ਪਰਵਿੰਦਰ ਝੋਟੇ ਦੇ ਕਤਲ ਖ਼ਿਲਾਫ਼ ਲੋਕ ਸੰਘਰਸ਼ ਨਸ਼ਿਆਂ ਦੀ ਮਾਰ ਖ਼ਿਲਾਫ਼ ਰੋਸ ਲਹਿਰ ਦਾ ਪਸਾਰਾ
-ਪਾਵੇਲ
ਮਾਨਸਾ 'ਚ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਵਿਰੋਧ ਸਰਗਰਮੀ ਕਰਦੇ ਆ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਸੂਬੇ 'ਚ ਜ਼ੋਰਦਾਰ ਰੋਸ ਫੈਲਿਆ ਹੈ ਤੇ ਨਸ਼ਿਆਂ ਦਾ ਮੁੱਦਾ ਮੁੜ ਭਖਵੀਂ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਰੋਸ 'ਚੋਂ ਉੱਭਰੇ ਸੰਘਰਸ਼ ਨਾਲ ਸੂਬੇ ਦੇ ਲੋਕ ਇੱਕ ਹੋਰ ਸੰਘਰਸ਼ ਦੌਰ 'ਚੋਂ ਗੁਜਰੇ ਹਨ। ਨਸ਼ਿਆਂ ਦੇ ਮੁੱਦੇ 'ਤੇ ਸੂਬਾਈ ਹਕੂਮਤ ਤੇ ਲੋਕ ਆਹਮੋ ਸਾਹਮਣੇ ਦਿਖਾਈ ਦਿੱਤੇ ਹਨ। ਆਪ ਮੁਹਾਰੇ ਤੌਰ 'ਤੇ ਉੱਭਰੇ ਰੋਸ ਤੇ ਸ਼ੁਰੂ ਹੋਏ ਸੰਘਰਸ਼ ਨੇ ਪੰਜਾਬ ਦੀ ਹਕੂਮਤ ਨੂੰ ਇੱਕ ਵਾਰ ਫਿਰ ਨਸ਼ਿਆਂ ਨਾਲ ਜੁੜੇ ਅਮਲੀ ਮੁੱਦਿਆਂ ਤੇ ਝੋਟੇ ਦੇ ਕਤਲ ਨਾਲ ਜੁੜ ਕੇ ਉੱਭਰੇ ਇਨਸਾਫ਼ ਦੇ ਮੁੱਦੇ 'ਤੇ ਲੋਕਾਂ 'ਚੋਂ ਸਿਆਸੀ ਨਿਖੇੜੇ 'ਚ ਸੁੱਟਿਆ ਹੈ ਤੇ ਪੰਜਾਬ ਦੀ ਸਰਕਾਰ 'ਤੇ ਤਿੱਖੇ ਦਬਾਅ ਦਾ ਇਜ਼ਹਾਰ ਹੋਇਆ ਹੈ। ਹਕੂਮਤ ਬਚਾਅਮੁਖੀ ਪੈਂਤੜੇ 'ਤੇ ਗਈ ਹੈ।
13ਅਕਤੂਬਰ ਨੂੰ ਮਾਨਸਾ 'ਚ ਇੱਕ ਕੈਮਿਸਟ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੋਈ ਵਿਕਲੋਤਰੀ ਘਟਨਾ ਨਹੀਂ ਸੀ ਸਗੋਂ ਨਸ਼ਿਆਂ ਦੇ ਮਸਲੇ 'ਤੇ ਲੋਕਾਂ 'ਚ ਵਧ ਰਹੇ ਰੋਸ ਦਰਮਿਆਨ ਵਾਪਰ ਰਹੀਆਂ ਘਟਨਾਵਾਂ ਤੇ ਮੋੜਵੇਂ ਜਾਬਰ ਹਕੂਮਤੀ ਪ੍ਰਤੀਕਰਮਾਂ ਦੀ ਚੱਲ ਰਹੀ ਲੜੀ ਦਾ ਇੱਕ ਪ੍ਰਸੰਗ ਸੀ। ਇਸ ਕਤਲ ਪਿੱਛੇ ਵੀ ਗੈਰ ਕਾਨੂੰਨੀ ਵਿਕਰੀ ਨਾਲ ਜੁੜ ਕੇ ਪਿਛਲੇ ਘਟਨਾਕ੍ਰਮ ਦੀ ਤੇ ਹੁਣ ਫਿਰ ਉਸੇ ਵਿਕਰੀ ਦੇ ਵਿਰੋਧ ਦਾ ਪ੍ਰਸੰਗ ਸੀ। ਇਹ ਸਭ ਕੁੱਝ ਦਰਮਿਆਨ ਵਾਪਰੀ ਇਹ ਦਰਦਨਾਕ ਕਤਲ ਦੀ ਘਟਨਾ ਲੋਕ ਮਨਾਂ 'ਚ ਸੁਲਘ ਰਹੇ ਰੋਹ ਨੂੰ ਜਗਾਉਣ ਦਾ ਸਾਧਨ ਬਣ ਗਈ।
ਸੂਬੇ ਅੰਦਰ ਪਿਛਲੇ ਸਾਲਾਂ ਦੌਰਾਨ ਨਸ਼ਿਆਂ ਦੀ ਮਾਰ ਦਾ ਵਰਤਾਰਾ ਤੇਜ਼ੀ ਨਾਲ ਵਧਿਆ ਫੁੱਲਿਆ ਹੈ। ਪਿਛਲੀ ਕਾਂਗਰਸ ਹਕੂਮਤ ਵਾਂਗ ਇਸ ਹਕੂਮਤ ਨੇ ਵੀ ਚੋਣਾਂ ਵੇਲੇ ਕੁੱਝ ਹਫ਼ਤਿਆਂ 'ਚ ਨਸ਼ਿਆਂ ਦੀ ਮਾਰ ਰੋਕਣ ਦਾ ਹਵਾਈ ਵਾਅਦਾ ਕੀਤਾ ਸੀ ਪਰ ਹਕੀਕਤ 'ਚ ਇਸਦੇ ਰਾਜ 'ਚ ਇਹ ਮਾਰ ਵਧਦੀ ਤੁਰੀ ਗਈ ਹੈ ਤੇ ਵੱਡੇ ਸੰਕਟ ਵਜੋਂ ਪੇਸ਼ ਹੋ ਗਈ ਹੈ। ਪਿੰਡ-ਪਿੰਡ ਤੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਹਨ ਤੇ ਵਿਰੋਧ ਕਰਨ 'ਤੇ ਨਸ਼ਾ ਤਸਕਰਾਂ ਵੱਲੋਂ ਦਿਨ-ਦਿਹਾੜੇ ਕਤਲ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਿੰਨ ਹਫ਼ਤਿਆਂ 'ਚ ਨਸ਼ਿਆਂ ਦੀ ਮਾਰ ਦੇ ਖਾਤਮੇ ਵਾਲੇ ਦਾਅਵਿਆਂ ਦੀ ਹਾਲਤ ਇਹ ਹੋਈ ਕਿ ਸਰਕਾਰ ਬਣਨ ਤੋਂ ਤਿੰਨ ਸਾਲ ਮਗਰੋਂ ਭਾਵ ਮਾਰਚ 2025 ਤੋਂ ਸਰਕਾਰ ਨੇ “ਯੁੱਧ ਨਸ਼ਿਆਂ ਵਿਰੁੱਧ” ਨਾਂ ਦੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ। ਇੱਕ ਵਾਰ ਫਿਰ ਦਾਅਵਾ ਵੱਡਾ ਕੀਤਾ ਗਿਆ ਜਦਕਿ ਹਕੀਕਤ 'ਚ ਇਹ ਇਸ਼ਤਿਹਾਰਬਾਜ਼ੀ ਵਾਲੀ ਅਜਿਹੀ ਮੁਹਿੰਮ ਹੋ ਨਿਬੜੀ ਹੈ ਜਿਸ ਤਹਿਤ ਨਸ਼ਾਂ ਤਸਕਰੀ ਦੇ ਵੱਡੇ ਕਾਰੋਬਾਰੀਆਂ ਜਾਂ ਉਹਨਾਂ ਨਾਲ ਜੁੜੇ ਪ੍ਰਸਾਸ਼ਨਿਕ ਅਧਿਕਾਰੀਆਂ ਤੇ ਸਿਆਸਤਦਾਨਾਂ 'ਤੇ ਕੋਈ ਅਸਰਦਾਰ ਕਾਰਵਾਈ ਕਰਨ ਦੀ ਥਾਂ ਪੀੜਤ ਵਿਅਕਤੀਆਂ ਨੂੰ ਸਜ਼ਾਵਾਂ ਨਾਲ ਹੋਰ ਪੀੜਤ ਕੀਤਾ ਜਾ ਰਿਹਾ ਹੈ। ਸਥਾਨਕ ਛੋਟੇ ਤਸਕਰਾਂ ਤੱਕ ਨੂੰ ਵੀ ਗੰਭੀਰ ਸਜ਼ਾਵਾਂ ਦੀ ਉਦਾਹਰਨ ਨਹੀਂ ਲੱਭਦੀ ਜਦਕਿ ਵੱਡੇ ਮਗਰਮੱਛਾਂ ਨੂੰ ਹੱਥ ਪਾਉਣਾ ਤਾਂ ਦੂਰ ਦੀ ਕੌਡੀ ਹੈ। ਕੈਪਟਨ ਹਕੂਮਤ ਵਾਂਗ ਇਸਦੇ ਵੀ ਦਾਅਵੇ ਹੀ ਸਾਬਿਤ ਹੋਏ ਹਨ ਪਰ ਇਸਨੇ ਹੋਰ ਅੱਗੇ ਜਾਂਦਿਆਂ ਇਸ ਨਕਲੀ ਪ੍ਰਚਾਰ ਮੁਹਿੰਮ ਦੀ ਪਾਜ ਉਘੜਾਈ ਕਰਨ ਵਾਲੇ ਜਾਂ ਨਸ਼ਿਆਂ ਦੇ ਮਾਮਲੇ 'ਤੇ ਹਕੂਮਤੀ ਮਿਲੀਭੁਗਤ ਨਸ਼ਰ ਕਰਨ ਵਾਲੇ ਲੋਕਾਂ ਨੂੰ ਜਬਰ ਦੇ ਜ਼ੋਰ ਚੁੱਪ ਕਰਵਾਉਣ ਦਾ ਰਾਹ ਫੜਿਆ ਹੋਇਆ ਹੈ। ਸਰਕਾਰੀ ਦਾਅਵਿਆਂ 'ਤੇ ਸਵਾਲ ਉਠਾਉਣ ਵਾਲੇ ਲੋਕਾਂ ਨੂੰ ਸਰਕਾਰੀ ਕਹਿਰ ਦਾ ਨਿਸ਼ਾਨਾ ਬਣਾਇਆ ਗਿਆ ਹੈ। ਪਿਛਲੇ ਮਹੀਨਿਆਂ ਦੌਰਾਨ ਹਕੂਮਤੀ ਜਬਰ ਦੀਆਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ ਵੱਡੀ ਚਰਚਾ ਤੇ ਲੋਕ ਲਾਮਬੰਦੀ ਦਾ ਮੁੱਦਾ ਬਣੀਆਂ ਸਨ। “ਯੁੱਧ ਨਸ਼ਿਆਂ ਵਿਰੁੱਧ” ਨਾਂ ਦੀ ਇਸ ਦੰਭੀ ਮੁਹਿੰਮ ਦੀ ਅਸਲੀਅਤ ਉਘਾੜ ਕੇ, ਨਸ਼ਿਆਂ ਦੀ ਮਾਰ ਦੀ ਤਸਵੀਰ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ-ਬਨਜਾਰਾ ਪਿੰਡ ਦੇ ਵਿਅਕਤੀ ਦੀ ਕੁੱਟਮਾਰ ਕਰਨ ਦੀ ਘਟਨਾ ਨੇ ਲੋਕਾਂ ਅੰਦਰ ਰੋਸ ਦਾ ਪਸਾਰਾ ਕੀਤਾ ਸੀ। ਇਹਨਾਂ ਘਟਨਾਵਾਂ ਤੇ ਹਕੂਮਤੀ ਜਬਰ ਦੀ ਚਰਚਾ ਅਜੇ ਮੁੱਕੀ ਨਹੀਂ ਸੀ ਕਿ ਮਾਨਸਾ ਦੇ ਨਸ਼ਾ ਤਸਕਰ ਵੱਲੋਂ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਰ ਦਿੱਤਾ ਗਿਆ। ਨਸ਼ਿਆਂ ਦੀ ਮਾਰ ਸਹਿ ਰਹੇ ਲੋਕਾਂ 'ਚ ਇਸ ਘਟਨਾ ਨੇ ਤਿੱਖਾ ਰੋਸ ਜਗਾਇਆ। ਹਾਲਤ ਦਾ ਅਜਿਹਾ ਪ੍ਰਸੰਗ ਸੀ ਜਿੰਨ੍ਹਾਂ 'ਚ ਇਹ ਘਟਨਾ ਵਾਪਰੀ ਤੇ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ 'ਚ ਕਟਹਿਰੇ 'ਚ ਖੜ੍ਹੀ ਹੋਈ ਸਰਕਾਰ 'ਤੇ ਇੱਕ ਹੋਰ ਗੰਭੀਰ ਦੋਸ਼ ਆਇਦ ਹੋ ਗਿਆ। ਇਨਸਾਫ਼ ਲਈ ਲੋਕ ਸੰਘਰਸ਼ ਦਾ ਝੰਡਾ ਉੱਚਾ ਹੋ ਗਿਆ।
ਪਰਵਿੰਦਰ ਸਿੰਘ ਦਾ ਨਸ਼ਿਆਂ ਦਾ ਵਿਰੋਧ ਕਰਨ ਦਾ ਵਿਅਕਤੀਗਤ ਮਾਅਰਕੇਬਾਜ਼ੀ ਵਾਲਾ ਤੇ ਲੋਕ ਚੇਤਨਾ 'ਤੇ ਟੇਕ ਨਾ ਰੱਖ ਕੇ ਚੱਲਣ ਵਾਲਾ ਢੰਗ ਵੱਖਰੀ ਚਰਚਾ ਦਾ ਮੁੱਦਾ ਹੈ ਪ੍ਰੰਤੂ ਉਸ ਵੱਲੋਂ ਨਸ਼ਿਆਂ ਦੀ ਗੈਰ ਕਾਨੂੰਨੀ ਵਿਕਰੀ ਦੀ ਪਾਜ ਉਘੜਾਈ ਦੀਆਂ ਕਾਰਵਾਈਆਂ ਸਰਕਾਰ ਤੇ ਪ੍ਰਸਾਸ਼ਨ ਲਈ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਅਧਾਰ ਤਾਂ ਮੁਹੱਈਆ ਕਰਦੀਆਂ ਸਨ। ਨਸ਼ਿਆਂ ਦੀ ਵਿਕਰੀ ਨੂੰ ਉਭਾਰਦੀਆਂ ਸਨ ਪ੍ਰੰਤੂ ਉਸ ਵੱਲੋਂ ਕਾਰਵਾਈ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰੀ ਮਸ਼ੀਨਰੀ ਦਾ ਰੋਲ ਉਲਟਾ ਰਿਹਾ ਸੀ, ਉਹ ਦੋਸ਼ੀ ਕਹੇ ਜਾ ਰਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਝੋਟਾ ਤੇ ਉਸਦੇ ਸਾਥੀ ਨੌਜਵਾਨਾਂ ਨੂੰ ਰੋਕਣ ਤੇ ਉਹਨਾਂ 'ਤੇ ਕਾਰਵਾਈ ਕਰਨ ਦੇ ਰਾਹ ਪੈਂਦੇ ਰਹੇ ਸਨ। ਇਹਨਾਂ ਨੌਜਵਾਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦੇਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਸੀ ਪ੍ਰੰਤੂ ਉਸਦੀ ਬੇਜੋੜ ਦਲੇਰੀ ਤੇ ਨਸ਼ਿਆਂ ਦੀ ਮਾਰ ਖ਼ਿਲਾਫ਼ ਖੜ੍ਹਨ ਦੇ ਉਸਦੇ ਧੜੱਲੇ ਕਾਰਨ ਉਸਨੂੰ ਚੁੱਪ ਨਹੀਂ ਕਰਵਾਇਆ ਜਾ ਸਕਿਆ ਸੀ। ਨਸ਼ਿਆਂ ਖਿਲਾਫ਼ ਉਸਦੀਆਂ ਉੱਭਰੀਆਂ ਹੋਈਆਂ ਸਰਗਰਮੀਆਂ ਕਾਰਨ, ਦਿਨ ਦਿਹਾੜੇ ਸ਼ਰ੍ਹੇਬਜ਼ਾਰ ਉਸਦੇ ਅਜਿਹੇ ਕਤਲ ਨੇ ਰੋਸ ਜਗਾਉਣਾ ਹੀ ਸੀ। ਇਸ ਕਤਲ ਨੇ ਨਸ਼ਿਆਂ ਦੀ ਮਾਰ ਹੰਢਾ ਰਹੇ ਲੋਕ ਮਨਾਂ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਹ ਦੀਆਂ ਤਰੰਗਾਂ ਛੇੜੀਆਂ।
