ਅਰੁਣਾਚਲ ਪ੍ਰਦੇਸ਼ 'ਚ ਸਿਆਂਗ ਡੈਮ ਪ੍ਰੋਜੈਕਟ ਖਿਲਾਫ਼ ਲੋਕ ਲਲਕਾਰ
'ਸਿਆਂਗ ਵਹਿੰਦਾ ਰਹੇਗਾ...ਸਿਆਂਗ ਹਮੇਸ਼ਾ ਆਜ਼ਾਦ ਰਹੇਗਾ’
-ਸ਼ੀਰੀਂ
ਇਹਨੀਂ ਦਿਨੀਂ ਅਰੁਣਾਚਲ ਪ੍ਰਦੇਸ਼ ਅੰਦਰ ਲੋਕਾਂ ਦਾ ਜ਼ੋਰਦਾਰ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਸਰਕਾਰ ਵੱਲੋਂ ਵਿਉਂਤੇ ਇੱਕ ਵੱਡੇ ਪਣ-ਬਿਜਲੀ ਪ੍ਰੋਜੈਕਟ ਖਿਲਾਫ਼ ਹੋ ਰਿਹਾ ਹੈ ਜਿਸ ਨੂੰ ਸਿਆਂਗ ਨਦੀ ਉੱਤੇ ਬਣਾਇਆ ਜਾਣਾ ਹੈ। ਜੇਕਰ ਇਹ ਸਿਆਂਗ ਅੱਪਰ ਮਲਟੀਪਰਪਜ਼ ਪ੍ਰੋਜੈਕਟ (SUMP) ਸਿਰੇ ਚੜ੍ਹਦਾ ਹੈ ਤਾਂ ਇਹ ਭਾਰਤ ਦਾ ਸਭ ਤੋਂ ਵੱਡਾ ਡੈਮ ਪ੍ਰੋਜੈਕਟ ਹੋਵੇਗਾ ਜਿਸ ਦੀ ਸਮਰੱਥਾ 11200 ਮੈਗਾਵਾਟ ਮਿਥੀ ਗਈ ਹੈ। ਹਾਲੇ ਤੱਕ ਭਾਰਤ ਅੰਦਰ ਸਭ ਤੋਂ ਵੱਧ ਸਮਰੱਥਾ ਦਾ ਪ੍ਰੋਜੈਕਟ ਟੀਹਰੀ ਡੈਮ ਹੀ ਹੈ ਜਿੱਥੋਂ 2400 ਮੈਗਾਵਾਟ ਬਿਜਲੀ ਹਾਸਿਲ ਕੀਤੀ ਜਾਂਦੀ ਹੈ।ਸਿਆਂਗ ਅਰੁਣਾਚਲ ਪ੍ਰਦੇਸ਼ ਵਿੱਚ ਬ੍ਰਹਮਪੁੱਤਰ ਨਦੀ ਦਾ ਹੀ ਨਾਂ ਹੈ। ਇਹ ਦੋ ਰਾਜਾਂ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੀ ਜੀਵਨ ਦਾਤੀ ਨਦੀ ਹੈ। ਇਸ ਨਦੀ ਉੱਤੇ ਉਸਾਰਿਆ ਜਾ ਰਿਹਾ ਇਹ ਪ੍ਰੋਜੈਕਟ ਦਰਅਸਲ ਉਸ ਚੀਨੀ ਪ੍ਰੋਜੈਕਟ ਦੇ ਮੁਕਾਬਲੇ ਉੱਤੇ ਵਿਉਂਤਿਆ ਜਾ ਰਿਹਾ ਹੈ ਜੋ ਚੀਨੀ ਸਰਕਾਰ ਨੇ 2025 ਵਿੱਚ ਇਸੇ ਦਰਿਆ ਉੱਤੇ ਸ਼ੁਰੂ ਕੀਤਾ ਹੈ। ਸਿਆਂਗ ਦਰਿਆ ਦਾ ਅਰੁਣਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਤੋਂ ਪਹਿਲਾਂ ਤਿੱਬਤੀ ਨਾਂ ਯਾਰਲੁੰਗ ਜ਼ਾਂਗਪੋ ਹੈ। ਇਸ ਦਰਿਆ ਉੱਤੇ ਬੀਤੇ ਸਾਲ ਚੀਨੀ ਸਰਕਾਰ ਨੇ ਦੁਨੀਆਂ ਦੇ ਸਭ ਤੋਂ ਵੱਡੇ ਪਣ-ਬਿਜਲੀ ਪ੍ਰੋਜੈਕਟ ਦਾ ਨਿਰਮਾਣ ਸ਼ੁਰੂ ਕੀਤਾ ਹੈ, ਜਿਸ ਦੀ ਸਮਰੱਥਾ 60000 ਮੈਗਾਵਾਟ ਹੈ ਅਤੇ ਇਸ ਤਹਿਤ ਮੀਦੋਗ ਡੈਮ ਦੀ ਉਸਾਰੀ ਕੀਤੀ ਜਾ ਰਹੀ ਹੈ। ਚੀਨੀ ਸਰਕਾਰ ਦਾ ਇਹ ਪ੍ਰੋਜੈਕਟ 2033 ਤੱਕ ਪੂਰਾ ਹੋਣਾ ਹੈ।
ਸਿਆਂਗ ਪ੍ਰੋਜੈਕਟ ਦਾ ਵਿਰੋਧ ਕਿਉਂ ਹੋ ਰਿਹਾ ਹੈ?
