Saturday, November 28, 2026

ਸੰਕਟਗ੍ਰਸਤ ਸੰਸਾਰ ਸਾਮਰਾਜੀ ਪ੍ਰਬੰਧ ਤੇ ਲੋਕ ਟਾਕਰਾ



 ਸੰਕਟਗ੍ਰਸਤ ਸੰਸਾਰ ਸਾਮਰਾਜੀ ਪ੍ਰਬੰਧ ਤੇ ਲੋਕ ਟਾਕਰਾ

-ਪਾਵੇਲ

ਸੰਸਾਰ ਸਾਮਰਾਜੀ ਪ੍ਰਬੰਧ ਤਿੱਖੇ ਤੋਂ ਤਿੱਖੇ ਹੁੰਦੇ ਜਾ ਰਹੇ ਸੰਕਟਾਂ 'ਚ ਘਿਰਿਆ ਹੋਇਆ ਹੈ। ਪਿਛਲੇ ਕੁੱਝ ਸਾਲਾਂ ਤੋਂ ਇਸ ਪ੍ਰਬੰਧ ਦੀਆਂ ਸਾਰੀਆਂ ਬੁਨਿਆਦੀ ਵਿਰੋਧਤਾਈਆਂ ਨੇ ਹੋਰ ਜ਼ਿਆਦਾ ਤਿੱਖ ਫੜ੍ਹ ਲਈ ਹੈ ਤੇ ਦੁਨੀਆਂ ਭਰ 'ਚ ਹੋ ਰਹੀ ਉਥਲ-ਪੁਥਲ ਇਹਨਾਂ ਵਿਰੋਧਤਾਈਆਂ ਦੀ ਤਿੱਖ ਤੇ ਇੱਕ ਲੁਟੇਰੇ ਪ੍ਰਬੰਧ ਵਜੋਂ ਇਸਦੀ ਅਸਥਿਰਤਾ ਦੇ ਨਵੇਂ ਇਜ਼ਹਾਰ ਹਨ। ਇਹ ਸੰਕਟ ਤੇ ਇਸਦੇ ਸਿੱਟੇ ਵਜੋਂ ਤਿੱਖੀਆਂ ਹੋ ਗਈਆਂ ਵਿਰੋਧਤਾਈਆਂ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਨਵੀਆਂ ਚੁਣੌਤੀਆਂ ਤੇ ਨਵੀਆਂ ਸੰਭਾਵਨਾਵਾਂ ਪੇਸ਼ ਕਰ ਰਹੀਆਂ ਹਨ। 

ਸਰਮਾਏਦਾਰੀ ਪ੍ਰਬੰਧ ਦੇ ਵਿਕਸਿਤ ਪੜਾਅ ਵਜੋਂ ਸਾਮਰਾਜਵਾਦੀ ਪ੍ਰਬੰਧ ਦੀ ਮੌਜੂਦਾ ਖੜੋਤ, ਡਿੱਗਦੀਆਂ 'ਵਿਕਾਸ ਦਰਾਂ' ਨਾਲ ਇਸ ਅਰਸੇ ਦਾ ਵਿਸ਼ੇਸ਼ ਲੱਛਣ ਬਣੀ ਹੋਈ ਹੈ। ਸਾਮਰਾਜੀ ਅਰਥਚਾਰੇ ਸੰਕਟਾਂ ਮੂੰਹ ਹਨ, ਵੱਡੇ-ਵੱਡੇ ਅਰਥਚਾਰੇ ਖੜੋਤ ਦਾ ਸ਼ਿਕਾਰ ਹਨ। ਕੁੱਲ ਘਰੇਲੂ ਵਿਕਾਸ ਦਰ ਦਾ ਵਾਧਾ ਸਮਰਾਏਦਾਰੀ ਦੀਆਂ ਉਮੀਦਾਂ ਤੋਂ ਹੇਠਾਂ ਰਹਿ ਜਾਂਦਾ ਹੈ। ਸੰਸਾਰ ਸਾਮਰਾਜੀ ਆਰਥਿਕਤਾ ਦੇ ਬੁਨਿਆਦੀ ਤੇ ਜਨਮ ਜਾਤ ਸੰਕਟ ਨੂੰ ਕਰੋਨਾ ਸੰਕਟ ਦਾ ਝਟਕਾ ਬਹੁਤ ਜ਼ੋਰਦਾਰ ਸੀ ਜਿਸ ਤੋਂ ਸੰਭਲਣਾ ਸੌਖਾ ਕਾਰਜ ਨਹੀਂ ਸੀ। ਏਨੇ ਵਰ੍ਹਿਆਂ 'ਚ ਵੀ ਕਈ ਥਾਵਾਂ 'ਤੇ ਤਾਂ ਵਿਕਾਸ ਦਰ ਦੇ ਮੁੜ ਪਹਿਲੇ ਪੱਧਰਾਂ ਨੂੰ ਹਾਸਿਲ ਨਹੀਂ ਕਰਿਆ ਜਾ ਸਕਿਆ ਹੈ। ਇਹ ਖੜੋਤ ਤੋੜਨੀ ਸਾਮਰਾਜੀਆਂ ਲਈ ਚੁਣੌਤੀ ਬਣੀ ਹੋਈ ਹੈ। ਦੁਨੀਆਂ ਭਰ 'ਚ ਆਰਥਿਕ ਨਾ-ਬਰਾਬਰੀ ਸਿਖਰਾਂ ਛੋਹ ਰਹੀ ਹੈ ਤੇ ਸੰਸਾਰ ਸਾਮਰਾਜੀ ਕਾਰਪੋਰੇਸ਼ਨਾਂ ਡਿੱਗਦੀ ਮੁਨਾਫ਼ਾ ਦਰ ਨੂੰ ਚੜ੍ਹਦੀ ਰੱਖਣ ਲਈ ਹੋਰ ਤੋਂ ਹੋਰ ਬਾਜ਼ਾਰਾਂ ਅਤੇ ਕੱਚੇ ਮਾਲ ਦੇ ਸੋਮਿਆਂ 'ਤੇ ਕਬਜ਼ਾ ਜਮਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।  ਇਹ ਤੇਜ਼ ਹੋ ਰਹੀ ਦੌੜ ਅੰਤਰ ਸਾਮਰਾਜੀ ਵਿਰੋਧਤਾਈ ਨੂੰ ਹੋਰ ਤੋਂ ਹੋਰ ਤਿੱਖੀ ਕਰ ਰਹੀ ਹੈ।

ਸੰਸਾਰ ਦੀ ਇੱਕੋ ਇੱਕ ਮਹਾਂਸ਼ਕਤੀ ਵਜੋਂ ਸੰਸਾਰ ਦ੍ਰਿਸ਼ 'ਤੇ ਹਰਕਤਸ਼ੀਲ ਅਮਰੀਕੀ ਸਾਮਰਾਜ ਦੀ ਚੌਧਰ ਖਤਰੇ ਮੂੰਹ ਆਈ ਹੋਈ ਹੈ। ਸੰਸਾਰ ਸਮਾਰਾਜ ਦੀ ਮਹਾਂਸ਼ਕਤੀ ਵਜੋਂ ਅਮਰੀਕੀ ਸਾਮਰਾਜ ਹੁਣ ਮਨਮਰਜ਼ੀ ਚਲਾਉਣ ਦੀ ਹਾਲਤ 'ਚ ਨਹੀਂ ਹੈ। ਇਸਨੂੰ ਸੰਸਾਰ ਭਰ ਦੇ ਕਿਰਤੀ ਲੋਕਾਂ ਤੇ ਦੱਬੀਆਂ ਕੁਚਲੀਆਂ ਕੌਮਾਂ ਵੱਲੋਂ ਤਿੱਖੀ ਚੁਣੌਤੀ ਪੇਸ਼ ਹੋ ਰਹੀ ਹੈ। ਹੋਰਨਾਂ ਸਾਮਰਾਜੀ ਸ਼ਕਤੀਆਂ ਨੂੰ ਇਕੱਠੇ ਕਰਕੇ ਲੋਕਾਂ ਖਿਲਾਫ਼ ਭੁਗਤਾ ਸਕਣ ਦੀ ਇਸ ਦੀ ਸਮਰੱਥਾ ਵੀ ਤੇਜ਼ੀ ਨਾਲ ਖੁਰ ਰਹੀ ਹੈ ਤੇ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧ ਵੀ ਤਿੱਖੇ ਹੋ ਗਏ ਹਨ। ਰੂਸ-ਯੂਕਰੇਨ ਜੰਗ ਏਸ ਵੇਲੇ ਇਸਦੀ ਤਾਜ਼ੀ ਤੇ ਸਿਖਰਲੀ ਉਦਾਹਰਨ ਬਣੀ ਹੋਈ ਹੈ ਜਿਹੜੀ ਹੁਣ ਸਮੇਟਣੀ ਮੁਸ਼ਕਿਲ ਹੋਈ ਪਈ ਹੈ। 

ਅਮਰੀਕੀ ਸਾਮਰਾਜੀ ਮਹਾਂਸ਼ਕਤੀ ਮੱਧ-ਪੂਰਬ 'ਚ ਬੁਰੀ ਤਰ੍ਹਾਂ ਘਿਰੀ ਹੋਈ ਹੈ ਭਾਵ ਕਿ ਅਰਬ ਜਗਤ ਵੱਲੋਂ ਲੁੱਟ ਤੇ  ਦਾਬੇ  ਲਈ ਕੀਤੇ ਜਾ ਰਹੇ ਉਸਦੇ ਸਾਮਰਾਜੀ ਹੱਲਿਆਂ ਨੂੰ ਡਟਵੀਂ ਟੱਕਰ ਦਿੱਤੀ ਜਾ ਰਹੀ ਹੈ। ਅਫ਼ਗਾਨਿਸਤਾਨੀ ਲੋਕਾਂ ਦੇ ਕੌਮੀ ਟਾਕਰੇ ਕੋਲੋਂ ਮਾਤ ਖਾ ਕੇ, ਉੱਥੋਂ ਭੱਜ ਨਿਕਲਣ ਮਗਰੋਂ ਹੁਣ ਇਰਾਨ ਅਮਰੀਕੀ ਜੰਗਬਾਜ਼ ਮਨਸੂਬਿਆਂ ਨੂੰ ਮਾਤ ਦੇ ਰਿਹਾ ਹੈ ਤੇ ਅਮਰੀਕੀ ਸਾਮਰਾਜ ਦੀ ਹਾਲਤ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਇਰਾਨੀ ਕੌਮੀ ਟਾਕਰਾ ਇਸ ਹਕੀਕਤ ਦੀ ਸਿਖਰਲੀ ਉਦਾਹਰਨ ਹੈ ਕਿ ਸਾਮਰਾਜ ਤੇ ਦੁਨੀਆਂ ਭਰ ਦੇ ਲੋਕਾਂ ਤੇ ਦਬਾਈਆਂ ਕੌਮਾਂ 'ਚ ਵਿਰੋਧਤਾਈਆਂ ਦੀ ਤਿੱਖ ਹੋਰ ਸਿਖਰ ਵੱਲ ਜਾ ਰਹੀ ਹੈ। ਹਾਲੀਆ ਸੰਸਾਰ ਘਟਨਾਵਾਂ ਇਸਦੇ ਪ੍ਰਧਾਨ ਵਿਰੋਧਤਾਈ ਵਜੋਂ ਹਰਕਤਸ਼ੀਲ ਰਹਿਣ ਨੂੰ ਦਰਸਾ ਰਹੀਆਂ ਹਨ। ਭਾਵ ਕਿ ਸੰਸਾਰ ਸਾਮਰਾਜੀ ਪ੍ਰਬੰਧ ਦੀਆਂ ਬੁਨਿਆਦੀ ਵਿਰੋਧਤਾਈਆਂ 'ਚੋਂ ਸਾਮਰਾਜ ਤੇ ਦੱਬੇ ਕੁਚਲੇ ਮੁਲਕ ਦੇ ਲੋਕਾਂ ਵਿਚਲੀ ਵਿਰੋਧਤਾਈ ਹੀ ਪ੍ਰਧਾਨ ਵਿਰੋਧਤਾਈ ਰਹਿ ਰਹੀ ਹੈ ਤੇ ਹੋਰ ਤਿੱਖੀ ਹੋ ਰਹੀ ਹੈ। 