ਇਸ ਹਾਲਤ 'ਚ ਕਤਲ ਖ਼ਿਲਾਫ਼ ਇਨਸਾਫ਼ ਤੇ ਨਸ਼ਿਆਂ ਨੂੰ ਰੋਕਣ ਦੇ ਮੁੱਦਿਆਂ ਦੁਆਲੇ ਉੱਠੇ ਸੰਘਰਸ਼ ਨੂੰ ਜ਼ੋਰਦਾਰ ਹੁੰਗਾਰਾ ਮਿਲਿਆ। ਝੋਟੇ ਦੀ ਲਾਸ਼ ਰੱਖ ਕੇ, ਸਸਕਾਰ ਨਾ ਕਰਨ ਦੇ ਫ਼ੈਸਲੇ ਨਾਲ ਮਾਨਸਾ 'ਚ ਸ਼ੁਰੂ ਹੋਏ ਪੱਕੇ ਧਰਨੇ ਨੂੰ ਭਰਵਾਂ ਲੋਕ ਸਮਰਥਨ ਹਾਸਿਲ ਹੋਇਆ। ਐਕਸ਼ਨ ਕਮੇਟੀ ਵੱਲੋਂ ਆਏ ਫੌਰੀ ਪੰਜਾਬ ਬੰਦ ਦੇ ਸੱਦੇ ਨੂੰ ਲੋਕਾਂ ਵੱਲੋਂ ਭਰਿਆ ਹੁੰਗਾਰਾ ਲੋਕਾਂ ਦੇ ਮਨਾਂ 'ਚ ਰੋਸ ਦਾ ਤਿੱਖਾ ਇਜ਼ਹਾਰ ਬਣਕੇ ਪ੍ਰਗਟ ਹੋਇਆ। ਇਸ ਸੱਦੇ ਤਹਿਤ ਲੋਕ ਜਥੇਬੰਦੀਆਂ ਵੱਲੋਂ ਵੱਡੀ ਜਨਤਕ ਲਾਮਬੰਦੀ ਕੀਤੀ ਗਈ। ਇਸ ਵੱਡੇ ਜਨਤਕ ਐਕਸ਼ਨ 'ਚ ਸੂਬੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਮੋਹਰੀ ਭੂਮਿਕਾ 'ਚ ਸਨ ਜਦਕਿ ਹੋਰ ਸਾਮਜਿਕ, ਧਾਰਮਿਕ ਜਥੇਬੰਦੀਆਂ/ਸੰਸਥਾਵਾਂ ਨੇ ਵੀ ਹਿੱਸਾ ਪਾਇਆ। ਹਾਕਮ ਜਮਾਤੀ ਸਿਆਸੀ ਪਾਰਟੀਆਂ ਵੀ ਹਰਕਤਸ਼ੀਲ ਹੋਈਆਂ। ਇਸ ਤੋਂ ਮਗਰੋਂ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ ਵੀ ਵੱਡੀ ਜਨਤਕ ਕਾਰਵਾਈ ਬਣ ਕੇ ਉੱਭਰੇ। ਮਾਨਸਾ 'ਚ ਧਰਨਾ ਲਗਾਤਾਰ ਜਾਰੀ ਰਿਹਾ। ਐਕਸ਼ਨ ਕਮੇਟੀ ਵੱਲੋਂ ਆਏ ਸੱਦਿਆਂ ਨੂੰ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਕਾਫ਼ੀ ਹਿੱਸਿਆਂ ਨੇ ਸਰਗਰਮੀ ਨਾਲ ਹੁੰਗਾਰਾ ਦਿੱਤਾ ਤੇ ਸਫ਼ਲ ਬਣਾਇਆ। ਕੁੱਝ ਧਰਨਾਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਭੰਮੇ ਕਲਾਂ ਦੇ ਮ੍ਰਿਤਕ ਨੌਜਵਾਨ ਦੀ ਲਾਸ਼ ਖੋਹਣ ਦੀ ਜਾਬਰ ਕਾਰਵਾਈ ਨੇ ਲੋਕਾਂ 'ਚ ਹੋਰ ਜ਼ਿਆਦਾ ਰੋਸ ਦਾ ਪਸਾਰਾ ਕੀਤਾ। ਲੋਕ ਮਾਨਸਾ ਧਰਨੇ 'ਚ ਪਹੁੰਚਣੇ ਸ਼ੁਰੂ ਹੋ ਗਏ। ਵੱਡੀ ਗਿਣਤੀ ਲੋਕਾਂ ਦੇ ਰੌਂਅ ਤੇ ਇਰਾਦੇ ਨੇ, ਸਰਕਾਰ ਨੂੰ ਬਾਜ਼ੀ ਪੁੱਠੀ ਹੀ ਪੈਂਦੀ ਦਿਖਣ ਲਾ ਦਿੱਤੀ ਤੇ ਸਰਕਾਰ ਨੂੰ ਜਾਬਰ ਹੱਥ ਰੋਕਣੇ ਪਏ।
ਸੰਘਰਸ਼ ਦੌਰਾਨ ਪਰਿਵਾਰ ਦੀ ਅਡੋਲ ਰਹਿ ਕੇ ਡਟ ਜਾਣ ਵਾਲੀ ਭੂਮਿਕਾ ਕਾਫ਼ੀ ਅਹਿਮ ਸਾਬਿਤ ਹੋਈ। ਹਕੂਮਤੀ ਦਬਾਅ ਅੱਗੇ ਅਡੋਲ ਰਹਿ ਕੇ ਪਰਿਵਾਰ ਨੇ ਲੋਕਾਂ ਦੀ ਡੂੰਘੀ ਹਮਦਰਦੀ ਤੇ ਸਾਥ ਹਾਸਿਲ ਕੀਤਾ। ਆਖਿਰ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਦਿਆਂ ਕਈ ਤਰ੍ਹਾਂ ਦੇ ਕਦਮ ਪ੍ਰਵਾਨ ਕਰਨੇ ਪਏ ਤੇ ਇਸ ਕੇਸ ਨਾਲ ਜੁੜੇ ਲੋਕ ਸਰੋਕਾਰਾਂ ਨੂੰ ਸੰਬੋਧਿਤ ਹੋਣਾ ਪਿਆ। ਪ੍ਰੰਤੂ ਪਹੁੰਚ ਦੇ ਪੱਧਰ 'ਤੇ ਹਕੂਮਤੀ ਰਵੱਈਆ ਘੱਟ ਤੋਂ ਘੱਟ ਕਾਰਵਾਈ ਦਾ ਰਿਹਾ। ਦੋਸ਼ੀਆਂ 'ਤੇ ਐਨ ਡੀ ਪੀ ਐਸ ਤਹਿਤ ਪਰਚਾ ਨਹੀਂ ਦਰਜ ਕੀਤਾ ਗਿਆ ਤੇ ਪਹਿਲਾ ਇਸਨੂੰ ਜਾਤੀ ਰੰਜਿਸ਼ ਦਾ ਸਿੱਟਾ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕ ਸੰਘਰਸ਼ ਤੇ ਪਰਿਵਾਰ ਦੀ ਦ੍ਰਿੜਤਾ ਦੇ ਦਬਾਅ ਹੇਠ ਹਕੂਮਤ ਨੂੰ ਕੁੱਝ ਕਦਮ ਚੁੱਕਣੇ ਪਏ ਤੇ ਪਰਿਵਾਰ ਦੀ ਤਸੱਲੀ ਕਰਵਾ ਕੇ ਅੰਤਿਮ ਸੰਸਕਾਰ ਲਈ ਸਹਿਮਤ ਕੀਤਾ ਜਾ ਸਕਿਆ। ਸ਼ੁਰੂਆਤ 'ਚ ਹੀ ਸਰਕਾਰ ਨੇ ਡੀ.ਐਸ.ਪੀ., ਥਾਣਾ ਮੁੱਖੀ ਤੇ ਡਰੱਗ ਇੰਸਪੈਕਟਰ ਨੂੰ ਮੁਅੱਤਲ ਕਰ ਦੇਣ ਦੀ ਜਾਣਕਾਰੀ ਦਿੱਤੀ ਸੀ। ਫਿਰ ਅਮਿਤ ਸ਼ਾਹ ਦੇ ਆਉਣ ਤੋਂ ਇਕਦਮ ਪਹਿਲਾਂ ਕੇਸ ਸੀ.ਬੀ.ਆਈ. ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਸੀ। ਸੀ.ਬੀ.ਆਈ. ਨੇ ਮੁੱਢਲੀ ਜਾਂਚ ਸ਼ੁਰੂ ਕੀਤੀ ਸੀ। ਫਿਰ ਪੰਜਾਬ ਸਰਕਾਰ ਵੱਲੋਂ ਪਰਿਵਾਰ ਤੇ ਐਕਸ਼ਨ ਕਮੇਟੀ ਨਾਲ ਕੀਤੀ ਬਕਾਇਦਾ ਗੱਲਬਾਤ 'ਚ ਪਰਿਵਾਰ ਨੂੰ ਮੁਆਵਜ਼ਾ, ਗ੍ਰਿਫ਼ਤਾਰ ਕੀਤੇ ਵਿਅਕਤੀ ਰਿਹਾਅ ਕਰਨ, ਕੇਸ ਰੱਦ ਕਰਨ, ਪੁਲਿਸ ਤੇ ਸਿਹਤ ਅਧਿਕਾਰੀਆਂ ਖਿਲਾਫ਼ ਸਮਾਂਬੱਧ ਉੱਚ ਪੱਧਰੀ ਜਾਂਚ ਕਰਨ, ਖਿਆਲਾ ਕਲਾਂ 'ਚ ਟਰੌਮਾਂ ਸੈਂਟਰ ਬਣਾਉਣ ਆਦਿ ਮੁੱਦਿਆ 'ਤੇ ਸਹਿਮਤੀ ਬਣੀ। ਇਉਂ ਇਹ ਲੋਕ ਸੰਘਰਸ਼ ਦੀ ਮੁਢਲੀ ਜਿੱਤ ਬਣਦੀ ਹੈ।
