ਸਾਮਰਾਜੀ ਪੂੰਜੀ ਦੇ ਗੜ੍ਹ ਗੜਗਾਉਂ ’ਚ ਫਿਰਕੂ ਹਿੰਸਾ ਦੇ ਅਰਥ
ਹਰਿਆਣੇ ’ਚ ਫਿਰਕੂ ਹਿੰਸਾ ਦੀਆਂ ਲਾਟਾਂ ਦਾ ਸੇਕ ਦੇਸ਼ ਦੇ ਹਰ ਸੰਵੇਦਨਸ਼ੀਲ ਬੰਦੇ ਨੇ ਮਹਿਸੂਸ ਕੀਤਾ ਹੈ ਤੇ ਇਹਨਾਂ ਫਿਰਕੂ ਲਾਮਬੰਦੀਆਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਲਈ ਵੋਟ ਪਾਲਾਬੰਦੀਆਂ ਦੇ ਸਾਧਨ ਵਜੋਂ ਦੇਖਿਆ ਹੈ। ਮੁਲਕ ਦਾ ਹਰ ਜਮਹੂਰੀ ਸੋਚ ਵਾਲਾ ਇਨਸਾਫ-ਪਸੰਦ ਵਿਅਕਤੀ ਇਨ੍ਹਾਂ ਘਟਨਾਵਾਂ ਦੇ ਸਿਆਸੀ ਦੋਸ਼ੀਆਂ ਨੂੰ ਵੀ ਪਹਿਚਾਣਦਾ ਹੈ ਤੇ ਇਹਦੇ ਮਾਰੂ ਅਸਰਾਂ ਤੋਂ ਵੀ ਫਿਕਰਮੰਦ ਹੈ। ਇਹਨਾਂ ਹਿੰਸਕ ਘਟਨਾਵਾਂ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਇਹ ਦੇਸ਼ ਦੀ ਰਾਜਧਾਨੀ ਦੀ ਕੰਨੀ ’ਤੇ ਪੈਂਦੇ ਗੁਰੂਗ੍ਰਾਮ ’ਚ ਵੀ ਵਾਪਰੀਆਂ, ਜਿਹੜਾ ਦੇਸ਼ ਦੀ ਤਰੱਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਅਜਿਹਾ ਸ਼ਹਿਰ ਹੈ ਜਿੱਥੇ ਦੁਨੀਆਂ ਭਰ ਦੀਆਂ ਬਹੁਕੌਮੀ ਸਾਮਰਾਜੀ ਕੰਪਨੀਆਂ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਕਾਰਖਾਨੇ ਤੇ ਦਫ਼ਤਰ ਮੌਜੂਦ ਹਨ। ਜਿੱਥੇ ਬਹੁਕੌਮੀ ਕੰਪਨੀਆਂ ਦੇ ਵਿਦੇਸ਼ੀ ਅਧਿਕਾਰੀ ਅਤੇ ਹੋਰ ਦੇਸੀ ਇੰਜੀਨੀਅਰ ਗਗਨ-ਚੁੰਭੀ ਇਮਾਰਤਾਂ ਵਿਚ ਵਸਦੇ ਹਨ। ਅਜਿਹੇ ਸ਼ਹਿਰ ਅੰਦਰ ਹਿੰਸਕ ਫਿਰਕੂ ਘਟਨਾਵਾਂ ਦਾ ਵਾਪਰਨਾ ਮੀਡੀਆ ਅੰਦਰ ਵਿਸ਼ੇਸ਼ ਕਰਕੇ ਚਰਚਾ ਦਾ ਮਸਲਾ ਬਣਿਆ ਹੈ। ਵੱਖ-ਵੱਖ ਹਲਕਿਆਂ ਨੇ ਕਾਰੋਬਾਰੀ ਸ਼ਹਿਰ ਅੰਦਰਲੇ ਅਜਿਹੇ ਮਾਹੌਲ ਨਾਲ ਕਾਰੋਬਾਰਾਂ ’ਤੇ ਮਾੜਾ ਅਸਰ ਪੈਣ ਦੇ ਤੌਖਲੇ ਪ੍ਰਗਟ ਕੀਤੇ ਹਨ ਤੇ ਵਿਦੇਸ਼ੀ ਪੂੰਜੀ ਨਿਵੇਸ਼ ਪ੍ਰਭਾਵਿਤ ਹੋਣ ਦੇ ਡਾਢੇ ਫਿਕਰ ਜ਼ਾਹਰ ਹੋਏ ਹਨ। ਇਹ ਚਰਚਾ ਇਉਂ ਵੀ ਹੋ ਰਹੀ ਹੈ, ਜਿਵੇਂ ਕਿਹਾ ਜਾ ਰਿਹਾ ਹੋਵੇ ਕਿ ਅਜਿਹੀਆਂ ਫਿਰਕੂ ਘਟਨਾਵਾਂ ਦਾ ਅਜਿਹੇ ਪੂੰਜੀ ਦੇ ਕਾਰੋਬਾਰਾਂ ਵਾਲੇ ਸ਼ਹਿਰ ਵਿਚ ਕੀ ਕੰਮ ! ਇਹ ਤਾਂ ਦੂਰ ਦਿਹਾਤ ਦੇ ਖੇਤਰਾਂ ਦੇ ਵਰਤਾਰੇ ਹਨ।
ਵਿਦੇਸ਼ੀ ਕੰਪਨੀਆਂ ਦੇ ਕਾਰੋਬਾਰਾਂ ਦੇ ਮਾੜੇ ਰੁਖ਼ ਅਸਰ-ਅੰਦਾਜ਼ ਹੋਣ ਦਾ ਫ਼ਿਕਰ ਕਰਨ ਵਾਲੇ ਹਲਕੇ ਦੇਸ਼ ਦੇ ਗੁੜਗਾਓਂ-ਨੁਮਾ ਵਿਕਾਸ ਨੂੰ ਅਤੇ ਫਿਰਕੂ ਹਿੰਸਾ ਦੇ ਵਰਤਾਰੇ ਨੂੰ ਟਕਰਾਵੇਂ ਵਰਤਾਰੇ ਵਜੋਂ ਦੇਖਣ ਦੇ ਭਰਮ ਦਾ ਸ਼ਿਕਾਰ ਹਨ। ਉਹ ਹਲਕੇ ਵਿਦੇਸ਼ੀ ਪੂੰਜੀ ਦੀ ਆਮਦ ਅਤੇ ਦੇਸ਼ ਅੰਦਰ ਫਿਰਕਾਪ੍ਰਸਤੀ ਦੇ ਵਰਤਾਰੇ ਦੀ ਸਾਂਝੀ ਧਰਾਤਲ ਨੂੰ ਪਛਾਣਨ ਤੋਂ ਅਸਮਰੱਥ ਹਨ। ਦੇਸ਼ ਦੇ ਹਾਕਮਾਂ ਵੱਲੋਂ ਪ੍ਰਚਾਰੇ ਜਾਂਦੇ ਦਹਾਕਿਆਂ ਦੇ ਵਿਕਾਸ ਦੀ ਕਹਾਣੀ ਫਿਰਕਾਪ੍ਰਸਤੀ ਦੀ ਇਸੇ ਧਰਾਤਲ ’ਤੇ ਹੀ ਲਿਖੀ ਗਈ ਹੈ। ਗੁੜਗਾਉਂ ਤੇ ਨੋਇਡਾ ਵਰਗੇ ਮਹਾਂਨਗਰ ਨਵੀਆਂ ਆਰਥਿਕ ਨੀਤੀਆਂ ਦੇ ਦੌਰ ਅੰਦਰ ਸਾਮਰਾਜੀ ਪੂੰਜੀ ਲਈ ਚੁਪੱਟ ਖੋਲ੍ਹ ਦਿੱਤੇ ਗਏ ਦੇਸ਼ ਅੰਦਰ ਉਸਾਰੇ ਗਏ ਹਨ। ਸਾਮਰਾਜੀ ਮੁਲਕ ਦੀਆਂ ਧੜਵੈਲ ਕਾਰਪੋਰੇਸ਼ਨਾਂ ਦੇ ਕਾਰੋਬਾਰ ਲਈ ਉਸਾਰੇ ਗਏ ਹਨ। ਇਹਨਾਂ ਮਹਾਂਨਗਰਾਂ ਵਿਚਲੇ ਪੂੰਜੀ ਦੇ ਵਡੇ ਕਾਰੋਬਾਰ ਗੁਰਬਤ ਦੇ ਵਿਸ਼ਾਲ ਸਮੁੰਦਰ ਅੰਦਰਲੇ ਟਾਪੂ ਹਨ। ਗੁਰਬਤ ਦਾ ਇਹ ਵਿਸ਼ਾਲ ਸਮੁੰਦਰ ਰੋਟੀ ਤੋਂ ਵੀ ਆਤੁਰ ਹੋ ਰਹੀ ਲੋਕਾਈ ਦਾ ਹੈ।
