ਨੂਹ ਫਿਰਕੂ ਹਿੰਸਾ :
ਹਿੰਦੂਤਵੀ ਫਾਸ਼ੀ ਲਾਮਬੰਦੀਆਂ ’ਤੇ ਸਵਾਰ ਭਾਜਪਾ
ਨੂਹ ਹਰਿਆਣੇ ਦਾ ਮੁਸਲਿਮ ਬਹੁਗਿਣਤੀ ਵਸੋਂ ਵਾਲਾ ਜ਼ਿਲ੍ਹਾ ਹੈ, ਜੋ ਰਾਜਧਾਨੀ ਦਿੱਲੀ ਤੋਂ ਮਹਿਜ਼ ਇੱਕ ਘੰਟੇ ਦੀ ਵਾਟ ’ਤੇ ਹੈ। ਇਹ ਜ਼ਿਲ੍ਹਾ ਜਿਸਦਾ ਭਾਜਪਾ ਦੀ ਨਾਂਵਾਂ ਦੀ ਹਿੰਦੂਕਰਨ ਦੀ ਨੀਤੀ ਤਹਿਤ 2016 ਵਿੱਚ ਮੇਵਾਤ ਤੋਂ ਬਦਲ ਕੇ ਨੂਹ ਵਜੋਂ ਨਾਮਕਰਨ ਕੀਤਾ ਗਿਆ ਸੀ, ਅਸਲ ਵਿੱਚ ਇੱਕ ਵੱਡੇ ਇਲਾਕੇ ਦਾ ਹਿੱਸਾ ਹੈ, ਜੋ ਰਾਜਸਥਾਨ ਅਤੇ ਉੱਤਰ-ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਇਸ ਇਲਾਕੇ ਦਾ ਨਾਂ ਬਦਲਣ ਤੋਂ ਕੁੱਝ ਹੀ ਦਿਨ ਪਹਿਲਾਂ ਇਲਾਕੇ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਥਿੰਕ ਟੈਂਕ ‘ਨੀਤੀ ਅਧਿਐਨ ਕੇਂਦਰ’ ਨੇ ਇੱਕ ਅਧਿਐਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਇਲਾਕੇ ਵਿੱਚ ਮੁਸਲਿਮ ਵੱਸੋਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਨੇੜ ਭਵਿੱਖ ਵਿੱਚ ਇਹ ਪੂਰੀ ਤਰ੍ਹਾਂ ਮੁਸਲਿਮ ਇਲਾਕੇ ਵਜੋਂ ਸਥਾਪਤ ਹੋ ਸਕਦਾ ਹੈ। ਸੋ, ਬੀਤੇ ਸਮੇਂ ਅੰਦਰ ਇਹ ਇਲਾਕਾ ਹਿੰਦੂਤਵੀ ਤਾਕਤਾਂ ਦੇ ਧਿਆਨ ਦਾ ਕੇਂਦਰ ਰਿਹਾ ਹੈ ਅਤੇ ਫਿਰਕੂ ਪਾਲਾਬੰਦੀਆਂ ਪੱਖੋਂ ਬੇਹੱਦ ਫਿੱਟ ਬਹਿੰਦਾ ਇਲਾਕਾ ਹੈ। ਬੀਤੇ ਸਾਲਾਂ ਅੰਦਰ ਇਸ ਇਲਾਕੇ ਅੰਦਰ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਵਰਗੀਆਂ ਸੰਸਥਾਵਾਂ ਨੇ ਆਪਣੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਂਦੀ ਹੈ। ਗਊ ਰੱਖਿਆ ਦੇ ਨਾਂ ਹੇਠ ਇਸ ਖੇਤਰ ਅੰਦਰ ਅਨੇਕਾਂ ਮੁਸਲਿਮ ਵਿਰੋਧੀ ਦਹਿਸ਼ਤ-ਪਾੳੂ ਗੁੰਡਾ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ। ਮੀਓ ਮੁਸਲਮਾਨ ਜੋ ਇਸ ਖੇਤਰ ਦੀ ਬਹੁ-ਗਿਣਤੀ ਬਣਦੇ ਹਨ ਵੱਡੀ ਪੱਧਰ ’ਤੇ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਹਨ। ਪਰ ਗਾਵਾਂ ਦੀ ਤਸਕਰੀ ਰੋਕਣ ਦੇ ਨਾਂ ਹੇਠ ਇਹਨਾਂ ਹਿੰਦੂਤਵੀ ਫਿਰਕੂ ਟੋਲਿਆਂ ਵੱਲੋਂ ਕੀਤੀਆਂ ਵਾਰਦਾਤਾਂ ਨੇ ਕਾਫੀ ਗਿਣਤੀ ਲੋਕਾਂ ਨੂੰ ਇਹ ਧੰਦਾ ਛੱਡਣ ਲਈ ਮਜ਼ਬੂਰ ਕੀਤਾ ਹੈ। ਪਿਛਲੇ ਸਾਲਾਂ ਦੌਰਾਨ ਜੁਨੈਦ ਖਾਨ (2017) ਰਕਬਰ ਖਾਨ (2018) ਪਹਿਲੂ ਖਾਨ, ਵਾਰਿਸ ਖਾਨ, ਨਾਸਿਰ ਅਤੇ ਜੁਨੈਦ ਵਰਗੇ ਏਥੋਂ ਦੇ ਅਨੇਕਾਂ ਵਸਨੀਕਾਂ ਦੀ ਇਹਨਾਂ ਫਿਰਕੂ ਫਾਸ਼ੀਆਂ ਵੱਲੋਂ ਲਿੰਚਿੰਗ ਕੀਤੀ ਗਈ ਹੈ। ਮਈ 2022 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਗਊ ਰੱਖਿਆ ਦਲ ਵੱਲੋਂ ਨੂਹ ਦੇ ਨੇੜੇ ਇੱਕ ਮਹਾਂ ਪੰਚਾਇਤ ਕੀਤੀ ਗਈ ਜਿਸ ਵਿੱਚ ਗਊ ਰੱਖਿਅਕਾਂ ਖਿਲਾਫ ਦਰਜ ਸਾਰੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਉਸੇ ਸਾਲ ਜੁਲਾਈ ਵਿੱਚ ਮਾਨੇਸਰ ਵਿੱਚ ਇੱਕ ਹੋਰ ਮਹਾਂ-ਪੰਚਾਇਤ ਹੋਈ ਜਿਸ ਵਿੱਚ ਮੁਸਲਿਮ ਵਸੋਂ ਦੇ ਆਰਥਿਕ ਬਾਈਕਾਟ ਦਾ ਸੱਦਾ ਦਿੱਤਾ ਗਿਆ।
ਖੱਟਰ ਹਕੂਮਤ ਇਹਨਾਂ ਹਿੰਦੂਤਵੀ ਫਿਰਕੂ ਤੱਤਾਂ ਨੂੰ ਨਿਰੰਤਰ ਸ਼ਹਿ ਦਿੰਦੀ ਰਹੀ ਹੈ। ਇਸ ਵੱਲੋਂ 2015 ਵਿੱਚ ਗੋਵੰਸ਼ ਸੰਰਕਸ਼ਣ ਤੇ ਗੋਸਮਵਰਧਨ ਕਾਨੂੰਨ ਲਿਆਂਦਾ ਗਿਆ। 2019 ਵਿੱਚ ਇਸ ਕਾਨੂੰਨ ਦੇ ਦੰਦ ਹੋਰ ਤਿੱਖੇ ਕੀਤੇ ਗਏ। 