
ਸਹਿਕਾਰੀ ਖੇਤੀ ਕਰਜਿਆਂ 'ਤੇ ਨਵਾਂ ਨੀਤੀ ਹਮਲਾ
ਦਰਸ਼ਨ ਸਿੰਘ ਗੁਰਨੇ ਕਲਾਂ
ਇਹ ਲਿਖਤ ਸਹਿਕਾਰੀ ਖੇਤੀ ਕਰਜ਼ਿਆਂ ਦੇ ਖੇਤਰ ਚ ਨਵੀਆਂ ਕਿਸਾਨ ਵਿਰੋਧੀ ਸੋਧਾਂ ਦੀ ਜਾਣਕਾਰੀ ਦੇਣ ਵਜੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। 47 ਦੀ ਸੱਤਾ ਬਦਲੀ ਮਗਰੋਂ ਸਮਾਜਵਾਦੀ ਆਰਥਿਕਤਾ ਉਸਾਰਨ ਦੇ ਭਾਰਤੀ ਹਾਕਮ ਜਮਾਤਾਂ ਦੇ ਦਾਅਵਿਆਂ ਦਰਮਿਆਨ ਸ਼ੁਰੂ ਕੀਤੀ ਗਈ ਸਹਿਕਾਰੀ ਲਹਿਰ ਦੇ ਮੰਤਵਾਂ ਬਾਰੇ ਤੇ ਇਸਦੇ ਅਮਲੀ ਨਿਭਾਅ ਬਾਰੇ ਚਰਚਾ ਇੱਕ ਵੱਖਰਾ ਮਾਮਲਾ ਹੈ। ਹੁਣ ਤੱਕ ਜੋ ਵੀ ਸਰਕਾਰੀ ਸਹਾਇਤਾ ਕਰਜ਼ਿਆਂ ਦੀ ਸ਼ਕਲ 'ਚ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਹੱਈਆ ਕਰਾਈ ਜਾਂਦੀ ਰਹੀ ਹੈ, ਉਹ ਵੀ ਕਟੌਤੀ ਹੇਠ ਆ ਗਈ ਹੈ। ਲਿਖਤ ਪ੍ਰਕਾਸ਼ਿਤ ਕਰਨ ਦਾ ਪ੍ਰਸੰਗ ਨਵੇਂ ਫੌਰੀ ਕਦਮਾਂ ਬਾਰੇ ਪਾਠਕਾਂ ਨੂੰ ਜਾਣਕਾਰੀ ਮੁਹੱਈਆ ਕਰਾਉਣਾ ਹੈ। ਇਹ ਪੰਜਾਬੀ ਟ੍ਰਿਬਿਊਨ ਦੇ ਤਬਸਰਾ ਪੰਨੇ 'ਤੇ ਪ੍ਰਕਾਸ਼ਤ ਹੋਈ ਸੀ ਜਿਸ ਨੂੰ ਸੰਖੇਪ ਰੂਪ ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ।
-ਸੰਪਾਦਕ
.........ਸਹਿਕਾਰੀ ਬੈਂਕਾਂ ਅਤੇ ਪਿੰਡ ਪੱਧਰੀ ਸੁਸਾਇਟੀਆਂ ਦਾ ਮੁੱਖ ਮੰਤਵ ਕਦੇ ਵੀ ਵਪਾਰਕ ਬੈਂਕਾਂ ਵਾਂਗ ਮੁਨਾਫ਼ਾ ਕਮਾਉਣਾ ਨਹੀਂ ਸੀ। ਇਨ੍ਹਾਂ ਦਾ ਮੰਤਵ ਕਿਸਾਨ ਨੂੰ ਬਿਨਾਂ ਕਿਸੇ ਗੁੰਝਲਦਾਰ ਕਾਗਜ਼ੀ ਕਾਰਵਾਈ ਜਾਂ ਜ਼ਮੀਨ ਗਹਿਣੇ ਰੱਖਣ ਦੇ ਝੰਜਟ ਤੋਂ ਬਚਾ ਕੇ ਸਮੇਂ ਸਿਰ ਸਸਤੀ ਵਿੱਤੀ ਮਦਦ ਦੇਣਾ ਸੀ, ਪ੍ਰੰਤੂ ਅਜੋਕੇ ਸਮੇਂ ਅੰਦਰ ਕੇਂਦਰ ਸਰਕਾਰ ਅਤੇ ਸੂਬਾਈ ਪ੍ਰਬੰਧਕੀ ਢਾਂਚੇ ਵੱਲੋਂ ਰਿਜ਼ਰਵ ਬੈਂਕ ਦੀਆਂ ਸ਼ਰਤਾਂ ਦੇ ਹਵਾਲੇ ਨਾਲ ਜੋ ਨਵੀਆਂ ਤਬਦੀਲੀਆਂ ਥੋਪੀਆਂ ਜਾ ਰਹੀਆਂ ਹਨ, ਉਹ ਸਹਿਕਾਰੀ ਅੰਦੋਲਨ ਦੇ ਮੂਲ ਸਿਧਾਤਾਂ ਦੇ ਉਲਟ ਹਨ।
