ਕਾਫਲੇ ’ਚੋਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ
ਲੰਘੇ ਦੋ ਮਹੀਨਿਆਂ ਦੌਰਾਨ ਲੋਕਾਂ ਦੀ ਲਹਿਰ ਦੇ ਕਾਫਲੇ ’ਚੋਂ ਕਈ ਸਾਥੀ ਵਿਛੜ ਗਏ। ਕਮਿਊਨਿਸਟ ਇਨਕਲਾਬੀ ਲਹਿਰ ਦੀ ਆਗੂ ਸਖਸ਼ੀਅਤ ਸਾਥੀ ਠਾਣਾ ਸਿੰਘ ਦੇ ਵਿਛੋੜੇ ਤੋਂ ਇਲਾਵਾ ਇਨਕਲਾਬੀ ਲੇਖਕ ਤੇ ਸਰਗਰਮ ਘੁਲਾਟੀਏ ਸਾਥੀ ਬਾਰੂ ਸਤਵਰਗ, ਸਾਹਿਤਕ ਖੇਤਰ ਤੇ ਟਰੇਡ ਯੂਨੀਅਨ ਖੇਤਰ ’ਚ ਸਰਗਰਮ ਸਾਥੀ ਤਰਲੋਚਨ ਸਿੰਘ, ਉੱਘੇ ਪੰਜਾਬੀ ਕਵੀ ਹਰਭਜਨ ਹੁੰਦਲ ਤੇ ਸਿਵ ਨਾਥ, ਸਾਹਿਤਕਾਰ, ਪੱਤਰਕਾਰ ਤੇ ਆਲੋਚਕ ਸਾਥੀ ਦੇਸ ਰਾਜ ਕਾਲੀ, ਤਿਲੰਗਾਨਾ ਦੇ ਲੋਕ ਕਲਾਕਾਰ ਗਦਰ, ਸਾਬਕਾ ਅਧਿਆਪਕ ਆਗੂ ਤੇ ਜਮਹੂਰੀ ਲਹਿਰ ਦੇ ਸੰਗੀ ਮੇਜਰ ਬਸੰਤ ਕੁਮਾਰ ਵਰਗੇ ਸਾਥੀਆਂ ਦੇ ਵਿਛੋੜੇ ਦੀ ਪੀੜ ਲੋਕਾਂ ਦੀ ਲਹਿਰ ਨੂੰ ਸਹਿਣੀ ਪਈ ਹੈ। ਇਹਨਾਂ ਸਭਨਾਂ ਸਾਥੀਆਂ ਨੇ ਵੱਖ ਵੱਖ ਪੱਧਰਾਂ ’ਤੇ ਆਪੋ-ਆਪਣੀ ਸਮਰੱਥਾ ਅਨੁਸਾਰ ਲੋਕ ਲਹਿਰ ਵਿੱਚ ਹਿੱਸਾ ਪਾਇਆ। ਕਮਿਊਨਿਸਟ ਇਨਕਲਾਬੀ ਲਹਿਰ ਤੋਂ ਲੈ ਕੇ ਟਰੇਡ ਯੂਨੀਅਨ ਲਹਿਰ, ਸਾਹਿਤਕ ਸਭਿਆਚਾਰਕ ਲਹਿਰ ਸਮੇਤ ਇਹਨਾਂ ਦੇ ਸਮਾਜਿਕ ਸਰੋਕਾਰਾਂ ਦਾ ਦਾਇਰਾ ਘੇਰਾ ਕਾਫੀ ਵਿਸ਼ਾਲ ਬਣਦਾ ਹੈ। ਦੇਸ਼ ਤੇ ਪੰਜਾਬ ਦੇ ਲੋਕਾਂ ਦੀ ਅਗਾਂਹਵਧੂ ਲਹਿਰ ’ਚ ਇਹਨਾਂ ਸਭਨਾਂ ਦਾ ਯੋਗਦਾਨ ਯਾਦ ਰੱਖਿਆ ਜਾਵੇਗਾ। ਸ਼ਰਧਾਂਜਲੀ ਵਜੋਂ ਇਹਨਾਂ ਪੰਨਿਆਂ ’ਤੇ ਅਸੀਂ ਇਹਨਾਂ ’ਚੋਂ ਕੁੱਝ ਸਾਥੀਆਂ ਦੀਆਂ ਰਚਨਾਵਾਂ ਪ੍ਰਕਾਸ਼ਤ ਕਰ ਰਹੇ ਹਾਂ। - ਸੰਪਾਦਕ
ਨਾ ਮੈਂ ਹਿੰਦੂ, ਨਾ ਮੈਂ ਸਿੱਖ
ਨਾ ਮੈਂ ਹਿੰਦੂ, ਨਾ ਮੈਂ ਸਿੱਖ
ਨਾ ਹੀ ਮੁਸਲਮਾਨ ਵੇ ਲੋਕੋ !
