Sunday, October 4, 2015

19) ਸੱਥ ਚਰਚਾ...



ਸੰਪਾਦਕ ਸੁਰਖ਼ ਲੀਹ,
ਸੁਰਖ਼ ਲੀਹ 'ਚ ਸੁਰਖ਼ ਰੇਖਾ ਦਾ ਜਾਰੀ ਰੂਪ ਮਹਿਸੂਸ ਹੋਇਆ ਹੈ। ਮੌਜੂਦਾ ਕਿਸਾਨ ਸੰਘਰਸ਼ ਦੀ ਹਾਲਤ 'ਚ ਅਜਿਹੇ ਅੰਕ ਦੀ ਹੀ ਜ਼ਰੂਰਤ ਸੀ। ਖੁਦਕੁਸ਼ੀਆਂ ਬਾਰੇ ਸੂਚੀ ਜਾਣਕਾਰੀ ਭਰਪੂਰ ਹੋਣ ਦੇ ਨਾਲ ਨਾਲ ਵਿਰਾਟ ਕਿਸਾਨੀ ਸੰਕਟ ਦੀ ਗੰਭੀਰਤਾ ਨੂੰ ਸਾਹਮਣੇ ਲਿਆਉਂਦੀ ਹੈ। ਸਨਸਨੀਖੇਜ਼ ਪੱਤਰਕਾਰੀ ਬਾਰੇ ਪਰਮਿੰਦਰ ਦਾ ਲੇਖ ਅਤੇ ਐਨ. ਕੇ. ਜੀਤ ਦੀ ਕਰਜ਼ਿਆਂ ਬਾਰੇ ਲਿਖਤ ਬਹੁਤ ਹੀ ਮਹੱਤਵਪੂਰਨ ਹਨ। ਜੀਤ ਦੀ ਲਿਖਤ ਵਿੱਚ ਲਾਈ ਡੱਬੀ ਸੰਘਰਸ਼ ਨੂੰ ਨਿੱਗਰ ਅਗਵਾਈ ਦੇਣ ਵਾਲੀ ਹੈ।

ਰਣਬੀਰ ਧੀਰ, ਬਠਿੰਡਾ

ਸਾਥੀ ਜਸਪਾਲ ਜੱਸੀ,
ਨਾਜ਼ਰ ਸਿੰਘ ਨੇ ਵੱਖਰਾ ਪਰਚਾ ਕੱਢ ਕੇ ਅਤੇ ਇਸਨੂੰ ਸੁਰਖ਼ ਰੇਖਾ ਦੇ ਅਗਲੇ ਅੰਕ ਵਜੋਂ ਪੇਸ਼ ਕਰਕੇ ਸਿਆਣਪ ਨਹੀਂ ਕੀਤੀ। ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਨਾਜ਼ਰ ਸਿੰਘ ਨੂੰ 'ਸੁਰਖ਼ ਰੇਖਾ' ਦੇ ਵਿਚਾਰਾਂ ਨਾਲ ਸਹਿਮਤੀ ਦੇ ਆਧਾਰ 'ਤੇ ਇਸਦੀ ਤਕਨੀਕੀ ਮਾਲਕੀ ਲਈ ਚੁਣਿਆ ਗਿਆ ਸੀ। ਇਹ ਨਿੱਜੀ ਮਾਲਕੀ ਉੱਕਾ ਹੀ ਨਹੀਂ ਸੀ। ਤਾਂ ਵੀ ਜੇ ਨਿਰੀ ਤਕਨੀਕੀ ਮਾਲਕੀ ਦੇ ਸਿਰ 'ਤੇ ਇਸ ਮਕਬੂਲ ਪਰਚੇ ਦਾ ਨਾਂ ਉਸਨੇ ਮੁੱਠੀ 'ਚ ਕਰਨਾ ਹੀ ਸੀ ਤਾਂ ਘੱਟੋ ਘੱਟ ਪਾਠਕਾਂ ਨੂੰ ਅਸਲ ਗੱਲ ਦੱਸਣ ਦੀ ਇਮਾਨਦਾਰੀ ਜ਼ਰੂਰ ਵਿਖਾਉਂਦਾ। ਤੁਸੀਂ ਇਸ ਗੁਮਰਾਹੀ ਕਦਮ ਬਾਰੇ ਪਾਠਕਾਂ ਨੂੰ ਵੇਲੇ ਸਿਰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਇਆ ਹੈ। ਤੁਹਾਡੀ ਸੂਚਨਾ ਨੇ ਉਸਨੂੰ ਆਪਣਾ ਅਸਲੀ ਰੰਗ ਸਾਹਮਣੇ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਉਹ ਸੁਰਖ਼ ਰੇਖਾ ਦੇ ਵਿਚਾਰਾਂ ਨੂੰ ਨਿੰਦ ਰਿਹਾ ਹੈ ਅਤੇ ਓਸੇ ਸਮੇਂ ਇਸਦੀ ਵਿਰਾਸਤ ਦਾ ਦਾਅਵਾ ਵੀ ਕਰੀ ਜਾ ਰਿਹਾ ਹੈ। ਖੈਰ, ''ਐਕਟਿੰਗ ਸੰਪਾਦਕ'' ਤਾਂ ਅਜਿਹੀ ਐਕਟਿੰਗ ਹੀ ਕਰ ਸਕਦੇ ਹਨ! ਗੰਭੀਰ ਇਨਕਲਾਬੀ ਸੰਪਾਦਨ ਲਈ ਵਿਚਾਰਾਂ ਦੀ ਸਥਿਰਤਾ ਜ਼ਰੂਰੀ ਹੈ।
ਅਮੋਲਕ ਸਿੰਘ ਨੇ ਸੁਰਖ਼ ਰੇਖਾ ਦੇ ਪੁਰਾਣੇ ਸੰਪਾਦਕ ਦੀ ਸਿਆਸੀ ਤੰਗ-ਨਜ਼ਰੀ ਖਿਲਾਫ਼ ਗੰਭੀਰ ਸੰਘਰਸ਼ ਕੀਤਾ ਸੀ। ਉਹ ਕਦੇ ਗੁਰਸ਼ਰਨ ਸਿੰਘ 'ਤੇ ਨਿਹੱਕੇ ਹਮਲੇ ਕਰਦਾ ਸੀ, ਕਦੇ ਭਰਾਤਰੀ ਇਨਕਲਾਬੀ ਪਰਚਿਆਂ ਅਤੇ ਸਿਆਸੀ ਤਾਕਤਾਂ ਖਿਲਾਫ਼ ਜ਼ਹਿਰ ਉਗਲ਼ਦਾ ਸੀ। ਇਸ ਖਾਤਰ ਸੁਰਖ਼ ਰੇਖਾ ਦੇ ਕਾਲਮਾਂ ਦੀ ਨਜਾਇਜ ਵਰਤੋਂ ਕਰਦਾ ਸੀ। ਅਖੀਰ ਉਸਨੂੰ ਲਾਂਭੇ ਕਰ ਦਿੱਤਾ ਗਿਆ। ਉਹ ਲਗਭਗ ਇਕੱਲਾ ਰਹਿ ਗਿਆ। ਅੱਜਕੱਲਪਤਾ ਨਹੀਂ ਕਿੱਥੇ ਵਸਦਾ ਹੈ। ਸੁਰਖ਼ ਰੇਖਾ ਜਾਰੀ ਰਿਹਾ, ਇਸਦਾ ਰੂਪ ਨਿੱਖਰਿਆ। ਫਿਰ ਵਿਚਾਰਾਂ ਦੇ ਅਸੂਲੀ ਆਧਾਰ 'ਤੇ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਦੀ ਏਕਤਾ ਹੋਈ। ਸੁਰਖ਼ ਰੇਖਾ ਨੇ ਪਾਠਕ ਘੇਰੇ 'ਚ ਆਪਣੀ ਨਿਵੇਕਲੀ ਪਛਾਣ ਬਣਾਈ। ਮੈਂ ਦੋ ਦਹਾਕਿਆਂ ਤੋਂ ਲਗਾਤਾਰ ਸੁਰਖ਼ ਰੇਖਾ ਪੜਦਾ ਆ ਰਿਹਾ ਹਾਂ ਅਤੇ ਇਸਤੋਂ ਪ੍ਰੇਰਨਾ ਲੈ ਰਿਹਾ ਹਾਂ। ਖੁਸ਼ੀ ਦੀ ਗੱਲ ਹੈ ਕਿ ਸੁਰਖ਼ ਲੀਹ ਦਾ ਤੱਤ ਅਤੇ ਮੁਹਾਂਦਰਾ ਤੁਹਾਡੇ ਸੁਰਖ਼ ਰੇਖਾ ਵਾਲਾ ਹੀ ਹੈ।
ਹੁਣ ਸਾਥੀ ਨਾਜ਼ਰ ਵੀ ਲਗਭਗ 'ਕੱਲਾ 'ਕਹਿਰਾ ਹੀ ਹੈ। ਮੇਰੀ ਸ਼ੁਭ ਕਾਮਨਾ ਇਹੋ ਹੈ ਕਿ ਸਾਥੀ ਨਾਜ਼ਰ ਉਸ ਪੁਰਾਣੇ ਸੰਪਾਦਕ ਦੇ ਤੌਰ ਤਰੀਕਿਆਂ ਦੇ ਪ੍ਰਛਾਵੇਂ ਤੋਂ ਬਚਿਆ ਰਹੇ ਜਿਸ ਖਿਲਾਫ਼ ਸਾਥੀ ਅਮੋਲਕ ਸਿੰਘ ਨੇ ਸੰਘਰਸ਼ ਕੀਤਾ ਸੀ।
ਤੁਸੀਂ ਵੱਖਰੇ ਨਾਮ ਦੀ ਚੋਣ ਕਰਕੇ ਅਤੇ ਨਾਵਾਂ ਦੇ ਝਮੇਲੇ 'ਚ ਨਾ ਪੈ ਕੇ ਉਹ ਸਿਆਣਪ ਵਿਖਾਈ ਹੈ ਜਿਸ ਦੀ ਤੁਹਾਡੇ ਤੋਂ ਆਸ ਕੀਤੀ ਜਾਂਦੀ ਸੀ।

