Sunday, November 7, 2021

ਬੱਬਰ ਅਕਾਲੀ ਲਹਿਰ ਅਤੇ ਅੱਜ

ਬੱਬਰ ਅਕਾਲੀ ਲਹਿਰ ਅਤੇ ਅੱਜ

 

          ਇਤਿਹਾਸ ਨਿਰੰਤਰ ਵਹਿੰਦਾ ਦਰਿਆ ਹੈ। ਇਸਦੇ ਅਤੀਤ ਦੀ ਟੋਹ ਲਾਉਂਦਿਆਂ ਇਸ ਵਿੱਚ ਸਦੀਆਂ ਤੋਂ ਆਣ ਰਲ਼ੇ ਨਦੀਆਂ, ਨਾਲਿਆਂ ਅਤੇ ਝਰਨਿਆਂ ਦਾ ਥਹੁ ਪੈਂਦਾ ਹੈ। ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਇਨ੍ਹਾਂ ਲੜੀਆਂ ਅਤੇ ਕੜੀਆਂ ਦਾ ਇਤਿਹਾਸ ਹੈ। ਇਸਦੀਆਂ ਪੈੜਾਂ ਨਾ ਹੀ ਇਸ ਤੋਂ ਸ਼ੁਰੂ ਹੋਈਆਂ ਅਤੇ ਨਾ ਹੀ ਇਸ ਪਿੱਛੋਂ ਮਿਟੀਆਂ।

          ਬਰਤਾਨਵੀ ਬਸਤੀਵਾਦ ਦਾ ਗਲਬਾ ਵਗਾਹ ਮਾਰਨ ਲਈ ਸਮੇਂ-ਸਮੇਂ ਵੰਨ-ਸੁਵੰਨੀਆਂ ਬਗਾਵਤਾਂ ਹੋਈਆਂ। ਉਨ੍ਹਾਂ ਦੀ ਗਹਿਰੀ ਘੋਖ-ਪੜਤਾਲ ਅਤੇ ਸਮੀਖਿਆ, ਖੱਟੇ ਮਿੱਠੇ ਤਜਰਬਿਆਂ ਦਾ ਇਤਿਹਾਸ ਹੈ। ਇਤਿਹਾਸ ਦਾ ਹਰ ਵਿਸ਼ੇਸ਼ ਵਰਕਾ ਆਪਣੀ ਵਿਸ਼ੇਸ਼ਤਾ ਰੱਖਦਾ ਹੈ। ਆਪਣੇ ਬੀਤੇ, ਵਰਤਮਾਨ ਅਤੇ ਭਵਿੱਖ਼ ਦੀ ਕੜੀ-ਜੋੜ ਬਾਰੇ ਸੈਨਤਾਂ ਵੀ ਕਰਦਾ ਹੈ।

ਕੂਕਾ ਲਹਿਰ ਦੀ ਆਪਣੀ ਅੰਗੜਾਈ ਹੈ। ਆਪਣਾ ਸ਼ਾਨਦਾਰ ਸਫ਼ਾ ਹੈਇਹ ਲਹਿਰ ਬਦੇਸ਼ੀ ਸਾਮਰਾਜੀ ਗਲਬੇ ਵਿਰੁੱਧ ਲੰਮੇ ਅਰਸੇ ਤੋਂ ਪਨਪਦੇ, ਧੁਖ਼ਦੇ, ਸੁਲਘਦੇ ਵਿਦਰੋਹ ਦਾ ਨਿਵੇਕਲੇ ਅੰਦਾਜ਼ ਵਿੱਚ ਹੋਇਆ ਪ੍ਰਗਟਾਅ ਹੈ। ਇਹ ਲਹਿਰ ਬਦੇਸ਼ੀ ਮਾਲ ਦੇ ਬਾਈਕਾਟ ਦਾ ਦਲੇਰਾਨਾ ਸੱਦਾ ਦਿੰਦੀ ਹੈ। ਦੇਸੀ ਮਾਲ ’ਤੇ ਨਿਰਭਰ ਕਰਨ ਭਾਵ ਆਪਣੀ ਖੇਤੀ, ਦਸਤਕਾਰੀ ਅਤੇ ਸਵੈ-ਨਿਰਭਰਤਾ ਦਾ ਹੋਕਾ ਦਿੰਦੀ ਹੈ। ਸਾਦ-ਮੁਰਾਦੇ ਵਿਆਹ, ਸਮਾਜਕ ਭਾਈਚਾਰੇ ਦੀ ਪੁੱਗਤ ਦੇ ਅਮੀਰ ਗੁਣਵੰਤੇ ਇਤਿਹਾਸ ਦਾ ਵਰਕਾ ਰਚਦੀ ਹੈ। ਇਸਦੇ ਮੋਢੀਆਂ ਨੂੰ ਜਲਾਵਤਨੀ ਦੀਆਂ ਸਜ਼ਾਵਾਂ ਨਾਲ ਨਿਵਾਜਿਆ ਜਾਂਦਾ ਹੈ। ਤੋਪਾਂ ਨਾਲ ਉਡਾਇਆ ਜਾਂਦਾ ਹੈ। ਇਹ ਲਹਿਰ ਨਵੇਂ ਮਨੁੱਖ ਅਤੇ ਨਵਾਂ ਇਤਿਹਾਸ ਸਿਰਜਦੀ ਹੈ। ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਅਨਮੋਲ ਹੀਰੇ ਇਤਿਹਾਸ ਦੇ ਮਾਣਮੱਤੇ ਚਾਨਣ ਮੁਨਾਰੇ ਬਣਦੇ ਹਨ।.. ..  . .1919 ਦਾ ਪੰਜਾਬ, ਰੋਹ ’ਚ ਬਲ਼ਦਾ ਪੰਜਾਬ ਹੈ। ਤਿੱਖੀ ਰਾਜਨੀਤਕ ਕਰਵਟ ਲੈਂਦਾ ਪੰਜਾਬ ਹੈ। .. ..  . . .

