ਐਸ.ਆਈ.ਆਰ. ਰੱਦ ਕਰਨ ਤੇ ਚੋਣ ਕਮਿਸ਼ਨਰ ਨੂੰ ਹਟਾਉਣ ਦੇ ਮੁੱਦਿਆਂ 'ਤੇ ਮੋਦੀ ਹਕੂਮਤ ਖਿਲਾਫ਼ ਵਿਦਿਆਰਥੀ-ਨੌਜਵਾਨ ਸੰਘਰਸ਼
ਲੰਘੇ ਸਤੰਬਰ ਅਕਤੂਬਰ ਦੇ ਮਹੀਨਿਆਂ 'ਚ ਦੇਸ਼ ਦੀ ਕੌਮੀ ਰਾਜਧਾਨੀ 'ਚ ਨੌਜਵਾਨ ਵਿਦਿਆਰਥੀ ਅੰਦੋਲਨ ਦੀ ਗੂੰਜ ਦੇਸ਼ ਦੁਨੀਆਂ 'ਚ ਸੁਣਾਈ ਦਿੱਤੀ ਹੈ। ਇਹ ਨੌਜਵਾਨ ਵਿਦਿਆਰਥੀ ਸੰਘਰਸ਼ ਚੋਣ ਕਮਿਸ਼ਨ ਤੇ ਉਸ ਦੀ ਰਖਵਾਲੀ ਕਰਦੀ ਮੋਦੀ ਸਰਕਾਰ ਖਿਲਾਫ਼ ਫੁੱਟਿਆ ਹੈ ਕਿਉਂਕਿ ਚੋਣ ਕਮਿਸ਼ਨ ਨੇ ਮੋਦੀ ਸਰਕਾਰ ਦੇ ਕਹਿਣ 'ਤੇ ਐਸ ਆਈ ਆਰ ਨਾਂ ਦੀ ਪ੍ਰਕਿਰਿਆ ਦੇਸ਼ ਭਰ ਵਿੱਚ ਸ਼ੁਰੂ ਕੀਤੀ ਹੋਈ ਹੈ। ਇਸ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕਿਹਾ ਗਿਆ ਹੈ ਜਿਸ ਤਹਿਤ ਹੁਣ ਤੱਕ ਕਈ ਸੂਬਿਆਂ 'ਚ ਥੋਕ ਪੱਧਰ 'ਤੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਪਹਿਲਾਂ ਬਿਹਾਰ ਫਿਰ ਬੰਗਾਲ ਤੇ ਅਸਾਮ ਵਰਗੇ ਰਾਜਾਂ ਵਿੱਚ ਭਾਜਪਾ ਨੇ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਰੱਖ ਕੇ ਵਿਰੋਧੀ ਪਾਰਟੀਆਂ ਨੂੰ ਪੈਣ ਵਾਲੀਆਂ ਸੰਭਾਵੀ ਵੋਟਾਂ 'ਚ ਭਾਰੀ ਕਟੌਤੀਆਂ ਕਰ ਦਿੱਤੀਆਂ ਤੇ ਚੋਣ ਨਤੀਜਿਆਂ ਨੂੰ ਸਿੱਧੇ ਤੌਰ 'ਤੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਐਸ.ਆਈ.