ਕਾਮਰੇਡ ਠਾਣਾ
ਸਿੰਘ ਦੇ ਦੇਹਾਂਤ ਮਗਰੋਂ ਸੋਸ਼ਲ ਮੀਡੀਆ ’ਤੇ ਆਏ ਪ੍ਰਤੀਕਰਮ
ਯਥਾਰਥਵਾਦ ਬਾਰੇ
ਉਸਦੇ ਵਿਚਾਰ ਕਦੇ ਨਹੀਂ ਭੁੱਲੇ
(1)
ਅਤਰਜੀਤ
ਮੈਨੂੰ ਇਹ ਲਿਖਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਪ੍ਰਗਤੀਵਾਦੀ ਯਥਾਰਥਵਾਦੀ ਕਹਾਣੀ ਦੀ ਕਾ. ਠਾਣਾ ਸਿੰਘ ਤੋਂ ਬੜੀ ਸੇਧ ਮਿਲੀ ਸੀ। ਯਥਾਰਥਵਾਦ ਬਾਰੇ ਉਸ ਦੇ ਵਿਚਾਰ ਕਦੇ ਨਹੀਂ ਭੁੱਲੇ। ਉਸ ਨੇ ਕਿਹਾ ਸੀ, ‘‘ਲੇਖਕ ਯਥਾਰਥਵਾਦੀ ਨਹੀਂ ਹੁੰਦਾ, ਸਗੋਂ ਲੋਕ ਯਥਾਰਥਵਾਦੀ ਹੁੰਦੇ ਹਨ।’’ ਲੋਕਾਂ ਦੇ ਯਥਾਰਥ ਦੀ ਪਕੜ ਕਰ ਸਕਣ ਵਾਲਾ ਲੇਖਕ ਹੀ ਯਥਾਰਥਵਾਦੀ ਹੁੰਦਾ ਹੈ।
ਸਾਡੀ ਪਹਿਲੀ ਮੁਲਾਕਾਤ ਰਾਮਪੁਰਾ ਫੂਲ ਤੋਂ ਮੰਡੀ ਕਲਾਂ ਤੱਕ ਦੇ ਸਾਇਕਲ ਸਫਰ ਦੌਰਾਨ ਹੋਈ ਸੀ, ਜਦੋਂ ਸਾਡੇ ਵਿਚਕਾਰ ਪ੍ਰੀਤ ਫਲਸਫੇ ਅਤੇ ਮਾਰਕਸੀ ਚਿੰਤਨ ਉੱਪਰ ਸਾਰੇ ਰਾਹ ਚਰਚਾ ਹੁੰਦੀ ਆਈ ਸੀ। ਸਾਨੂੰ ਆਪਣੇ ਬੂਹੇ ਅੱਗੋਂ ਲੰਘਦਿਆਂ (ਮੇਰੇ ਨਾਨਕਿਆਂ ਤੋਂ) ਜਿੰਮੀਦਾਰਨੀ ਗੁਰਮੇਲੋ ਮਾਸੀ ਨੇ ਰੋਕ ਲਿਆ ਸੀ ਤੇ ਘਰ ਲਿਜਾ ਕੇ ਦੁੱਧ ਪਿਆਇਆ ਸੀ।
ਜਦੋਂ ਵੀ ਅਸੀਂ ਮਿਲਦੇ ਕਾ. ਠਾਣਾ