 ਗ਼ਦਰੀ ਦੇਸ਼ ਭਗਤਾਂ ਦੀ ਰਾਜਨੀਤਕ ਦੂਰ-ਅੰਦੇਸ਼ੀ ਨੂੰ ਬੂਰ ਪਿਆ। ਉਹ ਪਹਿਲਾਂ ਹੀ ਸੱਦਾ ਦੇ ਰਹੇ ਸਨ ਕਿ ਗੋਰਾ ਬਾਘੜ ਬਿੱਲਾ ਹੁਣ ਕੁੜਿੱਕੀ ਵਿੱਚ ਫਸਿਆ ਹੋਇਆ ਹੈ ਇਸਦੇ ਤਾਲ਼ੂਏ ਵਿੱਚ ਵਦਾਣੀ ਸੱਟ ਮਾਰੋ। ਆਜ਼ਾਦੀ ਦੀ ਜੱਦੋ ਜਹਿਦ ਤੇਜ਼ ਕਰੋ। ਗ਼ਦਰੀ ਆਜ਼ਾਦੀ ਘੁਲਾਟੀਆਂ ਦੀ ਸੋਚ ਦੀ ਪੁਸ਼ਟੀ ਹੋਈ। ਗੋਰੇ ਹਾਕਮਾਂ ਨੇ ਆਜ਼ਾਦੀ ਦੀ ਖ਼ੈਰ ਤਾਂ ਭਲਾ ਕਿੱਥੋਂ ਝੋਲੀ ਪਾਉਣੀ ਸੀ ਉਨ੍ਹਾਂ ਨੇ ਦਿੱਤਾ ਰੌਲਟ ਐਕਟ/ਕਾਲ਼ੇ ਕਾਨੂੰਨ। ਉਨ੍ਹਾਂ ਨੇ ਦਿੱਤਾ ਲਹੂ ਲੁਹਾਣ ਜਲ੍ਹਿਆਂਵਾਲਾ ਬਾਗ਼। ਗੁਰੂ ਕੇ ਬਾਗ਼ ਦਾ ਸਾਕਾ। ਰੇਲਾਂ ਦੀਆਂ ਪਟੜੀਆਂ ਤੇ ਲੰਮੇ ਪੈ ਕੇ ਗੋਰਾਸ਼ਾਹੀ ਦਾ ਵਿਰੋਧ ਕਰਦੇ ਲੋਕਾਂ ਉੱਪਰ ਰੇਲਾਂ ਚਾੜ੍ਹਕੇ ਕੀਤੇ ਟੋਟੇ। ਨਨਕਾਣਾ ਸਾਹਿਬ ਜੰਡਾਂ ਨਾਲ ਬੰਨ੍ਹਕੇ, ਮਿੱਟੀ ਦਾ ਤੇਲ ਪਾ ਕੇ, ਜਿਉਂਦੇ ਜੀਅ ਬਹਾਦਰਾਂ ਨੂੰ ਲਾਈਆਂ ਅੱਗਾਂ।

          ਗੁਰਦੁਆਰਿਆਂ ਵਿੱਚ ਮਹੰਤਾਂ ਦੀ ਸਰਦਾਰੀ ਦੀ ਥਾਪੜੀ ਪਿੱਠ। ਹਕੂਮਤ, ਹਾਕਮਾਂ ਦੇ ਸੇਵਾਦਾਰ ਰਾਜਨੀਤੀਵਾਨਾਂ, ਪੁਲਸ, ਸਿਵਲ ਪ੍ਰਸ਼ਾਸ਼ਨ, ਸੂਦਖੋਰਾਂ, ਜੈਲਦਾਰਾਂ, ਝੋਲੀਚੁੱਕਾਂ, ਸਫ਼ੈਦਪੋਸ਼ਾਂ ਦੇ ਗੱਠਜੋੜ ਨੂੰ ਦੱਬਕੇ ਦਿੱਤੀ ਹੱਲਾਸ਼ੇਰੀ। ਅਜੇਹੇ ਪ੍ਰਦੂਸ਼ਤ ਵਾਤਾਵਰਣ ਮੌਕੇ ਉੱਠੀ ਗੁਰਦੁਆਰਾ ਸੁਧਾਰ ਲਹਿਰ। ਗੁਰਦੁਆਰਿਆਂ ਦੇ ਮਹੰਤ, ਜੈਲਦਾਰ, ਸੂਦਖੋਰ ਪ੍ਰਤੱਖ ਦਿਖਾਈ ਦਿੱਤੇ ਕਿ ਇਹ ਬਰਤਾਨਵੀ ਸਾਮਰਾਜੀਆਂ ਦੇ ਵਫ਼ਾਦਾਰ ਥੰਮ੍ਹ ਬਣਕੇ ਕੰਮ ਕਰ ਰਹੇ ਹਨ। ਲੋਕਾਂ ਦੇ ਘਰਾਂ ਅੰਦਰ ਵਿਚਾਰ-ਚਰਚਾ ਦੇ ਵਿਸ਼ੇ ਬਦਲ ਗਏ।.. ..  . . . . . . . .

          ਸ਼ਾਂਤਮਈ ਰਹਿਕੇ ਅੰਦੋਲਨ ਕਰਦੇ ਲੋਕਾਂ ਅੰਦਰ ਚਰਚਾਵਾਂ ਨੇ ਜੋਰ ਫੜਿਆ। ਸ਼ਾਂਤਮਈ ਚੱਲਦੀ ਗੁਰਦੁਆਰਾ ਸੁਧਾਰ ਲਹਿਰ, ਸ਼ਾਂਤਮਈ ਜੁੜਿਆ ਜਲ੍ਹਿਆਂਵਾਲਾ ਬਾਗ ਦਾ ਜਨਤਕ ਇਕੱਠ ਜਦੋਂ ਲਹੂ ’ਚ ਡਬੋਇਆ ਜਾਣ ਲੱਗਾ ਤਾਂ ਸਿਆਸੀ ਪਿੜ ਨੇ ਨਵੀਂ ਅੰਗੜਾਈ ਭਰੀ। ਸ਼ਾਂਤਮਈ ਤੋਂ ਕਿਨਾਰਾ ਕਰਕੇ ਖੰਡੇ, ਕਿਰਪਾਨ ਦੇ ਮੁੱਠੇ, ਹੱਥਾਂ ’ਚ ਆਉਣ ਲੱਗੇ :

          ਬੱਬਰ ਅਕਾਲੀਆਂ ਦਾ ਦੱਸਾਂ ਹਾਲ ਜੀ

          ਕਰਕੇ ਖਿਆਲ ਸੁਣੋ ਨੌਨਿਹਾਲ ਜੀ

          ਗੋਰੀ ਗਵਰਨਮੈਂਟ ਹੱਥੋਂ ਬਬਰ ਅੱਕ ਕੇ

          ਆ ਗਏ ਮੈਦਾਨ ਵਿੱਚ ਤੇਗਾਂ ਚੱਕ ਕੇ

          -‘ਬੱਬਰ ਗੂੰਜ’, 1925

          ਸਨਫਰਾਂਸਿਸਕੋ (ਅਮਰੀਕਾ)

 

          ਹਕੂਮਤ ਨੇ ਸ਼ਾਂਤਮਈ ਲੋਕਾਂ ਨੂੰ ਟਿੱਚ ਜਾਣਿਆ। ਉਹਨਾਂ ਨੂੰ ਹੰਭਾ, ਥਕਾ ਕੇ, ਉਦਾਸ, ਨਿਰਾਸ਼ ਕਰਕੇ, ਇਹਨਾਂ ਰਾਹਾਂ ਤੋਂ ਥੜਕਾਉਣਾ ਚਾਹਿਆ। ਬਰਤਾਨਵੀ ਹਕੂਮਤ ਦੀ ਪਰਖੀ ਹੋਈ ਕਾਲ਼ੀ ਨੀਤੀ ਇਹ ਵੀ ਸੀ ਕਿ ਇਹ ਪੁਰਅਮਨ ਮੋਰਚਿਆਂ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਸ਼ਾਮਲ ਕਰਵਾ ਰਹੇ ਹਨ। ਸਮਾਜ ਅੰਦਰ ਗੋਰੀ ਹਕੂਮਤ ਖ਼ਿਲਾਫ਼ ਰੋਹ ਵਿਆਪਕ ਅਤੇ ਤਿੱਖਾ ਹੋ ਰਿਹਾ ਸੀ। ਉਹ ਚਾਹੁੰਦੀ ਸੀ ਕਿ ਜਦੋਂ ਸਬਰ ਦਾ ਬੰਨ੍ਹ ਟੁੱਟੇਗਾ ਤਾਂ ਇਹ ਭੜਕਕੇ, ਕਾਹਲੇ ਪੈ ਕੇ ਕੋਈ ਨਾ ਕੋਈ ਅਜੇਹੇ ਐਕਸ਼ਨ ਕਰਨ ਜਿਨ੍ਹਾਂ ਦੇ ਬਹਾਨੇ ਇਸ ਲਹਿਰ ਨੂੰ ਆਪਣੇ ਜਬਰ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾ ਸਕੇ। ਕਿਸੇ ਹੱਦ ਤੱਕ ਹੋਇਆ ਵੀ ਇਹੋ। ਗ਼ਰਮ ਦਲੀਏ ਬੱਬਰ ਅਕਾਲੀਆਂ ਨੇ ਸਭ ਤੋਂ ਵੱਡੇ ਦੁਸ਼ਮਣ ਅਤੇ ਆਪਣੀ ਲਹਿਰ ਦੇ ਰੋੜੇ ਸਮਝਕੇ ਜੈਲਦਾਰਾਂ, ਝੋਲੀ ਚੁੱਕਾਂ, ਮੁਖ਼ਬਰਾਂ, ਸ਼ਾਹੂਕਾਰ ਸੂਦਖੋਰਾਂ ਉਪਰ ਹਮਲੇ ਵਿੱਢ ਦਿੱਤੇ। ਦਲੇਰਾਨਾ ਸਰਗਰਮੀਆਂ ਦੇ ਇਤਿਹਾਸ ਦਾ ਜਦ ਕਦੇ ਵੀ ਜਿਕਰ ਛਿੜੇਗਾ ਤਾਂ ਬੱਬਰ ਅਕਾਲੀ ਲਹਿਰ ਦੇ ਇਸ ਦੌਰ ਦਾ ਸਨਮਾਨ ਕਰਦਿਆਂ, ਸ਼ਹਾਦਤਾਂ ਨੂੰ ਸਿਜਦਾ ਕਰਦਿਆਂ ਹੀ ਇਤਿਹਾਸ ਦਾ ਮੁਲਅੰਕਣ ਕੀਤਾ ਜਾਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਫ਼ਰਨਾਮੇ ਵਿਚਲੇ ਸ਼ਬਦਾਂ ਦੀ ਇਹ ਸਤਰ, ਉਸ ਵੇਲੇ ਲੋਕ-ਜ਼ੁਬਾਨ ਤੇ ਚੜ੍ਹ ਗਈ :

          ‘ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜ਼ਸ਼ਤ

          ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ

 ਜਦੋਂ ਸਾਰੇ ਹੀਲੇ ਮੁੱਕ ਜਾਣ ਫਿਰ ਆਪਣੇ ਹੱਕ, ਸੱਚ, ਇਨਸਾਫ਼ ਲਈ ਤਲਵਾਰ ਚੁੱਕਣਾ ਜਾਇਜ਼ ਹੈ।

          ਜਨਤਕ ਇਕੱਠ ਜਾਂ ਰੁਕ ਗਏ ਜਾਂ ਜਨਤਕ ਇਕੱਠਾਂ ਵਿੱਚ ਤਕਰੀਰ ਕਰਕੇ ਬੱਬਰ ਅਕਾਲੀ ਚਕਰਵਰਤੀ ਜੱਥੇ, ਹਕੂਮਤ ਅਤੇ ਹਕੂਮਤ ਦੀਆਂ ਵਫ਼ਾਦਾਰ ਨਿਗਾਹਾਂ ਤੋਂ ਓਹਲੇ ਹੋ ਜਾਂਦੇ। ਅਜੇਹੇ ਮਾਹੌਲ ਅੰਦਰ ਬੱਬਰ ਅਕਾਲੀ ਸੂਰਮਿਆਂ ਦੀ ਸੂਰਮਗਤੀ ਦੀਆਂ ਚਰਚਾਵਾਂ ਤਾਂ ਖ਼ੂਬ ਹੋਣ ਲੱਗੀਆਂ ਪਰ ਆਮ ਲੋਕ ਕੀ ਕਰਨ? ਉਹ ਲਹਿਰ ਦਾ ਹਿੱਸਾ ਕਿਵੇਂ ਬਣਨ। ਲੋਕ-ਸ਼ਕਤੀ, ਲੋਕ-ਸੰਘਰਸ਼ ਦੀ ਤਾਕਤ ਉਪਰ ਟੇਕ ਰੱਖਣ ਦੀ ਬਜਾਏ ਰਾਹ ਬਦਲ ਗਿਆ। ਕਈ ਵਾਰ ਸਗੋਂ ਇਹ ਸੋਚਿਆ ਜਾਣ ਲੱਗਾ ਕਿ ਝੋਲੀ ਚੁੱਕਾਂ, ਟੋਡੀਆਂ, ਜੈਲਦਾਰਾਂ ਉਪਰ ਐਕਸ਼ਨ ਕਰਨ ਨਾਲ ਹੀ ਦਹਿਸ਼ਤ ਟੁੱਟੇਗੀ ਅਤੇ ਲੋਕ ਸਾਡੇ ਜੱਥਿਆਂ ਵਿੱਚ ਧੜਾਧੜ ਭਰਤੀ ਹੋਣਗੇ।

