Saturday, November 28, 2026

ਚੌਲਾਂ ਦੇ ਰੂਪ 'ਚ ਮੁਲਕ ਦੇ ਪਾਣੀ ਸੋਮਿਆਂ ਦਾ ਨਿਰਯਾਤ

 


 ਚੌਲਾਂ ਦੇ ਰੂਪ 'ਚ ਮੁਲਕ ਦੇ ਪਾਣੀ ਸੋਮਿਆਂ ਦਾ ਨਿਰਯਾਤ

-ਪਾਵੇਲ

ਪੰਜਾਬ ਦੇ ਮੌਸਮਾਂ ਦੇ ਰੰਗ ਬਦਲ ਗਏ ਹਨ। ਹੁਣ ਪੰਜਾਬ ਪਰਾਲੀ ਦੇ ਧੂੰਏਂ ਦੇ ਰੂਪ 'ਚ ਹਰ ਵਰ੍ਹੇ ਇੱਕ ਹੋਰ ਮੌਸਮ ਹੰਢਾਉਂਦਾ ਹੈ। ਫਸਲ ਦੀ ਰਹਿੰਦ ਖੂਹੰਦ ਵਜੋਂ ਪਰਾਲੀ ਨੂੰ ਸਾਂਭਣਾ ਇੱਕ ਵੱਡੀ ਸਮੱਸਿਆ ਵਜੋਂ ਪੇਸ਼ ਹੁੰਦਾ ਹੈ ਪਰ ਇਹ ਤਾਂ ਇਸ ਸਮੱਸਿਆ ਦਾ ਇਕ ਛੋਟਾ ਇਜ਼ਹਾਰ ਹੈ। ਜਦਕਿ ਝੋਨੇ ਦੀ ਫ਼ਸਲ ਨਾਲ ਪੰਜਾਬ ਕਈ ਤਰ੍ਹਾਂ ਦੀਆਂ ਨਵੀਆਂ ਸਮੱਸਿਆਵਾਂ ਹੰਢਾਅ ਰਿਹਾ ਹੈ। ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਪੱਛਮੀ ਯੂਪੀ ਸਮੇਤ ਮੁਲਕ ਦੇ ਹੋਰ ਵੀ ਕਈ ਇਲਾਕੇ ਹਨ ਜਿੱਥੇ ਝੋਨੇ ਦੀ ਫ਼ਸਲ ਗੈਰ ਕੁਦਰਤੀ ਢੰਗ ਨਾਲ ਪੈਦਾ ਕਰਨ ਦਾ ਵਰਤਾਰਾ ਚਲਾਇਆ ਗਿਆ ਹੈ। ਮੁਲਕ ਅੰਦਰ ਚੌਲਾਂ ਦੀ ਪੈਦਾਵਾਰ ਦੀ ਅਜਿਹੀ ਨੀਤੀ ਬਹੁਤ ਗੰਭੀਰ ਸਮੱਸਿਆਵਾਂ ਨਾਲ ਭਰੀ ਹੋਈ ਹੈ।