ਸਹਿਕਾਰੀ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਨੇ ਸਹਿਕਾਰੀ ਖੇਤੀ ਕਰਜ਼ਿਆਂ ਦੇ ਸਮੁੱਚੇ ਸੁਭਾਅ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਇਨ੍ਹਾਂ ਸੋਧਾਂ ਦਾ ਗੰਭੀਰ ਵਿਸ਼ਲੇਸ਼ਣ ਹਿੱਸੇਦਾਰੀ ਵਿੱਚ ਭਾਰੀ ਵਾਧਾ ਅਤੇ ਕੇਂਦਰੀਕਰਨ ਹੈ। ਪਹਿਲਾਂ ਸਹਿਕਾਰੀ ਸਭਾ ਦਾ ਮੈਂਬਰ ਕਿਸਾਨ ਜਦੋਂ ਕਰਜ਼ਾ ਲੈਂਦਾ ਸੀ ਤਾਂ ਉਸ ਨੂੰ ਕਰਜ਼ੇ ਦੀ ਰਕਮ ਦਾ ਬਹੁਤ ਛੋਟਾ ਹਿੱਸਾ ਸ਼ੇਅਰ ਵਜੋਂ ਜਮ੍ਹਾਂ ਕਰਵਾਉਣਾ ਪੈਂਦਾ ਸੀ। 5 ਏਕੜ ਤੱਕ ਦੇ ਕਿਸਾਨ ਪਹਿਲਾਂ ਪ੍ਰਤੀ 1 ਲੱਖ ਰੁਪਏ ਕਰਜ਼ੇ ਪਿੱਛੇ ਹਿੱਸੇਦਾਰੀ 3% (ਲਗਭਗ 3,000 ਰੁਪਏ) ਹੁੰਦੀ ਸੀ, ਜਿਸ ਨੂੰ ਵਧਾ ਕੇ ਸਿੱਧਾ 6% (6,000 ਰੁਪਏ) ਕਰ ਦਿੱਤਾ ਗਿਆ ਹੈ।
5 ਏਕੜ ਤੋਂ ਵੱਧ ਦੇ ਕਿਸਾਨ ਲਈ ਪਹਿਲਾਂ ਇਹ ਦਰ 3% ਸੀ। ਜਿਸ ਨੂੰ ਵਧਾ ਕੇ 9% (9000 ਰੁ.) ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਪਹਿਲਾਂ ਇਸ ਹਿੱਸੇਦਾਰੀ ਦੀ ਅੱਧੀ ਰਕਮ ਸਥਾਨਕ ਪਿੰਡ ਦੀ ਸੁਸਾਇਟੀ ਕੋਲ ਰਹਿੰਦੀ ਸੀ ਅਤੇ ਅੱਧੀ ਕੇਂਦਰੀ ਸਹਿਕਾਰੀ ਬੈਂਕ ਵਿੱਚ ਜਮ੍ਹਾਂ ਹੁੰਦੀ ਸੀ। ਹੁਣ ਸਮੁੱਚੀ ਰਕਮ ਜ਼ਿਲ੍ਹਾ/ਰਾਜ ਸਹਿਕਾਰੀ ਬੈਂਕ ਕੋਲ ਜਮ੍ਹਾਂ ਹੋਵੇਗੀ। ਇਸ ਤਬਦੀਲੀ ਦੇ ਦੋ ਸਿੱਧੇ ਨੁਕਸਾਨ ਹਨ। ਪਹਿਲਾ, ਕਿਸਾਨ ਨੂੰ ਹੱਥ ਵਿੱਚ ਮਿਲਣ ਵਾਲੀ ਅਸਲ ਨਕਦੀ ਘਟ ਜਾਵੇਗੀ (ਜੇਕਰ 1 ਲੱਖ ਦਾ ਕਰਜ਼ਾ ਪਾਸ ਹੁੰਦਾ ਹੈ ਤਾਂ 6,000 ਤੋਂ 9,000 ਰੁਪਏ ਪਹਿਲਾਂ ਹੀ ਕੱਟ ਲਏ ਜਾਣਗੇ)। ਦੂਜਾ, ਜਦੋਂ ਕੋਈ ਮੈਂਬਰ ਆਪਣੀ ਮੈਂਬਰਸ਼ਿਪ ਛੱਡਣੀ ਚਾਹੇਗਾ ਜਾਂ ਹਿੱਸੇਦਾਰੀ ਵਾਪਸ ਮੰਗੇਗਾ ਤਾਂ ਸਥਾਨਕ ਪੱਧਰ ਦੀ ਬਜਾਏ ਬੈਂਕ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ, ਜਿਸ ਨਾਲ ਆਮ ਕਿਸਾਨ ਲਈ ਰਕਮ ਵਾਪਸ ਲੈਣੀ ਲਗਭਗ ਅਸੰਭਵ ਹੋ ਜਾਵੇਗੀ।
