Tuesday, September 19, 2023

ਮਿੱਤਰ ਪਿਆਰੇ ਠਾਣਾ ਸਿੰਘ ਨੂੰ ਯਾਦ ਕਰਦਿਆਂ

 

ਉੱਠ ਗਏ ਗੁਆਂਢੋਂ ਯਾਰ : ਮਿੱਤਰ ਪਿਆਰੇ ਠਾਣਾ ਸਿੰਘ ਨੂੰ ਯਾਦ ਕਰਦਿਆਂ

                                                                                                                       -ਪਰਮਿੰਦਰ ਸਿੰਘ

        ਹੁਣ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਭਲਾਈਆਣਾ ਵਿਖੇ 1942 ਵਿੱਚ ਜਨਮੇ ਠਾਣਾ ਸਿੰਘ ਦਾ ਬਚਪਨ ਆਮ ਕਿਸਾਨਾਂ ਦੇ ਬੱਚਿਆਂ ਵਾਂਗ ਸਭ ਤੰਗੀਆਂ-ਤੁਰਸ਼ੀਆਂ ਦੇ ਵਿੱਚੋਂ ਲੰਘਦਿਆਂ ਹੋਇਆਂ ਸਧਾਰਣਤਾ ਦੇ ਪੱਧਰਤੇ ਗੁਜ਼ਰਿਆ ਮੁੱਢਲੀ ਵਿੱਦਿਆ ਆਪਣੇ ਪਿੰਡੋਂ ਅਤੇ ਫਿਰ ਨਾਲ ਦੇ ਪਿੰਡ ਛੱਤੇਆਣਾ ਤੋਂ ਪ੍ਰਾਪਤ ਕਰਕੇ ਅਧਿਆਪਨ ਲਈ ਬੇਸਿਕ ਟੀਚਰ ਟਰੇਨਿੰਗ ਕੋਰਸ ਫਰੀਦਕੋਟ ਤੋਂ ਕੀਤਾ ਫ਼ਰਕ ਸਿਰਫ਼ ਏਨਾ ਸੀ ਕਿ ਦਸਵੀਂ ਪਾਸ ਕਰਨ ਤੱਕ ਉਸਦੀ ਅੰਗਰੇਜ਼ੀ ਅਤੇ ਪੰਜਾਬੀਤੇ ਪਕੜ ਕਾਫ਼ੀ ਮਜ਼ਬੂਤ ਹੋ ਗਈ ਸੀ ਇਸ ਵਿੱਚੋਂ ਹੀ ਉਸਨੂੰ ਪ੍ਰੀਤ ਲੜੀ ਵਰਗੇ ਸਾਹਿਤਕ ਰਸਾਲੇ ਅਤੇ ਹੋਰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਅਤੇ ਇਸੇ ਕਰਕੇ ਹੀ ਉਸਦੇ ਬੁਨਿਆਦੀ ਸੁਭਾਅ ਅਤੇ ਨਜ਼ਰੀਏ ਦੀਆਂ ਨੀਹਾਂ ਮਨੁੱਖਤਾ ਪ੍ਰਤੀ ਸਨੇਹ, ਖਿੱਚ ਅਤੇ ਜਮਹੂਰੀਅਤ ਨਾਲ ਲਬਰੇਜ਼ ਹੋ ਗਈਆਂ