          ਵਾਪਰਨ ਇਹ ਲੱਗਿਆ ਕਿ ਬੱਬਰ ਅਕਾਲੀ ਆਗੂਆਂ ਦਾ ਲੋਕਾਂ ਨਾਲ ਜੋ ਮੱਛੀ ਤੇ ਪਾਣੀ ਦਾ ਰਿਸ਼ਤਾ ਬਣਨਾ ਸੀ ਉਹਦੀ ਤੰਦ ਢਿੱਲੀ ਹੁੰਦੀ, ਕਮਜ਼ੋਰ ਪੈਂਦੀ, ਟੁੱਟਣ ਲੱਗੀ। ਅੰਗਰੇਜ਼ ਹਕੂਮਤ ਨੇ ਜਦੋਂ ਇਹ ਜਾਇਜ਼ਾ ਬਣਾਇਆ ਕਿ ਹੁਣ ਬੱਬਰ ਅਕਾਲੀ ਆਗੂਆਂ ਨੂੰ, ਲੋਕਾਂ ਦੇ ਜੰਗਲ ਵਿੱਚੋਂ ਅਲੱਗ-ਥਲੱਗ ਹੋਣ ਕਰਕੇ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆਉਣਾ ਮੁਕਾਬਲਤ ਸੌਖਾ ਹੈ ਤਾਂ ਉਹਨਾਂ ਨੇ ਦਮਨ ਚੱਕਰ ਤੇਜ਼ ਕਰ ਦਿੱਤਾ। ਪਰਿਵਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਇਲਾਵਾ ਬੱਬਰਾਂ ਖਿਲਾਫ਼ ਆਪਣੇ ਚੇਲੇ ਚਾਟੜਿਆਂ ਦੇ ਤੰਤਰ ਰਾਹੀਂ ਚੌਤਰਫ਼ਾ ਹੱਲਾ ਬੋਲ ਦਿੱਤਾ। ਬੱਬਰਾਂ ਨੂੰ ਚੋਰ, ਡਾਕੂ, ਕਾਤਲ, ਦਹਿਸ਼ਤਪਸੰਦ, ਲੁਟੇਰੇ ਆਦਿ ਆਖਣ ਦੀ ਹਨੇਰੀ ਵਗਾ ਦਿੱਤੀ। ਸੂਹੀਆ ਤੰਤਰ ਰਾਹੀਂ ਬੱਬਰ ਅਕਾਲੀ ਦੇਸ਼ ਭਗਤਾਂ ਦੀਆਂ ਪੈੜਾਂ ਨੱਪਣ ਦਾ ਕੰਮ ਤੇਜ਼ ਕਰ ਦਿੱਤਾ। ਸਾਧਾਂ ਦੇ ਭੇਸ ਵਿੱਚ ਖ਼ੁਫੀਆ ਤੰਤਰ ਦਾ ਜਾਲ ਵਿਛਾਇਆ। ਬੱਬਰ ਯੋਧਿਆਂ ਨੂੰ ਧੋਖੇ ਨਾਲ ਫੜਨ, ਉਹਨਾਂ ਦੇ ਹਥਿਆਰ ਚੁੱਕ ਕੇ ਪਾਸੇ ਕਰਨ, ਸੁੱਤਿਆਂ ਨੂੰ ਫੜਾਉਣ, ਬੇਵਫ਼ਾ ਅਨਸਰਾਂ ਰਾਹੀਂ ਆਪਣੇ ਘਰਾਂ ’ਚ ਪਨਾਹ ਦੇ ਕੇ, ਘਰਾਂ ਨੂੰ ਬਾਹਰੋਂ ਤਾਲ਼ਾ ਲਾ ਕੇ, ਪੁਲਸ ਨੂੰ ਸੂਚਿਤ ਕਰਕੇ ਫੜਾ ਦੇਣ ਵਰਗੇ ਕਮੀਨੇ ਕਾਰੇ ਕੀਤੇ ਜਾਣ ਲੱਗੇ। ਮੰਡੇਰਾਂ, ਡਰੋਲੀ, ਬਬੇਲੀ, ਮੰਨਣਹਾਣਾ, ਕੋਟਫਤੂਹੀ ਵਰਗੇ ਅਨੇਕਾਂ ਅਜੇਹੇ ਹਵਾਲੇ ਇਤਿਹਾਸ ਦੀ ਬੁੱਕਲ ’ਚ ਸਮੋਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੀ ਹੋਇਆ ਜੇ ਗੋਰੇ ਹਾਕਮਾਂ ਨੇ ਬੱਬਰ ਅਕਾਲੀ ਲਹਿਰ ਦਾ ਖੁਰਾ ਖੋਜ ਮਿਟਾਣ ਦੀ ਕੋਈ ਕਸਰ ਨਹੀਂ ਛੱਡੀ ਤਾਂ ਬੱਬਰ ਸੂਰਬੀਰਾਂ ਨੇ ਵੀ ਆਪਣੀ ਸੂਹੀ ਰੱਤ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਗੌਰਵਮਈ ਇਤਿਹਾਸ ਸਿਰਜਿਆ।

          ਆਰਥਿਕ ਤੰਗੀਆਂ ਦੇ ਝੰਬੇ ਮਾਵਾਂ-ਜਾਏ ਜੋ ਗੋਰੇ ਹਾਕਮਾਂ ਦੀਆਂ ਫੌਜਾਂ ਵਿੱਚ ਭਰਤੀ ਹੋਏ ਸਨ ਉਹ ਫੌਜਾਂ ਵਿੱਚੋਂ ਦੌੜ ਗਏ। ਇਹ ਫੌਜੀ ਲੋਕਾਂ ਦੀ ਮੁਕਤੀ ਵੱਲ ਰਾਹ ਖੋਲਦੀ, ਆਜ਼ਾਦੀ ਦੀ ਜਦੋਜਹਿਦ ਵਿੱਚ ਸਭ ਕੁੱਝ ਵਾਰਨ ਲਈ ਤੁਰ ਪਏ। ਨਵੀਂ ਫੌਜ ਦੇ ਸਿਪਾਹੀ ਬਣ ਗਏ। ਭਾਵੇਂ ਬੱਬਰ ਅਕਾਲੀ ਬਹੁਤੇ ਚਕਰਵਰਤੀ ਜੱਥਿਆਂ ਦੇ ਰੂਪ ’ਚ ਕੰਮ ਕਰਦੇ ਸਨ ਪਰ ਇਸਦਾ ਅਰਥ ਇਹ ਨਹੀਂ ਕਿ ਉਹ ਜਨਤਕ ਇਕੱਠ ਨਹੀਂ ਸੀ ਕਰਦੇ। ਉਹ ਵੱਡੇ, ਛੋਟੇ ਇਕੱਠਾਂ ਵਿੱਚ ਤਕਰੀਰਾਂ ਕਰਦੇ। ਕਵਿਤਾਵਾਂ ਬੋਲਦੇ। ਲੋਕਾਂ ਨੂੰ ਉੱਠਣ-ਜਾਗਣ ਦਾ ਹੋਕਾ ਦਿੰਦੇ। ਉਹ ਖ਼ਤਰਿਆਂ ਨੂੰ ਭਾਂਪਦਿਆਂ, ਸਵੈ-ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਕੱਠਾਂ ਵਿੱਚ ਬੋਲਕੇ, ਪੂਰੀ ਚੌਕਸੀ ਵਰਤਦਿਆਂ ਉੱਥੋਂ ਚਲੇ ਜਾਂਦੇ।