ਗੁਰਮੇਲੋ ਮਾਸੀ ਨੂੰ ਜ਼ਰੂਰ ਯਾਦ ਕਰਦਾ। 1967-1970 ਦਾ ਸਮਾਂ ਸੀ, ਮੇਰੀ ਪੋਸਟਿੰਗ ਉਦੋਂ ਜੋਧਪੁਰ ਪਾਖਰ ਸੀ ਤੇ ਮੈਂ ਮੌੜ ਮੰਡੀ ਕਰਾਏ ਦੇ ਚੁਬਾਰੇ ਵਿੱਚ ਰਹਿੰਦਾ ਸਾਂ। ਰੂਪੋਸ਼ੀ ਦੌਰਾਨ ਉਹ ਸੈਂਕੜੇ ਰਾਤਾਂ ਮੇਰੇ ਕੋਲ ਰਿਹਾ। ਮੈਂ ਉਦੋਂ ਜ਼ਿਆਦਾਤਰ ਤੁਕਬੱਧ ਕਵਿਤਾਵਾਂ ਹੀ ਲਿਖਦਾ ਸਾਂ, ਜਿਨ੍ਹਾਂ ਨੂੰ ਪੰਜਾਬ ਦੀਆਂ ਅਨੇਕਾਂ ਹੀ ਸਾਹਿਤ ਸਭਾਵਾਂ ਵੱਲੋਂ ਮਾਨਤਾ ਮਿਲ ਚੁੱਕੀ ਸੀ। ਇੰਦਰਾ ਗਾਂਧੀ ਦੁਆਰਾ ਦਿੱਤੇ ਸਮਾਜਵਾਦ ਦੇ ਨਾਅਰੇ ਉੱਪਰ, ਬੰਗਲਾ ਦੇਸ਼ ਦੀ ਸਥਾਪਨਾ ਤੇ ਕਸ਼ਮੀਰ ਦੇ ਸਦਰਿ-ਰਿਆਸਤ ਸ਼ੇਖ ਅਬਦੁੱਲਾ ਨੂੰ ਜੇਲ੍ਹ ’ਚ ਬੰਦ ਕਰਨ ਅਤੇ ਚੋਣਾਂ ਇੱਕ ਢਕਵੰਜ ਵਿਸ਼ਿਆਂ ਉਪਰ ਸਨ, ਇਹ ਵਿਅੰਗਮਈ ਕਵਿਤਾਵਾਂ ।
ਕਹਾਣੀ ਨੂੰ ਵੀ ਮੈਂ ਮੂੰਹ ਮਾਰਦਾ ਸਾਂ, ਜਦ ਕਾ. ਠਾਣਾ ਸਿੰਘ ਨੇ ਮੈਨੂੰ ਪ੍ਰਗਤੀਵਾਦੀ ਯਥਾਰਥਵਾਦ ਦੀ ਸੋਝੀ ਦਿੱਤੀ। ਬਠਲੂ ਚਮਿਆਰ ਕਹਾਣੀ ਦਾ ਪਹਿਲਾ ਪਾਠਕ ਠਾਣਾ ਸਿੰਘ ਹੀ ਸੀ। ਹੋਰ ਕਈ ਰਚਨਾਵਾਂ ਵਿੱਚ ਉਸਨੇ ਆਪਣੀ ਸਾਹਿਤ ਪਾਰਖੂ ਵਜੋਂ ਮੋਹਰ ਲਗਾ ਕੇ ਵਿਚਾਰਧਾਰਕ ਸੇਧ ਪ੍ਰਦਾਨ ਕੀਤੀ। ਬੜੇ ਸਾਲਾਂ ਬਾਅਦ ਉਹ ਕਿਸੇ ਥਾਂ ਕੁੱਝ ਡਾਕੂਮੈਂਟਸ ਟਾਈਪ ਕਰਵਾਉਦਾ ਆਖਰੀ ਵਾਰ ਮਿਲਿਆ ਸੀ, ਜਦੋਂ ਉਹ ਬਹੁਤ ਹੀ ਖਤਰਨਾਕ ਬਿਮਾਰੀ ਨਾਲ ਜੂਝ ਰਿਹਾ ਸੀ।
ਲਾਲ ਸਲਾਮ ਸਾਥੀ ਠਾਣਾ ਸਿੰਘ !
