Monday, September 18, 2023

ਦਿੱਲੀ ਤੋਂ ਮਨੀਪੁਰ ਵਾਇਆ ਬਸਤਰ

 

ਦਿੱਲੀ ਤੋਂ ਮਨੀਪੁਰ ਵਾਇਆ ਬਸਤਰ

ਮਨੀਪੁਰ ਅੰਦਰ ਕੁੱਕੀ ਔਰਤਾਂ ਨਾਲ ਵਾਪਰੀ ਸਿਰੇ ਦੀ ਜਿਸਮਾਨੀ ਅਤੇ ਮਾਨਸਿਕ ਧੱਕੇਸ਼ਾਹੀ ਦੀ ਘਟਨਾ ਕਰੂਰ ਹੈ, ਭਿਅੰਕਰ ਹੈ, ਦਿਲਕੰਬਾਊ ਹੈ, ਪਰ ਇਹ ਇਹੋ ਜਿਹੀ ਇਕੋ ਇੱਕ ਘਟਨਾ ਨਹੀਂ ਹੈ ਸਾਡੇ ਲਿੰਗਕ ਵਿਤਕਰੇ ਨਾਲ ਗ੍ਰਸੇ ਸਮਾਜ ਅੰਦਰ ਜਿਨਸੀ ਹਿੰਸਾ ਇੱਕ ਆਮ ਗੱਲ ਹੈ  ਭਾਵੇਂ ਜਾਤ-ਪਾਤੀ, ਧਾਰਮਿਕ ਅਤੇ ਹੋਰਨਾਂ ਵਿਤਕਰਿਆਂ-ਦਾਬਿਆਂ ਵਾਂਗ ਲਿੰਗਕ ਵਿਤਕਰਾ ਅਤੇ ਦਾਬਾ ਵੀ ਮੁੱਢ-ਕਦੀਮੀ ਹੈ, ਪਰ ਸਥਾਪਤੀ ਵੱਲੋਂ ਲਗਾਤਾਰ ਇਨ੍ਹਾਂ ਵਿਤਕਰਿਆਂ ਦੀ ਜ਼ਮੀਨ ਨੂੰ ਸਿੰਜਿਆ ਜਾਂਦਾ ਰਿਹਾ ਹੈ ਪਿਛਲੇ ਸਮੇਂ ਅੰਦਰ ਜਿਉਂ-ਜਿਉਂ ਸਮਾਜ ਦੇ ਸੰਕਟ ਤਿੱਖੇ ਹੁੰਦੇ ਗਏ ਹਨ, ਤਿਉਂ-ਤਿਉਂ ਅਜਿਹੇ ਵਿਤਕਰਿਆਂ ਨੂੰ ਵਰਤਣ ਦੀਆਂ ਹਕੂਮਤ ਦੀਆਂ ਲੋੜਾਂ ਵਧਦੀਆਂ ਗਈਆਂ ਹਨ ਲਿੰਗਕ ਵਿਤਕਰੇ ਦਾਬੇ ਅਤੇ ਹਿੰਸਾ ਦੀ ਵੀ ਸੌੜੇ ਸਿਆਸੀ ਮੰਤਵਾਂ ਤਹਿਤ ਗਿਣੀ-ਮਿਥੀ ਵਰਤੋਂ ਹੋਈ ਹੈ ਇਹਦੀ ਵਰਤੋਂ ਖਾਸ ਤੌਰਤੇ ਵਸੋਂ ਦੇ ਚੋਣਵੇਂ ਹਿੱਸਿਆਂ ਨੂੰ ਦਬਾਉਣ, ਦਹਿਸ਼ਤਜ਼ਦਾ ਕਰਨ ਅਤੇ ਸਬਕ ਸਿਖਾਉਣ ਦੇ ਮੰਤਵ ਨਾਲ ਵਾਰ ਵਾਰ ਕੀਤੀ ਗਈ ਹੈ ਔਰਤਾਂ ਦੀ ਬੇਹੁਰਮਤੀ ਨੂੰ ਇਕ ਹਥਿਆਰ ਵਜੋਂ ਸਥਾਪਿਤ ਕੀਤਾ ਗਿਆ ਹੈ ਇਸ ਦੀ ਵਰਤੋਂ ਲਈ ਜ਼ਮੀਨ ਤਿਆਰ ਕੀਤੀ ਗਈ ਹੈ ਤੇ ਜਦ ਜੀ ਚਾਹੇ ਇਸ ਦੀ ਵਰਤੋਂ ਦੀਆਂ ਛੂਟਾਂ ਦਿੱਤੀਆਂ ਗਈਆਂ ਹਨ ਇਸਦੇ ਵਰਤੋਂਕਾਰਾਂ ਦੀ ਇਸ ਪ੍ਰਬੰਧ ਵੱਲੋਂ ਹਰ ਵਾਰ ਰਾਖੀ ਕੀਤੀ ਗਈ ਹੈ ਇਉਂ ਪਿਛਲੇ ਦਹਾਕਿਆਂ ਦੌਰਾਨ ਇਸ ਦੀ ਵਰਤੋਂ ਨਿਰੰਤਰ ਵਧਦੀ ਗਈ ਹੈ

     ਨਵੰਬਰ 1984 ਦੌਰਾਨ ਜਦੋਂ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਸਿੱਖ ਆਬਾਦੀ ਤੋਂ ਸਮੂਹਕ ਰੂਪ ਵਿੱਚ ਲਿਆ ਜਾ ਰਿਹਾ ਸੀ ਤਾਂ 1 ਨਵੰਬਰ ਨੂੰ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਜਥੇਬੰਦ ਕੀਤੀ ਹਿੰਦੂ ਜਨੂੰਨੀ ਭੀੜ ਨੇ ਦਿੱਲੀ ਦੇ ਤਿਰਲੋਕਪੁਰੀ ਮੁਹੱਲੇ ਅੰਦਰ 14 ਤੋਂ 50 ਸਾਲ ਦੀਆਂ ਔਰਤਾਂ ਦੇ ਗਰੁੱਪ ਨਾਲ ਸਮੂਹਕ ਬਲਾਤਕਾਰ ਨੂੰ ਅੰਜਾਮ ਦਿੱਤਾ ਉਸ ਸਮੇਂ ਕਲਿਆਣਪੁਰੀ ਥਾਣੇ (ਜਿਸ ਅਧੀਨ ਇਹ ਮੁਹੱਲਾ ਪੈਂਦਾ ਸੀ) ਦੇ ਐਸ.ਐਚ.. ਨੇ ਸਿੱਖ ਔਰਤਾਂ ਨਾਲ ਬਲਾਤਕਾਰ ਦੀ ਥਾਂ ਤੋਂ ਸਾਰੀ ਪੁਲੀਸ ਨਫ਼ਰੀ ਵਾਪਸ ਬੁਲਾ ਲਈ ਸੀ ਇਹਦੇ ਵਰਗੀਆਂ ਅਨੇਕਾਂ ਘਟਨਾਵਾਂ ਹੋਰਨਾਂ ਮੁਹੱਲਿਆਂ ਵਿਚ ਵੀ ਵਾਪਰੀਆਂ ਪਰ ਵਹਿਸ਼ੀ ਕਤਲੇਆਮ ਅਤੇ ਜਿਨਸੀ ਹਿੰਸਾ ਦੇ ਦੋਸ਼ੀ ਨਾ ਸਿਰਫ ਦਹਾਕਿਆਂ ਬੱਧੀ ਆਜ਼ਾਦ ਫਿਰਦੇ ਰਹੇ, ਸਗੋਂ ਇਸ ਵਹਿਸ਼ਤ ਨੂੰ ਜਥੇਬੰਦ ਕਰਨ ਵਾਲੇ ਅਨੇਕਾਂ ਮੁੱਖ ਦੋਸ਼ੀ ਸੱਤਾ ਦਾ ਸੁਆਦ ਵੀ ਮਾਣਦੇ ਰਹੇ

