ਭਗਤ ਸਿੰਘ ਜਨਮ ਦਿਹਾੜੇ ਮੌਕੇ ਸਾਮਰਾਜ
ਵਿਰੋਧੀ ਕਾਨਫਰੰਸ
ਸਾਮਰਾਜੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਜੂਝਣ ਦਾ ਹੋਕਾ
ਸਹੀਦ ਭਗਤ
ਸਿੰਘ ਦੇ 114ਵੇਂ ਜਨਮ ਦਿਹਾੜੇ ਮੌਕੇ ਭਾਰਤੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ “ਸਾਮਰਾਜ ਵਿਰੋਧੀ ਕਾਨਫਰੰਸ’’ ਮੌਕੇ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਦਾ
ਜਨ-ਸੈਲਾਬ ਉਮੜ ਆਇਆ । ਇਸ ਮੌਕੇ ਦੋ ਲੱਖ ਦੇ ਕਰੀਬ ਜੁੜੇ ਇਕੱਠ ’’ਚ ਔਰਤਾਂ ਤੇ ਨੌਜਵਾਨਾਂ ਦੀ ਦਹਿ ਹਜਾਰਾਂ ਦੀ ਸਮੂਲੀਅਤ ਸਾਮਰਾਜੀ ਲੁੱਟ ਅਤੇ ਕਾਲੇ ਖੇਤੀ
ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਬਾਰੇ ਉਹਨਾਂ ਦੀ ਵਧੀ ਹੋਈ ਚੇਤਨਾ ਦਾ ਝਲਕਾਰਾ ਹੋ ਨਿੱਬੜੀ।
ਇਸ ਮੌਕੇ
ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੇਸ਼ ਵਾਸੀਆਂ ਨੂੰ
ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ
ਤੇ ਸਮੂਹ ਕਿਰਤੀ ਕਮਾਊ ਲੋਕਾਂ ਨੂੰ ਦਰਪੇਸ਼ ਕਰਜੇ, ਖੁਦਕੁਸ਼ੀਆਂ, ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਅਲਾਮਤਾਂ ਦੀ ਅਹਿਮ ਵਜ੍ਹਾ ਦੇਸ਼ ਉੱਤੇ ਸਾਮਰਾਜੀ ਮੁਲਕਾਂ
ਦੇ ਲੁੱਟ ਤੇ ਦਾਬੇ ਦਾ ਕਾਇਮ ਰਹਿਣਾ ਅਤੇ ਵਧਦੇ ਜਾਣਾ ਹੈ। ਜਿਸਦੇ ਖਾਤਮੇ ਲਈ ਸਹੀਦ ਭਗਤ ਸਿੰਘ ਤੇ
ਸਾਥੀਆਂ ਨੇ ਜਾਨਾਂ ਕੁਰਬਾਨ ਕੀਤੀਆਂ ਸਨ। ਉਹਨਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਵੀ ਸਾਮਰਾਜੀ ਦੇਸ਼ਾਂ
ਵੱਲੋਂ ਸਾਡੇ ਮੁਲਕ ’ਤੇ ਦੇਸ਼ ਦੇ ਹਾਕਮਾਂ ਰਾਹੀਂ ਮੜ੍ਹੀਆਂ
ਲੋਕ-ਵਿਰੋਧੀ ਨੀਤੀਆਂ ਦਾ ਹੀ ਇੱਕ ਹਿੱਸਾ ਹਨ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ
ਕਿਸਾਨਾਂ ਮਜ਼ਦੂਰਾਂ ਦੀ ਖੁਸਹਾਲੀ ਤੇ ਪੁੱਗਤ ਸਥਾਪਤੀ ਦੇ ਲਈ ਸਾਡੇ ਮਹਾਨ ਨਾਇਕ ਭਗਤ ਸਿੰਘ ਵੱਲੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ
