Monday, October 5, 2020

ਕਰੋਨਾ/ ਲਾਕਡਾਊਨ ਦੌਰਾਨ ਵਿਦਿਆਰਥੀ ਸਰਗਰਮੀ

 

   ਕਰੋਨਾ/ ਲਾਕਡਾਊਨ ਦੌਰਾਨ ਵਿਦਿਆਰਥੀ ਸਰਗਰਮੀ  

ਕਰੋਨਾ ਮਹਾਂਮਾਰੀ ਸੰਸਾਰ ਲਈ ਇੱਕ ਆਫ਼ਤ ਬਣ ਕੇ ਆਈ ਹੈ। ਮੁਲਕ ਦੇ ਹਾਕਮ ਇਸ ਨੂੰ ਵਰਤਣ ਤੁਰ ਪਏ ਹਨ। ਇਸਦਾ ਲਾਹਾ ਲੈਂਦਿਆਂ ਹਾਕਮਾਂ ਨੇ ਖੇਤੀ ਸੈਕਟਰ, ਖਣਿਜ, ਕੋਲਾ ਖਾਣਾ, ਹਵਾਬਾਜੀ, ਰੇਲਵੇ, ਪੁਲਾੜ ਤੇ ਬਿਜਲੀ ਸੈਕਟਰ ਦੇ ਬੂਹੇ ਸਾਮਰਾਜੀ ਪ੍ਰਭੂਆਂ ਲਈ ਚੌਪੱਟ ਖੋਲ ਦਿੱਤੇ ਹਨ। ਸੈਂਟਰ ਅਤੇ ਸੂਬਾਈ ਸਰਕਾਰਾਂ ਕਿਰਤ ਕਾਨੂੰਨ ਖਤਮ ਕਰਕੇ ਕਾਮਿਆਂ ਦੀ ਛਾਂਟੀ ਕਰਨ ਦੇ ਰਾਹ ਤੁਰੀਆਂ ਹਨ। ਕਰੋਨਾ ਤੇ ਲਾਕਡਾਊਨ ਦੀ ਆੜ ਚ ਸਰਕਾਰ ਵੱਲੋਂ ਹੋਰਨਾਂ ਸਰਕਾਰੀ ਖੇਤਰਾਂ ਵਾਂਗ ਸਿੱਖਿਆ ਦਾ ਨਿੱਜੀਕਰਨ ਕਰਨ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ। ਮੌਜੂਦਾ ਸੰਕਟ ਦੇ ਸਮੇਂ ਕੇਂਦਰੀ ਕੈਬਨਿਟ ਨੇ ਸਿੱਖਿਆ ਦਾ ਨਿੱਜੀਕਰਨ, ਕੇਂਦਰੀਕਰਨ ਤੇ ਭਗਵਾਂਕਰਨ ਕਰਨ ਦੀ ਦਿਸ਼ਾ ਚ ਅੱਗੇ ਵਧਦਿਆਂ ਨਵੀਂ ਸਿੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿਰੋਂ ਸਿਲੇਬਸਾਂ ਦਾ ਭਾਰ ਘਟਾਉਣ ਦੇ ਬਹਾਨੇ ਹੇਠ ਸਿਲੇਬਸ ਦੇ ਮੁੱਖ ਧਰਮ ਨਿਰਪੱਖਤਾ, ਸਮਾਜਵਾਦ ਅਤੇ ਲੋਕ ਲਹਿਰਾਂ ਦੇ ਇਤਿਹਾਸ ਵਰਗੇ ਚੈਪਟਰ ਖਤਮ ਕਰ ਦਿੱਤੇ ਗਏ ਹਨ। ਭਾਜਪਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜ ਸਾਲਾ ਕੋਰਸ ਦੀ ਫੀਸ ਵਿੱਚ 77 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ। ਮਾਪਿਆਂ ਦੀ ਲੁੱਟ ਦਾ ਸੋਮਾ ਬਣੇ ਪ੍ਰਾਈਵੇਟ ਸਕੂਲਾਂ ਵੱਲੋਂ ਕਈ ਮਹੀਨਿਆਂ ਤੋਂ ਸਕੂਲ ਬੰਦ ਰਹਿਣ ਦੇ ਬਾਵਜੂਦ ਵੀ ਮਾਪਿਆਂ ਤੋਂ ਪੂਰੀਆਂ ਫੀਸਾਂ ਮੰਗੀਆਂ ਜਾ ਰਹੀਆਂ ਹਨ। ਕਰੋਨਾ ਸੰਕਟ ਦਾ ਲਾਹਾ ਲੈਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਅਧੀਨ ਪੈਂਦੇ ਕੰਸਟੀਚਿਊਟ ਕਾਲਜਾਂ, ਰੀਜ਼ਨਲ ਸੈਂਟਰਾਂ ਤੇ ਨੇਬਰਹੁੱਡ ਕੈਂਪਸਾਂ ਚ ਪੜਦੇ ਐਸ.