ਚੀਨੀ ਪੁਸਤਕ ਅਫੀਮ ਜੰਗ- ਇਕ ਜਾਣ ਪਛਾਣ
ਦੁਨੀਆਂ ਭਰ
ਦੀਆਂ ਬਸਤੀਵਾਦੀ ਤਾਕਤਾਂ ਨੇ ਆਪਣੀ ਲੁੱਟ ਤੇ ਗੁਲਾਮੀ ਦਾ ਜਾਲ ਵਿਛਾਉਣ ਲਈ ਵਪਾਰ ਨੂੰ ਇੱਕ ਹਥਿਆਰ
ਦੇ ਰੂਪ ’’ਚ ਵਰਤਿਆ ਸੀ। ਨਸ਼ੇ ਦਾ ਵਪਾਰ ਇਸ
ਬਸਤੀਵਾਦੀ ਵਪਾਰ ਦਾ ਅਹਿਮ ਤੇ ਵੱਡਾ ਅੰਗ ਸੀ। ਭਾਰਤ ’’ਚ ਆਈ ਈਸਟ ਇੰਡੀਆ ਕੰਪਨੀ ਦੇ ਵਪਾਰ ਤੇ ਕਾਰੋਬਾਰ ’’ਚ ਵੀ ਅਫੀਮ ਦਾ ਕਾਰੋਬਾਰ ਅਹਿਮ ਸਥਾਨ ਰੱਖਦਾ ਸੀ। ਭਾਰਤ ’’ਚ ਅਫੀਮ (ਪੋਸਤ) ਦੀ ਪੈਦਾਵਾਰ ਤੇ ਵਪਾਰ ਉੱਪਰ ਇਸਦੀ ਅਜਾਰੇਦਾਰੀ ਸੀ। ਬਰਤਾਨਵੀ ਰਾਜ ਅਧੀਨ
ਭਾਰਤ ਅੰਦਰ ਕਪਾਹ ਤੇ ਨੀਲ ਤੋਂ ਇਲਾਵਾ ਪੋਸਤ ਉਹਨਾਂ ਫਸਲਾਂ ’’ਚ ਸ਼ਾਮਲ ਸੀ, ਜਿੰਨ੍ਹਾਂ ਦੀ ਜਬਰਨ ਖੇਤੀ ਕਰਵਾਈ
ਜਾਂਦੀ ਸੀ। ਬਰਤਾਨਵੀ ਭਾਰਤੀ ਸਰਕਾਰ ਦੇ ਮਾਲੀਏ ਦੀ ਕੁੱਲ ਆਮਦਨ ਦਾ ਦਸਵਾਂ ਹਿੱਸਾ ਸਿਰਫ਼ ਪੋਸਤ ’’ਤੇ ਲੱਗਣ ਵਾਲੇ ਟੈਕਸ ਤੋਂ ਆਉਂਦਾ ਸੀ। ਪੋਸਤ ਤੋਂ ਬਣਾਈ ਅਫੀਮ ਦਾ ਵੱਡਾ ਹਿੱਸਾ ਅਫੀਮ ਦੇ
ਵਪਾਰੀਆਂ ਰਾਹੀਂ ਚੀਨ ਨੂੰ ਸਮਗਲ ਕਰਕੇ ਵੱਡੇ ਮੁਨਾਫੇ ਕਮਾਏ ਜਾਂਦੇ ਸਨ। ਇਹ ਬਹੁਤ ਹੀ ਲੁਭਾਉਣਾ
ਵਪਾਰ ਸੀ। ਅਫੀਮ ਦੇ ਇੱਕ ਬਰਤਾਨਵੀ ਵਪਾਰੀ ਵਿਲੀਅਮ ਜਾਰਡਾਈਨ ਨੇ ਆਪਣੇ ਇੱਕ ਨਿੱਜੀ ਖਤ ’’ਚ ਇਸਦਾ ਭੇਤ ਖੋਲ੍ਹਦਿਆਂ ਲਿਖਿਆ ਸੀ, ‘‘ਚੰਗੇ ਵੇਲਿਆਂ ’’ਚ, ਅਫੀਮ ਤੋਂ ਹੋਣ ਵਾਲਾ ਮੁਨਾਫਾ ਇੱਕ ਹਜ਼ਾਰ ਪੌਂਡ ਪ੍ਰਤੀ ਪੇਟੀ
