Friday, October 5, 2012

ਕੋਲਾ ਖਾਣ ਘਪਲੇ ਦੇ ਸਵਾਲ 'ਤੇ: ਦਾਗ਼ੀ ਦਾਮਨਾਂ ਦਾ ਭੇੜ Surkh Rekha Sep-Oct 2012



ਕੋਲਾ ਖਾਣ ਘਪਲੇ ਦੇ ਸਵਾਲ 'ਤੇ:

ਦਾਗ਼ੀ ਦਾਮਨਾਂ ਦਾ ਭੇੜ
-ਤਜਿੰਦਰਪਾਲ 
ਅੱਜ ਕੱਲ੍ਹ ਕੋਲਾ ਖਾਣਾਂ ਦੀ ਕਾਰਪੋਰੇਟ ਕੰਪਨੀਆਂ ਨੂੰ ਕੀਤੀ ਗਈ ਅਲਾਟਮੈਂਟ ਵਿੱਚ ਹੋਇਆ ਘਪਲਾ ਚਰਚਾ ਵਿੱਚ ਹੈ। ਇਸ ਘਪਲੇ ਨੂੰ ਲੈ ਕੇ ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦਾ ਅਖਾੜਾ ਭਖਿਆ ਹੋਇਆ ਹੈ। ਹੁਣੇ ਲੰਘਿਆ ਪਾਰਲੀਮੈਂਟ ਦਾ ਸਮੁੱਚਾ ਸੈਸ਼ਨ ਹਕੂਮਤ ਤੇ ਵਿਰੋਧੀ ਧਿਰ ਦਰਮਿਆਨ ਇਸ ਨੁਕਤੇ 'ਤੇ ਚੱਲੇ ਭੇੜ ਦੀ ਭੇਟ ਚੜ੍ਹ ਗਿਆ ਹੈ। ਭਾਜਪਾ ਵੱਲੋਂ ਬਿਨਾ ਕੋਈ ਬਹਿਸ-ਮੁਬਾਹਸਾ ਕੀਤੇ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਿਆ ਗਿਆ ਅਤੇ ਪਾਰਲੀਮਾਨੀ ਕਾਰਵਾਈ ਨੂੰ ਐਲਾਨੀਆ ਜਾਮ ਰੱਖਿਆ ਗਿਆ ਹੈ। ਕਾਂਗਰਸੀ ਅਤੇ ਉਸਦੀਆਂ ਸਹਿਯੋਗ ਪਾਰਟੀਆਂ ਵੱਲੋਂ ਭਾਜਪਾ ਨੂੰ ਪਾਰਲੀਮੈਂਟ ਅੰਦਰ ਬਹਿਸ ਲਈ ਲਲਕਾਰਿਆ ਜਾਂਦਾ ਰਿਹਾ ਹੈ। ਇਹ ਹਾਕਮ ਜਮਾਤੀ ਸਿਆਸੀ ਤਮਾਸ਼ਾ ਹੁਣ ਵੀ ਪਾਰਲੀਮੈਂਟ ਤੋਂ ਬਾਹਰ ਜਾਰੀ ਹੈ। 
ਪਾਰਲੀਮੈਂਟ ਦੇ ਅੰਦਰ ਤੇ ਬਾਹਰ ਮੌਕਾਪ੍ਰਸਤ ਸਿਆਸੀ ਪਾਰਟੀਆਂ ਦਰਮਿਆਨ ਇਸ ਮਸਲੇ 'ਤੇ ਚੱਲ ਰਿਹਾ ਟਕਰਾਅ ਨਾ ਪਹਿਲਾ ਹੈ ਅਤੇ ਨਾ ਹੀ ਆਖਰੀ। ਕਿਉਂਕਿ ਕੋਲਾ ਖਾਣਾਂ ਨਾਲ ਸਬੰਧਤ ਇਹ ਘਪਲਾ ਵੀ ਨਾ ਹੀ ਪਹਿਲਾ ਹੈ ਅਤੇ ਨਾ ਹੀ ਆਖਰੀ। ਸੈਂਕੜੇ ਘਪਲੇ ਉਂਗਲਾਂ 'ਤੇ ਗਿਣੇ ਜਾ ਸਕਦੇ ਹਨ। ਇਹਨਾਂ ਵਿੱਚੋਂ ਬੋਫਰਜ਼ ਘਪਲਾ, ਚਾਰਾ ਘਪਲਾ, ਕੱਫਣ ਘਪਲਾ, 2-ਜੀ ਸਪੈਕਟਰਮ ਅਲਾਟਮੈਂਟ ਘਪਲਾ, ਕਾਮਨਵੈਲਥ ਖੇਡ ਘਪਲਾ, ਕਰਨਾਟਕ ਖਾਣ ਘਪਲਾ, ਆਦਰਸ਼ ਸੁਸਾਇਟੀ ਘਪਲਾ, ਦਿੱਲੀ ਏਅਰਪੋਰਟ ਘਪਲਾ, ਸਟੈਂਪ ਡਿਊਟੀ ਘਪਲਾ, ਖੰਡ ਘਪਲਾ ਵਗੈਰਾ ਵਗੈਰਾ ਨੂੰ ਕੁੱਝ ਉੱਭਰਵੇਂ ਘਪਲਿਆਂ ਵਿੱਚ ਗਿਣਿਆ ਜਾ ਸਕਦਾ ਹੈ। ਗੱਲ ਕੀ ਘਪਲੇ 'ਤੇ ਘਪਲਾ ਹੋ ਰਿਹਾ ਹੈ। ਇਹ ਇੱਕੜ-ਦੁੱਕੜ ਜਾਂ ਕੁੱਝ ਗਿਣਤੀ ਦੇ ਘਪਲਿਆਂ ਦਾ ਮਾਮਲਾ ਨਹੀਂ ਹੈ। ਇਹ ਘਪਲਿਆਂ ਦਾ ਇੱਕ ਪੂਰਾ-ਸੂਰਾ ਸਿਲਸਿਲਾ ਹੈ, ਇੱਕ ਵਰਤਾਰਾ ਹੈ, ਜਿਹੜਾ ਲਗਾਤਾਰ ਤੇਜ਼ ਹੋ ਰਿਹਾ ਹੈ ਅਤੇ ਫੈਲ-ਪਸਰ ਰਿਹਾ ਹੈ। ਇਹ ਵਰਤਾਰਾ ਇਸ ਪਿਛਾਖੜੀ ਆਰਥਿਕ-ਸਿਆਸੀ ਪ੍ਰਬੰਧ ਦੇ ਵਜੂਦ ਸਮੋਇਆ ਹੈ ਯਾਨੀ ਇਹ ਰੋਗ ਇਸ ਪ੍ਰਬੰਧ ਦੇ ਹੱਡਾਂ ਵਿੱਚ ਰਚਿਆ ਹੋਇਆ ਹੈ ਅਤੇ ਇਸ ਵਰਤਾਰੇ ਦਾ ਅੰਤ ਵੀ ਇਸ ਪ੍ਰਬੰਧ ਦੇ ਭੋਗ ਪੈਣ ਨਾਲ ਹੋਣਾ ਹੈ। 
ਇਸਦਾ ਕਾਰਨ ਇਹ ਹੈ ਕਿ ਸਾਮਰਾਜੀ ਅਤੇ ਉਹਨਾਂ ਦਾ ਦਲਾਲ ਦੇਸੀ ਕਾਰਪੋਰੇਟ ਲਾਣਾ ਮੁਲਕ ਦੇ ਦੌਲਤ-ਖਜ਼ਾਨਿਆਂ ਤੇ ਕਮਾਈ ਦੇ ਸਾਧਨਾਂ ਨੂੰ ਹਥਿਆਉਣ ਅਤੇ ਚੂੰਡਣ ਲਈ ਆਪਸੀ ਮੁਕਾਬਲੇਬਾਜ਼ੀ ਦੀ ਦੌੜ ਵਿੱਚ ਪਿਆ ਹੋਇਆ ਹੈ। ਵੱਧ ਤੋਂ ਵੱਧ ਆਪਣੇ ਹੱਥ ਹੇਠ ਕਰਨ ਲਈ ਇਹ ਕਾਰਪੋਰੇਟ ਲਾਣਾ ਇਥੋਂ ਦੇ ਮੌਕਾਪ੍ਰਸਤ ਸਿਆਸੀ ਟੋਲਿਆਂ ਅਤੇ ਵੱਡੀ  