Surkh Rekha Sep-Oct 2012
ਤਾਤੂ ਦਰਿਆ 'ਤੇ ਅਦੁੱਤੀ ਸੂਰਮਗਤੀ
ਮਾਓ ਦੇ ਜੀਵਨ ਅਤੇ ਮਹਾਨ ਲੰਮੇ ਕੂਚ ਦੀ ਅਹਿਮ ਘਟਨਾ
ਸੰਨ 1934-35 ਵਿੱਚ ਚੀਨੀ ਕਮਿਉਨਿਸਟ ਪਾਰਟੀ ਦੀ ਅਗਵਾਈ ਹੇਠ ਲਾਲ ਸੈਨਾ ਨੇ ਚੀਨ ਦੇ ਦੱਖਣ ਪੂਰਬ ਵਿਚਲੇ ਆਪਣੇ ਆਧਾਰ ਇਲਾਕੇ ਕਿਆਂਗਸੀ ਤੋਂ ਉੱਤਰ-ਪੱਛਮ ਵੱਲ ਸ਼ੈਂਸੀ ਦੇ ਆਧਾਰ ਇਲਾਕੇ ਤੱਕ ਦੁਸ਼ਮਣ ਚਿਆਂਗ ਕਾਈ-ਸ਼ੇਕ ਦੀਆਂ ਘੇਰਾਬੰਦੀਆਂ ਤੋੜਦੇ ਹੋਏ ਅਥਾਹ ਕੁਰਬਾਨੀਆਂ ਭਰਿਆ ਲਗਭਗ 7000 ਮੀਲ ਲੰਮਾ ਕੂਚ ਕਰਕੇ ਚੀਨੀ ਇਨਕਲਾਬ ਦੇ ਇਤਿਹਾਸ ਵਿਚ ਆਪਣੇ ਲਾਲ ਖੂਨ ਨਾਲ ਇੱਕ ਸ਼ਾਨਦਾਰ ਮਹਾਂਕਾਵਿ ਲਿਖਿਆ। ਲੰਮਾ ਕੂਚ ਨਾ ਸਿਰਫ ਸੰਸਾਰ ਇਤਿਹਾਸ ਦਾ ਸਭ ਤੋਂ ਵੱਡਾ ਫੌਜੀ ਕਾਰਨਾਮਾ ਹੀ ਹੋ ਨਿੱਬੜਿਆ, ਬਲਕਿ ਇਸ ਦੀ ਇਸ ਤੋਂ ਵੱਡੀ ਇਤਿਹਾਸਕ ਮਹਾਨਤਾ ਇਸ ਗੱਲ ਵਿਚ ਹੈ ਕਿ ਇਸ ਨੇ ਚੀਨੀ ਇਨਕਲਾਬ ਦੀ ਯਕੀਨੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ। ਤਾਤੂ ਦਰਿਆ ਨੂੰ ਪਾਰ ਕਰਨਾ ਸਾਰੇ ਲੰਮੇ ਕੂਚ ਦੌਰਾਨ ਸਭ ਤੋਂ ਵੱਧ ਨਾਜ਼ੁਕ ਘਟਨਾ ਸੀ। ਜੇ ਕਿਤੇ ਲਾਲ ਸੈਨਾ ਤੋਂ ਇੱਥੇ ਜ਼ਰਾ ਜਿੰਨੀ ਵੀ ਕਸਰ ਰਹਿ ਜਾਂਦੀ, ਤਾਂ ਸੰਭਵ ਹੈ ਕਿ ਇਹ ਸਾਰੀ ਦੀ ਸਾਰੀ ਇਥੇ ਮਲੀਆ ਮੇਟ ਹੋ ਜਾਂਦੀ।...ਯਾਂਗਸੀ ਪਾਰ ਕਰਨ ਪਿਛੋਂ ਲਾਲ ਸੈਨਾ ਬੜੀ ਤੇਜੀ ਨਾਲ ਆਜਾਦ ਲੋਲੋ ਆਦਿ-ਵਾਸੀਆਂ ਦੇ ਇਲਾਕੇ ਲੋਲੋ ਪਰਦੇਸ਼ ਵਿਚ ਦਾਖਲ ਹੋ ਗਈ। ਜ਼ੇ ਚੁਆਨ ਦੇ ਇਸ ਪਹਾੜੀ ਤੇ ਘਣੇ ਜੰਗਲੀ ਹਿਸੇ 'ਚ ਭਿਆਨਕ ਲੋਲੋ ਕਬੀਲੇ ਦਾ ਸਦੀਆਂ ਤੋਂ ਕਬਜਾ ਰਿਹਾ ਸੀ ਅਤੇ ਇਨ੍ਹਾਂ ਨੂੰ ਚਾਰੇ ਪਾਸੇ ਬਣੀ ਕੋਈ ਵੀ ਹਕੂਮਤ ਕਦੇ ਵੀ ਆਪਣੇ ਅੰਦਰ ਸਮੋ ਨਹੀਂ ਸੀ ਸਕੀ। ਕੋਈ ਵੀ ਫੌਜ ਲੋਲੋ ਪਰਦੇਸ਼ ਵਿਚੋਂ ਦੀ ਭਾਰੀ ਨੁਕਸਾਨ ਝੱਲੇ ਜਾਂ ਆਪਣੇ ਖਾਤਮੇ ਤੱਕ ਤੋਂ ਬਿਨਾਂ ਨਹੀਂ ਸੀ ਲੰਘ ਸਕੀ। ਪਰ ਲਾਲ ਸੈਨਾ ਨੂੰ ਪਹਿਲਾਂ ਹੀ ਕਵੇਚੋਤੇ ਯੂਨਾਨ ਦੇ ਮਿਆਓ ੋ ਤੇ ਸ਼ਾਨ ਆਦਿਵਾਸੀਆਂ ਦੇ ਇਲਾਕੇ ਵਿਚੋਂ ਸੁਰੱਖਿਅਤ ਲੰਘਣ ਦਾ ਤਜਰਬਾ ਸੀ। ਹੁਣ ਇਸ ਨੇ ਲੋਲੋਆਂ ਨਾਲ ਸੁਲਾਹ ਸਫਾਈ ਕਰਨ ਖਾਤਰ ਆਪਣੇ ਸਫੀਰ ਅੱਗੋਂ ਹੀ ਭੇਜ ਦਿੱਤੇ। ਇਸ ਤੋਂ ਪਹਿਲਾਂ ਲਾਲ ਸੈਨਾ ਨੇ ਆਜ਼ਾਦ ਲੋਲੋ ਪ੍ਰਦੇਸ ਦੀਆਂ ਹੱਦਾਂ ਨਾਲ ਲਗਦੇ ਇਲਾਕਿਆਂ 'ਚੋਂ ਬਹੁਤ ਸਾਰੇ ਗ੍ਰਿਫਤਾਰ ਲੋਲੋ ਸਰਦਾਰਾਂ ਨੂੰ ਛੁਡਾ ਕੇ ਭੇਜ ਦਿੱਤਾ ਸੀ। ਲੋਲੋ ਸਰਦਾਰਾਂ ਅੱਗੇ ਸਫੀਰਾਂ ਨੇ ਇਹ ਦਲੀਲ ਰੱਖੀ ਕਿ ਤੁਹਡਾ ਕਬੀਲਾ ਵੀ ਯੁਧ-ਸਰਦਾਰਾਂ ਤੇ ਕੌਮਿਨਤਾਂਗੀਆਂ ਦਾ ਵਿਰੋਧੀ ਹੈ ਤੇ ਅਸੀਂ ਵੀ। ਨਾਲ ਹੀ, ਉਨ੍ਹਾਂ ਨੇ ਚੀਨ ਦੀਆਂ ਸਭ ਤੋਂ ਘੱਟ ਗਿਣਤੀ ਵਾਲੀਆਂ ਕੌਮੀਅਤਾਂ ਲਈ ਖੁਦਮੁਖਤਿਆਰੀ ਵਾਲੀ ਆਪਣੀ ਪਾਲਸੀ ਦੀ ਵਿਆਖਿਆ ਕੀਤੀ ਤੇ ਉਨ੍ਹਾਂ ਨੂੰ ਸਮਝਾਇਆ ਕਿ 'ਚਿੱਟੇ' ਚੀਨੀਆਂ ਤੇ 'ਲਾਲ' ਚੀਨੀਆਂ ਵਿਚਕਾਰ ਫਰਕ ਹੈ। ਇਹ 'ਚਿੱਟੇ' ਚੀਨੀ ਹਨ ਜਿਨ੍ਹਾਂ ਨੇ ਹਮੇਸ਼ਾ ਲੋਲੋਆਂ ਨੂੰ ਕਤਲ ਕੀਤਾ ਹੈ ਤੇ ਦਬਾ ਕੇ ਰੱਖਿਆ ਹੈ, ਨਾਂ ਕਿ 'ਲਾਲ' ਚੀਨੀਆਂ ਨੇ। ਇਸ ਲਈ ਆਓ, ਕਿਉਂ ਨਾ ਆਪਾਂ ਆਪਣੇ ਸਾਂਝੇ ਦੁਸ਼ਮਣ ਵਿਰੁੱਧ ਇਕ ਮੁਠ ਹੋ ਜਾਈਏ। ਲੋਲੋਆਂ ਨੇ ਖਚਰਪੁਣੇ ਨਾਲ ਉਨ੍ਹਾਂ ਕੋਲੋ ਆਪਣੀ ਆਜ਼ਾਦੀ ਦੀ ਰਾਖੀ ਲਈ ਅਸਲਾ ਅਤੇ ਹਥਿਆਰ ਮੰਗੇ। ਅਤੇ ਉਹ ਉਦੋਂ ਅਚੰਭਤ ਰਹਿ ਗਏ ਜਦੋਂ ਲਾਲ ਸੈਨਾ ਨੇ ਇਹ ਦੋਵੇਂ ਕੁਝ ਦੇ ਦਿੱਤੇ। ਇਸ ਤਰ੍ਹਾਂ, ਨਾ ਸਿਰਫ ਲੋਲੋ ਪ੍ਰਦੇਸ ਵਿਚੋਂ ਲੰਘਣ ਲਈ ਰਾਹ ਹੀ ਸਾਫ ਹੋ ਗਿਆ, ਜਿਸ ਵਿਚ ਇਲਾਕੇ ਦੇ ਭੇਤੀ ਲੋਲੋ ਘਣੇ ਜੰਗਲਾਂ ਵਿਚੋਂ ਦੀ ਲਾਲ ਸੈਨਾ ਨੂੰ ਤੇਜੀ ਨਾਲ ਕੱਝ ਕੇ ਲੈ ਗਏ, ਬਲਕਿ ਸੈਂਕੜੇ ਲੋਲੋ ਵੀ ਸਾਂਝੇ ਦੁਸ਼ਮਣ ਵਿਰੁਧ ਲੜਨ ਲਈ ਲਾਲ ਸੈਨਾ ਵਿਚ ਭਰਤੀ ਹੋ ਗਏ। ਉਧਰ, ਇਸ ਇਲਾਕੇ ਦੇ ਘਣੇ ਜੰਗਲਾਂ ਵਿਚ ਚਿਆਂਗ ਕਾਈ-ਸ਼ੇਕ ਦੇ ਜਹਾਜਾਂ ਨੂੰ ਲਾਲ ਸੈਨਾ ਦਾ ਰਾਹ ਨਹੀਂ ਲੱਭਿਆ।