ਇਸ ਧਰਤੀ ਤੇ ਜੰਮਿਆ ਪਲਿਆ
ਮੈਂ ਅਦਨਾ ਇਨਸਾਨ ਵੇ ਲੋਕੋ!
ਮੈਂ ਤਾਂ ਹਾਂ ਉਸ ਰੱਬ ਤੋਂ ਬਾਗ਼ੀ
ਜੀਹਦੇ ਨਾਂ ’ਤੇ ਖ਼ੂਨ ਵਗੇਂਦਾ
ਵਿੰਨਿਆ ਜਾਏ ਕਲੇਜਾ ਮੇਰਾ
ਕੋਹੇ ਗਏ ਮਾਸੂਮ ਜਾਂ ਵੇਂਹਦਾ
ਮਾਨਵਤਾ ਦੇ ਸੁਰਖ਼ ਲਹੂ ਨਾਲ਼
ਧਰਤੀ ਲ਼ਹੂ ਲੁਹਾਣ ਵੇ ਲੋਕੋ!
ਨਾ ਮੈਂ ਹਿੰਦੂ ਨਾ ਮੈਂ ਸਿੱਖ
ਨਾ ਹੀ ਮੁਸਲਮਾਨ ਵੇ ਲੋਕੋ!
ਵੰਡੀਆਂ ਦਾ ਦਸਤੂਰ ਪੁਰਾਣਾ
ਲੀਕਾਂ ਪਾਵੇ ਵੈਰ ਵਧਾਵੇ
ਜਦ ਵੀ ਝੱਖੜ ਬਣ ਕੇ ਝੁੱਲੇ
ਕਹਿਰ ਕਮਾਵੇ ਅੱਗਾਂ ਲਾਵੇ
ਕੈਸੀ ਮਦੁਰਾ ਜੀਹਨੂੰ ਪੀ ਕੇ
ਬੰਦਾ ਬਣੇ ਸ਼ੈਤਾਨ ਦੇ ਲੋਕੋ !
ਨਾ ਮੈਂ ਹਿੰਦੂ, ਨਾ ਮੈਂ ਸਿੱਖ
ਨਾ ਮੈਂ ਮੁਸਲਮਾਨ ਵੇ ਲੋਕੋ
ਪਾਗਲਪਣ ਦਾ ਦੌਰਾ ਇਹ ਜੋ
ਫੁੱਟਦੀਆਂ ਲਗਰਾਂ ਚਰ ਜਾਂਦਾ ਏ
ਹਾਸੇ ਖੋਹ ਕੇ ਲੈ ਜਾਂਦਾ ਏ
ਰੋਣੇ ਵਿਹੜੇ ਧਰ ਜਾਂਦਾ ਏ
ਮੈਂ ਕੀ ਕਰਨਾ ਨਫ਼ਰਤ ਬੀਜੇ
ਜਿਹੜਾ ਖਰੜ ਗਿਆਨ ਵੇ ਲੋਕੋ !
ਨਾ ਮੈਂ ਹਿੰਦੂ ਨਾ ਮੈਂ ਸਿੱਖ
ਨਾ ਮੈਂ ਮੁਸਲਮਾਨ ਵੇ ਲੋਕੋ!
ਕਰਮਾਂ ਦਾ ਫ਼ਲ਼ ਦੱਸ ਦੱਸ ਜਿਹੜੇ
ਲੋਕਾਂ ਨੂੰ ਉਲਝਾਈ ਜਾਂਦੇ
ਸਣ ਕੁੱਕੜੇ ਫੁੱਲਾਂ ਦਾ ਕਾੜ੍ਹਾ
ਤੜਕੇ ਉੱਠ ਪਿਲਾਈ ਜਾਂਦੇ
ਬਾਂਝ ਹੋਵੇ ਕੁੱਖ ਅਣਖ਼ ਨਾ ਜੰਮੇ
ਲਾਈ ਜਾਂਦੇ ਤਾਣ ਵੇ ਲੋਕੋ!
