Saturday, November 28, 2026

ਗਾਜ਼ਾ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਬੰਬਾਰੀ ਤੇ ਭੁੱਖਮਰੀ ਦੀਆਂ ਹਾਲਤਾਂ 'ਚ ਜੂਝਦੇ ਗਾਜ਼ਾ ਵਾਸੀ



 ਗਾਜ਼ਾ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ 

ਬੰਬਾਰੀ ਤੇ ਭੁੱਖਮਰੀ ਦੀਆਂ ਹਾਲਤਾਂ 'ਚ ਜੂਝਦੇ ਗਾਜ਼ਾ ਵਾਸੀ

ਸੂਰਮੇ ਵੀਅਤਕਾਂਗੀ ਬੱਚੇ

 ਸੂਰਮੇ ਵੀਅਤਕਾਂਗੀ ਬੱਚੇ




6 ਨਵੰਬਰ ਨੂੰ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੀ 50ਵੀਂ ਬਰਸੀ ਸੀ। ਇਹ ਸੰਤ ਰਾਮ ਉਦਾਸੀ ਦੀ ਕਲਮ ਦੀ ਤਾਕਤ ਹੈ ਕਿ ਅੱਜ ਵੀ ਉਸ ਦੇ ਗੀਤ ਕਵਿਤਾਵਾਂ ਲੋਕ ਸੰਘਰਸ਼ਾਂ ਦੇ ਅਖਾੜਿਆਂ 'ਚ ਗੂੰਜਦੇ ਹਨ। "ਇਹ ਧਰਤੀ ਹੈ ਮਜ਼ਦੂਰਾਂ ਦੀ ਨਹੀਂ ਸਰਮਾਏਦਾਰਾਂ ਦੀ" ਦਾ ਐਲਾਨ ਕਰਨ ਵਾਲੇ ਲੋਕ ਕਵੀ ਨੂੰ ਯਾਦ ਕਰਦਿਆਂ ਉਸ ਦੀ ਇਕ ਕਵਿਤਾ ਪ੍ਰਕਾਸ਼ਿਤ ਕਰ ਰਹੇ ਹਾਂ ਜਿਹੜੀ ਅਮਰੀਕੀ ਸਾਮਰਾਜ ਖਿਲਾਫ ਇਤਿਹਾਸਿਕ ਵੀਅਤਨਾਮੀ ਟਾਕਰਾ ਜੰਗ ਵੇਲੇ ਲਿਖੀ ਗਈ ਸੀ। ਅੱਜ ਗਾਜ਼ਾ 'ਚ ਸਾਮਰਾਜੀਆਂ ਵੱਲੋਂ ਡੋਲ੍ਹੇ ਜਾ ਰਹੇ ਲਹੂ ਵੇਲੇ ਸੰਤ ਰਾਮ ਉਦਾਸੀ ਦੀ ਇਹ ਰਚਨਾ ਉਵੇਂ ਹੀ ਸੱਜਰੀ ਜਾਪਦੀ ਹੈ। ਉਦਾਸੀ ਆਪਣੇ ਗੀਤਾਂ ਕਵਿਤਾਵਾਂ ਨਾਲ ਹੁਣ ਵੀ ਹਾਜ਼ਰ ਹੈ।    -ਸੰਪਾਦਕ


ਸੁਣੋ ਸੁਣੋ ਧਰਤੀ ਦੇ ਲੋਕੋ,

 ਸਾਕਾ ਜ਼ੁਲਮ ਕਹਾਣੀ ਦਾ ਵੀਅਤਨਾਮ ਦੀ ਧਰਤੀ ਉਤੇ, 

ਖੂਨ ਹੋਇਆ ਜ਼ਿੰਦਗਾਨੀ ਦਾ


ਸੱਤ ਸਮੁੰਦਰ ਪਾਰੋਂ ਲੰਘ ਕੇ, ਜ਼ਾਲਮ ਕੋਈ ਆਇਆ ਏ 

ਜਿਸ ਧਰਤੀ ਦਿਆਂ ਲਾਲਾਂ ਉਤੇ ਜ਼ੁਲਮੀਂ ਵਾਰ ਚਲਾਇਆ ਏ


ਮਾਣ ਹੈ ਉਸ ਨੂੰ ਕੁਝ ਜਾਤੀ ਦਾ, 

ਮਾਣ ਹੈ ਕੁਝ ਸਰਮਾਏ ਦਾ ਮਾਣ ਹੈ ਉਸ ਨੂੰ ਜਾਗੀਰਾਂ ਦਾ, ਮਾਣ ਹੈ ਡੰਗ ਚਲਾਏ ਦਾ


ਵੀਅਤਕਾਂਗ ਦੇ ਦੋ ਤਿੰਨ ਬੱਚੇ, 

ਜ਼ਾਲਮ ਪਕੜ ਲਿਆਏ ਹੋ ਸੰਗੀਨਾਂ ਦੇ ਪਹਿਰੇ ਹੇਠਾਂ, 

ਤੰਬੂ ਵਿਚ ਠਹਿਰਾਏ ਹੋ


ਬੱਚਾ ਸੀ ਇਕ ਛੇ ਸਾਲਾਂ ਦਾ, ਦੂਜਾ ਸੀ ਕੁਝ ਗਿਆਰਾਂ ਦਾ ਪਰ ਤੀਜਾ ਸੀ ਚੋਂਘੜ ਹਾਲੀ ਫੁੱਲ ਜਿਵੇਂ ਅਨਾਰਾਂ ਦਾ


ਵੇਖ ਵੇਖ ਕੇ ਸੰਗੀਨਾਂ ਨੂੰ, ਬਾਲਕ ਨਾ ਘਬਰਾਏ ਸੀ 

ਚਾਰ ਦਿਨਾਂ ਦੇ ਕੈਦੀ ਬੱਚੇ, ਭੁੱਖੇ ਤੇ ਤਿਹਾਏ ਸੀ


ਪੰਜਵੇਂ ਦਿਨ ਜ਼ਾਲਮ ਦੀ ਪਲਟਣ ਦਾ ਸੀ ਜੁ ਸਰਦਾਰ ਬੜਾ ਗੋਰਾ ਕਾਲ਼ੇ ਦਿਲ ਵਾਲ਼ਾ ਸੀ, ਆ ਬੱਚਿਆਂ ਦੇ ਕੋਲ ਖੜ੍ਹਾ


ਭੁੱਖੇ ਬੱਚਿਆਂ ਨੂੰ ਉਹ ਆਖੇ, ਥੋਨੂੰ ਕੇਕ ਖੁਆਵਾਂਗਾ 

ਅਮਰੀਕਾ ਵਿਚ ਬਣੇ ਖਿਡਾਉਣੇ, ਖੇਡਣ ਲਈ ਦੁਆਵਾਂਗਾ।

ਪਰ ਜੇ ਦੱਸੋਂ ਬਾਪ ਤੁਹਾਡੇ, ਰਾਤੀਂ ਕਿਥੇ ਰਹਿੰਦੇ ਹੋ 

ਥੋਡੇ ਵੀਰ ਤੁਹਾਡੀਆਂ ਭੈਣਾਂ, ਕਿਥੇ ਉਠਦੇ ਬਹਿੰਦੇ ਹੋ


ਇਹ ਸੁਣ ਬੱਚੇ ਸਹਿਮ ਗਏ ਸੀ, ਮੂੰਹੋਂ ਕੁਝ ਨਾ ਦੱਸਦੇ ਹੋ ਵੇਖ-ਵੇਖ ਕੇ ਸਹਿਮ ਉਹਨਾਂ ਦਾ, ਜ਼ਾਲਮ ਅੱਗੋਂ ਹੱਸਦੇ


ਜਾਂ ਫਿਰ ਅੱਗੋਂ ਕੁਝ ਨਾ ਦੱਸਿਆ,ਵੀਅਤਨਾਮ ਦਿਆਂ ਲਾਲਾਂ ਨੇ 

ਗੋਰੇ ਮੌਤ ਦਾ ਹੁਕਮ ਸੁਣਾਇਆ, ਸੌ ਸੌ ਦਿੱਤੀਆਂ ਗਾਲ੍ਹਾਂ ਨੇ


ਹਾਕਮ ਦਾ ਝੱਟ ਹੁਕਮ ਸੁਣੇਂਦਾ, ਇਕ ਸਿਪਾਹੀ ਆਇਆ ਸੀ ਵੱਡੇ ਭਰਾ ਦੀ ਗੋਦੀ ਚੁੱਕਿਆ, ਨਿੱਕਾ ਬਾਲ ਛੁਡਾਇਆ ਸੀ


ਲਾ ਸੰਗੀਨ ਸੀ ਭੁੱਖੇ ਢਿੱਡ ਨੂੰ, ਉਪਰ ਵੱਲ ਵਗਾ ਦਿੱਤਾ ਤੇ ਮੁੜਦੇ ਨੂੰ ਨੋਕ ਸਹਾਰੇ, ਉਪਰ ਹੀ ਅਟਕਾ ਦਿੱਤਾ


ਏਦਾਂ ਵੱਡੇ ਬੱਚਿਆਂ ਨੂੰ ਵੀ, ਥਾਵੇਂ ਪਾਰ ਬੁਲਾ ਦਿੱਤਾ। ਕਮਿਊਨਿਜ਼ਮ ਤੋਂ ਵੀਅਤਨਾਮ ਨੂੰ, ਏਦਾਂ ਮੁਕਤ ਕਰਾ ਦਿੱਤਾ


ਜਾਗੋ ਵੇ ਧਰਤੀ ਦੇ ਲੋਕੋ, ਬੱਚਿਆਂ ਦੀ ਸਹੁੰ ਲੈ ਕੇ ਵੇ ਮਾਸੂਮਾਂ ਦੇ ਕਾਤਲ ਫੁੰਡੋ, ਬਰਛੀ ਹੱਕ ਦੀ ਲੈ ਕੇ ਵੇ


