Friday, November 27, 2026

ਸੂਰਤ: ਮੁੱਢਲੀਆਂ ਹੱਕੀ ਮੰਗਾਂ ਦੀ ਪੂਰਤੀ ਖਾਤਰ ਕੱਪੜਾ ਸਨਅਤ ਕਾਮਿਆਂ ਦਾ ਸੰਘਰਸ਼



  ਸੂਰਤ: 

ਮੁੱਢਲੀਆਂ ਹੱਕੀ ਮੰਗਾਂ ਦੀ ਪੂਰਤੀ ਖਾਤਰ 

ਕੱਪੜਾ ਸਨਅਤ ਕਾਮਿਆਂ ਦਾ ਸੰਘਰਸ਼

('ਪਿੰਡਾਂ ਨੂੰ ਵਾਪਿਸ ਚੱਲੋ ਮੁਹਿੰਮ' ਦੀ ਨਿਵੇਕਲੀ ਸ਼ਕਲ 'ਚ ਪ੍ਰਗਟ ਹੁੰਦਾ ਮਜ਼ਦੂਰ ਰੋਹ)

-ਸਟਾਫ਼ ਰਿਪੋਰਟਰ

ਗੁਜਰਾਤ ਸੂਬੇ ਦਾ ਜ਼ਿਲ੍ਹਾ ਸੂਰਤ, ਭਾਰਤ ਦੀ ਕੱਪੜਾ ਸਨਅਤ ਦਾ ਕੇਂਦਰ ਹੈ। 20 ਲੱਖ ਤੋਂ ਵੀ ਵੱਧ ਕਾਮੇ ਇਸ ਸਨਅਤ 'ਚ ਲੱਗੇ ਹੋਏ ਹਨ, ਜਿੰਨ੍ਹਾਂ ਚੋਂ ਬਹੁ-ਗਿਣਤੀ ਬਿਹਾਰ, ਯੂ. ਪੀ. ਅਤੇ ਉੜੀਸਾ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਹੈ। ਸੂਰਤ ਇੰਟਰਨੈਸ਼ਨਲ ਟੈਕਸਟਾਈਲ ਐਕਸਪੋ ਅਨੁਸਾਰ ਮੁਲਕ ਦਾ 65 ਪ੍ਰਤੀਸ਼ਤ ਸਿੰਥੈਟਿਕ ਕੱਪੜਾ ਇਥੇ ਬਣਦਾ ਹੈ, ਜਿਸ ਦੀ ਸਾਲਾਨਾ ਕੀਮਤ 85000 ਕਰੋੜ ਰੁਪਏ ਦੇ ਲੱਗਭੱਗ ਬਣਦੀ ਹੈ। ਭਾਵੇਂ ਕਿ ਆਟੋਮੈਟਿਕ ਮਸ਼ੀਨਾਂ ਦੀ ਆਮਦ ਨੇ ਇਸ ਸਨਅਤ ਦੇ ਸਰੂਪ ਅਤੇ ਕਾਰਜਪ੍ਰਣਾਲੀ 'ਚ ਕਈ ਬੁਨਿਆਦੀ ਤਬਦੀਲੀਆਂ ਲਿਆਂਦੀਆਂ ਹਨ, ਜਿਨ੍ਹਾਂ ਤਹਿਤ ਸੰਘਣੀ ਕਿਰਤ ਆਧਾਰਤ ਕਢਾਈ-ਬੁਣਾਈ ਦਾ ਬਹੁਤਾ ਕੰਮ ਮਸ਼ੀਨਾਂ ਨੇ ਸਾਂਭ ਲਿਆ ਹੈ, ਪਰ ਫਿਰ ਵੀ ਖਿੱਤੇ 'ਚ ਲੱਗੀਆਂ ਡੇਢ ਲੱਖ ਤੋਂ ਉੱਪਰ ਕਢਾਈ-ਬੁਣਾਈ ਮਸ਼ੀਨਾਂ ਨੂੰ 24 ਘੰਟੇ ਚਲਦਾ ਰੱਖਣ ਖਾਤਰ ਲੱਖਾਂ ਮਾਹਰ ਕਾਮਿਆਂ ਦੀ ਜ਼ਰੂਰਤ ਹੈ।

