ਲਖੀਮਪੁਰ ਕਤਲੇਆਮ : ਭਾਰਤੀ ਰਾਜ ਤੇ ਲੋਕਾਂ ਦੇ ਰਿਸ਼ਤੇ ਦੀ ਪਛਾਣ ਯਾਦ ਰਹੇ
ਲਖੀਮਪੁਰ ਕਤਲੇਆਮ ਕਿਸੇ ਹੰਕਾਰੇ ਹੋਏ ਮੰਤਰੀ ਦੇ ਹੰਕਾਰ ਦਾ ਹੀ ਸਿੱਟਾ ਨਹੀਂ ਹੈ।ਇਹ ਭਾਜਪਾਈ ਹਕੂਮਤ ਵੱਲੋਂ ਕਿਸਾਨ ਸੰਘਰਸ਼ ਨੂੰ ਨਜਿੱਠਣ ਦੀ ਨੀਤੀ ਦਾ ਸਿੱਟਾ ਹੈ।ਵੱਖ ਵੱਖ ਤਰ੍ਹਾਂ ਦੇ ਭਰਮਾਊ ਪਾਟਕ-ਪਾਊ ਹੱਥ ਕੰਡੇ ਬੇਅਸਰ ਹੋਣ ਜਾਣ ਮਗਰੋਂ ਹੁਣ ਮੋਦੀ ਸਰਕਾਰ ਸੰਘਰਸ਼ ਨੂੰ ਜਬਰ ਦੇ ਜੋਰ ਕੁਚਲਣ ਦੇ ਨਾਪਾਕ ਇਰਾਦੇ ਜਾਹਰ ਕਰ ਰਹੀ ਹੈ।ਇਹ ਜਾਬਰ ਮਨਸੂਬੇ ਦੱਸਦੇ ਹਨ ਕਿ ਕਿਸਾਨਾਂ ਦੀਆਂ ਫਸਲਾਂ ’ਤੇ ਸਾਮਰਾਜੀ ਕੰਪਨੀਆਂ ਦਾ ਮਕੁੰਮਲ ਕੰਟਰੋਲ ਕਰਵਾਉਣ ਲਈ ਸਰਕਾਰ ਕਿਤੋਂ ਤੱਕ ਵੀ ਜਾਣ ਲਈ ਤਿਆਰ ਹੈ।
ਦੇਸ ਅੰਦਰ ਕਿਸਾਨਾਂ ਦਾ ਇਉਂ ਕਤਲੇਆਮ ਪਹਿਲੀ ਵਾਰ ਨਹੀਂ ਰਚਾਇਆ ਗਿਆ। ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ’ਚ ਇਉਂ ਕਈ ਵਾਰ ਕੀਤਾ ਗਿਆ ਹੈ। ਭਾਰਤੀ ਹਾਕਮਾਂ ਦੀ ਇਨ੍ਹਾਂ ਕੰਪਨੀਆਂ ਨਾਲ ਵਫ਼ਾਦਾਰੀ ਪੁਰਾਣੀ ਹੈ। ਉੱਨੀ ਸੌ ਸੰਤਾਲੀ ’ਚ ਨਵੇਂ ਰਾਜ ਦੇ ਬਣਨ ਦੇ ਵੇਲੇ ਤੋਂ ਚੱਲੀ ਆ ਰਹੀ ਹੈ। ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਇਹ ਹੋਰ ਜ਼ਿਆਦਾ ਗੂੜ੍ਹੀ ਹੋ ਗਈ ਹੈ। ਇਨ੍ਹਾਂ ਕੰਪਨੀਆਂ ਨੂੰ ਜ਼ਮੀਨਾਂ ਅਤੇ ਜੰਗਲ ਸੰਭਾਉਣ ਲਈ ਦੇਸ਼ ਦੇ ਹਾਕਮ ਵਰ੍ਹਿਆਂ ਤੋਂ ਆਦਿਵਾਸੀ ਕਿਸਾਨਾਂ ਦਾ ਕਤਲੇਆਮ ਰਚਾਉਂਦੇ ਆ ਰਹੇ ਹਨ। ਪਿੰਡਾਂ ਦੇ ਪਿੰਡ ਉਜਾੜੇ ਗਏ ਹਨ। ਕਿਸਾਨਾਂ ਨੂੰ ਉਜਾੜ ਕੇ ਟਾਟਿਆਂ ਨੂੰ ਜ਼ਮੀਨਾਂ ਦੇਣ ਲਈ ਪੱਛਮੀ ਬੰਗਾਲ ਦੀ ਧਰਤੀ ’ਤੇ ਨੰਦੀਗ੍ਰਾਮ ਤੇ ਸਿੰਗੂਰ ਦੇ ਕਤਲੇਆਮ ਰਚੇ ਗਏ ਹਨ। ਇਸੇ ਡੂੰਘੀ ਵਫ਼ਾਦਾਰੀ ਦੇ ਕਾਰਨ ਹੀ ਤਿੰਨ ਵਰ੍ਹੇ ਪਹਿਲਾਂ ਤਾਮਿਲਨਾਡ ਅੰਦਰ ਵੇਦਾਂਤਾ ਦੇ ਕਾਪਰ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰਾ ਕਰਦੇ ਲੋਕ ਸਿੱਧੀਆਂ ਗੋਲੀਆਂ ਮਾਰਕੇ ਮਾਰੇ ਗਏ ਸਨ। ਕਿਸਾਨਾਂ ਦਾ ਉਜਾੜਾ ਤੇ ਦੇਸੀ ਵਿਦੇਸੀ ਕਾਰਪੋਰੇਟਾਂ ਦੇ ਕਾਰੋਬਾਰਾਂ ਦਾ ਪਸਾਰਾ ਹੀ ਭਾਰਤੀ ਹਾਕਮਾਂ ਲਈ ਵਿਕਾਸ ਹੈ।
ਹੁਣ ਮੋਦੀ ਹਕੂਮਤ ਇਸੇ ਵਫ਼ਾਦਾਰੀ ਨੂੰ ਹੋਰ ਸਿਰੇ ਲਾ ਰਹੀ ਹੈ। ਗੱਡੀਆਂ ਦੇ ਟਾਇਰਾਂ ਥੱਲੇ ਕੁਚਲ ਦਿੱਤੇ ਗਏ ਕਿਸਾਨ ਭਾਰਤੀ ਰਾਜ ਦੀਆਂ ਫੌਜਾਂ ਪੁਲਿਸਾਂ ਵੱਲੋਂ ਸਿੱਧਿਆਂ ਗੋਲੀਆਂ ਮਾਰ ਕੇ ਵੀ ਮਾਰੇ ਜਾ ਸਕਦੇ ਹਨ। ਭਾਰਤੀ ਰਾਜ ਦੇ ਗੈਰ-ਕਾਨੂੰਨੀ ਲੱਠਮਾਰ ਹਿੰਸਕ ਗਰੋਹਾਂ ਦੇ ਕਹਿਰ ਦਾ ਸ਼ਿਕਾਰ ਹੋ ਸਕਦੇ ਹਨ।
ਇਸ ਦੇਸ਼ ਅੰਦਰ ਜੋਕਾਂ ਦੀ ਪੁੱਗਦੀ ਹੈ। ਹਰ ਕਿਤੇ ਜੋਕਾਂ ਕਾਬਜ਼ ਹਨ। ਵੱਡੀਆਂ ਕੰਪਨੀਆਂ ,ਦੇਸੀ ਧਨਾਢ ਤੇ ਜਗੀਰਦਾਰ ਇਸ ਦੇਸ਼ ਦੀਆਂ ਜੋਕਾਂ ਹਨ। ਸਭ ਮੰਤਰੀ ਸੰਤਰੀ ਇਨਾਂ ਦੇ ਹੀ ਨੁਮਾਇੰਦੇ ਹਨ। ਇਹ ਜੋਕਤੰਤਰ ’ਚ ਹੀ ਵਾਪਰ ਸਕਦਾ ਹੈ ਕਿ ਸਵਾ ਸਾਲ ਤੋਂ ਸੜਕਾਂ ’ਤੇ ਕਿਸਾਨਾਂ ਦੀ ਆਵਾਜ਼ ਪੂਰੀ ਤਰ੍ਹਾਂ ਅਣਸੁਣੀ ਕੀਤੀ ਹੋਈ ਹੈ। ਆਖਰ ਦਿਨ ਦਿਹਾੜੇ ਨਿਹੱਥੇ ਕਿਸਾਨ ਸੜਕ ’ਤੇ ਕੁਚਲ ਦਿੱਤੇ ਜਾਂਦੇ ਹਨ। ਇਸ ਹੌਲਨਾਕ ਦਿ੍ਸ਼ ਦੀ ਵੀਡੀਓ ਸਾਰਾ ਸੰਸਾਰ ਦੇਖਦਾ ਹੈ। ਅਜਿਹਾ ਕੀਤੇ ਜਾਣ ਦੇ ਐਲਾਨ ਦੀ ਵੀਡੀਓ ਵੀ ਸਾਰਾ ਸੰਸਾਰ ਸੁਣ ਚੁੱਕਿਆ ਹੈ। ਦੇਸ਼ ਦਾ ਗ੍ਰਹਿ ਰਾਜ ਮੰਤਰੀ ਸਿੱਧਾ ਦੋਸ਼ੀ ਹੈ। ਪਰ ਉਹਦੇ ਲਈ ਇਹ ਕੋਈ ਨਵਾਂ ਜੁਰਮ ਨਹੀਂ ਹੈ। ਉਹ ਆਇਆ ਹੀ ਜੁਰਮਾਂ ਦੀ ਦੁਨੀਆਂ ਚੋਂ ਹੈ। ਸਿਰਫ਼ ਬਾਰਾਂ ਵਰ੍ਹਿਆਂ ਦੇ ਸਿਆਸੀ ਜੀਵਨ ’ਚ ਉਹ ਸੱਤਾ ਦੀਆਂ ਪੌੜੀਆਂ ਚੜ੍ਹਦਾ ਕੇਂਦਰੀ ਮੰਤਰੀ ਮੰਡਲ ਤੱਕ ਪੁੱਜਿਆ ਹੈ। ਇਉਂ ਕਤਲ ਕਰਨੇ ਤਾਂ ਉਹਦੀ ਯੋਗਤਾ ਹੈ। ਉਹਤੋਂ ਉਪਰ ਬੈਠੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਵੀ ਅਜਿਹੀ ਹੀ ਯੋਗਤਾ ਹੈ।ਇਸ ਯੋਗਤਾ ਤੋਂ ਬਿਨਾਂ ਹੁਣ ਜੋਕਤੰਤਰ ਚਲਦਾ ਨਹੀਂ ਹੈ, ਬਚਦਾ ਨਹੀਂ ਹੈ।
ਦੇਸ਼ ਦਾ ਕਾਨੂੰਨ, ਅਦਾਲਤਾਂ, ਅਫਸਰਸ਼ਾਹੀ ਤੇ ਰਾਜ ਮਸ਼ੀਨਰੀ ਦਾ ਹਰ ਪੁਰਜਾ ਜੋਕਾਂ ਦੀ ਮੁੱਠੀ ’ਚ ਹੈ। ਡੂੰਘੇ ਹੁੰਦੇ ਸੰਕਟਾਂ ਦਰਮਿਆਨ ਇਹ ਮੁੱਠੀ ਹੋਰ ਜਿਆਦਾ ਘੁੱਟਣੀ ਪੈ ਰਹੀ ਹੈ। ਸਿਰਫ਼ ਫ਼ੌਜਾਂ ਪੁਲਸਾਂ ਨਾਲ ਵੀ ਨਹੀਂ ਸਰਦਾ, ਨਿੱਜੀ ਗੁੰਡਾ ਸੈਨਾਵਾਂ ਰੱਖਣੀਆਂ ਇਸ ਜੋਕਤੰਤਰ ਦਾ ਦਸਤੂਰ ਹੈ। ਇੱਥੇ ਇਨਸਾਫ਼ ਸਿਰਫ਼ ਜੋਕਾਂ ਲਈ ਹੀ ਰਾਖਵਾਂ ਹੈ। ਲੋਕਾਂ ਲਈ ਇਨਸਾਫ਼ ਦਾ ਛਲਾਵਾ ਹੈ। ਹੁਣ ਸਾਰੀ ਰਾਜ ਮਸ਼ੀਨਰੀ ਮੰਤਰੀ ਨੂੰ ਨਿਰਦੋਸ਼ ਤੇ ਕਿਸਾਨਾਂ ਨੂੰ ਦੋਸ਼ੀ ਸਾਬਤ ਕਰਨ ਲਈ ਝੋਕ ਦਿੱਤੀ ਗਈ ਹੈ। ਅਜਿਹਾ ਸਭ ਕੁਝ ਜੋਕਤੰਤਰ ’ਚ ਹੀ ਹੁੰਦਾ ਹੈ।
ਇਹ ਸੰਘਰਸ਼ ਕਿਸੇ ਲੋਕਤੰਤਰ ਵਾਲੇ ਦੇਸ਼ ਅੰਦਰ ਨਹੀਂ ਲੜਿਆ ਜਾ ਰਿਹਾ ਹੈ , ਕਿਸਾਨੀ ਦਾ ਮੱਥਾ ਇੱਕ ਜੋਕਤੰਤਰ ਨਾਲ ਲੱਗਿਆ ਹੋਇਆ ਹੈ। ਸੰਘਰਸ਼ ਦੌਰਾਨ ਇਹ ਹਕੀਕਤ ਵਾਰ ਵਾਰ ਯਾਦ ਰਹਿਣੀ ਚਾਹੀਦੀ ਹੈ। ਜੋ ਵੀ ਇਨਸਾਫ਼ ਮਿਲਣਾ ਹੈ ਹਕੂਮਤ ਦੇ ਗਲ ’ਚ ਗੂਠਾ ਦੇ ਕੇ ਲਿਆ ਜਾਣਾ ਹੈ। ਸੰਘਰਸ਼ ਦੀਆਂ ਸਾਰੀਆਂ ਨੀਤੀਆਂ, ਸਾਰੇ ਦਾਅ ਪੇਚ ਤੇ ਪੈਂਤੜੇ ਜੋਕਤੰਤਰ ਦੇ ਇਸ ਕਿਰਦਾਰ ਨੂੰ ਧਿਆਨ ’ਚ ਰੱਖ ਕੇ ਘੜੇ ਜਾਣੇ ਚਾਹੀਦੇ ਹਨ। ਇਨ੍ਹਾਂ ਜੋਕਾਂ ਦਾ ਕਦੇ ਦਿਲ ਨਹੀਂ ਪਸੀਜਦਾ, ਇਹ ਲੋਕਾਂ ਵੱਲੋਂ ਧੌਣ ’ਤੇ ਗੋਡਾ ਰੱਖਣ ਨਾਲ ਹੀ ਝੁਕਦੀਆਂ ਹਨ।
ਇਹ ਲੜਾਈ ਕਿਸੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨਹੀਂ ਹੈ। ਇਸ ਜੋਕਤੰਤਰ ਨੂੰ ਢਾਹੁਣ ਦੀ ਲੜਾਈ ਹੈ ਤੇ ਖ਼ਰਾ ਲੋਕਤੰਤਰ ਉਸਾਰਨ ਦੀ ਲੜਾਈ ਹੈ।
No comments:
Post a Comment