      28 ਫਰਵਰੀ 2002 ਨੂੰ ਕਾਰ ਸੇਵਕਾਂ ਦੀ ਮੌਤ ਦਾ ਬਦਲਾ ਗੁਜਰਾਤ ਦੇ ਮੁਸਲਿਮ ਭਾਈਚਾਰੇ ਤੋਂ ਸਮੂਹਕ ਰੂਪ ਵਿੱਚ ਲਿਆ ਜਾ ਰਿਹਾ ਸੀ ਤਾਂ ਇੱਕ ਥਾਂ ਨਰੋਦਾ ਪਾਟਿਆ ਵੀ ਸੀ, ਜਿੱਥੇ ਹਿੰਦੂ ਫਿਰਕੂ ਅਨਸਰ ਕਹਿਰ ਮਚਾ ਰਹੇ ਸਨ ਚਸ਼ਮਦੀਦ ਗਵਾਹਾਂ ਮੁਤਾਬਕ ਰਾਜ ਦੀ ਪੁਲਿਸ ਦੰਗਾਕਾਰੀਆਂ ਨੂੰ ਸਰਗਰਮ ਸਹਿਯੋਗ ਦੇ ਰਹੀ ਸੀ ਇਸ ਥਾਂਤੇ ਕਤਲ ਕੀਤੀਆਂ ਗਈਆਂ 36 ਔਰਤਾਂ ਵਿੱਚੋਂ ਵੱਡੀ ਗਿਣਤੀ ਨੂੰ ਜਿਨਸੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ ਇਸ ਹਿੰਸਾ ਦੌਰਾਨ ਇੱਕ ਖਾਸ ਪੈਟਰਨ ਅਖਤਿਆਰ ਕੀਤਾ ਗਿਆ ਸੀ ਔਰਤਾਂ ਦੇ ਵਸਤਰ ਉਤਾਰੇ ਜਾਂਦੇ ਸਨ, ਨਗਨ ਪਰੇਡ ਕਰਵਾਈ ਜਾਂਦੀ ਸੀ, ਖੁਲ੍ਹੀਆਂ ਥਾਵਾਂਤੇ ਸਮੂਹਕ ਤੌਰਤੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਪੀੜਤ ਨੂੰ ਮਾਰ ਕੇ ਅਤੇ ਜਲਾ ਕੇ ਸਬੂਤ ਨਸ਼ਟ ਕੀਤੇ ਜਾਂਦੇ ਸਨ ਇੱਥੇ ਮੁਸਲਿਮ ਭਾਈਚਾਰੇ ਨੂੰ ਸਬਕ ਸਿਖਾਉਣ ਲਈ ਜਿਨਸੀ ਹਿੰਸਾ ਨੇ ਔਰਤਾਂ ਦੇ ਸਰੀਰ ਉੱਤੇ ਧਾਰਮਿਕ ਨਿਸ਼ਾਨ ਕੁਰੇਦੇ ਜਾਣ, ਛਾਤੀਆਂ ਕੱਟੇ ਜਾਣ , ਜਣਨ ਅੰਗਾਂ ਅਤੇ ਪੇਟ ਨੂੰ ਚੀਰੇ ਜਾਣ ਵਰਗੀਆਂ ਅਨੇਕਾਂ ਕਰੂਰ ਸ਼ਕਲਾਂ ਅਖਤਿਆਰ ਕੀਤੀਆਂ ਸਨ ਪਰ ਇਸ ਫਿਰਕੂ ਹਿੰਸਾ ਨੂੰ ਜਥੇਬੰਦ ਕਰਨ ਵਾਲੇ ਮੁੱਖ ਦੋਸ਼ੀ ਅਦਾਲਤਾਂ ਵੱਲੋਂ ਬਾ-ਇਜ਼ਤ ਬਰੀ ਕੀਤੇ ਜਾ ਚੁੱਕੇ ਹਨ ਅਤੇ ਸੱਤਾ ਦਾ ਸੁਖ ਮਾਣ ਰਹੇ ਹਨ ਇਨ੍ਹਾਂ ਕੁਕਰਮਾਂ ਨੂੰ ਅੰਜਾਮ ਦੇਣ ਵਾਲੇ ਵੱਡੀ ਗਿਣਤੀ ਲੋਕ ਸਜ਼ਾਵਾਂ ਤੋਂ ਬਚੇ ਰਹੇ ਹਨ ਅਤੇ ਜਿਹਨਾਂ ਚੁਨਿੰਦਾ ਲੋਕਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਿਆ ਉਹਨਾਂ ਵਿੱਚੋਂ ਕੁਝ ਨੂੰ ਸਰਕਾਰ ਨੇ ਹਾਲ ਹੀ ਵਿੱਚ ਚੰਗੇ ਆਚਰਣ ਕਰਕੇ ਵਕਤ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਹੈ ਅਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਉਨ੍ਹਾਂ ਦਾ ਹਾਰਾਂ ਨਾਲ ਸਵਾਗਤ ਕੀਤਾ ਹੈ