-ਸੰਤ ਰਾਮ ਉਦਾਸੀ

ਕਿਰਤ ਦੀ ਅੰਨ੍ਹੀ ਲੁੱਟ 'ਤੇ ਇਉਂ ਉਸਰਿਆ ਆਈਫੋਨ ਦਾ ਬਾਜ਼ਾਰ

 ਕਿਰਤ ਦੀ ਅੰਨ੍ਹੀ ਲੁੱਟ 'ਤੇ ਇਉਂ ਉਸਰਿਆ ਆਈਫੋਨ ਦਾ ਬਾਜ਼ਾਰ

-ਸ਼ੀਰੀਂ


  
  ਐਪਲ ਅਮਰੀਕਾ ਦੀਆਂ ਧੜਵੈਲ ਕਾਰਪੋਰੇਸ਼ਨਾਂ ਵਿੱਚੋਂ ਇੱਕ ਹੈ, ਜਿਸ ਦਾ ਇਸ ਵਾਰ ਦਾ ਸਲਾਨਾ ਸ਼ੁੱਧ ਮੁਨਾਫਾ 132.175 ਬਿਲੀਅਨ ਡਾਲਰ ਹੈ। ਇਸ ਦੀ ਰੁਪਇਆਂ ਵਿੱਚ ਕੀਮਤ 1234778 ਕਰੋੜ ਰੁਪਏ ਬਣਦੀ ਹੈ। ਅਰਬਾਂ ਖਰਬਾਂ ਦੇ ਇਸ ਮੁਨਾਫ਼ੇ ਦੀਆਂ ਨੀਹਾਂ ਵਿੱਚ ਕਈ ਦੇਸ਼ ਹਨ, ਇਹਨਾਂ ਦੇਸ਼ਾਂ ਦੇ ਅਣਗਿਣਤ ਲੋਕ ਹਨ। ਇਹਨਾਂ ਲੋਕਾਂ ਵਿੱਚ ਤਾਮਿਲਨਾਡੂ ਦੇ ਉਹ ਤਿੰਨ ਜਣੇ ਵੀ ਸ਼ਾਮਿਲ ਸਨ ਜਿਹੜੇ ਹੋਸੁਰ ਆਈਫੋਨ ਪਲਾਂਟ ਅੰਦਰ ਜ਼ਹਿਰੀਲੇ ਕੈਮੀਕਲ ਦੀ ਗੰਧ ਚੜ੍ਹਨ ਕਾਰਨ ਬੀਤੇ ਦਿਨੀਂ ਮਾਰੇ ਗਏ।
          ਭਾਰਤ ਵਰਗੇ ਦੇਸ਼ਾਂ ਅੰਦਰ ਮਹਿੰਗੇ ਆਈਫੋਨ ਦੇ ਸਮਾਜਿਕ ਹੈਸੀਅਤ ਦਾ ਚਿੰਨ੍ਹ ਬਣ ਜਾਣ ਦੀ ਹਕੀਕਤ, ਇਸਦੇ ਪੰਜਾਬੀ ਗਾਣਿਆਂ ਵਿੱਚ ਵੜ ਆਉਣ ਦੀ ਹਕੀਕਤ ਅਤੇ ਇਸ ਦੇ ਮੁਨਾਫ਼ਿਆਂ ਦੇ ਨਿਤ ਚੜ੍ਹਦੇ ਗਰਾਫ ਦੀ ਹਕੀਕਤ ਇਸਦੀਆਂ ਫੈਕਟਰੀਆਂ ਅੰਦਰ ਕਿਰਤ ਦੀ ਸਿਰੇ ਦੀ ਲੁੱਟ, ਅਸਹਿ ਕੰਮ ਹਾਲਤਾਂ, ਸੁਰੱਖਿਆ ਸਾਜੋ ਸਮਾਨ ਦੀ ਘਾਟ ਅਤੇ ਹਰ ਪ੍ਰਕਾਰ ਦੇ ਨਿਯਮਾਂ ਕਾਨੂੰਨਾਂ ਦੀ ਖੁੱਲ੍ਹੀ ਅਣਗਹਿਲੀ ਦੀ ਹਕੀਕਤ ਨੂੰ ਢਕੀ ਰੱਖਦੇ ਹਨ। ਜਦੋਂ ਕੋਈ ਅਜਿਹੀ ਮੂੰਹ ਜ਼ੋਰ ਘਟਨਾ ਵਾਪਰਦੀ ਹੈ ਤਾਂ ਇੱਕ ਵਾਰ ਇਹ ਤਹਿ ਹੇਠਲੀਆਂ ਹਕੀਕਤਾਂ ਜ਼ਿਕਰ ਵਿੱਚ ਆ ਜਾਂਦੀਆਂ ਹਨ। ਜਿਵੇਂ ਹੁਣ ਇਹਨਾਂ ਮੌਤਾਂ ਨਾਲ ਜੁੜ ਕੇ ਇਸ ਪਲਾਂਟ ਅੰਦਰ ਪਹਿਲਾਂ ਅੱਗ ਲੱਗਣ ਦੀ ਦੁਰਘਟਨਾ ਵੀ ਚਰਚਾ ਵਿੱਚ ਆਈ ਹੈ, ਇਸਦੇ ਜ਼ਮੀਨੀ ਪਾਣੀ ਨੂੰ ਪਲੀਤ ਕਰਨ ਖਿਲਾਫ਼ ਪੈਂਦਾ ਰਿਹਾ ਰੌਲਾ ਵੀ ਚਰਚਾ ਵਿੱਚ ਆਇਆ ਹੈ, ਇਥੋਂ ਡਾਟਾ ਲੀਕ ਹੋਣ ਦਾ ਮਸਲਾ ਵੀ ਮੁੜ ਉਭਰਿਆ ਹੈ। ਪਰ ਮੁਨਾਫ਼ਿਆਂ ਦੀ ਧੁੱਸ ਜਾਰੀ ਰਹਿੰਦੀ ਹੈ ਅਤੇ ਇਹ ਚਰਚਾਵਾਂ ਕੁਝ ਚਿਰ ਬਾਦ ਬਾਕੀ ਦੁਨੀਆਂ ਲਈ ਠੰਢੇ ਬਸਤੇ ਵਿੱਚ ਪੈ ਜਾਂਦੀਆਂ ਹਨ। 
     ਐਪਲ ਵਰਗੀਆਂ ਕਾਰਪੋਰੇਸ਼ਨਾਂ ਦੀ ਤਰੱਕੀ ਦੀ ਕਹਾਣੀ ਦੇ ਨਾਲ ਨਾਲ ਹੋਰ ਅਨੇਕਾਂ ਥਾਵਾਂ ਤੇ ਸੰਤਾਪ ਦੀਆਂ ਕਹਾਣੀਆਂ ਲਿਖੀਆਂ ਗਈਆਂ ਹਨ। ਸਟੀਵ ਜੌਬਸ ਦੀ ਬਣਾਈ ਇਹ ਐਪਲ ਕਾਰਪੋਰੇਸ਼ਨ ਵੀ ਅਜਿਹੀਆਂ ਅਨੇਕਾਂ ਕਹਾਣੀਆਂ ਦੇ ਸਿਰ 'ਤੇ ਹੀ ਪ੍ਰਵਾਨ ਚੜ੍ਹੀ ਹੈ। 
        ਇਹ ਕੰਪਨੀ ਇਲੈਕਟਰੋਨਿਕਸ ਦੇ ਖੇਤਰ ਦੀ ਸਿਰਕੱਢ ਕੰਪਨੀ ਹੈ। ਇਹ ਪਹਿਲਾਂ ਮੁੱਖ ਤੌਰ 'ਤੇ ਆਈਪੋਡ ਬਣਾਉਂਦੀ ਰਹੀ ਹੈ ਅਤੇ ਅੱਜ ਕੱਲ੍ਹ ਮੋਬਾਈਲਾਂ ਤੋਂ ਬਿਨਾਂ ਹੋਰ ਇਲੈਕਟਰੋਨਿਕਸ ਵਸਤਾਂ ਵੀ ਬਣਾ ਰਹੀ ਹੈ। ਪਰ ਇਸ ਦੀ ਮੁੱਖ ਪਛਾਣ ਅਤੇ ਮੁੱਖ ਖੇਤਰ ਮੋਬਾਈਲ ਫੋਨ ਆਈਫੋਨ ਦਾ ਹੈ।ਇਹ ਕਈ ਦੇਸ਼ਾਂ ਤੋਂ ਖਣਿਜ ਅਤੇ ਪੁਰਾਣੇ ਮੋਬਾਈਲ ਪੁਰਜੇ ਜਟਾਉਂਦੀ ਹੈ ਅਤੇ ਉਨਾਂ ਨੂੰ ਚੀਨ ਜਾਂ ਹੋਰਨਾਂ ਦੇਸ਼ਾਂ ਵਿੱਚ ਦੀਆਂ ਆਪਣੀਆਂ ਫੈਕਟਰੀਆਂ ਵਿੱਚ ਨਵੇਂ ਮੋਬਾਈਲ ਫੋਨ ਤਿਆਰ ਕਰਨ ਲਈ ਭੇਜਦੀ ਹੈ। ਅਮਰੀਕੀ ਪ੍ਰਬੰਧ ਵਿੱਚ ਐਪਲ ਦੀ ਵਡੇਰੀ ਥਾਂ ਹੈ। ਹਾਲ ਹੀ ਵਿੱਚ ਇਸਨੇ ਟਰੰਪ ਦੇ ਬਾਲ ਰੂਮ ਪ੍ਰੋਜੈਕਟ ਲਈ ਸਭ ਤੋਂ ਵੱਧ 250 ਲੱਖ ਡਾਲਰ ਦਾਨ ਕੀਤੇ ਹਨ। ਇਸ ਦੇ ਅਜੋਕੇ ਮੁਖੀ ਟਿਮ ਕੁੱਕ ਨੇ ਟਰੰਪ ਦੇ ਉਦਘਾਟਨੀ ਸਮਾਰੋਹ ਲਈ ਨਿੱਜੀ ਤੌਰ 'ਤੇ 10 ਲੱਖ ਡਾਲਰ ਦਿੱਤੇ ਹਨ। ਇਹ ਪੈਸਾ ਉਹਨਾਂ ਮੁਨਾਫ਼ਿਆਂ ਦਾ ਬਹੁਤ ਛੋਟਾ ਹਿੱਸਾ ਹੈ ਜੋ ਇਸਨੇ ਚੀਨ, ਭਾਰਤ ਜਾਂ ਹੋਰਨਾਂ ਦੇਸ਼ਾਂ ਵਿੱਚੋਂ ਨਿਚੋੜੇ ਹਨ। ਬੀਤੇ ਮਹੀਨਿਆਂ ਵਿੱਚ ਭਾਰਤ ਅਮਰੀਕਾ ਵਪਾਰ ਵਾਰਤਾ ਚੱਲਦਿਆਂ ਜਦੋਂ ਟਰੰਪ ਨੇ ਭਾਰਤ ਉੱਤੇ ਭਾਰੀ ਟੈਰਿਫ ਆਇਦ ਕਰ ਦਿੱਤੇ ਸਨ ਤਾਂ ਉਸ ਸਮੇਂ ਭਾਰਤ ਤੋਂ ਬਰਾਮਦ ਹੁੰਦੇ ਮੋਬਾਇਲ ਫੋਨਾਂ ਅਤੇ ਹੋਰ ਇਲੈਕਟਰੋਨਿਕ ਚੀਜ਼ਾਂ ਨੂੰ ਇਹਨਾਂ ਟੈਰਿਫਾਂ ਤੋਂ ਛੋਟ ਦਿੱਤੀ ਗਈ ਸੀ। ਜਦੋਂ ਭਾਰਤ ਦੇ ਕਿਸਾਨ ਅਤੇ ਛੋਟੇ ਕਾਰਖਾਨੇਦਾਰ ਇਥੋਂ ਬਰਾਮਦ ਹੁੰਦੇ ਖੇਤੀ ਉਤਪਾਦਾਂ, ਕੱਪੜਿਆਂ, ਜੁੱਤੀਆਂ, ਖਣਿਜਾਂ ਅਤੇ ਹੋਰ ਸਾਜੋ ਸਮਾਨ ਉੱਤੇ ਇਹਨਾਂ 50 ਫੀਸਦੀ ਟੈਰਿਫਾਂ ਦੀ ਮਾਰ ਹੰਢਾ ਰਹੇ ਸਨ ਤਾਂ ਭਾਰਤ ਵਿੱਚੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਂਦੇ ਐਪਲ ਦੇ ਆਈਫੋਨਾਂ ਨੇ ਭਾਰਤ ਨੂੰ ਸਜ਼ਾ ਵਜੋਂ ਲਾਏ ਟੈਰਿਫਾਂ ਤੋਂ ਮੁਕੰਮਲ ਛੋਟ ਮਾਣੀ ਸੀ। ਅਜਿਹੀਆਂ ਛੋਟਾਂ ਦੇ ਸਿੱਟੇ ਵਜੋਂ ਹੀ ਐਪਲ ਦਾ ਕਾਰੋਬਾਰ ਪਿਛਲੇ ਸਾਲਾਂ ਦੌਰਾਨ ਛੜੱਪੇ ਮਾਰ ਕੇ ਵਧਿਆ ਹੈ। 2024 ਵਿੱਚ ਭਾਰਤ ਅੰਦਰ ਬਣਾਏ ਜਾਂਦੇ 3 ਕਰੋੜ 60 ਲੱਖ  ਆਈਫੋਨਾਂ ਦੀ ਗਿਣਤੀ 2025 ਵਿੱਚ ਵੱਧ ਕੇ 5.5 ਕਰੋੜ ਤੇ ਪਹੁੰਚ ਗਈ ਸੀ ਅਤੇ 2026 ਵਿੱਚ ਇਸਦੇ 6.5 ਕਰੋੜ ਉੱਤੇ ਪਹੁੰਚਣ ਦੀਆਂ ਆਸਾਂ ਲਾਈਆਂ ਜਾ ਰਹੀਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਐਪਲ ਨੇ ਭਾਰਤ ਵਿੱਚੋਂ 70 ਅਰਬ ਡਾਲਰ ਦੇ ਆਈਫੋਨ ਬਣਵਾਏ ਹਨ। ਭਾਰਤ ਵਿੱਚੋਂ ਨਿਰਯਾਤ ਹੋ ਰਹੇ ਸਮਾਰਟ ਫੋਨਾਂ ਵਿੱਚੋਂ 75 ਫੀਸਦੀ ਹਿੱਸਾ ਆਈਫੋਨਾਂ ਦਾ ਹੈ।
      ਪਿਛਲੇ ਦਹਾਕਿਆਂ ਦੌਰਾਨ ਆਪਣੀ ਸਸਤੀ ਕਿਰਤ ਅਤੇ ਹੋਰ ਕਾਰਪੋਰੇਟ ਪੱਖੀ ਪੇਸ਼ਬੰਦੀਆਂ ਸਦਕਾ ਚੀਨ ਹੋਰ ਖੇਤਰਾਂ ਦੀਆਂ ਬਹੁ ਕੌਮੀ ਕੰਪਨੀਆਂ ਦੇ ਨਾਲ ਨਾਲ ਐਪਲ ਦੇ ਆਈਫੋਨਾਂ  ਨੂੰ ਤਿਆਰ ਕਰਨ ਦੀ ਵੀ ਪਸੰਦੀਦਾ ਥਾਂ ਬਣਿਆ ਰਿਹਾ ਹੈ। ਇਸਦੇ ਸ਼ੇਨਜ਼ੇਨ, ਡੋਂਗਗੁਆਨ, ਜ਼ੇਂਗਜ਼ੋਊ ਅਤੇ ਸ਼ੰਘਾਈ ਵਰਗੇ ਸ਼ਹਿਰ ਇਲੈਕਟਰੋਨਿਕ ਸਨਅਤ ਲਈ ਲੋੜੀਂਦੇ ਪੁਰਜੇ ਬਣਾਉਣ ਅਤੇ ਮੋਬਾਇਲ ਫੋਨ ਜੋੜ ਕੇ ਤਿਆਰ ਕਰਨ ਦੇ ਵੱਡੇ ਕੇਂਦਰ ਬਣ ਕੇ ਉੱਭਰੇ ਹਨ। ਜ਼ੇਂਗਜ਼ੋਊ ਸੰਸਾਰ ਦਾ ਸਭ ਤੋਂ ਵੱਡਾ ਆਈਫੋਨ ਨਿਰਮਾਤਾ ਕੇਂਦਰ ਬਣ ਕੇ ਉਭਰਿਆ ਹੈ ਜਿੱਥੇ 90 ਤੋਂ ਵਧੇਰੇ ਅਸੈਂਬਲੀ ਲਾਈਨਾਂ ਹਨ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਿਕ ਇੱਕ ਆਈਫੋਨ ਨੂੰ ਬਣਾਉਣ ਲਈ 400 ਪੜਾਅ ਬਣਦੇ ਹਨ ਅਤੇ ਜ਼ੇਂਗਜ਼ੋਊ ਇੱਕ ਦਿਨ ਵਿੱਚ ਪੰਜ ਲੱਖ ਆਈਫੋਨ ਬਣਾਉਂਦਾ ਹੈ ਯਾਨੀ ਕਿ ਪ੍ਰਤੀ ਮਿੰਟ 350 ਆਈਫੋਨ।
ਚੀਨੀ ਸਰਕਾਰ ਨੇ ਵਿਸ਼ੇਸ਼ ਆਰਥਿਕ ਜੋਨ ਬਣਾ ਕੇ, ਕਸਟਮ ਛੋਟਾਂ ਲਾਗੂ ਕਰਕੇ, ਤਿਆਰ ਸਮਾਨ ਉੱਤੇ ਜੀਰੋ ਨਿਰਯਾਤ ਡਿਊਟੀ ਲਾ ਕੇ ਅਤੇ ਸਭ ਤੋਂ ਵਧਕੇ ਬੇਹੱਦ ਸਸਤੀ ਅਤੇ ਕੰਪਨੀਆਂ ਦੀਆਂ ਲੋੜਾਂ ਮੁਤਾਬਕ ਢਲੀ ਕਿਰਤ ਸ਼ਕਤੀ ਉਪਲਬਧ ਕਰਵਾ ਕੇ ਇਹ ਥਾਂ ਹਾਸਿਲ ਕੀਤੀ ਹੈ। ਇਸ ਦੀ ਕੀਮਤ ਚੀਨੀ ਕਾਮਿਆਂ ਨੇ ਨਿਗੂਣੀਆਂ ਉਜਰਤਾਂ, ਗੁਜਾਰਾ ਤੋਰਨ ਲਈ ਹਰ ਹਾਲ ਓਵਰ ਟਾਈਮ ਉੱਤੇ ਨਿਰਭਰਤਾ,ਸਖਤ ਕੰਮ ਹਾਲਤਾਂ ਤੇ ਇਸ ਤੋਂ ਉਪਜੀਆਂ ਗੰਭੀਰ ਸਿਹਤ ਸਮੱਸਿਆਵਾਂ ਅਤੇ ਉੱਚੇ ਖੁਦਕੁਸ਼ੀ ਅੰਕੜਿਆਂ ਨਾਲ ਅਦਾ ਕੀਤੀ ਹੈ। ਮਜ਼ਦੂਰਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਲਈ ਵੱਡੀਆਂ ਪੇਸ਼ਬੰਦੀਆਂ ਕੀਤੀਆਂ ਗਈਆਂ ਹਨ। ਕਿਰਤ ਕਾਨੂੰਨ ਸੋਧੇ ਗਏ ਹਨ ਅਤੇ ਹਕੂਮਤ ਅਤੇ ਕਾਰਪੋਰੇਟ ਅਦਾਰਿਆਂ ਦੋਨਾਂ ਵੱਲੋਂ ਕਾਮਿਆਂ ਅੰਦਰ ਹੋ ਰਹੀ ਕਿਸੇ ਵੀ ਪ੍ਰਕਾਰ ਦੀ ਹਲਚਲ ਨੂੰ ਨਜਿੱਠਣ ਲਈ ਬੇਹੱਦ ਸਖ਼ਤੀ ਵਰਤੀ ਗਈ ਹੈ। ਇਸ ਮਾਹੌਲ ਨੂੰ ਸਥਾਪਿਤ ਕਰਕੇ ਹੀ ਚੀਨ ਨੇ ਅਮਰੀਕਾ ਅਤੇ ਹੋਰਨਾਂ ਥਾਵਾਂ ਨੂੰ ਨਿਰਯਾਤ ਹੁੰਦੇ ਆਈਫੋਨਾਂ ਦੇ ਸਭ ਤੋਂ ਵੱਡੇ ਬਰਾਮਦਕਾਰ ਦੀ ਥਾਂ ਹਾਸਿਲ ਕੀਤੀ ਹੈ। ਹੁਣ ਭਾਰਤ ਇਹ ਥਾਂ ਹਾਸਿਲ ਕਰਨ ਦੀ ਕੋਸ਼ਿਸ਼ ਵਿੱਚ ਹੈ। 
        ਅਮਰੀਕਾ ਅਤੇ ਚੀਨ ਦੇ ਤਣਾਅ ਪੂਰਨ ਸਬੰਧਾਂ ਸਦਕਾ ਅਮਰੀਕੀ ਕੰਪਨੀਆਂ ਕਾਫ਼ੀ ਸਮੇਂ ਤੋਂ ਚੀਨ ਦਾ ਬਦਲ ਤਲਾਸ਼ਦੀਆਂ ਆ ਰਹੀਆਂ ਹਨ। ਪਰ ਸਸਤੀ ਅਤੇ ਨਿਪੁੰਨ ਕਿਰਤ ਅਤੇ ਹੋਰ ਸਹੂਲਤਾਂ (ਜਿਹਨਾਂ ਵਿੱਚ ਤਿਆਰ ਕਲ ਪੁਰਜਿਆਂ ਦੀ ਸੌਖੀ ਉਪਲਬਧਤਾ ਦੀ ਸਹੂਲਤ ਵੀ ਸ਼ਾਮਿਲ ਹੈ) ਦੇ ਮਾਮਲੇ ਵਿੱਚ ਚੀਨ ਦੇ ਮੁਕਾਬਲੇ ਬਾਕੀ ਥਾਵਾਂ ਘੱਟ ਮੁਨਾਫ਼ਾ ਬਖਸ਼ ਸਨ। ਹੁਣ ਭਾਰਤ ਅਤੇ ਵੀਅਤਨਾਮ ਨੇ ਇਹ ਬਦਲ ਬਣਨ ਲਈ ਜ਼ੋਰ ਲਾਇਆ ਹੈ। ਦੂਜੇ ਪਾਸੇ ਅਮਰੀਕਾ ਅਤੇ ਚੀਨ ਵਿੱਚ ਚੱਲ ਰਹੀ ਮੌਜੂਦਾ ਟੈਰਿਫ ਜੰਗ ਸਦਕਾ ਅਮਰੀਕੀ ਕੰਪਨੀਆਂ ਨੂੰ ਵੀ ਬਦਲ ਤਲਾਸ਼ਣ ਦੀ ਤੱਦੀ ਬਣੀ ਹੈ। ਇਸੇ ਕਾਰਨ ਐਪਲ ਨੇ ਆਪਣਾ ਕਾਰੋਬਾਰ ਚੀਨ ਤੋਂ ਬਾਹਰ ਵੱਲ ਤਬਦੀਲ ਕਰਨ ਦੇ ਕਦਮ ਉਠਾਏ ਹਨ।
      ਭਾਰਤੀ ਰਾਜ ਦੀ ਨੀਤੀ ਮੁੱਢ ਤੋਂ ਸਾਮਰਾਜੀ ਸੰਸਾਰੀਕਰਨ ਦਾ ਹਿੱਸਾ ਬਣਨ ਦੀ ਅਤੇ ਇਸ ਰਾਹੀਂ ਭਾਰਤੀ ਦਲਾਲ ਸਰਮਾਏਦਾਰੀ ਨੂੰ ਪ੍ਰਫੁੱਲਿਤ ਕਰਨ ਦੀ ਰਹੀ ਹੈ। ਨਵ ਉਦਾਰਵਾਦੀ ਨੀਤੀਆਂ ਦੀ ਸਮੁੱਚੀ ਲੜੀ ਇਸੇ ਦਿਸ਼ਾ ਵਿੱਚ ਸੇਧਤ ਹੈ। ਬਿਨਾਂ ਸ਼ੱਕ ਇਹ ਆਮ ਕਿਰਤੀ ਲੋਕਾਂ ਦੇ ਹਿੱਤਾਂ ਦੀ ਵੱਡੀ ਬਲੀ ਦੇ ਕੇ ਕੀਤਾ ਜਾ ਰਿਹਾ ਹੈ। ਹੁਣ ਅਮਰੀਕੀ ਕੰਪਨੀਆਂ ਦੀਆਂ ਬਦਲੀਆਂ ਲੋੜਾਂ ਅਤੇ ਆਪਣੀਆਂ ਸਦੀਵੀ ਇੱਛਾਵਾਂ ਸਦਕਾ ਭਾਰਤ ਨੇ ਇਸ ਮੌਕੇ ਦਾ ਲਾਹਾ ਲੈਣ ਲਈ ਵੱਡੇ ਕਦਮ ਚੁੱਕੇ ਹਨ। 
      ਪਹਿਲਾਂ ਸੋਧੇ ਗਏ ਕਿਰਤ ਕਾਨੂੰਨ , ਵਪਾਰਕ ਛੋਟਾਂ, ਬਦਲੇ ਗਏ ਵਾਤਾਵਰਨ ਅਤੇ ਹੋਰ ਕਾਨੂੰਨ ਵੀ ਅਜਿਹੇ ਮੰਤਵਾਂ ਲਈ ਹੀ ਪੇਸ਼ਬੰਦੀਆਂ ਸਨ। ਪਰ ਇਲੈਕਟਰੋਨਿਕ ਖੇਤਰ ਵਿਚ ਕਾਰਜਸ਼ੀਲ ਕੰਪਨੀਆਂ ਲਈ 2020 ਵਿੱਚ ਇਸ ਵੱਲੋਂ ਵਿਸ਼ੇਸ਼ ਪੀ ਐਲ ਆਈ (production linked incentive) ਯੋਜਨਾ ਸ਼ੁਰੂ ਕੀਤੀ ਗਈ ਜਿਸ ਵਿੱਚ ਸਰਕਾਰ ਵੱਲੋਂ ਇਹਨਾਂ ਕੰਪਨੀਆਂ ਨੂੰ ਕੀਤੇ ਗਏ ਉਤਪਾਦਨ ਦੇ ਆਧਾਰ ਉੱਤੇ ਪ੍ਰੇਰਕ ਰਾਸ਼ੀ ਦਿੱਤੀ ਜਾਣੀ ਸੀ। ਜੇ ਕੋਈ ਕੰਪਨੀ ਆਧਾਰ ਸਾਲ ਦੇ ਮੁਕਾਬਲੇ ਆਪਣੇ ਉਤਪਾਦਨ ਵਿੱਚ ਵਾਧਾ ਦਿਖਾਉਂਦੀ ਹੈ ਤਾਂ ਉਸ ਨੂੰ ਇਸ ਵਾਧੇ ਦੀ ਚਾਰ ਤੋਂ ਛੇ ਫੀਸਦੀ ਤੱਕ ਦੀ ਰਾਸ਼ੀ ਦਾ ਭੁਗਤਾਨ ਕੀਤੇ ਜਾਣਾ ਸੀ।ਇਸ ਲਈ ਮੁੱਢਲੇ ਤੌਰ ਉੱਤੇ ਬਜਟ ਵਿੱਚੋਂ 38601 ਕਰੋੜ ਰੁਪਏ ਰਾਖਵੇਂ ਕੀਤੇ ਗਏ। ਇਸ ਸਕੀਮ ਸਦਕਾ ਪਹਿਲੇ ਤਿੰਨ ਸਾਲਾਂ ਵਿੱਚ ਹੀ ਸਮਾਰਟਫੋਨ ਭਾਰਤ ਵਿੱਚੋਂ ਦੂਜੀ ਸਭ ਤੋਂ ਵੱਧ ਬਰਾਮਦ ਹੋਣ ਵਾਲੀ ਵਸਤ ਬਣ ਗਏ ਸਨ ।ਅੱਜ ਸਮਾਰਟ ਫੋਨ ਸਭ ਤੋਂ ਵੱਧ ਬਰਾਮਦ ਹੋਣ ਵਾਲੀ ਜਿਣਸ ਹਨ ਅਤੇ ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਇਹਨਾਂ ਵਿੱਚੋਂ ਵੀ ਆਈਫੋਨ ਭਾਰਤ ਦੀ ਇਕਲੌਤੀ ਸਭ ਤੋਂ ਵੱਧ ਨਿਰਯਾਤ ਹੋਣ ਵਾਲੀ ਚੀਜ਼ ਹੈ। ਸਕੀਮ ਦੇ ਸ਼ੁਰੂ ਹੋਣ ਤੋਂ 2024 ਤੱਕ ਦੇ ਤਿੰਨ ਸਾਲਾਂ ਦੌਰਾਨ ਇਸ ਸਕੀਮ ਤਹਿਤ ਆਈਫੋਨ ਬਣਾਉਣ ਵਾਲੀ ਕੰਪਨੀਆਂ ਨੂੰ ਸਰਕਾਰ ਵੱਲੋਂ 8700 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਸੀ ਜੋ ਕਿ ਇਹਨਾਂ ਕੰਪਨੀਆਂ ਵੱਲੋਂ ਆਪ ਨਿਵੇਸ਼ ਕੀਤੀ ਗਈ ਰਾਸ਼ੀ 8282 ਕਰੋੜ ਤੋਂ ਵੀ ਵੱਧ ਸੀ। ਯਾਨੀ ਕਿ ਉਨਾ ਪੈਸਾ ਇਹਨਾਂ ਕੰਪਨੀਆਂ ਨੇ ਵੀ ਆਪਣੇ ਨਿਵੇਸ਼ ਉੱਤੇ ਖਰਚ ਨਹੀਂ ਕੀਤਾ ਜਿਸ ਤੋਂ ਵੱਧ ਸਰਕਾਰ ਨੇ ਇਹਨਾਂ ਨੂੰ ਹੌਸਲਾ ਅਫ਼ਜ਼ਾਈ  ਦੇ ਨਾਂ ਉੱਤੇ ਦੇ ਦਿੱਤਾ।