ਮੇਰੇ ਲਈ ਹਰ ਬੰਦਾ ਰੱਬ ਜੋ
ਆਪਣੇ ਹੱਥੀਂ ਕਿਰਤ ਕਮਾਵੇ
ਮੇਰੇ ਲਈ ਹਰ ਬੰਦਾ ਰਾਖ਼ਸ਼
ਜੋ ਦੂਜੇ ਤੋਂ ਖੋਹ ਕੇ ਖਾਵੇ
ਧਰਮ ਕਰਮ ਦੇ ਚੱਕਰ ਝੂਠੇ
ਇਹ ਸੱਚਾ ਈਮਾਨ ਵੇ ਲੋਕੋ!
ਇਨਕਲਾਬ
ਹਰਭਜਨ ਹੁੰਦਲ
.... ਇਹ ਤਾਂ ਵਰ੍ਹਿਆਂ-ਬੱਧੀ
ਤੱਤੀਆਂ ਤਵੀਆਂ ’ਤੇ ਬਹਿਣ ਦਾ ਅਹਿਦਨਾਮਾ ਹੈ
ਪੋਲ ਤੋਂ ਪੋਲ ਤੱਕ
ਤਾਰ ’ਤੇ ਤੁਰਨ ਦਾ ਸਿਰੜ-ਭਰਿਆ ਅਭਿਆਸ ਹੈ
ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ
ਆਉਣ ਵਾਲੀ ਸਵੇਰ ਲਈ
ਜੂਝਣ ਦਾ ਨਿਮੰਤਰਣ ਹੈ
ਗੁਲਾਬ ਦੇ ਮਹਿਕਾਂ ਭਰੇ ਗੁਲਸ਼ਨ ਨੂੰ ਜਾਂਦੀ
ਲਹੂ-ਭਿੱਜੀ ਸਲੇਟੀ ਸੜਕ ਹੈ
ਚਾਂਦਨੀ-ਚੌਕ ਤੋਂ ਗੁਰਦਾਸ ਨੰਗਲ ਤੱਕ ਦਾ
ਬਿਖੜਾ ਮਾਰਗ ਹੈ।
ਇਹ ਚਿੜੀਆਂ ਦਾ ਬਾਜਾਂ ਨਾਲ
ਤੋੜ ਜਿੱਤ ਦੇ ਬੂਹੇ ਤੀਕ ਲੜਿਆ ਯੁੱਧ ਹੈ
ਇਹ ਸਾਲ-ਛਿਮਾਹੀ ਲਈ
ਮਨ ਵਿਚ, ਉਠਿਆ ਕੜ੍ਹੀ ਦਾ ਉਬਾਲ ਨਹੀਂ
ਮੱਸ ਫੁੱਟਣ ਤੋਂ ਧੌਲਿਆਂ ਤੱਕ ਦੀ
ਲੰਮੀ ਯਾਤਰਾ ਹੈ
ਤੇ ਜਿਹੜੇ ਇਸ ਯਾਤਰਾ ’ਤੇ ਤੁਰਦੇ ਨੇ
ਉਹਨਾਂ ਦੇ ਅੰਗ ਅੰਗ ’ਚੋਂ
ਚਾਨਣ ਦੇ ਗੁਲਾਬ ਖਿੜਦੇ ਨੇ
ਇਨਕਲਾਬ, ਠੰਢੇ ਚੁੱਲ੍ਹੇ ਦੇ ਸਰ੍ਹਾਣੇ ਬੈਠੇ
ਉਦਾਸ ਚਿਹਰਿਆਂ ਦੇ ਦਰਵਾਜ਼ੇ ’ਤੇ
ਦਿੱਤੀ ਦੋਸਤਾਨਾ ਦਸਤਕ ਹੈ
ਮੰਡੀ ਵਿਚ ਹਲਾਲ ਹੁੰਦੇ
ਹਲਵਾਹਕ ਦੇ ਹਊਕੇ ਨੂੰ ਹੁੰਗਾਰਾ ਹੈ
ਇਹ ਠਰੇ ਤੇ ਧੁੰਦਾਂ ਭਰੇ ਦਿਨਾਂ ਪਿੱਛੋਂ ਲਿਸ਼ਕਿਆ
ਸਿਆਲ ਦਾ ਨਿੱਘਾ ਸੂਰਜ ਹੈ
ਇਨਕਲਾਬ