ਨਵੀਂ ਨੀਤੀ ਦੀ ਸਭ ਤੋਂ ਘਾਤਕ ਧਾਰਾ ਇਹ ਹੈ ਕਿ ਜੇਕਰ ਕਿਸੇ ਕਿਸਾਨ ਦਾ ਹੱਦ-ਕਰਜ਼ਾ 2 ਲੱਖ ਤੋਂ 1 ਰੁਪਿਆ ਵੀ ਵੱਧ ਹੈ ਤਾਂ ਉਸ ਨੂੰ ਪੂਰੀ ਰਕਮ ਦੇ ਬਰਾਬਰ ਆਪਣੀ ਜ਼ਮੀਨ ਡੀ.ਸੀ. (ਕਲੈਕਟਰ) ਰੇਟ ਅਨੁਸਾਰ ਸੁਸਾਇਟੀ ਦੇ ਨਾਮ ਗਿਰਵੀ ਰੱਖਣੀ ਪਵੇਗੀ। ਸਹਿਕਾਰੀ ਸਭਾਵਾਂ ਦੀ ਹੋਂਦ ਹੀ ਇਸ ਗੱਲ 'ਤੇ ਟਿਕੀ ਹੋਈ ਸੀ ਕਿ ਇੱਥੇ ਆਪਸੀ ਗਾਰੰਟੀ 'ਤੇ ਕਰਜ਼ਾ ਮਿਲਦਾ ਸੀ। ਜੇਕਰ ਕਿਸਾਨ ਨੇ ਜ਼ਮੀਨ ਹੀ ਗਹਿਣੇ ਰੱਖਣੀ ਹੈ ਤਾਂ ਸਹਿਕਾਰੀ ਸਭਾ ਅਤੇ ਕਮਰਸ਼ੀਅਲ ਬੈਂਕ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਡੀ.ਸੀ. ਰੇਟ ਅਨੁਸਾਰ ਰਜਿਸਟਰੀ ਗਹਿਣੇ ਕਰਵਾਉਣ ਲਈ ਤਹਿਸੀਲਾਂ ਦੇ ਗੇੜੇ, ਪਟਵਾਰੀਆਂ ਦੀਆਂ ਰਿਪੋਰਟਾਂ, ਸਰਕਾਰੀ ਫ਼ੀਸਾਂ ਅਤੇ ਹੋਰ ਖ਼ਰਚੇ ਕਿਸਾਨ ਦੇ ਸਿਰ ਪੈਣਗੇ।
ਨਿਯਮਾਂ ਅਨੁਸਾਰ ਜੇਕਰ ਕਿਸੇ ਕਿਸਾਨ ਦੀ ਕਿਸੇ ਵਪਾਰਕ ਬੈਂਕ ਵਿੱਚ ਕਿਸਾਨ ਕ੍ਰੈਡਿਟ ਕਾਰਡ ਲਿਮਟ ਚੱਲ ਰਹੀ ਹੈ ਅਤੇ ਉਸ ਨੇ ਉੱਥੋਂ ਸਬਸਿਡੀ ਵਾਲੇ ਵਿਆਜ ਦਾ ਲਾਭ ਲਿਆ ਹੈ ਤਾਂ ਉਸ ਨੂੰ ਸਹਿਕਾਰੀ ਸਭਾ ਤੋਂ ਲਏ ਕਰਜ਼ੇ ਉੱਤੇ ਵਿਆਜ ਸਬਸਿਡੀ ਨਹੀਂ ਮਿਲੇਗੀ। ਆਮ ਹਾਲਤਾਂ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦੀ ਸਬਸਿਡੀ ਨਾਲ ਸਹਿਕਾਰੀ ਕਰਜ਼ਾ ਕਿਸਾਨ ਨੂੰ 4% ਸਾਲਾਨਾ ਵਿਆਜ 'ਤੇ ਪੈਂਦਾ ਸੀ (7% ਵਿੱਚੋਂ 3% ਸਮੇਂ ਸਿਰ ਭਰਨ 'ਤੇ ਛੋਟ ਮਿਲਦੀ ਸੀ)। ਹੁਣ ਵਾਧੂ ਸ਼ਰਤ ਕਾਰਨ ਕਿਸਾਨ ਨੂੰ ਪੂਰਾ 11% ਵਿਆਜ ਭਰਨਾ ਪਵੇਗਾ। ਇਹ ਸਿੱਧੇ ਤੌਰ 'ਤੇ ਵਿਆਜ ਦਰ ਵਿੱਚ 7% ਦਾ ਭਾਰੀ ਵਾਧਾ ਹੈ, ਜਿਸ ਨਾਲ ਸਹਿਕਾਰੀ ਕਰਜ਼ਾ ਬਾਜ਼ਾਰੀ ਕਰਜ਼ੇ ਨਾਲੋਂ ਵੀ ਮਹਿੰਗਾ ਸਾਬਤ ਹੋਵੇਗਾ।
