ਸੂਰਮੇ ਵੀਅਤਕਾਂਗੀ ਬੱਚੇ
6 ਨਵੰਬਰ ਨੂੰ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੀ 50ਵੀਂ ਬਰਸੀ ਸੀ। ਇਹ ਸੰਤ ਰਾਮ ਉਦਾਸੀ ਦੀ ਕਲਮ ਦੀ ਤਾਕਤ ਹੈ ਕਿ ਅੱਜ ਵੀ ਉਸ ਦੇ ਗੀਤ ਕਵਿਤਾਵਾਂ ਲੋਕ ਸੰਘਰਸ਼ਾਂ ਦੇ ਅਖਾੜਿਆਂ 'ਚ ਗੂੰਜਦੇ ਹਨ। "ਇਹ ਧਰਤੀ ਹੈ ਮਜ਼ਦੂਰਾਂ ਦੀ ਨਹੀਂ ਸਰਮਾਏਦਾਰਾਂ ਦੀ" ਦਾ ਐਲਾਨ ਕਰਨ ਵਾਲੇ ਲੋਕ ਕਵੀ ਨੂੰ ਯਾਦ ਕਰਦਿਆਂ ਉਸ ਦੀ ਇਕ ਕਵਿਤਾ ਪ੍ਰਕਾਸ਼ਿਤ ਕਰ ਰਹੇ ਹਾਂ ਜਿਹੜੀ ਅਮਰੀਕੀ ਸਾਮਰਾਜ ਖਿਲਾਫ ਇਤਿਹਾਸਿਕ ਵੀਅਤਨਾਮੀ ਟਾਕਰਾ ਜੰਗ ਵੇਲੇ ਲਿਖੀ ਗਈ ਸੀ। ਅੱਜ ਗਾਜ਼ਾ 'ਚ ਸਾਮਰਾਜੀਆਂ ਵੱਲੋਂ ਡੋਲ੍ਹੇ ਜਾ ਰਹੇ ਲਹੂ ਵੇਲੇ ਸੰਤ ਰਾਮ ਉਦਾਸੀ ਦੀ ਇਹ ਰਚਨਾ ਉਵੇਂ ਹੀ ਸੱਜਰੀ ਜਾਪਦੀ ਹੈ। ਉਦਾਸੀ ਆਪਣੇ ਗੀਤਾਂ ਕਵਿਤਾਵਾਂ ਨਾਲ ਹੁਣ ਵੀ ਹਾਜ਼ਰ ਹੈ। -ਸੰਪਾਦਕ
ਸੁਣੋ ਸੁਣੋ ਧਰਤੀ ਦੇ ਲੋਕੋ,
ਸਾਕਾ ਜ਼ੁਲਮ ਕਹਾਣੀ ਦਾ ਵੀਅਤਨਾਮ ਦੀ ਧਰਤੀ ਉਤੇ,
ਖੂਨ ਹੋਇਆ ਜ਼ਿੰਦਗਾਨੀ ਦਾ
ਸੱਤ ਸਮੁੰਦਰ ਪਾਰੋਂ ਲੰਘ ਕੇ, ਜ਼ਾਲਮ ਕੋਈ ਆਇਆ ਏ
ਜਿਸ ਧਰਤੀ ਦਿਆਂ ਲਾਲਾਂ ਉਤੇ ਜ਼ੁਲਮੀਂ ਵਾਰ ਚਲਾਇਆ ਏ
ਮਾਣ ਹੈ ਉਸ ਨੂੰ ਕੁਝ ਜਾਤੀ ਦਾ,
ਮਾਣ ਹੈ ਕੁਝ ਸਰਮਾਏ ਦਾ ਮਾਣ ਹੈ ਉਸ ਨੂੰ ਜਾਗੀਰਾਂ ਦਾ, ਮਾਣ ਹੈ ਡੰਗ ਚਲਾਏ ਦਾ
ਵੀਅਤਕਾਂਗ ਦੇ ਦੋ ਤਿੰਨ ਬੱਚੇ,
ਜ਼ਾਲਮ ਪਕੜ ਲਿਆਏ ਹੋ ਸੰਗੀਨਾਂ ਦੇ ਪਹਿਰੇ ਹੇਠਾਂ,
ਤੰਬੂ ਵਿਚ ਠਹਿਰਾਏ ਹੋ
ਬੱਚਾ ਸੀ ਇਕ ਛੇ ਸਾਲਾਂ ਦਾ, ਦੂਜਾ ਸੀ ਕੁਝ ਗਿਆਰਾਂ ਦਾ ਪਰ ਤੀਜਾ ਸੀ ਚੋਂਘੜ ਹਾਲੀ ਫੁੱਲ ਜਿਵੇਂ ਅਨਾਰਾਂ ਦਾ
ਵੇਖ ਵੇਖ ਕੇ ਸੰਗੀਨਾਂ ਨੂੰ, ਬਾਲਕ ਨਾ ਘਬਰਾਏ ਸੀ
ਚਾਰ ਦਿਨਾਂ ਦੇ ਕੈਦੀ ਬੱਚੇ, ਭੁੱਖੇ ਤੇ ਤਿਹਾਏ ਸੀ
ਪੰਜਵੇਂ ਦਿਨ ਜ਼ਾਲਮ ਦੀ ਪਲਟਣ ਦਾ ਸੀ ਜੁ ਸਰਦਾਰ ਬੜਾ ਗੋਰਾ ਕਾਲ਼ੇ ਦਿਲ ਵਾਲ਼ਾ ਸੀ, ਆ ਬੱਚਿਆਂ ਦੇ ਕੋਲ ਖੜ੍ਹਾ
ਭੁੱਖੇ ਬੱਚਿਆਂ ਨੂੰ ਉਹ ਆਖੇ, ਥੋਨੂੰ ਕੇਕ ਖੁਆਵਾਂਗਾ
ਅਮਰੀਕਾ ਵਿਚ ਬਣੇ ਖਿਡਾਉਣੇ, ਖੇਡਣ ਲਈ ਦੁਆਵਾਂਗਾ।
ਪਰ ਜੇ ਦੱਸੋਂ ਬਾਪ ਤੁਹਾਡੇ, ਰਾਤੀਂ ਕਿਥੇ ਰਹਿੰਦੇ ਹੋ
ਥੋਡੇ ਵੀਰ ਤੁਹਾਡੀਆਂ ਭੈਣਾਂ, ਕਿਥੇ ਉਠਦੇ ਬਹਿੰਦੇ ਹੋ
ਇਹ ਸੁਣ ਬੱਚੇ ਸਹਿਮ ਗਏ ਸੀ, ਮੂੰਹੋਂ ਕੁਝ ਨਾ ਦੱਸਦੇ ਹੋ ਵੇਖ-ਵੇਖ ਕੇ ਸਹਿਮ ਉਹਨਾਂ ਦਾ, ਜ਼ਾਲਮ ਅੱਗੋਂ ਹੱਸਦੇ
ਜਾਂ ਫਿਰ ਅੱਗੋਂ ਕੁਝ ਨਾ ਦੱਸਿਆ,ਵੀਅਤਨਾਮ ਦਿਆਂ ਲਾਲਾਂ ਨੇ
ਗੋਰੇ ਮੌਤ ਦਾ ਹੁਕਮ ਸੁਣਾਇਆ, ਸੌ ਸੌ ਦਿੱਤੀਆਂ ਗਾਲ੍ਹਾਂ ਨੇ
ਹਾਕਮ ਦਾ ਝੱਟ ਹੁਕਮ ਸੁਣੇਂਦਾ, ਇਕ ਸਿਪਾਹੀ ਆਇਆ ਸੀ ਵੱਡੇ ਭਰਾ ਦੀ ਗੋਦੀ ਚੁੱਕਿਆ, ਨਿੱਕਾ ਬਾਲ ਛੁਡਾਇਆ ਸੀ
ਲਾ ਸੰਗੀਨ ਸੀ ਭੁੱਖੇ ਢਿੱਡ ਨੂੰ, ਉਪਰ ਵੱਲ ਵਗਾ ਦਿੱਤਾ ਤੇ ਮੁੜਦੇ ਨੂੰ ਨੋਕ ਸਹਾਰੇ, ਉਪਰ ਹੀ ਅਟਕਾ ਦਿੱਤਾ
ਏਦਾਂ ਵੱਡੇ ਬੱਚਿਆਂ ਨੂੰ ਵੀ, ਥਾਵੇਂ ਪਾਰ ਬੁਲਾ ਦਿੱਤਾ। ਕਮਿਊਨਿਜ਼ਮ ਤੋਂ ਵੀਅਤਨਾਮ ਨੂੰ, ਏਦਾਂ ਮੁਕਤ ਕਰਾ ਦਿੱਤਾ
ਜਾਗੋ ਵੇ ਧਰਤੀ ਦੇ ਲੋਕੋ, ਬੱਚਿਆਂ ਦੀ ਸਹੁੰ ਲੈ ਕੇ ਵੇ ਮਾਸੂਮਾਂ ਦੇ ਕਾਤਲ ਫੁੰਡੋ, ਬਰਛੀ ਹੱਕ ਦੀ ਲੈ ਕੇ ਵੇ
-ਸੰਤ ਰਾਮ ਉਦਾਸੀ

No comments:
Post a Comment