ਸੀ. ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਵਸੂਲਣ ਦੇ ਫਰਮਾਨ ਜਾਰੀ ਕੀਤੇ ਗਏ ਹਨ। ਇਹ ਸਾਰੇ ਫੈਸਲੇ ਅਜਿਹੇ ਸਮੇਂ ਕੀਤੇ ਗਏ ਜਦੋਂ ਕਾਲਜ ਕਈ ਮਹੀਨਿਆਂ ਤੋਂ ਬੰਦ ਪਏ ਹਨ ਤੇ ਸਰਕਾਰ ਕਰੋਨਾ/ ਲਾਕਡਾਊਨ ਦੀ ਆੜ 144 ਲਾ ਕੇ ਸਭਨਾਂ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੇ ਰਾਹ ਤੁਰੀ ਹੋਈ ਹੈ। ਅਜਿਹੇ ਸਮੇਂ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ 70ਵਿਆਂ ਦੀ ਇਨਕਲਾਬੀ ਨੌਜਵਾਨ-ਵਿਦਿਆਰਥੀ ਲਹਿਰ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਮਹਿਬੂਬ ਸ਼ਹੀਦ ਪਿ੍ਰਥੀਪਾਲ ਰੰਧਾਵਾ ਦਾ 18 ਜੁਲਾਈ ਨੂੰ ਪੰਜਾਬ ਚ ਵੱਖ-ਵੱਖ ਥਾਵਾਂ ਤੇ ਸ਼ਹੀਦੀ ਦਿਨ ਮਨਾਇਆ ਗਿਆ ਅਤੇ ਸਰਕਾਰ ਵੱਲੋਂ ਕਰੋਨਾ ਦੀ ਆੜ ਚ ਕੀਤੇ ਵਿਦਿਆਰਥੀ ਵਿਰੋਧੀ ਫੈਸਲਿਆਂ ਤੇ ਸੰਘਰਸ਼ ਕਰਨ ਦੇ ਹੱਕ ਤੇ ਮੜੀਆਂ ਪਾਬੰਦੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। 18 ਜੁਲਾਈ ਨੂੰ ਪੰਜਾਬ ਸਟੂਡੈਂਟਸ ਯੂਨੀਅਨ(ਸ਼ਹੀਦ ਰੰਧਾਵਾ) ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿ੍ਰਥੀਪਾਲ ਸਿੰਘ ਰੰਧਾਵਾ ਦੇ ਸ਼ਹਾਦਤ ਦਿਨ ਤੇ ਸਰਕਾਰ ਵੱਲੋਂ ਕਰੋਨਾ ਦੀ ਆੜ ਚ ਕੀਤੇ ਵਿਦਿਆਰਥੀ ਵਿਰੋਧੀ ਫੈਸਲਿਆਂ ਦੇ ਵਿਰੋਧ ਚ ਰੋਸ ਪੰਦਰਵਾੜਾ ਮਨਾਉਣ ਦਾ ਫੈਸਲਾ ਕੀਤਾ। ਰੋਸ ਪੰਦਰਵਾੜੇ ਦੌਰਾਨ ਨਾ ਸਿਰਫ ਵਿਦਿਆਰਥੀਆਂ ਨੇ ਸਰਕਾਰੀ ਪਾਬੰਦੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸਗੋਂ ਆਪਣੀ ਛੋਟੀ ਤਾਕਤ ਦੇ ਸਿਰ ਤੇ ਕਈ ਅਹਿਮ ਪ੍ਰਾਪਤੀਆਂ ਕੀਤੀਆਂ। ਇਸ ਦੌਰਾਨ ਵੱਖ-ਵੱਖ ਕਾਲਜਾਂ ਵਿੱਚ ਵਿਦਿਆਰਥੀਆਂ ਨੇ ਸਫਲ ਸਰਗਰਮੀ ਕੀਤੀ।