ਲਈ ਦਰਸਾਏ ਰਾਹ ’’ਤੇ ਸਾਬਤ ਕਦਮੀਂ ਅੱਗੇ ਵਧਣਾ
ਮੌਜੂਦਾ ਘੋਲ ਦੀ ਅਣਸਰਦੀ ਲੋੜ ਹੈ। ਉਹਨਾਂ ਐਲਾਨ ਕੀਤਾ ਸਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ
ਉਹਨਾਂ ਤੋਂ ਪ੍ਰੇਰਣਾ ਲੈਕੇ ਨਾ ਸਿਰਫ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ ਜਾਰੀ ਰੱਖਿਆ
ਜਾਵੇਗਾ ਸਗੋਂ ਖੇਤੀ ਕਿੱਤੇ ਅਤੇ ਮੁਲਕ ਨੂੰ ਚਿੰਬੜੀਆਂ ਸਾਮਰਾਜੀ ਜੋਕਾਂ ਅਤੇ ਉਹਨਾਂ ਦੇ ਦੇਸੀ
ਜੋਟੀਦਾਰਾਂ ਦੀ ਲੁੱਟ ਤੋਂ ਮੁਕਤੀ ਤੱਕ ਜੱਦੋਜਹਿਦ ਜਾਰੀ ਰੱਖੀ ਜਾਵੇਗੀ।
ਯੂਨੀਅਨ ਦੇ
ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਸਮੂਹ ਪੰਜਾਬੀਆਂ
ਵੱਲੋਂ ਦਿੱਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਸਹੀਦ ਭਗਤ ਸਿੰਘ ਦੇ ਵਿਚਾਰਾਂ
ਤੇ ਕੁਰਬਾਨੀ ਦੇ ਸਿੱਟੇ ਵਜੋਂ ਉਸ ਤੋਂ ਬਾਅਦ ਦੇਸ਼
ਦੇ ਅੰਦਰ ਉੱਠੇ ਵਿਸਾਲ ਤੇ ਤਿੱਖੇ ਵਿਦਰੋਹ ਸਦਕਾ ਭਾਵੇਂ
ਸੰਨ ਸੰਤਾਲੀ ’’ਚ ਅੰਗਰੇਜ ਸਿੱਧੇ ਤੌਰ ’ਤੇ ਤਾਂ
ਭਾਰਤ ’ਚੋਂ ਚਲੇ ਗਏ ਪਰ ਸਾਮਰਾਜ ਨਹੀਂ ਗਿਆ ਸਗੋਂ ਬਰਤਾਨਵੀ ਸਾਮਰਾਜ ਦੇ ਨਾਲ ਨਾਲ ਅਨੇਕਾਂ
ਸਾਮਰਾਜੀ ਮੁਲਕਾਂ ਅਤੇ ਕੰਪਨੀਆਂ ਦਾ ਗਲਬਾ ਅਤੇ ਲੁੱਟ ਤੇ ਦਾਬਾ ਕਈ ਗੁਣਾਂ ਹੋਰ ਵਧ ਗਿਆ ਹੈ।
ਉਹਨਾਂ ਕਿਹਾ
ਕਿ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਸਾਰੇ ਅਮੀਰ ਕੁਦਰਤੀ ਸਰੋਤਾਂ ਜਲ ,ਜੰਗਲ ਜਮੀਨਾਂ, ਪਾਣੀ, ਖਾਣਾਂ,, ਏਅਰ ਇੰਡੀਆ, ਰੇਲਵੇ ਤੇ ਸਮੇਤ ਸਟੀਲ ਅਥਰਾਟੀ ਵਰਗੇ ਸਰਕਾਰੀ ਅਦਾਰਿਆਂ ਨੂੰ ਸਾਮਰਾਜੀ ਮੁਲਕਾਂ ਤੇ ਕੰਪਨੀਆਂ
ਨੂੰ ਕੌਡੀਆਂ ਦੇ ਭਾਅ ਝੋਲੀ ਪਾ ਦਿੱਤਾ ਹੈ ਅਤੇ ਹੁਣ ਸਾਮਰਾਜੀ ਗਿਰਝਾਂ ਮੋਦੀ ਹਕੂਮਤ ਦੀਆਂ ਦੇਸ਼-ਧ੍ਰੋਹੀ
ਨੀਤੀਆਂ ਦੀ ਬਦੌਲਤ ਕਾਲੇ ਖੇਤੀ ਕਾਨੂੰਨਾਂ ਰਾਹੀਂ ਖੇਤੀ ਪੈਦਾਵਾਰ, ਮੰਡੀਕਰਨ ਸਿਸਟਮ ਅਤੇ ਸਮੁੱਚੀ ਖੁਰਾਕ ਪ੍ਰਨਾਲੀ ਉਤੇ
ਮੁਕੰਮਲ ਤੌਰ ’ਤੇ ਕਾਬਜ ਹੋਣ ਲਈ ਮੰਡਲਾ ਰਹੀਆਂ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ
ਸਿੰਘ ਜੇਠੂਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਤੇ ਰਾਹ ਸਾਨੂੰ ਦੱਸਦਾ ਹੈ ਕਿ ਸਾਮਰਾਜ ਤੋਂ ਮੁਕਤੀ ਲਈ ਪਾਰਲੀਮੈਟਾਂ ਤੇ ਅਸੰਬਲੀਆਂ
ਤੋਂ ਝਾਕ ਛੱਡ ਕੇ ਜਾਤਾਂ - ਧਰਮਾਂ ਫਿਰਕਿਆਂ ਆਦਿ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ
ਸਿਰੜੀ ਤੇ ਸਾਂਝੇ ਘੋਲਾਂ ਦੇ ਰਾਹੀਂ ਹੀ ਮੁਕਤੀ ਦੇ ਰਾਹ ਅੱਗੇ ਵਧਿਆ ਜਾ ਸਕਦਾ ਹੈ।
ਯੂਨੀਅਨ ਦੇ
ਮਹਿਲਾ ਵਿੰਗ ਦੀ ਸੂਬਾਈ ਆਗੂ ਹਰਿੰਦਰ ਬਿੰਦੂ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ ਦੌਰਾਨ
ਔਰਤਾਂ ਦੇ ਅਥਾਹ ਤੇ ਵਿਲੱਖਣ ਰੋਲ ਦੀ ਚਰਚਾ ਕਰਦਿਆਂ ਕਿਹਾ ਕਿ ਔਰਤਾਂ ਦੀ ਬਰਾਬਰ ਦੀ ਭਾਈਵਾਲੀ
ਤੋਂ ਬਿਨਾਂ ਦੇਸ਼ ਦੇ ਅੰਦਰੋਂ ਸਾਮਰਾਜੀਆਂ ਤੇ ਉਹਨਾਂ ਦੇ ਜੋਟੀਦਾਰਾਂ ਦੀ ਲੁੱਟ ਦਾ ਖਾਤਮਾ ਸੰਭਵ
ਨਹੀਂ। ਉਹਨਾਂ ਕਿਹਾ ਕਿ ਮੌਜੂਦਾ ਕਿਸਾਨ ਘੋਲ ਨੇ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਘੋਲਾਂ ਦੀ
ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।
ਪੰਜਾਬ ਖੇਤ
ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਭਗਤ ਸਿੰਘ ਵੱਲੋਂ ਅੰਗਰੇਜੀ ਸਾਮਰਾਜ ਤੋਂ ਮੁਕਤੀ ਲਈ
ਮਜ਼ਦੂਰਾਂ ਕਿਸਾਨਾਂ ਦੀ ਜੋਟੀ ਅਤੇ ਜਮਾਤੀ ਸੰਘਰਸ
ਦੇ ਮਹੱਤਵ ਦੀ ਚਰਚਾ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਜਮਾਤੀ ਸੰਘਰਸ ਨੇ ਮੋਦੀ
ਸਰਕਾਰ ਦੇ ਫਿਰਕੂ, ਜਾਤਪਾਤੀ ਤੇ ਅੰਨ੍ਹੇਂ ਰਾਸਟਰਵਾਦ
ਰਾਹੀਂ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਨੌਜਵਾਨ ਭਾਰਤ ਸਭਾ ਦੇ ਅਸਵਨੀ ਘੁੱਦਾ ਤੇ ਪੀ ਐਸ ਯੂ ਸਹੀਦ ਰੰਧਾਵਾ ਦੇ ਹੁਸ਼ਿਆਰ ਸਿੰਘ
ਸਲੇਮਗੜ ਨੇ ਭਗਤ ਸਿੰਘ ਦਾ ਨੌਜਵਾਨਾਂ ਦੇ ਨਾਂਅ ਸੁਨੇਹਾ ਸਾਂਝਾ ਕਰਦਿਆਂ ਨੌਜਵਾਨਾਂ ਤੇ
ਵਿਦਿਆਰਥੀਆਂ ਨੂੰ ਭਗਤ ਸਿੰਘ ਦੀ ਸਾਮਰਾਜ ਵਿਰੋਧੀ ਵਿਰਾਸਤ ’’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ਅਧਿਆਪਕ ਜਥੇਬੰਦੀ ਡੀ ਟੀ ਐਫ ਦੇ ਪ੍ਰਧਾਨ ਦਿਗਵਿਜੇ