      ਭਾਰਤ ਵਿੱਚ ਮੁੱਖ ਤੌਰ 'ਤੇ ਤਿੰਨ ਕੰਪਨੀਆਂ ਟਾਟਾ, ਫੋਕਸਕੋਨ ਅਤੇ ਪੈਗਾਟਰੋਨ ਆਈ ਫੋਨਾਂ ਦਾ ਨਿਰਮਾਣ ਕਰਦੀਆਂ ਹਨ। ਹੁਣ ਆਕੇ ਪੈਗਾਟਰੋਨ ਨੂੰ ਟਾਟਾ ਨੇ ਖਰੀਦ ਲਿਆ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਸਮੇਂ ਦੌਰਾਨ ਹੀ ਟਾਟਾ ਵੱਲੋਂ ਭਾਰਤ ਵਿੱਚ ਆਈਫੋਨ ਬਣਾ ਰਹੀ ਵਿਸਟਰੋਨ ਨੂੰ ਖਰੀਦ ਲਿਆ ਗਿਆ ਸੀ। ਇੰਡੀਅਨ ਐਕਸਪ੍ਰੈਸ ਵੱਲੋਂ ਸੂਚਨਾ ਅਧਿਕਾਰ ਐਕਟ ਰਾਹੀਂ ਹਾਸਿਲ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਵੰਡੀ ਜਾਣ ਵਾਲੀ ਰਾਸ਼ੀ ਦਾ 75 ਫੀਸਦੀ ਹਿੱਸਾ ਇਹਨਾਂ ਤਿੰਨਾਂ ਦੇ ਹਿੱਸੇ ਹੀ ਆਇਆ ਹੈ ਅਤੇ ਇਹਨਾਂ ਤਿੰਨ ਸਾਲਾਂ ਦੌਰਾਨ ਇਹਨਾਂ ਨੂੰ ਲਗਭਗ 6600 ਕਰੋੜ ਰੁਪਏ ਦਿੱਤੇ ਗਏ ਹਨ। ਜੇਕਰ ਦੋ ਹੋਰ ਕੰਪਨੀਆਂ ਸੈਮਸੰਗ ਅਤੇ ਪੈਜਟ ( ਜੋ ਕਿ ਜ਼ਿਆਓਮੀ, ਗੂਗਲ , ਮੋਟੋਰੋਲਾ ਵਰਗੇ ਫੋਨ ਤਿਆਰ ਕਰਦੀ ਹੈ) ਨੂੰ ਜੋੜ ਲਿਆ ਜਾਵੇ ਤਾਂ ਇਸ ਸਕੀਮ ਤਹਿਤ ਰਾਸ਼ੀ ਦਾ 98 ਫੀਸਦੀ ਹਿੱਸਾ ਇਹਨਾਂ ਪੰਜਾਂ ਨੂੰ ਦਿੱਤਾ ਗਿਆ ਹੈ। ਸੋ,ਇਸ ਸਕੀਮ ਦਾ ਲਾਹਾ ਮੁੱਖ ਤੌਰ 'ਤੇ ਵਿਦੇਸ਼ੀ ਕੰਪਨੀਆਂ ਲੈ ਰਹੀਆਂ ਹਨ। ਸਿਰਫ਼ ਟਾਟਾ ਹੀ ਹੈ ਜਿਸਨੇ ਵਿਸਟਰੋਨ ਅਤੇ ਪੈਗਾਟਰੋਨ ਵਰਗੀਆਂ ਕੰਪਨੀਆਂ ਨੂੰ ਖਰੀਦ ਕੇ ਆਪਣੀ ਥਾਂ ਬਣਾ ਲਈ ਹੈ। ਲਾਵਾ, ਭਗਵਤੀ (ਮਾਈਕਰੋਮੈਕਸ), ਆਪਟੀਮਸ ਵਰਗੀਆਂ ਘਰੇਲੂ ਕੰਪਨੀਆਂ ਇਸ ਸਕੀਮ ਲਈ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀਆਂ ਹਨ। ਹੁਣ ਇਸ ਸਕੀਮ ਦੇ ਅਗਲੇ ਪੰਜ ਸਾਲਾਂ ਲਈ ਮੁਢਲੇ ਤੌਰ 'ਤੇ 62500 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਇਹਨਾਂ ਕੰਪਨੀਆਂ ਦੇ ਅਗਲੇ ਮੁਨਾਫ਼ਿਆਂ ਦੀ ਜਾਮਨੀ ਕਰ ਦਿੱਤੀ ਗਈ ਹੈ।
      ਸਿਰਫ਼ ਇਹ ਪੀ ਐਲ ਆਈ ਸਕੀਮ ਹੀ ਆਈਫੋਨ ਨੂੰ ਲਭਾਉਣ ਲਈ ਨਹੀਂ ਵਰਤੀ ਗਈ। ਭਾਰਤ ਦੀ ਕਿਰਤ ਸ਼ਕਤੀ ਵੀ ਮੁਕਾਬਲਤਨ ਸਸਤੇ ਰੇਟਾਂ ਉੱਤੇ ਇਸ ਨੂੰ ਅਤੇ ਹੋਰਨਾਂ ਬਹੁ ਕੌਮੀ ਕੰਪਨੀਆਂ ਨੂੰ ਉਪਲਬਧ ਕਰਵਾਈ ਗਈ ਹੈ। ਭਾਰਤ ਅੰਦਰ ਉਜਰਤਾਂ ਚੀਨ ਦੇ ਮੁਕਾਬਲੇ ਵੀ ਕਿਤੇ ਘੱਟ ਹਨ ਅਤੇ ਚੀਨ ਦੇ ਮੁਕਾਬਲੇ ਸਸਤੀ ਕਿਰਤ ਸ਼ਕਤੀ ਦੇ ਇਸ ਪੱਖ ਨੂੰ ਭਾਰਤ ਅੰਦਰ ਸਪਲਾਈ ਚੇਨ ਵਿਚਲੀਆਂ ਹੋਰ ਤਰੁਟੀਆਂ ਦੇ ਪੂਰਕ ਵਜੋਂ ਉਭਾਰਿਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਭਾਰਤ ਸਰਕਾਰ ਵੱਲੋਂ ਐਪਲ ਨੂੰ ਬਾਹਰੋਂ ਮਸ਼ੀਨਰੀ ਦਰਾਮਦ ਕਰਨ ਉੱਤੇ 2041 ਤੱਕ ਮੁਕੰਮਲ ਟੈਕਸ ਛੋਟ ਦੇ ਦਿੱਤੀ ਗਈ ਹੈ। ਲੰਘੇ ਜੁਲਾਈ ਮਹੀਨੇ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮੋਬਾਇਲ ਫੋਨਾਂ ਵਿੱਚ ਵਰਤੇ ਜਾਣ ਵਾਲੇ  ਇਲੈਕਟਰੋਨਿਕ ਕਲਪੁਰਜੇ ਮੰਗਾਉਣ 'ਤੇ ਲਾਇਆ ਜਾਂਦਾ 5 ਤੋਂ 7.5 ਫੀਸਦੀ ਦਰਾਮਦੀ ਟੈਕਸ ਵੀ ਚੁੱਕ ਦਿੱਤਾ ਗਿਆ ਹੈ। ਇਸ ਨਾਲ ਆਈਫੋਨ ਲਈ ਬੇਹੱਦ ਅਹਿਮ ਲੀਥੀਅਮ ਆਇਨ ਬੈਟਰੀ ਸੈਲ ਅਤੇ ਵਾਇਰਲੈਸ ਚਾਰਜਿੰਗ ਮੋਡੀਊਲ ਭਾਰਤੀ ਆਈਫੋਨ ਫੈਕਟਰੀਆਂ ਨੂੰ ਸਸਤੇ ਮਿਲਣ ਲੱਗੇ ਹਨ।  ਇਹਨਾਂ ਇਲੈਕਟਰੋਨਿਕ ਕੰਪਨੀਆਂ ਵੱਲੋਂ ਵਰਤੋਂ ਲਈ ਐਨ ਤਿਆਰ ਇਲੈਕਟਰੋਨਿਕ ਪਾਰਕ ਵਿਕਸਿਤ ਕਰਨ ਦੀ ਸੂਰਤ ਵਿੱਚ ਅਜਿਹੇ ਪਾਰਕ ਬਣਾਉਣ ਉੱਤੇ ਹੋਏ ਖਰਚੇ ਦਾ  50 ਤੋਂ 75 ਫੀਸਦੀ ਖਰਚਾ ਸਰਕਾਰ ਵੱਲੋਂ ਚੁੱਕਣ ਦੀ ਜਾਮਨੀ ਕੀਤੀ ਗਈ ਹੈ। ਇਸ ਦਾ ਅਰਥ ਇਹ ਬਣਦਾ ਹੈ ਕਿ ਇਥੋਂ ਦੀਆਂ ਜ਼ਮੀਨਾਂ ਅਤੇ ਹੋਰ ਸਮਾਨ ਉੱਤੇ ਭਾਰੀ ਖਰਚ ਕਰਕੇ ਅਰਬਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਤੌਰ ਉੱਤੇ ਤਿਆਰ ਹੋਏ ਇਹ ਸਨਅਤੀ ਪਾਰਕ ਅਸਲ ਕੀਮਤ ਦੇ ਚੌਥੇ ਹਿੱਸੇ ਨਾਲ ਹੀ ਇਹਨਾਂ ਕੰਪਨੀਆਂ ਦੀ ਝੋਲੀ ਪੈ ਜਾਣੇ ਹਨ। ਇਸ ਤੋਂ ਇਲਾਵਾ ਇਲੈਕਟਰੋਨਿਕ ਕਲਪੁਰਜੇ ਤਿਆਰ ਕਰਨ ਦੀਆਂ ਫੈਕਟਰੀਆਂ ਲਾਉਣ ਉੱਤੇ ਵੀ ਪੂੰਜੀ ਨਿਵੇਸ਼ ਦੇ 25 ਫੀਸਦੀ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਣਾ ਹੈ। ਕੇਂਦਰ ਵੱਲੋਂ ਮੁਹੱਈਆ ਕਰਵਾਏ ਗਏ ਇਹਨਾਂ ਗੱਫਿਆਂ ਦੇ ਨਾਲ ਨਾਲ ਤਾਮਿਲਨਾਡੂ ਅਤੇ ਕਰਨਾਟਕ ਸਰਕਾਰਾਂ ਵੱਲੋਂ ਵੀ ਵੱਡੇ ਗੱਫੇ ਦਿੱਤੇ ਗਏ ਹਨ। ਇਹਨਾਂ ਰਾਜਾਂ ਵਿੱਚ ਹੀ ਟਾਟਾ ਅਤੇ ਫੋਕਸਕੌਨ ਐਪਲ ਦੇ ਵੱਡੇ ਪਲਾਂਟ ਚਲਾ ਰਹੇ ਹਨ। ਇਹਨਾਂ ਪਲਾਂਟਾਂ ਨੂੰ ਰਿਆਇਤੀ ਦਰਾਂ ਉੱਤੇ ਜ਼ਮੀਨ ਮਿਲੀ ਹੈ, ਬਿਜਲੀ ਡਿਊਟੀ ਤੇ ਛੋਟਾਂ ਮਿਲੀਆਂ ਹਨ, ਪੂੰਜੀ ਨਿਵੇਸ਼ ਉੱਤੇ ਸਬਸਿਡੀ ਮਿਲੀ ਹੈ ਅਤੇ ਸ਼ਿਫਟ ਸਬੰਧੀ ਅਤੇ ਹੋਰ ਲੇਬਰ ਕਾਨੂੰਨਾਂ ਵਿੱਚ ਰਿਆਇਤ ਮਿਲੀ ਹੈ ਤਾਂ ਕਿ 24 ਘੰਟੇ ਉਤਪਾਦਨ ਨਿਰਵਿਘਨ ਚੱਲਦਾ ਰਹਿ ਸਕੇ।
        ਰਿਆਇਤਾਂ ਅਤੇ ਮੁਨਾਫ਼ਿਆਂ ਦੀ ਇਸ ਤਸਵੀਰ ਦਾ ਦੂਜਾ ਪਾਸਾ ਵੀ ਹੈ। ਭਾਰਤ ਵੱਲੋਂ ਇਸ ਖੇਤਰ ਵਿੱਚ ਵਿਸਥਾਰ ਕੀਤੇ ਜਾਣ ਦਾ ਅਰਥ ਚੀਨ ਵਰਗੀਆਂ ਜਾਂ ਉਸ ਤੋਂ ਵੀ ਬਦਤਰ ਕੰਮ ਹਾਲਤਾਂ ਦਾ ਸਿਰਜੇ ਜਾਣਾ ਹੈ। ਚੀਨ ਵਿੱਚ ਹਾਲਤ ਇਹ ਹੈ ਕਿ  2025 ਦੌਰਾਨ ਹੀ ਸਨਅਤੀ  ਹਾਦਸਿਆਂ ਨਾਲ ਕੰਮ ਵਾਲੀ ਥਾਂ ਉੱਤੇ ਹੀ 19884 ਮੌਤਾਂ ਹੋਈਆਂ ਹਨ। ਇਥੇ ਕਾਰਜਸ਼ੀਲ ਕਈ ਕੰਪਨੀਆਂ ਦੀਆਂ ਉੱਚੀਆਂ ਇਮਾਰਤਾਂ ਦੇ ਦੋਨੋਂ ਪਾਸੇ ਜਾਲ ਲਗਾਏ ਹੋਏ ਹਨ ਕਿਉਂਕਿ ਉੱਥੇ ਵਰਕਰਾਂ ਅੰਦਰ ਖੁਦਕੁਸ਼ੀ ਦਾ ਰੁਝਾਨ ਬਹੁਤ ਫੈਲਿਆ ਹੋਇਆ ਹੈ। ਸ਼ੇਨਜੇਨ ਅੰਦਰ ਘੱਟੋ ਘੱਟ ਤਨਖਾਹ 2200 ਯੂਆਨ ਹੈ ਜਦੋਂ ਕਿ ਉਥੇ ਗੁਜਰ ਬਸਰ ਕਰਨ ਲਈ ਘੱਟੋ ਘੱਟ ਇਸ ਤੋਂ ਦੁਗਣੀ ਉਜਰਤ ਲੋੜੀਂਦੀ ਹੈ। ਇਸ ਲਈ ਕਾਮਿਆਂ ਨੂੰ ਹਰ ਹਾਲ ਓਵਰ ਟਾਈਮ ਲਾਉਣੇ ਪੈਂਦੇ ਹਨ ਅਤੇ ਇਹ ਓਵਰ ਟਾਈਮ ਕੰਪਨੀਆਂ ਵੱਲੋਂ ਵਰਕਰਾਂ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਹਨ। ਕਾਮੇ ਅਕਸਰ ਕੰਪਨੀਆਂ ਵੱਲੋਂ ਉਪਲਬਧ ਕਰਾਏ ਛੋਟੇ ਛੋਟੇ ਕਮਰਿਆਂ ਵਿੱਚ ਤੂੜੇ ਰਹਿੰਦੇ ਹਨ ਜਿੱਥੇ ਉਹਨਾਂ ਉੱਤੇ ਨਿਗਰਾਨੀ ਵਾਸਤੇ ਕੈਮਰੇ ਲੱਗੇ ਹੋਏ ਹਨ। ਉਮਰ ਅਤੇ ਲਿੰਗ ਦੇ ਆਧਾਰ 'ਤੇ ਵਿਤਕਰਾ ਆਮ ਗੱਲ ਹੈ। ਫੌਕਸਕੋਨ ਦੀ ਇੱਕ ਫੈਕਟਰੀ ਜਿਸ ਵਿੱਚ 12 ਲੱਖ ਕਾਮੇ ਹਨ, ਉਸਦੀ ਇੱਕ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਬਚ ਗਈ। ਇੱਕ ਵਿਦੇਸ਼ੀ ਪੱਤਰਕਾਰ ਨੇ ਤਿਆਨ ਯੂ ਨਾਂ ਦੀ ਇਸ ਔਰਤ ਨਾਲ ਇੰਟਰਵਿਊ ਕੀਤੀ ਤਾਂ ਹੈਰਤਅੰਗੇਜ਼ ਖੁਲਾਸੇ ਹੋਏ। ਇਹ ਕੁੜੀ ਕਾਮਿਆਂ ਦੀ ਉਸ ਸਮੁੱਚੀ ਪੀੜ੍ਹੀ ਵਿੱਚੋਂ ਸੀ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਉਹਨਾਂ ਦੇ ਦਾਦੇ ਦਾਦੀਆਂ ਜਾਂ ਨਾਨੇ ਨਾਨੀਆਂ ਕੋਲ ਛੱਡ ਕੇ ਸ਼ਹਿਰਾਂ ਵਿੱਚ ਕੰਮ ਕਰਨ ਲਈ ਆ ਗਏ ਸਨ। ਜਦੋਂ ਇਹ 17 ਸਾਲਾਂ ਦੀ ਹੋਈ ਤਾਂ ਇਹ ਵੀ ਇਸ ਸ਼ਹਿਰੀ ਮਜ਼ਦੂਰਾਂ ਦੀ ਭੀੜ ਵਿੱਚ ਸ਼ਾਮਿਲ ਹੋ ਗਈ। ਫੋਕਸਕੌਨ ਦੀ ਇਸ ਫੈਕਟਰੀ ਨੂੰ ਇੱਕ ਮਿਲਟਰੀ ਕੈਂਪ ਦੀ ਤਰ੍ਹਾਂ ਚਲਾਇਆ ਜਾਂਦਾ ਹੈ, ਜਿੱਥੇ ਉੱਚੀ ਗੱਲ ਕਰਨ ਦੀ ਮਨਾਹੀ ਹੈ। ਬੈਠਣ ਅਤੇ ਖੜ੍ਹਨ ਲਈ ਖਾਸ ਤਰ੍ਹਾਂ ਦਾ ਤਰੀਕਾ ਜ਼ਰੂਰੀ ਹੈ। ਕਿਸੇ ਕੁਤਾਹੀ ਦੀ ਸੂਰਤ ਵਿੱਚ ਓਵਰ ਟਾਈਮ ਕੱਟ ਦਿੱਤਾ ਜਾਂਦਾ ਹੈ। ਜਿਹੜੇ ਕਾਮੇ ਆਪਣਾ ਤੈਅ ਕੀਤਾ ਟੀਚਾ ਪੂਰਾ ਨਹੀਂ ਕਰ ਪਾਉਂਦੇ ਉਹਨਾਂ ਨੂੰ 10 ਮਿੰਟ ਦੀ ਬਰੇਕ ਵੀ ਨਹੀਂ ਦਿੱਤੀ ਜਾਂਦੀ। ਮਹੀਨੇ ਵਿੱਚ ਸਿਰਫ਼ ਦੋ ਛੁੱਟੀਆਂ ਹੁੰਦੀਆਂ ਹਨ। ਸੁਪਰਵਾਈਜ਼ਰ ਨਾਲ ਖਹਿਬੜਨ ਦੀ ਸੂਰਤ ਵਿੱਚ ਭਾਰੀ ਸਜ਼ਾਵਾਂ ਹੁੰਦੀਆਂ ਹਨ। ਕਈ ਵਾਰ ਸਾਰਾ ਦਿਨ ਫੈਕਟਰੀ ਅੰਦਰ ਕਿਸੇ ਜਨਤਕ ਥਾਂ ਉੱਤੇ ਸਿੱਧੇ ਖੜ੍ਹੇ ਰਹਿਣਾ ਪੈਂਦਾ ਹੈ। ਇੱਕ ਮਾਮਲੇ ਵਿੱਚ ਇੱਕ ਵਰਕਰ ਤੋਂ ਆਪਣੀ ਅਜਿਹੀ ਹੀ ਕਿਸੇ ਗਲਤੀ ਲਈ ਬਾਕੀ ਵਰਕਰਾਂ ਦੇ ਸਾਹਮਣੇ ਸਵੈ ਪੜਚੋਲ ਕਰਵਾਈ ਗਈ।ਫੈਕਟਰੀ ਵਿਚ ਥਾਂ ਥਾਂ ਵੱਡੇ ਵੱਡੇ ਬੈਨਰ ਲਗਾਏ ਗਏ ਹਨ ਜਿਨ੍ਹਾਂ ਉੱਤੇ ਲਿਖਿਆ ਹੈ  "ਤਰੱਕੀ, ਤੇਰਾ ਨਾਂ ਪੀੜ ਹੈ" ਜਾਂ "ਔਖਾ ਵਾਤਾਵਰਨ ਇੱਕ ਚੰਗੀ ਗੱਲ ਹੁੰਦੀ ਹੈ"। ਕਸ਼ਟਾਂ ਦੇ ਭੰਨੇ ਵਰਕਰਾਂ ਨੂੰ ਹਰ ਸਵੇਰ ਸ਼ਿਫਟ ਇੰਚਾਰਜ ਇਕੱਠਾ ਕਰਕੇ ਪੁੱਛਦਾ ਹੈ, "ਤੁਹਾਡਾ ਕੀ ਹਾਲ ਹੈ?" ਤੇ ਸਾਰਿਆਂ ਨੇ ਇੱਕ ਆਵਾਜ਼ ਵਿੱਚ ਜਵਾਬ ਦੇਣਾ ਹੁੰਦਾ ਹੈ "ਵਧੀਆ, ਬਹੁਤ ਵਧੀਆ, ਬਹੁਤ ਬਹੁਤ ਵਧੀਆ"।
       ਐਪਲ ਅਤੇ ਇਹਦੇ ਵਰਗੀਆਂ ਹੋਰ ਕੰਪਨੀਆਂ ਦੇ ਮੁਨਾਫ਼ਿਆਂ ਦੀ ਪਿੰਜੀ ਧਰਤੀ ਬਣਨ ਜਾ ਰਿਹਾ ਭਾਰਤ ਅਜਿਹੇ ਫੌਜੀ ਜਾਬਤੇ ਵਾਲੇ ਲੇਬਰ ਕੈਂਪਾਂ ਦੀ ਧਰਤੀ ਵੀ ਬਣਨ ਜਾ ਰਿਹਾ ਹੈ। ਫੋਕਸਕੌਨ ਦੇ ਚੇਨੱਈ ਨੇੜਲੇ  ਪਲਾਂਟ ਵਿੱਚ ਰਿਊਟਰਸ ਵੱਲੋਂ ਕੀਤੀ ਜਾਂਚ ਪੜਤਾਲ ਦੌਰਾਨ ਉਮਰ ਅਤੇ ਲਿੰਗ ਵਿਤਕਰਾ ਵੱਡੀ ਪੱਧਰ ਉੱਤੇ ਸਾਹਮਣੇ ਆਇਆ ਹੈ। ਇਸ ਦੇ ਇਸ਼ਤਿਹਾਰਾਂ ਵਿੱਚ 18 ਤੋਂ 25 ਸਾਲ ਦੀਆਂ ਕੁਆਰੀਆਂ ਕੁੜੀਆਂ ਦੀ ਮੰਗ ਕੀਤੀ ਗਈ ਹੈ। ਨੌਕਰੀ ਲੈਣ ਆਈਆਂ ਵਿਆਹੀਆਂ ਔਰਤਾਂ ਨੂੰ ਫੈਕਟਰੀ ਗੇਟ ਉੱਤੋਂ ਹੀ ਮੋੜ ਦਿੱਤਾ ਜਾਂਦਾ ਹੈ। ਹੋਰ ਰਿਪੋਰਟਾਂ ਮੁਤਾਬਿਕ ਤਾਮਿਲਨਾਡੂ ਅਤੇ ਕਰਨਾਟਕ ਦੀਆਂ ਫੋਕਸਕੌਨ, ਪੈਗਾਟਰੋਨ ਅਤੇ ਟਾਟਾ ਦੀਆਂ ਸਾਰੀਆਂ ਫੈਕਟਰੀਆਂ ਅੰਦਰ 12-12 ਘੰਟੇ ਦੀਆਂ ਸ਼ਿਫਟਾਂ ਹਨ। ਲਾਈਨ ਉੱਤੇ ਕੰਮ ਦੀ ਰਫਤਾਰ ਬੇਹੱਦ ਤੇਜ਼ ਹੈ। ਬਾਥਰੂਮ ਜਾਣ ਜਾਂ ਪਾਣੀ ਪੀਣ ਦੀਆਂ ਬਰੇਕਾਂ ਦਾ ਸਮਾਂ ਬਹੁਤ ਘੱਟ ਹੈ। ਵਰਕਰਾਂ ਤੋਂ ਜਬਰੀ ਓਵਰ ਟਾਈਮ ਕਰਵਾਇਆ ਜਾਂਦਾ ਹੈ। ਰਹਿਣ ਅਤੇ ਖਾਣ ਪੀਣ ਦੀਆਂ ਹਾਲਤਾਂ ਬੇਹੱਦ ਮਾੜੀਆਂ ਹਨ। ਛੋਟੇ ਛੋਟੇ ਕਮਰਿਆਂ ਵਿੱਚ ਵਰਕਰ ਤੂਸੇ ਹੋਏ ਹਨ ਜਿੱਥੇ ਕਰਫਿਊ ਵਰਗੀ ਹਾਲਤ ਹੁੰਦੀ ਹੈ। ਦਸੰਬਰ 2021 ਵਿੱਚ ਫੋਕਸਕੌਨ ਦੇ ਸਿਰੀਪੇਰੂਮਬੁਦੁਰ ਪਲਾਂਟ ਦੇ  ਵਰਕਰਾਂ ਨੇ ਹੜਤਾਲ ਕਰ ਦਿੱਤੀ ਸੀ ਜਦੋਂ ਮਾੜੇ ਖਾਣੇ ਕਾਰਨ 250 ਜਣੇ ਬਿਮਾਰ ਹੋ ਗਏ ਸਨ। 2020 ਵਿੱਚ ਕਰਨਾਟਕ ਦੇ ਵਿਸਟਰੋਨ ਪਲਾਂਟ ਵਿੱਚ ਕਾਮਿਆਂ ਨੇ ਤਨਖਾਹਾਂ ਅਤੇ ਓਵਰ ਟਾਈਮ ਦਾ ਭੁਗਤਾਨ ਨਾ ਕਰਨ ਦੇ ਖਿਲਾਫ਼ ਹੜਤਾਲ ਅਤੇ ਪ੍ਰਦਰਸ਼ਨ ਕੀਤੇ ਸਨ।
       ਟਾਟਾ ਦੇ ਹੋਸੁਰ ਆਈਫੋਨ ਪਲਾਂਟ ਵਿੱਚ ਮਾਰੇ ਗਏ ਅਕਮਲ, ਸਾਰਥੀ ਅਤੇ ਕਾਵੇਰੀ ਜਿਸ ਕੈਮੀਕਲ ਟੈਂਕ ਉੱਤੇ ਕੰਮ ਕਰ ਰਹੇ ਸਨ ਉਸਨੂੰ ਅਮਰੀਕੀ ਕੰਪਨੀ ਈਕੋਲੈਬ ਦੀ ਸ਼ਾਖਾ ਨਾਲਕੋ ਵਾਟਰ ਵੱਲੋਂ ਚਲਾਇਆ ਜਾ ਰਿਹਾ ਸੀ। ਮੌਕੇ ਉੱਤੇ ਨਾ ਮਾਸਕਾਂ ਦਾ ਪ੍ਰਬੰਧ ਸੀ, ਨਾ ਸੁਰੱਖਿਆ ਸਾਜੋ ਸਮਾਨ ਦਾ,ਨਾਂ ਐਮਰਜੈਂਸੀ ਇਲਾਜ ਦਾ, ਨਾਂ ਐਂਬੂਲੈਂਸ ਦਾ। ਪਰ ਜਿਵੇਂ ਕਿ ਤੈਅ ਹੈ, ਇਹਨਾਂ ਜ਼ਿੰਦਗੀਆਂ ਦੀ ਹਾਨੀ ਲਈ ਨਾ ਨਾਲਕੋ,  ਨਾ ਈਕੋਲੈਬ,ਨਾ ਟਾਟਾ ਅਤੇ ਨਾ ਐਪਲ ਨੂੰ ਕਟਹਿਰੇ ਵਿੱਚ ਖੜ੍ਹਾਇਆ ਜਾਣਾ ਹੈ। ਇਹਨਾਂ ਘਰਾਂ ਦੇ ਬੁਝੇ ਚੁੱਲ੍ਹਿਆਂ ਦੇ ਸਿਰ 'ਤੇ ਇਹਨਾਂ ਦੀਆਂ ਕਮਾਈਆਂ ਜਾਰੀ ਰਹਿਣੀਆਂ ਹਨ। ਉਦੋਂ ਤੱਕ,ਜਦੋਂ ਤੱਕ ਕੇ ਇਹਨਾਂ ਚੁਲ੍ਹਿਆਂ ਦੀ ਸੁਆਹ ਵਿੱਚ ਲੁਕੇ ਭਾਂਬੜ ਇਹਨਾ ਮੁਨਾਫ਼ੇ ਦੀਆਂ ਫੈਕਟਰੀਆਂ ਅਤੇ ਖੂਨੀ ਵਿਕਾਸ ਮਾਡਲਾਂ ਨੂੰ ਲਾਂਬੂ ਨਹੀਂ ਲਾ ਦਿੰਦੇ।
---0--

ਵੇਦਾਂਤਾ ਬਾਕਸਾਈਟ ਖਣਨ: ਉੜੀਸਾ ਦੇ ਆਦਿਵਾਸੀ ਸੰਘਰਸ਼ ਦੇ ਰਾਹ 'ਤੇ


 

ਵੇਦਾਂਤਾ ਬਾਕਸਾਈਟ ਖਣਨ:

ਉੜੀਸਾ ਦੇ ਆਦਿਵਾਸੀ ਸੰਘਰਸ਼ ਦੇ ਰਾਹ 'ਤੇ

ਉੜੀਸਾ ਦੇ ਸਿਜੀਮਾਲੀ ਸਥਿਤ ਵੇਦਾਂਤਾ ਕੰਪਨੀ ਦੇ ਬਾਕਸਾਈਟ ਖਨਣ ਪ੍ਰਾਜੈਕਟ ਦੇ ਖਿਲਾਫ਼ ਅਦਿਵਾਸੀ ਸੰਘਰਸ਼ ਦੇ ਰਾਹ 'ਤੇ ਹਨ। ਇਹ ਤਾਜ਼ਾ ਘਟਨਾਵਾਂ ਉਸ ਸਮੇਂ ਵਾਪਰੀਆਂ ਜਦੋਂ ਰਾਏਗੜ੍ਹ ਜ਼ਿਲ੍ਹੇ ਦੀ ਕਾਸ਼ੀਪੁਰ ਤਹਿਸੀਲ 'ਚ ਖਨਣ ਸਥਾਨ ਤੋਂ 2.98 ਕਿ.ਮੀ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ। ਜਨਵਰੀ 2026 'ਚ 12 ਫੁੱਟ ਚੌੜੀ ਸੜਕ ਕੱਟੇ ਜਾਣ ਤੋਂ ਬਾਅਦ 18 ਮਾਰਚ ਨੂੰ ਜ਼ਮੀਨ ਪੱਧਰ ਕਰਨ ਲਈ ਵੱਡੀ ਮਸ਼ੀਨਰੀ ਲਿਆਂਦੀ ਗਈ। ਇਸ ਦੌਰਾਨ ਤਹਿਸੀਲਦਾਰ ਨੇ ਲੋਕਾਂ ਨੂੰ ਕਿਹਾ ਕਿ ਕੁਰਕੁਤੀ ਮੌਜਾ (ਇੱਕ ਪਿੰਡ) ਵਿੱਚ ਇੱਕ ਮੁੜ-ਵਸੇਬਾ ਕਲੋਨੀ ਬਣਾਈ ਜਾਏਗੀ ਤਾਂ ਜੋ ਸਿਜੀਮਲੀ ਪ੍ਰੋਜੈਕਟ ਕਾਰਨ ਉਦਾੜੇ ਹੋਏ ਲੋਕਾਂ ਦਾ ਵਸੇਬਾ ਕੀਤਾ ਜਾ ਸਕੇ। ਇਸ ਸੜਕ ਉਸਾਰੀ ਦਾ ਸਥਾਨਕ ਆਦਿਵਾਸੀ ਲੋਕ, ਖਾਸ ਤੌਰ 'ਤੇ ਕਾਂਟਾਮਲ ਪਿੰਡ ਦੇ ਲੋਕ ਪਹਿਲੋਂ ਹੀ ਵਿਰੋਧ ਕਰ ਰਹੇ ਸਨ, ਇਸ ਤੋਂ ਬਾਅਦ ਇਹ ਵਿਰੋਧ ਹੋਰ ਵੀ ਤਿੱਖਾ ਹੋ ਗਿਆ। 1 ਅਤੇ 2 ਅਪ੍ਰੈਲ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ। 3 ਅਪ੍ਰੈਲ ਤੋਂ ਸੜਕ ਉਸਾਰੀ ਖੇਤਰ ਦੇ 500 ਮੀਟਰ ਘੇਰੇ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ। 7 ਅਪ੍ਰੈਲ 2026 ਨੂੰ ਤੜਕਸਾਰ ਤਕਰੀਬਨ 200 ਪੁਲਸੀਆਂ ਨੇ ਕਾਂਟਾਮਲ ਪਿੰਡ 'ਤੇ ਧਾਵਾ ਬੋਲ ਦਿੱਤਾ ਤੇ ਪਿੰਡ ਦੀ ਬਿਜਲੀ ਕੱਟ ਦਿੱਤੀ ਗਈ, ਇਸ ਦੌਰਾਨ ਪਿੰਡ ਵਾਸੀਆਂ 'ਤੇ ਤਸ਼ੱਦਦ ਕੀਤਾ ਗਿਆ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਇਸ ਖੇਤਰ ਵਿੱਚ ਪੁਲਸ ਵਲੋਂ ਫਲੈਗ ਮਾਰਚ ਵੀ ਕੀਤਾ ਗਿਆ। ਸਥਾਨਕ ਵਸੋਂ ਦੇ ਇੱਕ ਹਿੱਸੇ ਨੇ ਇਸ ਸੜਕ ਉਸਾਰੀ ਖਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਅਪੀਲ ਦਾਇਰ ਕਰਕੇ ਕੇਂਦਰ ਸਰਕਾਰ ਵਲੋਂ ਇਸ ਸੜਕ ਉਸਾਰੀ ਲਈ ਜੰਗਲ ਸਾਫ਼ ਕਰਨ ਦੀ ਸਿਧਾਂਤਕ ਮੰਨਜੂਰੀ ਨੂੰ ਚੈਲਿੰਜ ਕੀਤਾ ਹੈ। ਇਸ ਉੱਪਰ ਹਾਲੇ ਸੁਣਵਾਈ ਚੱਲ ਰਹੀ ਹੈ। ਘਟਨਾ ਦਾ ਪਿਛੋਕੜ ਵੇਦਾਂਤਾ ਦਾ ਬਾਕਸਾਈਟ ਖਨਣ ਦਾ ਪ੍ਰਾਜੈਕਟ 2013 ਤੋਂ ਲਟਕ ਰਿਹਾ ਹੈ। ਉਸ ਸਮੇਂ 12 ਗ੍ਰਾਮ ਸਭਾਵਾਂ ਨੇ ਜੰਗਲੀ ਜ਼ਮੀਨ ਨੂੰ ਬਾਕਸਾਈਟ ਦੀ ਖਾਣ ਲਈ ਤਬਦੀਲ ਕਰਨ ਦਾ ਪ੍ਰਸਤਾਵ ਰੱਦ ਕਰ ਦਿੱਤਾ ਸੀ। ਗ੍ਰਾਮ ਸਭਾਵਾਂ ਦੀ ਇਹ ਮੀਟਿੰਗ ਸੁਪਰੀਮ ਕੋਰਟ ਦੇ 2013 ਦੇ ਫੈਸਲੇ ਤੋਂ ਮਗਰੋਂ ਹੋਈ ਸੀ ਜਿਸ ਵਿੱਚ ਸੁਪਰੀਮ ਕੋਰਟ ਨੇ 660.649 ਹੈਕਟੇਅਰ ਜ਼ਮੀਨ ਨੂੰ ਖਨਣ ਗਤੀਵਿਧੀਆਂ ਲਈ ਤਬਦੀਲ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਗ੍ਰਾਮ ਸਭਾਵਾਂ ਉੱਪਰ ਛੱਡ ਦਿੱਤਾ ਸੀ। ਗ੍ਰਾਮ ਸਭਾਵਾਂ ਵਲੋਂ ਜੰਗਲੀ ਜ਼ਮੀਨ ਦੀ ਵਰਤੋਂ ਖਨਣ ਲਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ 2014 ਵਿੱਚ ਬੀਜੂ ਜਨਤਾ ਦਲ ਦੀ ਨਵੀਨ ਪਟਨਾਇਕ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਇੱਕ ਵਾਰ ਰੱਦ ਕਰ ਦਿੱਤਾ ਸੀ। ਪਰ ਇਸ ਤੋਂ ਬਾਅਦ 2016 ਵਿੱਚ ਪਟਨਾਇਕ ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਯਾਚਿਕਾ ਦਾਇਰ ਕਰਕੇ ਇਹ 12 ਗ੍ਰਾਮ ਸਭਾਵਾਂ ਦੀ ਮੀਟਿੰਗ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਇਸ ਪ੍ਰੋਜੈਕਟ ਨੂੰ ਮੰਜੂਰੀ ਮਿਲ ਸਕੇ ਪਰ ਸੁਪਰੀਮ ਕੋਰਟ ਨੇ ਇਸ ਨੂੰ ਠੁਕਰਾ ਦਿੱਤਾ ਸੀ। ਫਰਵਰੀ-ਮਾਰਚ 2023 ਵਿੱਚ ਉੜੀਸਾ ਸਰਕਾਰ ਨੇ ਵੇਦਾਂਤਾ ਨੂੰ 1548 ਹੈਕਟੇਅਰ ਜ਼ਮੀਨ ਸਿਜੀਮਲੀ ਬਾਕਸਾਈਟ ਖਨਣ ਪ੍ਰੋਜੈਕਟ ਤਹਿਤ 50 ਸਾਲ ਦੀ ਲੀਜ਼ 'ਤੇ ਦੇ ਦਿੱਤੀ। ਇਸ ਵਿੱਚ 708 ਹੈਕਟੇਅਰ ਜੰਗਲੀ ਜ਼ਮੀਨ ਸੀ, ਜੋ ਰਾਏਗੜ੍ਹ ਤੇ ਕਾਲਾਹਾਂਡੀ ਜ਼ਿਲ੍ਹਿਆਂ ਵਿੱਚ ਪੈਂਦੀ ਸੀ। ਮਈ 2023 ਵਿੱਚ ਕੰਪਨੀ ਨੂੰ ਜੰਗਲ ਅਧਿਕਾਰ ਕਾਨੂੰਨ-2006 ਤਹਿਤ (Forest Rights Act, 2006) ਨਿਯਮਾਂ ਦੇ ਪਾਲਣ ਦੇ ਦਸਤਾਵੇਜ ਲਿਆਉਣ ਲਈ ਕਿਹਾ ਗਿਆ, ਜਿਸ ਤਹਿਤ ਗ੍ਰਾਮ ਸਭਾਵਾਂ (ਜਿਸ ਵਿੱਚ ਪਿੰਡ ਦੇ 50% ਬਾਲਗ ਸ਼ਾਮਲ ਹੋਣ) ਤੋਂ ਮਨਜੂਰੀ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਇਸ ਪ੍ਰੋਜੈਕਟ ਦਾ ਜਬਰਦਸਤ ਵਿਰੋਧ ਸ਼ੁਰੂ ਹੋ ਗਿਆ। ਅਗਸਤ 2023 ਵਿੱਚ ਲੋਕਾਂ ਨੇ ਪੁਲਸ ਅਤੇ ਕੰਪਨੀ ਅਧਿਕਾਰੀਆਂ ਦੇ ਪਿੰਡਾਂ 'ਚ ਵੜਨ ਦੇ ਰਾਹ ਬੰਦ ਕਰ ਦਿੱਤੇ। ਪੁਲਸ ਨੇ ਦੋ ਦਰਜਨ ਆਦਿਵਾਸੀ ਤੇ ਦਲਿਤ ਲੋਕਾਂ 'ਤੇ ਦੰਗੇ ਕਰਨ, ਅਗਵਾ ਕਰਨ, ਇਰਾਦਾ ਕਤਲ ਆਦਿ ਦੀਆਂ ਧਾਰਾਵਾਂ ਲਾ ਕੇ ਗ੍ਰਿਫ਼ਤਾਰ ਕਰ ਲਿਆ। ਫਰਜ਼ੀ ਮੀਟਿੰਗਾਂ ਰਾਹੀਂ ਗ੍ਰਾਮ ਸਭਾਵਾਂ ਦੀ ਮਨਜੂਰੀ ਕਾਲਾਹਾਂਡੀ ਜ਼ਿਲ੍ਹੇ ਦੀ ਥੁਆਮੁਲ ਰਾਮਪੁਰ ਤਹਿਸੀਲ ਅਤੇ ਸਾਰਾ ਰਾਏਗੜ੍ਹ ਜ਼ਿਲ੍ਹਾ ਇੱਥੇ ਕਬਾਇਲੀ ਵਸੋਂ ਦੀ ਬਹੁਤਾਤ ਕਾਰਨ ਪੰਜਵੀਂ ਅਨੁਸੂਚੀ ਤਹਿਤ ਸ਼੍ਰੇਣੀਬੱਧ ਹੈ। ਇੱਥੇ ਪੇਸਾ ਕਾਨੂੰਨ, 1996 (ਪੰਚਾਇਤ ਕਾਨੂੰਨ ਦੀਆਂ ਵਿਸ਼ੇਸ਼ ਮਦਾਂ (ਅਨੂਸੁਚਿਤ ਖੇਤਰਾਂ ਤੱਕ ਵਿਸਤਾਰ)) ਦੇ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ, ਜਿਸ ਤਹਿਤ ਕਬਾਇਲੀ ਭਾਈਚਾਰਿਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਰਾਖੀ ਦੀ ਜਾਮਨੀ ਕੀਤੀ ਜਾਂਦੀ ਹੈ। ਇਸ ਤਹਿਤ ਕਿਸੇ ਵੀ ਜੰਗਲੀ ਜ਼ਮੀਨ ਨੂੰ ਐਕੁਆਇਰ ਕਰਨ ਜਾਂ ਖਣਿਜ ਪਦਾਰਥਾਂ ਦੇ ਖਨਣ ਤੋਂ ਪਹਿਲਾਂ ਸਥਾਨਕ ਵਸੋਂ ਦੀ ਸਹਿਮਤੀ ਲੈਣਾ ਜਰੂਰੀ ਹੈ। 8 ਦਸੰਬਰ 2023 ਨੂੰ ਪ੍ਰਸਾਸ਼ਨ ਨੇ ਇਹ ਦਾਅਵਾ ਕੀਤਾ ਕਿ ਅੱਠ ਗ੍ਰਾਮ ਸਭਾਵਾਂ ਨੇ ਇਸ ਪ੍ਰੋਜੈਕਟ ਲਈ “ਪੂਰਨ ਸਹਿਮਤੀ” ਦੇ ਦਿੱਤੀ ਹੈ। ਪ੍ਰਸਾਸ਼ਨ ਦੇ ਇਸ ਦਾਅਵੇ ਦੀ ਸੱਚਾਈ ਫਰੰਟਲਾਈਨ ਰਸਾਲੇ ਵਿੱਚ ਛਪੀ ਇੱਕ ਰਿਪੋਰਟ ਵਿਚਲੀ ਘਟਨਾ ਤੋਂ ਸਮਝੀ ਜਾ ਸਕਦੀ ਹੈ। 8 ਦਸੰਬਰ 2023 ਨੂੰ ਸਵੇਰੇ ਪਵਿੱਤਰ ਨਾਇਕ ਨੂੰ ਪਤਾ ਲੱਗਾ ਕਿ ਪੁਲਸ ਦੀ ਇੱਕ ਬਟਾਲੀਅਨ ਉਸ ਦੇ ਪਿੰਡ ਬੁੰਦੇਲ ਵੱਲ ਆ ਰਹੀ ਹੈ। ਉਹ ਬਾਕੀ ਪਿੰਡ ਵਾਲਿਆਂ ਵਾਂਗ ਜੰਗਲ ਵਿੱਚ ਭੱਜ ਗਿਆ। ਕਿਉਂਕਿ ਅਕਸਰ ਪੁਲਸ ਪ੍ਰੋਜੈਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਫੜ ਕੇ ਲੈ ਜਾਂਦੀ ਸੀ। ਉਸਨੇ ਜੰਗਲ ਵਿਚੋਂ ਵੇਖਿਆ ਕਿ ਚਾਰ ਬੱਸਾਂ, ਦਸ ਵੱਡੀਆਂ ਗੱਡੀਆਂ ਵਿੱਚ ਪੁਲਸ ਅਤੇ ਅਧਿਕਾਰੀ ਅਤੇ ਉਨ੍ਹਾਂ ਦੇ ਪਿੱਛੇ 15 ਮੋਟਰਸਾਈਕਲਾਂ ਤੇ ਸਿਵਲੀਅਨ ਸਨ। ਸ਼ਾਮ ਨੂੰ ਉਨ੍ਹਾਂ ਦੇ ਜਾਣ ਮਗਰੋਂ ਉਹ ਪਿੰਡ ਪਰਤੇ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਥਾਨਕ ਮੀਡੀਆ ਦੀ ਖਬਰ ਤੋਂ ਪਤਾ ਲੱਗਿਆ ਕਿ ਪ੍ਰਸਾਸ਼ਨ ਨੇ ਬੁੰਦੇਲ ਸਣੇ 10 ਪਿੰਡਾਂ ਵਿੱਚ ਗ੍ਰਾਮ ਸਭਾਵਾਂ ਦੀ ਮੀਟਿੰਗ ਕੀਤੀ। ਪਵਿੱਤਰ ਮੁਤਾਬਕ ਗ੍ਰਾਮ ਸਭਾ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਿੰਡ ਵਿੱਚੋਂ ਕਿਸੇ ਨੇ ਇਸ ਵਿੱਚ ਹਿੱਸਾ ਲਿਆ। ਪਿੰਡ ਵਿੱਚ ਸਿਰਫ਼ ਔਰਤਾਂ ਸਨ ਜਿੰਨ੍ਹਾਂ ਨੇ ਦੱਸਿਆ ਕਿ ਪੁਲਸ ਕਾਸ਼ੀਪੁਰ ਤੋਂ ਬੰਦੇ ਲਿਆਈ ਸੀ ਜਿੰਨ੍ਹਾਂ ਨੇ ਹੱਥਾਂ 'ਚ ਪੋਸਟਰ ਫੜੇ ਹੋਏ ਸਨ। ਪੁਲਸ ਅਤੇ ਅਧਿਕਾਰੀਆਂ ਨੇ ਤਸਵੀਰਾਂ ਖਿੱਚੀਆਂ ਅਤੇ ਵੀਡੀਓਜ਼ ਬਣਾਈਆਂ। ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬੁੰਦੇਲ ਪਿੰਡ ਵਿੱਚ ਹੋਈ ਗ੍ਰਾਮ ਸਭਾ ਵਿੱਚ ਪਵਿੱਤਰ ਵੀ 'ਸ਼ਾਮਿਲ' ਸੀ। ਇਸ ਤਰ੍ਹਾਂ ਦੀਆਂ ਜਾਣਕਾਰੀਆਂ ਹੋਰ ਪਿੰਡਾਂ ਵਿੱਚ ਵੀ ਸਾਹਮਣੇ ਆਈਆਂ ਜਿੱਥੇ ਗ੍ਰਾਮ ਸਭਾ ਦੇ ਮਤਿਆਂ ਦੇ ਦਸਤਖਤ ਕਰਨ ਵਾਲੇ ਜਾਂ ਤਾਂ ਬੱਚੇ ਸਨ ਜਾਂ ਪਹਿਲੋਂ ਹੀ ਮਰ ਚੁੱਕੇ ਸਨ ਜਾਂ ਉਨ੍ਹਾਂ ਦੇ ਦਸਤਖਤ ਜਾਅਲੀ ਸਨ ਜਾਂ ਦਸਤਖਤ ਕਰਨ ਵਾਲੇ ਉਸ ਪਿੰਡ ਦੇ ਬਾਸ਼ਿੰਦੇ ਹੀ ਨਹੀਂ ਸਨ। ਇਸ ਗੱਲ ਦੇ ਖਿਲਾਫ਼ 30 ਅਗਸਤ 2024 ਤੋਂ 4 ਸਤੰਬਰ 2024 ਦੇ ਵਿਚਕਾਰ ਦਸ ਪਿੰਡਾਂ ਵਿੱਚ ਵਿਸ਼ੇਸ਼ ਗ੍ਰਾਮ ਸਭਾਵਾਂ ਕੀਤੀਆਂ ਗਈਆਂ ਜਿੰਨ੍ਹਾਂ ਵਿੱਚ 8 ਦਸੰਬਰ 2023 ਦੀਆਂ ਗ੍ਰਾਮ ਸਭਾ ਦੀਆਂ ਮੀਟਿੰਗਾਂ ਨੂੰ ਫਰਜੀ ਕਰਾਰ ਦਿੱਤਾ ਗਿਆ ਅਤੇ ਸਰਬਸੰਮਤੀ ਨਾਲ ਜੰਗਲੀ ਜ਼ਮੀਨ ਨੂੰ ਖਨਣ ਲਈ ਤਬਦੀਲ ਕਰਨ ਦੀ ਗੱਲ ਨੂੰ ਰੱਦ ਕੀਤਾ ਗਿਆ। ਫਰਵਰੀ 2025 ਨੂੰ 2 ਗ੍ਰਾਮ ਪੰਚਾਇਤਾਂ ਨੇ (ਜਿਸ ਵਿੱਚ 10 ਪਿੰਡ ਸ਼ਾਮਲ ਹਨ) ਉੜੀਸਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਵੇਦਾਂਤਾ ਨੂੰ ਦਿੱਤੇ ਗਏ ਜੰਗਲ ਅਧਿਕਾਰ ਕਾਨੂੰਨ ਪਾਲਣਾ ਸਰਟੀਫਿਕੇਟ ਅਤੇ ਗ੍ਰਾਮ ਸਭਾ ਦੇ ਮਤੇ ਖਾਰਜ ਕਰਨ ਦੀ ਮੰਗ ਕੀਤੀ ਗਈ। ਸੂਬਾ ਸਰਕਾਰ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ ਅਤੇ ਪਟੀਸ਼ਨਕਰਤਾ ਉੱਥੇ ਮੌਜੂਦ ਸਨ। ਅਦਾਲਤ “ਤੱਥਾਂ ਦੇ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ ਸੀ,” ਅਤੇ ਮਾਰਚ 2025 ਵਿੱਚ ਸਿਰਫ਼ ਇਹ ਕਹਿ ਕੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਕਿ 'ਕੇਂਦਰ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ'। ਇਸ ਤੋਂ ਮਗਰੋਂ ਮਾਮਲੇ ਨੂੰ ਅਗਲੇਰੀ ਕਾਰਵਾਈ ਲਈ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਗਠਿਤ ਕੀਤੀ ਗਈ ਜੰਗਲ ਸਲਾਹਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਕਮੇਟੀ ਦੇ ਸਵਾਲਾਂ ਦੇ ਜਵਾਬ ਵਿੱਚ ਸੂਬਾ ਸਰਕਾਰ ਨੇ ਜ਼ਿਲ੍ਹਾ ਕਮਿਸ਼ਨਰਾਂ ਦਾ ਜਵਾਬ ਅੱਗੇ ਭੇਜਦਿਆਂ ਕਿਹਾ ਕਿ ਇਹ ਸਾਰੀ ਕਾਰਵਾਈ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨਿਰਧਾਰਿਤ ਪ੍ਰੀਕਿਰਿਆ ਤਹਿਤ ਸਿਰੇ ਚੜ੍ਹੀ ਹੈ। 31 ਦਸੰਬਰ 2025 ਨੂੰ ਇਸ ਪ੍ਰੋਜੈਕਟ ਨੂੰ ਸਟੇਜ-1 ਦੀ ਮਨਜੂਰੀ ਮਿਲ ਗਈ, ਜਿਸ ਨੂੰ ਇਸ ਪ੍ਰੋਜੈਕਟ ਲਈ ਸਿਧਾਂਤਕ ਮਨਜੂਰੀ ਵੀ ਕਿਹਾ ਜਾ ਸਕਦਾ ਹੈ। ਇੱਕ ਤਰ੍ਹਾਂ ਇਹ ਮਨਜੂਰੀ ਅਦਾਲਤਾਂ ਦੇ ਲੋਕ ਵਿਰੋਧੀ ਚਿਹਰੇ ਨੂੰ ਵੀ ਬੇਪਰਦ ਕਰਦੀ ਹੈ ਕਿਉਂਕਿ ਗ੍ਰਾਮ ਸਭਾ ਦੇ ਮਤਿਆਂ ਦੀ ਜਾਅਲਸਾਜੀ ਦੇ ਪੁਖਤਾ ਸਬੂਤ ਪੇਸ਼ ਕਰਨ ਦੇ ਬਾਵਜੂਦ ਹਾਈਕੋਰਟ ਸਿਰਫ “ਕੇਂਦਰ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ” ਕਹਿ ਕੇ ਪੱਲਾ ਝਾੜ ਜਾਂਦੀ ਹੈ ਜਾਂ ਜ਼ਿਆਦਾ ਸਹੀ ਕਹਿਣਾ ਹੋਵੇ ਤਾਂ ਮਾਮਲਾ ਵੇਦਾਂਤਾ ਦੇ ਪੱਖ ਵਿੱਚ ਕਰ ਦਿੰਦੀ ਹੈ। ਅਪਰਾਧਿਕ ਮਾਮਲਿਆਂ 'ਚ ਉਲਝਾ ਕੇ ਲਹਿਰ ਨੂੰ ਕਮਜ਼ੋਰ ਕਰਨਾ ਉੜੀਸਾ ਵਿੱਚ ਖਨਣ ਖਿਲਾਫ਼ ਚਲ ਰਹੇ ਅੰਦੋਲਨ ਦੀ ਅਗਵਾਈ ਨਿਆਮਗਿਰੀ ਸੁਰੱਖਿਆ ਸਮਿਤੀ ਅਤੇ ਮਾਂ ਮਾਟੀ ਮਾਲੀ ਸੁਰੱਖਿਆ ਮੰਚ ਜਿਹੀਆਂ ਜਥੇਬੰਦੀਆਂ ਕਰ ਰਹੀਆਂ ਹਨ। 10 ਸਤੰਬਰ 2026 ਨੂੰ ਨਿਆਮਗਿਰੀ ਸੁਰੱਖਿਆ ਸਮਿਤੀ ਦੇ ਪ੍ਰਧਾਨ ਲਾਡਾ ਸਿਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਉਸ ਸਮੇਂ ਕੀਤੀ ਗਈ ਜਦੋਂ ਉਹ ਅਪਣੇ ਵਕੀਲ ਨਾਲ ਲਾਂਜੀਗੜ੍ਹ ਕੋਰਟ ਵਿਚੋਂ ਇੱਕ ਪੁਰਾਣੇ ਕੇਸ ਵਿੱਚ ਜ਼ਮਾਨਤ ਕਰਾ ਕੇ ਵਾਪਸ ਘਰ ਪਰਤ ਰਹੇ ਸਨ। ਉਨ੍ਹਾਂ ਦੇ ਵਕੀਲ ਨਰੇਂਦਰ ਮੋਹੰਤੀ ਦੇ ਦੱਸਣ ਮੁਤਾਬਕ ਲਾਡਾ ਨੂੰ 2012 'ਚ ਦਰਜ ਇੱਕ ਅਪਰਾਧਿਕ ਮਾਮਲੇ ਤਹਿਤ ਕੋਰਟ 'ਚ ਪੇਸ਼ ਕੀਤਾ ਗਿਆ ਹੈ, ਇਸ ਕੇਸ ਵਿੱਚ ਯੂ.ਏ.ਪੀ.ਏ. ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਨਰੇਂਦਰ ਮੋਹੰਤੀ ਮੁਤਾਬਕ ਜਦੋਂ 2012 ਵਿੱਚ ਵੇਦਾਂਤਾ ਖਿਲਾਫ਼ ਅੰਦੋਲਨ ਸਿਖਰ 'ਤੇ ਸੀ ਤਾਂ ਉਦੋਂ ਦੀਆਂ ਬਹੁਤ ਸਾਰੀਆਂ ਐਫ.ਆਈ.ਆਰ. ਹਾਲੇ ਲੰਬਿਤ ਪਈਆਂ ਹਨ ਜਿੰਨ੍ਹਾਂ ਵਿੱਚ ਕਈ ਬੇ-ਪਛਾਣ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਅਜਿਹੀਆਂ ਐਫ.ਆਈ.ਆਰ. ਤਹਿਤ ਕਿਸੇ ਨੂੰ ਕਦੋਂ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਲਿੰਗਰਾਜ ਆਜ਼ਾਦ ਜੋ ਕਿ ਨਿਆਮਗਿਰੀ ਸੁਰੱਖਿਆ ਸਮਿਤੀ ਦੇ ਸਲਾਹਕਾਰ ਹਨ, ਨੂੰ ਵੀ 25 ਮਾਰਚ 2026 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੀਰਾਮਲ ਨਾਇਕ ਜੋ ਮਾਂ ਮਾਟੀ ਮਾਲੀ ਸੁਰੱਖਿਆ ਮੰਚ ਦੇ ਮੁੱਖ ਆਗੂਆਂ ਵਿੱਚੋਂ ਹਨ, ਨੂੰ 28 ਅਗਸਤ 2026 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਲੜੀ ਤਹਿਤ ਰੈਂਦਲ ਸਕੇਰਾ, ਜੋ ਪੇਸ਼ੇ ਵਜੋਂ ਇੱਕ ਡਾਕਟਰ ਹੈ, ਆਦਿਵਾਸੀਆਂ ਨੂੰ ਮੁਫ਼ਤ ਵਿੱਚ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਇੱਕ ਖਨਣ ਵਿਰੋਧੀ ਆਵਾਜ਼ ਹੈ, ਨੂੰ, ਇੱਕ ਹੋਰ ਖਨਣ ਵਿਰੋਧੀ 'ਦਲਿਤ' ਕਾਰਕੁੰਨ ਲਕਸ਼ਮਣ ਨਾਇਕ ਸਮੇਤ 16 ਅਕਤੂਬਰ 2026 ਨੂੰ ਸਕੇਰਾ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਉੱਪਰ ਇਰਾਦਾ ਕਤਲ, ਦੰਗੇ ਭੜਕਾਉਣ, ਹਥਿਆਰ ਰੱਖਣ ਅਤੇ ਦੂਸਰਿਆਂ ਨੂੰ ਸੂਬਾ ਸਰਕਾਰ 'ਤੇ ਗਲਤ ਦੋਸ਼ ਲਾਉਣ ਲਈ ਭੜਕਾਉਣ ਦਾ ਦੋਸ਼ ਹੈ। ਇਹ ਕਦਮ ਵਿਰੋਧ ਲਹਿਰ ਦੇ ਆਗੂਆਂ ਨੂੰ ਅਪਰਾਧਿਕ ਮਾਮਲਿਆਂ 'ਚ ਉਲਝਾ ਕੇ, ਲਹਿਰ ਨੂੰ ਆਗੂ ਰਹਿਤ ਕਰਕੇ ਕੁਰਾਹੇ ਪਾਉਣ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਵੱਲ ਸੇਧਤ ਹਨ। 2024 ਵਿੱਚ ਬੀ.ਜੇ.ਪੀ. ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ, ਡਰੋਨਾਂ ਦੁਆਰਾ ਜਾਸੂਸੀ ਅਤੇ ਗ੍ਰਿਫ਼ਤਾਰੀਆਂ ਵਿਸ਼ੇਸ਼ ਰੂਪ ਵਿੱਚ ਵਧੀਆਂ ਹਨ। ਸਤੰਬਰ 2026 ਤੋਂ ਕਾਂਟਾਮਲ ਅਤੇ ਬੁੰਦੇਲ ਵਿੱਚ ਸੀ.ਆਰ.ਪੀ.ਐੱਫ. ਦੇ ਕੈਪਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਇਨ੍ਹਾਂ ਕਦਮਾਂ ਤੋਂ ਬੀਜੇਪੀ ਦੀ ਕਾਰਪੋਰੇਟ ਪੱਖੀ ਏਜੰਡਾ ਲਾਗੂ ਕਰਨ ਦੀ ਧੁੱਸ ਦੀ ਤੇਜ਼ੀ ਸਮਝੀ ਜਾ ਸਕਦੀ ਹੈ। ਹਕੂਮਤਾਂ ਹਰ ਕਿਸਮ ਦੇ ਵਿਰੋਧ ਨੂੰ ਤਾਕਤ ਨਾਲ ਕੁਚਲਣ ਦੀ ਨੀਤੀ 'ਤੇ ਚੱਲ ਰਹੀਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਮਾਓਵਾਦੀ ਤਾਕਤਾਂ ਦੀ ਮੌਜੂਦਗੀ ਹਕੂਮਤ ਦੇ ਖੂਨੀ ਪੰਜੇ ਨੂੰ ਰੋਕਣ ਦਾ ਇੱਕ ਸਾਧਨ ਬਣੀ ਆ ਰਹੀ ਸੀ। ਪਰੰਤੂ ਮਾਓਵਾਦੀ ਤਾਕਤਾਂ ਨੂੰ ਲੱਗੀ ਵਕਤੀ ਪਛਾੜ ਨੇ ਇੱਕ ਵਾਰੀ ਤਾਂ ਹਕੂਮਤ ਨੂੰ ਖੁੱਲ੍ਹ ਖੇਡਣ ਲਈ ਜ਼ਮੀਨ ਮੁਹੱਈਆ ਕਰ ਦਿੱਤੀ ਹੈ। ਭਾਵੇਂ ਵਿਰੋਧ ਹਾਲੇ ਵੀ ਹੋ ਰਿਹਾ ਹੈ ਪਰ ਇਹ ਪਹਿਲਾਂ ਤੋਂ ਕਮਜ਼ੋਰ ਹੈ। ਹਕੂਮਤਾਂ ਇਸ ਨੂੰ ਝੱਲ ਕੇ ਜਾਂ ਜਬਰ ਨਾਲ ਦਬਾ ਕੇ ਅਪਣੇ ਕਾਰਪੋਰੇਟ ਪੱਖੀ ਏਜੰਡੇ ਲਾਗੂ ਕਰ ਰਹੀਆਂ ਹਨ। ਵਿਰੋਧ ਸਰਗਰਮੀਆਂ ਆਦਿਵਾਸੀਆਂ ਦੇ ਵਿਰੋਧ ਤੋਂ ਬਿਨ੍ਹਾਂ ਸਿਵਲ ਸੁਸਾਇਟੀ ਦੇ ਹਿੱਸਿਆਂ ਵਲੋਂ ਵੀ ਇਸ ਵਿਰੁੱਧ ਆਵਾਜ਼ ਉਠਾਈ ਜਾ ਰਹੀ ਹੈ। ਲੋਕ ਲਹਿਰਾਂ ਦੇ ਕੌਮੀ ਗੱਠਜੋੜ ਨੇ 29 ਸਤੰਬਰ ਨੂੰ ਭੁਵਨੇਸ਼ਵਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਿਆਮਗਿਰੀ ਵਿੱਚ ਬਾਕਸਾਈਟ ਖਨਣ ਦੀ ਕਿਸੇ ਵੀ ਕਿਸਮ ਦੀ ਸਕੀਮ ਨਾ ਬਣਾਉਣ ਦੀ ਮੰਗ ਕੀਤੀ ਹੈ। ਗੋਲਡਮੈਨ ਇਨਾਮ ਜੇਤੂ ਵਾਤਾਵਰਣ ਕਾਰਕੁੰਨ ਪ੍ਰਫੁੱਲ ਸਮੰਤਰਾ ਨੇ ਕਿਹਾ ਕਿ “ਉੜੀਸਾ ਸਰਕਾਰ ਨੂੰ ਸੂਬੇ ਦੀਆਂ ਬਾਕਸਾਈਟ ਖਾਣਾਂ ਦੀ ਕਾਰਪੋਰੇਟ ਲੁੱਟ ਦਾ ਸੰਦ ਨਹੀਂ ਬਣਨਾ ਚਾਹੀਦਾ। ਕਾਰਕੁੰਨਾਂ ਤੇ ਪਾਏ ਕੇਸ ਵਾਪਸ ਲੈ ਕੇ ਰਿਹਾਅ ਕਰਨਾ ਚਾਹੀਦਾ ਹੈ”। 30 ਸਤੰਬਰ ਨੂੰ ਭੁਵਨੇਸ਼ਵਰ ਵਿੱਚ ਸੂਬੇ ਦੇ ਪ੍ਰਸਿੱਧ ਵਿਅਕਤੀਆਂ, ਰਿਟਾਇਰ ਨੌਕਰਸ਼ਾਹਾਂ, ਲੋਕ ਲਹਿਰਾਂ ਅਤੇ ਜਨਤਕ ਜਥੇਬੰਦੀਆਂ ਦੇ ਨੁੰਮਾਇਦਿਆਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਸੰਵਿਧਾਨਕ ਅਤੇ ਸਥਾਨਕ ਲੋਕਾਂ ਦੇ ਹੱਕਾਂ ਨੂੰ ਅੱਖੋਂ ਪਰੋਖੇ ਕਰਕੇ ਕੀਤੇ ਜਾ ਰਹੇ ਵੱਡੇ ਪੱਧਰ ਦੇ ਖਨਣ ਦੇ ਮਾਰੂ ਅਸਰਾਂ ਬਾਰੇ ਕਨਵੈਨਸ਼ਨ ਕੀਤੀ। ਇਸ ਕਨਵੈਨਸ਼ਨ ਨੇ ਕੁਦਰਤੀ ਸੋਮਿਆਂ, ਖਨਣ, ਵਾਤਾਵਰਣ ਸੁਰੱਖਿਆ ਅਤੇ ਭਾਈਚਾਰਕ ਹੱਕਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ 27 ਅਕਤੂਬਰ ਨੂੰ “ਸੂਬੇ ਪੱਧਰੇ ਵਿਰੋਧ ਦਿਵਸ” ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਪੀ.ਯੂ.ਸੀ.ਐੱਲ ਨੇ ਵੀ ਬਿਆਨ ਜਾਰੀ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ:-

 1. ਰੈਂਦਲ ਸਕੇਰਾ, ਲਕਸ਼ਮਣ ਨਾਇਕ, ਲਾਡੂ ਸਿਕਾਕਾ, ਲਿੰਗਰਾਜ ਅਜ਼ਾਦ ਅਤੇ ਹੋਰ ਗ੍ਰਿਫ਼ਤਾਰ ਕੀਤੇ ਆਦਿਵਾਸੀ ਅਤੇ ਦਲਿਤ ਕਾਰਕੁੰਨ ਤੁਰੰਤ ਰਿਹਾਅ ਕੀਤੇ ਜਾਣ। 

2. ਇਸ ਸ਼ਾਂਤੀਪੂਰਨ ਅੰਦੋਲਨ ਦਾ ਅਪਰਾਧੀਕਰਨ ਬੰਦ ਕੀਤਾ ਜਾਵੇ। 

 3. ਇਸ ਤੋਂ ਇਲਾਵਾ ਹਰ ਕਿਸਮ ਦੀ ਜ਼ਮੀਨ ਐਕੁਆਇਰ ਕਰਨ 'ਤੇ ਰੋਕ ਲਾਉਣ, ਲੈਂਡ ਬੈਂਕ ਬਣਾਉਣ ਅਤੇ ਸੜਕ ਉਸਾਰੀ ਸਮੇਤ ਹਰ ਕਿਸਮ ਦਾ ਕੰਮ ਉਦੋਂ ਤੱਕ ਬੰਦ ਰੱਖਣ ਦੀ ਮੰਗ ਕੀਤੀ ਹੈ ਜਦੋਂ ਤੱਕ ਪੇਸਾ ਅਤੇ ਜੰਗਲ ਅਧਿਕਾਰ ਕਾਨੂੰਨ ਤਹਿਤ ਲੋੜੀਂਦੇ ਫ਼ੈਸਲੇ, ਸਾਰੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਡਰ ਮੁਕਤ ਮਹੌਲ ਵਿੱਚ ਨਹੀਂ ਲੈ ਲੈਂਦੀਆਂ। 

4. ਹਿਰਾਸਤੀ ਤਸ਼ੱਦਦ ਤੇ ਜਾਤੀਗਤ ਉਤਪੀੜਨ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਅਧਿਕਾਰੀਆਂ 'ਤੇ ਐਸ.ਸੀ.ਐਸ.ਟੀ ਐਕਟ ਅਧੀਨ ਕਾਰਵਾਈ ਕੀਤੀ ਜਾਵੇ। 

5. ਫਰਜ਼ੀ ਗ੍ਰਾਮ ਸਭਾਵਾਂ ਅਤੇ ਜਾਅਲੀ ਦਸਤਖਤਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਐਫ.ਆਈ ਆਰ. ਕੀਤੀ ਜਾਵੇ ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਇਸਦੀ ਜਾਂਚ ਕੀਤੀ ਜਾਵੇ।

 6. ਭਾਰੀ ਪੁਲਸ ਬਲ ਅਤੇ ਰੈਪਿਡ ਐਕਸ਼ਨ ਫੋਰਸ ਦੀ ਤਾਇਨਾਤੀ ਹਟਾਈ ਜਾਵੇ। ਅਗਾਊਂ ਗ੍ਰਿਫਤਾਰੀਆਂ 'ਤੇ ਰੋਕ ਲਗਾਈ ਜਾਵੇ। 7. ਵਕੀਲਾਂ, ਮੈਡੀਕਲ ਕਾਮਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਦੇ ਬਿਨ੍ਹਾਂ ਕਿਸੇ ਡਰ ਤੇ ਦਬਾਓ ਦੇ ਕੰਮ ਕਰਨ ਦਾ ਮਹੌਲ ਬਣਾਇਆ ਜਾਵੇ।             

18 ਦਸੰਬਰ: ਜਨਮ ਦਿਹਾੜੇ 'ਤੇ... ਸਾਥੀ ਸਟਾਲਿਨ ਦਾ ਸਹੀ ਮੁਲਾਂਕਣ

 18 ਦਸੰਬਰ: ਜਨਮ ਦਿਹਾੜੇ 'ਤੇ... 