ਇਹ ਸੰਸਾਰ ਦੇ ਲੋਕਾਂ ਦਾ ਟਾਕਰਾ ਹੈ ਜਿਹੜਾ ਅਮਰੀਕੀ ਸਾਮਰਾਜੀਆਂ ਦੀ ਈਨ ਮੰਨਣ ਤੋਂ ਇਨਕਾਰੀ ਹੈ। ਇਹ ਰੂਸੀ ਸਾਮਰਾਜੀਏ ਜਾਂ ਚੀਨੀ ਹਾਕਮ ਨਹੀਂ ਹਨ ਜਿਹੜੇ ਅਮਰੀਕੀ ਚੌਧਰਵਾਦ ਨੂੰ ਟੱਕਰ ਦੇ ਰਹੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਸ਼ਰੀਕ ਸਾਮਰਾਜੀ ਮੁਲਕਾਂ ਵੱਜੋਂ ਉਹਨਾਂ ਦੀਆਂ ਆਪਣੀਆਂ ਗਿਣਤੀਆਂ ਮਿਣਤੀਆਂ ਹਨ ਤੇ ਆਪਣੀਆਂ ਸਾਮਰਾਜੀ ਯੁੱਧਨੀਤਕ ਵਿਉਂਤਾਂ  'ਚੋਂ ਉਹ ਦਬਾਈਆਂ ਕੌਮਾਂ ਜਾਂ ਸਾਮਰਾਜੀ ਹੱਲਿਆਂ ਨਾਲ ਭਿੜ ਰਹੀਆਂ ਟਾਕਰਾ ਸ਼ਕਤੀਆਂ ਦੀ ਬੋਚਵੀਂ ਚੌਣਵੀਂ ਮੱਦਦ ਦਾ ਕਦਮ ਲੈਂਦੇ ਹਨ ਪਰ ਇਹ ਸੰਸਾਰ ਭਰ ਦੇ ਕਿਰਤੀ ਲੋਕ ਹਨ ਜਿਹੜੇ ਹਥਿਆਰਬੰਦ ਤੇ ਗੈਰ-ਹਥਿਆਰਬੰਦ ਟਾਕਰੇ ਨਾਲ ਅਮਰੀਕੀ ਸਾਮਰਾਜ ਦੇ ਮਨਸੂਬਿਆਂ ਮੂਹਰੇ ਅੜ ਰਹੇ ਹਨ, ਆਪਣੇ ਦਮ 'ਤੇ ਖੜ੍ਹ ਰਹੇ ਹਨ। ਇਹ ਲੋਕਾਂ ਦਾ ਟਾਕਰਾ ਹੇ ਜਿਹੜਾ ਬੁਨਿਆਦੀ ਤੌਰ 'ਤੇ ਸੰਸਾਰ ਦੀ ਮੁੱਖ ਵਿਰੋਧਤਾਈ ਨੂੰ ਤਿਖ ਦੇ ਰਿਹਾ ਹੈ ਤੇ ਦੂਜੀਆਂ ਦੋਨਾਂ ਵਿਰੋਧਤਾਈਆਂ ਨੂੰ ਅਸਰਅੰਦਾਜ਼ ਕਰ ਰਿਹਾ ਹੈ।

 
ਪੱਛਮੀ ਏਸ਼ੀਆ: ਲੋਕ ਈਨ ਮੰਨਣੋਂ ਇਨਕਾਰੀ ਹਨ

ਅਮਰੀਕੀ ਸਾਮਰਾਜੀਏ ਇਸ ਸਦੀ ਦੇ ਐਨ ਸ਼ੁਰੂ ਤੋਂ ਹੀ ਪੱਛਮੀ ਏਸ਼ੀਆ ਦੇ ਇਸ ਖਿੱਤੇ 'ਚ ਆਪਣੀ ਸਾਮਰਾਜੀ ਯੁੱਧਨੀਤਿਕ ਵਿਉਂਤ ਅਨੁਸਾਰ ਵੱਖ-ਵੱਖ ਮੁਲਕਾਂ ਨੂੰ ਕਾਬੂ ਕਰਕੇ ਰੱਖਣ ਦੇ ਕਦਮ ਲੈਣ 'ਚ ਜੁਟੇ ਹੋਏ ਹਨ। ਤੇਲ ਨਾਲ ਭਰਪੂਰ ਇਸ ਇਲਾਕੇ ਦੇ ਤੇਲ ਭੰਡਾਰਾਂ 'ਤੇ ਕੰਟਰੋਲ ਰੱਖਣਾ ਤੇ ਤੇਲ ਵਪਾਰ ਨੂੰ ਡਾਲਰ 'ਚ ਚਲਦੇ ਰਹਿਣ ਲਈ ਪੱਕੇ ਇੰਤਜ਼ਾਮ ਕਰਨਾ ਜਿਹੜਾ ਕਿ ਇਹਨਾਂ ਮੁਲਕਾਂ 'ਤੇ ਫੌਜੀ ਚੌਧਰ ਨਾਲ ਹੀ ਹੋ ਸਕਦਾ ਹੈ, ਏਸ ਖੇਤਰ 'ਚ ਅਮਰੀਕੀ ਯੁੱਧਨੀਤਿਕ ਵਿਉਂਤਾਂ ਦੀ ਬੁਨਿਆਦ ਹੈ। ਇਸ ਤੋਂ ਇਲਾਵਾ ਚੀਨ ਨੂੰ ਇਹਨਾਂ ਤੇਲ ਸੋਮਿਆਂ ਤੋਂ ਦੂਰ ਰੱਖਣਾ ਵੀ ਇੱਕ ਅਹਿਮ ਪੱਖ ਹੈ। ਚੀਨ ਨੂੰ ਆਪਣੀ ਆਰਥਿਕਤਾ ਦੇ ਤੇਜ਼ ਰਫਤਾਰ ਵਾਧੇ ਲਈ ਤੇਲ ਦੀ ਭਾਰੀ ਜ਼ਰੂਰਤ ਹੈ ਅਤੇ ਉਸਦੇ ਆਪਣੇ ਕੋਲ ਤੇਲ ਸੋਮੇ ਨਹੀਂ ਹਨ। ਉਸਦੀ ਨਿਰਭਰਤਾ ਹੋਰਨਾਂ ਮੁਲਕਾਂ 'ਤੇ ਹੈ ਜਿੰਨ੍ਹਾਂ 'ਚ ਇੱਕ ਅਹਿਮ ਖੇਤਰ ਪੱਛਮੀ ਏਸ਼ੀਆ ਦੇ ਇਹ ਤੇਲ ਭੰਡਾਰਾਂ ਵਾਲੇ ਦੇਸ਼ ਹਨ। ਇਹਦੇ ਲਈ ਅਮਰੀਕੀ ਸਾਮਰਾਜੀਆਂ ਨੇ ਇੱਕ ਤੋਂ ਬਾਅਦ ਦੂਜੇ ਮੁਲਕ 'ਤੇ ਹਮਲਾ ਕਰਨ ਦਾ ਰਾਹ ਫੜ੍ਹਿਆ ਹੋਇਆ ਹੈ ਤੇ ਹਰ ਮੁਲਕ 'ਤੇ ਹਮਲੇ ਲਈ ਕੋਈ ਨਾ ਕੋਈ ਨਵਾਂ ਬਹਾਨਾ ਘੜਿਆ ਜਾਂਦਾ ਹੈ। ਕਿਤੇ ਅੱਤਵਾਦ, ਕਿਤੇ ਤਾਨਾਸ਼ਾਹੀ ਦਾ ਖਾਤਮਾ ਤੇ ਪਰਮਾਣੂ ਹਥਿਆਰਾਂ ਦਾ ਖਾਤਮਾ ਵਰਗੇ ਬਹਾਨੇ ਘੜ ਕੇ ਉਹਨਾਂ ਰਾਜਾਂ ਨੂੰ ਹਮਲੇ ਹੇਠ ਲਿਆ ਕੇ, ਅਮਰੀਕੀ ਸਾਮਰਾਜੀ ਧੌਂਸ ਨਾ ਮੰਨਣ ਵਾਲੀਆਂ ਹਕੂਮਤਾਂ ਨੂੰ ਉਲਟਾ ਕੇ, ਆਪਣੇ ਸਿੱਧੇ ਕੰਟਰੋਲ ਜਾਂ ਆਪਣੀਆਂ ਪਿੱਠੂ ਹਕੂਮਤਾਂ ਨੂੰ ਗੱਦੀ 'ਤੇ ਬਿਠਾ ਕੇ, ਲੁਟੇਰੇ ਸਾਮਰਾਜੀ ਮਨਸੂਬਿਆਂ ਦੀ ਪੂਰਤੀ ਦੀਆਂ ਜੰਗੀ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਉਂਝ ਤਾਂ ਇਸ ਖੇਤਰ 'ਚ ਅਮਰੀਕੀ ਹਮਲਿਆਂ ਤੇ ਕਬਜ਼ਿਆਂ ਦਾ ਤਖਤਾ ਪਲਟੂ ਕਾਰਵਾਈਆਂ ਦਾ ਸਿਲਸਿਲਾ ਦੂਜੀ ਸੰਸਾਰ ਜੰਗ ਤੋਂ ਕੁੱਝ ਚਿਰ ਬਾਅਦ ਤੋਂ ਹੀ ਤੁਰਿਆ ਆ ਰਿਹਾ ਹੈ ਪ੍ਰੰਤੂ 2001 'ਚ 9/11 ਦੇ ਹਮਲਿਆਂ ਦਾ ਬਹਾਨਾ ਬਣਾ ਕੇ ਅਫਗਾਨਿਸਤਾਨ 'ਚ ਤਾਲਿਬਾਨ ਹਕੂਮਤ ਉਲਟਾਉਣ ਮਗਰੋਂ ਤੇ ਆਪਣੀ ਕਠਪੁਤਲੀ ਹਕੂਮਤ ਕਾਇਮ ਕਰਕੇ ਵੀ ਅਮਰੀਕੀ ਸਾਮਰਾਜੀਏ ਉੱਥੋਂ ਜਾ ਨਾ ਸਕੇ ਤੇ ਆਖਿਰ 20 ਸਾਲਾਂ ਦੇ ਸ਼ਾਨਦਾਰ ਸਿਦਕੀ ਟਾਕਰੇ ਮਗਰੋਂ ਅਫ਼ਗਾਨਿਸਤਾਨ ਦੇ ਲੋਕਾਂ ਨੇ ਅਮਰੀਕਾ ਨੂੰ ਉੱਥੋਂ ਭੱਜਣ ਲਈ ਮਜ਼ਬੂਰ ਕੀਤਾ। ਅਮਰੀਕੀ ਸਾਮਰਾਜੀਏ ਇਹਨਾਂ ਮੁਲਕਾਂ 'ਤੇ ਹਮਲੇ ਕਰਕੇ, ਹਕੂਮਤਾਂ ਉਲਟਾ ਕੇ, ਵੀ ਉੱਥੇ ਆਪਣੀਆਂ ਫੌਜਾਂ ਬਿਠਾਉਣ ਲਈ ਮਜ਼ਬੂਰ ਹੁੰਦੇ ਰਹੇ ਹਨ ਕਿਉਂਕਿ ਲੋਕ ਟਾਕਰਾ ਪਿੱਠੂ ਹਕੂਮਤਾਂ 'ਤੇ ਭਾਰੂ ਪੈਂਦਾ ਸੀ। ਉਸ ਤੋਂ ਮਗਰੋਂ 2003 'ਚ ਅਮਰੀਕਾ ਨੇ ਇਰਾਕ 'ਤੇ ਹਮਲਾ ਕੀਤਾ ਅਤੇ ਸੱਦਾਮ ਹੁਸੈਨ ਦੀ ਹਕੂਮਤ ਨੂੰ ਉਲਟਾ ਕੇ ਪਿੱਠੂ ਹਕੂਮਤ ਕਾਇਮ ਕੀਤੀ। ਇਰਾਕ 'ਤੇ ਰਸਾਇਣਕ ਹਥਿਆਰਾਂ ਦਾ ਨਿਸ਼ੰਗ ਝੂਠਾ ਇਲਜ਼ਾਮ ਮੜ੍ਹਿਆ ਗਿਆ ਸੀ ਪਰ ਨਿਸ਼ਾਨਾ ਅਮਰੀਕੀ ਚੌਧਰ ਮੰਨਣ ਤੋਂ ਬਾਗੀ ਹੋ ਚੁੱਕੇ ਸੱਦਾਮ ਨੂੰ ਲਾਹ ਕੇ, ਮੁਲਕ 'ਤੇ ਆਪਣਾ ਕੰਟਰੋਲ ਕਰਨਾ ਸੀ। ਇਰਾਕ ਦੀ ਹਕੂਮਤ ਉਲਟਾ ਕੇ ਲਗਭਗ 23 ਸਾਲ ਉੱਥੇ ਅਮਰੀਕੀ ਫੌਜਾਂ ਰੱਖ ਕੇ, ਅਮਰੀਕੀ ਸਾਮਰਾਜੀਏ ਆਪਣੀ ਧਾਂਕ ਇਰਾਨ ਤੇ ਹੋਰਨਾਂ ਮੁਲਕਾਂ 'ਤੇ ਬਣਾ ਕੇ ਰੱਖਣ ਦੀ ਕੋਸ਼ਿਸ ਕਰ ਰਹੇ ਸਨ। ਇਰਾਕ ਹਮਲੇ ਮਗਰੋਂ ਇੱਕ ਜਾਂ ਦੂਜੇ ਮੁਲਕ ਨੂੰ ਸਿੱਧੇ ਅਸਿੱਧੇ ਤੌਰ 'ਤੇ ਹਮਲੇ ਹੇਠ ਲਿਆ ਕੇ, ਆਪਣਾ ਦਾਬਾ ਤੇ ਲੁੱਟ ਕਾਇਮ ਕਰਨ ਦੀ ਹਮਲਾਵਰ ਲੜੀ ਜਾਰੀ ਰਹੀ ਹੈ ਜਿਵੇਂ 2011 'ਚ ਅਰਬ ਬਹਾਰ ਵੇਲੇ ਵੀ ਲਿਬੀਆ 'ਚ ਗੱਦਾਫੀ ਹਕੂਮਤ ਨੂੰ ਉਲਟਾਇਆ ਗਿਆ ਹੈ। ਉਦੋਂ ਤੋਂ ਹੀ ਸੀਰੀਆ ਦੀ ਅਸਦ ਹਕੂਮਤ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਲਗਭਗ 14 ਵਰ੍ਹੇ ਸੀਰੀਆਈ ਹਕੂਮਤ ਨੂੰ ਉਲਟਾਉਣ ਦੀ ਅਮਰੀਕੀ ਚੌਤਰਫੀ ਸਾਜਿਸ਼ੀ ਤੇ ਹਮਲਾਵਰ ਮੁਹਿੰਮ ਜਾਰੀ ਰਹੀ ਜਿਹੜੀ ਆਖਿਰ ਪਿਛਲੇ ਸਾਲ ਕਾਮਯਾਬ ਹੋਈ ਹੈ। ਸੀਰੀਆਈ ਰਾਜ ਨੂੰ ਖੂੰਖਾਰ ਜਾਬਰ ਰਾਜ ਦਰਸਾਉਣ ਲਈ ਪੱਛਮੀ ਸਾਮਰਾਜੀ ਕੰਟਰੋਲਡ ਮੀਡੀਆ ਵੱਲੋਂ ਅਨੇਕਾਂ ਝੂਠੀਆਂ ਕਹਾਣੀਆਂ ਫੈਲਾਈਆਂ ਗਈਆਂ ਤੇ ਕਈ ਬੁਨਿਆਦਪ੍ਰਸਤ ਗਰੁੱਪਾਂ ਨੂੰ ਹਰ ਤਰ੍ਹਾਂ ਦੀ ਮੱਦਦ ਕੀਤੀ ਗਈ। ਸੀਰੀਆਈ ਆਰਥਿਕਤਾ ਨੂੰ ਸਾਮਰਾਜੀ ਬੰਦਸ਼ਾਂ ਲਾ ਕੇ ਤਬਾਹ ਕੀਤਾ ਗਿਆ। ਚਾਹੇ ਇੱਕ ਵਾਰ 2016 'ਚ ਰੂਸੀ ਸਹਾਇਤਾ ਦਾ ਦਖ਼ਲ ਵੀ ਅਮਰੀਕੀ ਸਾਮਰਾਜੀਆਂ ਲਈ ਰੁਕਾਵਟ ਬਣਿਆ ਸੀ ਕਿਉਂਕਿ ਰੂਸੀ ਸਾਮਰਾਜੀਏ ਉੱਥੇ ਮੌਜੂਦ ਆਪਣੇ ਫੌਜੀ ਅੱਡੇ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ ਤੇ ਉਹਨਾਂ ਦੀ ਫੌਜੀ ਸਹਾਇਤਾ ਨੇ ਹਮਲਾਵਰ ਗਰੁੱਪਾਂ 'ਤੇ ਕੁੱਝ ਰੋਕ ਲਾਈ ਸੀ ਪ੍ਰੰਤੂ ਇਹ ਮੁੱਖ ਤੌਰ 'ਤੇ ਸੀਰੀਆਈ ਕੌਮੀ ਟਾਕਰਾ ਸੀ ਜਿਸਨੇ ਲਗਭਗ ਡੇਢ ਦਹਾਕਾ ਅਮਰੀਕੀ ਸਾਮਰਾਜੀ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਸਨ। ਰੂਸੀ ਸਾਮਰਾਜੀਏ ਹੁਣ ਅਮਰੀਕਾ ਨਾਲ ਆਪਣੇ ਸਾਮਰਾਜੀ ਸਮਝੌਤਿਆਂ ਦੀਆਂ ਲੋੜਾਂ ਤਹਿਤ ਚੁੱਪ ਰਹੇ ਹਨ ਤੇ ਸੀਰੀਆ ਦੀ ਸਹਾਇਤਾ ਤੋਂ ਤੇ ਰਸਮੀ ਬਿਆਨਬਾਜ਼ੀ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ। ਚਾਹੇ ਇੱਕ ਵਾਰ ਸੀਰੀਆ 'ਚ ਕੌਮੀ ਟਾਕਰਾ ਸ਼ਕਤੀਆਂ ਨੂੰ ਪਛਾੜ ਲੱਗੀ ਹੈ ਤੇ ਇਸਦਾ ਅਸਰ ਹਿਜਬੁੱਲਾ ਦੀ ਇਰਾਨ ਤੋਂ ਹਾਸਿਲ ਹੋਣ ਵਾਲੀ ਸਹਾਇਤਾ 'ਤੇ ਪਿਆ ਹੈ ਕਿਉਂਕਿ ਸੀਰੀਆ ਦੇ ਰਸਤੇ ਇਹ ਸਹਾਇਤਾ ਹਾਸਿਲ ਹੁੰਦੀ ਸੀ ਪ੍ਰੰਤੂ ਇਹ ਪਛਾੜ ਵਕਤੀ ਹੈ। ਸੀਰੀਆਈ ਕੌਮੀ ਸ਼ਕਤੀਆਂ ਅਜੇ ਵੀ ਮੁੜ ਤੋਂ ਜਥੇਬੰਦ ਹੋਣ ਤੇ ਸਰਗਰਮ ਹੋਣ ਦੀ ਗੁੰਜਾਇਸ਼ ਰੱਖਦੀਆਂ ਹਨ ਤੇ ਇਹ ਸਮੇਂ ਦੇ ਗੇੜ ਦਾ ਮਾਮਲਾ ਹੈ ਕਿ ਅਮਰੀਕੀ ਵਿਉਂਤਾਂ 'ਚ ਕਦੋਂ ਉੱਥੇ ਅੜਿੱਕੇ ਖੜ੍ਹੇ ਹੋ ਸਕਦੇ ਹਨ। ਕਿਉਂਕਿ ਸਵਾਲ ਹਕੂਮਤਾਂ ਦਾ ਨਹੀਂ ਹੈ ਸਗੋਂ ਏਸ ਖੇਤਰ ਦੇ ਲੋਕਾਂ ਦੀਆਂ ਜ਼ੋਰਦਾਰ ਸਾਮਰਾਜ ਵਿਰੋਧੀ ਉਮੰਗਾਂ ਦਾ ਹੈ ਖਾਸ ਕਰਕੇ ਅਮਰੀਕੀ ਸਾਮਰਾਜ ਵਿਰੋਧੀ ਉਮੰਗਾਂ ਦਾ ਹੈ ਜਿਹੜਾ ਹਕੂਮਤਾਂ ਨੂੰ ਵੀ ਪਾਲਾ ਬਦਲਣ ਲਈ ਮਜ਼ਬੂਰ ਕਰ ਦਿੰਦਾ ਹੈ ਤੇ ਅਮਰੀਕੀ ਟਾਕਰੇ ਦੀ ਕਤਾਰਬੰਦੀ 'ਚ ਕੌਮੀ ਸ਼ਕਤੀਆਂ ਵਾਲੇ ਪਾਸੇ ਲਿਆ ਖੜ੍ਹਾਉਂਦਾ ਹੈ। ਤਾਲਿਬਾਨ ਤੇ ਸੱਦਾਮ ਹੁਸੈਨ ਵਰਗੇ ਅਮਰੀਕੀ ਸਹਾਇਤਾ ਹਾਸਿਲ ਕਰਨ ਤੋਂ ਲੈ ਕੇ ਅਮਰੀਕੀ ਸਾਮਰਾਜੀ ਧੌਂਸ ਮੂਹਰੇ ਨਾਬਰੀ ਦਾ ਚਿੰਨ੍ਹ ਹੋ ਕੇ ਡਟ ਜਾਣ ਤੱਕ ਦਾ ਸਫ਼ਰ ਕਰ ਜਾਂਦੇ ਹਨ। ਇਰਾਕ ਅੰਦਰ ਵੀ ਅਮਰੀਕੀ ਸਹਾਇਤਾ ਵਾਲੇ ਗਰੁੱਪ ਅਮਰੀਕੀ ਟਾਕਰੇ 'ਤੇ ਆ ਖੜ੍ਹੇ ਹੋਏ ਸਨ। 

ਪੱਛਮੀ ਏਸ਼ੀਆ 'ਚ ਧਰਤੀ ਦਾ ਚੱਪਾ-ਚੱਪਾ ਅਮਰੀਕੀ ਜੰਗਾਂ, ਕਬਜ਼ਿਆਂ ਤੇ ਹਮਲਿਆਂ ਦਾ ਤੇ ਮੋੜਵੇਂ ਲੋਕ ਟਾਕਰੇ ਦਾ ਗਵਾਹ ਬਣਿਆ ਹੋਇਆ ਹੈ। ਕਈ ਥਾਵਾਂ 'ਤੇ ਰਾਜ ਹੀ ਕੌਮੀ ਟਾਕਰੇ ਦੇ ਮੂਹਰੇ ਲੱਗ ਕੇ ਅਮਰੀਕੀ ਸਾਮਰਾਜੀਆਂ ਖਿਲਾਫ਼ ਜੂਝਦਾ ਦਿਖਾਈ ਪੈਂਦਾ ਹੈ ਤੇ ਕਈ ਥਾਵਾਂ 'ਤੇ ਰਾਜਾਂ ਦੇ ਅੰਦਰ ਲੋਕਾਂ ਦੀਆਂ ਵੱਡੀਆਂ ਹਥਿਆਰਬੰਦ ਟਾਕਰਾ ਸ਼ਕਤੀਆਂ ਮੌਜੂਦ ਹਨ ਜਿਹੜੀਆਂ ਅਮਰੀਕੀ ਫੌਜਾਂ ਜਾਂ ਅਮਰੀਕਾ ਦੇ ਪਿੱਠੂ ਇਜ਼ਰਾਇਲ ਤੇ ਸਾਊਦੀ ਅਰਬ ਵਰਗੇ ਮੁਲਕਾਂ ਦੇ ਹਮਲਿਆਂ ਦਾ ਸਿਦਕ ਦਿਲੀ ਨਾਲ ਸਾਹਮਣਾ ਕਰ ਰਹੀਆਂ ਹਨ। ਇਹਨਾਂ 'ਚ ਯਮਨ ਦੇ ਹਾਊਤੀ ਬਾਗੀ ਜਾਂ ਲਿਬਨਾਨ ਦੇ ਹਿਜਬੁੱਲਾ ਤੇ ਗਾਜ਼ਾ 'ਚ ਸਰਗਰਮ ਹਮਾਸ ਵਰਗੀਆਂ ਟਾਕਰਾ ਸ਼ਕਤੀਆਂ ਹਨ। ਇਹ ਸਭ ਸ਼ਕਤੀਆਂ ਅਮਰੀਕੀ ਸਾਮਰਾਜ ਵਿਰੋਧੀ ਲੋਕ ਰੋਹ ਦੀਆਂ ਤਰੰਗਾਂ 'ਤੇ ਸਵਾਰ ਹਨ ਤੇ ਲੋਕਾਂ ਦੇ ਰੋਹ ਦੀ ਜਥੇਬੰਦ ਨੋਕ ਹੋ ਕੇ, ਅਮਰੀਕੀ ਸਾਮਰਾਜ ਤੇ ਉਸਦੇ ਸਥਾਨਕ ਪਾਲਤੂ ਹਮਲਾਵਰਾਂ ਨਾਲ ਭਿੜ ਰਹੀਆਂ ਹਨ। ਇਰਾਨ ਜੰਗ ਦੇ ਪਸਾਰ ਵਜੋਂ ਹੀ ਯਮਨ 'ਤੇ ਜੰਗ ਦਾ ਨਵਾਂ ਮੁਹਾਜ਼ ਖੁੱਲ੍ਹ ਗਿਆ ਹੈ ਜਿੱਥੇ ਸਾਊਦੀ ਅਰਬ ਦਾ ਰਾਜ ਘਿਰ ਗਿਆ ਹੈ। ਅਮਰੀਕੀ ਫੌਜੀ ਚੌਂਕੀ ਵਜੋਂ ਸਾਊਦੀ ਹਕੂਮਤ ਹਾਊਤੀ ਬਾਗੀਆਂ ਨੂੰ ਕੁਚਲਣ ਲਈ ਪੱਬਾਂ ਭਾਰ ਹੈ ਪਰ ਲੋਕ ਟਾਕਰਾ ਬਹੁਤ ਸ਼ਾਨਦਾਰ ਹੈ।