ਯੂਨੀਵਰਸਿਟੀ ਕਾਲਜ ਮੂਣਕ (ਸੰਗਰੂਰ): ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੰਸਟੀਚਿਊਟ ਕਾਲਜਾਂ, ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਵਿੱਚ ਪੜਦੇ ਐਸ.ਸੀ./ਐਸ.ਟੀ. ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਵਸੂਲਣ ਦੇ ਕੀਤੇ ਫੈਸਲੇ ਦੇ ਖਿਲਾਫ ਮੂਣਕ ਕਾਲਜ ਦੇ ਵਿਦਿਆਰਥੀਆਂ ਨੇ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ 22 ਜੁਲਾਈ ਨੂੰ ਕਾਲਜ ਪਿ੍ਰੰਸੀਪਲ ਨੂੰ ਮੰਗ ਪੱਤਰ ਦਿੱਤਾ । 24 ਜੁਲਾਈ ਨੂੰ ਪੀ.ਐਸ.ਯੂ. (ਐਸ.ਆਰ.), ਪੀ.ਐਸ.ਯੂ. (ਐਲ) ਅਤੇ ਪੀ.ਆਰ.ਐਸ.ਯੂ. ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਇੱਕ ਵਫਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਲਣ ਲਈ ਗਿਆ। ਵਫਦ ਨੂੰ ਯੂਨੀਵਰਸਿਟੀ ਸਕਿਉਰਟੀ ਨੇ ਗੇਟ ਤੇ ਰੋਕ ਲਿਆ ਤੇ ਅੰਦਰ ਜਾਣ ਤੋਂ ਮਨਾਂ ਕਰ ਦਿੱਤਾ। ਜਥੇਬੰਦੀਆਂ ਨੇ ਆਪਸੀ ਸਲਾਹ ਨਾਲ ਅੰਦਰ ਜਾਣ ਦਾ ਫੈਸਲਾ ਕਰਕੇ ਯੂਨੀਵਰਸਿਟੀ ਅਥਾਰਟੀ ਦੀਆਂ ਪਾਬੰਦੀਆਂ ਨੂੰ ਤੋੜ ਕੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਰੋਹ ਭਰਪੂਰ ਮੁਜਾਹਰਾ ਕਰਕੇ ਵਾਈਸ ਚਾਂਸਲਰ ਦੇ ਗੇਟ ਤੇ ਧਰਨਾ ਦਿੱਤਾ। ਵਿਦਿਆਰਥੀ ਜਥੇਬੰਦੀ ਦੇ ਨੁਮਾਇੰਦਿਆਂ ਦੀ ਯੂਨੀਵਰਸਿਟੀ ਅਥਾਰਟੀ ਨਾਲ ਹੋਈ ਮੀਟਿੰਗ ਵਿੱਚ ਅਥਾਰਟੀ ਵੱਲੋਂ ਇੱਕ ਹਫਤੇ ਦੇ ਅੰਦਰ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਜਥੇਬੰਦੀਆਂ ਵਲੋਂ  ਧਰਨਾ ਖਤਮ ਕਰ ਦਿੱਤਾ ਗਿਆ। ਇਸ ਦੌਰਾਨ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਕਾਰਕੁੰਨਾਂ ਵੱਲੋਂ ਦੋ ਦਰਜਨ ਦੇ ਲੱਗਭਗ ਮੂਣਕ ਤੇ ਬਹਾਦਰਪੁਰ ਦੇ ਯੂਨੀਵਰਸਿਟੀ ਕਾਲਜਾਂ ਚ ਪੜਦੇ ਵਿਦਿਆਰਥੀਆਂ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਵਾਈਆਂ ਗਈਆਂ। ਇੱਕ ਹਫਤਾ ਲੰਘਣ ਦੇ ਬਾਅਦ ਵੀ ਜਦੋਂ ਯੂਨੀਵਰਸਿਟੀ ਅਥਾਰਟੀ ਦਾ ਕੋਈ ਸੁਨੇਹਾ ਨਾ ਆਇਆ ਤਾਂ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਮੂਣਕ ਕਾਲਜ ਦੇ ਵਿਦਿਆਰਥੀਆਂ ਨੇ 30 ਜੁਲਾਈ ਨੂੰ ਕਾਲਜ ਚ ਧਰਨਾ ਦੇਣ ਦਾ ਐਲਾਨ ਕਰ ਦਿੱਤਾ। ਧਰਨੇ ਵਾਲੇ ਦਿਨ ਜਦੋਂ ਵਿਦਿਆਰਥੀ ਕਾਲਜ ਗੇਟ ਤੇ ਇੱਕਠੇ ਹੋਣੇ ਸ਼ੁਰੂ ਹੋਏ ਤਾਂ ਕਾਲਜ ਦੇ ਸਕਿਉਰਟੀ ਗਾਰਡਾਂ ਨੇ ਦੱਸਿਆ ਕਿ ਪਿ੍ਰੰਸੀਪਲ ਵੱਲੋਂ ਸੰਘਰਸ਼ੀ ਵਿਦਿਆਰਥੀਆਂ ਨੂੰ ਕਾਲਜ ਦੇ ਅੰਦਰ ਵੜਨ ਦੀ ਮਨਾਹੀ ਕੀਤੀ ਗਈ ਹੈ ਅਤੇ ਉਹਨਾਂ ਨੇ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ। ਪਿ੍ਰੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਕਾਲਜ ਦੇ ਅੰਦਰ ਵੜਨ ਤੋਂ ਰੋਕਣ ਲਈ ਇੱਕ ਦਰਜਨ ਦੇ  ਕਰੀਬ ਪੁਲਿਸ ਮੁਲਾਜ਼ਮ ਵੀ ਗੇਟ ਤੇ ਖੜਾਏ ਗਏ। ਕੁੱਝ ਸਮੇਂ ਚ ਜ਼ੋਰਦਾਰ ਮੀਂਹ ਪੈਣਾ ਸੁਰੂ ਹੋ ਗਿਆ,ਵਿਦਿਆਰਥੀਆਂ ਨੇ ਵਰਦੇ ਮੀਂਹ ਚ ਕਾਲਜ ਗੇਟ ਤੇ ਰੈਲੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਵਿਦਿਆਰਥੀ ਰੋਸ ਦੇ ਝਲਕਾਰੇ ਦੇਖਣ ਵਾਲੇ ਸਨ। ਵਿਦਿਆਰਥੀਆਂ ਨੇ ਜ਼ੋਰਦਾਰ ਮੀਂਹ ਦੇ ਬਾਵਜੂਦ ਹੱਥਾਂ ਚ ਫੜੀਆਂ ਤਖਤੀਆਂ ਨੂੰ ਇੱਕ ਵਾਰ ਵੀ ਹਿਲਾਇਆ ਤੱਕ ਨਾ ਤੇ ਮੀਂਹ ਚ ਭਿੱਜਦੇ ਸਿਰਾਂ ਤੇ ਚੁੰਨੀਆਂ ਦਾ ਪੱਲੂ ਲੈਣ ਦੀ ਪਰਵਾਹ ਨਾ ਕੀਤੀ। ਇੰਨੇ ਨੂੰ ਇੱਕ ਕਰੂਜਰ ਗੱਡੀ ਚ ਆਏ ਵਿਦਿਆਰਥੀ ਨਾਹਰੇ ਮਾਰਦੇ ਰੈਲੀ ਵਿੱਚ ਸ਼ਾਮਲ ਹੋ ਗਏ, ਇਸਨੇ ਵਿਦਿਆਰਥੀਆਂ ਦੇ ਰੋਹ ਤੇ ਜੋਸ਼ ਨੂੰ ਦੂਣਾ ਕਰ ਦਿੱਤਾ। ਵਿਦਿਆਰਥੀਆਂ ਨੇ ਆਪਣੇ ਸਿਰਾਂ ਤੇ ਉਸਰੇ ਕਾਲਜ ਦੇ ਅੰਦਰ ਵੜਨ ਦਾ ਐਲਾਨ ਕਰ ਦਿੱਤਾ। ਵਿਦਿਆਰਥੀ ਮੁਜਾਹਰਾ ਕਰਦੇ ਹੋਏ ਨਾਹਰੇ ਮਾਰਦੇ ਕਾਫਲੇ ਦੇ ਰੂਪ ਵਿੱਚ ਪਾਰਕਿੰਗ ਵਾਲੇ ਗੇਟ ਰਾਹੀਂ ਕਾਲਜ ਦੇ ਅੰਦਰ ਦਾਖਲ ਹੋ ਗਏ ਅਤੇ ਫਿਰ ਪੂਰੇ ਕਾਲਜ ਚ ਮੁਜਾਹਰਾ ਕਰਕੇ ਧਰਨਾ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਦੇ ਰੋਹ ਤੇ ਜੋਸ਼ ਨੂੰ ਭਾਂਪਦਿਆਂ ਕਾਲਜ ਸਕਿਉਰਟੀ ਤੇ ਪੁਲਿਸ ਮੁਲਾਜ਼ਮਾਂ ਨੇ ਵਿਦਿਆਰਥੀਆਂ ਦੇ ਨੇੜੇ ਲੱਗਣ ਦੀ ਹਿੰਮਤ ਨਾ ਕੀਤੀ ਤੇ ਮੂਕ ਦਰਸ਼ਕ ਬਣਕੇ ਬੈਠੇ ਰਹੇ। ਵਿਦਿਆਰਥੀਆਂ ਨੇ ਇਸ ਦਿਨ ਕਾਲਜ ਵੱਲੋਂ ਸਮੈਸਟਰ ਫੀਸ ਤੇ ਪੇਪਰ ਫੀਸ ਇੱਕਠਿਆਂ ਵਸੂਲਣ ਦੇ ਫੈਸਲੇ ਨੂੰ ਵਾਪਿਸ ਕਰਵਾਇਆ ਅਤੇ ਅਗਲੇ ਦਿਨ ਪੰਦਰਵਾੜੇ ਦੇ ਆਖਰੀ ਦਿਨ ਤੇ ਊਧਮ ਸਿੰਘ ਦੇ ਸ਼ਹੀਦੀ ਦਿਨ ਮੌਕੇ 31 ਜੁਲਾਈ ਨੂੰ ਮੂਣਕ ਦੀ ਸੈਣੀ ਧਰਮਸ਼ਾਲਾ ਵਿੱਚ ਵੱਡਾ ਇੱਕਠ ਕਰਨ ਦਾ ਐਲਾਨ ਕਰਕੇ ਧਰਨਾ ਸਮਾਪਤ ਕਰ ਦਿੱਤਾ। ਇਸੇ ਦਿਨ ਸ਼ਾਮ ਨੂੰ 31 ਜੁਲਾਈ ਦੇ ਪ੍ਰੋਗਰਾਮ ਦੀ ਤਿਆਰੀ ਚ ਲੱਗੇ ਇੱਕ ਵਿਦਿਆਰਥੀ ਆਗੂ ਕੋਲ ਐਸ ਐਚ ਓ ਮੂਣਕ ਦਾ ਫੋਨ ਆਇਆ ਜਿਸਨੇ 31 ਜੁਲਾਈ ਦਾ ਪ੍ਰੋਗਰਾਮ ਰੱਦ ਕਰਨ ਅਤੇ ਅਗਲੇ ਦਿਨ ਪੰਜ ਵਿਅਕਤੀਆਂ ਨੂੰ ਨਾਲ ਲੈ ਕੇ ਥਾਣੇ ਪੇਸ਼ ਹੋਣ ਲਈ ਕਿਹਾ ਅਤੇ ਅਜਿਹਾ ਨਾ ਕਰਨ ਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਅਗਲੇ ਦਿਨ ਸੈਣੀ ਧਰਮਸ਼ਾਲਾ ਮੂਣਕ ਵਿਖੇ ਵਿਦਿਆਰਥੀਆਂ ਦਾ ਵੱਡਾ ਇੱਕਠ ਹੋਇਆ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ। ਚਲਦੇ ਪ੍ਰੋਗਰਾਮ ਦੌਰਾਨ ਐਸ ਐਚ ਓ ਆਪਣੀ ਫੋਰਸ ਲੈ ਕੇ ਆਇਆ ਤੇ ਪ੍ਰੋਗਰਾਮ ਦੀ ਵੀਡੀਓ ਗ੍ਰਾਫੀ ਕਰਨ ਲੱਗਾ, ਪ੍ਰੰਤੂ ਵਿਦਿਆਰਥੀਆਂ ਅੰਦਰ ਉਸਦੀ ਇਸ ਕਾਰਵਾਈ ਦਾ ਕੋਈ ਪ੍ਰਭਾਵ ਨਾ ਪਿਆ। ਨਿਰਾਸ਼ਾ ਮਹਿਸੂਸ ਕਰਦਿਆਂ ਐਸ ਐਚ ਓ ਓਨੇਂ ਪੈਰੀਂ ਵਾਪਿਸ ਮੁੜ ਗਿਆ ਅਤੇ ਵਿਦਿਆਰਥੀਆਂ ਨੇ ਪੂਰੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ 3 ਅਗਸਤ ਨੂੰ ਕਾਲਜ ਗੇਟ ਅੱਗੇ ਪਿ੍ਰੰਸੀਪਲ ਦਾ ਪੁਤਲਾ ਫੂਕਿਆ। 