ਤੱਕ ਪਹੁੰਚ ਜਾਂਦਾ ਸੀ।’’ ਚੇਤੇ ਰਹੇ ਕਿ ਅਫੀਮ ਦੀ
ਇੱਕ ਪੇਟੀ ਦੇ ਉਤਪਾਦਕ ਭਾਰਤੀ ਕਿਸਾਨ ਨੂੰ ਮਹਿਜ਼ 237 ਰੁਪਏ ਮਿਲਦੇ ਸਨ।
ਅੰਗਰੇਜ਼ ਬਸਤੀਵਾਦੀਆਂ ਵੱਲੋਂ ਅਫੀਮ
ਦਾ ਵਪਾਰ ਚੀਨ ਉੱਪਰ ਧੌਂਸ ਨਾਲ ਥੋਪਿਆ ਗਿਆ ਸੀ। ਇਸਦਾ ਮਕਸਦ ਚੀਨੀ ਵਸੋਂ ਨੂੰ ਅਫੀਮਚੀ ਬਣਾਉਣਾ, ਮਹਿੰਗੇ ਭਾਅ ਅਫੀਮ ਵੇਚ ਕੇ ਅਤੇ ਚੀਨ ’’ਚੋਂ ਸਸਤੇ ਭਾਅ ਰੇਸ਼ਮ ਤੇ
ਚਾਹ ਆਦਿਕ ਖਰੀਦ ਕੇ ਅੰਨ੍ਹੇਂ ਮੁਨਾਫੇ ਬਟੋਰਨਾ ਤੇ ਹੌਲੀ ਹੌਲੀ ਚੀਨ ਨੂੰ ਇੰਗਲੈਂਡ ਦੀ ਅਰਧ-ਬਸਤੀ
ਜਾਂ ਬਸਤੀ ’’ਚ ਬਦਲਣਾ ਸੀ। ਗੋਰੇ
ਬਸਤੀਵਾਦੀ ਅੰਗਰੇਜ਼ ਹਾਕਮਾਂ ਨੇ ਚੀਨੀ ਬੰਦਰਗਾਹਾਂ
ਨੂੰ ਆਪਣੇ ਵਪਾਰ ਲਈ ਖੁਲ੍ਹਵਾਉਣ, ਅਫੀਮ ਸਮੇਤ ਆਪਣੀਆਂ
ਬਰਾਮਦਾਂ ਦੀ ਚੀਨ ਅੰਦਰ ਬੇਰੋਕ-ਟੋਕ ਵਿੱਕਰੀ ਯਕੀਨੀ ਬਨਾਉਣ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ
ਰਿਆਇਤਾਂ ਹਾਸਲ ਕਰਨ ਲਈ ਉਸ ਵੇਲੇ ਦੀ ਬਾਦਸ਼ਾਹ ਚਿੰਗ ਦੀ ਹਕੂਮਤ ਵਿਰੁੱਧ ਆਪਣੇ ਹਥਿਆਰਬੰਦ ਬੇੜੇ
ਭੇਜ ਕੇ ਚੀਨ ਵਿਰੁੱਧ ਹਮਲਾਵਾਰ ਜੰਗ ਲੜੀ ਤੇ ਜਿੱਤ ਹਾਸਲ ਕੀਤੀ । ਸੰਨ 1840 ਤੋਂ1842 ਵਿਚਕਾਰ
ਲੜੀ ਇਸ ਜੰਗ ਨੂੰ ‘‘ਅਫੀਮ ਜੰਗ ’’ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੁਸਤਕ ਇਸ ਜੰਗ ਦਾ ਵਿਸਥਾਰ ’’ਚ ਵਰਨਣ ਪੇਸ਼ ਕਰਦੀ ਹੈ ਅਤੇ ਵਿਕਸਤ ਹੋ ਰਹੀ ਸੰਸਾਰ ਸਰਮਾਏਦਾਰੀ ਦੇ ਬੇਹੱਦ ਹਮਲਾਵਰ ਤੇ
ਲੋਟੂ ਸੁਭਾਅ, ਚੀਨ ਦੇ ਜਾਗੀਰੂ ਸਾਸ਼ਨ ਦੇ
ਵਿਲਾਸਮਈ, ਭਿ੍ਸ਼ਟ ਤੇ ਪਤਨਸ਼ੀਲ ਕਿਰਦਾਰ ਅਤੇ
ਆਮ ਚੀਨੀ ਲੋਕਾਂ ਦੇ ਲੜਾਕੂ ਤੇ ਦੇਸ਼-ਭਗਤ ਕਿਰਦਾਰ ਨੂੰ ਉਜਾਗਰ ਕਰਦੀ ਹੈ ਨਾਲ ਹੀ ਇਹ ਚੀਨ ਦੇ
ਜਗੀਰੂ ਸਮਾਜ ’’ਤੇ ਵੀ ਝਾਤ ਪਵਾਉਂਦੀ ਹੈ। ਇਹ
ਪੁਸਤਕ ਆਧੁਨਿਕ ਚੀਨ ਦੇ ਇਤਿਹਾਸ ਦੀ ਲੜੀ ਛਾਪਣ ਵਾਲੇ ਗਰੁੱਪ ਵੱਲੋਂ ਤਿਆਰ ਕੀਤੀ ਗਈ ਸੀ।
‘‘ਅਫੀਮ ਜੰਗ’’ ਬਾਰੇ ਇਸ ਮੁੱਖ ਲਿਖਤ ਤੋਂ ਇਲਾਵਾ
ਇਸ ਕਿਤਾਬਚੇ ਵਿੱਚ ਅਸੀਂ ਇੱਕ ਹੋਰ ਬਹੁਤ ਹੀ ਸਕਾਰਾਤਮਕ ਲਿਖਤ ‘‘ਇਨਕਲਾਬੀ ਚੀਨ ਨੇ ਨਸ਼ਿਆਂ ਤੋਂ ਮੁਕਤੀ ਕਿਵੇਂ ਹਾਸਲ ਕੀਤੀ?’’ ਸ਼ਾਮਲ ਕੀਤੀ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ
ਕਿ ਜਿੱਥੇ ਨਿੱਜੀ ਮੁਨਾਫੇ ’’ਤੇ ਅਧਾਰਤ ਰਾਜਸੀ
ਪ੍ਰਬੰਧ ਲੁੱਟ-ਖਸੁੱਟ, ਬੇਰੁਜ਼ਗਾਰੀ, ਭੁੱਖਮਰੀ, ਭਿ੍ਸ਼ਟਾਚਾਰ ਤੇ ਨਸ਼ਾਖੋਰੀ ਜਿਹੀਆਂ
ਮਨੁੱਖ-ਦੋਖੀ ਅਲਾਮਤਾਂ ਨੂੰ ਆਪਣੇ ਲਾਜ਼ਮੀ ਅੰਗ ਵਜੋਂ ਪਾਲਦੇ-ਪੋਸਦੇ ਹਨ ਉੱਥੇ ਇੱਕ ਲੋਕ-ਪੱਖੀ
ਸਰਕਾਰ ਨਸ਼ਾਖੋਰੀ ਦਾ ਸ਼ਿਕਾਰ ਬਣਨ ਵਾਲੇ ਅਤੇ ਆਪਣੇ ਸਵਾਰਥੀ ਹਿੱਤਾਂ ਲਈ ਨਸ਼ਾਖੋਰੀ ਦਾ ਸ਼ਿਕਾਰ ਬਨਾਉਣ ਵਾਲਿਆਂ ’’ਚ ਵਖਰੇਵਾਂ ਕਰਕੇ, ਪਹਿਲਿਆਂ ਪ੍ਰਤੀ ਹਮਦਰਦਰਾਨਾ ਤੇ
ਮਦਦਗਾਰ ਪਹੁੰਚ ਅਪਣਾ ਕੇ ਤੇ ਦੂਜਿਆਂ ਨੂੰ ਨੰਗੇ ਕਰਕੇ ਤੇ ਨਿਖੇੜ ਕੇ, ਲੋਕਾਂ ਨੂੰ ਸਿੱਖਿਅਤ ਤੇ ਚੇਤੰਨ ਕਰਕੇ, ਉਹਨਾਂ ਦਾ ਸਾਥ ਤੇ ਸਮਰਥਨ