ਸਾਥੀ ਠਾਣਾ ਸਿੰਘ ਨੂੰ ਚੇਤੇ ਕਰਦਿਆਂ
(2)
ਨਰਿੰਦਰ ਚਾਹਲ
ਭਰ ਜੁਆਨੀ ਤੋਂ ਲੈ ਕੇ ਆਪਣੀ ਸਾਰੀ ਜ਼ਿੰਦਗੀ ਇਨਕਲਾਬੀ ਲਹਿਰ ਦੇ ਲੇਖੇ ਲਾਉਣ ਵਾਲੇ ਸਾਥੀ ਠਾਣਾ ਸਿੰਘ ਭਾਵੇਂ ਕੁਝ ਦਿਨ ਪਹਿਲਾਂ ਸਰੀਰਕ ਤੌਰ ’ਤੇ ਸਾਥੋਂ ਵਿੱਛੜ ਗਏ ਹਨ, ਪਰ ਇਨਕਲਾਬੀ ਲਹਿਰ ਨੂੰ ਉਸਾਰਨ ਤੇ ਇਸਨੂੰ ਸੇਧ ਦੇਣ ਵਿੱਚ ਪਾਇਆ ਉਹਨਾਂ ਦਾ ਰੋਲ ਤੇ ਯੋਗਦਾਨ ਇਨਕਲਾਬੀ ਇਤਿਹਾਸ ਦਾ ਸਦੀਵੀ ਅੰਗ ਬਣ ਕੇ ਉਹਨਾਂ ਨੂੰ ਸਦਾ ਸਦਾ ਲਈ ਅਮਰ ਤੇ ਚਿਰੰਜੀਵ ਕਰ ਗਿਆ ਹੈ
ਸਾਥੀ ਠਾਣਾ ਸਿੰਘ ਪਿੰਡ ਭਲਾਈਆਣਾ, ਮੁਕਤਸਰ 68-69 ਦੇ ਉਸ ਇਨਕਲਾਬੀ ਦੌਰ ਦੀ ਪੈਦਾਵਾਰ ਸਨ, ਜਦ ਪੰਜਾਬ ਦੀ ਜੁਆਨੀ ਨੂੰ ਇਨਕਲਾਬ ਦੀ ਐਸੀ ਧੁੰਨ ਸੁਆਰ ਹੋਈ ਸੀ ਕੇ ਮੌਤ ਉਹਨਾਂ ਨੂੰ ਇੱਕ ਸਾਧਾਰਨ ਘਟਨਾ ਲੱਗਣ ਲੱਗੀ ਸੀ ਤੇ ਕਾਲਜ ਯੂਨੀਵਰਸਿਟੀਆਂ ਉਹਨਾਂ ਨੂੰ ਬੁਰਜੂਆ ਪੜ੍ਹਾਈ ਦੇ ਕੇਂਦਰ ਜਾਪਣ ਲੱਗੇ ਸਨ, ਉਹ ਧੜਾ-ਧੜ ਆਪਣੇ ਕਾਲਜ ਛੱਡ ਕੇ ਇਨਕਲਾਬੀ ਲਹਿਰ ਵਿੱਚ ਕੁੱਦ ਰਹੇ ਸਨ, ਚੰਡੀਗੜ੍ਹ ਐਮ ਏ ਇੰਗਲਿਸ਼ ਕਰਦੇ ਸਾਥੀ ਠਾਣਾ ਸਿੰਘ ਨੇ ਵੀ ਆਪਣੀ ਪੜ੍ਹਾਈ ਨੂੰ ਲੱਤ ਮਾਰ ਦਿੱਤੀ ਤੇ ਆਪਣਾ ਘਰ ਪਰਿਵਾਰ ਛੱਡ ਕੁੱਦ ਪਏ ਇਨਕਲਾਬੀ ਲਹਿਰ ਵਿੱਚ, ਜਿਸਨੂੰ ਉਦੋਂ ਆਮ ਬੋਲੀ ਵਿੱਚ ਨਕਸਲੀ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਸਤੋਂ ਬਾਅਦ ਅੱਜ ਤੀਕ ਫਿਰ ਚੱਲ ਸੋ ਚੱਲ, ਇਸ ਦੌਰਾਨ ਲਹਿਰ ਵੀ ਅਨੇਕਾਂ ਮੋੜਾਂ-ਘੋੜਾਂ, ਉਤਰਾਵਾਂ ਚੜ੍ਹਾਵਾਂ ’ਚੋਂ ਲੰਘੀ, ਹਕੂਮਤਾਂ ਦਾ ਕਹਿਰ ਟੁੱਟਿਆ, ਅਨੇਕਾਂ ਸਾਥੀਆਂ ਦੀਆਂ ਸ਼ਹੀਦੀਆਂ ਹੋਈਆਂ, ਲਹਿਰ ਅੰਦਰ ਨੀਤੀਆਂ ਦਾ ਤਿੱਖਾ ਟਕਰਾਅ ਚੱਲਿਆ, ਇਸ ਸਾਰੇ ਸਮੇਂ ਦੌਰਾਨ ਸਾਥੀ ਠਾਣਾ ਸਿੰਘ ਆਪਣੀ ਸਮਝ ਤੇ ਡੱਟੇ ਰਹੇ ਤੇ ਲਹਿਰ ਨੂੰ ਅੱਗੇ ਵਧਾਉਣ ਤੇ ਇਸਨੂੰ ਦਰੁਸਤ ਲੀਹ ’ਤੇ ਰੱਖਣ ਲਈ ਆਪਣਾ ਉਘੜਵਾਂ ਯੋਗਦਾਨ ਪਾਉਂਦੇ ਰਹੇ, ਪੰਜਾਬ ਦੀ ਇਨਕਲਾਬੀ ਲਹਿਰ ਨੂੰ ਮੌਜੂਦਾ ਚੜ੍ਹਦੀ ਕਲਾ ਵਾਲੀ ਹਾਲਾਤ ਵਿੱਚ ਪਹੁੰਚਾਣ ਵਿੱਚ ਹੋਰਨਾਂ ਸਾਥੀਆਂ ਦੇ ਨਾਲ ਨਾਲ ਸਾਥੀ ਠਾਣਾ ਸਿੰਘ ਦਾ ਵੀ ਬਹੁਤ ਉਭਰਵਾਂ ਤੇ ਮਹਤੱਵਪੂਰਨ ਰੋਲ ਹੈ
ਸਾਥੀ ਠਾਣਾ ਸਿੰਘ ਨਾਲ ਮੇਰਾ 68-69 ਵੇਲੇ ਦਾ ਇਨਕਲਾਬੀ ਰਿਸ਼ਤਾ ਹੈ, ਮੈਂ ਵੀ ਓਦੋਂ ਮੱਸਾਂ ਪੰਦਰਾਂ ਸੋਲਾਂ ਸਾਲ ਦਾ ਸੀ, ਉਹਨਾਂ ਵੇਲਿਆਂ ਦੇ ਇਹ ਪੁਰਾਣੇ ਸਾਥੀ ਕਦੇ ਨਹੀਂ ਭੁੱਲਦੇ, ਇਹਨਾਂ ਸਭ ਨੇ ਇਨਕਲਾਬੀ ਲਹਿਰ ਨੂੰ ਮਘਦੀ ਰੱਖਣ ਤੇ ਹੋਰ ਬਲਵਾਨ ਕਰਨ ਲਈ ਬੇਸ਼ਮਾਰ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਕਰ ਰਹੇ ਹਨ, ਇਹਨਾਂ ਸਭਨਾਂ ਦਾ ਕੰਮ ਢੰਗ ਦਾ ਤਰੀਕਾ ਹੀ ਕੁੱਝ ਐਸਾ ਹੈ ਕਿ ਇਹਨਾਂ ਕੁਝ ਕਰਦੇ ਹੋਏ ਵੀ, ਉਹ ਹਰੇਕ ਨੂੰ ਨਹੀਂ ਦਿਸਦੇ, ਮੇਰੇ ਖਿਆਲ ਵਿੱਚ ਇਹ ਸਭ ਇਨਕਲਾਬੀ ਲਹਿਰ ਦੇ ਉਹ ਧਰਤੀ ਹੇਠਲੇ ਬਲਦ ਹਨ, ਜੋ ਇਨਕਲਾਬੀ ਲਹਿਰ ਉਸਾਰਨ ਦਾ ਬਹੁਤ ਹੀ ਕਠਿਨ ਤੇ ਮਹਾਂਬਲੀ ਕਾਰਜ ਆਪਣੇ ਮੋਢਿਆਂ ਅਤੇ ਸਿਰਾਂ ਤੇ ਉਠਾਈ ਫਿਰਦੇ ਹਨ,ਤੇ ਕਦੇ ਵੀ, ਕਿਸੇ ਵੀ ਹਾਲਾਤ ਵਿੱਚ, ਲਹਿਰ ਦੀ ਪਿੱਠ ਨਹੀਂ ਲੱਗਣ ਦਿੰਦੇ, ਇਸਨੂੰ ਢਿਲੀ ਨਹੀਂ ਪੈਣ ਦਿੰਦੇ, ਪਰ ਮੈਨੂੰ ਇੱਕ ਫਿਕਰ ਜਰੂਰ ਸਤਾ ਰਿਹਾ ਹੈ ਕੇ ਉਹਨਾਂ ਵੇਲਿਆਂ ਦੀ ਇਹ ਲੀਡਰਸ਼ਿਪ ਬੁੱਢੀ ਹੁੰਦੀ ਜਾ ਰਹੀ ਹੈ ਤੇ ਇੱਕ ਇੱਕ ਕਰਕੇ, ਸਾਥੋਂ ਵਿਛੜਦੀ ਜਾ ਰਹੀ ਹੈ, ਪਰ ਧੰਨ ਹੈ ਇਹਨਾਂ ਦਾ ਸਿਦਕ ਤੇ ਕੁਰਬਾਨੀ! ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਇਨਕਲਾਬੀ ਧੁੰਨ ਤੇ ਨਿਹਚਾ ਉਵੇਂ ਹੀ ਬੁਲੰਦ, ਤਰੋ-ਤਾਜ਼ਾ ਤੇ ਜੁਆਨ ਨੇ, ਜਿਹੋ ਜਿਹੇ ਮੈਂ ਇਹਨਾਂ ਨੂੰ 69-70 ਦੇ ਉਹਨਾਂ ਵੇਲਿਆਂ ’ਚ ਤੱਕਿਆ ਸੀ, ਸਾਥੀ ਠਾਣਾ ਸਿੰਘ ਨੂੰ ਚੇਤੇ ਕਰਨ ਦੇ ਨਾਲ ਨਾਲ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਵੀ ਤਹਿ ਦਿਲੋਂ ਆਪਣਾ ਸਲਾਮ, ਸਤਿਕਾਰ ਤੇ ਪਿਆਰ ਭੇਜਦਾਂ ਹਾਂ, ਤੁਸੀਂ ਸਾਰੇ ਸੱਚਮੁੱਚ ਹੀ ਬਹੁਤ ਮਹਾਨ ਹੋ, ਤੁਹਾਡੇ ਤੇ ਸਾਨੂੰ ਬੇਹੱਦ ਫਖਰ ਤੇ ਮਾਣ ਹੈ.
(3)
ਇਹ ਸਿਦਕਾਂ ਦੀ ਹੀ ਗੱਲ ਹੈ
ਕਿ ਵਾਟ ਕਿੰਨੀ ਕੁ ਮੁੱਕੀ
ਦਾ ਫ਼ਿਕਰ
ਨਾ ਤੋਰ ਥਕਾਉਂਦਾ ਸੀ
ਤੁਰਦੇ ਰਹਿਣ ਦਾ ਸਬਰ ਤੇਰਾ
ਹੋਰਾਂ ’ਚ ਵੀ ਪੁੱਗਣ ਦਾ
ਜਜ਼ਬਾ ਜਗਾਉਂਦਾ ਸੀ
ਅੰਦਾਜ਼ ਇਹ ਹਨੇਰੇ ਰਾਹਾਂ ’ਤੇ
ਚਾਨਣ ਹੋ ਜਗਣ ਦਾ
ਤੁਰਦਿਆਂ ਨੂੰ ਵਗਣ ਦੀ
ਜਾਂਚ ਸਿਖਾਉਂਦਾ ਸੀ
ਜ਼ਿੰਦਗੀ ਨੂੰ ਰੱਜ ਕੇ ਜਿਉਣ ਦੀ
ਤੇ ਸੋਹਣਾ ਬਣਾਉਣ ਦੀ
ਤਾਂਘ ਦਾ ਜਲੌਅ ਤੇਰਾ
ਸਦਾ ਤੇਰੇ ਸਫਰ ਦੀ ਗਾਥਾ ਸੁਣਾਵੇਗਾ
ਤੇਰੀ ਵਿਦਾਇਗੀ ਦੇ ਹੰਝੂਆਂ ਨਾਲ ਵੀ
ਤੇਰਾ ਕਾਫ਼ਲਾ ਤੇਰੀ ਕਰਨੀ ਦਾ
ਜਸ਼ਨ ਮਨਾਵੇਗਾ
(4)
ਧਰਤ ਸਦਾ ਤਰਸੇ ਮੇਘ ਲਈ,
ਮੇਘ ਵਰਸੇ, ਰਮ ਜਾਵੇ ਧਰਤ ਵਿੱਚ।
ਮੇਘ ਨੂੰ ਚਾਹ ਨਾ,
ਕਰੂੰਬਲਾਂ ’ਤੇ ਨਾਮ ਖੁੰਨਣ ਦੀ,
ਉਹਦਾ ਕਰਮ ਬੱਸ ਵਰਸਣਾ,
ਧਰਤ ਦੀ ਹਿੱਕ ਠਾਰਨਾ।
ਬਹੁਤ ਦੁਰਾਡਾ ਇੱਕ ਸੁਪਨਾ
ਸਦੀਆਂ, ਜਨਮਾਂ ਤੋਂ ਪਾਰ ਦਾ,
ਜਿੰਨਾਂ ਦੇਖਿਆ ਤੇ
ਤੇ ਫੇਰ ਹੋਰ ਕੁਛ ਨਾ ਦੇਖਿਆ।
ਖਤਰਨਾਕ ਹੁੰਦਾ ਮਰ ਜਾਣਾ ਸੁਪਨਿਆਂ ਦਾ,
ਸੁਪਨੇ ਦੇਖਣ ਲਈ ਵੀ ਪਰ
ਜਿਗਰਾ ਤਾਂ ਚਾਹੀਦਾ।
ਸੁਪਨਿਆਂ ਲਈ ਮਰ ਜਾਣ ਦਾ ਜਿਗਰਾ
ਸੁਪਨਿਆਂ ਲਈ ਜਿਊਣ ਦਾ ਜਿਗਰਾ,
ਹਰ ਕਿਸੇ ਦੇ ਹਿੱਸੇ ਕਦ ਆਉਂਦਾ?
ਮੇਘ ਇੱਕ ਬਰਸ ਕੇ
ਆਪਣੇ ਹਿੱਸੇ ਦੀ ਧਰਤ ਠਾਰ ਕੇ
ਰਮ ਗਿਆ ਏ ਧਰਤ ਵਿੱਚ।
ਨਮੀ ਜਿਹਨਾਂ ਨੇ ਮਾਣੀ
ਕਰੂੰਬਲਾਂ ਨੂੰ ਸਾਰ ਰਹਿਣੀ।
ਮਨਪ੍ਰੀਤ ਜਸ
(5)
ਸੁਣ ਵੇ ਸੂਰਜ ਛਿਪਦਿਆ
ਕਿੱਥੇ ਤੇਰਾ ਪੜਾਅ
ਏਦਾਂ ਵੀ ਕੀ ਛਿਪਣਾ
ਰਿਸ਼ਮਾਂ ਨੂੰ ਤੜਫਾ
ਸੁਣ ਵੇ ਸੂਰਜ ਛਿਪਦਿਆ
ਸੁੱਚਾ ਤੇਰਾ ਕਾਜ
ਰਾਤਾਂ ਜਗਕੇ ਰੱਖ ਲਈ
ਤੂੰ ਚਾਨਣ ਦੀ ਲਾਜ
ਸੁਣ ਵੇ ਸੂਰਜ ਛਿਪਦਿਆ
ਤੇਰੀ ਅੰਬਰੋਂ ਉੱਚੀ ਸ਼ਾਨ
ਮਾਂ ਧਰਤ ਨੇ ਸੀਨੇ ਲਾ ਲਿਆ
ਕਰੇ ਜ਼ਿੰਦਗੀ ਤੇਰਾ ਮਾਣ
ਸੁਣ ਵੇ ਸੂਰਜ ਛਿਪਦਿਆ
ਸਾਨੂੰ ਲੱਗ ਜਾਏ ਤੇਰਾ ਪਾਹ
ਤੇਰੇ ਵਾਂਗ ਜੀਣਾ ਨਾ ਆਇਆ