ਸਾਥੀ ਸਟਾਲਿਨ ਦਾ ਸਹੀ ਮੁਲਾਂਕਣ

(ਮਹਾਨ ਬਹਿਸ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਟਿੱਪਣੀ ਦੇ ਅੰਸ਼) 

ਸਾਥੀ ਸਟਾਲਿਨ ਦਾ ਸੁਆਲ ਸੰਸਾਰ ਭਰ ਲਈ ਮਹੱਤਵ ਦਾ ਸੁਆਲ ਹੈ, ਜਿਸ ਦਾ ਹਰ ਦੇਸ਼ ਦੇ ਸਾਰੇ ਵਰਗਾਂ 'ਤੇ ਪ੍ਰਭਾਵ ਪਿਆ ਹੈ ਅਤੇ ਜੋ ਅੱਜ ਵੀ ਕਾਫ਼ੀ ਬਹਿਸ ਦਾ ਵਿਸ਼ਾ ਹੈ ਜਦੋਂ ਕਿ ਵੱਖ ਵੱਖ ਰਾਜਨੀਤਕ ਪਾਰਟੀਆਂ ਤੇ ਰਾਜਨੀਤਕ ਗਰੁੱਪਾਂ ਦੀ ਇਸ ਬਾਰੇ ਵੱਖ ਵੱਖ ਰਾਇ ਹੈ । ਇਹ ਵੀ ਸੰਭਵ ਹੋ ਸਕਦਾ ਹੈ ਕਿ ਮੌਜੂਦਾ ਸਦੀ ਵਿਚ ਇਸ ਸੁਆਲ ਬਾਰੇ ਕੋਈ ਅੰਤਮ ਫੈਸਲਾ ਨਾ ਹੋ ਸਕੇ । ਪਰ ਕੌਮਾਂਤਰੀ ਮਜ਼ਦੂਰ ਜਮਾਤ ਅਤੇ ਇਨਕਲਾਬੀ ਜਨਤਾ ਦਾ ਬਹੁਤਾ ਹਿੱਸਾ, ਜੋ ਸਟਾਲਿਨ ਦੀ ਪੂਰੀ ਨਿਖੇਧੀ ਨੂੰ ਨਾ ਮਨਜ਼ੂਰ ਕਰਦਾ ਹੈ ਅਤੇ ਵਧ ਤੋਂ ਵਧ ਉਨ੍ਹਾਂ ਦੀ ਯਾਦ ਨੂੰ ਦਿਲ ਵਿਚ ਸਮੋਈ ਬੈਠਾ ਹੈ, ਇਸ ਸਬੰਧ ਵਿਚ ਲੱਗਭਗ ਇਕ ਰਾਇ ਹੈ । ਇਹ ਗੱਲ ਸੋਵੀਅਤ ਰੂਸ 'ਤੇ ਵੀ ਲਾਗੂ ਹੁੰਦੀ ਹੈ । ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨਾਲ ਸਾਡਾ ਮਤਭੇਦ ਕੇਵਲ ਕੁਝ ਲੋਕਾਂ ਨਾਲ ਹੈ । ਇਨਕਲਾਬੀ ਕੰਮ ਨੂੰ ਅੱਗੇ ਵਧਾਉਣ ਲਈ ਅਸੀਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦੇ ਹਾਂ । ਇਹ ਲੇਖ ਅਸੀਂ ਇਸੇ ਮੰਤਵ ਨਾਲ ਲਿਖ ਰਹੇ ਹਾਂ ।

ਚੀਨੀ ਕਮਿਊਨਿਸਟ ਪਾਰਟੀ ਦੀ ਸਦਾ ਇਹ ਰਾਇ ਰਹੀ ਹੈ ਕਿ ਜਦੋਂ ਸਾਥੀ ਖਰੁਸ਼ਚੇਵ ਨੇ "ਸ਼ਖਸੀ ਪੂਜਾ ਵਿਰੁੱਧ ਲੜਾਈ" ਦਾ ਬਹਾਨਾ ਘੜ ਕੇ ਸਟਾਲਿਨ ਦੀ ਪੂਰੀ ਨਿਖੇਧੀ ਕੀਤੀ ਤਾਂ ਉਹ ਬਿਲਕੁਲ ਗਲਤ ਸਨ ਤੇ ਉਨ੍ਹਾਂ ਦੀ ਨੀਤ ਸਾਫ਼ ਨਹੀਂ ਸੀ ।

ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਆਪਣੇ 14 ਜੂਨ ਦੇ ਖਤ ਵਿਚ ਦੱਸਿਆ ਹੈ ਕਿ "ਸ਼ਖਸੀ ਪੂਜਾ ਵਿਰੁੱਧ ਘੋਲ", ਆਗੂ, ਪਾਰਟੀ, ਜਮਾਤ ਅਤੇ ਜਨਤਾ ਦੇ ਆਪਸੀ ਸਬੰਧਾਂ ਬਾਰੇ ਲੈਨਿਨ ਦੀਆਂ ਸਮੁੱਚੀਆਂ ਸਿਖਿਆਵਾਂ ਦਾ ਉਲੰਘਣ ਕਰਦਾ ਹੈ ਅਤੇ ਜਮਹੂਰੀ ਕੇਂਦਰੀਵਾਦ ਦੇ ਕਮਿਊਨਿਸਟ ਅਸੂਲ ਦੀ ਜੜ੍ਹ ਕੱਟ ਦਿੰਦਾ ਹੈ ।

ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ 'ਖੁੱਲ੍ਹੀ ਚਿੱਠੀ' ਵਿਚ, ਸਾਡੀਆਂ ਸਿਧਾਂਤਕ ਦਲੀਲਾਂ ਦਾ ਕੋਈ ਵੀ ਜੁਆਬ ਦੇਣ ਤੋਂ ਕੰਨੀ ਕਤਰਾਂਦੇ ਹੋਏ, ਚੀਨੀ ਕਮਿਊਨਿਸਟਾਂ ਨੂੰ ਕੇਵਲ "ਸ਼ਖਸੀ ਪੂਜਾ ਦੀ ਹਿਮਾਇਤ ਕਰਨ ਵਾਲੇ ਅਤੇ ਸਟਾਲਿਨ ਦੇ ਗਲਤ ਵਿਚਾਰਾਂ ਦੇ ਪੈਰ ਚਿੰਨ੍ਹਾਂ 'ਤੇ ਚਲਣ ਵਾਲੇ" ਦਾ ਫਤਵਾ ਦਿੱਤਾ ਗਿਆ ਹੈ ।

ਮੈਨਸ਼ਵਿਕਾਂ ਵਿਰੁਧ ਘੋਲ ਕਰਦੇ ਸਮੇਂ ਲੈਨਿਨ ਨੇ ਕਿਹਾ ਸੀ : “ਆਪਣੇ ਵਿਰੋਧੀ ਦੀਆਂ ਅਸੂਲੀ ਦਲੀਲਾਂ ਦਾ ਉੱਤਰ ਨਾ ਦੇਣਾ ਅਤੇ ਉਸ ਦੇ ਸਿਰ ਕੇਵਲ 'ਭੜਕਾਹਟ ਦਾ ਦੋਸ਼ ਮੜ੍ਹਣ ਦਾ ਮਤਲਬ ਹੈ ਬਹਿਸ ਨਾ ਕਰਨਾ ਬਲਕਿ ਗਾਹਲਾਂ ਦੇਣੀਆਂ।" ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਆਪਣੀ ਖੁੱਲ੍ਹੀ ਚਿੱਠੀ ਵਿਚ ਜੋ ਰਵੱਈਆ ਧਾਰਨ ਕੀਤਾ ਹੈ ਉਹ ਬਿਲਕੁਲ ਮੈਨਸ਼ਵਿਕਾਂ ਵਰਗਾ ਹੈ।

ਭਾਵੇਂ ਖੁੱਲ੍ਹੀ ਚਿੱਠੀ ਵਿਚ ਬਹਿਸ ਦੀ ਥਾਂ ਗਾਲ੍ਹੀ ਗਲੋਚ ਕੀਤੀ ਗਈ ਹੈ, ਫਿਰ ਵੀ ਅਸੀਂ ਇਸ ਦਾ ਜੁਆਬ ਅਸੂਲੀ ਦਲੀਲਾਂ ਅਤੇ ਬਹੁਤ ਸਾਰੇ ਤੱਥਾਂ ਰਾਹੀਂ ਦੇਣਾ ਬਿਹਤਰ ਸਮਝਦੇ ਹਾਂ ।

ਮਹਾਨ ਸੋਵੀਅਤ ਰੂਸ ਪ੍ਰੋਲੇਤਾਰੀ ਡਿਕਟੇਟਰਸ਼ਿਪ ਵਾਲਾ ਸਭ ਤੋਂ ਪਹਿਲਾ ਰਾਜ ਸੀ । ਸ਼ੁਰੂ ਵਿਚ ਇਸ ਰਾਜ ਦੀ ਪਾਰਟੀ ਅਤੇ ਸਰਕਾਰ ਦੇ ਸਭ ਤੋਂ ਪ੍ਰਮੁਖ ਆਗੂ ਲੈਨਿਨ ਸਨ । ਲੈਨਿਨ ਦੀ ਮੌਤ ਪਿਛੋਂ ਇਹ ਸਥਾਨ ਸਟਾਲਿਨ ਨੇ ਗ੍ਰਹਿਣ ਕੀਤਾ ।

ਲੈਨਿਨ ਦੀ ਮੌਤ ਪਿਛੋਂ ਸਟਾਲਿਨ, ਨਾ ਸਿਰਫ਼ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਸਰਕਾਰ ਦੇ, ਬਲਕਿ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਵੀ ਸਰਬ-ਪ੍ਰਵਾਨਤ ਆਗੂ ਬਣੇ ।

ਅਕਤੂਬਰ ਇਨਕਲਾਬ ਦੁਆਰਾ ਸਭ ਤੋਂ ਪਹਿਲੇ ਸਮਾਜਵਾਦੀ ਰਾਜ ਦੇ ਉਦਘਾਟਨ ਨੂੰ ਅਜੇ ਸਿਰਫ 46 ਵਰ੍ਹੇ ਹੋਏ ਹਨ । ਇਨ੍ਹਾਂ ਵਿਚੋਂ ਲਗਭਗ ਤੀਹ ਸਾਲ ਸਟਾਲਿਨ ਇਸ ਰਾਜ ਦੇ ਸਰਬ ਪ੍ਰਮੁਖ ਆਗੂ ਰਹੇ । ਭਾਵੇਂ ਪ੍ਰੋਲੇਤਾਰੀ ਡਿਕਟੇਟਰਸ਼ਿਪ ਦਾ ਇਤਿਹਾਸ ਹੋਵੇ ਜਾਂ ਕੌਮਾਂਤਰੀ ਕਮਿਊਨਿਸਟ ਲਹਿਰ ਦਾ, ਇਸ ਵਿਚ ਸਟਾਲਿਨ ਦੀਆਂ ਸਰਗਰਮੀਆਂ ਦੀ ਬੇਹੱਦ ਮਹੱਤਵਪੂਰਨ ਥਾਂ ਹੈ ।

ਚੀਨੀ ਕਮਿਊਨਿਸਟ ਪਾਰਟੀ ਦੀ ਹਮੇਸ਼ਾਂ ਇਹ ਰਾਇ ਰਹੀ ਹੈ ਕਿ ਸਟਾਲਿਨ ਦਾ ਮੁਲਾਂਕਣ ਕਿਵੇਂ ਕੀਤਾ ਜਾਵੇ ਅਤੇ ਉਨ੍ਹਾਂ ਪ੍ਰਤੀ ਕਿਹੋ ਜਿਹਾ ਰਵੱਈਆ ਅਪਣਾਇਆ ਜਾਵੇ । ਇਹ ਸੁਆਲ ਸਿਰਫ਼ ਸਟਾਲਿਨ ਦੇ ਮੁਲਾਂਕਣ ਦਾ ਨਹੀਂ ਹੈ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਸੁਆਲ ਇਹ ਹੈ ਕਿ ਲੈਨਿਨ ਦੇ ਦਿਹਾਂਤ ਪਿਛੋਂ ਦੇ ਪ੍ਰੋਲੇਤਾਰੀ ਡਿਕਟੇਟਰਸ਼ਿਪ ਦੇ ਇਤਿਹਾਸਕ ਤਜਰਬਿਆਂ ਦਾ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਤਜਰਬਿਆਂ ਦਾ ਨਿਚੋੜ ਕਿਵੇਂ ਕੱਢਿਆ ਜਾਵੇ ।

ਸਾਥੀ ਖਰੁਸ਼ਚੇਵ ਨੇ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਵੀਹਵੀਂ ਕਾਂਗਰਸ ਵਿਚ ਸਟਾਲਿਨ ਦੀ ਪੂਰਨ ਨਿਖੇਧੀ ਕਰ ਦਿੱਤੀ । ਇਸ ਸਿਧਾਂਤਕ ਸੁਆਲ ਬਾਰੇ, ਜਿਸ ਦਾ ਸਬੰਧ ਪੂਰੀ ਕੌਮਾਂਤਰੀ ਕਮਿਊਨਿਸਟ ਲਹਿਰ ਨਾਲ ਹੈ, ਉਹਨਾਂ ਭਰਾਤਰੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਅਤੇ ਪਿਛੋਂ ਦੂਜਿਆਂ 'ਤੇ ਆਪਣੀ ਰਾਇ ਜਿਉਂ ਦੀ ਤਿਉਂ ਠੋਸਣ ਦੀ ਕੋਸ਼ਿਸ਼ ਕੀਤੀ । ਜੇ ਸਟਾਲਿਨ ਬਾਰੇ ਕਿਸੇ ਵੀ ਪਾਰਟੀ ਦਾ ਮੁਲਾਂਕਣ, ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਦੁਆਰਾ ਕੀਤੇ ਗਏ ਮੁਲਾਂਕਣ ਨਾਲੋਂ ਅੱਡ ਹੋਵੇ ਤਾਂ ਉਸ 'ਤੇ “ਸ਼ਖਸੀ ਪੂਜਾ ਦੀ ਹਿਮਾਇਤ ਕਰਨ ਅਤੇ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ 'ਅੰਦਰੂਨੀ ਮਸਲਿਆਂ ਵਿਚ ਦਖ਼ਲ ਦੇਣ ਦਾ ਇਲਜ਼ਾਮ ਲਾ ਦਿਤਾ ਜਾਂਦਾ ਹੈ । ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪ੍ਰੋਲੇਤਾਰੀ ਡਿਕਟੇਟਰਸ਼ਿਪ ਵਾਲੇ ਪਹਿਲੇ ਰਾਜ ਦੇ ਇਤਿਹਾਸਕ ਤਜਰਬਿਆਂ ਦਾ ਕੌਮਾਂਤਰੀ ਮਹੱਤਵ ਹੈ ਅਤੇ ਇਸ ਇਤਿਹਾਸਕ ਤੱਥ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਟਾਲਿਨ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਆਗੂ ਸਨ। ਸਿੱਟੇ ਵਜੋਂ ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਸਟਾਲਿਨ ਦਾ ਮੁਲਾਂਕਣ ਇਕ ਮਹੱਤਵ ਪੂਰਨ ਸਿਧਾਂਤਕ ਸੁਆਲ ਹੈ, ਜਿਸ ਦਾ ਸਬੰਧ ਸਮੁੱਚੀ ਕੌਮਾਂਤਰੀ ਕਮਿਊਨਿਸਟ ਲਹਿਰ ਨਾਲ ਹੈ ਤਾਂ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਆਗੂ, ਦੂਜੀਆਂ ਭਰਾਤਰੀ ਪਾਰਟੀਆਂ ਨੂੰ ਸਟਾਲਿਨ ਦਾ ਸਹੀ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਤੋਂ ਆਖਰ ਕਿਸ ਅਧਾਰ 'ਤੇ ਰੋਕਦੇ ਹਨ ?

ਚੀਨੀ ਕਮਿਊਨਿਸਟ ਪਾਰਟੀ ਜ਼ਰੂਰੀ ਤੌਰ 'ਤੇ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਟਾਲਿਨ ਦੀਆਂ ਚੰਗਿਆਈਆ ਤੇ ਬੁਰਾਈਆਂ ਦਾ ਇਤਿਹਾਸਕ ਪਦਾਰਥਵਾਦੀ ਢੰਗ ਨਾਲ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿਚ ਪੇਸ਼ ਕਰਕੇ ਸਰਬ-ਪੱਖੀ ਬਾਹਰਮੁਖੀ ਅਤੇ ਵਿਗਿਆਨਕ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ, ਅਤੇ ਇਸ ਗੱਲ ਦਾ ਵਿਰੋਧ ਕਰਦੀ ਰਹੀ ਹੈ ਕਿ ਇਤਿਹਾਸਕ ਆਦਰਸ਼ਵਾਦੀ ਢੰਗ ਨਾਲ ਅਤੇ ਇਤਿਹਾਸ ਨੂੰ ਮਨਮਰਜ਼ੀ ਦੇ ਢੰਗ ਨਾਲ ਤੋੜ ਮਰੋੜ ਕੇ ਉਸ ਵਿਚ ਤਬਦੀਲੀ ਕਰਕੇ ਸਟਾਲਿਨ ਦੀ ਅੰਤਰਮੁਖੀ ਤੇ ਭੈੜੇ ਢੰਗ ਨਾਲ ਪੂਰੇ ਤੌਰ 'ਤੇ ਨਿਖੇਧੀ ਕੀਤੀ ਜਾਵੇ ।

ਚੀਨੀ ਕਮਿਊਨਿਸਟ ਪਾਰਟੀ ਦੀ ਹਮੇਸ਼ਾਂ ਇਹ ਰਾਇ ਰਹੀ ਹੈ ਕਿ ਸਟਾਲਿਨ ਨੇ ਗ਼ਲਤੀਆਂ ਜ਼ਰੂਰ ਕੀਤੀਆਂ ਹਨ, ਜਿਨ੍ਹਾਂ ਦੀ ਜੜ ਵਿਚਾਰਧਾਰਕ ਅਤੇ ਸਮਾਜਿਕ ਤੇ ਇਤਿਹਾਸਕ ਸੀ । ਇਹ ਜ਼ਰੂਰੀ ਹੈ ਕਿ ਸਟਾਲਿਨ ਦੀਆਂ ਉਨ੍ਹਾਂ ਗਲਤੀਆਂ ਦੀ ਪੜਚੋਲ ਕੀਤੀ ਜਾਵੇ, ਜਿਹੜੀਆਂ ਸਟਾਲਿਨ ਨੇ ਅਸਲ ਵਿਚ ਕੀਤੀਆਂ, ਉਨ੍ਹਾਂ ਗਲਤੀਆਂ ਦੀ ਨਹੀਂ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਖਾਹਮਖਾਹ ਜੋੜ ਦਿੱਤਾ ਜਾਂਦਾ ਹੈ, ਅਤੇ ਇਹ ਕੰਮ ਇਕ ਸਹੀ ਸੇਧ ਨਾਲ ਅਤੇ ਸਹੀ ਢੰਗ ਨਾਲ ਕੀਤਾ ਜਾਵੇ । ਪਰ ਗਲਤ ਸੇਧ ਨਾਲ ਅਤੇ ਗਲਤ ਢੰਗ ਨਾਲ ਕੀਤੀ ਗਈ  ਸਟਾਲਿਨ ਦੀ ਨਾਵਾਜਬ ਪੜਚੋਲ ਦਾ ਅਸੀਂ ਸਦਾ ਵਿਰੋਧ ਕੀਤਾ ਹੈ ।

ਸਟਾਲਿਨ ਨੇ ਲੈਨਿਨ ਦੇ ਜੀਵਨ-ਕਾਲ ਵਿਚ ਜ਼ਾਰਸ਼ਾਹੀ ਵਿਰੁੱਧ ਘੋਲ ਕੀਤਾ ਅਤੇ ਮਾਰਕਸਵਾਦ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਬਾਲਸ਼ਵਿਕ ਪਾਰਟੀ ਦੀ ਕੇਂਦਰੀ ਕਮੇਟੀ ਦੇ, ਜਿਸਦੇ ਆਗੂ ਲੈਨਿਨ ਸਨ, ਮੈਂਬਰ ਬਣਨ ਪਿਛੋਂ ਉਨ੍ਹਾਂ 1917 ਦੇ ਇਨਕਲਾਬ ਲਈ ਰਾਹ ਰੌਸ਼ਨ ਕਰਨ ਵਾਲੇ ਘੋਲ ਵਿਚ ਭਾਗ ਲਿਆ। ਅਕਤੂਬਰ ਇਨਕਲਾਬ ਪਿਛੋਂ ਉਨ੍ਹਾਂ ਮਜ਼ਦੂਰ ਇਨਕਲਾਬ ਦੀਆਂ ਪ੍ਰਾਪਤੀਆਂ ਦੀ ਰੱਖਿਆ ਕਰਨ ਲਈ ਘੋਲ ਕੀਤਾ ।

ਲੈਨਿਨ ਦੀ ਮੌਤ ਪਿਛੋਂ, ਸਟਾਲਿਨ ਨੇ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਵਿਰੁੱਧ ਦ੍ਰਿੜਤਾ ਨਾਲ ਲੜਨ ਵਿਚ ਅਤੇ ਦੁਨੀਆਂ ਦੇ ਪਹਿਲੇ ਸਮਾਜਵਾਦੀ ਰਾਜ ਦੀ ਰਖਿਆ ਕਰਨ ਅਤੇ ਉਸਨੂੰ ਮਜ਼ਬੂਤ ਬਣਾਉਣ ਵਿਚ, ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਜਨਤਾ ਦੀ ਅਗਵਾਈ ਕੀਤੀ ।

ਸਟਾਲਿਨ ਨੇ ਸਮਾਜਵਾਦੀ ਸਨਅਤੀਕਰਣ ਅਤੇ ਖੇਤੀ ਦੇ ਸਮੂਹੀਕਰਣ ਦੀ ਸੇਧ 'ਤੇ ਕਾਇਮ ਰਹਿਣ ਵਿਚ ਅਤੇ ਸਮਾਜਵਾਦੀ ਤਬਦੀਲੀ ਅਤੇ ਸਮਾਜਵਾਦੀ ਉਸਾਰੀ ਵਿਚ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਜਨਤਾ ਦੀ ਅਗਵਾਈ ਕੀਤੀ।

ਸਟਾਲਿਨ ਨੇ ਫਾਸ਼ਿਸਟ-ਵਿਰੋਧੀ ਜੰਗ ਵਿਚ ਮਹਾਨ ਜਿੱਤ ਵਲ ਲਿਜਾਣ ਵਾਲੇ ਔਖੇ ਤੇ ਤਿੱਖੇ ਸੰਘਰਸ਼ ਵਿਚ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ, ਸੋਵੀਅਤ ਜਨਤਾ ਅਤੇ ਸੋਵੀਅਤ ਸੈਨਾ ਦੀ ਅਗਵਾਈ ਕੀਤੀ ।

ਸਟਾਲਿਨ ਨੇ ਵੱਖ ਵੱਖ ਤਰ੍ਹਾਂ ਦੀ ਮੌਕਾਪ੍ਰਸਤੀਆਂ ਵਿਰੁੱਧ, ਲੈਨਿਨਵਾਦ ਦੇ ਦੁਸ਼ਮਣਾਂ ਵਿਰੁੱਧ ਅਤੇ ਟਰਾਟਸਕੀਵਾਦੀਆਂ, ਜ਼ਿਨੋਵੀਵਾਦੀਆਂ, ਬੁਖਾਰਿਨਵਾਦੀਆਂ ਅਤੇ ਦੂਜੇ ਪੂੰਜੀਵਾਦੀ ਏਜੰਟਾਂ ਵਿਰੁੱਧ ਸੰਘਰਸ਼ ਦੌਰਾਨ ਮਾਰਕਸਵਾਦ ਤੇ ਲੈਨਿਨਵਾਦ ਦੀ ਰੱਖਿਆ ਕੀਤੀ ਅਤੇ ਉਸਨੂੰ ਵਿਕਸਿਤ ਕੀਤਾ ।

ਸਟਾਲਿਨ ਨੇ ਆਪਣੀਆਂ ਅਨੇਕ ਸਿਧਾਂਤਕ ਰਚਨਾਵਾਂ ਰਾਹੀਂ, ਜੋ ਅਮਰ ਮਾਰਕਸਵਾਦੀ-ਲੈਨਿਵਾਦੀ ਰਚਨਾਵਾਂ ਹਨ, ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਅਮਿੱਟ ਹਿੱਸਾ ਪਾਇਆ ਹੈ ।

ਸਟਾਲਿਨ ਨੇ ਇਕ ਅਜਿਹੀ ਵਿਦੇਸ਼ ਨੀਤੀ ਉਤੇ, ਜੋ ਮੁੱਖ ਤੌਰ 'ਤੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਅਨੁਕੂਲ ਸੀ, ਅਮਲ ਕਰਨ ਵਿਚ, ਅਤੇ ਚੀਨੀ ਜਨਤਾ ਸਮੇਤ ਸਾਰੇ ਦੇਸ਼ਾਂ ਦੀ ਜਨਤਾ ਦੇ ਇਨਕਲਾਬੀ ਘੋਲਾਂ ਨੂੰ ਭਾਰੀ ਮੱਦਦ ਦੇਣ ਵਿਚ, ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਸਰਕਾਰ ਦੀ ਅਗਵਾਈ ਕੀਤੀ ।

ਸਟਾਲਿਨ ਸੰਘਰਸ਼ ਦਾ ਰਾਹ ਦਸਦੇ ਹੋਏ ਇਤਿਹਾਸ ਦੇ ਵਹਾਅ ਵਿਚ ਸਭ ਤੋਂ ਅੱਗੇ ਖੜ੍ਹੇ ਸਨ ਅਤੇ ਸਾਮਰਾਜਵਾਦੀਆਂ ਤੇ ਸਭ  ਪਿਛਾਂਹ ਖਿਚੂਆਂ ਦੇ ਜਾਨੀ ਦੁਸ਼ਮਣ ਸਨ । 

ਸਟਾਲਿਨ ਦੀਆਂ ਸਰਗਰਮੀਆਂ ਮਹਾਨ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਅਤੇ ਮਹਾਨ ਸੋਵੀਅਤ ਜਨਤਾ ਦੇ ਘੋਲਾਂ ਨਾਲ ਡੂੰਘੇ ਰੂਪ ਵਿਚ ਜੁੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਦੇ ਲੋਕਾਂ ਦੇ ਇਨਕਲਾਬੀ ਘੋਲਾਂ ਤੋਂ ਅੱਡ ਨਹੀਂ ਕੀਤਾ ਜਾ ਸਕਦਾ ।

ਸਟਾਲਿਨ ਦਾ ਜੀਵਨ ਇਕ ਮਹਾਨ ਮਾਰਕਸਵਾਦੀ-ਲੈਨਿਨਵਾਦੀ ਦਾ ਜੀਵਨ ਸੀ, ਇਕ ਮਹਾਨ ਪ੍ਰੋਲੇਤਾਰੀ ਇਨਕਲਾਬੀ ਦਾ ਜੀਵਨ ਸੀ ।