          ਬੱਬਰ ਅਕਾਲੀ ਦੋਆਬਾ ਅਖ਼ਬਾਰ ਛਾਪਣ, ਉਡਾਰੂ ਪ੍ਰੈਸ ਅਤੇ ਪ੍ਰਚਾਰ ਦੇ ਅਨੇਕਾਂ ਢੰਗਾਂ ਤਰੀਕਿਆਂ ਰਾਹੀਂ ਲੋਕਾਂ ਨੂੰ ਭੈਅ-ਮੁਕਤ ਹੋ ਕੇ ਗੋਰਾਸ਼ਾਹੀ ਦਾ ਮੁਲਕ ਵਿੱਚੋਂ ਫਸਤਾ ਵੱਢਣ ਲਈ ਆਵਾਜ਼ ਮਾਰਦੇ। ਉਹਨਾਂ ਦੀਆਂ ਮਾਵਾਂ, ਜੀਵਨ-ਸਾਥਣਾਂ ਅਤੇ ਬੱਚਿਆਂ ਦੀਆਂ ਕੁਰਬਾਨੀਆਂ ਦਾ ਅਣ-ਲਿਖਿਆ ਜਾਂ ਅੱਧ-ਪਚੱਧਾ ਲਿਖਿਆ ਇਤਿਹਾਸ ਸਾਨੂੰ ਤਿੱਖੀਆਂ ਸੈਨਤਾਂ ਕਰਦਾ ਹੈ ਕਿ ਕਿਸੇ ਵੀ ਲਹਿਰ ਅੰਦਰ ਸਰਗਰਮ ਆਗੂਆਂ ਅਤੇ ਕਾਰਕੁੰਨਾਂ ਦੇ ਪਰਿਵਾਰਾਂ ਦਾ ਯੋਗਦਾਨ ਬਹੁਤ ਅਹਿਮ ਸਥਾਨ ਰੱਖਦਾ ਹੈ। ਕਈ ਵਾਰ ਇਹਦਾ ਗੰਭੀਰ ਨੋਟਿਸ ਲੈਣ ਤੋਂ ਅਸੀਂ ਅਵੇਸਲੇ ਰਹਿ ਜਾਂਦੇ ਹਾਂ। ਬੱਬਰ ਅਕਾਲੀ ਲਹਿਰ ਦੀਆਂ ਪਰਤਾਂ ਵਿੱਚੀਂ ਵਿਚਰਦਿਆਂ ਪਤਾ ਲੱਗਦਾ ਹੈ ਕਿ ਇੱਕ ਮੋੜ ’ਤੇ ਆ ਕੇ ਬਣੀ ਪਰਿਵਾਰ ਸਹਾਇਤਾ ਕਮੇਟੀ ਇੱਕ ਨਿਵੇਕਲਾ ਅਤੇ ਅਹਿਮ ਸਥਾਨ ਰੱਖਦੀ ਹੈ। ਪਰਿਵਾਰਾਂ ਦੀ ਸਾਂਭ-ਸੰਭਾਲ ਬਿਨਾਂ ਮਰ ਮਿਟ ਜਾਣ ਵਾਲਿਆਂ ਦੇ ਘਰਾਂ ਦੀਆਂ ਦੁਸ਼ਵਾਰੀਆਂ ਨੂੰ ਹਾਕਮ ਲਾਣਾ ਆਪਣੇ ਮੰਤਵਾਂ ਹਿੱਤ ਭੁਗਤਾਉਂਦਾ ਹੈ। ਲੋਕਾਂ ’ਚ ਬੇਵਿਸ਼ਵਾਸੀ ਦੀ ਫਸਲ ਬੀਜਕੇ ਆਜ਼ਾਦੀ ਅਤੇ ਲੋਕ ਮੁਕਤੀ ਦੀਆਂ ਲਹਿਰਾਂ ਦੇ ਲੜ ਲੱਗਣ ਤੋਂ ਵਰਜਣ ਦਾ ਰਾਹ ਮੋਕਲਾ ਕਰਦਾ ਹੈ। ਬੱਬਰ ਅਕਾਲੀ ਯੋਧਿਆਂ ਨੇ ਆਪਣੇ ਸਫ਼ਰ ਵਿੱਚ ਕਦੇ ਘਰ ਪਰਿਵਾਰ ਵੱਲ ਪਿੱਛੇ ਮੁੜਕੇ ਨਹੀਂ ਦੇਖਿਆ। ਸਲਾਮ ਹੈ ਅਜੇਹੀ ਸਿਦਕ ਦਿਲੀ ਨੂੰ!

          ਬੱਬਰ ਅਕਾਲੀ ਲਹਿਰ ਦੀਆਂ ਪੈੜਾਂ ਜਿੱਥੇ ਗ਼ਦਰ ਲਹਿਰ ਦੀਆਂ ਅਗਲੀਆਂ ਪੈੜਾਂ ਹਨ ਉੱਥੇ ਇਹਨਾਂ ਵਿੱਚ ਜਲ੍ਹਿਆਂਵਾਲਾ ਬਾਗ਼, ਪਗੜੀ ਸੰਭਾਲ ਲਹਿਰ ਦੀ ਸੁਗੰਧੀ ਵੀ ਸਮੋਈ ਹੈ।

          27 ਫਰਵਰੀ 1926 ਅਤੇ 27 ਫਰਵਰੀ 1927 ਨੂੰ ਪਹਿਲੇ ਅਤੇ ਦੂਜੇ ਬੱਬਰ ਸਾਜ਼ਿਸ ਕੇਸਾਂ ਤਹਿਤ ਫਾਂਸੀ ਲਗਾਏ ਬੱਬਰ ਅਕਾਲੀ ਕੌਮੀ ਹੀਰਿਆਂ ਤੋਂ ਇਲਾਵਾ ਜੇਲ੍ਹਾਂ ਵਿੱਚ ਸ਼ਹੀਦ ਹੋਏ, ਉਮਰ ਕੈਦਾਂ ਕੱਟਦੇ ਰਹੇ, ਮੁਕਾਬਲਿਆਂ ਵਿੱਚ ਸ਼ਹੀਦ ਹੋਏ ਅਤੇ ਬੰਬ ਦੀ ਪਿੰਨ ਖਿੱਚਕੇ ਪੁਲਸੀ ਧਾੜਾਂ ਨੂੰ ਉਡਾਕੇ ਆਪ ਸ਼ਹੀਦ ਹੋਏ ਯੋਧਿਆਂ ਦੀ ਬੀਰ-ਗਾਥਾ ਲੰਮੀ ਹੈ।