ਗਾਜ਼ਾ 'ਚ ਇਜ਼ਰਾਇਲ ਨੂੰ ਮਿਲੀ ਟੱਕਰ ਮਿਸਾਲੀ ਹੈ। ਇਹ ਇੱਕ ਅਤਿ ਵਿਕਸਿਤ ਫੌਜੀ ਸਮਰੱਥਾ ਦੀਆਂ ਸਿਖਰਾਂ 'ਤੇ ਬੈਠੀ ਤੇ ਸੰਸਾਰ ਸਾਮਰਾਜੀ ਮਹਾਂਸ਼ਕਤੀ ਦੀ ਸਰਪ੍ਰਸਤੀ ਹੇਠ ਹਮਲਾਵਰ ਤਾਕਤ ਨੂੰ ਦਬਾਏ ਕੁਚਲੇ ਤੇ ਘੇਰਾਬੰਦੀ ਹੰਢਾ ਰਹੇ ਲੋਕਾਂ ਵੱਲੋਂ ਦਿੱਤਾ ਗਿਆ ਇਤਿਹਾਸਕ ਟਾਕਰਾ ਹੈ ਜਿਸਦੀ ਮਿਸਾਲ ਵਿਰਲੀ ਹੈ। ਹਮਾਸ ਤੇ ਹੋਰ ਟਾਕਰਾ ਸ਼ਕਤੀਆਂ ਦੀ ਅਗਵਾਈ 'ਚ ਫਲਸਤੀਨੀ ਲੋਕਾਂ ਨੇ ਅਮਰੀਕੀ ਸਾਮਰਾਜੀਆਂ ਤੇ ਉਸਦੇ ਪਾਲਤੂ ਇਜ਼ਰਾਇਲੀ ਜਿਉਨਵਾਦੀਆਂ ਦੀਆਂ ਫਾਸ਼ੀ ਵਿਉਂਤਾਂ ਮਿੱਟੀ 'ਚ ਮਿਲਾ ਦਿੱਤੀਆਂ ਹਨ ਜਿਹੜੀਆਂ ਫ਼ਲਸਤੀਨੀਆਂ ਨੂੰ ਗਾਜ਼ਾ 'ਚੋਂ ਵੀ ਤੇ ਪੱਛਮੀ ਕਿਨਾਰੇ ਤੋਂ ਵੀ ਉਜਾੜ ਕੇ, ਜਾਰਡਨ ਵਰਗੇ ਮੁਲਕਾਂ 'ਚ ਸ਼ਰਨਾਰਥੀ ਬਣਾ ਕੇ ਧੱਕ ਦੇਣ ਤੇ ਫ਼ਲਸਤੀਨੀ ਧਰਤੀ 'ਤੇ ਮੁਕੰਮਲ ਕੰਟਰੋਲ ਕਰ ਲੈਣ ਦੀਆਂ ਸਨ। ਇਸ ਲਾ-ਮਿਸਾਲ ਟਾਕਰੇ ਨੇ ਨਾ ਸਿਰਫ਼ ਗਾਜ਼ਾ ਨੂੰ ਰੀਅਲ ਅਸਟੇਟ ਦੇ ਸਾਮਰਾਜੀ ਕਾਰੋਬਾਰੀਆਂ ਤੇ ਜਿਓਨਵਾਦੀਆਂ ਪਸਾਰਵਾਦੀਆਂ ਵੱਲੋਂ ਨਿਗਲ ਲੈਣ ਦੇ ਮਨਸੂਬਿਆਂ ਨੂੰ ਡੱਕਿਆ ਹੈ ਸਗੋਂ ਫ਼ਲਸਤੀਨ ਦੇ ਸਵਾਲ ਨੂੰ ਮੁੜ ਸੰਸਾਰ ਸਿਆਸਤ ਦੇ ਦ੍ਰਿਸ਼ 'ਤੇ ਲਿਆ ਉਭਾਰਿਆ ਹੈ। ਇਜ਼ਰਾਇਲ ਨਾਲ ਸੰਬੰਧ ਵਿਕਸਿਤ ਕਰਨ ਤੁਰੀਆਂ ਅਮਰੀਕੀ ਸਾਮਰਾਜੀ ਪਿੱਠੂ ਅਰਬ ਹਕੂਮਤਾਂ ਨੂੰ ਲੋਕਾਂ ਦੇ ਦਬਾਅ ਹੇਠ ਲੈ ਆਂਦਾ ਹੈ। ਗਾਜ਼ਾ 'ਚ ਅੰਤਾਂ ਦਾ ਲਹੂ ਵਹਾ ਦੇਣ ਤੇ ਮਲਬੇ ਦੇ ਢੇਰ ਲਾ ਦੇਣ ਦੇ ਬਾਵਜੂਦ ਅਮਰੀਕੀ ਤੇ ਇਜ਼ਰਾਇਲੀ ਪਸਾਰਵਾਦੀ ਮੰਤਵ ਅਜੇ ਅਧੂਰੇ ਹਨ। ਦੁਨੀਆਂ ਭਰ 'ਚ ਫ਼ਲਸਤੀਨੀ ਕਾਜ ਦੀ ਹਮਾਇਤੀ ਲੋਕ ਆਵਾਜ਼ ਉੱਚੀ ਹੋਈ ਹੈ ਤੇ ਕਿੰਨੀਆਂ ਹੀ ਹਕੂਮਤਾਂ ਨੂੰ ਆਪਣੇ ਲੋਕਾਂ ਦੇ ਦਬਾਅ ਕਾਰਨ ਫ਼ਲਸਤੀਨੀ ਸਟੇਟ ਦੇ ਹੱਕ 'ਚ ਮਤੇ ਪਾਉਣੇ ਪਏ ਹਨ ਤੇ ਇਜ਼ਰਾਇਲੀ ਅਮਰੀਕੀ ਸਾਮਰਾਜੀ ਹਾਕਮ ਜੁੰਡੀ ਹੋਰ ਤੋਂ ਹੋਰ ਨਿਖੇੜੇ 'ਚ ਗਈ ਹੈ। ਗਾਜ਼ਾ ਦਾ ਟਾਕਰਾ ਤੇ ਇਸਦੀ ਸੰਸਾਰ ਵਿਆਪੀ ਹਮਾਇਤ ਅਤੇ ਅਮਰੀਕੀ ਸਾਮਰਾਜੀਆਂ ਦਾ ਨਿਖੇੜਾ ਲੋਕਾਂ ਤੇ ਸਾਮਰਾਜ ਦੇ ਤਿੱਖੇ ਹੋ ਰਹੇ ਟਕਰਾਅ ਦਾ ਨਮੂਨਾ ਬਣ ਕੇ ਪੇਸ਼ ਹੋਇਆ ਹੈ। ਇਹ ਟਕਰਾਅ ਸਭਨਾਂ ਹੋਰਨਾਂ ਵਿਰੋਧਾਂ ਦੇ ਉੱਪਰ ਦੀ ਹੋ ਕੇ ਹਰਕਤਸ਼ੀਲ ਹੈ। 

ਇਸ ਨਾਲ ਜੁੜਵੇਂ ਤੌਰ 'ਤੇ ਹੀ ਇਰਾਨ ਜੰਗ ਦੀ ਹਾਲਤ ਹੈ ਜਿਸਨੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੇ ਡੁੱਬਦੇ ਸੂਰਜ ਦਾ ਹਸ਼ਰ ਸੰਸਾਰ ਨੂੰ ਦਿਖਾਇਆ ਹੈ। ਇਰਾਨੀ ਕੌਮੀ ਟਾਕਰਾ ਤੇ ਇਸ ਨਾਲ ਜੁੜਦੀਆਂ ਹਿਜਬੁੱਲਾ ਤੇ ਯਮਨ ਦੇ ਬਾਗੀ ਗਰੁੱਪ ਦੀਆਂ ਟਾਕਰਾ ਲਹਿਰਾਂ ਨੇ ਇਸ ਖੇਤਰ 'ਚ ਅਮਰੀਕੀ ਸਾਮਰਾਜੀਆਂ ਦੀਆਂ ਸਭ ਬਾਜ਼ੀਆਂ ਪੁੱਠੀਆਂ ਪਾ ਦਿੱਤੀਆਂ ਹਨ। ਇਰਾਨ 'ਤੇ ਸਖਤ ਆਰਥਿਕ ਪਾਬੰਦੀਆਂ ਮੜ੍ਹ ਕੇ, ਵਿਰੋਧ ਪ੍ਰਦਰਸ਼ਨਾਂ ਨੂੰ ਹਵਾ ਦੇ ਕੇ, ਤਖਤਾ ਉਲਟਾਉਣ ਦੇ ਸੱਦੇ ਦੇ ਕੇ ਤੇ ਫਿਰ ਹਵਾਈ ਹਮਲਿਆਂ ਨਾਲ ਇਰਾਨ ਨੂੰ ਨਿੱਸਲ ਕਰ ਦੇਣ ਦੀ ਜੰਗੀ ਮੁਹਿੰਮ ਸ਼ੁਰੂ ਕਰਕੇ ਅਮਰੀਕੀ ਸਾਮਰਾਜੀਏ ਹੁਣ ਹੌਰਮੂਜ਼ ਸਮੁੰਦਰੀ ਲਾਂਘਾ ਖੁੱਲ੍ਹਵਾਉਣ ਲਈ ਗੱਲਬਾਤ ਕਰਦੇ ਫਿਰ ਰਹੇ ਹਨ। ਇਰਾਨੀ ਲੋਕ ਇਰਾਨੀ ਰਾਜ ਨਾਲ ਡਟ ਗਏ ਹਨ। ਲੋਕ ਲਾਮਬੰਦ ਹੋ ਗਏ ਹਨ। ਇਸਦੀਆਂ ਇਰਾਨੀ ਰਾਜ ਤੇ ਸਮਾਜ ਲਈ ਵੀ ਹਾਂ-ਪੱਖੀ ਅਰਥ-ਸੰਭਾਵਨਾਵਾਂ ਹਨ। ਭਾਵ ਕਿ ਇਰਾਨੀ ਲੋਕਾਂ ਦੀ ਇਹ ਟਾਕਰਾ ਸਮਰੱਥਾ ਰਾਜ ਅੰਦਰ ਵੀ ਜਮਹੂਰੀ ਅਧਿਕਾਰ ਜਤਾਈ ਦੇ ਟਾਕਰੇ ਨੂੰ ਤੇਜ਼ ਕਰੇਗੀ। 9 ਮਹੀਨਿਆਂ ਮਗਰੋਂ ਹੁਣ ਟਰੰਪ ਦੀ ਹਾਲਤ ਇਹ ਹੈ ਕਿ ਉਸ ਕੋਲ ਉਹੀ ਆਰਥਿਕ ਪਾਬੰਦੀਆਂ ਦਾ ਰਾਹ ਬਚਿਆ ਹੈ ਜਿਹੜਾ ਉਹ ਪਹਿਲਾਂ ਹੀ ਸਾਲਾਂ ਤੋਂ ਵਰਤਦਾ ਆ ਰਿਹਾ ਸੀ। ਗੱਲਬਾਤ ਕਰਕੇ ਮਾਮਲਾ ਮੁਕਦਾ ਨਹੀਂ ਹੈ ਕਿਉਂਕਿ ਇਰਾਨ ਨੇ ਨਿਪਟਾਰੇ ਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਹਨ। ਇਰਾਨ ਹੌਰਮੂਜ਼ ਲਾਂਘਾ ਖੋਲ੍ਹਣ ਲਈ ਹਮਲਿਆਂ ਦਾ ਹਰਜਾਨਾ, ਹੋਏ ਨੁਕਸਾਨ ਦੀ ਭਰਪਾਈ, ਜਾਮ ਕੀਤੇ ਇਰਾਨੀ ਫੰਡ ਖੋਲ੍ਹਣ ਆਦਿ ਸ਼ਰਤਾਂ ਪੂਰੀਆਂ ਕਰਵਾਉਣਾ ਚਾਹੁੰਦਾ ਹੈ। ਇਹ ਕਰਕੇ ਅਮਰੀਕੀ ਸਾਮਰਾਜੀਆਂ ਦੀ ਧੌਂਸ ਦਾ ਕੁੱਝ ਬਚਦਾ ਨਹੀਂ ਹੈ ਤੇ ਹਮਲੇ ਨਾਲ ਇਰਾਨ ਝੁੱਕਦਾ ਨਹੀਂ ਹੈ ਸਗੋਂ ਉਲਟਾ ਮੋੜਵੇਂ ਹਮਲੇ ਉਸਦੇ ਪਿੱਠੂ ਮੁਲਕਾਂ ਨੂੰ ਇਰਾਨੀ ਮਾਰ ਹੇਠ ਲਿਆਉਂਦੇ ਹਨ ਤੇ ਅਮਰੀਕੀ ਫੌਜੀ ਅੱਡਿਆਂ ਲਈ ਹੋਰ  ਜ਼ਿਆਦਾ ਬੇਵਸੀ ਦੀ ਹਾਲਤ ਬਣਾਉਂਦੇ ਹਨ। ਇਹਨਾਂ ਹਾਲਤਾਂ 'ਚ ਟਰੰਪ ਕੋਲ ਆਰਥਿਕ ਬੰਦਿਸ਼ਾਂ ਵਾਲਾ ਉਹੀ ਰਾਹ ਬਚਿਆ ਹੈ, ਜੋ ਇਰਾਨ ਨੂੰ  ਝੁਕਾਉਣ ਤੋਂ  ਹੁਣ ਤੱਕ ਨਾਕਾਮ ਸਾਬਿਤ ਹੋਇਆ ਹੈ। ਇਰਾਨ ਜੰਗ ਅਮਰੀਕੀ ਸਾਮਰਾਜੀ ਚੌਧਰ ਨੂੰ ਸੱਟ ਮਾਰਨ ਵਾਲੀ ਵੱਡੀਆਂ ਅਰਥ-ਸੰਭਾਵਨਾਵਾਂ ਵਾਲੀ ਘਟਨਾ ਹੈ। ਇਹ ਸੱਟ ਉਸਨੂੰ ਵਿਰੋਧੀ ਸਾਮਰਾਜੀ ਖੇਮੇ ਦੀ ਤਾਕਤ ਨੇ ਨਹੀਂ ਮਾਰੀ ਹੈ ਸਗੋਂ ਦੱਬੇ ਕੁਚਲੇ ਲੋਕਾਂ ਦੀ ਨਾਬਰੀ ਤੇ ਰੋਹ ਨੇ ਮਾਰੀ ਹੈ। ਇਰਾਨੀ ਹਮਲਿਆਂ ਨੇ ਇਸ ਖਿੱਤੇ 'ਚ ਅਮਰੀਕੀ ਜੰਗੀ ਅੱਡਿਆਂ ਨੂੰ ਜਾਂ ਤਬਾਹ ਕਰ ਦਿੱਤਾ ਜਾਂ ਫਿਰ ਉਹਨਾਂ ਦੀ ਖੂੰਖਾਰ ਤਾਕਤੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਇਹ ਫੌਜੀ ਅੱਡੇ ਹੀ ਅਮਰੀਕੀ ਸਾਮਰਾਜੀ ਤਾਕਤ ਦੇ ਦਬਦਬੇ ਦਾ ਸਾਧਨ ਤੇ ਇਸਦੇ ਮਹਾਂਸ਼ਕਤੀ ਨਕਸ਼ੇ ਦਾ ਚਿੰਨ੍ਹ ਸਨ। ਇਹਨਾਂ ਦੀ ਤਬਾਹੀ ਤੇ ਹਸ਼ਰ ਅਰਬ ਜਗਤ ਦੇ ਲੋਕਾਂ ਨੇ ਦੇਖ ਲਿਆ ਹੈ ਤੇ ਇਹਨਾਂ ਦੀ ਸ਼ਹਿ 'ਤੇ ਧਾਂਕ ਜਮਾਉਂਦੀਆਂ ਪਿੱਠੂ ਅਰਬ ਹਕੂਮਤਾਂ ਦਾ ਤਹਿਕੇ ਭਰਿਆ ਵਿਹਾਰ ਵੀ ਦੇਖ ਲਿਆ ਹੈ। ਚਾਹੇ ਮੌਜੂਦਾ ਸਮੇਂ ਹੋ ਚੁੱਕਿਆ ਅਮਰੀਕੀ ਫੌਜੀ ਨੁਕਸਾਨ ਹੀ ਬਹੁਤ ਵੱਡਾ ਹੈ ਪਰ ਇਸ ਤੋਂ ਵੱਡਾ ਨੁਕਸਾਨ ਅਮਰੀਕੀ ਮਹਾਂਸ਼ਕਤੀ ਦੀ ਤਾਕਤ ਦੀ ਧਾਂਕ ਨੂੰ ਹੋ ਚੁੱਕਿਆ ਹੈ ਜਿਸਦੇ ਅਰਥ ਮੌਜੂਦਾ ਫੌਜੀ ਨੁਕਸਾਨ ਨਾਲੋਂ ਕਿਤੇ ਵੱਡੇ ਹਨ। ਯਮਨ ਦੇ ਹੂਤੀ ਵਿਦਰੋਹੀਆਂ ਨੇ ਯਮਨ ਦੀ ਹਕੂਮਤ ਤੇ ਸਾਊਦੀ ਅਰਬ ਦੀ ਹਕੂਮਤ ਨੂੰ ਵਖਤ ਪਾ ਰੱਖਿਆ ਹੈ ਤੇ ਅਮਰੀਕਾ ਉਹਨਾਂ ਦੀ ਸਹਾਇਤਾ ਕਰਕੇ, ਇਹਨਾਂ ਵਿਦਰੋਹੀਆਂ ਨੂੰ ਕੁਚਲਣ 'ਚ ਨਾਕਾਮ ਨਿਬੜਿਆ ਹੈ। ਉਹਨਾਂ ਨੇ ਯਮਨ ਦੇ ਅਹਿਮ ਬੰਦਰਗਾਹਾਂ ਦੇ ਖੇਤਰਾਂ ਨੂੰ ਕੰਟਰੋਲ 'ਚ ਲੈ ਲਿਆ ਹੈ ਤੇ ਲਾਲ ਸਾਗਰ ਦਾ ਅਹਿਮ ਲਾਂਘਾ ਬੰਦ ਕਰ ਦਿੱਤਾ ਹੈ। ਹੁਣ ਨਾ ਸਿਰਫ਼ ਸਟਰੇਟ ਆਫ ਹੌਰਮੂਜ਼ ਬੰਦ ਹੈ ਸਗੋਂ ਹੁਣ ਲਾਲ ਸਾਗਰ ਨੂੰ ਦੱਖਣੀ ਪਾਸੇ ਤੋਂ ਕੰਟਰੋਲ ਕਰਦਾ ਰਸਤਾ ਬਾਬ-ਅਲ-ਮਨਦਾਬ ਵੀ ਹਾਊਤੀ ਕੰਟਰੋਲ ਹੇਠ ਹੈ। ਇਰਾਨ ਸਹਾਇਤਾ ਪ੍ਰਾਪਤ ਇਰਾਕੀ ਗਰੁੱਪਾਂ ਸਾਊਦੀ ਅਰਬ ਦੀ ਪੂਰਬੀ ਪੱਛਮੀ ਪਾਈਪਲਾਇਨ 'ਤੇ ਗੋਲਾਬਾਰੀ ਕੀਤੀ ਗਈ ਹੈ। ਇਸ ਸਮੁੱਚੀ ਹਾਲਤ ਨੇ ਦੁਨੀਆਂ 'ਚ ਤੇਲ ਸੰਕਟ ਨੂੰ ਜਨਮ ਦੇ ਦਿੱਤਾ ਹੈ। ਸੰਸਾਰ ਸਾਮਰਾਜੀ ਆਰਥਿਕਤਾ ਹੋਰ ਸੰਕਟਮਈ ਦਬਾਅ ਹੇਠ ਆ ਗਈ ਹੈ। ਲਿਬਨਾਨ 'ਚ ਚਾਹੇ ਹਿੱਜਬੁੱਲਾ ਨੂੰ ਸੱਟ ਪਈ ਹੈ ਤੇ ਇਜ਼ਰਾਇਲ ਵੱਲੋਂ ਉਸਦੀ ਸ਼ਕਤੀ ਦਾ ਨੁਕਸਾਨ ਕੀਤਾ ਗਿਆ ਹੈ ਪ੍ਰੰਤੂ ਇੱਕ ਟਾਕਰਾ ਸ਼ਕਤੀ ਵਜੋਂ ਅਜੇ ਵੀ ਕਾਇਮ ਹੈ ਤੇ ਮੁੜ ਉੱਭਰ ਆਉਣ ਦੀਆਂ ਸੰਭਾਵਨਾਵਾਂ ਰੱਖਦੀ ਹੈ। ਇਹ ਸੰਭਾਵਨਾਵਾਂ ਇਸ ਖਿੱਤੇ ਦੇ ਲੋਕਾਂ ਦੀਆਂ ਅਮਰੀਕੀ ਸਾਮਰਾਜ ਵਿਰੋਧੀ ਰੋਸ 'ਚ ਮੌਜੂਦ ਹਨ ਜੀਹਦੀ ਨੋਕ ਬਣਕੇ ਅਜਿਹੀਆਂ ਲੋਕ ਟਾਕਰਾ ਸ਼ਕਤੀਆਂ ਟੁੱਟ ਕੇ ਮੁੜ ਮੁੜ ਜੁੜਦੀਆਂ ਹਨ ਤੇ ਜਿਉਂਦੀਆਂ ਰਹਿੰਦੀਆਂ ਹਨ।

ਉੱਪਰ ਕੀਤੀ ਚਰਚਾ ਦੱਸਦੀ ਹੈ ਕਿ ਅਮਰੀਕੀ ਸਾਮਰਾਜੀਆਂ ਵੱਲੋਂ ਆਪਣਾ ਮਹਾਂਸ਼ਕਤੀ ਵਾਲਾ ਟਿੱਲ ਲਾ ਕੇ ਵੀ, ਇੱਥੇ ਮਨਚਾਹੇ ਸਿੱਟੇ ਨਹੀਂ ਕੱਢੇ ਜਾ ਸਕੇ ਹਨ ਸਗੋਂ ਉਹ ਹੋਰ ਤੋਂ ਹੋਰ ਫਸਦਾ ਹੀ ਨਜ਼ਰ ਆਇਆ ਹੈ। ਦੂਜੀ ਸੰਸਾਰ ਜੰਗ ਮਗਰੋਂ ਅਜਿਹੀ ਸੰਕਟਮਈ ਹਾਲਤ ਅਮਰੀਕੀ ਸਾਮਰਾਜ ਲਈ ਕਦੇ ਵੀ ਨਹੀਂ ਸੀ ਜੋ ਹੁਣ ਬਣ ਗਈ ਹੈ। ਇਸ ਖੇਤਰ 'ਚ ਢਿੱਲੀ ਹੋਈ ਪਕੜ, ਪੈਟਰੋ-ਡਾਲਰ ਕਮਾਉਣ ਨੂੰ ਖੜ੍ਹਾ ਹੋ ਰਿਹਾ ਖਤਰਾ ਉਸਦੀ ਸੰਸਾਰ ਚੌਧਰ ਨੂੰ ਵੱਡਾ ਖੋਰਾ ਲਾਉਣ ਦਾ ਕਾਰਨ ਬਣ ਸਕਦਾ ਹੈ। ਇਹ ਇਸ ਖਿੱਤੇ ਦੇ ਲੋਕ ਹਨ ਨਾ ਕਿ  ਰੂਸੀ ਸਾਮਰਾਜੀਏ ਜਾਂ ਹੋਰ ਸਾਮਰਾਜੀ ਸ਼ਰੀਕ ਜੋ ਉਸਦੀ ਅਜਿਹੀ ਹਾਲਤ ਬਣਾ ਰਹੇ ਹਨ। ਅਰਬ ਜਗਤ 'ਚ ਤਾਕਤਾਂ ਦੇ ਬਣ ਰਹੇ ਨਵੇਂ ਸਮੀਕਰਨ ਅਮਰੀਕਾ ਨੂੰ ਹਜਮ ਕਰਨੇ ਔਖੇ ਹੋ ਰਹੇ ਹਨ ਤੇ ਸੰਸਾਰ ਮੰਚ 'ਤੇ ਉਸਦੀ ਬੇਵਸੀ ਭਰੀ ਬੁਖਲਾਹਟ ਦਿਖਾਈ ਦੇ ਰਹੀ ਹੈ।

ਪੱਛਮੀ ਏਸ਼ੀਆ ਦੇ ਇਸ ਖੇਤਰ 'ਚ ਸੰਸਾਰ ਦੀ ਮੁੱਖ ਵਿਰੋਧਤਾਈ 'ਚੋਂ ਲੋਕਾਂ ਵਾਲੇ ਪੱਖ ਦਾ ਸਭ ਤੋਂ ਤਿੱਖਾ ਇਜ਼ਹਾਰ ਹੋ ਰਿਹਾ ਤੇ ਲੋਕ ਉਭਾਰਾਂ ਦੇ ਸਿੱਟੇ ਵਜੋਂ ਕਈ ਮੁਲਕਾਂ ਦੀਆਂ ਪਿਠੂ ਦਲਾਲ ਹਕੂਮਤਾਂ ਵੀ ਆਪਣੀ ਪੁਜੀਸ਼ਨ ਬਦਲ ਕੇ ਲੋਕਾਂ ਨਾਲ ਖੜ੍ਹ ਜਾਂਦੀਆਂ ਹਨ। ਏਸ਼ੀਆ ਦੇ ਬਾਕੀ ਇਲਾਕੇ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ 'ਚ ਵੀ ਜਨਤਕ ਸੰਘਰਸ਼ਾਂ ਤੇ ਆਪਣੀਆਂ ਦਲਾਲ ਹਕੂਮਤਾਂ ਖਿਲਾਫ਼ ਰੋਹ ਫੁਟਾਰਿਆਂ ਦੇ ਉਭਾਰ ਹਨ ਜਿਹੜੇ ਅਮਰੀਕੀ ਸਾਮਰਾਜੀ ਲੁਟੇਰੀਆਂ ਵਿਉਂਤਾਂ 'ਚ ਵਿਘਨ ਪਾ ਰਹੇ ਹਨ। ਇਸਦੇ ਇਜ਼ਹਾਰ ਵੱਖੋ ਵੱਖਰੀਆਂ ਸ਼ਕਲਾਂ ਧਾਰਦੇ ਹਨ ਤੇ ਇਹਨਾਂ ਦੇ ਪੱਧਰ ਵੀ ਵੱਖੋ ਵੱਖਰੇ ਹਨ ਪਰ ਇਹ ਗੱਲ ਸਾਂਝੀ ਹੈ ਕਿ ਅਮਰੀਕੀ ਸਾਮਰਾਜੀ ਅਗਵਾਈ ਹੇਠਲੇ ਨਵ-ਉਦਾਰਵਾਦੀ ਨੀਤੀਆਂ ਦੇ ਹਮਲੇ ਨੂੰ ਗੰਭੀਰ ਚੁਣੌਤੀ ਮਿਲ ਰਹੀ ਹੈ ਜਿਵੇਂ ਭਾਰਤ 'ਚ ਖੇਤੀ ਕਾਨੂੰਨਾਂ ਖਿਲਾਫ਼ ਹੋਇਆ ਇਤਿਹਾਸਕ ਕਿਸਾਨ ਸੰਘਰਸ਼ ਖੇਤੀ ਫਸਲਾਂ ਦੇ ਕਾਰਪੋਰੇਟ ਕਬਜ਼ੇ ਦੇ ਮਨਸੂਬਿਆਂ ਮੂਹਰੇ ਅੜਿੱਕਾ ਸਾਬਤ ਹੋਇਆ ਹੈ ਤੇ ਹੁਣ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ 'ਚ ਵੀ ਲੋਕ ਵਿਰੋਧ ਦੇ ਦਬਾਅ ਦਾ ਅੰਸ਼ ਹਰਕਤਸ਼ੀਲ ਹੈ। ਬੰਗਲਾਦੇਸ਼ ਤੇ ਸ਼੍ਰੀ ਲੰਕਾ ਵਰਗੇ ਮੁਲਕ ਵੀ ਲੋਕ ਉਭਾਰਾਂ ਦੇ ਝਟਕਿਆਂ 'ਚੋਂ ਗੁਜ਼ਰੇ ਹਨ, ਚਾਹੇ ਇਹਨਾਂ 'ਚ ਸੱਤਾ ਤਬਦੀਲੀ ਰਾਹੀਂ ਅਮਰੀਕੀ ਸਾਮਰਾਜੀਏ ਆਪਣੇ ਫੌਰੀ ਹਿਤਾਂ ਦੀ ਰਖਵਾਲੀ 'ਚ ਕਾਮਯਾਬ ਰਹੇ ਹਨ ਪਰ ਇਹ ਰਖਵਾਲੀ ਥੋੜ੍ਹ ਚਿਰੀ ਹੈ ਜਿਵੇਂ ਬੰਗਲਾਦੇਸ਼ 'ਚ ਅਮਰੀਕੀ ਸਹਾਇਤਾ ਵਾਲੀ ਨਵੀਂ ਹਕੂਮਤ ਨੂੰ ਮਜ਼ਦੂਰ ਹਲਚਲ ਦਾ ਸਾਹਮਣਾ ਵੀ ਕਰਨਾ ਪੈ ਗਿਆ ਹੈ ਕਿਉਂਕਿ ਇਹ 'ਅਮਰੀਕੀ ਸਹਾਇਤਾ' ਹੀ ਹੈ ਜਿਹੜੀ ਮਜ਼ਦੂਰ ਜਮਾਤ ਦੀ ਲੁੱਟ ਨੂੰ ਤੇਜ਼ ਕਰਨ 'ਚ ਸ਼ਾਮਿਲ ਹੈ। ਲਾਤੀਨੀ ਅਮਰੀਕਾ 'ਚ ਹਾਲਤ ਇਸ ਤੋਂ ਵੀ ਅੱਗੇ ਤੁਰੀ ਆ ਰਹੀ ਹੈ ਜਿੱਥੇ ਅਮਰੀਕੀ ਸਾਮਰਾਜੀ ਲੁੱਟ ਦੀਆਂ ਵਿਉਂਤਾਂ 'ਚ ਹੋਰ ਵੀ ਵੱਡੇ ਅੜਿੱਕੇ ਬਣਦੇ ਹਨ। ਉੱਥੇ ਹਕੂਮਤਾਂ ਹੀ ਨਵ-ਉਦਾਰਵਾਦੀ ਨੀਤੀਆਂ ਨੂੰ ਰੱਦ ਕਰਨ ਦੇ ਨਾਅਰਿਆਂ ਦੁਆਲੇ ਬਣਦੀਆਂ ਆ ਰਹੀਆਂ ਹਨ ਤੇ ਵਾਅਦਾ ਖਿਲਾਫ਼ੀ ਕਾਰਨ ਉਲਟਾ ਦਿੱਤੀਆਂ ਜਾਂਦੀਆਂ  ਰਹੀਆਂ ਹਨ।  

ਬਰਾਜ਼ੀਲ 'ਚ ਅਤਿ ਸੱਜੇ ਪੱਖੀ ਬੋਲਸਨੇਰੋ ਨੂੰ ਰੱਦ ਕਰਕੇ ਖੱਬੇ ਪੱਖੀ ਕਹੇ ਜਾਂਦੇ ਲੂਲਾ ਡੀ ਸਿਲਵਾ ਨੂੰ ਮੁੜ ਚੁਣਿਆ ਗਿਆ ਹੈ। ਜਿਹੜਾ ਸਾਮਰਾਜੀ ਸੰਸਾਰੀਕਰਨ ਖਿਲਾਫ਼ ਜ਼ੋਰਦਾਰ ਲੋਕ ਰੋਹ ਦਾ ਇਜ਼ਹਾਰ ਹੈ। ਚਾਹੇ ਲੂਲਾ ਵਰਗੇ ਲੀਡਰ ਵੀ ਉਸੇ ਸਾਮਰਾਜੀ ਨੀਤੀਆਂ ਦੇ ਚੌਖਟੇ ਤੋਂ ਬਾਹਰ ਨਹੀਂ ਹਨ ਪਰੰਤੂ ਉਹ ਇਹਨਾਂ ਨੀਤੀਆਂ ਦੀ ਵਿਰੋਧ ਲਹਿਰ 'ਤੇ ਸਵਾਰ ਹੁੰਦੇ ਹਨ 'ਕੌਮੀਕਰਨ' ਦਾ ਪ੍ਰਭਾਵ ਸਿਰਜਦੇ ਹਨ। ਮੁੱਖ ਨੁਕਤਾ ਲੋਕਾਂ 'ਚ ਜ਼ੋਰਦਾਰ ਸਾਮਰਾਜ ਵਿਰੋਧੀ ਉਮੰਗਾਂ ਦਾ ਹੈ ਤੇ ਲੋਕਾਂ ਦੀ ਖਰੀ ਇਨਕਲਾਬੀ ਲੀਡਰਸ਼ਿਪ ਦੀ ਕਮਜ਼ੋਰੀ ਜਾਂ ਅਣਹੋਂਦ ਦੀ ਹਾਲਤ 'ਚ ਇਸਦੀ ਵਰਤੋਂ ਖੱਬੀਆਂ ਕਹਾਉਂਦੀਆਂ ਹਾਕਮ ਜਮਾਤੀ ਸ਼ਕਤੀਆਂ ਵੱਲੋਂ ਕੀਤੀ ਜਾਂਦੀ ਹੈ। ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਆਪਣੀ ਪਿੱਠੂ ਹਕੂਮਤ ਰਾਹੀਂ ਦੇਸ਼ ਦੇ ਤੇਲ ਭੰਡਾਰਾਂ 'ਤੇ ਅਮਰੀਕਾ ਵੱਲੋਂ ਕੀਤਾ ਗਿਆ ਕੰਟਰੋਲ ਨਾ ਸਿਰਫ਼ ਵੈਨਜ਼ੂਏਲਾ 'ਚ ਸਗੋਂ ਪੂਰੇ ਖਿੱਤੇ 'ਚ ਅਮਰੀਕੀ ਸਾਮਰਾਜੀ ਧੌਸ  ਖਿਲਾਫ਼ ਰੋਹ ਦਾ ਹੀ ਪਸਾਰਾ ਕਰੇਗਾ। ਸਾਮਰਾਜੀ ਨੀਤੀਆਂ ਖਿਲਾਫ਼ ਪਨਪ ਰਹੀ ਬੇਚੈਨੀ ਨੂੰ ਹੀ ਹੋਰ ਅੱਡੀ ਲਾਵੇਗਾ।

ਇਹ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕੀ ਮੁਲਕ ਹਨ ਜਿੱਥੇ ਸਾਮਰਾਜ ਨਾਲ ਦੱਬੇ ਕੁਚਲੇ ਲੋਕਾਂ ਤੇ ਕੌਮਾਂ ਦਾ ਟਕਰਾਅ ਹੋਰ ਤਿੱਖ ਫੜ੍ਹ ਰਿਹਾ ਹੈ। ਇਹ ਲੋਕ ਸੰਗਰਾਮ ਹਨ ਜਿਹੜੇ ਕਿਤੇ ਸੁਲਘਦੇ ਹਨ ਤੇ ਕਿਤੇ ਭਾਂਬੜਾਂ ਵਾਂਗ ਮੱਚ ਪੈਂਦੇ ਹਨ ਤੇ ਸੰਸਾਰ ਸਾਮਰਾਜੀਆਂ ਖਾਸ ਕਰਕੇ ਅਮਰੀਕੀ ਸਾਮਰਾਜੀਆਂ ਦੀ ਲੁੱਟ, ਦਾਬੇ ਤੇ ਚੌਧਰ ਨੂੰ ਤਿੱਖੀ ਚੁਣੌਤੀ ਦੇ ਰਹੇ ਹਨ। 

  ਵਿਕਸਿਤ ਪੂੰਜੀਵਾਦੀ ਤੇ ਸਾਮਰਾਜੀ ਮੁਲਕਾਂ 'ਚ
 ਜਨਤਕ ਰੋਹ ਫੁਟਾਰੇ

ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟਾਂ ਦੀ ਤਿੱਖ ਦਾ ਇੱਕ ਇਜ਼ਹਾਰ ਇਹਨਾਂ ਦੇ ਆਪਣੇ ਗੜ੍ਹਾਂ ਅੰਦਰ ਕਿਰਤੀ ਲੋਕਾਂ ਦੇ ਵੱਖ-ਵੱਖ ਵਰਗਾਂ 'ਚ ਜ਼ਾਹਰ ਹੋ ਰਹੀ ਤਿੱਖੀ ਬੇਚੈਨੀ ਦੇ ਰੂਪ 'ਚ ਹੋ ਰਿਹਾ ਹੈ। ਸਾਮਰਾਜੀ ਮੁਲਕਾਂ ਤੇ ਵਿਕਸਿਤ ਪੂੰਜੀਵਾਦੀ ਮੁਲਕਾਂ 'ਚ ਮਹਿੰਗਾਈ ਵੱਲੋਂ ਕਿਰਤੀ ਲੋਕਾਂ ਦੀ ਨਿਚੋੜੀ ਜਾਂਦੀ ਕਿਰਤ ਕਮਾਈ ਤੇ ਰਾਜ ਦੀ ਸਮਾਜਿਕ ਸੁਰੱਖਿਆ ਦੇ ਘੱਟ ਰਹੇ ਖਰਚਿਆਂ ਨੇ ਲੋਕਾਂ 'ਚ ਤਿੱਖੀ ਬੇਚੈਨੀ ਦਾ ਪਸਾਰਾ ਕੀਤਾ ਹੈ। ਇਹ ਪਿਛਲੇ ਸਾਲਾਂ ਅੰਦਰ ਵੱਖ-ਵੱਖ ਰੂਪ ਧਾਰ ਕੇ ਪ੍ਰਗਟ ਹੁੰਦੀ ਆ ਰਹੀ ਹੈ। ਮਹਿੰਗਾਈ ਖਿਲਾਫ਼ ਵੱਡੇ ਜਨਤਕ ਪ੍ਰਦਰਸ਼ਨਾਂ ਦੇ ਗੇੜ ਵੱਖ-ਵੱਖ ਮੁਲਕਾਂ 'ਚ ਚੱਲਦੇ ਹਨ। ਇਹਨੀਂ ਦਿਨੀ ਫਰਾਂਸ 'ਚ ਵੱਡੀ ਹਲ-ਚਲ ਹੋਈ ਹੈ। ਲੋਕ ਪੁਲਿਸ ਨਾਲ ਭਿੜ ਰਹੇ ਹਨ ਤੇ ਰਾਜਕੀ ਜਬਰ ਦੇ ਗੇੜ ਚਲ ਰਹੇ ਹਨ। ਲੋਕਾਂ 'ਚ ਰੋਹ ਦਾ ਇਹ ਇਜ਼ਹਾਰ ਵੱਖ-ਵੱਖ ਮੁਲਕਾਂ 'ਚ ਖੱਬੇ ਪੱਖੀ ਕਹੇ ਜਾਂਦੇ ਲੀਡਰਾਂ ਤੇ ਪਾਰਟੀਆਂ ਨੂੰ ਸੱਤਾ 'ਚ ਲਿਆਉਣ ਰਾਹੀਂ ਵੀ ਹੋ ਰਿਹਾ ਹੈ। ਲੋਕ ਬੇਚੈਨੀ ਨੂੰ ਸੱਜੀਆਂ ਪਿਛਾਖੜੀ ਤਾਕਤਾਂ ਵੱਲੋਂ ਵਰਤਣ ਦੇ ਯਤਨ ਵੀ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੇ ਸਗੋਂ ਨਾਲ-ਨਾਲ ਹੀ ਸੱਜੀਆਂ ਪਿਛਾਖੜੀ ਤਾਕਤਾਂ ਨੂੰ ਵੀ ਰੱਦ ਕਰਨ ਦਾ ਰੁਝਾਨ ਸਾਹਮਣੇ ਆ ਰਿਹਾ ਹੈ। ਲੋਕ ਬੇਚੈਨੀ ਨੂੰ ਸੱਜੀ ਸਿਆਸਤ ਦੇ ਵਧਾਰੇ ਲਈ ਵਰਤਣ ਦੇ ਮਨਸੂਬਿਆਂ ਨੂੰ ਵੀ ਪੂਰੀ ਕਾਮਯਾਬੀ ਨਹੀਂ ਮਿਲ ਰਹੀ ਕਿਉਂਕਿ ਲੋਕਾਂ ਕੋਲ ਨਾਲ ਦੀ ਨਾਲ ਹੀ ਸੱਜੀਆਂ ਪਿਛਾਖੜੀ ਹਕੂਮਤਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੇ ਕਦਮਾਂ ਦਾ ਵੀ ਤਜਰਬਾ ਇਕੱਠਾ ਹੋ ਰਿਹਾ ਹੈ। ਇਹ ਹਾਲਤ ਇਹਨਾਂ ਮੁਲਕਾਂ 'ਚ ਬਰਜ਼ੂਆਜੀ ਤੇ ਪ੍ਰੋਲੇਤਾਰੀ ਜਮਾਤ 'ਚ ਵਿਰੋਧਤਾਈ ਦੇ ਹੋਰ ਤਿੱਖੀ ਹੋਣ ਦੀ ਹਾਲਤ ਨੂੰ ਦਰਸਾ ਰਹੀ ਹੈ। ਸਾਮਰਾਜੀ ਸੰਕਟਾਂ ਦਾ ਭਾਰ ਮਨਚਾਹੇ ਢੰਗ ਨਾਲ ਤੀਜੀ ਦੁਨੀਆਂ ਦੇ ਮੁਲਕਾਂ 'ਤੇ ਲੱਦ ਸਕਣ 'ਚ ਪੈਂਦੀ ਰੁਕਾਵਟ ਤੇ ਇਹਨਾਂ ਮੁਲਕਾਂ ਦੀ ਮਜ਼ਦੂਰ ਜਮਾਤ ਨੂੰ ਸਾਮਰਾਜੀ ਲੁੱਟ 'ਚੋਂ ਬੁਰਕੀ ਦੇਣ ਦੀਆਂ ਘਟ ਰਹੀਆਂ ਗੁੰਜਾਇਸ਼ਾਂ ਦੀ ਵਜ੍ਹਾ ਸਾਮਰਾਜ ਤੇ ਦੱਬੇ ਕੁਚਲੇ ਲੋਕਾਂ ਦੀ ਵਿਰੋਧਤਾਈ ਦੀ ਤਿੱਖ ਵੀ ਬਣ ਰਹੀ ਹੈ। 