ਇਹ ਸੱਚ ਹੈ ਕਿ ਸਟਾਲਿਨ ਨੇ, ਜੋ ਇਕ ਮਹਾਨ ਮਾਰਕਸਵਾਦੀ ਲੈਨਿਨਵਾਦੀ ਅਤੇ ਪ੍ਰੋਲੇਤਾਰੀ ਇਨਕਲਾਬੀ ਸਨ, ਜਿਥੇ ਸੋਵੀਅਤ ਜਨਤਾ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਸ਼ਾਨਦਾਰ ਕੰਮ ਕੀਤੇ, ਉਥੇ ਕੁੱਝ ਗਲਤੀਆਂ ਵੀ ਕੀਤੀਆਂ। ਕੁੱਝ ਗਲਤੀਆਂ ਅਸੂਲ ਦੀਆਂ ਗਲਤੀਆਂ ਸਨ ਅਤੇ ਕੁੱਝ ਅਮਲੀ ਕੰਮ ਦੇ ਦੌਰਾਨ ਹੋ ਗਈਆਂ ਸਨ, ਕੁੱਝ ਗਲਤੀਆਂ ਤੋਂ ਬਚਿਆ ਜਾ ਸਕਦਾ ਸੀ ਅਤੇ ਕੁੱਝ ਗਲਤੀਆਂ ਤੋਂ ਬਚਣਾ ਇਕ ਅਜਿਹੇ ਸਮੇਂ ਬਿਲਕੁਲ ਮੁਸ਼ਕਲ ਸੀ,ਜਦੋਂ ਪ੍ਰੋਲੇਤਾਰੀ ਡਿਕਟੇਟਰਸ਼ਿਪ ਦੇ ਸਾਹਮਣੇ ਕੋਈ ਮਿਸਾਲ ਮੌਜੂਦ ਨਹੀਂ ਸੀ ਜਿਹਦੇ ਅਨੁਸਾਰ ਉਹ ਚਲਦਾ ।

ਆਪਣੇ ਸੋਚਣ-ਢੰਗ ਵਿਚ ਸਟਾਲਿਨ ਵਿਰੋਧ ਵਿਕਾਸੀ ਪਦਾਰਥਵਾਦ ਤੋਂ ਭਟਕ ਗਏ ਸਨ ਅਤੇ ਕੁੱਝ ਪ੍ਰਸ਼ਨਾਂ ਬਾਰੇ ਅਧਿਆਤਮਵਾਦ ਅਤੇ ਅੰਤਰਮੁਖਤਾ ਵਿਚ ਜਾ ਡਿੱਗੇ ਸਨ ਇਸਦੇ ਫਲਸਰੂਪ ਕਦੇ ਕਦੇ ਉਨ੍ਹਾਂ ਦਾ ਅਸਲੀਅਤ ਅਤੇ ਜਨਤਾ ਨਾਲੋਂ ਨਾਤਾ ਟੁੱਟ ਜਾਂਦਾ ਸੀ । ਪਾਰਟੀ ਦੇ ਅੰਦਰ ਤੇ ਬਾਹਰ ਦੇ ਸੰਘਰਸ਼ਾਂ ਵਿੱਚ ਕਦੇ ਕਦੇ ਕਈਆਂ ਸਵਾਲਾਂ ਬਾਰੇ ਉਹ ਦੋ ਵੱਖ ਸੁਭਾਅ ਵਾਲੇ ਅੰਤਰ ਵਿਰੋਧਾਂ ਨੂੰ, ਸਾਡੇ ਤੇ ਦੁਸ਼ਮਣ ਵਿਚਲੇ ਅੰਤਰ ਵਿਰੋਧਾਂ ਨੂੰ ਅਤੇ ਲੋਕਾਂ ਵਿਚਲੇ ਅੰਤਰ ਵਿਰੋਧਾਂ ਨੂੰ ਰਲਗੱਡ ਕਰ ਦਿੰਦੇ ਸਨ ਅਤੇ ਇਨ੍ਹਾਂ ਦੋਹਾਂ ਨੂੰ ਹੱਲ ਕਰਨ ਲਈ ਲੋੜੀਂਦੇ   ਦੋ ਵੱਖ ਵੱਖ ਢੰਗਾਂ ਨੂੰ ਵੀ ਉਲਝਾ ਦਿੰਦੇ ਸਨ । ਉਲਟ-ਇਨਕਲਾਬ ਨੂੰ ਕੁਚਲਣ ਦੇ ਕੰਮ ਵਿਚ,ਜਿਸਦੀ ਅਗਵਾਈ ਸਟਾਲਿਨ ਨੇ ਕੀਤੀ ਸੀ, ਬਹੁਤ ਸਾਰੇ ਅਜਿਹੇ ਉਲਟ-ਇਨਕਲਾਬੀਆਂ ਨੂੰ ਉਚਿਤ ਸਜ਼ਾ ਦਿੱਤੀ ਗਈ ਜੋ ਸਜ਼ਾ ਪਾਉਣ ਦੇ ਲਾਇਕ ਸਨ, ਪਰ ਨਾਲ ਹੀ ਕੁਝ ਨਿਰਦੋਸ਼ ਬੰਦਿਆਂ ਨੂੰ ਵੀ ਗਲਤੀ ਨਾਲ ਸਜ਼ਾ ਦੇ ਦਿੱਤੀ ਗਈ । 1937 ਅਤੇ 1938 ਵਿਚ ਉਲਟ-ਇਨਕਲਾਬੀਆਂ ਨੂੰ ਕੁਚਲਣ ਦਾ ਘੇਰਾ ਵਧਾਉਣ ਦੀ ਗਲਤੀ ਕੀਤੀ ਗਈ । ਪਾਰਟੀ ਜਥੇਬੰਦੀ ਅਤੇ ਸਰਕਾਰੀ ਜਥੇਬੰਦੀ ਦੇ ਮਾਮਲੇ ਵਿਚ ਸਟਾਲਿਨ ਨੇ ਪ੍ਰੋਲੇਤਾਰੀ ਜਮਹੂਰੀ ਕੇਂਦਰੀਵਾਦ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਅਤੇ ਕਿਸੇ ਹੱਦ ਤਕ ਉਸਦਾ ਉਲੰਘਣ ਕੀਤਾ । ਭਰਾਤਰੀ ਪਾਰਟੀਆਂ ਅਤੇ ਭਰਾਤਰੀ ਦੇਸ਼ਾਂ ਨਾਲ ਸਬੰਧਾਂ ਨੂੰ ਨਿਭਾਉਂਦੇ ਸਮੇਂ ਉਨ੍ਹਾਂ ਕੁਝ ਗਲਤੀਆਂ ਕੀਤੀਆਂ। ਉਨ੍ਹਾਂ ਨੇ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਵੀ ਕੁੱਝ ਗਲਤ ਮਸ਼ਵਰੇ ਦਿੱਤੇ । ਇਨ੍ਹਾਂ ਗਲਤੀਆਂ ਕਾਰਨ ਸੋਵੀਅਤ ਰੂਸ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਕੁੱਝ ਹਾਨੀ ਪਹੁੰਚੀ ।

ਸਟਾਲਿਨ ਦੀਆਂ ਚੰਗਿਆਈਆਂ ਤੇ ਗਲਤੀਆਂ ਇਤਿਹਾਸਕ ਬਾਹਰਮੁਖੀ ਅਸਲੀਅਤ ਨਾਲ ਸਬੰਧ ਰਖਦੀਆਂ ਹਨ । ਦੋਹਾਂ ਦੇ ਮੁਕਾਬਲੇ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੀਆਂ ਖਾਮੀਆਂ ਦੇ ਮੁਕਾਬਲੇ ਉਨ੍ਹਾਂ ਦੀਆਂ ਚੰਗਿਆਈਆਂ ਦਾ ਪਲੜਾ ਕਿਤੇ ਜ਼ਿਆਦਾ ਭਾਰਾ ਹੈ । ਉਹ ਮੁੱਖ ਤੌਰ 'ਤੇ ਸਹੀ ਸਨ ਅਤੇ ਉਨ੍ਹਾਂ ਦੀਆਂ ਖਾਮੀਆਂ ਮੁਕਾਬਲਤਨ ਛੋਟੀਆਂ ਸਨ। ਸਟਾਲਿਨ ਦੇ ਵਿਚਾਰਾਂ ਤੇ ਉਨ੍ਹਾਂ ਦੇ ਕੰਮਾਂ ਦਾ ਪੂਰਨ ਨਿਚੋੜ ਕੱਢਣ ਸਮੇਂ, ਹਰ ਈਮਾਨਦਾਰ ਕਮਿਊਨਿਸਟ, ਜੋ ਇਤਿਹਾਸ ਦਾ ਆਦਰ ਕਰਦਾ ਹੈ, ਜ਼ਰੂਰੀ ਤੌਰ 'ਤੇ ਪਹਿਲਾਂ ਇਹ ਦੇਖੇਗਾ ਕਿ ਸਟਾਲਿਨ ਵਿਚ ਕਿਹੜੀ ਗੱਲ ਦੀ ਪ੍ਰਧਾਨਤਾ ਸੀ । ਇਸ ਲਈ ਜਦੋਂ ਸਟਾਲਿਨ ਦੀਆਂ ਗਲਤੀਆਂ ਦਾ ਸਹੀ ਮੁਲਾਂਕਣ ਕਰਨਾ ਹੋਵੇ ਉਨ੍ਹਾਂ ਦੀ ਪੜਚੋਲ ਕਰਨੀ ਹੋਵੇ, ਅਤੇ ਉਨ੍ਹਾਂ ਨੂੰ ਦੂਰ ਕਰਨਾ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਜਿਸ ਗੱਲ ਦੀ ਸਟਾਲਿਨ ਦੇ ਜੀਵਨ ਵਿਚ ਪ੍ਰਧਾਨਤਾ ਸੀ, ਉਸਦੀ ਰੱਖਿਆ ਕੀਤੀ ਜਾਵੇ, ਅਤੇ ਮਾਰਕਸਵਾਦ-ਲੈਨਿਨਵਾਦ ਦੀ ਰੱਖਿਆ ਕੀਤੀ ਜਾਵੇ, ਜਿਸਦੀ ਸਟਾਲਿਨ ਨੇ ਹਿਮਾਇਤ ਕੀਤੀ ਸੀ ਅਤੇ ਜਿਸਦਾ ਉਨ੍ਹਾਂ ਨੇ ਵਿਕਾਸ ਕੀਤਾ ਸੀ।

ਜੇ ਸਟਾਲਿਨ ਦੀਆਂ ਗਲਤੀਆਂ ਨੂੰ, ਜੋ ਸਿਰਫ਼ ਦੂਜੇ ਦਰਜੇ ਦੀਆਂ ਸਨ, ਇਤਿਹਾਸ ਦੇ ਸਬਕਾਂ ਦੇ ਤੌਰ 'ਤੇ ਲਿਆ ਜਾਵੇ, ਜਿਸ ਨਾਲ ਸੋਵੀਅਤ ਰੂਸ ਅਤੇ ਦੂਜੇ ਦੇਸ਼ਾਂ ਦੇ ਕਮਿਊਨਿਸਟ ਉਨ੍ਹਾਂ ਨੂੰ ਚੇਤਾਵਨੀ ਸਮਝ ਕੇ ਉਨ੍ਹਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣ ਜਾਂ ਪਹਿਲਾਂ ਨਾਲੋਂ ਘਟ ਗਲਤੀਆਂ ਕਰਨ, ਤਾਂ ਇਹ ਲਾਭਦਾਇਕ ਸਿੱਧ ਹੋਵੇਗਾ। ਹਾਂ-ਪੱਖੀ ਤੇ ਨਾਂਹ-ਪੱਖੀ ਦੋਵੇਂ ਹੀ ਸਬਕ ਸਾਰੇ ਕਮਿਊਨਿਸਟਾਂ ਲਈ ਫਾਇਦੇਮੰਦ ਹਨ, ਸ਼ਰਤ ਇਹ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਹਾਸਲ ਕੀਤਾ ਜਾਵੇ ਅਤੇ ਉਹ ਇਤਿਹਾਸਕ ਤੱਥਾਂ ਨਾਲ ਮੇਲ ਖਾਂਦੇ ਹੋਣ ਅਤੇ ਉਨ੍ਹਾਂ ਨੂੰ ਤੋੜਦੇ-ਮਰੋੜਦੇ ਨਾ ਹੋਣ.......

ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਚੀਨੀ ਕਮਿਊਨਿਸਟ ਪਾਰਟੀ 'ਤੇ  ਸਟਾਲਿਨ ਦੀ ਹਿਮਾਇਤ ਕਰਨ ਦਾ ਦੋਸ਼ ਲਾਇਆ ਹੈ। ਹਾਂ , ਅਸੀਂ ਸਟਾਲਿਨ ਦੀ ਹਮਾਇਤ ਜ਼ਰੂਰ ਕਰਦੇ ਹਾਂ। ਜਦੋਂ ਖਰੋਸ਼ਚੋਵ ਇਤਿਹਾਸ ਨੂੰ ਤੋੜਦੇ ਮਰੋੜਦੇ ਹਨ ਤੇ ਸਟਾਲਿਨ ਦਾ ਮੁਕੰਮਲ ਵਿਰੋਧ ਕਰਦੇ ਹਨ ਤਾਂ ਸੁਭਾਵਕ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਹਿੱਤ ਵਿੱਚ ਅੱਗੇ ਵਧ ਕੇ ਸਟਾਲਿਨ ਦੀ ਹਿਮਾਇਤ ਕਰਨਾ ਸਾਡਾ ਜ਼ਰੂਰੀ ਫਰਜ਼ ਹੋ ਜਾਂਦਾ ਹੈ।.....

ਸਟਾਲਿਨ ਦੀ ਹਮਾਇਤ ਕਰਨ ਵੇਲੇ ਚੀਨੀ ਕਮਿਊਨਿਸਟ ਪਾਰਟੀ ਉਹਨਾਂ ਦੇ ਸਹੀ ਪੱਖ ਦੀ ਹਮਾਇਤ ਕਰਦੀ ਹੈ, ਪ੍ਰੋਲੇਤਾਰੀ ਡਿਕਟੇਟਰਸ਼ਿਪ ਵਾਲੇ ਸਭ ਤੋਂ ਪਹਿਲੇ ਰਾਜ ਦੇ, ਜਿਸ ਦਾ ਜਨਮ ਅਕਤੂਬਰ ਇਨਕਲਾਬ ਦੁਆਰਾ ਹੋਇਆ ਸੀ, ਸੰਘਰਸ਼ ਭਰੇ ਮਾਣ ਮੱਤੇ ਇਤਿਹਾਸ ਦੀ ਹਮਾਇਤ ਕਰਦੀ ਹੈ। ਉਹ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਦੇ ਸੰਘਰਸ਼ ਭਰਪੂਰ ਮਾਣ ਮੱਤੇ ਇਤਿਹਾਸ ਦੀ ਹਮਾਇਤ ਕਰਦੀ ਹੈ, ਉਹ ਸਮੁੱਚੀ ਦੁਨੀਆਂ ਦੀ ਮਿਹਨਤਕਸ਼ ਜਨਤਾ ਵਿਚਕਾਰ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਸਾਖ ਦੀ ਹਮਾਇਤ ਕਰਦੀ ਹੈ। ਸੰਖੇਪ ਵਿਚ ਉਹ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤ ਅਤੇ ਅਮਲ ਦੀ ਹਮਾਇਤ ਕਰਦੀ ਹੈ । ਅਜਿਹਾ ਸਿਰਫ਼ ਚੀਨੀ ਕਮਿਊਨਿਸਟ ਹੀ ਨਹੀਂ ਕਰ ਰਹੇ ਹਨ, ਮਾਰਕਸਵਾਦ-ਲੈਨਿਨਵਾਦ ਪ੍ਰਤੀ ਵਫ਼ਾਦਾਰ ਸਾਰੇ ਕਮਿਊਨਿਸਟ, ਸਾਰੇ ਪੱਕੇ ਇਨਕਲਾਬੀ ਅਤੇ ਸਾਰੇ ਇਨਸਾਫ਼ ਪਸੰਦ ਬੰਦੇ ਵੀ ਇਉਂ ਹੀ ਕਰ ਰਹੇ ਹਨ ।

ਸਟਾਲਿਨ ਦੀ ਹਿਮਾਇਤ ਕਰਨ ਵੇਲੇ ਅਸੀਂ ਸਟਾਲਿਨ ਦੀਆਂ ਗਲਤੀਆਂ ਦੀ ਹਿਮਾਇਤ ਨਹੀਂ ਕਰਦੇ । ਕਾਫ਼ੀ ਸਮਾਂ ਪਹਿਲਾਂ ਚੀਨੀ ਕਮਿਊਨਿਸਟਾਂ ਨੂੰ ਉਨ੍ਹਾਂ ਦੀਆਂ ਕੁੱਝ ਗਲਤੀਆਂ ਦਾ ਪ੍ਰਤੱਖ ਅਨੁਭਵ ਹੋਇਆ ਸੀ । ਚੀਨੀ ਕਮਿਊਨਿਸਟ ਪਾਰਟੀ ਵਿਚ ਕਿਸੇ ਨਾ ਕਿਸੇ ਸਮੇਂ ਜੋ ਗਲਤ "ਖੱਬੇ ਪੱਖੀ" ਮੌਕਾਪ੍ਰਸਤ ਅਤੇ "ਸੱਜੇ ਪੱਖੀ" ਮੌਕਾਪ੍ਰਸਤ ਰੁਝਾਨ ਪੈਦਾ ਹੋਏ, ਉਨ੍ਹਾਂ ਵਿਚੋਂ ਕੁੱਝ ਦਾ ਜਨਮ, ਜਿਥੋਂ ਤੱਕ ਉਨ੍ਹਾਂ ਦੇ ਕੌਮਾਤਰੀ ਸੋਮੇ ਦਾ ਤੁਅੱਲਕ ਹੈ, ਸਟਾਲਿਨ ਦੀਆਂ ਕਿੰਨੀਆਂ ਹੀ ਗਲਤੀਆਂ ਦੇ ਪ੍ਰਭਾਵ ਵਿਚ ਹੀ ਹੋਇਆ । ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਆਖਰੀ ਸਾਲਾਂ ਵਿਚ, ਚੌਥੇ ਦਹਾਕੇ ਵਿਚ ਅਤੇ ਪੰਜਵੇਂ ਦਹਾਕੇ ਦੇ ਸ਼ੁਰੂ ਦੇ ਤੇ ਵਿਚਕਾਰਲੇ ਸਾਲਾਂ ਵਿਚ ਚੀਨੀ ਮਾਰਕਸਵਾਦੀ-ਲੈਨਿਨਵਾਦੀਆਂ ਨੇ, ਜਿਨ੍ਹਾਂ ਦੀ ਪ੍ਰਤੀਨਿਧਤਾ ਸਾਥੀ ਮਾਓ ਜ਼ੇ ਤੁੰਗ ਅਤੇ ਸਾਥੀ ਲਿਉ ਸ਼ਾਓ-ਚੀ ਨੇ ਕੀਤੀ,ਸਟਾਲਿਨ ਦੀਆਂ ਗਲਤੀਆਂ ਦੇ ਪ੍ਰਭਾਵ ਦਾ ਮੁਕਾਬਲਾ ਕੀਤਾ, ਉਨ੍ਹਾਂ ਨੇ "ਖੱਬੇ ਪੱਖੀ" ਮੌਕਾ ਪ੍ਰਸਤੀ ਅਤੇ "ਸੱਜੇ ਪੱਖੀ" ਮੌਕਾਪ੍ਰਸਤੀ ਦੇ ਗਲਤ ਰੁਝਾਨਾਂ ਉਤੇ ਕਦਮ ਕਦਮ ਤੇ ਜਿੱਤ ਪ੍ਰਾਪਤ ਕੀਤੀ ਅਤੇ ਅੰਤ ਵਿਚ ਚੀਨੀ ਇਨਕਲਾਬ ਦੀ ਜਿੱਤ ਵਲ ਅਗਵਾਈ ਕੀਤੀ।

ਪਰ ਕਿਉਂਕਿ ਸਟਾਲਿਨ ਦੁਆਰਾ ਪੇਸ਼ ਕੀਤੇ ਕੁਝ ਗਲਤ ਵਿਚਾਰਾਂ ਨੂੰ ਕੁੱਝ ਚੀਨੀ ਸਾਥੀਆਂ ਨੇ ਮਨਜ਼ੂਰ ਕੀਤਾ ਅਤੇ ਉਨ੍ਹਾਂ ਉੱਤੇ ਅਮਲ ਕੀਤਾ ਇਸ ਲਈ ਆਪਣੀਆਂ ਗਲਤੀਆਂ ਲਈ ਅਸੀਂ ਚੀਨੀ ਹੀ ਜਿੰਮੇਵਾਰ ਸਾਂ ।

ਇਸ ਕਰਕੇ "ਖੱਬੇ ਪੱਖੀ" ਮੌਕਾਪ੍ਰਸਤੀ ਅਤੇ "ਸੱਜੇ ਪੱਖੀ" ਮੌਕਾਪ੍ਰਸਤੀ ਵਿਰੁਧ ਸੰਘਰਸ਼ ਕਰਨ ਵੇਲੇ ਸਾਡੀ ਪਾਰਟੀ ਨੇ ਸਿਰਫ਼ ਆਪਣੇ ਗਲਤੀ ਕਰਨ ਵਾਲੇ ਸਾਥੀਆਂ ਦੀ ਹੀ ਪੜਚੋਲ ਕੀਤੀ ਅਤੇ ਕਸੂਰ ਸਟਾਲਿਨ ਦੇ ਸਿਰ ਕਦੇ ਨਹੀਂ ਮੜ੍ਹਿਆ। ਪੜਚੋਲ ਕਰਨ ਦਾ ਸਾਡਾ ਮੰਤਵ ਇਹ ਸੀ ਕਿ ਠੀਕ ਤੇ ਗਲਤ ਦਾ ਫਰਕ ਪਛਾਣਿਆ ਜਾਵੇ, ਢੁਕਵੇਂ ਸਬਕ ਸਿਖੇ ਜਾਣ ਅਤੇ ਇਨਕਲਾਬੀ ਕੰਮ ਨੂੰ ਅੱਗੇ ਵਧਾਇਆ ਜਾਵੇ । ਅਸੀਂ ਗਲਤੀਆਂ ਕਰਨ ਵਾਲੇ ਸਾਥੀਆਂ ਨੂੰ ਸਿਰਫ਼ ਇਹ ਕਿਹਾ ਕਿ ਉਹ ਆਪਣੀਆਂ ਗਲਤੀਆਂ ਸੁਧਾਰ ਲੈਣ । ਜੇ ਉਹ ਇਉਂ ਨਹੀਂ ਕਰ ਸਕੇ, ਤਾਂ ਅਸੀਂ ਉਦੋਂ ਤਕ ਉਡੀਕ ਕੀਤੀ ਜਦੋਂ ਤਕ ਉਹ ਆਪਣੇ ਨਿੱਜੀ ਤਜਰਬਿਆਂ ਨਾਲ ਹੌਲੀ ਹੌਲੀ ਸਮਝ ਨਹੀਂ ਗਏ, ਸ਼ਰਤ ਇਹ ਕਿ ਉਨ੍ਹਾਂ ਨੇ ਗੁਪਤ ਜਾਂ ਢਾਹੂ ਸਰਗਰਮੀਆਂ ਲਈ ਗੁਪਤ ਟੋਲੇ ਕਾਇਮ ਨਾ ਕੀਤੇ ਹੋਣ। ਸਾਡਾ ਢੰਗ ਪਾਰਟੀ ਦੇ ਅੰਦਰ ਪੜਚੋਲ ਅਤੇ ਸਵੈ-ਪੜਚੋਲ ਦਾ ਢੰਗ ਸੀ, ਅਸੀਂ ਏਕਤਾ ਦੀ ਇੱਛਾ ਤੋਂ ਸ਼ੁਰੂ ਕੀਤਾ ਅਤੇ ਪੜਚੋਲ ਦੇ ਸੰਘਰਸ਼ ਦੁਆਰਾ ਇਕ ਨਵੇਂ ਅਧਾਰ 'ਤੇ ਇਕ ਸਹੀ ਏਕਤਾ ਕਾਇਮ ਕੀਤੀ ਅਤੇ ਇਸ ਤਰ੍ਹਾਂ ਚੰਗੇ ਨਤੀਜੇ ਹਾਸਲ ਕੀਤੇ । ਸਾਡੀ ਰਾਇ ਸੀ ਕਿ ਇਹ ਵਿਰੋਧਤਾਈਆਂ ਜਨਤਾ ਵਿਚਕਾਰਲੀਆਂ ਵਿਰੋਧਤਾਈਆਂ ਹਨ, ਅਤੇ ਦੁਸ਼ਮਣ ਤੇ ਸਾਡੇ ਵਿਚਕਾਰ ਦੀਆਂ ਵਿਰੋਧਤਾਈਆਂ ਨਹੀਂ ਹਨ, ਅਤੇ ਇਸ ਲਈ ਸਾਨੂੰ ਢੁਕਵਾਂ ਤਰੀਕਾ ਅਪਣਾਉਣਾ ਚਾਹੀਦਾ ਹੈ।

ਸਾਥੀ ਖਰੁਸ਼ਚੋਵ ਅਤੇ ਸੋਵੀਅਤ ਰੂਸ ਸੋਵੀਅਤ ਰੂਸ ਕਮਿਊਨਿਸਟ ਪਾਰਟੀ ਦੇ ਦੂਜੇ ਆਗੂਆਂ ਨੇ ਕਮਿਊਨਿਸਟ ਪਾਰਟੀ ਦੀ ਵੀਹਵੀਂ ਕਾਂਗਰਸ ਪਿਛੋਂ ਸਟਾਲਿਨ ਪ੍ਰਤੀ ਕਿਹੋ ਜਿਹਾ ਰਵੱਈਆ ਅਪਣਾਇਆ ਹੈ ?

ਉਨ੍ਹਾਂ ਨੇ ਸਟਾਲਿਨ ਦੇ ਜੀਵਨ ਤੇ ਕੰਮ ਦੀ ਸਰਬ ਪੱਖੀ ਇਤਿਹਾਸਕ ਤੇ ਵਿਗਿਆਨਕ ਪੁਣਛਾਣ ਨਹੀਂ ਕੀਤੀ, ਸਗੋਂ ਠੀਕ ਤੇ ਗਲਤ ਵਿਚ ਕੋਈ ਫਰਕ ਕੀਤੇ ਬਿਨਾਂ ਉਨ੍ਹਾਂ ਦੀ ਪੂਰਨ ਨਿਖੇਧੀ ਕਰ ਦਿੱਤੀ ਹੈ । ਉਨ੍ਹਾ ਨੇ ਸਟਾਲਿਨ ਨਾਲ ਇਕ ਸਾਥੀ ਵਰਗਾ ਨਹੀਂ ਸਗੋਂ ਇਕ ਦੁਸ਼ਮਣ ਵਰਗਾ ਵਰਤਾਉ ਕੀਤਾ ਹੈ ।

ਉਨ੍ਹਾਂ ਨੇ ਤਜਰਬਿਆਂ ਦਾ ਸਿੱਟਾ ਕੱਢਣ ਲਈ ਪੜਚੋਲ ਅਤੇ ਸ੍ਵੈ-ਪੜਚੋਲ ਦਾ ਤਰੀਕਾ ਨਹੀਂ ਅਪਣਾਇਆ ਸਗੋਂ ਸਾਰੀਆਂ ਗਲਤੀਆ ਦਾ ਦੋਸ਼ੀ ਸਟਾਲਿਨ ਨੂੰ ਹੀ ਠਹਿਰਾਇਆ ਹੈ ਜਾਂ ਆਪਹੁਦਰੇ ਢੰਗ ਨਾਲ ਈਜ਼ਾਦ ਕੀਤੀਆਂ ਗਲਤੀਆਂ ਨੂੰ ਵੀ ਉਹਨਾਂ ਦੇ ਸਿਰ ਮੜ੍ਹ ਦਿੱਤਾ ਹੈ।

ਉਨਾਂ ਨੇ ਤੱਥ ਪੇਸ਼ ਨਹੀਂ ਕੀਤੇ ਹਨ ਅਤੇ ਦਲੀਲਬਾਜੀ ਨਹੀਂ ਕੀਤੀ ਸਗੋਂ ਜਨਤਾ ਦੇ ਮਨ ਵਿੱਚ ਜ਼ਹਿਰ ਫੈਲਾਉਣ ਲਈ ਸਟਾਲਿਨ 'ਤੇ  ਗਲਤ ਲਫਾਜੀ ਭਰੇ ਜਾਤੀ ਹਮਲੇ ਕੀਤੇ ਹਨ............