4 ਅਗਸਤ ਨੂੰ ਵਿਦਿਆਰਥੀ ਜਥੇਬੰਦੀਆਂ ਦਾ ਵਫਦ ਦੁਬਾਰਾ ਯੂਨੀਵਰਸਿਟੀ ਅਥਾਰਟੀ ਨੂੰ ਮਿਲਣ ਗਿਆ। ਇਸ ਮੀਟਿੰਗ ਵਿੱਚ ਅਥਾਰਟੀ ਨੇ ਐਸ.ਸੀ./ਐਸ.ਟੀ. ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਵਸੂਲਣ ਦੇ ਕੀਤੇ ਫੈਸਲੇ ਨੂੰ ਵਾਪਿਸ ਲੈ ਲਿਆ ਤੇ ਦਾਖ਼ਲਾ ਤਰੀਕਾਂ ਵਿੱਚ ਵਾਧਾ ਕਰਨ ਦੀ ਮੰਗ ਮੰਨ ਲਈ। 5 ਅਗਸਤ ਨੂੰ ਲਗਭਗ 11 ਵਜੇ ਪੀ ਟੀ ਏ ਫੰਡ ਵਸੂਲਣ ਦੇ ਵਾਪਿਸ ਲਏ ਫੈਸਲੇ ਸਬੰਧੀ ਅਤੇ ਦਾਖਲਾ ਤਰੀਕਾਂ ਵਿੱਚ ਵਾਧਾ ਕਰਨ ਸਬੰਧੀ ਯੂਨੀਵਰਸਿਟੀ ਨੇ ਪੱਤਰ ਜਾਰੀ ਕਰ ਦਿੱਤਾ। 7 ਅਗਸਤ ਨੂੰ ਵਿਦਿਆਰਥੀਆਂ ਨੇ ਕਾਲਜ ਅੰਦਰ ਜੇਤੂ ਰੈਲੀ ਕੀਤੀ, ਜਿਸਦੇ ਵਿੱਚ ਵਿਦਿਆਰਥੀ ਆਗੂਆਂ ਤੋਂ ਬਿਨਾਂ ਕਾਲਜ ਵਿੱਚੋਂ ਕੰਟਰੈਕਟ, ਗੈਸਟ ਫਿਕਲਟੀ ਤੇ ਰੈਗੂਲਰ ਅਧਿਆਪਕਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਅੰਸ਼ਕ ਜਿੱਤ ਤੋਂ ਪ੍ਰੇਰਨਾਂ ਲੈਂਦਿਆਂ ਇੱਕਜੁਟ ਵਿਦਿਆਰਥੀ ਲਹਿਰ ਦੀ ਉਸਾਰੀ ਕਰਨ ਦਾ ਸੱਦਾ ਦਿੱਤਾ। ਯੂਨੀਵਰਸਿਟੀ ਕਾਲਜ ਬਹਾਦਰਪੁਰ (ਮਾਨਸਾ) ਦੇ ਵਿਦਿਆਰਥੀ ਵੀ ਮੂਣਕ ਕਾਲਜ ਦੇ ਵਿੱਚ ਹੋਈਆਂ ਸਾਰੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਰਹੇ।

ਯੂਨੀਵਰਸਿਟੀ ਕਾਲਜ ਬੇਨੜਾ (ਸੰਗਰੂਰ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਕਾਰਕੁੰਨਾਂ ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਵਿੱਚ ਪੜਦੇ ਵਿਦਿਆਰਥੀਆਂ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਤੱਕ ਪਹੁੰਚ ਕੀਤੀ ਅਤੇ ਮੀਟਿੰਗਾਂ ਕਰਵਾਈਆਂ ਗਈਆਂ। ਇਸੇ ਦੌਰਾਨ ਵਿਦਿਆਰਥੀਆਂ ਨੇ 31 ਜੁਲਾਈ ਨੂੰ ਰੋਸ ਪੰਦਰਵਾੜੇ ਦੇ ਅਖੀਰ ਤੇ ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਨ ਮੌਕੇ ਪਿੰਡ ਅਲਾਲ ਦੇ ਵਿੱਚ ਰੈਲੀ ਕੀਤੀ। 4 ਅਗਸਤ ਨੂੰ ਪਿੰਡ ਲੱਡਾ ਵਿਖੇ ਪੀ.ਐਸ.ਯੂ. (ਐਸ.ਆਰ.) ਅਤੇ ਪੀ.ਆਰ.ਐਸ.ਯੂ. ਵੱਲੋਂ ਯੂਨੀਵਰਸਿਟੀ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਤੇ 5 ਅਗਸਤ ਨੂੰ ਦੋਵਾਂ ਜਥੇਬੰਦੀਆਂ ਵੱਲੋਂ ਬੇਨੜਾ ਕਾਲਜ ਦੇ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ। 5 ਅਗਸਤ ਨੂੰ ਦੋਹਾਂ ਜਥੇਬੰਦੀਆਂ ਵੱਲੋਂ ਕਾਲਜ ਚ ਮੁਜ਼ਾਹਰਾ ਕਰਕੇ ਧਰਨਾ ਦਿੱਤਾ ਗਿਆ। ਇਸੇ ਦੌਰਾਨ ਯੂਨੀਵਰਸਿਟੀ ਅਥਾਰਟੀ ਵੱਲੋਂ ਪੀ ਟੀ ਏ ਫੰਡ ਨਾ ਵਸੂਲਣ ਅਤੇ ਦਾਖਲਾ ਤਾਰੀਖ ਚ ਵਾਧਾ ਕਰਨ ਸਬੰਧੀ ਲੈਟਰ ਜਾਰੀ ਕਰ ਦਿੱਤੇ, ਜਿਸ ਕਰਕੇ ਜਥੇਬੰਦੀਆਂ ਦਾ ਧਰਨਾ ਜੇਤੂ ਰੈਲੀ ਵਿੱਚ ਬਦਲ ਗਿਆ। ਵਿਦਿਆਰਥੀਆਂ ਨੇ ਨਾਹਰੇ ਮਾਰਕੇ ਕਾਲਜ ਵਿੱਚ ਜੇਤੂ ਰੈਲੀ ਕੀਤੀ।

ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ (ਸੰਗਰੂਰ): ਜੇ ਜੀ ਕਾਲਜ ਗੁਰਨੇ ਕਲਾਂ ਦੇ ਵਿੱਚ ਪੜਦੇ ਐਸ.ਸੀ. ਵਿਦਿਆਰਥੀਆਂ ਤੋਂ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਬਰਾਬਰ ਫੀਸਾਂ ਵਸੂਲਣ ਦਾ ਮਸਲਾ ਆਇਆ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਕਾਲਜ ਵਿਦਿਆਰਥੀਆਂ ਦਾ ਵਫਦ 11 ਅਗਸਤ ਨੂੰ ਕਾਲਜ ਮੈਨੇਜਮੈਂਟ ਨੂੰ ਮਿਲਿਆ ਅਤੇ ਮਸਲਾ ਹੱਲ ਕਰਨ ਦੀ ਮੰਗ ਕੀਤੀ। ਕਾਲਜ ਮੈਨੇਜਮੈਂਟ ਵੱਲੋਂ ਬੀ.ਏ. ਦੇ ਆਖਰੀ ਸਾਲ ਵਾਲੇ ਐਸ.ਸੀ. ਵਿਦਿਆਰਥੀਆਂ ਤੋਂ 1800 ਦੇ ਕਰੀਬ ਫੀਸ ਮੰਗੀ ਜਾ ਰਹੀ ਸੀ ਤੇ ਐਸ.