Sunday, November 7, 2021

ਗੁਲਾਬੀ ਸੁੰਡੀ ਕਾਰਨ ਤਬਾਹ ਹੋਇਆ ਨਰਮਾ

 

   ਗੁਲਾਬੀ ਸੁੰਡੀ ਕਾਰਨ ਤਬਾਹ ਹੋਇਆ ਨਰਮਾ

ਮੁਆਵਜ਼ਾ ਹੱਕ ਲਈ ਕਿਸਾਨ ਸੰਘਰਸ਼ ਜਾਰੀ

                                               

 ਇਸ ਵਾਰ ਫੇਰ ਨਰਮੇ ਨੂੰ ਪਾਈ ਗੁਲਾਬੀ ਸੁੰਡੀ ਦੀ ਮਾਰ ਨੇ ਲੱਖਾਂ ਏਕੜ ਨਰਮੇ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਬਠਿੰਡਾ ਤੇ ਮਾਨਸਾ ਸਮੇਤ ਪੰਜ ਜਿਲ੍ਹਿਆਂ ’ਚ ਗੁਲਾਬੀ ਸੁੰਡੀ ਦੀ ਬਦੌਲਤ 4 ਲੱਖ ਏਕੜ ਤੋਂ ਵਧੇਰੇ ਨਰਮੇ ਦੀ ਫਸਲ ਤਬਾਹ ਹੋਣ ਬਾਰੇ ਸਰਕਾਰੀ ਅਧਿਕਾਰੀ ਖੁਦ ਵੀ ਮੰਨ ਰਹੇ ਹਨ। ਪੁੱਤਾਂ ਵਾਂਗ ਪਾਲੀ ਫਸਲ ਦੀ ਬਰਬਾਦੀ ਨਾ ਸਹਾਰਦੇ ਬਠਿੰਡਾ ਤੇ ਮਾਨਸਾ ਜਿਲ੍ਹਿਆਂ ਦੇ  9 ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ। ਅਨੇਕਾਂ ਕਿਸਾਨਾਂ ਨੇ ਵੱਡੀਆਂ ਸੱਧਰਾਂ ਨਾਲ ਬੀਜਿਆ ਨਰਮਾ ਦਿਲ ’ਤੇ ਪੱਥਰ ਧਰਕੇ ਵਾਹ ਦਿੱਤਾ। ਪਰ ਪੱਥਰ ਚਿੱਤ ਪੰਜਾਬ ਦੀ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਚੰਨੀ ਸੰਕਟ ਮੂੰਹ ਆਏ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜਨ ਦੀ ਬਜਾਏ ਸਿਆਸੀ ਰੋਟੀਆਂ ਸੇਕਣ ਦੇ ਆਹਰੇ ਲੱਗੇ ਹੋਏ ਹਨ। ਇਸਦਾ ਮੁੱਖ ਮੰਤਰੀ ਚੰਨੀ ਜੋ ਕਿਸਾਨਾਂ ਖਾਤਰ ਗਲਾ ਕਟਾਉਣ ਦੇ ਮੋਮੋਠਗਣੇ ਬਿਆਨ ਦਾਗ ਰਿਹਾ ਸੀ ਸਿਰਫ ਇੱਕ ਦਿਨ ਖੇਤਾਂ ’ਚ ਗੇੜਾ ਮਾਰਕੇ ਤੇ ਪੀੜਤ ਕਿਸਾਨਾਂ ਨਾਲ ਫੋਟੋਆਂ ਖਿਚਵਾ ਕੇ ਕਿਸੇ ਕਿਸਾਨ ਜਾਂ ਮਜ਼ਦੂਰ ਨੂੰ ਬਿਨਾਂ ਧੇਲਾ ਦਿੱਤੇ ਹੀ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਬੋਰਡ ਲਵਾਕੇ  ਨੰਗਾ ਚਿੱਟਾ ਝੂਠ ਮਾਰਨ ’ਤੇ ਉੱਤਰ ਆਇਆ ।

     ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਸ ਮਸਲੇ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਨਰਮੇ ਦਾ ਕਾਸ਼ਤਕਾਰ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ  ਰੁਪਏ ਅਤੇ ਰੁਜ਼ਗਾਰ ਉਜਾੜੇ ਬਦਲੇ ਪ੍ਰਤੀ ਮਜ਼ਦੂਰ ਪਰਿਵਾਰ 30 ਹਜ਼ਾਰ  ਰੁਪਏ ਮੁਆਵਜ਼ਾ ਦੇਣ,ਨਰਮਾ ਖਰਾਬੇ ਕਾਰਨ  ਖੁਦਕੁਸ਼ੀ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦਸ ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ ਅਤੇ ਕਰਜਾ ਖਤਮ ਕਰਨ , ਨਕਲੀ ਬੀਜਾਂ ਤੇ ਕੀਟਨਾਸਕਾਂ ਦੇ ਡੀਲਰਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਘੋਲ ਵਿੱਢਿਆ ਗਿਆ। ਸਭ ਤੋਂ ਪਹਿਲਾਂ ਗੁਲਾਬੀ ਸੁੰਡੀ ਦੀ ਮਾਰ ਹੇਠ ਪੰਜ ਜਿਲ੍ਹਿਆਂ (ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਤੇ ਫਾਜਿਲਕਾ) ਦੇ ਹਜ਼ਾਰ  ਕਿਸਾਨਾਂ ਵੱਲੋਂ ਇੱਕ ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਧਰਨੇ ਦੇ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਅਤੇ 5 ਅਕਤੂਬਰ ਤੋਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਬਾਦਲ ਵਿਚਲੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਦੇ ਧਰਨੇ ਦਾ ਐਲਾਨ ਕੀਤਾ ਗਿਆ। ਪਰ ਇਸਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ 5 ਅਕਤੂਬਰ ਨੂੰ 8 ਹਜ਼ਾਰ  ਦੇ ਕਰੀਬ ਕਿਸਾਨ ਮਜ਼ਦੂਰ ਮਰਦ ਔਰਤਾਂ ਵੱਲੋਂ ਸਭ ਪੁਲਸੀ ਰੋਕਾਂ ਪਾਰ ਕਰਕੇ ਮਨਪ੍ਰੀਤ ਬਾਦਲ ਦੇ ਘਰ ਅੱਗੇ ਮੋਰਚਾ ਸੁਰੂ ਕਰ ਦਿੱਤਾ ਗਿਆ ਜਿਹੜਾ ਆਏ ਦਿਨ  ਤਿੱਖ ਫੜਦਾ ਗਿਆ। ਪਹਿਲੇ ਦਿਨ ਇਹ ਮੋਰਚਾ ਕਈ ਨਾਕੇ ਭੰਨਕੇ ਮਨਪ੍ਰੀਤ ਦੇ ਘਰ ਤੋਂ ਕੁੱਝ ਕਦਮ ਪਹਿਲਾਂ ਲਾਏ ਨਾਕੇ ਕੋਲ ਸ਼ੁਰੂ ਕੀਤਾ ਤਾਂ ਦੋ ਕੁ ਦਿਨਾਂ ਬਾਅਦ ਇਹ ਮੋਰਚਾ ਆਖਰੀ ਨਾਕਾ ਤੋੜਕੇ ਮਨਪ੍ਰੀਤ ਦੇ ਘਰ ਦੇ ਬੂਹੇ ਅੱਗੇ ਤਬਦੀਲ ਹੋ ਗਿਆ। ਇਸ ਤੋਂ ਬਾਅਦ  ਜਦੋਂ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਨਾਲ 13 ਅਕਤੂਬਰ ਨੂੰ ਕਿਸਾਨ ਆਗੂਆਂ ਦੀ ਹੋਈ ਮੀਟਿੰਗ ’ਚ ਕੁੱਝ ਨਾ ਨਿਕਲਿਆ ਤਾਂ ਰੋਹ ’ਚ ਆਏ ਹਜ਼ਾਰਾਂ ਕਿਸਾਨਾਂ ਵੱਲੋਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਸਾਰੇ ਬੂਹੇ ਘੇਰਕੇ ਮੁਕੰਮਲ ਘਿਰਾਓ ਕਰ ਲਿਆ ਗਿਆ। ਇਸ ਤੋਂ ਇਲਾਵਾ ਪਿੰਡ ਬਾਦਲ ਵਿੱਚ ਖਜਾਨਾ ਮੰਤਰੀ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੋਰਚੇ ਨੂੰ ਹੋਰਨਾਂ ਜਿਲ੍ਹਿਆਂ ਤੋਂ ਇਲਾਵਾ ਪਿੰਡ ਬਾਦਲ ਸਮੇਤ ਲੰਬੀ ਇਲਾਕੇ ਦੇ ਵਿੱਚੋਂ ਵੀ ਭਰਵਾਂ ਹੁੰਗਾਰਾ ਮਿਲਿਆ । ਇਲਾਕੇ ਦੇ ਖੇਤ ਮਜ਼ਦੂਰਾਂ, ਆਰ ਐਮ ਪੀ ਡਾਕਟਰਾਂ ਤੇ ਬਿਜਲੀ ਕਾਮਿਆਂ ਵੱਲੋਂ ਵੀ ਇਸ ਘੋਲ ਨੂੰ ਹਮਾਇਤੀ ਮੋਢਾ ਲਾਇਆ ਗਿਆ ਹੈ । ਆਰ ਐਮ ਪੀ ਡਾਕਟਰਾਂ ਦੀ ਜਥੇਬੰਦੀ ਵੱਲੋਂ ਲਗਾਤਾਰ ਮੋਰਚੇ ’ਚ ਕਿਸਾਨਾਂ ਲਈ ਮੈਡੀਕਲ ਕੈਂਪ ਲਾਉਣ ਤੋਂ ਇਲਾਵਾ ਫੰਡ ਪੱਖੋਂ ਵੀ ਯੋਗਦਾਨ ਪਾਇਆ ਗਿਆ। ਸੈਂਟਰਲ ਯੂਨੀਵਰਸਿਟੀ ਘੁੱਦਾ ’ਚ ਪੜ੍ਹਦੇ ਕਰਨਾਟਕਾ ਦੇ ਵਿਦਿਆਰਥੀਆਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਹਿਤਕ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਆਪਣੀ ਹਾਜਰੀ ਲਵਾਈ ਗਈ। ਪਿੰਡ ਬਾਦਲ ਦੇ ਲੋਕਾਂ ਵੱਲੋਂ ਬਾਦਲਾਂ ਦੇ ਅਥਾਹ ਦਾਬੇ ਦੇ ਬਾਵਜੂਦ  ਲਗਾਤਾਰ ਲੰਗਰ ਚ ਭਰਵਾਂ ਸਹਿਯੋਗ ਦਿੱਤਾ ਗਿਆ।

           ਮਨਪ੍ਰੀਤ ਬਾਦਲ ਤੇ ਕਾਂਗਰਸ ਸਰਕਾਰ ਦੀ ਕਿਸਾਨ ਮਜ਼ਦੂਰ ਵਿਰੋਧੀ ਅਤੇ ਮਾੜੇ ਬੀਜ ਤੇ ਕੀਟਨਾਸਕ ਦਵਾਈਆਂ ਤਿਆਰ ਕਰਨ ਵਾਲੀਆਂ ਬਹੁਕੌਮੀ ਕੰਪਨੀਆਂ ਨਾਲ ਮਿਲੀਂ ਭੁਗਤ ਦੀ 15 ਦਿਨ ਤੋਏ- ਤੋਏ ਹੋਣ ਦੇ ਬਾਵਜੂਦ ਇਸ ਮਸਲੇ ਨੂੰ ਹੱਲ  ਨਾ ਕਰਨ ਖਿਲਾਫ ਰੋਹ ਚ ਕਿਸਾਨਾਂ ਵੱਲੋਂ 19 ਅਕਤੂਬਰ ਨੂੰ  ਮਨਪ੍ਰੀਤ ਬਾਦਲ ਦੀ ਜੱਦੀ ਸਰਜ਼ਮੀਨ ਤੋਂ ਮੋਰਚਾ ਸਮਾਪਤ ਕਰਕੇ ਉਸਦੀਆਂ ਸਿਆਸੀ ਸਰਗਰਮੀਆਂ ਦੇ ਕੇਂਦਰ ਬਠਿੰਡਾ ਦੇ ਡਿਪਟੀ ਕਮਿਸਨਰ ਦਫਤਰ ਦਾ 25 ਅਕਤੂਬਰ ਤੋਂ ਘਿਰਾਓ ਕਰਨ ਦਾ ਐਲਾਨ ਕਰਕੇ ਮੋਰਚੇ ਨੂੰ ਬਠਿੰਡਾ ਵਿਖੇ ਤਬਦੀਲ ਕਰ ਦਿੱਤਾ ਜੋ ਹਥਲੀ ਰਿਪੋਰਟ ਲਿਖਣ ਸਮੇਂ ਸੁਰੂ ਚੁੱਕਾ ਹੈ।