        ਜ਼ਿੰਦਗੀ ਵਿੱਚ ਕੁੱਝ ਨਵਾਂ ਅਤੇ ਨਰੋਆ ਕਰ ਗੁਜ਼ਰਨ ਨੂੰ ਪਹਿਲਾ ਫ਼ਲ ਉਸ ਵਕਤ ਪੈਣਾ ਸ਼ੁਰੂ ਹੋਇਆ ਜਦੋਂ ਠਾਣਾ ਸਿੰਘ ਸੰਨ 1961-62 ਵਿੱਚ ਮੁਕਤਸਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਖਿਓਵਾਲੀ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਦੇ ਤੌਰਤੇ ਲੱਗ ਗਿਆ ਇਸ ਵੇਲੇ ਉਸਦੀਆਂ ਅਧਿਆਪਕ ਯੂਨੀਅਨ ਵਿੱਚ ਗਤੀਵਿਧੀਆਂ ਨੇ ਤਾਂ ਜ਼ੋਰ ਫੜਿਆ ਹੀ, ਪਰ ਨਾਲ ਦੀ ਨਾਲ ਹੀ ਉਸਦਾ ਸਕੂਲ ਦੇ ਮਹੌਲ ਅਤੇ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਸਮੁੱਚਤਾਤੇ ਡੂੰਘਾ ਅਸਰ ਪੈਣ ਲੱਗਾ ਉਸਦੇ ਇੱਕ ਵਿਦਿਆਰਥੀ ਫੁਲੇਲ ਸਿੰਘ ਦੇ ਦੱਸਣ ਮੁਤਾਬਿਕ ਸਕੂਲ ਵਿੱਚ ਉਸ ਵੇਲੇ ਤੱਕ ਉੱਥੇ ਸਥਿਤ ਪਾਣੀ ਦੀ ਡਿੱਗੀ ਵਿੱਚੋਂ ਦਲਿਤ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਡੋਲ ਰਾਹੀਂ ਆਪ ਪਾਣੀ ਕੱਢਣ ਦੀ ਇਜਾਜ਼ਤ ਨਹੀਂ ਸੀ ਉਹਨਾਂ ਨੂੰ ਪਾਣੀ ਡਿੱਗੀ ਤੋਂ ਦੂਰ ਬਿਠਾ ਕੇ ਪਿਆਇਆ ਜਾਂਦਾ ਸੀ ਇਸਦੇ ਨਾਲ ਹੀ ਦਲਿਤ ਅਤੇ ਗੈਰ-ਦਲਿਤ ਵਿਦਿਆਰਥੀਆਂ ਲਈ ਦੋ ਵੱਖ-ਵੱਖ ਟੂਟੀਆਂ ਸਨ ਫੁਲੇਲ ਸਿੰਘ ਨੇ ਦੱਸਿਆ ਕਿ ਮਾਸਟਰ ਠਾਣਾ ਸਿੰਘ ਨੇ ਇੱਕ ਟੂਟੀ ਬੰਦ ਹੀ ਕਰਵਾ ਦਿੱਤੀ ਤਾਂ ਕੇ ਸਾਰੇ ਬੱਚੇ ਇੱਕ ਹੀ ਟੂਟੀ ਤੋਂ ਪਾਣੀ ਪੀਣ ਇਸਦੇ ਨਾਲ ਹੀ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਡਿੱਗੀ ਵਿੱਚੋਂ ਵੀ ਆਪ ਹੀ ਪਾਣੀ ਭਰਨ ਲਗਾ ਦਿੱਤਾ ਆਪਣੀ ਪੂਰੀ ਜ਼ਿੰਦਗੀ ਉਹ ਜਾਤਪਾਤ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਸੰਜੀਦਾ ਰਿਹਾ ਹਿੰਦੁਸਤਾਨ ਦੇ ਇਨਕਲਾਬ ਦੇ ਰਾਹ ਵਿੱਚ ਜਾਤ-ਪਾਤ ਦੇ ਪ੍ਰਸ਼ਨ ਨੂੰ ਹਮੇਸ਼ਾ ਹੀ ਉਸਨੇ ਕੇਂਦਰੀ ਮਹੱਤਤਾ ਵਾਲਾ ਪ੍ਰਸ਼ਨ ਸਮਝਿਆ