ਇਸ ਕਤਲ ਦੀ ਘਟਨਾ ਦੇ ਇਨਸਾਫ਼ ਤੇ ਨਸ਼ਿਆਂ ਦਾ ਹੱਲਾ ਠੱਲ੍ਹਣ ਦੀ ਮੰਗ ਦੁਆਲੇ ਹੋਈ ਸੰਘਰਸ਼ ਸਰਗਰਮੀ ਦੀ ਇੱਕ ਸੀਮਤਾਈ ਐਕਸ਼ਨ ਕਮੇਟੀ 'ਚ ਹਾਕਮ ਜਮਾਤੀ ਵੋਟ ਸਿਆਸਤਦਾਨਾਂ ਦੀ ਸ਼ਮੂਲੀਅਤ ਬਣੀ ਹੈ ਜਿਸਦਾ ਪਰਛਾਵਾਂ ਇਸ ਧਰਨੇ ਦੀਆਂ ਮੰਗਾਂ ਦੀ ਚੋਣ ਅਤੇ ਸੰਘਰਸ਼ ਪੈਂਤੜੇ 'ਤੇ ਪਿਆ ਦਿਖਾਈ ਦਿੱਤਾ ਹੈ। ਕਈ ਇਨਕਲਾਬੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਹਨਾਂ ਮੌਕਾਪ੍ਰਸਤ ਸ਼ਕਤੀਆਂ ਨਾਲੋਂ ਨਿਖੇੜਾ ਕਰਨ ਦੀ ਥਾਂ ਇਹਨਾਂ ਨਾਲ ਸਾਂਝੀ ਸਰਗਰਮੀ ਕਰਨ ਦੀ ਚੋਣ ਕੀਤੀ ਗਈ ਹੈ। ਇਹਨਾਂ ਮੌਕਾਪ੍ਰਸਤ ਸ਼ਕਤੀਆਂ ਵੱਲੋਂ ਹੀ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਉਭਾਰ ਕੇ, ਇਸਨੂੰ ਆਪਣੀ ਵੋਟ ਸਿਆਸਤ ਦਾ ਅਖਾੜਾ ਬਣਾਉਣ ਦੇ ਯਤਨ ਕੀਤੇ ਗਏ ਹਨ। ਸੂਬੇ ਦੀਆਂ ਉਹ ਸਾਰੀਆਂ ਪਾਰਟੀਆਂ ਇਸ ਮੰਚ ਤੋਂ ਖੜ੍ਹ ਕੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ 'ਤੇ ਕੋਸਦੀਆਂ ਰਹੀਆਂ ਹਨ ਜਦਕਿ ਇਹ ਪਾਰਟੀਆਂ ਸੂਬਾਈ ਤੇ ਕੇਂਦਰੀ ਹਕੂਮਤ 'ਚ ਹਿੱਸੇਦਾਰੀ ਵੇਲੇ ਖੁਦ ਇਸ ਵਰਤਾਰੇ ਦੇ ਦੋਸ਼ੀਆਂ 'ਚ ਸ਼ੁਮਾਰ ਹੁੰਦੀਆਂ ਹਨ। ਇਉਂ ਇਹਨਾਂ ਦੀ ਖੁਰ ਰਹੀ ਭਰੋਸੇਯੋਗਤਾ ਨੂੰ ਹੋਰ ਖੋਰਨ ਦਾ ਵਰਤਾਰਾ ਤੇਜ਼ ਕਰਨ ਦੇ ਪਹਿਲੂ ਨੂੰ ਲੋੜੀਂਦਾ ਵਜ਼ਨ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਅਜਿਹੇ ਮੌਕੇ ਸੰਘਰਸ਼ਮਈ ਹੋਣ ਦਾ ਦੰਭ ਕਰਨ ਲਈ ਮੰਚ ਮੁਹੱਈਆ ਕਰਵਾਇਆ ਗਿਆ ਹੈ। ਇਹਨਾਂ ਪਾਰਟੀਆਂ ਤੇ ਸਿਆਸਤਦਾਨਾਂ ਦੀ ਰੁਚੀ ਨਸ਼ਿਆਂ ਦੇ ਹੱਲੇ ਨੂੰ ਠੱਲ੍ਹਣ ਨਾਲ ਜੁੜੀਆਂ ਮੰਗਾਂ ਉਭਾਰਨ ਤੇ ਇਸ ਲਈ ਸੰਘਰਸ਼ ਦਾ ਮਾਰਗ ਉਭਾਰਨ ਦੀ ਨਹੀਂ ਸੀ ਹੋ ਸਕਦੀ, ਇਹਨਾਂ ਦਾ ਮੁੱਦਾ ਸਰਕਾਰ ਨੂੰ ਕੋਸਣਾ ਤੇ ਵੋਟਾਂ ਦੀ ਵੱਟਤ ਕਰਨਾ ਸੀ। ਇਸ ਲਈ ਭਗਵੰਤ ਮਾਨ ਦੇ ਅਸਤੀਫ਼ੇ ਦੀ ਬੇ-ਮਿਆਦੀ ਕਿਸਮ ਦੀ ਮੰਗ ਦੇ ਰਾਮ ਰੌਲੇ 'ਚ ਨਸ਼ਿਆਂ ਦੇ ਮੁੱਦੇ ਨਾਲ ਜੁੜਦੀਆਂ ਠੋਸ ਮੰਗਾਂ ਦੀ ਚਰਚਾ ਨੁੱਕਰੇ ਲੱਗੀ ਦਿਖਾਈ ਦਿੱਤੀ ਹੈ। ਇੱਥੋਂ ਤੱਕ ਕਿ ਇਸ ਵੱਡ-ਆਕਾਰੀ ਮੁੱਦੇ ਨੂੰ ਸਿਰਫ਼ ਹਕੂਮਤੀ ਚਿਹਰਾ ਬਣਨ ਦੇਣ ਤੱਕ ਸੀਮਤ ਕੀਤਾ ਜਾ ਰਿਹਾ ਸੀ।
ਮਾਨਸਾ ਧਰਨੇ ਦੇ ਮੰਚ ਨੂੰ ਫਿਰਕੂ ਵੋਟ ਸਿਆਸਤਦਾਨਾਂ ਵੱਲੋਂ ਆਪਣੇ ਫਿਰਕੂ ਮੰਤਵਾਂ ਨੂੰ ਉਭਾਰਨ ਦਾ ਸਾਧਨ ਬਣਾਇਆ ਗਿਆ ਹੈ। ਇੱਕ ਹਿੱਸੇ ਨੇ ਕਤਲ ਦੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦੇ ਯਤਨ ਵੀ ਕੀਤੇ। ਭਿੰਡਰਾਂਵਾਲੇ ਦੀ ਤਸਵੀਰ ਨਾਲ ਬੀਤੇ ਦੌਰ ਦੀ ਫਿਰਕੂ ਖਾਲਿਸਤਾਨੀ ਲਹਿਰ ਨੂੰ ਸੰਘਰਸ਼ ਦੇ ਪ੍ਰੇਰਨਾ ਸੋਮੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਧਰਨੇ ਦੀ ਸਟੇਜ ਨੂੰ ਧਾਰਮਿਕ ਸਟੇਜ ਵਾਂਗ ਚਲਾਇਆ ਗਿਆ ਹੈ। ਨਿਹੰਗਾਂ ਦੀ ਮੌਜਦੂਗੀ ਨਾਲ ਤੇ ਉਹਨਾਂ ਵੱਲੋਂ ਸ਼ਹਿਰ 'ਚ ਤਲਵਾਰਾਂ ਲਹਿਰਾ ਕੇ ਮਾਰਚ ਕਰਨ ਦੀਆਂ ਚੱਕਵੀਆਂ ਕਾਰਵਾਈਆਂ ਨੇ ਇਸਦੀ ਜਮਹੂਰੀ ਤੇ ਧਰਮ ਨਿਰਪੱਖ ਦਿੱਖ ਨੂੰ ਹਰਜਾ ਪਹੁੰਚਾਇਆ ਤੇ ਸ਼ਹਿਰੀ ਹਿੱਸੇ ਦੀ ਹਮਾਇਤ ਨੂੰ ਨਾਂਹ ਪੱਖੀ ਢੰਗ ਨਾਲ ਅਸਰ ਅੰਦਾਜ਼ ਕੀਤਾ। ਵੋਟ ਸਿਆਸਤੀ ਲਾਹੇ ਲਈ ਸਭ ਤੋਂ ਵੱਧ ਚੱਕਵੇ ਹੋ ਕੇ 'ਵਾਰਿਸ ਪੰਜਾਬ' ਪਾਰਟੀ ਵਾਲੇ ਚੱਲੇ ਹਨ ਤੇ ਉਹਨਾਂ ਵੱਲੋਂ ਮੁੱਦਿਆਂ ਦੀ ਚੋਣ ਤੋਂ ਲੈ ਕੇ , ਘੋਲ ਸ਼ਕਲਾਂ ਤੇ ਸਮੁੱਚਾ ਪੈਂਤੜੇ 'ਚ ਹੀ ਗੰਭੀਰ ਸੰਘਰਸ਼ ਨਾਲੋਂ ਜ਼ਿਆਦਾ ਸਿਆਸੀ ਰੋਟੀਆਂ ਸੇਕਣ ਦੀ ਨੁਮਾਇਸ਼ ਲਗਦੀ ਰਹੀ ਹੈ। ਕੁੱਝ ਇਨਕਲਾਬੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਅਜਿਹੀਆਂ ਸ਼ਕਤੀਆਂ ਨਾਲ ਸਾਂਝੀ ਸਰਗਰਮੀ ਦੀ ਇਹ ਪਹੁੰਚ ਲੋਕ ਸੰਘਰਸ਼ਾਂ ਨੂੰ ਹਾਕਮ ਜਮਾਤੀ ਸਿਆਸੀ ਪ੍ਰਦੂਸ਼ਣ ਫੈਲਾਉਣ ਦਾ ਮੌਕਾ ਦੇਣ ਵਾਲੀ ਹੈ ਜਦਕਿ ਜ਼ਰੂਰਤ ਇਹਨਾਂ ਮੌਕਾਪ੍ਰਸਤ ਪਾਰਟੀਆਂ ਨੂੰ ਸਾਂਝੇ ਜਨਤਕ ਸੰਘਰਸਾਂ ਦੇ ਮੰਚ ਤੋਂ ਪਾਸੇ ਰੱਖਣ ਤੇ ਸੰਘਰਸ਼ਾਂ ਦੇ ਦੁਸ਼ਮਣਾਂ ਦੀ ਕਤਾਰ 'ਚ ਰੱਖਣ ਦੀ ਹੈ। ਮੌਜੂਦਾ ਹਕੂਮਤ ਨੂੰ ਮੁੱਖ ਨਿਸ਼ਾਨੇ 'ਤੇ ਰੱਖਣ ਦੇ ਨਾਲ-ਨਾਲ ਇਹਨਾਂ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਲੋਕ ਦੁਸ਼ਮਣਾਂ ਵਜੋਂ ਨਸ਼ਰ ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ ਜਨਤਕ ਸੰਘਰਸ਼ਾਂ ਦੌਰਾਨ ਢੁੱਕਵੇਂ ਦਾਅਪੇਚਾਂ ਦਾ ਮਹੱਤਵ ਹੈ ਕਿ ਇਹਨਾਂ ਪਾਰਟੀਆਂ ਦਾ ਆਪਸੀ ਸ਼ਰੀਕਾ ਭੇੜ ਵਰਤਿਆ ਵੀ ਜਾ ਸਕੇ ਤੇ ਇਹਨਾਂ ਦੇ ਪਰਦਾਚਾਕ ਦਾ ਅਮਲ ਵੀ ਚਲਾਇਆ ਜਾ ਸਕੇ।
ਇਸ ਪੱਖ ਤੋਂ ਕੁੱਝ ਜਨਤਕ ਜਥੇਬੰਦੀਆਂ ਵੱਲੋਂ ਢੁਕਵੀਂ ਪਹੁੰਚ ਦਾ ਇਜ਼ਹਾਰ ਹੋਇਆ ਹੈ। ਵਿਸ਼ੇਸ਼ ਕਰਕੇ ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਸੰਘਰਸ਼ 'ਚ ਉੱਭਰਵਾਂ ਹਿੱਸਾ ਪਾਉਂਦਿਆਂ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਨਾਲੋਂ ਨਿਖੇੜਾ ਕਰਨ ਦੀ ਪਹੁੰਚ ਨੂੰ ਲਾਗੂ ਕੀਤਾ ਗਿਆ ਹੈ। ਇਸ ਜਥੇਬੰਦੀ ਵੱਲੋਂ ਸੰਘਰਸ਼ 'ਚ ਲੋਕਾਂ ਵਾਲੇ ਪੱਖ ਨਾਲ ਸਾਂਝ ਬਣਾਉਂਦਿਆਂ ਧਰਨੇ 'ਚ ਸ਼ਮੂਲੀਅਤ ਕੀਤੀ ਗਈ ਹੈ ਪ੍ਰੰਤੂ ਐਕਸ਼ਨ ਕਮੇਟੀ ਦਾ ਹਿੱਸਾ ਬਣਨ ਤੋਂ ਦੂਰੀ ਰੱਖੀ ਗਈ ਹੈ। ਸੰਘਰਸ਼ ਲਈ ਹਾਂ ਪੱਖੀ ਢੰਗ ਨਾਲ ਜਨਤਕ ਤੌਰ 'ਤੇ ਆਪਣੇ ਸੁਝਾਅ ਦਿੱਤੇ ਗਏ ਹਨ। ਇਸ ਨੇ ਵਿਸ਼ੇਸ਼ ਕਰਕੇ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਨੂੰ ਸੰਘਰਸ਼ ਮੰਚ ਤੋਂ ਦੂਰ ਰੱਖਣ, ਹੁੱਲੜਬਾਜ਼ਾਂ ਤੇ ਫਿਰਕੂ ਸ਼ਕਤੀਆਂ ਨੂੰ ਦੂਰ ਰੱਖਣ ਤੇ ਸੰਘਰਸ਼ ਲਈ ਲੋਕਾਂ ਨੂੰ ਉਭਾਰਨ ਤੇ ਜਥੇਬੰਦ ਕਰਨ 'ਤੇ ਟੇਕ ਰੱਖਣ ਦੀ ਪਹੁੰਚ ਉਭਾਰੀ ਹੈ। ਪਰਿਵਾਰ ਦੇ ਸੱਦੇ 'ਤੇ ਉਸਨੂੰ ਮਿਲਕੇ ਅਜਿਹੇ ਸੁਝਾਅ ਵੀ ਦਿੱਤੇ ਹਨ। ਇਸਨੇ ਹੋਰਨਾਂ ਕਈ ਸਹਿਯੋਗੀ ਜਥੇਬੰਦੀਆਂ ਨਾਲ ਮਿਲਕੇ ਕੀਤੇ ਵੱਡੇ ਜਨਤਕ ਐਕਸ਼ਨਾਂ 'ਚ ਕਤਲ ਦੇ ਇਨਸਾਫ ਤੇ ਨਸ਼ਿਆਂ ਦੀ ਮਾਰ ਨਾਲ ਸੰਬੰਧਿਤ ਮੁੱਦੇ ਆਪਣੇ ਤੌਰ 'ਤੇ ਉਭਾਰੇ ਹਨ। ਇਸਨੇ ਵਿਸ਼ੇਸ਼ ਕਰਕੇ ਨਸ਼ਿਆਂ ਦੀ ਮਾਰ ਠੱਲ੍ਹਣ ਨਾਲ ਸੰਬੰਧਿਤ ਮੁੱਦੇ ਉਭਾਰੇ ਹਨ। ਇਸ ਵੱਲੋਂ ਇਹਨਾਂ ਮੰਗਾਂ ਦੁਆਲੇ ਜਨਤਕ ਲਾਮਬੰਦੀ ਤੇ ਐਕਸ਼ਨ ਕੀਤੇ ਗਏ ਹਨ। ਮਾਨਸਾ ਧਰਨੇ ਤੋਂ ਜਾਬਰ ਹੱਥ ਪਾਸੇ ਰੱਖਣ ਦੀ ਸੁਣਵਾਈ ਕਰਨ ਲਈ ਇਸਨੇ ਪੰਜਾਬ ਭਰ ਦੇ 40 ਤੋਂ ਜ਼ਿਆਦਾ ਪੁਲਿਸ ਥਾਣਿਆਂ ਮੂਹਰੇ ਫੌਰੀ ਧਰਨੇ ਮਾਰੇ ਤੇ ਇੱਕ ਵੱਡਾ ਕਿਸਾਨ ਕਾਫ਼ਲਾ ਪੁਲਿਸ ਦੀ ਨਾਕਾਬੰਦੀ ਤੋੜ ਕੇ ਮਾਨਸਾ ਧਰਨੇ 'ਚ ਸ਼ਾਮਿਲ ਹੋਇਆ ਤੇ ਹਕੂਮਤ ਨੂੰ ਜਬਰ ਕਰਨ ਦੇ ਮਨਸੂਬੇ ਤਿਆਗ ਦੇਣ ਦੀ ਸੁਣਵਾਈ ਕੀਤੀ। ਪੰਜਾਬ 'ਚ ਜਨਤਕ ਸੰਘਰਸ਼ਾਂ ਅੰਦਰ ਇਸ ਪਹੁੰਚ ਨੂੰ ਲਾਗੂ ਕਰਨ ਦਾ ਬਹੁਤ ਮਹੱਤਵ ਹੈ। ਇਹ ਲੋਕ ਸੰਘਰਸ਼ਾਂ ਨੂੰ ਹਾਕਮ ਜਮਾਤੀ ਪ੍ਰਦੂਸ਼ਣ ਤੋਂ ਮੁਕਤ ਰੱਖ ਕੇ ਨਰੋਏ ਬਣਾਉਣ ਤੇ ਇਹਨਾਂ ਪਾਰਟੀਆਂ ਤੋਂ ਮੁਥਾਜਗੀ ਤਿਆਗ ਕੇ, ਸਵੈ-ਨਿਰਭਰ ਜਥੇਬੰਦ ਲੋਕ ਤਾਕਤ ਦੀ ਉਸਾਰੀ ਲਈ ਲੋੜੀਂਦੀ ਪਹੁੰਚ ਹੈ। ਸੂਬੇ ਦੇ ਜਨਤਕ ਸੰਘਰਸ਼ 'ਚ ਇਸਦੀ ਰਾਖੀ ਕਰਨ, ਇਸਨੂੰ ਉਭਾਰਨ ਤੇ ਲਾਗੂ ਕਰਨ ਦਾ ਕਾਰਜ ਇਨਕਲਾਬੀ ਜਮਹੂਰੀ ਤੇ ਲੋਕ ਪੱਖੀ ਸ਼ਕਤੀਆਂ ਲਈ ਅਤਿ ਲੋੜੀਂਦਾ ਕਾਰਜ ਹੈ।
ਮੋਜੂਦਾ ਅਰਸੇ 'ਚ ਸੂਬੇ ਦੀ ਜਨਤਕ ਜਮਹੂਰੀ ਲਹਿਰ ਦੀ ਸਥਿਤੀ ਅਜਿਹੀ ਹੈ ਕਿ ਅਜਿਹੇ ਆਪ ਮੁਹਾਰੇ ਸੰਘਰਸ਼ਾਂ 'ਚ ਵੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਸੰਘਰਸ਼ ਮੰਚਾਂ ਤੋਂ ਪਾਸੇ ਰੱਖਣਾ ਸੰਭਵ ਹੈ ਕਿਉਂਕਿ ਇਹਨਾਂ ਦੀ ਭਰੋਸੇਯੋਗਤਾ ਨੂੰ ਬਹੁਤ ਖੋਰਾ ਪੈ ਚੁੱਕਿਆ ਹੈ ਤੇ ਲੋਕਾਂ ਨੂੰ ਇਹਨਾਂ ਦੀ ਮੌਜਦੂਗੀ ਘੋਲਾਂ ਦੀ ਸਫ਼ਲਤਾ 'ਚ ਅੜਿੱਕੇ ਵਜੋਂ ਦਿਖਾਈ ਦੇਣ ਲੱਗ ਚੁੱਕੀ ਹੈ। ਇਸ ਤੋਂ ਅੱਗੇ ਇਹਨਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਣ ਲਈ ਢੁਕਵੇਂ ਦਾਅ-ਪੇਚ ਅਪਣਾਉਣੇ ਵੀ ਸੰਭਵ ਹਨ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਲੋਕਾਂ ਦੀਆਂ ਆਗੂ ਸ਼ਕਤੀਆਂ ਨੂੰ ਇਸਦੇ ਮਹੱਤਵ ਦੀ ਹਕੀਕੀ ਥਹੁ ਹੋਵੇ। ਲੋਕ ਸੰਘਰਸ਼ਾਂ 'ਚ ਹਾਕਮ ਜਮਾਤੀ ਵੋਟ ਸਿਆਸਤਦਾਨਾਂ ਨਾਲ ਸਾਂਝੀ ਸਰਗਰਮੀ ਲਈ ਕਮਿਊਨਿਸਟ ਇਨਕਲਾਬੀ ਲਹਿਰ 'ਚ ਪਿਛਾਖੜੀ ਜਥੇਬੰਦੀਆਂ ਜਾਂ ਮੰਚਾਂ 'ਚ ਵੀ ਕਮਿਊਨਿਸਟਾਂ ਵੱਲੋਂ ਕੰਮ ਕਰਨ ਦੀ ਦਿੱਤੀ ਜਾ ਰਹੀ ਦਲੀਲ ਬੇ-ਤੁੱਕੀ ਦਲੀਲ ਹੈ ਕਿਉਂ ਕਿ ਅਜਿਹਾ ਬਹੁਤ ਵਿਸ਼ੇਸ਼ ਮੌਕਿਆਂ 'ਤੇ ਹੁੰਦਾ ਹੈ ਜਦੋਂ ਸਖ਼ਤ ਜਬਰ ਦੀਆਂ ਹਾਲਤਾਂ 'ਚ ਆਜ਼ਾਦਾਨਾ ਸਰਗਰਮੀ ਕਰਨ ਦੀ ਹਾਲਤ ਨਹੀਂ ਹੁੰਦੀ ਜਾਂ ਇਨਕਲਾਬੀ ਸ਼ਕਤੀਆਂ ਅਜਿਹੀ ਕਮਜ਼ੋਰੀ ਦੀ ਹਾਲਤ 'ਚ ਹੁੰਦੀਆਂ ਹਨ ਕਿ ਬਾਹਰ ਰਹਿ ਕੇ ਕੁੱਝ ਵੀ ਨਾ ਕਰ ਸਕਣ ਨਾਲੋਂ ਉਹ ਕਿਸੇ ਪਿਛਾਖੜੀ ਮੰਚ 'ਚ ਜਾ ਕੇ ਹਾਲਤ ਨੂੰ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਉਦੋਂ ਵੀ ਇਸ ਯਤਨ ਦੀ ਸਫ਼ਲਤਾ ਕਈ ਸ਼ਰਤਾਂ 'ਤੇ ਨਿਰਭਰ ਕਰਦੀ ਹੈ। ਨਾ ਹੀ ਉਦੋਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਪਾਰਟੀ ਮੰਚਾਂ ਤੋਂ ਸ਼ਮੂਲੀਅਤ ਕਰਦੀਆਂ ਹਨ ਤੇ ਨਾ ਹੀ ਕਰ ਸਕਦੀਆਂ ਹੁੰਦੀਆਂ ਹਨ। ਉਹਨਾਂ ਨੂੰ ਵਿਸ਼ੇਸ਼ ਹਾਲਤਾਂ 'ਚ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਪਛਾਣ ਛੁਪਾ ਕੇ ਜਨਤਕ ਸਾਮਿਆਂ ਰਾਹੀਂ ਅਜਿਹੇ ਯਤਨ ਕਰਦੀਆਂ ਹਨ। ਅਜਿਹਾ ਕਰਦਿਆਂ ਕਮਿਊਨਿਟ ਇਨਕਲਾਬੀ ਪਾਰਟੀ ਆਪਣੇ ਤੌਰ 'ਤੇ ਆਜ਼ਾਦਾਨਾ ਢੰਗ ਨਾਲ ਆਪਣੀ ਪੂਰੀ ਨੀਤੀ 'ਤੇ ਗੱਲ ਕਰ ਰਹੀ ਹੁੰਦੀ ਹੈ। ਆਪਣੀ ਸਮੁੱਚੀ ਸਿਆਸਤ ਦੇ ਪੈਂਤੜੇ ਤੋਂ ਆਪਣੀ ਸਮਝ ਦਾ ਸੰਚਾਰ ਕਰ ਰਹੀ ਹੁੰਦੀ ਹੈ। ਪਾਰਟੀ ਮੰਚਾਂ ਤੋਂ ਤਾਂ ਸੋਧਵਾਦੀ ਸ਼ਕਤੀਆਂ ਨਾਲ ਵੀ ਸਾਂਝੀ ਸਰਗਰਮੀ ਗੰਭੀਰ ਮਸਲਾ ਬਣਦਾ ਹੈ ਜਦ ਕਿ ਪਿਛਾਖੜੀ ਸ਼ਕਤੀਆਂ ਨਾਲ ਤਾਂ ਵਿਸ਼ੇਸ਼ ਇਤਿਹਾਸਕ ਹਾਲਤਾਂ 'ਚ ਦਾਅਪੇਚਕ ਕਦਮ ਨਿਕਲ ਸਕਦੇ ਹਨ। ਪਰ ਹੁਣ ਮੌਜੂਦਾ ਹਾਲਤਾਂ 'ਚ ਅਜਿਹੀ ਕੋਈ ਸਥਿਤੀ ਨਹੀਂ ਹੈ ਸਗੋਂ ਹੁਣ ਸੂਬੇ ਦੀ ਜਨਤਕ ਜਮਹੂਰੀ ਲਹਿਰ ਇਸ ਹਾਲਤ 'ਚ ਹੈ ਕਿ ਉਹ ਹਾਕਮ ਜਮਾਤੀ ਸਿਆਸਤਦਾਨਾਂ ਤੇ ਪਿਛਾਖੜੀ ਸ਼ਕਤੀਆਂ ਨੂੰ ਸੰਘਰਸ਼ ਮੰਚਾਂ ਤੋਂ ਦੂਰ ਰੱਖ ਕੇ ਨਿਖੇੜ ਸਕਦੀ ਹੈ। ਪੰਜਾਬ ਦੇ ਮੌਜੂਦਾ ਦੌਰ ਦੇ ਜਨਤਕ ਸੰਘਰਸ਼ਾਂ ਦਾ ਤਜਰਬਾ ਇਹੀ ਦਸਦਾ ਹੈ। ਇਤਿਹਾਸਕ ਕਿਸਾਨ ਸੰਘਰਸ਼ ਦਾ ਤਜਰਬਾ ਵੀ ਇਹੀ ਹੈ। ਏਥੋਂ ਤੱਕ ਕਿ ਪਿਛਲੇ ਸਮੇਂ ਤੋਂ ਲੋਕਾਂ 'ਚ ਇਹ ਨੀਤੀ ਮਕਬੂਲ ਹੋਈ ਹੈ।
