
ਬੰਗਲਾਦੇਸ਼:
ਉਜਰਤਾਂ ਦੇ ਵਾਧੇ ਖਾਤਰ ਰੈਡੀਮੇਡ ਕੱਪੜਾ ਸਨਅਤ ਦੇ
ਕਾਮਿਆਂ ਦਾ ਸੰਘਰਸ਼
-ਪੱਤਰ ਪ੍ਰੇਰਕ
ਬੰਗਲਾਦੇਸ਼ ਦੀ ਰੈਡੀਮੇਡ ਕੱਪੜਾ ਸਨਅਤ ਦੇ ਕਾਮੇ ਉਜਰਤਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਪਿੜ੍ਹ 'ਚ ਫਿਰ ਤੋਂ ਤਰਥੱਲੀਆਂ ਮਚਾ ਰਹੇ ਹਨ। ਮਜ਼ਦੂਰਾਂ ਦੀ ਮੰਗ ਹੈ ਕਿ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ ਮੌਜੂਦਾ 12500 ਟਕਾ (ਬੰਗਲਾਦੇਸ਼ੀ ਰੁਪਇਆ) ਤੋਂ ਵਧਾ ਕੇ 30000 ਕੀਤੀ ਜਾਵੇ। ਲੰਘੀ 31 ਅਕਤੂਬਰ ਤੋਂ ਏਸ਼ੂਲਯਾ, ਸਾਵਰ, ਗਾਜ਼ੀਪੁਰ ਅਤੇ ਨਾਰਾਯਣਗੰਜ 'ਚ ਕਿਰਤੀਆਂ ਵੱਲੋਂ ਧਰਨੇ-ਪ੍ਰਦਰਸ਼ਨ, ਸੜਕ ਜਾਮ, ਹੜਤਾਲਾਂ ਅਤੇ ਪੁਲਸ ਨਾਲ ਝੜੱਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਦਿਨੋ ਦਿਨ ਵੱਧਦੀ ਮਹਿੰਗਾਈ, ਵੱਸੋਂ ਬਾਹਰ ਹੁੰਦੀਆਂ ਰੋਜ਼ਮਰ੍ਹਾ ਦੀਆਂ ਲੋੜਾਂ, ਮਹਿੰਗੀ ਹੁੰਦੀ ਵਿਦਿਆ ਤੇ ਸਿਹਤ ਸਹੂਲਤਾਂ, ਅਸਮਾਨ ਛੂੰਹਦੇ ਘਰਾਂ ਦੇ ਕਿਰਾਏ ਅਤੇ ਉੱਪਰੋਂ ਤਾਲਾਬੰਦੀਆਂ ਕਾਰਨ ਰੁਜ਼ਗਾਰ ਨੂੰ ਪੈਦਾ ਹੋ ਰਿਹਾ ਖਤਰਾ, ਕਿਰਤੀਆਂ ਦੇ ਇਸ ਤਿੱਖੇ ਰੋਹ ਫੁਟਾਰੇ ਦਾ ਹਕੀਕੀ ਫੌਰੀ ਕਾਰਨ ਬਣਿਆਂ। ਕਾਮਿਆਂ ਦਾ ਸੰਘਰਸ਼ ਇੰਨਾ ਜਬਰਦਸਤ ਹੈ ਕਿ ਇਸ ਨੇ ਮੁਲਕ ਦੀਆਂ ਲੱਗਭੱਗ ਸਾਰੀਆਂ ਕੱਪੜਾ ਸਨਅਤ ਪੱਟੀਆਂ ਨੂੰ ਜਾਮ ਕਰਕੇ ਰੱਖ ਦਿੱਤਾ ਹੈ।