ਇਸ ਨੀਤੀ ਨੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਮਾਰਿਆ ਸਗੋਂ ਪਿੰਡ ਪੱਧਰੀ ਸਭਾਵਾਂ ਨੂੰ ਕੰਗਾਲ ਕਰਨ ਦਾ ਪ੍ਰਬੰਧ ਵੀ ਕਰ ਦਿੱਤਾ ਹੈ। ਪਹਿਲਾਂ 7% ਵਿਆਜ ਵਿੱਚੋਂ 5% ਹਿੱਸਾ ਬੈਂਕ ਨੂੰ ਜਾਂਦਾ ਸੀ ਅਤੇ 2% ਹਿੱਸਾ ਸਥਾਨਕ ਪ੍ਰਾਇਮਰੀ ਸੁਸਾਇਟੀ ਕੋਲ ਰਹਿੰਦਾ ਸੀ। ਇਸ 2% ਕਮਾਈ ਨਾਲ ਸੁਸਾਇਟੀਆਂ ਆਪਣੇ ਸਕੱਤਰਾਂ (ਸਟਾਫ) ਦੀਆਂ ਤਨਖਾਹਾਂ, ਦਫ਼ਤਰੀ ਖ਼ਰਚੇ, ਬਿਜਲੀ ਦੇ ਬਿੱਲ ਅਤੇ ਇਮਾਰਤਾਂ ਦੀ ਸਾਂਭ-ਸੰਭਾਲ ਕਰਦੀਆਂ ਸਨ। ਹੁਣ ਸੁਸਾਇਟੀ ਦਾ ਹਿੱਸਾ ਘਟਾ ਕੇ ਮਹਿਜ਼ 1.5% ਕਰ ਦਿੱਤਾ ਗਿਆ ਹੈ ਅਤੇ ਬੈਂਕ ਦਾ ਹਿੱਸਾ ਵਧਾ ਦਿੱਤਾ ਗਿਆ ਹੈ। ਪਹਿਲਾਂ ਹੀ ਘਾਟੇ ਨਾਲ ਜੂਝ ਰਹੀਆਂ ਪਿੰਡਾਂ ਦੀਆਂ ਸਭਾਵਾਂ ਲਈ ਇਸ ਕਟੌਤੀ ਤੋਂ ਬਾਅਦ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣਾ ਵੀ ਅਸੰਭਵ ਹੋ ਜਾਵੇਗਾ।
ਇਹ ਨਵੀਆਂ ਸੋਧਾਂ ਕਿਸੇ ਖਲਾਅ ਵਿੱਚ ਲਾਗੂ ਨਹੀਂ ਕੀਤੀਆਂ ਗਈਆਂ ਸਗੋਂ ਇਹ ਉਸ ਸਮੇਂ ਲਾਗੂ ਹੋਈਆਂ ਹਨ ਜਦੋਂ ਪੰਜਾਬ ਦੀ ਖੇਤੀ ਆਰਥਿਕਤਾ ਪਹਿਲਾਂ ਹੀ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਸਹਿਕਾਰੀ ਸਭਾਵਾਂ ਨੂੰ ਤਾਂ ਪਹਿਲਾਂ ਹੀ ਵੱਡੇ ਸਹਿਕਾਰੀ ਅਦਾਰੇ ਜਿਵੇਂ ਕਿ ਇਫਕੋ ਅਤੇ ਮਾਰਕਫੈੱਡ ਆਪਣੀ ਮਨਮਾਨੀ ਨਾਲ ਖਾਦਾਂ ਅਤੇ ਅਤੇ ਹੋਰ ਸਾਮਾਨ ਨਾਲ ਬੇਲੋੜੀਆਂ ਵਸਤੂਆਂ ਲਗਾ ਰਹੇ ਹਨ ਜੋ ਆਪਣਾ ਮੁਨਾਫ਼ਾ ਵੱਧ ਰੱਖਦੇ ਹਨ ਤੇ ਸਹਿਕਾਰੀ ਸਭਾ ਨੂੰ ਘੱਟ ਮੁਨਾਫ਼ਾ ਦਿੰਦੇ ਹਨ, ਇਸ ਲਈ ਲੋੜ ਸੀ ਸਹਿਕਾਰੀ ਸਭਾਵਾਂ ਨੂੰ ਆਜ਼ਾਦੀ ਦੇਣ, ਜਦੋਂਕਿ ਇਸ ਨੂੰ ਹੋਰ ਆਰਥਿਕ ਗੁਲਾਮੀ ਵੱਲ ਧੱਕ ਦਿੱਤਾ ਹੈ।
ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਆਰਥਿਕ ਮਾਹਿਰਾਂ ਦੇ ਸਰਵੇਖਣ ਦੱਸਦੇ ਹਨ ਕਿ ਪੰਜਾਬ ਦੇ 85% ਤੋਂ 90% ਕਿਸਾਨ ਪਰਿਵਾਰ ਕਿਸੇ ਨਾ ਕਿਸੇ ਸੰਸਥਾਗਤ ਕਰਜ਼ੇ ਹੇਠ ਹਨ। ਵਪਾਰਕ ਬੈਂਕਾਂ ਤੋਂ ਟਰੈਕਟਰ, ਸੰਦ ਜਾਂ ਕੇਸੀਸੀ ਲਿਮਟਾਂ ਲੈਣ ਵੇਲੇ ਕਿਸਾਨਾਂ ਦੀਆਂ ਜ਼ਮੀਨਾਂ ਪਹਿਲਾਂ ਹੀ ਬੈਂਕਾਂ ਕੋਲ ਗਹਿਣੇ ਹਨ। ਜਦੋਂ ਜ਼ਮੀਨ ਦੀ ਫ਼ਰਦ ਉੱਤੇ ਪਹਿਲਾਂ ਹੀ ਹੋਰ ਬੈਂਕਾਂ ਦਾ ਬੋਝ ਦਰਜ ਹੈ ਤਾਂ ਕਿਸਾਨ ਉਸੇ ਜ਼ਮੀਨ ਨੂੰ ਸਹਿਕਾਰੀ ਸਭਾ ਕੋਲ ਨਵੇਂ ਸਿਰਿਓਂ ਡੀ.ਸੀ. ਰੇਟ ਅਨੁਸਾਰ ਕਿਵੇਂ ਗਹਿਣੇ ਰੱਖ ਸਕਦਾ ਹੈ?
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦੇ ਲਗਭਗ ਸਾਰੇ ਕਿਸਾਨ 2 ਲੱਖ ਤੋਂ ਵੱਧ ਦਾ ਸਹਿਕਾਰੀ ਕਰਜ਼ਾ ਲੈਣ ਦੇ ਅਯੋਗ ਹੋ ਜਾਣਗੇ। ਇਹ ਸ਼ਰਤ ਜਾਣਬੁੱਝ ਕੇ ਅਜਿਹੀ ਬਣਾਈ ਗਈ ਹੈ ਜਿਸ ਨੂੰ ਪੂਰਾ ਕਰਨਾ ਜ਼ਮੀਨੀ ਤੌਰ 'ਤੇ ਸੰਭਵ ਹੀ ਨਹੀਂ। ਪੰਜਾਬ ਵਿੱਚ 5 ਏਕੜ ਤੱਕ ਦੀ ਮਾਲਕੀ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਗਿਣਤੀ ਬਹੁਤ ਵੱਡੀ ਹੈ। ਖੇਤੀ ਲਾਗਤਾਂ (ਡੀਜ਼ਲ, ਮਸ਼ੀਨਰੀ ਦਾ ਕਿਰਾਇਆ, ਕੀਟਨਾਸ਼ਕ ਅਤੇ ਬੀਜ) ਆਸਮਾਨ ਛੂਹ ਰਹੀਆਂ ਹਨ। ਜਦੋਂ ਕਿਸਾਨ ਕਣਕ ਜਾਂ ਝੋਨੇ ਦੀ ਬਿਜਾਈ ਸ਼ੁਰੂ ਕਰਦਾ ਹੈ ਤਾਂ ਉਸ ਕੋਲ ਨਕਦੀ ਦੀ ਭਾਰੀ ਤੰਗੀ ਹੁੰਦੀ ਹੈ।
ਸੁਸਾਇਟੀ ਤੋਂ ਮਿਲਣ ਵਾਲੀ ਖਾਦ ਅਤੇ ਥੋੜ੍ਹੀ-ਬਹੁਤ ਨਕਦੀ ਹੀ ਉਸਦਾ ਇੱਕਮਾਤਰ ਸਹਾਰਾ ਹੁੰਦੀ ਹੈ। ਹੁਣ ਜੇਕਰ ਉਸਨੂੰ 1 ਲੱਖ ਰੁਪਏ ਪਿੱਛੇ 6,000 ਤੋਂ 9,000 ਰੁਪਏ ਪਹਿਲਾਂ ਹੀ ਹਿੱਸੇਦਾਰੀ ਵਜੋਂ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਉਸ ਦੇ ਹੱਥ ਵਿੱਚ ਬਚੇਗਾ ਕੀ? ਇਹ ਵਾਧਾ ਕਿਸਾਨ ਦੀ ਜੇਬ ਵਿੱਚੋਂ ਸਿੱਧੀ ਲੁੱਟ ਦੇ ਬਰਾਬਰ ਹੈ। ਜਦੋਂ ਸੰਸਥਾਗਤ ਅਤੇ ਸਸਤਾ ਸਹਿਕਾਰੀ ਕਰਜ਼ਾ ਬੰਦ ਹੋ ਜਾਵੇਗਾ ਤਾਂ ਖੇਤੀ ਤਾਂ ਰੁਕ ਨਹੀਂ ਸਕਦੀ। ਬਿਜਾਈ ਦੇ ਸੀਜ਼ਨ ਵਿੱਚ ਡੀ.ਏ.ਪੀ. ਖਾਦ ਅਤੇ ਡੀਜ਼ਲ ਲੈਣ ਲਈ ਮਜ਼ਬੂਰਨ ਕਿਸਾਨ ਨੂੰ ਸ਼ਹਿਰ ਦੇ ਆੜ੍ਹਤੀਏ ਜਾਂ ਪ੍ਰਾਈਵੇਟ ਸ਼ਾਹੂਕਾਰ ਕੋਲ ਜਾਣਾ ਪਵੇਗਾ।