ਲੈ ਕੇ ਅਤੇ ਹਕੂਮਤੀ ਸੱਤਾ ਤੇ ਸਾਧਨਾਂ ਦੀ ਸਚਿਆਰੀ ਲੋਕ-ਪੱਖੀ ਵਰਤੋਂ ਕਰਕੇ ਉਪਰੋਕਤ ਜ਼ਿਕਰ
ਕੀਤੀਆਂ ਜਾਂ ਇਹੋ ਜਿਹੀਆਾਂ ਹੋਰ ਸਮਾਜਕ ਲਾਹਨਤਾਂ ਤੋਂ ਲੋਕਾਂ ਦਾ ਛੁਟਕਾਰਾ ਕਰਾ ਸਕਦੀ ਹੈ।
ਅਜੋਕੇ ਸਮਿਆਂ ’’ਚ ਵੀ ਇਸ ਸਾਮਰਾਜੀ ਸਰਮਾਏਦਾਰੀ ਪ੍ਰਬੰਧ ਅਧੀਨ ਨਸ਼ੇ ਦੀ ਮਹਾਂਮਾਰੀ ਦੁਨੀਆਂ ਭਰ ਅੰਦਰ ਇੱਕ ਵਿਰਾਟ ਸਮਾਜਕ ਸਮੱਸਿਆ ਬਣੀ ਹੋਈ
ਹੈ। ਸਾਡੇ ਮੁਲਕ ਭਾਰਤ ਅੰਦਰ ਹੁਕਮਰਾਨ ਤੇ ਰਾਜਨੀਤੀਵਾਨਾਂ ਦੀ ਪੁਸ਼ਤ-ਪਨਾਹੀ ਅਧੀਨ ਨਸ਼ਿਆਂ ਦਾ
ਵਧਾਰਾ-ਪਸਾਰਾ ਕਰਕੇ, ਲੋਕਾਂ ਦੀਆਂ ਜ਼ਿੰਦਗੀਆਂ ਨੂੰ
ਤਬਾਹੀ ਦੇ ਮੂੰਹ ਧੱਕ ਕੇ, ਮੋਟੇ ਮੁਨਾਫੇ ਕਮਾਉਣ ਵਾਲੇ ਨਸ਼ਿਆਂ
ਦੇ ਸਮਗਲਰ ਤੇ ਵੱਡੇ ਮਾਫੀਆ ਗਰੋਹ ਸਰਗਰਮ ਹਨ। ਕੁੱਝ ਦਿਨ ਪਹਿਲਾਂ ਹੀ ਰੈਵਿਨਿਊ ਇੰਟੈਲੀਜੈਂਸ ਦੇ
ਅਧਿਕਾਰੀਆਂ ਵੱਲੋਂ ਅਡਾਨੀਆਂ ਦੀ ਗੁਜਰਾਤ ਵਿਚਲੀ ਮੁੰਦਰਾ ਬੰਦਰਗਾਹ ਤੋਂ ਦੁਨੀਆਂ ’’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਜਿਸਦੀ ਕੌਮਾਂਤਰੀ ਬਾਜ਼ਾਰ ’’ਚ ਕੀਮਤ 21000 ਕਰੋੜ ਰੁਪਏ ਦੱਸੀ ਜਾਂਦੀ
ਹੈ ਫੜੀ ਗਈ ਹੈ। ਪਰ ਇਹ ਖੇਪ ਤਾਂ ਸਮੁੰਦਰ ’’ਚ ਤੈਰਦੇ ਬਰਫ਼ ਦੇ ਤੋਦੇ ਦੀ ਉੱਪਰ ਦਿਖਾਈ ਦਿੰਦੀ ਕੰਨੀਂ ਵਾਂਗ ਹੀ ਹੈ। ਨਸ਼ਿਆਂ ਦਾ ਇਹ ਵਿਰਾਟ ਕਾਰੋਬਾਰ ਕੁੱਝ