ਸਿਆਂਗ ਪ੍ਰੋਜੈਕਟ ਦੇ ਸਿਰੇ ਚੜ੍ਹਨ ਦੇ ਅਰਥ ਉਥੋਂ ਦੇ ਲੋਕਾਂ ਲਈ ਬਹੁਤ ਵੱਡੇ ਹਨ। ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਹਿੱਸਾ ਉਥੋਂ ਦੇ ਆਦੀ ਜਨ ਜਾਤੀ ਦੇ ਲੋਕਾਂ ਦਾ ਹੈ ਜੋ ਸਦੀਆਂ ਤੋਂ ਸਿਆਂਗ ਨਦੀ ਘਾਟੀ ਦੇ ਕੰਢਿਆਂ ਤੇ ਵੱਸਦੇ ਆ ਰਹੇ ਹਨ। ਹੋਰ ਛੋਟੀਆਂ ਜਨਜਾਤੀਆਂ ਗਾਲੋ, ਨਈਸ਼ੀ, ਆਪਾਤਾਨੀ,ਇਦੂ ਮਿਸ਼ਮੀ ਵੀ ਇਸੇ ਉੱਤੇ ਨਿਰਭਰ ਹਨ। ਸਿਆਂਗ ਨਦੀ ਨੂੰ ਉਥੋਂ ਦੇ ਲੋਕ 'ਆਨੇ ਸਿਆਂਗ' (ਮਾਂ ਸਿਆਂਗ) ਕਹਿੰਦੇ ਹਨ। ਉਹਨਾਂ ਦੀਆਂ ਜ਼ਿੰਦਗੀਆਂ, ਸੱਭਿਆਚਾਰ, ਸਰਗਰਮੀ, ਰੋਜੀ ਰੋਟੀ, ਵਿਸ਼ਵਾਸ, ਰੀਤੀ ਰਿਵਾਜ, ਧਾਰਮਿਕ ਮਾਨਤਾਵਾਂ ਡੂੰਘੀ ਤਰ੍ਹਾਂ ਇਸ ਦਰਿਆ ਨਾਲ ਗੁੰਦੇ ਹੋਏ ਹਨ। ਅਸਲ ਵਿੱਚ ਇਹਨਾਂ ਕਬਾਇਲੀ ਲੋਕਾਂ ਦੀ ਹੋਂਦ ਹੀ ਜ਼ਮੀਨ, ਜੰਗਲ ਅਤੇ ਦਰਿਆ ਨਾਲ ਜੁੜੀ ਹੋਈ ਹੈ। ਇਹ ਪ੍ਰੋਜੈਕਟ ਇਸ ਹੋਂਦ ਅਤੇ ਸੱਭਿਆਚਾਰ ਉੱਤੇ ਤਲਵਾਰ ਲਟਕਾ ਰਿਹਾ ਹੈ।
ਇਹ ਪ੍ਰੋਜੈਕਟ ਇਸ ਘਾਟੀ ਦੇ ਵੱਡੀ ਗਿਣਤੀ ਪਿੰਡਾਂ, ਖੇਤਾਂ ਅਤੇ ਧਰਤੀ ਨੂੰ ਨਿਗਲ ਕੇ ਲੱਗਣਾ ਹੈ। ਦਰਿਆ ਨੂੰ ਉਸਦੇ ਕੁਦਰਤੀ ਵਹਿਣ ਤੋਂ ਲਾਂਭੇ ਕਰ ਦਿੱਤਾ ਜਾਣਾ ਹੈ। ਆਜ਼ਾਦ ਤੱਥ ਖੋਜ ਰਿਪੋਰਟਾਂ ਮੁਤਾਬਕ ਇਸ ਨਾਲ ਦੋ ਜ਼ਿਲ੍ਹਿਆਂ ਦੇ 27 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣੇ ਹਨ ਅਤੇ 52 ਹੋਰ ਪ੍ਰਭਾਵਿਤ ਹੋਣੇ ਹਨ। ਇਸ ਨਾਲ ਇਕ ਲੱਖ 50 ਹਜ਼ਾਰ ਲੋਕਾਂ ਦਾ ਉਜਾੜਾ ਹੋਣਾ ਹੈ। ਲੋਕਾਂ ਦੇ ਖੇਤੀ, ਮੱਛੀ ਪਾਲਣ ਵਰਗੇ ਕਿੱਤੇ ਤਬਾਹ ਹੋ ਜਾਣੇ ਹਨ। ਜੱਦੀ ਪੁਸ਼ਤੀ ਜ਼ਮੀਨਾਂ ਅਤੇ ਘਰ ਖੁੱਸ ਜਾਣੇ ਹਨ। ਇਸ ਘਾਟੀ ਵਿੱਚ ਮੌਜੂਦ ਅਨੇਕਾਂ ਸੱਭਿਆਚਾਰਕ, ਇਤਿਹਾਸਿਕ ਅਤੇ ਵਿਰਾਸਤੀ ਨਿਸ਼ਾਨੀਆਂ ਖਤਮ ਹੋ ਜਾਣੀਆਂ ਹਨ। ਇਸ ਲਈ ਇਸ ਪ੍ਰੋਜੈਕਟ ਦਾ ਬਣਨਾ ਉਥੋਂ ਦੇ ਲੋਕਾਂ ਦੇ ਸਿਰ ਉੱਤੇ ਵੱਡਾ ਖਤਰਾ ਬਣ ਕੇ ਮੰਡਰਾ ਰਿਹਾ ਹੈ।
ਇਸ ਪ੍ਰੋਜੈਕਟ ਨਾਲ ਜੁੜੇ ਹੋਰ ਖਤਰੇ ਵੀ ਬਹੁਤ ਵੱਡੇ ਹਨ। ਅਸਲ ਵਿੱਚ ਚੀਨ ਵੱਲੋਂ ਬਣਾਇਆ ਜਾ ਰਿਹਾ ਡੈਮ ਅਤੇ ਭਾਰਤ ਸਰਕਾਰ ਵੱਲੋਂ ਵਿਉਂਤਿਆ ਜਾ ਰਿਹਾ ਇਹ ਡੈਮ ਦੋਨੋਂ ਹੀ ਭੂਚਾਲ ਪੱਖੋਂ ਅਤਿ ਸੰਵੇਦਨਸ਼ੀਲ ਖੇਤਰਾਂ ਵਿੱਚ ਉਸਾਰੇ ਜਾ ਰਹੇ ਹਨ। ਇਸ ਖੇਤਰ ਵਿੱਚ ਜ਼ਮੀਨ ਹੇਠਲੀਆਂ ਭਾਰਤੀ ਪਾਸੇ ਦੀਆਂ ਅਤੇ ਯੂਰੇਸ਼ੀਅਨ ਪਾਸੇ ਦੀਆਂ ਚੱਟਾਨੀ ਪਲੇਟਾਂ ਆਪਸ ਵਿੱਚ ਖਹਿੰਦੀਆਂ ਹਨ। ਇਸ ਕਰਕੇ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਇਹ ਖੇਤਰ ਭੂਚਾਲ ਪੱਖੋਂ ਅਤੀ ਸੰਵੇਦਨਸ਼ੀਲ ਜੋਨ ਪੰਜ ਵਿੱਚ ਆਉਂਦਾ ਹੈ ਅਤੇ ਇੱਥੇ ਧਰਤੀ ਦੀ ਸਤ੍ਹਾ ਵੀ ਕਮਜ਼ੋਰ ਹੈ। ਇੰਨੇ ਭਾਰੀ ਭਰਕਮ ਢਾਂਚਿਆਂ ਕਰਕੇ ਧਰਤੀ ਦੀ ਸਤ੍ਹਾ ਦੀ ਇਹ ਕਮਜ਼ੋਰੀ ਹੋਰ ਵੀ ਤਬਾਹਕੁੰਨ ਹੋ ਜਾਣੀ ਹੈ। ਜੇਕਰ ਕਿਸੇ ਭੂਚਾਲ ਸਦਕਾ ਇਹਨਾਂ ਭਾਰੀ ਭਰਕਮ ਢਾਂਚਿਆਂ ਨੂੰ ਕੋਈ ਹਾਨੀ ਪਹੁੰਚਦੀ ਹੈ ਤਾਂ ਤਬਾਹੀ ਹੋਰ ਵੀ ਵੱਡੀ ਹੋ ਜਾਣੀ ਹੈ।
ਸਿਆਂਗ ਨਦੀ ਪਹਾੜਾਂ ਚੋਂ ਲੱਖਾਂ ਟਨ ਗਾਰ ਤੇ ਉਪਜਾਊ ਮਿੱਟੀ ਖੋਰ ਕੇ ਲਿਆਉਂਦੀ ਹੈ ਜਿਸ ਨਾਲ ਬ੍ਰਹਮਪੁੱਤਰ ਦੇ ਕੰਢੇ ਬਣੇ ਰਹਿੰਦੇ ਹਨ। ਡੈਮ ਬਣਾਉਣ ਨਾਲ ਇਹ ਗਾਰ ਤੇ ਮਿੱਟੀ ਡੈਮ ਵਿੱਚ ਹੀ ਰਹਿ ਜਾਣੀ ਹੈ ਅਤੇ ਪਾਣੀ ਨੇ ਕੰਢਿਆਂ ਅਤੇ ਮੈਦਾਨਾਂ ਨੂੰ ਖੋਰਨਾ ਸ਼ੁਰੂ ਕਰ ਦੇਣਾ ਹੈ।
ਇਹ ਖੇਤਰ ਜੰਗਲੀ ਖੇਤਰ ਹੋਣ ਕਰਕੇ ਬਨਸਪਤੀ ਅਤੇ ਜੰਗਲੀ ਜੀਵਨ ਪੱਖੋਂ ਵੀ ਬੇਹੱਦ ਸੰਵੇਦਨਸ਼ੀਲ ਖੇਤਰ ਹੈ। ਸਿਆਂਗ ਦਰਿਆ ਦਾ ਬੇਸਨ 80 ਫੀਸਦੀ ਜੰਗਲਾਂ ਨਾਲ ਢਕਿਆ ਹੋਇਆ ਹੈ। ਇਸ ਵਿੱਚ 1340 ਬਨਸਪਤੀ ਦੀਆਂ ਜਾਤੀਆਂ ਹਨ ਜਿੰਨ੍ਹਾਂ ਵਿੱਚੋਂ ਇੱਕ ਸੌ ਕਿਸਮਾਂ ਬਹੁਤ ਹੀ ਦੁਰਲੱਭ ਹਨ। 143 ਪਸ਼ੂਆਂ ਅਤੇ 447 ਪਰਿੰਦਿਆਂ ਦੀਆਂ ਜਾਤੀਆਂ ਹਨ। ਸਿਆਂਗ ਦਰਿਆ ਵਿੱਚ ਮੱਛੀਆਂ ਦੀਆਂ 115 ਪਰਜਾਤੀਆਂ ਹਨ।ਇਹ ਪ੍ਰੋਜੈਕਟ ਇਸ ਸਮੁੱਚੇ ਵਣ ਅਤੇ ਜਲ ਜੀਵਨ ਅਤੇ ਵਾਤਾਵਰਨ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਵਾਲਾ ਹੈ। ਦੁਨੀਆਂ ਭਰ ਦੇ ਵਾਤਾਵਰਨ ਮਾਹਰ ਇਸ ਸਾਂਝੇ ਸਿੱਟੇ ਉੱਤੇ ਪਹੁੰਚ ਚੁੱਕੇ ਹਨ ਕਿ ਅਜਿਹੇ ਵੱਡੇ ਡੈਮ ਕੁਦਰਤੀ ਜਨ ਜੀਵਨ ਅਤੇ ਪ੍ਰਜਾਤੀਆਂ ਲਈ ਵੱਡੇ ਖਤਰੇ ਖੜ੍ਹੇ ਕਰਦੇ ਹਨ। ਵਾਤਾਵਰਨ ਉੱਤੇ ਵੱਡੇ ਨਾਂਹ ਪੱਖੀ ਅਸਰ ਪਾਉਂਦੇ ਹਨ। ਇਸ ਕਰਕੇ ਗਲੋਬਲ ਵਾਰਮਿੰਗ ਦੇ ਇਸ ਦੌਰ ਅੰਦਰ ਅਮਰੀਕਾ ਅਤੇ ਯੂਰਪ ਅੰਦਰ ਤਾਂ ਕਈ ਵੱਡੇ ਡੈਮਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਦਰਿਆਵਾਂ ਦਾ ਕੁਦਰਤੀ ਵਹਿਣ ਬਹਾਲ ਕੀਤਾ ਜਾ ਰਿਹਾ ਹੈ। ਪਰ ਅਜਿਹੇ ਪ੍ਰੋਜੈਕਟ ਰਾਹੀਂ ਭਾਰਤ ਦੇ ਕੁਦਰਤੀ ਵੰਨ-ਸੁਵੰਨਤਾ ਭਰੇ ਰਾਜ ਅੰਦਰ ਸਭ ਕੁਝ ਦਾਅ ਉਤੇ ਲਾਇਆ ਜਾ ਰਿਹਾ ਹੈ।
ਇਥੋਂ ਦੀ ਵਸੋਂ ਦਾ ਇੱਕ ਹੋਰ ਸਰੋਕਾਰ ਇਸ ਪ੍ਰੋਜੈਕਟ ਨਾਲ ਜੁੜ ਕੇ ਹੋਣ ਵਾਲੀ ਵੱਡੀ ਪੱਧਰ ਤੇ ਪ੍ਰਵਾਸੀਆਂ ਦੀ ਆਮਦ ਅਤੇ ਉਸ ਨਾਲ ਜੁੜੀਆਂ ਸਮੱਸਿਆਵਾਂ ਦਾ ਹੈ। ਇਸ ਅਣਵਿਉਂਤੀ ਆਮਦ ਨਾਲ ਉਹ ਆਪਣੇ ਸੱਭਿਆਚਾਰ ਅਤੇ ਵਾਤਾਵਰਨ ਦੋਨਾਂ ਲਈ ਖਤਰਾ ਦੇਖ ਰਹੇ ਹਨ। ਇਥੋਂ ਦੀ ਮੁੱਖ ਵਸੋਂ ਕਬਾਇਲੀ ਹੈ। ਇਥੇ 26 ਵੱਡੇ ਕਬੀਲੇ ਅਤੇ ਸੌ ਉਪ ਕਬੀਲੇ ਹਨ ਜਿਨ੍ਹਾਂ ਦੀ ਆਪਣੀ ਵਸੋਂ ਬਹੁਤ ਹੀ ਘੱਟ ਹੈ। ਅਰੁਣਾਚਲ ਪ੍ਰਦੇਸ਼ ਅੰਦਰ ਵੈਸੇ ਹੀ ਵਸੋਂ ਦੀ ਘਣਤਾ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਇਸ ਪ੍ਰੋਜੈਕਟ ਰਾਹੀਂ ਬਾਹਰੋਂ ਵੱਡੀ ਪੱਧਰ ਉੱਤੇ ਠੇਕੇਦਾਰਾਂ, ਮਜ਼ਦੂਰਾਂ ਅਤੇ ਹੋਰ ਪ੍ਰਵਾਸੀਆਂ ਦੇ ਆਉਣ ਨਾਲ ਉਨ੍ਹਾਂ ਦੀ ਸੱਭਿਆਚਾਰਕ ਹੋਂਦ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।