 ਇਸ  ਮੋਰਚੇ ਦੌਰਾਨ ਅਤੇ ਪ੍ਰਚਾਰ ਤੇ ਲਾਮਬੰਦੀ ਦੀ ਮੁਹਿੰਮ ਦੌਰਾਨ ਕਿਸਾਨ ਆਗੂਆਂ ਵੱਲੋਂ ਕੀਤੇ ਗਏ ਪ੍ਰਚਾਰ ਤੇ ਸਮਝ ਦਾ ਤੱਤ ਵਿਸ਼ੇਸ਼ ਕਰਕੇ ਗਹੁ ਕਰਨ ਯੋਗ ਹੈ। ਉਹਨਾਂ ਵੱਲੋਂ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਸੂਬਾ ਤੇ ਕੇਂਦਰ ਸਰਕਾਰ ਦੀਆਂ ਖੇਤੀ ਖੇਤਰ ਅੰਦਰ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਸਿੱਧੀ ਦਖਲ ਅੰਦਾਜੀ ਨੂੰ ਖੁੱਲ੍ਹਾਂ ਦੇਣ ਵਾਲੀਆਂ ਕਿਸਾਨ ਵਿਰੋਧੀ ਨੀਤੀਆਂ ਨਾਲ ਜੋੜਕੇ ਉਭਾਰਿਆ ਗਿਆ। ਉਹਨਾਂ ਇਸ ਪੱਖ ਨੂੰ ਉਜਾਗਰ ਕੀਤਾ ਕਿ ਭਾਰਤੀ ਹਾਕਮਾਂ ਵੱਲੋਂ ਸਾਡੇ ਮੁਲਕ ਤੇ ਸੂਬੇ ਦੀ ਮਿੱਟੀ ਤੇ ਪੌਣ ਪਾਣੀ ਦੇ ਅਨਕੂਲ ਵਧੇਰੇ ਝਾੜ ਦੇਣ ਵਾਲੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦੇ ਬੀਜ ਪੈਦਾ ਕਰਨ ਲਈ ਖੋਜਾਂ ਕਰਨ ਦੀ ਥਾਂ  ਬੀਜਾਂ ਉੱਪਰ ਦੇਸੀ ਵਿਦੇਸੀ ਬਹੁਕੌਮੀ ਕੰਪਨੀਆਂ ਨੂੰ ਕਬਜ਼ੇ ਦੀ ਖੁੱਲ੍ਹ ਦੇ ਰੱਖੀ ਹੈ। ਇਹਨਾਂ ਕੰਪਨੀਆਂ ਦਾ ਪਰਮੋ-ਧਰਮ ਹੀ ਸਿਰਫ ਮੁਨਾਫਾ ਹੈ ਇਸ ਕਰਕੇ ਇਹ ਜਾਣਬੁੱਝ ਕੇ ਅਜਿਹੇ ਬੀਜ ਤਿਆਰ ਕਰਦੀਆਂ ਜਿਹਨਾਂ ਨੂੰ ਬਿਮਾਰੀਆਂ ਲੱਗਣਾ ਤਹਿ ਹੈ ਤਾਂ ਜੋ ਮੁੜਕੇ ਇਹਨਾਂ ਕੰਪਨੀਆਂ ਦੇ ਕੀਟਨਾਸ਼ਕਾਂ ਦੀ ਵਿਕਰੀ ਯਕੀਨੀ ਬਣ ਸਕੇ। ਇਹੀ ਵਜ੍ਹਾ ਹੈ ਕਿ ਇਹਨਾਂ ਕੰਪਨੀਆਂ ਦੁਆਰਾ ਤਿਆਰ ਕੀਤੇ ਬੀਜਾਂ ਕਾਰਨ ਅੱਜ ਸਾਡੀਆਂ ਫਸਲਾਂ ਰੇਹਾਂ, ਸਪਰੇਆਂ ਤੇ ਨਦੀਨਨਾਸ਼ਕ ਦਵਾਈਆਂ ਦੀ ਚਾਟ ਉੱਤੇ ਲੱਗ ਗਈਆਂ ਹਨ। ਸਿੱਟੇ ਵਜੋਂ ਫਸਲਾਂ ਪਾਲਣ ਉੱਤੇ ਖਰਚੇ ਵਧਣ ਜਾਂ ਕਦੇ ਚਿੱਟੀ ਮੱਖੀ ਤੇ ਕਦੇ ਗੁਲਾਬੀ ਸੁੰਡੀ ਕਰਕੇ  ਫਸਲਾਂ ਤਬਾਹ ਹੋਣ ਕਰਕੇ ਕਿਸਾਨ ਆਏ ਦਿਨ ਕਰਜੇ ਦੇ ਬੋਝ ਹੇਠ ਦੱਬਦੇ ਜਾ ਰਹੇ ਹਨ। ਅਤੇ ਇਹੀ ਹਾਲਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਵੇ ਕਰਨ ਅਤੇ ਖੁਦਕੁਸ਼ੀਆਂ ਦੇ ਰਾਹ ਧੱਕਣ ਦਾ ਸਬੱਬ ਬਣਦੀ ਹੈ। ਇਸ ਲਈ ਗੁਲਾਬੀ ਸੁੰਡੀ ਦੀ ਮਾਰ ਕੁਦਰਤੀ ਮਾਰ ਨਹੀਂ ਸਗੋਂ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਸਿੱਟਾ ਹੈ। ਇਹੀ ਵਜ੍ਹਾ ਹੈ ਕਿ ਮਾੜੇ ਬੀਜਾਂ ਤੇ ਨਕਲੀ ਕੀਟਨਾਸ਼ਕ ਦਵਾਈਆਂ ਵਾਲੀਆਂ ਕੰਪਨੀਆਂ ਤੇ ਡੀਲਰਾਂ ਦੇ ਖਿਲਾਫ ਕੋਈ ਸਰਕਾਰ ਕਦੇ ਵੀ ਕਾਰਵਾਈ ਨਹੀਂ ਕਰਦੀ। ਉਹਨਾਂ ਇਹ ਪੱਖ ਵੀ ਜੋਰ ਨਾਲ ਉਭਾਰਿਆ ਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੀ ਹਵਸ ਏਨੀ ਜਿਆਦਾ ਵਧ ਗਈ ਹੈ ਕਿ ਉਹ ਫਸਲਾਂ ਦੇ ਬੀਜਾਂ ਉੱਪਰ  ਅਜਾਰੇਦਾਰੀ ਕਾਇਮ ਕਰਨ ਰਾਹੀਂ ਖੇਤੀ ਖੇਤਰ ’ਚੋਂ ਕੀਤੀ ਜਾ ਬੇਸ਼ੁਮਾਰ ਲੁੱਟ ਤੋਂ ਅੱਗੇ ਵਧਕੇ  ਮੋਦੀ ਹਕੂਮਤ ਰਾਹੀਂ ਖੇਤੀ ਕਾਨੂੰਨ ਲਿਆਕੇ ਸਮੁੱਚੇ ਖੇਤੀ ਖੇਤਰ ਮੁਕੰਮਲ ਕਬਜਾ ਕਰਨ ਦੇ ਰਾਹ ਤੁਰ ਪਏ ਹਨ। ਇਸ ਤੋਂ ਉਹਨਾਂ ਵੱਲੋਂ   ਜਿੱਥੇ ਕਿਸਾਨਾਂ ਲਈ ਤਬਾਹ ਹੋਏ ਨਰਮੇ ਦਾ ਕਾਸ਼ਤਕਾਰ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ  ਰੁਪਏ ਦੇ ਮੁਆਵਜੇ ਦੀ ਮੰਗ ਦੀ ਵਾਜਬੀਅਤ ਨੂੰ ਤੱਥਾਂ ਤੇ ਅੰਕੜਿਆਂ ਸਮੇਤ ਜਚਣਹਾਰ ਤਰੀਕੇ ਨਾਲ ਉਭਾਰਿਆ ਗਿਆ ਉਥੇ ਖੇਤ ਮਜ਼ਦੂਰਾਂ ਦੇ ਰੁਜਗਾਰ ਉਜਾੜੇ ਦੀ ਬਦੌਲਤ 30 ਹਜ਼ਾਰ  ਰੁਪਏ ਪ੍ਰਤੀ ਪਰਿਵਾਰ ਮੁਆਵਜੇ ਦੀ ਮੰਗ ਨੂੰ ਵੀ  ਬਰਾਬਰ ਰੱਖਕੇ ਇਸਦੀ ਵਾਜਬੀਅਤ ਜਚਾਈ ਗਈ। ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਵੀ ਕਿਸਾਨਾਂ ਲਈ ਮੁਆਵਜੇ ਦੀ ਮੰਗ ਤੋਂ ਇਲਾਵਾ ਮਜ਼ਦੂਰਾਂ ਦੇ ਮੁਆਵਜੇ ਵਾਲੀ  ਮੰਗ ਉੱਪਰ ਬਰਾਬਰ ਜੋਰ ਦੇਣਾ ਇਸ ਜਥੇਬੰਦੀ ਦੀ ਖੇਤ ਮਜ਼ਦੂਰਾਂ ਨੂੰ ਕਿਸਾਨੀ ਦਾ ਅਨਿੱਖੜਵਾਂ ਅੰਗ ਮੰਨਕੇ ਚੱਲਣ ਵਾਲੀ ਦਰੁਸਤ ਸਮਝ ਦਾ ਸੂਚਕ ਹੈ ਅਤੇ  ਕਿਸਾਨਾਂ ਖੇਤ ਮਜ਼ਦੂਰਾਂ ਦੀ ਇੱਕਜੁੱਟ ਲਹਿਰ ਦੀ ਉਸਾਰੀ ਲਈ ਅਜਿਹੀ ਪਹੁੰਚ ਦੋਹਾਂ ਤਬਕਿਆਂ ’ਚ ਮੌਜੂਦ ਵਿੱਥਾਂ ਘਟਾਉਣ ਦਾ ਸਾਧਨ ਬਣਦੀ ਆ ਰਹੀ ਹੈ।  

No comments:

Post a Comment