ਕਨੋਈ ਕਾਂਡ -ਦਲਿਤਾਂ 'ਤੇ ਵਧ ਰਹੇ ਜ਼ੁਲਮ ਦਾ ਇੱਕ ਹੋਰ ਨਮੂਨਾ
-ਲਛਮਣ ਸਿੰਘ ਸੇਵੇਵਾਲਾ
ਜਾਤਪਾਤ ਦਾ ਕੁਲਿਹਣਾ ਰੋਗ ਸਾਡੇ ਸਮਾਜ ਦੇ ਮੱਥੇ 'ਤੇ ਲੱਗਿਆ ਇੱਕ ਕਲੰਕ ਹੈ ਜੋ ਸੰਨ ਸੰਤਾਲੀ 'ਚ ਹੋਈ ਸੱਤਾ ਬਦਲੀ ਦੇ ਅੱਠ ਦਹਾਕਿਆਂ ਬਾਅਦ ਵੀ ਜਾਰੀ ਹੈ। ਦੇਸ਼ ਦੇ ਵੱਖ - ਵੱਖ ਸੂਬਿਆਂ 'ਚ ਅਖੌਤੀ ਨੀਵੀਆਂ ਜਾਤੀਆਂ ਨਾਲ ਸਬੰਧਤ ਲੋਕਾਂ 'ਤੇ ਅਖੌਤੀ ਉੱਚ ਜਾਤੀ ਲੋਕਾਂ ਵੱਲੋਂ ਢਾਹੇ ਜਾਂਦੇ ਜ਼ੁਲਮਾਂ ਤੇ ਧੱਕੇ ਵਿਤਕਰੇ ਦੀਆਂ ਹਿਰਦੇਵੇਦਕ ਘਟਨਾਵਾਂ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਪਰ ਗੁਰੂ ਘਰਾਂ ਦੇ ਅੰਦਰ ਸਵੇਰੇ ਤੇ ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲਾ ਪੰਜਾਬ ਵੀ ਜਾਤਪਾਤ ਦੇ ਇਸ ਕੋਹੜ ਤੋਂ ਮੁਕਤ ਨਹੀਂ ਹੋ ਸਕਿਆ। ਨੈਸ਼ਨਲ ਕ੍ਰਾਈਮ ਬਰਾਂਚ ਦੀ ਰਿਪੋਰਟ ਅਨੁਸਾਰ ਦੇਸ਼ ਭਰ ਅੰਦਰ ਸਾਲ 2024 ਵਿੱਚ ਦਲਿਤਾਂ 'ਤੇ ਜਬਰ ਤੇ ਧੱਕੇ ਵਿਤਕਰੇ ਦੇ 55600 ਤੋਂ ਵੱਧ ਕੇਸ ਦਰਜ ਹੋਏ ਹਨ। ਯਾਨੀ ਹਰ ਰੋਜ 152 ਤੋਂ ਵੱਧ ਥਾਵਾਂ 'ਤੇ ਦਲਿਤਾਂ ਨਾਲ ਜ਼ਿਆਦਤੀਆਂ ਦੀਆਂ ਘਟਨਾਵਾਂ ਵਾਪਰੀਆਂ ਹਨ। ਪੰਜਾਬ ਅੰਦਰ ਵੀ ਐਸ ਸੀ/ ਐਸ ਟੀ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ 2025 'ਚ ਦਲਿਤਾਂ ਨਾਲ ਧੱਕੇ ਵਿਤਕਰੇ ਤੇ ਜ਼ੁਲਮ ਨਾਲ ਸਬੰਧਤ 3600 ਤੋਂ ਵੱਧ ਕੇਸ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਸੀ। ਪਰ ਇਹ ਅੰਕੜੇ ਵੀ ਪੂਰੀ ਤਸਵੀਰ ਪੇਸ਼ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਮਾਮਲੇ ਜਾਂ ਤਾਂ ਪੀੜਤਾਂ ਵੱਲੋਂ ਸਮਾਜਿਕ ਦਬਾਅ ਕਾਰਨ ਦਰਜ ਹੀ ਨਹੀਂ ਕਰਵਾਏ ਜਾਂਦੇ ਜਾਂ ਪੁਲਿਸ ਵੱਲੋਂ ਦਰਜ ਹੀ ਨਹੀਂ ਕੀਤੇ ਜਾਂਦੇ ਤੇ ਜਾਂ ਫਿਰ ਕੇਸ ਦਰਜ ਕਰਨ ਦੀ ਥਾਂ ਅਖੌਤੀ ਰਾਜ਼ੀਨਾਮਾ ਕਰਵਾ ਕੇ ਠੱਪ ਕਰ ਦਿੱਤੇ ਜਾਂਦੇ ਹਨ।