ਲੋਕ ਸੰਘਰਸ਼ਾਂ ਦੇ ਥੜ੍ਹਿਆਂ ਤੋਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਦੂਰ ਰੱਖਣਾ ਇੱਕ ਅਹਿਮ ਨੀਤੀ ਸਵਾਲ ਹੈ। ਪੰਜਾਬ ਦੀ ਬੀਤੇ ਦਹਾਕਿਆਂ ਦੇ ਸਫ਼ਲ ਜਨਤਕ ਸੰਘਰਸ਼ਾਂ 'ਚ ਇਸ ਨੀਤੀ ਨੂੰ ਲਾਗੂ ਕਰਨ ਦੀ ਅਹਿਮ ਭੂਮਿਕਾ ਰਹੀ ਹੈ। ਪੰਜਾਬ ਦੀ ਕਿਸਾਨ ਲਹਿਰ ਅੰਦਰ ਬੀ.ਕੇ.ਯੂ.ਏਕਤਾ ਉਗਰਾਹਾਂ ਵੱਲੋਂ ਦਹਾਕਿਆਂ ਤੋਂ ਇਸ ਨੀਤੀ 'ਤੇ ਡਟਵਾਂ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਨੀਤੀ ਦੀ ਪਹਿਰੇਦਾਰੀ ਲਈ ਕਿਸਾਨ ਲਹਿਰ ਅੰਦਰ ਵੀ ਤਿੱਖਾ ਸੰਘਰਸ਼ ਹੁੰਦਾ ਰਿਹਾ ਹੈ। ਬਹੁਤ ਮੌਕਿਆਂ 'ਤੇ ਇਸ ਪਹੁੰਚ ਕਾਰਨ ਹੀ ਸੰਘਰਸ਼ਾਂ ਅੰਦਰ ਹਾਕਮ ਜਮਾਤੀ ਸਿਆਸੀ ਪਾਰਟੀਆਂ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਤੋਂ ਕਿਸਾਨੀ ਦੇ ਜਨਤਕ ਥੜ੍ਹਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਕਿੰਨੇ ਹੀ ਜਨਤਕ ਸੰਘਰਸ਼ਾਂ ਦੀ ਸਫ਼ਲਤਾ 'ਚ ਇਹ ਨੀਤੀ ਕੁੰਜੀਵਤ ਸਾਬਿਤ ਹੋਈ ਹੈ।
ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਇਤਿਹਾਸਕ ਕਿਸਾਨ ਸੰਘਰਸ਼ ਦੌਰਾਨ ਕਿਸਾਨ ਲਹਿਰ ਦੇ ਵੱਡੇ ਹਿੱਸੇ ਨੂੰ ਇਹ ਨੀਤੀ ਅਪਣਾਉਣੀ ਪਈ ਕਿਉਂਕਿ ਕਿਸਾਨ ਜਨਤਾ ਅੰਦਰ ਹਾਕਮ ਜਮਾਤੀ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਸੌੜੇ ਸਿਆਸੀ ਏਜੰਡਿਆਂ ਨਾਲੋਂ ਦੂਰੀ ਬਣਾ ਕੇ ਰੱਖਣ ਦੀ ਜ਼ੋਰਦਾਰ ਤਾਂਘ ਦਾ ਇਜ਼ਹਾਰ ਹੋਇਆ ਸੀ। ਇਹ ਤਾਂਘ ਐਨੀ ਜ਼ੋਰਦਾਰ ਸੀ ਕਿ ਸੰਘਰਸ਼ ਨਾਲ ਜੁੜੇ ਕਿਸਾਨ ਲੀਡਰਾਂ ਨੂੰ ਸਿਆਸੀ ਪਾਰਟੀਆਂ ਦੇ ਕਿਸੇ ਵੀ ਨੁਮਾਇੰਦੇ ਨੂੰ ਕਿਸਾਨ ਸਟੇਜਾਂ 'ਤੇ ਨਾ ਚੜ੍ਹਨ ਦੇਣ ਦੀ ਗੱਲ ਮੰਨਣੀ ਪਈ ਸੀ ਹਾਲਾਂਕਿ ਇਹਨਾਂ ਕਿਸਾਨ ਜਥੇਬੰਦੀਆਂ 'ਚੋਂ ਬਹੁਤ ਵੱਡੇ ਹਿੱਸੇ ਦੀ ਆਪਣੀ ਇਹ ਨੀਤੀ ਨਹੀਂ ਸੀ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਲੋਕਾਂ ਦੀ ਸੋਝੀ 'ਚ ਵੀ ਤੇ ਕਿਸਾਨ ਲਹਿਰ ਦੀਆਂ ਸਫਾਂ 'ਚ ਵੀ ਇਸ ਨੀਤੀ ਦਾ ਸੰਚਾਰ ਵਧਿਆ ਸੀ। ਇਹ ਇੱਕ ਸੁਲੱਖਣਾ ਵਰਤਾਰਾ ਸੀ ਤੇ ਇਸ ਪੱਖ 'ਤੇ ਪੰਜਾਬ ਦੀ ਕਿਸਾਨ ਲਹਿਰ ਤੇ ਸਮੁੱਚੀ ਜਨਤਕ ਜਮਹੂਰੀ ਲਹਿਰ ਦੀ ਬਹੁਤ ਚੌਕਸੀ ਲੋੜੀਂਦੀ ਸੀ। ਹੁਣ ਵੀ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਅੰਦਰ ਇਸ ਨੀਤੀ ਦੀ ਪਹਿਰੇਦਾਰੀ ਬਹੁਤ ਅਹਿਮ ਮਸਲਾ ਬਣਦੀ ਹੈ। ਇਸ ਨੀਤੀ ਪ੍ਰਤੀ ਅਵੇਸਲਾਪਣ ਜਾਂ ਇਸ 'ਤੇ ਜ਼ਾਹਿਰ ਹੋ ਰਹੀ ਪਕੜ ਦੀ ਘਾਟ ਪੰਜਾਬ ਦੇ ਲੋਕ ਸੰਘਰਸ਼ਾਂ ਦੀ ਉਸਾਰੀ ਲਈ ਨੁਕਸਾਨਦੇਹ ਸਾਬਿਤ ਹੋਵੇਗੀ।
