ਜਮਹੂਰੀ ਮਸਲਿਆਂ ਤੇ
ਜੂਝਦੇ ਨੌਜਵਾਨ- ਵਿਦਿਆਰਥੀ
ਭਾਰਤੀ ਹਾਕਮਾਂ
ਵੱਲੋਂ ਬਿਨਾਂ ਕਿਸੇ ਤਿਆਰੀ ਦੇ ਮਾਰਚ ਦੇ ਅੰਤਿਮ ਹਫਤੇ ਲਾਇਆ ਗਿਆ ਲਾਕਡਾਊਨ ਲੋਕਾਂ ਲਈ ਅੰਤਾਂ
ਦੀਆਂ ਔਕੜਾਂ ਨਾਲ ਭਰਿਆ ਹੋਇਆ ਸੀ। ਢੁਕਵੇਂ ਪ੍ਬੰਧਾਂ, ਦਵਾਈਆਂ ਦੀ ਅਣਹੋਂਦ, ਕਰੋਨਾ ਬਿਮਾਰੀ ਸਬੰਧੀ ਚੇਤਨਾ ਦੀ ਘਾਟ ਅਤੇ ਆਮਦਨ ਦੇ
ਸੋਕੇ ਨੇ ਲੋਕਾਂ ਦੀ ਜ਼ਿਦਗੀ ਨੂੰ ਦੁੱਭਰ ਬਣਾ
ਦਿੱਤਾ ਸੀ। ਬੁਨਿਆਦੀ ਸਹੂਲਤਾਂ ਦੀ ਪੂਰਤੀ ਕੀਤੇ ਬਿਨਾਂ ਲੋਕਾਂ ਨੂੰ ਪੁਲਿਸ ਦੇ ਡੰਡੇ ਦੇ ਜ਼ੋਰ
ਘਰਾਂ ਵਿੱਚ ਮਰਨ ਲਈ ਤੂੜਿਆ ਹੋਇਆ ਸੀ। ਅਜਿਹੇ ਸਮੇਂ ਸਭ ਤੋਂ ਪਹਿਲਾਂ ਚੇਤਨਾ ਮੁਹਿੰਮ ਚਲਾਉਂਦਿਆਂ
ਨੌਜਵਾਨ-ਵਿਦਿਆਰਥੀ ਕਾਰਕੁੰਨਾਂ ਨੂੰ ਖੁਦ ਕਰੋਨਾ ਪ੍ਰਤੀ ਲੋੜੀਂਦੀਆਂ ਸਾਵਧਾਨੀਆਂ ਨਾਲ ਲੈਸ ਕੀਤਾ
ਗਿਆ ਅਤੇ ਲੋਕਾਂ ਵਿੱਚ ਚੇਤਨਾ ਮੁਹਿੰਮ ਚਲਾਉਣ ਦੀ ਵਿਉਂਤ ਬਣਾਈ ਗਈ। ਜਥੇਬੰਦੀਆਂ ਦੇ ਪ੍ਰਭਾਵ
ਵਾਲੇ ਪਿੰਡਾਂ ਵਿੱਚ ਨੌਜਵਾਨ-ਵਿਦਿਆਰਥੀ ਕਾਰਕੁੰਨਾਂ ਦੁਆਰਾ ਪੋਸਟਰਾਂ ਰਾਹੀਂ, ਗੁਰਦੁਆਰੇ ਅਨਾਊਂਸਮੈਂਟ ਕਰਕੇ ਅਤੇ ਕਈ ਪਿੰਡੀਂ ਘਰ-ਘਰ
ਜਾ ਕੇ ਬਿਮਾਰੀ ਦੀ ਲਾਗ ਦੇ ਲੱਛਣਾਂ, ਪ੍ਰਭਾਵਾਂ ਅਤੇ ਬਚਣ
ਦੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ। ਕਈ ਪਿੰਡਾਂ ਵਿੱਚ ਸਭਾ ਦੇ ਕਾਰਕੁੰਨਾਂ ਦੁਆਰਾ ਕਿਰਤੀ
ਲੋਕਾਂ ਨੂੰ ਮਾਸਕ ਬਣਾ ਕੇ ਵੰਡੇ ਤੇ ਕਈ ਥਾਵਾਂ ਤੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਵਿੱਚ ਵੀ ਸਭਾ
ਦੇ ਸਰਗਰਮਾਂ ਨੇ ਮੋਹਰੀ ਭੂਮਿਕਾ ਨਿਭਾਈ। ਮਜਦੂਰ ਪਰਿਵਾਰਾਂ ਨੂੰ ਆ ਰਹੀ ਰਾਸ਼ਨ ਦੀ ਤੋਟ ਪਿੰਡਾਂ
ਦੇ ਭਾਈਚਾਰੇ ਰਾਹੀਂ ਪੂਰੀ ਕਰਨ ਤੁਰੀਆਂ ਟੀਮਾਂ ਵਿੱਚ ਵੀ ਸਭਾ/ਪੀ.ਐਸ.ਯੂ. ਦੇ ਸਰਗਰਮਾਂ ਦਾ
ਮੋਹਰੀ ਰੋਲ ਰਿਹਾ।
ਕਰੋਨਾ ਮਹਾਂਮਾਰੀ ਦੌਰਾਨ ਆਪਣੇ ਨਖਿੱਧ
ਰੋਲ ’ਤੇ ਪਰਦਾਪੋਸ਼ੀ ਦੇ ਯਤਨਾਂ
ਤਹਿਤ ਕੇਂਦਰੀ ਹਕੂਮਤ ਵੱਲੋਂ ਥਾਲੀਆਂ ਖੜਕਾਉਣ ਅਤੇ ਮੋਮਬੱਤੀਆਂ ਜਗਾਉਣ ਦੇ ਦਿੱਤੇ ਜਾ ਰਹੇ
ਸੱਦਿਆਂ ਦੀ ਥਾਂ ਪੰਜਾਬ ਦੇ ਕਿਰਤੀ ਲੋਕਾਂ ਦੀਆਂ ਹੱਕੀ ਮੰਗਾਂ ਲਈ ਪੰਜਾਬ ਦੀਆਂ 13 ਜਨਤਕ ਜਥੇਬੰਦੀਆਂ ਵੱਲੋਂ ਘਰਾਂ ਦੀਆਂ ਛੱਤਾਂ ਤੋਂ
ਖਾਲੀ ਪੀਪੇ ਖੜਕਾਉਣ ਦਾ ਐਕਸ਼ਨ ਹੋਇਆ। ਨੌਜਵਾਨ ਭਾਰਤ ਸਭਾ ਅਤੇ ਪੀ.ਐਸ.ਯੂ. (ਸ਼ਹੀਦ ਰੰਧਾਵਾ) ਇਸ
ਜਥੇਬੰਦਕ ਥੜੇ ਵਿੱਚ ਸ਼ਾਮਲ ਸਨ। ਉਸ ਉਪਰੰਤ ਕਰੋਨਾ ਦੇ ਉਹਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ
ਵੱਲੋਂ ਲੋਕਾਂ ਉੱਪਰ ਵਿੱਢੇ ਆਰਥਿਕ ਹੱਲੇ ਦੀ ਪਾਜ ਉਘੜਾਈ ਤਹਿਤ ਘਰਾਂ ਦੀਆਂ ਛੱਤਾਂ ’ਤੇ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤੇ ਗਏ। 13 ਮਈ ਨੂੰ ਸਰਕਾਰੀ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਲਈ,