ਰੋਮਾਂਟਿਕ ਨਾਵਲ ਦਾ ਸੁਖਾਂਤਕ ਅੰਤ ਨਹੀਂ
ਇਹ ਪਹਾੜਾਂ, ਜੰਗਲਾਂ, ਦਲਦਲਾਂ
ਤੇ ਰੇਗਿਸਤਾਨਾਂ ਵਿਚ ਦੀ
ਵਰ੍ਹਦੇ ਬੰਬਾਂ, ਚੀਕਦੀਆਂ ਗੋਲੀਆਂ,
ਡਿੱਗ ਡਿੱਗ ਉਠਦੇ, ਉਠ ਉਠ ਡਿੱਗਦੇ
ਸਾਥੀਆਂ ਦਾ ਕੀਤਾ ਲੰਮਾ ਕੂਚ ਹੈ
(ਇੱਕ ਕਵਿਤਾ ਦਾ ਅੰਸ਼)
ਰੋਟੀ
ਸ਼ਿਵ ਨਾਥ
ਦੌੜ ਰਹੀ ਏ ਚੰਨ ਜਿਹੀ ਰੋਟੀ
ਮੇਰੇ ਅੱਗੇ-ਅੱਗੇ ;
ਜਿਸਨੂੰ ਫੜਦਿਆਂ, ਪਤਾ ਨਹੀਂ
ਮੈਨੂੰ ਕਿੰਨਾਂ ਚਿਰ ਲੱਗੇ
ਮਾਂ ਕਹਿੰਦੀ ਸੀ, ਚੰਦਰਮਾ ’ਤੇ
ਮਾਂ ਇੱਕ ਚਰਖਾ ਕੱਤੇ ;
ਰਿਸ਼ਮਾਂ ਬਣ ਕੇ ਲਮਕ ਰਹੇ ਨੇ
ਉਸਦੇ ਧਾਗੇ ਬੱਗੇ
ਅਸਮਾਨ ’ਤੇ ਆਲੇ-ਦਵਾਲੇ
ਚਮਕ ਰਹੇ ਜੋ ਤਾਰੇ;
ਭੈਣ ਕਹੇ, ਇਹ ਚੌਲ ਨੇ ਵੀਰਾ
ਨੀਲੀ ਟਾਕੀ ਬੱਧੇ।
ਛਾਲ ਮਾਰ ਕੇ ਫੜਨੇ ਚਾਹਵਾਂ
ਪਰ ਕੁੱਝ ਹੱਥ ਨਾ ਆਵੇ;
ਉਜ ਇਹ ਮੈਨੂੰ ਖਿੱਲਰੇ ਜਾਪਣ
ਮੇਰੇ ਸੱਜੇ ਖਬੇ
ਪਤਾ ਨਹੀਂ , ਇਹ ਚੌਲ ਤੇ ਰੋਟੀ
ਏਨਾ ਕਿਉ ਤਰਸਾਂਦੇ
ਭੱਜ ਪੈਂਦੇ ਨੇ ਪਿੱਛੇ ਭੱਜਿਆਂ
ਮੇਰੇ ਅੱਗੇ ਅੱਗੇ
(15 ਜੁਲਾਈ 1992)
ਇਹ ਪੰਧ ਲੰਮੇਰਾ ਮੰਜ਼ਲ ਦਾ
ਇਹ ਪੰਧ ਲੰਮੇਰਾ ਮੰਜ਼ਲ ਦਾ, ਕੰਡਿਆਂ ’ਤੇ ਤੁਰਨਾ ਪੈਂਦਾ ਏ।
ਪੂੰਜੀ ਦੇ ਰੌਲੇ-ਰੱਪੇ ’ਚ, ਕੋਈ ਆਪਣੀ ਹੋਂਦ ਪਛਾਣ ਲਵੇ।
ਰਹਿਮਾਂ ’ਤੇ ਰਹਿੰਦਾ ਕੋਈ, ਜ਼ਿੰਦਗੀ ਦੇ ਮਾਅਨੇ ਜਾਣ ਲਵੇ।
ਸੋਚਾਂ ਦੇ ਕਾਹਲੇ ਕਦਮਾਂ ਨੂੰ, ਅਮਲਾਂ ਨਾਲ ਜੁੜਨਾ ਪੈਂਦਾ ਏ।
ਇਹ ਪੰਧ ਲੰਮੇਰਾ ਮੰਜ਼ਲ ਦਾ.. .. .. .. .. .. .. .. .. .. ..