ਗੁਰਦੀਪ ਸਿੰਘ, ਮਲੋਟ।

ਸੰਪਾਦਕੀ ਬੋਰਡ ਦੇ ਮੈਂਬਰ ਸਾਥੀਓ,
ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਸਬੰਧੀ ਆਪ ਜੀ ਵੱਲੋਂ ਜਾਰੀ ਕੀਤਾ ਵਿਸ਼ੇਸ਼ ਅੰਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੀ ਸਮੁੱਚੀ ਸਮੱਗਰੀ ਹੀ ਬੇਹੱਦ ਅਰਥ-ਭਰਪੂਰ ਹੈ ਜੋ ਸੰਤਾਪ ਦੀ ਗੰਭੀਰਤਾ, ਇਸਦੇ ਕਾਰਨਾਂ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਰਾਹ ਨੂੰ ਸੌਖੀ ਤੇ ਸਰਲ ਬੋਲੀ 'ਚ ਪੇਸ਼ ਕਰਦੀ ਹੈ। ਇਹ ਕਿਸਾਨੀ ਕਰਜ਼ੇ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਹਾਲਤ ਨੂੰ ਵੀ ਉਭਾਰਕੇ ਪੇਸ਼ ਕਰਦੀ ਹੈ। ਇਹ ਅੰਕ ਸੰਘਰਸ਼ਾਂ ਦੇ ਪਿੜ 'ਚ ਜੂਝ ਰਹੇ ਕਿਸਾਨ ਤੇ ਖੇਤ-ਮਜ਼ਦੂਰ ਆਗੂਆਂ ਲਈ ਆਪਣੇ ਪ੍ਰਚਾਰ ਨੂੰ ਹੋਰ ਵੀ ਅਸਰਦਾਰ ਬਣਾਉਣ ਲਈ ਬੇਹੱਦ ਸਹਾਈ ਹੋਵੇਗਾ। ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ (ਪਹਿਲਾਂ ਸੁਰਖ਼ ਰੇਖਾ ਦੇ ਪੰਨਿਆਂ 'ਚ) ਖੇਤ-ਮਜ਼ਦੂਰਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਇਨਾਂ ਤੋਂ ਮੁਕਤੀ ਲਈ ਲੇਖ ਜਾਂ ਟਿੱਪਣੀਆਂ ਤੇ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਰਹੀਆਂ ਹਨ। ਉਹ ਮੇਰੇ ਸਮੇਤ ਹੋਰ ਖੇਤ-ਮਜ਼ਦੂਰ ਆਗੂਆਂ/ਵਰਕਰਾਂ ਤੇ ਪਾਠਕਾਂ ਦੀ ਸਮਝ ਨੂੰ ਹੋਰ ਨਿਖਾਰਨ, ਚੇਤਨਾ ਵਧਾਉਣ ਤੇ ਪ੍ਰਚਾਰ ਨੂੰ ਅਸਰਦਾਰ ਬਣਾਉਣ 'ਚ ਸਹਾਈ ਹੁੰਦੀਆਂ ਆਈਆਂ ਹਨ (ਜ਼ਮੀਨੀ ਸੁਧਾਰਾਂ ਬਾਰੇ ਲਿਖਤਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਕੀਤਾ ਜਾ ਸਕਦਾ ਹੈ।)
ਸੁਰਖ਼ ਰੇਖਾ ਦੇ ਮਾਲਕ ਨਾਜ਼ਰ ਸਿੰਘ ਬੋਪਾਰਾਏ ਵੱਲੋਂ ਪਰਚੇ ਦੇ ਰਾਹ 'ਚ ਖੜੀਆਂ ਕੀਤੀਆਂ ਗਈਆਂ ਤਕਨੀਕੀ ਮੁਸ਼ਕਲਾਂ ਮੰਦਭਾਗੀ ਗੱਲ ਤਾਂ ਹੈ ਹੀ ਪਰ ਨਾਲ ਹੀ ਉਹਦੇ ਵੱਲੋਂ ਅਖਤਿਆਰ ਕੀਤਾ ਰਾਹ ਉਸਦੇ ਰੌਸ਼ਨ ਸਿਆਸੀ ਭਵਿੱਖ ਦੀ ਨਿਸ਼ਾਨੀ ਨਹੀਂ ਸਗੋਂ ਵਿਚਾਰਧਾਰਕ, ਸਿਆਸੀ, ਸਿਧਾਂਤਕ ਤੇ ਇਖਲਾਕੀ ਦੀਵਾਲੀਏਪਣ ਅਤੇ ਜਥੇਬੰਦਕ ਨਿਯਮਾਂ ਤੋਂ ਕੋਰਾ ਹੋਣ ਦਾ ਵੀ ਸੂਚਕ ਹੈ। ਮੈਂ ਆਪਣੇ ਪੂਰੇ ਵਿੱਤ ਤੇ ਸਮਰੱਥਾ ਨਾਲ ਤੁਹਾਡੇ ਅੰਗ ਸੰਗ ਹਾਂ ਅਤੇ ਸੁਰਖ਼ ਲੀਹ ਦੇ ਵਧਾਰੇ ਪਸਾਰੇ ' ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ।

ਲਛਮਣ ਸਿੰਘ ਸੇਵੇਵਾਲਾ

ਸਾਥੀ ਸੰਪਾਦਕ ਜੀ,
ਸੁਰਖ਼ ਰੇਖਾ ਤੋਂ ਸੁਰਖ਼ ਲੀਹ ਵਿਚ ਬਦਲੇ ਇਨਕਲਾਬੀ ਪਰਚੇ ਦਾ ਪਲੇਠਾ ਅੰਕ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਵਿਸ਼ੇਸ਼ ਅੰਕ ਪੜਕੇ ਬਹੁਤ ਤਸੱਲੀ ਹੋਈ ਹੈ। ਖੁਦਕੁਸ਼ੀਆਂ ਦੇ ਬੁਨਿਆਦੀ ਕਾਰਨ ਤੇ ਇਨਾਂ ਦੇ ਖਾਤਮੇ ਲਈ ਸੁਝਾਏ ਗਏ ਹੱਲ ਬਹੁਤ ਹੀ ਨਿੱਗਰ ਸਮਝ ਦੀ ਪੇਸ਼ਕਾਰੀ ਕਰਦੇ ਹਨ। ਪਰਚੇ ਦੀ ਹੋਰ ਚੜਦੀ ਕਲਾ ਲਈ ਤੁੱਛ ਜਿਹੇ ਯੋਗਦਾਨ ਵਜੋਂ ਹੇਠ ਲਿਖੇ ਪਾਠਕਾਂ ਤੋਂ ਸਹਾਇਤਾ ਇਕੱਠੀ ਕਰਕੇ ਪਰਚੇ ਲਈ ਭੇਜੀ ਜਾ ਰਹੀ ਹੈ। ਇਨਾਂ ਸਾਰੇ ਪਾਠਕਾਂ ਨੇ ਨਵੇਂ ਨਾਂ ਵਾਲੇ ਇਸ ਪਰਚੇ ਰਾਹੀਂ ਇਨਕਲਾਬੀ ਜਨਤਕ ਲੀਹ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਹੋਰ ਵੀ ਨਿੱਗਰ ਯੋਗਦਾਨ ਪਾਉਣ ਦੀ ਕਾਮਨਾ ਕੀਤੀ ਹੈ।

ਬਲੌਰ ਸਿੰਘ ਘੱਲ ਕਲਾਂ

ਸਾਥੀ ਸੰਪਾਦਕ ਜੀ,
ਮੈਂ ਸਾਥੀ ਜੱਸੀ ਦੀ ਸੰਪਾਦਨਾ ਹੇਠ ਛਪਦੇ ਸੁਰਖ਼ ਰੱਖਾ ਤੋਂ ਪਹਿਲਾਂ, ਇਸੇ ਵਿਚਾਰਧਾਰਾ ਨੂੰ ਪਰਨਾਏ ਇਨਕਲਾਬੀ ਪਰਚਿਆਂ ਮੁਕਤੀ ਮੋਰਚਾ, ਜੈਕਾਰਾ ਅਤੇ ਜਫ਼ਰਨਾਮਾ ਆਦਿ ਪਰਚਿਆਂ ਦਾ ਪੁਰਾਣਾ ਪਾਠਕ ਰਿਹਾ ਹਾਂ। ਇਨਾਂ ਪਰਚਿਆਂ ਨੇ ਵੱਖ ਵੱਖ ਸਮਿਆਂ 'ਤੇ ਦੇਸ-ਵਿਦੇਸ਼ ਵਿੱਚ ਚਲਦੀਆਂ ਲੋਕ ਪੱਖੀ ਲਹਿਰਾਂ ਦੀ ਹਮਾਇਤ, ਜਾਇਜ਼ੇ ਅਤੇ ਦਰੁਸਤ ਪੈਂਤੜੇ ਲਏ ਹਨ।
ਸਾਥੀ ਜੱਸੀ ਅਤੇ ਸੰਪਾਦਕੀ ਬੋਰਡ ਵੱਲੋਂ ''ਸੁਰਖ਼ ਲੀਹ'' ਪਰਚੇ ਰਾਹੀਂ ਪਰਚੇ ਦੇ ਤਹਿ ਇਨਕਲਾਬੀ ਕਾਰਜਾਂ ਨੂੰ ਜਾਰੀ ਰੱਖਿਆ ਜਾਵੇ। ਅਮਲਾਂ ਰਾਹੀਂ ਹੀ ਨਿਬੇੜੇ ਹੁੰਦੇ ਹਨ। ਮੇਰੀ ਮਨੋ ਕਾਮਨਾ ਹੈ ਕਿ ''ਸੁਰਖ਼ ਲੀਹ'' ਪਰਵਾਰ ਹੋਰ ਵਧਦਾ-ਫੈਲਦਾ ਰਹੇ। ਮੈਂ ''ਸੁਰਖ਼ ਲੀਹ'' ਪਰਵਾਰ 'ਚ ਪਹਿਲਾਂ ਵਾਂਗ ਪਰਿਵਾਰਕ ਜੁੰਮੇਵਾਰੀਆਂ ਨਿਭਾਉਂਦਾ ਰਹਾਂਗਾ।

ਬੂਟਾ ਸਿੰਘ ਫ਼ਰੀਦਕੋਟ

ਸਾਥੀ ਸੰਪਾਦਕ ਜੀ,
ਕਿਸਾਨ ਖੁਦਕੁਸ਼ੀਆਂ ਬਾਰੇ ਵਿਸ਼ੇਸ਼ ਅੰਕ ਜਾਰੀ ਕਰਨ ਦਾ ਗੰਭੀਰ ਉੱਦਮ ਮੁਬਾਰਕ ਹੋਵੇ! ਇੱਕ ਲੋਕ-ਪੱਖੀ ਟਿੱਪਣੀਕਾਰ ਵਜੋਂ ਸੁਰਖ਼ ਲੀਹ ਦੇ ਕਾਲਮਾਂ ਲਈ ਮੇਰੀਆਂ ਸੇਵਾਵਾਂ ਹਾਜ਼ਰ ਹਨ।

ਸੁਦੀਪ, ਬਠਿੰਡਾ।

ਸੰਪਾਦਕ ਜੀ,
ਪੂਰੀ ਤਰਾਂ ਭਖੇ ਹੋਏ ਬਠਿੰਡਾ ਕਿਸਾਨ ਮੋਰਚੇ ਦਰਮਿਆਨ ਸੁਰਖ਼ ਲੀਹ ਦਾ ਵਿਸ਼ੇਸ਼ ਅੰਕ ਮਿਲਿਆ। ਕਿਸਾਨ ਬਹੁਤ ਗੁੱਸੇ 'ਚ ਹਨ, ਆਪਣੇ ਦੁੱਖਾਂ ਦੇ ਕਾਰਨਾਂ ਦੀ ਥਾਹ ਪਾਉਣਾ ਚਾਹੁੰਦੇ ਹਨ, ਦਿਸ਼ਾ ਮੰਗਦੇ ਹਨ। ਤੁਹਾਡੇ ਪਰਚੇ 'ਚ ਏਸ ਪੱਖੋਂ ਕੀਮਤੀ ਲਿਖਤਾਂ ਹਨ। ਧਰਨੇ 'ਚ ਪੁੱਜੇ ਇਸ ਵਿਸ਼ੇਸ਼ ਅੰਕ ਦੇ ਬੰਡਲ ਦਾ ਸਵਾਗਤ ਹੋਇਆ ਹੈ। ਇਹ ਕਿਸਾਨਾਂ ਨੂੰ ਸਿਆਣੇ ਕਰਨ 'ਚ ਕੰਮ ਆਵੇਗਾ, ਜਿਵੇਂ ਹੁਣ ਤੱਕ ਸੁਰਖ਼ ਰੇਖਾ ਆਉਂਦਾ ਰਿਹਾ ਹੈ।

ਝੰਡਾ ਸਿੰਘ ਜੇਠੂਕੇ।

ਸੰਪਾਦਕ ਜੀ,
ਸੁਰਖ਼ ਲੀਹ ਨੂੰ ਪੜਨ ਮਗਰੋਂ ਇਹ ਗੱਲ ਪੱਕੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸਾਰੀ ਸਮੱਗਰੀ ਸੁਰਖ਼ ਰੇਖਾ ਦੀ ਇਨਕਲਾਬੀ ਵਿਚਾਰਧਾਰਾ ਨੂੰ ਹੀ ਬੁਲੰਦ ਕਰਦੀ ਹੈ। ਭਾਵੇਂ ਇੱਕ ਤਕਨੀਕੀ ਅੜਚਨ ਕਰਕੇ ਸੁਰਖ਼ ਲੀਹ ਨਾ ਹੇਠ ਪੇਪਰ ਛਾਪਣਾ ਪੈ ਰਿਹਾ ਹੈ। ਪਰ ਮੈਨੂੰ ਪੱਕੀ ਉਮੀਦ ਹੈ ਕਿ ਇਹ ਪਰਚਾ ਪਹਿਲਾਂ ਵਾਂਗ ਹੀ ਲੋਕ ਘੋਲਾਂ ਅਤੇ ਇਨਕਲਾਬੀ ਵਿਚਾਰਧਾਰਾ ਸਬੰਧੀ ਸਮੱਗਰੀ ਛਾਪਕੇ ਆਪਣਾ ਫਰਜ਼ ਅਦਾ ਕਰੇਗਾ। ਹਜ਼ਾਰਾ ਸਾਥੀ ਤੁਹਾਡੇ ਨਾਲ ਹਨ ਅਤੇ ਹਜ਼ਾਰਾਂ ਹੀ ਇਸ ਕਾਫ਼ਲੇ ਵਿੱਚ ਹੋਰ ਸ਼ਾਮਲ ਹੋਣਗੇ।