2021 ਵਿੱਚ ਰਾਜ ਸਰਕਾਰ ਵੱਲੋਂ ਵਿਸ਼ੇਸ਼ ਗਊ ਰੱਖਿਆ ਟਾਸਕ ਫੋਰਸ ਦਾ ਨਿਰਮਾਣ ਕੀਤਾ ਗਿਆ। ਨਾਸਿਰ, ਜੁਨੈਦ ਤੇ ਵਾਰਿਸ ਖਾਨ ਦੇ ਕਤਲ ਦੇ ਦੋਸ਼ੀ ਮੋਨੂੰ ਮਾਨੇਸਰ ਵਰਗਿਆਂ ਨੂੰ ਗਊ ਸੇਵਕਾਂ ਅਤੇ ਗਊ ਰੱਖਿਅਕਾਂ ਵਜੋਂ ਇਸ ਸਪੈਸ਼ਲ ਟਾਸਕ ਫੋਰਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ। ਇਹ ਟਾਸਕ ਫੋਰਸ ਹਰਿਆਣਾ ਪੁਲਸ ਨਾਲ ਬਹੁਤ ਨੇੜਿਉ ਜੁੜਕੇ ਕੰਮ ਕਰਦੀ ਹੈ ਤੇ ਇਸ ਕੋਲ ਸੂਹੀਆਂ ਦਾ ਜਾਲ ਹੈ। ਇਸਤੋਂ ਇਲਾਵਾ ਏਸੇ ਸਮੇਂ ਦੌਰਾਨ ਲਵ-ਜਿਹਾਦ ਅਤੇ ਧਰਮ ਪਰਿਵਰਤਨ ਰੋਕੂ ਕਾਨੂੰਨ ਲਿਆ ਕੇ ਵੀ ਖੱਟਰ ਹਕੂਮਤ ਵੱਲੋਂ ਅਜਿਹੇ ਤੱਤਾਂ ਦੀ ਗੰਡਾਗਰਦੀ ਨੂੰ ਸ਼ਹਿ ਦਿੱਤੀ ਗਈ।
ਮੌਜੂਦਾ ਵਰ੍ਹਾ ਚੋਣ ਵਰ੍ਹਾ ਹੋਣ ਕਰਕੇ ਫਿਰਕੂ ਲਾਮਬੰਦੀਆਂ ਪਿਛਾਖੜੀ ਸਿਆਸਤ ਦੀ ਲੋੜ ਬਣੀ ਹੋਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਰਗੀਆਂ ਜਥੇਬੰਦੀਆਂ ਬੇਹੱਦ ਸਰਗਰਮ ਹਨ। ਉਹਨਾਂ ਵੱਲੋਂ ਜਾਣ ਬੁੱਝ ਕੇ ਮੁਸਲਿਮ ਵਸੋਂ ਵਾਲੇ ਇਲਾਕੇ ਵਿੱਚ ਬਿ੍ਰਜਮੰਡਲ ਯਾਤਰਾ ਦਾ ਸੱਦਾ ਦਿੱਤਾ ਗਿਆ। ਮੋਨੂੰ ਮਾਨੇਸਰ ਜੋ ਨਿਰਦੋਸ਼ ਮੁਸਲਮਾਨਾਂ ਦੇ ਕਤਲਾਂ ਦਾ ਦੋਸ਼ੀ ਹੈ ਅਤੇ ਅਜੇ ਤੱਕ ਪੁਲਸ ਦੀ ਗਿ੍ਰਫਤ ’ਚੋਂ ਬਾਹਰ ਹੈ, ਉਸ ਵੱਲੋਂ ਇਸ ਯਾਤਰਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਲੋਕਾਂ ਨੂੰ ਵੱਧ ਚੜ੍ਹਕੇ ਇਸ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਇੱਕ ਹੋਰ ਅਜਿਹੇ ਹੀ ਅਨਸਰ ਬਿੱਟੂ ਬਜਰੰਗੀ ਵੱਲੋਂ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਲਈ ਕਿਹਾ ਗਿਆ ਕਿ ‘‘ਤੁਹਾਡਾ ਜੀਜਾ ਆ ਰਿਹਾ ਹੈ। ਹਾਰ ਤਿਆਰ ਰੱਖੋ।’’