ਲੋਲੋ ਪ੍ਰਦੇਸ ਦੇ ਜੰਗਲਾਂ 'ਚੋਂ ਨਿਕਲਕੇ ਲਾਲ ਸੈਨਾ ਦੀ ਆਗੂ ਡਿਵੀਜਨ ਚਾਊਪਿੰਗ ਕਿਲੇ ਵਾਂਗ ਹੀ ਅੱਚਾਨਕ ਆਨ ਜੈਨ-ਚਾਂਗ ਦੇ ਕਸਬੇ ਅੰਦਰ ਜਾ ਪਹੁੰਚੀ। ਦੂਜੇ ਕਿਨਾਰੇ 'ਤੇ ਯੁੱਧ-ਸਰਦਾਰ ਲਿਊ ਵੈੱਨ-ਹੁਈ ਦੀ ਸਿਰਫ ਇਕ ਹੀ ਰਜਮੈਂਟ ਸੀ। ਕੌਮਿਨਤਾਂਗੀ ਫੌਜਾਂ ਤਾਂ ਦਰਿਆ ਵੱਲ ਮੌਜ ਮੇਲੇ ਨਾਲ ਹੀ ਵਧ ਰਹੀਆਂ ਸਨ। ਲਾਲ ਫੌਜ ਦੇ ਦਰਿਆ ਤੱਕ ਇੰਨੀ ਛੇਤੀ ਪਹੁੰਚ ਜਾਣ ਦਾ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੋ ਸਕਦਾ। ਹਿਰਾਵਲ ਦਸਤੇ ਨੇ ਛੋਟੇ ਜਿਹੇ ਪਹਾੜੀ ਕਸਬੇ ਦੀਆਂ ਚੋਟੀਆਂ ਤੋਂ ਦਰਿਆ ਦੇ ਕਿਨਾਰੇ ਵੱਲ ਨਿਗਾਹ ਮਾਰੀ। ਜਦੋਂ ਉਨ੍ਹਾਂ ਨੂੰ ਦਰਿਆ ਦੇ ਦੱਖਣੀ ਕਿਨਾਰੇ 'ਤੇ ਲੱਗੀ ਇੱਕ ਕਿਸ਼ਤੀ ਦਿੱੱੱੱੱਸੀ, ਉਨ੍ਹਾਂ ਦੀਆਂ ਅੱਖਾਂ ਖੁਸ਼ੀ ਤੇ ਹੈਰਾਨੀ ਨਾਲ ਚਮਕਣ ਲੱਗ ਪਈਆਂ। ਦੁਸਮਣ ਰਜਮੈਂਟ ਦਾ ਕਮਾਂਡਰ ਕਿਸ਼ਤੀ ਲੈ ਕੇ ਆਪਣੇ ਸਹੁਰੇ ਪਿੰਡ, ਆਨ ਜੈੱਨ ਚਾਂਗ ਵਿਚ ਐਸ਼ ਕਰਨ ਆਇਆ ਹੋਇਆ ਸੀ। ਅਚਾਨਕ ਲਾਲ ਫੌਜ ਟੁਕੜੀ ਨੇ ਕਮਾਂਡਰ ਨੂੰ ਜਾ ਦੱਬਿਆ ਤੇ ਕਿਸ਼ਤੀ ਕਬਜੇ 'ਚ ਲੈ ਲਈ।
ਪੰਜ ਕੰਪਨੀਆਂ ਵਿਚੋਂ ਹਰ ਇਕ ਵਿੱਚੋਂ ਸੋਲ੍ਹਾਂ, ਸੋਲ੍ਹਾਂ ਸੈਨਿਕਾਂ ਨੇ ਪਹਿਲੀ ਕਿਸ਼ਤੀ ਰਾਹੀਂ ਪਾਰ ਜਾਣ ਤੇ ਪਾਰਲੇ ਕਿਨਾਰਿਓਂ ਦੂਜੀਆਂ ਦੋਹਾਂ ਕਿਸ਼ਤੀਆਂ ਨੂੰ ਮੋੜ ਲਿਆਉਣ ਦੀ ਪੇਸ਼ਕਸ਼ ਕੀਤੀ। ਇਧਰ ਦੱਖਣੀ ਕਿਨਾਰੇ ਦੀ ਪਹਾੜੀ 'ਤੇ ਲਾਲ ਸੈਨਿਕਾਂ ਨੇ ਮਸ਼ੀਨਗੰਨਾਂ ਬੀੜ ਦਿੱਤੀਆਂ। ਮਈ ਦਾ ਮਹੀਨਾ ਸੀ। ਦਰਿਆ ਬਹੁਤ ਤੇਜ ਤੇ ਯਾਂਗਸੀ ਨਾਲੋਂ ਵੀ ਵੱਧ ਚੌੜਾ ਸੀ। ਤੇ 80 'ਲਾਲ' ਸਿਰ ਤੇ ਕਫਨ ਬੰਨ• ਕੇ ਪਾਰਲੇ ਕੰਢੇ ਦੁਸ਼ਮਣ ਦੇ ਘੁਰਨੇ ਵੱਲ ਵਧ ਰਹੇ ਸਨ। ਓਦੋਂ ਕੌਣ ਸੋਚ ਸਕਦਾ ਸੀ ਕਿ ਇਨ੍ਹਾਂ ਵਿਚੋਂ ਇੱਕ ਵੀ ਬਚ ਸਕੇਗਾ। ਇਨ੍ਹਾਂ ਦੇ ਸਿਰਾਂ ਉਤੋਂ ਦੀ ਦੱਖਣੀ ਕਿਨਾਰੇ ਤੋਂ ਮਸ਼ੀਨ ਗਨਾਂ ਦੁਸ਼ਮਣ ਦੀਆਂ ਨੰਗੀਆਂ ਪੁਜੀਸ਼ਨਾਂ ਤੇ ਗੋਲੀਆਂ ਵਰ੍ਹਾ ਰਹੀਆਂ ਸਨ। ਤੇ ਇਹ ਛੋਟੀ ਜਿਹੀ ਟੁਕੜੀ ਸਾਹਮਣੇ ਤੋਂ ਆ ਰਹੀਆਂ ਗੋਲੀਆਂ ਦੀ ਵਾਛੜ ਵਿਚੋਂ ਦੀ ਪਾਰਲੇ ਕਿਨਾਰੇ ਅੱਪੜ ਹੀ ਗਈ। ਇਨ੍ਹਾਂ ਨੇ ਉਥੇ ਫੁਰਤੀ ਨਾਲ ਮੋਰਚੇ ਮੱਲ ਲਏ ਅਤੇ ਸਿੱਧੀ ਪਹਾੜੀ ਦੀ ਢਲਾਣ 'ਤੇ ਹੌਲੀ ਹੌਲੀ ਥਾਵਾਂ ਸਾਂਭ ਲਈਆਂ। ਉਥੇ ਉਨ੍ਹਾਂ ਨੇ ਆਪਣੀਆਂ ਹਲਕੀਆਂ ਮਸ਼ੀਨਗਨਾਂ ਬੀੜੀਆਂ ਤੇ ਦੁਸ਼ਮਣ ਦੇ ਘੁਰਨਿਆਂ 'ਤੇ ਗੋਲੀ ਸਿੱਕੇ ਤੇ ਹੈਂਡ ਗਰਨੇਡਾਂ ਦਾ ਮੀਂਹ ਵਰ੍ਹਾ ਦਿੱਤਾ। ਅਚਾਨਕ ਦੁਸ਼ਮਣ ਵੱਲੋਂ ਗੋਲੀ ਚੱਲਣੀ ਬੰਦ ਹੋ ਗਈ, ਉਹ ਆਪਣੇ ਘੁਰਨਿਆਂ ਚੋਂ ਨਿਕਲੇ ਤੇ ਭੱਜ ਕੇ ਦੂਜੀ ਥਾਂ, ਫੇਰ ਤੀਜੀ ਥਾਂ ਤੇ ਜਾ ਲੁਕੇ । ਇਧਰੋਂ ਦੱਖਣੀ ਕਿਨਾਰੇ ਤੋਂ ਵੱਜ ਰਹੇ 'ਹੋ! ਹੋ! ਦੇ ਲਲਕਾਰੇ ਲਾਲ ਟੁਕੜੀ ਅੰਦਰ ਜੋਸ਼ ਤੇ ਦੁਸ਼ਮਣ ਅੰਦਰ ਹੌਲ ਪੈਦਾ ਕਰ ਰਹੇ ਸਨ। ਅਖੀਰ ਦੁਸ਼ਮਣ ਭੱਜ ਨਿਕਲਿਆ ਤੇ ਇੰਨੇ ਨੂੰ ਪਹਿਲੀ ਕਿਸ਼ਤੀ ਦੂਜੀਆਂ ਦੋਹਾਂ ਕਿਸ਼ਤੀਆਂ ਸਮੇਤ ਮੁੜ ਆਈ। ਇਹ ਤਿੰਨੇ ਕਿਸ਼ਤੀਆਂ ਲਗਾਤਾਰ ਤਿੰਨ ਦਿਨ-ਰਾਤਾਂ ਲਾਲ ਸੈਨਾ ਨੂੰ ਪਰਲੇ ਕਿਨਾਰੇ ਢੋਂਦੀਆਂ ਰਹੀਆਂ ਤੇ ਲਗਭਗ ਇੱਕ ਡਵੀਜਨ ਉਤਰ ਵਾਲੇ ਕਿਨਾਰੇ 'ਤੇ ਪਹੁੰਚ ਗਈ। ਪਰ ਦਰਿਆ ਤੇਜ ਹੀ ਤੇਜ ਹੁੰਦਾ ਜਾ ਰਿਹਾ ਸੀ। ਤੀਜੇ ਦਿਨ ਤਾਂ ਕਿਸ਼ਤੀ ਨੂੰ ਪਾਰ ਲੱਗਣ ਵਿੱਚ ਚਾਰ ਘੰਟੇ ਲੱਗਣ ਲੱਗੇ। ਇਸ ਹਿਸਾਬ ਨਾਲ ਤਾਂ ਸਾਰੀ ਸੈਨਾ ਤੇ ਮਾਲ ਅਸਬਾਬ ਨੂੰ ਪਾਰ ਲਾਉਣ ਵਿਚ ਕਈ ਹਫਤੇ ਲੱਗ ਜਾਣੇ ਸਨ ਤੇ ਉੁਸ ਤੋਂ ਕਿਤੇ ਪਹਿਲਾਂ ਲਾਲ ਸੈਨਾ ਨੇ ਘਿਰ ਜਾਣਾ ਸੀ।
ਚਿਆਂਗ ਕਾਈ-ਸ਼ੇਕ ਦੇ ਹਵਾਈ ਜਹਾਜਾਂ ਨੇ ਹੁਣ ਤੱਕ ਇਸ ਥਾਂ ਦਾ ਪਤਾ ਲਾ ਲਿਆ ਸੀ ਅਤੇ ਉਹ ਇਸ ਤੇ ਜਬਰਦਸਤ ਬੰਬਾਰੀ ਕਰ ਰਹੇ ਸਨ। ਇਸੇ ਤਾਤੂ ਦੇ ਕਿਨਾਰਿਆਂ 'ਤੇ ਸੰਨ 1865 'ਚ ਸ਼ੀਹ ਤਾ-ਕਾਈ ਦੀ ਅਗਵਾਈ ਹੇਠਲੀ ਕਾਈ ਪਿੰਗ ਬਾਗੀਆਂ ਦੀ ਇੱਕ ਲੱਖ ਫੌਜ ਨੂੰ ਮਾਨਚੂ ਫੌਜਾਂ ਨੇ ਘੇਰ ਕੇ ਪੂਰੀ ਤਰਾਂ ਤਬਾਹ ਕਰ ਦਿੱਤਾ ਸੀ। ਚਿਆਂਗ ਕਾਈ ਸ਼ੇਕ ਨੇ ਯੁੱਧ-ਸਰਦਾਰਾਂ ਨੂੰ ਤੇ ਆਪਣੇ ਜਰਨੈਲਾਂ ਨੂੰ ਤਾਰਾਂ ਭੇਜ ਦਿੱਤੀਆਂ ਸਨ ਕਿ ਉਹ ਤਾਈ ਪਿੰਗ ਦੇ ਇਤਿਹਾਸ ਨੂੰ ਮੁੜ ਦੁਹਰਾ ਦੇਣ। ਕੌਮਿਨਤਾਂਗੀ ਹਵਾਈ ਜਹਾਜਾਂ ਨੇ ਇਲਾਕੇ ਵਿੱਚ ਅਣਗਿਣਤ ਹੱਥ ਪਰਚੇ ਵੀ ਸੁੱਟ ਦਿੱਤੇ ਸਨ, ਜਿਨ੍ਹਾਂ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਮਾਓ ਜੇ ਤੁੰਗ ਇੱਕ ਹੋਰ ਸ਼ੀਹ ਤਾ-ਕਾਈ ਹੋਵੇਗਾ। ਦੂਜੇ ਪਾਸੇ ਲਾਲ ਸੈਨਾ ਦੇ ਸਿਆਸੀ ਕੌਮੀਸਾਰ ਕਾਮਰੇਡ ਲੀ ਲਿਨ ਨੇ ਵੀ ਇਸ ਵੰਗਾਰ ਨੂੰ ਪੂਰੀ ਦ੍ਰਿੜ੍ਹਤਾ ਨਾਲ ਕਬੂਲਿਆ। ''ਅਸੀਂ ਸ਼ੀਹ ਤਾ-ਕਾਈ ਨਹੀਂ ਹਾਂ ਬਲਕਿ ਕਮਿਊਨਿਸਟ ਪਾਰਟੀ ਅਤੇ ਚੇਅਰਮੈਨ ਮਾਓ ਦੀ ਅਗਵਾਈ ਹੇਠਲੀ ਮਜਦੂਰਾਂ ਕਿਸਾਨਾਂ ਦੀ ਲਾਲ ਫੌਜ ਹਾਂ। .. ..ਅਸੀਂ ਇਸੇ ਤਾਤੂ ਦਰਿਆ ਤੇ ਹੀ ਚੀਨੀ ਇਨਕਲਾਬ ਦੇ ਇਤਿਹਾਸ ਵਿਚ ਇੱਕ ਹੋਰ ਸ਼ਾਨਦਾਰ ਕਾਂਡ ਲਿਖਣ ਦੀ ਧਾਰੀ ਹੋਈ ਹੈ।'' ਦੁਸ਼ਮਣ ਫੌਜਾਂ ਦੱਖਣ-ਪੂਰਬ ਵੱਲੋਂ ਵਧੀਆਂ ਆ ਰਹੀਆਂ ਸਨ। ਕਾਹਲ ਵਿਚ ਇਕ ਫੌਜੀ ਕਾਨਫਰੰਸ ਬੁਲਾਈ ਗਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਪੱਛਮ ਵੱਲ ਲੱਗਭਗ ਸਵਾ ਸੌ ਮੀਲ ਦੂਰ ਲਿਊ ਤਿੰਗ-ਚਿਆਓ ਨਾਂਅ ਦੇ ਪੁਲ ਰਾਹੀਂ ਤਾਤੂ ਪਾਰ ਕੀਤਾ ਜਾਵੇ। ਤਿੱਬਤ ਦੇ ਪੂਰਬ ਵੱਲ ਤਾਤੂ ਨੂੰ ਪਾਰ ਕਰਨ ਦਾ ਇਹ ਆਖਰੀ ਸੰਭਵ ਰਸਤਾ ਸੀ। ਜੇ ਇਹ ਪੁਲ ਪਾਰ ਨਾ ਕਰ ਸਕੇ ਤਾਂ ਲਾਲ ਸੈਨਾ ਨੂੰ ਵਾਪਸ ਲੋਲੋ ਪ੍ਰਦੇਸ ਤੇ ਯੂਨਾਨ ਵਿੱਚੋਂ ਦੀ ਪੱਛਮ ਸਰਹੱਦ 'ਤੇ ਜਾਣਾ ਪੈਣਾ ਸੀ, ਜਿੱਥੇ ਬਹੁਤ ਹੀ ਥੋੜਿਆਂ ਦੇ ਬਚੇ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਸੀ।
ਇਸ ਪੁਲ ਵੱਲ ਲਾਲ ਸੈਨਾ ਨੰਗੇ ਪੈਰੀਂ ਚੱਲ ਪਈ। ਦਰਿਆ ਦੇ ਨਾਲ ਨਾਲ ਬਹੁਤ Àੁੱਚੀਆਂ ਨੀਵੀਆਂ ਪਹਾੜੀਆਂ ਸਨ। ਕਦੇ ਕਦੇ ਤਾਂ ਕਈ ਕਈ ਹਜ਼ਾਰ ਫੁੱਟ ਉਚੀ ਚੜ੍ਹਾਈ ਚੜ੍ਹਨੀ ਪੈ ਜਾਂਦੀ ਸੀ। ਤੇ ਫਰ ਹੇਠਾਂ ਦਰਿਆ ਦੇ ਤਲ ਦੇ ਬਰਾਬਰ ਤੱਕ ਉਤਰਨਾ ਪੈ ਜਾਂਦਾ ਸੀ। ਸੈਨਾ ਦਾ ਮੁੱਖ ਹਿੱਸਾ ਦੱਖਣੀ ਕਿਨਾਰੇ ਦੇ ਨਾਲ ਨਾਲ ਅਤੇ ਦਰਿਆਓਂ ਪਾਰ ਟੱਪ ਚੁੱੱਕੀ ਡਿਵੀਜਨ, ਉੱਤਰੀ ਕਿਨਾਰੇ ਦੇ ਨਾਲ ਨਾਲ ਤੇਜੀ ਨਾਲ ਵਧੀਆਂ ਜਾ ਰਹੀਆਂ ਸਨ। ਕਿਤੇ ਕਿਤੇ ਪਹਾੜੀ ਕਿਨਾਰੇ ਇੱਕ ਦੂਜੇ ਦੇ ਇੰਨਾ ਨੇੜੇ ਹੋ ਜਾਂਦੇ ਸਨ ਕਿ ਉਹ ਇਕ ਦੂਜੇ ਪਾਸੇ ਵਾਲਿਆਂ ਨੂੰ ਹਾਕਾਂ ਮਾਰ ਮਾਰ ਬੁਲਾਉਂਦੇ ਸਨ ਅਤੇ ਕਦੇ ਕਦੇ ਪਾੜਾ ਇੰਨਾ ਵਧ ਜਾਂਦਾ ਸੀ ਕਿ ਕਿ ਉਨ੍ਹਾਂ ਨੂੰ ਇਉਂ ਡਰ ਲਗਦਾ ਸੀ ਕਿਤੇ ਜਾਲਮ ਤਾਤੂ ਉਨ੍ਹਾਂ ਨੂੰ ਹਮੇਸ਼ਾ ਲਈ ਅੱਡ ਅੱਡ ਨਾ ਕਰ ਦੇਵੇ। ਦੋਵਾਂ ਪਾਸੇ ਹਰਿਆਵਲ ਦਸਤੇ ਦਿਨ ਰਾਤ ਭੱਜੇ ਜਾ ਰਹੇ ਸਨ। ਵਿਚਾਲਿਓਂ ਰੋਟੀ ਤੇ ਆਰਾਮ ਲਈ ਸਿਰਫ ਦਸ ਦਸ ਮਿੰਟ ਲਈ ਰੁਕਦੇ ਸੀ, ਜਿਸ ਦੌਰਾਨ ਥੱਕੇ ਟੁੱਟੇ ਸਿਆਸੀ ਕੌਮੀਸਾਰ ਉਨ੍ਹਾਂ ਨੂੰ ਏਸ ਇਕ ਕਾਰਨਾਮੇ ਦੀ ਮਹੱਤਤਾ ਸਮਝਾਉਂਦੇ ਸੀ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਆਖਰੀ ਤੇ ਪੂਰਾ ਤਾਣ ਲਾ ਦੇਣ ਲਈ ਪ੍ਰੇਰਦੇ ਸਨ। ਕਿਉਂਕਿ ''ਜਿੱਤ, ਜਿੰਦਗੀ ਸੀ ਤੇ ਹਾਰ, ਪੱੱਕ ਨਾਲ ਮੌਤ।''
ਦੂਜੇ ਦਿਨ, ਉੱਤਰੀ ਕਿਨਾਰੇ ਵਾਲੀ ਡਵੀਜਨ ਦੁਸ਼ਮਣ ਨਾਲ ਝੜੱਪਾਂ ਹੋਣ ਕਾਰਨ ਪਿਛੇ ਰਹਿ ਗਈ। ਇੰਨੇ ਨੂੰ ਦੁਸ਼ਮਣ ਫੌਜਾਂ ਵੀ ਤੇਜੀ ਨਾਲ ਪੁਲ ਵੱਲ ਵਧਦੀਆਂ ਦਿਸਣ ਲੱਗ ਪਈਆਂ। ਪਰ ਉਧਰ ਭਾੜੇ ਦੇ ਟੱਟੂ ਬਹੁਤੀ ਵਾਰੀ ਤੇ ਬਹੁਤਾ ਚਿਰ ਆਰਾਮ ਕਰਦੇ ਸਨ। ਏਧਰ ਦੀ ਸਾਰੀ ਲਾਲ ਸੈਨਾ 'ਚੋਂ ਛਾਂਟਵੀਂ ਆਗੂ ਟੁਕੜੀ ਦੁਸਮਣ ਨੂੰ ਪਿੱਛੇ ਛੱਡ ਗਈ ਅਤੇ ਪੁਲ 'ਤੇ ਪਹਿਲਾਂ ਪਹੁੰਚ ਗਈ। ਪੁਲ, ਆਰ ਪਾਰ ਬੰਨ੍ਹੇ ਹੋਏ ਲੋਹੇ ਦੇ ਸੋਲਾਂ ਭਾਰੇ ਸੰਗਲਾਂ ਦਾ ਬਣਿਆ ਹੋਇਆ ਸੀ ਜਿਨ੍ਹਾਂ ਉਤੇ ਮੋਟੇ ਮੋਟੇ ਲੱਕੜ ਦੇ ਫੱਟੇ ਲੱਗੇ ਹੋਏ ਸਨ। ਪਰ, ਉਥੇ ਪਹੁੰਚ ਕੇ ਦੇਖਿਆ ਕਿ ਇੱਕ ਪਾਸੇ ਵੱਲ ਦੇ ਅੱਧ ਵਿਚਕਾਰ ਤੱਕ ਫੱਟੇ ਹਟਾ ਦਿੱਤੇ ਗਏ ਸਨ। ਅਤੇ ਪੁਲ ਦੇ ਉਸ ਪਾਰ ਦੁਸ਼ਮਣ ਦੀ ਇਕ ਰਜਮੈਂਟ ਮਸ਼ੀਨਗੰਨਾਂ ਲਈ ਬੈਠੀ ਸੀ। ਕੌਣ ਪਾਗਲ ਇਨ੍ਹਾਂ ਨੰਗੇ ਸੰਗਲਾਂ ਉਤੋਂ ਦੀ ਪੁਲ ਪਾਰ ਕਰਨ ਦਾ ਜੇਰਾ ਕਰ ਸਕਦਾ ਸੀ? ਪਰ ਲਾਲ ਸੈਨਾ ਕੋਲ ਅਜਿਹੇ 'ਪਾਗਲਾਂ' ਦਾ ਕੋਈ ਘਾਟਾ ਨਹੀਂ ਸੀ। ਇੱਕ ਇੱਕ ਮਿੰਟ ਵੀ ਕੀਮਤੀ ਸੀ। ਦੁਸ਼ਮਣ ਫੌਜਾਂ ਦੇ ਪਹੁੰਚਣ ਤੋਂ ਪਹਿਲਾਂ ਪੁਲ ਤੇ ਕਬਜਾ ਕਰਨਾ ਲਾਜਮੀ ਸੀ। ਅਨੇਕਾਂ ਲਾਲ ਸੈਨਕਾਂ ਨੇ ਜਿੰਦਗੀਆਂ ਤੇ ਖੇਡ ਜਾਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਜਿਨ੍ਹਾਂ ਵਿਚੋਂ 30 ਛਾਂਟ ਲਏ ਗਏ। ਅੱਗ ਦੀਆਂ ਲਾਟਾਂ 'ਚ ਨਿਝੱਕ ਵੜ ਜਾਣ ਵਾਲੇ ਇਹ ਭਮੱਕੜ ਆਪਣੀਆਂ ਪਿਠਾਂ 'ਤੇ ਹੈਂਡ ਗਰਨੇਡ ਤੇ ਮਾਊਜ਼ਰ ਬੰਨ੍ਹ ਕੇ ਲੋਹੇ ਦੇ ਸੰਗਲਾਂ ਨਾਲ ਝੂਲਣ ਲੱਗੇ। ਏਧਰੋਂ ਮਸ਼ੀਨਗਨਾਂ ਨੇ ਦੁਸ਼ਮਣ ਦੇ ਗੜ੍ਹ ਨੂੰ ਗੋਲੀਆਂ ਨਾਲ ਛਾਨਣੀ ਕਰ ਦਿਤਾ। ਪਰ ਦੁਸ਼ਮਣ ਵੱਲੋਂ ਵੀ ਸੰਗਲਾਂ 'ਤੇ ਗੋਲੀਆਂ ਵਰ੍ਹਾਈਆਂ ਜਾਣ ਲੱਗੀਆਂ। ਇਕ ਇਕ ਕਰਕੇ ਇਹ ਸੂਰਮੇ ਹੇਠਾਂ ਉਬਲਦੀ ਧਾਰ ਵਿਚ ਡਿਗਦੇ ਗਏ। ਪਰ ਮੌਤ ਨੂੰ ਮਖੌਲਾਂ ਕਰਨ ਵਾਲੇ ਜੋਧੇ ਵਿਚਕਾਰਲੇ ਫੱਟਿਆਂ ਨੂੰ ਅਪੜ ਰਹੇ ਸਨ। ਏਨੇ ਨੂੰ ਦੁਸ਼ਮਣ ਦੀਆਂ ਬਹੁਤੀਆਂ ਗੋਲੀਆਂ ਫੱਟਿਆਂ ਦੀ ਓਟ ਕਰਕੇ ਪਾਸੇ ਨਿਕਲਣ ਲੱਗ ਪਈਆਂ। ਅਖੀਰ ਇਕ ਲਾਲ ਫੌਜੀ ਫੱਟੇ 'ਤੇ ਜਾ ਚੜ੍ਹਿਆ। ਅੱਖ ਝਪਕਦੇ ਹੀ ਉਸ ਨੇ ਆਪਣੇ ਗਰਨੇਡ ਦਾ ਪਿੰਨ ਕੱਢ ਕੇ ਇਸ ਨੂੰ ਦੁਸ਼ਮਣ ਦੇ ਘੁਰਨੇ ਵਿਚ ਐਨ ਠੀਕ ਨਿਸ਼ਾਨੇ 'ਤੇ ਮਾਰਿਆ। ਦੁਸ਼ਮਣਾਂ ਨੇ ਫੱਟਿਆਂ 'ਤੇ ਪੈਰਾਫਿਨ ਸੁੱਟ ਕੇ ਅੱਗ ਲਗਾ ਦਿਤੀ। ਉਦੋਂ ਤੱਕ ਲੱਗਭਗ ਵੀਹ ਲਾਲ ਸੂਰਮੇ ਫੱਟਿਆਂ ਤੇ ਚੜ• ਆਏ ਸਨ ਤੇ ਅੱਗ ਦੀਆਂ ਲਾਟਾਂ ਵਿਚੋਂ ਰਫਤਾਰ ਨਾਲ ਭੱਜ ਕੇ ਦੁਸ਼ਮਣ ਦੀਆਂ ਮਸ਼ੀਨਗਨਾਂ ਤੇ ਗਰਨੇਡ ਸੁੱਟੀ ਜਾ ਰਹੇ ਸਨ।.ਅਚਾਨਕ ਦੱਖਣੀ ਕਿਨਾਰੇ ਤੋਂ ਉਨ੍ਹਾਂ ਦੇ ਸਾਥੀਆਂ ਦੇ ਜੈਕਾਰੇ ਸੁਣਨ ਲੱਗੇ .-'ਲਾਲ ਸੈਨਾ-ਜਿੰਦਾਬਾਦ!' 'ਇਨਕਲਾਬ ਜਿੰਦਾਬਾਦ'! 