ਚੀਨ ਤੋਂ ਬਾਅਦ, ਰੈਡੀਮੇਡ ਕੱਪੜਿਆਂ ਦੀ ਬਰਾਮਦ ਕਰਨ ਵਾਲਾ ਬੰਗਲਾਦੇਸ਼ ਦੂਜੇ ਨੰਬਰ ਦਾ ਮੁਲਕ ਹੈ। ਮੁਲਕ ਦੀਆਂ ਕੁੱਲ ਬਰਾਮਦਾਂ 'ਚ 80 ਪ੍ਰਤੀਸ਼ਤ ਤੋਂ ਵੀ ਵੱਧ ਹਿੱਸਾ ਪਾਉਣ ਵਾਲੇ ਇਸ ਖੇਤਰ 'ਚ 40 ਲੱਖ ਤੋਂ ਵੀ ਵੱਧ ਕਾਮੇ ਕੰਮ ਕਰਦੇ ਹਨ। ਬੰਗਲਾਦੇਸ਼ੀ ਅਰਥਚਾਰੇ ਲਈ ਰੈਡੀਮੇਡ ਕੱਪੜਾ ਖੇਤਰ ਦੀ ਮਹੱਤਤਾ ਇਸ ਤੱਥ ਤੋਂ ਸਮਝੀ ਜਾ ਸਕਦੀ ਹੈ ਕਿ 40 ਬਿਲੀਅਨ ਡਾਲਰ ਦੀਆਂ ਬਰਾਮਦਾਂ ਉਤਪਨ ਕਰਦਾ ਇਹ ਖੇਤਰ, ਮੁਲਕ ਦੇ ਕੁੱਲ ਘਰੇਲੂ ਉਤਪਾਦ 'ਚ 10 ਪ੍ਰਤੀਸ਼ਤ ਹਿੱਸਾ ਪਾਉਂਦਾ ਹੈ। ਹਕੀਕਤ 'ਚ ਇਸ ਖੇਤਰ ਦੀ ਸਫ਼ਲਤਾ, ਘੱਟ ਉਜਰਤਾਂ ਦੇ ਕੇ ਕਾਮਿਆਂ ਦੀ ਕੀਤੀ ਜਾਂਦੀ ਲੁੱਟ ਦੇ ਆਧਾਰ 'ਤੇ ਖੜ੍ਹੀ ਹੈ। ਜਾਣਬੁੱਝ ਕੇ ਨੀਵੀਆਂ ਰੱਖੀਆਂ ਉਜਰਤਾਂ - ਜੋ ਐਚ ਐਂਡ ਐਮ, ਜ਼ਾਰਾ, ਗੈਪ, ਪਰਿਮਾਰਕ ਅਤੇ ਵਾਲਮਾਰਟ ਵਰਗੇ ਅੰਤਰਰਾਸ਼ਟਰੀ ਖਰੀਦਦਾਰਾਂ ਵਾਸਤੇ ਬੰਗਲਾਦੇਸ਼ ਨੂੰ ਆਕਰਸ਼ਕ ਖਰੀਦ ਬਾਜ਼ਾਰ ਬਣਾਉਂਦੀਆਂ ਹਨ, ਦੂਜੇ ਪਾਸੇ ਇਹਨਾਂ ਘੱਟ ਉਜਰਤਾਂ ਨੇ ਹੀ ਬੰਗਲਾਦੇਸ਼ੀ ਕਿਰਤੀਆਂ ਨੂੰ ਗੁਜਰ-ਬਸਰ ਦੀਆਂ ਨਿੱਤ ਦਿਹਾੜੀ ਵਧਦੀਆਂ ਕੀਮਤਾਂ ਅੱਗੇ ਬੇਵੱਸ ਕਰ ਦਿੱਤਾ ਹੈ। ਮਜ਼ਦੂਰ ਮੁਹਾਜ਼ 'ਤੇ ਹੋ ਰਹੀ ਹਾਲੀਆ ਜਬਰਦਸਤ ਹਲਚਲ ਨੇ ਸਾਮਰਾਜੀ ਲੋੜਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੜ੍ਹੇ ਕੀਤੇ ਅਤੇ ਢਾਲੇ ਬਰਾਮਦਾਂ ਅਧਾਰਤ ਵਿਕਾਸ ਮਾਡਲ ਦੀ ਤਹਿ ਹੇਠਾਂ ਹਰਕਤਸ਼ੀਲ ਵਿਰੋਧਤਾਈਆਂ ਨੂੰ ਉਜਾਗਰ ਕਰ ਦਿੱਤਾ ਹੈ - ਜਿਸ ਵਿੱਚ ਅਰਬਾਂ ਡਾਲਰ ਦਾ ਬਰਾਮਦ ਮਾਲੀਆ ਪੈਦਾ ਕਰਨ ਵਾਲੇ ਕਿਰਤੀ, ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਦੀਆਂ ਦਿਨੋ ਦਿਨ ਵੱਧਦੀਆਂ ਕੀਮਤਾਂ ਨਾਲ ਮੜਿੱਕਣ ਤੋਂ ਵੀ ਅਸਮਰੱਥ ਹਨ।