ਮੋਨੂੰ ਮਾਨੇਸਰ ਦੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਨੇ ਇਥੋਂ ਦੀ ਵਸੋਂ, ਖਾਸ ਕਰ ਨੌਜਵਾਨਾਂ ਦੇ ਮਨ ਵਿੱਚ ਬਹੁਤ ਗੁੱਸਾ ਜਗਾਇਆ। 31 ਜੁਲਾਈ ਨੂੰ ਮਾਰਚ ਵਾਲੇ ਦਿਨ ਹਿੰਦੂਤਵੀ ਤੱਤ ਹਥਿਆਰਾਂ ਸਮੇਤ ਇਸ ਮਾਰਚ ਵਿੱਚ ਸ਼ਾਮਲ ਹੋਏ। ਉਹਨਾਂ ਵੱਲੋਂ ਭੜਕਾਊ ਨਾਅ੍ਹਰੇ ਲਾਏ ਜਾਣ ਦੀਆਂ ਵੀ ਰਿਪੋਰਟਾਂ ਹਨ। ਹਿੰਦੂਤਵੀ ਸੰਗਠਨਾਂ ਵੱਲੋਂ ਇਉ ਭੜਕਾਹਟ ਪੈਦਾ ਕਰਕੇ ਇਸ ਟਕਰਾਅ ਦੀ ਹਾਲਤ ਬਣਾਈ ਗਈ। ਮੁਸਲਿਮ ਭਾਈਚਾਰੇ ਵੱਲੋਂ ਮੌਕੇ ’ਤੇ ਦਿੱਤੇ ਗਏ ਪ੍ਰਤੀਕਰਨ ਨੂੰ ਹਿੰਦੂ ਸੰਗਠਨਾਂ ਨੇ ਇਸ ਹਿੰਸਾ ਨੂੰ ਹੋਰ ਫੈਲਾਉਣ ਲਈ ਵਰਤਿਆ ਤੇ ਅਗਲੇ ਦਿਨੀਂ ਹਿੰਦੂਤਵੀ ਸੰਗਠਨਾਂ ਨੇ ਗੁਰੂਗ੍ਰਾਮ ਅੰਦਰ ਮੁਸਲਮਾਨਾਂ ਦੀਆਂ ਅਨੇਕਾਂ ਦੁਕਾਨਾਂ ਸਾੜ ਸੁਟੀਆਂ। ਇੱਕ ਮਸੀਤ ਨੂੰ ਅੱਗ ਲਗਾ ਦਿੱਤੀ ਅਤੇ ਉਸ ਅੰਦਰ ਮੌਜੂਦ ਨੌਜਵਾਨ ਇਮਾਮ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਗੋਲੀ ਮਾਰ ਕੇ ਮਾਰ ਦਿੱਤਾ। ਇਹ ਇਮਾਮ ਸੋਸ਼ਲ ਮੀਡੀਆ ਉਪਰ ਹਿੰਦੂ ਮੁਸਲਿਮ ਭਾਈਚਾਰੇ ਸਬੰਧੀ ਗੀਤ ਗਾ ਕੇ ਪੋਸਟਾਂ ਪਾਉਦਾ ਰਿਹਾ ਸੀ। ਇੱਕ ਘੰਟਾ ਪਹਿਲਾਂ ਹੀ ਉਹਨੇ ਆਪਣੇ ਭਰਾ ਨੂੰ ਦੱਸਿਆ ਸੀ ਕਿ ਏਥੇ ਕਾਫੀ ਪੁਲਸ ਮੌਜੂਦ ਹੈ, ਇਸ ਲਈ ਫਿਕਰ ਦੀ ਕੋਈ ਗੱਲ ਨਹੀਂ। ਜਿਸ ਪੁਲਸ ਦੇ ਸਿਰ ’ਤੇ ਉਹ ਨਿਸ਼ਚਿੰਤਤਾ ਪ੍ਰਗਟਾ ਰਿਹਾ ਸੀ, ਉਹ ਇਸ ਸਾਰੇ ਫਿਰਕੂ ਘਟਨਾਕ੍ਰਮ ਦੌਰਾਨ ਮੂਕ ਦਰਸ਼ਕ ਬਣੀ ਰਹੀ। ਅਨੇਕਾਂ ਵਿਅਕਤੀਆਂ ਵੱਲੋਂ ਇਸ ਬਿ੍ਜਮੰਡਲ ਯਾਤਰਾ ਤੋਂ ਪਹਿਲਾਂ ਵੀ ਅਤੇ ਹਿੰਸਾ ਦੇ ਦੌਰਾਨ ਵੀ ਪੁਲਸ ਅਧਿਕਾਰੀਆਂ ਨੂੰ ਫੋਨ ਕੀਤੇ ਗਏ, ਪਰ ਉਹਨਾਂ ਨੇ ਦਖਲ ਦੇਣੋਂ ਇਨਕਾਰ ਕਰ ਦਿੱਤਾ। ਗੁੜਗਾਉਂ, ਸੋਹਾਨਾ ਦੇ ਕਈ ਹਿੱਸਿਆਂ ਅੰਦਰ ਮੁਸਲਿਮ ਵਸੋਂ ਦੀਆਂ ਦੁਕਾਨਾਂ ਵੱਡੀ ਪੱਧਰ ’ਤੇ ਭੰਨੀਆਂ ਗਈਆਂ। ਇਸ ਭਾਈਚਾਰੇ ਨਾਲ ਸਬੰਧਤ ਅਨੇਕਾਂ ਫੈਕਟਰੀ ਕਾਮੇ ਕੰਮ ਛੱਡਕੇ ਪਿੰਡਾਂ ਨੂੰ ਪਰਤਣ ਲਈ ਮਜ਼ਬੂਰ ਹੋ ਗਏ।