          ਬੱਬਰ ਅਕਾਲੀ ਲਹਿਰ ਦੀਆਂ ਪੈੜਾਂ ਨੱਪਦਾ ਅਣਥੱਕ ਕਲਮਕਾਰ ਵਿਜੈ ਬੰਬੇਲੀ ਸਾਡੇ ਰੂਬਰੂ ਅਹਿਮ ਪੰਨੇ ਲੈ ਕੇ ਆਉਂਦਾ ਹੈ। ਇਹਨਾਂ ਪੰਨਿਆਂ ਦਾ ਸਾਡੇ ਸਮਿਆਂ ਵਿੱਚ ਬੇਹੱਦ ਮਹੱਤਵ ਹੈ। ਉਹ ਦਰਸਾਉਂਦਾ ਹੈ ਕਿ ਬੱਬਰ ਅਕਾਲੀ ਲਹਿਰ ਕੌਮੀ ਤਵਾਰੀਖ਼ ਦੀ ਜੱਦੋਜਹਿਦ ਹੈ। ਇਹ ਰਾਜਨੀਤਕ ਆਜ਼ਾਦੀ ਦੇ ਮੰਤਵ ਨੂੰ ਪ੍ਰਨਾਈ ਲਹਿਰ ਹੈ। ਇਸ ਲਹਿਰ ’ਚ ਕਿਸ਼ਨ ਸਿੰਘ ਗੜਗੱਜ, ਊਧੋ ਪੰਡਤ ਨੂਸੀ, ਫਕੀਰੀਆਂ, ਸਵਾਮੀ ਪੂਰਨਾ ਨੰਦ, ਬੱਬਰ ਜੀਵਾ ਘੁਮਿਆਰ, ਤੂਫੈਲ ਮੁਹੰਮਦ ਉਰਫ਼ ਤੂਲਾ, ਚੰਨਣ ਪੰਡਤ ਉਰਫ ਚੰਨਣ ਸਿੰਘ ਅਤੇ ਨੱਥੂ ਰਾਮ ਵਰਗਿਆਂ ਦਾ ਸ਼ੁਮਾਰ ਹੋਣਾ ਦੱਸਦਾ ਹੈ ਕਿ ਬੱਬਰ ਅਕਾਲੀ ਲਹਿਰ ਦੀ ਬੁੱਕਲ ਵਿੱਚ ਵੰਨ-ਸੁਵੰਨੇ ਫਿਰਕਿਆਂ ਧਰਮਾਂ, ਖੇਤਰਾਂ ਦੇ ਲੋਕ ਸਮੋਏ ਸਨ। ਬੱਬਰਾਂ ਦਾ ਇਤਿਹਾਸ, ਸਾਡੇ ਸਮਿਆਂ ਦੇ ਫਿਰਕੂ ਫਾਸ਼ੀ ਟੋਲਿਆਂ ਅਤੇ ਫਾਸ਼ੀ ਹਕੂਮਤ ਦੇ ਮੂੰਹ ’ਤੇ ਵੱਟਕੇ ਥੱਪੜ ਜੜਦਾ ਹੈ ਜਿਹੜੇ ਹਿੰਦੂ, ਮੁਸਲਿਮ, ਸਿੱਖ ਦੇ ਪੱਤੇ ਖੇਡਕੇ ਆਪਣੇ ਸੌੜੇ, ਲੋਕ-ਦੋਖੀ ਮਨੋਰਥਾਂ ਦੀਆਂ ਰੋਟੀਆਂ ਸੇਕਦੇ ਹਨ। ਬੱਬਰ ਅਕਾਲੀ ਲਹਿਰ ਨੂੰ ਯਾਦ ਕਰਦਿਆਂ ਢਾਡੀ ਵਾਰਾਂ, ਕਵਿਤਾਵਾਂ ਜਾਂ ਤਕਰੀਰਾਂ ਵਿੱਚ ਸਾਨੂੰ ਉਸਦੇ ਸਿਹਤਮੰਦ ਵਰਤਾਰੇ ਦੀ ਜੈ ਜੈ ਕਾਰ ਕਰਨ ਦੀ ਲੋੜ ਹੈ ਤਾਂ ਜੋ ਉਸਦੀ ਪਰਸੰਗਕਤਾ ਨਾਲ ਸਾਰਥਕ ਸਿੱਟੇ ਕੱਢੇ ਜਾਣ। ਆਜੋਕੇ ਸਮੇਂ ਤੋਂ ਅਗਲੇ ਸਮੇਂ ਵੱਲ ਨਰੋਈ ਪੁਲਾਂਘ ਭਰੀ ਜਾ ਸਕੇ।

          ਇਸ ਲਹਿਰ ਦਾ ਮਹੱਤਵਪੂਰਨ ਇਤਿਹਾਸਕ ਮੋੜਾ ਹੈ 5 ਜੁਲਾਈ 1938 ਨੂੰ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਵਿੱਚ ਕਿਸਾਨ ਸਭਾ ਦੀ ਸਥਾਪਨਾ ਕਰਨਾ। ਇਹ ਕਦਮ ਸੰਤਾ ਸਿੰਘ ਹਰਿਓਂ ਖੁਰਦ ਦੀ ਗਿ੍ਫਤਾਰੀ ਪਿੱਛੋਂ 3 ਸਤੰਬਰ 1923 ਨੂੰ ਜਵੰਦ ਸਿੰਘ ਨੰਗਲ ਅਤੇ 4ਸਤੰਬਰ 1936 ਨੂੰ ਮੁਣਸ਼ਾ ਸਿੰਘ ਦੀ ਗਿ੍ਫ਼ਤਾਰੀ ਉਪਰੰਤ ਲਿਆ। ਕਿਸਾਨ ਸਭਾ ਦੀ ਸਥਾਪਨਾ ਨੂੰ ਬੱਬਰ ਅਕਾਲੀ ਲਹਿਰ ਦੇ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਰਹਿੰਦੀ ਉਸ ਵਿਚਾਰ ਚਰਚਾ ਨਾਲ ਜੋੜਕੇ ਦੇਖਿਆ ਜਾ ਸਕਦਾ ਹੈ ਕਿ, ਲੋਕ ਸੁੱਤੇ ਕਿਉਂ ਨੇ? ਉਹ ਕਿੰਝ ਜਾਗਣਗੇ?? ਉਹ ਗੋਰਾਸ਼ਾਹੀ ਨੂੰ ਕੁੱਟ ਦਬੱਲਣ ਲਈ ਮੈਦਾਨ ਵਿੱਚ ਕਿੰਝ ਆਉਣਗੇ??? ਗ਼ੁਲਾਮੀ ਦਾ ਜੂਲਾ ਵਗਾਹ ਮਾਰਕੇ, ਆਜ਼ਾਦੀ ਦੀ ਸਵੇਰ ਦਾ ਮੁੱਖੜਾ ਚੁੰਮਣ ਲਈ ਜੱਦੋਜਹਿਦ ਦੇ ਮੈਦਾਨ ਵਿੱਚ ਕਿਵੇਂ ਕੁੱਦਣਗੇ????