22 ਮਈ ਨੂੰ ਟਰੇਡ ਯੂਨੀਅਨਾਂ ਦੀ
ਮੁਲਕ ਪੱਧਰੀ ਹੜਤਾਲ ਦਾ ਸਮਰਥਨ, 2-3-4 ਜੂਨ ਨੂੰ 20 ਕਰੋੜ ਦੇ ਕੇਂਦਰ ਸਰਕਾਰ ਵੱਲੋਂ ਐਲਾਨੇ ਰਾਹਤ ਪੈਕੇਜ
ਦੀ ਅਸਲੀਅਤ ਉਭਾਰਨ ਤਹਿਤ 13 ਜਨਤਕ ਜਥੇਬੰਦੀਆਂ
ਦੇ ਥੜੇ ਤੋਂ ਸਰਗਰਮੀਆਂ ਹੋਈਆਂ। ਸਭਾ ਅਤੇ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਸਰਗਰਮਾਂ ਵੱਲੋਂ
ਇਹਨਾਂ ਸਭਨਾਂ ਐਕਸ਼ਨਾਂ ’ਚ ਸਰਗਰਮ ਰੋਲ
ਨਿਭਾਇਆ ਗਿਆ। ਬਠਿੰਡਾ ਅਤੇ ਸੰਗਰੂਰ ਜ਼ਿਲੇ ਦੇ ਕਈ ਇਲਾਕਿਆਂ ਵਿੱਚ ਸਮੁੱਚੇ ਪ੍ਰੋਗਰਾਮ ਨੂੰ
ਵਿਉਂਤਣ ਅਤੇ ਨੇਪਰੇ ਚੜਾਉਣ ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਈ ਗਈ। ਇਹਨਾਂ ਸਾਂਝੀਆਂ ਸਰਗਰਮੀਆਂ
ਦੌਰਾਨ ਨੌਜਵਾਨ/ਵਿਦਿਆਰਥੀਆਂ ਦੀ ਭਰਾਤਰੀ ਸਹਿਯੋਗ ਲੈਣ/ਦੇਣ ਅਤੇ ਸਾਂਝੇ ਘੋਲਾਂ ਨੂੰ ਜਥੇਬੰਦ ਕਰਨ
ਦੀ ਸੂਝ ਅਤੇ ਸਮਰੱਥਾ ਵਿਕਸਿਤ ਹੋਈ ਹੈ।
ਸਾਂਝੇ ਸੰਘਰਸ਼ਾਂ ਤੋਂ ਬਿਨਾਂ
ਨੌਜਵਾਨ ਭਾਰਤ ਸਭਾ ਅਤੇ ਪੀ.ਐਸ.ਯੂ. (ਸ਼ਹੀਦ ਰੰਧਾਵਾ) ਵੱਲੋਂ ਨੌੰਜਵਾਨ ਵਿਦਿਆਰਥੀ ਮਸਲਿਆਂ ’ਤੇ ਕਈ ਐਕਸ਼ਨ ਕੀਤੇ ਗਏ ਹਨ। । ਕਾਲਜ ਅਤੇ
ਯੂਨੀਵਰਸਿਟੀਆਂ ਬੰਦ ਹੋਣ ਅਤੇ ਵਿਦਿਆਰਥੀਆਂ ਦੇ ਜਥੇਬੰਦਕ ਤਾਣੇ-ਬਾਣੇ ਦੇ ਹਾਸਲ ਸੀਮਤ ਪੱਧਰ ਕਾਰਨ
ਭਾਵੇਂ ਵਿਦਿਆਰਥੀ ਲਾਮਬੰਦੀ ਦੀਆਂ ਬਹੁਤ ਸੀਮਤਾਈਆਂ ਸਨ ਪਰ ਇਸਦੇ ਬਾਵਜੂਦ ਕਈ ਸਫ਼ਲ ਸਰਗਰਮੀਆਂ
ਕੀਤੀਆਂ ਗਈਆਂ। ਇਹਨਾਂ ਸਰਗਰਮੀਆਂ ’ਤੇ ਸੰਖੇਪ ਝਾਤ
ਅੱਗੇ ਲਿਖੇ ਅਨੁਸਾਰ ਹੈ:
ਦਲਿਤ ਨੌਜਵਾਨ ’ਤੇ ਜਬਰ ਦਾ ਮਸਲਾ: ਮਈ ਮਹੀਨੇ ਦੇ ਅੰਤਿਮ ਦਿਨਾਂ ਵਿੱਚ
ਬਠਿੰਡਾ ਜਿਲਾ ਦੇ ਸੰਗਤ ਇਲਾਕਾ ਅਧੀਨ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਇੱਕ ਦਲਿਤ ਨੌਜਵਾਨ ’ਤੇ ਪਿੰਡ ਦੇ ਗੁੰਡਾ ਚੌਧਰੀਆਂ ਅਤੇ ਥਾਣਾ ਸੰਗਤ ਵੱਲੋਂ
ਬਿਨਾਂ ਕਸੂਰ ਤੋਂ ਘੋਰ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ। ਨੌਜਵਾਨ ਕੁਲਦੀਪ ਸਿੰਘ ਨੂੰ ਪਿੰਡ
ਦੇ ਗੁੰਡਾ ਚੌਧਰੀਆਂ ਨੇ ਬਹਿਲਾ-ਫੁਸਲਾ ਕੇ ਆਪਣੇ ਘਰ ਲਿਆਂਦਾ ਅਤੇ ਚੋਰੀ ਦਾ ਝੂਠਾ ਦੋਸ਼ ਲਾ ਕੇ
ਅੰਨਾ ਜਬਰ ਕੀਤਾ। ਇਸ ਉਪਰੰਤ ਥਾਣਾ ਸੰਗਤ ਦੀ ਪੁਲਿਸ ਨਾਲ ਗੰਢ-ਤੁੱਪ ਕਰਕੇ ਤਿੰਨ ਦਿਨ ਪੁਲਿਸ
ਵੱਲੋਂ ਬਿਨਾਂ ਕੋਈ ਪਰਚਾ ਦਰਜ ਕੀਤਿਆਂ ਸੀ.ਆਈ.ਏ.-2 ਵਿਖੇ ਲਿਜਾ ਕੇ ਘੋਰ ਤਸ਼ੱਦਦ ਕੀਤਾ ਜਾਂਦਾ ਰਿਹਾ।
ਮਾਪਿਆਂ ਨੂੰ ਕੁਲਦੀਪ ਦਾ ਤਿੰਨ ਦਿਨ ਕੋਈ ਥਹੁ ਪਤਾ ਨਾ ਲੱਗਿਆ। 31 ਮਈ ਦੀ ਸ਼ਾਮ ਨੂੰ ਮਸਲੇ ਦਾ ਪਤਾ ਲੱਗਣ ’ਤੇ ਨੌਜਵਾਨ ਭਾਰਤ ਸਭਾ ਦੀ ਇਲਾਕਾ ਟੀਮ ਨੇ , ਬੀ.ਕੇ.ਯੂ. ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ
ਯੂਨੀਅਨ ਦੇ ਬਲਾਕ ਦੇ ਆਗੂਆਂ, ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ
ਸੰਗਤ ਵਿਖੇ ਪਹੁੰਚ ਕੀਤੀ। ਬਿਨਾਂ ਕਸੂਰੋਂ ਅਤੇ ਬਿਨਾਂ ਪਰਚਾ ਦਰਜ ਕੀਤਿਆਂ ਤਿੰਨ ਦਿਨ ਨਜ਼ਾਇਜ
ਹਿਰਾਸਤ ਵਿੱਚ ਰੱਖਣ ਦਾ ਜ਼ੁਰਮ ਨੰਗਾ ਹੋਣ ਦੇ ਡਰੋਂ ਐਸ.ਐਚ.ਓ. ਪਹਿਲਾਂ ਧਮਕੀਆਂ ਦੇਣ ਲੱਗਾ ਪਰ
ਗੱਲ ਨਾ ਬਣਦੀ ਵੇਖ ਪੀੜਤ ਨੌਜਵਾਨ ਨੂੰ ਥਾਣੇ ਦੇ ਪਿਛਲੇ ਦਰਵਾਜਿਉਂ ਥਾਣੇ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਕਾਰਕੁੰਨਾਂ ਦੀ
ਮੁਸਤੈਦੀ ਕਾਰਨ ਇਹ ਸਕੀਮ ਸਫ਼ਲ ਨਾ ਹੋ ਸਕੀ। ਪੁਲਿਸ ਨੂੰ ਪੀੜਤ ਨੌਜਵਾਨ ਨੂੰ ਇਲਾਜ ਲਈ ਹਸਪਤਾਲ
ਦਾਖਲ ਕਰਵਾਉਣਾ ਪਿਆ ਅਤੇ ਪਰਚਾ ਦਰਜ ਕਰਨ ਲਈ ਉਸਦਾ ਬਿਆਨ ਵੀ ਲੈਣਾ ਪਿਆ। ਪਰ ਜਮਾਤੀ ਵਫ਼ਾ
ਨਿਭਾਉਂਦਿਆਂ ਪੁਲਿਸ ਨੇ ਗੁੰਡਾ ਚੌਧਰੀਆਂ ਖਿਲਾਫ਼ ਕੱਟੇ ਪਰਚੇ ਵਿੱਚ ਨਾ ਹੀ ਤਾਂ ਐਸ.ਸੀ./ਐਸ.ਟੀ.
ਅਤੇ ਨਾ ਹੀ ਅਗਵਾ ਕਰਨ ਦੀ ਧਾਰਾ ਜੋੜੀ। ਪਰਚੇ ਵਿੱਚ ਲੋੜੀਂਦੀਆਂ ਧਾਰਾਵਾਂ ਦਾ ਵਾਧਾ ਕਰਵਾਉਣ
ਹਿੱਤ 4 ਜੂਨ ਨੂੰ ਥਾਣਾ ਸੰਗਤ ਅੱਗੇ
ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਪ੍ਸ਼ਾਸ਼ਨ ਵੱਲੋਂ ਧਰਨਾ ਟਾਲਣ ਲਈ ਗੱਲਬਾਤ ਰਾਹੀਂ ਭਰੋਸੇ ਦੇਣ ਦੇ
ਯਤਨ ਕੀਤੇ ਪਰ ਅਸਫ਼ਲ ਰਹੇ। ਧਰਨੇ ਵਾਲੇ ਦਿਨ ਸਵੇਰੇ 8 ਵਜੇ ਪੁਲਿਸ ਵੱਲੋਂ ਲੋੜੀਂਦੀਆਂ ਧਾਰਾਵਾਂ ਦਾ ਵਾਧਾ ਕਰ
ਦਿੱਤਾ ਗਿਆ। ਪਰ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਧਰਨਾ ਲਾਇਆ ਗਿਆ। ਪੁਲਿਸ ਵੱਲੋਂ 8 ਜੂਨ ਤੱਕ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੇ ਭਰੋਸੇ ਨਾਲ
ਸੰਗਤ ਮੰਡੀ ਵਿੱਚ ਮਾਰਚ ਕਰਨ ਉਪਰੰਤ ਧਰਨੇ ਦੀ ਸਮਾਪਤੀ ਹੋਈ। ਆਪਣੇ ਕਿਰਦਾਰ ਅਨੁਸਾਰ ਪੁਲਿਸ ਨੇ
ਮੁੜ ਤੋਂ ਵਾਅਦਾ ਵਫ਼ਾ ਨਾ ਕੀਤਾ। 9 ਜੂਨ ਤੋਂ 36 ਘੰਟਿਆਂ ਲਈ ਥਾਣਾ ਸੰਗਤ ਦਾ ਘਿਰਾਉ ਕੀਤਾ ਗਿਆ। ਦੋ
ਦਿਨ ਅਤੇ ਇੱਕ ਰਾਤ ਚੱਲੇ ਇਸ ਧਰਨੇ ਵਿੱਚ ਖੇਤ ਮਜ਼ਦੂਰਾਂ ਤੋਂ ਬਿਨਾਂ ਨੌਜਵਾਨਾਂ ਅਤੇ ਕਿਸਾਨਾਂ ਨੇ
ਵੀ ਸ਼ਮੂਲੀਅਤ ਕੀਤੀ। ਪੁਲਿਸ ਪ੍ਰਸ਼ਾਸ਼ਨ ਨਾਲ ਗੱਲਬਾਤ ਦੇ ਲੰਮੇ ਗੇੜਾਂ ਉਪਰੰਤ ਪੁਲਿਸ ਵੱਲੋਂ 4 ਦਿਨਾਂ ਵਿੱਚ ਦੋਸ਼ੀਆਂ ਦੀ ਗਿ੍ਰਫਤਾਰੀ ਦਾ ਭਰੋਸਾ
ਦਿੱਤਾ ਗਿਆ। ਵਾਅਦਾ ਵਫ਼ਾ ਨਾ ਹੋਣ ਦੀ ਸੂਰਤ ਵਿੱਚ ਪੁਲਿਸ-ਸਿਆਸੀ-ਗੁੰਡਾ ਗਠਜੋੜ ਦੀਆਂ ਅਰਥੀਆਂ
ਸਾੜਨ ਦਾ ਹਫਤਾ ਭਰ ਚੱਲਣ ਵਾਲਾ ਐਕਸ਼ਨ ਐਲਾਨਣ ਤੋਂ ਬਾਅਦ ਘਿਰਾਉ ਦੀ ਸਮਾਪਤੀ ਹੋਈ। ਪੁਲਿਸ ਵੱਲੋਂ
ਮੁੜ 4 ਦਿਨ ਬਿਨਾਂ ਕਿਸੇ
ਗਿ੍ਰਫਤਾਰੀ ਦੇ ਕੱਢ ਦਿੱਤੇ ਗਏ। ਜਥੇਬੰਦੀਆਂ ਵੱਲੋਂ ਆਪਣੇ ਐਲਾਨੇ ਐਕਸ਼ਨ ਅਨੁਸਾਰ ਪਿੰਡ ਜੈ ਸਿੰਘ
ਵਾਲਾ ਤੋਂ ਅਰਥੀਆਂ ਸਾੜਨ ਦੀ ਸ਼ੁਰੂਆਤ ਕਰ ਦਿੱਤੀ। ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਅਰਥੀਆਂ ਸਾੜਨ ਦਾ ਸਿਲਸਿਲਾ ਚਲਦਾ