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਚੌਲਾਂ ਦਾ ਬਰਾਮਦਕਾਰ ਦੇਸ਼ ਹੈ। ਭਾਰਤ 2012 ਤੋਂ ਇਸ ਖੇਤਰ ਵਿੱਚ ਪਹਿਲੇ ਨੰਬਰ 'ਤੇ ਹੈ ਅਤੇ ਸੰਸਾਰ ਦੇ ਚੌਲ ਨਿਰਯਾਤ 'ਚ  30-35 % ਹਿੱਸਾ ਭਾਰਤ ਦਾ ਹੈ। ਸਾਲ 2025-26 'ਚ ਭਾਰਤ ਨੇ 154.02 ਮਿਲੀਅਨ ਟਨ ਚੌਲ ਪੈਦਾ ਕੀਤੇ ਹਨ। ਚੌਲ ਨਿਰਯਾਤ 2020-21 'ਚ 17.73 ਮਿਲੀਅਨ ਟਨ ਤੋਂ ਵਧ ਕੇ 2025-26 'ਚ 21.57 ਮਿਲੀਅਨ ਟਨ ਹੋ ਗਏ ਹਨ। ਇਹ ਨਿਰਯਾਤ 8.82 ਬਿਲੀਅਨ ਡਾਲਰ ਤੋਂ ਵੱਧ ਕੇ 11.54 ਬਿਲੀਅਨ ਡਾਲਰ ਤੱਕ ਚਲਾ ਗਿਆ ਹੈ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਤਿਲੰਗਾਨਾ, ਛੱਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਆਦਿ ਸੂਬੇ ਮੋਹਰੀ ਚੌਲ ਉਤਪਾਦਕ ਸੂਬੇ ਹਨ। ਇਸ ਭਾਰੀ ਉਤਪਾਦਨ ਨੂੰ ਭਾਰਤ ਦੀਆਂ ਸਭ ਹਕੂਮਤਾਂ ਆਪਣੀ ਸਫ਼ਲਤਾ ਦੀ ਕਹਾਣੀ ਵਜੋਂ ਪੇਸ਼ ਕਰਦੀਆਂ ਹਨ।

ਨਿਰਯਾਤ ਕੀਤੇ ਜਾਂਦੇ ਚੌਲ ਦੋ ਤਰ੍ਹਾਂ ਦੇ ਹਨ। ਇਕ ਉੱਚ ਕੁਆਲਿਟੀ ਦੀ ਮਹਿੰਗੀ ਬਾਸਮਤੀ ਤੇ ਦੂਜੇ ਆਮ ਚੌਲ ਹਨ। ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ  ਅਨੁਸਾਰ ਮੁਲਕ ਨੇ ਸਾਲ 2025-26 'ਚ 6.5 ਮਿਲੀਅਨ ਟਨ ਬਾਸਮਤੀ ਨਿਰਯਾਤ ਕੀਤੀ ਹੈ ਜਿਸ ਦੀ ਕੀਮਤ 50138 ਕਰੋੜ ਰੁਪਏ ਹੈ ਜਦ ਕਿ ਗੈਰ ਬਾਸਮਤੀ ਚੌਲਾਂ ਦਾ ਨਿਰਯਾਤ 15 ਮਿਲੀਅਨ ਟਨ ਤਕ ਪਹੁੰਚਿਆ ਹੈ ਜਿਹੜਾ 51892 ਕਰੋੜ ਰੁਪਏ ਦਾ ਹੈ।

ਏਨੀ ਵੱਡੀ ਪੱਧਰ 'ਤੇ ਨਿਰਯਾਤ ਕੀਤੇ ਜਾ ਰਹੇ ਚੌਲਾਂ ਦਾ ਅਰਥ ਮੁਲਕ ਵੱਲੋਂ ਪਾਣੀ ਸੋਮਿਆਂ ਦੀ ਤਬਾਹੀ ਦੇ ਰੂਪ 'ਚ ਬਹੁਤ ਭਾਰੀ ਕੀਮਤ ਤਾਰਨਾ ਹੈ। ਇਹ ਚੌਲ ਨਿਰਯਾਤ ਨਹੀਂ ਕੀਤੇ ਜਾ ਰਹੇ ਸਗੋਂ ਇਹ ਮੁਲਕ ਦਾ ਪਾਣੀ ਨਿਰਯਾਤ ਕੀਤਾ ਜਾ ਰਿਹਾ ਹੈ। ਇਹ ਕੀਮਤ ਉਸ ਰਕਮ ਨਾਲੋਂ ਕਿਤੇ ਵੱਡੀ ਬਣਦੀ ਹੈ ਜਿਹੜੀ ਇਸ ਨਿਰਯਾਤ ਰਾਹੀਂ ਹੀ ਕਮਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਨਿਰਯਾਤ ਰਾਹੀਂ ਕਮਾਈ ਜਾਂਦੀ ਵਿਦੇਸ਼ੀ ਮੁਦਰਾ ਦੀ ਤਸੱਲੀ ਮੁਲਕ ਦੇ ਪਾਣੀ ਸੋਮਿਆਂ ਦੀ ਤਬਾਹੀ ਰਾਹੀਂ ਹਾਸਲ ਕਰਨਾ ਬਹੁਤ ਮਹਿੰਗਾ ਸੌਦਾ ਹੈ। ਝੋਨੇ ਦੀ ਫ਼ਸਲ ਦੀ ਅਜਿਹੀ ਵਪਾਰਕ ਪੈਦਾਵਾਰ ਨਾ ਸਿਰਫ਼ ਪਾਣੀ ਸੋਮਿਆਂ ਦੀ ਤਬਾਹੀ ਕਰ ਰਹੀ ਹੈ ਸਗੋਂ ਇਸ ਤੋਂ ਵੀ ਅੱਗੇ ਗੈਰ ਕੁਦਰਤੀ ਢੰਗ ਨਾਲ ਤਲਾਅ ਬਣਾ ਦਿੱਤੇ ਜਾਂਦੇ ਖੇਤਾਂ 'ਚ ਨਾਈਟਰੋਜਨ ਆਧਾਰਿਤ ਖਾਦਾਂ ਤੇ ਹੋਰਨਾ ਰਸਾਇਣਿਕ ਖਾਦਾਂ ਦੀ ਬੇਥਾਹ ਵਰਤੋਂ ਮਿਥੇਨ ਗੈਸ ਬਣਾਉਣ ਰਾਹੀਂ ਵਾਤਾਵਰਨ ਦੀ ਤਬਾਹੀ 'ਚ ਵੀ ਹਿੱਸਾ ਪਾਉਂਦੀ ਹੈ। ਇਹ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਨ 'ਚ ਵੀ ਹਿੱਸਾ ਪਾਉਂਦੀ ਹੈ।

ਝੋਨੇ ਦੀ ਫਸਲ ਦੀ ਪੈਦਾਵਾਰ ਲਈ ਪਾਣੀ ਸੋਮਿਆਂ ਦੀ ਬੇਥਾਹ ਤੇ ਗੈਰ ਕੁਦਰਤੀ ਵਰਤੋਂ ਸਿਰਫ਼ ਪੰਜਾਬ ਹਰਿਆਣਾ ਤੇ ਪੱਛਮੀ ਯੂਪੀ ਦੇ ਹਿੱਸਿਆਂ 'ਚ ਨਹੀਂ ਹੋ ਰਹੀ ਸਗੋਂ ਉੱਪਰ ਜ਼ਿਕਰ ਅਧੀਨ ਆਏ ਬਾਕੀ ਸੂਬਿਆਂ 'ਚ ਵੀ ਬਹੁਤ ਵੱਡੀ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੋ ਰਹੀ ਹੈ। ਇਹਨਾਂ ਸਭਨਾਂ ਇਲਾਕਿਆਂ 'ਚ ਹੀ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੇਸ਼ ਦੇ ਪਾਣੀ ਸਰੋਤ ਪਾਣੀ ਦੀ ਮਾਤਰਾ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ। ਵੱਖ ਵੱਖ ਇਲਾਕਿਆਂ/ਸੂਬਿਆਂ 'ਚ ਦਰਿਆਈ ਪਾਣੀਆਂ ਦੀ ਵੰਡ ਦੇ ਰੱਟਿਆਂ ਦੌਰਾਨ ਇਸ ਕਿਤੇ ਵੱਡੇ ਸਾਂਝੇ ਸੰਕਟ ਨੂੰ ਆਮ ਕਰਕੇ ਹਵਾਲਾ ਨੁਕਤਾ ਨਹੀਂ ਬਣਾਇਆ ਜਾਂਦਾ। ਜਿਵੇਂ ਕਿ ਪੰਜਾਬ ਹਰਿਆਣੇ 'ਚ ਦਰਿਆਈ ਪਾਣੀਆਂ ਦੀ ਵੰਡ ਦਾ ਵਿਵਾਦ ਦਹਾਕਿਆਂ ਪੁਰਾਣਾ ਹੈ। ਸੌੜੀ ਇਲਾਕਾਈ ਸਿਆਸਤ ਦੇ ਪੈਂਤੜਾਧਾਰੀ ਤੇ ਮੌਕਾਪ੍ਰਸਤ ਵੋਟ ਸਿਆਸਤਦਾਨ ਅਕਸਰ ਪੰਜਾਬ ਤੋਂ ਬਾਹਰ ਪਾਣੀ ਨਾ ਜਾਣ ਦੇਣ ਦੇ ਹੋਕਰੇ ਮਾਰਦੇ ਰਹਿੰਦੇ ਹਨ ਪਰ ਉਹ ਝੋਨੇ ਦੀ ਸ਼ਕਲ 'ਚ ਦਰਿਆਈ ਪਾਣੀ ਤੇ ਧਰਤੀ ਹੇਠਲੇ ਪਾਣੀ ਨੂੰ ਨਿਰਯਾਤ ਕੀਤੇ ਜਾਣ ਨਾਲ ਕੋਈ ਸਰੋਕਾਰ ਨਹੀਂ ਦਿਖਾਉਂਦੇ। ਅਜਿਹਾ ਨਿਰਯਾਤ ਸਿਰਫ਼ ਪੰਜਾਬ ਤੋਂ ਹੀ ਨਹੀਂ ਹੋ ਰਿਹਾ ਸਗੋਂ ਇਹ ਪੂਰੇ ਭਾਰਤ ਦੇ ਵੱਖ-ਵੱਖ ਖਿੱਤਿਆਂ ਤੋਂ ਹੋ ਰਿਹਾ ਹੈ।