ਰੋਟੀ ਤੋਂ ਵੀ ਆਤੁਰ ਹੋ ਰਹੀ ਇਹ ਲੋਕਾਈ ਬੇਹੱਦ ਸਸਤੇ ਭਾਅ ਆਪਣੀ ਕਿਰਤ ਸ਼ਕਤੀ ਲੁਟਾਉਣ ਲਈ ਮਜ਼ਬੂਰ ਹੈ। ਬੇ-ਰੁਜ਼ਗਾਰੀ ਦੇ ਦੈਂਤ ਮੂਹਰੇ ਬੇਵੱਸ ਹੋਏ ਲੋਕ ਬੇਹੱਦ ਨੀਵੀਆਂ ਉਜ਼ਰਤਾਂ ’ਤੇ ਕਿਰਤ ਵੇਚਣ ਲਈ ਮਜ਼ਬੂਰ ਹਨ। ਤੇ ਇਹ ਨੀਵੀਆਂ ਉਜ਼ਰਤਾਂ ਹੀ ਸੰਸਾਰ ਸਾਮਰਾਜੀ ਕੰਪਨੀਆਂ ਤੇ ਦਲਾਲ ਸਰਮਾਏਦਾਰਾਂ ਦੇ ਕਾਰੋਬਾਰਾਂ ਲਈ ਮੁਨਾਫ਼ੇ ਦੀ ਖਾਣ ਬਣਦੀਆਂ ਹਨ। ਸਸਤੀ ਕਿਰਤ ਸ਼ਕਤੀ, ਸਸਤੀਆਂ ਜ਼ਮੀਨਾਂ, ਸਸਤੀ ਬਿਜਲੀ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ ਹੀ ਇਸ ਸਾਮਰਾਜੀ ਲੁੱਟ- ਖਸੁੱਟ ਵਾਲੇ ਵਿਕਾਸ ਮਾਡਲ ਦੀ ਇਬਾਰਤ ਲਿਖੀ ਹੈ। ਫ਼ਿਰਕਾਪ੍ਰਸਤੀ ਦਾ ਵਰਤਾਰਾ ਇਸ ਸਾਮਰਾਜੀ ਪੂੰਜੀ ਦੇ ਵਿਕਾਸ ਮਾਡਲ ਦੀ ਧਰਾਤਲ ਦਾ ਹਿੱਸਾ ਹੈ। ਨਵ-ਉਦਾਰਵਾਦੀ ਨੀਤੀਆਂ ਦੇ ਦੌਰ ਦੇ ਤਾਜ਼ਾ ਇਤਿਹਾਸ ਨੂੰ ਦੇਖੀਏ ਤਾਂ ਭਾਰਤ ਅੰਦਰ ਫਿਰਕਾਪ੍ਰਸਤੀ ਦਾ ਵਰਤਾਰਾ ਇਹਨਾਂ ਨੀਤੀਆਂ ਦੇ ਲਾਗੂ ਹੁੰਦੇ ਜਾਣ ਨਾਲ ਜ਼ੋਰ ਫੜਦਾ ਗਿਆ ਹੈ। ਭਾਰਤੀ ਹਾਕਮ ਜਮਾਤਾਂ ਮੁਲਕ ਨੂੰ ਸਾਮਰਾਜੀ ਪੂੰਜੀ ਲਈ ਖੋਲ੍ਹ ਦੇਣ ਦੇ ਕਦਮ ਲੈਣ ਵੇਲੇ ਨਾਲੋ ਨਾਲ ਫ਼ਿਰਕਾਪ੍ਰਸਤੀ ਦੇ ਰੱਥ ਨੂੰ ਵੀ ਸ਼ਿੰਗਾਰ ਰਹੀਆਂ ਸਨ। ਭਾਰਤੀ ਹਾਕਮ ਜਮਾਤਾਂ ਵੱਲੋਂ ਜਦੋਂ ਸਮਾਜਵਾਦ ਲਿਆਉਣ ਤੇ ਗਰੀਬੀ ਹਟਾਉਣ ਦੇ ਨਾਅ੍ਹਰਿਆਂ ਨਾਲੋਂ ਤੋੜ ਵਿਛੋੜਾ ਕੀਤਾ ਜਾ ਰਿਹਾ ਸੀ ਤਾਂ ਲੋਕਾਈ ਨੂੰ ਭਰਮਾਉਣ ਵਾਲੇ ਨਵੇਂ ਨਾਅ੍ਹਰਿਆਂ ਦੀ ਤਲਾਸ਼ ਹੋ ਰਹੀ ਸੀ। ਇਸ ਤਲਾਸ਼ ’ਚੋਂ ਹੀ ਇੰਦਰਾ ਗਾਂਧੀ ਨੂੰ ਫ਼ਿਰਕੂ ਪੁੱਠ ਵਾਲੇ ਰਾਸ਼ਟਰਵਾਦ ਨੂੰ ਉਭਾਰਨ ਦੀ ਲੋੜ ਉੱਠੀ ਸੀ ਤੇ ਪੰਜਾਬ ਨੂੰ ਇਸ ਖਾਤਰ ਬਲਦੀ ਦੇ ਬੂਥੇ ਦਿੱਤਾ ਗਿਆ ਸੀ।
80 ਵਿਆਂ ਦੇ ਦਹਾਕੇ ਦੇ ਮੱਧ ਦੌਰਾਨ ਇਸੇ ਤਲਾਸ਼ ’ਚੋਂ ਬਾਬਰੀ ਮਸਜਿਦ ਦੇ ਦਰਵਾਜੇ ਖੋਲ੍ਹਣ, ਰਿਜ਼ਰਵੇਸ਼ਨ ਵਿਰੋਧੀ ਮੁਹਿੰਮਾਂ ਉਲੀਕਣ ਤੇ ਰਾਮ ਮੰਦਰ ਬਣਾਉਣ ਦੀਆਂ ਮੁਹਿੰਮਾਂ ਨਿੱਕਲੀਆਂ ਸਨ। ਸਮੁੱਚੇ ਪ੍ਰਸੰਗ ’ਚ ਇਹ ਦੋਮ ਦਰਜੇ ਦਾ ਪੱਖ ਹੀ ਹੈ ਕਿ ਕਿਹੜਾ ਹਾਕਮ ਧੜਾ ਇਹਨਾਂ ’ਤੇ ਸਵਾਰ ਹੋ ਗਿਆ ਤੇ ਕਿਹੜਾ ਦੁਚਿੱਤੀ ’ਚ ਰਹਿ ਕੇ ਸਹਾਈ ਹੋ ਗਿਆ।
ਨੋਇਡਾ, ਗੁੜਗਾਉ ਤੇ ਬੰਗਲੌਰ ਵਰਗੇ ਸ਼ਹਿਰਾਂ ’ਚ ਉਸਰੀਆਂ ਦਿਉ-ਕੱਦ ਇਮਾਰਤਾਂ ਤਾਂ ਭਾਰਤ ਅੰਦਰ ਦਰਾਮਦ ਕੀਤੇ ਗਏ ਨਵ-ਉਦਾਰਵਾਦੀ ਵਿਕਾਸ ਦੇ ਉਹ ਸਿਤੰਭ ਹਨ ਜਿੰਨ੍ਹਾਂ ਦੀਆਂ ਨੀਹਾਂ ਬਾਬਰੀ ਮਸਜਿਦ ਢਾਹ ਕੇ ਭਰੀਆਂ ਗਈਆਂ ਸਨ। ਜਿਉਂ-ਜਿਉਂ ਇਹ ਵਿਕਾਸ ਰਫ਼ਤਾਰ ਫੜਦਾ ਗਿਆ ਹੈ, ਤਿਉਂ-ਤਿਉਂ ਹੀ ਫ਼ਿਰਕਾਪ੍ਰਸਤੀ ਦਾ ਵਰਤਾਰਾ ਵੀ ਜ਼ੋਰ ਫੜਦਾ ਗਿਆ ਹੈ। ਲੋਕਾਂ ’ਚ ਪਾਟਕ ਪਾਉਣ, ਆਪੋ ਵਿੱਚ ਲੜਾਉਣ ਤੇ ਜਮਾਤੀ ਏਕਤਾ ਨੂੰ ਚੀਰੇ ਦੇਣ ਦੇ ਪ੍ਰੋਜੈਕਟਾਂ ਤੋਂ ਬਿਨਾਂ ਅਜਿਹਾ ਤਬਾਹਕੁੰਨ ‘ਵਿਕਾਸ’ ਸੰਭਵ ਹੀ ਨਹੀਂ ਸੀ। ਨਵ-ਉਦਾਰਵਾਦੀ ਭਾਰਤ ’ਚ ਇਹਦੀ ਸਭ ਤੋਂ ਉਭਰਵੀਂ ਉਦਾਹਰਨ ਗੁਜਰਾਤ ਹੈ, ਜਿਥੇ ਗੋਧਰਾ ’ਚ ਫਿਰਕੂ ਕਤਲੇਆਮਾਂ ਦੇ ਡੁੱਲੇ ਲਹੂ ਨਾਲ ਕਾਰਪੋਰੇਟ ਵਿਕਾਸ ਮਾਡਲ ਦਾ ਨਕਸ਼ਾ ਵਾਹਿਆ ਗਿਆ ਸੀ ਤੇ ਇਹ ਨਕਸ਼ਾ ਸੰਸਾਰ ਕਾਰਪੋਰੇਟ ਜਗਤ ਦੇ ਮਨ ਨੂੰ ਖੂਬ ਭਾਇਆ ਸੀ। ਇਸ ਨਕਸ਼ੇ ਦਾ ਹੋਰ ਪਸਾਰਾ ਕਰਨ ਲਈ ਹੀ ਤਾਂ ਨਰਿੰਦਰ ਮੋਦੀ ਨੂੰ ਗੁਜਰਾਤ ਤੋਂ ਲਿਆ ਕੇ ਦਿੱਲੀ ਦੇ ਤਖਤ ’ਤੇ ਬਿਠਾ ਦਿੱਤਾ ਗਿਆ ਸੀ। ਪਿਛਲੇ ਦਸ ਸਾਲਾਂ ’ਚ ਫਿਰਕਾਪ੍ਰਸਤੀ ਦੇ ਦੈਂਤ ਦੇ ਫੈਲਦੇ ਪੰਜੇ ਹੀ ਤਾਂ ਨਾਲੋ ਨਾਲ ਵਿਕਾਸ ਮਾਡਲ ਦੇ ਨਕਸ਼ੇ ਉਲੀਕ ਰਹੇ ਹਨ। ਕਰਨਾਟਕ ਵੀ ਇਸ ਪੱਖੋਂ ਗੁਜਰਾਤ ਤੋਂ ਪਿੱਛੇ ਨਹੀਂ ਸੀ। ਆਈ. ਟੀ ਖੇਤਰ ਦੀ ਹੱਬ ਬਣਕੇ ਉੱਭਰਿਆ ਬੰਗਲੌਰ ਸ਼ਹਿਰ ਵੀ ਤਾਂ ਦਿਹਾਤੀ ਕਰਨਾਟਕ ’ਚ ਦਨਦਨਾਉਦੇ ਹਿੰਦੂ ਫਿਰਕੂ ਗ੍ਰੋਹਾਂ ਦੀ ਪੁਸ਼ਤਪਨਾਹੀ ਵਾਲੀ ਸੱਤਾ ਦਾ ਗੜ੍ਹ ਹੈ। ਉਥੇ ਵੀ ਆਈ. ਟੀ. ਸੈਕਟਰ ਦਾ ਵਿਕਾਸ ਹਿੰਦੂਤਵਾ ਦੇ ਅਖੌਤੀ ਗੌਰਵ ਦੇ ਵਿਕਾਸ ਨਾਲ ਹੀ ਗੁੰਦਿਆ ਹੋਇਆ ਹੈ।
ਸਾਮਰਾਜੀ ਪੂੰਜੀ ਦੇ ਕਾਰੋਬਾਰਾਂ ਦੇ ਪਸਾਰੇ ਲਈ ਲਾਗੂ ਹੋ ਰਹੇ ਅਖੌਤੀ ਆਰਥਿਕ ਸੁਧਾਰ ਲੋਕਾਂ ਦੀ ਜ਼ਿੰਦਗੀ ’ਚ ਜੋ ਘਮਸਾਣ ਮਚਾ ਰਹੇ ਹਨ, ਇਸ ਘਮਸਾਣ ਨੂੰ, ਬੇਚੈਨੀ ਨੂੰ, ਫਿਰਕੂ ਮੂੰਹਾਂ ਦੇਣ ਤੋਂ ਬਿਨਾਂ ਭਾਰਤੀ ਹਾਕਮਾਂ ਲਈ ਡੱਕਣਾ ਔਖਾ ਲੱਗ ਰਿਹਾ ਹੈ। ਇਹ ਫਿਰਕੂ ਪਾਟਕ ਹੀ ਹਨ ਜਿਹੜੇ ਹਾਕਮ ਧੜਿਆਂ ਲਈ ਵੋਟਾਂ ਦੀ ਖਾਣ ਬਣਦੇ ਹਨ ਤੇ ਥੋਕ ’ਚ ਸੀਟਾਂ ਜਿਤਾ ਕੇ ‘ਸਥਿਰ’ ਸਰਕਾਰ ਲਿਆਉਦੇ ਹਨ। ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਲਈ ਆਰਥਿਕ ਸੁਧਾਰਾਂ ਦੀ ਰਫ਼ਤਾਰ ਤੇਜ਼ ਕਰਨ ਖਾਤਰ ਅਜਿਹੀ ਸਥਿਰ ਸਰਕਾਰ ਬਹੁਤ ਜ਼ਰੂਰੀ ਹੈ, ਜਿਹੋ ਜਿਹੀ ਪਿਛਲੇ 10 ਸਾਲਾਂ ਤੋਂ ਦਿੱਲੀ ਦੇ ਤਖਤ ’ਤ ਮੌਜੂਦ ਹੈ। ਇਸੇ ਸਥਿਰਤਾ ਦੀ ਬਦੌਲਤ ਹੀ ਤਾਂ ਅੰਬਾਨੀਆਂ-ਅਡਾਨੀਆਂ ਤੇ ਇਹਨਾਂ ਦੇ ਸਾਮਰਾਜੀ ਭਾਈਵਾਲਾਂ ਮੂਹਰੇ ਮੁਲਕ ਦੇ ਸੋਮੇ ਤੇ ਕਿਰਤ ਸ਼ਕਤੀ ਪਰੋਸੀ ਜਾ ਸਕੀ ਹੈ। ਖੇਤੀ ਕਾਨੂੰਨ ਤੇ ਲੇਬਰ ਕੋਡ ਲਿਆਂਦੇ ਜਾ ਸਕੇ ਹਨ, ਜੰਗਲਾਂ ਦੇ ਕਾਨੂੰਨ ਸੋਧੇ ਜਾ ਸਕੇ ਹਨ, ਖਾਣਾਂ ਲੁੱਟੀਆਂ ਜਾ ਸਕੀਆਂ ਹਨ। ਦਿੱਲੀ, ਅਹਿਮਦਾਬਾਦ, ਗੜਗਾਓਂ, ਨੋਇਡਾ ਵਰਗੇ ਸ਼ਹਿਰਾਂ ’ਚ ਸਾਮਰਾਜੀ ਕੰਪਨੀਆਂ ਦੇ ਦਫ਼ਤਰ ਹੋਰ ਫੈਲੇ ਹਨ। ਮਾਰੂਤੀ, ਹੌਂਡੇ ਤੇ ਸਜ਼ੂਕੀ ਦੇ ਕਾਰੋਬਾਰ ਹੋਰ ਵੱਡੇ ਹੋਏ ਹਨ।
ਗੜਗਾਓਂ ’ਚ ਪੂੰਜੀ ਦੇ ਕਾਰੋਬਾਰ ਤੇ ਫਿਰਕਾਪ੍ਰਸਤੀ ਦੇ ਪਸਾਰ ਜੜੁੱਤ ਵਰਤਾਰੇ ਹੀ ਹਨ। ਗੜਗਾਓਂ ਤੇ ਨੋਇਡਾ ’ਚ ਦਿਖਦੇ ਪੂੰਜੀ ਦੇ ਕਾਰੋਬਾਰ, ਇਹ ਸੁਭਾਵਿਕ ਢੰਗ ਦਾ ਪੂੰਜੀਵਾਦੀ ਵਿਕਾਸ ਨਹੀਂ ਹੈ, ਜਿਹੜਾ ਜਗੀਰੂ ਬੰਧਨਾਂ ਤੇ ਉਸਦੀਆਂ ਬਾਕੀ ਅਲਾਮਤਾਂ ਜਿਵੇਂ ਧਰਮਾਂ, ਨਸਲਾਂ ਤੇ ਜਾਤਾਂ ਨੂੰ ਤੋੜ ਕੇ ਵਿਗਸਦਾ ਹੈ ਤੇ ਉਸ ਧਰਾਤਲ ਨੂੰ ਖੋਰਦਾ ਹੈ, ਜਿਸ ’ਤੇ ਇਹ ਪਿਛਾਖੜੀ ਵਰਤਾਰੇ ਵਧਦੇ ਫੁਲਦੇ ਹਨ। ਇਹ ਏਸ ਜ਼ਮੀਨ ’ਚੋਂ ਪੁੰਗਰਿਆ ਪੂੰਜੀਵਾਦ ਨਹੀਂ ਹੈ, ਜਿਹੜਾ ਨਾਲੋ ਨਾਲ ਸਮਾਜਿਕ ਜਮਹੂਰੀ ਚੇਤਨਾ ਦਾ ਵੀ ਅਧਾਰ ਸਿਰਜਦਾ ਹੈ ਤੇ ਫਿਰਕਾਪ੍ਰਸਤੀ ਵਰਗੇ ਵਰਤਾਰੇ ਦੇ ਅਧਾਰ ’ਤੇ ਸੱਟ ਮਾਰਦਾ ਹੈ। ਇਹ ਤਾਂ ਜਗੀਰੂ ਸਮਾਜ ਤੇ ਆਰਥਿਕਤਾ ਅੰਦਰ ਦਰਾਮਦ ਕੀਤੇ ਹੋਏ ਸੰਸਾਰ ਸਾਮਰਾਜੀ ਪੂੰਜੀ ਦੇ ਕਾਰੋਬਾਰ ਹਨ, ਜਿਹੜਾ ਪੂੰਜੀਵਾਦ ਆਪਣੀ ਮਰਨਊ ਸਟੇਜ ’ਤੇ ਹੈ ਤੇ ਹੋਰ ਵਧੇਰੇ ਪਿਛਾਖੜੀ ਹੋ ਰਿਹਾ ਹੈ। ਇਸਨੇ ਸਾਡੇ ਵਰਗੇ ਮੁਲਕਾਂ ਅੰਦਰ ਆਪਣੀ ਆਮਦ ਵੇੇਲੇ ਤੋਂ ਹੀ ਪਿਛਾਖੜੀ ਜਗੀਰੂ ਤਾਕਤਾਂ ਨਾਲ ਗੱਠਜੋੜ ਕੀਤਾ ਹੈ ਤੇ ਧਰਮ ਵਰਗੇ ਪਿਛਾਖੜੀ ਵਰਤਾਰਿਆਂ ਨੂੰ ਪਾਲਿਆ-ਪੋਸਿਆ ਹੈ। ਇਹ ਸਿਰਫ਼ ਨਵੀਆਂ ਆਰਥਿਕ ਨੀਤੀਆਂ ਦੇ ਦੌਰ ਦੀ ਹੀ ਕਹਾਣੀ ਨਹੀਂ ਹੈ, ਸਗੋਂ ਮੁਲਕ ਅੰਦਰ ਬਸਤੀਵਾਦੀ ਦੌਰ ਵੇਲੇ ਪੂੰਜੀ ਦੇ ਕਾਰੋਬਾਰਾਂ ਦਾ ਵਿਕਾਸ ਤੇ ਫਿਰਕਾਪ੍ਰਸਤੀ ਦਾ ਪਸਾਰਾ, ਦੋਹੇਂ ਹੀ ਅੰਗਰੇਜ਼ ਬਸਤੀਵਾਦੀਆਂ ਨੇ ਨਾਲੋ ਨਾਲ ਚਲਾਏ ਸਨ। ਉਹਨਾਂ ਲਈ ਇਹ ਟਕਰਾਵੇਂ ਨਹੀਂ ਰਹੇ, ਸਗੋਂ ਬਸਤੀਵਾਦੀ ਰਾਜ ਦੀਆਂ ਨੀਹਾਂ ਨੂੰ ਫਿਰਕਾਪ੍ਰਸਤੀ ਦੇ ਵਰਤਾਰੇ ਨਾਲ ਮਜ਼ਬੂਤ ਕੀਤਾ ਗਿਆ ਸੀ। ਇਸਤੋਂ ਵੀ ਅੱਗੇ ਬੰਬਈ ਦੇ ਮਜ਼ਦੂਰਾਂ ਦੀ ਲਹਿਰ ਨੂੰ ਵੀ ਫਿਰਕਾਪ੍ਰਸਤੀ ਦੇ ਜ਼ਹਿਰ ਨਾਲ ਪਲੀਤ ਕਰਕੇ ਸੱਟ ਮਾਰਨ ਦੀਆਂ ਸਾਜਿਸ਼ਾਂ ਰਚੀਆਂ ਗਈਆਂ ਸਨ ਤੇ ਪੂੰਜੀ ਦੇ ਕਾਰੋਬਾਰਾਂ ਦੇ ਪਸਾਰੇ ਲਈ ਫਿਰਕਾਪ੍ਰਸਤੀ ਨੂੰ ਸਿੱਧੇ ਤੌਰ ’ਤੇ ਵਰਤਿਆ ਗਿਆ ਸੀ। ਇਹ ਬਸਤੀਵਾਦੀ ਤਰੀਕਾਕਾਰ ਹੁਣ ਵੀ ਉਵੇਂ ਜਿਵੇਂ ਗੜਗਾਓਂ ਤੇ ਨੋਇਡਾ ਵਰਗੇ ਸ਼ਹਿਰਾਂ ਦੇ ਸਨਅਤੀ ਮਜ਼ਦੂਰਾਂ ਦੀ ਲਹਿਰ ਨੂੰ ਕਮਜ਼ੋਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਪੱਟੀ ’ਚ ਹਿੰਦੂਤਵੀ ਫਾਸ਼ੀ ਗ੍ਰੋਹਾਂ ਦਾ ਬੋਲਬਾਲਾ ਸਨਅਤੀ ਮਜ਼ਦੂਰਾਂ ’ਚ ਵੀ ਫਿਰਕੂ ਭਟਕਾਅ ਦਾ ਜ਼ਰੀਆ ਬਣਦਾ ਹੈ ਤੇ ਉਹ ਮਜ਼ਦੂਰ ਯੂਨੀਅਨਾਂ ਦੀ ਬਜਾਏ ਫਿਰਕੂ ਜਨੂੰਨੀ ਜਥੇਬੰਦੀਆਂ ਦੇ ਪ੍ਰਭਾਵ ’ਚ ਆ ਜਾਂਦੇ ਹਨ। ਇਹ ਹਿੰਦੂਤਵੀ ਫਿਰਕੂ ਜ਼ਹਿਰ ਸਿੱਧੇ ਤੌਰ ’ਤੇ ਹੀ ਸਰਮਾਏਦਾਰਾਂ ਦੀ ਸੇਵਾ ’ਚ ਭੁਗਤਦਾ ਹੈ।