ਅਫਸਰਸ਼ਾਹੀ ਨੂੰ ਕਮਿਸ਼ਨਾਂ/ਹਿੱਸੇ-ਪੱਤੀ ਵਜੋਂ ਵੱਡੇ ਗਫੇ ਬਖਸ਼ਦਾ ਹੈ। ਦੇਸੀ-ਬਦੇਸ਼ੀ ਕਾਰਪੋਰੇਟ ਲਾਣੇ ਦੇ ਜਿਹੜੇ ਹਿੱਸੇ ਕੇਂਦਰੀ ਅਤੇ ਸੂਬਾਈ ਹਕੂਮਤਾਂ 'ਤੇ ਭਾਰੂ ਦਲਾਲਾਂ ਸਿਆਸਤਦਾਨਾਂ ਅਤੇ ਵੱਡੀ ਅਫਸਰਸ਼ਾਹੀ ਨੂੰ ਵਰਤਦਿਆਂ, ਮੁਲਕ ਦੀ ਜ਼ਮੀਨ-ਜਾਇਦਾਦ ਅਤੇ ਕਮਾਈ ਦੇ ਸਾਧਨਾਂ 'ਚੋਂ ਵੱਡੇ ਹਿੱਸੇ ਹਥਿਆਉਣ ਵਿੱਚ ਸਫਲ ਹੋ ਜਾਂਦੇ ਹਨ, ਉਹਨਾਂ ਦੀ ਪੌਂਅ ਬਾਰਾਂ ਹੈ। ਜਿਹੜੇ ਇਸ ਦੌਰ ਵਿੱਚ ਇੱਕ ਵਾਰੀ ਫਾਡੀ ਰਹਿ ਜਾਂਦੇ ਹਨ, ਉਹ ਵੀ ਟਿਕ ਨਹੀਂ ਬੈਠਦੇ। ਉਹ ਹਕੂਮਤਾਂ ਅੰਦਰ ਬੈਠੇ ਆਪਣੇ ਵੱਲ ਡੱਕਾ ਸਿੱਟਣ ਵਾਲੇ ਦਲਾਲ ਸਿਆਸਤਦਾਨਾਂ ਅਤੇ ਵੱਡੀ ਅਫਸਰਸ਼ਾਹੀ ਦੇ ਹਿੱਸਿਆਂ ਨੂੰ ਸ਼ਿਸਕਰਦੇ ਹਨ। ਸਿੱਟੇ ਵਜੋਂ, ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਧੜਿਆਂ ਅੰਦਰ ਜੂਤ-ਪਤਾਣ ਦਾ ਸਿਲਸਿਲਾ ਤੇ ਵਰਤਾਰਾ ਚੱਲਦਾ ਹੈ। ਇਸ ਵਰਤਾਰੇ ਦੇ ਨਾਲ ਹੀ ਮੁਲਕ ਦੀ ਵੱਡੀ ਅਫਸਰਸ਼ਾਹੀ ਵਿੱਚ ਤਰੇੜਾਂ ਆਉਣ ਦਾ ਅਮਲ ਵੀ ਚੱਲਦਾ ਹੈ। 
ਪਰ ਅੱਜ ਦੀ ਹਾਲਤ ਵਿੱਚ ਕੋਲਾ ਖਾਣਾਂ ਦੀ ਅਲਾਟਮੈਂਟ ਅਤੇ ਹੋਰ ਮਾਮਲਿਆਂ ਨਾਲ ਸਬੰਧਤ ਘਪਲਿਆਂ ਦੇ ਉਭਰਨ ਨੇ ਦੋ ਗੱਲਾਂ ਸਾਹਮਣੇ ਲਿਆਂਦੀਆਂ ਹਨ: ਇੱਕ- ਉਪਰ ਜ਼ਿਕਰ ਅਧੀਨ ਘਪਲਿਆਂ ਦਾ ਸਿਲਸਿਲਾ ਫੈਲਿਆ-ਪਸਰਿਆ ਹੈ ਅਤੇ ਇਸ ਨੇ ਵੱਡਾ ਆਕਾਰ ਅਖਤਿਆਰ ਕਰ ਲਿਆ ਹੈ। ਦੂਜਾ- ਇਸ ਵਰਤਾਰੇ ਦੇ ਭਰਿਆੜ ਹੋਣ ਦੇ ਅਮਲ ਨੇ ਜ਼ੋਰ ਫੜਿਆ ਹੈ।  