       2013 ਵਿੱਚ ਮੁਜ਼ੱਫਰ ਨਗਰ ਦੰਗਿਆਂ ਦੌਰਾਨ ਸਮੂਹਕ ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ ਹੋਈਆਂ ਕਤਲ, ਬਲਾਤਕਾਰ ਤੇ ਦੰਗਿਆਂ ਦੇ 41 ਕੇਸਾਂ ਵਿੱਚ ਟਰਾਇਲ ਕੋਰਟਾਂ ਦੋਸ਼ੀਆਂ ਨੂੰ ਰਿਹਾ ਕਰ ਚੁੱਕੀਆਂ ਹਨ ਸਮੂਹਕ ਬਲਾਤਕਾਰ ਦੇ ਸੱਤ ਕੇਸਾਂ ਵਿੱਚੋਂ ਪੰਜ ਕੇਸ ਪੀੜਤਾਂ ਉੱਪਰ ਦਬਾਅ ਪਾ ਕੇ ਵਾਪਸ ਕਰਵਾਏ ਜਾ ਚੁੱਕੇ ਹਨ ਸਿਰਫ ਇੱਕ ਕੇਸ ਵਿੱਚ ਲੰਘੇ ਵਰ੍ਹੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਯੋਗੀ ਸਰਕਾਰ ਇਹਨਾਂ ਦੰਗਿਆਂ ਨਾਲ ਸਬੰਧਤ 131 ਕੇਸਾਂ ਵਿੱਚੋਂ ਵੱਡੀ ਗਿਣਤੀ ਕੇਸ ਇਹ ਕਹਿ ਕੇ ਵਾਪਸ ਲੈ ਚੁੱਕੀ ਹੈ ਕਿ ਹਿੰਦੂ ਨਾਗਰਿਕਾਂ ਨੂੰ ਇਹਨਾਂ ਕੇਸਾਂ ਵਿੱਚ ਬੇਲੋੜਾ ਫਸਾਇਆ ਗਿਆ ਹੈ

      ਪੁਲਿਸ ਅਤੇ ਹਕੂਮਤ ਵੱਲੋਂ ਜਥੇਬੰਦ ਕੀਤੀਆਂ ਜਾਂ ਉਹਨਾਂ ਦੀ ਮੂਕ ਸਹਿਮਤੀ ਨਾਲ ਵਾਪਰੀਆਂ ਅਜਿਹੀਆਂ ਅਣਗਿਣਤ ਵਾਰਤਾਵਾਂ ਹਨ ਜਿਨਸੀ ਹਿੰਸਾ ਦਾ ਇਹ ਹਥਿਆਰ ਸਿਰਫ਼ ਹਜੂਮੀ ਭੀੜਾਂ ਦੇ ਹੱਥ ਵਿੱਚ ਹੀ ਨਹੀਂ ਰਿਹਾ ਭਾਰਤੀ ਰਾਜ ਦੇ ਜਾਬਤਾਬੱਧ ਬਲਾਂ ਭਾਰਤੀ ਫੌਜ ਅਤੇ ਪੁਲੀਸ ਨੇ ਵੀ ਇਸ ਹਥਿਆਰ ਦੀ ਖੁੱਲ੍ਹੀ ਵਰਤੋਂ ਕੀਤੀ ਹੈ

        ਆਪਣੇ ਸਵੈ-ਨਿਰਣੇ ਦੇ ਹੱਕ ਲਈ ਜੂਝ ਰਹੇ ਕਸ਼ਮੀਰ ਅੰਦਰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਜਿਨਸੀ ਅਪਰਾਧਾਂ ਦੀ ਲੰਬੀ ਸੂਚੀ ਹੈ ਇਸ ਸੂਚੀ ਵਿਚੋਂ ਇੱਕ ਉੱਘੜਵੀਂ ਉਦਾਹਰਨ ਕੁਨਾਨ ਪੋਸ਼ਪੋਰਾ ਦੀ ਹੈ 23 ਫਰਵਰੀ 1991 ਨੂੰ ਕੁਨਾਨ ਅਤੇ ਪੋਸ਼ਪੋਰਾ ਨਾਵਾਂ ਦੇ ਦੋ ਲਾਗਲੇ ਪਿੰਡਾਂ ਅੰਦਰ ਤਲਾਸ਼ੀ ਮੁਹਿੰਮ ਦੌਰਾਨ ਦੋਹਾਂ ਪਿੰਡਾਂ ਦੀਆਂ 40 ਦੇ ਕਰੀਬ ਔਰਤਾਂ ਨਾਲ ਫੋਰ-ਰਾਜਪੂਤਾਨਾ ਰਾਈਫਲਜ਼ ਦੀ ਟੁਕੜੀ ਨੇ ਸਮੂਹਕ ਬਲਾਤਕਾਰ ਨੂੰ ਅੰਜਾਮ ਦਿੱਤਾ ਸੀ ਇਸ ਸ਼ਰਮਨਾਕ ਅਤੇ ਵਹਿਸ਼ੀ ਕਾਰੇ ਦੇ ਇੱਕ ਵੀ ਮੁਜ਼ਰਮ ਨੂੰ ਅੱਜ ਤੱਕ ਤੱਤੀ ਵਾ ਨਹੀਂ ਲੱਗੀ ਸਗੋਂ ਲੰਬਾ ਸਮਾਂ ਤਾਂ ਇਹਨੂੰ ਭਾਰਤੀ ਫੌਜੀ ਬਲਾਂ ਨੂੰ ਬਦਨਾਮ ਕਰਨ ਦੀ ਸਾਜਸ਼ ਹੀ ਗਰਦਾਨਿਆ ਜਾਂਦਾ ਰਿਹਾ 2013 ਵਿੱਚ ਜੰਮੂ-ਕਸ਼ਮੀਰ ਹਾਈਕੋਰਟ ਨੇ ਇਨ੍ਹਾਂ ਪੀੜਤਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤੇ ਜਾਣ ਦਾ ਫੈਸਲਾ ਸੁਣਾਇਆ ਜੋ ਕਿ ਅਜੇ ਤੱਕ ਸਿਰੇ ਨਹੀਂ ਚੜ੍ਹਿਆ 17 ਜੂਨ 1994 ਨੂੰ ਹਾਈਹਾਮਾ ਕੁਪਵਾੜਾ ਵਿੱਚ ਮੇਜਰ ਰਮੇਸ਼ ਅਤੇ ਰਾਜ ਕੁਮਾਰ ਦੀ ਅਗਵਾਈ ਹੇਠਲੀ ਰਾਸ਼ਟਰੀ ਰਾਈਫਲਜ਼ ਦੀ ਟੁਕੜੀ ਨੇ ਸੱਤ ਔਰਤਾਂ ਨਾਲ ਗੈਂਗਰੇਪ ਕੀਤਾ ਛੰਨਪੋਰਾ(7 ਮਾਰਚ 1990), ਪਾਜ਼ੀਪੋਰਾ(20 ਅਗਸਤ 1991), ਚੱਕ ਸੈਦਪੋਰਾ(10 ਅਕਤੂਬਰ 1992), ਸ੍ਰੀਨਗਰ(13 ਅਪ੍ਰੈਲ 1997), ਸ਼ੋਪੀਆਂ(29-30 ਮਈ 2009) ਇਸ ਬੇਥਾਹ ਲੰਬੀ ਜਿਨਸੀ ਜੁਰਮਾਂ ਦੀ ਲੜੀ ਦੇ ਕੁੱਝ ੳੱੁਘੜਵੇਂ ਜੁਰਮ ਹਨ ਇਨ੍ਹਾਂ ਅਣਗਿਣਤ ਜ਼ੁਰਮਾਂ ਨੂੰ ਅੰਜਾਮ ਦਿੰਦਿਆਂ ਭਾਰਤੀ ਫੌਜੀ ਬਲਾਂ ਨੇ ਅਫਸਪਾ ਦੀ ਛਤਰ ਛਾਇਆ ਹੇਠ ਮੁਕੰਮਲ ਸੁਰੱਖਿਆ ਮਾਣੀ ਹੈ

    ਕਸ਼ਮੀਰ ਵਾਂਗ ਉੱਤਰ ਪੂਰਬ ਦੀਆਂ ਕੌਮੀ ਮੁਕਤੀ ਲਹਿਰਾਂ ਨਾਲ ਸਿੱਝਦਿਆਂ ਵੀ ਭਾਰਤੀ ਹਕੂਮਤ ਨੇ ਫੌਜੀ ਬਲਾਂ ਨੂੰ ਲੋਕ ਵਿਰੋਧ ਨੂੰ ਕੁਚਲਣ ਲਈ ਹਰ ਸ਼ਕਤੀ ਵਰਤਣ ਦੇ ਅਖਤਿਆਰ ਦਿੱਤੇ ਹਨ ਅਤੇ ਹਰ ਪ੍ਰਕਾਰ ਦੀ ਜਵਾਬਦੇਹੀ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੈ ਇਸ ਕਰਕੇ ਬੀਤੇ ਦਹਾਕਿਆਂ ਦੌਰਾਨ ਉੱਤਰ ਪੂਰਬ ਫੌਜੀ ਬਲਾਂ ਵੱਲੋਂ ਔਰਤਾਂ ਖਿਲਾਫ਼ ਕੀਤੀਆਂ ਵਧੀਕੀਆਂ ਦਾ ਵੱਡਾ ਨਮੂਨਾ ਹੋ ਨਿੱਬੜਿਆ ਹੈ ਨੈਸ਼ਨਲ ਕੰਪੇਨ ਅਗੇਂਸਟ ਟਾਰਚਰ ਨਾਮ ਦੀ ਇੱਕ ਐਨ.ਜੀ.. ਵੱਲੋਂ ਅਕਤੂਬਰ 2020 ਵਿੱਚ ਜਾਰੀ ਰਿਪੋਰਟ ਅਨੁਸਾਰ ਕੇਂਦਰੀ ਫੌਜੀ ਬਲਾਂ ਵੱਲੋਂ ਕੀਤੀ ਜਿਨਸੀ ਹਿੰਸਾ ਦਾ ਸਭ ਤੋਂ ਵੱਡਾ ਸ਼ਿਕਾਰ ਅਸਾਮ ਰਿਹਾ ਹੈ ਇਹਨਾਂ ਉੱਤਰ ਪੂਰਬੀ ਰਾਜਾਂ ਵਿੱਚ ਭਾਰਤੀ ਫੌਜੀ ਬਲਾਂ ਵੱਲੋਂ ਕੀਤੀ ਜਾ ਰਹੀ ਜਿਨਸੀ ਹਿੰਸਾ ਆਮ ਤੌਰਤੇ ਦੇਸ਼ ਦੇ ਬਾਕੀ ਹਿੱਸੇ ਵਿੱਚ ਕਦੇ ਮਸਲਾ ਨਹੀਂ ਬਣੀ ਪਰ 15 ਜੁਲਾਈ 2004 ਨੂੰ ਇਸ ਨੇ ਉਦੋਂ ਚਰਚਾ ਛੇੜੀ ਜਦੋਂ 12 ਮਨੀਪੁਰੀ ਔਰਤਾਂ ਨੇ ਅਸਾਮ ਰਾਇਫਲਜ਼ ਵੱਲੋਂ 23 ਸਾਲਾ ਮੁਟਿਆਰ ਥੇਨਜਿੰਗ ਮਨੋਰਮਾ ਦੇ ਬਲਾਤਕਾਰ ਅਤੇ ਕਤਲ ਦੇ ਖ਼ਿਲਾਫ਼ ਆਸਾਮ ਰਾਈਫਲਜ਼ ਦੇ ਹੈੱਡ ਕੁਆਟਰ ਅੱਗੇ ਨਗਨ ਹੋ ਕੇ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤੀ ਫੌਜ ਨੂੰ ਆਪਣੇ ਬਲਾਤਕਾਰ ਅਤੇ ਕਤਲ ਕਰਨ ਲਈ ਵੰਗਾਰਿਆ ਸੀ ਇਹ ਜਿਸਮਾਨੀ ਹਿੰਸਾ ਅਜਿਹੇ ਵਿਰੋਧ ਤੋਂ ਬਾਅਦ ਵੀ ਜਾਰੀ ਰਹੀ ਹੈ ਅਤੇ ਇਸ ਦੇ ਦੋਸ਼ੀ ਸੁਰੱਖਿਅਤ ਰਹਿੰਦੇ ਰਹੇ ਹਨ