ਤੁਹਾਡਾ ਸਾਥੀ, ਜ਼ੋਰ ਸਿੰਘ ਨਸਰਾਲੀ।

ਸੰਪਾਦਕ ਸੁਰਖ਼ ਲੀਹ,
ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਹੇਠ ਲਿਖੀਆਂ ਕਮੇਟੀਆਂ ਵੱਲੋਂ ਅਦਾਰਾ ਸੁਰਖ਼ ਲੀਹ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਤੰਬਰ 2015 ਦੇ ਵਿਸ਼ੇਸ਼ ਅੰਕ ਵਿੱਚ ਕਰਜ਼ਿਆਂ ਦੇ ਕਾਰਨ ਹੋ ਰਹੀਆਂ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਜਾਣਕਾਰੀ ਦਿੱਤੀ ਹੈ ਉਹ ਇੱਕ ਸਲਾਹੁਣਯੋਗ ਕਦਮ ਹੈ। ਅਸੀਂ ਦੁਬਾਰਾ ਫਿਰ ਧੰਨਵਾਦ ਕਰਦੇ ਹਾਂ ਅਤੇ ਹਰ ਕਮੇਟੀ ਵੱਲੋਂ 500 ਰੁਪਏ ਵਿੱਤੀ ਸਹਾਇਤਾ ਭੇਜ ਰਹੇ ਹਾਂ।
ਬਲਾਕ ਕਮੇਟੀ ਭਵਾਨੀਗੜ• -
ਪ੍ਰਧਾਨ -ਅਜੈਬ ਸਿੰਘ ਲੱਖੇਵਾਲੀ, ਜਗਤਾਰ ਸਿੰਘ ਕਾਲਾਝਾੜ, ਗੁਰਦੇਵ ਸਿੰਘ ਰਾਜੂ ਮਾਜਰਾ, ਮਨਜੀਤ ਸਿੰਘ ਘਰਾਚੋਂ, ਹਰਪਾਲ ਸਿੰਘ ਕਾਲਾਝਾੜ, ਨਿਰਭੈ ਸਿੰਘ ਮਸਾਣੀ
ਬਲਾਕ ਕਮੇਟੀ ਦਿੜਬਾ –
ਪ੍ਰਧਾਨ  ਦਰਸ਼ਨ ਸਿੰਘ ਸਾਦੀਹਰੀ, ਸ. ਮੀਤ ਪ੍ਰਧਾਨ  ਮਲਕੀਤ ਸਿੰਘ ਤੂਰਬੰਨਜਾਰਾ,  ਜਨਰਲ ਸਕੱਤਰ - ਗੁਰਮੇਲ ਸਿੰਘ ਕੈਂਪਰ, ਖਜ਼ਾਨਚੀ  ਬਲਵੀਰ ਸਿੰਘ ਕੋਹਰੀਆ, ਦਿਲਬਾਰਾ ਸਿੰਘ ਹਰੀਗੜ•, ਬਲਦੇਵ ਸਿੰਘ ਉਭਿਆ, ਗੁਰਦੀਪ ਸਿੰਘ ਹਰੀਗੜ
ਬਲਾਕ ਕਮੇਟੀ ਸੁਨਾਮ
ਪ੍ਰਧਾਨ  ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਅਮਰੀਕ ਸਿੰਘ ਗੰਢੂਆਂ, ਸਰੂਪ ਸਿੰਘ ਕਿਲ ਭਰੀਆ, ਮਹਿੰਦਰ ਸਿੰਘ ਨਮੋਲ, ਗੁਰਮੇਲ ਸਿੰਘ ਲੌਂਗੋਵਾਲ, ਜ਼ਿਲਾ ਆਗੂ  ਸੁਖਪਾਲ ਮਾਣਕ ਕਣਕਵਾਲ
ਬਲਾਕ ਕਮੇਟੀ ਲਹਿਰਾ ਗਾਗਾ,
ਪ੍ਰਧਾਨ  ਬਹਾਲ ਸਿੰਘ ਢੀਂਡਸਾ, ਖਜ਼ਾਨਚੀ  ਕਰਨੈਲ ਗਨੋਟਾ, ਜਰਨਲ ਸਕੱਤਰ ਦਰਸ਼ਨ ਚੰਗਾਲੀਵਾਲਾ, ਜ਼ਿਲਾ ਆਗੂ, ਬਹਾਦਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੋਟੀਆਂ, ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ
ਬਲਾਕ ਕਮੇਟੀ ਧੂਰੀ,
ਪ੍ਰਧਾਨ  ਸ਼ਿਆਮ ਦਾਸ ਕਾਂਝਲੀ, ਜਰਨਲ ਸਕੱਤਰ  ਹਰਬੰਸ ਸਿੰਘ ਲੱਢਾ, ਸ. ਮੀਤ ਪ੍ਰਧਾਨ  ਧੰਨਾ ਸਿੰਘ ਚੰਗਾਲ, ਪ੍ਰੈੱਸ ਸਕੱਤਰ  ਮਨਜੀਤ ਸਿੰਘ ਜਹਾਂਗੀਰ, ਖਜ਼ਾਨਚੀ  ਮਹਿੰਦਰ ਸਿੰਘ ਪੇਧਨੀ, ਕ੍ਰਿਪਾਲ ਸਿੰਘ ਧੂਰੀ ਤੇ ਜ਼ੋਰਾ ਸਿੰਘ ਕੰਧਾਰੜਛੰਨਾ
---
ਸੰਪਾਦਕ ਜੀ,
ਕਿਸਾਨ ਖੇਤ-ਮਜ਼ਦੂਰ ਖੁਦਕੁਸ਼ੀਆਂ ਬਾਰੇ ਸੁਰਖ਼ ਲੀਹ ਦੇ ਵਿਸ਼ੇਸ਼ ਅੰਕ ਵਿੱਚ ਕਿਸਾਨ ਖੁਦਕੁਸ਼ੀਆਂ ਅਤੇ ਮਜ਼ਦੂਰ ਖੁਦਕੁਸ਼ੀਆਂ ਅਤੇ ਕਿਸਾਨ ਮਜ਼ਦੂਰ ਕਰਜ਼ਿਆਂ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ। ਅਸੀਂ ਅਦਾਰਾ ਸੁਰਖ਼ ਲੀਹ ਦਾ ਧੰਨਵਾਦ ਕਰਦੇ ਹਾਂ ਅਤੇ 500 ਰੁਪਏ ਅਦਾਰੇ ਨੂੰ ਵਿੱਤੀ ਸਹਾਇਤਾ ਭੇਜਦੇ ਹਾਂ।
ਜ਼ਿਲਾ ਕਮੇਟੀ ਬੀ. ਕੇ. ਯੂ. ਏਕਤਾ (ਉਗਰਾਹਾਂ) ਸੰਗਰੂਰ
ਜ਼ਿਲਾ ਪ੍ਰਧਾਨ  ਅਮਰੀਕ ਸਿੰਘ ਗੰਢੂਆਂ, ਜ਼ਿਲਾ ਸਕੱਤਰ ਜਨਕ ਸਿੰਘ ਭੁਟਾਲ, ਦਰਬਾਰਾ ਸਿੰਘ ਛਾਜਲਾ, ਜਸਵਿੰਦਰ ਸਿੰਘ ਲੌਂਗੋਵਾਲ, ਹਰਪਾਲ ਸਿੰਘ ਪੇਧਨੀ
---
ਸੰਪਾਦਕ ਜੀ,
ਕਿਸਾਨ ਖੇਤ-ਮਜ਼ਦੂਰ ਖੁਦਕੁਸ਼ੀਆਂ ਬਾਰੇ ਸੁਰਖ਼ ਲੀਹ ਦਾ ਵਿਸ਼ੇਸ਼ ਅੰਕ ਕਿਸਾਨਾਂ ਨੂੰ ਚੰਗਾ ਲੱਗਿਆ ਹੈਇਸਦਾ ਸੁਆਗਤ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ।

ਜੋਗਿੰਦਰ ਸਿੰਘ ਉਗਰਾਹਾਂ

ਪਾਠਕ ਸਾਥੀਓ,
ਸੁਰਖ਼ ਲੀਹ ਨੂੰ ਤੁਹਾਡੇ ਨਿੱਘੇ ਹੁੰਗਾਰੇ ਲਈ ਧੰਨਵਾਦ। ਅਸੀਂ ਤੁਹਾਡੀਆਂ ਉਮੀਦਾਂ 'ਤੇ ਪੂਰੇ ਉੱਤਰਨ ਲਈ ਮਿਹਨਤ ਜਾਰੀ ਰੱਖਾਂਗੇ। ਸਾਥੀ ਨਾਜ਼ਰ ਸਿੰਘ ਦੇ ਮਾਮਲੇ ਬਾਰੇ ਸੁਰਖ਼ ਰੇਖਾ ਬਲੌਗ 'ਤੇ ਸੰਖੇਪ ਚਰਚਾ ਅਸੀਂ ਪਾਠਕਾਂ ਨੂੰ ਸੁਚੇਤ ਕਰਨ ਅਤੇ ਗੱਲ ਸਪੱਸ਼ਟ ਕਰਨ ਲਈ ਕੀਤੀ ਸੀ। ਸੂਝਵਾਨ ਪਾਠਕ ਘੇਰੇ ਦਾ ਪ੍ਰਤੀਕਰਮ ਬਹੁਤ ਹੀ ਤਸੱਲੀ ਬਖਸ਼ ਰਿਹਾ ਹੈ। ਹੋਰ ਕਿਸੇ ਚਰਚਾ ਦੀ ਲੋੜ ਨਹੀਂ ਹੈ। ਸੋ, ਆਓ ਆਪਣੀ ਊਰਜਾ ਨੂੰ ਬੇਲੋੜੇ ਖਰਚ ਤੋਂ ਬਚਾ ਕੇ ਵੱਧ ਤੋਂ ਵੱਧ ਆਪਣੇ ਕਾਜ਼ ਦੇ ਲੇਖੇ ਲਾਈਏ। ਸੁਰਖ਼ ਲੀਹ ਦੀ ਸਮੱਗਰੀ ਬਾਰੇ ਤੁਹਾਡੇ ਪ੍ਰਤੀਕਰਮ ਅਤੇ ਸੁਝਾਵਾਂ ਦੀ ਇੰਤਜ਼ਾਰ ਹੈ।

ਸੰਪਾਦਕ

20) ਵਿਰਸੇ ਦੀ ਲੋਅ ...