ਸ਼ਾਹੂਕਾਰ 18% ਤੋਂ 24% ਸਾਲਾਨਾ (1.5 ਤੋਂ 2 ਰੁਪਏ ਸੈਂਕੜਾ ਪ੍ਰਤੀ ਮਹੀਨਾ) ਦੇ ਚੱਕਰਵਿਊ ਵਾਲੇ ਵਿਆਜ 'ਤੇ ਪੈਸਾ ਦਿੰਦੇ ਹਨ। ਪੰਜਾਬ ਨੇ 1980 ਅਤੇ 1990 ਦੇ ਦਹਾਕਿਆਂ ਵਿੱਚ ਇਸ ਸ਼ਾਹੂਕਾਰੀ ਲੁੱਟ ਕਾਰਨ ਹਜ਼ਾਰਾਂ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਪੈਂਦੇ ਦੇਖਿਆ ਹੈ। ਇਹ ਨਵੀਂ ਨੀਤੀ ਕਿਸਾਨੀ ਨੂੰ ਦੁਬਾਰਾ ਉਸੇ ਹਨੇਰੇ ਖੂਹ ਵਿੱਚ ਸੁੱਟਣ ਦਾ ਕੰਮ ਕਰੇਗੀ। ਖੇਤੀ ਖੇਤਰ ਦੇ ਵਿਸ਼ਲੇਸ਼ਕ ਇਸ ਨੀਤੀ ਨੂੰ ਕੇਵਲ ਇੱਕ ਪ੍ਰਬੰਧਕੀ ਸੋਧ ਵਜੋਂ ਨਹੀਂ ਦੇਖਦੇ, ਸਗੋਂ ਇਹ ਨਵ-ਉਦਾਰਵਾਦੀ ਆਰਥਿਕ ਸੁਧਾਰਾਂ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਖੇਤੀ ਸਬਸਿਡੀਆਂ ਨੂੰ ਖ਼ਤਮ ਕਰਨ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਜਾਪਦੀ ਹੈ।
ਕੇਂਦਰ ਸਰਕਾਰ ਵੱਲੋਂ ਨਵਾਂ ਕੇਂਦਰੀ ਸਹਿਕਾਰਤਾ ਮੰਤਰਾਲਾ ਬਣਾਇਆ ਗਿਆ ਹੈ। ਇਸ ਮੰਤਰਾਲੇ ਦਾ ਅਸਿੱਧਾ ਮਕਸਦ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਹਿਕਾਰੀ ਅਦਾਰਿਆਂ ਉੱਤੇ ਕੇਂਦਰੀ ਬੈਂਕਿੰਗ ਕੰਟਰੋਲ ਕਾਇਮ ਕਰਨਾ ਹੈ। ਸਹਿਕਾਰੀ ਸਭਾਵਾਂ ਦੀ ਲੋਕਤੰਤਰੀ ਪ੍ਰਣਾਲੀ ਨੂੰ ਤੋੜ ਕੇ ਇਨ੍ਹਾਂ ਨੂੰ ਕਾਰਪੋਰੇਟ ਬੈਂਕਾਂ ਵਰਗਾ ਰੂਪ ਦਿੱਤਾ ਜਾ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਖੇਤੀ ਖੇਤਰ ਵਿੱਚੋਂ ਆਪਣੀ ਵਿੱਤੀ ਸਹਾਇਤਾ ਅਤੇ ਵਿਆਜ ਸਬਸਿਡੀਆਂ ਨੂੰ ਘਟਾਉਣਾ ਚਾਹੁੰਦੀਆਂ ਹਨ। 4% ਵਾਲੇ ਕਰਜ਼ੇ ਨੂੰ 11% ਤੱਕ ਪਹੁੰਚਾਉਣ ਦਾ ਮਤਲਬ ਹੈ ਕਿ ਸਰਕਾਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਛੋਟ ਖ਼ਤਮ ਕਰਨਾ ਚਾਹੁੰਦੀ ਹੈ।