ਚੌਲਾਂ ਦੇ ਨਿਰਯਾਤ ਦੇ ਮਾਮਲੇ 'ਚ ਡੇਢ ਦਹਾਕੇ ਤੋਂ ਦੁਨੀਆਂ ਦਾ ਮੋਹਰੀ ਬਣਿਆ ਹੋਇਆ ਸਾਡਾ ਮੁਲਕ ਆਪਣੇ ਲੋਕਾਂ ਦਾ ਢਿੱਡ ਭਰਨ ਚ ਅਜੇ ਕਾਮਯਾਬ ਨਹੀਂ ਹੋਇਆ ਹੈ। ਭੁੱਖ ਮਰੀ ਦੀ ਹਾਲਤ ਪੱਖੋਂ 122 ਦੇਸ਼ਾਂ 'ਚੋਂ ਸਾਡੇ ਮੁਲਕ ਦਾ ਸੌਵਾਂ ਨੰਬਰ ਹੈ। ਕੁਪੋਸ਼ਣ ਤੇ ਗੰਭੀਰ ਕੁਪੋਸ਼ਣ, ਵੱਡੀ ਆਬਾਦੀ ਦੀ ਸਮੱਸਿਆ ਹੈ। ਜ਼ਿੰਦਗੀ ਦੀ ਸਭ ਤੋਂ ਬੁਨਿਆਦੀ ਜ਼ਰੂਰਤ ਅਨਾਜ ਸਭਨਾਂ ਲੋਕਾਂ ਦੀ ਪਹੁੰਚ ਵਿੱਚ ਨਹੀਂ ਹੈ। ਇਹਨਾਂ ਹਾਲਾਤਾਂ 'ਚ ਮੁਲਕ ਅੰਦਰੋਂ ਲੱਖਾਂ ਟਨ ਅਨਾਜ ਦੀ ਨਿਰਯਾਤ ਭਲਾ ਕਿਹੋ ਜਿਹੀ ਨੀਤੀ ਕਹੀ ਜਾ ਸਕਦੀ ਹੈ। 

ਦੇਸ਼ ਅੰਦਰ ਗੈਰ-ਕੁਦਰਤੀ ਢੰਗ ਨਾਲ ਵਪਾਰਿਕ ਮੰਤਵਾਂ ਲਈ ਪੈਦਾ ਕੀਤੇ ਜਾ ਰਹੇ ਚੌਲ ਵਾਤਾਵਰਨ ਉਜਾੜੇ ਦਾ ਕਾਰਨ ਹੀ ਨਹੀਂ ਬਣ ਰਹੇ ਇਹ ਕਿਸਾਨੀ ਦੇ ਉਜਾੜੇ ਦਾ ਸਬੱਬ ਵੀ ਬਣੇ ਹਨ । ਚੌਲ ਪੈਦਾ ਕਰਨ ਵਾਲੇ ਕਿਸਾਨੀ ਦੇ ਵੱਡੇ ਹਿੱਸੇ ਦੇ ਪੱਲੇ ਕਰਜ਼ੇ ਤੇ ਖੁਦਕੁਸ਼ੀਆਂ ਪਈਆਂ ਹਨ। ਇਹ ਚੌਲ ਪੈਦਾਵਾਰ ਤੇ ਵਪਾਰ ਦੀ ਆਰਥਿਕਤਾ ਹੇਠ ਕੰਮ ਕਰਦੀਆਂ ਭਾਰਤੀ ਰਾਜ ਦੀਆਂ ਨੀਤੀਆਂ ਹਨ ਜਿੰਨ੍ਹਾਂ ਕਾਰਨ ਦੁਨੀਆਂ ਭਰ 'ਚ ਚੌਲ ਵੇਚ ਕੇ ਕਮਾਇਆ ਜਾਂਦਾ ਅਥਾਹ ਮੁਨਾਫਾ ਕਿਸਾਨਾਂ ਦੀਆਂ ਜੇਬਾਂ 'ਚ ਆਉਣ ਦੀ ਬਜਾਏ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਤੇ ਦਲਾਲ ਭਾਰਤੀ ਵਪਾਰੀਆਂ ਦੀਆਂ ਤਿਜੋਰੀਆਂ 'ਚ ਚਲਾ ਜਾਂਦਾ ਹੈ। ਝੋਨੇ ਦੀ ਅਜਿਹੀ ਵਪਾਰਕ ਖੇਤੀ ਹਰੇ ਇਨਕਲਾਬ ਦੇ ਨਾਂ ਹੇਠ ਉਹਨਾਂ ਭਾਰਤੀ ਇਲਾਕਿਆਂ 'ਤੇ ਮੜ੍ਹੀ ਗਈ ਜਿਹੜੇ ਵਾਤਾਵਰਨ ਪੱਖੋਂ ਝੋਨੇ ਲਈ ਬਿਲਕੁਲ ਹੀ ਅਨੁਕੂਲ ਨਹੀਂ ਸਨ। ਇਉਂ ਮੜ੍ਹਨ ਦਾ ਕਾਰਨ ਇਸ ਫਸਲ ਲਈ ਖਾਦਾਂ ਤੇ ਕੀਟਨਾਸ਼ਕਾਂ ਦੀ ਬਹੁਤ ਜਿਆਦਾ ਵਰਤੋਂ ਦੀ ਜ਼ਰੂਰਤ ਹੋਣਾ ਸੀ ਤੇ ਇਹ ਉਤਪਾਦ ਸਾਮਰਾਜੀ ਬਹੁ ਕੌਮੀ ਕੰਪਨੀਆਂ ਵੱਲੋਂ ਬਣਾਏ ਜਾ ਰਹੇ ਸਨ। ਇਹਨਾਂ ਦੀ ਬੇਥਾਹ ਵਿਕਰੀ ਲਈ ਭਾਰਤ ਅੰਦਰ ਝੋਨੇ ਦੀ ਫ਼ਸਲ ਮੜ੍ਹ ਦਿੱਤੀ ਗਈ ਜਿਹੜੀ ਭਾਰਤੀ ਕਿਸਾਨਾਂ ਦੇ ਗਲੇ ਦਾ ਜੰਜਾਲ ਬਣੀ ਹੋਈ ਹੈ,  ਭਾਰਤ ਦੀ ਧਰਤੀ ਤੋਂ ਪਾਣੀ ਨਿਰਯਾਤ ਕਰ ਰਹੀ ਹੈ ਤੇ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਖ਼ਪਤ ਰਾਹੀਂ ਮਿੱਟੀ ਤੇ ਪਾਣੀ ਪਲੀਤ ਕਰਨ ਦਾ ਜ਼ਰੀਆ ਬਣੀ ਹੋਈ ਹੈ।