'ਤਾਤੂ ਹੋ ਦੇ ਸੂਰਮੇ ਜਿੰਦਾਬਾਦ!' ਦੁਸ਼ਮਣ ਦੀਆਂ ਭਾਜੜਾਂ ਪੈ ਗਈਆਂ ਸਨ। ਲਾਲ ਸੈਨਾ ਦਿਆਂ ਲਾਲਾਂ ਨੇ ਭੱਜ ਕੇ ਦੁਸ਼ਮਣ ਦੀਆਂ ਹੀ ਮਸ਼ੀਨਗਨਾਂ ਦੇ ਮੂੰਹ ਉਨ੍ਹਾਂ ਵੱਲ ਮੋੜ ਦਿੱਤੇ । ਛੇਤੀ ਹੀ ਪਿਛੋਂ ਉਤਰੀ ਕਿਨਾਰੇ ਵਾਲੀ ਲਾਲ ਡਿਵੀਜਨ ਵੀ ਦਿਸ ਪਈ। ਏਧਰੋਂ ਲਾਲ ਸੈਨਾ ਤੇਜੀ ਨਾਲ ਸੰਗਲਾਂ ਤੇ ਫੱਟੇ ਜੜ ਕੇ ਪੁਲ ਪਾਰ ਕਰਨ ਲੱਗ ਪਈ। ਸਿਰਾਂ ਉਪਰ ਚਿਆਂਗ ਕਾਈ-ਸ਼ੇਕ ਦੇ ਹਵਾਈ ਜਹਾਜ ਖੱਸੀ ਚੰਘਿਆੜਾਂ ਮਾਰ ਰਹੇ ਸਨ। ਉਨ੍ਹਾਂ ਨੇ ਬੰਬ ਸੁੱਟ ਸੁੱਟ ਕੇ ਪੁਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਬਹੁਤੇ ਬੰਬ ਤਾਤੂ ਦੀ ਧਾਰ ਵਿਚ ਡਿਗ ਕੇ ਠਰ ਗਏ। ਘੰਟੇ ਦੋ ਘੰਟੇ ਅੰਦਰ ਹੀ ਸਮੁੱਚੀ ਲਾਲ ਸੈਨਾ ਤਾਤੂ ਪਾਰ ਕਰਕੇ ਨਚਦੀ ਗਾਉਂਦੀ ਜ਼ੇ-ਚੁਆਨ ਅੰਦਰ ਦਾਖਲ ਹੋ ਚੁੱਕੀ ਸੀ। ਆਨ ਜੈਨ ਚਾਂਗ ਤੇ ਲਿਊ ਤਿੰਗ ਚਿਆਓ ਦੇ ਇਨ੍ਹਾਂ ਨਾਇਕਾਂ ਨੂੰ, ਉਨ੍ਹਾਂ ਦੀ ਅਦੁੱਤੀ ਸੂਰਮਗਤੀ ਦੇ ਇਨਾਮ ਵਜੋਂ, ਲਾਲ ਸੈਨਾ ਅੰਦਰ, ਸਭ ਤੋਂ Àੁੱਚੇ ਸਤਿਕਾਰ-ਲਾਲ ਤਾਰੇ-ਨਾਲ ਨਿਵਾਜਿਆ ਗਿਆ।
ਹੁਣ ਲਾਲ ਸੈਨਾ ਪੱਛਮੀ ਜੇ ਚੁਆਨ ਅੰਦਰ ਮੁਕਾਬਲਤਨ ਆਜ਼ਾਦੀ ਵਾਲੀ ਹਾਲਤ ਵਿਚ ਪਹੁੰਚ ਗਈ ਸੀ। ਪਰ ਹਾਲੇ ਔਖਿਆਈਆਂ ਮੁੱਕੀਆਂ ਨਹੀਂ ਸਨ। ਸੱਤ ਵੱਡੇ ਪਹਾੜੀ ਸਿਲਸਿਲਿਆਂ ਵਾਲਾ ਦੋ ਹਜ਼ਾਰ ਮੀਲ ਦਾ ਸਫਰ ਅਜੇ ਤਹਿ ਕਰਨਾ ਬਾਕੀ ਸੀ। ਤਾਤੂ ਦਰਿਆ ਦੇ ਉਤਰ ਵੱਲ ਲਾਲ ਸੈਨਾ ਨੇ ਮਹਾਨ ਬਰਫੀਲੇ ਪਹਾੜ ਉਤੇ ਸੋਲਾਂ ਹਜ਼ਾਰ ਫੁੱਟ ਦੀ ਚੜ੍ਹਾਈ ਕੀਤੀ। ਇਸ ਤੋਂ ਵੀ ਮੁਸ਼ਕਲ ਵੀਰਾਨ ਪਹਾੜ ਪਾਓ ਤੁੰਗ ਕਾਂਗ ਹਾਲੇ ਚੜ੍ਹਨਾ ਰਹਿੰਦਾ ਸੀ। ਪਰ ਉਹ ਚੜ੍ਹਦੇ ਗਏ। ਤੇ 20 ਜੁਲਾਈ 1935 ਨੂੰ ਉੱਤਰ ਪੱਛਮੀ ਜ਼ੇ-ਚੁਆਨ ਦੇ ਮੋਊ-ਕੁੰਗ ਇਲਾਕੇ ਵਿਚ ਦਾਖਲ ਹੋ ਗਏ । ਇਥੇ ਉਹ ਛੋਟੀ ਫਰੰਟ ਸੈਨਾ ਅਤੇ ਸੁੰਗਪਾਨ ਦੇ ਲਾਲ ਇਲਾਕੇ ਨਾਲ ਜਾ ਜੁੜੇ। ਲਾਲ ਸੈਨਾ ਨੇ ਹੁਣ ਲੰਮਾ ਦਮ ਲਿਆ ਤੇ ਆਪਣੀਆਂ ਸਫਾਂ ਨੂੰ ਮੁੜ ਨੌਂ-ਬਰ-ਨੌਂ ਕੀਤਾ। -੦-
(ਲੰਮੇ ਕੂਚ ਬਾਰੇ ਲੰਮੀ ਲਿਖਤ 'ਚੋਂ ਕੁਝ ਅੰਸ਼)
No comments:
Post a Comment