ਪਾਲ ਸ਼ਰਮਾ ਤੋਂ ਇਲਾਵਾ ਹਰਿਆਣਾ ਦੇ ਉੱਘੇ ਕਿਸਾਨ ਆਗੂ
ਜੋਗਿੰਦਰ ਘਾਸੀ ਰਾਮ ਨੈਣ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਹਰਿਆਣਾ ਕਮੇਟੀ ਦੇ ਆਗੂ ਮਨਜੀਤ
ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪਲਸ
ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਕਲਮ ਤੋਂ ਲਿਖੇ ਗੀਤ ਭਗਤ ਸਿੰਘ ਦਾ ਸੁਨੇਹਾ ’ਤੇ ਪੀਪਲਜ਼ ਆਰਟ ਥੀਏਟਰ (ਸਤਪਾਲ) ਵੱਲੋਂ ਪੇਸ਼
ਕੋਰੀਓਗਰਾਫੀ ਰਾਹੀਂ ਕਲਮ, ਕਲਾਂ ਅਤੇ ਲੋਕ ਸੰਗਰਾਮ ਦੀ ਜੋਟੀ
ਮਜਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ। ਪਲਸ ਮੰਚ ਦੀਆਂ ਟੀਮਾਂ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ,ਲੋਕ ਸੰਗੀਤ ਮੰਡਲੀ ਧੌਲਾ ਅਤੇ ਲੋਕ ਸੰਗੀਤ ਮੰਡਲੀ ਮਸਾਣੀ ਦੇ ਧਰਮਿੰਦਰ ਮਸਾਣੀ ਨੇ ਗੀਤ
ਸੰਗੀਤ ਰਾਹੀਂ ਸਾਮਰਾਜ ਵਿਰੋਧੀ ਕਾਨਫਰੰਸ ਦੇ ਸੁਨੇਹੇ ਨੂੰ ਗਾਇਨ ਕਲਾ ਰਾਹੀਂ ਪੇਸ ਕੀਤਾ ਗਿਆ।
ਯੂਨੀਅਨ ਦੇ
ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਵੱਲੋਂ ਮੰਚ ਤੋਂ ਪੇਸ਼ ਕੀਤੇ ਮਤਿਆਂ ਨੂੰ ਪੰਡਾਲ ਵੱਲੋਂ ਹੱਥ ਖੜ੍ਹੇ
ਕਰਕੇ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ ਦਾ ਇਤਿਹਾਸਕ ਮੂਲ ਸਰੂਪ ਬਹਾਲ ਕੀਤਾ ਜਾਵੇ, ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ , ਮੰਗੀਆਂ ਗਈਆਂ ਜ਼ਮੀਨੀ ਫਰਦਾਂ ਦੇ ਹੁਕਮ ਵਾਪਸ ਲਾਏ ਜਾਣ , ਨਰਮੇ ਦੀ ਫਸਲ ਦੀ ਹੋਈ ਬਰਬਾਦੀ ਦਾ ਕਿਸਾਨਾਂ ਨੂੰ 60 ਹਜਾਰ ਰੁਪਏ ਏਕੜ ਦੇ ਹਿਸਾਬ ਤੇ ਪ੍ਰਤੀ
ਮਜ਼ਦੂਰ ਪਰਿਵਾਰ 30 ਹਜਾਰ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਨਕਲੀ ਕੀਟਨਾਸਕ ਵੇਚਣ ਵਾਲੇ ਡੀਲਰਾਂ
ਤੇ ਕੰਪਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
( ਪ੍ਰੈਸ ਲਈ ਜਾਰੀ ਬਿਆਨ)
No comments:
Post a Comment