ਜਦੋਂ ਛੋਟੀ ਕਿਸਾਨੀ ਲਈ ਖੇਤੀ ਕਰਨਾ ਪੂਰੀ ਤਰ੍ਹਾਂ ਘਾਟੇਵੰਦ ਬਣ ਜਾਵੇਗਾ, ਸਹਿਕਾਰੀ ਖਾਦ ਅਤੇ ਕਰਜ਼ਾ ਬੰਦ ਹੋ ਜਾਵੇਗਾ ਅਤੇ ਜ਼ਮੀਨਾਂ ਗਹਿਣੇ ਪੈ ਜਾਣਗੀਆਂ ਤਾਂ ਕਿਸਾਨ ਕੋਲ ਆਪਣੀ ਜ਼ਮੀਨ ਵੱਡੀਆਂ ਖੇਤੀ ਕੰਪਨੀਆਂ ਨੂੰ ਠੇਕੇ 'ਤੇ ਦੇਣ ਜਾਂ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਦਾ ਜੋ ਮਨੋਰਥ ਸਿੱਧੇ ਰਾਹ ਪੂਰਾ ਨਹੀਂ ਹੋ ਸਕਿਆ ਸੀ, ਉਸ ਨੂੰ ਹੁਣ ਵਿੱਤੀ ਘੇਰਾਬੰਦੀ ਰਾਹੀਂ ਅਸਿੱਧੇ ਤੌਰ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਨੀਤੀ ਅਜਿਹੇ ਸਮੇਂ ਲਾਗੂ ਕੀਤੀ ਗਈ ਹੈ ਜਦੋਂ ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ (ਕਣਕ, ਆਲੂ, ਸਰ੍ਹੋਂ ਆਦਿ) ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਕਣਕ ਦੀ ਬਿਜਾਈ ਵੇਲੇ ਡੀ.ਏ.ਪੀ. ਖਾਦ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪੰਜਾਬ ਦਾ ਕਿਸਾਨ ਲਗਭਗ 60-70% ਖਾਦ ਸਹਿਕਾਰੀ ਸਭਾਵਾਂ ਤੋਂ ਉਧਾਰ ਲੈਂਦਾ ਹੈ, ਜਿਸ ਦਾ ਭੁਗਤਾਨ ਉਹ ਛੇ ਮਹੀਨੇ ਬਾਅਦ ਕਣਕ ਵੇਚ ਕੇ ਕਰਦਾ ਹੈ।
ਨਵੀਆਂ ਸ਼ਰਤਾਂ (ਹਿੱਸੇਦਾਰੀ ਵਿੱਚ ਵਾਧਾ, ਪੋਰਟਲ 'ਤੇ ਜ਼ਮੀਨਾਂ ਦੀ ਵੈਰੀਫਿਕੇਸ਼ਨ, ਕੰਪਿਊਟਰਾਈਜ਼ਡ ਰਜਿਸਟਰੀਆਂ ਦੀ ਮੰਗ) ਕਾਰਨ ਸਹਿਕਾਰੀ ਸਭਾਵਾਂ ਦੇ ਸਕੱਤਰ ਕਿਸਾਨਾਂ ਦੇ ਕਰਜ਼ੇ ਮਨਜ਼ੂਰ ਨਹੀਂ ਕਰ ਪਾ ਰਹੇ। ਕਿਸਾਨ ਖਾਦ ਲੈਣ ਲਈ ਸੁਸਾਇਟੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪ੍ਰੰਤੂ ਸਿਸਟਮ ਬੰਦ ਪਿਆ ਹੈ। ਸਹਿਕਾਰੀ ਸਭਾਵਾਂ ਵਿੱਚ ਕੰਮ ਰੁਕਣ ਕਾਰਨ ਪ੍ਰਾਈਵੇਟ ਖਾਦ ਵਿਕਰੇਤਾ ਕਿਸਾਨਾਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਚੁੱਕਣਗੇ। ਡੀ.ਏ.ਪੀ. ਦੇ ਗੱਟਿਆਂ ਨਾਲ ਹੋਰ ਬੇਲੋੜੀਆਂ ਦਵਾਈਆਂ ਜ਼ਬਰਦਸਤੀ ਟੈਗ ਕਰਕੇ ਮਹਿੰਗੇ ਮੁੱਲ ਵੇਚੀਆਂ ਜਾਣਗੀਆਂ। ਇਸ ਪ੍ਰਸ਼ਾਸਕੀ ਲਾਪਰਵਾਹੀ ਨੇ ਚੱਲ ਰਹੇ ਸੀਜ਼ਨ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ।