Friday, November 27, 2026

ਸੂਰਤ: ਮੁੱਢਲੀਆਂ ਹੱਕੀ ਮੰਗਾਂ ਦੀ ਪੂਰਤੀ ਖਾਤਰ ਕੱਪੜਾ ਸਨਅਤ ਕਾਮਿਆਂ ਦਾ ਸੰਘਰਸ਼



  ਸੂਰਤ: 

ਮੁੱਢਲੀਆਂ ਹੱਕੀ ਮੰਗਾਂ ਦੀ ਪੂਰਤੀ ਖਾਤਰ 

ਕੱਪੜਾ ਸਨਅਤ ਕਾਮਿਆਂ ਦਾ ਸੰਘਰਸ਼

('ਪਿੰਡਾਂ ਨੂੰ ਵਾਪਿਸ ਚੱਲੋ ਮੁਹਿੰਮ' ਦੀ ਨਿਵੇਕਲੀ ਸ਼ਕਲ 'ਚ ਪ੍ਰਗਟ ਹੁੰਦਾ ਮਜ਼ਦੂਰ ਰੋਹ)

-ਸਟਾਫ਼ ਰਿਪੋਰਟਰ

ਗੁਜਰਾਤ ਸੂਬੇ ਦਾ ਜ਼ਿਲ੍ਹਾ ਸੂਰਤ, ਭਾਰਤ ਦੀ ਕੱਪੜਾ ਸਨਅਤ ਦਾ ਕੇਂਦਰ ਹੈ। 20 ਲੱਖ ਤੋਂ ਵੀ ਵੱਧ ਕਾਮੇ ਇਸ ਸਨਅਤ 'ਚ ਲੱਗੇ ਹੋਏ ਹਨ, ਜਿੰਨ੍ਹਾਂ ਚੋਂ ਬਹੁ-ਗਿਣਤੀ ਬਿਹਾਰ, ਯੂ. ਪੀ. ਅਤੇ ਉੜੀਸਾ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਹੈ। ਸੂਰਤ ਇੰਟਰਨੈਸ਼ਨਲ ਟੈਕਸਟਾਈਲ ਐਕਸਪੋ ਅਨੁਸਾਰ ਮੁਲਕ ਦਾ 65 ਪ੍ਰਤੀਸ਼ਤ ਸਿੰਥੈਟਿਕ ਕੱਪੜਾ ਇਥੇ ਬਣਦਾ ਹੈ, ਜਿਸ ਦੀ ਸਾਲਾਨਾ ਕੀਮਤ 85000 ਕਰੋੜ ਰੁਪਏ ਦੇ ਲੱਗਭੱਗ ਬਣਦੀ ਹੈ। ਭਾਵੇਂ ਕਿ ਆਟੋਮੈਟਿਕ ਮਸ਼ੀਨਾਂ ਦੀ ਆਮਦ ਨੇ ਇਸ ਸਨਅਤ ਦੇ ਸਰੂਪ ਅਤੇ ਕਾਰਜਪ੍ਰਣਾਲੀ 'ਚ ਕਈ ਬੁਨਿਆਦੀ ਤਬਦੀਲੀਆਂ ਲਿਆਂਦੀਆਂ ਹਨ, ਜਿਨ੍ਹਾਂ ਤਹਿਤ ਸੰਘਣੀ ਕਿਰਤ ਆਧਾਰਤ ਕਢਾਈ-ਬੁਣਾਈ ਦਾ ਬਹੁਤਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ, ਪਰ ਫਿਰ ਵੀ ਖਿੱਤੇ 'ਚ ਲੱਗੀਆਂ ਡੇਢ ਲੱਖ ਤੋਂ ਉੱਪਰ ਕਢਾਈ-ਬੁਣਾਈ ਮਸ਼ੀਨਾਂ ਨੂੰ 24 ਘੰਟੇ ਚਲਦਾ ਰੱਖਣ ਖਾਤਰ ਲੱਖਾਂ ਮਾਹਰ ਕਾਮਿਆਂ ਦੀ ਜ਼ਰੂਰਤ ਹੈ।

ਇੰਨੀ ਵੱਡੀ ਤੇ ਸੰਘਣੀ ਗਿਣਤੀ 'ਚ ਹੋਣ ਦੇ ਬਾਵਜੂਦ, ਸੂਰਤ ਦੀ ਕਪੜਾ ਸਨਅਤ ਦੇ ਕਾਮੇ, ਗੈਰ-ਸੰਗਠਤ ਸਨਅਤ ਦੇ ਹੋਰਨਾਂ ਸਾਰੇ ਖੇਤਰਾਂ ਵਾਂਗ ਹੀ ਅਸਹਿ ਕੰਮ ਹਾਲਤਾਂ 'ਚ ਦਿਹਾੜੀਆਂ ਕਰਦੇ ਹਨ ਅਤੇ ਕਿਰਤ ਕਾਨੂੰਨਾਂ ਤਹਿਤ ਮਿਲਣ ਵਾਲੇ ਮੁੱਢਲੇ ਹੱਕਾਂ ਤੋਂ ਵੀ ਵਿਰਵੇ ਹਨ। ਲੰਮੇ ਸਮੇ ਤੋਂ  8 ਘੰਟੇ ਦੀ ਦਿਹਾੜੀ, ਹਫ਼ਤਾਵਾਰੀ ਛੁੱਟੀ, ਸਮੇਂ ਸਿਰ ਤਨਖਾਹ, ਓਵਰ ਟਾਈਮ ਦੀ ਦੁੱਗਣੀ ਉਜਰਤ, ਸੁਰੱਖਿਅਤ ਕੰਮ ਹਾਲਤਾਂ ਆਦਿ ਉਹਨਾਂ ਦੀਆਂ ਮੁੱਖ ਮੰਗਾਂ ਬਣੀਆਂ ਰਹਿ ਰਹੀਆਂ ਹਨ। ਕਿਰਤੀਆਂ ਦੇ ਨੁਮਾਇੰਦੇ ਦੱਸਦੇ ਨੇ, "ਅਸੀਂ 12-12 ਘੰਟੇ ਕੰਮ ਕਰਦੇ ਹਾਂ, ਬਿਨਾਂ ਕਿਸੇ ਵਾਧੂ ਉਜਰਤ ਅਤੇ ਹਫ਼ਤਾਵਾਰੀ ਛੁੱਟੀ ਦੇ! ਤਨਖਾਹ ਵੀ ਸਮੇਂ ਸਿਰ ਨਹੀਂ ਮਿਲਦੀ ਅਤੇ ਜੇ ਕਿਤੇ ਬਿਮਾਰ ਹੋ ਜਾਈਏ ਜਾਂ ਲਗਾਤਾਰ ਤੀਹ ਦਿਨ ਕੰਮ ਕਰਕੇ ਥਕਾਵਟ ਦੇ ਭੰਨੇ ਇੱਕ ਦਿਨ ਵੀ ਛੁੱਟੀ ਕਰ ਲਈਏ ਤਾਂ ਦਿਹਾੜੀ ਕੱਟੀ ਜਾਂਦੀ ਹੈ। ਸਾਨੂੰ ਤਾਂ 15 ਅਗਸਤ 'ਤੇ ਵੀ ਛੁੱਟੀ ਨਹੀਂ ਮਿਲਦੀ, ਕੀ ਗੱਲ ਅਸੀਂ ਇਨਸਾਨ ਨਹੀਂ ਹਾਂ? ਸਾਨੂੰ ਵੀ ਆਰਾਮ ਚਾਹੀਦਾ ਹੈ, ਹਫ਼ਤਾਵਾਰੀ ਛੁੱਟੀ ਹੋਵੇ - ਘਰਾਂ ਦੇ ਸੌ ਕੰਮ ਹੁੰਦੇ ਨੇ, ਬੱਚਿਆਂ ਨਾਲ ਸਮਾਂ ਗੁਜ਼ਾਰਨਾ ਹੁੰਦਾ ਹੈ, ਕੱਪੜੇ ਵੀ ਧੋਣੇ ਹੁੰਦੇ ਨੇ। ਅਸੀਂ ਨਹੀਂ ਕਹਿੰਦੇ ਸਾਨੂੰ ਸਾਰਿਆਂ ਨੂੰ ਇੱਕੋ ਦਿਨ (ਐਤਵਾਰ) ਛੁੱਟੀ ਦੇਵੋ, ਤੁਸੀਂ ਸਾਨੂੰ ਅੱਡ-ਅੱਡ ਦਿਨਾਂ 'ਤੇ ਛੁੱਟੀ ਦੇ ਦੇਵੋ ਤਾਂ ਕਿ ਕੰਮ ਵੀ ਨਾ ਰੁਕੇ - ਇਹ ਤਾਂ ਸਧਾਰਨ ਜਿਹੀ ਮੰਗ ਹੈ।" ਉਹ ਅੱਗੇ ਕਹਿੰਦੇ ਨੇ, "ਜਾਨ ਮਾਰ ਕੇ 25-30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਾਂ, ਪਰ ਕੰਮ ਕਿਤੇ ਵੱਧ ਕਰਨਾ ਪੈਂਦਾ ਹੈ। ਅਸੀਂ ਨਿਪੁੰਨ ਕਾਮੇ ਹਾਂ, 8 ਘੰਟਿਆਂ ਦੀ ਦਿਹਾੜੀ 'ਚ ਹੀ ਮਾਲਕ ਨੂੰ 10-12 ਹਜ਼ਾਰ ਤੋਂ ਉੱਤੇ ਕਮਾ ਕੇ ਦਿੰਦੇ ਹਾਂ, ਫੇਰ 1000-1200 ਸੌ 'ਤੇ ਤਾਂ ਸਾਡਾ ਹੱਕ ਹੀ ਬਣਦਾ ਹੈ।"

ਲੰਮੇ ਸਮੇਂ ਤੋਂ ਕਿਰਤੀ ਆਪਣੀਆਂ ਹੱਕੀ ਮੰਗਾਂ ਖਾਤਰ ਚਾਰਾਜੋਈ ਕਰਦੇ ਆ ਰਹੇ ਸਨ। ਧਰਨੇ-ਪ੍ਰਦਰਸ਼ਨ, ਮੀਟਿੰਗਾਂ, ਗੱਲਬਾਤ ਦਾ ਸਿਲਸਲਾ ਜਾਰੀ ਰਹਿੰਦਾ ਆ ਰਿਹਾ ਸੀ। ਮਿੱਲ ਮਾਲਕਾਂ ਵਲੋਂ ਅਕਸਰ ਵਾਅਦੇ ਕੀਤੇ ਜਾਂਦੇ ਰਹੇ, ਪਰ ਕਦੇ ਵਫ਼ਾ ਨਾ ਹੋਏ। ਕਿਰਤੀਆਂ 'ਚ  ਸਾਲਾਂ ਦਾ ਇੱਕਠਾ ਹੋਇਆ ਰੋਹ ਆਖਰ ਲੰਘੇ ਅਗਸਤ ਮਹੀਨੇ ਫਟ ਪਿਆ। 16 ਅਗਸਤ ਨੂੰ ਅਮਰੋਲੀ ਤੋਂ ਸ਼ੁਰੂ ਹੋਇਆ ਸੰਘਰਸ਼ ਜੰਗਲ ਦੀ ਅੱਗ ਵਾਂਗ ਹੋਰ ਫੈਕਟਰੀਆਂ ਜਿਵੇਂ: ਅੰਜਨੀ ਇੰਡਸਟਰੀ, ਕਤਰਗਾਮ, ਸਚਿਨ (ਜੀ. ਆਈ. ਡੀ. ਸੀ.), ਪਿਪੋਡਾਰਾ ਅਤੇ ਕਾਦੋਦਰਾ ਆਦਿ ਤੱਕ ਫੈਲ ਗਿਆ। ਹਜ਼ਾਰਾਂ ਕਾਮਿਆਂ ਨੇ ਹੜਤਾਲ ਕਰ ਦਿੱਤੀ, ਧਰਨੇ-ਪ੍ਰਦਰਸ਼ਨ ਹੋਏ, ਕਈ ਥਾਈਂ ਝੜੱਪਾਂ ਵੀ ਹੋਈਆਂ, ਫੈਕਟਰੀਆਂ 'ਚ 24 ਘੰਟੇ ਚਲਦੀਆਂ ਮਸ਼ੀਨਾਂ ਰੁੱਕ ਗਈਆਂ। ਦੂਜੇ ਪਾਸੇ ਕਿਰਤ, ਸਿਵਲ ਅਤੇ ਪੁਲਸ ਪ੍ਰਸਾਸ਼ਨ ਮਿੱਲ ਮਾਲਕਾਂ ਦੀ ਪਿੱਠ 'ਤੇ ਆ ਗਿਆ। ਜਬਰ ਦਾ ਚੱਕਰ ਸ਼ੁਰੂ ਹੋ ਗਿਆ। ਪਰਚੇ ਦਰਜ ਕੀਤੇ ਗਏ, 8 ਮਜ਼ਦੂਰ ਆਗੂ ਗ੍ਰਿਫ਼ਤਾਰ ਕਰ ਲਏ। ਹੱਕ ਮੰਗਦੇ ਕਿਰਤੀਆਂ ਨੂੰ ਦਹਿਸ਼ਤਜਦਾ  ਕਰਨ ਖਾਤਰ ਮਾਲਕਾਂ ਦੇ ਕਹਿਣ 'ਤੇ ਵੀਡੀਓਗ੍ਰਾਫੀ ਕੀਤੀ ਗਈ। ਚੁਨਿੰਦਾ ਕੰਮ ਥਾਵਾਂ ਤੋਂ ਸ਼ੁਰੂ ਹੋਇਆ ਮਜ਼ਦੂਰਾਂ ਦਾ ਸੰਘਰਸ਼ ਸਾਰੇ ਕਪੜਾ ਸੈਕਟਰ 'ਚ ਫੈਲ ਕੇ ਵਿਸ਼ਾਲ ਲਕੋਈ ਦਾ ਸਰੋਕਾਰ ਬਣ ਗਿਆ।

ਠੰਡਾ ਛਿੜਕਣ ਲਈ ਸੂਬੇ ਦੇ ਕਿਰਤ ਵਿਭਾਗ ਵਲੋਂ 21 ਅਗਸਤ ਨੂੰ 400 ਮਿੱਲਾਂ ਦੇ ਨੁਮਾਇੰਦਿਆਂ ਨਾਲ ਰਸਮੀ ਵਿਚਾਰ ਚਰਚਾ ਕੀਤੀ ਗਈ ਅਤੇ ਮਸਲੇ ਨੂੰ ਸੁਲਝਾਉਣ ਖਾਤਰ ਕਿਹਾ ਗਿਆ। ਦੂਜੇ ਪਾਸੇ ਕਿਰਤੀਆਂ ਨੇ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ 12 ਸਤੰਬਰ ਨੂੰ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਅੱਗੇ ਧਰਨੇ ਦਾ ਸੱਦਾ ਦੇ ਦਿੱਤਾ। ਕਿਰਤੀਆਂ ਨੂੰ ਪਿੱਛੇ ਨਾ ਹਟਦਾ ਵੇਖ, ਡਿਪਟੀ ਕਿਰਤ ਕਮਿਸ਼ਨਰ ਵਲੋਂ ਕੱਪੜਾ ਮਿੱਲ ਮਾਲਕਾਂ ਦੀ ਸੰਸਥਾ - Textile Embroidery Jobwork Association of Surat ( TEJAS - ਤੇਜਸ) ਅਤੇ ਦੱਖਣੀ ਗੁਜਰਾਤ ਚੈਂਬਰ ਆਫ ਕਮਰਸ ਅਤੇ ਸਨਅਤ (SGCCI) ਨੂੰ ਬਕਾਇਦਾ ਪੱਤਰ ਲਿੱਖ ਕੇ ਚਾਰੇ ਕਿਰਤ ਕੋਡਾਂ ਅਤੇ ਸੂਬੇ ਦੇ ਕਿਰਤ ਕਾਨੂੰਨ ਦੀ ਪਾਲਣਾ ਕਰਨ ਖਾਤਰ ਕਿਹਾ ਗਿਆ। ਪਰ ਮਿੱਲ ਮਾਲਕਾਂ ਨੇ ਕਮਿਸ਼ਨਰ ਦੇ ਪੱਤਰ ਨੂੰ ਟੁੱਕ 'ਤੇ ਡੇਲਾ ਹੀ ਸਮਝਿਆ। ਮਿੱਲ ਮਾਲਕਾਂ ਦੇ ਤਿਲਕਾਊ ਰਵੱਈਏ ਨੂੰ ਵੇਖਦਿਆਂ, ਸਰਵਜਨਕ ਮਜ਼ਦੂਰ ਏਕਤਾ ਯੂਨੀਅਨ ਅਤੇ ਹੋਰਾਂ ਮਜ਼ਦੂਰ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਪਹਿਲਾਂ 1 ਅਕਤੂਬਰ ਅਤੇ ਫਿਰ 15 ਅਕਤੂਬਰ ਨੂੰ ਕੁਲੈਕਟਰ ਦੇ ਦਫ਼ਤਰ ਅੱਗੇ ਧਰਨੇ ਦਾ ਪ੍ਰੋਗਰਾਮ ਦਿੱਤਾ ਗਿਆ। ਪ੍ਰਸਾਸ਼ਨ ਮਿੱਲ ਮਾਲਕਾਂ ਦੀ ਹਮਾਇਤ 'ਚ ਨੰਗੀ ਚਿੱਟੀ ਧੱਕੇਸ਼ਾਹੀ 'ਤੇ ਉੱਤਰ ਆਇਆ। 15 ਅਕਤੂਬਰ ਵਾਲੇ ਧਰਨੇ ਤੋਂ ਇੱਕ ਦਿਨ ਪਹਿਲਾਂ ਹੀ ਬਹੁਤੇ ਮਜ਼ਦੂਰ ਆਗੂ ਗ੍ਰਿਫ਼ਤਾਰ ਕਰ ਲਏ ਗਏ ਅਤੇ ਭਾਰੀ ਲਾਠੀਚਾਰਜ ਕਰਕੇ 90 ਧਰਨਾਕਾਰੀ ਮਜ਼ਦੂਰ ਮੌਕੇ ਤੋਂ ਹਿਰਾਸਤ ਵਿੱਚ ਲੈ ਲਏ। ਮਜ਼ਦੂਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਅਤੇ ਘਚੋਲਾ ਖੜ੍ਹਾ ਕਰਨ ਦੇ ਮਨਸ਼ੇ ਨਾਲ ਮਿੱਲ ਮਾਲਕਾਂ ਦੀ ਐਸੋਸੀਏਸ਼ਨ (ਤੇਜਸ) ਨੇ 10-11 ਅਕਤੂਬਰ ਨੂੰ ਪੱਤਾ ਖੇਡਦਿਆਂ ਪੇਸ਼ਕਸ਼ ਕੀਤੀ ਕਿ ਉਹ 8ਘੰਟੇ ਦੀ ਦਿਹਾੜੀ ਦੇ 550/- ਰੁਪਏ ਦੇ ਹਿਸਾਬ ਪ੍ਰਤੀ ਮਹੀਨਾ 26 ਦਿਹਾੜਿਆਂ (4 ਕਮਾਊ ਹਫਤਾਵਾਰੀ ਛੁੱਟੀਆਂ ਬਿਨਾਂ) ਦੇ 14300/- ਰੁਪਏ ਦੇਣ ਨੂੰ ਤਿਆਰ ਹਨ ਜਾਂ 12 ਘੰਟਿਆਂ ਦੀ ਦਿਹਾੜੀ ਨਾਲ (ਯੋਗਤਾ ਦੇ ਹਿਸਾਬ) ਪ੍ਰਤੀ ਮਹੀਨਾ 25 ਤੋਂ 30 ਹਜ਼ਾਰ। ਪਰ ਨਾਲ ਹੀ ਸ਼ਰਤ ਮੜ੍ਹ ਦਿੱਤੀ ਗਈ ਕਿ ਕਾਮਾ ਫੈਕਟਰੀ ਵਿੱਚ ਫੋਨ ਦਾ ਇਸਤੇਮਾਲ ਨਹੀਂ ਕਰੇਗਾ ਅਤੇ ਜੇ ਮਾਲਕ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਮਾਲਕ ਅਤੇ ਮਜ਼ਦੂਰ ਨੂੰ ਅੱਧਾ-ਅੱਧਾ ਪਾਇਆ ਜਾਵੇਗਾ। ਮਿੱਲ ਮਾਲਕਾਂ ਵਲੋਂ ਕੀਤੀ ਇਹ ਪੇਸ਼ਕਸ਼ ਚਾਰੇ ਕਿਰਤ ਕੋਡਾਂ ਅਤੇ ਸੂਬਾ ਕਿਰਤ ਕਾਨੂੰਨ ਦੀ ਘੋਰ ਉਲੰਘਣਾ ਬਣਦੀ ਸੀ, ਜੋ ਕਿ ਭਾਵੇਂ ਕਿਰਤੀ ਤੋਂ 10 ਤੋਂ 12 ਘੰਟੇ ਦਿਹਾੜੀ ਕਰਵਾਉਣ ਦੀ ਖੁੱਲ਼੍ਹ ਤਾਂ ਦਿੰਦੇ ਹਨ ਪਰ ਨਾਲ ਹੀ ਇਹ ਵੀ ਤਹਿ ਕਰਦੇ ਹਨ ਕਿ ਕਿਸੇ ਵੀ ਕਿਰਤੀ ਤੋਂ ਹਫਤੇ ਵਿੱਚ 48 ਘੰਟੇ ਤੋਂ ਵੱਧ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ। ਇਹਨਾਂ ਕਿਰਤ ਕਾਨੂੰਨਾਂ ਤਹਿਤ ਹੀ ਓਵਰ ਟਾਈਮ ਦੇ ਘੰਟੇ ਵਧਾ ਕੇ ਪ੍ਰਤੀ ਤਿਮਾਹੀ 75  ਤੋਂ 125 ਕਰ ਦਿੱਤੇ ਗਏ ਹਨ ਪਰ ਨਾਲ ਹੀ ਓਵਰ ਟਾਈਮ ਦੀ ਉਜਰਤ ਆਮ ਨਾਲੋਂ ਦੁਗਣੀ ਦੇਣ ਦੀ ਮਦ ਵੀ ਰੱਖੀ ਗਈ ਹੈ। ਮਿੱਲ ਮਾਲਕਾਂ ਵਲੋਂ ਕੀਤੀ ਗਈ ਪੇਸ਼ਕਸ਼ 'ਚ ਹਫ਼ਤਾਵਾਰੀ ਕਮਾਊ ਛੁੱਟੀ ਅਤੇ ਓਵਰ ਟਾਈਮ ਦੀ ਦੁਗਣੀ ਉਜਰਤ ਦੇਣ ਬਾਰੇ ਸੋਚੀ-ਸਮਝੀ ਸਾਜਸ਼ੀ ਚੁੱਪ ਧਾਰੀ ਗਈ ਸੀ। ਮਿੱਲ ਮਾਲਕਾਂ ਦੀ ਸਾਜਿਸ਼ ਨੂੰ ਪਛਾਣਦਿਆਂ ਕਿਰਤੀਆਂ ਨੇ ਉਹਨਾਂ ਵੱਲੋਂ ਦਿੱਤੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਮੋੜਵੇਂ ਰੂਪ 'ਚ 8 ਘੰਟਿਆਂ ਦੀ ਦਿਹਾੜੀ ਦੇ 550/- ਰੁਪਏ ਅਤੇ 12 ਘੰਟਿਆਂ ਦੀ ਦਿਹਾੜੀ ਦੀ ਹਾਲਤ 'ਚ ਉਪਰਲੇ 4 ਘੰਟਿਆਂ ਦੀ ਦੁੱਗਣੀ ਉਜਰਤ ਭਾਵ ਹੋਰ 550/- ਰੁਪਏ (ਕੁੱਲ 1100/-)  ਦੀ ਮੰਗ ਰੱਖ ਦਿੱਤੀ, ਜਿਸ ਹਿਸਾਬ ਨਾਲ ਮਹੀਨੇ ਦੀਆਂ ਚਾਰ ਛੁੱਟੀਆਂ ਦੇ ਬਾਵਜੂਦ ਕਿਰਤੀ ਨੂੰ ਪ੍ਰਤੀ ਮਹੀਨਾ 28600/- ਬਣਦੇ ਹਨ। ਅਸਲ 'ਚ ਮਜ਼ਦੂਰ ਲੀਡਰਸ਼ਿਪ ਮਿੱਲ ਮਾਲਕਾਂ ਦੀ ਦੁੱਖਦੀ ਰਗ ਨੂੰ ਪਛਾਣਦੀ ਹੈ ਕਿ 8 ਘੰਟੇ ਦਾ ਨਿਯਮ ਲਾਗੂ ਕਰਨ ਖਾਤਰ ਸੂਰਤ ਦੀ ਕਪੜਾ ਸਨਅਤ ਨੂੰ ਫੌਰੀ 5 ਲੱਖ ਮਾਹਰ ਕਾਮਿਆਂ ਦੀ ਜ਼ਰੂਰਤ ਹੈ ਜੋ ਕਿਸੇ ਵੀ ਹਾਲਤ 'ਚ ਪੂਰੀ ਨਹੀਂ ਕੀਤੀ ਜਾ ਸਕਦੀ, ਇਸ ਲਈ ਮਾਲਕਾਂ ਨੂੰ 12-12 ਘੰਟੇ ਦੀ ਸ਼ਿਫਟ ਦਾ ਪ੍ਰਬੰਧ ਹਰ ਹਾਲ ਜਾਰੀ ਰੱਖਣਾ ਪੈਣਾ ਹੈ।  