ਖੱਟਰ ਹਕੂਮਤ ਨੇ ਇਸੇ ਹਿੰਸਾ ਨੂੰ ਤਕੜੇ ਕਰਦਿਆਂ ਅਗਲੇ ਦਿਨਾਂ ’ਚ ਨੂਹ ਇਲਾਕੇ ਅੰਦਰ ਨਾਜਾਇਜ਼ ਉਸਾਰੀਆਂ ਦੇ ਨਾਂ ਹੇਠ ਅਨੇਕਾਂ ਘਰ ਬੁਲਡੋਜ਼ਰ ਚਲਾ ਕੇ ਮਲੀਆਮੇਟ ਕਰ ਦਿੱਤੇ। ਮੁੱਖ ਮੰਤਰੀ ਖੱਟਰ ਦੇ ਹੁਕਮਾਂ ’ਤੇ 250 ਤੋਂ ਵਧੇਰੇ ਝੁੱਗੀਆਂ ਝੋਂਪੜੀਆਂ ਤੇ 40 ਤੋਂ ਉਤੇ ਦੁਕਾਨਾਂ ਢਾਹ ਦਿੱਤੀਆਂ ਗਈਆਂ, ਕਿਉਂਕਿ ਪ੍ਰਸਾਸ਼ਨ ਅਨੁਸਾਰ ਇਹ ਲੋਕ ਨੂਹ ਹਿੰਸਾ ਵਿੱਚ ਸ਼ਾਮਲ ਸਨ। ਇਹ ਘਰ ਮੁੱਖ ਤੌਰ ’ਤੇ ਮੁਸਲਿਮ ਭਾਈਚਾਰੇ ਦੇ ਘਰ ਸਨ। ਇਸ ਨੰਗੀ ਚਿੱਟੀ ਗੁੰਡਾਗਰਦੀ ਉੱਤੇ ਸੁਪਰੀਮ ਕੋਰਟ ਨੂੰ ਵੀ ਜ਼ੁਬਾਨ ਹਿਲਾਉਣ ਲਈ ਮਜ਼ਬੂਰ ਹੋਣਾ ਪਿਆ ਤੇ ਉਸਨੇ ਕਿਹਾ ਕਿ ‘‘ਕੀ ਇਹ ਰਾਜ ਵੱਲੋਂ ਨਸਲੀ ਸਫਾਇਆ ਕੀਤਾ ਜਾ ਰਿਹਾ ਹੈ?’’ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇੱਕ ਵਾਰ ਇਹ ਘਰ ਢਾਹੁਣ ਦੀ ਮੁਹਿੰਮ ਰੋਕ ਦਿੱਤੀ ਗਈ, ਪਰ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਇਹ ਰੋਕ ਵਕਤੀ ਹੈ। ਖੱਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸਪਸ਼ਟ ਕਿਹਾ ਹੈ ਕਿ ਦੋਸ਼ੀਆਂ ਦਾ ‘ਬੁਲਡੋਜ਼ਰ ਇਲਾਜ’ ਕੀਤਾ ਜਾਵੇਗਾ। ਹਿੰਦੂਤਵੀ ਸੰਗਠਨਾਂ ਵੱਲੋਂ ਇੱਕ ਵਾਰ ਫੇਰ ਵੱਧ ਤਿਆਰੀ ਨਾਲ ਉਸੇ ਇਲਾਕੇ ਵਿੱਚੋਂ ਜਲ-ਅਭਿਸ਼ੇਕ ਯਾਤਰਾ ਕੱਢਣ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਇੱਕ ਵਾਰ ਸੁਪਰੀਮ ਕੋਰਟ ਨੂੰ ਅਜਿਹੇ ਮਾਮਲੇ ਵਿੱਚ ਦਖਲ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ ਅਤੇ ਇੱਕ ਵਾਰ ਖੱਟਰ ਸਰਕਾਰ ਨੂੰ ਇਹ ਮੁਹਿੰਮ ਰੋਕਣੀ ਪਈ ਹੈ ਤੇ ਜਲ-ਅਭਿਸ਼ੇਕ ਯਾਤਰਾ ਨੂੰ ਵੀ ਪ੍ਰਵਾਨਗੀ ਦੇਣ ਤੋਂ ਨਾਂਹ ਕੀਤੀ ਗਈ ਹੈ ਤਾਂ ਇਹਦੇ ਪਿੱਛੇ ਮੁਸਲਿਮ ਵਸੋਂ ਨਾਲ ਹੋ ਰਹੇ ਧੱਕੇ ਦੇ ਸਰੋਕਾਰ ਨਹੀਂ। ਸਤੰਬਰ ਮਹੀਨੇ ’ਚ ਦਿੱਲੀ ਅੰਦਰ ਜੀ-20 ਸਮੇਲਨ ਹੋ ਰਿਹਾ ਹੈ, ਜੋ ਸਾਮਰਾਜ-ਪ੍ਰਸਤ ਮੋਦੀ ਹਕੂਮਤ ਲਈ ਕਾਫੀ ਵਕਾਰ ਦਾ ਮਾਮਲਾ ਹੈ। ਇਸਦੀਆਂ ਤਿਆਰੀਆਂ ਲਈ ਮੋਦੀ ਹਕੂਮਤ ਵੱਲੋਂ ਕਾਫੀ ਰੱਸੇ-ਪੈੜੇ ਵੱਟੇ ਜਾ ਰਹੇ ਹਨ। ਅਜਿਹੇ ਮੌਕੇ ਦਿੱਲੀ ਦੇ ਇਲਾਕੇ ਵਿੱਚ ਕਿਸੇ ਪ੍ਰਕਾਰ ਦੀ ਗੜਬੜ ਉਹਨਾਂ ਨੂੰ ਨਹੀਂ ਪੁੱਗਦੀ।
ਭਾਜਪਾ ਹਕੂਮਤ ਨੇ ਫਿਰਕਾਪ੍ਰਸਤ ਪਿਛਾਖੜੀ ਚਾਲਾਂ ਨੂੰ ਸਾਮਰਾਜੀ ਮਨੋਰਥਾਂ ਦੀ ਸੇਵਾ ਵਿੱਚ ਜੁਟਾਉਣ ਵਿੱਚ ਕਾਫੀ ਮੁਹਾਰਤ ਹਾਸਲ ਕੀਤੀ ਹੈ। ਭਾਵੇਂ ਇਹ ਫਿਰਕੂ ਤਣਾਅ ਅੰਤਮ ਨਿਸ਼ਾਨੇ ਦੇ ਤੌਰ ’ਤੇ ਮੁਲਕ ਅੰਦਰ ਸਾਮਰਾਜੀ ਹੱਲੇ ਨੂੰ ਧੜੱਲੇ ਨਾਲ ਅੱਗੇ ਵਧਾਉਣ ਅਤੇ ਇਸਦੇ ਰਾਹ ਵਿੱਚ ਕੋਈ ਅਸਰਦਾਰ ਰੋਕ ਬਣਨ ਦੀ ਸੰਭਾਵਨਾ ਨੂੰ ਮੇਸਣ ਦਾ ਹੀ ਕੰਮ ਕਰਦੇ ਹਨ, ਪਰ ਅਜਿਹਾ ਕਰਦੇ ਹੋਏ ਵੀ ਆਪਣੀ ਪਿਛਾਖੜੀ ਵਿਸ਼ੇਸ਼ਤਾ ਸਦਕਾ ਇਹ ਭਾਰਤੀ ਹਾਕਮਾਂ ਲਈ ਜਵਾਬਦੇਹੀ ਤੇ ਨਮੋਸ਼ੀ ਦਾ ਸਬੱਬ ਬਣਦੇ ਰਹਿੰਦੇ ਹਨ। ਜਿਹੜੇ ਸਾਮਰਾਜੀ ਮੁਲਕਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਹ ਵਰਤੇ ਜਾਂਦੇ ਹਨ, ਇਹ ਉਹਨਾਂ ਦੀਆਂ ਹੀ ਦੰਭੀ ਪਰ ਐਲਾਨੀਆ ਪੁਜ਼ੀਸ਼ਨਾਂ ਦੇ ਉਲਟ ਭੁਗਤਦੇ ਹਨ। ਉਹਨਾਂ ਦੀਆਂ ਪਾਰਲੀਮੈਂਟਾਂ ਅੰਦਰ ਭਾਰਤ ਸਰਕਾਰ ਦਾ ਅਜਿਹਾ ਰੋਲ ਬਹਿਸ ਅਧੀਨ ਆਉਦਾ ਹੈ ਅਤੇ ਵਿਰੋਧੀ ਧਿਰਾਂ ਅਤੇ ਹੋਰਨਾਂ ਹਿੱਸਿਆਂ ਵੱਲੋਂ ਸਰਕਾਰ ਤੋਂ ਭਾਰਤ ਸਰਕਾਰ ਦੇ ਅਜਿਹੇ ਰੋਲ ਖਿਲਾਫ ਦਖਲਅੰਦਾਜ਼ੀ ਮੰਗੀ ਜਾਂਦੀ ਹੈ। ਇਸੇ ਕਰਕੇ ਉਹਨਾਂ ਨੂੰ ਵੀ ਜ਼ੁਬਾਨੀ-ਕਲਾਮੀ ਇਹਨਾਂ ਦੇ ਖਿਲਾਫ ਬੋਲਣਾ ਪੈਂਦਾ ਹੈ। ਹੁਣ ਵੀ ਅਮਰੀਕਾ ਨੇ ਨੂਹ ਹਿੰਸਾ ਦੇ ਮਾਮਲੇ ਵਿੱਚ ਬਿਆਨ ਜਾਰੀ ਕਰਕੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਜਦੋਂ ਅੰਦਰੂਨੀ ਹਾਲਤ ਦੀਆਂ ਅਜਿਹੀਆਂ ਝਲਕਾਂ ਜੱਗ ਜਾਹਰ ਹੋ ਰਹੀਆਂ ਹੋਣ ਤੇ ਇਹਨਾਂ ਪਿਛਲੀ ਹਕੂਮਤੀ ਹੱਲਾਸ਼ੇਰੀ ਵੀ ਪ੍ਰਤੱਖ ਹੋਵੇ ਤਾਂ ਸਥਿਰਤਾ ਦੇ ਸਿਰ ’ਤੇ ਵੱਡੀ ਸ਼ਕਤੀ ਬਣਨ ਵੱਲ ਵਧਣ ਦੇ ਭਾਰਤੀ ਰਾਜ ਦੇ ਦਾਅਵਿਆਂ ਨਾਲ ਵੀ ਇਹ ਗੱਲ ਟਕਰਾਉਦੀ ਹੈ। ਇਸੇ ਕਰਕੇ ਫਿਰਕੂ ਹਿੰਸਾ ਦੇ ਹਥਿਆਰ ਦੀ ਹਰ ਹਾਲਤ ਵਿੱਚ ਵਰਤੋਂ ਦੀਆਂ ਗੁੰਜਾਇਸ਼ਾਂ ਨਹੀਂ ਹਨ। ਹੁਣ ਹਾਲਤ ਹੋਰ ਵੀ ਕਸੂਤੀ ਇਸ ਕਰਕੇ ਬਣੀ ਹੈ ਕਿ ਭਾਰਤ ਦੀ ਰਾਜਧਾਨੀ ਦਾ ਇਲਾਕਾ ਜੋ ਕਿ ਹੁਣੇ ਹੋ ਰਹੀ ਸਾਮਰਾਜੀ ਇਕੱਤਰਤਾ ਜੀ-20 ਦੀ ਥਾਂ ਹੈ, ਇਸਦਾ ਕੇਂਦਰ ਬਣਿਆ ਹੈ। ਸੰਸਾਰ ਸਾਹਮਣੇ ਅਮਨਮਈ ਮਹੌਲ ਦੇ ਦਾਅਵਿਆਂ ਲਈ ਇਸ ਹਿੰਸਕ ਮਹੌਲ ਨੂੰ ਸਮੇਟਣ ਦੀ ਜ਼ਰੂਰਤ ਬਣੀ ਹੈ ਤਾਂ ਕਿ ਕਿਸੇ ਮੁਲਕ ਦਾ ਕੋਈ ਨੁਮਾਇੰਦਾ ਇਸ ਮਹੌਲ ’ਤੇ ਟਿੱਪਣੀ ਕਰ ਕੇ ‘‘ਵਿਸ਼ਵ-ਗੁਰੂ’’ ਦੇ ਜਸ਼ਨਾਂ ਦੀ ਕਿਰਕਰੀ ਨਾ ਕਰ ਜਾਵੇ।