ਘਪਲੇਬਾਜ਼ੀ ਦੇ ਫੈਲਰਨ-ਪਸਰਨ ਅਤੇ ਭਰਿਆੜ ਹੋਣ ਦੇ ਜ਼ੋਰ ਫੜਨ ਦਾ ਅਮਲ ਉਸ ਹਾਲਤ ਵਿੱਚ ਚੱਲ ਰਿਹਾ ਹੈ, ਜਦੋਂ ਮੁਲਕ ਦੀਆਂ ਦਲਾਲ ਹਾਕਮ ਜਮਾਤਾਂ ਉਹਨਾਂ ਦੇ ਟੁੱਕੜਬੋਚ ਮੌਕਾਪ੍ਰਸਤ ਸਿਆਸੀ ਟੋਲਿਆਂ ਵੱਲੋਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਇੱਕ ਸੁਰ ਹੋ ਕੇ ਜੈ-ਜੈ ਕਾਰ ਕੀਤੀ ਜਾ ਰਹੀ ਅਤੇ ਇਹਨਾਂ ਨੂੰ ਲਾਗੂ ਕਰਨ ਦੇ ਮਾਮਲੇ ਵਿੱਚ ਸਾਮਰਾਜੀਆਂ ਤੋਂ ਪ੍ਰਸੰਸਾ ਹਾਸਲ ਕਰਨ ਲਈ ਇੱਕ ਦੂਜੇ ਤੋਂ ਉੱਤੋਂ ਦੀ ਡਿੱਗ ਰਹੇ ਹਨ। ਨੀਤੀ ਮਾਮਲਿਆਂ ਵਿੱਚ ਐਡੀ ਇੱਕਮੱਤਤਾ ਅਤੇ ਇੱਕਸੁਰਤਾ ਹੋਣ ਦੇ ਬਾਵਜੂਦ ਦਿਨੋਂ-ਦਿਨ ਤਿੱਖਾ ਤੇ ਡੂੰਘਾ ਹੋ ਰਿਹਾ s sਆਰਥਿਕ ਸੰਕਟ ਦੇਸੀ-ਬਦੇਸ਼ੀ ਘਰਾਣਿਆਂ ਦਰਮਿਆਨ ਟਕਰਾਅ ਨੂੰ ਵੇਗ ਮੁਹੱਈਆ ਕਰ ਰਿਹਾ ਹੈ। ਸਿੱਟੇ ਵਜੋਂ ਮੁਲਕ ਦੇ ਦਲਾਲ ਸਿਆਸੀ ਲਾਣੇ ਅੰਦਰ ਧੜੇਬੰਦੀ, ਕਾਟੋ-ਕਲੇਸ਼ ਅਤੇ ਭੇੜ ਤੇਜ਼ ਹੋ ਰਿਹਾ ਹੈ। ਦਲਾਲ ਸਿਆਸੀ ਲਾਣੇ ਅੰਦਰ ਜ਼ੋਰ ਫੜ ਰਿਹਾ ਇਹ ਭੇੜ ਇਸ ਕਦਰ ਤਿੱਖਾ ਹੋ ਰਿਹਾ ਹੈ ਕਿ ਇਹ ਇੱਕ ਦੂਜੇ ਦੀ ਢੱਕੀ ਰਿੱਝਣ ਨਹੀਂ ਦੇ ਰਿਹਾ। ਇੱਕ ਦੂਜੇ ਨੂੰ ਮਾਤ ਦੇਣ ਲਈ ਇੱਕ-ਦੂਜੇ ਨੂੰ ਬੱਦੂ ਕਰਨ ਅਤੇ ਆਪਣੇ ਆਪ ਨੂੰ ਦੁੱਧ-ਧੋਤਾ ਸਾਬਤ ਕਰਨ ਲਈ ਸ਼ਰੇਬਾਜ਼ਾਰ ਇੱਕ ਦੂਜੇ ਦੇ ਪੋਤੜੇ ਫਰੋਲਣ ਦਾ ਅਮਲ ਚਲਾਉਣ 'ਤੇ ਤਾਣ ਲਾਇਆ ਜਾ ਰਿਹਾ ਹੈ। ਹਾਲਤ ਇਹ ਬਣ ਰਹੀ ਹੈ ਕਿ ਹੁਣ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਕਿਸੇ ਨੀਤੀ-ਮਾਮਲਿਆਂ 'ਤੇ ਰਸਮੀਂ ਬਹਿਸ-ਮੁਬਾਹਸੇ ਦਾ ਪਲੇਟਫਾਰਮ ਹੋਣ ਦੀ ਬਜਾਏ ਬਹੁਤਾ ਕਰਕੇ ਇੱਕ-ਦੂਜੇ ਦੇ ਝੱਗੇ-ਪੋਤੜੇ ਫੋਲਣ ਦੀ ਬੇਸ਼ਰਮ ਖੇਡ ਦਾ ਅਖਾੜਾ ਬਣਕੇ ਰਹਿ ਗਈਆਂ ਹਨ। 
ਸੋ, ਕੋਲਾ-ਖਾਣਾ ਦੀ ਅਲਾਟਮੈਂਟ ਨਾਲ ਸਬੰਧਤ ਘਪਲੇਬਾਜ਼ੀ ਬਾਰੇ ਹਕੂਮਤੀ ਧਿਰ  ਅਤੇ ਵਿਰੋਧੀ ਧਿਰ ਦਰਮਿਆਨ ਪਾਰਲਮੀਮੈਂਟ ਦੇ ਅੰਦਰ ਤੇ ਬਾਹਰ ਚੱਲਿਆ ਤੇ ਚੱਲ ਰਿਹਾ ਜੂਤ-ਪਤਾਣ ਉਪਰੋਕਤ ਵਰਤਾਰੇ ਦਾ ਹੀ ਇੱਕ ਝਲਕਾਰਾ ਹੈ। ਪਾਰਲੀਮੈਂਟ ਅੰਦਰ ਅਤੇ ਬਾਹਰ ਅਖਬਾਰਾਂ, ਟੀ.ਵੀ. ਚੈਨਲਾਂ 'ਤੇ ਬਾਹਾਂ ਉਲਾਰ ਉਲਾਰ ਕੇ ਇੱਕ ਦੂਜੇ ਨਾਲ ਮਿਹਣੋਂ-ਮਿਹਣੀ ਹੋ ਰਹੇ ਇਸ ਸਭ ਮੌਕਾਪ੍ਰਸਤ ਸਿਆਸਤਦਾਨ ਘਪਲੇਬਾਜ਼ੀ ਦੇ ਚਿੱਕੜ ਵਿੱਚ ਸਿਰ ਤੋਂ ਪੈਰਾਂ ਤੱਕ ਲਿਬੜੇ ਹੋਏ ਹਨ। ਸਭ ਨੇ ਰਲ ਕੇ ਮੁਲਕ ਨੂੰ ਸਾਮਰਾਜੀ ਗਿਰਝਾਂ ਮੂਹਰੇ ਚੂੰਡਣ ਵਾਸਤੇ ਪਰੋਸਿਆ ਹੋਇਆ ਹੈ। ਸਭ ਮੁਲਕ ਨੂੰ ਵਿੱਕਰੀ 'ਤੇ ਲਾਉਣ ਵਾਲੇ ਪੇਸ਼ਾਵਰ ਦਲਾਲ ਹਨ। ਕੋਲਾ ਖਾਣਾਂ ਦੇ ਮਾਮਲੇ ਵਿੱਚ ਹੋਈ ਘਪਲੇਬਾਜ਼ੀ ਵਿੱਚ ਖੁਦ ਭਾਜਪਾ ਅਤੇ ਇਸਦੀਆਂ ਸੂਬਾਈ ਹਕੂਮਤਾਂ ਲਿਬੜੀਆਂ ਹੋਈਆਂ ਹਨ ਅਤੇ ਪਾਰਲੀਮੈਂਟ ਨੂੰ ਜਾਮ ਰੱਖਣ ਦੀ ਇੱਕ ਵਜਾਹ ਇਹ ਸੀ ਕਿ ਭਾਜਪਾ ਬਹਿਸ ਦੇ ਅਮਲ ਨੂੰ ਰੋਕ ਕੇ ਆਪਣੇ ਦਾਗੀ ਦਾਮਨ ਦੀ ਨੁਮਾਇਸ਼ ਲੱਗਣ ਤੋਂ ਬਚਾਅ ਕਰਨਾ ਚਾਹੁੰਦੀ ਸੀ।   -੦-

No comments:

Post a Comment