ਕਿਤੇ ਟੋਏ ਨੇ, ਕਿਤੇ ਟਿੱਬੇ ਨੇ।
ਕਿਤੇ ਕਲੀਆਂ ਨੇ, ਕਿਤੇ ਖਾਰਾਂ ਨੇ।
ਕਿਤੇ ਤੁਰਨਾ ਏ,
ਕਿਤੇ ਰਿੜ੍ਹਨਾ ਏ।
ਛਿੱਟਿਆਂ ਨੂੰ ਦਾਣੇ ਦੇਣ ਲਈ, ਬੀਜ ਬਣ ਕੇ ਗਲਣਾ ਪੈਂਦਾ ਏ।
ਇਹ ਪੰਧ ਲੰਮੇਰਾ ਮੰਜ਼ਲ ਦਾ.. .. .. ..
ਕਿਤੇ ਹੱਥਕੜੀਆਂ ਕਿਤੇ ਜੇਲ੍ਹਾਂ ਨੇ, ਕਿਤੇ ਦੱਧਾਹੂਰ ਕਿਤੇ ਰਾਏਪੁਰ ਏ।
ਕਿਤੇ ਗੋਲੀ ਏ,
ਕਿਤੇਫਾਂਸੀ ਏ, ਕਿਤੇ ਗੁਰੂਸਰ ਕਿਤੇ ਰਾਏਸਰ ਏ।
ਯਾਰਾਂ ਦੇ ਵਿਹੜੇ ਪਹੁੰਚਣ ਲਈ, ਸਤਲੁਜ ਵਿੱਚ ਰੁੜ੍ਹਨਾ ਪੈਂਦਾ ਏ।
ਹੰਸਾਂ ਨਾਲ ਉਡਦੇ ਕਾਂਗਾਂ ਨੂੰ, ਰਾਹਾਂ ’ਚੋਂ ਮੁੜਨਾ ਪੈਂਦਾ ਏ।
ਇਹ ਪੰਧ ਲੰਮੇਰਾ ਮੰਜ਼ਲ ਦਾ .. .. .. ..
ਇਸ ਰਾਹ ਬਥੇਰੇ ਤੁਰਦੇ ਨੇ, ਕੋਈ ਤੁਰ ਜਾਂਦਾ ਕੋਈ ਮੁੜ ਆਉਦਾ।
ਕਈ ਤਾਰੇ ਬਣ ਕੇ ਚਮਕਣ ਪਏ, ਕਈ ਬਰਫ਼ ਦੇ ਵਾਂਗੂੰ ਖੁਰ ਜਾਂਦੇ।
ਸਿਦਕੀ-ਸਿਰੜੀ ਤੁਰਦੇ ਹੋਏ, ਰਸਤਾ ਪਾਰ ਕਰ ਜਾਂਦੇ।
ਹੌਂਸਲਾ ਹਾਰਨ ਵਾਲਿਆਂ ਨੂੰ, ਅੱਧ ਵਿਚਕਾਰੋਂ ਮੁੜਨਾ ਪੈਂਦਾ ਏ।
ਛਿੱਟਿਆਂ ਨੂੰ ਦਾਣੇ ਦੇਣ ਲਈ, ਬੀਜ ਬਣ ਕੇ ਗਲਣਾ ਪੈਂਦਾ ਏ।
ਇਹ ਪੰਧ ਲੰਮੇਰਾ ਮੰਜ਼ਲ ਦਾ, ਕੰਡਿਆਂ ’ਤੇ ਤੁਰਨਾ ਪੈਂਦਾ ਏ।
ਲੇਖਕ ਬਾਰੂ ਸਤਵਰਗ
No comments:
Post a Comment