ਮਜ਼ਦੂਰਾਂ ਵੱਲੋਂ ਜਾਰੀ ਰੱਖੇ ਜਾ ਰਹੇ ਸੰਘਰਸ਼, ਖਾੜਕੂ ਰੌਂਅ ਅਤੇ ਤਰਕ ਆਧਾਰਤ ਦਲੀਲਾਂ ਅੱਗੇ ਆਪਣੀ ਦਾਲ ਨਾ ਗਲਦੀ ਵੇਖ, ਮਿੱਲ ਮਾਲਕਾਂ ਨੇ ਆਪਣਾ ਸਾਰਾ ਦਾਰੋਮਦਾਰ ਜਬਰ, ਤਸ਼ੱਦਦ ਅਤੇ ਬੁਰਛਾਗਰਦੀ 'ਤੇ ਰੱਖਿਆ ਹੋਇਆ ਹੈ। 400 ਦੇ ਲੱਗਭਗ ਕਾਮੇ ਨੌਕਰਿਓਂ ਕੱਢ ਦਿੱਤੇ ਗਏ ਹਨ। ਸੈਂਕੜੇ ਮਜ਼ਦੂਰਾਂ ਖਿਲਾਫ਼ ਝੂਠੇ ਕੇਸ ਦਰਜ ਕਰਵਾਏ ਗਏ ਹਨ। 26 ਦੇ ਕਰੀਬ ਸੰਘਰਸ਼ ਕਰਦੇ ਕਾਮਿਆਂ ਨੂੰ ਦੰਗੇ ਭੜਕਾਉਣ ਵਰਗੇ ਸੰਗੀਨ ਜੁਰਮ ਤਹਿਤ ਜੇਲ੍ਹੀਂ ਡੱਕਿਆ ਗਿਆ ਹੈ। ਮਾਲਕਾਂ ਵੱਲੋਂ ਸੰਘਰਸ਼ ਕਰਦੇ ਕਾਮਿਆਂ ਦੀਆਂ ਵੀਡੀਓ ਬਣਾ ਕੇ ਆਪਸੀ ਵਟ੍ਸ ਐਪ ਗਰੁੱਪਾਂ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਮਿੱਲ ਮਾਲਕ ਵੱਲੋਂ ਨੌਕਰੀਓਂ ਕੱਢੇ ਕਾਮੇ ਨੂੰ ਹੋਰ ਕਿਸੇ ਮਿੱਲ 'ਚ ਰੁਜ਼ਗਾਰ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕੇ। ਖੁਸ਼ਹਾਵਾ ਨਾਮ ਦਾ ਕਿਰਤੀ ਦੱਸਦਾ ਹੈ, "ਹਫ਼ਤਾਵਾਰੀ ਛੁੱਟੀ ਦੀ ਮੰਗ ਕਰਨ 'ਤੇ ਮੈਨੂੰ ਨੌਕਰੀਓਂ ਕੱਢ ਦਿੱਤਾ ਗਿਆ, ਕੁਝ ਦਿਨਾਂ ਬਾਅਦ ਹੀ ਮੈਨੂੰ ਹੋਰ ਕਿਸੇ ਫੈਕਟਰੀ 'ਚ ਨੌਕਰੀ ਮਿਲ ਗਈ, ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਮਿੱਲ ਮਾਲਕਾਂ ਦਾ ਸੁਨੇਹਾਂ ਆ ਗਿਆ ਕਿ ਉਹ ਮੈਨੂੰ ਨੌਕਰੀ ਨਹੀ ਦੇ ਸਕਦੇ, ਇਸ ਦੀ ਇੱਕੋ ਇੱਕ ਤਰਕ ਸੰਗਤ ਵਿਆਖਿਆ ਇਹ ਬਣਦੀ ਹੈ ਕਿ ਮਿੱਲ ਮਾਲਕਾਂ ਨੇ ਮੇਰੇ ਬਾਰੇ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ ਹੈ। ਸਾਨੂੰ ਮੰਗਾਂ ਖਾਤਰ ਸੰਘਰਸ਼ 'ਚ ਸ਼ਾਮਿਲ ਹੋਣ ਕਰਕੇ ਬਲੈਕ ਲਿਸਟ ਕੀਤਾ ਜਾ ਰਿਹਾ ਹੈ "  

ਦੂਜੇ ਪਾਸੇ ਕਿਰਤੀਆਂ ਨੇ ਐਲਾਨ ਕਰ ਦਿੱਤਾ ਹੈ, "ਆਪਣੇ ਹੱਕ ਮਿਲਣ ਤਾਈਂ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਜੇ ਗੱਲਬਾਤ ਅਤੇ ਨੁਮਾਇੰਦਿਗੀਆਂ ਨਾਲ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਾਣਦੇ ਹਾਂ ਕਿ ਹੱਕਾਂ ਖਾਤਰ ਕਿਵੇਂ ਲੜਨਾ ਹੈ। ਅਸੀਂ ਇਸ ਕਰਕੇ ਹੀ ਢੇਰੀ ਢਾਹ ਕੇ ਨਹੀ ਬੈਠਾਂਗੇ ਕਿ ਸਾਡੀ ਗੱਲ ਅਣਸੁਣੀ ਕਰ ਦਿੱਤੀ ਗਈ ਹੈ।" ਉਹ ਅੱਗੇ ਲਲਕਾਰਦੇ ਨੇ, "ਜਿਨ੍ਹਾਂ ਨੇ ਕਿਰਤੀਆਂ ਦਾ ਲਹੂ ਚੂਸ ਕੇ ਖ਼ਜ਼ਾਨੇ ਭਰੇ ਨੇ ਉਹ ਭੁੱਲ ਜਾਣ ਕਿ ਸਾਡੀ ਲੜਾਈ ਖਿੰਡ-ਪੁੰਡ ਜਾਵੇਗੀ। ਜਦੋਂ ਕਿਰਤੀ ਇਕ-ਜੁੱਟ ਉੱਠ ਖੜ੍ਹੇ ਹੋਣ ਤਾਂ ਕੋਈ ਉਹਨਾ ਦੀ ਆਵਾਜ਼ ਨੂੰ ਅਣਸੁਣਿਆਂ ਨਹੀ ਕਰ ਸਕਦਾ।"     

ਸੰਘਰਸ਼ ਦੇ ਇਕ ਪੈਂਤੜੇ ਦੇ ਤੌਰ 'ਤੇ ਮਜ਼ਦੂਰ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜੇ ਕਿਰਤੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ-ਆਪਣੇ ਪਿੰਡਾਂ ਨੂੰ ਚਾਲੇ ਪਾ ਦੇਣਗੇ। ਇਸ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ 'ਪਿੰਡਾਂ ਨੂੰ ਵਾਪਿਸ ਚੱਲੋ ਮੁਹਿੰਮ' ਦਾ ਰੂਪ ਧਾਰ ਗਿਆ ਹੈ। ਆਪਣੇ ਪਿੰਡਾਂ ਨੂੰ ਵਾਪਿਸ ਜਾਂਦੇ ਪ੍ਰਵਾਸੀ ਕਾਮਿਆਂ ਦੀਆਂ ਲੰਬੀਆਂ ਲਾਇਨਾਂ ਸੂਰਤ ਦੇ ਰੇਲਵੇ ਸਟੇਸ਼ਨ 'ਤੇ ਵੇਖਣ ਨੂੰ ਮਿਲ ਰਹੀਆਂ ਹਨ। ਕਿਰਤੀਆਂ ਦਾ ਕਹਿਣਾ ਹੈ, "ਸੂਰਤ ਦੀਆਂ ਮਿੱਲਾਂ 'ਚ ਗੁਲਾਮੀ ਕੱਟਣ ਨਾਲੋਂ ਤਾਂ ਖੇਤਾਂ 'ਚ ਕੰਮ ਕਰਨਾ ਬਿਹਤਰ ਹੈ।" ਸੰਘਰਸ਼ ਕਰ ਰਹੇ ਕਿਰਤੀਆਂ ਪ੍ਰਤੀ ਮੋਦੀ ਹਕੂਮਤ ਦਾ ਰਵੱਈਆ, ਕੇਂਦਰ ਸਰਕਾਰ ਦੇ ਕੱਪੜਾ ਮੰਤਰੀ ਗਿਰੀਰਾਜ ਸਿੰਘ ਦੇ ਉਸ ਕੋਝੇ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ, ਜਿੱਥੇ ਉਹ ਬੇਸ਼ਰਮੀ ਨਾਲ ਕਹਿੰਦਾ ਹੈ, "ਜੇ ਕਿਰਤੀਆਂ ਨੂੰ ਲਗਦਾ ਹੈ ਕਿ ਪਿੰਡਾਂ 'ਚ ਉਹਨਾਂ ਨੂੰ ਬਿਹਤਰ ਰੁਜ਼ਗਾਰ ਉਪਲੱਬਧ ਹੈ ਤਾਂ ਉਥੇ ਜਾਣ ਦੀ ਉਹਨਾਂ ਦੀ ਚੋਣ ਕਿਸੇ ਵੀ ਤਰ੍ਹਾਂ ਪਲਾਇਨ ਨਹੀ ਬਣਦੀ।" ਮੌਜੂਦਾ ਰਿਪੋਰਟ ਲਿਖੇ ਜਾਣ ਤੱਕ ਸੂਰਤ ਕੱਪੜਾ ਸਨਅਤ ਦੇ ਮਜ਼ਦੂਰਾਂ ਦਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਸੰਘਰਸ਼ ਜਾਰੀ ਰਹਿ ਰਿਹਾ ਹੈ।

--0–


ਬੰਗਲਾਦੇਸ਼: ਉਜਰਤਾਂ ਦੇ ਵਾਧੇ ਖਾਤਰ ਰੈਡੀਮੇਡ ਕੱਪੜਾ ਸਨਅਤ ਦੇ ਕਾਮਿਆਂ ਦਾ ਸੰਘਰਸ਼

 



ਬੰਗਲਾਦੇਸ਼: 

    ਉਜਰਤਾਂ ਦੇ ਵਾਧੇ ਖਾਤਰ ਰੈਡੀਮੇਡ ਕੱਪੜਾ ਸਨਅਤ ਦੇ 

ਕਾਮਿਆਂ ਦਾ ਸੰਘਰਸ਼ 

-ਪੱਤਰ ਪ੍ਰੇਰਕ

ਬੰਗਲਾਦੇਸ਼ ਦੀ ਰੈਡੀਮੇਡ ਕੱਪੜਾ ਸਨਅਤ ਦੇ ਕਾਮੇ ਉਜਰਤਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਪਿੜ੍ਹ 'ਚ ਫਿਰ ਤੋਂ ਤਰਥੱਲੀਆਂ ਮਚਾ ਰਹੇ ਹਨ। ਮਜ਼ਦੂਰਾਂ ਦੀ ਮੰਗ ਹੈ ਕਿ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ ਮੌਜੂਦਾ 12500 ਟਕਾ (ਬੰਗਲਾਦੇਸ਼ੀ ਰੁਪਇਆ) ਤੋਂ ਵਧਾ ਕੇ 30000 ਕੀਤੀ ਜਾਵੇ। ਲੰਘੀ 31 ਅਕਤੂਬਰ ਤੋਂ ਏਸ਼ੂਲਯਾ, ਸਾਵਰ, ਗਾਜ਼ੀਪੁਰ ਅਤੇ ਨਾਰਾਯਣਗੰਜ 'ਚ ਕਿਰਤੀਆਂ ਵੱਲੋਂ ਧਰਨੇ-ਪ੍ਰਦਰਸ਼ਨ, ਸੜਕ ਜਾਮ, ਹੜਤਾਲਾਂ ਅਤੇ ਪੁਲਸ ਨਾਲ ਝੜੱਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਦਿਨੋ ਦਿਨ ਵੱਧਦੀ ਮਹਿੰਗਾਈ, ਵੱਸੋਂ ਬਾਹਰ ਹੁੰਦੀਆਂ ਰੋਜ਼ਮਰ੍ਹਾ ਦੀਆਂ ਲੋੜਾਂ, ਮਹਿੰਗੀ ਹੁੰਦੀ ਵਿਦਿਆ ਤੇ ਸਿਹਤ ਸਹੂਲਤਾਂ, ਅਸਮਾਨ ਛੂੰਹਦੇ ਘਰਾਂ ਦੇ ਕਿਰਾਏ ਅਤੇ ਉੱਪਰੋਂ ਤਾਲਾਬੰਦੀਆਂ ਕਾਰਨ ਰੁਜ਼ਗਾਰ ਨੂੰ ਪੈਦਾ ਹੋ ਰਿਹਾ ਖਤਰਾ, ਕਿਰਤੀਆਂ ਦੇ ਇਸ ਤਿੱਖੇ ਰੋਹ ਫੁਟਾਰੇ ਦਾ ਹਕੀਕੀ ਫੌਰੀ ਕਾਰਨ ਬਣਿਆਂ। ਕਾਮਿਆਂ ਦਾ ਸੰਘਰਸ਼ ਇੰਨਾ ਜਬਰਦਸਤ ਹੈ ਕਿ ਇਸ ਨੇ ਮੁਲਕ ਦੀਆਂ ਲੱਗਭੱਗ ਸਾਰੀਆਂ ਕੱਪੜਾ ਸਨਅਤ ਪੱਟੀਆਂ ਨੂੰ ਜਾਮ ਕਰਕੇ ਰੱਖ ਦਿੱਤਾ ਹੈ।   
ਚੀਨ ਤੋਂ ਬਾਅਦ, ਰੈਡੀਮੇਡ ਕੱਪੜਿਆਂ ਦੀ ਬਰਾਮਦ ਕਰਨ ਵਾਲਾ ਬੰਗਲਾਦੇਸ਼ ਦੂਜੇ ਨੰਬਰ ਦਾ ਮੁਲਕ ਹੈ। ਮੁਲਕ ਦੀਆਂ ਕੁੱਲ ਬਰਾਮਦਾਂ 'ਚ 80 ਪ੍ਰਤੀਸ਼ਤ ਤੋਂ ਵੀ ਵੱਧ ਹਿੱਸਾ ਪਾਉਣ ਵਾਲੇ ਇਸ ਖੇਤਰ 'ਚ 40 ਲੱਖ ਤੋਂ ਵੀ ਵੱਧ ਕਾਮੇ ਕੰਮ ਕਰਦੇ ਹਨ। ਬੰਗਲਾਦੇਸ਼ੀ ਅਰਥਚਾਰੇ ਲਈ ਰੈਡੀਮੇਡ ਕੱਪੜਾ ਖੇਤਰ ਦੀ ਮਹੱਤਤਾ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ 40 ਬਿਲੀਅਨ ਡਾਲਰ ਦੀਆਂ ਬਰਾਮਦਾਂ ਉਤਪਨ ਕਰਦਾ ਇਹ ਖੇਤਰ, ਮੁਲਕ ਦੇ ਕੁੱਲ ਘਰੇਲੂ ਉਤਪਾਦ 'ਚ 10 ਪ੍ਰਤੀਸ਼ਤ ਹਿੱਸਾ ਪਾਉਂਦਾ ਹੈ। ਹਕੀਕਤ 'ਚ ਇਸ ਖੇਤਰ ਦੀ ਸਫ਼ਲਤਾ, ਘੱਟ ਉਜਰਤਾਂ ਦੇ ਕੇ ਕਾਮਿਆਂ ਦੀ ਕੀਤੀ ਜਾਂਦੀ ਲੁੱਟ ਦੇ ਆਧਾਰ 'ਤੇ ਖੜ੍ਹੀ ਹੈ। ਜਾਣਬੁੱਝ ਕੇ ਨੀਵੀਆਂ ਰੱਖੀਆਂ ਉਜਰਤਾਂ - ਜੋ ਐਚ ਐਂਡ ਐਮ, ਜ਼ਾਰਾ, ਗੈਪ, ਪਰਿਮਾਰਕ ਅਤੇ ਵਾਲਮਾਰਟ ਵਰਗੇ ਅੰਤਰਰਾਸ਼ਟਰੀ ਖਰੀਦਦਾਰਾਂ ਵਾਸਤੇ ਬੰਗਲਾਦੇਸ਼ ਨੂੰ ਆਕਰਸ਼ਕ ਖਰੀਦ ਬਾਜ਼ਾਰ ਬਣਾਉਂਦੀਆਂ ਹਨ, ਦੂਜੇ ਪਾਸੇ ਇਹਨਾਂ ਘੱਟ ਉਜਰਤਾਂ ਨੇ ਹੀ ਬੰਗਲਾਦੇਸ਼ੀ ਕਿਰਤੀਆਂ ਨੂੰ ਗੁਜਰ-ਬਸਰ ਦੀਆਂ ਨਿੱਤ ਦਿਹਾੜੀ ਵਧਦੀਆਂ ਕੀਮਤਾਂ ਅੱਗੇ ਬੇਵੱਸ ਕਰ ਦਿੱਤਾ ਹੈ। ਮਜ਼ਦੂਰ ਮੁਹਾਜ਼ 'ਤੇ ਹੋ ਰਹੀ ਹਾਲੀਆ ਜਬਰਦਸਤ ਹਲਚਲ ਨੇ ਸਾਮਰਾਜੀ ਲੋੜਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੜ੍ਹੇ ਕੀਤੇ ਅਤੇ ਢਾਲੇ ਬਰਾਮਦਾਂ ਅਧਾਰਤ ਵਿਕਾਸ ਮਾਡਲ ਦੀ ਤਹਿ ਹੇਠਾਂ ਹਰਕਤਸ਼ੀਲ ਵਿਰੋਧਤਾਈਆਂ ਨੂੰ ਉਜਾਗਰ ਕਰ ਦਿੱਤਾ ਹੈ - ਜਿਸ ਵਿੱਚ ਅਰਬਾਂ ਡਾਲਰ ਦਾ ਬਰਾਮਦ ਮਾਲੀਆ ਪੈਦਾ ਕਰਨ ਵਾਲੇ ਕਿਰਤੀ, ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਦੀਆਂ ਦਿਨੋ ਦਿਨ ਵੱਧਦੀਆਂ ਕੀਮਤਾਂ ਨਾਲ ਮੜਿੱਕਣ ਤੋਂ ਵੀ ਅਸਮਰੱਥ ਹਨ।
ਕੱਪੜਾ ਸਨਅਤ ਦੇ ਮਜ਼ਦੂਰ ਮੁਹਾਜ 'ਤੇ 31 ਅਕਤੂਬਰ ਨੂੰ ਉਬਾਲ ਆਇਆ। ਅਗਲੇ 10 ਦਿਨਾਂ 'ਚ 30 ਤੋਂ ਵੱਧ ਧਰਨੇ ਪ੍ਰਦਰਸ਼ਨ ਹੋਏ ਅਤੇ ਬਹੁਤੇ ਥਾਈਂ ਪੁਲਸ ਨਾਲ ਝੜੱਪਾਂ ਹੋਈਆਂ। ਕਿਰਤੀ ਨਾ ਸਿਰਫ਼ ਉਜਰਤਾਂ 'ਚ ਵਾਧੇ ਲਈ, ਸਗੋਂ ਬੇਹਤਰ ਕੰਮ ਹਾਲਤਾਂ ਦੀ ਗਰੰਟੀ ਲਈ ਅਤੇ ਹੋ ਰਹੀਆਂ ਤਾਲਾਬੰਦੀਆਂ ਖਿਲਾਫ਼ ਵੀ ਸੜਕਾਂ 'ਤੇ ਉੱਤਰੇ ਹਨ। ਬਹੁਤੇ ਰੋਹ ਪ੍ਰਦਰਸ਼ਨ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ 'ਚ ਕੇਂਦਰਿਤ ਰਹੇ ਜਿੱਥੇ ਬਹੁਤ ਸਾਰੀ ਕੱਪੜਾ ਸਨਅਤ ਸਥਿਤ ਹੈ। ਇਸ ਗੱਲ ਨੇ ਵੱਡੀ ਪੱਧਰ 'ਤੇ ਲੋਕਾਂ ਦਾ ਧਿਆਨ ਖਿੱਚਣ 'ਚ ਰੋਲ ਅਦਾ ਕੀਤਾ। 14 ਨਵੰਬਰ ਨੂੰ ਮਜ਼ਦੂਰਾਂ ਨੇ ਕਾਲੀਆਕੈਰ, ਗਾਜ਼ੀਪੁਰ ਦੇ ਚੰਦਰਾ ਪੱਲੀ ਬਿਦਿਉਤ ਇਲਾਕੇ 'ਚ ਢਾਕਾ-ਤੰਗਾਇਲ ਹਾਈਵੇ ਜਾਮ ਕਰ ਦਿੱਤਾ ਜਿਸ ਨਾਲ ਸੜਕ ਦੇ ਦੋਹੀਂ ਪਾਸੀਂ ਟ੍ਰੈਫਿਕ ਠੱਪ ਹੋ ਗਿਆ। ਲੰਘੇ ਵੀਰਵਾਰ ਚੰਦਰਾ ਪੱਲੀ ਬਿਦਿਉਤ ਇਲਾਕੇ 'ਚ ਸਥਿਤ ਟਰੌਪੀਕਲ ਫੈਕਟਰੀ ਅਤੇ ਪੁਰਬਾ ਚੰਦਰਾ ਵਿਚਲੀ ਏਪਕਸ ਫੈਕਟਰੀ ਦੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀ ਮਜ਼ਦੂਰਾਂ ਨੂੰ ਖਿੰਡਾਉਣ ਖਾਤਰ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡ ਇਸਤੇਮਾਲ ਕੀਤੇ ਗਏ ਜਿਸ ਵਿੱਚ ਕਈ ਮਜ਼ਦੂਰ ਜਖਮੀ ਹੋ ਗਏ। ਜਿਓਂ ਹੀ ਇਹ ਖ਼ਬਰ ਫੈਲੀ ਕਿ ਵੀਰਵਾਰ ਦੀ ਪੁਲਸ ਕਾਰਵਾਈ 'ਚ ਜਖ਼ਮੀ ਹੋਏ ਮਜ਼ਦੂਰ ਦੀ ਮੌਤ ਹੋ ਗਈ ਹੈ, ਕਿਰਤੀਆਂ ਨੇ ਕੰਮ ਬੰਦ ਕਰਕੇ ਮੁੜ ਤੋਂ ਰੋਹ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨੇੜਲੀਆਂ 7 ਫੈਕਟਰੀਆਂ ਦੇ ਮਜ਼ਦੂਰ ਵੀ ਇਹਨਾਂ ਪ੍ਰਦਰਸ਼ਨਾਂ 'ਚ ਸ਼ਾਮਿਲ ਹੋ ਗਏ। 15 ਨਵੰਬਰ ਨੂੰ ਢਾਕਾ-ਤੰਗਾਇਲ ਹਾਈਵੇ ਜਾਮ ਕਰਨ ਖਾਤਰ ਗਾਜ਼ੀਪੁਰ ਦੇ ਕੋਨਾਬਾਰੀ ਇਲਾਕੇ 'ਚ ਇੱਕਠੇ ਹੋਏ ਮਜਦੂਰਾਂ ਨੂੰ ਖਿੰਡਾਉਣ ਖਾਤਰ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਪਰ ਮਜ਼ਦੂਰ ਰੋਹ, ਨਾਲ ਲੱਗਦੇ ਮੋਊਚਕ ਇਲਾਕੇ ਤੱਕ ਫੈਲ ਗਿਆ ਅਤੇ ਕਿਰਤੀ ਫੈਕਟਰੀਆਂ 'ਚੋਂ ਨਿੱਕਲ ਕੇ ਸੜਕਾਂ 'ਤੇ ਆ ਗਏ। ਮਜ਼ਦੂਰਾਂ ਦੇ ਖਾੜਕੂ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਬੰਗਲਾਦੇਸ਼ੀ ਹਕੂਮਤ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦੰਗਾ ਰੋਕੂ ਸਾਜੋ-ਸਮਾਨ ਨਾਲ ਲੈਸ ਆਮ ਪੁਲਸ, ਬੰਗਲਾਦੇਸ਼ ਬਾਰਡਰ ਗਾਰਡ ਦੀਆਂ 13 ਪਲਟੂਨਾਂ, ਅਲੀਟ ਸਪੈਸ਼ਲ ਬਟਾਲੀਅਨ ਅਤੇ ਅਨਸਾਰ ਦੇ ਜਵਾਨ, ਮਜ਼ਦੂਰ ਰੋਹ ਨੂੰ ਕੰਟਰੋਲ ਕਰਨ ਖਾਤਰ ਮੈਦਾਨ 'ਚ ਉਤਾਰੇ ਗਏ ਹਨ। ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡਾਂ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਕੇਸ ਦਰਜ ਕਰਕੇ ਮਜ਼ਦੂਰਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਗਾਜ਼ੀਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਜਵਾਨਾਂ ਦੀ ਸਹਾਇਤਾ ਅਤੇ ਅਗਵਾਈ ਲਈ 25 ਕਾਰਜਕਾਰੀ ਮੈਜਿਸਟ੍ਰੇਟ ਨਿਯੁਕਤ ਕੀਤੇ ਹਨ। ਸਾਵਰ, ਅਸ਼ੁਲਯਾ, ਗਾਜ਼ੀਪੁਰ ਅਤੇ ਨਾਰਾਇਣਗੰਜ ਇਲਾਕਿਆਂ 'ਚ ਬੰਗਲਾਦੇਸ਼ ਬਾਰਡਰ ਗਾਰਡ ਦੀਆਂ 35 ਪਲਟੂਨਾਂ ਤਾਇਨਾਤ ਕੀਤੀਆਂ ਗਈਆਂ ਹਨ। 
ਦੂਜੇ ਪਾਸੇ ਮਿੱਲ ਮਾਲਕਾਂ ਨੇ ਕਿਰਤੀਆਂ ਨੂੰ ਦਹਿਸ਼ਤਜ਼ਦਾ ਅਤੇ ਬੇਬੱਸ ਕਰਨ ਖਾਤਰ ਬੰਗਲਾਦੇਸ਼ ਕਿਰਤ ਕਾਨੂੰਨ ਦਾ ਸਹਾਰਾ ਲੈਂਦਿਆਂ 'ਕੰਮ ਨਹੀਂ ਤਾਂ ਤਨਖਾਹ ਨਹੀਂ' ਦਾ ਨਿਯਮ ਲਾਗੂ ਕਰ ਦਿੱਤਾ ਹੈ। ਪਰ ਸਭ ਕਿਸਮ ਦੀਆਂ ਧਮਕੀਆਂ ਅਤੇ ਜਾਬਰ ਕਦਮਾਂ ਦੇ ਬਾਵਜੂਦ ਕਿਰਤੀ ਆਪਣੀਆਂ ਹੱਕੀ ਮੰਗਾਂ ਖਾਤਰ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਲਾਗੂ ਕਰਦਿਆਂ ਡਟੇ ਹੋਏ ਹਨ। 14 ਨਵੰਬਰ ਨੂੰ ਸਾਵਰ ਅਤੇ ਗਾਜ਼ੀਪੁਰ ਸਮੇਤ ਅੱਡ-ਅੱਡ ਖੇਤਰਾਂ 'ਚ ਸਥਿਤ 147 ਕੱਪੜਾ ਮਿੱਲਾਂ 'ਚ ਉਤਪਾਦਨ ਵਕਤੀ ਤੌਰ ਬੰਦ ਕਰ ਦਿੱਤਾ ਗਿਆ। ਮਿੱਲ ਮਾਲਕਾਂ ਨੇ ਕਿਰਤ ਕਾਨੂੰਨ ਦੀ ਧਾਰਾ 13(1) ਦੀ ਵਰਤੋਂ ਕਰਦਿਆਂ 55 ਫੈਕਟਰੀਆਂ ਬੰਦ ਕਰਨ ਦਾ ਐਲਾਨ ਕੀਤਾ। ਛਾਂਟੀਆਂ ਅਤੇ ਤਾਲਾਬੰਦੀਆਂ ਦਾ ਸਿਲਸਿਲਾ ਵੀ ਜਾਰੀ ਹੈ।  
ਇਹ ਮਜ਼ਦੂਰਾਂ ਵਲੋਂ ਲੜੇ ਜਾ ਰਹੇ ਖਾੜਕੂ ਘੋਲ ਦੇ ਸਦਕੇ ਹੀ ਹੈ ਕਿ ਬੰਗਲਾਦੇਸ਼ ਹਕੂਮਤ ਨੂੰ ਸੋਧੀਆਂ ਉਜਰਤਾਂ ਸੁਝਾਉਣ ਖਾਤਰ ਇੱਕ 'ਘੱਟੋ-ਘੱਟ ਉਜਰਤ ਬੋਰਡ' ਦਾ ਗਠਨ ਕਰਨਾ ਪਿਆ ਹੈ। ਇਸ ਬੋਰਡ ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ ਆਪਣੀਆਂ ਸਿਫਾਰਸ਼ਾਂ ਦੇਣ ਨੂੰ ਕਿਹਾ ਗਿਆ ਹੈ ਤਾਂ ਕਿ ਸੋਧੀਆਂ ਉਜਰਤਾਂ 1 ਦਸੰਬਰ ਤੋਂ ਲਾਗੂ ਕੀਤੀਆਂ ਜਾ ਸਕਣ। ਪਰ ਕਿਸੇ ਭੁਚਲਾਵੇ 'ਚ ਆਉਣ ਦੀ ਥਾਂ ਕਿਰਤੀ ਆਪਣੀ ਟੇਕ ਸੰਘਰਸ਼ਾਂ ਦੀ ਦਾਬ 'ਤੇ ਹੀ ਬਣਾ ਕੇ ਰੱਖ ਰਹੇ ਹਨ।