ਮਹਾਨ ਅਕਤੂਬਰ ਬਗਾਵਤ ਅਤੇ ਇਨਕਲਾਬ ਦਾ ਜੇਤੂ ਮਾਰਚ
. . . ਬਾਲਸ਼ਵਿਕਾਂ ਨੇ ਬਗਾਵਤ ਦੀਆਂ ਸਰਗਰਮ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਲੈਨਿਨ ਨੇ ਐਲਾਨ ਕੀਤਾ ਕਿ ਦੋਹਾਂ ਰਾਜਧਾਨੀਆਂ - ਮਾਸਕੋ ਅਤੇ ਪੈਟਰੋਗਰਾਡ- ਵਿਚ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੀਆਂ ਸੋਵੀਅਤਾਂ ਵਿਚ ਬਹੁਗਿਣਤੀ ਹਾਸਲ ਕਰ ਲੈਣ ਪਿੱਛੋਂ ਹੁਣ ਬਾਲਸ਼ਵਿਕ ਹਕੂਮਤ ਦੀ ਵਾਗਡੋਰ ਆਪਣੇ ਹੱਥ ਲੈ ਸਕਦੇ ਹਨ ਅਤੇ ਉਹਨਾਂ ਨੂੰ ਏਹੋ ਕਰਨਾ ਚਾਹੀਦਾ ਹੈ। ਤਹਿ ਕੀਤੇ ਪੰਧ 'ਤੇ ਨਜ਼ਰ ਮਾਰਦਿਆਂ ਹੋਇਆਂ ਲੈਨਿਨ ਨੇ ਇਸ ਹਕੀਕਤ 'ਤੇ ਜ਼ੋਰ ਦਿੱਤਾ ਕਿ ''ਲੋਕਾਂ ਦੀ ਬਹੁਗਿਣਤੀ ਸਾਡੇ ਹੱਕ ਵਿਚ ਹੈ।'' ਕੇਂਦਰੀ ਕਮੇਟੀ ਤੇ ਬਾਲਸ਼ਵਿਕ ਜਥੇਬੰਦੀਆਂ ਨੂੰ ਆਪਣੀਆਂ ਚਿੱਠੀਆਂ ਅਤੇ ਆਪਣੇ ਲੇਖਾਂ ਵਿਚ ਲੈਨਿਨ ਨੇ ਬਗਾਵਤ ਦੀ ਇੱਕ ਵਿਸਥਾਰ-ਭਰੀ ਸਕੀਮ ਦਾ ਨਕਸ਼ਾ ਘੱਲਿਆ, ਜਿਸ ਵਿਚ ਦੱਸਿਆ ਗਿਆ ਸੀ ਕਿ ਫੌਜੀ ਦਸਤਿਆਂ, ਸਮੁੰਦਰੀ ਬੇੜੇ ਅਤੇ ਲਾਲ ਰਾਖਿਆਂ ਨੂੰ ਕਿਵੇਂ ਵਰਤਿਆ ਜਾਵੇ, ਬਗਾਵਤ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੈਟਰੋਗਰਾਡ ਵਿਚ ਕਿਹੜੀਆਂ ਕਿਹੜੀਆਂ ਜ਼ਰੂਰੀ ਥਾਵਾਂ 'ਤੇ ਕਬਜ਼ਾ ਕੀਤਾ ਜਾਵੇ ਆਦਿ।
7 ਅਕਤੂਬਰ ਨੂੰ ਲੈਨਿਨ ਗੁਪਤ ਰੂਪ ਵਿਚ ਫਿਨਲੈਂਡ ਤੋਂ ਪੈਟਰੋਗਰਾਡ ਪਹੁੰਚ ਗਿਆ। 10 ਅਕਤੂਬਰ 1917 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਉਹ ਇਤਿਹਾਸਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕੁੱਝ ਦਿਨਾਂ ਵਿਚ ਹਥਿਆਰਬੰਦ ਬਗਾਵਤ ਸ਼ੁਰੂ ਕਰ ਦਿੱਤੀ ਜਾਵੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇਸ ਇਤਿਹਾਸਕ ਮਤੇ ਨੂੰ ਲੈਨਿਨ ਨੇ ਤਿਆਰ ਕੀਤਾ ਸੀ।
ਪਾਰਟੀ ਦੀ ਕੇਂਦਰੀ ਕਮੇਟੀ ਦੀਆਂ ਹਦਾਇਤਾਂ 'ਤੇ ਪੈਟਰੋਗਰਾਡ ਸੋਵੀਅਤ ਦੀ ''ਇਨਕਲਾਬੀ ਫੌਜੀ ਕਮੇਟੀ'' ਬਣਾਈ ਗਈ। ਇਹ ਕਮੇਟੀ ਬਗਾਵਤ ਦਾ ਕਾਨੂੰਨੀ ਤੌਰ 'ਤੇ ਚੱਲ ਰਿਹਾ ਹੈਡਕੁਆਟਰ ਬਣ ਗਈ।
ਏਸੇ ਸਮੇਂ ਵਿਚ ਉਲਟ-ਇਨਕਲਾਬੀ ਵੀ ਬੜੀ ਤੇਜ਼ੀ ਨਾਲ ਆਪਣੀਆਂ ਤਾਕਤਾਂ ਇਕੱਠੀਆਂ ਕਰ ਰਹੇ ਸਨ। ਫੌਜ ਦੇ ਅਫਸਰਾਂ ਨੇ ''ਅਫਸਰਾਂ ਦੀ ਲੀਗ'' ਨਾਮੀ ਇੱਕ ਉਲਟ-ਇਨਕਲਾਬੀ ਜਥੇਬੰਦੀ ਬਣਾ ਲਈ। ਉਲਟ-ਇਨਕਲਾਬੀਆਂ ਨੇ ਝੰਜੋੜੂ ਫੌਜੀ ਦਸਤੇ ਤਿਆਰ ਕਰਨ ਲਈ ਥਾਂ ਥਾਂ ਆਪਣੇ ਹੈਡਕੁਆਟਰ ਕਾਇਮ ਕਰ ਲਏ।........
16 ਅਕਤੂਬਰ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਇੱਕ ਵਧਾਈ ਹੋਈ ਮੀਟਿੰਗ ਹੋਈ। ਇਸ ਮੀਟਿੰਗ ਨੇ ਬਗਾਵਤ ਦੀ ਅਗਵਾਈ ਲਈ ਇੱਕ ਪਾਰਟੀ ਕੇਂਦਰ ਚੁਣਿਆ। ਪਾਰਟੀ ਕੇਂਦਰ ਦਾ ਮੁਖੀ ਕਾਮਰੇਡ ਸਟਾਲਿਨ ਨੂੰ ਚੁਣਿਆ ਗਿਆ। ਪਾਰਟੀ ਕੇਂਦਰ ਪੈਟਰੋਗਰਾਡ ਸੋਵੀਅਤ ਦੀ ਇਨਕਲਾਬੀ ਫੌਜੀ ਕਮੇਟੀ ਦਾ ਅਗਵਾਈ ਦੇਣ ਵਾਲਾ ਕੇਂਦਰ ਸੀ। ਸਾਰੀ ਬਗਾਵਤ ਦੀ ਅਮਲੀ ਅਗਵਾਈ ਏਸੇ ਦੇ ਹੱਥ ਸੀ।
ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਗੋਡੇਟੇਕੂ ਜ਼ਿਨੋਵੀਵ ਅਤੇ ਕਾਮਾਨੇਵ ਨੇ ਫੇਰ ਬਗਾਵਤ ਦੀ ਵਿਰੋਧਤਾ ਕੀਤੀ। ਜਦੋਂ ਆਰਜ਼ੀ ਕਮੇਟੀ ਵਿਚ ਉਹਨਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਖੁੱਲੇ ਤੌਰ 'ਤੇ ਅਖਬਾਰਾਂ ਰਾਹੀਂ ਬਗਾਵਤ ਦੀ ਅਤੇ ਪਾਰਟੀ ਦੀ ਵਿਰੋਧਤਾ 'ਤੇ ਉੱਤਰ ਆਏ।.......... ਲੈਨਿਨ ਨੇ ਇਸ ਸੰਬੰਧ ਵਿਚ ਲਿਖਿਆ, ''ਕਾਮੇਨੇਵ ਅਤੇ ਜ਼ਿਨੋਵੀਵ ਨੇ ਆਪਣੀ ਪਾਰਟੀ ਦੀ ਕੇਂਦਰੀ ਕਮੇਟੀ ਦਾ ਹਥਿਆਰਬੰਦ ਬਗਾਵਤ ਬਾਰੇ ਫੈਸਲਾ ਰੋਦਜ਼ਯਾਨਕੋ ਤੇ ਕਰੰਸਕੀ ਨੂੰ ਦੱਸ ਦੇਣ ਦੀ ਗ਼ਦਾਰੀ ਕੀਤੀ ਹੈ।'' ਲੈਨਿਨ ਨੇ ਕਾਮੇਨੇਵ ਤੇ ਜ਼ਿਨੋਵੀਵ ਨੂੰ ਪਾਰਟੀ ਵਿਚੋਂ ਕੱਢ ਦੇਣ ਦਾ ਸਵਾਲ ਕੇਂਦਰੀ ਕਮੇਟੀ ਸਾਹਮਣੇ ਪੇਸ਼ ਕੀਤਾ।