ਖੌਰੇ ਮਰਨ ਹੀ ਜਾਵੇ ਆ
ਸੁਣ ਵੇ ਸੂਰਜ ਛਿਪਦਿਆ
ਸਾਨੂੰ ਮਿੱਠੀ ਤੇਰੀ ਛੋਹ
ਸਾਡੇ ਮੱਥਿਆਂ ਅੰਦਰ ਲਹਿ ਗਿਆ
ਤੂੰ ਬਣ ਕੇ ਸੁੱਚੀ ਲੋਅ
ਸੁਣ ਵੇ ਸੂਰਜ ਛਿਪਦਿਆ
ਹੋ ਜਾਏ ਨ੍ਹੇਰੇ ਦੀ ਖੈਅ
ਤੇਰੇ ਸੁਪਨੇ ਤੋਂ ਵੱਧ ਧਰਤ ’ਤੇ
ਨਾ ਪਵਿੱਤਰ ਕੋਈ ਵੀ ਸ਼ੈਅ
ਤੂੰ ਵੀ ਛੁਪ ਗਇਓਂ ਸੂਰਜਾ
ਇੱਕ ਛਿਪਿਆ ਸੀ ਕੱਲ੍ਹ
ਸਾਡੀ ਨਿੱਕੀ ਹਿੱਕ ਮਲੂਕੜੀ
ਐਨੇ ਝੱਲ ਨੀ ਸਕਦੀ ਸੱਲ।
-ਹਰਪਾਲ ਬਠਿੰਡਾ
(6)
ਮੌਤ ਵੀ ਕਿਦਾਂ ਹੱਥ
ਧਰਦੀ, ਜ਼ਿੰਦਗੀ ਦੇ ਸ਼ਾਹ
ਅਸਵਾਰਾਂ ’ਤੇ
ਪੈਰ ਨਾ ਥਿੜਕੇ ਤਾਲ ਤੋਂ
ਭਾਵੇਂ, ਨੱਚਦੇ ਰਹੇ ਅੰਗਿਆਰਾਂ ’ਤੇ
ਸੁਪਨਿਆਂ ਨੈਣੀਂ ਰੰਗ
ਭਰਦੇ ਜੋ, ਉਮਰਾਂ ਤੀਕਰ ਸੁੱਤੇ ਨਾ
ਜ਼ਿੰਦਗੀ ਕਿਉਂ ਨਾ ਫ਼ਖਰ
ਕਰੇ ਫੇਰ, ਏਹੋ ਜਏ ਫ਼ਨਕਾਰਾਂ ’ਤੇ
ਵਿਗੋਚੇ ਵੀ ਤਾਕਤ ਕਰ
ਲੈਂਦੇ, ਨਿਹਚਾ ਨੂੰ ਕਦਮੀਂ ਭਰ
ਲੈਂਦੇ
ਮਾਣ ਬੜਾ ਸੀ ਸੁਰਖੀਆਂ
ਹੋਏ, ਰੱਬ ਵਰਗਿਆਂ ਯਾਰਾਂ ’ਤੇ
ਰਾਤਾਂ ਵਰਗੇ ਦਿਨ
ਚੜ੍ਹਦੇ ਤੇ ਬੰਦੇ ਖਾਣੀਆਂ ਰਾਤਾਂ ਸੀ
ਯਕੀਨ ਨਹੀਂ ਸੀ ਲਹੂ ’ਚ ਡੁੱਬੀਆਂ, ਦਰ ਆਈਆਂ ਅਖਬਾਰਾਂ ’ਤੇ
ਤਿਣਕਾ ਤਿਣਕਾ ਤਾਕਤ
ਜੋੜੀ ਤਿਲ ਤਿਲ ਹੋ ਕੇ ਮਿਟਦੇ ਰਹੇ
ਪੈਰ ਪੈਰ ’ਤੇ ਇਮਤਿਹਾਨ ਹੋਏ, ਨੋਕਾਂ ’ਤੇ ਕਦੇ ਧਾਰਾਂ ’ਤੇ
ਅਰਥ ਹਿਯਾਤ ਦੇ ਫੁੱਲਾਂ
ਵਗੂੰ ਖਿੜ ਖਿੜ ਕੇ ਮੁਸਕਾਉਣ ਲੱਗੇ
ਕਹਿਣੀ ਕਰਨੀ ਇੱਕ ਕਰ
ਨਿਭਦਾ ਜਦ ਕੋਈ ਉੱਚੇ ਮਿਆਰਾਂ ’ਤੇ॥
-ਹਰਪਾਲ ਬਠਿੰਡਾ
No comments:
Post a Comment