਾਮਲੇ 'ਤੇ ਆਪਣਾ ਧਿਆਨ ਕੇਂਦਰਤ ਕੀਤਾ। ਕਿਸਾਨ ਸੰਘਰਸ਼ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਕਿਸਾਨ ਸੰਘਰਸ਼ ਨੂੰ ਸ਼ਹਿਰਾਂ ਦੇ ਇਨਕਲਾਬੀ ਸੰਘਰਸ਼ ਨਾਲ ਜੋੜਿਆ। ਬਾਅਦ ਵਿਚ ਉਹਨਾਂ ਨੇ ਫੌਜੀ ਮਾਮਲਿਆਂ ਦਾ ਵੀ ਅਧਿਐਨ ਕੀਤਾ। ਉਹਨਾਂ ਨੇ ਉਹਨਾਂ s sਸਾਰਿਆਂ ਬਾਰੇ ਮੁਹਾਰਤ ਹਾਸਲ ਕੀਤੀ ਅਤੇ ਉਹਨਾਂ ਬਾਰੇ ਸਰਬਪੱਖੀ ਗਿਆਨ ਹਾਸਲ ਕੀਤਾ। ਇਸ ਤੋਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਕੁੱਝ ਨੌਜਵਾਨ ਸਰਬਪੱਖੀ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਕਿਸੇ ਮੁੱਦੇ ਦੇ ਇੱਕ ਪਹਿਲੂ 'ਤੇ ਆਪਣਾ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਉਹਨਾਂ ਦੀ ਰੁਚੀ ਨੂੰ ਨਿਰਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਜੇਕਰ ਉਹ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਇੱਛੁਕ ਨਹੀਂ ਹਨ ਤਾਂ ਉਹਨਾਂ ਨੂੰ ਸਿੱਖਿਅਤ ਕਰਨ 'ਤੇ ਸਮਾਂ ਲਾਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੀਆਂ ਸਫਾਂ ਤੋਂ ਬਾਹਰ ਨਹੀਂ ਕਰ ਦੇਣਾ ਚਾਹੀਦਾ।
ਮੈਂ ਉਪਰੋਕਤ ਤਿੰਨ ਮਿਸਾਲਾਂ ਇਹ ਦਿਖਾਉਣ ਲਈ ਦਿੱਤੀਆਂ ਹਨ ਕਿ ਜਾਗੀਰੂ ਸਮਾਜ ਦੇ ਇੱਕ ਕਿਸਾਨ ਪਰਿਵਾਰ ਦਾ ਮੁੰਡਾ ਹੋਣ ਦੇ ਨਾਤੇ ਪ੍ਰਧਾਨ ਮਾਓ ਕਦੀ ਅੰਧਵਿਸ਼ਵਾਸ਼ੀ ਸਨ, ਪ੍ਰਾਚੀਨ ਵਕਤਾਂ ਦੀਆਂ ਪੁਸਤਕਾਂ ਪੜ੍ਹਿਆ ਕਰਦੇ ਸਨ ਅਤੇ ਕਿਸੀ ਸਮੱਸਿਆ ਦਾ ਅਧਿਐਨ ਕਰਦੇ ਸਮੇਂ ਪਹਿਲਾਂ ਉਸਦੇ ਇੱਕ ਪਹਿਲੂ ਨੂੰ ਹੀ ਧਿਆਨ ਵਿਚ ਰੱਖਦੇ ਸਨ। ਉਹਨਾਂ ਦੀ ਮਹਾਨਤਾ ਇਸ ਗੱਲ ਵਿਚ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਅੰਧਵਿਸ਼ਵਾਸ਼ਾਂ ਤੋਂ ਮੁਕਤ ਕੀਤਾ ਹੈ ਅਤੇ ਜੋ ਪਿਛਾਂਹਖਿੱਚੂ ਸੀ, ਉਸ ਨੂੰ ਤਿਆਗਿਆ। ਉਹਨਾਂ ਦੀ ਮਹਾਨਤਾ ਇਸ ਤੱਥ ਤੋਂ ਹੋਰ ਵੀ ਉੱਘੜਦੀ ਹੈ ਕਿ ਉਹਨਾਂ ਨੇ ਆਪਣੇ ਬੀਤੇ ਨੂੰ ਹੌਸਲੇ ਨਾਲ ਪ੍ਰਵਾਨ ਕੀਤਾ। ਅਸੀਂ ਦੇਖ ਸਕਦੇ ਹਾਂ ਕਿ ਜਨਤਕ ਸ਼ਾਸ਼ਨ ਹੇਠਲੇ ਸਮਾਜਾਂ ਵਿਚ¸ ਪੁਰਾਣੇ ਸਮਾਜਾਂ ਦੀ ਤਾਂ ਗੱਲ ਹੀ ਛੱਡੋ¸ ਅਜਿਹੇ ਲੋਕ ਮੌਜੂਦ ਹਨ ਜੋ ਇੱਕ ਵਾਰ ਤਰੱਕੀ ਕਰ ਲੈਣ ਤੋਂ ਬਾਅਦ ਸੋਚਣ ਲੱਗਦੇ ਹਨ, ਕਿ ਉਹ ਹਮੇਸ਼ਾਂ ਸਹੀ ਰਹੇ ਹਨ, ਉਹ ''ਜਨਮਸਿੱਧ ਰਿਸ਼ੀ'' ਹਨ। ਉਹ ਆਪਣੇ ਬਾਰੇ ਇਉਂ ਗੱਲ ਕਰਦੇ ਸਨ ਜਿਵੇਂ ਉਹਨਾਂ ਵਿਚ ਭੋਰਾ ਭਰ ਵੀ ਅਪੂਰਨਤਾ ਜਾਂ ਕਮੀ ਨਹੀਂ ਹੈ। ਜੇਕਰ ਦੂਜੇ ਲੋਕ ਵੀ ਉਹਨਾਂ ਬਾਰੇ ਅਜਿਹੀ ਗੱਲ ਕਰਦੇ ਹਨ ਤਾਂ ਉਹ ਆਪਣੇ ਬਾਰੇ ਵਿਚ ਅਜਿਹੀ ਪ੍ਰਸੰਸਾ ਸੁਣਨਾ ਪਸੰਦ ਕਰਦੇ ਹਨ। ਇਹ ਪ੍ਰਵਿਰਤੀ ਬਹੁਤ ਹੀ ਖਤਰਨਾਕ ਹੈ। ਇਸ ਲਈ ਸਾਨੂੰ ਉਹਨਾਂ ਨੌਜਵਾਨਾਂ ਨੂੰ ਛੱਡ ਨਹੀਂ ਦੇਣਾ ਚਾਹੀਦਾ, ਜੋ ਅੰਧਵਿਸ਼ਵਾਸ਼ੀ ਅਤੇ ਪਛੜੇ ਹੋਏ ਹਨ, ਜੋ ਚੀਜ਼ਾਂ ਨੂੰ ਸੰਪੂਰਨਤਾ ਵਿਚ ਨਾ ਦੇਖ ਕੇ ਸਿਰਫ ਇੱਕ ਪਹਿਲੂ ਤੋਂ ਦੇਖਦੇ ਹਨ। ਇਸਦੀ ਬਜਾਇ ਸਾਨੂੰ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ। ਸਾਨੂੰ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਾਡੇ ਤੋਂ ਸਿੱਖਣ ਤੇ ਨਾਲ ਹੀ ਅਸੀਂ ਵੀ ਉਹਨਾਂ ਤੋਂ ਸਿੱਖੀਏ। ਸਾਡੇ ਨੌਜਵਾਨਾਂ ਨੂੰ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਹੈ। ਪ੍ਰਧਾਨ ਮਾਓ ਜਨਤਾ ਦੇ ਇੱਕ ਅਜਿਹੇ ਆਗੂ ਹਨ ਜੋ ਕਈ ਹਜ਼ਾਰ ਸਾਲ ਦੇ ਇਤਿਹਾਸਕ ਅਨੁਭਵਾਂ ਅਤੇ ਸਬਕਾਂ, ਪਿਛਲੇ ਇੱਕ ਸੌ ਸਾਲ ਦੇ ਇਨਕਲਾਬੀ ਸੰਘਰਸ਼ਾਂ ਅਤੇ ਪਿਛਲੇ ਤੀਹ ਸਾਲਾਂ ਦੇ ਸੰਘਰਸ਼ਾਂ ਦੀ ਪੈਦਾਇਸ਼ ਹਨ। ਪ੍ਰਧਾਨ ਮਾਓ ਦੇ ਵਿਕਾਸ ਨੂੰ ਸਾਨੂੰ ਇਸੇ ਢੰਗ ਨਾਲ ਦੇਖਣਾ ਚਾਹੀਦਾ ਹੈ। -੦-
No comments:
Post a Comment