ਇੰਨੀ ਵੱਡੀ ਤੇ ਸੰਘਣੀ ਗਿਣਤੀ 'ਚ ਹੋਣ ਦੇ ਬਾਵਜੂਦ, ਸੂਰਤ ਦੀ ਕਪੜਾ ਸਨਅਤ ਦੇ ਕਾਮੇ, ਗੈਰ-ਸੰਗਠਤ ਸਨਅਤ ਦੇ ਹੋਰਨਾਂ ਸਾਰੇ ਖੇਤਰਾਂ ਵਾਂਗ ਹੀ ਅਸਹਿ ਕੰਮ ਹਾਲਤਾਂ 'ਚ ਦਿਹਾੜੀਆਂ ਕਰਦੇ ਹਨ ਅਤੇ ਕਿਰਤ ਕਾਨੂੰਨਾਂ ਤਹਿਤ ਮਿਲਣ ਵਾਲੇ ਮੁੱਢਲੇ ਹੱਕਾਂ ਤੋਂ ਵੀ ਵਿਰਵੇ ਹਨ। ਲੰਮੇ ਸਮੇ ਤੋਂ  8 ਘੰਟੇ ਦੀ ਦਿਹਾੜੀ, ਹਫ਼ਤਾਵਾਰੀ ਛੁੱਟੀ, ਸਮੇਂ ਸਿਰ ਤਨਖਾਹ, ਓਵਰ ਟਾਈਮ ਦੀ ਦੁੱਗਣੀ ਉਜਰਤ, ਸੁਰੱਖਿਅਤ ਕੰਮ ਹਾਲਤਾਂ ਆਦਿ ਉਹਨਾਂ ਦੀਆਂ ਮੁੱਖ ਮੰਗਾਂ ਬਣੀਆਂ ਰਹਿ ਰਹੀਆਂ ਹਨ। ਕਿਰਤੀਆਂ ਦੇ ਨੁਮਾਇੰਦੇ ਦੱਸਦੇ ਨੇ, "ਅਸੀਂ 12-12 ਘੰਟੇ ਕੰਮ ਕਰਦੇ ਹਾਂ, ਬਿਨਾਂ ਕਿਸੇ ਵਾਧੂ ਉਜਰਤ ਅਤੇ ਹਫ਼ਤਾਵਾਰੀ ਛੁੱਟੀ ਦੇ! ਤਨਖਾਹ ਵੀ ਸਮੇਂ ਸਿਰ ਨਹੀਂ ਮਿਲਦੀ ਅਤੇ ਜੇ ਕਿਤੇ ਬਿਮਾਰ ਹੋ ਜਾਈਏ ਜਾਂ ਲਗਾਤਾਰ ਤੀਹ ਦਿਨ ਕੰਮ ਕਰਕੇ ਥਕਾਵਟ ਦੇ ਭੰਨੇ ਇੱਕ ਦਿਨ ਵੀ ਛੁੱਟੀ ਕਰ ਲਈਏ ਤਾਂ ਦਿਹਾੜੀ ਕੱਟੀ ਜਾਂਦੀ ਹੈ। ਸਾਨੂੰ ਤਾਂ 15 ਅਗਸਤ 'ਤੇ ਵੀ ਛੁੱਟੀ ਨਹੀਂ ਮਿਲਦੀ, ਕੀ ਗੱਲ ਅਸੀਂ ਇਨਸਾਨ ਨਹੀਂ ਹਾਂ? ਸਾਨੂੰ ਵੀ ਆਰਾਮ ਚਾਹੀਦਾ ਹੈ, ਹਫ਼ਤਾਵਾਰੀ ਛੁੱਟੀ ਹੋਵੇ - ਘਰਾਂ ਦੇ ਸੌ ਕੰਮ ਹੁੰਦੇ ਨੇ, ਬੱਚਿਆਂ ਨਾਲ ਸਮਾਂ ਗੁਜ਼ਾਰਨਾ ਹੁੰਦਾ ਹੈ, ਕੱਪੜੇ ਵੀ ਧੋਣੇ ਹੁੰਦੇ ਨੇ। ਅਸੀਂ ਨਹੀਂ ਕਹਿੰਦੇ ਸਾਨੂੰ ਸਾਰਿਆਂ ਨੂੰ ਇੱਕੋ ਦਿਨ (ਐਤਵਾਰ) ਛੁੱਟੀ ਦੇਵੋ, ਤੁਸੀਂ ਸਾਨੂੰ ਅੱਡ-ਅੱਡ ਦਿਨਾਂ 'ਤੇ ਛੁੱਟੀ ਦੇ ਦੇਵੋ ਤਾਂ ਕਿ ਕੰਮ ਵੀ ਨਾ ਰੁਕੇ - ਇਹ ਤਾਂ ਸਧਾਰਨ ਜਿਹੀ ਮੰਗ ਹੈ।" ਉਹ ਅੱਗੇ ਕਹਿੰਦੇ ਨੇ, "ਜਾਨ ਮਾਰ ਕੇ 25-30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਾਂ, ਪਰ ਕੰਮ ਕਿਤੇ ਵੱਧ ਕਰਨਾ ਪੈਂਦਾ ਹੈ। ਅਸੀਂ ਨਿਪੁੰਨ ਕਾਮੇ ਹਾਂ, 8 ਘੰਟਿਆਂ ਦੀ ਦਿਹਾੜੀ 'ਚ ਹੀ ਮਾਲਕ ਨੂੰ 10-12 ਹਜ਼ਾਰ ਤੋਂ ਉੱਤੇ ਕਮਾ ਕੇ ਦਿੰਦੇ ਹਾਂ, ਫੇਰ 1000-1200 ਸੌ 'ਤੇ ਤਾਂ ਸਾਡਾ ਹੱਕ ਹੀ ਬਣਦਾ ਹੈ।"