ਰਿਹਾ। ਇਸਦਾ ਦਾਇਰਾ ਇਲਾਕਾ ਸੰਗਤ ਤੋਂ ਬਾਅਦ ਜਿਲੇ ਦੇ ਦੂਜੇ ਇਲਾਕਿਆਂ ਵਿੱਚ ਵੀ ਫੈਲ ਗਿਆ।
ਇਲਾਕਾ ਮੌੜ ਅਤੇ ਨਥਾਣਾ ਦੇ ਪਿੰਡਾਂ ਵਿੱਚ ਵੀ ਪੁਲਿਸ-ਸਿਆਸੀ-ਗੁੰਡਾ ਗਠਜੋੜ ਦੀਆਂ ਅਰਥੀਆਂ ਸਾੜੀਆਂ
ਗਈਆਂ। ਜਨਤਕ ਕਿਰਕਰੀ ਵਧਣ ਅਤੇ ਜਥੇਬੰਦੀਆਂ ਵੱਲੋਂ ਅਗਲੇ ਐਕਸ਼ਨ ਦੇ ਐਲਾਨ ਤੋਂ ਪਹਿਲਾਂ-ਪਹਿਲਾਂ
ਪੁਲਿਸ ਪ੍ਰਸ਼ਾਸ਼ਨ ਨੇ ਇਸ ਮਸਲੇ ਨੂੰ ਸਿਰੇ ਲਾਉਣ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਪ੍ਰਸ਼ਾਸ਼ਨ ਨੇ ਜਥੇਬੰਦੀਆਂ ਨੂੰ ਪਾਸੇ ਰੱਖ ਕੇ ਪਰਿਵਾਰ ਨਾਲ ਮਸਲਾ ਨਜਿੱਠਣ ਦੇ ਯਤਨ ਕੀਤੇ ਪਰ
ਨਾਕਾਮਯਾਬ ਰਹੇ। ਪ੍ਰਸ਼ਾਸ਼ਨ ਨੇ ਦੋਸ਼ੀਆਂ ਦੀ ਧਿਰ ਬਣ ਕੇ ਨਿਗੂਣੇ ਮੁਆਵਜ਼ੇ ਰਾਹੀਂ ਸਮਝੌਤੇ ਦੀ
ਪੇਸ਼ਕਸ਼ ਕੀਤੀ ਜੋ ਕਿ ਰੱਦ ਕਰ ਦਿੱਤੀ ਗਈ। ਗੱਲਬਾਤ ਦੇ ਕਈ ਗੇੜਾਂ ਤੋਂ ਬਾਅਦ ਪਰਿਵਾਰ ਦੀ ਇੱਛਾ
ਅਤੇ ਸਹਿਮਤੀ ਨਾਲ 6 ਲੱਖ ਰੁਪਏ ਮੁਆਵਜ਼ਾ,
ਜਗੀਰੂ ਚੌਧਰੀਆਂ ਅਤੇ ਪੁਲਿਸ
ਪ੍ਰਸ਼ਾਸ਼ਨ ਵੱਲੋਂ ਸਾਂਝੀ ਥਾਂ ਤੇ ਜਨਤਕ ਮਾਫ਼ੀ ਮੰਗਣ ਦੀਆਂ ਸ਼ਰਤਾਂ ਤਹਿਤ ਸਮਝੌਤਾ ਸਿਰੇ ਚੜਿਆ। ਇਉਂ
ਸੰਗਤ ਇਲਾਕੇ ਵਿੱਚ ਲੜੇ ਗਏ ਇਸ ਸਫ਼ਲ ਘੋਲ ਦੀ ਚਰਚਾ ਨੇ ਜਿੱਥੇ ਸਭਾ ਦੇ ਕੰਮ ਨੂੰ ਪਕਿਆਈ ਦਿੱਤੀ
ਹੈ ਉੱਥੇ ਖੇਤ-ਮਜ਼ਦੂਰ ਹਿੱਸਿਆਂ ਵਿੱਚ ਆਪਣੀ ਜਥੇਬੰਦਕ ਤਾਕਤ ਦੇ ਜ਼ੋਰ ਡਾਢਿਆਂ ਵਿਰੁੱਧ ਭਿੜ ਸਕਣ
ਦੀ ਚੇਤਨਾ ਦਾ ਸੰਚਾਰ ਵੀ ਹੋਇਆ ਹੈ।
ਬੁੱਧੀਜੀਵੀਆਂ, ਜਮਹੂਰੀ ਹੱਕਾਂ ਦੇ ਕਾਰਕੁੰਨਾਂ ਅਤੇ ਵਿਦਿਆਰਥੀ
ਕਾਰਕੁੰਨਾਂ ਦੀ ਰਿਹਾਈ ਲਈ ਪ੍ਰਦਰਸ਼ਨ: ਕੇਦਰ ਦੀ ਮੋਦੀ ਹਕੂਮਤ ਨੇ ਲੋਕਾਂ ਖਿਲਾਫ ਬੋਲੇ ਹੋਏ ਫਾਸ਼ੀ
ਹੱਲੇ ਤਹਿਤ ਵਿਦਿਆਰਥੀ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਦੀਆਂ ਗਿ੍ਰਫ਼ਤਾਰੀਆਂ ਦਾ ਵੱਡਾ ਦਮਨ ਚੱਕਰ
ਚਲਾਇਆ ਹੋਇਆ ਹੈ। ਕੇਂਦਰੀ ਹਕੂਮਤ ਦੇ ਹੁਕਮਾਂ ’ਤੇ ਦਿੱਲੀ ਅਤੇ ਯੂ.ਪੀ. ਪੁਲਿਸ ਵੱਲੋਂ ਪਿਛਲੇ ਚਾਰ-ਪੰਜ ਮਹੀਨਿਆਂ ਦੌਰਾਨ ਅਜਿਹੇ ਦਰਜਨਾਂ
ਵਿਦਿਆਰਥੀ ਕਾਰਕੁੰਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਜਿਹੜੇ ਸੀ.ਏ.ਏ. ਵਿਰੋਧੀ ਅੰਦੋਲਨ ਦੌਰਾਨ
ਮੂਹਰਲੀਆਂ ਸਫ਼ਾਂ ਵਿੱਚ ਰਹਿ ਕੇ ਜੂਝ ਰਹੇ ਸਨ। ਦਰਜਨ ਤੋਂ ਉੱਪਰ ਬੁੱਧੀਜੀਵੀਆਂ ਅਤੇ ਜਮਹੂਰੀ
ਹੱਕਾਂ ਦੇ ਕਾਰਕੁੰਨਾਂ ਨੂੰ ਪਹਿਲਾਂ ਹੀ ਝੂਠੇ ਕੇਸ ਮੜ ਕੇ ਜੇਲਾਂ ਵਿੱਚ ਸੁੱਟਿਆ ਹੋਇਆ ਹੈ।
ਇਹਨਾਂ ਸਭਨਾਂ ਦੀ ਰਿਹਾਈ ਲਈ ਅਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਲਈ ਨੌਜਵਾਨ ਭਾਰਤ ਸਭਾ ਅਤੇ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸਰਗਰਮਾਂ ਵੱਲੋਂ 25 ਜੂਨ ਨੂੰ ਬਠਿੰਡਾ, ਸੁਨਾਮ-ਮੂਣਕ (ਸੰਗਰੂਰ), ਨਿਹਾਲ ਸਿੰਘ ਵਾਲਾ (ਮੋਗਾ) ਅਤੇ ਸਿਹੌੜਾ (ਲੁਧਿਆਣਾ)
ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਦਿਨ 1975 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮੁਲਕ ਵਿੱਚ ਐਮਰਜੈਂਸੀ ਲਗਾਈ ਸੀ।
ਮੌਜੂਦਾ ਸਮੇਂ ਦੀ ਮੋਦੀ ਹਕੂਮਤ ਵੱਲੋਂ ਵੀ ਅਣਐਲਾਨੀ ਐਮਰਜੈਂਸੀ ਲੋਕਾਂ ਉੱਪਰ ਮੜੀ ਹੋਈ ਹੈ।
ਦੋਹਾਂ ਹਾਕਮ ਜਮਾਤੀ ਪਾਰਟੀਆਂ ਦੀ ਸਮਾਨ ਖਸਲਤ ਉਘਾੜਨ ਹਿੱਤ ਇਸ ਵਿਸ਼ੇਸ਼ ਦਿਨ ਰੋਸ ਪ੍ਰਦਰਸ਼ਨ
ਜਥੇਬੰਦ ਕੀਤੇ ਗਏ। ਨੌਜਵਾਨ-ਵਿਦਿਆਰਥੀਆਂ ਨੇ ਹੱਥਾਂ ਵਿੱਚ ਗਿ੍ਰਫ਼ਤਾਰ ਕੀਤੇ ਬੁੱਧੀਜੀਵੀਆਂ,
ਵਿਦਿਆਰਥੀਆਂ ਅਤੇ ਜਮਹੂਰੀ
ਹੱਕਾਂ ਦੇ ਕਾਰਕੁੰਨਾਂ ਦੀਆਂ ਫੋਟੋਆਂ ਫੜ ਕੇ ਵੱਖ-ਵੱਖ ਖੇਤਰਾਂ ਵਿੱਚ ਮਾਰਚ ਕੀਤੇ। ਉਸ ਉਪਰੰਤ
ਜਨਤਕ ਥਾਵਾਂ ਜਾਂ ਚੌਕਾਂ ਵਿੱਚ ਮਨੁੱਖੀ ਕੜੀ ਬਣਾ ਕੇ ਨਾਅਰੇਬਾਜ਼ੀ ਕਰਦਿਆਂ ਗਿ੍ਰਫ਼ਤਾਰ ਕਾਰਕੁੰਨਾਂ
ਨੂੰ ਰਿਹਾਅ ਕਰਨ ਲਈ ਅਵਾਜ਼ ਉਠਾਈ। ਇਹਨਾਂ ਸਰਗਰਮਾਂ
ਦੀ ਤਿਆਰੀ ਲਈ ਵੱਖ-ਵੱਖ ਇਲਾਕਿਆਂ ਵਿੱਚ ਸਰਗਰਮਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਅਤੇ 25 ਜੂਨ ਨੂੰ ਕੀਤੇ ਗਏ
ਪ੍ਦਰਸ਼ਨਾਂ ਰਾਹੀਂ ਇਹ ਪ੍ਰਚਾਰਿਆ ਗਿਆ ਕਿ ਦਿੱਲੀ ਅਤੇ ਯੂ.ਪੀ. ਦੀਆਂ ਜਾਮੀਆ ਮਿਲੀਆ ਇਸਲਾਮੀਆ
ਯੂਨੀਵਰਸਿਟੀ ਅਤੇ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਦਰਜਨਾਂ ਵਿਦਿਆਰਥੀ ਕਾਰਕੁੰਨਾਂ ਨੂੰ ਲਾਕਡਾਊਨ
ਅਤੇ ਕਰਫ਼ਿਊ ਦੀ ਦਹਿਸਤ ਦੌਰਾਨ ਗਿ੍ਰਫਤਾਰ ਕਰਕੇ ਜੇਲੀਂ ਸੁੱਟ ਦਿੱਤਾ ਗਿਆ ਹੈ। ਸੀ.ਏ.ਏ. ਵਿਰੋਧੀ
ਸੰਘਰਸ਼ ਦੌਰਾਨ ਮੋਦੀ ਸਰਕਾਰ ਖਿਲਾਫ ਬੇਖੌਫ ਨਿਤਰਨ ਵਾਲੇ ਇਹਨਾਂ ਵਿਦਿਆਰਥੀਆਂ ਨੂੰ ਸਿਖਾਉਣ ਦੇ
ਮਨਸ਼ੇ ਨਾਲ ਅਜਿਹਾ ਜਬਰ ਕੀਤਾ ਜਾ ਰਿਹਾ ਹੈ। ਦੇਸ ਧ੍ਰੋਹ ਦੇ ਕੇਸਾਂ ਸੱਤ-ਇਕਵੰਜਾ ਵਾਂਗ ਵਰਤਿਆ ਜਾ
ਰਿਹਾ ਹੈ। ਇਹਨਾਂ ਗਿ੍ਰਫਤਾਰੀਆਂ ਅਤੇ ਕੇਸਾਂ ਰਾਹੀਂ ਮੋਦੀ ਸਰਕਾਰ ਮੁਲਕ ਭਰ ਦੇ ਨੌਜਵਾਨਾਂ ਨੂੰ
ਫਾਸ਼ੀ ਹਮਲੇ ਖਿਲਾਫ ਨਿਤਰਨ ਤੋਂ ਵਰਜਨਾ ਚਾਹੁੰਦੀ ਹੈ ਅਤੇ ਨੌਜਵਾਨ-ਵਿਦਿਆਰਥੀਆਂ ਦੇ ਮਨਾਂ ਵਿੱਚ
ਖੌਫ ਪੈਦਾ ਕਰਨਾ ਚਾਹੁਦੀ ਹੈ।
ਇਸੇ ਤਰਾਂ ਮੋਦੀ ਹਕੂਮਤ ਦੇ ਫਾਸ਼ੀ
ਹਮਲੇ ਖਿਲਾਫ ਗੂੰਜਦੀ ਆ ਰਹੀ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਅਵਾਜ਼ ਨੂੰ
ਬੰਦ ਕਰਨ ਲਈ ਹੀ ਮੁਲਕ ਦੇ ਨਾਮੀ ਬੁੱਧੀਜੀਵੀਆਂ ਨੂੰ ਜੇਲੀਂ ਡੱਕਿਆ ਜਾ ਰਿਹਾ ਹੈ। ਜੇਲਾਂ ਵਿੱਚ
ਸੁੱਟੇ ਗਏ ਇਹਨਂ ਬੁੱਧੀਜੀਵੀਆਂ ਵਿੱਚੋਂ ਵਡੇਰਾ ਹਿੱਸਾ ਵੱਡੀ ਉਮਰ ਅਤੇ ਗੰਭੀਰ ਬਿਮਾਰੀਆਂ ਦਾ
ਸ਼ਿਕਾਰ ਹੋਣ ਕਰਕੇ ਕਰੋਨਾ ਬਿਮਾਰੀ ਦੇ ਖਤਰੇ ਹੇਠ ਆਉਣ ਵਾਲੇ ਗਰੁੱਪ ਵਿੱਚ ਸ਼ੁਮਾਰ ਹੁੰਦਾ ਹੈ। ਪਰ
ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਇਹਨਾਂ ਕਾਰਕੁੰਨਾਂ ਨੂੰ ਜਮਾਨਤਾਂ ਤੋਂ ਇਨਕਾਰ ਕੀਤਾ ਗਿਆ ਹੈ।
ਜੀ.ਐਨ. ਸਾਈਂਬਾਬਾ ਅਤੇ ਵਰਵਰਾ ਰਾਉ ਵਰਗੇ ਕਾਰਕੁੰਨਾਂ ਨੂੰ ਇਲਾਜ ਖੁਣੋਂ ਹੀ ਮਰਨ ਲਈ ਸੁੱਟਿਆ ਜਾ
ਰਿਹਾ ਹੈ। ਇਹ ਸਾਰਾ ਜ਼ੁਲਮ ਇਹਨਾਂ ਕਾਰਕੁੰਨਾਂ ਦਾ ਮਨੋਬਲ ਤੋੜਨ ਅਤੇ ਦੇਸ਼ ਦੇ ਬੁੱਧੀਜੀਵੀ ਵਰਗ
ਨੂੰ ਸੁਣਾਉਣੀ ਕਰਨ ਲਈ ਹੈ ਕਿ ਉਹ ਹੱਕ-ਸੱਚ ਲਈ ਆਪਣਾ ਫਰਜ ਨਿਭਾਉਣੋ ਹਟ ਜਾਣ। ਇਹ ਸਾਰੀਆਂ
ਅਵਾਜ਼ਾਂ ਉਹ ਹਨ ਜੋ ਮੁਲਕ ਦੇ ਸਭ ਤੋਂ ਵਧੇਰੇ ਦਬਾਏ ਆਦਿਵਾਸੀਆਂ, ਦਲਿਤਾਂ, ਔਰਤਾਂ ਅਤੇ ਹਰ ਤਰਾਂ ਦੇ ਕਿਰਤੀ ਕਾਮਿਆਂ ਦੇ ਹੱਕ ਵਿੱਚ
ਅਤੇ ਵੱਡੇ ਸਰਮਾਏਦਾਰਾਂ ਦੇਸ਼ੀ-ਵਿਦੇਸ਼ੀ ਕੰਪਨੀਆਂ ਅਤੇ ਇਹਨਾਂ ਦੀਆਂ ਸੇਵਾਦਾਰ ਹਕੂਮਤਾਂ ਦੇ
ਜ਼ੁਲਮਾਂ ਖਿਲਾਫ ਉੱਠਦੀਆਂ ਰਹੀਆਂ ਹਨ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਮੂਹਰੇ ਮੁਲਕ ਦੇ
ਬੁੱਧੀਜੀਵੀ ਅਤੇ ਜਮਹੂਰੀ ਕਾਮੇ ਡਟ ਕੇ ਖਲੋ ਗਏ ਤੇ ਇਸੇ ਕਰਕੇ ਮੋਦੀ ਹਕੂਮਤ ਦੇ ਚੋਟ ਨਿਸ਼ਾਨੇ ਤੇ
ਹਨ।
ਇਹ ਗੱਲ ਵਿਸ਼ੇਸ਼ ਤੌਰ ’ਤੇ ਉਭਾਰੀ ਗਈ ਕਿ ਮੋਦੀ ਸਰਕਾਰ ਦੇ ਸਮੁੱਚੇ ਫਿਰਕੂ
ਫਾਸ਼ੀ ਹਮਲੇ ਦਾ ਮਕਸਦ ਦੇਸ਼ੀ-ਵਿਦੇਸ਼ੀ ਧਨਾਢਾਂ ਲਈ ਮੁਲਕ ਨੂੰ ਲੁਟਾਉਣਾ ਹੈ। ਕਰੋਨਾ ਸੰਕਟ ਦੀ ਆੜ
ਲੈ ਕੇ ਲੋਕਾਂ ਦੇ ਹਿੱਤਾਂ ’ਤੇ ਬੋਲਿਆ ਅਰਥਿਕ
ਹੱਲਾ ਅਤੇ ਹੋਰ ਤੇਜ ਕੀਤਾ ਜਾਬਰ ਹੱਲਾ ਵੀ ਦੱਸਦਾ ਹੈ। ਇਸ ਹਮਲੇ ਖਿਲਾਫ ਲੋਕਾਂ ਨੂੰ ਇੱਕਜੁਟ ਹੋ
ਕੇ ਨਿਤਰਨਾ ਚਾਹੀਦਾ ਹੈ।
ਕਰੋਨਾ ਲਾਕਡਾਊਨ ਦੌਰਾਨ ਹਾਸਲ
ਸਮਰੱਥਾ ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਇਹਨਾਂ ਅਸਰਦਾਰ ਪ੍ਰਦਰਸ਼ਨਾਂ ਦੀ ਮਹੱਤਤਾ ਹੈ।
ਇਹਨਾਂ ਪ੍ਰਦਰਸ਼ਨਾਂ ਰਾਹੀਂ ਜਿੱਥੇ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੇ ਮੋਦੀ ਹਕੂਮਤ ਤੋਂ ਖੌਫਜਦਾ
ਹੋਣ ਤੋਂ ਇਨਕਾਰ ਕੀਤਾ ਹੈ ਉੱਥੇ ਜ਼ੁਲਮ ਖਿਲਾਫ ਡਟਣ ਦੀ ਸੰਗਰਾਮੀ ਵਿਰਾਸਤ ਬੁਲੰਦ ਕੀਤੀ ਹੈ। ਮੁਲਕ
ਦੇ ਬੁੱਧੀਜੀਵੀਆਂ, ਵਿਦਿਆਰਥੀ
ਕਾਰਕੁੰਨਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ
ਦੀ ਅਵਾਜ ਵੀ ਬੁਲੰਦ ਹੋਈ ਹੈ ਅਤੇ ਨਾਲ ਹੀ ਇਹ ਸਰਗਰਮੀ ਸੂਬੇ ਦੇ ਜਮਹੂਰੀ ਹਲਕਿਆਂ ਵਿੱਚ ਇਸ ਮਸਲੇ
’ਤੇ ਅਮਲੀ ਸਰਗਰਮੀ ਦੀ ਲੋੜ
ਉਭਾਰਨ ਦਾ ਜਰੀਆ ਵੀ ਬਣੀ ਹੈ।
ਸ਼ਹੀਦ ਪਿ੍ਰਥੀਪਾਲ
ਸਿੰਘ ਰੰਧਾਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ : ਪੰਜਾਬ ਦੀ ਇਨਕਲਾਬੀ ਨੌਜਵਾਨ-ਵਿਦਿਆਰਥੀ ਲਹਿਰ
ਦੇ ਸਿਰਮੌਰ ਆਗੂ ਸ਼ਹੀਦ ਪਿ੍ਰਥੀਪਾਲ ਸਿੰਘ ਰੰਧਾਵਾ ਦੀ 41ਵੀਂ ਬਰਸੀ ਮੌਕੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ
ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਇਲਾਕਾ ਪੱਧਰੀ ਸਮਾਗਮ ਜਥੇਬੰਦ ਕੀਤੇ ਗਏ। ਕਰੋਨਾ
ਸੰਕਟ ਹੇਠ ਹੋਰਨਾਂ ਖੇਤਰਾਂ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ ਉਜਾੜੇ ਦੇ ਤੇਜ ਕੀਤੇ ਹਮਲੇ ਅਤੇ
ਲੋਕਾਂ ਦੇ ਇੱਕਠੇ ਹੋਣ ਅਤੇ ਸੰਘਰਸ਼ ਕਰਨ ਦੇ ਹੱਕ ’ਤੇ ਮੜੀਆਂ ਪਾਬੰਦੀਆਂ ਦੇ ਦੌਰ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ
ਨੌਜਵਾਨ-ਵਿਦਿਆਰਥੀਆਂ ਵੱਲੋਂ ਆਪਣੇ ਮਹਿਬੂਬ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਦਾ ਵਿਸ਼ੇਸ਼
ਮਹੱਤਵ ਸੀ। ਪਿ੍ਰਥੀਪਾਲ ਰੰਧਾਵਾ ਦੀ ਅਗਵਾਈ ਵਾਲੀ ਵਿਦਿਆਰਥੀ ਲਹਿਰ ਦੀ ਅਜਿਹੇ ਕਾਲੇ ਦੌਰ ਦੌਰਾਨ
ਖੜਨ-ਡਟਣ ਦੀ ਵਿਰਾਸਤ ਦੇ ਨੌਜਵਾਨਾਂ ਨੂੰ ਲੜ ਲਾਉਣ ਪੱਖੋਂ ਇਹ ਸਰਗਰਮੀ ਅਹਿਮ ਸੀ। 18 ਜੁਲਾਈ ਦੀਆਂ ਇੱਕਤਰਤਾਵਾਂ ਤੋਂ ਪਹਿਲਾਂ ਵੱਖ-ਵੱਖ
ਇਲਾਕਿਆਂ ਵਿੱਚ ਵਿਆਪਕ ਮੁਹਿੰਮ ਚਲਾਈ ਗਈ। ਬਠਿੰਡਾ ਜ਼ਿਲੇ ਦੇ ਪਿੰਡ ਮੌੜ ਚੜਤ ਸਿੰਘ, ਮੌੜ ਖੁਰਦ, ਮਾਇਸਰਖਾਨਾ, ਬੁਰਜ ਸੇਮਾ, ਮਾੜੀ, ਲਹਿਰਾ ਮੁਹੱਬਤ, ਭੁੱਚੋ ਖੁਰਦ,
ਗਿੱਦੜ, ਖੇਮੂਆਣਾ, ਘੁੱਦਾ, ਬਾਂਡੀ, ਕੋਟਗੁਰੂ, ਦਬੜੀਖਾਨਾ (ਫਰੀਦਕੋਟ), ਹਿੰਮਤਪੁਰਾ (ਮੋਗਾ), ਸੰਗਰੂਰ ਦੇ ਪਿੰਡ ਚੂੜਲ ਕਲਾਂ, ਚੋਟੀਆਂ, ਬਖਸ਼ੀਵਾਲਾ, ਸ਼ੇਖੂਪੁਰਾ, ਮੂਣਕ, ਭੂੰਦੜ, ਭੈਣੀ, ਬੰਗਾਂ, ਭੂਟਾਲ ਕਲਾਂ, ਬੱਲਰਾਂ, ਯੂਨੀਵਰਸਿਟੀ ਕਾਲਜ ਮੂਣਕ, ਧਰਮਗੜ, ਭੈਣੀ ਮਹਿਰਾਜ ਅਤੇ ਸਿਹੌੜਾ (ਲੁਧਿਆਣਾ) ਵਿਖੇ ਨੌਜਵਾਨ-ਵਿਦਿਆਰਥੀਆਂ ਦੀਆਂ ਜਨਤਕ ਮੀਟਿੰਗਾਂ
ਕਰਵਾਈਆਂ ਗਈਆਂ। ਮੀਟਿੰਗਾਂ ਦੌਰਾਨ ਬੁਲਾਰਿਆਂ ਨੇ ਸੱਤਰ ਦੇ ਦਹਾਕਿਆਂ ਵਿੱਚ ਪਿ੍ਰਥੀਪਾਲ ਸਿੰਘ
ਰੰਧਾਵਾ ਦੀ ਅਗਵਾਈ ਵਿੱਚ ਦਹਾਕਾ ਭਰ ਚੱਲੀ ਵਿਦਿਆਰਥੀ ਲਹਿਰ ਦੌਰਾਨ ਹੋਏ ਰੀਗਲ ਸਿਨੇਮਾ ਘੋਲ,
ਬੱਸ ਪਾਸਾਂ ਸਬੰਧੀ ਘੋਲ,
ਸੰਗਰਾਮ ਰੈਲੀ, ਐਮਰਜੈਂਸੀ ਖਿਲਾਫ਼ ਘੋਲ, ਬੱਸ ਕਿਰਾਇਆ ਘੋਲ ਆਦਿ ਦੀ ਵਿਸਥਾਰ ਵਿੱਚ ਜਾਣਕਾਰੀ
ਦਿੱਤੀ। ਉਹਨਾਂ ਦੱਸਿਆ ਕਿ ਸੱਤਰ ਦੇ ਦਹਾਕੇ ਵਿਚਲੀ ਲਹਿਰ ਦਾ ਦੌਰ ਕੇਵਲ ਪੰਜਾਬ ਦੀ ਵਿਦਿਆਰਥੀ
ਲਹਿਰ ਦਾ ਇਤਿਹਾਸ ਨਹੀਂ ਬਲਕਿ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦਾ ਸੰਗਰਾਮੀ ਇਤਿਹਾਸ ਹੈ। ਉਸ
ਸਮੇਂ ਪਿ੍ਰਥੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਪੰਜਾਬ ਦੀ ਧਰਤੀ ’ਤੇ ਹਕੂਮਤਾਂ ਦੇ ਜਬਰ ਖਿਲਾਫ ਡਟ ਕੇ ਮੱਥਾ ਲਾਇਆ ਸੀ
ਅਤੇ ਲੋਕਾਂ ਨੂੰ ਏਕੇ ਅਤੇ ਸੰਘਰਸ਼ ਦੇ ਰਾਹ ਤੋਰਿਆ ਸੀ। ਪਿਰਥੀ ਦੀਆਂ ਦੇਣਾਂ ਅਮਰ ਹਨ। ਅੱਜ ਵੀ