ਆਰ. ਨੂੰ ਇੱਕ ਹਥਿਆਰ ਬਣਾਇਆ ਹੈ। ਇੱਕ ਤਰ੍ਹਾਂ ਨਾਲ ਮੋਦੀ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਦੀ ਹਕੂਮਤ ਤੇ ਕਾਬਜ਼ ਹੋਣ ਲਈ ਵਿਰੋਧੀ ਵੋਟਾਂ ਦੀ ਕਟੌਤੀ ਦਾ ਨਵਾਂ ਹਥਿਆਰ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਧਰਮ ਦੇ ਨਾਂ 'ਤੇ ਪਾਟਕ ਪਾ ਕੇ, ਲੋਕਾਂ ਨੂੰ ਲੜਾ ਕੇ, ਫਿਰਕੂ ਪਾਲਾਬੰਦੀਆਂ ਰਾਹੀਂ ਵੋਟਾਂ ਬਟੋਰਦੀ ਆ ਰਹੀ ਸਰਕਾਰ ਲਈ ਇਹ ਹਥਿਆਰ ਵੀ ਹੁਣ ਕਮਜ਼ੋਰ ਪੈਣ ਲੱਗੇ ਤਾਂ ਹੁਣ ਇਕ ਨਵਾਂ ਪ੍ਰੋਜੈਕਟ ਚੋਣ ਕਮਿਸ਼ਨ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਵੀ ਅੱਗੇ ਚੋਣ ਕਮਿਸ਼ਨ ਦੇ ਇਸ ਪ੍ਰੋਜੈਕਟ ਰਾਹੀਂ ਨਾਗਰਿਕਤਾ ਦੇ ਅਧਿਕਾਰਾਂ 'ਤੇ ਹਮਲਾ ਕਰਨ ਦਾ ਸਾਧਨ ਬਣਾ ਲਿਆ ਗਿਆ ਹੈ। ਇੱਕ ਤਰ੍ਹਾਂ ਨਾਲ ਵੋਟ ਨਾ ਹੋਣ ਨੂੰ ਨਾਗਰਿਕਤਾ ਨਾ ਹੋਣ ਤੱਕ ਵਧਾ ਦਿੱਤਾ ਗਿਆ ਹੈ ਜੋ ਲੋਕਾਂ ਦੇ ਨਾਗਰਿਕਤਾ ਅਧਿਕਾਰ 'ਤੇ ਹਮਲਾ ਹੈ।
ਇਹ ਸਭ ਕੁਝ ਮੋਦੀ ਸਰਕਾਰ ਵੱਲੋਂ ਪੱਕੇ ਤੌਰ 'ਤੇ ਗੱਦੀ 'ਤੇ ਬਣੇ ਰਹਿਣ ਦੇ ਲਈ ਕੀਤਾ ਜਾ ਰਿਹਾ ਹੈ। ਸੂਬਿਆਂ ਦੀਆਂ ਕੁਰਸੀਆਂ ਹਥਿਆਉਣ ਤੇ ਕੇਂਦਰੀ ਸੱਤਾ 'ਤੇ ਬਣੇ ਰਹਿਣ ਰਾਹੀਂ ਆਰਐਸਐਸ ਤੇ ਭਾਜਪਾ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ, ਦੇਸ਼ ਦੇ ਵੱਡੇ ਪੂੰਜੀਪਤੀਆਂ ਤੇ ਜਗੀਰਦਾਰਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਉਸ ਵੱਲੋਂ ਬੋਲਿਆ ਹੋਇਆ ਇਹ ਫਾਸ਼ੀ ਤੇ ਜਾਬਰ ਹੱਲਾ ਲੁਟੇਰੀਆਂ ਜਮਾਤਾਂ ਦੀ ਅਜਿਹੀ ਸੇਵਾ ਕਰਨ ਲਈ ਹੀ ਹੈ। ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਰਸਮੀ ਤੇ ਦਿਖਾਵੇ ਜੋਗੀ ਖ਼ੁਦਮੁਖਤਿਆਰੀ ਨੂੰ ਵੀ ਤੱਜ ਕੇ ਪੂਰੀ ਤਰ੍ਹਾਂ ਸਰਕਾਰ ਦੀ ਜੇਬ 'ਚ ਪਾ ਲਿਆ ਗਿਆ ਹੈ। ਰਾਜ ਦੀਆਂ ਸਭਨਾਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਤੇ ਨਿਸ਼ੰਗ ਤਰੀਕੇ ਨਾਲ ਕੇਂਦਰੀ ਹਕੂਮਤੀ ਕੰਟਰੋਲ ਹੇਠ ਲਿਆ ਕੇ, ਲੋਕਾਂ ਖਿਲਾਫ਼ ਤੇ ਵਿਰੋਧੀ ਸਿਆਸੀ ਪਾਰਟੀਆਂ ਖਿਲਾਫ਼ ਵਰਤਿਆ ਜਾ ਰਿਹਾ ਹੈ। ਪਿਛਲੇ ਦਹਾਕੇ ਤੋਂ ਮੋਦੀ ਸਰਕਾਰ ਨੇ ਕਿੰਨੇ ਹੀ ਕਾਨੂੰਨ ਸਾਮਰਾਜੀ ਕੰਪਨੀਆਂ ਤੇ ਭਾਰਤੀ ਵੱਡੇ ਸਰਮਾਏਦਾਰਾਂ ਦੀ ਸੇਵਾ 'ਚ ਬਦਲੇ ਹਨ। ਮੁਲਕ ਦੇ ਜਾਬਰ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕੀਤੇ ਹਨ। ਐਸ.ਆਈ.ਆਰ. ਦੀ ਇਹ ਨਵੀਂ ਪ੍ਰਕਿਰਿਆ ਇਸ ਸਮੁੱਚੇ ਜਾਬਰ ਤੇ ਫਾਸ਼ੀ ਹਮਲੇ ਦਾ ਹੀ ਇੱਕ ਹਿੱਸਾ ਹੈ।
ਮੋਦੀ ਸਰਕਾਰ ਦੇ ਇਹਨਾਂ ਕਦਮਾਂ ਖਿਲਾਫ਼ ਨੌਜਵਾਨ ਤੇ ਵਿਦਿਆਰਥੀ ਦਿੱਲੀ ਦੀਆਂ ਸੜਕਾਂ 'ਤੇ ਨਿੱਤਰੇ ਹਨ। ਪਰ ਬੁਖਲਾਹਟ ਵਿੱਚ ਆਈ ਹੋਈ ਮੋਦੀ ਸਰਕਾਰ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਵੀ ਕੁਚਲਣ ਦੇ ਰਾਹ ਤੁਰੀ ਹੈ। ਕੌਮੀ ਰਾਜਧਾਨੀ ਅੰਦਰ ਲੋਕਾਂ ਦੇ ਰੋਸ ਮੁਜ਼ਾਹਰਿਆਂ ਦੀ ਥਾਂ ਵਜੋਂ ਪ੍ਰਵਾਨਤ ਜੰਤਰ ਮੰਤਰ 'ਤੇ ਕਿੰਨੇ ਹੀ ਦਿਨਾਂ ਤੋਂ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾਂਦਾ ਰਿਹਾ ਹੈ, ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਨੌਜਵਾਨ ਮੁੰਡੇ ਕੁੜੀਆਂ 'ਤੇ ਜਬਰ ਢਾਹਿਆ ਜਾਂਦਾ ਰਿਹਾ ਹੈ। ਇਸ ਨੂੰ ਧਰਨੇ ਪ੍ਰਦਰਸ਼ਨਾਂ ਲਈ ਪੱਕੇ ਤੌਰ 'ਤੇ ਵਰਜਿਤ ਕਰ ਦਿੱਤਾ ਗਿਆ ਹੈ। ਇਹਨਾਂ ਰੋਸ ਮੁਜ਼ਾਹਰਿਆਂ ਨੂੰ ਕਵਰ ਕਰਦੇ ਪੱਤਰਕਾਰਾਂ ਨੂੰ ਬਖਸ਼ਿਆ ਤੱਕ ਨਹੀਂ ਗਿਆ, ਉਨਾਂ ਨੂੰ ਵੀ ਡਿਟੇਨ ਕੀਤਾ ਜਾਂਦਾ ਰਿਹਾ ਹੈ। ਮੁਜ਼ਾਹਰਾਕਾਰੀ ਮੁੰਡੇ ਕੁੜੀਆਂ ਨੂੰ ਕੁੱਟਣ ਮਾਰਨ ਤੇ ਖਿੰਡਾਉਣ ਲਈ ਪੁਲਿਸ ਦੇ ਨਾਲ ਨਾਲ ਆਰਐਸਐਸ ਤੇ ਭਾਜਪਾ ਦੇ ਭਾੜੇ ਦੇ ਤੇ ਫਿਰਕੂ ਅਨਸਰਾਂ ਨੂੰ ਵੀ ਡਾਂਗਾਂ ਫੜਾ ਕੇ ਮੈਦਾਨ 'ਚ ਉਤਾਰਿਆ ਗਿਆ ਹੈ। ਪੁਲਿਸ ਇਹਨਾਂ ਨੂੰ ਸ਼ਹਿ ਵੀ ਦਿੰਦੀ ਹੈ ,ਇਹਨਾਂ ਦੀ ਰਖਵਾਲੀ ਵੀ ਕਰਦੀ ਹੈ। ਦਿੱਲੀ 'ਚ ਲੋਕਾਂ ਦਾ ਸੰਘਰਸ਼ ਕਰਨ ਦਾ ਕੁਚਲਿਆ ਜਾ ਰਿਹਾ ਹੱਕ ਮੋਦੀ ਸਰਕਾਰ ਦੇ ਜਾਬਰ ਤੇ ਫਾਸ਼ੀ ਕਦਮਾਂ ਦਾ ਅਗਲਾ ਹੋਰ ਗੇੜ ਹੈ। ਕੌਮੀ ਰਾਜਧਾਨੀ 'ਚ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ। ਇੱਕ ਤਰ੍ਹਾਂ ਇਹ ਅਣ-ਐਲਾਨੀ ਐਮਰਜੈਂਸੀ ਹੈ। ਲੋਕਾਂ ਦੇ ਹਰ ਤਰ੍ਹਾਂ ਦੇ ਹੱਕ ਕੁਚਲਦੀ ਆ ਰਹੀ ਮੋਦੀ ਸਰਕਾਰ ਨੇ ਜਮਹੂਰੀ ਹੱਕਾਂ ਦਾ ਦਮਨ ਹੋਰ ਤੇਜ਼ ਕਰ ਦਿੱਤਾ ਹੈ।
ਚਾਹੇ ਨੌਜਵਾਨਾਂ ਵਿਦਿਆਰਥੀਆਂ ਦਾ ਰੋਸ ਐਸ.ਆਈ.ਆਰ. ਦੇ ਮੁੱਦੇ ਦੁਆਲੇ ਜ਼ਾਹਰ ਹੋਇਆ ਹੈ ਪਰ ਇਸ ਦੀ ਤਹਿ ਹੇਠਾਂ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਅੰਦਰ ਬੇਰੁਜ਼ਗਾਰੀ ਤੇ ਭਵਿੱਖੀ ਵਿਉਂਤਾਂ ਦੀ ਬੇਯਕੀਨੀ ਨੂੰ ਲੈ ਕੇ ਪੈਦਾ ਹੋਈ ਬੇਚੈਨੀ ਤੇ ਰੋਹ ਸ਼ਾਮਲ ਹੈ। ਨੀਟ ਪੇਪਰ ਦੇ ਮੁੱਦੇ ਦੁਆਲੇ ਹੋਏ ਵਿਦਿਆਰਥੀ ਰੋਸ ਪ੍ਰਦਰਸ਼ਨਾਂ ਰਾਹੀਂ ਇਹ ਬੇਚੈਨੀ ਜ਼ਾਹਿਰ ਹੋ ਚੁੱਕੀ ਹੈ। ਜੁਲਾਈ ਮਹੀਨੇ 'ਚ ਦਿੱਲੀ ਅੰਦਰ ਪਏ ਵਿਦਿਆਰਥੀ ਅੰਦੋਲਨ ਦੀ ਧਮਕ ਨੇ ਮੋਦੀ ਹਕੂਮਤ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ। ਚਾਹੇ ਉਹਨਾਂ ਰੋਸ ਪ੍ਰਦਰਸ਼ਨਾਂ ਦੇ ਮੁੱਦੇ ਸੀਮਤ ਕਿਸਮ ਦੇ ਸਨ ਪਰ ਵਿਦਿਆਰਥੀ ਲਾਮਬੰਦੀ ਤੇ ਰੋਹ ਦਾ ਪ੍ਰਗਟਾਵਾ ਅਸਧਾਰਨ ਸੀ। ਇਸ ਰੋਹ ਮੂਹਰੇ ਘਬਰਾਉਂਦਿਆਂ ਮੋਦੀ ਸਰਕਾਰ ਨੂੰ ਆਪਣਾ ਮੰਤਰੀ ਹਟਾਉਣਾ ਪਿਆ ਸੀ। ਉਸਨੇ ਬਹੁਤ ਜ਼ੋਰਦਾਰ ਢੰਗ ਨਾਲ ਮੋਦੀ ਹਕੂਮਤ ਦੇ ਫਿਰਕੂ ਤੇ ਪਾਟਕਪਾਊ ਹਥਿਆਰਾਂ ਦੀ ਕਾਟ ਕੀਤੀ ਸੀ। ਉਹ ਰੋਹ ਵੀ ਚਾਹੇ ਨੀਟ ਪੇਪਰ ਦੇ ਘੁਟਾਲੇ ਦੇ ਮਸਲੇ 'ਤੇ ਉੱਭਰਿਆ ਸੀ ਪ੍ਰੰਤੂ ਉਸ ਵਿੱਚ ਲੋਕ ਦੋਖੀ ਸਿੱਖਿਆ ਢਾਂਚੇ ਦੀ ਮਾਰ ਦੀ ਸੰਘਰਸ਼ ਤਾਂਘ ਸ਼ਾਮਲ ਸੀ।
ਕੌਮੀ ਰਾਜਧਾਨੀ ਦੀ ਵਿਦਿਆਰਥੀ ਜਨਤਾ 'ਚ ਫੁੱਟ ਰਿਹਾ ਰੋਹ ਇਕ ਵਰਤਾਰੇ ਵਜੋਂ ਸਾਹਮਣੇ ਆ ਰਿਹਾ ਹੈ ਜਿਸ ਦੀਆਂ ਅਰਥ ਸੰਭਾਵਨਾਵਾਂ ਸਿਰਫ਼ ਇਹਨਾਂ ਫੌਰੀ ਮੁੱਦਿਆਂ ਤੱਕ ਸੀਮਤ ਨਹੀਂ ਹਨ। ਇਹ ਨੌਜਵਾਨ ਵਿਦਿਆਰਥੀ ਮਨਾਂ ਅੰਦਰ ਵਧ ਰਹੀ ਜਮਹੂਰੀ ਅਧਿਕਾਰ ਜਤਾਈ ਦਾ ਵਰਤਾਰਾ ਹੈ। ਵਿਦਿਆਰਥੀ ਜਨਤਾ ਦੇ ਅੰਗੜਾਈ ਲੈ ਰਹੀ ਚੇਤਨਾ ਦੇ ਝਲਕਾਰੇ ਪਿਛਲੇ ਕੁੱਝ ਸਾਲਾਂ ਤੋਂ ਪ੍ਰਗਟ ਹੋਣੇ ਸ਼ੁਰੂ ਹੋਏ ਹਨ। ਰੋਹਿਤ ਵੇਮੁਲਾ ਦੀ ਖੁਦਕਸ਼ੀ ਘਟਨਾ, ਜੇ.ਐਨ.ਯੂ.'