ਕੱਪੜਾ ਸਨਅਤ ਦੇ ਮਜ਼ਦੂਰ ਮੁਹਾਜ 'ਤੇ 31 ਅਕਤੂਬਰ ਨੂੰ ਉਬਾਲ ਆਇਆ। ਅਗਲੇ 10 ਦਿਨਾਂ 'ਚ 30 ਤੋਂ ਵੱਧ ਧਰਨੇ ਪ੍ਰਦਰਸ਼ਨ ਹੋਏ ਅਤੇ ਬਹੁਤੇ ਥਾਈਂ ਪੁਲਸ ਨਾਲ ਝੜੱਪਾਂ ਹੋਈਆਂ। ਕਿਰਤੀ ਨਾ ਸਿਰਫ਼ ਉਜਰਤਾਂ 'ਚ ਵਾਧੇ ਲਈ, ਸਗੋਂ ਬੇਹਤਰ ਕੰਮ ਹਾਲਤਾਂ ਦੀ ਗਰੰਟੀ ਲਈ ਅਤੇ ਹੋ ਰਹੀਆਂ ਤਾਲਾਬੰਦੀਆਂ ਖਿਲਾਫ਼ ਵੀ ਸੜਕਾਂ 'ਤੇ ਉੱਤਰੇ ਹਨ। ਬਹੁਤੇ ਰੋਹ ਪ੍ਰਦਰਸ਼ਨ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ 'ਚ ਕੇਂਦਰਿਤ ਰਹੇ ਜਿੱਥੇ ਬਹੁਤ ਸਾਰੀ ਕੱਪੜਾ ਸਨਅਤ ਸਥਿਤ ਹੈ। ਇਸ ਗੱਲ ਨੇ ਵੱਡੀ ਪੱਧਰ 'ਤੇ ਲੋਕਾਂ ਦਾ ਧਿਆਨ ਖਿੱਚਣ 'ਚ ਰੋਲ ਅਦਾ ਕੀਤਾ। 14 ਨਵੰਬਰ ਨੂੰ ਮਜ਼ਦੂਰਾਂ ਨੇ ਕਾਲੀਆਕੈਰ, ਗਾਜ਼ੀਪੁਰ ਦੇ ਚੰਦਰਾ ਪੱਲੀ ਬਿਦਿਉਤ ਇਲਾਕੇ 'ਚ ਢਾਕਾ-ਤੰਗਾਇਲ ਹਾਈਵੇ ਜਾਮ ਕਰ ਦਿੱਤਾ ਜਿਸ ਨਾਲ ਸੜਕ ਦੇ ਦੋਹੀਂ ਪਾਸੀਂ ਟ੍ਰੈਫਿਕ ਠੱਪ ਹੋ ਗਿਆ। ਲੰਘੇ ਵੀਰਵਾਰ ਚੰਦਰਾ ਪੱਲੀ ਬਿਦਿਉਤ ਇਲਾਕੇ 'ਚ ਸਥਿਤ ਟਰੌਪੀਕਲ ਫੈਕਟਰੀ ਅਤੇ ਪੁਰਬਾ ਚੰਦਰਾ ਵਿਚਲੀ ਏਪਕਸ ਫੈਕਟਰੀ ਦੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀ ਮਜ਼ਦੂਰਾਂ ਨੂੰ ਖਿੰਡਾਉਣ ਖਾਤਰ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡ ਇਸਤੇਮਾਲ ਕੀਤੇ ਗਏ ਜਿਸ ਵਿੱਚ ਕਈ ਮਜ਼ਦੂਰ ਜਖਮੀ ਹੋ ਗਏ। ਜਿਓਂ ਹੀ ਇਹ ਖ਼ਬਰ ਫੈਲੀ ਕਿ ਵੀਰਵਾਰ ਦੀ ਪੁਲਸ ਕਾਰਵਾਈ 'ਚ ਜਖ਼ਮੀ ਹੋਏ ਮਜ਼ਦੂਰ ਦੀ ਮੌਤ ਹੋ ਗਈ ਹੈ, ਕਿਰਤੀਆਂ ਨੇ ਕੰਮ ਬੰਦ ਕਰਕੇ ਮੁੜ ਤੋਂ ਰੋਹ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨੇੜਲੀਆਂ 7 ਫੈਕਟਰੀਆਂ ਦੇ ਮਜ਼ਦੂਰ ਵੀ ਇਹਨਾਂ ਪ੍ਰਦਰਸ਼ਨਾਂ 'ਚ ਸ਼ਾਮਿਲ ਹੋ ਗਏ। 