ਵਿਦਿਆਰਥੀ ਲਹਿਰ ਨੂੰ ਇਹਨਾਂ ਤੋਂ ਪ੍ਰੇਰਨਾ ਅਤੇ ਰੌਸ਼ਨੀ ਲੈ ਕੇ ਅੱਗੇ ਵਧਣ ਦੀ ਜਰੂਰਤ ਹੈ। 18 ਜੁਲਾਈ ਨੂੰ ਬਠਿੰਡਾ ਜਿਲੇ ਦੇ ਕੋਟਗੁਰੂ (ਸੰਗਤ
ਇਲਾਕਾ), ਮੌੜ ਚੜਤ ਸਿੰਘ
(ਮੌੜ ਇਲਾਕਾ), ਭੁੱਚੋ ਖੁਰਦ,
ਖੇਮੂਆਣਾ (ਇਲਾਕਾ ਨਥਾਣਾ),
ਮੂਣਕ (ਸੰਗਰੂਰ), ਤਖਤੂਪੁਰਾ (ਮੋਗਾ), ਸਿਹੋੜਾ (ਲੁਧਿਆਣਾ) ਅਤੇ ਦਬੜੀਖਾਨਾ (ਫਰੀਦਕੋਟ) ਵਿਖੇ
ਨੌਜਵਾਨ-ਵਿਦਿਆਰਥੀਆਂ ਦੀਆਂ ਇੱਕਤਰਤਾਵਾਂ ਕੀਤੀਆਂ ਗਈਆਂ। ਇਹਨਾਂ ਇੱਕਤਰਤਾਵਾਂ ਵਿੱਚ ਵੱਖ-ਵੱਖ
ਥਾਵਾਂ ਤੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਹਕੂਮਤ ਵਾਂਗ ਹੀ
ਕਰੋਨਾ ਸੰਕਟ ਦੀ ਆੜ ’ਚ ਲੋਕਾਂ ਦੇ ਹੱਕਾਂ
’ਤੇ ਵਾਰ ਕਰ ਰਹੀ ਹੈ ਤੇ ਵੱਡੇ
ਧਨਾਢਾਂ ਦੇ ਹਿੱਤਾਂ ਦੀ ਪੂਰਤੀ ਲਈ ਟਿੱਲ ਲਾ ਰਹੀ ਹੈ। ਸਿੱਖਿਆ ਖੇਤਰ ਵਿੱਚ ਵੀ ਇਹੀ ਕੁੱਝ ਕੀਤਾ
ਜਾ ਰਿਹਾ ਹੈ। ਪੰਜਾਬ ਵਿੱਚੋਂ ਪਹਿਲਾਂ ਹੀ ਸਰਕਾਰੀ ਖੇਤਰ ਦੀ ਸਫ਼ ਵਲੇਟਣ ਦਾ ਅਮਲ ਵਿੱਢਿਆ ਹੋਇਆ
ਹੈ ਤੇ ਕਰੋਨਾ ਸੰਕਟ ਦੀ ਆੜ ’ਚ ਸਿੱਖਿਆ ਦੇ ਹੱਕ ’ਤੇ ਇਹ ਹਮਲਾ ਹੋਰ ਤੇਜ ਕਰ ਦਿੱਤਾ ਗਿਆ ਹੈ। ਲੋਕਾਂ ਦੀ
ਲੁੱਟ ਦੇ ਖੇਤਰ ਵਜੋਂ ਪੈਰ ਪਸਾਰ ਚੁੱਕੇ ਨਿੱਜੀ ਸਕੂਲਾਂ ਨੂੰ ਫੀਸਾਂ ਬਟੋਰਨ ਦੀ ਖੁੱਲ ਦੇਣ ਤੋਂ
ਲੈ ਕੇ ਮੈਡੀਕਲ ਸਿੱਖਿਆ ਦੀਆਂ ਫੀਸਾਂ ਦੇ ਵਾਧੇ ਦੇ ਕਦਮ ਚੁੱਕੇ ਗਏ ਹਨ। ਪੰਜਾਬੀ ਯੂਨੀਵਰਸਿਟੀ ਦੇ
ਕਾਲਜਾਂ ਵਿੱਚ ਐਸ.ਸੀ. ਵਿਦਿਆਰਥੀਆਂ ’ਤੇ ਪੀ.ਟੀ.ਏ. ਫੰਡ
ਦਾ ਬੋਝ ਵੀ ਲੱਦ ਦਿੱਤਾ ਗਿਆ ਹੈ। ਇਸ ਲੋਕ ਵਿਰੋਧੀ ਅਮਲ ਵਿੱਚ ਹਾਈਕੋਰਟ ਵੀ ਹਿੱਸੇਦਾਰ ਬਣ ਰਹੀ
ਹੈ। ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਸਰਕਾਰੀ ਵਿਭਾਗਾਂ
ਵਿੱਚੋਂ ਅਸਾਮੀਆਂ ਹੀ ਖਤਮ ਕਰ ਦੇਣ ਦਾ ਰਾਹ ਫੜ ਲਿਆ ਗਿਆ ਹੈ। ਉੱਪਰੋਂ ਸਰਕਾਰ ਨੇ ਇੱਕਠੇ ਹੋਣ ਦੇ
ਹੱਕ ’ਤੇ ਵੀ ਡਾਕਾ ਮਾਰਿਆ ਹੈ।
ਐਸ.ਸੀ. ਵਿਦਿਆਰਥੀਆਂ ’ਤੇ ਪੰਜਾਬੀ
ਯੂਨੀਵਰਸਿਟੀ ਦੇ ਕਾਲਜਾਂ ਵਿੱਚ ਪੀ.ਟੀ.ਏ. ਫੰਡ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਸੰਘਰਸ਼ਾਂ
ਤੇ ਪਾਬੰਦੀਆਂ ਮੜਨ ਖਿਲਾਫ ਜਨਤਕ ਲਾਮਬੰਦੀ
ਕਰਦਿਆਂ ਰੋਸ ਪੰਦਰਵਾੜਾ ਮਨਾਉਣ ਦਾ ਐਲਾਨ ਕੀਤਾ ਗਿਆ। ਇਨਕਲਾਬੀ ਕਵੀ ਵਰਵਰਾ ਰਾਉ ਸਮੇਤ
ਸਭਨਾਂ ਬੁੱਧੀਜੀਵੀਆਂ , ਜਮਹੂਰੀ ਹੱਕਾਂ ਦੇ
ਕਾਰਕੁੰਨਾਂ ਨੂੰ ਰਿਹਾਅ ਕਰਨ ਲਈ, ਤਿੰਨ ਖੇਤੀ
ਆਰਡੀਨੈਂਸ ਅਤੇ ਬਿਜਲੀ ਬਿੱਲ 2020 ਰੱਦ ਕਰਨ,
ਪੰਜਾਬੀ ਯੂਨੀਵਰਸਿਟੀ ਦੇ
ਕਾਲਜਾਂ ਵਿੱਚ ਐਸ.ਸੀ. ਵਿਦਿਆਰਥੀਆਂ ’ਤੇ ਲਾਗੂ ਕੀਤਾ
ਪੀ.ਟੀ.ਏ. ਫੰਡ ਵਾਪਿਸ ਲੈਣ ਦੇ ਮਤੇ ਹਾਜਰ ਇੱਕਠਾਂ ਵੱਲੋਂ ਪਾਸ ਕੀਤੇ ਗਏ। ਇਹਨਾਂ ਪ੍ਰੋਗਰਾਮਾਂ
ਦੀ ਸਮਾਪਤੀ ਤੇ ਮੌੜ, ਘੁੱਦਾ, ਖੇਮੂਆਣਾ, ਭੁੱਚੋ ਖੁਰਦ ਅਤੇ ਮੂਣਕ ਵਿਖੇ ਮਾਰਚ ਵੀ ਕੀਤੇ ਗਏ।
No comments:
Post a Comment