ਲੰਮੇ ਸਮੇਂ ਤੋਂ ਕਿਰਤੀ ਆਪਣੀਆਂ ਹੱਕੀ ਮੰਗਾਂ ਖਾਤਰ ਚਾਰਾਜੋਈ ਕਰਦੇ ਆ ਰਹੇ ਸਨ। ਧਰਨੇ-ਪ੍ਰਦਰਸ਼ਨ, ਮੀਟਿੰਗਾਂ, ਗੱਲਬਾਤ ਦਾ ਸਿਲਸਲਾ ਜਾਰੀ ਰਹਿੰਦਾ ਆ ਰਿਹਾ ਸੀ। ਮਿੱਲ ਮਾਲਕਾਂ ਵਲੋਂ ਅਕਸਰ ਵਾਅਦੇ ਕੀਤੇ ਜਾਂਦੇ ਰਹੇ, ਪਰ ਕਦੇ ਵਫ਼ਾ ਨਾ ਹੋਏ। ਕਿਰਤੀਆਂ 'ਚ  ਸਾਲਾਂ ਦਾ ਇੱਕਠਾ ਹੋਇਆ ਰੋਹ ਆਖਰ ਲੰਘੇ ਅਗਸਤ ਮਹੀਨੇ ਫਟ ਪਿਆ। 16 ਅਗਸਤ ਨੂੰ ਅਮਰੋਲੀ ਤੋਂ ਸ਼ੁਰੂ ਹੋਇਆ ਸੰਘਰਸ਼ ਜੰਗਲ ਦੀ ਅੱਗ ਵਾਂਗ ਹੋਰ ਫੈਕਟਰੀਆਂ ਜਿਵੇਂ: ਅੰਜਨੀ ਇੰਡਸਟਰੀ, ਕਤਰਗਾਮ, ਸਚਿਨ (ਜੀ. ਆਈ. ਡੀ. ਸੀ.), ਪਿਪੋਡਾਰਾ ਅਤੇ ਕਾਦੋਦਰਾ ਆਦਿ ਤੱਕ ਫੈਲ ਗਿਆ। ਹਜ਼ਾਰਾਂ ਕਾਮਿਆਂ ਨੇ ਹੜਤਾਲ ਕਰ ਦਿੱਤੀ, ਧਰਨੇ-ਪ੍ਰਦਰਸ਼ਨ ਹੋਏ, ਕਈ ਥਾਈਂ ਝੜੱਪਾਂ ਵੀ ਹੋਈਆਂ, ਫੈਕਟਰੀਆਂ 'ਚ 24 ਘੰਟੇ ਚਲਦੀਆਂ ਮਸ਼ੀਨਾਂ ਰੁੱਕ ਗਈਆਂ। ਦੂਜੇ ਪਾਸੇ ਕਿਰਤ, ਸਿਵਲ ਅਤੇ ਪੁਲਸ ਪ੍ਰਸਾਸ਼ਨ ਮਿੱਲ ਮਾਲਕਾਂ ਦੀ ਪਿੱਠ 'ਤੇ ਆ ਗਿਆ। ਜਬਰ ਦਾ ਚੱਕਰ ਸ਼ੁਰੂ ਹੋ ਗਿਆ। ਪਰਚੇ ਦਰਜ ਕੀਤੇ ਗਏ, 8 ਮਜ਼ਦੂਰ ਆਗੂ ਗ੍ਰਿਫ਼ਤਾਰ ਕਰ ਲਏ। ਹੱਕ ਮੰਗਦੇ ਕਿਰਤੀਆਂ ਨੂੰ ਦਹਿਸ਼ਤਜਦਾ  ਕਰਨ ਖਾਤਰ ਮਾਲਕਾਂ ਦੇ ਕਹਿਣ 'ਤੇ ਵੀਡੀਓਗ੍ਰਾਫੀ ਕੀਤੀ ਗਈ। ਚੁਨਿੰਦਾ ਕੰਮ ਥਾਵਾਂ ਤੋਂ ਸ਼ੁਰੂ ਹੋਇਆ ਮਜ਼ਦੂਰਾਂ ਦਾ ਸੰਘਰਸ਼ ਸਾਰੇ ਕਪੜਾ ਸੈਕਟਰ 'ਚ ਫੈਲ ਕੇ ਵਿਸ਼ਾਲ ਲਕੋਈ ਦਾ ਸਰੋਕਾਰ ਬਣ ਗਿਆ।

ਠੰਡਾ ਛਿੜਕਣ ਲਈ ਸੂਬੇ ਦੇ ਕਿਰਤ ਵਿਭਾਗ ਵਲੋਂ 21 ਅਗਸਤ ਨੂੰ 400 ਮਿੱਲਾਂ ਦੇ ਨੁਮਾਇੰਦਿਆਂ ਨਾਲ ਰਸਮੀ ਵਿਚਾਰ ਚਰਚਾ ਕੀਤੀ ਗਈ ਅਤੇ ਮਸਲੇ ਨੂੰ ਸੁਲਝਾਉਣ ਖਾਤਰ ਕਿਹਾ ਗਿਆ। ਦੂਜੇ ਪਾਸੇ ਕਿਰਤੀਆਂ ਨੇ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ 12 ਸਤੰਬਰ ਨੂੰ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਅੱਗੇ ਧਰਨੇ ਦਾ ਸੱਦਾ ਦੇ ਦਿੱਤਾ। ਕਿਰਤੀਆਂ ਨੂੰ ਪਿੱਛੇ ਨਾ ਹਟਦਾ ਵੇਖ, ਡਿਪਟੀ ਕਿਰਤ ਕਮਿਸ਼ਨਰ ਵਲੋਂ ਕੱਪੜਾ ਮਿੱਲ ਮਾਲਕਾਂ ਦੀ ਸੰਸਥਾ - Textile Embroidery Jobwork Association of Surat ( TEJAS - ਤੇਜਸ) ਅਤੇ ਦੱਖਣੀ ਗੁਜਰਾਤ ਚੈਂਬਰ ਆਫ ਕਮਰਸ ਅਤੇ ਸਨਅਤ (SGCCI) ਨੂੰ ਬਕਾਇਦਾ ਪੱਤਰ ਲਿੱਖ ਕੇ ਚਾਰੇ ਕਿਰਤ ਕੋਡਾਂ ਅਤੇ ਸੂਬੇ ਦੇ ਕਿਰਤ ਕਾਨੂੰਨ ਦੀ ਪਾਲਣਾ ਕਰਨ ਖਾਤਰ ਕਿਹਾ ਗਿਆ। ਪਰ ਮਿੱਲ ਮਾਲਕਾਂ ਨੇ ਕਮਿਸ਼ਨਰ ਦੇ ਪੱਤਰ ਨੂੰ ਟੁੱਕ 'ਤੇ ਡੇਲਾ ਹੀ ਸਮਝਿਆ। ਮਿੱਲ ਮਾਲਕਾਂ ਦੇ ਤਿਲਕਾਊ ਰਵੱਈਏ ਨੂੰ ਵੇਖਦਿਆਂ, ਸਰਵਜਨਕ ਮਜ਼ਦੂਰ ਏਕਤਾ ਯੂਨੀਅਨ ਅਤੇ ਹੋਰਾਂ ਮਜ਼ਦੂਰ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਪਹਿਲਾਂ 1 ਅਕਤੂਬਰ ਅਤੇ ਫਿਰ 15 ਅਕਤੂਬਰ ਨੂੰ ਕੁਲੈਕਟਰ ਦੇ ਦਫ਼ਤਰ ਅੱਗੇ ਧਰਨੇ ਦਾ ਪ੍ਰੋਗਰਾਮ ਦਿੱਤਾ ਗਿਆ। ਪ੍ਰਸਾਸ਼ਨ ਮਿੱਲ ਮਾਲਕਾਂ ਦੀ ਹਮਾਇਤ 'ਚ ਨੰਗੀ ਚਿੱਟੀ ਧੱਕੇਸ਼ਾਹੀ 'ਤੇ ਉੱਤਰ ਆਇਆ। 15 ਅਕਤੂਬਰ ਵਾਲੇ ਧਰਨੇ ਤੋਂ ਇੱਕ ਦਿਨ ਪਹਿਲਾਂ ਹੀ ਬਹੁਤੇ ਮਜ਼ਦੂਰ ਆਗੂ ਗ੍ਰਿਫ਼ਤਾਰ ਕਰ ਲਏ ਗਏ ਅਤੇ ਭਾਰੀ ਲਾਠੀਚਾਰਜ ਕਰਕੇ 90 ਧਰਨਾਕਾਰੀ ਮਜ਼ਦੂਰ ਮੌਕੇ ਤੋਂ ਹਿਰਾਸਤ ਵਿੱਚ ਲੈ ਲਏ। ਮਜ਼ਦੂਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਅਤੇ ਘਚੋਲਾ ਖੜ੍ਹਾ ਕਰਨ ਦੇ ਮਨਸ਼ੇ ਨਾਲ ਮਿੱਲ ਮਾਲਕਾਂ ਦੀ ਐਸੋਸੀਏਸ਼ਨ (ਤੇਜਸ) ਨੇ 10-11 ਅਕਤੂਬਰ ਨੂੰ ਪੱਤਾ ਖੇਡਦਿਆਂ ਪੇਸ਼ਕਸ਼ ਕੀਤੀ ਕਿ ਉਹ 8ਘੰਟੇ ਦੀ ਦਿਹਾੜੀ ਦੇ 550/- ਰੁਪਏ ਦੇ ਹਿਸਾਬ ਪ੍ਰਤੀ ਮਹੀਨਾ 26 ਦਿਹਾੜਿਆਂ (4 ਕਮਾਊ ਹਫਤਾਵਾਰੀ ਛੁੱਟੀਆਂ ਬਿਨਾਂ) ਦੇ 14300/- ਰੁਪਏ ਦੇਣ ਨੂੰ ਤਿਆਰ ਹਨ ਜਾਂ 12 ਘੰਟਿਆਂ ਦੀ ਦਿਹਾੜੀ ਨਾਲ (ਯੋਗਤਾ ਦੇ ਹਿਸਾਬ) ਪ੍ਰਤੀ ਮਹੀਨਾ 25 ਤੋਂ 30 ਹਜ਼ਾਰ। ਪਰ ਨਾਲ ਹੀ ਸ਼ਰਤ ਮੜ੍ਹ ਦਿੱਤੀ ਗਈ ਕਿ ਕਾਮਾ ਫੈਕਟਰੀ ਵਿੱਚ ਫੋਨ ਦਾ ਇਸਤੇਮਾਲ ਨਹੀਂ ਕਰੇਗਾ ਅਤੇ ਜੇ ਮਾਲਕ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਮਾਲਕ ਅਤੇ ਮਜ਼ਦੂਰ ਨੂੰ ਅੱਧਾ-ਅੱਧਾ ਪਾਇਆ ਜਾਵੇਗਾ। ਮਿੱਲ ਮਾਲਕਾਂ ਵਲੋਂ ਕੀਤੀ ਇਹ ਪੇਸ਼ਕਸ਼ ਚਾਰੇ ਕਿਰਤ ਕੋਡਾਂ ਅਤੇ ਸੂਬਾ ਕਿਰਤ ਕਾਨੂੰਨ ਦੀ ਘੋਰ ਉਲੰਘਣਾ ਬਣਦੀ ਸੀ, ਜੋ ਕਿ ਭਾਵੇਂ ਕਿਰਤੀ ਤੋਂ 10 ਤੋਂ 12 ਘੰਟੇ ਦਿਹਾੜੀ ਕਰਵਾਉਣ ਦੀ ਖੁੱਲ਼੍ਹ ਤਾਂ ਦਿੰਦੇ ਹਨ ਪਰ ਨਾਲ ਹੀ ਇਹ ਵੀ ਤਹਿ ਕਰਦੇ ਹਨ ਕਿ ਕਿਸੇ ਵੀ ਕਿਰਤੀ ਤੋਂ ਹਫਤੇ ਵਿੱਚ 48 ਘੰਟੇ ਤੋਂ ਵੱਧ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ। ਇਹਨਾਂ ਕਿਰਤ ਕਾਨੂੰਨਾਂ ਤਹਿਤ ਹੀ ਓਵਰ ਟਾਈਮ ਦੇ ਘੰਟੇ ਵਧਾ ਕੇ ਪ੍ਰਤੀ ਤਿਮਾਹੀ 75  ਤੋਂ 125 ਕਰ ਦਿੱਤੇ ਗਏ ਹਨ ਪਰ ਨਾਲ ਹੀ ਓਵਰ ਟਾਈਮ ਦੀ ਉਜਰਤ ਆਮ ਨਾਲੋਂ ਦੁਗਣੀ ਦੇਣ ਦੀ ਮਦ ਵੀ ਰੱਖੀ ਗਈ ਹੈ। ਮਿੱਲ ਮਾਲਕਾਂ ਵਲੋਂ ਕੀਤੀ ਗਈ ਪੇਸ਼ਕਸ਼ 'ਚ ਹਫ਼ਤਾਵਾਰੀ ਕਮਾਊ ਛੁੱਟੀ ਅਤੇ ਓਵਰ ਟਾਈਮ ਦੀ ਦੁਗਣੀ ਉਜਰਤ ਦੇਣ ਬਾਰੇ ਸੋਚੀ-ਸਮਝੀ ਸਾਜਸ਼ੀ ਚੁੱਪ ਧਾਰੀ ਗਈ ਸੀ। ਮਿੱਲ ਮਾਲਕਾਂ ਦੀ ਸਾਜਿਸ਼ ਨੂੰ ਪਛਾਣਦਿਆਂ ਕਿਰਤੀਆਂ ਨੇ ਉਹਨਾਂ ਵੱਲੋਂ ਦਿੱਤੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਮੋੜਵੇਂ ਰੂਪ 'ਚ 8 ਘੰਟਿਆਂ ਦੀ ਦਿਹਾੜੀ ਦੇ 550/- ਰੁਪਏ ਅਤੇ 12 ਘੰਟਿਆਂ ਦੀ ਦਿਹਾੜੀ ਦੀ ਹਾਲਤ 'ਚ ਉਪਰਲੇ 4 ਘੰਟਿਆਂ ਦੀ ਦੁੱਗਣੀ ਉਜਰਤ ਭਾਵ ਹੋਰ 550/- ਰੁਪਏ (ਕੁੱਲ 1100/-)  ਦੀ ਮੰਗ ਰੱਖ ਦਿੱਤੀ, ਜਿਸ ਹਿਸਾਬ ਨਾਲ ਮਹੀਨੇ ਦੀਆਂ ਚਾਰ ਛੁੱਟੀਆਂ ਦੇ ਬਾਵਜੂਦ ਕਿਰਤੀ ਨੂੰ ਪ੍ਰਤੀ ਮਹੀਨਾ 28600/- ਬਣਦੇ ਹਨ। ਅਸਲ 'ਚ ਮਜ਼ਦੂਰ ਲੀਡਰਸ਼ਿਪ ਮਿੱਲ ਮਾਲਕਾਂ ਦੀ ਦੁੱਖਦੀ ਰਗ ਨੂੰ ਪਛਾਣਦੀ ਹੈ ਕਿ 8 ਘੰਟੇ ਦਾ ਨਿਯਮ ਲਾਗੂ ਕਰਨ ਖਾਤਰ ਸੂਰਤ ਦੀ ਕਪੜਾ ਸਨਅਤ ਨੂੰ ਫੌਰੀ 5 ਲੱਖ ਮਾਹਰ ਕਾਮਿਆਂ ਦੀ ਜ਼ਰੂਰਤ ਹੈ ਜੋ ਕਿਸੇ ਵੀ ਹਾਲਤ 'ਚ ਪੂਰੀ ਨਹੀਂ ਕੀਤੀ ਜਾ ਸਕਦੀ, ਇਸ ਲਈ ਮਾਲਕਾਂ ਨੂੰ 12-12 ਘੰਟੇ ਦੀ ਸ਼ਿਫਟ ਦਾ ਪ੍ਰਬੰਧ ਹਰ ਹਾਲ ਜਾਰੀ ਰੱਖਣਾ ਪੈਣਾ ਹੈ।  

ਮਜ਼ਦੂਰਾਂ ਵੱਲੋਂ ਜਾਰੀ ਰੱਖੇ ਜਾ ਰਹੇ ਸੰਘਰਸ਼, ਖਾੜਕੂ ਰੌਂਅ ਅਤੇ ਤਰਕ ਆਧਾਰਤ ਦਲੀਲਾਂ ਅੱਗੇ ਆਪਣੀ ਦਾਲ ਨਾ ਗਲਦੀ ਵੇਖ, ਮਿੱਲ ਮਾਲਕਾਂ ਨੇ ਆਪਣਾ ਸਾਰਾ ਦਾਰੋਮਦਾਰ ਜਬਰ, ਤਸ਼ੱਦਦ ਅਤੇ ਬੁਰਛਾਗਰਦੀ 'ਤੇ ਰੱਖਿਆ ਹੋਇਆ ਹੈ। 400 ਦੇ ਲੱਗਭਗ ਕਾਮੇ ਨੌਕਰਿਓਂ ਕੱਢ ਦਿੱਤੇ ਗਏ ਹਨ। ਸੈਂਕੜੇ ਮਜ਼ਦੂਰਾਂ ਖਿਲਾਫ਼ ਝੂਠੇ ਕੇਸ ਦਰਜ ਕਰਵਾਏ ਗਏ ਹਨ। 26 ਦੇ ਕਰੀਬ ਸੰਘਰਸ਼ ਕਰਦੇ ਕਾਮਿਆਂ ਨੂੰ ਦੰਗੇ ਭੜਕਾਉਣ ਵਰਗੇ ਸੰਗੀਨ ਜੁਰਮ ਤਹਿਤ ਜੇਲ੍ਹੀਂ ਡੱਕਿਆ ਗਿਆ ਹੈ। ਮਾਲਕਾਂ ਵੱਲੋਂ ਸੰਘਰਸ਼ ਕਰਦੇ ਕਾਮਿਆਂ ਦੀਆਂ ਵੀਡੀਓ ਬਣਾ ਕੇ ਆਪਸੀ ਵਟ੍ਸ ਐਪ ਗਰੁੱਪਾਂ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਕਿ ਇੱਕ ਮਿੱਲ ਮਾਲਕ ਵੱਲੋਂ ਨੌਕਰੀਓਂ ਕੱਢੇ ਕਾਮੇ ਨੂੰ ਹੋਰ ਕਿਸੇ ਮਿੱਲ 'ਚ ਰੁਜ਼ਗਾਰ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕੇ। ਖੁਸ਼ਹਾਵਾ ਨਾਮ ਦਾ ਕਿਰਤੀ ਦੱਸਦਾ ਹੈ, "ਹਫ਼ਤਾਵਾਰੀ ਛੁੱਟੀ ਦੀ ਮੰਗ ਕਰਨ 'ਤੇ ਮੈਨੂੰ ਨੌਕਰੀਓਂ ਕੱਢ ਦਿੱਤਾ ਗਿਆ, ਕੁਝ ਦਿਨਾਂ ਬਾਅਦ ਹੀ ਮੈਨੂੰ ਹੋਰ ਕਿਸੇ ਫੈਕਟਰੀ 'ਚ ਨੌਕਰੀ ਮਿਲ ਗਈ, ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਮਿੱਲ ਮਾਲਕਾਂ ਦਾ ਸੁਨੇਹਾਂ ਆ ਗਿਆ ਕਿ ਉਹ ਮੈਨੂੰ ਨੌਕਰੀ ਨਹੀ ਦੇ ਸਕਦੇ, ਇਸ ਦੀ ਇੱਕੋ ਇੱਕ ਤਰਕ ਸੰਗਤ ਵਿਆਖਿਆ ਇਹ ਬਣਦੀ ਹੈ ਕਿ ਮਿੱਲ ਮਾਲਕਾਂ ਨੇ ਮੇਰੇ ਬਾਰੇ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ ਹੈ। ਸਾਨੂੰ ਮੰਗਾਂ ਖਾਤਰ ਸੰਘਰਸ਼ 'ਚ ਸ਼ਾਮਿਲ ਹੋਣ ਕਰਕੇ ਬਲੈਕ ਲਿਸਟ ਕੀਤਾ ਜਾ ਰਿਹਾ ਹੈ "  