ਸਰਕਾਰ ਦੇ ਮਨਸੂਬੇ -ਲੋਕਾਂ ਦਾ ਵਿਰੋਧ
ਇਹ ਪ੍ਰੋਜੈਕਟ 2008-09 ਵਿੱਚ ਯੂ.ਪੀ.ਏ ਸਰਕਾਰ ਵੱਲੋਂ ਵਿਉਂਤਿਆ ਗਿਆ ਸੀ। ਉਸ ਸਮੇਂ ਇਸ ਦਾ ਮੰਤਵ ਵਿਕਾਸ ਅਤੇ ਬਿਜਲੀ ਦੀ ਪੈਦਾਵਾਰ ਐਲਾਨਿਆ ਗਿਆ ਸੀ।2010 ਤੋਂ ਬਾਅਦ ਇਸ ਦਿਸ਼ਾ ਵਿੱਚ ਅੱਗੇ ਵਧਿਆ ਗਿਆ। 2013 ਤੋਂ 2017 ਤੱਕ ਦਾ ਸਮਾਂ ਇਸ ਪ੍ਰੋਜੈਕਟ ਦੀ ਤਕਨੀਕੀ ਤਿਆਰੀ ਦਾ ਸਮਾਂ ਸੀ। ਇਸ ਸਮੇਂ ਦੌਰਾਨ ਇਸ ਦੀ ਵਿਹਾਰਕਤਾ ਦਾ ਜਾਇਜਾ ਬਣਾਉਣ ਲਈ ਕਈ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਅਤੇ ਇਸ ਸਬੰਧੀ ਸਰਵੇ ਸ਼ੁਰੂ ਕੀਤੇ ਗਏ। ਇਸੇ ਸਮੇਂ ਸਥਾਨਕ ਲੋਕਾਂ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਖਦਸ਼ੇ ਪਨਪੇ ਅਤੇ ਹਿਲਜੁਲ ਸ਼ੁਰੂ ਹੋਈ। 2017 ਤੋਂ ਲੈ ਕੇ ਵੱਖ ਵੱਖ ਮੌਕਿਆਂ ਤੇ ਕਈ ਵਾਰੀ ਲੋਕਾਂ ਵੱਲੋਂ ਇਸਦੇ ਵਿਰੋਧ ਵਿੱਚ ਸਰਗਰਮੀਆਂ ਕੀਤੀਆਂ ਗਈਆਂ। ਲੋਕਾਂ ਵੱਲੋਂ ਅਜਿਹੇ ਵਿਰੋਧ ਕਾਰਨ ਇਹ ਪ੍ਰੋਜੈਕਟ ਇੱਕ ਵਾਰ ਠੰਢੇ ਬਸਤੇ ਵਿੱਚ ਪੈ ਗਿਆ। ਪਰ ਹਕੂਮਤੀ ਮਨਸ਼ੇ ਉਹੀ ਰਹੇ। 2020 ਵਿੱਚ ਚੀਨ ਵਾਲੇ ਪਾਸਿਓਂ ਮੀਦੋਗ ਬੰਨ੍ਹ ਉਸਾਰੇ ਜਾਣ ਦੀਆਂ ਰਿਪੋਰਟਾਂ ਆਉਣ ਲੱਗੀਆਂ ਅਤੇ ਇਹਨਾਂ ਸਦਕਾ ਕੇਂਦਰ ਸਰਕਾਰ ਨੂੰ ਇਹ ਪ੍ਰੋਜੈਕਟ ਅੱਗੇ ਵਧਾਉਣ ਦਾ ਐਨ ਢੁਕਵਾਂ ਬਹਾਨਾ ਮਿਲ ਗਿਆ। ਹੁਣ ਵਿਕਾਸ ਅਤੇ ਬਿਜਲੀ ਉਤਪਾਦਨ ਦੀਆਂ ਲੋੜਾਂ ਦੇ ਤਰਕ ਪਿੱਛੇ ਛੁੱਟ ਗਏ ਅਤੇ ਕੌਮੀ ਸੁਰੱਖਿਆ ਅੱਗੇ ਆ ਗਈ।
ਅਪ੍ਰੈਲ 2022 ਤੋਂ ਸਰਕਾਰ ਨੇ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਜ਼ਮੀਨ ਉੱਤੇ ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਦਾ ਸਰਵੇ ਸ਼ੁਰੂ ਕਰਵਾ ਦਿੱਤਾ। ਕਹਿਣ ਨੂੰ ਇਹ ਵੀ ਪ੍ਰੋਜੈਕਟ ਦੀ ਵਿਹਾਰਕਤਾ ਦਾ ਅੰਦਾਜ਼ਾ ਬਣਾਉਣ ਲਈ ਮੁਢਲਾ ਸਰਵੇ ਹੀ ਸੀ, ਪਰ ਲੋਕਾਂ ਅੰਦਰ ਸਰਕਾਰੀ ਮਨਸ਼ਾ ਪ੍ਰਤੀ ਸ਼ੱਕ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਲੱਗਿਆ ਸਰਕਾਰ ਉਹਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੀ ਹੈ। ਇਸੇ ਸਮੇਂ ਦੌਰਾਨ ਸਰਕਾਰ ਨੇ ਪਹਿਲਾ ਜੰਗਲ ਕਾਨੂੰਨ ਸੋਧ ਕੇ ਨਵਾਂ ਜੰਗਲ ਸੰਰਖਿਅਣ ਸੋਧ ਐਕਟ 2023 ਪਾਸ ਕਰ ਦਿੱਤਾ ਜਿਸ ਤਹਿਤ ਕੌਮਾਂਤਰੀ ਹੱਦਾਂ ਦੇ ਨਾਲ ਪੈਂਦੀ 100 ਕਿਲੋਮੀਟਰ ਜ਼ਮੀਨ ਉੱਤੇ ਹਰ ਪ੍ਰਕਾਰ ਦੇ ਲੋਕਾਂ ਦੇ ਅਧਿਕਾਰ ਖਤਮ ਕਰ ਦਿੱਤੇ ਗਏ ਅਤੇ ਸੁਰੱਖਿਆ ਅਤੇ ਯੁੱਧਨੀਤਕ ਕਾਰਨਾਂ ਦਾ ਹਵਾਲਾ ਦੇ ਕੇ ਇਸ ਜ਼ਮੀਨ ਉੱਤੇ ਕੇਂਦਰੀ ਕੰਟਰੋਲ ਸਥਾਪਿਤ ਕਰ ਦਿੱਤਾ ਗਿਆ। ਇਸ ਜ਼ਮੀਨ ਉੱਤੇ ਕਿਸੇ ਵੀ ਪ੍ਰਕਾਰ ਦੀ ਉਸਾਰੀ ਲਈ ਵਾਤਾਵਰਨ ਸਬੰਧੀ ਪ੍ਰਵਾਨਗੀ, ਜੰਗਲਾਤ ਵਿਭਾਗ ਦੀ ਪ੍ਰਵਾਨਗੀ ਅਤੇ ਗ੍ਰਾਮ ਸਭਾਵਾਂ ਦੇ ਮਤਿਆਂ ਦੀ ਲੋੜ ਖਤਮ ਕਰ ਦਿੱਤੀ ਗਈ। ਸਿਆਂਗ ਵੈਲੀ ਦਾ ਕਾਫ਼ੀ ਵੱਡਾ ਹਿੱਸਾ ਇਸ ਘੇਰੇ ਵਿੱਚ ਆਉਂਦਾ ਹੈ।ਇਸਨੇ ਲੋਕਾਂ ਅੰਦਰ ਅਸੁਰੱਖਿਆ ਦੀ ਭਾਵਨਾ ਹੋਰ ਵਧਾ ਦਿੱਤੀ। ਅਗਸਤ 2024 ਵਿੱਚ ਜਦੋਂ ਸਰਵੇ ਟੀਮਾਂ ਨੇ ਕਈ ਥਾਵਾਂ ਉੱਤੇ ਜ਼ਮੀਨ ਦੀ ਖੁਦਾਈ ਸ਼ੁਰੂ ਕਰ ਦਿੱਤੀ ਤਾਂ ਇਸ ਅਸੁਰੱਖਿਆ ਦੀ ਭਾਵਨਾ ਨੂੰ ਚੁਆਤੀ ਲੱਗ ਗਈ ਅਤੇ ਲੋਕਾਂ ਨੇ ਇਹਨਾਂ ਸਰਵੇ ਟੀਮਾਂ ਦਾ ਜ਼ਬਰਦਸਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਸਦਕਾ ਇੱਕ ਵਾਰ ਕੰਮ ਰੋਕ ਦਿੱਤਾ ਗਿਆ ਪਰ ਬੀਤੇ ਮਾਰਚ ਮਹੀਨੇ ਵਿੱਚ ਸਰਕਾਰ ਨੇ ਇਸ ਨੂੰ ਮੁੜ ਚਾਲੂ ਕਰਨ ਦਾ ਐਲਾਨ ਕਰ ਦਿੱਤਾ। ਲੰਘੀ 23 ਸਤੰਬਰ ਨੂੰ ਸਰਕਾਰ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਉੱਚ ਪੱਧਰੀ ਕਮੇਟੀ ਬਣਾ ਦਿੱਤੀ। ਸਰਵੇ ਟੀਮਾਂ ਮੁੜ ਸਰਗਰਮ ਹੋ ਗਈਆਂ। ਲੋਕਾਂ ਦੇ ਵਿਰੋਧ ਦੇ ਦਰਮਿਆਨ ਸਰਕਾਰ ਨੇ ਭਾਰੀ ਪੁਲਿਸ ਬਲਾਂ ਦੀ ਮਦਦ ਨਾਲ ਸਰਵੇ ਟੀਮਾਂ ਨੂੰ ਆਦਿਵਾਸੀ ਇਲਾਕਿਆਂ ਵਿੱਚ ਉਤਾਰ ਦਿੱਤਾ। ਇਸ ਗੱਲ ਨੇ ਸਰਕਾਰੀ ਮਨਸ਼ਾ ਪ੍ਰਤੀ ਲੋਕਾਂ ਦੇ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ ਅਤੇ ਇਹ ਵਿਰੋਧ ਵੱਡੇ ਜਨਤਕ ਵਿਰੋਧ ਵਿੱਚ ਵੱਟ ਗਿਆ। ਪਿੰਡਾਂ ਦੇ ਬਜ਼ੁਰਗ, ਔਰਤਾਂ, ਸਕੂਲਾਂ ਅਤੇ ਕਾਲਜਾਂ ਦੇ ਬੱਚੇ ਸਭ ਇਸ ਵਿੱਚ ਸ਼ਾਮਿਲ ਹੋ ਗਏ ਅਤੇ ਥਾਂ ਥਾਂ ਸਰਵੇ ਟੀਮਾਂ ਅੱਗੇ ਕੰਧ ਬਣ ਕੇ ਖੜ੍ਹਨ ਲੱਗੇ ਜਾਂ ਸਰਵੇ ਮਸ਼ੀਨਰੀ ਦੇ ਅੱਗੇ ਬੈਠ ਗਏ ।ਕਈ ਥਾਵਾਂ ਤੋਂ ਇਹਨਾਂ ਟੀਮਾਂ ਨੂੰ ਬੇਰੰਗ ਪਰਤਣਾ ਪਿਆ। ਪਿੰਡਾਂ ਵਿੱਚ ਵੱਡੇ ਵੱਡੇ ਬੋਰਡ ਲੱਗ ਗਏ, "ਕਾਰਪੋਰੇਟਾਂ ਦੇ ਸਕੂਲ ਨਹੀਂ ਚਾਹੀਦੇ, ਹਸਪਤਾਲ ਨਹੀਂ ਚਾਹੀਦੇ, ਮੁਆਵਜ਼ਾ ਨਹੀਂ ਚਾਹੀਦਾ, ਸਾਨੂੰ ਸਾਡੀ ਧਰਤੀ ਚਾਹੀਦੀ ਹੈ" , "ਸਰਵੇ ਕਰਨ ਵਾਲਿਓ, ਡੰਡਾ ਡੋਰੀ ਲੈ ਕੇ ਦਫ਼ਾ ਹੋ ਜਾਓ", "ਨੋ ਡੈਮ, ਨੋ ਸਰਵੇ" ,"ਸਾਡੇ ਦਰਿਆ ਤੁਹਾਡੀ ਜੰਗ ਦੇ ਮੈਦਾਨ ਨਹੀਂ" ," ਸਾਡੀ ਜੱਦੀ ਜ਼ਮੀਨ ਵਿਕਾਊ ਨਹੀਂ ਹੈ"," ਢੱਠੇ ਖੂਹ ਵਿੱਚ ਪਏ ਡੈਮ"।
ਹਕੂਮਤੀ ਜਬਰ