. ........ਪੰਜਾਬ ਸਰਕਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਹੀਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਤੁਰੰਤ ਮੁਅੱਤਲ ਕਰੇ ਅਤੇ ਪੁਰਾਣੀ ਵਿਵਸਥਾ ਬਹਾਲ ਕਰੇ ਤਾਂ ਜੋ ਚੱਲ ਰਹੇ ਹਾੜ੍ਹੀ ਸੀਜ਼ਨ ਵਿੱਚ ਕਿਸਾਨਾਂ ਨੂੰ ਖਾਦ ਅਤੇ ਕਰਜ਼ਾ ਬਿਨਾਂ ਰੁਕਾਵਟ ਮਿਲ ਸਕੇ। ਪੰਜਾਬ ਇੱਕ ਸਰਹੱਦੀ ਅਤੇ ਖੇਤੀ-ਪ੍ਰਧਾਨ ਸੂਬਾ ਹੈ। ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਅੱਗੇ ਦ੍ਰਿੜ੍ਹਤਾ ਨਾਲ ਇਹ ਪੱਖ ਰੱਖਣਾ ਚਾਹੀਦਾ ਹੈ ਕਿ ਵਪਾਰਕ ਬੈਂਕਾਂ ਦੇ ਨਿਯਮ ਛੋਟੀਆਂ ਪੇਂਡੂ ਸਹਿਕਾਰੀ ਸਭਾਵਾਂ ਉੱਤੇ ਜ਼ਬਰਦਸਤੀ ਥੋਪੇ ਨਹੀਂ ਜਾ ਸਕਦੇ।
.…...ਪੰਜਾਬ ਦੀ ਸਹਿਕਾਰੀ ਲਹਿਰ ਸਿਰਫ਼ ਕਰਜ਼ਾ ਦੇਣ ਵਾਲਾ ਕੋਈ ਬੈਂਕ ਨਹੀਂ ਸਗੋਂ ਇਹ ਪਿੰਡਾਂ ਦੀ ਆਪਸੀ ਸਾਂਝ, ਭਾਈਚਾਰਕ ਸਹਿਯੋਗ ਅਤੇ ਕਿਸਾਨੀ ਹੋਂਦ ਦਾ ਪ੍ਰਤੀਕ ਹੈ। ਜੇਕਰ ਕਿਸਾਨੀ ਇਸ ਲਹਿਰ ਨੂੰ ਕਾਰਪੋਰੇਟ ਪੱਖੀ ਨਿਯਮਾਂ ਦੀ ਭੇਟ ਚੜ੍ਹਨ ਦਿੰਦੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਮੀਨਾਂ ਅਤੇ ਖੇਤੀ ਨੂੰ ਬਚਾਉਣਾ ਹੋਰ ਵੀ ਔਖਾ ਹੋ ਜਾਵੇਗਾ। ਅੱਜ ਲੋੜ ਹੈ ਕਿ ਸਮੁੱਚਾ ਕਿਸਾਨ ਭਾਈਚਾਰਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਮਾਰੂ ਸੋਧਾਂ ਦਾ ਇਕਜੁੱਟ ਹੋ ਕੇ ਵਿਰੋਧ ਕਰੇ ਅਤੇ ਸਹਿਕਾਰੀ ਲਹਿਰ ਦੇ ਮੂਲ ਸਰੂਪ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰੇ।
No comments:
Post a Comment