ਦੂਜੇ ਪਾਸੇ ਕਿਰਤੀਆਂ ਨੇ ਐਲਾਨ ਕਰ ਦਿੱਤਾ ਹੈ, "ਆਪਣੇ ਹੱਕ ਮਿਲਣ ਤਾਈਂ ਅਸੀਂ ਸੰਘਰਸ਼ ਜਾਰੀ ਰੱਖਾਂਗੇ। ਜੇ ਗੱਲਬਾਤ ਅਤੇ ਨੁਮਾਇੰਦਿਗੀਆਂ ਨਾਲ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਾਣਦੇ ਹਾਂ ਕਿ ਹੱਕਾਂ ਖਾਤਰ ਕਿਵੇਂ ਲੜਨਾ ਹੈ। ਅਸੀਂ ਇਸ ਕਰਕੇ ਹੀ ਢੇਰੀ ਢਾਹ ਕੇ ਨਹੀ ਬੈਠਾਂਗੇ ਕਿ ਸਾਡੀ ਗੱਲ ਅਣਸੁਣੀ ਕਰ ਦਿੱਤੀ ਗਈ ਹੈ।" ਉਹ ਅੱਗੇ ਲਲਕਾਰਦੇ ਨੇ, "ਜਿਨ੍ਹਾਂ ਨੇ ਕਿਰਤੀਆਂ ਦਾ ਲਹੂ ਚੂਸ ਕੇ ਖ਼ਜ਼ਾਨੇ ਭਰੇ ਨੇ ਉਹ ਭੁੱਲ ਜਾਣ ਕਿ ਸਾਡੀ ਲੜਾਈ ਖਿੰਡ-ਪੁੰਡ ਜਾਵੇਗੀ। ਜਦੋਂ ਕਿਰਤੀ ਇਕ-ਜੁੱਟ ਉੱਠ ਖੜ੍ਹੇ ਹੋਣ ਤਾਂ ਕੋਈ ਉਹਨਾ ਦੀ ਆਵਾਜ਼ ਨੂੰ ਅਣਸੁਣਿਆਂ ਨਹੀ ਕਰ ਸਕਦਾ।"     