ਮੁੱਖ ਮੰਤਰੀ ਪੇਮਾ ਖਾਂਡੂ ਦੀ ਸਰਕਾਰ ਇਸ ਸੰਘਰਸ਼ ਨੂੰ ਕੁਚਲਣ ਲਈ ਨਿੱਤਰ ਆਈ। ਵਿਰੋਧ ਕਰ ਰਹੇ ਕਈ ਪਿੰਡਾਂ ਦੇ ਮੁੱਖੀ ਹਟਾ ਦਿੱਤੇ ਗਏ। ਪੈਸੇ ਦੇ ਕੇ ਕੁਛ ਲੋਕਾਂ ਨੂੰ ਖਰੀਦਿਆ ਗਿਆ ਅਤੇ ਇਸ ਨੂੰ ਲੋਕਾਂ ਦੇ ਆਪਸੀ ਵਿਰੋਧ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੰਘਰਸ਼ ਕਰ ਰਹੇ ਲੋਕਾਂ ਨੂੰ 'ਚੀਨੀ ਏਜੰਟ' ਅਤੇ 'ਵਿਕਾਸ ਵਿਰੋਧੀ' ਦੇ ਲਕਬ ਦਿੱਤੇ ਗਏ। ਇਸ ਦੇ ਨਾਲ ਨਾਲ 11 ਕਰੋੜ ਰੁਪਏ ਖਰਚ ਕੇ ਇਸ ਪ੍ਰੋਜੈਕਟ ਦੀ ਮਸ਼ਹੂਰੀ ਕੀਤੀ ਗਈ।
ਇਸ ਦਰਮਿਆਨ 23 ਅਕਤੂਬਰ ਨੂੰ ਕਈ ਜਥੇਬੰਦੀਆਂ ਵੱਲੋਂ ਸਿਆਂਗ ਬੈਲਟ ਅੰਦਰ ਬਾਰਾਂ ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ। ਇਸ ਬੰਦ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਗੇਕੂ ਨਾਂ ਦੇ ਸਥਾਨ ਨੇੜੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਜਿਸ ਸਦਕਾ ਚਾਰ ਔਰਤਾਂ ਸਮੇਤ ਕਈ ਪ੍ਰਦਰਸ਼ਨਕਾਰੀ ਜਖ਼ਮੀ ਹੋ ਗਏ। ਇਸ ਘਟਨਾ ਤੋਂ ਭੜਕੇ ਲੋਕਾਂ ਨੇ ਪਾਸੀਘਾਟ ਵਿੱਚ ਨੈਸ਼ਨਲ ਹਾਈਡਰੋ ਇਲੈਕਟਰਿਕ ਪਾਵਰ ਕਾਰਪੋਰੇਸ਼ਨ ਦੇ ਦਫਤਰ ਨੂੰ ਅੱਗ ਲਾ ਦਿੱਤੀ ਲਾਠੀ ਚਾਰਜ ਕਰ ਰਹੀ ਪੁਲਿਸ ਦੇ ਵਾਹਨ ਅਤੇ ਪੁਲਸ ਥਾਣੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਲੋਕਾਂ ਨੇ ਭਾਜਪਾ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਘੇਰ ਲਏ ਅਤੇ ਉਨ੍ਹਾਂ ਦੇ ਦਰਵਾਜ਼ੇ ਖੜਕਾ ਕੇ ਗੱਦਾਰ ਕਿਹਾ। ਜਿਹਨਾਂ ਭਾਜਪਾ ਆਗੂਆਂ ਦੇ ਘਰ ਲੋਕ ਰੋਹ ਦੇ ਨਿਸ਼ਾਨੇ ਉੱਤੇ ਆਏ ਉਹਨਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦਾ ਘਰ ਵੀ ਸੀ। ਬੁਖਲਾਈ ਹੋਈ ਸੂਬਾ ਸਰਕਾਰ ਨੇ ਗ੍ਰਿਫ਼ਤਾਰੀਆਂ ਦਾ ਚੱਕਰ ਚਲਾ ਦਿੱਤਾ।ਸੂਬੇ ਦੇ ਆਈ.ਜੀ ਦੇ 27 ਅਕਤੂਬਰ ਦੇ ਬਿਆਨ ਮੁਤਾਬਕ 69 ਜਣੇ ਗ੍ਰਿਫ਼ਤਾਰ ਕੀਤੇ ਗਏ ਅਤੇ ਚਾਰ ਜਣੇ ਨਜ਼ਰਬੰਦ ਕੀਤੇ ਗਏ। ਚਾਰ ਹੋਰਨਾਂ ਤੇ ਸੂਬੇ ਦਾ ਜਾਬਰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਲਗਾ ਦਿੱਤਾ ਗਿਆ। ਰੈਪਿਡ ਐਕਸ਼ਨ ਫੋਰਸ ਦੇ 250 ਜਵਾਨ ਹੈਲੀਕਾਪਟਰਾਂ ਰਾਹੀਂ ਇਸ ਇਲਾਕੇ ਵਿੱਚ ਉਤਾਰੇ ਗਏ। ਤਿੰਨ ਜਿਲ੍ਹਿਆਂ ਵਿੱਚ ਕੇਂਦਰੀ ਨੀਮ ਫੌਜੀ ਬਲਾਂ ਦੀਆਂ 30 ਕੰਪਨੀਆਂ ਤੈਨਾਤ ਕੀਤੀਆਂ ਗਈਆਂ। ਇਹਨਾਂ ਬਲਾਂ ਨੇ ਅਗਲੇ ਦਿਨਾਂ ਦੌਰਾਨ ਲੋਕਾਂ ਅੰਦਰ ਦਹਿਸ਼ਤ ਪਾਉਣ ਲਈ ਜ਼ੋਰ ਲਾਇਆ। ਲੋਕਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣ ਲੱਗੇ। ਖੇਤੀ ਸੰਦਾਂ ਨੂੰ ਚੱਕ ਕੇ ਜਾਣ ਦੀ ਮਨਾਹੀ ਕਰ ਦਿੱਤੀ ਗਈ ਅਤੇ ਲੋਕਾਂ ਦੇ ਸਧਾਰਨ ਤੋਰੇ ਫੇਰੇ ਵਿੱਚ ਰੋਕਾਂ ਲਾਈਆਂ ਗਈਆਂ। ਪਰ ਇਸ ਦੇ ਬਾਵਜੂਦ ਅਗਲੇ ਦਿਨਾਂ ਵਿੱਚ ਸੰਘਰਸ਼ ਸਿਆਂਗ ਅਤੇ ਅੱਪਰ ਸਿਆਂਗ ਜ਼ਿਲਿਆਂ ਤੋਂ ਹੋਰ ਜ਼ਿਲ੍ਹਿਆਂ ਤੱਕ ਵੀ ਫੈਲ ਗਿਆ। ਨਵੀਂ ਦਿੱਲੀ ਵਿੱਚ ਵੀ ਵਿਦਿਆਰਥੀਆਂ ਅਤੇ ਹੋਰ ਕਾਰਕੁਨਾਂ ਨੇ 31 ਅਕਤੂਬਰ ਅਤੇ 1 ਨਵੰਬਰ ਨੂੰ ਹਿਮਾਇਤੀ ਪ੍ਰਦਰਸ਼ਨ ਕੀਤੇ। ਅਸਾਮ ਵਿੱਚ ਅਨੇਕਾਂ ਥਾਵਾਂ 'ਤੇ ਹਮਾਇਤੀ ਪ੍ਰਦਰਸ਼ਨ ਹੋਏ।
ਹਕੂਮਤੀ ਦਲੀਲਾਂ ਦਾ ਥੋਥ ਨੰਗਾ
ਲੋਕਾਂ ਦੇ ਇਹਨਾਂ ਵਾਜਬ ਸਰੋਕਾਰਾਂ ਅਤੇ ਵੱਡੇ ਖਤਰਿਆਂ ਪ੍ਰਤੀ ਹਮੇਸ਼ਾ ਦੀ ਤਰ੍ਹਾਂ ਭਾਰਤੀ ਹਕੂਮਤ ਪੂਰੀ ਤਰ੍ਹਾਂ ਬੇਵਾਸਤਾ ਹੈ। ਲੋਕਾਂ ਨੂੰ ਉਜਾੜਨ ਵਾਲੇ ਅਤੇ ਕਾਰਪੋਰੇਟ ਮੁਨਾਫ਼ਿਆਂ ਦੀ ਜਾਮਨੀ ਕਰਨ ਵਾਲੇ ਅਜਿਹੇ ਵਿਕਾਸ ਪ੍ਰੋਜੈਕਟਾਂ ਦੀ ਧੁੱਸ ਬਾਕੀ ਥਾਵਾਂ ਦੇ ਨਾਲ ਨਾਲ ਇੱਥੇ ਵੀ ਸਿਰ ਚੜ੍ਹ ਕੇ ਬੋਲ ਰਹੀ ਹੈ। ਇਸ ਪ੍ਰੋਜੈਕਟ ਨੂੰ ਕੌਮੀ ਸੁਰੱਖਿਆ ਦੇ ਮਸਲੇ ਵਜੋਂ ਪੇਸ਼ ਕਰਨ ਲਈ ਤਾਣ ਲਾਇਆ ਜਾ ਰਿਹਾ ਹੈ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਚੀਨ ਦਾ ਮੀਦੋਗ ਪ੍ਰੋਜੈਕਟ ਇੱਕ ਪਾਣੀ ਬੰਬ ਦੀ ਤਰ੍ਹਾਂ ਹੈ ਜਿਸ ਨੂੰ ਚੀਨ ਕਦੇ ਵੀ ਭਾਰਤ ਖਿਲਾਫ਼ ਵਰਤ ਸਕਦਾ ਹੈ। ਕਿਸੇ ਟਕਰਾਅ ਦੀ ਸੂਰਤ ਵਿੱਚ ਇਸ ਪ੍ਰੋਜੈਕਟ ਰਾਹੀਂ ਉਹ ਬ੍ਰਹਮ ਪੁੱਤਰ ਨਦੀ ਦਾ ਪਾਣੀ ਰੋਕ ਕੇ ਭਾਰਤ ਵਿੱਚ ਸੋਕਾ ਵੀ ਪਾ ਸਕਦਾ ਹੈ ਅਤੇ ਵੱਡੀ ਮਾਤਰਾ ਵਿੱਚ ਪਾਣੀ ਛੱਡ ਕੇ ਭਾਰਤੀ ਖੇਤਰ ਵਿੱਚ ਤਬਾਹੀ ਵੀ ਮਚਾ ਸਕਦਾ ਹੈ। ਇਸ ਕਰਕੇ ਭਾਰਤੀ ਡੈਮ ਦੋਨਾਂ ਸੂਰਤਾਂ ਵਿੱਚ ਪਾਣੀ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਹੈ। ਚੀਨ ਵੱਲੋਂ ਛੱਡਿਆ ਗਿਆ ਬੇਲੋੜਾ ਪਾਣੀ ਵੀ ਇਸ ਵਿੱਚ ਰੋਕਿਆ ਜਾ ਸਕਦਾ ਹੈ ਅਤੇ ਚੀਨ ਵੱਲੋਂ ਪਾਣੀ ਰੋਕੇ ਜਾਣ ਦੀ ਸੂਰਤ ਵਿੱਚ ਇਸ ਵਿੱਚ ਪਹਿਲਾਂ ਤੋਂ ਮੌਜੂਦ ਪਾਣੀ ਵਰਤਿਆ ਵੀ ਜਾ ਸਕਦਾ ਹੈ। ਜਲ ਅਤੇ ਡੈਮ ਮਾਹਰਾਂ ਦੇ ਨਾਲ ਨਾਲ ਆਮ ਲੋਕ ਵੀ ਇਸ ਦਲੀਲ ਦਾ ਥੋਥ ਸਮਝ ਰਹੇ ਹਨ ਅਤੇ ਇਸ ਨੂੰ ਗੁਮਰਾਹਕੁੰਨ ਦੱਸ ਰਹੇ ਹਨ। ਹਕੀਕਤ ਇਹ ਹੈ ਕਿ ਭਾਰਤ ਵਿੱਚ ਵਗਣ ਵਾਲੀ ਬ੍ਰਹਮਪੁੱਤਰ ਨਦੀ ਦਾ ਬਹੁਤਾ ਪਾਣੀ ਤਿੱਬਤ ਤੋਂ ਆਉਂਦਾ ਹੀ ਨਹੀਂ ਹੈ। ਦਰਿਆ ਵਹਿਣ ਅਨੁਸਾਰ ਬ੍ਰਹਮਪੁੱਤਰ ਦਾ 60 ਤੋਂ 65 ਫੀਸਦੀ ਪਾਣੀ ਅਰੁਣਾਚਲ ਦੇ ਭਾਰੀ ਮੀਹਾਂ ਅਤੇ ਸੁਬਾਨਸਿਰੀ, ਦੇਬਾਂਗ, ਲੋਹਿਤ ਵਰਗੀਆਂ ਉਪਨਦੀਆਂ ਵਿੱਚੋਂ ਆਉਂਦਾ ਹੈ। ਇਸ ਕਰਕੇ ਪਾਣੀ ਰੋਕੇ ਜਾਣ ਦੀ ਸੂਰਤ ਵਿੱਚ ਵੀ ਬ੍ਰਹਮਪੁੱਤਰ ਨਦੀ ਸੁੱਕ ਨਹੀਂ ਸਕਦੀ ਅਤੇ ਇਸ ਦਾ ਵੱਡਾ ਹਿੱਸਾ ਪਾਣੀ ਵਗਦਾ ਰਹੇਗਾ। ਨਾ ਹੀ ਇਹ ਡੈਮ ਵੱਧ ਪਾਣੀ ਛੱਡੇ ਜਾਣ ਖਿਲਾਫ਼ ਢਾਲ ਬਣ ਸਕਦਾ ਹੈ। ਮਾਹਰ ਸਵਾਲ ਕਰ ਰਹੇ ਹਨ ਕਿ ਭਲਾ 60 ਹਜ਼ਾਰ ਮੈਗਾਵਾਟ ਦੇ ਡੈਮ ਵੱਲੋਂ ਛੱਡਿਆ ਪਾਣੀ 11 ਹਜ਼ਾਰ ਮੈਗਾਵਾਟ ਦਾ ਡੈਮ ਕਿਵੇਂ ਰੋਕ ਸਕਦਾ ਹੈ? ਸਗੋਂ ਇਹ ਡੈਮ ਤਾਂ ਹਾਲਤ ਨੂੰ ਹੋਰ ਬਦਤਰ ਬਣਾ ਸਕਦਾ ਹੈ।