ਇਹਨਾਂ ਮੁਲਕਾਂ 'ਚ ਫ਼ਲਸਤੀਨੀ ਲੋਕਾਂ ਦੀ ਹਮਾਇਤ 'ਚ ਵੱਡੇ ਜਨਤਕ ਪ੍ਰਦਰਸ਼ਨ ਹੋਏ ਹਨ ਤੇ ਇਹਨਾਂ ਦਾ ਦਬਾਅ ਇਹਨਾਂ ਹਕੂਮਤਾਂ 'ਤੇ ਦਿਖਾਈ ਦਿੱਤਾ ਹੈ। ਅਮਰੀਕਾ ਅੰਦਰ ਟਰੰਪ ਦੀ ਪਾਰਟੀ ਦੀ ਕਾਂਗਰਸ 'ਚ ਤਾਜ਼ਾ ਹਾਰ ਉਸਦੀਆਂ ਸੱਜ ਪਿਛਾਖੜੀ ਨੀਤੀਆਂ ਦੇ ਉਲਟ ਲੋਕਾਂ ਦੀ ਰਾਇ ਨੂੰ ਦਰਸਾਉਂਦੀ ਹੈ। ਇਹ ਡੈਮੋਕਰੇਟਾਂ ਦੀ ਜਿੱਤ ਨਾਲੋਂ ਟਰੰਪ ਦੇ ਵਾਅਦਿਆਂ ਤੋਂ ਫਿਰ ਜਾਣ ਦੀ ਲੋਕਾਂ ਵੱਲੋਂ ਦਿੱਤੀ ਗਈ ਸਜ਼ਾ ਹੈ। ਟਰੰਪ ਦੀ “ਅਮਰੀਕਾ ਨੂੰ ਮੁੜ ਮਹਾਨ ਬਣਾਉਣ” ਦੀ ਫਾਸ਼ੀ ਮੁਹਿੰਮ ਨੂੰ ਲੋਕਾਂ ਨੇ ਰੱਦ ਕੀਤਾ ਹੈ। ਅਮਰੀਕਾ ਨੂੰ ਇਰਾਨ ਜੰਗ 'ਚ ਝੋਕਣ ਦੀ ਨੀਤੀ ਨੂੰ ਰੱਦ ਕੀਤਾ ਹੈ। ਇਹਨਾਂ ਵੋਟਾਂ 'ਚ ਟਰੰਪ ਦੀ ਰਿਪਬਲਿਕਨ ਪਾਰਟੀ ਖਿਲਾਫ਼ ਪਈਆਂ ਵੋਟਾਂ ਅਮਰੀਕੀ ਸਮਾਜ 'ਚ ਸੱਜ ਪਿਛਾਖੜ ਦੀ ਸਿਆਸਤ ਨੂੰ ਲੱਗੀ ਪਛਾੜ ਹੈ। ਇਹ ਉਸ ਰੁਝਾਨ ਦੀ ਲਗਾਤਾਰਤਾ ਹੈ ਜਿਹੜਾ ਗਾਜ਼ਾ 'ਚ ਇਜ਼ਰਾਇਲੀ ਹਮਲੇ ਖਿਲਾਫ਼ ਅਮਰੀਕਾ ਅੰਦਰ ਹੋਏ ਜ਼ੋਰਦਾਰ ਰੋਸ ਪ੍ਰਦਰਸ਼ਨਾਂ ਰਾਹੀਂ ਜ਼ਾਹਿਰ ਹੋਇਆ ਸੀ। ਅਮਰੀਕੀ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਗਾਜ਼ਾ ਦੇ ਕਤਲੇਆਮ ਖਿਲਾਫ਼ ਮੈਦਾਨ 'ਚ ਆਈ ਹੈ। ਇਸ ਰੋਸ ਲਹਿਰ ਨੇ 60ਵਿਆਂ, 70ਵਿਆਂ 'ਚ ਨਸਲੀ ਵਿਤਕਰੇ ਖਿਲਾਫ਼ ਜ਼ੋਰਦਾਰ ਲੋਕ ਸੰਘਰਸ਼ ਦੀ ਯਾਦਾ ਤਾਜ਼ਾ ਕਰਵਾਈ ਹੈ। ਇਹ ਉਸਾਰੂ ਰੁਝਾਨ ਲਗਾਤਾਰ ਜਾਰੀ ਰਹਿ ਰਿਹਾ ਹੈ ਤੇ ਟਰੰਪ ਹਕੂਮਤ ਨੂੰ ਮੁਲਕ ਅੰਦਰੋਂ ਜ਼ੋਰਦਾਰ ਲੋਕ ਵਿਰੋਧ ਦੀ ਚੁਣੌਤੀ ਮਿਲ ਰਹੀ ਹੈ। 

ਅਮਰੀਕਾ ਤੇ ਵਿਕਸਿਤ ਯੂਰਪੀ ਮੁਲਕਾਂ ਅੰਦਰ ਪੂੰਜੀਵਾਦੀ ਨਿਜ਼ਾਮਾਂ ਦੀਆਂ ਕਿਰਤ ਦੋਖੀ 'ਬਰਕਤਾਂ' ਵਿਆਪਕ ਚਰਚਾ 'ਚ ਆ ਰਹੀਆਂ ਹਨ। ਜਨਤਕ ਸਹੂਲਤਾਂ 'ਤੇ ਕਟੌਤੀਆਂ ਤੇ ਪੂੰਜੀਪਤੀਆਂ ਦੇ  ਮੁਨਾਫ਼ਿਆਂ ਦੇ ਅੰਬਾਰ ਲੋਕਾਂ 'ਚ ਇਹਨਾਂ ਦੇ ਜਮਹੂਰੀਅਤਾਂ ਦੇ ਦਾਅਵਿਆਂ ਨੂੰ ਸੱਟ ਮਾਰ ਰਹੇ ਹਨ। 

ਬੁਰਜੂਆ ਜਮਹੂਰੀਅਤਾਂ ਹੋਰ ਤੋਂ ਹੋਰ ਖੂੰਖਾਰ ਹੋ ਰਹੀਆਂ ਹਨ ਤੇ ਰਾਜਾਂ ਦੇ ਤਾਨਾਸ਼ਾਹੀ ਦੇ ਰੁਝਾਨ ਮਜਬੂਤ ਹੋਏ ਹਨ। ਲੋਕਾਂ 'ਚ ਬਦਲਵੇਂ ਪ੍ਰਬੰਧ ਦੇ ਤੌਰ 'ਤੇ ਸਮਾਜਵਾਦੀ ਪ੍ਰਬੰਧ ਦੀ ਚਰਚਾ ਨੇ ਜੋਰ ਫੜਿਆ ਹੈ। ਵਧ ਰਿਹਾ ਅਮੀਰ ਗਰੀਬ ਦਾ ਪਾੜਾ ਤੇ ਅਰਬ-ਪਤੀਆਂ ਦੇ ਉਸਰਦੇ ਧੌਲਰ ਲੋਕਾਂ 'ਚ ਆਰਥਿਕ ਬਰਾਬਰੀ ਦੀ ਲੋੜ ਨੂੰ ਪੇਸ਼ ਕਰ ਰਹੇ ਹਨ। ਇਹ ਹਾਲਤ ਇਹਨਾਂ ਮੁਲਕਾਂ ਦੇ ਆਰਥਿਕ ਤੇ ਸਿਆਸੀ ਸੰਕਟਾਂ ਦੀ ਤਿੱਖ ਦਾ ਇਜ਼ਹਾਰ ਹੈ ਜੋ ਸੰਸਾਰ ਸਾਮਰਾਜੀ ਨਿਜ਼ਾਮ ਦੀ ਅਸਥਿਰਤਾ 'ਚ ਆਪਣਾ ਹਿੱਸਾ ਪਾ ਰਿਹਾ ਹੈ। ਇਹ ਹਾਲਤ ਇਹਨਾਂ ਮੁਲਕਾਂ 'ਚੋਂ ਕੌਮੀ ਮੁਕਤੀ ਲਹਿਰਾਂ ਲਈ ਹਮਾਇਤ ਦੀਆਂ ਹੋਰ ਜ਼ਿਆਦਾ ਸੰਭਾਵਨਾਵਾਂ ਨਾਲ ਭਰਪੂਰ ਹੈ। ਆਪਣੇ ਗੜ੍ਹਾਂ 'ਚ ਹੀ ਘਿਰ ਜਾਣ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।