                 ਮੱਧ ਭਾਰਤ ਦੇ ਆਦਿਵਾਸੀ  ਜੋ ਆਪਣੀ ਖਣਿਜਾਂ ਭਰਪੂਰ ਧਰਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਅੜਿੱਕੇ ਵਜੋਂ ਗਏ ਹਨ, ਉਹਨਾਂ ਦੀਆਂ ਔਰਤਾਂ ਨੇ ਸਲਵਾ ਜੁਡਮ ਅਤੇ ਗ੍ਰੀਨ ਹੰਟ ਵਰਗੇ ਅਪ੍ਰੇਸ਼ਨਾਂ ਦੇ ਨਾਵਾਂ ਹੇਠ ਜਿਨਸੀ ਹਿੰਸਾ ਦੇ ਸਭ ਤੋਂ ਕਰੂਰ ਰੂਪ ਦੇਖੇ ਹਨ ਇਹਨਾਂ ਖੇਤਰਾਂ ਵਿੱਚ ਭਾਰਤੀ ਹਕੂਮਤ ਨੇ ਆਪਣੇ ਸੁਰੱਖਿਆ ਬਲਾਂ ਨੂੰ ਸਿਰਫ ਅਥਾਹ ਸ਼ਕਤੀਆਂ ਹੀ ਨਹੀਂ ਦਿੱਤੀਆਂ, ਸਗੋਂ ਇੱਥੇ ਹੁੰਦੇ ਹਰ ਵਿਰੋਧ ਨੂੰ ਕੁਚਲਣ ਲਈ ਹਿੰਸਕ ਬਿਰਤੀਆਂ ਨੂੰ ਵੀ ਉਤਸ਼ਾਹਤ ਕੀਤਾ ਹੈ ਕੋਈ ਹੈਰਾਨੀ ਨਹੀਂ ਕਿ ਇਨ੍ਹਾਂ ਖੇਤਰਾਂ ਵਿੱਚ ਸਰਗਰਮ ਫੌਜੀ ਅਤੇ ਪੁਲਿਸ ਬਲਾਂ ਦੇ ਨਾਮ ਹਿੰਸਕ ਜਾਨਵਰਾਂ ਦੇ ਨਾਮ ਉੱਤੇ ਗ੍ਰੇਅ ਹਾਊਂਡ, ਕੋਬਰਾ, ਬਲੈਕ ਪੈਂਥਰ ਆਦਿ ਰੱਖੇ ਗਏ ਹਨ ਇਹਨਾਂ ਜਾਨਵਰ ਬਿਰਤੀਆਂ ਦਾ ਕਹਿਰ ਆਦਿਵਾਸੀ ਔਰਤਾਂ ਦੀ ਜ਼ਿੰਦਗੀ ਦੀ ਹੋਣੀ ਬਣ ਚੁੱਕਾ ਹੈ ਇਨ੍ਹਾਂ ਔਰਤਾਂ ਵਿਚੋਂ ਇੱਕ ਸੋਨੀ ਸ਼ੋਰੀ ਹੈ, ਜਿਸ ਉੱਪਰ ਮਾਓਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ਲਗਾ ਕੇ ਉਸਦੇ ਜਣਨ ਅੰਗਾਂ ਵਿੱਚ ਪੱਥਰ ਪਾ ਦਿੱਤੇ ਗਏ ਸਨ ਜਨਵਰੀ 2015 ਵਿੱਚ ਬੀਜਾਪੁਰ ਜ਼ਿਲ੍ਹੇ ਦੇ ਬਲਮ ਨੇਦਰਾ ਪਿੰਡ ਵਿੱਚ ਗੈਂਗਰੇਪ ਦੀਆਂ 13 ਵਾਰਦਾਤਾਂ ਰਿਕਾਰਡ ਹੋਈਆਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ 19 ਤੋਂ 24 ਅਕਤੂਬਰ 2015 ਦਰਮਿਆਨ ਘੱਟੋ-ਘੱਟ 16 ਔਰਤਾਂ ਨੂੰ ਰੇਪ ਦਾ ਸ਼ਿਕਾਰ ਬਣਾਇਆ ਗਿਆ ਇੱਕ ਅਕਤੂਬਰ 2017 ਨੂੰ ਦਾਂਤੇਵਾੜਾ ਦੇ ਇਕ ਸਕੂਲ ਦੀਆਂ 16 ਕੁੜੀਆਂ ਨੇ ਸੀ ਆਰ ਪੀ ਐਫ ਜਵਾਨਾਂਤੇ ਗੰਭੀਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ 9 ਜਨਵਰੀ 2019 ਨੂੰ ਇਹਨਾਂ ਜਵਾਨਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ

   ਅਜਿਹੀ ਸਜੀਵ ਰਹਿ ਰਹੀ ਪਿੱਠ ਭੂਮੀ ਵਿੱਚ ਮਨੀਪੁਰ ਕਾਂਡ ਵਾਪਰਿਆ ਹੈ, ਜਦੋਂ ਬਹੁ-ਗਿਣਤੀ ਮੈਤੇਈ ਮਰਦਾਂ ਨੇ ਕੁੱਕੀ ਵਸੋਂ ਨੂੰ ਦਬਕਾਉਣ ਦੇ ਮਕਸਦ ਨਾਲ ਇਸ ਦੀਆਂ ਔਰਤਾਂ ਖਿਲਾਫ਼ ਜਿਨਸੀ ਹਿੰਸਾ ਦੇ ਇਸ ਹਥਿਆਰ ਦੀ ਵਰਤੋਂ ਕੀਤੀ ਹੈ ਇਸ ਪਿੱਠ ਭੂਮੀ ਨੇ ਅਜਿਹੀਆਂ ਘਟਨਾਵਾਂ ਕਿਤੇ ਵੀ ਵਾਪਰ ਸਕਣ ਦੀ ਗੁੰਜਾਇਸ਼ ਦਿੱਤੀ ਹੈ ਅਜਿਹੇ ਕਾਰੇ ਕਰਨ ਤੋਂ ਬਾਅਦ ਸੁੱਕੇ ਬਚ ਨਿੱਕਲਣ ਦੀ ਉਮੀਦ ਦਿੱਤੀ ਹੈ ਤੇ ਸਭ ਤੋਂ ਵਧ ਕੇ ਅਜਿਹੀ ਹਿੰਸਾ ਲਈ ਜ਼ਮੀਨ ਦਿੱਤੀ ਹੈ ਪਿਛਲੇ ਸਮੇਂ ਅੰਦਰ ਜਿਉਂ-ਜਿਉਂ ਹਕੂਮਤਾਂ ਉੱਤੇ ਲੋਕ-ਵਿਰੋਧੀ ਨੀਤੀਆਂ ਹੋਰ ਵਧੇਰੇ ਨਿਸ਼ੰਗਤਾ ਨਾਲ ਲਾਗੂ ਕਰਨ ਦਾ ਦਬਾਅ ਵਧਿਆ ਹੈ, ਤਿਓਂ-ਤਿਉਂ ਲੋਕਾਂ ਦੇ ਵੱਖ ਵੱਖ ਹਿੱਸਿਆਂ ਨਾਲ ਹਕੂਮਤ ਦੇ ਟਕਰਾਅ ਤਿੱਖੇ ਹੋਏ ਹਨ ਲੋਕ ਰਜ਼ਾ ਨੂੰ ਦਬਾਉਣ ਲਈ ਹਿੰਸਕ ਸਾਧਨਾਂ ਉੱਤੇ ਹਕੂਮਤ ਦੀ ਟੇਕ ਵਧੀ ਹੈ ਲੋਕਾਂ ਦੇ ਆਪਸੀ ਮੱਤਭੇਦਾਂ ਨੂੰ ਹਵਾ ਦੇਣ ਅਤੇ ਇਹਨਾਂ ਨੂੰ ਹਕੂਮਤੀ ਖੇਡ ਵਿੱਚ ਵਰਤਣ ਦਾ ਰੁਝਾਨ ਵਧਿਆ ਹੈ ਲੋਕਾਂ ਅੰਦਰ ਮੌਜੂਦ ਹਰ ਪ੍ਰਕਾਰ ਦੇ ਵਖਰੇਵਿਆਂ, ਵਿਤਕਰਿਆਂ ਅਤੇ ਗਲਤ ਬਿਰਤੀਆਂ ਨੂੰ ਉਤਸ਼ਾਹਤ ਕਰਨ ਦਾ ਰੁਝਾਨ ਵਧਿਆ ਹੈ ਇਹ ਉਹ ਜ਼ਮੀਨ ਹੈ, ਜਿੱਥੇ ਅਜਿਹੀ ਹਿੰਸਾ ਨੇ ਮੁੜ ਮੁੜ ਸਿਰ ਚੁੱਕਣਾ ਹੈ ਜਿੰਨਾਂ ਚਿਰ ਹਕੂਮਤੀ ਹਿੱਤ ਲੋਕ ਹਿੱਤਾਂ ਦੇ ਉਲਟ ਹਨ, ਉਨਾ ਚਿਰ ਇੱਥੇ ਲੋਕ ਆਵਾਜ਼ ਨੂੰ ਬਲਪੂਰਵਕ ਦਬਾਉਣ ਦੀ ਰਵਾਇਤ ਜ਼ਿੰਦਾ ਰਹਿਣੀ ਹੈ ਜਿੰਨਾਂ ਚਿਰ ਇੱਥੇ ਜਮਹੂਰੀਅਤ ਦੇ ਨਾਂ ਹੇਠ ਜਮਹੂਰੀਅਤ ਦਾ ਘਾਣ ਚੱਲਦਾ ਰਹਿਣਾ ਹੈ, ਉਨ੍ਹਾਂ ਚਿਰ ਜਿਨਸੀ ਹਿੰਸਾ ਵਰਗੇ ਹਥਿਆਰਾਂ ਦੀ ਵਰਤੋਂ ਹੁੰਦੀ ਰਹਿਣੀ ਹੈ ਸੋ ਅਜਿਹੀ ਕਰੂਰ ਜਿਨਸੀ ਹਿੰਸਾ ਖਿਲਾਫ ਆਵਾਜ਼ ਉਠਾਉਣ ਦੀ ਤੰਦ ਖਰੀ ਜਮਹੂਰੀਅਤ ਦੀ ਸਿਰਜਣਾ ਨਾਲ ਵੀ ਜੁੜਦੀ ਹੈ ਇਸ ਤੰਦ ਨੂੰ ਫੜੇ ਬਿਨਾਂ ਅਜਿਹੀਆਂ ਕਰੂਰ ਜਿਨਸੀ ਹਿੰਸਾ ਦੀਆਂ ਘਟਨਾਵਾਂ ਟੁੱਟਵੀਆਂ ਘਟਨਾਵਾਂ ਜਾਪ ਸਕਦੀਆਂ ਹਨ, ਜਿਨ੍ਹਾਂ ਨਾਲ ਵਕਤੀ ਰੋਹ ਤਾਂ ਜਾਗ ਸਕਦਾ ਹੈ, ਪਰ ਤਿ੍ਰਲੋਕਪੁਰੀ, ਬਸਤਰ, ਕਸ਼ਮੀਰ ਅਤੇ ਮਨੀਪੁਰ ਮੁੜ-ਮੁੜ ਵਾਪਰਨੋਂ ਨਹੀਂ ਰੋਕੇ ਜਾ ਸਕਦੇ

                                                   --0--

                                                                                 ਜੁਲਾਈ 2023

No comments:

Post a Comment