        1964 ਦੀ ਅਖੀਰ ਤੱਕ ਖਿਓਵਾਲੀ ਤੋਂ ਬਦਲੀ ਕਰਵਾ ਕੇ ਉਹ ਆਪਣੇ ਪਿੰਡ ਭਲਾਈਆਣੇ ਦੇ ਕੋਲ ਧੂੜਕੋਟ ਚਲਿਆ ਗਿਆ ਸਾਹਿਤ ਅਤੇ ਭਾਸ਼ਾ ਨਾਲ ਲੱਗੀ ਚੇਟਕ ਕਰਕੇ ਹੀ ਉਸਨੇ ਇਹਨਾਂ ਸਾਲਾਂ ਦੌਰਾਨ ਪ੍ਰਾਈਵੇਟ ਵਿਦਿਆਰਥੀ ਦੇ ਤੌਰਤੇ ਬੀ.. ਪਾਸ ਕਰਕੇ ਸਕੂਲ ਵਿੱਚੋਂ ਛੁੱਟੀ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਅੰਗਰੇਜ਼ੀ ਦੀ ਐਮ.. ਵਿੱਚ ਦਾਖਲਾ ਲੈ ਲਿਆ ਇੱਥੇ ਹੀ ਉਸ ਨਾਲ ਤਰਸੇਮ ਬਾਹੀਆ ਅਤੇ ਰਾਮਪੁਰਾ ਫੂਲ ਵਾਲੇ ਮੇਘ ਰਾਜ ਵੀ ਪੜ੍ਹਦੇ ਸਨ ਇਸੇ ਵਕਤ ਹੀ ਉਸਦਾ ਵਿਚਾਰਧਾਰਕ ਵਿਕਾਸ ਮਨੁੱਖਵਾਦ ਦੇ ਸੰਕਲਪਾਤਮਕ ਢਾਂਚੇ ਤੋਂ ਪਾਰ ਜਾ ਕੇ ਮਨੁੱਖੀ ਸਮਾਜ, ਸੱਭਿਆਚਾਰ ਅਤੇ ਆਰਥਕ ਤੇ ਰਾਜਸੀ ਢਾਂਚੇ ਦੀਆਂ ਜਮਾਤੀ ਵਿਰੋਧਤਾਈਆਂ ਅਤੇ ਸੰਘਰਸ਼ਾਂ ਦੇ ਚੌਖਟੇ ਨੂੰ ਸਮਝਣ ਵੱਲ ਵਧਿਆ ਇਸੇ ਵੇਲੇ ਹੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਜ਼ਾਦੀ ਦਾ ਹੋਕਾ ਦਿੰਦੀ ਇਨਕਲਾਬੀ ਲਹਿਰ ਪੱਛਮੀ ਬੰਗਾਲ ਦੇ ਨਕਸਲਬਾੜੀ ਨਾਂ ਦੇ ਛੋਟੇ ਜਿਹੇ ਪਿੰਡ ਵਿੱਚੋਂ ਬਸੰਤ ਦੀ ਗਰਜ ਵਾਂਗ ਉੱਠੀ ਜਿਸਨੇ ਮੁਲਕ ਭਰ ਦੇ ਨੌਜਵਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਆਪਣੀ ਰਾਜਸੀ ਚੇਤਨਾ ਨੂੰ ਚਮਕਾਉਣ ਦੇ ਰਾਹ ਪਿਆ ਹੋਇਆ ਬਾਈ ਠਾਣਾ ਸਿੰਘ ਵੀ ਇਸ ਤੋਂ ਅਣਭਿੱਜ ਨਾ ਰਹਿ ਸਕਿਆ ਐਮ.. ਅੰਗਰੇਜ਼ੀ ਪਾਸ ਕਰਨ ਮਗਰੋਂ ਆਪਣੇ ਸਕੂਲ ਅਧਿਆਪਕ ਦੇ ਕੈਰੀਅਰ ਨੂੰ ਵਿੱਚੇ ਹੀ ਛੱਡ ਉਹ ਇਨਕਲਾਬ ਦੇ ਰਾਹਾਂ ਦਾ ਪਾਂਧੀ ਬਣ ਗਿਆ

