ਕਮਿਊਨਿਸਟ ਇਨਕਲਾਬੀਆਂ ਦੇ ਦਾਅਪੇਚਾਂ ’ਚ
ਹਾਕਮ ਜਮਾਤਾਂ ਦੀਆਂ ਵਿਰੋਧਤਾਈਆਂ ਨੂੰ ਵਰਤਣ ਦਾ ਸਵਾਲ
ਹਰ ਸਾਂਝੇ ਮੋਰਚੇ ਦਾ ਅਧਾਰ-ਪੈਂਤੜਾ ਦੁਸਮਣਾਂ ਦੀਆਂ ਵਿਰੋਧਤਾਈਆਂ ਦਾ ਲਾਹਾ ਲੈਣਾ ਹੁੰਦਾ ਹੈ। ਇਹ ਕੋਸ਼ਿਸ਼ ਸਿਰਫ ਕਮਿਊਨਿਸਟ ਦੀ ਨਹੀਂ ਕਰਦੇ, ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਵੀ ਕਰਦੀਆਂ ਹਨ ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਕਿਉਂਕਿ ਵਿਸ਼ਾਲ ਜਨ-ਸਮੂਹ ਦੇ ਹਿੱਤਾਂ ਦੀ ਹਕੀਕੀ ਨੁਮਾਇੰਦਗੀ ਨਹੀਂ ਕਰਦੀਆਂ ਹੁੰਦੀਆਂ, ਸਗੋਂ ਵੱਧ ਲੁੱਟ ਤੇ ਦਾਬੇ ਦੇ ਹੱਕ ਹਾਸਲ ਕਰਨ ਲਈ ਹੀ ਲੜਦੀਆਂ ਹਨ, ਇਸ ਲਈ ਉਹ ਕ੍ਰਾਂਤੀ ਦੀ ਧੁਰ ਤੱਕ ਅਗਵਾਈ ਕਰਨ ਤੋਂ ਜਮਾਤੀ ਤੌਰ ’ਤੇ ਹੀ ਅਸਮਰੱਥ ਹੁੰਦੀਆਂ ਹਨ। ਇਹ ਮਜ਼ਦੂਰ ਜਮਾਤ ਦੀ ਪਾਰਟੀ ਹੀ ਹੁੰਦੀ ਹੈ, ਜਿਹੜੀ ਕ੍ਰਾਂਤੀ ਨੂੰ ਨੇਪਰੇ ਚਾੜ੍ਹਨ ਲਈ ਅਗਵਾਈ ਕਰਦੀ ਹੈ, ਇਸ ਲਈ ਅਗਵਾਈ ਦੇ ਸੁਆਲ ’ਤੇ ਅੰਤਮ ਰੂਪ ’ਚ ਇਸਦੀ ਜਿੱਤ ਯਕੀਨੀ ਹੁੰਦੀ ਹੈ, ਪਰ ਇਸ ਆਮ ਸੱਚਾਈ ਨੂੰ ਕਿਸੇ ਵੀ ਵਿਸ਼ੇਸ਼ ਘੋਲ ਜਾਂ ਅੰਦੋਲਨ ਅੰਦਰ ਅਗਵਾਈ ਦੇ ਸੁਆਲ ’ਤੇ ਲਾਗੂ ਕਰਨਾ ਤੇ ਇਹ ਸਿੱਟਾ ਕੱਢਣਾ ਕਿ “ਵਿਗਿਆਨਕ ਵਿਚਾਰਧਾਰਾ ਨਾਲ ਲੈਸ” ਹੋਣ ਕਰਕੇ, ਕਮਿਊਨਿਸਟਾਂ ਦੀ ਹਰ ਘੋਲ ਅੰਦਰ ਅਗਵਾਈ ਸਥਾਪਤ ਹੋਣੀ ਯਕੀਨੀ ਹੁੰਦੀ ਹੈ ਅਤੇ ਉਹ ਹਰ ਸਾਂਝੇ ਮੋਰਚੇ ਅੰਦਰ ਸਿਰਫ ਖੱਟਦੇ ਹੀ ਹਨ, ਗੁਆਉਂਦੇ ਕਦੇ ਨਹੀਂ, ਇਸ ਤਲਖ਼ ਹਕੀਕਤ ਤੋਂ ਅੱਖਾਂ ਮੀਟਣਾ ਹੈ ਕਿ ਕਿਸੇ ਵਿਸ਼ੇਸ਼ ਵੇਲੇ ਦੀਆਂ ਠੋਸ ਹਾਲਤਾਂ ਮੁਤਾਬਕ ਸਹੀ ਇਨਕਲਾਬੀ ਨੀਤੀ ਘੜਨ ’ਚ ਨਾਕਾਮ ਰਹਿਣ ਦੀ ਹਾਲਤ ਵਿੱਚ ਕਮਿਊਨਿਸਟ “ਵਿਗਿਆਨਕ ਵਿਚਾਰਧਾਰਾ ਨਾਲ ਲੈਸ” ਹੋਣ ਦੇ ਬਾਵਜੂਦ, ਦੁਸ਼ਮਣ ਦੀਆਂ ਵਿਰੋਧਤਾਈਆਂ ਅੰਦਰ ਖੁਦ ਵੀ ਵਰਤੇ ਜਾ ਸਕਦੇ ਹੁੰਦੇ ਹਨ। ਸਾਂਝੇ ਮੋਰਚੇ ਅੰਦਰ, ਕਮਜ਼ੋਰ ਧਿਰ ਹੁੰਦਿਆਂ ਸਹੀ ਇਨਕਲਾਬੀ ਨੀਤੀ ਤਹਿ ਕਰਨ ਵੇਲੇ ਉਹਨਾਂ ਨੂੰ ਇਸ ਸੰਭਾਵਨਾ ਬਾਰੇ ਹੋਰ ਵੀ ਵੱਧ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਕਿਸੇ ਵਿਸ਼ੇਸ਼ ਘੋਲ ਜਾਂ ਅੰਦਲੋਨ ਲਈ ਉਸਰਨ ਵਾਲੇ ਸਾਂਝੇ ਮੋਰਚੇ ਬਾਰੇ ਸਹੀ ਇਨਕਲਾਬੀ ਨੀਤੀ ਤਹਿ ਕਰ ਲੈਣ ਨਾਲ ਵੀ, ਇਹ ਗੱਲ ਯਕੀਨੀ ਨਹੀਂ ਬਣਦੀ ਕਿ ਕਮਿਊਨਿਸਟ ਇਨਕਲਾਬੀ, ਹਰ ਹਾਲਤ ਉਸ ਅੰਦਰ ਆਪਣੀ ਅਗਵਾਈ ਸਥਾਪਤ ਕਰਨ ਵਿੱਚ ਕਾਮਯਾਬ ਹੋ ਜਾਣਗੇ, ਸਗੋਂ ਸਿਰਫ ਇਹ ਗੱਲ ਹੀ ਯਕੀਨੀ ਬਣਦੀ ਹੈ ਕਿ ਉਹ ਉਸ ਵੇਲੇ ਮੌਜੂਦ ਹਾਲਤਾਂ ਦਾ ਸੰਭਵ ਲਾਹਾ ਲੈ ਸਕਣਗੇ। ਅਜਿਹੀਆਂ ਹਾਲਤਾਂ ਅੰਦਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਸਾਂਝੇ ਘੋਲਾਂ ਅੰਦਰ ਅਗਵਾਈ ਸਾਂਭਣ ਦੀ ਗੁੰਜਾਇਸ਼ ਬਾਰੇ ਸਭ ਤੋਂ ਅਹਿਮ ਪੱਖ ਲੋਕਾਂ ਦੀ ਚੇਤਨਾ ਤੇ ਜਥੇਬੰਦੀ ਦਾ ਪੱਧਰ ਅਤੇ ਕਮਿਊਨਿਸਟ ਇਨਕਲਾਬੀ ਜਥੇਬੰਦੀ ਦੀ ਆਪਣੀ ਸਮਰੱਥਾ ਬਣਦੀ ਹੈ। ਕਿਉਂਕਿ ਕੋਈ ਵਿਚਾਰਾਧਾਰਾ ਕਿੰਨੀ ਵੀ ਸਹੀ ਤੇ ਵਿਗਿਆਨਕ ਕਿਉਂ ਨਾ ਹੋਵੇ, ਜਨਤਾ ਦੇ ਵਿਸ਼ਾਲ ਹਿੱਸਿਆਂ ਵੱਲੋਂ ਗ੍ਰਹਿਣ ਕੀਤੇ ਜਾਣ ਦੀ ਹਾਲਤ ’ਚ ਹੀ ਪਦਾਰਥਕ ਸ਼ਕਤੀ ’ਚ ਵੱਟਦੀ ਹੈ, ਇਸ ਲਈ ਇਹ ਦੇਖਣਾ ਲਾਜ਼ਮੀ ਬਣ ਜਾਂਦਾ ਹੈ ਕਿ ਕੀ ਉਸ ਵੇਲੇ ਲੋਕ ਏਨੇ ਚੇਤਨ ਹਨ ਕਿ ਉਹ ਵਿਗਿਆਨਕ ਤੇ ਗੈਰ-ਵਿਗਿਆਨਕ, ਸਹੀ ਤੇ ਗਲਤ ਵਿਚਾਰਧਾਰਾ ’ਚ ਫ਼ਰਕ ਦੇਖ ਸਕਣਗੇ? ਕੀ ਉਹ ਲੁਟੇਰੀਆਂ ਜਮਾਤਾਂ ਦੇ ਨੁਮਾਇੰਦਿਆਂ ਤੇ ਫਰੇਬੀ ਨਾਅਰਿਆਂ ਦੇ ਜਾਲ ਵਿੱਚ ਤਾਂ ਨਹੀਂ ਫਸਣਗੇ? ਕੀ ਉਹ ਜਥੇਬੰਦਕ ਪੱਖੋਂ ਸਹੀ ਵਿਚਾਰਾਧਾਰਾ ਜਾਂ ਨੀਤੀ ਨੂੰ ਅਮਲ ’ਚ ਲਾਗੂ ਕਰ ਸਕਣ ਦੀ ਹਾਲਤ ’ਚ ਹਨ? ਕੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਕੋਲ ਆਪਣੀ ਸਹੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਜਥੇਬੰਦਕ ਸਾਧਨ ਮੌਜੂਦ ਹਨ? ਇਹਨਾਂ ਹਾਲਤਾਂ ਦੀ ਗੈਰ-ਮੌਜੂਦਗੀ ’ਚ ਜਾਂ ਅਸਲੋਂ ਹੀ ਘਾਟੇਵੰਦੀ ਹਾਲਤ ਵਿੱਚ ਸਾਂਝੇ ਘੋਲਾਂ ’ਚ ਸ਼ਰੀਕ ਹੋ ਕੇ, ਇਸਦੀ ਅਗਵਾਈ ਸਾਂਭਣ ਦੀ ਲਾਲਸਾ, ਆਪਣੀ ਆਜ਼ਾਦੀ ਤੇ ਪਹਿਲ-ਕਦਮੀ ਗੁਆਉਣ, ਦੁਸ਼ਮਣ ਜਮਾਤ ਦੀਆਂ ਪਾਰਟੀਆਂ ਦੀ ਪੂਛ ਨਾਲ ਬੱਝਣ ਅਤੇ ਖੁਦ ਦੁਸ਼ਮਣਾਂ ਦੀ ਵਿਰੋਧਤਾਈ ’ਚ ਵਰਤੇ ਜਾਣ ਵਾਲਾ ਪੈਂਤੜਾ ਬਣਦਾ ਹੈ ..
ਵਿਸ਼ੇਸ਼ ਹਾਲਤਾਂ ’ਚ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਨੂੰ ਕੁੱਝ ਹੱਦ ਤੱਕ ਇਸ ਘਾਟੇਵੰਦੀ ਹਾਲਤ ’ਚ ਵੀ ਸਾਂਝੇ ਘੋਲਾਂ ’ਚ ਸ਼ਾਮਲ ਹੋਣਾ ਪੈ ਸਕਦਾ ਹੁੰਦਾ ਹੈ, ਪਰ ਅਜਿਹੀ ਹਾਲਤ ਵਿੱਚ ਉਹ ਆਪਣੇ ਪ੍ਰਭਾਵ ਹੇਠਲੇ ਕਿਸੇ ਸੀਮਤ ਇਲਾਕੇ ਅੰਦਰ ਜਿੱਥੇ ਕੁੱਝ ਹੱਦ ਤੱਕ ਪਹਿਲ-ਕਦਮੀ ਉਨ੍ਹਾਂ ਦੇ ਹੱਥ ਰਹਿ ਸਕਦੀ ਹੋਵੇ। ਸਹੀ ਲਾਈਨ ਲਾਗੂ ਕਰਨ ਅਤੇ ਇੱਥੋਂ ਪ੍ਰਾਪਤ ਹੋਏ ਸਹੀ ਨਤੀਜਿਆਂ ਦੇ ਆਸਰੇ ਸਮੁੱਚੀ ਲਹਿਰ ਨੂੰ ਪ੍ਰਭਾਵਤ ਕਰਨ, ਭਾਵ ਅਸਿੱਧੀ ਅਗਵਾਈ ਦੇਣ ਦਾ ਪੈਂਤੜਾ ਲੈਂਦੀਆਂ ਹਨ।