15 ਨਵੰਬਰ ਨੂੰ ਢਾਕਾ-ਤੰਗਾਇਲ ਹਾਈਵੇ ਜਾਮ ਕਰਨ ਖਾਤਰ ਗਾਜ਼ੀਪੁਰ ਦੇ ਕੋਨਾਬਾਰੀ ਇਲਾਕੇ 'ਚ ਇੱਕਠੇ ਹੋਏ ਮਜਦੂਰਾਂ ਨੂੰ ਖਿੰਡਾਉਣ ਖਾਤਰ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਪਰ ਮਜ਼ਦੂਰ ਰੋਹ, ਨਾਲ ਲੱਗਦੇ ਮੋਊਚਕ ਇਲਾਕੇ ਤੱਕ ਫੈਲ ਗਿਆ ਅਤੇ ਕਿਰਤੀ ਫੈਕਟਰੀਆਂ 'ਚੋਂ ਨਿੱਕਲ ਕੇ ਸੜਕਾਂ 'ਤੇ ਆ ਗਏ। ਮਜ਼ਦੂਰਾਂ ਦੇ ਖਾੜਕੂ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਬੰਗਲਾਦੇਸ਼ੀ ਹਕੂਮਤ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦੰਗਾ ਰੋਕੂ ਸਾਜੋ-ਸਮਾਨ ਨਾਲ ਲੈਸ ਆਮ ਪੁਲਸ, ਬੰਗਲਾਦੇਸ਼ ਬਾਰਡਰ ਗਾਰਡ ਦੀਆਂ 13 ਪਲਟੂਨਾਂ, ਅਲੀਟ ਸਪੈਸ਼ਲ ਬਟਾਲੀਅਨ ਅਤੇ ਅਨਸਾਰ ਦੇ ਜਵਾਨ, ਮਜ਼ਦੂਰ ਰੋਹ ਨੂੰ ਕੰਟਰੋਲ ਕਰਨ ਖਾਤਰ ਮੈਦਾਨ 'ਚ ਉਤਾਰੇ ਗਏ ਹਨ। ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ ਅਤੇ ਤਿੱਖੀ ਆਵਾਜ਼ ਵਾਲੇ ਗ੍ਰਨੇਡਾਂ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਕੇਸ ਦਰਜ ਕਰਕੇ ਮਜ਼ਦੂਰਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਗਾਜ਼ੀਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਜਵਾਨਾਂ ਦੀ ਸਹਾਇਤਾ ਅਤੇ ਅਗਵਾਈ ਲਈ 25 ਕਾਰਜਕਾਰੀ ਮੈਜਿਸਟ੍ਰੇਟ ਨਿਯੁਕਤ ਕੀਤੇ ਹਨ। ਸਾਵਰ, ਅਸ਼ੁਲਯਾ, ਗਾਜ਼ੀਪੁਰ ਅਤੇ ਨਾਰਾਇਣਗੰਜ ਇਲਾਕਿਆਂ 'ਚ ਬੰਗਲਾਦੇਸ਼ ਬਾਰਡਰ ਗਾਰਡ ਦੀਆਂ 35 ਪਲਟੂਨਾਂ ਤਾਇਨਾਤ ਕੀਤੀਆਂ ਗਈਆਂ ਹਨ।