ਲੋਕ-ਧਰੋਹੀ ਸਿਆਸਤਦਾਨਾਂ, ਵੱਡੇ ਨਸ਼ਾ ਮਾਫੀਆ ਗਰੋਹਾਂ ਤੇ ਭਿ੍ਸ਼ਟ
ਹਕੂਮਤੀ ਅਫਸਰਸ਼ਾਹੀ ਦੀ ਮਿਲੀ ਭੁਗਤ ਦਾ ਨਤੀਜਾ
ਹੈ। ਇਸ ਤਰ੍ਹਾਂ ਦੇ ਗੱਠਜੋੜ ਲੁੱਟ-ਅਧਾਰਤ ਅਜੋਕੇ ਸਰਮਾਏਦਾਰਾਨਾ ਪ੍ਰਬੰਧ ਦਾ ਅਨਿੱਖੜ ਅੰਗ ਹਨ, ਕਿਉਂਕਿ ਇਹ ਨਾ ਸਿਰਫ ਸੱਤਾਵਾਨਾਂ ਤੇ ਉਹਨਾਂ ਦੇ ਚਹੇਤਿਆਂ ਲਈ ਮੋਟੇ ਮੁਨਾਫਿਆਂ ਦੀ
ਜਾਮਨੀ ਕਰਦੇ ਹਨ, ਸਗੋਂ ਲੋਕਾਂ ਨੂੰ ਨਸ਼ਈ ਤੇ ਨਿਕੰਮੇਂ ਬਣਾ ਕੇ ਉਹਨਾਂ ਦਾ ਇਨਕਲਾਬੀ ਮੱਚ ਤੇ ਲੜਨ ਕਣ ਮਾਰ ਕੇ
ਇਸ ਲੁਟੇਰੇ ਪ੍ਰਬੰਧ ਦੀ ਉਮਰ ਵੀ ਲੰਮੀਂ ਕਰਦੇ ਹਨ। ਇਸ ਲਈ, ਨਸ਼ਿਆਂ ਦੀ ਮਹਾਂਮਾਰੀ ਵਿਰੁੱਧ ਲੜਾਈ ਇਸ ਸਿਸਟਮ ਨੂੰ ਬਦਲਣ ਲਈ ਚੱਲ ਰਹੀ ਲੜਾਈ ਦਾ ਹੀ ਇੱਕ
ਲਾਜ਼ਮੀ ਤੇ ਅਨਿੱਖੜ ਅੰਗ ਬਣਨੀ ਚਾਹੀਦੀ ਹੈ ।
ਉਮੀਦ ਕਰਦੇ ਹਾਂ ਕਿ ਜ਼ਿਕਰ ਅਧੀਨ ਕਿਤਾਬਚਾ ਨਸ਼ਿਆਂ ਦੀ ਲਾਹਨਤ ਵਿਰੁੱਧ ਲੜਾਈ ਨਾਲ ਸਬੰਧਤ
ਤੰਦ-ਤਾਣੀ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਪਾਠਕਾਂ ਨੂੰ ਸਪਸਟ ਕਰਨ ’’ਚ ਮਦਦਗਾਰ ਸਾਬਤ ਹੋਵੇਗਾ ਅਤੇ ਨਸ਼ਿਆਂ ਤੇ ਹੋਰ ਲੋਕ-ਦੋਖੀ ਸਮਾਜਕ ਅਲਾਮਤਾਂ ਵਿਰੁੱਧ ਸਹੀ ਨਜ਼ਰੀਏ ਨਾਲ ਲੜਾਈ ਲੜਨ
ਦੇ ਉਹਨਾਂ ਦੇ ਇਰਾਦਿਆਂ ਨੂੰ ਹੋਰ ਪ੍ਰਚੰਡ ਕਰੇਗਾ।
ਸਤੰਬਰ 20, 2021
ਨੋਟ ਇਸ ਪੁਸਤਕ ਨੂੰ ਅਦਾਰਾ ਸੁਰਖ ਲੀਹ
ਵੱਲੋਂ ਪੰਜਾਬੀ ਅਨੁਵਾਦ ਕਰਕੇ ਜਾਰੀ ਕੀਤਾ ਗਿਆ ਹੈ।
No comments:
Post a Comment