          ਇਹ ਮੋੜਾ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਮੁਜਾਰਾ ਲਹਿਰ ਖੁਸ਼ ਹੈਸ਼ੀਅਤ ਟੈਕਸ ਮੋਰਚਾ ਲਹਿਰ, ਤਿਲੰਗਾਨਾ, ਤਿਭਾਗਾ ਅਤੇ ਪੱਛਮੀ ਬੰਗਾਲ ਅੰਦਰ ਨਕਸਲਬਾੜੀ ਦੇ ਸਥਾਨ ’ਤੇ ਉੱਠੀ ਕਿਸਾਨ ਬਗਾਵਤ ਅਤੇ ਮੌਜ਼ੂਦਾ ਕਿਸਾਨ ਘੋਲ ਦੌਰਾਨ ਵੀ ਦੇਖਿਆ ਜਾ ਸਕਦਾ ਹੈ।

          ਬੱਬਰ ਅਕਾਲੀ ਲਹਿਰ ਜਦੋਂ ਅੰਬਾਂ ਦੇ ਦੇਸ਼ ਦੋਆਬਾ ਖੇਤਰ ਵਿੱਚ ਹੋਕਾ ਦਿੰਦੀ ਹੈ ਕਿ ਬਾਹਰੋਂ ਆਏ ਗੋਰੇ ਸਾਡੀਆਂ ਨਹਿਰਾਂ ਸੜਕਾਂ ਦੇ ਕਿਨਾਰੇ, ਜੰਗਲੀ ਖੇਤਰ ਅਤੇ ਸਾਡੇ ਖੇਤਾਂ ਵਿਚਲੇ ਅੰਬਾਂ ਦਾ ਠੇਕਾ ਦੇਣ ਵਾਲੇ ਕੌਣ ਹੁੰਦੇ ਨੇ? ਇਹ ਖੇਤ ਸਾਡੇ। ਇਹ ਨਹਿਰਾਂ, ਸੜਕਾਂ, ਇਹ ਜੰਗਲ, ਇਹ ਬਾਗ਼-ਬਗ਼ੀਚੇ ਸਾਡੇ, ਫਿਰ ਇਹ ਅੰਬਾਂ ਦੇ ਮਾਲਕ ਬੇਗ਼ਾਨੇ ਕਿਵੇਂ ਹੋ ਸਕਦੇ ਨੇ। ਬੱਬਰਾਂ ਐਲਾਨ ਕਰ ਦਿੱਤਾ ਕਿ ਖ਼ਬਰਦਾਰ ਜੇ ਕਿਸੇ ਨੇ ਅੰਬਾਂ ਦਾ ਠੇਕਾ ਲਿਆ। ਖ਼ਬਰਦਾਰ! ਗੋਰਾ ਸ਼ਾਹੀ ਦੀ ਅਫਸਰਸ਼ਾਹੀ ਅਤੇ ਨੌਕਰਸ਼ਾਹੀ ਜੇ ਬੋਲੀ ਦੇਣ ਦੀ ਹਿੰਮਤ ਕੀਤੀ। ਵਰ੍ਹਿਆਂ ਬੱਧੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਕੌੜੀ ਨਜ਼ਰ ਨਾਲ ਸਾਡੇ ਮਿੱਠੜੇ ਅੰਬਾਂ ਵੱਲ ਝਾਕ ਸਕੇ।

          ਸਾਡੇ ਸਮਿਆਂ ’ਚ ਜਾਪਦੈ ਕਿ ਬੱਬਰ ਅਕਾਲੀ ਲਹਿਰ ਨਵੇਂ ਮੁਹਾਵਰੇ ਵਿੱਚ ਸਾਡੇ ਅੰਗ-ਸੰਗ ਹੈ। ਅੰਬਾਂ ਦੀ ਬੋਲੀ ਲਾਉਣ ਵਾਲੇ ਬਰਤਾਨਵੀ ਹਾਕਮਾਂ ਦਾ ਅੱਜ ਬਹੁ ਕੌਮੀ ਕਾਰਪੋਰੇਟ ਘਰਾਣਿਆਂ ਸਾਮਰਾਜੀ ਅਤੇ ਦੇਸੀ ਅਡਾਨੀ-ਅੰਬਾਨੀ ਵਰਗੇ ਘਰਾਣਿਆਂ ਦਾ ਵੱਗ ਸਾਡੇ ਖੇਤਾਂ ਨੂੰ ਪੈ ਨਿਕਲਿਆ ਹੈ। ਖੇਤੀ ਖੇਤਰ ਕਾਰਪੋਰੇਟ ਜਗਤ ਦੇ ਹਵਾਲੇ ਕਰਨ ਲਈ ਮੋਦੀ-ਸ਼ਾਹ ਹਕੂਮਤ ਪੱਬਾਂ ਭਾਰ ਹੋਈ ਹੈ। ਸਾਡੀ ਕਿਰਤ ਉਪਰ ਨਿਸ਼ੰਗ ਧਾਵਾ ਬੋਲਿਆ ਗਿਆ ਹੈ। 8 ਘੰਟੇ ਦਾ ਲਹੂ ਵੀਟਵਾਂ ਘੋਲ ਲੜਕੇ ਦੁਨੀਆਂ ਭਰ ਦੇ ਕਾਮਿਆਂ ਲਈ ਮਨਵਾਈ ਮੰਗ ਉੱਪਰ ਕਾਟਾ ਮਾਰਕੇ12 ਘੰਟੇ ਕਰ ਦਿੱਤੀ ਹੈ। ਕਿਰਤ ਕਾਨੂੰਨਾਂ, ਖੇਤੀ ਕਾਲ਼ੇ ਕਾਨੂੰਨਾਂ ਖਿਲਾਫ਼ ਲੜਿਆ ਜਾ ਰਿਹਾ ਇਤਿਹਾਸਕ ਕਿਸਾਨ ਘੋਲ ਬੱਬਰਾਂ, ਗ਼ਦਰੀਆਂ ਕਿਰਤੀਆਂ ਅਤੇ ਭਗਤ ਸਿੰਘ ਹੋਰਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਤੇਗ ਬਹਾਦਰ, ਬਾਬਾ ਨਾਨਕ, ਗ਼ਦਰੀ ਗ਼ੁਲਾਬ ਬੀਬੀ, ਗ਼ੁਲਾਬ ਕੌਰ ਦੀ ਸ਼ਾਨਾਮੱਤੀ ਵਿਰਾਸਤ ਦੇ ਅਗਲੇ ਵਰਕੇ ਲਿਖ ਰਿਹਾ ਹੈ। ਇਸ ਅੰਦੋਲਨ ਵਿੱਚ ਸਾਹਿਤ, ਕਲਾ, ਰੰਗ ਮੰਚ ਅਤੇ ਬੁੱਧੀਜੀਵੀਆਂ, ਕਿਸਾਨਾਂ ਮਜ਼ਦੂਰਾਂ ਦੇ ਸੰਗ ਜੋਟੀ ਪਾ ਕੇ ਘੋਲ ਦੇ ਸੰਗੀ ਸਾਥੀ ਬਣਕੇ ਜੂਝ ਰਹੇ ਹਨ।