ਗ਼ਦਾਰਾਂ ਵੱਲੋਂ ਇਸ ਚੇਤਾਵਨੀ ਦਾ ਨਤੀਜਾ ਇਹ ਹੋਇਆ ਕਿ ਇਨਕਲਾਬ ਦੇ ਦੁਸ਼ਮਣਾਂ ਨੇ ਫੌਰਨ ਬਗਾਵਤ ਨੂੰ ਰੋਕਣ ਅਤੇ ਬਗਾਵਤ ਦੀ ਅਗਵਾਈ ਕਰਨ ਵਾਲੇ ਦਲ- ਬਾਲਸ਼ਵਿਕ ਪਾਰਟੀ- ਨੂੰ ਕੁਚਲਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ।........  ਆਰਜ਼ੀ ਹਕੂਮਤ ਨੇ ਇੱਕ ਯੋਜਨਾ ਤਿਆਰ ਕੀਤੀ। ਯੋਜਨਾ ਇਹ ਸੀ ਕਿ ਸੋਵੀਅਤਾਂ ਦੀ ਦੂਜੀ ਕਾਂਗਰਸ ਸ਼ੁਰੂ ਹੋਣ ਤੋਂ ਝੱਟ ਪਹਿਲਾਂ ਬਾਲਸ਼ਵਿਕ ਕੇਂਦਰੀ ਕਮੇਟੀ ਦੇ ਹੈਡਕੁਆਟਰ¸ ਜੋ ਸਮੋਲਨੀ ਵਿਚ ਸੀ- 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਜਾਵੇ ਅਤੇ ਬਾਲਸ਼ਵਿਕਾਂ ਦਾ ਅਗਵਾਈ ਦੇਣ ਵਾਲਾ ਕੇਂਦਰ ਤਬਾਹ ਕਰ ਦਿੱਤਾ ਜਾਵੇ। ਇਸ ਕਾਰਜ ਲਈ ਹਕੂਮਤ ਨੇ ਪੈਟਰੋਗਰਾਡ ਵਿਚ ਉਹ ਫੌਜਾਂ ਬੁਲਾ ਲਈਆਂ, ਜਿਹਨਾਂ ਦੀ ਵਫਾਦਾਰੀ ਵਿਚ ਉਸ ਨੂੰ ਭਰੋਸਾ ਸੀ।
ਪਰ ਆਰਜ਼ੀ ਹਕੂਮਤ ਦੀ ਜ਼ਿੰਦਗੀ ਦੇ ਦਿਨ ਹੀ ਨਹੀਂ ਸਗੋਂ ਘੰਟੇ ਵੀ ਪਹਿਲਾਂ ਹੀ ਮਿਥੇ ਜਾ ਚੁੱਕੇ ਸਨ। ਹੁਣ ਸਮਾਜਵਾਦੀ ਇਨਕਲਾਬ ਦੀ ਜੇਤੂ ਚੜਾਈ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਸੀ।
21 ਅਕਤੂਬਰ ਨੂੰ ਬਾਲਸ਼ਵਿਕਾਂ ਨੇ ਇਨਕਲਾਬੀ ਫੌਜੀ ਕਮੇਟੀ ਦੇ ਨੁਮਾਇੰਦੇ ਸਾਰੇ ਇਨਕਲਾਬੀ ਫੌਜੀ ਦਸਤਿਆਂ ਵੱਲ ਭੇਜ ਦਿੱਤੇ। ਬਗਾਵਤ ਤੋਂ ਪਹਿਲਾਂ ਦੇ ਬਾਕੀ ਦਿਨਾਂ ਵਿਚ ਸਾਰਾ ਸਮਾਂ ਫੌਜੀ ਦਸਤਿਆਂ ਵਿਚ ਤੇ ਮਿੱਲਾਂ ਅਤੇ ਫੈਕਟਰੀਆਂ ਅੰਦਰ ਸਰਗਰਮ ਤਿਆਰੀਆਂ ਲਈ ਲਾਇਆ ਗਿਆ। 'ਆਰੋਰਾ' ਤੇ 'ਜ਼ਾਰਯਾਸਵੋਬੋਦੀ' ਨਾਮੀ ਜੰਗੀ ਜਹਾਜ਼ਾਂ ਨੂੰ ਵੀ ਠੋਸ ਹਦਾਇਤਾਂ ਦਿੱਤੀਆਂ ਗਈਆਂ।.........
ਬਗਾਵਤ ਸ਼ੁਰੂ ਹੋ ਗਈ ਸੀ।
24 ਅਕਤੂਬਰ ਦੀ ਰਾਤ ਨੂੰ ਲੈਨਿਨ ਸਮੋਲਨੀ ਪਹੁੰਚ ਗਿਆ ਤੇ ਉਸਨੇ ਬਗਾਵਤ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ। ਉਸ ਦਿਨ ਰਾਤ ਭਰ ਫੌਜ ਦੇ ਇਨਕਲਾਬੀ ਦਸਤੇ ਤੇ ਲਾਲ ਰਾਖਿਆਂ ਦੇ ਜੱਥੇ ਸਮੋਲਨੀ ਨੂੰ ਆਉਂਦੇ ਰਹੇ। ਬਾਲਸ਼ਵਿਕਾਂ ਨੇ ਉਹਨਾਂ ਨੂੰ ਸ਼ਹਿਰ ਦੇ ਕੇਂਦਰ ਵੱਲ ਵਧਣ ਤੇ ਸਰਦ ਮਹਿਲ ਨੂੰ ਘੇਰਾ ਪਾ ਲੈਣ ਦੀ ਹਦਾਇਤ ਕੀਤੀ। ਸਰਦ ਮਹਿਲ ਨੂੰ ਆਰਜ਼ੀ ਹਕੂਮਤ ਨੇ ਆਪਣਾ ਗੜਬਣਾ ਰੱਖਿਆ ਸੀ।
25 ਅਕਤੂਬਰ (7 ਨਵੰਬਰ) ਨੂੰ ਲਾਲ ਰਾਖਿਆਂ ਤੇ ਇਨਕਲਾਬੀ ਫੌਜਾਂ ਨੇ ਰੇਲਵੇ ਸਟੇਸ਼ਨਾਂ, ਡਾਕਖਾਨੇ, ਤਾਰਘਰ, ਵਜ਼ੀਰਾਂ ਦੇ ਦਫਤਰਾਂ ਤੇ ਸਰਕਾਰੀ ਬੈਂਕ ਉੱਤੇ ਕਬਜ਼ਾ ਕਰ ਲਿਆ।
ਪੂਰਵ-ਪਾਰਲੀਮੈਂਟ ਤੋੜ ਦਿੱਤੀ ਗਈ।
ਪੈਟਰੋਗਰਾਡ ਸੋਵੀਅਤ ਦਾ ਹੈਡਕੁਆਟਰ ਸਮੋਲਨੀ ਇਨਕਲਾਬ ਦਾ ਹੈਡਕੁਆਟਰ ਬਣ ਗਿਆ। ਲੜਾਈ ਦੇ ਸਾਰੇ ਹੁਕਮ ਉਥੋਂ ਹੀ ਜਾਰੀ ਕੀਤੇ ਜਾਣ ਲੱਗੇ।
ਉਹਨਾਂ ਦਿਨਾਂ ਵਿਚ ਪੈਟਰੋਗਰਾਡ ਦੇ ਮਜ਼ਦੂਰਾਂ ਨੇ ਦਰਸਾਇਆ ਕਿ ਉਹਨਾਂ ਨੇ ਬਾਲਸ਼ਵਿਕ ਪਾਰਟੀ ਦੀ ਰਾਹਨੁਮਾਈ ਹੇਠ ਕਿੰਨੀ ਸ਼ਾਨਦਾਰ ਸਿੱਖਿਆ ਪਾਈ ਸੀ। ਫੌਜ ਦੇ ਇਨਕਲਾਬੀ ਦਸਤਿਆਂ ਨੇ, ਜਿਹਨਾਂ ਨੂੰ ਬਾਲਸ਼ਵਿਕਾਂ ਦੇ ਕੰਮ ਨੇ ਬਗਾਵਤ ਲਈ ਤਿਆਰ ਕੀਤਾ ਸੀ, ਲੜਾਈ ਦੇ ਹੁਕਮਾਂ ਨੂੰ ਇੰਨ ਬਿੰਨ ਸਿਰੇ ਚੜਾਇਆ। ਉਹ ਲਾਲ ਰਾਖਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ। ਸਮੁੰਦਰੀ ਬੇੜਾ ਵੀ ਫੌਜ ਨਾਲੋਂ ਪਿੱਛੇ ਨਾ ਰਿਹਾ। ਕਰੋਨਸਤਦਾਤ ਦਾ ਸਮੁੰਦਰੀ ਅੱਡਾ ਬਾਲਸ਼ਵਿਕ ਪਾਰਟੀ ਦਾ ਇੱਕ ਮਜਬੂਤ ਗੜਸੀ। ਉਸਨੇ ਢੇਰ ਚਿਰ ਪਹਿਲਾਂ ਆਰਜ਼ੀ ਹਕੂਮਤ ਦੀ ਸ਼ਕਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਆਰੋਰਾ ਨਾਮੀ ਜੰਗੀ ਜਹਾਜ਼ ਨੇ ਆਪਣੀਆਂ ਤੋਪਾਂ ਸਰਦ ਮਹਿਲ ਦੀ ਸੇਧ ਵਿਚ ਬੀੜ ਦਿੱਤੀਆਂ। 25 ਅਕਤੁਬਰ ਨੂੰ ਉਹਨਾਂ ਦੀ ਗਰਜ਼ ਨੇ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਇਹ ਮਹਾਨ ਸਮਾਜਵਾਦੀ ਇਨਕਲਾਬ ਦਾ ਯੁੱਗ ਸੀ।
25 ਅਕਤੂਬਰ (7 ਨਵੰਬਰ) ਨੂੰ ਬਾਲਸ਼ਵਿਕਾਂ ਨੇ ''ਰੂਸ ਦੇ ਸ਼ਹਿਰੀਆਂ ਦੇ ਨਾਂ'' ਇੱਕ ਐਲਾਨ ਜਾਰੀ ਕੀਤਾ। ਇਸ ਵਿਚ ਦੱਸਿਆ ਗਿਆ ਕਿ ਸਰਮਾਏਦਾਰ ਆਰਜ਼ੀ ਹਕੂਮਤ ਨੂੰ ਗੱਦੀਉਂ ਲਾਹ ਦਿੱਤਾ ਗਿਆ ਹੈ ਅਤੇ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ।