ਇਨੇ ਛੱਡੇ ਪਾਣੀ ਨਾਲ ਇਸ ਦੀਆਂ ਬਣਤਰਾਂ ਵੀ ਟੁੱਟ ਸਕਦੀਆਂ ਹਨ ਅਤੇ ਕਹਿਰ ਕਈ ਗੁਣਾ ਵੱਧ ਸਕਦਾ ਹੈ। ਦੇਸ਼ ਦੇ ਚੋਟੀ ਦੇ ਭੂਵਿਗਿਆਨਕ ਇਸ ਪ੍ਰੋਜੈਕਟ ਨੂੰ ਇੱਕ ਜੂਆ ਕਹਿ ਰਹੇ ਹਨ। 544 ਵਿਗਿਆਨਿਕ ਅਤੇ ਖੋਜਾਰਥੀ ਇੱਕ ਸਾਂਝਾ ਪੱਤਰ ਜਾਰੀ ਕਰਕੇ ਚਿਤਾਵਨੀ ਦੇ ਚੁੱਕੇ ਹਨ ਕਿ ਸਿਆਂਗ ਪ੍ਰੋਜੈਕਟ ਉਸਾਰਨ ਨਾਲ ਅਜਿਹੇ ਵਾਤਾਵਰਨਿਕ ਤੇ ਭੂਗੋਲਿਕ ਨੁਕਸਾਨ ਹੋਣਗੇ ਜਿਹੜੇ ਉਲਟਾਉਣ ਯੋਗ ਨਹੀਂ ਹੋਣਗੇ।
ਦਰਅਸਲ ਭਾਰਤ ਚੀਨ ਨਾਲ ਇਸ ਪੱਖੋਂ ਕੋਈ ਵੀ ਸਾਰਥਕ ਸੰਵਾਦ ਵਿੱਚ ਨਹੀਂ ਪੈ ਰਿਹਾ। ਕਿਸੇ ਜਲ ਸੰਧੀ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਚੀਨ ਵੱਲੋਂ ਲਾਏ ਜਾ ਰਹੇ ਪ੍ਰੋਜੈਕਟ ਸਬੰਧੀ ਡਾਟਾ ਹਾਸਿਲ ਕਰਨ ਲਈ ਕੋਈ ਪੈਰਵਾਈ ਨਹੀਂ ਕੀਤੀ ਜਾ ਰਹੀ। 2017 ਦੇ ਡੋਕਲਾਮ ਵਿਵਾਦ ਤੋਂ ਪਹਿਲਾਂ ਚੀਨ ਭਾਰਤ ਨਾਲ ਜਲ ਵਹਿਣਾਂ ਸਬੰਧੀ ਡਾਟਾ ਸਾਂਝਾ ਕਰਦਾ ਰਿਹਾ ਹੈ। ਪਰ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਹਿੱਤ ਉਸ ਨੂੰ ਅਜਿਹੀਆਂ ਖੇਤਰੀ ਖਹਿਬਾਜ਼ੀਆਂ ਅਤੇ ਮੁਕਾਬਲੇਬਾਜ਼ੀਆਂ ਜਾਰੀ ਰੱਖਣ ਲਈ ਤੁੰਨਦੇ ਹਨ। ਇਸ ਲਈ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਵੱਡੀਆਂ ਬਲੀਆਂ ਦੇ ਕੇ ਵੀ ਖੇਤਰੀ ਪਸਾਰਵਾਦੀ ਹਿੱਤਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਥੋਂ ਦੇ ਲੋਕ ਪੁੱਛ ਰਹੇ ਹਨ ਕਿ ਚੀਨੀ ਸਰਕਾਰ ਨਾਲ ਕਿਸੇ ਸੰਧੀ ਵਿੱਚ ਨਾਕਾਮਯਾਬੀ ਦੀ ਕੀਮਤ ਲੋਕਾਂ ਤੋਂ ਕਿਉਂ ਵਸੂਲੀ ਜਾ ਰਹੀ ਹੈ।
ਉੱਤਰ ਪੂਰਬ ਦੇ ਲੋਕ ਪਹਿਲਾਂ ਵੀ ਅਜਿਹੇ ਪ੍ਰੋਜੈਕਟਾਂ ਖਿਲਾਫ਼ ਸੰਘਰਸ਼ ਲੜਦੇ ਆਏ ਹਨ। ਇਸ ਨੂੰ ਵੀ ਉਹ ਜ਼ਿੰਦਗੀ ਮੌਤ ਦੀ ਲੜਾਈ ਵਜੋਂ ਹੀ ਦੇਖ ਰਹੇ ਹਨ। 23 ਅਕਤੂਬਰ ਦੇ ਬੰਦ ਦੇ ਸੱਦੇ ਦੌਰਾਨ ਇੱਕ ਬੈਨਰ ਉੱਤੇ ਲਿਖਿਆ ਸੀ "ਸਿਆਂਗ ਵਹਿੰਦਾ ਰਹੇਗਾ। ਜਾਂ ਆਪਣੇ ਵਿੱਚ ਮੱਛੀਆਂ ਲੈ ਕੇ ਜਾਂ ਮਰ ਗਿਆਂ ਦੀਆਂ ਲਾਸ਼ਾਂ ਲੈ ਕੇ ।ਇਹ ਵਹਿੰਦਾ ਰਹੇਗਾ। ਸਿਆਂਗ ਹਮੇਸ਼ਾ ਆਜ਼ਾਦ ਰਹੇਗਾ"।
ਸਿਆਂਗ ਦੇ ਜਾਏ ਸਿਆਂਗ ਲਈ ਲੜ ਰਹੇ ਹਨ। ਅਜਿਹੇ ਮਾਰੂ ਵਿਕਾਸ ਪ੍ਰੋਜੈਕਟਾਂ ਦੇ ਖਿਲਾਫ਼ ਸਿਆਂਗ ਦੀ ਆਵਾਜ਼ ਵਿੱਚ ਸਤਲੁਜ ਦੀ ਆਵਾਜ਼ ਵੀ ਜ਼ਰੂਰ ਰਲਣੀ ਚਾਹੀਦੀ ਹੈ।
--0--

No comments:
Post a Comment