          ਮੁਲਕ ਦੇ ਬੁੱਧੀਜੀਵੀਆਂ, ਕਵੀਆਂ, ਰੰਗ ਕਰਮੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਵਰ੍ਹਿਆਂ ਬੱਧੀ ਜੇਲ੍ਹੀਂ ਡੱਕ ਰੱਖਣ ਖਿਲਾਫ਼ ਆਵਾਜ਼ ਉੱਠ ਰਹੀ ਹੈ।

          ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਧਰੋਹਰ ਦਾ ਹੁਲੀਆ ਵਿਗਾੜਕੇ, ਸੈਰਗਾਹ ਬਣਾ ਧਰਨਾ, ਮਹਾਸ਼ਵੇਤਾ ਦੇਵੀ ਦੀ ਕਹਾਣੀ, ਦਲਿਤ ਬੁੱਧੀਮਾਨਾਂ ਦਾ ਸਾਹਿਤ, ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿੱਚੋਂ ਖਾਰਜ਼ ਕਰਨਾ, ਸਿੱਖਿਆ, ਸਿਹਤ, ਬਿਜਲੀ, ਪਾਣੀ, ਰੁਜ਼ਗਾਰ, ਰੇਲ ਸੇਵਾਵਾਂ ਆਦਿ ਦਾ ਨਿੱਜੀਕਰਣ ਕਰਨਾ ਆਦਿ ਲੋਕਾਂ ਖ਼ਿਲਾਫ਼ ਵਿੱਢੀ ਜੰਗ ਹੈ।

          ਬੱਬਰ ਅਕਾਲੀ ਲਹਿਰ ਨੂੰ ਸਾਡੇ ਸਮਿਆਂ ਦੀਆਂ ਚੁਣੌਤੀਆਂ ਨਾਲ ਮੇਲ਼ਕੇ ਵੇਖਦਿਆਂ ਪਤਾ ਲੱਗਦਾ ਹੈ ਕਿ ਲੋਕ-ਏਕਾ, ਲੋਕ-ਜੱਥੇਬੰਦੀਆਂ ਅਤੇ ਲੋਕ-ਸੰਘਰਸ਼ ਹੀ ਸਹੀ ਮਾਰਗ ਹੈ।

          ਵਿਅਕਤੀਗਤ ਕਾਰਵਾਈਆਂ ਦੀ ਬਜਾਏ ਜਨਤਾ ਦੀ ਤਾਕਤ, ਜੱਥੇਬੰਦੀ ਅਤੇ ਸੂਝ-ਬੂਝ ਨੂੰ ਬੁੱਝਕੇ, ਉਸਨੂੰ ਹੋਰ ਵਿਕਸਤ ਕਰਦਿਆਂ ਲੋਕ ਲਹਿਰਾਂ ਨੂੰ ਜਰ੍ਹਬਾਂ ਦੇਣਾ ਹੀ ਬਦੇਸ਼ੀ ਦੇਸੀ ਕਾਰਪੋਰੇਟ ਘਰਾਣਿਆਂ ਦੀ ਕਬਰ ਖੋਦਣ ਦਾ ਕੰਮ ਕਰੇਗਾ। ਇਹ ਰਾਹ ਹੀ ਬੱਬਰ ਅਕਾਲੀ ਲਹਿਰ ਦੀਆਂ ਗੂੰਜਾਂ ਨੂੰ ਅੰਬਰੀਂ ਚਾੜ੍ਹੇਗਾ।

          ਬੱਬਰ ਅਕਾਲੀ ਲਹਿਰ ਦੀ 100 ਵੀਂ ਵਰ੍ਹੇ ਗੰਢ (1921-2021) ਮੌਕੇ ਜਦੋਂ ਕਿਸਾਨ, ਮਜ਼ਦੂਰ ਅੰਦੋਲਨ, ਬੁੱਧੀਜੀਵੀਆਂ, ਰੰਗ ਕਰਮੀਆਂ ਦੀ ਰਿਹਾਈ, ਸ਼ਹਿਰੀ ਆਜ਼ਾਦੀਆਂ, ਵਿਚਾਰਾਂ ਦੀ ਆਜ਼ਾਦੀ ਦੇ ਮੁੱਦੇ ਅਤੇ ਫਿਰਕੂ ਫਾਸ਼ੀ ਹੱਲੇ ਸਾਡੇ ਦਰਾਂ ’ਤੇ ਹਨ ਤਾਂ ਇਸ ਮੌਕੇ ਵਿਸ਼ਾਲ, ਦਿ੍ੜ, ਲੰਮਾ ਦਮ ਰੱਖਵੇਂ ਲੋਕ ਸੰਘਰਸ਼ ਹੀ ਲੋਕਾਂ ਦੀ ਪੁੱਗਤ ਦਾ ਰਾਜ ਅਤੇ ਸਮਾਜ ਸਿਰਜਣ ਵੱਲ ਜਾਂਦੇ ਰਾਹ ਦਾ, ਮਾਰਗ-ਦਰਸ਼ਕ ਹਨ, ਨਾ ਕਿ ਚੋਣਾਂ ਦੇ ਮੌਜ਼ੂਦਾ ਸ਼ੋਰ-ਸ਼ਰਾਬੇ ਵਿੱਚੋਂ ਨਿਕਲੀ ਕੋਈ ਹਾਕਮ ਧੜਿਆਂ ਦੀ ਹਕੂਮਤ ਜਾਂ ਹਾਕਮਾਂ ਦੇ ਸਿਰਫ਼ ਚਿਹਰਿਆਂ ਦੀ ਅਦਲਾ ਬਦਲੀ।

         (ਲੰਮੀ ਲਿਖਤ ਚੋਂ ਸੰਖੇਪ) 

No comments:

Post a Comment