ਪਰ ਜੀ-20 ਸਮਾਗਮਾਂ ਦੀ ਇਸ ਵਿਸ਼ੇਸ਼ ਹਾਲਤ ਨੂੰ ਛੱਡ ਕੇ ਭਾਜਪਾ ਦੀ ਟੇਕ ਆਉਦੀਆਂ ਲੋਕ ਸਭਾਈ ਤੇ ਸੂਬਾਈ ਚੋਣਾਂ ਲਈ ਇਸ ਫਿਰਕੂ ਮਾਹੌਲ ਨੂੰ ਚਾਰਜ ਰੱਖਣ ਦੀ ਹੈ। ਵੱਖ ਵੱਖ ਥਾਵਾਂ ’ਤੇ ਪਿਛਾਖੜੀ ਲਾਮਬੰਦੀਆਂ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਤਾਕਤਾਂ ਨੂੰ ਹੱਲਾਸ਼ੇਰੀ ਜਾਰੀ ਹੈ। ਫਿਰਕੂ ਜ਼ਹਿਰ ਦਾ ਸੰਚਾਰ ਵੱਖ ਵੱਖ ਤਰੀਕਿਆਂ ਨਾਲ ਜਾਰੀ ਹੈ ਅਤੇ ਇੱਕ ਫੌਜੀ ਵੱਲੋਂ ਟਰੇਨ ਅੰਦਰ ਤਿੰਨ ਨਿਰਦੋਸ਼ ਮੁਸਲਿਮ ਵਿਅਕਤੀਆਂ ਤੇ ਆਪਣੇ ਇੱਕ ਅਧਿਕਾਰੀ ਨੂੰ ਮਾਰਨਾ ਇਸ ਜ਼ਹਿਰ ਦੇ ਛਿੱਟੇ ਦਾ ਹੀ ਅਸਰ ਹੈ। ਹਰਿਆਣਾ ਅੰਦਰ ਵਿਸ਼ੇਸ਼ ਹਾਲਤ ਇਹ ਹੈ ਕਿ ਇਹ ਹੁਣੇ ਹੀ ਕਿਸਾਨ ਸੰਘਰਸ਼ ਅੰਦਰ ਸਰਗਰਮ ਭੂਮਿਕਾ ਨਿਭਾ ਕੇ ਹਟਿਆ ਹੈ ਅਤੇ ਇਸ ਅੰਦਰ ਕਿਸਾਨ ਲਾਮਬੰਦੀਆਂ ਨੇ ਪਿਛਾਖੜੀ ਫਿਰਕੂ ਲਾਮਬੰਦੀਆਂ ਨੂੰ ਖੋਰਾ ਲਾਇਆ ਹੈ। ਸਾਂਝੀਆਂ ਜਮਾਤੀ ਮੰਗਾਂ ਲਈ ਭਾਈਚਾਰਕ ਸਾਂਝ ਵਿਗਸੀ ਹੈ। ਮੌਜੂਦਾ ਟਕਰਾਅ ਦੇ ਖਿਲਾਫ ਵੀ ਇਹ ਸਾਂਝ ਹਰਕਤ ਵਿੱਚ ਆਈ ਹੈ ਤੇ ਕਿਸਾਨ ਜਥੇਬੰਦੀਆਂ ਨੇ ਇਸ ਖਿਲਾਫ ਪੈਂਤੜਾ ਲਿਆ ਹੈ। ਸਰਬ ਧਰਮ ਇਕੱਤਰਤਾ ਵੀ ਹੋਈ ਹੈ ਅਤੇ ਫਿਰਕੂ ਅਮਨ ਦੀ ਬਹਾਲੀ ਲਈ ਲੋਕ ਹਰਕਤ ਵਿੱਚ ਆਏ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਜਥੇਬੰਦੀਆਂ ’ਤੇ ਪਾਬੰਦੀਆਂ ਲਾਉਣ ਦੀ ਮੰਗ ਉੱਠੀ ਹੈ ਅਤੇ ਹਰਿਆਣੇ ਦੇ ਹੋਰਨਾਂ ਖੇਤਰਾਂ ਵਿੱਚ ਇਸ ਤਣਾਅ ਦਾ ਫੈਲਾਅ ਰੁਕਿਆ ਹੈ। ਇਸ ਸੁਲੱਖਣੀ ਹਰਕਤਸ਼ੀਲਤਾ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਭਾਜਪਾ ਦੀ ਵੋਟ ਗਿਣਤੀਆਂ ਖਾਤਰ ਪਿਛਾਖੜੀ ਲਾਮਬੰਦੀਆਂ ਦੀ ਧੁੱਸ ਬਹੁਤ ਜ਼ੋਰਦਾਰ ਹੈ ਅਤੇ ਇਸਨੇ ਆਉਦੇ ਦਿਨਾਂ ਅੰਦਰ ਨਵੇਂ ਤੋਂ ਨਵੇਂ ਹੱਲਿਆਂ ਅਤੇ ਰੂਪਾਂ ਵਿੱਚ ਸਾਹਮਣੇ ਆਉਣਾ ਹੈ।
--0--
No comments:
Post a Comment