        ਉਸ ਰਾਹਤੇ ਚੱਲਣ ਵੇਲੇ ਤੋਂ ਹੀ ਜਿੱਥੇ ਉਹ ਇਨਕਲਾਬੀ ਭਾਵਨਾ ਅਤੇ ਜੋਸ਼ ਨਾਲ ਸਰਸ਼ਾਰ ਸੀ, ਉੱਥੇ ਉਸਨੇ ਆਪਣੀ ਲਹਿਰ, ਇਸਦੀ ਇਤਿਹਾਸਕਤਾ ਅਤੇ ਭਵਿੱਖ ਬਾਰੇ ਸੋਚਣ ਅਤੇ ਤਰਕ ਅਧਾਰਤ ਸਮਝ ਬਣਾਉਣ ਦੀ ਤਿੱਖੀ ਪਰ ਔਖੀ ਬੌਧਿਕ ਪ੍ਰਕਿਰਿਆ ਤੋਂ ਕਦੇ ਵੀ ਪਾਸਾ ਨਾ ਵੱਟਿਆ ਲਹਿਰ ਦਾ ਪ੍ਰਤੀਬੱਧ ਹਿੱਸਾ ਰਹਿੰਦੇ ਹੋਏ ਵੀ ਇਸ ਵਿਚਲੇ ਪ੍ਰਚਲਿਤ, ਭਾਰੂ  ਅਤੇ ਬਹੁਤ ਵਾਰੀ ਉਲਾਰ ਵਾਲੇ ਵਹਾਅ ਨੂੰ ਆਪਣੀ ਤਿੱਖੀ ਸੋਚਤੇ ਪਰਖਣ ਤੋਂ ਪਾਸਾ ਨਾ ਵੱਟਿਆ ਉਸ ਦੁਆਰਾ ਆਪਣੀ ਹਿੱਸੇਦਾਰੀ ਵਾਲੀ ਲਹਿਰ ਨੂੰ ਸਮਝਣ ਅਤੇ ਪਰਖਣ ਦੀ ਕਵਾਇਦ ਦੀ ਥਾਹ ਪਾਉਣ ਲਈ ਜ਼ਰੂਰੀ ਹੈ ਕਿ ਉਸ ਵੇਲੇ ਦੇ ਬੌਧਿਕ ਅਤੇ ਸਾਹਿਤਕ ਮਹੌਲ ਦੇ ਕੇਂਦਰ ਬਿੰਦੂ ਨੂੰ ਧਿਆਨ ਵਿੱਚ ਲਿਆਂਦਾ ਜਾਵੇ ਆਪਣੇ ਸੰਸਾਰ ਪ੍ਰਸਿੱਧ ਨਾਵਲਆਗ ਕਾ ਦਰਿਆਵਿੱਚ 1942-43 ਦੇ ਵੇਲੇ ਸੱਚੀ-ਸੁੱਚੀ ਲੋਕ ਸੇਵਾ ਦੀ ਭਾਵਨਾ ਵਿੱਚ ਨਿੱਕਲੇ ਨੌਜਵਾਨ ਕਮਿਊਨਿਸਟ ਮੁੰਡੇ ਕੁੜੀਆਂ ਬਾਰੇ ਹਲਕੇ ਤਨਜ਼ੀਆ ਲਹਿਜ਼ੇ ਵਿੱਚ ਕੁਰੱਤਲੈਨ ਹੈਦਰ ਕਹਿੰਦੀ ਹੈ ਕਿ ਸੁਹਿਰਦ ਭਾਵਨਾ ਵਾਲੇ ਨੌਜਵਾਨ ਤਾਂ ਸਨ, ਪਰ ਉਹਨਾਂ ਦੀ ਜ਼ਿੰਦਗੀ ਦਾ ਧੁਰਾ ਆਮ ਲੋਕਾਈ ਵਿੱਚ ਨਾ ਹੋ ਕੇ ਕੁਲੀਨ ਵਰਗ ਵਿੱਚ ਹੀ ਸਥਿਤ ਸੀ ਇਹੀ ਕਾਰਨ ਹੈ ਕਿ ਉਹ ਸਮੇਂ ਦੇ ਫੇਰ ਨਾਲ ਰਾਜ ਕਰਦੇ ਸਿਸਟਮ ਦੇ ਉੱਚੇ ਗਲਿਆਰਿਆਂ ਦਾ ਹੀ ਹਿੱਸਾ ਬਣ ਗਏ ਪਰ 1967-68 ਤੋਂ ਬਾਅਦ ਇਨਕਲਾਬੀ ਸਾਹਿਤ ਅਤੇ ਸਿਆਸਤ ਵਿੱਚ ਬਾਈ ਠਾਣਾ ਸਿੰਘ ਵਰਗੇ ਨੌਜਵਾਨ ਨਾ ਸਿਰਫ਼ ਉਮਰ ਭਰ ਕਮਿਊਨਿਸਟ ਇਨਕਲਾਬੀਆਂ ਦੀ ਜੋਖਮ ਭਰੀ ਜ਼ਿੰਦਗੀ ਜਿਉਂਦੇ ਰਹੇ, ਸਗੋਂ ਲਹਿਰ ਦੀ ਉਸਾਰੀ ਲਈ ਬੌਧਿਕਤਾ ਦੇ ਪੱਧਰਤੇ ਨਿੱਗਰ ਯੋਗਦਾਨ ਪਾਉਂਦੇ ਰਹੇ ਇਹ ਨੌਜਵਾਨ ਕਿਸੇ ਕੁਲੀਨ ਵਰਗ ਵਿੱਚੋਂ ਨਾ ਉੱਠ ਕੇ ਮੁੱਖ ਤੌਰਤੇ ਕਿਸਾਨੀ ਅਤੇ ਮੱਧ ਵਰਗ ਦੇ ਆਮ ਪਰਿਵਾਰਾਂ ਦੇ ਜੰਮਪਲ ਸਨ ਉਸਦੇ ਇਸੇ ਤਰ੍ਹਾਂ ਦੇ ਮਹੌਲ ਸਦਕਾ ਹੀ ਲਹਿਰ ਦੇ ਮੁੱਢਲੇ ਪੜਾਅ ਵਿੱਚ ਹਿੰਸਾਤੇ ਬੇਲੋੜੀ ਟੇਕ ਅਤੇ 1970ਵਿਆਂ ਦੇ ਦਹਾਕੇ ਨੂੰ ਇਨਕਲਾਬ ਦੀ ਅੰਤਮ ਕਾਮਯਾਬੀ ਦੇ ਦਹਾਕੇ ਦੇ ਤੌਰਤੇ ਐਲਾਨਣ ਦੇ ਮਾਅਰਕੇਬਾਜ਼ ਨਾਅਰੇ ਦੀ ਅਸਲੀਅਤ ਪਛਾਣ ਕੇ ਬਾਈ ਠਾਣਾ ਸਿੰਘ ਦਾ ਜੁੱਟ ਪ੍ਰੋਫੈਸਰ ਹਰਭਜਨ ਸੋਹੀ ਅਤੇ ਉਸਦੇ ਸਾਥੀਆਂ ਨਾਲ ਬੱਝ ਗਿਆ ਜਿੰਨ੍ਹਾਂ ਨੇ ਤਿੱਖੇ ਅੰਦਰੂਨੀ ਵਿਰੋਧਾਂ ਨੂੰ ਝੱਲਦਿਆਂ ਜਮਹੂਰੀ ਅਤੇ ਇਨਕਲਾਬੀ ਲੋਕ ਲਹਿਰਾਂ ਦੀ ਉਸਾਰੀ ਨੂੰ ਕੇਂਦਰੀ ਬਿੰਦੂ ਦੇ ਤੌਰਤੇ ਉਭਾਰਿਆ ਆਪਣੇ ਲਗਭਗ ਪਚਵੰਜਾ ਸਾਲ ਦੇ ਸਿਆਸੀ ਜੀਵਨ ਦੌਰਾਨ ਬਾਈ ਠਾਣਾ ਸਿੰਘ ਨੇ ਕਮਿਊਨਿਸਟ ਇਨਕਲਾਬੀ ਸਿਆਸਤ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮਸਲਿਆਂਤੇ ਅਨੇਕਾਂ ਲਿਖਤਾਂ ਲਿਖੀਆਂ ਇਹ ਇੱਕ ਵੱਖਰਾ ਪਰ ਵਿਚਾਰਧਾਰਕ ਤੌਰਤੇ ਮਹੱਤਵਪੂਰਨ ਤੱਥ ਹੈ ਕਿ ਉਸਦੇ ਸਿਆਸੀ ਕੰਮ ਦੀਆਂ ਲੋੜਾਂ ਅਤੇ ਰਵਾਇਤਾਂ ਦੇ ਅਨੁਸਾਰ ਉਸਦਾ ਨਾਂ ਅਤੇ ਨਿੱਜਤਾ ਕਦੇ ਵੀ ਅੱਗੇ ਨਹੀਂ ਆਏ ਇਸ ਸਾਰੇ ਸਮੇਂ ਦੇ ਦੌਰਾਨ ਉਸਦਾ ਅੰਗਰੇਜ਼ੀ ਅਤੇ ਪੰਜਾਬੀ ਜ਼ੁਬਾਨ ਨਾਲ ਇੱਕ ਜਿਉਂਦਾ ਜਾਗਦਾ ਰਿਸ਼ਤਾ ਕਾਇਮ ਰਿਹਾ ਆਪਣੇ ਨਿੱਜੀ ਕੈਰੀਅਰ ਵਾਸਤੇ ਭਾਵੇਂ ਉਸਨੇ ਅੰਗਰੇਜ਼ੀ ਸਾਹਿਤ ਦੀ ਉੱਚ ਵਿੱਦਿਆ ਨੂੰ ਅੱਗੇ ਨਹੀਂ ਵਧਾਇਆ, ਪਰ ਅਨੁਵਾਦ ਦੇ ਖੇਤਰ ਵਿੱਚ ਉਸਦਾ ਵਿਸ਼ੇਸ਼ ਯੋਗਦਾਨ ਰਿਹਾ ਉਸਦੇ ਵਾਸਤੇ ਅਨੁਵਾਦ ਕਿਸੇ ਵੀ ਲਿਖਤ ਦੇ ਵਿਚਾਰਧਾਰਕ ਤੱਤ ਦਾ ਦੂਜੀ ਜ਼ੁਬਾਨ ਵਿੱਚ ਉਲੱਥਾ ਤਾਂ ਹੁੰਦਾ ਹੀ ਸੀ, ਪਰ ਇਸ ਵਾਸਤੇ ਪੰਜਾਬੀ ਵਿੱਚ ਪੰਜਾਬ ਦੀ ਧਰਾਤਲ ਨਾਲ ਜੁੜਵੇਂ ਲਫ਼ਜ਼ਾਂ ਦੀ ਚੋਣ ਵਿੱਚ ਉਸਦੀ ਖ਼ਾਸ ਮੁਹਾਰਤ ਸੀ