ਇਸ ਤੋਂ ਵੀ ਅੱਗੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਜਨਤਕ ਸੰਘਰਸ਼ਾਂ 'ਚ ਘੁਸਪੈਠ ਕਰਨ, ਉਹਨਾਂ ਦੇ ਥੜ੍ਹੇ ਵਰਤਣ ਦੇਣ ਦੀ ਨੀਤੀ ਪੰਜਾਬ ਦੇ ਲੋਕ ਸੰਘਰਸ਼ਾਂ ਨੂੰ ਲੀਹੋਂ ਲਾਹੁਣ ਦਾ ਕਾਰਨ ਬਣੇਗੀ। ਮੌਜੂਦਾ ਦੌਰ ਅੰਦਰ ਇਹ ਪਹੁੰਚ ਸਿਰਫ਼ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਹੀ ਨਹੀਂ ਸਗੋਂ ਇਨਕਲਾਬੀ ਸਿਆਸੀ ਪਾਰਟੀਆਂ 'ਤੇ ਲਾਗੂ ਕਰਨ ਲਈ ਵੀ ਜ਼ਰੂਰੀ ਹੈ ਕਿਉਂਕਿ ਫੌਰੀ ਤੇ ਸੀਮਤ ਮੁੱਦਿਆਂ ਦੇ ਸੰਘਰਸ਼ਾਂ 'ਤੇ ਵਧਵੀਂ ਇਨਕਲਾਬੀ ਸਿਆਸਤ ਥੋਪਣਾ ਵੀ ਨੁਕਸਾਨਦਾਇਕ ਹੁੰਦਾ ਹੈ। ਜਨਤਕ ਸੰਘਰਸ਼ਾਂ ਦੌਰਾਨ ਇਨਕਲਾਬੀ ਸਿਆਸਤ ਦੇ ਸੰਚਾਰ ਲਈ ਇਨਕਲਾਬੀਆਂ ਨੂੰ ਆਪਣੇ ਵੱਖਰੇ ਥੜ੍ਹਿਆਂ ਤੇ ਮੰਚਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਨੀਤੀ ਦਾ ਲਾਗੂ ਹੋਣਾ ਸਿਰਫ਼ ਫੌਰੀ ਜਨਤਕ ਸੰਘਰਸ਼ਾਂ ਦੀ ਸਫ਼ਲਤਾ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਇਸ ਤੋਂ ਅੱਗੇ ਸਮਾਜ ਅੰਦਰ ਹਾਕਮ ਜਮਾਤਾਂ ਦੀ ਸਿਆਸੀ ਚੌਧਰ ਨਾਲ ਇਨਕਲਾਬੀ ਜਮਹੂਰੀ ਸਿਆਸਤ ਵੱਲੋਂ ਦਸਤਪੰਜਾ ਲੈਣ ਲਈ ਵੀ ਜ਼ਰੂਰੀ ਹੈ।
ਨਸ਼ਿਆਂ ਦੀ ਰੋਕ ਲਈ ਸੰਘਰਸ਼ ਮਸਲੇ ਦੇ ਬਹੁਤ ਸਾਰੇ ਪਹਿਲੂ ਹਨ। ਇਸ ਮੁੱਦੇ 'ਤੇ ਸੰਘਰਸ਼ ਬਹੁ-ਪਰਤੀ ਪਹੁੰਚ ਨਾਲ ਲੜਿਆ ਜਾਣਾ ਵਾਲਾ ਸੰਘਰਸ਼ ਹੈ। ਅਜਿਹੇ ਕਤਲ ਖਿਲਾਫ਼ ਇਨਸਾਫ ਦੀ ਆਵਾਜ਼ ਨਾਲ ਇਸ ਨਾਲ ਜੁੜਦੀਆਂ ਮੰਗਾਂ ਨੂੰ ਉਭਾਰਿਆ ਜਾ ਸਕਦਾ ਹੈ। ਲੋਕ ਮਨਾਂ 'ਚ ਦੋਸ਼ੀਆਂ ਦੀ ਪਛਾਣ ਸਥਾਪਿਤ ਕੀਤੀ ਜਾ ਸਕਦੀ ਹੈ। ਸੰਘਰਸ਼ ਦੇ ਰਾਹ ਬਾਰੇ ਚੇਤਨਾ ਦਾ ਸੰਚਾਰ ਕੀਤਾ ਜਾ ਸਕਦਾ ਹੈ। ਲੋਕਾਂ 'ਚ ਏਕਤਾ ਨਾਲ ਸੰਘਰਸ਼ ਦਾ ਮਹੱਤਵ ਉਭਾਰਿਆ ਜਾ ਸਕਦਾ ਹੈ। ਫੌਰੀ ਮੁੱਦਿਆਂ 'ਤੇ ਜੂਝਦਿਆਂ ਇਸ ਖੇਤਰ 'ਚ ਜੋ ਵੀ ਕੀਤਾ ਜਾ ਸਕਦਾ ਸੀ, ਉਹ ਨਸ਼ਿਆਂ ਖ਼ਿਲਾਫ਼ ਸੰਘਰਸ਼ ਲਹਿਰ ਉਸਾਰੀ ਦੇ ਵਡੇਰੇ ਕਾਰਜ ਲਈ ਹਾਸਿਲ ਪ੍ਰਾਪਤੀ ਸੀ।
ਇਸ ਪੱਖ ਤੋਂ ਲੋਕ ਰੋਹ ਦੇ ਸੇਕ ਨੇ ਜਿੱਥੇ ਮੌਜੂਦਾ ਹਕੂਮਤ ਨੂੰ ਸਿਆਸੀ ਤੌਰ 'ਤੇ ਲੂਹਿਆ ਹੈ ਉੱਥੇ ਲੋਕਾਂ ਦੀ ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਨ ਦੀ ਭਾਵਨਾ ਦਾ ਇਜ਼ਹਾਰ ਹੋਇਆ ਹੈ। ਲੋਕ ਮਨਾਂ 'ਚ ਇਸ ਸੰਕਟ ਦੀ ਜਮ੍ਹਾਂ ਹੋਈ ਡੂੰਘੀ ਪੀੜ ਝੋਟੇ ਦੇ ਕਤਲ ਨਾਲ ਜੁੜਕੇ ਵਗਦੀ ਦਿਖੀ ਹੈ। ਲੋਕ ਮਨਾਂ ਦੀ ਇਸ ਔਖ ਨੂੰ, ਬੇਚੈਨੀ ਨੂੰ ਨਸ਼ਿਆਂ ਦੇ ਹੱਲੇ ਖ਼ਿਲਾਫ਼ ਅਸਰਦਾਰ ਲੋਕ ਲਹਿਰ 'ਚ ਪਲਟਣ ਦਾ ਅਮਲੀ ਕਾਰਜ ਸੂਬੇ ਦੀ ਇਨਕਲਾਬੀ ਜਮਹੂਰੀ ਲਹਿਰ ਸਾਹਮਣੇ ਹੈ। ਇਸ ਕਾਰਜ ਨੂੰ ਜਮਾਤੀ ਘੋਲਾਂ ਦੇ ਅੰਗ ਵਜੋਂ ਹੀ ਨਿਭਾਇਆ ਜਾਣਾ ਚਾਹੀਦਾ ਹੈ। --0—
ਪਰਵਿੰਦਰ ਝੋਟਾ ਕਤਲ ਕੇਸ ਸੀਬੀਆਈ ਨੂੰ ਸੌਂਪਣ ਬਾਰੇ
ਇਸ ਚਰਚਾ ਦਾ ਭਾਵ ਹੈ ਕਿ ਸੀਬੀਆਈ ਨੂੰ ਕੇਸ ਸੌਂਪ ਦੇਣ ਨਾਲ ਬੇਫ਼ਿਕਰ ਨਹੀਂ ਹੋਇਆ ਜਾ ਸਕਦਾ ਸਗੋਂ ਫਿਕਰ ਹੁਣ ਤੋਂ ਵੀ ਜ਼ਿਆਦਾ ਬਣ ਜਾਂਦੇ ਹਨ। ਇਹਦੇ ਸਿੱਟੇ ਭਾਜਪਾ ਦੀਆਂ ਸਿਆਸੀ ਲੋੜਾਂ ਤੇ ਗਿਣਤੀਆਂ ਦੇ ਚੌਖਟੇ 'ਚ ਹੀ ਆਉਣੇ ਹਨ। ਸਹੀ ਸਿੱਟੇ ਕਢਵਾਉਣ ਲਈ ਇਸ ਤੋਂ ਵੀ ਕਠਿਨ ਸੰਘਰਸ਼ ਦਰਕਾਰ ਹੈ।
ਅਗਲੀ ਗੱਲ ਇਹ ਹੈ ਕਿ ਸੀਬੀਆਈ ਨੂੰ ਕੇਸ ਸੌਂਪ ਦੇਣਾ ਸਿਰਫ਼ ਇਸ ਇੱਕ ਕੇਸ ਦਾ ਮਾਮਲਾ ਹੈ ਪਰ ਪੰਜਾਬ ਅੰਦਰ ਨਸ਼ਿਆਂ ਦੇ ਕਹਿਰ ਨੂੰ ਠੱਲ੍ਹਣ ਦੀਆਂ ਮੰਗਾਂ ਇਸ ਤੋਂ ਕਿਤੇ ਵੱਡੀਆਂ ਹਨ। ਉਹਨਾਂ ਨੁਕਤਿਆਂ 'ਤੇ ਪੰਜਾਬ ਸਰਕਾਰ ਅੱਜ ਕੰਨ ਧਰਨ ਲਈ ਤਿਆਰ ਨਹੀਂ ਹੈ। ਉਲਟਾ ਉਹ ਤਾਂ ਯੁੱਧ ਨਸ਼ਿਆਂ ਵਿਰੁੱਧ ਦੀ ਹਕੀਕਤ ਉਘਾੜਨ ਵਾਲੇ ਲੋਕਾਂ ਨੂੰ ਮਾਰ ਥੱਲੇ ਲਿਆ ਰਹੀ ਹੈ। ਇਸ ਲਈ ਨਸ਼ਿਆਂ ਦੀ ਮਾਰ ਠੱਲ਼੍ਹਣ ਦੀਆਂ ਮੰਗਾਂ ਲਈ ਤੇ ਇਸ ਕੇਸ ਨਾਲ ਜੁੜੇ ਬਾਕੀ ਮੁੱਦਿਆਂ ਲਈ ਲੋਕ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। (20 ਅਕਤੂਬਰ, 2026)

No comments:
Post a Comment