ਚ ਭਾਜਪਾਈ ਹੱਲੇ ਵਰਗੀਆਂ ਘਟਨਾਵਾਂ ਵੇਲੇ ਵਿਦਿਆਰਥੀਆਂ 'ਚ ਸੰਘਰਸ਼ ਭਾਵਨਾ ਤੇ ਜਮਹੂਰੀ ਚੇਤਨਾ ਦੇ ਉਸਾਰੂ ਪ੍ਰਗਟਾਵੇ ਹੋਏ ਸਨ। ਫਿਰ ਇਹ ਕਿਸੇ ਨਾ ਕਿਸੇ ਸ਼ਕਲ 'ਚ ਮੋਦੀ ਹਕੂਮਤ ਦੇ ਫਾਸ਼ੀ ਕਦਮਾਂ ਦੇ ਵਿਰੋਧ ਇਜ਼ਹਾਰਾਂ ਵਜੋਂ ਜਾਰੀ ਰਹੇ ਹਨ। ਪੰਜਾਬ ਯੂਨੀਵਰਸਿਟੀ 'ਚ ਵੀ ਵਿਦਿਆਰਥੀ ਸੰਘਰਸ਼ ਹੋਇਆ ਹੈ। ਇਸ ਵਰਤਾਰੇ ਦੀਆਂ ਮੁਲਕ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਅਥਾਹ ਡੂੰਘੀਆਂ ਅਰਥ ਸੰਭਵਾਨਵਾਂ ਹਨ। ਨੌਜਵਾਨਾਂ ਵਿਦਿਆਰਥੀਆਂ ਦੀ ਲਹਿਰ ਦੀ ਇਹ ਅੰਗੜਾਈ ਮੁਲਕ ਦੀ ਇਨਕਲਾਬੀ ਜਮਹੂਰੀ ਲਹਿਰ ਨੂੰ ਨਵੀਂ ਰੰਗਤ ਦੇ ਸਕਦੀ ਹੈ। ਇਨਕਲਾਬੀ ਜਮਹੂਰੀ ਲਹਿਰ ਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਇਸ ਨੂੰ ਸਹੀ ਰਾਹ ਤੋਰਨ ਲਈ ਸਰਗਰਮ ਦਖ਼ਲ ਦੇਣਾ ਚਾਹੀਦਾ ਹੈ। ਇਹ ਮੋਦੀ ਸਰਕਾਰ ਵੱਲੋਂ ਕੁਚਲੇ ਜਾ ਰਹੇ ਲੋਕ ਹੱਕਾਂ ਲਈ ਜੂਝਣ ਤਾਂਘ ਦਾ ਪ੍ਰਗਟਾਵਾ ਹੈ। ਇਸ ਤਾਘ ਨੂੰ ਇਨਕਲਾਬੀ ਜਮਾਤੀ ਸੇਧ ਦੇ ਚੌਖਟੇ 'ਚ ਟਿਕਾਉਣ ਦੀ ਜ਼ਰੂਰਤ ਹੈ। ਵਿਰੋਧੀ ਪਾਰਲੀਮੈਂਟਰੀ ਪਾਰਟੀਆਂ ਵੀ ਇਸ ਰੋਸ ਨੂੰ ਆਪਣੀਆਂ ਸੌੜੀਆਂ ਸਿਆਸੀ ਲਾਲਸਾਵਾਂ ਲਈ ਵਰਤਣਾ ਚਾਹੁੰਦੀਆਂ ਹਨ। ਉਨਾਂ ਨੇ ਇਸ ਰੋਸ ਲਹਿਰ 'ਤੇ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਆਪਣੀਆਂ ਰਸਮੀ ਪਾਰਲੀਮਾਨੀ ਵਿਰੋਧ ਸ਼ਕਲਾਂ ਤਕ ਸੀਮਤ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਅੰਦੋਲਨ ਅੰਦਰ ਉਨ੍ਹਾਂ ਦੇ ਪੈਂਤੜੇ ਦੀ ਘੁਸਪੈਠ ਇਸਦੀ ਗੰਭੀਰ ਸੀਮਤਾਈ ਬਣ ਕੇ ਸਾਹਮਣੇ ਆਈ ਹੈ। ਇਸ ਪੈਂਤੜੇ ਨਾਲ ਸੰਘਰਸ਼ ਨੂੰ ਮਹਿਜ਼ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਐਸ.ਆਈ.ਆਰ. ਰੱਦ ਕਰਨ ਦੀ ਮੰਗ ਤੱਕ ਸੀਮਤ ਰੱਖਿਆ ਗਿਆ ਜਦਕਿ ਮੋਦੀ ਹਕੂਮਤ ਤੇ ਮੁਲਕ ਅੰਦਰ ਜਮਹੂਰੀ ਹੱਕਾਂ ਦੇ ਦਮਨ ਦੇ ਬਾਕੀ ਕਦਮਾਂ ਨੂੰ ਵਿਰੋਧ ਨਿਸ਼ਾਨੇ ਵਜੋਂ ਹਾਸ਼ੀਏ 'ਤੇ ਹੀ ਰੱਖਿਆ ਗਿਆ ਹੈ। ਉਸ ਤੋਂ ਵੀ ਅੱਗੇ ਇਹਨਾਂ ਸਭਨਾ ਕਦਮਾਂ ਨੂੰ ਅਖੌਤੀ ਆਰਥਿਕ ਸੁਧਾਰਾਂ ਦੇ ਨੀਤੀ ਹਮਲੇ ਨਾਲ ਜੋੜਨ ਤੋਂ ਬਚਿਆ ਗਿਆ ਹੈ ਕਿਉਂਕਿ ਇਹ ਪਾਰਟੀਆ ਖੁਦ ਵੀ ਇਹਨਾਂ ਅਖੌਤੀ ਸੁਧਾਰਾਂ ਦੇ ਮਾਡਲ ਦੀਆਂ ਧਾਰਨੀ ਹਨ। ਇਹਨਾਂ ਪਾਰਟੀਆਂ ਦਾ ਪੈਂਤੜਾ ਵੀ ਸੰਵਿਧਾਨ ਰਾਖੀ ਦਾ ਪੈਂਤੜਾ ਹੈ ਤੇ ਇਹਨਾਂ ਵੱਲੋਂ ਲੁਟੇਰੀਆਂ ਜਮਾਤਾਂ ਦੇ ਇਸ ਸੰਵਿਧਾਨ ਨੂੰ ਪਵਿੱਤਰ ਸ਼ੈਅ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦਕਿ ਹਕੀਕਤ ਵਿੱਚ ਇਹ ਸੰਵਿਧਾਨ ਭਾਰਤ ਦੀਆਂ ਲੁਟੇਰੀਆਂ ਜਮਾਤਾਂ ਨੂੰ ਲੋਕਾਂ 'ਤੇ ਜਾਬਰ ਰਾਜ ਮੜ੍ਹਨ ਦੇ ਅਖਤਿਆਰ ਦਿੰਦਾ ਹੈ। ਮੋਦੀ ਹਕੂਮਤ ਦਾ ਲੋਕਾਂ ਖਿਲਾਫ਼ ਵਿੱਢਿਆ ਹੋਇਆ ਜਾਬਰ ਫਾਸ਼ੀ ਹੱਲਾ ਵੀ ਇਸੇ ਸੰਵਿਧਾਨ ਤੋਂ ਹੀ ਤਾਕਤ ਲੈਂਦਾ ਹੈ। ਲੋਕਾਂ ਖਿਲਾਫ਼ ਉਸਦੇ ਬਹੁਤ ਸਾਰੇ ਕਦਮ ਇਸੇ ਸੰਵਿਧਾਨ ਰਾਹੀਂ ਚੁੱਕੇ ਜਾ ਰਹੇ ਹਨ। ਇਉਂ ਮੋਦੀ ਸਰਕਾਰ ਦੇ ਜਬਰ ਫਾਸ਼ੀ ਕਦਮਾਂ ਦੇ ਵਿਰੋਧ ਦਾ ਮੁੱਖ ਹਵਾਲਾ ਸੰਵਿਧਾਨਕ ਨਹੀਂ ਸਗੋਂ ਲੋਕਾਂ ਦੇ ਬੁਨਿਆਦੀ ਜਮਹੂਰੀ ਅਧਿਕਾਰਾਂ ਦਾ ਬਣਦਾ ਹੈ।
--0--

No comments:
Post a Comment