ਚੌਲਾਂ ਦੀ ਪੈਦਾਵਾਰ ਲਈ ਘੱਟ ਪਾਣੀ ਖਪਤ ਕਰਨ ਵਾਲੀਆਂ ਕਿਸਮਾਂ ਦਾ ਵਿਕਾਸ ਕਰਨਾ ਸੰਭਵ ਹੈ , ਇਸ ਦੀ ਪੈਦਾਵਾਰ ਦੇ ਢੰਗ ਤਰੀਕੇ ਬਦਲਣਾ ਸੰਭਵ ਹੈ। ਘੱਟ ਪਾਣੀ ਵਾਲੇ ਬਦਲਵੇਂ ਅਨਾਜਾਂ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਇਉਂ ਅਨਾਜ ਉਤਪਾਦਨ ਨੂੰ ਨਿਰਯਾਤ ਮੁਖੀ ਦੀ ਥਾਂ ਮੁਲਕ ਦੇ ਲੋਕਾਂ ਦਾ ਪੇਟ ਭਰਨ ਦੀਆਂ ਲੋੜਾਂ ਅਨੁਸਾਰ ਸੇਧਤ ਕਰਨ ਦੀ ਜ਼ਰੂਰਤ ਹੈ। ਇਹ ਸਭ ਕੁਝ ਹਕੂਮਤਾਂ ਦੀ ਇਸ ਸਿਆਸੀ ਇੱਛਾ ਸ਼ਕਤੀ ਨਾਲ ਜੁੜਿਆ ਹੋਇਆ ਹੈ ਕਿ ਇਹ ਨੀਤੀਆਂ ਕਿਸ ਦੀ ਸੇਵਾ ਕਰਨ ਵਾਲੀਆਂ ਬਣਾਉਣੀਆਂ ਹਨ। ਭਾਰਤੀ ਕਿਰਤੀ ਲੋਕਾਂ ਤੇ ਭਾਰਤ ਦੀ ਆਬੋ-ਹਵਾ ਦੀ ਸੇਵਾ 'ਚ ਜਾਂ ਸਾਮਰਾਜੀ ਲੁਟੇਰੀਆਂ ਕੰਪਨੀਆਂ ਤੇ ਦੇਸ਼ ਦੇ ਵੱਡੇ ਸਰਮਾਏਦਾਰਾਂ ਦੀ ਸੇਵਾ 'ਚ। ਜਿਹੜੇ ਹੁਕਮਰਾਨ ਦੇਸ਼ ਦੇ ਪਾਣੀ ਸੋਮਿਆਂ ਨੂੰ ਬਹੁ-ਕੌਮੀ ਸਾਮਰਾਜੀ ਕੰਪਨੀਆਂ ਦੇ ਡਾਟਾ ਸੈਂਟਰਾਂ ਲਈ ਲੁਟਾ ਦੇਣ ਵਾਸਤੇ ਉਤਾਵਲੇ ਹੋਏ ਹੋਣ ਤੇ ਇਸਨੂੰ ਭਾਰਤ ਦੇ ਵਿਕਾਸ ਦਾ ਰਾਹ ਦੱਸਦੇ ਹੋਣ, ਉਹਨਾਂ ਤੋਂ ਪਾਣੀ ਸੋਮਿਆਂ ਦੀ ਰਾਖੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਦੇਸ਼ ਦੇ ਪਾਣੀ ਸਰੋਤਾਂ ਦੀ ਰਾਖੀ ਲੋਕਾਂ ਦਾ ਗੰਭੀਰ ਸਰੋਕਾਰ ਬਣਨਾ ਹੈ ਤੇ ਇਹਨਾਂ ਦੀ ਤਬਾਹੀ ਕਰਦੀਆਂ ਨੀਤੀਆਂ ਦੀ ਤਬਦੀਲੀ ਲਈ ਹੁਕਮਰਾਨਾਂ 'ਤੇ ਦਬਾਅ ਬਣਾਇਆ ਜਾਣਾ ਚਾਹੀਦਾ ਹੈ। --0--

No comments:

Post a Comment