        ਪੰਜਾਬ ਦੇ ਲੋਕਾਂ ਖ਼ਾਸ ਤੌਰਤੇ ਕਿਸਾਨਾਂ ਵਿੱਚ ਵਿਗਸੀ ਜਮਹੂਰੀ ਲਹਿਰ ਦੀ ਨੀਂਹ ਵਿੱਚੋਂ ਇੱਥੇ 1960ਵਿਆਂ ਵਿੱਚ ਵਿਕਸਿਤ ਹੋਈ ਵਿਦਿਆਰਥੀ/ ਨੌਜਵਾਨਾਂ ਦੀ ਲਹਿਰ ਅਤੇ ਹੋਰ ਜਮਹੂਰੀ ਲਹਿਰਾਂ ਦੀ ਸਿਫਤੀ ਦੇਣ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਇਸ ਲਹਿਰ ਦੀ ਧਰਾਤਲ ਤਿਆਰ ਕਰਨ ਵਿੱਚ ਅਤੇ ਨਾਲ ਨਾਲ ਇਮਾਰਤ ਉਸਾਰਨ ਵਿੱਚ ਵੀ ਬਾਈ ਠਾਣਾ ਸਿੰਘ ਵਰਗੇ ਅਨੇਕ ਇਨਕਲਾਬੀਆਂ ਦਾ ਯੋਗਦਾਨ ਹੈ ਉਸਦੇ ਇਸ ਸੰਸਾਰ ਨੂੰ ਸਰੀਰਿਕ ਤੌਰਤੇ ਛੱਡਣ ਬਾਅਦ ਉਸਦੀ ਇਸ ਘਾਲਣਾ ਨੂੰ ਹਮੇਸ਼ਾ ਦਿਲ ਵਿੱਚ ਵਸਾਈ ਰੱਖਣਾ ਹੀ ਸਾਡੇ ਉਸ ਪ੍ਰਤੀ ਸ਼ਰਧਾ ਦੇ ਫੁੱਲ ਹਨ

 

 

 

No comments:

Post a Comment