ਸਰਮਾਏਦਾਰੀ ਆਪਣੇ ਉਚੇਰੇ ਪੜਾਅ 'ਤੇ ਪਹੁੰਚ ਕੇ ਅਣਮਨੁੱਖੀ ਹੋ ਨਿਬੜਦੀ ਹੈ
(ਸਾਬਕਾ ਸਮਾਜਵਾਦੀ ਚੀਨ ਦੇ ਪ੍ਰਧਾਨ ਮੰਤਰੀ ਚਾਓ-ਇਨ-ਲਾਈ ਦੀ ਟਿੱਪਣੀ)ਬੁਰਜੁਆਜੀ ਸਾਨੂੰ ਫਿਟਕਾਰਾਂ ਪਾਉਂਦੀ ਹੈ ਅਤੇ ਕਹਿੰਦੀ ਹੈ ਕਿ ਅਸੀਂ ਸਿਰਫ ਸਮੂਹ ਨੂੰ ਹੀ ਚਾਹੁੰਦੇ ਹਾਂ, ਵਿਅਕਤੀਗਤ ਇਜ਼ਹਾਰ ਨਹੀਂ। ਪਰ ਇਹ ਗੱਲ ਠੀਕ ਨਹੀਂ। ਅਸਲ ਵਿੱਚ ਇਹ ਸਰਮਾਏਦਾਰ ਹੀ ਹਨ ਜੋ ਸਮੂਹਕ ਜੁੰਮੇਵਾਰੀ ਨੂੰ ਨਜ਼ਰਅੰਦਾਜ ਕਰਕੇ ਨਿੱਜੀ ਪੱਖ 'ਤੇ ਵੱਧ ਜੋਰ ਦੇ ਕੇ, ਚੀਜ਼ਾਂ ਨੂੰ ਸਿਰੇ ਦੀ ਹੱਦ ਤੱਕ ਲੈ ਜਾਂਦੇ ਹਨ। ਇਸ ਨਾਲ ਪੈਦਾਵਾਰ ਵਿਚ ਅਰਾਜਕਤਾ ਪੈਦਾ ਹੋ ਜਾਂਦੀ ਹੈ। ਗੰਦਗੀ ਨਾਲ ਵਾਤਾਵਰਣ ਦੇ ਭਰਿਸ਼ਟ ਹੋ ਜਾਣ (ਪੋਲਿਊਸ਼ਨ) ਦੀ ਸਮੱਸਿਆ ਦੀ ਮਿਸਾਲ ਹੀ ਲਓ। ਇਹ ਸਮੱਸਿਆ ਸਰਮਾਏਦਾਰੀ ਪ੍ਰਬੰਧ ਹੇਠ ਹੱਲ ਨਹੀਂ ਹੋ ਸਕਦੀ। ਤੁਸੀਂ ਸਾਡਾ ''ਪੂਰਬ ਲਾਲੋ ਲਾਲ'' ਨਾਂ ਦਾ ਤੇਲ ਸੋਧਕ ਕਾਰਖਾਨਾ ਦੇਖਿਆ ਹੈ। (ਪੀਕਿੰਗ ਦੇ ਦੱਖਣ ਪੱਛਮ ਵੱਲ ਇੱਕ ਪੈਟਰੋਕੈਮੀਕਲ ਕੰਪਲੈਕਸ ਜਿਸ ਦੀ ਹਰ ਪ੍ਰਕਿਰਿਆ 'ਚ ਬਚਿਆ ਵਿਅਰਥ ਮਾਲ ਅਗਲੀ ਪ੍ਰਕਿਰਿਆ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ, ਜਿਸ ਨਾਲ ਅਖੀਰ 'ਤੇ ਸਿਰਫ ਸਾਫ ਪਾਣੀ ਹੀ ਬਾਹਰ ਵਹਿੰਦਾ ਹੈ।) ਉੱਥੇ ਅਸੀਂ ਵਿਅਰਥ ਮਾਲ ਦੀ ਸਮੱਸਿਆ ਨੂੰ ਹੱਲ ਕਰ ਲਿਆ ਹੈ । ਅਸੀਂ ਬਚੇ ਹੋਏ ਪਾਣੀ ਨਾਲ ਬੱਤਖਾਂ ਤੇ ਮੱਛੀਆਂ ਪਾਲਦੇ ਹਾਂ ਅਤੇ ਖੇਤ ਸਿੰਜਦੇ ਹਾਂ। ਪਰ ਅਸੀਂ ਫੇਰ ਵੀ ਸੰਤੁਸ਼ਟ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਬਚਿਆ-ਖੁਚਿਆ ਪਾਣੀ ਸਾਫ ਹੋਵੇ ਕਿ ਲੋਕ ਉਸ ਨੂੰ ਪੀ ਸਕਣ। ਇਸ ਤਰ੍ਹਾਂ ਸਾਨੂੰ ਆਪਣੇ ਤੇਲ-ਸੋਧਕ ਕਾਰਖਾਨੇ ਨਾਲ ਪਾਣੀ ਸਾਫ ਕਰਨ ਦੀ ਇੱਕ ਹੋਰ ਪ੍ਰਕਿਰਿਆ ਜੋੜਨੀ ਪਵੇਗੀ।
ਪਰ ਅਮਰੀਕਾ ਵਿਚ ਏਸ ਪੱਖੋਂ ਹਾਲਤ ਇੰਨੀ ਚੰਗੀ ਨਹੀਂ। 'ਮਹਾਨ ਝੀਲਾਂ ਵਿਚਲੀਆਂ ਸਾਰੀਆਂ ਮੱਛੀਆਂ ਮਰ ਰਹੀਆਂ ਹਨ ਅਤੇ ਸਮੁੰਦਰੀ ਤਟਾਂ ਦੀਆਂ ਮੱਛੀਆਂ ਦਾ ਵੀ ਇਹੋ ਹਾਲ ਹੈ। ਇਸੇ ਕਰਕੇ ਅਮਰੀਕੀ ਹੁਣ ਪੀਰੂ ਦੀ ਮੱਛੀ ਵਾਸਤੇ ਲੜਦੇ ਹਨ। ਪੀਰੂ ਅਤੇ ਉਸਦੇ ਗੁਆਂਢੀ ਦੇਸ਼ਾਂ ਨੇ ਆਪਾ-ਬਚਾਓ ਲਈ 200 ਮੀਲ ਦੀ ਸੀਮਾ ਸਥਾਪਤ ਕਰ ਲਈ ਹੈ। ਸਾਡੀ ਸਰਕਾਰ ਇਸ ਦੀ ਹਮਾਇਤ ਕਰਦੀ ਹੈ। ਇਹ ਉਨ੍ਹਾਂ ਸ਼ਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਉਪਰ ਪੀਰੂ ਨਾਲ ਸਫਾਰਤੀ ਸੰਬੰਧ ਸਥਾਪਤ ਕਰਨ ਵੇਲੇ ਅਸੀਂ ਰਜ਼ਾਮੰਦ ਹੋਏ ਸਾਂ। ਅਜਾਰੇਦਾਰ ਸਰਮਾਏਦਾਰੀ ਸਿਰਫ ਆਪਣੇ ਤਟਾਂ ਨੂੰ ਹੀ ਭਰਿਸ਼ਟ ਨਹੀਂ ਕਰਦੀ ਸਗੋਂ ਇਹ ਹੋਰਨਾਂ ਦੇ ਸਮੁੰਦਰੀ ਤਟਾਂ ਦੀ ਦੌਲਤ ਮਗਰ ਵੀ ਭਜਦੀ ਹੈ।
ਜਾਪਾਨ ਨੂੰ ਵੀ ਗੰਦੀ-ਹਵਾ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣੇ ਜਿਹੇ ਟੋਕੀਓ ਦਾ ਨਗਰਪਤੀ ਇਥੇ ਆਇਆ ਸੀ। ਉਹ ਅਗਾਂਹਵਧੂ ਹੈ ਜਿਸਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ। ਸੋਸ਼ਲਿਸਟ ਪਾਰਟੀ ਨਾਲ ਸੰਬੰਧਤ ਯੋਕੋਹਾਮਾ ਦਾ ਨਗਰਪਤੀ ਵੀ ਆਇਆ ਸੀ। ਉਹ ''ਪੂਰਬ ਲਾਲੋ ਲਾਲ'' ਕਾਰਖਾਨੇ ਨੂੰ ਦੇਖਣ ਗਏ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਵਾਤਾਵਰਣ ਨੂੰ ਭਰਿਸ਼ਟ ਕਰ ਰਹੀ ਗੰਦਗੀ ਸੰਬੰਧੀ ਕੀ ਉਪਾਉ ਸੋਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੌਜੂਦਾ ਢਾਂਚੇ ਅਧੀਨ ਇਸ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਰਾਹ ਨਹੀਂ। ਖੁਸ਼ਕਿਸਮਤੀ ਨਾਲ ਟੋਕੀਓ ਵਿੱਚ ਪੁਰਾਣੇ ਤੇ ਛੋਟੇ ਕਾਰੋਬਾਰ ਹੀ ਜਿਆਦਾ ਹਨ। ਜਪਾਨ ਦੀ ਰਾਜਧਾਨੀ ਵਾਲਾ ਇਹ ਸ਼ਹਿਰ ਗੰਦੇ ਵਿਅਰਥ ਪਾਣੀ ਨੂੰ ਵੱਡੀ ਮਾਤਰਾ ਵਿਚ ਉਤਪੰਨ ਨਹੀਂ ਕਰਦਾ, ਤੇ ਨਾ ਹੀ ਉਥੇ ਤੇਲ ਸਾਫ ਕਰਨ ਵਾਲੇ ਵੱਡੇ ਕਾਰਖਾਨੇ ਹੀ ਹਨ। ਫਿਰ ਵੀ ਕਾਰਾਂ ਹਵਾ ਨੂੰ ਪਲੀਤ ਕਰਨ ਦੀ ਸਮੱਸਿਆ ਖੜੀ ਕਰ ਦਿੰਦੀਆਂ ਹਨ। ਟੋਕੀਓ ਨਿਵਾਸੀ ਇਸ ਗਰਦੋ-ਗੁਬਾਰ ਸਾਹਮਣੇ ਬੇਬਸ ਹਨ। ਉਨ੍ਹਾਂ ਦੇ ਨਗਰਪਤੀ ਨੂੰ ਸਾਈਕਲਾਂ ਵਾਲੇ ਪੀਕਿੰਗ ਨਾਲ ਸਾੜਾ ਸੀ। ਪਰ ਉਸ ਨੇ ਕਿਹਾ ਕਿ ਹਾਲਤ ਨੂੰ ਬਦਲਣ ਲਈ ਉਹ ਕੁੱਝ ਵੀ ਨਹੀਂ ਕਰ ਸਕਦਾ। ਸਾਰੇ ਅਜਾਰੇਦਾਰ ਸਰਮਾਏਦਾਰ ਕਾਰਾਂ ਵੇਚਣੀਆਂ ਚਾਹੁੰਦੇ ਹਨ। ਮੁਨਾਫੇ ਬਟੋਰਨ ਲਈ ਉਨ੍ਹਾਂ ਨੂੰ ਕਾਰਾਂ ਦੀ ਵੱਡੀ ਮੰਡੀ ਦੀ ਲੋੜ ਹੈ ਅਤੇ ਉਹ ਚਾਹੁੰਦੇ ਹਨ ਕਿ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਨਵੀਆਂ ਬਦਲੇ ਵਟਾ ਲੈਣ।
ਯੋਕੋਹਾਮਾ ਦੇ ਆਲੇ-ਦੁਆਲੇ ਹਾਲਾਤ ਇਸ ਤੋਂ ਵੀ ਭੈੜੇ ਹਨ। ਸਮੁੰਦਰੀ ਤਟਾਂ ਨੇੜੇ ਕੁੱਲ ਮੱਛੀ ਮਰ ਚੁੱਕੀ ਹੈ। ਅਜਿਹਾ ਵੱਡੇ ਵੱਡੇ ਤੇਲ ਸੋਧਕ ਕਾਰਖਾਨਆਂ ਦੀ ਵਜ੍ਹਾ ਕਰਕੇ ਹੋਇਆ ਹੈ। ਏਸ ਸਿਰੇ ਤੱਕ ਪਹੁੰਚਿਆ ਵਿਅਕਤੀਵਾਦ ਲੋਕਾਂ ਦੇ ਇੱਕ ਦੂਜੇ ਨੂੰ ਦਰੜਨ ਅਤੇ ਨੁਕਸਾਨ ਪਹੁੰਚਾਉਣ ਦਾ ਕਾਰਨ ਬਣਦਾ ਹੈ। ਇਸ ਨਾਲ ਵਾਤਾਵਰਣ ਵਿਚ ਗੰਦਗੀ ਫੈਲਦੀ ਹੈ। ਸਿਰਫ ਪੂੰਜੀ ਨਿਵੇਸ਼ (ਲਾਗਤ) ਵਿਚ ਵੱਡਾ ਵਾਧਾ ਹੁੰਦਾ ਹੈ। ਇਹ ਪੈਸਾ ਖਰਚ ਕੇ ਹੀ ਕੀਤਾ ਜਾ ਸਕਦਾ ਹੈ, ਇਸ ਲਈ ਮਾਲਕ ਅਜਿਹਾ ਨਹੀਂ ਕਰੇਗਾ । ਇਸ ਤਰਾਂ ਸਰਮਾਏਦਾਰੀ ਆਪਣੇ ਉਚੇਰੇ ਪੜਾਅ ਤੇ ਪਹੁੰਚ ਕੇ ਆਪਣੇ ਹੀ ਕੌਮੀ ਵਾਤਾਵਰਣ ਨੂੰ ਤਬਾਹ ਕਰ ਦਿੰਦੀ ਹੈ ਅਤੇ ਅਣਮਨੁੱਖੀ ਹੋ ਨਿਬੜਦੀ ਹੈ। ਦੂਜੇ ਪਾਸੇ ਸਾਡਾ ਸਮਾਜਵਾਦ ਵਿਅਕਤੀ ਅਤੇ ਭਾਈਚਾਰੇ ਦਰਮਿਆਨ ਇੱਕ ਉਚਿੱਤ ਰਿਸ਼ਤਾ ਕਾਇਮ ਰਖਦਾ ਹੈ। -੦-
(ਵਿਲੀਅਮ ਹਿੰਟਨ ਨਾਲ ਇੰਟਰਵਿਊ ਦਾ ਇੱਕ ਭਾਗ)
No comments:
Post a Comment