ਸੀ. ਵਿਦਿਆਰਥੀਆਂ ਤੋਂ ਸਕਾਲਰਸ਼ਿਪ ਕਾਲਜ ਚ ਜਮਾਂ ਕਰਾਉਣ ਦੀ ਪ੍ਰਤੀਬੱਧਤਾ ਵਜੋਂ ਹਲਫੀਆ ਬਿਆਨ ਲੈਣ ਦੀ ਬਜਾਏ ਖਾਲੀ ਚੈੱਕ ਕਾਲਜ ਮੈਨੇਜਮੈਂਟ ਨੇ ਲੈ ਲਏ ਸਨ। ਵਫਦ ਨੇ ਵਿਦਿਆਰਥੀਆਂ ਤੋਂ ਮੰਗੀ ਜਾ ਰਹੀ ਫੀਸ ਦਾ ਫੈਸਲਾ ਵਾਪਿਸ ਲੈਣ ਤੇ ਖਾਲੀ ਚੈੱਕ ਵਾਪਿਸ ਕਰਨ ਦੀ ਮੰਗ ਕੀਤੀ। ਕਾਲਜ ਮੈਨੇਜਮੈਂਟ ਨੇ 17 ਅਗਸਤ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ। ਪੀ.ਐਸ.ਯੂ. ਸ਼ਹੀਦ ਰੰਧਾਵਾ ਦੀ ਅਗਵਾਈ ਵਿੱਚ ਕਾਲਜ ਵਿਦਿਆਰਥੀਆਂ ਨੇ ਅੱਧੇ ਦਰਜਨ ਦੇ ਕਰੀਬ ਪਿੰਡਾਂ ਵਿੱਚ ਮੀਟਿੰਗਾਂ ਕਰਵਾ ਕਰਕੇ 17 ਅਗਸਤ ਨੂੰ ਕਾਲਜ ਦੇ ਵਿੱਚ ਇੱਕਠੇ ਹੋਣ ਦਾ ਐਲਾਨ ਕਰ ਦਿੱਤਾ। 17 ਅਗਸਤ ਨੂੰ ਕਾਲਜ ਦੇ ਅੰਦਰ 100 ਦੇ ਕਰੀਬ ਵਿਦਿਆਰਥੀਆਂ ਦਾ ਇੱਕਠ ਹੋਇਆ। ਵਿਦਿਆਰਥੀ ਤਾਕਤ ਅੱਗੇ ਝੁਕਦਿਆਂ ਕਾਲਜ ਮੈਨੇਜਮੈਂਟ ਨੇ ਦੋਵੇਂ ਮੰਗਾਂ ਪ੍ਰਵਾਨ ਕੀਤੀਆਂ ਤੇ ਫੀਸਾਂ ਦੇ ਸਬੰਧੀ ਸਰਕਾਰੀ ਰਣਬੀਰ ਕਾਲਜ ਦੇ ਵਿੱਚ ਐਸ.ਸੀ. ਵਿਦਿਆਰਥੀਆਂ ਤੋਂ ਵਸੂਲੀਆਂ ਜਾਂਦੀਆਂ ਫੀਸਾਂ ਦੇ ਬਰਾਬਰ ਫੀਸਾਂ ਲੈਣ ਸਬੰਧੀ ਤੇ ਖਾਲੀ ਚੈੱਕ ਵਾਪਿਸ ਕਰਨ ਸਬੰਧੀ ਲਿਖਤੀ ਸਮਝੌਤਾ ਕਰ ਲਿਆ। ਵਿਦਿਆਰਥੀਆਂ ਨੇ ਕਾਲਜ ਵਿੱਚ ਜੇਤੂ ਰੈਲੀ ਕਰਕੇ ਪੀ.ਐਸ.ਯੂ. ਸ਼ਹੀਦ ਰੰਧਾਵਾ ਦੀ ਕਾਲਜ ਕਮੇਟੀ ਚੁਣੀ ।

                   ਕਰੋਨਾ/ਲਾਕਡਾਊਨ ਦੇ ਸਮੇਂ ਵਿਦਿਆਰਥੀਆਂ ਵੱਲੋਂ ਕੀਤੀ ਉਪਰੋਕਤ ਸਰਗਰਮੀ ਦਾ ਵੱਡਾ ਮਹੱਤਵ ਹੈ। ਜਿੱਥੇ ਇਹ ਸਰਗਰਮੀ ਮੌਜੂਦਾ ਸਮੇਂ ਨੌਜਵਾਨ-ਵਿਦਿਆਰਥੀ ਲਹਿਰ ਦੀ ਉਸਾਰੀ ਦੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰਦੀ ਹੈ ਉੱਥੇ ਇਹ ਸਰਗਰਮੀ ਦੱਸਦੀ ਹੈ ਕਿ ਸਹੀ ਨਿਸ਼ਾਨੇ ਮਿਥ ਕੇ, ਦਰੁਸਤ ਲੀਹ ਤੇ ਖੜ ਕੇ ਤੇ ਵਿਦਿਆਰਥੀਆਂ ਤੇ ਟੇਕ ਰੱਖ ਕੇ ਚੱਲਿਆ ਜਾਵੇ ਤਾਂ ਛੋਟੀ ਤਾਕਤ ਨਾਲ ਅਹਿਮ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ ਤੇ ਨੌਜਵਾਨ-ਵਿਦਿਆਰਥੀ ਲਹਿਰ ਉਸਾਰਨ ਦੀ ਦਿਸ਼ਾ ਚ ਅੱਗੇ ਵਧਿਆ ਜਾ ਸਕਦਾ ਹੈ।

No comments:

Post a Comment