ਸੰਘਰਸ਼ ਦੇ ਇਕ ਪੈਂਤੜੇ ਦੇ ਤੌਰ 'ਤੇ ਮਜ਼ਦੂਰ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜੇ ਕਿਰਤੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ-ਆਪਣੇ ਪਿੰਡਾਂ ਨੂੰ ਚਾਲੇ ਪਾ ਦੇਣਗੇ। ਇਸ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ 'ਪਿੰਡਾਂ ਨੂੰ ਵਾਪਿਸ ਚੱਲੋ ਮੁਹਿੰਮ' ਦਾ ਰੂਪ ਧਾਰ ਗਿਆ ਹੈ। ਆਪਣੇ ਪਿੰਡਾਂ ਨੂੰ ਵਾਪਿਸ ਜਾਂਦੇ ਪ੍ਰਵਾਸੀ ਕਾਮਿਆਂ ਦੀਆਂ ਲੰਬੀਆਂ ਲਾਇਨਾਂ ਸੂਰਤ ਦੇ ਰੇਲਵੇ ਸਟੇਸ਼ਨ 'ਤੇ ਵੇਖਣ ਨੂੰ ਮਿਲ ਰਹੀਆਂ ਹਨ। ਕਿਰਤੀਆਂ ਦਾ ਕਹਿਣਾ ਹੈ, "ਸੂਰਤ ਦੀਆਂ ਮਿੱਲਾਂ 'ਚ ਗੁਲਾਮੀ ਕੱਟਣ ਨਾਲੋਂ ਤਾਂ ਖੇਤਾਂ 'ਚ ਕੰਮ ਕਰਨਾ ਬਿਹਤਰ ਹੈ।" ਸੰਘਰਸ਼ ਕਰ ਰਹੇ ਕਿਰਤੀਆਂ ਪ੍ਰਤੀ ਮੋਦੀ ਹਕੂਮਤ ਦਾ ਰਵੱਈਆ, ਕੇਂਦਰ ਸਰਕਾਰ ਦੇ ਕੱਪੜਾ ਮੰਤਰੀ ਗਿਰੀਰਾਜ ਸਿੰਘ ਦੇ ਉਸ ਕੋਝੇ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ, ਜਿੱਥੇ ਉਹ ਬੇਸ਼ਰਮੀ ਨਾਲ ਕਹਿੰਦਾ ਹੈ, "ਜੇ ਕਿਰਤੀਆਂ ਨੂੰ ਲਗਦਾ ਹੈ ਕਿ ਪਿੰਡਾਂ 'ਚ ਉਹਨਾਂ ਨੂੰ ਬਿਹਤਰ ਰੁਜ਼ਗਾਰ ਉਪਲੱਬਧ ਹੈ ਤਾਂ ਉਥੇ ਜਾਣ ਦੀ ਉਹਨਾਂ ਦੀ ਚੋਣ ਕਿਸੇ ਵੀ ਤਰ੍ਹਾਂ ਪਲਾਇਨ ਨਹੀ ਬਣਦੀ।" ਮੌਜੂਦਾ ਰਿਪੋਰਟ ਲਿਖੇ ਜਾਣ ਤੱਕ ਸੂਰਤ ਕੱਪੜਾ ਸਨਅਤ ਦੇ ਮਜ਼ਦੂਰਾਂ ਦਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਸੰਘਰਸ਼ ਜਾਰੀ ਰਹਿ ਰਿਹਾ ਹੈ।

--0–


No comments:

Post a Comment