ਆਰਜ਼ੀ ਹਕੂਮਤ ਕੇਡਟਾਂ ਤੇ ਉਲਟ-ਇਨਕਲਾਬੀ ਝੰਜੋੜੂ ਦਸਤਿਆਂ ਦੀ ਰਾਖੀ ਵਿਚ ਸਰਦ ਮਹਿਲ ਅੰਦਰ ਲੁਕੀ ਬੈਠੀ ਸੀ। 25 ਅਕਤੂਬਰ ਦੀ ਰਾਤ ਨੂੰ ਇਨਕਲਾਬੀ ਮਜ਼ਦੂਰਾਂ, ਫੌਜੀਆਂ ਅਤੇ ਮਲਾਹਾਂ ਨੇ ਇੱਕੋ ਹੱਲੇ ਨਾਲ ਸਰਦ ਮਹਿਲ 'ਤੇ ਕਬਜ਼ਾ ਕਰ ਲਿਆ ਤੇ ਆਰਜ਼ੀ ਹਕੂਮਤ ਨੂੰ ਗ੍ਰਿਫਤਾਰ ਕਰ ਲਿਆ।
ਪੈਟਰੋਗਰਾਡ ਵਿਚ ਹਥਿਆਰਬੰਦ ਬਗਾਵਤ ਦੀ ਜਿੱਤ ਹੋ ਚੁੱਕੀ ਸੀ।
ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਸਮੋਲਨੀ ਵਿਚ 25 ਅਕਤੂਬਰ (7 ਨਵੰਬਰ) 1917 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਸ਼ੁਰੂ ਹੋਈ। ਉਸ ਵੇਲੇ ਤੱਕ ਪੈਟਰੋਗਰਾਡ ਵਿਚ ਬਗਾਵਤ ਦੀ ਜਿੱਤ ਪੂਰੇ ਜੋਬਨ ਵਿਚ ਸੀ ਅਤੇ ਰਾਜਧਾਨੀ ਵਿਚ ਸਿਆਸੀ ਸੱਤਾ ਪੈਟਰੋਗਰਾਡ ਸੋਵੀਅਤ ਦੇ ਕਬਜ਼ੇ ਵਿਚ ਆ ਚੁੱਕੀ ਸੀ।
ਬਾਲਸ਼ਵਿਕਾਂ ਨੂੰ ਕਾਂਗਰਸ ਵਿਚ ਭਾਰੀ ਬਹੁਗਿਣਤੀ ਹਾਸਲ ਹੋਈ। ਮੈਨਸ਼ਵਿਕ, ਬੰਡ-ਵਾਦੀ ਤੇ ਸੱਜੇ ਸਮਾਜਵਾਦੀ-ਇਨਕਲਾਬੀ ਆਪਣੇ ਦਿਨ ਪੁੱਗ ਚੁੱਕੇ ਸਮਝ ਕੇ ਕਾਂਗਰਸ ਨੂੰ ਛੱਡ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸਦੀ ਕਾਰਵਾਈ ਵਿਚ ਹਿੱਸਾ ਲੈਣ ਨੂੰ ਤਿਆਰ ਨਹੀਂ। ਆਪਣੇ ਇੱਕ ਬਿਆਨ ਵਿਚ, ਜਿਹੜਾ ਉਹਨਾਂ ਸੋਵੀਅਤਾਂ ਦੀ ਕਾਂਗਰਸ 'ਚ ਪੜਕੇ ਸੁਣਾਇਆ, ਉਹਨਾਂ ਨੇ ਅਕਤੂਬਰ ਇਨਕਲਾਬ ਨੂੰ ਇੱਕ ''ਫੌਜੀ ਸਾਜਸ਼'' ਆਖਿਆ। ਕਾਂਗਰਸ ਨੇ ਮੈਨਸ਼ਵਿਕਾਂ ਅਤੇ ਸਮਾਜਵਾਦੀ ਇਨਕਲਾਬੀਆਂ ਦੀ ਨਿਖੇਧੀ ਕੀਤੀ। ਉਹਨਾਂ ਦੇ ਛੱਡ ਕੇ ਚਲੇ ਜਾਣ 'ਤੇ ਅਫਸੋਸ ਕਰਨ ਦੀ ਥਾਂ ਕਾਂਗਰਸ ਨੇ ਇਸ ਦਾ ਸੁਆਗਤ ਕੀਤਾ। ਉਸ ਨੇ ਐਲਾਨ ਕੀਤਾ ਕਿ ਗ਼ਦਾਰਾਂ ਦੇ ਛੱਡ ਜਾਣ ਨਾਲ ਹੁਣ ਉਹ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਨੁਮਾਇੰਦਿਆਂ ਦੀ ਸਹੀ ਇਨਕਲਾਬੀ ਕਾਂਗਰਸ ਬਣ ਗਈ ਹੈ।
ਕਾਂਗਰਸ ਨੇ ਐਲਾਨ ਜਾਰੀ ਕਰ ਦਿੱਤਾ ਕਿ ਕੁੱਲ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ। ਸੋਵੀਅਤਾਂ ਦੀ ਦੂਜੀ ਕਾਂਗਰਸ ਦੇ ਐਲਾਨ ਵਿਚ ਲਿਖਿਆ ਸੀ :
''ਮਜ਼ਦੂਰਾਂ, ਫੌਜੀ ਸਿਪਾਹੀਆਂ ਤੇ ਕਿਸਾਨਾਂ ਦੀ ਇੱਕ ਭਾਰੀ ਬਹੁਗਿਣਤੀ ਦੀ ਮਰਜ਼ੀ ਦੀ ਹਮਾਇਤ ਨਾਲ, ਪੈਟਰੋਗਰਾਡ ਵਿਚ ਹੋਈ ਮਜ਼ਦੂਰਾਂ ਤੇ ਫੌਜਾਂ ਦੀ ਜੇਤੂ ਬਗਾਵਤ ਦੀ ਮੱਦਦ ਨਾਲ, ਕਾਂਗਰਸ ਸਿਆਸੀ ਸੱਤਾ ਆਪਣੇ ਹੱਥਾਂ ਵਿਚ ਲੈਂਦੀ ਹੈ।''
26 ਅਕਤੂਬਰ (8 ਨਵੰਬਰ) 1917 ਦੀ ਰਾਤ ਨੂੰ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਅਮਨ ਬਾਰੇ ਫੁਰਮਾਨ ਜਾਰੀ ਕੀਤਾ। ਕਾਂਗਰਸ ਨੇ ਜੰਗ ਵਿਚ ਸ਼ਾਮਲ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਲਈ ਫੌਰੀ ਆਰਜ਼ੀ ਸੁਲਹ ਕਰ ਲੈਣ ਤਾਂ ਕਿ ਅਮਨ ਲਈ ਗੱਲਬਾਤ ਕੀਤੀ ਜਾ ਸਕੇ। ਕਾਂਗਰਸ ਨੇ ਇਹ ਅਪੀਲ ਜੰਗ ਵਿਚ ਸ਼ਾਮਲ ਸਭ ਮੁਲਕਾਂ ਦੀਆਂ ਹਕੂਮਤਾਂ ਤੇ ਲੋਕਾਂ ਨੂੰ ਕੀਤੀ, ਪਰ ਉਸ ਨੇ ''ਇਨਸਾਨੀਅਤ ਦੀਆਂ ਤਿੰਨ ਸਭ ਤੋਂ ਤਰੱਕੀ ਕਰ ਚੁੱਕੀਆਂ ਕੌਮਾਂ, ਤੇ ਮੌਜੂਦਾ ਲੜਾਈ ਵਿਚ ਹਿੱਸਾ ਲੈ ਰਹੀਆਂ ਤਿੰਨ ਸਭ ਤੋਂ ਵੱਡੀਆਂ ਹਕੂਮਤਾਂ ਅਥਵਾ ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਜਮਾਤੀ ਸੂਝ ਰੱਖਣ ਵਾਲੇ ਮਜ਼ਦੂਰਾਂ'' ਦਾ ਇਸ ਵੱਲ ਉਚੇਚਾ ਧਿਆਨ ਦਿਵਾਇਆ। ਉਸ ਨੇ ਇਹਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਦੇ ਕਾਜ਼ ਨੂੰ ਕਾਮਯਾਬ ਕਰਨ ਤੇ ਨਾਲ ਹੀ ਮਿਹਤਕਸ਼ ਤੇ ਲੁੱਟੀ ਪੁੱਟੀ ਜਾ ਰਹੀ ਜਨਤਾ ਨੂੰ ਹਰ ਕਿਸਮ ਦੀ ਗੁਲਾਮੀ ਤੇ ਹਰ ਕਿਸਮ ਦੀ ਲੁੱਟ ਖਸੁੱਟ ਤੋਂ ਛੁਟਕਾਰਾ ਦਿਵਾਉਣ ਦੇ ਕਾਜ਼ ਨੂੰ ਪੂਰਾ ਕਰਨ ਲਈ ਮੱਦਦ ਦੇਣ।