ਅਜਿਹੀਆਂ ਹਾਲਤਾਂ ’ਚ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਅਤੇ ਹਾਕਮ ਜਮਾਤਾਂ ਦੀ ਫੁੱਟ ਤੇ ਜਨਤਕ ਉਭਾਰਾਂ ਨੂੰ ਇਨਕਲਾਬੀ ਲਹਿਰ ਦੇ ਵਿਕਾਸ ਲਈ ਵਰਤਣ ਦੇ ਯਤਨ ਕਰਨੇ ਚਾਹੀਦੇ ਹਨ, ਪਰ ਬਹਿਸ ਅਧੀਨ ਸੁਆਲ ਇੱਥੇ ਇਹ ਨਹੀਂ ਸੀ ਕਿ ਇਹਨਾਂ ਹਾਲਤਾਂ ਦਾ ਲਾਹਾ ਲੈਣਾ ਹੁੰਦਾ ਹੈ ਜਾਂ ਨਹੀਂ, ਸਗੋਂ ਇਸ ਤੋਂ ਅਗਲਾ ਹੈ ਕਿ ਇਹ ਲਾਹਾ ਲਿਆ ਕਿਵੇਂ ਜਾਵੇ? ਕਿਸੇ ਵਿਸ਼ੇਸ਼ ਹਾਲਤਾਂ ਅੰਦਰ, ਇਹ ਲਾਹਾ ਲੈਣ ਲਈ ਕਿਹੜਾ ਅਮਲ ਅਖਤਿਆਰ ਕੀਤਾ ਜਾਣਾ ਚਾਹੀਦਾ ਹੈ, ਇਹ ਤਹਿ ਕਰਨ ਲਈ ਸਭ ਤੋਂ ਪਹਿਲਾਂ ਇਹ ਫ਼ਰਕ ਕਰਨਾ ਜ਼ਰੂਰੀ ਹੁੰਦਾ ਹੈ ਕਿ ਉਸ ਵਿਸ਼ੇਸ਼ ਮੌਕੇ ’ਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਤਾਕਤਵਰ ਹਨ ਜਾਂ ਕਮਜ਼ੋਰ। ਤਾਕਤਵਰ ਹੋਣ ਦੀ ਹਾਲਤ ’ਚ ਜਾਂ ਤਾਂ ਅੰਦੋਲਨ ਦੀ ਅਗਵਾਈ ਹੁੰਦੀ ਹੀ ਕਮਿਊਨਿਸਟ ਇਨਕਲਾਬੀਆਂ ਦੇ ਹੱਥ ਹੈ ਜਾਂ ਉਹ ਇਸਦੇ ਅਮਲ ਦੌਰਾਨ ਅਗਵਾਈ ਸਾਂਭ ਸਕਣ ਦੀ ਹਾਲਤ ’ਚ ਹੁੰਦੇ ਹਨ। ਅਜੇਹੀ ਹਾਲਤ ’ਚ ਅੰਦੋਲਨ ਲਈ ਠੋਸ ਪ੍ਰੋਗਰਾਮ ਤਹਿ ਕਰਕੇ, ਇਸ ਦੁਆਲੇ ਮਿਹਨਤਕਸ਼ ਜਮਾਤਾਂ ਦੇ ਵਿਸ਼ਾਲ ਹਿੱਸਿਆਂ ਨੂੰ ਲਾਮਬੰਦ ਕਰਦੇ ਹਨ ਅਤੇ ਲੁਟੇਰੀਆਂ ਜਮਾਤਾਂ ਦੇ ਕੁੱਝ ਹਿੱਸਿਆਂ (ਤੇ ਵਿਸ਼ੇਸ਼ ਹਾਲਤਾਂ ਅੰਦਰ, ਹਾਕਮ ਜਮਾਤਾਂ ਦੇ ਵਿਰੋਧੀ ਹਿੱਸਿਆਂ ਨੂੰ ਵੀ ) ਕੁੱਝ ਹੱਦ ਤੱਕ ਤੇ ਕੁੱਝ ਸਮੇਂ ਲਈ ਇਸ ਅੰਦੋਲਨ ਦਾ ਸਮਰਥਨ ਕਰਨ ਲਈ ਮਜ਼ਬੂਰ ਕਰ ਸਕਦੇ ਹਨ। ਇਸ ਤਰ੍ਹਾਂ ਅੰਦੋਲਨ ਅੰਦਰ ਆਪਣੀ ਅਗਵਾਈ ਤੇ ਪਹਿਲਕਦਮੀ ਕਾਇਮ ਰੱਖਦਿਆਂ, ਉਹ ਹਾਕਮ ਜਮਾਤਾਂ ਦੇ ਵਿਰੋਧਤਾਈ ਤੇ ਜਨਤਕ ਉਭਾਰ ਦਾ ਸਿੱਧੇ ਰੂਪ ਦਾ ਲਾਹਾ ਲੈ ਸਕਣ ਦੀ ਹਾਲਤ ’ਚ ਹੁੰਦੇ ਹਨ। ਤਾਕਤਵਰ ਹੋਣ ਦੀ ਹਾਲਤ ’ਚ ਅਜਿਹਾ ਪੈਂਤੜਾ ਨਾ ਲੈਣਾ, ਜਿੱਥੇ ਤੰਗਨਜ਼ਰੀ ਦਾ ਪ੍ਰਗਟਾਅ ਹੁੰਦਾ ਹੈ, ਉੱਥੇ ਕਮਜ਼ੋਰ ਤਾਕਤ ਦੇ ਹੁੰਦਿਆਂ ਇਹੀ ਪੈਂਤੜਾ ਲੈਣਾ, ਦੁਸ਼ਮਣਾਂ ਦੀ ਵਿਰੋਧਤਾਈ ’ਚ ਵਰਤੇ ਜਾਣ ਵਾਲਾ ਪੈਂਤੜਾ ਬਣ ਜਾਂਦਾ ਹੈ। ਕਮਜ਼ੋਰ ਤਾਕਤ ਹੁੰਦਿਆਂ ਵੀ, ਕਮਿਊਨਿਸਟ ਇਨਕਲਾਬੀਆਂ ਲਈ ਦੁਸ਼ਮਣ ਜਮਾਤਾਂ ਦੀਆਂ ਵਿਰੋਧਤਾਈਆਂ ਤੇ ਜਨਤਕ ਉਭਾਰਾਂ ਦਾ ਲਾਹਾ ਲੈਣ ਦੀ ਗੁੰਜਾਇਸ਼ ਹੁੰਦੀ ਹੈ, ਕਿਉਂਕਿ ਅਜਿਹੀਆਂ ਹਾਲਤਾਂ ’ਚ ਇੱਕ ਪਾਸੇ ਆਪਸੀ ਤਿੱਖੀ ਫੁੱਟ ਕਾਰਨ ਹਾਕਮ ਜਮਾਤਾਂ, ਕਮਿਊਨਿਸਟ ਇਨਕਲਾਬੀ ਸ਼ਕਤੀਆਂ ਉੱਪਰ ਮਿਲ ਕੇ ਹਮਲਾ ਕਰਨ ਦੀ ਹਾਲਤ ’ਚ ਨਹੀਂ ਹੁੰਦੀਆਂ, ਸਗੋਂ ਸਰਕਾਰ ’ਤੇ ਕਾਬਜ਼ ਧਿਰ ਲਈ ਵੀ ਇਹਨਾਂ ਉੱਪਰ ਨਿਖੇੜ ਕੇ ਹਮਲਾ ਕਰਨਾ ਮੁਸ਼ਕਲ ਹੁੰਦਾ ਹੈ। ਦੂਜੇ ਪਾਸੇ ਇਹਨਾਂ ਹਾਲਤਾਂ ਅੰਦਰ ਸਿਆਸੀ ਪਿੜ ਬਹੁਤ ਗਰਮ ਹੁੰਦਾ ਹੈ, ਜਿਹੜਾ ਕਮਿਊਨਿਸਟ ਇਨਕਲਾਬੀਆਂ ਨੂੰ ਆਪਣੀ ਸਿਆਸਤ ’ਤੇ ਅਧਾਰਤ ਅਜਿਹੇ ਨਾਅਰੇ ਤੇ ਪ੍ਰੋਗਰਾਮ ਲੋਕਾਂ ਤੱਕ ਲੈ ਜਾਣ ਦਾ ਮਾਹੌਲ ਮੁਹੱਈਆ ਕਰਦਾ ਹੈ, ਜਿਨ੍ਹਾਂ ਨੂੰ ਆਮ ਹਾਲਤਾਂ ਅੰਦਰ, ਲੋਕਾਂ ਦੇ ਵਿਸ਼ਾਲ ਹਿੱਸੇ ਚੁੱਕਣ ਦੇ ਰੌਂਅ ’ਚ ਨਹੀਂ ਹੁੰਦੇ। ਸੋ, ਕਮਿਊਨਿਸਟ ਇਨਕਲਾਬੀ ਸ਼ਕਤੀਆਂ ਵੱਲੋਂ ਅਜਿਹੀਆਂ ਹਾਲਤਾਂ ਨੂੰ ਟੇਢੇ ਢੰਗ ਨਾਲ ਹਾਕਮ ਜਮਾਤਾਂ ਦੀ ਵਿਰੋਧਤਾਈ ਨੂੰ ਵਰਤਣ ਲਈ ਆਪਣੇ ਘੋਲ ਦੇ ਇਲਾਕਿਆਂ ਅੰਦਰ ਘੋਲ ਤਿੱਖੇ ਕਰਨ ਅਤੇ ਬਾਕੀ ਥਾਵਾਂ ’ਤੇ ਲੋਕਾਂ ਅੰਦਰ ਆਪਣੀ ਸਿਆਸਤ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਜਮਾਤੀ ਪੱਖੋਂ ਚੇਤਨ ਤੇ ਜਥੇਬੰਦ ਕਰਨ ਲਈ ਵਰਤਣ ਦਾ ਪੈਂਤੜਾ ਲੈਣ ਬਣਦਾ ਹੈ। ਅਜਿਹਾ ਕਰਦਿਆਂ, ਉਹਨਾਂ ਨੂੰ ਵੱਖ-ਵੱਖ ਥਾਵਾਂ ’ਤੇ ਵਿਚਰਦੀਆਂ ਠੋਸ ਹਾਲਤਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਕੁੱਝ ਅਜਿਹੇ ਥਾਂ ਹੁੰਦੇ ਹਨ, ਜਿੱਥੇ ਹਾਕਮ ਜਮਾਤਾਂ ਦੀ ਵਿਰੋਧੀ ਧਿਰ ਸਰਕਾਰ ’ਤੇ ਕਾਬਜ਼ ਧਿਰ ਦਾ ਵਿਰੋਧ ਤਾਂ ਕਰਦੀ ਹੈ, ਪਰ ਉਸ ਕੋਲ ਘੋਲ ਜਥੇਬੰਦ ਕਰਨ ਤੇ ਇਸਦੀ ਅਗਵਾਈ ਕਰਨ ਲਈ ਲੋੜੀਂਦਾ ਜਨਤਕ ਅਧਾਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਵਿਆਪਕ ਜਨ-ਅੰਦੋਲਨ ਹੁੰਦਾ ਹੈ, ਸਗੋਂ ਇਹ ਅਜੇ ਜਥੇਬੰਦ ਕਰਨਾ ਹੁੰਦਾ ਹੈ। ਅਜਿਹੀਆਂ ਹਾਲਤਾਂ ਅੰਦਰ, ਕਮਿਊਨਿਸਟ ਇਨਕਲਾਬੀਆਂ ਨੂੰ ਮਿਹਨਤਕਸ਼ ਜਮਾਤ ਦੀਆਂ ਠੋਸ ਮੰਗਾਂ ਦੇ ਅਧਾਰ ’ਤੇ ਘੋਲ ਦਾ ਠੋਸ ਪ੍ਰੋਗਰਾਮ ਤਹਿ ਕਰਨ, ਆਪਣੀ ਆਜ਼ਾਦੀ ਦੇ ਪਹਿਲ-ਕਦਮੀ ਕਾਇਮ ਰੱਖਦਿਆਂ, ਇਸ ਪ੍ਰੋਗਰਾਮ ਦੇ ਅਧਾਰ ’ਤੇ ਜਨਤਕ-ਘੋਲ ਜਥੇਬੰਦ ਕਰਨ ਅਤੇ ਖੱਬੀਆਂ ਜਮਹੂਰੀ ਸ਼ਕਤੀਆਂ ਨੂੰ ਇਸਦੇ ਦੁਆਲੇ ਲਾਮਬੰਦ ਕਰਨ, ਹਾਕਮ ਜਮਾਤਾਂ ਦੀ ਸਰਕਾਰ ’ਤੇ ਕਾਬਜ਼ ਧਿਰ ਦੇ ਖ਼ਿਲਾਫ਼ ਹਮਲੇ ਦਾ ਮੁੱਖ ਜ਼ੋਰ ਰੱਖਦਿਆਂ, ਵਿਰੋਧੀ ਧਿਰ ਨੂੰ ਸੰਭਵ ਢੰਗਾਂ ਨਾਲ, ਲੋਕਾਂ ਵਿੱਚੋਂ ਨਿਖੇੜਨ ਅਤੇ ਲੋਕਾਂ ਸਾਹਮਣੇ ਮੌਜੂਦਾ ਸਰਕਾਰ ਦਾ ਹਕੀਕੀ ਬਦਲ ਰੱਖਣ ਦਾ ਪੈਂਤੜਾ ਲੈਣਾ ਚਾਹੀਦਾ ਹੈ। ਪਰ ਕੁੱਝ ਅਜਿਹੇ ਥਾਂ ਵੀ ਹੋ ਸਕਦੇ ਹਨ, ਜਿੱਥੇ ਜਨਤਕ ਅੰਦੋਲਨ ਵਿਆਪਕ ਰੂਪ ਧਾਰਨ ਕਰ ਗਿਆ ਹੋਵੇ ਅਤੇ ਜਿੱਥੇ ਹਾਕਮ ਜਮਾਤਾਂ ਦੀਆਂ ਪਾਰਟੀਆਂ ਜਾਂ ਤਾਂ ਆਪਣੀ ਅਗਵਾਈ ਸਥਾਪਤ ਕਰ ਗਈਆਂ ਹੋਣ ਜਾਂ ਜਲਦੀ ਹੀ ਕਰ ਸਕਣ ਦੀ ਹਾਲਤ ’ਚ ਹੋਣ ਅਤੇ ਜਿੱਥੇ ਅੰਦੋਲਨ ’ਚੋਂ ਬਾਹਰ ਖੜ੍ਹਨ ਦਾ ਅਰਥ ਲੋਕਾਂ ’ਚੋਂ ਨਿਖੇੜੇ ਦੇ ਰਾਹ ਪੈਣਾ ਹੋਵੇ ਅਤੇ ਜਿੱਥੇ ਹਾਕਮ ਜਮਾਤਾਂ ਦੇ ਨੁਮਾਂਇੰਦਿਆਂ ਦਾ ਸਿੱਧੇ ਰੂਪ ’ਚ ਵਿਰੋਧ ਕਰਨਾ ਵੀ ਔਖਾ ਹੋਵੇ। ਅਜਿਹੀਆਂ ਹਾਲਤਾਂ ਅੰਦਰ, ਕਮਿਊਨਿਸਟ ਇਨਕਲਾਬੀਆਂ ਨੂੰ ਕਮਜ਼ੋਰ ਤੇ ਘਾਟੇਵੰਦੀ ਹਾਲਤ ’ਚ ਹੁੰਦਿਆਂ ਵੀ, ਸਾਂਝੇ ਘੋਲਾਂ ਵਿੱਚ ਸ਼ਾਮਲ ਹੋਣਾ ਪੈ ਸਕਦਾ ਹੈ। ਬਿਨਾਂ ਸ਼ੱਕ, ਕਮਿਊਨਿਸਟ ਇਨਕਲਾਬੀਆਂ ਨੂੰ ਇਹਨਾਂ ਔਖੀਆਂ ਹਾਲਤਾਂ ਅੰਦਰ ਵੀ, ਵੱਧ ਤੋਂ ਵੱਧ ਸੰਭਵ ਲਾਹਾ ਲੈਣ ਲਈ ਯਤਨ ਕਰਨੇ ਚਾਹੀਦੇ ਹਨ, ਪਰ ਅਜਿਹਾ ਕਰਦਿਆਂ ਉਨ੍ਹਾਂ ਨੂੰ ਇਸ ਤਲਖ਼ ਹਕੀਕਤ ਦਾ ਅਹਿਸਾਸ ਰਹਿਣਾ ਲਾਜ਼ਮੀ ਹੁੰਦਾ ਹੈ ਕਿ ਇਹ ਉਨ੍ਹਾਂ ਲਈ “ਫਸੇ ਮਾਰ ਖਾਣ ਵਾਲੀ” ਹਾਲਤ ਹੈ, ਜਿਸਨੂੰ “ਸ਼ਾਨਦਾਰ” ਹਾਲਤਾਂ ਵਜੋਂ ਵਡਿਆ ਕੇ ਪੇਸ਼ ਕਰਨਾ, ਗੁੰਮਰਾਹਕੁੰਨ ਪ੍ਰਭਾਵਾਂ
ਤੇ ਨੁਕਸਾਨਦੇਹ ਨਤੀਜਿਆਂ ਦਾ ਕਾਰਨ ਬਣ ਸਕਦਾ ਹੈ। ਫਿਰ ਵੀ, ਇਹਨਾਂ ਔਖੀਆਂ ਹਾਲਤਾਂ ਅੰਦਰ ਲਹਿਰ ’ਤੇ ਸੰਭਵ ਹੱਦ ਤੱਕ ਅਸਰਅੰਦਾਜ਼ ਹੋਣ ਲਈ ਦੋ ਢੰਗ ਹੋ ਸਕਦੇ ਹਨ। ਇੱਕ ਇਹ ਕਿ ਕਮਿਊਨਿਸਟ ਇਨਕਲਾਬੀ ਅਜਿਹੇ ਇਲਾਕਿਆਂ ਅੰਦਰ, ਉਹਨਾਂ ਸੀਮਤ ਥਾਵਾਂ ’ਤੇ ਜਿੱਥੇ ਉਹਨਾਂ ਦਾ ਪ੍ਰਭਾਵ ਹੋਵੇ ਤੇ ਕੁੱਝ ਹੱਦ ਤੱਕ ਪਹਿਲਕਦਮੀ ਉਹਨਾਂ ਦੇ ਹੱਥ ਰਹਿ ਸਕਦੀ ਹੋਵੇ, ਇਸ ਲਹਿਰ ਨੂੰ ਆਪਣੀ ਸਹੀ ਲਾਈਨ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਨ ਅਤੇ ਇੱਥੋਂ ਨਿੱਕਲੇ ਸਹੀ ਨਤੀਜਿਆਂ ਦੇ ਆਸਰੇ ਸਮੁੱਚੀ ਲਹਿਰ ਨੂੰ ਸਹੀ ਰੁਖ ਦੇਣ ਲਈ ਪ੍ਰਭਾਵਿਤ ਕਰਨ ਦਾ ਯਤਨ ਕਰਨ। ਇਉਂ ਕਰਕੇ, ਉਹ ਨਾ ਸਿਰਫ ਉਸ ਬੱਝਵੇਂ ਇਲਾਕੇ ਅੰਦਰ ਆਪਣੀ ਸ਼ਕਤੀ ਨੂੰ ਬਚਾ ਕੇ ਰੱਖਦਿਆਂ, ਇਸਨੂੰ ਪੱਕੇ ਪੈਰੀਂ ਕਰ ਸਕਦੇ ਹਨ, ਸਗੋਂ ਉਹ ਹੋਰਨਾਂ ਇਲਾਕਿਆਂ ਦੇ ਮਿਹਨਤਕਸ਼ ਲੋਕਾਂ ਨੂੰ ਵੀ, ਸੰਭਵ ਹੱਦ ਤੱਕ ਆਪਣੀ ਸਹੀ ਸਿਆਸਤ ਨਾਲ ਪ੍ਰਭਾਵਿਤ ਕਰਨ ਤੇ ਆਪਣੇ ਅਸਰ ਹੇਠ ਲਿਆਉਣ ’ਚ ਕਾਮਯਾਬ ਹੋ ਸਕਦੇ ਹਨ। ਪਰ ਜੇ ਇਹ ਹਾਲਤ ਵੀ ਸੰਭਵ ਨਾ ਹੋਵੇ, ਤਾਂ ਕਮਿਊਨਿਸਟ ਇਨਕਲਾਬੀ ਵਿਆਪਕ ਜਨ-ਅੰਦੋਲਨ ਦਾ ਸਮਰਥਨ ਕਰਨ, ਇਸਦੇ ਸਹੀ ਤੇ ਉਸਾਰੂ ਪਹਿਲੂਆਂ ਨੂੰ ਉਭਾਰਨ ਅਤੇ ਇਸ ਅੰਦਰ ਮੌਜੂਦ ਖ਼ਤਰਿਆਂ ਬਾਰੇ ਲੋਕਾਂ ਨੂੰ ਸੰਭਵ ਢੰਗਾਂ ਨਾਲ, ਸੁਚੇਤ ਕਰਨ ਦਾ ਪੈਂਤੜਾ ਲੈਂਦੇ ਹਨ। ਇਸ ਤਰ੍ਹਾਂ ਕਰਕੇ, ਉਹ ਨਾ ਸਿਰਫ ਵਿਸ਼ਾਲ ਜਨਤਾ ਦੇ ਕੁੱਝ ਹਿੱਸਿਆਂ ਨੂੰ ਆਪਣੀ ਸਿਆਸਤ ਦੇ ਪ੍ਰਭਾਵ ਹੇਠ ਰੱਖਣ ਅਤੇ ਲਹਿਰ ਦੇ ਹੋਰਨਾਂ ਨਰੋਏ ਤੱਤਾਂ ਨੂੰ ਇਸ ਵੱਲ ਖਿੱਚਣ ’ਚ ਹੀ ਕਾਮਯਾਬ ਹੋ ਸਕਦੇ ਹਨ, ਸਗੋਂ ਉਹ ਸਮੁੱਚੀ ਲਹਿਰ ਅੰਦਰ ਆਪਣੀ ਸਹੀ ਸਿਆਸਤ ਤੇ ਨੀਤੀਆਂ ਦਾ ਵਕਾਰ ਬਣਾ ਸਕਦੇ ਹਨ, ਜਿਹੜਾ ਪਿੱਛੋਂ ਅੰਦੋਲਨ ਦੇ ਅਸਫ਼ਲ ਹੋ ਜਾਣ ਜਾਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਵੱਲੋਂ ਗੁੰਮਰਾਹ ਕੀਤੇ ਜਾਣ ਦੀ ਹਾਲਤ ’ਚ, ਘੋਲ ਨੂੰ ਮੁੜ ਜਥੇਬੰਦ ਕਰਨ ਜਾਂ ਅੱਗੇ ਵਧਾਉਣ ਲਈ ਵਰਤਿਆ ਜਾ ਸਕਦਾ ਹੈ।
(ਲੰਮੀ ਲਿਖਤ ਖੱਬੀ ਲਫਾਜੀ ਸੱਜੀ ਸਿਆਸਤ ’ਚੋਂ ਕੁੱਝ ਅੰਸ਼, ਸਿਰਲੇਖ ਸਾਡਾ)
No comments:
Post a Comment