ਦੂਜੇ ਪਾਸੇ ਮਿੱਲ ਮਾਲਕਾਂ ਨੇ ਕਿਰਤੀਆਂ ਨੂੰ ਦਹਿਸ਼ਤਜ਼ਦਾ ਅਤੇ ਬੇਬੱਸ ਕਰਨ ਖਾਤਰ ਬੰਗਲਾਦੇਸ਼ ਕਿਰਤ ਕਾਨੂੰਨ ਦਾ ਸਹਾਰਾ ਲੈਂਦਿਆਂ 'ਕੰਮ ਨਹੀਂ ਤਾਂ ਤਨਖਾਹ ਨਹੀਂ' ਦਾ ਨਿਯਮ ਲਾਗੂ ਕਰ ਦਿੱਤਾ ਹੈ। ਪਰ ਸਭ ਕਿਸਮ ਦੀਆਂ ਧਮਕੀਆਂ ਅਤੇ ਜਾਬਰ ਕਦਮਾਂ ਦੇ ਬਾਵਜੂਦ ਕਿਰਤੀ ਆਪਣੀਆਂ ਹੱਕੀ ਮੰਗਾਂ ਖਾਤਰ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਲਾਗੂ ਕਰਦਿਆਂ ਡਟੇ ਹੋਏ ਹਨ। 14 ਨਵੰਬਰ ਨੂੰ ਸਾਵਰ ਅਤੇ ਗਾਜ਼ੀਪੁਰ ਸਮੇਤ ਅੱਡ-ਅੱਡ ਖੇਤਰਾਂ 'ਚ ਸਥਿਤ 147 ਕੱਪੜਾ ਮਿੱਲਾਂ 'ਚ ਉਤਪਾਦਨ ਵਕਤੀ ਤੌਰ ਬੰਦ ਕਰ ਦਿੱਤਾ ਗਿਆ। ਮਿੱਲ ਮਾਲਕਾਂ ਨੇ ਕਿਰਤ ਕਾਨੂੰਨ ਦੀ ਧਾਰਾ 13(1) ਦੀ ਵਰਤੋਂ ਕਰਦਿਆਂ 55 ਫੈਕਟਰੀਆਂ ਬੰਦ ਕਰਨ ਦਾ ਐਲਾਨ ਕੀਤਾ। ਛਾਂਟੀਆਂ ਅਤੇ ਤਾਲਾਬੰਦੀਆਂ ਦਾ ਸਿਲਸਿਲਾ ਵੀ ਜਾਰੀ ਹੈ।
ਇਹ ਮਜ਼ਦੂਰਾਂ ਵਲੋਂ ਲੜੇ ਜਾ ਰਹੇ ਖਾੜਕੂ ਘੋਲ ਦੇ ਸਦਕੇ ਹੀ ਹੈ ਕਿ ਬੰਗਲਾਦੇਸ਼ ਹਕੂਮਤ ਨੂੰ ਸੋਧੀਆਂ ਉਜਰਤਾਂ ਸੁਝਾਉਣ ਖਾਤਰ ਇੱਕ 'ਘੱਟੋ-ਘੱਟ ਉਜਰਤ ਬੋਰਡ' ਦਾ ਗਠਨ ਕਰਨਾ ਪਿਆ ਹੈ। ਇਸ ਬੋਰਡ ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ ਆਪਣੀਆਂ ਸਿਫਾਰਸ਼ਾਂ ਦੇਣ ਨੂੰ ਕਿਹਾ ਗਿਆ ਹੈ ਤਾਂ ਕਿ ਸੋਧੀਆਂ ਉਜਰਤਾਂ 1 ਦਸੰਬਰ ਤੋਂ ਲਾਗੂ ਕੀਤੀਆਂ ਜਾ ਸਕਣ। ਪਰ ਕਿਸੇ ਭੁਚਲਾਵੇ 'ਚ ਆਉਣ ਦੀ ਥਾਂ ਕਿਰਤੀ ਆਪਣੀ ਟੇਕ ਸੰਘਰਸ਼ਾਂ ਦੀ ਦਾਬ 'ਤੇ ਹੀ ਬਣਾ ਕੇ ਰੱਖ ਰਹੇ ਹਨ।
No comments:
Post a Comment