Sunday, November 7, 2021

ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਫਾਸ਼ੀ ਇਰਾਦੇ ਪਛਾੜ ਦਿਉ

ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਫਾਸ਼ੀ ਇਰਾਦੇ ਪਛਾੜ ਦਿਉ

ਇਕ ਵਾਰ ਫਿਰ ਮਿਸਾਲੀ ਏਕਤਾ,ਦਿ੍ੜਤਾ ਤੇ ਚੌਕਸੀ ਦਾ ਮੁਜ਼ਾਹਰਾ ਕਰੋ

ਹਕੂਮਤ ਦੇ ਹਿੰਸਕ ਵਾਰਾਂ ਦੇ ਟਾਕਰੇ ਲਈ ਡਟੋ

ਇਨਸਾਫ ਦੇ ਹੱਕ ਲਈ ਸੰਘਰਸ ਐਕਸ਼ਨਾਂ ਚ ਨਿੱਤਰੋ

 

          ਯੂ ਪੀ ਅੰਦਰ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਤੇ ਹਰਿਆਣੇ ਅੰਦਰ ਭਾਜਪਾਈ ਕਾਰਕੁੰਨਾਂ ਨੂੰ ਕਿਸਾਨਾਂ ਤੇ ਹਮਲਿਆਂ ਲਈ ਸ਼ਿਸ਼ਕਰ ਕੇ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਜਾਬਰ ਮਨਸੂਬੇ ਮੁੜ ਜਾਹਰ ਕਰ ਰਹੀ ਹੈ। ਯੂ ਪੀ ਅੰਦਰ ਕਿਸਾਨਾਂ ਨੂੰ ਕਤਲ ਕਰਕੇ ਸਮੁੱਚੇ ਕਿਸਾਨ ਸੰਘਰਸ਼ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੋਦੀ ਸਰਕਾਰ ਆਪਣੇ ਮੰਤਰੀ ਦੀ ਪਿੱਠ ਤੇ ਆ ਖੜ੍ਹੀ ਹੈ। ਉਹਨੂੰ ਗਿ੍ਫਤਾਰ ਕਰਨ ਤੋਂ ਮੁਨਕਰ ਹੋ ਗਈ ਹੈ ਤੇ ਮੰਤਰੀ ਮੰਡਲ ਵਿੱਚ ਸਜਾਈ ਰੱਖਣ ਲਈ ਬਜਿੱਦ ਹੈ। ਹਰ ਵਾਰ ਦੀ ਤਰ੍ਹਾਂ ਉਸ ਨੇ ਯੂ ਪੀ ਅੰਦਰ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਦੇ ਰੋਹ ਤੇ ਚੌਕਸੀ ਮੂਹਰੇ ਇੱਕ ਵਾਰ ਨਾਕਾਮ ਹੋਈ ਹੈ।

 ਕੇਂਦਰੀ ਮੰਤਰੀ ਉਸ ਦੇ ਪੁੱਤਰ ਸਮੇਤ ਸਭਨਾਂ ਦੋਸ਼ੀਆਂ ਨੂੰ ਗਿ੍ਫਤਾਰ ਕਰਵਾਉਣ ਤੇ ਮਿਸਾਲੀ ਸਜ਼ਾਵਾਂ ਦਿਵਾਉਣ, ਮੰਤਰੀ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਵਾਉਣ ਰਾਹੀਂ ਇਨਸਾਫ ਦਾ ਹੱਕ ਲੈਣ ਲਈ ਜ਼ੋਰਦਾਰ ਸੰਘਰਸ਼ ਲਲਕਾਰ ਉੱਚੀ ਕਰਨ ਦੀ ਲੋੜ ਹੈ। ਸ਼ਹੀਦ ਹੋਏ ਕਿਸਾਨਾਂ ਦਾ ਇਨਸਾਫ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਐਕਸ਼ਨਾਂ ਦਾ ਐਲਾਨ ਹੋ ਗਿਆ ਹੈ। 12 ਅਕਤੂਬਰ ਨੂੰ ਭੋਗ ਸਮਾਗਮ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਤੋਂ ਲੈ ਕੇ 15 ਨੂੰ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕਣ, 18 ਨੂੰ ਰੇਲਾਂ ਦਾ ਚੱਕਾ ਜਾਮ ਕਰਨ ਤੇ 26 ਅਕਤੂਬਰ ਨੂੰ ਲਖਨਊ ਵਿਖੇ ਵੱਡੀ ਰੈਲੀ ਚ ਪੁੱਜਣ ਦੇ ਐਕਸ਼ਨਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨ। ਇਹ ਵੇਲਾ ਜ਼ੋਰਦਾਰ ਇਕਜੁੱਟਤਾ ਬਣਾਈ ਰੱਖਣ ਤੇ ਮੋਦੀ ਸਰਕਾਰ ਦੇ ਹਰ ਤਰਾਂ ਦੇ ਭਰਮਾਊ ਫਿਰਕੂ  ਪ੍ਰਚਾਰ ਨੂੰ ਛੰਡਣ ਦਾ ਵੇਲਾ ਹੈ। ਉਸ ਦੇ ਜਾਬਰ ਹੱਲੇ ਮੂਹਰੇ ਛਾਤੀ ਤਾਣ ਕੇ ਖੜ੍ਹਨ ਦਾ ਵੇਲਾ ਹੈ। 

ਨਰਮੇ ਦੀ ਚੁਗਾਈ ਤੇ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਰੁਝੇਵਿਆਂ ਦਰਮਿਆਨ ਵੀ ਸੰਘਰਸ਼ ਨੂੰ ਮੱਠਾ ਨਾ ਪੈਣ ਦਿਓ। ਖੇਤੀ ਕੰਮਾਂ ਦੇ ਨਾਲ ਸੰਘਰਸ਼ ਐਕਸ਼ਨਾਂ ਲਈ ਦਿਨ ਰਾਤ ਇਕ ਕਰੋ। ਮੋਦੀ ਸਰਕਾਰ ਦੇ ਹਿੰਸਕ ਵਾਰ ਦੇ ਟਾਕਰੇ ਲਈ ਡਟੋ।

ਸੂਬਾ ਕਮੇਟੀ : ਬੀ ਕੇ ਯੂ ਏਕਤਾ (ਉਗਰਾਹਾਂ)    

No comments:

Post a Comment