ਗੜਗਾਓਂ ’ਚ ਹੋਈ ਫਿਰਕੂ ਹਿੰਸਾ ਸਾਮਰਾਜੀ ਕਾਰੋਬਾਰਾਂ ਲਈ ਕਿਸੇ ਤਰ੍ਹਾਂ ਦੀ ਫਿਕਰਮੰਦੀ ਦਾ ਮਸਲਾ ਨਹੀਂ ਹੈ। ਜ਼ੁਬਾਨੀ-ਕਲਾਮੀ ਚਾਹੇ ਉਹ ਜੋ ਵੀ ਕਹਿਣ, ਪਰ ਉਹ ਜਾਣਦੇ ਹਨ ਕਿ ਇਹ ਵਰਤਾਰੇ ਤਾਂ ਉਹਨਾਂ ਦੇ ਕਾਰੋਬਾਰਾਂ ਦੀ ਸਲਾਮਤੀ ਲਈ ਲਾਜ਼ਮੀ ਹਨ ਤੇ ਇਹਨਾਂ ’ਚ ਹੀ ਤਾਂ ਉਹ ਮੁਨਾਫੇ ਕਸ਼ੀਦਦੇ ਆਏ ਹਨ। ਉਹਨਾਂ ਦੀ ਫਿਕਰਮੰਦੀ ਮਾਰਕੀਟ ਦਾ ਮਾਹੌਲ ਕਾਇਮ ਰੱਖਣ ਤੱਕ ਹੁੰਦੀ ਹੈ ਤੇ ਉਹ ਜਾਣਦੇ ਹਨ ਕਿ ਮੋਦੀ ਸਰਕਾਰ ਕਿੰਨੀ ਕਾਰੀਗਰੀ ਨਾਲ ਮਾਰਕੀਟ ਦਾ ਮਾਹੌਲ ਉਸਾਰਦੀ ਹੈ। ਹੁਣ ਤੱਕ ਦੇਸ਼ ਅੰਦਰ ਫਿਰਕੂ ਭੀੜਾਂ ਨੂੰ ਉਸਨੇ ਇਉ ਸ਼ਿਸ਼ਕਰਿਆ ਹੈ ਕਿ ਕਿਤੇ ਕਾਰੋਬਾਰੀ ਮਾਹੌਲ ’ਤੇ ਅਸਰ ਨਹੀਂ ਪੈਣ ਦਿੱਤਾ। ਸਾਮਰਾਜੀਏ ਭਲੀ-ਭਾਂਤ ਜਾਣਦੇ ਹਨ ਕਿ ਇਹ ਸਭ ਉਹਨਾਂ ਦੇ ਕਾਰੋਬਾਰੀ ਮਾਹੌਲ ਦੀ ਸੇਵਾ ’ਚ ਕੀਤਾ ਜਾ ਰਿਹਾ ਹੈ। ਇਸੇ ਲਈ ਸਾਮਰਾਜੀ ਸਲਤਨਤ ਦਾ ਨੁਮਾਇੰਦਾ ਜਦੋਂ ਭਾਰਤ ਆਇਆ ਸੀ ਤਾਂ ਉਦੋਂ ਉਹਦੇ ਸਾਹਮਣੇ ਦਿੱਲੀ ਅੰਦਰ ਫਿਰਕੂ ਹਿੰਸਾ ਦਾ ਨਾਚ ਹੋਇਆ ਸੀ, ਪਰ ਉਹਦੇ ਲਈ ਇਹ ਕੋਈ ਮਸਲਾ ਨਹੀਂ ਸੀ ਬਣਿਆ। ਉਹ ਜਾਣਦਾ ਸੀ ਕਿ ਇਹ ਸਾਮਰਾਜੀ ਪੂੰਜੀ ਦੀ ਸੇਵਾ ਲਈ ਹੀ ਤਾਂ ਤਖਤ ਨੂੰ ਮਜ਼ਬੂਤ ਕਰਨ ਦੀ ਕਵਾਇਦ ਹੋ ਰਹੀ ਸੀ।
--0—
No comments:
Post a Comment