ਓਸੇ ਰਾਤ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਜ਼ਮੀਨ ਬਾਰੇ ਫੁਰਮਾਨ ਜਾਰੀ ਕੀਤਾ। ਇਸ ਵਿਚ ਐਲਾਨ ਕੀਤਾ ਗਿਆ ਕਿ ''ਅੱਜ ਤੋਂ ਜਾਗੀਰਦਾਰਾਂ ਦੀ ਜ਼ਮੀਨ 'ਤੇ ਮਾਲਕੀ ਬਿਨਾ ਕਿਸੇ ਮੁਆਵਜ਼ੇ ਦੇ ਖਤਮ ਕੀਤੀ ਜਾਂਦੀ ਹੈ।'' ਕਿਸਾਨਾਂ ਦੇ ਇੱਕ ਹਦਾਇਤਨਾਮੇ ਦੇ ਆਧਾਰ 'ਤੇ, ਜਿਹੜਾ 242 ਅੱਡੋ ਅੱਡ ਥਾਵਾਂ ਦੇ ਕਿਸਾਨਾਂ ਦੇ ਹਦਾਇਤਨਾਮਿਆਂ ਤੋਂ ਤਿਆਰ ਕੀਤਾ ਗਿਆ ਸੀ, ਇਹ ਜ਼ਰਾਇਤੀ ਕਾਨੂੰਨ ਜਾਰੀ ਕੀਤਾ ਗਿਆ। ਇਸ ਹਿਦਾਇਤਨਾਮੇ ਵਿਚ ਮੰਗ ਸੀ ਕਿ ਜ਼ਮੀਨ ਦੀ ਨਿੱਜੀ ਮਾਲਕੀ ਨੂੰ ਹਮੇਸ਼ਾਂ ਲਈ ਖਤਮ ਕਰਕੇ ਉਸਦੀ ਥਾਂ ਪਬਲਿਕ ਜਾਂ ਹਕੂਮਤ ਦੀ ਮਾਲਕੀ ਕਾਇਮ ਕੀਤੀ ਜਾਵੇ। ਜਾਗੀਰਦਾਰਾਂ, ਜ਼ਾਰ ਦੇ ਘਰਾਣੇ ਦੇ ਲੋਕਾਂ ਅਤੇ ਗਿਰਜਿਆਂ ਆਦਿ ਦੀਆਂ ਜ਼ਮੀਨਾਂ ਸਭ ਮਿਹਨਤਕਸ਼ਾਂ ਦੀ ਮੁਫਤ ਵਰਤੋਂ ਲਈ ਉਹਨਾਂ ਦੇ ਹਵਾਲੇ ਕੀਤੀਆਂ ਜਾਣ।
ਇਸ ਫੁਰਮਾਨ ਰਾਹੀਂ ਅਕਤੂਬਰ ਦੇ ਸਮਾਜਵਾਦੀ ਇਨਕਲਾਬ ਨੇ ਕਿਸਾਨਾਂ ਨੂੰ 15 ਕਰੋੜ ਡੈਸੀਆਟਿਨ (ਚਾਲੀ ਕਰੋੜ ਏਕੜ) ਤੋਂ ਵੱਧ ਜ਼ਮੀਨ ਦਿੱਤੀ, ਜਿਹੜੀ ਪਹਿਲਾਂ ਜਾਗੀਰਦਾਰਾਂ, ਸਰਮਾਏਦਾਰਾਂ, ਜ਼ਾਰ ਦੇ ਘਰਾਣੇ, ਮੱਠਾਂ ਅਤੇ ਗਿਰਜਿਆਂ ਦੀ ਮਲਕੀਅਤ ਸੀ।
ਇਸ ਤੋਂ ਇਲਾਵਾ, ਕਿਸਾਨਾਂ ਦਾ ਪੰਜਾਹ ਕਰੋੜ ਸੋਨੇ ਦੇ ਰੂਬਲ ਲਗਾਨ ਤੋਂ ਵੀ ਛੁਟਕਾਰਾ ਹੋ ਗਿਆ ਜਿਹੜਾ ਉਹਨਾਂ ਨੂੰ ਸਾਲ ਦੇ ਸਾਲ ਜਾਗੀਰਦਾਰਾਂ ਨੂੰ ਦੇਣਾ ਪੈਂਦਾ ਸੀ। ਸਾਰੇ ਧਰਤੀ ਵਿਚਲੇ ਜ਼ਖੀਰੇ (ਤੇਲ, ਕੋਲਾ, ਧਾਤਾਂ ਆਦਿ), ਜੰਗਲ ਤੇ ਨਦੀ ਨਾਲੇ ਲੋਕਾਂ ਦੀ ਮਲਕੀਅਤ ਬਣ ਗਏ।
ਇਸ ਨਾਲ ਸੋਵੀਅਤਾਂ ਦੀ ਦੂਜੀ ਕਾਂਗਰਸ ਦਾ ਸਮਾਗਮ ਖਤਮ ਹੋ ਗਿਆ।
ਆਖਰੀ ਗੱਲ, ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਨੇ ਪਹਿਲੀ ਸੋਵੀਅਤ ਹਕੂਮਤ¸ ਲੋਕ ਵਜ਼ੀਰਾਂ ਦੀ ਕੌਂਸਲ- ਬਣਾਈ ਜਿਸ ਦੇ ਸਾਰੇ ਦੇ ਸਾਰੇ ਮੈਂਬਰ ਬਾਲਸ਼ਵਿਕ ਸਨ। ਲੈਨਿਨ ਪਹਿਲੀ ਲੋਕ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਪੈਟਰੋਗਰਾਡ ਵਿਚ ਸੋਵੀਅਤ ਦੀ ਜਿੱਤ ਦੀ ਖਬਰ ਨੂੰ ਧੁਮਾਉਣ ਲਈ ਤੇ ਸਾਰੇ ਮੁਲਕ ਵਿਚ ਸੋਵੀਅਤ ਰਾਜ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੇ ਡੈਲੀਗੇਟ ਥਾਉਂ ਥਾਈਂ ਚਲੇ ਗਏ।
ਸੋਵੀਅਤਾਂ ਹਰ ਥਾਂ ਫੌਰਨ ਆਪਣਾ ਰਾਜ ਕਾਇਮ ਨਾ ਕਰ ਸਕੀਆਂ। ਪੈਟਰੋਗਰਾਡ ਵਿਚ ਸੋਵੀਅਤ ਹਕੂਮਤ ਕਾਇਮ ਹੋ ਚੁੱਕਣ ਦੇ ਬਾਅਦ ਮਾਸਕੋ ਦੇ ਬਾਜ਼ਾਰਾਂ ਵਿਚ ਕਈ ਦਿਨ ਤੱਕ ਜ਼ੋਰਦਾਰ ਤੇ ਜਾਨਤੋੜ ਲੜਾਈ ਹੁੰਦੀ ਰਹੀ। ਸਿਆਸੀ ਸੱਤਾ ਮਾਸਕੋ ਸੋਵੀਅਤ ਦੇ ਹੱਥਾਂ ਵਿਚ ਨਾ ਜਾਣ ਦੇਣ ਲਈ, ਉਲਟ-ਇਨਕਲਾਬੀ ਮੈਨਸ਼ਵਿਕ ਤੇ ਸਮਾਜਵਾਦੀ ਇਨਕਲਾਬੀ ਪਾਰਟੀਆਂ ਨੇ ਇਨਕਲਾਬ ਦੁਸ਼ਮਣਾਂ ਤੇ ਕੇਡਟਾਂ ਨਾਲ ਮਿਲ ਕੇ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਖਿਲਾਫ ਇੱਕ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ। ਬਾਗੀਆਂ ਨੂੰ ਭਾਂਜ ਦੇਣ ਅਤੇ ਮਾਸਕੋ ਵਿਚ ਸੋਵੀਅਤ ਰਾਜ ਕਾਇਮ ਕਰਨ ਵਿਚ ਕਈ ਦਿਨ ਲੱਗ ਗਏ।
ਪੈਟਰੋਗਰਾਡ ਸ਼ਹਿਰ ਵਿਚ, ਤੇ ਇਸ ਦੇ ਕਈ ਜ਼ਿਲਿਆਂ ਵਿਚ, ਇਨਕਲਾਬ ਦੀ ਜਿੱਤ ਦੇ ਪਹਿਲੇ ਦਿਨਾਂ ਵਿਚ ਹੀ ਸੋਵੀਅਤ ਰਾਜ ਨੂੰ ਉਲਟਾਉਣ ਦੀਆਂ ਉਲਟ-ਇਨਕਲਾਬੀ ਕੋਸ਼ਿਸ਼ਾਂ ਕੀਤੀਆਂ ਗਈਆਂ।..........
ਲੈਨਿਨ ਨੇ ਜਿਵੇਂ ਅਕਤੂਬਰ ਬਗਾਵਤ ਦੀ ਅਗਵਾਈ ਕੀਤੀ ਸੀ, ਉਸੇ ਤਰਾਂ ਇਸ ਸੋਵੀਅਤ ਵਿਰੋਧੀ ਗ਼ਦਰ ਨੂੰ ਦਬਾਉਣ ਸਮੇਂ ਵੀ ਅਗਵਾਈ ਕੀਤੀ। ਉਸਦੀ ਅਟੱਲ ਦ੍ਰਿੜਤਾ ਅਤੇ ਜਿੱਤ ਵਿਚ ਅਡੋਲ ਵਿਸ਼ਵਾਸ਼ ਨੇ ਜਨਤਾ ਨੂੰ ਉਤਸ਼ਾਹ ਦਿੱਤਾ ਅਤੇ ਇੱਕਮੁੱਠ ਕੀਤਾ। ਦੁਸ਼ਮਣਾਂ ਨੂੰ ਕੁਚਲ ਦਿੱਤਾ ਗਿਆ।.....
ਅਕਤੂਬਰ 1917 ਤੋਂ ਫਰਵਰੀ 1918 ਦੇ ਵਿਚਕਾਰਲੇ ਸਮੇਂ ਵਿਚ ਸੋਵੀਅਤ ਇਨਕਲਾਬ ਮੁਲਕ ਦੀ ਸਾਰੀ ਵਸੀਹ ਧਰਤੀ 'ਤੇ ਏਨੀ ਤੇਜ਼ੀ ਨਾਲ ਫੈਲਿਆ ਕਿ ਲੈਨਿਨ ਨੇ ਇਹ ਨੂੰ ਸੋਵੀਅਤ ਰਾਜ ਦੇ ''ਜੇਤੂ ਮਾਰਚ'' ਦਾ ਨਾਮ ਦਿੱਤਾ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਜਿੱਤ ਚੁੱਕਾ ਸੀ।
(ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ ਪੁਸਤਕ ਦੇ ਸੱਤਵੇਂ ਪਾਠ 'ਚੋਂ ਕੁਝ ਅੰਸ਼)

21) ਦੋ ਸਤੰਬਰ ਦੀ ਹਡ਼ਤਾਲ - ਲੁਧਿਆਣਾ ਲਾਲੋ ਲਾਲ


22) Sahayata