ਹੋਰ ਤਿੱਖਾ ਹੋ ਰਿਹਾ 
ਸਾਮਰਾਜੀ ਮੁਲਕਾਂ ਦਾ ਆਪਸੀ ਭੇੜ

ਇਸ ਸੰਸਾਰ ਨਿਜ਼ਾਮ ਦੀ ਇੱਕ ਹੋਰ ਬੁਨਿਆਦੀ ਵਿਰੋਧਤਾਈ ਅੰਤਰ ਸਾਮਰਾਜੀ ਵਿਰੋਧਤਾਈ ਵੀ ਹੋਰ ਤਿੱਖੀ ਹੋ ਚੁੱਕੀ ਹੈ। ਸਾਮਰਾਜੀ ਆਰਥਿਕਤਾ ਦੇ ਸੰਕਟ ਵੱਖ-ਵੱਖ ਮੁਲਕਾਂ 'ਚ ਪ੍ਰਗਟ ਹੋ ਰਹੇ ਹਨ। ਹੁਣ ਅਮਰੀਕਾ ਦੀ ਨਿਰੋਲ ਸਰਦਾਰੀ ਵਾਲੇ ਦਿਨ ਲੱਦ ਗਏ ਹਨ ਤੇ ਉਸਨੂੰ ਨਾ ਸਿਰਫ ਸਾਬਕਾ ਮਹਾਂਸ਼ਕਤੀ ਦੇ ਵਾਰਿਸ ਰੂਸੀ ਸਾਮਰਾਜ ਵੱਲੋਂ ਚੁਣੌਤੀ ਮਿਲ ਰਹੀ ਹੈ ਸਗੋਂ ਉਸਦੇ ਆਪਣੇ ਸੰਗੀ ਤੁਰੇ ਆ ਰਹੇ ਪੱਛਮੀ ਯੂਰਪੀ ਸਾਮਰਾਜੀ ਮੁਲਕਾਂ ਨਾਲ ਵੀ ਉਸਦੇ ਟਕਰਾਅ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਟਰੰਪ ਵੱਲੋਂ ਨਾਟੋ ਤੱਕ ਨੂੰ ਤੋੜ ਦੇਣ ਦੇ ਬਿਆਨ ਆਏ ਹਨ। ਰੂਸ ਤੇ ਨਾਟੋ ਭੇੜ 'ਚ ਅਮਰੀਕਾ ਦੀ ਬੇ-ਪ੍ਰਤੀਤੀ ਭੂਮਿਕਾ ਤੋਂ ਨਾਟੋ ਮੁਲਕ ਅਵਾਜ਼ਾਰ ਹਨ। ਰੂਸ-ਯੂਕਰੇਨ ਜੰਗ 'ਚ ਯੂਰਪੀ ਸਾਮਰਾਜੀਏ ਅਮਰੀਕਾ ਤੋਂ ਵੱਡੀ ਸਹਾਇਤਾ ਦੀ ਤਵੱਕੋਂ ਰੱਖਦੇ ਹਨ ਪਰ ਅਮਰੀਕਾ ਜੰਗੀ ਖਰਚਿਆਂ ਦੇ ਬੋਝ ਤੋਂ ਟਾਲਾ ਵੱਟਦਾ ਆ ਰਿਹਾ ਹੈ। ਕੁੱਲ ਮਿਲਾ ਕੇ ਹਾਲਤ ਇਹ ਹੈ ਕਿ ਆਪਸੀ ਸਹਿਮਤੀ ਬਣਾ ਕੇ ਦੁਨੀਆਂ ਦੀ ਲੁੱਟ ਦੀ ਵੰਡ ਕਰਨ ਵਾਲਾ ਦੌਰ ਮੁੱਕ ਗਿਆ ਹੈ ਤੇ ਹੁਣ ਖੁੱਲ੍ਹੇ ਟਕਰਾਅ ਤੋਂ ਅੱਗੇ ਜੰਗਾਂ ਦੀ ਨੌਬਤ ਆ ਗਈ ਹੈ। ਰੂਸ-ਯੂਕਰੇਨ ਜੰਗ  ਇੱਕ ਸਾਮਰਾਜੀ ਜੰਗ ਵਜੋਂ ਇਹਨਾਂ ਤਾਕਤਾਂ ਦੀਆਂ ਉਮੀਦਾਂ ਤੋਂ ਕਾਫ਼ੀ ਜ਼ਿਆਦਾ ਖਿੱਚੀ ਗਈ ਹੈ। ਇਹ ਅਮਰੀਕੀ ਸਾਮਰਾਜ ਦੀ ਕਮਜ਼ੋਰ ਹੋਈ ਹਾਲਤ ਦਾ ਇੱਕ ਅਹਿਮ ਪ੍ਰਗਟਾਵਾ ਹੈ ਕਿ ਇਰਾਨ ਖਿਲਾਫ਼ ਹਮਲੇ 'ਚ ਉਸਨੂੰ ਪੱਛਮੀ ਯੂਰਪੀ ਸਾਮਰਾਜੀ ਮੁਲਕਾਂ ਦੀ ਹਮਾਇਤ ਹਾਸਲ ਨਹੀਂ ਹੋਈ ਤੇ ਉਸਨੂੰ ਇਕੱਲਿਆਂ ਹੀ ਇਹ ਕੌੜਾ ਅੱਕ ਚੱਬਣਾ ਪਿਆ ਹੈ ਤੇ ਨਾਲ ਹੀ ਟਰੰਪ ਇਹਨਾਂ ਮੁਲਕਾਂ ਦੇ ਆਗੂਆਂ ਨੂੰ ਕੋਸਦਾ ਰਿਹਾ ਹੈ ਤੇ ਉਹਨਾਂ ਨੂੰ ਆਪਣੇ ਤੇਲ ਗੈਸ ਸੰਕਟਾਂ ਨੂੰ ਆਪ ਨਜਿੱਠਣ ਦੇ ਮੇਹਣੇ ਦਿੰਦਾ ਰਿਹਾ ਹੈ। ਪ੍ਰੰਤੂ ਫਰਾਂਸ ਜਰਮਨੀ ਵਰਗੇ ਮੁਲਕ ਇਹ ਮਿਹਣੇਬਾਜ਼ੀ ਝੱਲ ਕੇ ਵੀ  ਦੂਰ ਖੜ੍ਹੇ ਰਹੇ ਹਨ। ਅਮਰੀਕੀ ਸਾਮਰਾਜ ਹੁਣ ਇਸ ਹਾਲਤ 'ਚ ਨਹੀਂ ਹੈ ਕਿ ਉਹ ਇਹਨਾਂ ਜੰਗੀ ਮੁਹਿੰਮਾਂ 'ਚ ਇਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਨਾਲ ਤੋਰ ਸਕੇ। ਇਹਨਾਂ ਜੰਗੀ ਮੁਹਿੰਮਾਂ ਦੇ ਖਰਚੇ ਓਟਣ ਨੂੰ ਲੈ ਕੇ ਭੇੜ ਪੈਂਦੇ ਹਨ। ਸਾਮਰਾਜੀ ਤਾਕਤਾਂ 'ਚ ਨਵੀਂ ਪਾਲਾਬੰਦੀ ਦਾ ਅਮਲ ਤੇਜ਼ ਹੋ ਚੁੱਕਿਆ ਹੈ। ਪਹਿਲੇ ਸਾਮਰਾਜੀ ਸਹਿਮਤੀਆਂ ਦੇ ਜੁਗਾੜ ਤਿੜਕ ਰਹੇ ਹਨ। ਯੂ.ਐਨ.ਓ. ਅਪ੍ਰਸੰਗਿਕ ਹੋ ਗਈ ਹੈ। ਅਮਰੀਕੀ ਚੌਧਰ ਵਾਲੀ ਸੰਸਾਰ ਵਪਾਰ ਸੰਸਥਾ 'ਚ ਅਮਰੀਕੀ ਮਨਮਰਜ਼ੀ ਪੁੱਗਣ ਦੀਆਂ ਸੀਮਤਾਈਆਂ ਸਾਹਮਣੇ ਆ ਚੁੱਕੀਆਂ ਹਨ। ਸਾਮਰਾਜੀ ਮੁਲਕਾਂ ਵੱਲੋਂ ਸਿੱਧੇ ਹੀ ਪਛੜੇ ਮੁਲਕਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਜਾ ਰਹੇ ਹਨ। ਅਮਰੀਕਾ ਤੇ ਪੱਛਮੀ ਯੂਰਪੀ ਸਾਮਰਾਜੀ ਧੜੇ ਦੇ ਮੁਕਾਬਲੇ ਰੂਸ-ਚੀਨ ਦੀ ਅਗਵਾਈ ਵਾਲੇ ਆਰਥਿਕ ਵਪਾਰਕ ਮੰਚਾਂ ਦਾ ਪ੍ਰਭਾਵ ਵਧਿਆ ਹੈ। ਬਰਿਕਸ, ਸ਼ੰਘਾਈ ਕੋਅਪਰੇਸ਼ਨ ਵਰਗੇ ਮੰਚਾਂ ਦਾ ਉਭਾਰ ਹੋਇਆ ਹੈ। ਅੰਤਰ ਸਾਮਰਾਜੀ ਭੇੜ ਦਾ ਹੁਣ ਨਵਾਂ ਉਚੇਰਾ ਦੌਰ ਹੈ। 

ਅਮਰੀਕੀ ਸਾਮਰਾਜੀ ਚੌਧਰ ਵਾਲਾ ਨਵ-ਉਦਾਰਵਾਦੀ ਨੀਤੀ ਹੱਲਾ ਆਪਣੀ ਵਿਚਾਰਧਾਰਕ ਖਿੱਚ ਗੁਆ ਚੁੱਕਿਆ ਹੈ। ਸਾਮਰਾਜੀ ਸੰਸਾਰੀਕਰਨ ਦਾ ਵਿਚਾਰਧਾਰਕ ਹਥਿਆਰ ਖੁੰਢਾ ਹੋ ਚੁੱਕਿਆ ਹੈ। ਸਾਮਰਾਜੀਏ ਆਪਣੇ ਸੰਕਟਾਂ ਦਾ ਭਾਰ  ਸੰਸਾਰ ਭਰ ਦੇ ਕਿਰਤੀ ਲੋਕਾਂ 'ਤੇ ਲੱਦਣ ਲਈ  ਨਵੇਂ ਨਵੇਂ ਨਾਅਰੇ ਤੇ ਬਹਾਨੇ ਤਲਾਸ਼ ਰਹੇ ਹਨ ਪਰ ਸਾਰੇ ਬਹਾਨੇ ਬੇ-ਪਰਦ ਹੋ ਰਹੇ ਹਨ। ਇਹਨਾਂ ਹਾਲਤਾਂ 'ਚ ਸਾਮਰਾਜੀ ਨੀਤੀਵਾਨਾਂ ਦੀ ਟੇਕ ਹੋਰ ਤੋਂ ਹੋਰ ਪਿਛਾਖੜੀ ਪੈਂਤੜਿਆਂ 'ਤੇ ਵਧ ਰਹੀ ਹੈ। ਸਿੱਧੇ ਫ਼ੌਜੀ ਹਮਲਿਆਂ 'ਤੇ ਵਧ ਰਹੀ ਹੈ। ਜਿੱਥੇ ਵੀ ਹੁਕਮਰਾਨ ਆਕੀ ਹੁੰਦੇ ਹਨ, ਉਹ ਫ਼ੌਜੀ ਹਮਲੇ ਹੇਠ ਆਉਂਦੇ ਹਨ। ਦਲਾਲ ਸੇਵਾਦਾਰਾਂ ਦੀ ਪੜਤ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਜਿਵੇਂ ਟਰੰਪ ਨੇ ਮੋਦੀ ਸਰਕਾਰ ਨੂੰ ਬਿਆਨਬਾਜ਼ੀ ਨਾਲ ਜਲੀਲ ਕਰਕੇ ਉਸਦੀ ਫੋਕੀ ਦਬੰਗਮਈ ਦਿੱਖ ਦੀ ਹਵਾ ਕੱਢੀ ਹੈ ਤੇ ਜਚਾ ਕੇ ਠਿੱਠ ਕੀਤਾ ਹੈ। 

ਸਾਮਰਾਜੀ ਮੁਲਕਾਂ ਦਾ ਆਪਸੀ ਭੇੜ ਜਿੱਥੇ ਜੰਗਾਂ ਦੇ ਸੰਕਟ ਲੈ ਕੇ ਆ ਰਿਹਾ ਹੈ ਉੱਥੇ ਇਹ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਲਈ ਨਵੀਂਆਂ ਸੰਭਾਵਨਾਵਾਂ ਤੇ ਚੁਣੌਤੀਆਂ ਪੇਸ਼ ਕਰ ਰਿਹਾ ਹੈ। ਕੌਮੀ ਮੁਕਤੀ ਲਹਿਰਾਂ ਲਈ ਦਾਅਪੇਚਕਾ ਗੁੰਜਾਇਸ਼ਾਂ ਵਧਾ ਰਿਹਾ ਹੈ। ਮੌਜੂਦਾ ਦੌਰ ਸੰਸਾਰ ਸਾਮਰਾਜੀ ਪ੍ਰਬੰਧ ਦੀਆਂ ਸਾਰੀਆਂ ਵਿਰੋਧਤਾਈਆਂ ਦੇ ਹੋਰ ਜ਼ਿਆਦਾ ਤਿੱਖੇ ਹੋ ਜਾਣ ਨਾਲ ਇਸ ਨਿਜ਼ਾਮ 'ਚ ਭਾਰੀ ਹਲਚਲਾਂ ਦਾ ਦੌਰ ਹੈ। ਇਸਦੇ ਅੰਗ ਵਜੋਂ ਹੀ ਸਾਡਾ ਮੁਲਕ ਵੀ ਅਜਿਹੀ ਹਾਲਤ 'ਚੋਂ ਗੁਜ਼ਰਨ ਜਾ ਰਿਹਾ ਹੈ। ਦੇਸ਼ 'ਚ ਸੱਤਾ 'ਤੇ ਕਾਬਜ਼ ਆਰ.ਐਸ.ਐਸ ਤੇ ਭਾਜਪਾ ਦੀ ਸਰਕਾਰ ਇਸ ਲੋਕ ਹਲਚਲ ਨਾਲ ਸਿੱਝਣ ਤੇ ਲੁਟੇਰੀਆਂ ਜਮਾਤਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਹੋਰ ਤੋਂ ਹੋਰ ਫਾਸ਼ੀ ਜਾਬਰ ਹੱਥਕੰਡੇ ਅਪਣਾਉਂਦੀ ਜਾ ਰਹੀ ਹੈ। ਇਸ ਜਾਬਰ ਫਾਸ਼ੀ ਹਮਲੇ ਖਿਲਾਫ਼ ਲੋਕਾਂ ਦੀ ਜਮਹੂਰੀ ਅਧਿਕਾਰ ਜਤਾਈ ਵਧ ਰਹੀ ਹੈ, ਜਮਾਤੀ ਘੋਲ ਤੇਜ਼ ਹੋ ਰਿਹਾ ਹੈ। ਇਹਨਾਂ ਜਮਾਤੀ ਘੋਲਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦੀ ਚੁਣੌਤੀ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜ੍ਹੀ ਹੈ। ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਅੱਗੇ ਵਧਣ ਲਈ ਕਮਿ:ਇਨ: ਦੀ ਅਸੂਲੀ ਏਕਤਾ ਰਾਹੀਂ ਇੱਕਜੁਟ ਕਮਿਊਨਿਸਟ ਪਾਰਟੀ 'ਚ ਜਥੇਬੰਦ ਹੋਣਾ ਸਭ ਤੋਂ ਪ੍ਰਮੁੱਖ ਕਾਰਜ ਹੈ। ਇਸ ਕਾਰਜ ਨੂੰ ਤੋੜ ਚੜ੍ਹਾਏ ਬਿਨਾਂ ਕਮਿਊਨਿਸਟ ਇਨਕਲਾਬੀ ਆ ਰਹੇ ਉਥਲ ਪੁਥਲ ਦੇ ਦੌਰ 'ਚ ਅਸਰਦਾਰ ਦਖਲਅੰਦਾਜ਼ੀ ਨਹੀਂ ਕਰ ਸਕਦੇ। ਇਹਨਾਂ ਹਾਲਤਾਂ 'ਚ ਸਫ਼ਲਤਾ ਨਾਲ ਪੁੱਗ ਜਾਣ ਲਈ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਤੇਜ਼ੀ ਨਾਲ ਇੱਕਜੁੱਟ ਹੋਣ ਵੱਲ ਯਤਨ ਜਟਾਉਣੇ ਚਾਹੀਦੇ ਹਨ। --0--

No comments:

Post a Comment