ਜਾਤਪਾਤੀ ਧੱਕੇ ਵਿਤਕਰੇ ਦਾ ਇਹ ਵਰਤਾਰਾ ਨਾ ਸਿਰਫ਼ ਪਛੜੇ ਹੋਏ ਪੇਂਡੂ ਖੇਤਰਾਂ ਤੱਕ ਹੀ ਸੀਮਤ ਹੈ, ਸਗੋਂ ਇਹ ਵਿਤਕਰਾ ਲੱਗਭਗ ਸਭਨਾਂ ਥਾਵਾਂ 'ਤੇ ਹੀ ਆਮ ਰੂਪ 'ਚ ਵਾਪਰ ਰਿਹਾ ਹੈ। ਇੱਥੋਂ ਤੱਕ ਕਿ ਸਰਕਾਰੀ ਸੰਸਥਾਵਾਂ ਦੇ ਅੰਦਰ ਵੀ ਇਸ ਵਿਤਕਰੇ ਨੂੰ ਸਪਸ਼ਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਸਰਕਾਰੀ ਅਦਾਰਿਆਂ 'ਚ ਬੈਠੀ ਉੱਚ ਜਾਤੀ ਨਾਲ ਸਬੰਧਤ ਅਫ਼ਸਰਸ਼ਾਹੀ ਤੇ ਸਿਆਸਤਦਾਨਾਂ ਦੇ ਮਨਾਂ 'ਚ ਅਖੌਤੀ ਨੀਵੀਆਂ ਜਾਤੀਆਂ ਪ੍ਰਤੀ ਅੰਨ੍ਹੀ ਨਫ਼ਰਤ ਦੇ ਦਰਸ਼ਨ ਦੀਦਾਰੇ ਵੀ ਪੈਰ - ਪੈਰ 'ਤੇ ਹੋ ਜਾਂਦੇ ਹਨ।
ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਇੱਕ ਦਲਿਤ ਪਰਿਵਾਰ ਨਾਲ ਵਾਪਰੀ ਬੇਹੱਦ ਘਿਨਾਉਣੀ ਘਟਨਾ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਸੰਗਰੂਰ ਜ਼ਿਲੇ ਦੇ ਪਿੰਡ ਕਨੋਈ ਦੇ ਨੌਜਵਾਨ ਮਜ਼ਦੂਰ ਸਨਮਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਸੀ। ਉਸਦੇ ਮਾਪਿਆਂ ਦਾ ਦੋਸ਼ ਸੀ ਕਿ ਸੱਤਾਧਾਰੀ ਆਪ ਪਾਰਟੀ ਨਾਲ਼ ਸਬੰਧਤ ਪਿੰਡ ਦੇ ਸਰਪੰਚ ਤੇ ਉਸਦੇ ਜੋਟੀਦਾਰਾਂ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ ਕਰਨ ਸਦਕਾ ਹੀ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਉਹਨਾਂ ਵੱਲੋਂ ਸਰਪੰਚ ਤੇ ਉਸਦੇ ਜੋਟੀਦਾਰਾਂ 'ਤੇ ਐਸ.ਸੀ./ਐਸ.ਟੀ.ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨੌਜਵਾਨ ਮਜ਼ਦੂਰ ਦੀ ਲਾਸ਼ ਕਈ ਦਿਨਾਂ ਤੋਂ ਸਿਵਲ ਹਸਪਤਾਲ ਸੰਗਰੂਰ ਦੇ ਮੁਰਦਾ ਘਰ 'ਚ ਪਈ ਹੋਈ ਸੀ । ਕੁੱਝ ਦਿਨਾਂ ਬਾਅਦ ਭਾਵੇਂ ਪੁਲਿਸ ਨੇ ਮਾਮੂਲੀ ਧਰਾਵਾਂ ਤਹਿਤ ਸਰਪੰਚ 'ਤੇ ਮੂੰਹ ਰਖਾਈ ਲਈ ਪਰਚਾ ਤਾਂ ਦਰਜ਼ ਕਰ ਦਿੱਤਾ, ਪਰ ਪੁਲਿਸ ਐਸ.ਸੀ./ਐਸ.ਟੀ.ਐਕਟ ਲਾਉਣ ਅਤੇ ਸਰਪੰਚ ਨੂੰ ਗ੍ਰਿਫ਼ਤਾਰ ਕਰਨ ਤੋਂ ਸ਼ਰ੍ਹੇਆਮ ਇਨਕਾਰ ਕਰਦੀ ਰਹੀ। ਦੂਜੇ ਪਾਸੇ ਪੀੜਤ ਪਰਿਵਾਰ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਮੁਕੱਦਮੇ 'ਚ ਐਸ ਸੀ/ ਐਸ ਟੀ ਐਕਟ ਦੀ ਧਾਰਾ ਲਾਉਣ ਤੋਂ ਬਿਨਾਂ ਸਸਕਾਰ ਕਰਨ ਲਈ ਤਿਆਰ ਨਹੀਂ ਸੀ।
ਆਖਰ ਇੱਕ ਅਕਤੂਬਰ ਨੂੰ ਸਵੇਰੇ ਹੀ ਭਾਰੀ ਨਫ਼ਰੀ 'ਚ ਪੁੱਜੀ ਪੁਲੀਸ, ਸਿਵਲ ਹਸਪਤਾਲ ਸੰਗਰੂਰ ਵਿਖੇ ਧਰਨੇ 'ਤੇ ਬੈਠੇ ਪੀੜਤ ਪਰਿਵਾਰ , ਉਹਨਾਂ ਦੇ ਸਾਕ ਸਬੰਧੀਆਂ ਅਤੇ ਹਮਾਇਤੀਆਂ 'ਤੇ ਭੁੱਖੇ ਬਘਿਆੜਾਂ ਵਾਂਗ ਟੁੱਟ ਕੇ ਪੈ ਗਈ। ਮ੍ਰਿਤਕ ਨੌਜਵਾਨ ਦੀ ਮਾਤਾ ਤੋਂ ਇਲਾਵਾ ਬਿਰਧ ਦਾਦੇ -ਦਾਦੀ ਸਮੇਤ ਧਰਨਾਕਾਰੀਆਂ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਘੜੀਸਿਆ ਗਿਆ। ਪੱਗਾਂ ਤੇ ਚੁੰਨੀਆਂ ਰੋਲੀਆਂ ਗਈਆਂ। ਰੋਂਦੀ ਕੁਰਲਾਉਂਦੀ ਮਾਂ ਤੇ ਦਾਦੀ ਨੂੰ ਪੁਲਿਸ ਵੱਲੋਂ ਧੂਅ-ਧੂਅ ਕੇ ਗੱਡੀਆਂ 'ਚ ਸੁੱਟਿਆ ਗਿਆ। ਪੀੜਤ ਦਾਦੀ ਆਪਣੀ ਬਿਮਾਰੀ ਦਾ ਵਾਸਤਾ ਪਾਉਂਦੀ ਰਹੀ, ਪਰ ਪੱਥਰ ਚਿੱਤ ਅਫ਼ਸਰਸ਼ਾਹੀ 'ਤੇ ਕੋਈ ਅਸਰ ਨਾ ਹੋਇਆ। ਪੁਲਿਸ ਨੇ ਉਹਨਾਂ ਨੂੰ ਪਹਿਲਾਂ ਧੂਰੀ ਥਾਣੇ ਡੱਕ ਦਿੱਤਾ ਤੇ ਫਿਰ ਸੰਗਰੂਰ 'ਚ ਜੇਲ੍ਹ ਭੇਜ ਦਿੱਤਾ। ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਬੰਦੀ ਬਣਾ ਕੇ ਮ੍ਰਿਤਕ ਨੌਜਵਾਨ ਦਾ ਜਬਰੀ ਸਸਕਾਰ ਵੀ ਖੁਦ ਹੀ ਕਰ ਦਿੱਤਾ ਗਿਆ। ਏਂਦੂ ਵੀ ਅੱਗੇ ਮ੍ਰਿਤਕ ਨੂੰ ਲਵਾਰਿਸਾਂ ਵਾਂਗ ਪਿੰਡ ਦੀ ਥਾਂ ਪੁਲਸੀਆ ਪਹਿਰੇ ਦੇ ਹੇਠ ਸੰਗਰੂਰ ਦੇ ਹੀ ਇੱਕ ਸ਼ਮਸ਼ਾਨ ਘਾਟ 'ਚ ਲਿਜਾ ਕੇ ਸਾੜ ਦਿੱਤਾ ਗਿਆ। ਮਾਪਿਆਂ ਨੂੰ ਜਿੱਥੇ ਜਵਾਨ ਪੁੱਤ ਦੇ ਜਹਾਨੋਂ ਤੁਰ ਜਾਣ ਦਾ ਅਕਹਿ ਸਦਮਾ ਲੱਗਿਆ ਉਥੇ ਉਹਨਾਂ ਨੂੰ ਆਪਣੇ ਹੱਥੀਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰਨੀਆਂ ਵੀ ਨਸੀਬ ਨਾ ਹੋਈਆਂ। ਇਹ ਪੀੜਾ ਪੁੱਤ ਦੀ ਅਣਆਈ ਮੌਤ ਨਾਲੋਂ ਵੀ ਭਾਰੀ ਹੈ। ਕਿਸੇ ਵੀ ਪਰਿਵਾਰ 'ਚ ਆਪਣੇ ਜੀਅ ਦੇ ਵਿਛੋੜੇ ਕਾਰਨ ਵਾਰਸਾਂ ਨੂੰ ਬੇਹੱਦ ਸਹਾਰੇ ਦੀ ਲੋੜ ਹੁੰਦੀ ਹੈ। ਖਾਸ ਕਰਕੇ ਨੌਜਵਾਨ ਵਿਅਕਤੀ ਦੇ ਤੁਰ ਜਾਣ ਪਿੱਛੋਂ ਤਾਂ ਮਾਪਿਆਂ ਨੂੰ ਗਸ਼ ਪੈ - ਪੈ ਜਾਂਦੇ ਆ। ਸਾਕ ਸਬੰਧੀਆਂ ਵੱਲੋਂ ਉਹਨਾਂ ਨੂੰ ਬੁੱਕਲ ਦਾ ਢਾਰਸ ਦੇਣ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਪਰ ਜਿੰਨ੍ਹਾਂ ਮਾਪਿਆਂ ਨੂੰ ਸਹਾਰੇ ਦੀ ਥਾਂ ਅੰਤਾਂ ਦਾ ਹਕੂਮਤੀ ਜਬਰ ਝੱਲਣਾ ਪਵੇ, ਭਲਾਂ ਉਹਨਾਂ 'ਤੇ ਕੀ ਬੀਤਦੀ ਹੋਊ ? ਇਹ ਪੱਥਰ ਚਿੱਤ ਹਕੂਮਤਾਂ ਕੀ ਜਾਨਣ ?
ਵੈਸੇ ਹੁਣ ਤੱਕ ਹਕੂਮਤੀ ਦਸਤੂਰ ਇਹੀ ਤੁਰਿਆ ਆ ਰਿਹਾ ਸੀ ਕਿ ਆਪਣੇ ਨਾਲ ਹੋਈ ਬੇਇਨਸਾਫ਼ੀ ਖਿਲਾਫ਼ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰੀ ਵਾਰਸਾਂ ਨਾਲ਼ ਪ੍ਰਸ਼ਾਸਨ ਵੱਲੋਂ ਸਹਿਮਤੀ ਦਿਖਾ ਕੇ ਹੀ ਸਸਕਾਰ ਕਰਵਾਇਆ ਜਾਂਦਾ ਸੀ। ਇਹ ਸਹਿਮਤੀ ਭਾਵੇਂ ਵਾਰਸਾਂ ਨੂੰ ਵਰਗਲਾਉਣ, ਡਰਾਉਣ- ਧਮਕਾਉਣ ਤੇ ਲਾਲਚਾਂ ਆਦਿ ਰਾਹੀਂ ਹੀ ਹਾਸਲ ਕੀਤੀ ਜਾਂਦੀ ਸੀ , ਪਰ ਲੋਕਾਂ ਸਾਹਮਣੇ ਤਾਂ ਸਹਿਮਤੀ ਦਾ ਹੀ ਪਰਦਾ ਪਾਇਆ ਜਾਂਦਾ ਸੀ। ਪ੍ਰੰਤੂ ਇੱਥੇ ਤਾਂ ਹਕੂਮਤ ਤੇ ਅਫ਼ਸਰਸ਼ਾਹੀ ਨੇ ਸਭ ਤਰ੍ਹਾਂ ਦੇ ਕਾਇਦੇ ਕਾਨੂੰਨਾਂ ਤੇ ਸਮਾਜਿਕ ਪਰੰਪਰਾਵਾਂ ਨੂੰ ਛਿੱਕੇ ਟੰਗ ਕੇ ਜੱਗੋਂ ਤੇਰ੍ਹਵੀਂ ਕਰ ਦਿਖਾਈ ।
ਐਡਾ ਅਣਮਨੁੱਖੀ ਕਹਿਰ ਢਾਹੁਣ ਅਤੇ ਲੋਕ ਦੋਖੀ ਨਵੀਂ ਪਿਰਤ ਪਾਉਣ ਸਮੇਂ ਆਪ ਹਕੂਮਤ ਲਈ ਪੀੜਤ ਪਰਿਵਾਰ ਦਾ ਦਲਿਤ ਸਮਾਜ ਨਾਲ ਸਬੰਧਤ ਹੋਣਾ ਇੱਕ ਅਹਿਮ ਗਿਣਤੀ ਬਣਿਆ ਹੈ। ਜਾਇਦਾਦ ਤੋਂ ਵਾਂਝੇ ਹੋਣ ਅਤੇ ਜਾਤਪਾਤੀ ਪ੍ਰਬੰਧ ਦੇ ਦੁਰਕਾਰੇ ਦਲਿਤ ਸਮਾਜ ਦੀ ਸਮਾਜਿਕ ਬੇਵੁੱਕਤੀ, ਨੀਵੀਂ ਚੇਤਨਾ ਅਤੇ ਕਮਜ਼ੋਰ ਜਥੇਬੰਦਕ ਹਾਲਤ ਆਦਿ ਪੱਖਾਂ ਨੇ ਪੁਲਿਸੀ ਧਾੜਾਂ ਨੂੰ ਇਸ ਪੀੜਤ ਪਰਿਵਾਰ 'ਤੇ ਟੁੱਟ ਕੇ ਪੈ ਜਾਣ ਦਾ ਬਲ ਬਖਸ਼ਿਆ ਹੈ। ਹਕੂਮਤੀ ਤੰਤਰ ਜਾਣਦਾ ਹੈ ਕਿ ਜਾਤਪਾਤੀ ਵਿਵਸਥਾ ਦੀ ਬਦੌਲਤ ਉਸਨੂੰ ਮ੍ਰਿਤਕ ਨੌਜਵਾਨ ਦੇ ਮਾਪਿਆਂ 'ਤੇ ਅਣਮਨੁੱਖੀ ਕਹਿਰ ਵਰਤਾ ਕੇ ਵੀ ਕੋਈ ਖਾਸ ਸਿਆਸੀ ਤੇ ਸਮਾਜਿਕ ਕੀਮਤ ਨਹੀਂ ਚੁਕਾਉਣੀ ਪਵੇਗੀ। ਸਗੋਂ ਪਿੰਡ ਤੇ ਇਲਾਕੇ ਦੇ ਅਖੌਤੀ ਉੱਚ ਜਾਤੀਆਂ ਨਾਲ ਸਬੰਧਤ ਇੱਕ ਹਿੱਸੇ ਦੀ ਤਾਂ ਹਮਾਇਤ ਵੀ ਖੱਟੀ ਜਾ ਸਕਦੀ ਹੈ। ਅਤੇ ਇਸ ਮਾਮਲੇ 'ਚ ਇੱਕ ਵਾਰ ਤਾਂ ਵਾਪਰਿਆ ਵੀ ਲੱਗਭਗ ਅਜਿਹਾ ਹੀ ਹੈ । ਏਨੀ ਬਰਬਰਤਾ ਦੇ ਬਾਵਜੂਦ ਕੁੱਝ ਚੇਤਨ ਤੇ ਜਥੇਬੰਦ ਹਿੱਸਿਆਂ ਵੱਲੋਂ ਇਸ ਘਟਨਾ ਖਿਲਾਫ਼ ਰੋਸ ਵਿਅਕਤ ਕੀਤਾ ਗਿਆ। ਪਰ ਸਮਾਜ ਦੇ ਵੱਡੇ ਹਿੱਸੇ ਨੇ ਪੂਰੀ ਤਰ੍ਹਾਂ ਖਾਮੋਸ਼ੀ ਹੀ ਧਾਰੀ ਰੱਖੀ। ਜਦੋਂ ਕਿ ਪਿੰਡ ਅਤੇ ਇਲਾਕੇ ਦੇ ਮੋਹਤਬਰ ਕਹਾਉਂਦੇ ਤੇ ਉੱਚ ਜਾਤੀ ਨਾਲ ਸਬੰਧਤ ਪੰਚਾਂ ਸਰਪੰਚਾਂ ਵਲੋਂ ਪੀੜਤ ਪਰਿਵਾਰ ਦੇ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ ਗਿਆ। ਸੋ ਇਸ ਸਮਾਜ ਦੇ ਅੰਦਰ ਕਿਸੇ ਦਾ ਨੀਵੀਂ ਜਾਤੀ ਨਾਲ ਸਬੰਧਤ ਹੋਣਾ ਹੀ ਸਰਾਪ ਬਣ ਜਾਂਦਾ ਹੈ। ਸੰਗਰੂਰ ਜ਼ਿਲ੍ਹੇ ਦੇ ਹੀ ਪਿੰਡ ਤੂਰਬੰਜਾਰਾ ਵਿਖੇ ਦਲਿਤ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਤਾਂ ਮੰਤਰੀ ਦੇ ਕੋਲ ਨਸ਼ੇ ਤੋਂ ਪੀੜਤ ਆਪਣੇ ਨੌਜਵਾਨ ਪੁੱਤਰ ਵੱਲੋਂ ਘਰ ਦੀ ਕੀਤੀ ਜਾ ਰਹੀ ਗਰਾਗਾਤ ਦਾ ਦੁੱਖ ਰੋਣਾ ਵੀ ਜਰਵਾਣਿਆਂ ਨੇ ਅਪਰਾਧ ਬਣਾ ਧਰਿਆ। ਉੱਚ ਜਾਤੀ ਹੰਕਾਰ ਤੇ ਹਕੂਮਤੀ ਨਸ਼ੇ 'ਚ ਚੂਰ ਪਿੰਡ ਦੀ ਸਰਪੰਚ ਅਤੇ ਉਸਦੇ ਪਤੀ ਦੀ ਢਾਣੀ ਨੇ ਗੁਲਜ਼ਾਰ ਨੂੰ ਏਨਾ ਦਹਿਸ਼ਤਜ਼ਦਾ ਤੇ ਜ਼ਲੀਲ ਕੀਤਾ ਕਿ ਉਹ ਅੱਕ ਕੇ ਮੌਤ ਨੂੰ ਗਲੇ ਲਗਾ ਗਿਆ। ਫਿਰ ਪੁਲਸੀ ਧਾੜਾਂ ਵੱਲੋਂ ਉਸਦੀ ਲਾਸ਼ ਨੂੰ ਵੀ ਉਸਦੇ ਘਰ ਲਿਜਾਣ ਦੀ ਥਾਂ ਹਸਪਤਾਲ 'ਚੋਂ ਸਿੱਧਾ ਹੀ ਸ਼ਮਸ਼ਾਨ ਘਾਟ ਲਿਜਾਕੇ ਪਰਿਵਾਰ ਨੂੰ ਲੋੜੀਂਦੀਆਂ ਰਸਮਾਂ ਤੋਂ ਵੀ ਵਾਂਝਾ ਕਰ ਦਿੱਤਾ ਗਿਆ। ਇਉਂ ਬਦਲਾਅ ਦਾ ਨਾਹਰਾ ਦੇ ਕੇ ਸੱਤਾ 'ਚ ਆਈ ਆਪ ਹਕੂਮਤ ਵੱਲੋਂ ਦਲਿਤਾਂ ਖ਼ਿਲਾਫ਼ ਜਬਰ ਦਾ ਨਵਾਂ ਹੀ ਅਧਿਆਏ ਲਿਖਿਆ ਜਾ ਰਿਹਾ ਹੈ।
ਪਰ ਚੱਤੋ ਪਹਿਰ ਤੰਗੀਆਂ - ਤੁਰਸ਼ੀਆਂ ਤੇ ਜਾਤਪਾਤੀ ਵਿਤਕਰਿਆਂ ਦਾ ਸੰਤਾਪ ਹੰਢਾਉਂਦੇ ਦਲਿਤ ਲੋਕਾਂ ਦੇ ਮਨਾਂ 'ਚ ਪਨਪ ਰਹੀ ਬੇਗਾਨਗੀ ਦੀ ਇਹ ਭਾਵਨਾ ਆਖ਼ਰ ਇੱਕ ਦਿਨ ਜ਼ਰੂਰ ਭਾਂਬੜ ਬਣ ਕੇ ਉੱਠੇਗੀ। ਜੋ ਧੱਕੇ ਜਬਰ ਦੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦਾ ਇੱਕ ਅਹਿਮ ਸਾਧਨ ਹੋ ਨਿੱਬੜੇਗੀ । --0--

No comments:
Post a Comment